ਪੰਜਾਬ ਦੇ 261 ਬੱਚਿਆਂ ਸਮੇਤ 1589 ਲਾਪਤਾ ਵਿਆਕਤੀ ਲੱਭਣ ’ਚ ਪੁਲਿਸ ਨਾਕਾਮ - ਜਸਪਾਲ ਸਿੰਘ ਜੱਸੀ
Posted on:- 05-05-2012
ਮਾਨਸਾ ਜ਼ਿਲ੍ਹੇ ’ਚ ਹਰ ਸਾਲ ਗੁੰਮ ਹੁੰਦੇ ਨੇ ਔਸਤ 22 ਵਿਆਕਤੀ
ਪੰਜਾਬ ਭਰ ’ਚੋਂ ਨੰਬਰ ਇੱਕ ਪੁਲਿਸ ਹੋਣ ਦਾ ਸਨਮਾਨ ਹਾਸਲ ਕਰਨ ਵਾਲੇ ਮਾਨਸਾ ਜ਼ਿਲ੍ਹੇ ’ਚ ਹਰ ਸਾਲ ਔਸਤ 22 ਵਿਆਕਤੀ ਲਾਪਤਾ ਹੋ ਰਹੇ ਹਨ। ਜਿਨ੍ਹਾਂ ਨੂੰ ਲੱਭਣ ’ਚ ਮਾਨਸਾ ਪੁਲਿਸ ਜ਼ੀਰੋ ਹੈ।ਇਹ ਖੁਲਾਸਾ ਮਾਨਸਾ ਪੁਲਿਸ ਦੀ ਆਪਣੀ ਸਾਈਟ ਮਾਨਸਾਪੁਲਿਸਡਾਟਆਰਗ ਤੋਂ ਹੋਇਆ ਹੈ ਕਿ ਸਨ 2007 ਤੋਂ ਲੈਕੇ ਅਗਸਤ 2011 ਤੱਕ ਜ਼ਿਲ੍ਹੇ ਦੇ ਵੱਖ ਵੱਖ ਪੁਲਿਸ ਥਾਨਿਆਂ ’ਚ ਗੁੰਮਸ਼ੁਦਗੀ ਦੀਆਂ 106 ਰਿਪੋਰਟਾਂ ਦਰਜ ਕੀਤੀਆਂ ਗਈਆਂ ਹਨ। ਗੁੰਮ ਹੋਣ ਵਾਲੇ ਵਿਆਕਤੀਆਂ ’ਚ 90 ਫੀਸਦੀ ਗਿਣਤੀ ਨੋਜਵਾਨਾਂ ਦੀ ਹੈ,ਜਿਨ੍ਹਾਂ ਦੀ ਉਮਰ 20 ਤੋਂ 40 ਸਾਲ ਦੇ ਵਿਚਕਾਰ ਹੈ।
ਸਾਈਟ ਅਨੁਸਾਰ 2007 ਦੇ ਪੁਲਿਸ ਰਿਕਾਰਡ ਮੁਤਾਬਕ ਜ਼ਿਲ੍ਹੇ ’ਚ 18 ਵਿਆਕਤੀ ਗੁੰਮ ਹੋਏ,ਜਿਨ੍ਹਾਂ ਸਬੰਧੀ ਭੀਖੀ ’ਚ 5, ਮਾਨਸਾ ਅਤੇ ਬਰੇਟਾ ’ਚ 4-4 ਮਾਮਲੇ ਦਰਜ ਹੋਏ। ਜਦੋਂ ਕਿ ਬੁਢਲਾਡਾ, ਝੁਨੀਰ ਅਤੇ ਬੋਹਾ ਥਾਨਿਆਂ ’ਚ ਇਸ ਸਾਲ 2-2 ਮੁਕੱਦਮੇ ਦਰਜ ਹੋਏ ਹਨ। ਇਸ ਸਾਲ ਗੁੰਮ ਹੋਣ ਵਾਲੇ ਲੋਕਾਂ ’ਚ 4 ਔਰਤਾਂ, 1 ਸੱਤ ਸਾਲ ਦਾ ਬੱਚਾ ਤੇ 60 ਤੋਂ 70 ਸਾਲ ਦੀ ਉਮਰ ਦੇ 2 ਬਜੁਰਗ ਸ਼ਾਮਲ ਹਨ।
ਸਾਲ 2008 ’ਚ ਇਸ ਜ਼ਿਲ੍ਹੇ ਨਾਲ ਸਬੰਧਤ 16 ਵਿਆਕਤੀ ਲਾਪਤਾ ਹੋਏ। ਇਸ
ਸਾਲ ਗੁੰਮ ਹੋਣ ਵਾਲੇ ਸਾਰੇ ਵਿਆਕਤੀ ਨੌਜਵਾਨ ਉਮਰ ਦੇ ਰਹੇ। ਜਿਨ੍ਹਾਂ ਦੀ ਔਸਤ ਉਮਰ 30 ਸਾਲ ਦੇ ਲਗਭਗ ਹੈ। ਇਨ੍ਹਾਂ ਗੁੰਮ ਹੋਣ ਵਾਲੇ ਵਿਅਕਤੀਆਂ ਵਿੱਚੋਂ ਔਰਤਾਂ ਦੀ ਗਿਣਤੀ 3 ਹੈ। ਜਿਨ੍ਹਾਂ ਬਾਰੇ ਥਾਨਾ ਮਾਨਸਾ ’ਚ 9, ਥਾਨਾ ਜੋਗਾ ’ਚ 2,ਥਾਨਾ ਬਰੇਟਾ ’ਚ 3 ,ਥਾਨਾ ਭੀਖੀ ਤੇ ਬੋਹਾ ’ਚ 1-1 ਰਿਪੋਰਟ ਦਰਜ ਕੀਤੀ ਗਈ ਹੈ। ਸੰਨ 2009 ’ਚ ਜ਼ਿਲ੍ਹੇ ’ਚ ਲਾਪਤਾ ਹੋਣ ਵਾਲੇ ਵਿਅਕਤੀਆਂ ਦੀ ਗਿਣਤੀ ਵੱਧਕੇ 25 ਤੱਕ ਪੁੱਜ ਗਈ। ਜਿਨ੍ਹਾਂ ’ਚੋਂ 7 ਲਾਪਤਾ ਵਿਆਕਤੀ ਥਾਨਾ ਮਾਨਸਾ ਨਾਲ, 3-3 ਵਿਆਕਤੀ ਥਾਨਾ ਝੁਨੀਰ,ਜੋਗਾ ਅਤੇ ਭੀਖੀ ਨਾਲ, 4 ਵਿਅਕਤੀ ਥਾਨਾ ਬੋਹਾ ਨਾਲ, 2-2 ਵਿਆਕਤੀ ਥਾਨਾ ਬਰੇਟਾ ਤੇ ਜੌੜਕੀਆਂ ਨਾਲ ਤੇ 1 ਵਿਆਕਤੀ ਥਾਨਾ ਬੁਢਲਾਡਾ ਨੂੰ ਸਬੰਧਤ ਹੈ। ਲਾਪਤਾ ਹੋਣ ਵਾਲੇ ਲੋਕਾਂ ’ਚ ਇੱਕ 8 ਸਾਲ ਦੀ ਬੱਚੀ ਸਮੇਤ ਔਰਤਾਂ ਦੀ ਗਿਣਤੀ 4 ਰਹੀ ਹੈ।ਇਸ ਨਾਲ ਕੇਵਲ ਇੱਕ 60 ਸਾਲਾ ਬਜ਼ੁਰਗ ਗੁੰਮ ਹੋਇਆ ਹੈ।ਬਾਕੀ ਸਾਰੇ ਗੁੰਮ ਹੋਣ ਵਾਲੇ ਵਿਅਕਤੀ ਨੌਜਵਾਨ ਸਨ।
2010 ’ਚ ਜ਼ਿਲ੍ਹੇ ਦੇ 23 ਵਿਆਕਤੀ ਗੁੰਮ ਹੋਏ ਜਿਨ੍ਹਾਂ ’ਚ 4 ਥਾਨਾ ਜੌੜਕੀਆਂ,3-3 ਵਿਆਕਤੀ ਥਾਨਾ ਬਰੇਟਾ ਅਤੇ ਜੋਗਾ, 2-2 ਵਿਆਕਤੀ ਥਾਨਾ ਸਰਦੂਲਗੜ ਤੇ ਬੁਢਲਾਡਾ ਅਤੇ 1-1 ਵਿਆਕਤੀ ਥਾਨਾ ਭੀਖੀ ਤੇ ਕੋਟਧਰਮੂ ਨਾਲ ਸਬੰਧਤ ਹਨ। ਇਸ ਸਾਲ ਗੁੰਮ ਹੋਣ ਵਾਲੀਆਂ ਔਰਤਾਂ ਦੀ ਗਿਣਤੀ 1 ਰਹੀ ਜਦੋਂ ਕਿ 50 ਤੋਂ 70 ਸਾਲ ਤੱਕ ਦੇ ਤਿੰਨ ਬਜ਼ੁਰਗ ਵੀ ਗੁੰਮ ਹੋਏ। ਬਾਕੀ ਗੁੰਮ ਹੋਣ ਵਾਲੇ ਵਿਆਕਤੀ ਨੌਜਵਾਨ ਹਨ।
ਸੰਨ 2011 ਦੇ ਅਗਸਤ ਮਹੀਨੇ ਤੱਕ ਥਾਨਾ ਜੌੜਕੀਆਂ,ਕੋਟਧਰਮੂ, ਜੋਗਾ, ਮਾਨਸਾ, ਭੀਖੀ ਤੇ ਬੁਢਲਾਡਾ ’ਚ ਗੁੰਮ ਹੋਣ ਵਾਲੇ ਵਿਆਕਤੀਆਂ ਸਬੰਧੀ 13 ਰਿਪੋਰਟਾਂ ਦਰਜ ਹੋਈਆਂ ਹਨ।ਜਿਨ੍ਹਾਂ ’ਚ 4 ਔਰਤਾਂ ਵੀ ਸ਼ਾਮਲ ਹਨ। ਦੂਸਰੇ ਪਾਸੇ ਇੱਕ ਵੱਖਰੀ ਜਾਣਕਾਰੀ ਮੁਤਾਬਕ ਇਸ ਮਾਮਲੇ 'ਚ ਹਰਿਆਣਾ ਤੇ ਪੰਜਾਬ ਸਰਕਾਰ ਵੱਲੋਂ ਕੋਰਟ 'ਚ ਦਿੱਤੇ ਗਏ ਹਲਫਨਾਮੇ ਮੁਤਾਬਿਕ ਹਰਿਆਣਾ 'ਚ ਸਾਲ 2011 ਦੌਰਾਨ ਗੁੰਮਸ਼ੁਦਾ 2642 ਲੋਕਾਂ ਵਿੱਚੋਂ ਹਾਲੇ ਵੀ 1589 ਲੋਕੀਂ ਲਾਪਤਾ ਹਨ।ਇਸੇ ਤਰ੍ਹਾਂ ਪੰਜਾਬ 'ਚ ਬੀਤੇ ਵਰ੍ਹੇ 483 ਬੱਚੇ ਗਾਇਬ ਹੋ ਗਏ ਸਨ ਜਿਨ੍ਹਾਂ ਵਿੱਚੋਂ 237 ਬੱਚਿਆਂ ਦਾ ਕੋਈ ਸੁਰਾਗ ਨਹੀਂ ਲਗਾ, ਜਿਸ 'ਚ 172 ਲੜਕੇ ਤੇ 65 ਲੜਕੀਆਂ ਸ਼ਾਮਲ ਹਨ। ਪੰਜਾਬ 'ਚ ਇਸ ਸਾਲ 31 ਜਨਵਰੀ ਤਕ 26 ਲੋਕੀਂ ਗਾਇਬ ਹੋ ਚੁੱਕੇ ਹਨ ਜਿਸ ਵਿਚੋਂ 2 ਦਾ ਹੀ ਪਤਾ ਲੱਗ ਸਕਿਆ ਹੈ।ਇਸ ਸਬੰਧੀ ਗੱਲਬਾਤ ਕਰਦਿਆਂ ਪੰਜਾਬ ਦੇ ਏ.ਆਈ.ਜੀ. ਕ੍ਰਾਈਮ ਅਮ੍ਰਿਤ ਬਰਾੜ ਨੇ ਦੱਸਿਆ ਕਿ ਜਨਵਰੀ 2011 ਤੋਂ ਦਸੰਬਰ 2011 ਤਕ 483 ਬੱਚੇ ਜਿਨ੍ਹਾਂ 'ਚ 337 ਲੜਕੇ ਤੇ 146 ਲੜਕੀਆਂ ਸ਼ਾਮਲ ਹਨ, ਲਾਪਤਾ ਹੋ ਗਏ ਸੀ ਜਿਨ੍ਹਾਂ ਵਿੱਚੋਂ 246 ਬੱਚਿਆਂ ਦਾ ਹਾਲੇ ਤਕ ਕੋਈ ਪਤਾ ਨਹੀਂ ਲਗਾ ਹੈ।