ਅਧਿਆਪਕਾਂ ਤੋਂ ਸੱਖਣਾ ਸਕੂਲ
Posted on:- 23-07-2014
- ਸ਼ਿਵ ਕੁਮਾਰ ਬਾਵਾ
ਹੁਸ਼ਿਆਰਪੁਰ: ਬਲਾਕ ਮਾਹਿਲਪੁਰ ਦੇ ਪਹਾੜੀ ਇਲਾਕੇ ਦੇ ਪਿੰਡ ਮਹਿਦੂਦ ਵਿਖੇ ਸਰਕਾਰੀ ਐਲੀਮੈਂਟਰੀ ਸਕੂਲ ਵਿੱਚ ਪੜ੍ਹਦੇ 83 ਬੱਚਿਆਂ ਨੂੰ ਪੜ੍ਹਾਉਣ ਲਈ ਪੰਜਾਬ ਦੇ ਸਿੱਖਿਆ ਵਿਭਾਗ ਨੂੰ ਕੋਈ ਅਧਿਆਪਕ ਹੀ ਨਹੀਂ ਮਿਲ ਰਿਹਾ। ਜ਼ਿਲ੍ਹਾ ਸਿੱਖਿਆ ਵਿਭਾਗ ਇਸ ਪਿੰਡ ਦੇ ਸਕੂਲ ਨੂੰ ਜਦੋਂ ਵੀ ਕੋਈ ਅਧਿਆਪਕ ਭੇਜਦਾ ਉਕਤ ਅਧਿਆਪਕ ਆਪਣੀ ਉਚ ਸਿਆਸੀ ਪਹੁੰਚ ਨਾਲ ਥੋੜ੍ਹੇ ਹੀ ਦਿਨਾਂ ਵਿੱਚ ਆਪਣੀ ਬਦਲੀ ਕਰਵਾਕੇ ਚਲਾ ਜਾਂਦਾ ਹੈ। ਪਿੰਡ ਦੀ ਪੰਚਾਇਤ ਅਤੇ ਇਲਾਕੇ ਦੇ ਮੋਹਤਵਰ ਲੋਕ ਸਿੱਖਿਆ ਵਿਭਾਗ ਦੇ ਉਚ ਅਧਿਕਾਰੀਆਂ ਤੋਂ ਇਲਾਵਾ ਮੁੱਖ ਮੰਤਰੀ ਨੂੰ ਵੀ ਆਪਣੇ ਪਿੰਡ ਦੇ ਸਕੂਲ ਵਿੱਚ ਪੜ੍ਹਦੇ ਬੱਚਿਆਂ ਨੂੰ ਪੜ੍ਹਾਉਣ ਲਈ ਪੱਕੇ ਅਧਿਆਪਕਾਂ ਦੀ ਮੰਗ ਕਰ ਚੁੱਕੇ ਹਨ ਪ੍ਰੰਤੂ ਉਹਨਾਂ ਦੀ ਕਦੇ ਵੀ ਕਿਸੇ ਨੇ ਸੁਣਵਾਈ ਨਹੀਂ ਕੀਤੀ। ਸਰਕਾਰ ਇਸ ਪਿੰਡ ਦੇ ਸਕੂਲ ਅਤੇ ਬੱਚਿਆਂ ਦੀ ਕੋਈ ਪ੍ਰਵਾਹ ਹੀ ਨਹੀਂ ਕਰਦੀ। ਅੱਜ ਜਦੋਂ ਇਸ ਸਕੂਲ ਵਿੱਚ ਪਿੰਛਲੇ ਲੰਬੇ ਸਮੇਂ ਤੋਂ ਪੜ੍ਰਾਉਂਦੀ ਇੱਕ ਹੀ ਅਧਿਆਪਕਾ ਦੀ ਵਿਭਾਗ ਵਲੋਂ ਬਦਲੀ ਕਰਕੇ ਉਸਨੂੰ ਪਿੰਡ ਮੈਲੀ ਦੇ ਸਕੂਲ ਵਿੱਚ ਭੇਜ ਦਿੱਤਾ ਗਿਆ ਤਾਂ ਗੁੱਸੇ ਵਿੱਚ ਉਬਲੀ ਪਿੰਡ ਦੀ ਪੰਚਾਇਤ ਵਲੋਂ ਸਰਪੰਚ ਦਿਲਬਾਗ ਸਿੰਘ ਮਹਿਦੂਦ ਦੀ ਅਗਵਾਈ ਵਿੱਚ ਸਕੂਲ ਨੂੰ ਜਿੰਦਰਾ ਲਾਉਣ ਦਾ ਫੈਸਲਾ ਲੈ ਲਿਆ ।
ਪ੍ਰਾਪਤ ਜਾਣਕਾਰੀ ਅਨੁਸਾਰ ਪਹਾੜੀ ਪਿੰਡ ਮਹਿਦੂਦ ਦੇ ਸਰਪੰਚ ਦਿਲਬਾਗ ਸਿੰਘ, ਐਸ ਐਮ ਸੀ ਐਸ ਦੀ ਚੇਅਰਪਰਸਨ ਵਿਜੇ ਕੁਮਾਰੀ, ਪੰਚਾਇਤ ਮੈਂਬਰ ਸੁਰਜੀਤ ਰਾਮ, ਹਰਬੰਸ ਲਾਲ, ਰਮੇਸ਼ ਕੁਮਾਰ, ਕੁਲਦੀਪ ਕੌਰ, ਰਜਨਾ ਬਾਲਾ, ਮਨਮੋਹਨ ਚੰਦਰ, ਨਰੇਸ਼ ਕੁਮਾਰ, ਨੋਹਰੀਆ ਰਾਮ, ਸ਼ਤੀਸ਼ ਕੁਮਾਰ, ਦੇਵ ਰਾਜ, ਜਸਪਾਲ ਕੁਮਾਰ, ਜਗਤਾਰ ਕੌਰ, ਮਨਜੀਤ ਕੌਰ, ਵਿਕੀ, ਦੁਸ਼ਾਂਤ ਕੁਮਾਰ, ਬਲਵਿੰਦਰ ਕੁਮਾਰ, ਜਸਵੰਤ ਕੁਮਾਰ, ਅਸ਼ੋਕ ਕੁਮਾਰ, ਨਿਦੋਸ਼ ਕੁਮਾਰ ਆਦਿ ਨੇ ਦੱਸਿਆ ਕਿ ਸ਼ਿਵਾਲਿਕ ਦੀਆਂ ਪਹੜੀਆਂ ਵਿੱਚ ਪੈਂਦੇ ਉਹਨਾਂ ਦੇ ਪਿੰਡ ਦੇ ਸਰਕਾਰੀ ਐਲੀਮੈਂਟਰੀ ਸਕੂਲ ਵਿੱਚ ਅੱਜ ਸਥਿੱਤੀ ਉਸ ਵਕਤ ਗੰਭੀਰ, ਹਾਸੋਹੀਣੀ ਅਤੇ ਹਫਰਾ ਤੱਫਰੀ ਵਾਲੀ ਬਣ ਗਈ ਜਦ ਜ਼ਿਲ੍ਹਾ ਸਿੱਖਿਆ ਵਿਭਾਗ ਹੁਸ਼ਿਆਰਪੁਰ ਵਲੋਂ ਸਕੂਲ ਵਿੱਚ ਪੜ੍ਹਾਉਂਦੀ ਇੱਕ ਹੀ ਅਧਿਆਪਕਾ ਰਜਨੀ ਕੁਮਾਰੀ, ਨੂੰ ਆਪਣੇ ਪੱਤਰ (ਨੰਬਰ ਅ 1 2014 14183-85 ਮਿੱਤੀ ਹੁਸ਼ਿਆਰਪੁਰ 21 7 2014) ਰਾਹੀਂ ਬਦਲੀ ਕਰਕੇ ਉਸਨੂੰ ਮੈਲੀ ਭੇਜ ਦਿੱਤਾ ਗਿਆ।
ਉਹਨਾਂ ਦੱਸਿਆ ਕਿ ਸਕੂਲ ਵਿੱਚ ਪੜ੍ਹਦੇ 83 ਬੱਚਿਆਂ ਨੂੰ ਪੜ੍ਹਾਉਣ ਲਈ ਸਕੂਲ ਵਿੱਚ ਪਿੱਛਲੇ ਲੰਬੇ ਸਮੇਂ ਤੋਂ ਇੱਕ ਹੀ ਅਧਿਆਪਕਾ ਸੀ ਜਿਸਨੂੰ ਵਿਭਾਗ ਵਲੋਂ ਇੱਥੋਂ ਬਦਲ ਦਿੱਤਾ ਗਿਆ। ਸਕੂਲ ਪਹਾੜੀ ਪਿੰਡ ਵਿੱਚ ਹੋਣ ਕਰਕੇ ਕੋਈ ਵੀ ਅਧਿਆਪਕ ਇੱਥੇ ਪੜ੍ਹਾਉਣ ਲਈ ਤਿਆਰ ਨਹੀਂ ਹੈ। ਵਿਭਾਗ ਵਲੋਂ ਜਿਹੜਾ ਵੀ ਅਧਿਆਪਕ ਇਥੇ ਭੇਜਿਆ ਜਾਂਦਾ ਹੈ ਉਹ ਆਪਣੀ ਉਚ ਸਿਆਸੀ ਪਹੁੰਚ ਨਾਲ ਬਦਲੀ ਕਰਵਾਕੇ ਚਲੇ ਜਾਂਦਾ ਹੈ। ਸਰਪੰਚ ਦਿਲਬਾਗ ਸਿੰਘ ਨੇ ਦੱਸਿਆ ਕਿ ਪਿੰਡ ਵਿੱਚ ਪਿੱਛਲੇ ਅੱਧੇ ਦਹਾਕੇ ਤੋਂ ਅਧਿਆਪਕਾਂ ਦੀ ਕਮੀ ਚੱਲ ਰਹੀ ਹੈ। ਉਹਨਾਂ ਦੱਸਿਆ ਕਿ ਅਧਿਆਪਕਾ ਦੀ ਬਦਲੀ ਨਾਲ ਹੁਣ ਉਕਤ ਸਕੂਲ ਅਧਿਆਪਕਾਂ ਤੋਂ ਸੱਖਣਾ ਹੋ ਗਿਆ ਹੈ । ਉਕਤ ਸਰਕਾਰੀ ਸਕੂਲ ਅਧਿਆਪਕਾਂ ਦੀ ਕਮੀ ਅਤੇ ਮਹਿਮਕੇ ਦੀ ਲਾਪ੍ਰਵਾਹੀ ਕਾਰਨ ਬੰਦ ਹੋਣ ’ਤੇ ਆ ਚੁੱਕਾ ਹੈ। ਉਹਨਾਂ ਦੱਸਿਆ ਕਿ ਸਕੂਲ ਵਿੱਚ ਇਸ ਵਕਤ ਮਹਿਦੂਦ, ਲਸਾੜਾ, ਗੱਜ਼ਰ ਅਤੇ ਭਾਤਪੁਰ ਪਿੰਡਾਂ ਦੇ ਬੱਚੇ ਪੜ੍ਹਨ ਆਉਂਦੇ ਹਨ। ਇੱਥੇ ਬੱਚਿਆਂ ਨੂੰ ਪੜ੍ਹਾਉਣ ਲਈ ਇੱਕ ਹੀ ਹਿੰਦੀ ਅਧਿਆਪਕਾ ਰਜਨੀ ਕੁਮਾਰੀ ਸੀ ਜੋ ਬੀਤੇ ਕੱਲ੍ਹ ਬਦਲ ਦਿੱਤੀ ਗਈ ਹੈ। ਉਹਨਾਂ ਦੱਸਿਆ ਕਿ ਸਿੱਖਿਆ ਵਿਭਾਗ ਵਲੋਂ ਸਕੂਲ ਵਿੱਚ ਅਧਿਆਪਕਾਂ ਦੀਆਂ ਹੋਰ ਖਾਲੀ ਅਸਾਮੀਆਂ ਤਾਂ ਕੀ ਪੂਰੀਆਂ ਕਰਨੀਆਂ ਸਨ ਪ੍ਰੰਤੂ ਜਿਹੜਂੀ ਇੱਕ ਅਧਿਆਪਕਾ ਸੀ ਉਹ ਵੀ ਬਦਲ ਦਿੱਤੀ ਗਈ ਹੈ। ਉਹਨਾਂ ਦੱਸਿਆ ਕਿ ਇਸ ਸਬੰਧੀ ਉਹਨਾਂ ਜ਼ਿਲ੍ਹਾ ਸਿੱਖਿਆ ਅਧਿਕਾਰੀ ਨਾਲ ਵਾਰ ਮਿਲਕੇ ਮਸਲੇ ਦਾ ਹੱਲ ਕਰਨ ਲਈ ਬੇਨਤੀ ਕੀਤੀ ਪ੍ਰੰਤੂ ਉਹਨਾਂ ਦੀ ਕੋਈ ਵੀ ਸੁਣਵਾਈ ਨਹੀਂ ਹੋਈ।
ਅੱਜ ਮੌਕੇ ਤੇ ਜਦ ਉਕਤ ਸਕੂਲ ਦਾ ਦੌਰਾ ਕੀਤਾ ਤਾਂ ਬੱਚਿਆਂ ਨੇ ਦੱਸਿਆ ਕਿ ਅਧਿਆਪਕਾ ਦੀ ਬਦਲੀ ਹੋਣ ਕਾਰਨ ਅੱਜ ਉਹ ਬਿਨਾ ਅਧਿਆਪਕ ਦੇ ਸਕੂਲ ਵਿੱਚ ਖੁਦ ਹੀ ਪੜ੍ਹ ਰਹੇ ਹਨ। ਉਹਨਾਂ ਦੱਸਿਆ ਕਿ ਉਹਨਾਂ ਅੱਜ ਖੁਦ ਹੀ ਸਕੂਲ ਦੀ ਸਫਾਈ ਕੀਤੀ ਅਤੇ ਖੁਦ ਹੀ ਬਿਨਾ ਅਧਿਆਪਕ ਪੜ੍ਹਿਆ ਤੇ ਖੁਦ ਹੀ ਸਕੂਲ ਬੰਦ ਕਰਕੇ ਘਰਾਂ ਨੂੰ ਪਰਤ ਰਹੇ ਹਨ। ਇਸ ਮੌਕੇ ਪਿੰਡ ਦੀ ਪੰਚਾਇਤ ਅਤੇ ਮੋਹਤਵਰ ਲੋਕਾਂ ਨੇ ਪੰਜਾਬ ਦੇ ਸਿੱਖਿਆ ਵਿਭਾਗ ਅਤੇ ਸਰਕਾਰ ਦੀਆਂ ਸਰਕਾਰੀ ਸਕੂਲਾਂ ਪ੍ਰਤੀ ਗਰੀਬ ਬੱਚਿਆਂ ਦਾ ਭਵਿੱਖ ਮਾਰੂ ਨੀਤੀਆਂ ਦੀ ਤਿੱਖੀ ਅਲੋਚਨਾ ਕਰਦਿਆਂ ਮੰਗ ਕੀਤੀ ਕਿ ਉਕਤ ਸਕੂਲ ਵਿੱਚ ਅਧਿਆਪਕਾਂ ਦੀਆਂ ਖਾਲੀ ਪਈਆਂ ਅਸਾਮੀਆਂ ਤੁਰੰਤ ਪੂਰੀਆਂ ਕੀਤੀਆਂ ਜਾਣ ਨਹੀਂ ਤਾਂ ਅਗਲੇ ਹਫਤੇ ਵੱਡੇ ਪੱਧਰ ਤੇ ਸੰਘਰਸ਼ ਅਰੰਭਿਆ ਜਾਵੇਗਾ। ਸਰਪੰਚ ਦਿਲਬਾਗ ਸਿੰਘ ਨੇ ਐਲਾਨ ਕੀਤਾ ਕਿ ਜੇਕਰ ਸਕੂਲ ਵਿੱਚ 23 ਜੁਲਾਈ ਤੱਕ ਕੋਈ ਪੱਕੇ ਤੌਰ ਤੇ ਅਧਿਆਪਕ ਨਾ ਭੇਜਿਆ ਤਾਂ ਉਹ ਇਸ ਸਕੂਲ ਨੂੰ ਜਿੰਦਰਾ ਹੀ ਲਗਾ ਦੇਣਗੇ।
ਇਸ ਸਬੰਧ ਵਿੱਚ ਸਿੱਖਿਆ ਵਿਭਾਗ ਦੇ ਦਫਤਰ ਦਾ ਕਹਿਣ ਹੈ ਕਿ ਸਕੂਲ ਵਿੱਚ ਡੈਪੂਟੇਸ਼ਨ ਤੇ ਪਿੰਡ ਬੰਬੇਲੀ ਦੇ ਸਰਕਾਰੀ ਸਕੂਲ ਦੇ ਅਧਿਆਪਕ ਰਾਜ ਕੁਮਾਰ ਨੂੰ ਭੇਜਿਆ ਗਿਆ ਹੈ। ਉਹ ਸਕੂਲ ਵਿੱਚ ਬੱਚਿਆ ਨੂੰ ਪੜ੍ਹਾ ਰਹੇ ਹਨ। ਉਹਨਾਂ ਕਿਹਾ ਕਿ ਸਕੂਲ ਵਿੱਚ ਹੋਰ ਅਧਿਆਪਕ ਵੀ ਜਲਦ ਹੀ ਭੇਜੇ ਜਾ ਰਹੇ ਹਨ।