...ਤੇ ਉਹ ਨਸ਼ੇ ਦਾ ਸਵਾਦ ਵੇਖਣ ’ਚ ਹੀ ਇਸ ਦੇ ਸ਼ਿਕਾਰ ਹੋ ਗਏ
Posted on:- 10-07-2014
ਛੋਟੇ ਤੇ ਸੀਮਿਤ ਪਰਿਵਾਰਾਂ ਦੇ ਯੁੱਗ ਵਿਚ 135 ਵੋਟਾਂ ਵਾਲੇ ਇਕ ਸੰਯੁਕਤ ਪਰਿਵਾਰ ਦੇ ਦੋ ਚਿਰਾਗ ਭੁਪਿੰਦਰ ਅਤੇ ਗੁਰਿੰਦਰ (ਕਾਲਪਨਿਕ ਨਾਂਅ) ਨਸ਼ਿਆਂ ਦਾ ਸ਼ਿਕਾਰ ਹੋ ਕੇ ਆਪਣਾ ਵੱਡਾ ਸਰੀਰਕ ਤੇ ਆਰਥਿਕ ਨੁਕਸਾਨ ਕਰਵਾਉਣ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਚਲਾਈ ਨਸ਼ਾ ਛੁਡਾਊ ਮੁੰਹਿੰਮ ਦਾ ਲਾਹਾ ਲੈਂਦਿਆਂ ਈ. ਐਸ. ਆਈ ਹਸਪਤਾਲ ਜਲੰਧਰ ਦੇ ਨਸ਼ਾ ਛੁਡਾੳੂ ਕੇਂਦਰ ਵਿਚ ਦਾਖ਼ਲ ਹੋ ਕੇ ਆਪਣਾ ਇਲਾਜ ਕਰਵਾ ਰਹੇ ਹਨ।
ਇਨਾਂ ਨੌਜਵਾਨਾਂ ਦਾ ਇਕ ਚਾਚਾ ਮੈਂਬਰ ਪੰਚਾਇਤ ਹੈ ਅਤੇ ਇਕ ਪਿੰਡ ਦੀ ਨੰਬਰਦਾਰੀ ਕਰਦਾ ਹੈ। ਸਮਾਜ ਸੇਵਾ ਨਾਲ ਜੁੜਿਆ ਇਹ ਪਰਿਵਾਰ ਪਿੰਡ ਵਿਚ ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ਵਿਚੋਂ ਕੱਢਣ ਲਈ ਦੋ ਮੈਡੀਕਲ ਕੈਂਪ ਲਗਾ ਦੇ 65 ਨੌਜਵਾਨਾਂ ਨੂੰ ਸਿੱਧੇ ਰਾਹੇ ਵੀ ਪਾ ਚੁੱਕਾ ਹੈ ਪਰੰਤੂ ਇਨਾਂ ਨੂੰ ਇਹ ਚਿੱਤ-ਚੇਤਾ ਵੀ ਨਹੀਂ ਸੀ ਕਿ ਉਨਾਂ ਦੇ ਆਪਣੇ ਪੁੱਤ-ਭਤੀਜੇ ਹੀ ਚੋਰੀ-ਛਿਪੇ ਇਸ ਅਲਾਮਤ ਦਾ ਸ਼ਿਕਾਰ ਹੋ ਜਾਣਗੇ।
ਬਿਲਗਾ ਇਲਾਕੇ ਦੇ ਇਕ ਪਿੰਡ ਦੇ 28 ਅਤੇ 22 ਸਾਲਾਂ ਦੇ ਇਹ ਦੋਵੇਂ ਨੌਜਵਾਨ ਵਿਆਹੇ ਹੋਏ ਤੇ ਬਾਲ-ਬੱਚਿਆਂ ਵਾਲੇ ਹਨ। ਇਨਾਂ ਨੌਜਵਾਨਾਂ ਨੇ ਦੱਸਿਆ ਕਿ ਉਨਾਂ ਦੇ ਪਿਤਾ ਅਤੇ ਚਾਚੇ-ਤਾਏ 12 ਭਰਾ ਹਨ, ਜਿਹੜੇ ਕਿ ਇਕ ਸੰਯੁਕਤ ਪਰਿਵਾਰ ਵਿਚ ਪਿੰਡੋਂ ਬਾਹਰ ਇਕ ਡੇਰੇ ’ਤੇ ਰਹਿ ਰਹੇ ਹਨ। ਇਸ ਪਰਿਵਾਰ ਦੀ ਅਗਵਾਈ ਉਨਾਂ ਦੀ 100 ਸਾਲਾਂ ਦੀ ਬਿਰਧ ਦਾਦੀ ਦੇ ਹੱਥ ਹੈ।
ਉਨਾਂ ਦੇ ਪਰਿਵਾਰ ਦਾ ਮੁੱਖ ਆਰਥਿਕ ਸਾਧਨ ਖੇਤੀਬਾੜੀ ਹੈ ਅਤੇ ਉਹ ਵਾਹੀ ਦੇ ਨਾਲ-ਨਾਲ ਐਗਰੋ ਫੌਰੈਸਟਰੀ ਦਾ ਕਾਰੋਬਾਰ ਖੇਤੀਬਾੜੀ ਅਤੇ ਹੋਰ ਸਹਾਇਕ ਧੰਦਿਆਂ ਨੂੰ ਅਪਣਾਇਆ ਹੋਇਆ ਹੈ। ਇਨਾਂ ਦੋਵਾਂ ਭਰਾਵਾਂ ਨੂੰ ਮਾਪਿਆਂ ਵੱਲੋਂ ਕਾਰੋਬਾਰ ਲਈ ਟਾਟਾ 407 ਕਿਰਾਏ-ਭਾੜੇ ਵਾਲੀ ਗੱਡੀ ਲੈ ਕੇ ਦਿੱਤੀ ਗਈ। ਕੁਝ ਸਮੇਂ ਬਾਅਦ ਹੀ ਇਹ ਦੋਵੇਂ ਨੌਜਵਾਨ ਗੱਡੀ ਤੋਂ ਆਉਣ ਵਾਲੀ ਕਮਾਈ ਵਿਚੋਂ ਰੋਜ਼ਾਨਾ 3000 ਰੁਪਏ ‘ਚਿੱਟੇ’ ਪਾੳੂਡਰ ਦੀ ਭੇਟ ਚੜਾਉਣ ਲੱਗੇ। ਪਿਛਲੇ 12 ਦਿਨਾਂ ਤੋਂ ਇਲਾਜ ਅਧੀਨ ਇਹ ਨੌਜਵਾਨ ਆਪਣੇ-ਆਪ ਨੂੰ ਹੁਣ ਤੰਦਰੁਸਤ ਮਹਿਸੂਸ ਕਰ ਰਹੇ ਹਨ। ਆਪਣੇ ਮੁੜ ਵਸੇਬੇ ਸਬੰਧੀ ਪੁੁੱਛੇ ਸਵਾਲ ਦੇ ਜਵਾਬ ਵਿਚ ਉਨਾਂ ਕਿਹਾ ਕਿ ਉਨਾਂ ਦੀ ਰੋਜ਼ਾਨਾ ਵੱਡੀ ਕਮਾਈ ਦਾ ਸਾਧਨ ਗੱਡੀ ਤਾਂ ਉਨਾਂ ਦੀ ਗ਼ਲਤੀ ਕਾਰਨ ਵੇਚੀ ਜਾ ਚੁੱਕੀ ਹੈ ਪਰੰਤੂ ਠੀਕ ਹੋਣ ਉਪਰੰਤ ਉਹ ਹੁਣ ਖੇਤੀਬਾੜੀ ਦੇ ਕਾਰੋਬਾਰ ਵਿਚ ਆਪਣੇ ਘਰ ਵਾਲਿਆਂ ਦਾ ਹੱਥ ਵਟਾਉਣਗੇ।
ਉਨਾਂ ਇਹ ਵੀ ਖੁਲਾਸਾ ਕੀਤਾ ਕਿ ਉਹ ਜਵਾਨੀ ਵੇਲੇ ਤੋਂ ਕੋਈ ਪੱਕੇ ਨਸ਼ਿਆਂ ਦੇ ਆਦੀ ਨਹੀਂ ਸਨ ਅਤੇ ਕੇਵਲ ਵਿਆਹ-ਸ਼ਾਦੀ ਅਤੇ ਖੁਸ਼ੀ ਦੇ ਮੌਕੇ ਸ਼ਰਾਬ ਦੇ ਇਕ-ਦੋ ਪੈਗ ਪੀਣ ਤੋਂ ਇਲਾਵਾ ਉਨਾਂ ਕਦੇ ਕਿਸੇ ਹੋਰ ਨਸ਼ੇ ਦੀ ਵਰਤੋਂ ਨਹੀਂ ਕੀਤੀ ਸੀ, ਪਰੰਤੂ ਚਿੱਟੇ ਪਾੳੂਡਰ ਦਾ ਸਵਾਦ ਵੇਖਣ ਦੇ ਚੱਕਰ ਵਿਚ ਹੀ ਉਹ ਇਸ ਨਸ਼ੇ ਦੇ ਗੁਲਾਮ ਬਣ ਕੇ ਰਹਿ ਗਏ। ਉਨਾਂ ਨੌਜਵਾਨਾਂ ਨੂੰ ਇਹ ਵੀ ਨਸੀਹਤ ਕੀਤੀ ਕਿ ਜੇਕਰ ਉਨਾਂ ਦਾ ਕੋਈ ਸਾਥੀ ਉਨਾਂ ਨੂੰ ਚਿੱਟੇ ਪਾੳੂੁਡਰ ਦਾ ਸਵਾਦ ਵੇਖਣ ਲਈ ਕਹਿੰਦਾ ਹੈ ਤਾਂ ਉਹ ਸਵਾਦ ਵੇਖਣ ਲਈ ਵੀ ਭੁੱਲ ਕੇ ਇਸ ਨੂੰ ਮੂੰਹ ਨਾ ਲਾਉਣ, ਨਹੀਂ ਤਾਂ ਉਹ ਇਸ ਨਸ਼ੇ ਦੇ ਆਦੀ ਬਣ ਜਾਣਗੇ।