ਮਗਨਰੇਗਾ ਕਾਰਜਾਂ ਨੇ ਬਦਲੀ ਬੁਢਲਾਡਾ ਹਲਕੇ ਦੇ ਪਿੰਡਾਂ ਦੀ ਨੁਹਾਰ -ਜਸਪਾਲ ਸਿੰਘ ਜੱਸੀ
Posted on:- 19-02-2014
ਮਾਨਸਾ ਜ਼ਿਲ੍ਹੇ ਅੰਦਰ ਪੇਂਡੂ ਰੁਜ਼ਗਾਰ ਗਰੰਟੀ ਐਕਟ (ਨਰੇਗਾ) ਤਹਿਤ ਚੱਲ ਰਹੇ ਕਾਰਜਾਂ ਨੇ ਜਿੱਥੇ ਰਜਿਸਟਡ ਪੇਂਡੂ ਮਜ਼ਦੂਰਾਂ ਦੇ ਜੀਵਨ ਪੱਧਰ ਅਤੇ ਜੀਵਨ ਜਾਚ ’ਚ ਗੁਣਾਤਮਿਕ ਤਬਦੀਲੀਆਂ ਲਿਆਂਦੀਆਂ ਹਨ, ਉਥੇ ਪਿੰਡਾਂ ਦੀ ਪਹਿਲੀ ਦਿੱਖ ਚ ਜ਼ਿਕਰਯੋਗ ਬਦਲਾਅ ਦਰਜ ਕਰਾਇਆ ਹੈ ‘ਤੇ ਇਹ ਮਜ਼ਦੂਰ ਐਕਟ ਹੁਣ ਚੌਤਰਫੇ ਵਿਕਾਸ ਕੰਮਾਂ ਨਾਲ ਪਿੰਡਾਂ ਦੀ ਕਾਇਆ-ਕਲਪਣ ਦੇ ਸਮਰੱਥ ਹੁੰਦਾ ਭਾਂਪ ਰਿਹੈ। ਸੇਮ ਨਾਲਿਆਂ ‘ਤੇ ਪਟੜੀਆਂ ਬਣਾਉਣ, ਨਹਿਰਾਂ, ਪੰਚਾਇਤੀ ਖਾਲਾਂ, ਸੇਮ ਨਾਲਿਆਂ ਅਤੇ ਛੱਪੜਾਂ ਦੀ ਸਫਾਈ ਸਮੇਤ ਹੋਰ ਕੰਮਾਂ ਨਾਲ ਜਿਥੇ ਪਿੰਡਾਂ ਦੀ ਰੂਹ ਬਦਲਣ ਨਾਲ ਲੋਕ ਡਾਢੇ ਖੁਸ਼ ਹਨ, ਉਥੇ ਆਪਣੇ ਦੁਆਰਾ ਕੀਤੇ ਕੰਮਾਂ ਅਤੇ ਮਿਹਨਤਾਨੇ ਨੂੰ ਲੈਕੇ ਮਜ਼ਦੂਰ ਵਰਗ ਵੀ ਸੰਤੁਸ਼ਟ ਹੈ।
ਮਲਕਪੁਰ ਭੀਮੜਾ ਦੇ ਰਜਬਾਹੇ ਦੀ ਪਟੜੀ ਬਣਾਉਣ ਦਾ ਕੰਮ ਕਰ ਰਹੇ ਮਗਨਰੇਗਾ ਮਜ਼ਦੂਰ ਸੁਖਚੈਨ ਸਿੰਘ ਨੇ ਦਿਨ ਪ੍ਰਤੀ ਦਿਨ ਵੱਧ ਰਹੀ ਮਸ਼ੀਨਰੀ ਦੀ ਵਰਤੋਂ ਬਾਰੇ ਗੱਲ ਕਰਦਿਆਂ ਕਿਹਾ ਕੇਦਰ ਸਰਕਾਰ ਦੀਆਂ ਮਜ਼ਦੂਰ ਮਾਰੂ ਨੀਤੀਆਂ ਅਤੇ ਇਸ ਮਸ਼ੀਨਰੀਕਰਨ ਦੇ ਯੁੱਗ ਚ ਮਜ਼ਦੂਰ ਵਰਗ ਨਾਲ ਸਬੰਧਤ ਲੋਕਾਂ ਦਾ ਜੀਵਨ-ਬਸਰ ‘ਹਾਸ਼ੀਏ‘ ‘ਤੇ ਸੀ ਅਤੇ ਇਸ ਦੌਰ ਚ ਪੰਜਾਬ ਸਰਕਾਰ ਦੇ ਯਤਨਾਂ ਨਾਲ ਸੂਬੇ ਅੰਦਰ ਸਫਲਤਾਪੂਰਵਕ ਚਲਾਈ ਜਾ ਰਹੀ ਇਹ ਸਕੀਮ ਸਾਡੇ ਲਈ ‘ਸੰਜੀਵਨੀ‘ ਸਮਾਨ ਹੈ। ਓਧਰ ਪੰਜਾਬ ਸਰਕਾਰ ਦੀ ਨਿੱਜੀ ਦਿਲਚੱਸਪੀ ਨਾਲ ਚਲਾਈ ਜਾ ਰਹੀ ਇਸ ਸਕੀਮ ਤੋ ਬਾਗੋ ਬਾਗ ਪਿੰਡ ਦੇ ਕਿਸਾਨਾਂ ਨੇ ਕਿਹਾ ਕਿ ਇਨਾਂ ਕਾਰਜਾਂ ਦਾ ਜਿੱਥੇ ਮਦਜੂਰਾਂ ਨੂੰ ਵਿੱਤੀ ਲਾਭ ਮਿਲ ਰਿਹਾ ਹੈ ਉਥੇ ਪਿੰਡਾਂ ਦੇ ਲੋਕਾਂ ਨੂੰ ਗੰਦੇ ਪਾਣੀ ਦੇ ਨਿਕਾਸ, ਖਾਲਾਂ-ਕੱਸੀਆਂ ਦੀ ਸਫਾਈ ਅਤੇ ਨਹਿਰਾਂ, ਸੇਮ ਨਾਲਿਆਂ ਦੀਆਂ ਪਟੜੀਆਂ ਦੀ ਸਮੱਸਿਆ ਤੋ ਨਿਯਾਤ ਦਵਾ ਰਹੇ ਹਨ।
ਸਰਪੰਚ ਸੰਤੋਖ ਸਿੰਘ ਚੀਮਾਂ, ਪਿੰਡ ਮਲਕਪੁਰ ਭੀਮੜਾ ਜ਼ਿਲ੍ਹਾ ਮਾਨਸਾ
ਪਿੰਡ ਦੇ ਸਰਪੰਚ ਸੰਤੋਖ ਸਿੰਘ ਭੀਮੜਾ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਪੰਜਾਬ ਸਰਕਾਰ ਦੇ ਯਤਨਾਂ ਨਾਲ ਸੂਬੇ ਅੰਦਰ ਸਫਲਤਾਪੂਰਵਕ ਚਲਾਈ ਜਾ ਰਹੀ ਨਰੇਗਾ ਸਕੀਮ ਨੂੰ ਮਜ਼ਦੂਰਾਂ ਲਈ ਬੇਹੱਦ ਲਾਹੇਵੰਦ ਕਰਾਰ ਦਿੰਦਿਆਂ ਕਿਹਾ ਇਸ ਨਾਲ ਜਿਥੇ ਮਜ਼ਦੂਰਾਂ ਨੂੰ ਦਿਹਾੜੀ ਮਿਲਦੀ ਹੈ ਉਥੇ ਪਿੰਡ ਦੇ ਵਿਕਾਸ ਕੰਮ ਵੀ ਤੇਜ਼ੀ ਨਾਲ ਕਰਾਏ ਜਾ ਰਹੇ ਹਨ।ਉਨਾਂ ਕਿਹਾ ਇਸ ਸਕੀਮ ਤਹਿਤ ਹੁਣ ਤੱਕ ਉਹ ਆਪਣੇ ਪਿੰਡ ਚ ਪਾਟੀ ਸਟੋਰੇਜ ਟੈਕ ਦੀ ਖੁਦਾਈ ਕਰਵਾਉਣ ਸਮੇਤ ਪਿੰਡ ਦੇ ਪੰਚਾਇਤੀ ਖਾਲਾਂ ਦੀ ਸਫਾਈ ਅਤੇ ਸੜਕਾਂ ਦੀਆਂ ਵਰਮਾਂ ਚੌੜੀਆਂ ਕਰਨ ਦੇ ਕਾਰਜ ਕਰ ਚੁੱਕੇ ਹਨ। ਉਨਾਂ ਕਿਹਾ ਕਿ ਇਸੇ ਸਕੀਮ ਤਹਿਤ ਉਨਾਂ ਨੇ ਰਜਬਾਹੇ ਦੀ ਸਫਾਈ ਅਤੇ ਲਾਇਨਿੰਗ ਕਰਵਾਈ ਹੈ ਜਿਸ ਨਾਲ ਪਿੰਡ ਦੀ ਟੇਲ ਉਪਰ ਪੂਰੀ ਮਾਤਰਾ ਚ ਪਾਣੀ ਪੁਜਣ ਲੱਗਾ ਹੈ ਜਿਸ ਨਾਲ ਉਨਾਂ ਦੇ ਪੀਣ ਅਤੇ ਖੇਤੀ ਲਈ ਲੋੜੀਦੀ ਮਾਤਰਾ ਚ ਪਾਣੀ ਪੁੱਜਣ ਲੱਗਾ ਹੈ, ਜੋ ਇਸ ਤੋ ਪਹਿਲਾਂ ਕਦੀ ਨਹੀ ਸੀ ਹੋਇਆ।
ਸ੍ਰੀ.ਵਨੀਤ ਕੁਮਾਰ ਮੱਤੀ, ਏ.ਪੀ.ਓ (ਮਗਨਰੇਗਾ) ਬਲਾਕ ਬੁਢਲਾਡਾ
ਇਸ ਬਾਰੇ ਗੱਲਬਾਤ ਕਰਦਿਆਂ ਏ.ਪੀ.ਓ (ਮਗਨਰੇਗਾ)ਸ੍ਰੀ.ਵਨੀਤ ਕੁਮਾਰ ਨੇ ਦੱਸਿਆ ਕਿ ਇਹ ਸਕੀਮ ਬਲਾਕ ਬੁਢਲਾਡਾ ਚ ਸਫਲਤਾਪੂਰਵਕ ਚਲਾਈ ਜਾ ਰਹੀ ਹੈ ਅਤੇ ਮਗਨਰੇਗਾ ਕਾਰਜਾਂ ਉਪਰ ਹੁਣ ਤੱਕ ਬਲਾਕ ਚ ਲੱਗਭੱਗ 6.50 ਕਰੋੜ ਰੁਪਏ ਦੀ ਰਾਸ਼ੀ ਖਰਚੀ ਜਾ ਚੁੱਕੀ ਹੈ। ਸਰਕਾਰ ਦੁਆਰਾ ਮਗਨਰੇਗਾ ਐਕਟ ਤਹਿਤ ਕੀਤੇ ਜਾਣ ਵਾਲੇ ਕੰਮਾਂ ਦੀ ਸੂਚੀ ਚ ਇਸ ਵਰੇ ਬਹੁਤ ਸਾਰੇ ਨਵੇਂ ਕੰਮ ਜੋੜੇ ਗਏ ਹਨ, ਜਿਵੇਂ ਪੰਚਾਇਤੀ ਖਾਲਾਂ ਦੀ ਸਫਾਈ,ਵਾਟਰ ਵਰਕਸਾਂ ਦੀ ਸਫਾਈ,ਨਹਿਰਾਂ ਸੂਇਆਂ ਦੀ ਸਫਾਈ ਅਤੇ ਉਨ੍ਹਾਂ ਦੀਆਂ ਪਟੜੀਆਂ ਬਣਾਉਣਾਂ,ਗਰੀਬ ਕਿਸਾਨਾਂ ਦੀਆਂ ਜਮੀਨਾਂ ਨੂੰ ਪੱਧਰਾਂ ਕਰਨਾਂ,ਪਿੰਡਾਂ ਅੰਦਰ ਖੇਡ ਸਟੇਡੀਅਮਾਂ ਦੀ ਉਸਾਰੀ ਆਦਿ ਕੰਮ ਸਕੀਮ ਅੰਦਰ ਨਵੇ ਸ਼ਾਮਿਲ ਕੀਤੇ ਗਏ ਹਨ ਜਿਨਾਂ ਨਾਲ ਪਿੰਡਾਂ ਦਾ ਚੋਤਰਫਾ ਵਿਕਾਸ ਹੋਵੇਗਾ।