Wed, 30 October 2024
Your Visitor Number :-   7238304
SuhisaverSuhisaver Suhisaver

ਪੰਜਾਬ ਦੇ ਕੰਢੀ ਖਿੱਤੇ ਦੇ ਪਿੰਡਾਂ ਦਾ ਦੁਖਾਂਤ - ਸ਼ਿਵ ਕੁਮਾਰ ਬਾਵਾ

Posted on:- 22-06-2014

suhisaver

ਭਾਰਤ ਜਗਾਓ ਅੰਦੋਲਨ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਨੇ ਬਲਾਕ ਭੁੰਗਾ ਦੇ ਪਿੰਡ ਪਟਿਆਲ ਦੇ ਮੁਹੱਲਾ ਢਢਿਆਲੀ , ਅਪਰ ਅਤੇ ਮਲੋਟ ਜਾ ਕੇ ਉਥੇ ਨਰਕ ਭਰਿਆ ਜੀਵਨ ਬਤੀਤ ਕਰ ਰਹੇ ਲੋਕਾਂ ਨੂੰ ਇਕੱਠੇ ਕਰਕੇ ਉਨ੍ਹਾਂ ਦੀਆਂ ਮੁਸ਼ਕਲਾਂ ਨੂੰ ਸੁਣਿਆਂ । ਲੋਕਾਂ ਦੀਆਂ ਪੀਣ ਵਾਲੇ ਪਾਣੀ, ਬਿਜਲੀ ਦਾ ਘੱਟ ਲੋਢ, ਨਾ ਮਾਤਰ ਸਿਹਤ ਸਹੂਲਤਾਂ, ਸੜਕਾਂ ਦੀ ਖਸਤਾ ਹਾਲਤ ਬਾਰੇ ਵਿਸਥਾਰਪੂਰਵਕ ਜਾਣਕਾਰੀ ਹਾਸਲ ਕੀਤੀ ।

ਇਸ ਮੌਕੇ ਪਿੰਡ ਦੇ ਸਰਪੰਚ ਅਮਰਜੀਤ ਸਿੰਘ, ਮਨਜੀਤ ਕੌਰ, ਸਵਰਨ ਸਿੰਘ ਅਤੇ ਸੁਰਜੀਤ ਸਿੰਘ ਨੇ ਦੱਸਿਆ ਕਿ ਪਿੰਡ ਦਾ ਕੁੱਲ ਰਕਬਾ 35000 ਕਨਾਲ ਹੈ ਜਿਸ ਵਿਚੋਂ 3700 ਕਨਾਲ ਵਣ ਵਿਭਾਗ ਦੇ ਕੋਲ ਹੈ ਅਤੇ 28000 ਏਕੜ ਪਹਾੜੀ ਹੈ। ਇਸ ਤੋਂ ਇਲਾਵਾ 2000 ਦੇ ਕਰੀਬ ਰਕਬਾ ਲੋਕਾਂ ਕੋਲ ਹੈ। ਉਹਨਾਂ ਦੱਸਿਆ ਕਿ ਡਮਸਾਲ ਡੈਮ ਬਣਨ ਨਾਲ ਮਲੋਟ ਪਿੰਡ ਅਪਰ ਅਤੇ ਹੇਠਲੇ ਮਲੋਟ ਵਿਚ ਵੰਡਿਆ ਗਿਆ, ਇਕ ਦੁਸਰੇ ਮਲੋਟ ਦੇ ਹਿੱਸੇ ਵਿਚ ਜਾਣ ਲਈ 15 ਕਿਲੋ ਮੀਟਰ ਦਾ ਰਸਤਾ ਤਹਿ ਕਰਨਾ ਪੈਂਦਾ ਹੈ। ਡੈਮ ਬਣਨ ਤੋਂ ਪਹਿਲਾਂ ਇਹ ਰਸਤਾ 2 ਕਿਲੋਮੀਟਰ ਦੇ ਲਗਭਗ ਸੀ। ਡੈਮ ਬਣਾਉਣ ਵਾਲਿਆਂ ਨੇ ਪਿੰਡ ਨੂੰ ਸੜਕ ਪਾਣੀ ਆਦਿ ਦੀ ਸਹੂਲਤ ਵੀ ਦੇਣੀ ਸੀ ਪਰ ਕੁੱਝ ਵੀ ਪਿੰਡ ਨੂੰ ਨਹੀਂ ਦਿਤਾ ਗਿਆ। ਸਿਰਫ 60-70 ਏਕੜ ਜਮੀਨ ਨੂੰ ਹੀ ਡੈਮ ਦਾ ਪਾਣੀ ਸੰਚਾਈ ਵਾਸਤੇ ਲੱਗਦਾ ਹੈ ਅਤੇ ਬਾਕੀ ਦੀ ਭੂੰਮੀ ਕੁਦਰਤ ਦੇ ਸਹਾਰੇ ਚਲ ਰਹੀ ਹੈ।

ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਭਾਵੇਂ ਘਰ ਘਰ ਸਾਫ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣ ਦੇ ਦਮਗਜ਼ੇ ਮਾਰ ਰਹੀ ਹੈ ਪਰ ਨਾ ਤਾਂ ਹੇਠਲੇ ਮਲੋਟ ਵਿਚ ਨਾ ਹੀ ਉਪਰਲੇ ਮਲੋਟ ਵਿਚ ਅਤੇ ਨਾ ਹੀ ਪਿੰਡ ਪਟਿਆਲ ਦੇ ਮੁਹੱਲਾ ਢਢਿਆਲੀ ਵਿਚ ਪੀਣ ਵਾਲਾ ਪਾਣੀ ਉਪਲਬਧ ਹੈ, ਲੋਕ ਪਹਾੜਾਂ ਵਿਚੋਂ ਨਿਕਲਣ ਵਾਲੀਆਂ ਸੀਰਾਂ ਦਾ ਗੰਦਾ ਪਾਣੀ ਪੀ ਕੇ ਗੁਜਾਰਾ ਕਰਦੇ ਹਨ , ਹੇਠਲੇ ਮਲੋਟ ਦੇ ਲੋਕ ਪਿੰਡ ਵਿਚ ਲੱਗੇ ਪੁਰਾਣੇ ਖੁਹਾਂ ਦਾ ਪਾਣੀ ਪੀਂਦੇ ਹਨ ਉਹ ਵੀ ਪੂਰੀ ਤਰ੍ਹਾਂ ਪੀਣ ਦੇ ਯੋਗ ਨਹੀਂ ਹੈ। ਉਹਨਾਂ ਦੱਸਿਆ ਕਿ , ਪੀਣ ਵਾਲਾ ਸਾਫ ਪਾਣੀ 4-4 ਕਿਲੋ ਮੀਟਰ ਦੀ ਦੂਰੀ ਤੋਂ ਸਿਰਾਂ ਉਤੇ ਘੜਿਆਂ ਨਾਲ ਢੋਇਆ ਜਾਂਦਾ ਹੈ। ਇੱਥੇ ਇਕ ਖੂਹ ਵਿਚ ਲੋਕਾਂ ਨੇ ਅਪਣੀਆਂ 07 ਨਿਜੀ ਮੋਟਰਾਂ ਲਾਈਆਂ ਹੋਈਆਂ ਹਨ, ਸਾਰੀਆਂ ਚੱਲਣ ਨਾਲ ਪਾਣੀ 10-15 ਮਿੰਟ ਹੀ ਮਿਲਦਾ ਹੈ।

ਲੋਕਾਂ ਨੂੰ ਗੰਦਾ ਪਾਣੀ ਪੀਣ ਨਾਲ ਬਮਾਰੀਆਂ ਲੱਗ ਰਹੀਆਂ ਹਨ। ਪ੍ਰਦੂਸ਼ਤ ਪਾਣੀ ਕਾਰਨ ਲੋਕ ਪੀਲੀਏ ਅਤੇ ਪੱਥਰੀ ਰੋਗਾਂ ਦੇ ਸ਼ਿਕਾਰ ਹੋ ਚੁੱਕੇ ਹਨ। ਪਿੰਡ ਦੇ ਲੋਕਾਂ ਨੇ ਕਈ ਬਾਰ ਮਤੇ ਪਾ ਕੇ ਸਰਕਾਰ ਨੂੰ ਪਾਣੀ ਮੁਹੱਈਆ ਕਰਵਾਉਣ ਵਾਸਤੇ ਦਿੱਤੇ ਪ੍ਰੰਤੂ ਕਿਸੇ ਨੇ ਵੀ ਇਸ ਪਾਸੇ ਵੱਲ ਧਿਆਨ ਨਹੀਂ ਦਿੱਤਾ। ਇਥੇ ਲੋਕਾਂ ਨੂੰ ਚੋਅ ਦੀਆਂ ਸੀਰਾਂ ਦਾ ਪਾਣੀ ਘੜਿਆਂ ਵਿਚ ਸਟੋਰ ਕਰਕੇ ਰੱਖਣਾ ਪੈਂਦਾ ਹੈ। ਉਹੀ ਪਾਣੀ ਪਸ਼ੂ ਅਤੇ ਮਨੁੱਖ ਪੀ ਕੇ ਅਪਣੀ ਪਿਆਸ ਬੁਝਾਉਦੇ ਹਨ। । ਜਨ ਸਿਹਤ ਵਿਭਾਗ ਦਾਅਵਾ ਕਰਦਾ ਹੈ ਕਿ ਪੀਣ ਵਾਲਾ ਪਾਣੀ ਉਥੇ ੳਪਲਬਧ ਨਹੀਂ ਹੈ ਪਰ ਇਕ ਵਿਅਕਤੀ ਨੇ ਇੱਥੇ ਅਪਣਾ ਨਿੱਜੀ ਟਿੳਬੂਵੈਲ ਲਾਇਆ ਹੋਇਆ ਹੈ ਅਤੇ ਉਸ ਵਿਚ ਪਾਣੀ ਆ ਰਿਹਾ ਹੈ । ਫਿਰ ਵਿਭਾਗ ਕਿਉ ਬੇਰੁਖੀ ਵਿਖਾ ਰਿਹਾ ਹੈੈ ?

ਪਿੰਡ ਦੇ ਲੋਕਾਂ ਨੇ ਦੱਸਿਆ ਕਿ ਅਪਰ ਮਲੋਟ ਵਿਚ ਇਕ ਹੀ ਐਲੀਮੈਂਟਰੀ ਸਕੂਲ ਹੈ ਉਹ ਵੀ ਅਧਿਆਪਕ ਨਾ ਹੋਣ ਕਰਕੇ ਬੰਦ ਹੋ ਗਿਆ ਹੈ, ਪਿਛਲੇ 3-4 ਸਾਲ ਤੋਂ ਬੰਦ ਪਿਆ ਅਤੇ ਹੇਠਲੇ ਮਲੋਟ ਦੇ ਬੱਚਿਆਂ ਨੂੰ 2-3 ਕਿਲੋਮੀਟਰ ਤੁਰ ਕੇ ਜਾਣਾ ਪੈਂਦਾ ਹੈ। ਕੁੱਝ ਲੋਕ ਨੇ ਅਪਣੇ ਬੱਚਿਆਂ ਨੂੰ ਪੜ੍ਹਾਉਣ ਦੀ ਖਾਤਿਰ ਹਿਮਾਚਲ ਵੀ ਰਹਿਣ ਨੂੰ ਤਰਜੀਹ ਦੇ ਰਹੇ ਹਨ। ਇਥੇ ਵਿਨੋਦ ਕੁਮਾਰ ਨੇ ਦੱਸਿਆ ਕਿ ਉਹ ਪਿਛਲੇ 2 ਸਾਲਾਂ ਤੋਂ ਹਿਮਾਚਲ ਨੰਗਲ ਜਰਿਆਲ ਵਿਚ ਅਪਣੇ ਬੱਚੇ ਪੜ੍ਹਾਂ ਰਿਹਾ ਹੈ, ਇਸੇ ਤਰ੍ਹਾਂ 20-25 ਪਰਿਵਾਰ ਪੰਜਾਬ ਦਾ ਅਤਿ ਸੁੰਦਰ ਇਲਾਕਾ ਮੁਢੱਲੀਆਂ ਸਹੂਲਤਾਂ ਨਾ ਹੋਣ ਕਰਕੇ ਹਿਮਾਚਲ ਪਲਾਇਨ ਕਰ ਗਿਆ ਹੈ। ਅਪਣੇ ਬੱਚਿਆਂ ਨੂੰ ਉਥੇ ਹੀ ਪੜ੍ਹਾਂ ਰਹੇ ਹਨ ਤੇ ਉਥੇ ਹੀ ਮਜਦੂਰੀ ਕਰ ਰਹੇ ਹਨ। ਇਥੇ ਅਪਰ ਮਲੋਟ ਵਿਚ ਕੋਈ ਵੀ ਆਂਗਣਵਾੜੀ ਸੈਂਟਰ ਨਹੀਂ। ਆਸ ਪਾਸ ਕੋਈ ਹਸਪਤਾਲ ਵੀ ਨਹੀਂ ਹੈ। ਰਾਤ ਨੂੰ ਅਗਰ ਕੋਈ ਵਿਅਕਤੀ ਬੀਮਾਰ ਹੋ ਜਾਂਦਾ ਹੈ ਤਾਂ ਪਹਿਲਾਂ ਉਸ ਨੂੰ ਮੰਜੇ ਉਤੇ ਪਾ ਕੇ 3 ਕਿਲੋਮੀਟਰ ਦਾ ਰਸਤਾ ਤਹਿ ਕਰਕੇ ਪੱਕੀ ਸੜਕ ਤੱਕ ਲਿਆਉਣਾ ਪੈਂਦਾ ਹੈ ਅਤੇ ਫਿਰ ਕਿਸੇ ਵਹੀਕਲ ਵਿਚ ਬਿੱਠਾ ਕੇ ਲੈ ਕੇ ਜਾਣਾ ਪੈਂਦਾ ਹੈ। ਸਿਰਫ 80 ਕੁ ਘਰਾਂ ਵਿਚੋਂ 5 ਕੁ ਘਰਾਂ ਵਿਚ ਹੀ ਪਖਾਨੇ ਹਨ । ਬਾਕੀ ਦੇ ਲੋਕ ਆਸ ਪਾਸ ਜੰਗਲੀ ਇਲਾਕੇ ’ਚ ਖੁਲ੍ਹੇ ਜਾਂਦੇ ਹਨ। ਲੋਕਾਂ ਨੂੰ ਆਉਣ ਜਾਣ ਵਾਸਤੇ ਕੱਚੇ ਰਸਤੇ ਤਹਿ ਕਰਨੇ ਪੈਂਦੇ ਹਨ, ਬਰਸਾਤ ਦੇ ਦਿਨਾਂ ਵਿਚ ਉਕਤ ਰਸਤੇ ਆਮ ਤੋਰ ਤੇ ਬੰਦ ਹੋ ਜਾਂਦੇ ਹਨ। ਬੱਚੇ ਪੜ੍ਹਨ ਵੀ ਨਹੀਂ ਜਾ ਸਕਦੇ।

ਮਲੋਟ ਦੇ ਇਕ ਮੁਹੱਲੇ ਠੰਡਾ ਸੂੜਾ ਦਾ ਤਾਂ ਰੱਬ ਹੀ ਰਾਖਾ ਹੈ। ਇਥੇ ਲੋਕ ਆਦੀ ਵਾਸੀਆਂ ਵਾਲਾ ਜੀਵਨ ਬਤੀਤ ਕਰ ਰਹੇ ਹਨ। ਇਥੇ ਟੈਲੀਫੋਨ ਦਾ ਸਿਗਨਲ ਪਹੁੰਚਦਾ ਹੈ। ਇਨ੍ਹਾਂ ਲੋਕਾਂ ਨੂੰ ਵੋਟ ਪਾਉਣ ਲਈ 15 ਕਿਲੋਮੀਟਰ ਦਾ ਪੈਂਡਾ ਤਹਿ ਕਰਨਾ ਪੈਂਦਾ ਹੈ। ਬਿਜਲੀ ਦੇ ਬਿੱਲ ਹੁਸ਼ਿਆਰਪੁਰ ਜਮਾਂ ਕਰਵਾਉਣੇ ਪੈਂਦੇ ਹਨ, ਬਿਜਲੀ ਸਬੰਧੀ ਸ਼ਿਕਾਇਤ ਕਰਨ ਤੇ ਵੀ ਧੱਕੇ ਖਾਣੇ ਪੈਂਦੇ ਹਨ। ਇਥੇ ਨਾ ਕੋਈ ਡਾਕਟਰ ਤੇ ਨਾ ਕੋਈ ਨਰਸਾਂ ਪਹੁੰਚਦੀਆਂ ਹਨ। ਇਨ੍ਹਾਂ ਦਾ ਜੀਵਨ ਜੰਗਲੀ ਜਾਨਵਰਾਂ ਦੇ ਖਤਰਿਆਂ ਵਿਚ ਘਿਰਿਆ ਹੋਇਆ ਹੈ। ਸਰਕਾਰ ਦੀ ਬੇਰੁਖੀ ਕਾਰਨ ਇਨ੍ਹਾਂ ਪਿੰਡਾਂ ਵਿਚ ਕਦੇ ਵੀ ਕੋਈ ਵੀ ਪੀਣ ਵਾਲੇ ਪਾਣੀ ਦੇ ਸੈਂਪਲ ਵੀ ਭਰਨ ਨਹੀਂ ਬੋਹੜਿਆ। ਉਹਨਾਂ ਦੱਸਿਆ ਕਿ ਸਾਨੂੰ ਆਪਣੇ ਲੜਕਿਆਂ ਦੇ ਵਿਆਹ ਕਰਨੇ ਇਕ ਮੁਸੀਬਤ ਬਣੇ ਹੋਏ ਹਨ, ਸਿਰਫ ਪੰਜਾਬ ਸਰਕਾਰ ਇਸ ਗੈਰ ਸੰਵਿਧਾਨਕ ਨਰਕ ਮਈ ਜੀਵਨ ਲਈ ਜੁੰਮੇਵਾਰ ਹੈ।

ਸਿਆਸੀ ਪਾਰਟੀਆਂ ਦੇ ਆਗੂ ਵੋਟਾਂ ਦੇ ਦਿਨਾਂ ਵਿੱਚ ਹੀ ਇਥੇ ਆਉਂਦੇ ਹਨ। ਪੇਂਡੂ ਲੋਕਾਂ ਨੇ ਕਿਹਾ ਕਿ ਇਹ ਇਲਾਕਾ ਕੁਦਰਤੀ ਸਰੋਤਾਂ ਦਾ ਭੰਡਾਰ ਹੈ ਪਰ ਅਗਰ ਸਾਨੂੰ ਪੀਣ ਵਾਲੇ ਪਾਣੀ ਦੀ ਸਹੂਲਤ, ਸੜਕਾਂ ਅਤੇ ਮੋਬਾਇਲ ਸੇਵਾਵਾਂ ਮਿਲ ਦੀਆਂ ਹਨ ਤਾਂ ਸਾਡੇ ਜੀਵਨ ਵਿਚ ਇਕ ਵੱਡੀ ਤਬਦੀਲੀ ਆ ਸਕਦੀ ਹੈ। ਉਹਨਾਂ ਦਾ ਕਹਿਣ ਹੈ ਜਿਹੜੇ ਲੋਕ ਹਿਮਾਚਲ ਰਹਿਣ ਚਲੇ ਗਏ ਹਨ ਉਹ ਵੀ ਵਾਪਿਸ ਆ ਕੇ ਅਪਣੇ ਘਰਾਂ ਦੀ ਸੰਭਾਲ ਕਰ ਸਕਦੇ ਹਨ।

Comments

Security Code (required)



Can't read the image? click here to refresh.

Name (required)

Leave a comment... (required)





ਖ਼ਬਰਸਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ