ਕੰਮੀਆਂ ਦੇ ਵਿਹੜਿਆਂ ਨੂੰ ਮਸ਼ੀਨੀਕਰਨ ਦਾ ਸਰਾਪ - ਜਸਪਾਲ ਸਿੰਘ ਜੱਸੀ
Posted on:- 13-05-2012
ਹੱਥੀ ਵਾਢੀ ਘਟਣ ਨਾਲ ਕਿਤਰੀਆਂ ਦੇ 'ਭੜੋਲੇ' ਫਿਰ ਕਣਕ ਤੋਂ 'ਸੱਖਣੇ'
ਕਣਕ ਦੀ ਹੱਥੀ ਵਾਢੀ ਨਾਮਾਤਰ ਹੋਣ ਕਾਰਨ ਇਸ ਵਾਰ ਫਿਰ ਖੇਤ ਮਜ਼ਦੂਰਾਂ ਦੇ ਭੜੋਲੇ ਖਾਲੀ ਰਹਿ ਜਾਣਗੇ। ਕੰਮੀਆਂ ਦੇ ਵਿਹੜੇ ਸੁਨੀਆਂ ਅੱਖਾਂ ਨਾਲ ਕੰਬਾਇਨਾਂ ਦੁਆਰਾ ਹੋ ਰਹੀ ਕਣਕ ਦੀ ਵਾਢੀ ਵੱਲ ਬਿੱਟ-ਬਿੱਟ ਤੱਕ ਰਹੇ ਹਨ। ਜਿਸ ਕਾਰਨ ਕਣਕ ਦੇ ਭਾਅ ’ਚ ਵਾਧੇ ਦੀ ਮੰਗ ਨੂੰ ਲੈਕੇ ਕੇਂਦਰ ਸਰਕਾਰ ’ਤੇ ਦਬਾਅ ਪਾਉਣ ਲਈ ਕੀਤੇ ਜਾ ਰਹੇ ਕਿਸਾਨੀ ਸੰਘਰਸ਼ ਨੂੰ ਵੀ ਕੰਮੀਆਂ ਦੇ ਵਿਹੜਿਆਂ ’ਚ ਵਾਜਬ ਕਰਾਰ ਨਹੀਂ ਦਿੱਤਾ ਜਾ ਰਿਹਾ।ਪੱਤਰਕਾਰਾਂ ਦੀ ਟੀਮ ਦੁਆਰਾ ਅੱਜ ਹਲਕੇ ਦੇ ਗਾਮੀਵਾਲਾ, ਹਾਕਮ ਵਾਲਾ, ਉੱਡਤ ਸੈਦੇਵਾਲਾ, ਮੱਲ ਸਿੰਘ ਵਾਲਾ, ਆਲਮਪੁਰ ਮੰਦਰਾਂ, ਰਾਮ ਨਗਰ ਭੱਠਲ, ਫੁੱਲੂਵਾਲਾ ਡੋਗਰਾ,ਸ਼ੇਰਖਾਂ ਵਾਲਾ, ਮੰਘਾਣੀਆ, ਰਿਉਦ ਕਲਾਂ, ਤਾਲਬਵਾਲਾ, ਲੱਖੀਵਾਲਾ ਅਦਿ ਪਿੰਡਾਂ ’ਚ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਨਾਲ ਗੱਲਬਾਤ ਕਰਨ ’ਤੇ ਇਹ ਗੱਲ ਸਾਹਮਣੇ ਆਈ, ਕਿ ਹੁਣ ਜ਼ਮੀਨਾਂ ਵਾਲੇ ਹੱਥੀ ਵਾਢੀ ਨੂੰ ਮਹਿੰਗੀ ਕਰਾਰ ਦਿੰਦਿਆਂ ਕਣਕ ਦੀ ਵਾਢੀ ਕੰਬਾਇਨ ਦੁਆਰਾ ਕਰਵਾਉਣ ਨੂੰ ਤਰਜੀਹ ਦੇ ਰਹੇ ਹਨ।
ਇਸ ਦੌਰਾਨ ਪਿੰਡ ਰਿਉਂਦ ਕਲਾਂ ਦੇ ਖੇਤ ਮਜ਼ਦੂਰ ਜਸਵੀਰ ਸਿੰਘ(45) ਨੇ ਕਿਹਾ ਕਿ ਪਿਛਲੇ 10 ਵਰ੍ਹਿਆਂ ਤੋਂ ਕਣਕ ਦੀ ਵਾਢੀ ਵੇਲੇ ਉਹ ਆਪਣੇ ਬੱਚਿਆਂ ਨੂੰ ਨਾਲ ਲਗਾਕੇ ਠੇਕੇ 'ਤੇ 5 ਤੋਂ 7 ਏਕੜ ਕਣਕ ਦੀ ਕਟਾਈ ਕਰ ਦਿੰਦੇ ਸਨ। ਇਸ ਨਾਲ ਤਿੰਨ ਮਣ (120 ਕਿਲੋਗ੍ਰਾਮ) ਪ੍ਰਤੀ ਏਕੜ ਦੇ ਹਿਸਾਬ ਨਾਲ ਉਨ੍ਹਾਂ ਕੋਲ 15 ਤੋਂ 20 ਮਣ ਕਣਕ ਜਮ੍ਹਾਂ ਹੋ ਜਾਂਦੀ ਸੀ ਜਿਸ ਨਾਲ ਪੂਰੇ ਸਾਲ ਦਾ ਗੁਜ਼ਾਰਾ ਹੋ ਜਾਂਦਾ ਸੀ। ਉਨ੍ਹਾਂ ਕਿਹਾ ਕਿ 'ਜ਼ਮੀਨਾਂ ਵਾਲੇ' ਹੁਣ ਕਣਕ ਦੀ ਹੱਥੀ ਵਾਢੀ ਨੂੰ ਤਰਜੀਹ ਨਹੀਂ ਦਿੰਦੇ ਜਿਸ ਕਾਰਨ ਠੇਕੇ 'ਤੇ ਕਣਕ ਦੀ ਵਾਢੀ ਕਰਨ ਵਾਲੇ ਮਜ਼ਦੂਰ ਪਰਿਵਾਰ ਡਾਢੀ ਨਿਰਾਸ਼ਾ ’ਚ ਹਨ।
ਖੇਤ ਮਜ਼ਦੂਰ ਪਰਿਵਾਰ ਨਾਲ ਸਬੰਧਤ ਹਾਕਮ ਵਾਲਾ ਦੀ ਦਲੀਪ ਕੌਰ(38) ਨੇ ਕਿਹਾ ਕਿ 6 ਵਰ੍ਹੇ ਪਹਿਲਾਂ ਉਸ ਦੇ ਸਿਰ ਦਾ ਸਾਂਈ ਕੈਂਸਰ ਨੇ ਨਿਗਲ ਲਿਆ ਸੀ। ਦੋ ਧੀਆਂ ਸਮੇਤ ਤਿੰਨ ਬੱਚਿਆਂ ਨੂੰ ਪਾਲਣ ਪੋਸਣ ਅਤੇ ਘਰ ਦਾ ਗੁਜ਼ਾਰਾ ਚਲਾਉਣ ਦੀ ਸਾਰੀ ਜ਼ਿੰਮੇਵਾਰੀ ਮੇਰੇ ਮੋਢਿਆਂ ’ਤੇ ਆ ਪਈ। ਪਹਿਲਾਂ ਤਾਂ ਮੈਂ ਬੱਚਿਆਂ ਨੂੰ ਨਾਲ ਲੈ ਕਿਸੇ ਹੋਰ ਮਜ਼ਦੂਰ ਨਾਲ ਬਿੜੀ(ਸਾਂਝ) ਕਰਕੇ ਕਣਕ ਦੀ ਵਾਢੀ ਨਾਲ ਸਾਲ ਭਰ ਦੇ ਖਾਣ ਲਈ ਦਾਣੇ ਕਰ ਲੈਂਦੀ ਸੀ ਪਰ ਪਿਛਲੇ ਸਾਲ ਤੋਂ ਕਣਕ ਦੀ ਹੱਥੀ ਵਾਢੀ ਨਾਮਾਤਰ ਹੋਣ ਕਰਕੇ ਉਹ ਕਣਕ ਤੋਂ ਸੱਖਣੀ ਰਹਿ ਜਾਂਦੀ ਹੈ।ਉਨ੍ਹਾਂ ਇਹ ਵੀ ਦੱਸਿਆ ਕਿ ਉਸ ਦਾ ਪਰਿਵਾਰ ਅੱਤ ਦਾ ਗ਼ਰੀਬ ਹੁੰਦਾ ਹੋਇਆ ਵੀ ਸਰਕਾਰ ਦੀ ਸਸਤੀ ਆਟਾ-ਦਾਲ ਸਕੀਮ ਦਾ ਹੱਕਦਾਰ ਨਹੀਂ ਹੈ।ਉਨ੍ਹਾਂ ਕਿਹਾ ਕਿ ਉਹ ਮਹਿੰਗੇ ਭਾਅ ਕਣਕ ਖਰੀਦ ਸਕਣ ਦੇ ਸਮਰੱਥ ਨਹੀਂ ਹੈ।
ਗੰਢੂ ਖੁਰਦ ’ਚ ਪੰਜ ਬੱਚਿਆਂ ਦੇ ਬਾਪ ਦਲੀਪ ਸਿੰਘ(54) ਨੇ ਕਿਹਾ ਕਿ ਠੇਕੇ ’ਤੇ ਵਾਢੀ ਕਰਕੇ ਤਾਂ ਉਨ੍ਹਾਂ ਦਾ ਪਰਿਵਾਰ ਸਾਲ ਭਰ ਦੇ ਗੁਜ਼ਾਰੇ ਲਈ ਦਾਣੇ ਕਰ ਲੈਂਦਾ ਸੀ ਪਰ ਕਣਕ ਦੀ ਹੱਥੀ ਵਾਢੀ ਦੀ ਕਦਰ ਘਟਣ ਕਾਰਨ ਉਹ ਹੁਣ ਮਹਿੰਗੇ ਭਾਅ ਕਣਕ ਖਰੀਦ ਸਕਣੋਂ ਮੁਥਾਜ ਹਨ। ਪਿੰਡ ਉੱਡਤ ਸੈਦੇਵਾਲਾ ਦੇ ਕਿਸਾਨ ਗੁਰਦੀਪ ਸਿੰਘ ਨੇ ਇਸ ਸਬੰਧੀ ਗੱਲਬਾਤ ਕਰਦਿਆਂ ਕਿਹਾ ਕਿ ਹੱਥੀ ਵਾਢੀ ਕਰਨ ’ਤੇ ਪ੍ਰਤੀ ਏਕੜ 3500 ਤੋਂ 4000 ਰੁਪਏ ਖਰਚਾ ਆਉਂਦਾ ਹੈ ਜਦ ਕਿ ਕੰਬਾਇਨ ਇੱਕ ਏਕੜ ਕਣਕ ਦੀ ਵਾਢੀ ਕੇਵਲ 800 ਰੁਪਏ ’ਚ ਕਰ ਦਿੰਦੀ ਹੈ।ਪਿੰਡ ਤਾਲਬ ਵਾਲਾ ਦੇ ਸਾਬਕਾ ਸਰਪੰਚ ਤੇ ਅਗਾਂਹ ਵਧੂ ਕਿਸਾਨ ਬਲਦੇਵ ਸਿੰਘ ਨੇ ਕਿਹਾ ਕਿ ਪਿੰਡਾਂ ’ਚ ਕੰਮ ਕਰਨ ਵਾਲੀ ਪਹਿਲੀ ਲੇਵਰ ਹੁਣ ਮੰਡੀਆਂ ’ਚ ਸੀਜਨ ਲਗਾਉਣ ਜਾਂ ਭੱਠਿਆਂ ’ਤੇ ਕੰਮ ਕਰਨ ਲੱਗ ਪਈ ਹੈ। ਕਣਕ ਦੀ ਸਮੇਂ ਸਿਰ ਕਟਾਈ ਕਰਨ ਲਈ ਲੇਵਰ ਨਾ ਮਿਲਣ ਸਦਕਾ ਕਿਸਾਨਾਂ ਨੂੰ ਕੰਬਾਇਨ ਦੁਆਰਾ ਵੀ ਵਾਢੀ ਕਰਵਾਉਣੀ ਪੈ ਰਹੀ ਹੈ।
ਪਿੰਡ ਬਰੇ ਦੇ ਕਿਸਾਨ ਬੂਟਾ ਸਿੰਘ ਨੇ ਕਿਹਾ ਕਿ ਕਣਕ ਦੀ ਹੱਥੀਂ ਵਾਢੀ ਕਾਫੀ ਮਹਿੰਗੀ ਪੈਂਦੀ ਹੈ, ਕੰਬਾਇਨ ਦੁਆਰਾ ਸਸਤੀ।ਉਨ੍ਹਾਂ ਕਿਹਾ ਕਿ 800 ਕੁ ਸੌ ਰੁਪਏ ਕਣਕ ਕਟਾਵਉਣ ਦਾ ਅਤੇ 600 ਕੁ ਸੌ ਰੁਪਏ ਤੂੜੀ ਬਣਵਾਉਣ ਦਾ ਪ੍ਰਤੀ ਏਕੜ ਖਰਚਾ ਆਉਂਦਾ ਹੈ ਫਿਰ ਹੱਥੀਂ ਵਾਢੀ ਕਰਨ ’ਤੇ ਇਸ ਤੋਂ ਦੁੱਗਣਾ ਖਰਚਾ ਕਿਉਂ..!
ਦੇਖਿਆ ਜਾਵੇ ਤਾਂ ਕੰਬਾਇਨ ਦੁਆਰਾ ਵਾਢੀ ਕਰਵਾਉਣਾ ਕਿਸਾਨ ਲਈ ਕਟਾਈ-ਬਿਜਾਈ ਤਾਂ ਜਲਦੀ ਕਰ ਲੈਂਦਾ ਹੈ ਪਰ ਅਸਲੋਂ ਕਿਸਾਨ ਘਾਟੇ ’ਚ ਹੀ ਹੈ ਕਿਉਕਿ ਕੰਬਾਇਨ ਦੁਆਰਾ ਕੱਟੀ ਕਣਕ ’ਚੋਂ ਹੱਥੀ ਵਾਢੀ ਕਰਨ ਨਾਲੋਂ ਕਣਕ ਅਤੇ ਤੂੜੀ(ਪਸ਼ੂਆਂ ਦਾ ਚਾਰਾ) ਦੋਵੇਂ ਹੀ ਘੱਟ ਮਾਤਰਾ ’ਚ ਮਿਲਦੇ ਹਨ।ਦੂਸਰਾ ਕੰਬਾਇਨ ਦੁਆਰਾ ਬਣਾਈ ਗਈ ਤੂੰੜੀ ਵੀ ਚੰਗੀ ਕੁਆਲਟੀ ਦੀ ਨਹੀਂ ਰਹਿ ਜਾਂਦੀ।
ਇਕਬਾਲ
ਅਜਿਹਾ ਗਰੀਬ ਲੋਕ ਜਿੰਨਾ ਛੇਤੀ ਸਮਝ ਜਾਣ ਕਿ ਉਹਨਾਂ ਦਾ ਖੇਤੀ ਨਾਲ ਸੰਬੰਧ ਹੁਣ ਨਹੀਂ ਨਿਭਣ ਵਾਲਾ ਉਨਾ ਹੀ ਚੰਗਾ ਹੈ | ਕਿਉਂਕਿ ਕਿਸਾਨ ਜਿਸਦਾ 1400 ਰੁਪਏ ਵਿੱਚ ਪੂਰਾ ਸਰਦਾ ਹੈ ਉਹ 1600 ਰੁਪਿਆ ਕਣਕ ਦੀ ਹੜੰਬੇ ਨਾਲ ਸਿਰਫ ਕਢਾਈ 'ਤੇ ਅਤੇ ਕਣਕ ਦੀ ਕਟਾਈ ਤੇ ਅਲੱਗ ਤੋਂ ਕਦੇ ਨਹੀਂ ਲਾਵੇਗਾ | ਛੋਟਾ ਕਿਸਾਨ ਇਹ ਖਰਚਾ ਉਠਾਉਣ ਦੇ ਕਾਬਿਲ ਨਹੀਂ ਵੱਡਾ ਕਿਸਾਨ ਇਹ ਖਰਚਾ ਨਹੀਂ ਕਰੇਗਾ ਕਿਉਂਕਿ ਇਹ ਦੌਰ ਮੁਨਾਫੇ ਦਾ ਹੈ ਨਾ ਕਿ ਜੱਟ ਤੇ ਸੀਰੀ ਦੀ ਸਾਂਝ ਦਾ (ਇਸ ਵਿੱਚ ਜੱਟ ਨੂੰ ਬੁਰਾ ਕਿਹਾ ਹਰਗਿਜ਼ ਨਾ ਮੰਨਿਆ ਜਾਵੇ ਇਹ ਇਸ ਯੁਗ ਦੀ ਹੋਣੀ ਹੈ) ਇਸਦਾ ਬਦਲ ਖੁਦ ਨੂੰ ਹੋਰ ਧੰਦਿਆਂ ਵੱਲ ਮੋੜਨਾ ਹੀ ਬਚਦਾ ਹੈ ਜੋ ਦਿਹਾਤੀ ਖੇਤਰ ਵਿੱਚ ਨਹੀਂ ਮਿਲਣਗੇ, ਇਹੀ ਕਾਰਨ ਹੈ ਵੀ ਕਿ ਮਜਦੂਰਾਂ ਦਾ ਪੱਕੇ ਜਾਂ ਅਸਥਾਈ (ਸਵੇਰ ਤੋਂ ਸ਼ਾਮ ਤੱਕ ਜਾਂ ਸ਼ਿਫਟ ਦੇ ਹਿਸਾਬ ਨਾਲ) ਸ਼ਹਿਰ ਵੱਲ ਪ੍ਰਵਾਸ ਹੋ ਰਿਹਾ ਹੈ ਜੋ ਆਉਣ ਵਾਲੇ ਸਮੇਂ ਵਿੱਚ ਹੋਰ ਵਧੇਗਾ | ਇਹ ਵੀ ਸਚ ਹੈ ਕਿ ਆਉਣ ਵਾਲਾ ਵਕਤ ਮਜਦੂਰ (ਜਿਸ ਕੋਲ ਸਿਰਫ ਹੱਥ ਹਨ ਕਿਰਤ ਲਈ) ਉਸ ਲਈ ਜਾਨਲੇਵਾ ਸਿਧ ਹੋਣ ਵਾਲਾ ਹੈ |