ਕੈਨੇਡਾ ਦੇ ਮੂਲਵਾਸੀਆਂ ਨੇ ਮਨਾਈ ਕਾਮਾਗਾਟਾਮਾਰੂ ਕਾਂਡ ਦੀ ਸ਼ਤਾਬਦੀ -ਗੁਰਪ੍ਰੀਤ ਸਿੰਘ
Posted on:- 26-05-2014
ਸੁਹਿਰਦਤਾ ਦੀ ਭਾਵਨਾ ਦੇ ਪ੍ਰਗਟਾਵੇ ਲਈ ਇਤਿਹਾਸਕ ਮਿਸਾਲ ਪੇਸ਼ ਕਰਦਿਆਂ ਕੈਨੇਡਾ ਦੇ ਮੂਲ ਵਾਸੀਆਂ ਨੇ ਮਸਕੀਮ ਇੰਡੀਅਨ ਬੈਂਡ ਖੇਤਰ ਵਿੱਚ ਕਾਮਾਗਾਟਾਮਾਰੂ ਕਾਂਡ ਦੀ ਸਦੀ ਮੁਕੰਮਲ ਹੋਣ ’ਤੇ ਯਾਦਗਾਰੀ ਦਿਨ ਮਨਾਇਆ।
ਬੈਂਡ ਮੈਂਬਰਾਂ ਨੇ 23 ਮਈ ਦੀ ਰਾਤ ਨੂੰ ਨਾ ਕੇਵਲ ਦੱਖਣ ਏਸ਼ੀਆਈ ਲੋਕਾਂ ਦਾ ਨਿੱਘਾ ਸਵਾਗਤ ਕੀਤਾ ਬਲਕਿ ਕੈਨੇਡਾ ਵੱਲੋਂ ਇਸ ਕਾਂਡ ਨੂੰ ਸਮਰਪਿਤ ਡਾਕ ਟਿਕਟ ਵੀ ਇਨ੍ਹਾਂ ਲੋਕਾਂ ਤੋਂ ਜਾਰੀ ਕਰਾਈ। 23 ਮਈ, 1914 ਨੂੰ 300 ਤੋਂ ਵੱਧ ਦੱਖਣ ਏਸ਼ੀਆਈ ਲੋਕ ਕਾਮਾਗਾਟਾ ਮਾਰੂ ਜਹਾਜ਼ ’ਤੇ ਸਵਾਰ ਹੋ ਕੇ ਵੈਨਕੂਵਰ ਪੁੱਜੇ ਸਨ। ਉਨ੍ਹਾਂ ਸਮਿਆਂ ਵਿੱਚ ਪੱਖਪਾਤੀ ਇਮੀਗ੍ਰੇਸ਼ਨ ਕਾਨੂੰਨਾਂ ਤਹਿਤ ਇਸ ਸਮੁੰਦਰੀ ਜਹਾਜ਼ ਨੂੰ ਭਰੇ ਭਰਾਏ ਨੂੰ ਮੋੜ ਦਿੱਤਾ ਗਿਆ ਸੀ ਤਾਂ ਕਿ ਕੈਨੇਡਾ ਨੂੰ ਸਿਰਫ ਗੋਰਿਆਂ ਜੋਗਾ ਰੱਖਿਆ ਜਾ ਸਕੇ। ਪ੍ਰਧਾਨ ਮੰਤਰੀ ਸਟੀਫਨ ਹਾਰਪਰ ਨੇ 2008 ਵਿੱਚ ਇਸ ਕਾਂਡ ਲਈ ਮੁਆਫੀ ਮੰਗੀ ਸੀ।
ਅੱਜ ਦਾ ਸਮਾਗਮ ਕਾਮਾਗਾਟਾਮਾਰੂ ਹੈਰੀਟੇਜ ਫਾਊਂਡੇਸ਼ਨ ਦੀ ਭਾਈਵਾਲੀ ਨਾਲ ਕਰਾਇਆ ਗਿਆ ਸੀ, ਜੋ ਕੈਨੇਡਾ ਦੇ ਡਾਕ ਵਿਭਾਗ ਤੋਂ ਇਸ ਕਾਂਡ ਦੇ 100 ਵਰ੍ਹੇ ਪੂਰੇ ਹੋਣ ’ਤੇ ਡਾਕ ਟਿਕਟ ਜਾਰੀ ਕਰਾਉਣ ਵਿੱਚ ਸਰਗਰਮ ਰਹੀ ਸੀ। ਇਹ ਡਾਕ ਟਿਕਟ ਜਹਾਜ਼ ਦੇ ਯਾਤਰੀਆਂ ਦੇ ਪਰਿਵਾਰਾਂ ਦੇ ਜੀਆਂ ਵੱਲੋਂ ਇਕ ਸਮਾਗਮ ਵਿੱਚ ਜਾਰੀ ਕੀਤੀ ਗਈ ਸੀ ਤੇ ਇਸ ਮੌਕੇ ਹਾਜ਼ਰ ਸਭ ਲੋਕਾਂ ਨੇ ਖੜੇ ਹੋ ਕੇ ਇਸ ਕਾਂਡ ਦੇ ਸ਼ਹੀਦਾਂ ਨੂੰ ਸਿਜਦਾ ਕੀਤਾ ਸੀ।
ਬੈਂਡ ਦੇ ਸਭ ਤੋਂ ਵੱਡੇ ਆਗੂ ਲੈਰੀ ਗਰਾਂਟ ਨੇ ਐਲਾਨ ਕੀਤਾ ਕਿ ਉਸ ਦਾ ਭਾਈਚਾਰਾ ਇਸ ਕਾਂਡ ਦੀ ਸਦੀ ਪੂਰੀ ਹੋਣ ’ਤੇ ਦੱਖਣ ਏਸ਼ੀਆਈਆਂ ਦਾ ਬਾਹਾਂ ਖੋਲ੍ਹ ਕੇ ਸਵਾਗਤ ਕਰਦਾ ਹੈ। ਆਪਣੇ ਸੰਖੇਪ ਭਾਸ਼ਨ ਵਿੱਚ ਗਰਾਂਟ ਨੇ ਕਿਹਾ, ‘‘ਕੈਨੇਡਾ ਦੇ ਮੁੱਢਲੇ ਤੇ ਪਹਿਲੇ ਬਸ਼ਿੰਦਿਆਂ ਵਜੋਂ ਅਸੀਂ ਆਪਣੇ ਹੱਥ ਉਪਰ ਚੁੱਕ ਕੇ ਤੁਹਾਡਾ ਸਵਾਗਤ ਕਰਦੇ ਹਾਂ।’’ ਉਨ੍ਹਾਂ ਕਿਹਾ ਕਿ ਇਹ ਤਾਂ ਸਭ ਨੇ ਦੇਖਿਆ ਹੀ ਹੋਣਾ ਹੈ ਕਿ ਉਨ੍ਹਾਂ ਨੇ ਬਰਤਾਨਵੀਆਂ ਦਾ ਵੀ ਸਵਾਗਤ ਕੀਤਾ ਸੀ, ਪਰ ਹੌਲੀ-ਹੌਲੀ ਬਰਤਾਨਵੀ ਸਾਮਰਾਜ ਨੇ ਉਨ੍ਹਾਂ ਦੇ ਇਲਾਕਿਆਂ ’ਤੇ ਕਬਜ਼ਾ ਕੀਤਾ ਤੇ ਫਿਰ ਸਾਰੇ ਗੈਰ ਯੂਰਪੀਆਂ, ਸਮੇਤ ਫਸਟ ਨੇਸ਼ਨਜ਼ (ਕੈਨੇਡਾ ਦੇ ਮੂਲ ਨਾਗਰਿਕ) ਨੂੰ ਤੇ ਦੱਖਣ ਏਸ਼ੀਆਈਆਂ ਨੂੰ ਬਾਹਰ ਰੱਖਣ ਦਾ ਫੈਸਲਾ ਕਰ ਲਿਆ।
ਲੈਰੀ ਦੇ ਭਤੀਜੇ ਵੇਡ ਗਰਾਂਟ ਨੇ ਕਿਹਾ, ‘‘ਅਸੀਂ ਤਾਂ ਜਿਵੇਂ ਯੂਰਪੀਆਂ ਦਾ ਸਵਾਗਤ ਕੀਤਾ ਸੀ, ਉਵੇਂ ਹੀ ਕਾਮਾਗਾਟਾਮਾਰੂ ਦੇ ਯਾਤਰੀਆਂ ਨੂੰ ਵੀ ਗਲੇ ਲਾ ਲਿਆ ਹੁੰਦਾ। ਅਸੀਂ ਵੀ ਉਨ੍ਹਾਂ ਹੀ ਨਸਲਵਾਦੀ ਨੀਤੀਆਂ ਦੇ ਮਾਰੇ ਹੋਏ ਹਾਂ ਅਤੇ ਇਹੋ ਦਰਦ ਅੱਗੇ ਪੀੜ੍ਹੀਆਂ ਤੱਕ ਮਹਿਸੂਸ ਕਰ ਸਕਦੇ ਹਾਂ।’’ ਇਸ ਮੌਕੇ ਫੈਡਰਲ ਮੰਤਰੀ ਟਿਮ ਉੱਪਲ ਨੇ ਵੀ ਸੰਬੋਧਨ ਕੀਤਾ ਤੇ ਇਕੱਠ ਨੂੰ ਚੇਤੇ ਕਰਾਇਆ ਕਿ ਇਸ ਇਤਿਹਾਸਕ ਗਲਤੀ ਨੂੰ ਮੰਨਣ ਵਾਲੇ ਹਾਰਪਰ ਕੈਨੇਡਾ ਦੇ ਪਹਿਲੇ ਪ੍ਰਧਾਨ ਮੰਤਰੀ ਸਨ। ਇਤਫਾਕ ਹੀ ਹੈ ਕਿ ਹਾਰਪਰ ਨੇ ਹੀ ਕੈਨੇਡਾ ਦੇ ਇਨ੍ਹਾਂ ਮੂਲਵਾਸੀਆਂ ਦੇ ਬੱਚਿਆਂ ਨਾਲ ਇੰਡੀਅਨ ਰੈਜ਼ੀਡੈਂਸ਼ੀਅਲ ਸਕੂਲਾਂ ਵਿਚ ਹੋਈਆਂ ਵਧੀਕੀਆਂ ਬਾਰੇ ਮੁਆਫੀ ਮੰਗੀ ਸੀ, ਜੋ ਬਸਤੀਵਾਦੀ ਯੁੱਗ ਵਿੱਚ ਈਸਾਈਅਤ ਵਿੱਚ ਤਬਦੀਲੀ ਕਰਨ ਲਈ ਉਥੇ ਭੇਜੇ ਜਾਂਦੇ ਸਨ।
ਬ੍ਰਿਟਿਸ਼ ਕੋਲੰਬੀਆ ਦੇ ਸਾਬਕਾ ਮੰਤਰੀ ਵਾਲੀ ਓਪਾਲ ਜਿਸ ਨੇ ਵੈਨਕੂਵਰ ਵਿੱਚ ਲਾਪਤਾ ਤੇ ਕਤਲ ਕਰ ਦਿੱਤੀਆਂ ਗਈਆਂ ਮੂਲਵਾਸੀ ਔਰਤਾਂ ਬਾਰੇ ਜਾਂਚ ਦੀ ਅਗਵਾਈ ਕੀਤੀ ਸੀ, ਉਨ੍ਹਾਂ ਨੇ ਕਿਹਾ ਕਿ ਪਿਛਲੇ ਕਾਫੀ ਸਾਲਾਂ ਤੋਂ ਕੈਨੇਡਾ ਦੇ ਸਕੂਲਾਂ ਵਿੱਚ ਪੜ੍ਹਾਏ ਜਾ ਰਹੇ ਇਤਿਹਾਸ ਰਾਹੀਂ ਵੀ ਇਸ ਮੁਲਕ ਦੇ ਮੂਲਵਾਸੀਆਂ ਨਾਲ ਅਨਿਆਂ ਕੀਤਾ ਜਾਂਦਾ ਰਿਹਾ ਹੈ। ਉਨ੍ਹਾਂ ਚੇਤੇ ਕੀਤਾ ਕਿ ਉਨ੍ਹਾਂ ਨੇ ਪੜ੍ਹਿਆ ਸੀ ਕਿ ਯੂਰਪੀ ਇਤਿਹਾਸਕਾਰ ਇਨ੍ਹਾਂ ਲੋਕਾਂ ਨੂੰ ‘ਵਹਿਸ਼ੀ, ਜਾਂਗਲੀ’ ਕਰਾਰ ਦਿੰਦੇ ਰਹੇ ਹਨ। ਉਨ੍ਹਾਂ ਕਿਹਾ ਕਿ ਨਸਲੀ ਭੇਦਭਾਵ ਹਾਲੇ ਵੀ ਜਾਰੀ ਹੈ ਤੇ ਇਸ ਨੂੰ ਠੱਲ੍ਹ ਪੈਣੀ ਚਾਹੀਦੀ ਹੈ। ਉਨ੍ਹਾਂ ਮੰਗ ਕੀਤੀ ਕਿ ਕਾਮਾਗਾਟਾਮਾਰੂ ਕਾਂਡ ਪੜ੍ਹਾਏ ਜਾ ਰਹੇ ਲਾਜ਼ਮੀ ਇਤਿਹਾਸ ਦਾ ਹਿੱਸਾ ਹੋਵੇ ਕਿਉਂਕਿ ਅਜਿਹੀ ਘਟਨਾ ਦੁਬਾਰਾ ਵਾਪਰ ਸਕਦੀ ਹੈ ਭਾਵੇਂ ਉਹ ਇਸ ਪੱਧਰ ਦੀ ਨਾ ਹੋਵੇ।
ਸਾਬਕਾ ਮੰਤਰੀ ਹਰਬ ਧਾਲੀਵਾਲ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਜਸਵਿੰਦਰ ਤੂਰ ਤੇ ਉਸ ਦਾ ਪਰਿਵਾਰ ਵੀ ਹਾਜ਼ਰ ਸਨ। ਤੂਰ ਨੇ ਨਾਨਾ ਪੂਰਨ ਸਿੰਘ ਜਨੇਤਪੁਰਾ ਕਾਮਾਗਾਟਾਮਾਰੂ ਦੇ ਸਵਾਰਾਂ ਵਿੱਚ ਸ਼ਾਮਲ ਸਨ। ਮਨਜੀਤ ਢਿੱਲੋਂ, ਜਿਸ ਦੇ ਦਾਦਾ ਗਦਰ ਪਾਰਟੀ ਦੇ ਕਾਰਕੁਨ ਵਜੋਂ ਤੇ ਉਨ੍ਹਾਂ ਦੀ ਪਤਨੀ ਹਰਜੀਤ ਢਿੱਲੋਂ ਜਿਸ ਤੇ ਪਿਤਾ ਮੂਲਾ ਸਿੰਘ ਗੁਰਦੁਆਰਿਆਂ ਦੀ ਆਜ਼ਾਦੀ ਦੀ ਲਹਿਰ ਵਿੱਚ ਸਰਗਰਮ ਸਨ ਵੀ ਮੌਜੂਦ ਸਨ। ਇਸ ਮੌਕੇ ਇਕ ਪ੍ਰਦਰਸ਼ਨੀ ਵੀ ਲਾਈ ਗਈ ਸੀ।
ਇਸ ਤੋਂ ਇਕ ਦਿਨ ਪਹਿਲਾਂ ਕਾਮਾਗਾਟਾਮਾਰੂ ਹੈਰੀਟੇਜ ਫਾਊਂਡੇਸ਼ਨ ਨੇ ਇਸ ਸਾਰੇ ਕਾਂਡ ਨੂੰ ਮੁੜ ਜੀਵੰਤ ਰੂਪ ਵਿੱਚ ਪੇਸ਼ ਕੀਤਾ। ਇਸ ਨੇ ਇਕ ਛੋਟਾ ਸਮੁੰਦਰੀ ਜਹਾਜ਼ ਲਿਆ ਤੇ ਬੁਰਾਡ ਲਾਂਗੇਟ ਜਿੱਥੇ 1914 ਵਿੱਚ ਦੋ ਮਹੀਨੇ ਇਹ ਜਹਾਜ਼ ਧੱਕੇ ਨਾਲ ਰੱਖਿਆ ਗਿਆ ਸੀ, ਉਥੋਂ ਤੱਕ ਦੀ ਯਾਤਰਾ ਕੀਤੀ ਗਈ। ਕਾਮਾਗਾਟਾਮਾਰੂ ਦਾ ਵੱਡਾ ਬੈਨਰ ਵੀ ਲਾਇਆ ਗਿਆ ਸੀ ਤੇ ਇਸ ਵਿੱਚ 300 ਤੋਂ ਵੱਧ ਲੋਕ ਸਵਾਰ ਸਨ। ਇਸ ਮਗਰੋਂ ਇਸ ਸਾਰੇ ਇਕੱਠ ਦਾ ਮੁਸਕੀਮ ਕਬੀਲੇ ਦੇ ਲੋਕਾਂ ਨੇ ਸ਼ਾਨਦਾਰ ਸਵਾਗਤ ਕੀਤਾ। ਕੈਨੇਡਾ ਦੇ ਪਹਿਲੇ ਨਾਗਰਿਕਾਂ ਨੇ ਰਵਾਇਤੀ ਸੰਗੀਤ ਪੇਸ਼ ਕੀਤਾ ਤੇ ਦਾਅਵਤ ਕੀਤੀ। ਸਰੀ ਵਿੱਚ ਪ੍ਰੋ. ਮੋਹਨ ਸਿੰਘ ਯਾਦਗਾਰੀ ਫਾਊਂਡੇਸ਼ਨ ਨੇ ਮੋਮਬੱਤੀਆਂ ਬਾਲੀਆਂ। ਹਾਰਪਰ ਨੇ 2008 ਵਿੱਚ ਇਨ੍ਹਾਂ ਦੇ ਮੇਲੇ ਵਿੱਚ ਮੁਆਫੀ ਮੰਗੀ ਸੀ ਪਰ ਲੋਕਾਂ ਦੀ ਮੰਗ ਹੈ ਕਿ ਕੈਨੇਡਾ ਦੀ ਪਾਰਲੀਮੈਂਟ ਵਿੱਚ ਇਹ ਮੁਆਫੀ ਸਰਕਾਰੀ ਤੌਰ ’ਤੇ ਮੰਗੀ ਜਾਵੇ।
Arpna Handa
Arpan Handa Good.keep it up