ਇਰਾਕ ’ਚ ਅਗਵਾ ਹੋਏ 40 ਪੰਜਾਬੀਆਂ ’ਚ ਜ਼ਿਲ੍ਹਾ ਹੁਸ਼ਿਆਰਪੁਰ ਦੇ ਦਰਜਨ ਨੌਜਵਾਨ ਸ਼ਾਮਿਲ - ਸ਼ਿਵ ਕੁਮਾਰ ਬਾਵਾ
Posted on:- 19-06-2014
ਗੁਰਦੀਪ ਸਿੰਘ ਜੈਤਪੁਰ ਅਤੇ ਕਮਲਜੀਤ ਛਾਉਣੀ ਕਲਾਂ ਦੇ ਪਰਿਵਾਰ ਦੀ ਹਾਲਤ ਤਰਸਯੋਗ
ਇਰਾਕ ਵਿੱਚ ਕਥਿਤ ਅਤਿਵਾਦੀ ਸੰਗਠਨ ਆਈ ਐਸ ਆਈ ਐਸ ਵਲੋਂ ਅਗਵਾ ਕੀਤੇ ਗਏ 40 ਪੰਜਾਬੀ ਕਾਮਿਆਂ ਵਿੱਚ ਲੱਗਭਗ ਦਰਜਨ ਦੇ ਕਰੀਬ ਜ਼ਿਲ੍ਹਾ ਹੁਸ਼ਿਆਰਪੁਰ ਨਾਲ ਸਬੰਧਤ ਹੋਣ ਦੀ ਪੁਸ਼ਟੀ ਹੋਈ ਹੈ। ਰੋਜ਼ੀ ਰੋਟੀ ਅਤੇ ਆਪੋ ਆਪਣੇ ਘਰਾਂ ਦੀ ਗਰੀਬੀ ਦੂਰ ਕਰਨ ਲਈ ਵਿਦੇਸ਼ ਗਏ ਉਕਤ ਨੌਜਵਾਨਾਂ ਦੇ ਮਾਪਿਆਂ ਦੀ ਖਬਰਾਂ ਸੁਣਕੇ ਹਾਲਤ ਬਹੁਤ ਹੀ ਗੰਭੀਰ ਅਤੇ ਚਿੰਤਾ ਵਾਲੀ ਬਣੀ ਹੋਈ ਹੈ। ਉਹਨਾਂ ਦੇ ਪਰਿਵਾਰਕ ਮੈਂਬਰ ਟੀ ਵੀ ਅਤੇ ਰੇਡੀਓ ਸਾਹਮਣਿਓਂ ਉਠਦੇ ਨਹੀਂ ਅਤੇ ਪਲ ਪਲ ਦੀ ਜਾਣਕਾਰੀ ਲਈ ਉਹ ਆਪਣੀ ਹਰ ਤਰ੍ਹਾਂ ਦੀ ਪਹੁੰਚ ਲੜਾ ਰਹੇ ਹਨ।
ਮੀਡੀਆ ਕਰਮੀਆਂ ਦਾ ਉਕਤ ਪਰਿਵਾਰਾਂ ਦੇ ਘਰੀਂ ਤਾਂਤਾ ਲੱਗਾ ਹੋਇਆ ਹੈ ਅਤੇ ਉਹ ਆਪਣੇ ਮੁਸੀਬਤ ਵਿੱਚ ਫਸੇ ਲਾਲਾਂ ਦੀ ਹਰ ਦੁੱਖ ਅਤੇ ਸੁੱਖ ਵਾਲੀ ਗੱਲ ਨੂੰ ਉਹਨਾਂ ਨਾਲ ਸਾਂਝੀਆਂ ਕਰ ਰਹੇ ਹਨ। ਵੱਖ ਵੱਖ ਸਿਆਸੀ ਪਾਰਟੀਆਂ ਦੇ ਆਗੂ ਅਤੇ ਸਮਾਜ ਸੇਵੀ ਜਥੇਬੰਦੀਆਂ ਦੇ ਆਗੂ ਉਹਨਾਂ ਨੂੰ ਧਰਵਾਸ ਦੇਣ ਲਈ ਆ ਜਾ ਰਹੇ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਬਲਾਕ ਮਾਹਿਲਪੁਰ ਦੇ ਪਿੰਡ ਜੈਤਪੁਰ ਵਿਖੇ ਇਸ ਪੱਤਰਕਾਰ ਨਾਲ ਆਪਣਾ ਦੁੱਖ ਸਾਂਝਾ ਕਰਦਿਆਂ ਅਨੀਤਾ ਰਾਣੀ ਨੇ ਦੱਸਿਆ ਕਿ ਉਸਦਾ ਪਤੀ ਗੁਰਦੀਪ ਸਿੰਘ ਪੁੱਤਰ ਮੁਖਤਿਆਰ ਸਿੰਘ 9 ਮਹੀਨੇ ਪਹਿਲਾਂ ਘਰ ਦੀ ਗਰੀਬੀ ਦੂਰ ਕਰਨ ਲਈ ਇਰਾਕ ਗਿਆ ਸੀ। ਉਸਨੇ ਦੱਸਿਆ ਕਿ ਬੀਤੇ ਕੱਲ੍ਹ ਉਸਨੂੰ ਖਬਰ ਮਿਲੀ ਕਿ ਉਸਦਾ ਪਤੀ ਇਰਾਕ ਵਿੱਚ ਅਤਿਵਾਦੀਆਂ ਵਲੋਂ ਅਗਵਾ ਕੀਤੇ ਗਏ 40 ਪੰਜਾਬੀਆਂ ਵਿੱਚ ਸ਼ਾਮਿਲ ਹੈ ਤਾਂ ਉਸਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ।
ਉਸਨੇ ਦੱਸਿਆ ਕਿ ਉਸਦੇ ਵਿਦੇਸ਼ ਜਾਣ ਤੋਂ ਬਾਅਦ ਉਸਦੇ ਪੇਟੋਂ ਲੜਕੇ ਨੇ ਜਨਮ ਲਿਆ। ਉਸਦੀ ਇੱਕ 8ਸਾਲ ਦੀ ਲੜਕੀ ਵੀ ਹੈ। ਉਸਨੇ ਦੱਸਿਆ ਕਿ ਉਸਦੇ ਪਤੀ ਨੇ ਲੜਕੇ ਅਰਸ਼ਪ੍ਰੀਤ (8 ਮਹੀਨੇ)ਨੂੰ ਤਾਂ ਹਾਲੇ ਦੇਖਿਆ ਵੀ ਨਹੀਂ ਹੈ। ਇਸ ਮੌਕੇ ਗੁਰਦੀਪ ਸਿੰਘ ਦੀ ਮਾਂ ਸੁਰਿੰਦਰ ਕੌਰ, ਭਰਾ ਮਨਜਿੰਦਰ ਸਿੰਘ ਅਤੇ ਨੜਕੀ ਅੰਗਰੀਤਾ ( ਸਾਢੇ ਤਿੰਨ ਸਾਲ ) ਦੀ ਹਾਲਤ ਆਪਣੇ ਪਰਿਵਾਰਕ ਮੈਂਬਰ ਨੂੰ ਮੁਸੀਬਤ ਵਿੱਚ ਹੋਣ ਕਾਰਨ ਬਹੁਤ ਹੀ ਤਰਸ ਵਾਲੀ ਬਣੀ ਹੋਈ ਸੀ। ਪੀੜਤ ਪਰਿਵਾਰ ਆਪਣੇ ਲੜਕੇ ਦੇ ਸੁੱਖੀ ਸਾਂਦੀ ਘਰ ਵਾਪਿਸ ਆਉਣ ਲਈ ਸੁੱਖਾ ਸੁੱਖ ਰਿਹਾ ਹੈ। ਪਰਿਵਾਰ ਦੇ ਮੈਂਬਰਾਂ ਨੇ ਦੱਸਿਆ ਕਿ ਪਿਛਲੇ ਚਾਰ ਕੁ ਦਿਨ ਤੋਂ ਉਹਨਾਂ ਦਾ ਗੁਰਦੀਪ ਸਿੰਘ ਨਾਲੋਂ ਸੰਪਰਕ ਟੁੱਟਾ ਹੋਇਆ ਹੈ। ਉਹਨਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਰਕਾਰ ਅਗਵਾ ਨੌਜਵਾਨਾਂ ਨੂੰ ਕਿਸੇ ਵੀ ਕੀਮਤ ਤੇ ਛਡਵਾਉਣ ਅਤੇ ਵਾਪਿਸ ਭਾਰਤ ਮੰਗਵਾਉਣ ਲਈ ਯਤਨ ਤੇਜ਼ ਕਰੇ।
ਇਸੇ ਤਰ੍ਹਾਂ ਪਿੰਡ ਬੰਬੇਲੀ ਦੇ ਸਾਬਕਾ ਸਰਪੰਚ ਸੁਖਦੇਵ ਸਿੰਘ ਸੈਣੀ ਨੇ ਦੱਸਿਆ ਕਿ ਉਸਦਾ ਭਰਾ ਮੋਹਣ ਸਿੰਘ ਪੁੱਤਰ ਮੰਗਲ ਸਿੰਘ ਵੀ ਇਰਾਕ ਵਿੱਚ ਲਾਪਤਾ ਹੈ। ਉਸਦਾ ਸੰਪਰਕ ਵੀ ਪਰਿਵਾਰ ਨਾਲੋਂ ਟੁੱਟਾ ਹੋਇਆ ਹੈ। ਪੂਰਾ ਪਰਿਵਾਰ ਉਸ ਨੂੰ ਲੈ ਕੇ ਚਿੰਤਾ ਵਿੱਚ ਹੈ। ਮੋਹਣ ਸਿੰਘ ਦੀ ਇੱਕ ਲੜਕੀ ਹੈ ਜੋ ਦਿੱਲੀ ਵਿਖੇ ਨੌਕਰੀ ਕਰਦੀ ਹੈ। ਪਰਿਵਾਰ ਨੇ ਦੱਸਿਆ ਕਿ ਉਹਨਾਂ ਲੜਕੀ ਦਾ ਆਪਣੇ ਪਿਤਾ ਨਾਲ ਫੋਨ ਤੇ ਸੰਪਰਕ ਹੋਇਆ ਹੈ । ਉਸਨੇ ਦੱਸਿਆ ਕਿ ਇਰਾਕ ਦੇ ਹਾਲਾਤ ਖਰਾਬ ਹਨ। ਬਹੁਤੇ ਨੌਜ਼ਵਾਨ ਵੱਖ ਵੱਖ ਥਾਂਵਾਂ ਤੇ ਭੜਕੇ ਲੋਕਾਂ ਕਾਰਨ ਬੁਰੀ ਤਰ੍ਹਾਂ ਫਸੇ ਅਤੇ ਛੁੱਪਕੇ ਬੈਠੇ ਹਨ। ਦੇਸ਼ ਦੇ ਮਾੜੇ ਹਾਲਾਤ ਕਾਰਨ ਨੌਜਵਾਨ ਆਪੋ ਆਪਣੇ ਦੇਸ਼ਾਂ ਨੂੰ ਵਾਪਿਸ ਆਉਣ ਲਈ ਜੱਦੋ ਜਹਿਦ ਕਰ ਰਹੇ ਹਨ। ਬਹੁਤੇ ਸੁਰੱਖਿਅਤ ਥਾਵਾਂ ਤੇ ਕੁੱਝ ਸਮਾਜ ਸੇਵੀ ਜਥੇਬੰਦੀਆਂ ਦੀ ਮੱਦਦ ਨਾਲ ਆਪਣੇ ਘਰਾਂ ਨੂੰ ਵਾਪਿਸ ਪਰਤ ਗਏ ਹਨ।
ਇਸੇ ਪਿੰਡ ਦਾ ਹਰਭਜਨ ਸਿੰਘ ਪੁੱਤਰ ਮੰਗਲ ਸਿੰਘ ਇਰਾਕ ਵਿੱਚ ਹੈ। ਉਸਦੇ ਪਿਤਾ ਮੰਗਲ ਸਿੰਘ ਅਨੁਸਾਰ ਪਰਿਵਾਰ ਹਰਭਜਨ ਸਿੰਘ ਨੂੰ ਲੈ ਕੇ ਚਿੰਤਾ ਵਿੱਚ ਹੈ। ਉਸਨੇ ਦੱਸਿਆ ਕਿ ਹਰਭਜਨ ਸਿੰਘ ਦੋ ਦਿਨ ਲਗਾਤਾਰ ਉਹਨਾਂ ਦੇ ਸੰਪਰਕ ਵਿੱਚ ਫੋਨ ਤੇ ਰਿਹਾ ਪ੍ਰੰਤੂ 24 ਘੰਟੇ ਤੋਂ ਵੱਧ ਸਮਾਂ ਹੋ ਚੱਲਿਆ ਉਸਦਾ ਹੁਣ ਫੋਨ ਨਹੀਂ ਲੱਗ ਰਿਹਾ। ਉਸਨੇ ਦੱਸਿਆ ਕਿ ਭਾਂਵੇਂ ਉਹ ਅਗਵਾ ਹੋਏ 40 ਨੌਜਵਾਨਾਂ ਵਿੱਚ ਸ਼ਾਮਿਲ ਨਹੀਂ ਹੈ ਪ੍ਰੰਤੂ ਫਿਰ ਵੀ ਫੋਨ ਨਾ ਲੱਗਣ ਕਾਰਨ ਉਹ ਬਹੁਤ ਹੀ ਪ੍ਰੇਸ਼ਾਂਨ ਹਨ। ਇਸੇ ਤਰ੍ਹਾਂ ਪਿੰਡ ਛਾਉਣੀ ਕਲਾਂ ਦੇ ਕਮਲਜੀਤ ਸਿੰਘ ਦਾ ਆਪਣੇ ਪਰਿਵਾਰ ਨਾਲੋਂ ਚਾਰ ਦਿਨ ਤਂ ਫੋਨ ਸੰਪਰਕ ਟੁੱਟਾ ਹੋਇਆ ਹੈ। ਉਸਦੇ ਭਰਾ ਪਰਮਿੰਦਰ ਸਿੰਘ ਨੇ ਦੱਸਿਆ ਕਿ ਤਿੰਨ ਦਿਨ ਪਹਿਲਾਂ ਕਮਲਜੀਤ ਦਾ ਫੋਨ ਆਇਆ ਸੀ ਕਿ ਇਰਾਕਦੇ ਹਾਲਾਤ ਬਹੁਤ ਖਰਾਬ ਚੱਲ ਰਹੇ ਹਨ। ਕਾਮੇ ਨੌਜਵਾਨਾਂ ਦੀ ਜ਼ਿੰਦਗੀ ਖਤਰੇ ਵਾਲੀ ਬਣੀ ਹੋਈ ਹੈ। ਅਤਿਵਾਦੀ ਵੱਡੀਆਂ ਵੱਡੀਆਂ ਘਟਨਾਵਾਂ ਅਤੇ ਕਾਰੇ ਕਰ ਰਹੇ ਹਨ। ਉਸਨੇ ਦੱਸਿਆ ਕਿ ਭਾਰਤੀ ਦੂਤਾਵਾਸ ਵੀ ਉਹਨਾਂ ਨੂੰ ਕਮਲਜੀਤ ਸਿੰਘ ਬਾਰੇ ਕੋਈ ਢੂੱਕਵੀਂ ਜਾਣਕਾਰੀ ਮੁਹੱਈਆ ਨਹੀਂ ਕਰਵਾ ਰਿਹਾ।
ਇਸ ਤੋਂ ਇਲਾਵਾ ਇਰਾਕ ਵਿੱਚ ਬਲਾਕ ਮਾਹਿਲਪੁਰ ਦੇ ਪਿੰਡ ਚਿੱਤੋਂ, ਢਾਡਾ ਕਲਾਂ, ਦਿਹਾਣਾ ਦੇ ਨੌਜ਼ਵਾਨ ਵੀ ਵੱਖ ਵੱਖ ਸ਼ਹਿਰਾ ਅਤੇ ਕਸਬਿਆਂ ਵਿੱਚ ਫਸੇ ਬੈਠੇ ਹਨ। ਇਸੇ ਦੌਰਾਨ ਲੋਕ ਸਭਾ ਮੈਂਬਰ ਵਿਜੇ ਕੁਮਾਰ ਸਾਂਪਲਾ, ਕੈਬਨਿਟ ਮੰਤਰੀ ਸੋਹਣ ਸਿੰਘ ਠੰਡਲ , ਵਿਧਾਇਕ ਸੁਰਿੰਦਰ ਸਿੰਘ ਭੁੱਲਵਾਲ ਰਾਠਾਂ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਫਸੇ ਹੋਏ ਪੰਜਾਬੀ ਨੌਜਵਾਨਾਂ ਨੂੰ ਵਾਪਿਸ ਲਿਆਉਣ ਲਈ ਹਰ ਸੰਭਵ ਯਤਨ ਕਰ ਰਹੀ ਹੈ । ਉਹਨਾਂ ਦੱਸਿਆ ਕਿ ਕੇਂਦਰ ਸਰਕਾਰ ਭਾਰਤੀਆਂ ਦੀ ਸੁਰੱਖਿਅਤ ਵਾਸਪਸੀ ਲਈ ਤੇਜ਼ੀ ਨਾਲ ਕੰਮ ਕਰ ਰਹੀ ਹੈ। ਉਹਨਾਂ ਪੀੜਤ ਪਰਿਵਾਰਾਂ ਨੂੰ ਫਸੇ ਨੌਜ਼ਵਾਨਾਂ ਦੀ ਪੂਰੀ ਜਾਣਕਾਰੀ ਮੁਹੱਈਆ ਕਰਵਾਉਣ ਲਈ ਸੰਪਰਕ ਕਰਨ ਦੀ ਅਪੀਲ ਵੀ ਕੀਤੀ ਹੈ। ਇਸੇ ਦੌਰਾਨ ਸੀ ਪੀ ਆਈ (ਐਮ) ਆਗੂ ਕਾਮਰੇਡ ਦਰਸ਼ਨ ਸਿੰਘ ਮੱਟੂ, ਰਾਜ ਸਭਾ ਮੈਂਬਰ ਅਵਤਾਰ ਸਿੰਘ ਕਰੀਮਪੁਰੀ, ਆਪ ਦੇ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਨਵੀਨ ਜੈਰੱਥ ਆਦਿ ਆਗੂਆਂ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਇਰਾਕ ਵਿੱਚ ਫਸੇ ਪੰਜਾਬੀ ਨੌਜਵਾਨਾਂ ਨੂੰ ਵਾਪਿਸ ਭਾਰਤ ਮੰਗਵਾਉਣ ਲਈ ਤੁਰੰਤ ਪ੍ਰਬੰਧ ਕਰੇ। ਉਹਨਾਂ ਪੀੜਤ ਪਰਿਵਾਰਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਅਤੇ ਭਰੋਸਾ ਦਿੱਤਾ ਕਿ ਉਹ ਹਰ ਦੁੱਖ ਸੁੱਖ ਵਿੱਚ ਉਹਨਾਂ ਦੇ ਨਾਲ ਹਨ।