ਮਾਨਸਾ ਦੇ ਲੋਕਾਂ ਨੂੰ 'ਮੌਤ' ਵੰਡ ਰਿਹਾ ਹੈ ਧਰਤੀ ਹੇਠਲਾ 'ਜ਼ਹਿਰੀਲਾ' ਪਾਣੀ - ਜਸਪਾਲ ਸਿੰਘ ਜੱਸੀ
Posted on:- 13-05-2012
ਸੈਂਟਰਲ ਗਰਾਊਂਡ ਵਾਟਰ ਬੋਰਡ ਦੀ ਰਿਪੋਰਟ ਨੇ ਕੀਤਾ ਖੁਲਾਸਾ:
ਆਰਜੇਨਿਕ ਤੇ ਫੋਲੋਰਾਈਡ ਵਰਗੇ ਤੱਤਾਂ ਦੀ ਮਾਤਰਾ ਕਈ ਗੁਣਾਂ ਵੱਧ
ਮਾਨਸਾ ਜ਼ਿਲ੍ਹੇ ਦੇ ਧਰਤੀ ਹੇਠਲੇ ਪਾਣੀ ’ਚ ਕੋਲਰਾਈਡ, ਪੋਟਾਸ਼ੀਅਮ, ਕਾਰਬੋਨੇਟ ,ਬਾਈਕਾਰਬੋਨੇਟ, ਸੋਡੀਅਮ, ਫੋਲੋਰਾਈਡ, ਕੌਪਰ, ਕੈਲਸ਼ੀਅਮ,ਮੈਗਨੀਸ਼ੀਅਮ ਵਰਗੀਆਂ ਧਾਤਾਂ ਜ਼ਹਿਰੀਲੇ ਪੱਧਰ ’ਤੇ ਮੌਜੂਦ ਹਨ।ਜਿਸ ਕਾਰਨ ਜ਼ਿਲ੍ਹੇ ’ਚ ਕੈਂਸਰ ਸਮੇਤ ਹੋਰ ਘਾਤਕ ਬਿਮਾਰੀਆਂ ਦੇ ਮਰੀਜਾਂ ’ਚ ਦਿਨ ਪ੍ਰਤੀ ਦਿਨ ਵਾਧਾ ਦਰਜ ਕੀਤਾ ਜਾ ਰਿਹਾ ਹੈ। ਇਹ ਖੁਲਾਸਾ ਸੈਂਟਰਲ ਗਰਾਊਂਡ ਵਾਟਰ ਬੋਰਡ(ਸੀ.ਜੀ.ਡਬਲਓ.ਬੀ)ਦੀ ਚੰਡੀਗੜ੍ਹ ਸ਼ਾਖਾ ਨੇ ਹਾਲ ਹੀ ’ਚ ਜਾਰੀ ਕੀਤੀ ਆਪਣੀ ਇੱਕ ਰਿਪੋਰਟ ’ਚ ਕੀਤਾ ਹੈ।
ਇਹ ਰਿਪੋਰਟ ਬੋਰਡ ਦੁਆਰਾ ਜੂਨ, 2010 ’ਚ ਜ਼ਿਲ੍ਹੇ ਦੇ ਬਲਾਕ ਭੀਖੀ ਅਤੇ ਮਾਨਸਾ ਤੇ ਸਤੰਬਰ, 2011 ’ਚ ਮਾਨਸਾ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ-ਸ਼ਹਿਰਾਂ ’ਚੋਂ ਲਏ 300 ਧਰਤੀ ਹੇਠਲੇ ਪਾਣੀ ਦੇ ਸੈਂਪਲਾਂ ’ਤੇ ਆਧਾਰਤ ਹੈ।ਸੈਂਟਰਲ ਗਰਾਊਂਡ ਵਾਟਰ ਬੋਰਡ ਦੀ ਰਿਪੋਰਟ ਮੁਤਾਬਕ ਜ਼ਿਲ੍ਹੇ ਦਾ 40 ਫੀਸਦ ਪਾਣੀ ਨਾ ਤਾ ਪੀਣ ਯੋਗ ਹੈ ਅਤੇ ਨਾ ਹੀ ਸਿੰਚਾਈ ਲਈ ਵਰਤਣ ਯੋਗ। ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਅਨੁਸਾਰ ਪਾਣੀ ’ਚ ਕੋਲੋਰਾਈਡ ਦੀ ਮਾਤਰਾ 2.5 ਮਿਲੀਗ੍ਰਾਮ ਪ੍ਰਤੀ ਲੀਟਰ ਤੱਕ ਜਾਇਜ਼ ਹੈ ਅਤੇ ਜੇਕਰ ਇਸ ਦੀ ਮਾਤਰਾ 5 ਮਿਲੀਗ੍ਰਾਮ ਪ੍ਰਤੀ ਲੀਟਰ ਨੂੰ ਪਾਰ ਕਰ ਜਾਂਦੀ ਹੈ ਤਾਂ ਇਹ ਪਾਣੀ ਆਯੋਗ ਹੈ। ਧਰਤੀ ਹੇਠਲਾ ਪਾਣੀ ਜਿਸ ’ਚ ਅਰਜੈਨਿਕ ਦੀ ਮਾਤਰਾ 0.01 ਪ੍ਰਤੀ ਬਿਲੀਅਨ ਹੈ ਤੇ ਫੋਲੋਰਾਈਡ ਦੀ ਮਾਤਰਾ 0.5 ਤੋਂ 1.5 ਪ੍ਰਤੀ ਮਿਲੀਗ੍ਰਾਮ ਹੈ, ਪੀਣ ਯੋਗ ਹੈ। ਅਰਜੈਨਿਕ ਅਤੇ ਫੋਲੋਰਾਈਡ ਨਾਮਕ ਧਾਤਾਂ ਦਾ ਲੋੜ ਤੋਂ ਵੱਧ ਹੋਣਾ ਕੈਂਸਰ ਸਮੇਤ ਹੋਰ ਜਾਨ ਲੇਵਾ ਬਿਮਾਰੀਆਂ ਨੂੰ ਜਨਮ ਦਿੰਦਾ ਹੈ। ਮੰਦਬੁੱਧੀ ਬੱਚਿਆਂ ਦਾ ਪੈਦਾ ਹੋਣ ਪਿਛੇ ਵੀ ਇਹ ਧਾਤਾਂ ਕਾਰਨ ਬਣਦੀਆਂ ਹਨ।ਬੋਰਡ ਦੁਆਰਾ ਲਏ ਗਏ ਸੈਂਪਲਾਂ ’ਚੋਂ ਅਰਜੈਨਿਕ ਦੀ ਮਾਤਰਾ ਭੰਮੇ ਕਲਾਂ ’ਚ 0.27, ਨੰਗਲ ਢਾਣੀ ’ਚ 0.42, ਢੈਪਈ ’ਚ 0.287, ਮੀਰਪੁਰ ਢਾਣੀ ’ਚ 0.163, ਅਕਲੀਆਂ ’ਚ 0.34, ਕੋਟੜਾ ਕਲਾਂ ’ਚ 0.12, ਝੁਨੀਰ ’ਚ 0.29, ਨੰਦਗੜ ’ਚ 0.102 ਅਤੇ ਭੀਖੀ ’ਚ 0.89 ਪ੍ਰਤੀ ਬਿਲੀਅਨ ਦਰਜ ਕੀਤੀ ਗਈ ਹੈ। ਫੋਲੋਰਾਈਡ ਦੀ ਮਾਤਰਾ 20.4 ਮਿਲੀਗ੍ਰਾਮ ਪ੍ਰਤੀ ਲੀਟਰ ਮੀਰਪੁਰ ਢਾਣੀ ’ਚ, 20.6 ਨੰਗਲ ਢਾਣੀ ’ਚ, ਕੋਟੜਾ ਕਲਾਂ ’ਚ 11.9, ਢੈਪਈ ’ਚ 5.88, ਹੀਰੋ ਕਲਾਂ ’ਚ 3.72, ਨੰਦਗੜ੍ਹ ’ਚ 8.7 ਅਤੇ ਭੰਮੇ ਕਲਾਂ ’ਚ 5.85 ਪ੍ਰਤੀ ਲੀਟਰ ਦਰਜ ਕੀਤੀ ਗਈ ਹੈ।
ਇੱਥੇ ਦੱਸਣਯੋਗ ਹੈ ਕਿ ਸਿਹਤ ਵਿਭਾਗ ਦੀ ਇੱਕ ਰਿਪੋਰਟ ਮੁਤਾਬਕ ਸਾਲ 2006 ਤੋਂ ਲੈ ਕੇ ਅਕਲੀਆ ’ਚ 12, ਭੀਖੀ ’ਚ 28, ਮਾਖਾ ’ਚ 17, ਗੁਰਨੇ ਕਲਾਂ ’ਚ 7, ਮੀਰਪੁਰ ਕਲਾਂ ’ਚ 5, ਭੰਮੇ ਕਲਾਂ ’ਚ 12, ਬਹਿਣੀਵਾਲ ਵਿਖੇ 11, ਨੰਗਲ ਕਲਾਂ ’ਚ 18 ਵਿਆਕਤੀਆਂ ਦੀ ਕੈਂਸਰ ਨਾਲ ਮੌਤ ਹੋ ਚੁੱਕੀ ਹੈ ਅਤੇ ਦਰਜਨਾਂ ਮਰੀਜ ਜ਼ਿੰਦਗੀ ਤੇ ਮੌਤ ਦਰਮਿਆਨ ਜੂਝ ਰਹੇ ਹਨ। ਇਸ ਸਬੰਧੀ ਸਿਵਲ ਸਰਜਨ ਮਾਨਸਾ ਡਾ: ਟੀ.ਐਸ ਸੁਰੀਲਾ ਨੇ ਗੱਲਬਾਤ ਦੋਰਾਨ ਕਿਹਾ ਕਿ ਪ੍ਰਤੀ ਲੀਟਰ ਪਾਣੀ ’ਚ ਫੋਲੋਰਾਈਡ ਦੀ ਮਾਤਰਾ ਦਾ ਵਧਣਾ ਦੰਦਾਂ ਅਤੇ ਹੱਡੀਆਂ ਦੇ ਰੋਗਾਂ ਨੂੰ ਪੈਦਾ ਕਰਦਾ ਹੈ। ਇਸ ਨੂੰ ਪੀਣ ਨਾਲ ਜਿੱਥੇ ਦੰਦਾਂ ਅਤੇ ਮਸੂੜਿਆਂ ਦੇ ਰੋਗ ਉਤਪਨ ਹੁੰਦੇ ਹਨ ਉੱਥੇ ਸਭ ਵਰਗ ਵਿਆਕਤੀਆਂ ਦੀਆਂ ਹੱਡੀਆਂ ਵੀ ਘੁਣ ਲੱਗੇ ਵਾਂਗ ਕਮਜ਼ੋਰ ਹੋ ਜਾਂਦੀਆਂ ਹਨ। ਅਰਜੇਨਿਕ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਮਨੁੱਖੀ ਸਰੀਰ ’ਚ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਦੇ ਲੱਛਣ ਪੈਦਾ ਕਰਨ ’ਚ ਸਹਾਈ ਪਾਇਆ ਜਾ ਰਿਹਾ ਹੈ। ਜ਼ਿਲ੍ਹੇ ਦੇ ਪਿੰਡਾਂ ’ਚ ਧਰਤੀ ਹੇਠਲੇ ਪਾਣੀ ’ਚ ਤੱਤਾਂ ਦਾ ਖ਼ਤਰਨਾਕ ਪੱਧਰ ’ਤੇ ਪਾਏ ਜਾਣ ਬਾਰੇ ਜਦ ਡਿਪਟੀ ਕਮਿਸ਼ਨਰ ਮਾਨਸਾ ਸ੍ਰੀ ਅਮਿਤ ਢਾਕਾ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦਾ 113 ਪਿੰਡਾਂ ਦੇ ਲੋਕਾਂ ਨੂੰ ਸ਼ੁੱਧ ਪੀਣ ਯੋਗ ਪਾਣੀ ਮੁਹੱਈਆ ਕਰਵਾਉਣ ਲਈ ਆਰ.ਓ ਲਗਾਏ ਜਾ ਚੁੱਕੇ ਹਨ ਅਤੇ ਰਹਿੰਦੇ ਪਿੰਡਾਂ ’ਚ ਵੀ ਇਹ ਪ੍ਰੋਜੈਕਟ ਜਲਦੀ ਲਗਵਾਏ ਜਾ ਰਹੇ ਹਨ।
Harvinder Sidhu
haan g..bilkul..par kise Govt da iss paase dhiyaan nahi...