ਪਿਛਲੇ ਕਈ ਸਾਲਾਂ ਤੋਂ ਗੰਭੀਰ ਰੋਗ ਤੋਂ ਪੀੜਤ ਗੁਰਪ੍ਰੀਤ ਕੌਰ ਗੋਪੀ ਦੀ ਹਾਲਤ ਨਾਜ਼ੁਕ -ਸ਼ਿਵ ਕੁਮਾਰ ਬਾਵਾ
Posted on:- 06-05-2014
ਮਾਹਿਲਪੁਰ: ਮਨੁੱਖੀ ਜ਼ਿੰਦਗੀ ਦੁੱਖਾਂ ਮੁਸੀਬਤਾਂ ਦਾ ਜਿਥੇ ਵੱਡਾ ਭੰਡਾਰ ਹੈ, ਉਥੇ ਖੁਸ਼ੀਆਂ ਖੇੜਿਆਂ ਦਾ ਘਰ ਵੀ ਹੈ ।ਪ੍ਰੰਤੂ ਜਿਹੜੇ ਵਿਆਕਤੀਆਂ ਨੂੰ ਧੁਰ ਮੰਜ਼ਿਲ ਤੇ ਪੁੱਜਕੇ ਥੱਲੇ ਡਿਗਣ ਨਾਲ ਅਜਿਹੀ ਸੱਟ ਲੱਗ ਜਾਵੇ ਤਾਂ ਉਹ ਤਾਂ ਕੁਦਰਤ ਦੇ ਉਸ ਕਹਿਰ ਨੂੰ ਮਰਦੇ ਦਮ ਤੱਕ ਨਹੀਂ ਭੁੱਲ ਸਕਦਾ। ਅਸੀਂ ਉਸਦੇ ਸਮੁੱਚੇ ਜੀਵਨ ਨੂੰ ਉਸਦੇ ਕਰਮਾਂ ਦੇ ਨਸੀਬ ਆਖਕੇ ਉਸਦੀ ਜ਼ਿੰਦਗੀ ਦੇ ਅਧੂਰੇ ਸੰਘਰਸ਼ ਦਾ ਨਬੇੜਾ ਕਰ ਦਿੰਦੇ ਹਾਂ ਤੇ ਹੋਰ ਕੀਤਾ ਵੀ ਕੀ ਜਾ ਸਕਦਾ ਹੈ।
ਜੇਕਰ ਕਿਸੇ ਅਰਬਾਂ ਪਤੀ ਬੰਦੇ ਦੀ ਦਾੜ੍ਹ ਵਿੱਚ ਦਰਦ ਹੋ ਰਿਹਾ ਹੈ ਤਾਂ ਉਸਦੇ ਸਰਾਣੇ ਪਏ ਅਰਬਾਂ ਰੁਪਏ ਨੂੰ ਉਸਨੇ ਕੀ ਫੂਕਣਾਸੋ ਪੈਸਾ ਵੀ ਹਰਇਕ ਜਗ੍ਹਾ ਕੰਮ ਨਹੀਂ ਆਉਂਦਾ। ਅਜਿਹੇ ਹੀ ਸੰਘਰਸ਼ ਨਾਲ ਜੂਝ ਰਹੀ ਹੈ ਕਿਸੇ ਸਮੇਂ ਬਚਪਨ ਵਿੱਚ ਆਪਣੀ ਸੁਚੱਜੀ ਸੋਚ ਅਤੇ ਵਿਦਿਅਕ ਖੇਤਰ ਵਿੱਚ ਉਚੀਆਂ ਮੰਜ਼ਿਲਾਂ ਤੇ ਉਡਾਰੀਆਂ ਮਾਰਨ ਦਾ ਸਪਨਾ ਦੇਖਣ ਵਾਲੀ ਮਾਹਿਲਪੁਰ ਨੇੜਲੇ ਦੇਸ਼ ਭਗਤਾਂ ਅਤੇ ਇਨਕਲਾਬੀ ਸੋਚ ਦੇ ਧਾਰਨੀ ਲੋਕਾਂ ਦੀ ਸੋਚ ਵਾਲੇ ਪਿੰਡ ਲੰਗੇਰੀ ਦੇ ਮੱਧ ਵਰਗੀ ਪਰਿਵਾਰ ਵਿੱਚ ਪੈਦਾ ਹੋਈ ਗੁਰਪ੍ਰੀਤ ਕੌਰ ਉਰਫ ਗੋਪੀ । ਬੀ ਟੈਕ ਪਾਸ ਉਕਤ ਲੜਕੀ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਉਸ ਨੂੰ ਅਜਿਹੀਆਂ ਮੁਸੀਬਤਾਂ ਦਾ ਜ਼ਿੰਦਗੀ ਵਿੱਚ ਸਾਹਮਣਾ ਕਰਨਾ ਪਵੇਗਾ ਜਿਹਨਾਂ ਬਾਰੇ ਉਸਨੇ ਕਦੇ ਸੋਚਿਆ ਵੀ ਨਹੀਂ ਸੀ। ਅੱਜ ਪਿੰਡ ਲੰਗੇਰੀ ਵਿਖੇ ਆਪਣੇ ਘਰ ਗੁਰਪ੍ਰੀਤ ਕੌਰ ਉਰਫ ਗੋਪੀ ਨੇ ਦੱਸਿਆ ਕਿ ਉਹ ਪੜ੍ਹਾਈ ਵਿੱਚ ਬਚਪਨ ਤੋਂ ਹੀ ਹੁਸ਼ਿਆਰ ਸੀ ਤੇ ਉਸਨੇ ਆਪਣੇ ਮਾਤਾ ਪਿਤਾ ਦੀ ਗਰੀਬੀ ਨੂੰ ਦੂਰ ਕਰਨ ਲਈ ਉਚ ਵਿਦਿਆ ਪ੍ਰਾਪਤ ਕਰਕੇ ਉਚ ਸਰਕਾਰੀ ਨੌਕਰੀ ਪ੍ਰਾਪਤ ਕਰਨ ਦਾ ਦਿ੍ਰੜ ਇਰਾਦਾ ਬਣਾਇਆ ਹੋਇਆ ਸੀ।
ਦੋ ਭਰਾਵਾਂ ਤੋਂ ਛੋਟੀ ਗੋਪੀ ਨੇ ਦੱਸਿਆ ਕਿ ਉਸਦੇ ਪਿਤਾ ਚਮਨ ਲਾਲ ਦੀ ਮੌਤ ਤੋਂ ਬਾਅਦ ਉਸਨੇ ਆਪਣੀ ਸਕੂਲੀ ਪੜ੍ਰਾਈ ਬੜੇ ਹਸਲੇ ਨਾਲ ਪੂਰੀ ਕੀਤੀ ਪ੍ਰੰਤੂ ਉਸਨੂੰ ਇਸ ਬਾਰੇ ਕੋਈ ਜਾਣਕਾਰੀ ਹੀ ਨਹੀਂ ਸੀ ਕਿ ਉਸਦੀ ਸਿੱਖਰ ਵੱਲ ਵੱਧ ਫੁੱਲ ਰਹੀ ਪੜ੍ਹਾਈ ਦੇ ਨਾਲ ਨਾਲ ਕੁਦਰਤਉਸਦੇ ਸਰੀਰ ਨਾਲ ਅਣਹੋਣੀ ਖੇਡ ਵੀ ਖੇਡ ਰਹੀ ਹੈ। ਉਸਨੂੰ ਆਪਣੇ ਆਪਨੂੰ ਆਪਣੇ ਰੋਜ਼ਾਨਾ ਖੁਰ ਰਹੇ ਸਰੀਰ ਬਾਰੇ ਕੋਈ ਜਾਣਕਾਰੀ ਹੀ ਨਹੀਂ ਸੀ। ਉਸਨੇ ਹਿੰਮਤ ਨਾਲ ਆਪਣੀ ਪੜ੍ਰਾਈ ਜਾਰੀ ਰੱਖੀ ਤੇ ਉਸਨੇ ਬੀ ਟੈਕ ਤੱਕ ਪੜ੍ਹਾਈ ਕਰਕੇ ਉਚ ਪੜ੍ਹਾਈ ਹਾਸਲ ਕਰਨ ਦੇ ਨਾਲ ਨਾਲ ਉਹ ਡੱਲੇਵਾਲ ਕਾਲਜ(ਹੁਸ਼ਿਆਰਪੁਰ) ਵਿਖੇ ਬਤੌਰ ਲੈਕਚਰਾਰ ਵਜੋਂ ਪੜ੍ਰਾਉਣ ਲੱਗ ਪਈ।
ਇਸੇ ਦੌਰਾਨ ਉਸਦੀ ਸਿਹਤ ਜ਼ਿਆਦਾ ਖਰਾਬ ਹੋ ਗਈ ਤਾਂ ਉਸਨੂੰ ਇਲਾਜ ਲਈ ਡਾਕਟਰਾਂ ਕੋਲ ਲਿਜਾਇਆ ਗਿਆ ਜਿਥੇ ਡਾਕਟਰਾਂ ਦੇ ਚੈਕਅਪ ਤੋਂ ਬਾਅਦ ਉਸਨੂੰ ਦੱਸੀ ਗਈ ਬਿਮਾਰੀ ਦਾ ਨਾਂਅ ਸੁਣਕੇ ਉਸ ਸਮੇਤ ਸਮੁੱਚੇ ਪਰਿਵਾਰ ਦੇ ਹੋਸ਼ ਉਡ ਗਏ। ਡਾਕਟਰਾਂ ਨੇ ਉਸਨੂੰ ਦੱਸਿਆ ਕਿ ਉਸਦੇ 7 ਸਾਲ ਦੀ ਉਮਰ ਤੋਂ ਗੁਰਦੇ ਖਰਾਬ ਹਨ, ਜੋ ਹੁਣ ਪੂਰੀ ਤਰ੍ਹਾਂ ਖਰਾਬ ਹੋ ਚੁੱਕੇ ਹਨ। ਉਹਨਾਂ ਦੱਸਿਆ ਕਿ ਦਿਲ ਵਿੱਚ ਸੁਰਾਖ ਅਤੇ ਦੋਵੇਂ ਖਰਾਬ ਗੁਰਦਿਆਂ ਕਾਰਨ ਉਸਨੂੰ ਪੀਲੀਏ ਸਮੇਤ ਹੋਰ ਬਹੁਤ ਸਾਰੀਆਂ ਬਿਮਾਰੀਆਂ ਨੇ ਘੇਰਾ ਪਾ ਲਿਆ ਹੈ।
ਉਸਦੀ ਵਿਧਵਾ ਮਾਂ ਰੇਸ਼ਮ ਕੌਰ ਨੂੰ ਆਪਣੀ ਲੜਕੀ ਦੀ ਉਕਤ ਹਾਲਤ ਬਾਰੇ ਦੱਸਿਆ ਗਿਆ ਤਾਂ ਲੜਕੀ ਦਾ ਚਾਵਾਂ ਨਾਲ ਵਿਆਹ ਕਰਨ ਦਾ ਉਸਦਾ ਫਿਕਰ ਉਕਤ ਜਵਾਨ ਲੜਕੀ ਦੇ ਇਲਾਜ ਕਰਜ਼ ਵਿੱਚ ਤਬਦੀਲ ਹੋ ਗਿਆ। ਉਸਨੂੰ ਆਸ ਸੀ ਕਿ ਉਹ ਆਪਣੇ ਵਿੱਤ ਮੁਤਾਬਿਕ ਲੜਕੀ ਦਾ ਵਧੀਆ ਇਲਾਜ ਕਰਵਾ ਲਵੇਗੀ ਪ੍ਰੰਤੂ ਜਦ ਉਹ ਘਰੋਂ ਇਲਾਜ ਲਈ ਨਿਕਲੇ ਤਾਂ ਡਾਕਟਰ ਅਤੇ ਹਸਪਤਾਲਾਂ ਦੇ ਮਹਿੰਗੇ ਇਲਾਜ ਕਾਰਨ ਉਕਤ ਗਰੀਬ ਪਰਿਵਾਰ ਦਾ ਆਪਣੇ ਪਹਿਲੇ ਝਟਕੇ ਵਿੱਚ ਹੀ ਝੁੱਗਾ ਚੋੜ ਕਰਕੇ ਰੱਖ ਦਿੱਤਾ। ਪਿੱਛਲੇ ਕਈ ਸਾਲਾਂ ਤੋਂ ਗੋਪੀ ਮੰਜ਼ੇ ਨਾਲ ਲੱਗੀ ਹੋਈ ਹੈ ਅਤੇ ਉਸਦੇ ਸਪਨੇ ਅੱਡੀਆਂ ਅੱਖਾਂ ਵਿੱਚ ਗੁਆਚੇ ਪਏ ਹਨ।
ਗੋਪੀ ਦੀ ਮਾਂ ਨੇ ਦੱਸਿਆ ਕਿ ਹੁਣ ਤੱਕ ਪਰਿਵਾਰ ਇਲਾਜ ਤੇ 10 ਲੱਖ ਰੁਪਿਆ ਖਰਚ ਕਰ ਚੁੱਕਾ ਹੈ। ਡਾਕਟਰਾਂ ਨੇ ਹੁਣ ਸਾਫ ਕਹਿ ਦਿੱਤਾ ਹੈ ਕਿ ਲੜਕੀ ਦੀ ਕਿਸੇ ਸਮੇਂ ਵੀ ਜਾਨ ਨਿਕਲ ਸਕਦੀ ਹੈ ਅਤੇ ਇਸਨੂੰ ਘਰ ਲੈ ਜਾਵੋ। ਉਸਨੇ ਦੱਸਿਆ ਕਿ ਹਰ ਪੰਜਵੇਂ ਦਿਨ ਉਹਨਾਂ ਨੂੰ ਗੋਪੀ ਨੂੰ ਲੁਧਿਆਣਾ ਦੇ ਡੀ ਐਮ ਸੀ ਹਸਪਤਾਲ ਚੈਕਅਪ ਅਤੇ ਇਲਾਜ ਲਈ ਲਿਜਾਉਣਾ ਪੈਂਦਾ ਹੈ ਜਿਥੇ ਹਰ ਵਾਰ 3000 ਰੁਪਿਆ ਖਰਚ ਆਉਂਦਾ ਹੈ। ਡਾਕਟਰਾਂ ਅਨੁਸਾਰ ਜੇਕਰ ਉਹ ਅਜਿਹਾ ਨਾ ਕਰਨ ਤਾਂ ਚੌਥੇ ਦਿਨ ਡਾਕਟਰੀ ਇਲਾਜ ਜਾਂ ਦੁਆਈ ਨਾ ਮਿਲਣ ਕਾਰਨ ਉਸਦੀ ਜਾਨ ਨਿਕਲ ਸਕਦੀ ਹੈ।
ਦਿਲ ਵਿੱਚ ਸੁਰਾਖ ਅਤੇ ਗੁਰਦੇ ਬੁਰੀ ਤਰ੍ਹਾਂ ਨੁਕਸਾਨ ਹੋਣ ਕਾਰਨ ਗੋਪੀ ਭਿਆਨਿਕ ਪੀਲੀਏ ਦੀ ਬਿਮਾਰੀ ਵਿੱਚ ਜਕੜੀ ਜਾ ਚੁੱਕੀ ਹੈ। ਪਿੰਡ ਲੰਗੇਰੀ ਦੇ ਸਾਬਕਾ ਸਰਪੰਚ ਕਾਮਰੇਡ ਮਨਜੀਤ ਸਿੰਘ ਲਾਲੀ ਅਤੇ ਸਟੇਟ ਐਵਾਰਡੀ ਅਧਿਆਪਕ ਅਵਤਾਰ ਸਿੰਘ ਲੰਗੇਰੀ ਨੇ ਦੱਸਿਆ ਕਿ ਪਿੰਡ ਲੰਗੇਰੀ ਪਰਵਾਸੀ ਭਾਰਤੀਆਂ ਦਾ ਪਿੰਡ ਹੈ। ਪਿੰਡ ਦੇ ਦਾਨੀ ਸੱਜਣਾਂ ਤੋਂ ਇਲਾਵਾ ਉਹਨਾਂ ਦੇ ਨਜ਼ਦੀਕੀ ਲੋਕ ਉਕਤ ਹੋਣਹਾਰ ਲੜਕੀ ਦੇ ਇਲਾਜ ਲਈ ਆਪਣਾ ਫਰਜ਼ ਨਿਭਾ ਰਹੇ ਹਨ ਪ੍ਰੰਤੂ ਫਿਰ ਵੀ ਉਕਤ ਪਰਿਵਾਰ ਨੂੰ ਸਹਾਇਤਾ ਸਮੇਤ ਦੁਆਵਾਂ ਦੀ ਜ਼ਰੂਰਤ ਹੈ। ਅੱਜ ਨਾਲ ਲਗਦੇ ਪਿੰਡ ਟੂਟੋਮਜ਼ਾਰਾ ਦੀ ਵਾਸੀ ਪਰਵਾਸੀ ਭਾਰਤੀ ਭੁਪਿੰਦਰ ਕੌਰ ਗਰਚਾ ਪਤਨੀ ਤਰਸੇਮ ਸਿੰਘ ਗਰਚਾ ਵਲੋਂ ਆਪਣੇ ਨਵ ਵਿਆਹੁਤਾ ਪੁੱਤਰ ਜੋੜੇ ਪਰਵਾਸੀ ਭਾਰਤੀ ਮਨਦੀਪ ਸਿੰਘ ਅਤੇ ਨੂੰਹ ਕੁਲਵਿੰਦਰ ਕੌਰ ਨਾਲ ਪਿੰਡ ਲੰਗੇਰੀ ਪੁੱਜਕੇ ਗੋਪੀ ਨੂੰ ਉਹਨਾਂ ਦੇ ਵਿਆਹ ਹੋਣ ਦੀ ਖੁਸ਼ੀ ਤੇ ਅਸ਼ੀਰਵਾਦ ਵਜੋਂ 10 ਹਜ਼ਾਰ ਰੁਪਿਆ ਸਹਾਇਤਾ ਦਿੱਤੀ।
ਇਸ ਮੌਕੇ ਭੁਪਿੰਦਰ ਕੌਰ ਗਰਚਾ ਨੇ ਕਿਹਾ ਕਿ ਅਜਿਹੇ ਲੋੜਵੰਦ ਪਰਿਵਾਰ ਨੂੰ ਇਹ ਮਦਦ ਕੁਝ ਵੀ ਨਹੀਂ ਪ੍ਰੰਤੂ ਉਹਨਾਂ ਦੀ ਸੋਚ ਹੈ ਕਿ ਵਿਆਹਾਂ ਮੌਕੇ ਕੀਤੇ ਜਾਂਦੇ ਫਾਲਤੂ ਖਰਚੇ ਤਿਆਗ ਕਰਕੇ ਅਜਿਹੇ ਲੋੜਵੰਦ ਪਰਿਵਾਰ ਦੀ ਸਹਾਇਤਾ ਕਰਨਾਂ ਇੱਕ ਚੰਗਾ ਉਦਮ ਹੈ ਜੋ ਸਾਨੂੰ ਆਤਮਿਕ ਸਕੂਨ ਦਿੰਦਾ ਹੈ। ਉਸਨੇ ਪਰਿਵਾਰ ਵਲੋਂ ਗੋਪੀ ਦੀ ਸਿਹਤ ਸੁਧਰਨ ਦੀ ਕੁਦਰਤ ਤੋਂ ਦੁਆ ਵੀ ਮੰਗੀ। ਇਸ ਮੌਕੇ ਮਨਜੀਤ ਸਿੰਘ ਲਾਲੀ ਅਤੇ ਬੈਂਕ ਮੁਲਾਜ਼ਮ ਬਲਵੰਤ ਸਿੰਘ ਨੇ ਕਿਹਾ ਕਿ ਸਰਕਾਰ ਗੋਪੀ ਦੇ ਇਲਾਜ ਲਈ ਪਰਿਵਾਰ ਨੂੰ ਆਰਥਿਕ ਮੱਦਦ ਕਰੇ। ਉਹਨਾਂ ਦਾਨੀ ਅਤੇ ਸਮਾਜ ਸੇਵੀ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਉਹ ਪੀੜਤ ਲੜਕੀ ਦੇ ਪਰਿਵਾਰ ਦੀ ਸਹਾਇਤਾ ਕਰਨ ਦੇ ਚਾਹਵਾਨ ਹਨ ਤਾਂ ਉਹ ਫੋਨ ਨੰਬਰ +91 90417 08300 ਤੇ ਸੰਪਰਕ ਕਰਨ। ਉਹਨਾਂ ਕਿਹਾ ਕਿ ਦਾਨ ਜੇਕਰ ਸਹੀ ਥਾਂ ਮਿਲ ਜਾਵੇ ਤਾਂ ਉਤਮ ਹੀ ਹੁੰਦਾ ਹੈ।