ਗ਼ਰੀਬ ਪਰਿਵਾਰ ਦਾ ਤੀਸਰਾ ਲੜਕਾ ਵੀ ਦੋ ਭਰਾਵਾਂ ਅਤੇ ਮਾਤਾ ਪਿਤਾ ਦੀ ਮੌਤ ਤੋਂ ਬਾਅਦ ਹੋਇਆ ਪਾਗਲ
Posted on:- 03-04-2014
-ਸ਼ਿਵ ਕੁਮਾਰ ਬਾਵਾ,
-ਸੁਖਵਿੰਦਰ ਸਿੰਘ ਸਫਰੀ
ਮਾਹਿਲਪੁਰ: ਮਾਹਿਲਪੁਰ ਦੇ ਵਾਰਡ ਨੰਬਰ 09 ਦੇ ਵਾਸੀ ਇੱਕ ਪਰਿਵਾਰ ਦੀਆਂ ਖੁਸ਼ੀਆਂ ਨੂੰ ਗ੍ਰਹਿਣ ਉਸ ਵਕਤ ਲੱਗ ਗਿਆ ਜਦ ਆਪਣੇ ਪਰਿਵਾਰ ਤਿੰਨ ਨੌਜਵਾਨ ਭਰਾਵਾਂ ਵਿੱਚੋਂ ਮਾਨਸਿਕ ਤੌਰ ਤੇ ਪ੍ਰੇਸ਼ਾਨ ਹੋਣ ਕਾਰਨ ਨੀਮ ਪਗਲਾਂ ਵਾਲੀ ਹਾਲਤ ਵਿੱਚ ਮੌਤ ਹੋਣ ਤੋਂ ਬਾਅਦ ਉਕਤ ਪਰਿਵਾਰ ਦਾ ਤੀਸਰਾ ਭਰਾ ਵੀ ਪਾਗਲ ਹੋ ਗਿਆ ਹੈ ਅਤੇ ਘਰ ਦੀ ਸਥਿਤੀ ਐਨੀ ਤਰਸਯੋਗ ਵਾਲੀ ਬਣੀ ਹੋਈ ਹੈ ਕਿ ਉਕਤ ਪਰਿਵਾਰ ਜੋ ਅੱਜ ਤੋਂ 15 ਸਾਲ ਪਹਿਲਾਂ ਮਾਹਿਲਪੁਰ ਵਿੱਚ ਆਪਣੀ ਅਲਗ ਹੀ ਪਹਿਚਾਣ ਰੱਖਦਾ ਸੀ , ਦੀ ਸਥਿਤੀ ਆਰਥਿਕ ਪੱਖ ਤੋਂ ਕਮਜ਼ੋਰ ਅਤੇ ਘਰ ਵਿੱਚ ਹੀ ਰੋਜ਼ਾਨਾ ਸਮਾਨ ਦੀ ਤੋੜ ਫੋੜ ਅਤੇ ਪਤਨੀ ਨੂੰ ਕੁੱਟਣ ਵਾਲੇ ਨੌਜਵਾਨ ਦੀ ਹਾਲਤ ਕਮਜ਼ੋਰ ਹੋਣ ਕਾਰਨ ਗੰਭੀਰ ਬਣੀ ਹੋਈ ਹੈ। ਉਸਦੀ ਪਤਨੀ ਕਿਸੇ ਦੁਕਾਨ ’ਤੇ ਕੰਮ ਕਰਕੇ ਆਪਣੀਆਂ ਦੋਵੇਂ ਛੋਟੀਆਂ ਲੜਕੀਆਂ ਨੂੰ ਪੜ੍ਹਾ ਰਹੀ ਹੈ। ਉਸਦੀ ਸਰਕਾਰ ਅਤੇ ਪੰਜਾਬ ਦੇ ਸਿਹਤ ਵਿਭਾਗ ਦੇ ਉਚ ਅਧਿਕਾਰੀਆਂ ਤੋਂ ਮੰਗ ਹੈ ਕਿ ਉਸਦੇ ਪਾਗਲ ਪਤੀ ਦਾ ਇਲਾਜ ਉਹ ਖੁਦ ਕਰਵਾਏ ਅਤੇ ਉਸਤੇ ਭਾਰੀ ਪੈ ਚੁੱਕੇ ਦੁੱਖਾਂ ਦੇ ਪਹਾੜ ਨੂੰ ਕੁਝ ਹਲਕਾ ਕੀਤਾ ਜਾਵੇ।
ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਇਥੇ ਇਸ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਮਾਹਿਲਪੁਰ ਦੇ ਵਾਰਡ ਨੰਬਰ 09 ਦੀ ਵਾਸੀ ਜੋਤੀ ਖੁਰਾਣਾ ਪਤਨੀ ਪ੍ਰਮੋਦ ਕੁਮਾਰ ਨੇ ਰੋਂਦਿਆਂ ਦੱਸਿਆ ਕਿ ਉਸਦੇ ਸਹੁਰਾ ਪਰਿਵਾਰ ਦੀ 15 ਕੁ ਸਾਲ ਪਹਿਲਾਂ ਮਾਹਿਲਪੁਰ ਵਿੱਚ ਬੀਜਾਂ ਦੀ ਦੁਕਾਨ ਸੀ ਅਤੇ ਉਹਨਾਂ ਦਾ ਕਾਰੋਬਾਰ ਚੜ੍ਹਾਈਆਂ ਤੇ ਸੀ। ਬਦਕਿਸਮਤੀ ਨਾਲ ਸਮੁੱਚੇ ਪਰਿਵਾਰ ਨੂੰ ਅਜਿਹੀ ਨਜ਼ਰ ਲੱਗੀ ਕਿ ਉਸਦਾ 1999 ਵਿੱਚ ਪ੍ਰਮੋਦ ਕੁਮਾਰ ਨਾਲ ਵਿਆਹ ਹੋਣ ਤੋਂ ਬਾਅਦ ਉਸਦੇ ਵੱਡੇ ਭਰਾ ਦੀ ਸੋਨੂੰ ਪਾਗਲ ਹੋ ਗਿਆ। ਉਸਨੂੰ ਇਲਾਜ ਲਈ ਅੰਮਿ੍ਰਤਸਰ ਦੇ ਮੈਂਟਲ ਹਸਪਤਾਲ ਭਰਤੀ ਕਰਵਾਇਆ ਗਿਆ ਜਿਥੇ ਉਸਦੇ ਮੌਤ ਹੋ ਗਈ। ਇਸੇ ਸਦਮੇ ਵਿੱਚ ਉਸਦੇ ਮਾਤਾ ਪਿਤਾ ਅਤੇ ਇੱਕ ਹੋਰ ਭਰਾ ਦੀ ਵੀ ਮੌਤ ਦਾ ਕਾਰਨ ਪਾਗਲਪੁਣਾ ਹੀ ਬਣਿਆਂ।
ਉਸਨੇ ਦੱਸਿਆ ਕਿ ਮੇਰੇ ਦੋ ਲੜਕੀਆਂ ਹਨ ਅਤੇ ਉਹ ਆਪਣੇ ਬੰਗਾ( ਸ਼ਹੀਦ ਭਗਤ ਸਿੰਘ ਨਗਰ) ਵਿਖੇ ਰਹਿੰਦੇ ਆਪਣੇ ਮਾਪਾ ਪਰਿਵਾਰ ਪੱਖ ਤੋਂ ਤਾਂ ਸੁਖੀ ਹੈ ਪ੍ਰੰਤੂ ਉਸਦਾ ਬੀ ਕਮ ਪੜ੍ਹਿਆ ਪਤੀ ਪ੍ਰਮੋਦ ਕੁਮਾਰ ਵੀ ਲਗਭਗ ਇੱਕ ਸਾਲ ਤੋਂ ਆਪਣੇ ਮ੍ਰਿਤਕ ਭਰਾਵਾਂ ਵਾਲੀਆਂ ਹਰਕਤਾਂ ਕਰਨ ਲੱਗ ਪਿਆ ਹੈ। ਉਸਨੇ ਦੱਸਿਆ ਕਿ ਉਸਦੇ ਦੋ ਲੜਕੀਆਂ ਹਨ ਜਿਹਨਾਂ ਦੀ ਉਮਰ 7 ਅਤੇ 9 ਸਾਲ ਹੈ। ਉਹ ਦੋਵੇਂ ਲੜਕੀਆਂ ਪੜ੍ਹਨ ਨੂੰ ਬਹੁਤ ਹੁਸ਼ਿਆਰ ਹਨ ਜਿਹਨਾਂ ਨੂੰ ਪੜ੍ਹਾਉਣ ਲਈ ਉਸਦਾ ਮਾਪਾ ਪਰਿਵਾਰ ਉਸਦੀ ਸਹਾਇਤਾ ਕਰ ਰਿਹਾ ਹੈ। ਉਸਨੇ ਦੱਸਿਆ ਕਿ ਉਸਦੇ ਪਤੀ ਨੇ ਕੰਮ ਕਰਨਾ ਬੰਦ ਕਰਕੇ ਘਰ ਹੀ ਰਹਿਣਾ ਸ਼ੁਰੂ ਕੀਤਾ ਹੋਇਆ ਹੈ ਤੇ ਉਹ ਘਰ ਦਾ ਸਾਰਾ ਕੀਮਤੀ ਸਮਾਨ ਭੰਨ ਤੋੜ ਕਰਕੇ ਬਰਬਾਦ ਕਰ ਚੁੱਕਾ ਹੈ। ਉਹ ਉਸਦੀ ਵੀ ਬੁਰੀ ਤਰ੍ਹਾਂ ਕੁੱਟਮਾਰ ਅਤੇ ਗਾਲੀ ਗਲੋਚ ਕਰਦਾ ਹੈ। ਉਸਨੂੰ ਲੋਕਾਂ ਦੇ ਬਚਾਅ ਲਈ ਘਰ ਵਿੱਚ ਹੀ ਬੰਦ ਕਰਕੇ ਰੱਖਣਾ ਪੈ ਰਿਹਾ ਹੈ। ਉਹ ਇਲਾਜ ਲਈ ਉਸਨੂੰ ਅੰਮਿ੍ਰਤਸਰ ਦੇ ਮੈਂਟਲ ਹਸਪਤਾਲ ਲਿਜਾਉਣ ਯੋਗੀ ਹਿੰਮਤ ਨਹੀਂ ਰੱਖਦੀ।
ਉਸਨੇ ਦੱਸਿਆ ਕਿ ਉਸਦੇ ਪਤੀ ਨੂੰ ਵਹਿੰਮ ਪਿਆ ਹੋਇਆ ਹੈ ਕਿ ਉਸਦੀਆਂ ਲੜਕੀਆਂ ਨੂੰ ਕੋਈ ਅਗਵਾਹ ਕਰਕੇ ਜਾਨੋ ਖਤਮ ਕਰ ਦੇਵੇਗਾ । ਉਹ ਉਸ ਤੇ ਵੀ ਚਰਿੱਤਰਹੀਣ ਹੋਣ ਦੀ ਸ਼ੱਕ ਕਰਦਾ ਹੈ। ਲੜਕੀਆਂ ਨੂੰ ਉਹ ਆਪਣੇ ਮਰ ਚੁੱਕੇ ਮਾਤਾ ਪਿਤਾ ਦੀ ਰੂਹ ਸਮਝਕੇ ਉਹਨਾਂ ਨੂੰ ਘੁੱਟ ਘੁੱਟ ਜੱਫੀਆਂ ਪਾਉਂਦਾ ਹੈ ਅਤੇ ਉਹਨਾਂ ਨੂੰ ਘਰੋਂ ਬਾਹਰ ਨਹੀਂ ਨਿਕਲਣ ਦਿੰਦਾ। ਉਸਨੇ ਦੱਸਿਆ ਕਿ ਉਹ ਘਰ ਦੇ ਗੁਜ਼ਾਰੇ ਲਈ ਮਾਹਿਲਪੁਰ ਵਿਖੇ ਇੱਕ ਕਪੜੇ ਦੀ ਦੁਕਾਨ ’ਤੇ 3000 ਰੁਪਏ ਵਿੱਚ ਨੌਕਰੀ ਕਰਕੇ ਪਰਿਵਾਰ ਦਾ ਪੇਟ ਪਾਲ ਰਹੀ ਹੈ। ਉਸਨੇ ਸਿਹਤ ਵਿਭਾਗ ਅਤੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਸਦੇ ਪਤੀ ਦੇ ਇਲਾਜ ਲਈ ਅੰਮਿ੍ਰਤਸਰ ਮੈਂਟਲ ਹਸਪਤਾਲ ਵਿੱਚ ਭਰਤੀ ਕਰਵਾਕੇ ਉਸਦਾ ਤਰਜੀਹ ਨਾਲ ਇਲਾਜ ਕੀਤਾ ਜਾਵੇ। ਉਸਨੇ ਆਪਣੀ ਹਾਲਤ ਦਾ ਬਿਆਨ ਕਰਦਿਆਂ ਦੱਸਿਆ ਕਿ ਉਹ ਐਨੀ ਹਿੰਮਤ ਨਹੀਂ ਰੱਖਦੀ ਕਿ ਉਹ ਖੁਦ ਉਸਨੂੰ ਹਸਪਤਾਲ ਭਰਤੀ ਕਰਵਾ ਸਕੇ।