ਕਈ ਪਿੰਡਾਂ ’ਚ ਡਿੱਪੂਆਂ ’ਤੇ ਪੁੱਜੀ ਗਰੀਬਾਂ ਲਈ ਨਾ-ਖਾਣਯੋਗ ਕਣਕ
Posted on:- 11-07-2014
ਬਾਦਲਾਂ ਦੇ ਜੱਦੀ ਹਲਕੇ ਲੰਬੀ ’ਚ ਸਰਕਾਰੀ ਰਾਸ਼ਨ ਡੀਪੂਆਂ ’ਤੇ ਨਾ-ਖਾਣਯੋਗ ਕਣਕ ਆਉਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਖੇਤਰ ਦੇ ਰਾਸ਼ਨ ਡੀਪੂਆਂ ’ਤੇ ਨੀਲੇ ਅਤੇ ਗੁਲਾਬੀ ਰਾਸ਼ਨ ਕਾਰਡ ਧਾਰਕਾਂ ਨੂੰ ਕਰੀਬ 5-5 ਮਹੀਨੇ ਦੀ ਬਕਾਇਆ ਕਣਕ ਵੰਡੀ ਜਾ ਰਹੀ ਹੈ। ਜਿਸ ਵਿਚ ਵੱਡੀ ਪੱਧਰ ’ਤੇ ਖਰਾਬ, ਸੁੱਸਰੀਆਂ ਦੀ ਖਾਦੀ ਅਤੇ ਨਾ-ਖਾਣ ਕਣਕ ਹੋਣ ਕਰਕੇ ਕਾਰਡ ਧਾਰਕਾਂ ਵਿਚ ਭਾਰੀ ਰੋਸ ਹੈ। ਲੋਕ ਉਕਤ ਖਰਾਬ ਕਣਕ ਨੂੰ ਸਰਕਾਰ ਵੱਲੋਂ ਮੱਦਦ ਦੇ ਨਾਂਅ ’ਤੇ ਗਰੀਬਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਾਰ ਦੱਸ ਕੇ ਇਸਨੂੰ ਕਬੂਲ ਕਰਨੋਂ ਇਨਕਾਰ ਕਰ ਰਹੇ ਹਨ।
ਦੱਸਣਯੋਗ ਹੈ ਕਿ ਲੋਕਸਭਾ ਚੋਣਾਂ ਤੋਂ ਪਹਿਲਾਂ ਬੀਤੇ ਅਪਰੈਲ ਮਹੀਨੇ ’ਚ ਵੀ ਪਿੰਡ ਲਾਲਬਾਈ ਅਤੇ ਮਹਿਣਾ ਵਿਖੇ ਮਾੜੀ ਕਣਕ ਆਈ ਸੀ। ਜਿਸਨੂੰ ਖਾਣ ਨਾਲ ਕਾਫ਼ੀ ਲੋਕਾਂ ਦੇ ਬੀਮਾਰੀ ਹੋਣ ਦੀਆਂ ਸ਼ਿਕਾਇਤਾਂ ਸਨ। ਇਸੇ ਬਾਰੇ ਰਾਸ਼ਨ ਕਾਰਡ ਧਾਰਕਾਂ ਨੇ ਤਿੱਖਾ ਰੋਸ ਦਰਜ ਕਰਵਾਇਆ ਸੀ।
ਪਿੰਡ ਕਿੱਲਿਆਂਵਾਲੀ ਦੇ ਰਾਸ਼ਨ ਡੀਪੂ ਲਾਇਸੰਸ ਨੰਬਰ 342 ’ਤੇ ਵੀ ਬੇਹੱਦ ਮਾੜੀ ਕਣਕ ਆਉਣ ਦਾ ਖੁਲਾਸਾ ਹੋਇਆ ਹੈ। ਜਦੋਂਕਿ ਵਿਭਾਗੀ ਸੂਤਰਾਂ ਨੇ ਪਿੰਡ ਭੀਟੀਵਾਲਾ, ਭਾਈਕੇਰਾ ਸਮੇਤ ਹੋਰਨਾਂ ਪਿੰਡਾਂ ਦੇ ਰਾਸ਼ਨ ਡੀਪੂਆਂ ’ਤੇ ਵੀ ਸਪਲਾਈ ’ਚ 20-30 ਫ਼ੀਸਦੀ ਦੇ ਮਾੜੀ ਕਣਕ ਆਉਣ ਦੀ ਪੁਸ਼ਟੀ ਕੀਤੀ ਹੈ। ਨਾ ਖਾਣਯੋਗ ਕਣਕ ਦਾ ਮਾਮਲਾ ਮੀਡੀਆ ਕੋਲ ਪੁੱਜਣ ’ਤੇ ਡੀਪੂ ਸੰਚਾਲਕਾਂ ਨੂੰ ਖਰਾਬ ਕਣਕ ਪਾਸੇ ਰੱਖਣ ਦੇ ਨਿਰਦੇਸ਼ ਜਾਰੀ ਕੀਤੇ ਹਨ।
ਪਿੰਡ ਕਿੱਲਿਆਂਵਾਲੀ ਦੇ ਰਾਸ਼ਨ ਕਾਰਡ ਧਾਰਕ ਬਲਜੀਤ ਕੌਰ, ਸੱਗੜ ਸਿੰਘ, ਲਖਵਿੰਦਰ ਸਿੰਘ, ਰਮੇਸ਼, ਕੁਲਦੀਪ ਰਾਮ, ਗੀਤਾ ਰਾਣੀ, ਫਕੀਰ ਚੰਦ, ਚਿਮਨ ਲਾਲ, ਕਰਤਾਰ ਕੌਰ ਨੇ ਆਖਿਆ ਕਿ ਸਰਕਾਰ ਵੱਲੋਂ ਰਾਸ਼ਨ ਡੀਪੂਆਂ ’ਤੇ 1 ਰੁਪਏ ਆਟਾ ਦਾਲ ਦੇ ਨਾਂਅ ’ਤੇ ਖਰਾਬ ਅਤੇ ਗੰਢਾਂ ਬੱਝ ਚੁੱਕੀ ਕਣਕ ਭੇਜੀ ਗਈ ਹੈ। ਜਿਸ ਵਿਚੋਂ ਕਣਕ ਦੇ ਕਾਫ਼ੀ ਹਿੱਸੇ ਨੂੰ ਸੱੁਸਰੀ ਲੱਗੀ ਹੋਣ ਦੇ ਇਲਾਵਾ ਕਣਕ ਦੇ ਦਾਣੇ ਵੀ ਟੁੱਟੇ-ਫੁੱਟੇ ਹੋਏ ਹਨ। ਉਨ੍ਹਾਂ ਆਖਿਆ ਕਿ ਇਹ ਕਣਕ ਪਸ਼ੂਆਂ ਦੇ ਵੀ ਖਾਣਯੋਗ ਨਹੀਂ ਤਾਂ ਅਸੀਂ ਬੰਦੇ ਇਸ ਮਾੜੀ ਅਤੇ ਖਰਾਬ ਗਲਾਂ ਹੇਠੋਂ ਕਿਵੇਂ ਲੰਘਾਵਾਂਗੇ।
ਇੱਕ ਬਜ਼ੁਰਗ ਨੇ ਤਾਂ ਇੱਥੋਂ ਆਖ ਦਿੱਤਾ ਕਿ ਮਾੜੀ ਕਣਕ ਲਿਜਾਣ ’ਤੇ ਜੁਆਕ ਸਰਕਾਰ ਦੇ ਨਾਲ-ਨਾਲ ਸਾਨੂੰ ਵੀ ਗਾਲ੍ਹਾਂ ਕੱਢਦੇ ਹਨ ਕਿ ਡੀਪੂਆਂ ’ਤੇ ਖੱਜਲ-ਖੁਆਰੀ ਬਾਅਦ ਮਾੜੀ ਕਣਕ ਲਿਆ ਕੇ ਕਿਉਂ ਆਪਣਾ ਮਜ਼ਾਕ ਉਡਵਾਉਂਦੇ ਹੋ। ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਆਗੂ ਫਕੀਰ ਚੰਦ ਨੇ ਆਖਿਆ ਕਿ ਡੀਪੂਆਂ ’ਤੇ ਬਗੈਰ ਜਾਂਚੇ-ਪੜਤਾਲੇ ਮਾੜੀ ਕਣਕ ਭੇਜਣ ਨਾਲ ਸਰਕਾਰੀ ਅਧਿਕਾਰੀਆਂ ਦੀ ਨਲਾਇਕੀ ਅਤੇ ਲਾਪਰਵਾਹੀ ਨਸ਼ਰ ਹੋਈ ਹੈ। ਉਨ੍ਹਾਂ ਆਖਿਆ ਕਿ ਜਦੋਂ ਮੁੱਖ ਮੰਤਰੀ ਦੇ ਹਲਕੇ ਵਿਚ ਅਜਿਹੇ ਹਾਲਾਤ ਹਨ ਤਾਂ ਬਾਕੀ ਸੂਬੇ ਦੇ ਡੀਪੂਆਂ ’ਤੇ ਪੁੱਜਦੀ ਮਾੜੀ ਕਣਕ ਦੀ ਸਪਲਾਈ ਦਾ ਹਾਲ ਸਹਿਜੇ ਲਗਾਇਆ ਜਾ ਸਕਦਾ ਹੈ।
ਉਨ੍ਹਾਂ ਕਿਹਾ ਕਿ ਅੰਨ ਵਜੋਂ ਵਰਤੇ ਜਾਣ ਵਾਲੀ ਕਣਕ ਦੀ ਮਾੜੀ ਸਪਲਾਈ ਡੀਪੂਆਂ ਤੱਕ ਪੁੱਜਣ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ। ਲੋਕਾਂ ਦੇ ਵਿਰੋਧ ਉਪਰੰਤ ਫੂਡ ਸਪਲਾਈ ਵਿਭਾਗ ਦੇ ਇੰਸਪੈਕਟਰ ਗੁਰਤੇਜ ਸਿੰਘ ਨੇ ਮੌਕੇ ’ਤੇ ਪੁੱਜ ਕੇ ਮਾੜੀ ਕਣਕ ਦਾ ਸੈਂਪਲ ਲਿਆ। ਡੀਪੂ ਹੋਲਡਰ ਜਸਵੀਰ ਸਿੰਘ ਨੇ ਦੱਸਿਆ ਕਿ ਉਸਦੇ ਡੀਪੂ ’ਤੇ 134 ਕੁਇੰਟਲ ਕਣਕ ਦੀ ਸਪਲਾਈ ਵਿਚੋਂ ਕਾਫ਼ੀ ਗੱਟਿਆਂ ’ਚ ਕਣਕ ਮਾੜੀ ਸੀ ਜਿਸਨੂੰ ਪਾਸੇ ਰਖਵਾਇਆ ਜਾ ਰਿਹਾ ਹੈ। ਇਸ ਬਾਰੇ ਸੰਪਰਕ ਕਰਨ ’ਤੇ ਜ਼ਿਲ੍ਹਾ ਫੂਡ ਸਪਲਾਈ ਕੰਟਰੋਲਰ ਪਰਵੀਨ ਵਿਜ ਨੇ ਆਖਿਆ ਕਿ ਪੜਤਾਲ ਕਰਵਾ ਕੇ ਅਗਾਂਹ ਤੋਂ ਚੰਗੀ ਕਣਕ ਦੀ ਸਪਲਾਈ ਯਕੀਨੀ ਬਣਾਈ ਜਾਵੇਗੀ।