ਗ਼ਰੀਬੀ ਦੂਰ ਕਰਨ ਲਈ ਵਿਦੇਸ਼ ਪੁੱਜਾ ਕੁਲਦੀਪ ਰਾਣਾ ਆਬੂ ਧਾਬੀ ਦੀ ਜੇਲ੍ਹ ’ਚ ਬੰਦ
Posted on:- 30-06-2014
-ਸ਼ਿਵ ਕੁਮਾਰ ਬਾਵਾ
ਹੁਸ਼ਿਆਰਪੁਰ: ਪੰਜਾਬ ਦੇ ਬਹੁਤੇ ਨੌਜਵਾਨ ਵਿਦੇਸ਼ਾਂ ਵਿੱਚ ਜਾ ਕੇ ਕੰਪਨੀਆਂ ਦੀ ਲੁੱਟ ਦਾ ਸ਼ਿਕਾਰ ਹੋ ਆਪਣਾ ਪੇਟ ਪਾਲਣ ਲਈ ਲੁੱਕ ਛਿਪਕੇ ਕੰਮ ਕਰਦੇ ਹਨ। ਕੰਮ ਨਾ ਮਿਲਣ ਦੀ ਸੂਰਤ ਵਿੱਚ ਆਪਣੇ ਹੀ ਪੰਜਾਬੀ ਅਤੇ ਕੁੱਝ ਪਾਕਿਸਤਾਨੀ ਉਹਨਾਂ ਨੂੰ ਗੈਰਕਾਨੂੰਨੀ ਧੰਦੇ ਕਰਨ ਲਈ ਮਜ਼ਬੂਰ ਕਰਦੇ ਹਨ ਅਤੇ ਜਦੋਂ ਵਿਦੇਸ਼ੀ ਪੁਲੀਸ ਦੇ ਧੱਕੇ ਚੜ੍ਹ ਜਾਂਦੇ ਹਨ ਤਾਂ ਉਹਨਾਂ ਦੀ ਕੋਈ ਸਾਰ ਨਹੀਂ ਲੈਂਦਾ। ਅਜਿਹੇ ਨੌਜਵਾਨਾਂ ਦੀ ਗਿਣਤੀ ਬਹੁਤ ਹੈ ਜੋ ਟ੍ਰੈਵਲ ਇਜੰਟਾਂ ਦੀ ਮਾਰ ਦਾ ਸ਼ਿਕਾਰ ਹੋ ਵਿਦੇਸ਼ੀ ਜੇਲ੍ਹਾਂ ਵਿੱਚ ਖੱਜ਼ਲ ਖੁਆਰ ਹੋ ਰਹੇ ਹਨ।
ਅਜਿਹੇ ਨੌਜਵਾਨਾਂ ਦੀ ਗਿਣਤੀ ਅਰਬ ਮੁਲਕਾਂ ਵਿੱਚ ਜ਼ਿਆਦਾ ਹੈ ਜੋ ਆਪਣੀਆਂ ਕੰਪਨੀਆਂ ਦੇ ਮਾਲਿਕਾਂ ਦੀ ਧੱਕੇਸ਼ਾਹੀ ਦਾ ਸ਼ਿਕਾਰ ਹੋ ਦਰ ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਹਨ। ਉਪ੍ਰੋਕਤ ਵਿਚਾਰ ਦੋਆਬੇ ਦੇ ਇੱਕ ਪਿੰਡ ਦੇ ਆਬੂ ਧਾਬੀ ਤੋਂ ਪਰਤੇ ਇੱਕ ਨੌਜ਼ਵਾਨ ਨੇ ਇਸ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਪ੍ਰਗਟਾਏ। ਉਸ ਨੇ ਦੱਸਿਆ ਕਿ ਆਲੂ ਅਤੇ ਪੰਜਾਬੀ ਭਾਵੇਂ ਹਰ ਦੇਸ਼ ਅਤੇ ਸੂਬੇ ਵਿੱਚ ਮਿਲ ਜਾਂਦੇ ਹਨ ਪ੍ਰੰਤੂ ਵਿਦੇਸ਼ਾਂ ਵਿੱਚ ਜਾ ਕੇ ਜੋ ਪੰਜਾਬੀਆਂ ਨੇ ਆਪਣੀ ਭੱਲ ਬਣਾਈ ਹੈ ਉਸਨੂੰ ਦੇਖ ਸੁਣਕੇ ਸ਼ਰਮ ਨਾਲ ਸਿਰ ਝੁੱਕ ਜਾਂਦਾ ਹੈ। ਉਸਨੇ ਆਪਣਾ ਨਾਮ ਨਾ ਛਾਪਣ ਦੀ ਸ਼ਰਤ ਤੇ ਦੱਸਿਆ ਕਿ ਜਿਵੇਂ ਕੁੱਤੇ ਤੇ ਇੱਟ ਦਾ ਵੈਰ ਹੈ ਬਿਲਕੁੱਲ ਉਵੇਂ ਵਿਦੇਸ਼ਾਂ ਵਿੱਚ ਰਹਿੰਦੇ ਪੰਜਾਬੀਆਂ ਦਾ ਆਪਸ ਵਿੱਚ ਵੈਰ ਹੈ। ਬਹੁਤ ਘੱਟ ਹਨ ਜੋ ਆਪਣੇ ਦੀ ਤਰੱਕੀ ਨੂੰ ਦੇਖਕੇ ਖੁਸ਼ ਹੁੰਦੇ ਹੋਣਗੇ ਨਹੀਂ ਤਾਂ ਉਥੇ ਰਹਿੰਦੇ ਬਹੁਤੇ ਪੰਜਾਬੀ ਜੋ ਪਾਬੰਦੀ ਦੇ ਬਾਵਜੂਦ ਵੀ ਗੈਰ ਕਾਨੂੰਨੀ ਧੰਦੇ ਕਰਦੇ ਹਨ ਵਿੱਚ ਨਵਿਆਂ ਨੂੰ ਫਸਾਉਣ ਦਾ ਮੌਕਾ ਹੱਥੋਂ ਨਹੀਂ ਜਾਣ ਦਿੰਦੇ। ਉਸਨੇ ਦੱਸਿਆ ਕਿ ਸਾਡੇ ਆਪਣੇ ਹੀ ਆਪਣਿਆਂ ਦਾ ਬੇੜਾ ਗਰਕ ਕਰਦੇ ਹਨ ਤੇ ਜਦੋਂ ਉਹ ਪੁਲੀਸ ਧੱਕੇ ਚੜ੍ਹਦੇ ਹਨ ਤਾਂ ਫਸਣ ਵਾਲੇ ਪੰਜਾਬੀ ਨੌਜ਼ਵਾਨ ਦੀ ਉਹ ਪਹਿਚਾਣ ਤੋਂ ਵੀ ਸਾਫ ਮੁੱਕਰ ਜਾਂਦੇ ਹਨ।
ਉਸਨੇ ਖੁਲਾਸਾ ਕੀਤਾ ਕਿ ਅਜਿਹੀ ਸਾਜ਼ਿਸ਼ ਦਾ ਸ਼ਿਕਾਰ ਪਿੰਡ ਰਸੂਲਪੁਰ ਦਾ ਨੌਜਵਾਨ ਕੁਲਵਿੰਦਰ ਕੁਮਾਰ ਉਰਫ ਰਾਣਾ (26) ਹੋਇਆ ਹੈ ਜੋ ਦੋ ਸਾਲ ਪਹਿਲਾਂ ਆਪਣੇ ਗਰੀਬ ਮਾਂ ਪਿਓ ਦੀ ਗਰੀਬੀ ਦੂਰ ਕਰਨ ਲਈ ਆਬੂ ਧਾਬੀ ਮਾੜੀ ਕਿਸਮਤ ਨਾਲ ਇੱਕ ਘਟੀਆ ਕੰਪਨੀ ਰਾਹੀਂ ਪੁੱਜਾ। ਇਸ ਮੌਕੇ ਰਾਣੇ ਦੇ ਪਿਓ ਕਿਸ਼ਨ ਚੰਦ ਅਤੇ ਮਾਤਾ ਸੁਰਿੰਦਰ ਕੌਰ ਨੇ ਦੱਸਿਆ ਕਿ ਉਹਨਾਂ ਦੇ ਪਰਿਵਾਰ ਦੀ ਮਾਲੀ ਹਾਲਤ ਬਹੁਤ ਹੀ ਪਤਲੀ ਹੈ। ੳਹਨਾਂ ਦੇ ਲੜਕੇ ਨੇ ਆਪਣੀ ਪੜ੍ਹਾਈ ਵਿੱਚੇ ਛੱਡਕੇ ਵਿਦੇਸ਼ ਜਾਣ ਦੀ ਠਾਣ ਲਈ। ਉਸਨੇ ਆਪਣੇ ਜਾਣ ਪਹਿਚਾਣ ਵਾਲੇ ਲੋਕਾਂ ਕੋਲੋਂ 60 ਹਜ਼ਾਰ ਰੁਪਿਆ ਇਕੱਠਾ ਕੀਤਾ ਅਤੇ ਆਬੂ ਧਾਬੀ ਪੁੱਜ ਗਿਆ ਪ੍ਰੰਤੂ ਉਥੇ ਕੰਪਨੀ ਦਾ ਸਾਰਾ ਦਿਖਾਇਆ ਗਿਆ ਸਬਜ਼ਬਾਗ ਝੂਠਾ ਸਾਬਤ ਹੋਇਆ। ਕੰਪਨੀ ਮਾਲਿਕ ਵਲੋਂ ਉਸ ਸਮੇਤ ਉਸਦੇ ਸਾਥੀਆਂ ਦੇ ਪੱਲੇ ਕੁੱਝ ਨਾ ਪਾਇਆ ਤਾਂ ਉਹ ਕੰਪਨੀ ਤੋਂ ਬਾਗੀ ਹੋ ਗਏ। ਕੰਪਨੀ ਦੇ ਕੁੱਝ ਕਰਿੰਦੇ ਜੋ ਮਾਲਿਕ ਦੇ ਵਫਾਦਾਰ ਸਨ ਵਲੋਂ ਬਾਗੀ ਨੌਜ਼ਵਾਨਾਂ ਨੂੰ ਅਜਿਹਾ ਚੱਕਰ ਵਿੱਚ ਪਾਇਆ ਕਿ ਉਕਤ ਨੌਜਵਾਨ ਗਲਤ ਅਨਸਰਾਂ ਦੇ ਧੱਕੇ ਚੜ੍ਹ ਗਏ। ਗਿਣੀਮਿਥੀ ਸ਼ਾਜਿਸ਼ ਤਹਿਤ ਨਸ਼ਾ ਤਸਕਰੀ ਦੇ ਅਜਿਹੇ ਧੰਦੇ ਵਿੱਚ ਪਾਇਆ ਕਿ ਬਹੁਤੇ ਨੌਜ਼ਵਾਨ ਇਸ ਦਲ ਦਲ ਵਿੱਚ ਬੁਰੀ ਤਰ੍ਹਾਂ ਫਸ ਗਏ। ਉਹਨਾਂ ਦੱਸਿਆ ਕਿ ਫਿਰ ਇੱਕ ਇੱਕ ਕਰਕੇ ਉਥੋਂ ਦੀ ਪੁਲੀਸ ਨੂੰ ਫੜਾਉਣੇ ਸ਼ੁਰੂ ਕਰ ਦਿੱਤੇ । ਗਰੀਬ ਅਤੇ ਲਾਚਾਰ ਮਾਂ ਪਿਓ ਨੇ ਦੱਸਿਆ ਕਿ ਉਹ ਉਸ ਵਕਤ ਹੱਕੇ ਬੱਕੇ ਰਹਿ ਗਏ ਜਦ ਡੇਢ ਸਾਲ ਬਾਅਦ ਉਹਨਾਂ ਨੂੰ ਪਤਾ ਲੱਗਾ ਕਿ ਉਹਨਾਂ ਦਾ ਲੜਕਾ ‘ਜੱਦ’ ਜੇਲ੍ਹ ਵਿੱਚ ਬੰਦ ਹੈ ਤੇ ਉਸ ਨੂੰ ਨਸ਼ੀਲੇ ਪਦਾਰਥ ਰੱਖਣ ਦੇ ਕੇਸ ਵਿੱਚ ਸਜਾ ਹੋਈ ਹੈ। ਇਸ ਤਰ੍ਹਾਂ ਦੇ ਕੇਸ ਵਿੱਚ ਕੰਪਨੀ ਦੇ ਬਾਗੀ ਹੋਰ ਵੀ ਕਈ ਨੌਜ਼ਵਾਨ ਜੇਲ੍ਹ ਅੰਦਰ ਹਨ।
ਉਹਨਾਂ ਦੱਸਿਆ ਕਿ ਉਹਨਾਂ ਦੇ ਲੜਕੇ ਨੂੰ ਪੂਰੇ ਦੋ ਸਾਲ ਘਰੋਂ ਗਏ ਨੂੰ ਹੋ ਗਏ ਹਨ ਪ੍ਰੰਤੂ ਉਹ ਪਿਛੱਲੇ 8 ਮਹੀਨੇ ਤੋਂ ਆਪਣੇ ਲੜਕੇ ਨੂੰ ਛਡਵਾਉਣ ਲਈ 50 ਹਜ਼ਾਰ ਰੁਪਿਆ ਭੇਜ ਚੁੱਕੇ ਹਨ। ਉਹਨਾਂ ਦੀ ਲੜਕੇ ਨਾਲ ਦੋ ਕੁ ਵਾਰ ਗੱਲ ਵੀ ਹੋਈ ਹੈ । ਉਹ ਦੱਸਦਾ ਹੈ ਕਿ ਉਹ ਛੁੱਟ ਜਾਵੇਗਾ ਉਸਨੇ ਭੇਜੇ ਪੈਸਿਆਂ ਨਾਲ ਵਧੀਆ ਵਕੀਲ ਕਰ ਲਿਆ ਹੈ। ਉਸਦੇ ਮਾਂ ਪਿਓ ਦਾ ਕਹਿਣ ਹੈ ਕਿ ਉਹਨਾਂ ਨੂੰ ਯਕੀਨ ਨਹੀਂ ਆਉਂਦਾ ਕਿ ਉਹ ਗਲਬਾਤ ਆਪਣੇ ਲੜਕੇ ਨਾਲ ਹੀ ਕਰਦੇ ਹਨ ਜਾਂ ਉਹ ਵੀ ਕਿਸੇ ਠੱਗ ਦੀ ਠੱਗੀ ਦਾ ਸ਼ਿਕਾਰ ਹੋ ਰਹੇ ਹਨ। ਉਹਨਾ ਸਰਕਾਰ ਤੋਂ ਮੰਗ ਕੀਤੀ ਕਿ ਆਬੂ ਧਾਬੀ ਵਿੱਚ ਟ੍ਰੈਵਲ ਇਜੰਟਾਂ ਦੀ ਠਗੀ ਦਾ ਸ਼ਿਕਾਰ ਹੋ ਜੇਲ੍ਹਾਂ ਵਿੱਚ ਸੜ ਰਹੇ ਉਹਨਾਂ ਦੇ ਲੜਕੇ ਸਮੇਤ ਹੋਰਾਂ ਨੌਜਵਾਨਾਂ ਦੇ ਮਾਮਲੇ ਦੀ ਆਪਣੇ ਪੱਧਰ ਤੇ ਜਾਂਚ ਕਰਵਾਏ ਅਤੇ ਉਹਨਾਂ ਨੂੰ ਵਾਪਿਸ ਲਿਅਉਣ ਲਈ ਤੁਰੰਤ ਉਪਰਾਲਾ ਕੀਤਾ ਜਾਵੇ।