... ’ਤੇ ਮਲਾੱਹ ਚਲਦੇ ਰਹੇ - ਪ੍ਰੋ. ਤਰਸਪਾਲ ਕੌਰ
Posted on:- 27-05-2013
ਚਿਮਨੀਆਂ ’ਚੋਂ ਉੱਠ ਰਿਹਾ ਧੂੰਆਂ ਆਕਾਸ਼ ’ਚ ਫੈਲਦਾ ਰਹਿੰਦਾ। ਧੂੰਏ ਦੇ ਬੱਦਲ ਆਸਮਾਨ ’ਚ ਚੰਨ ਨਾਲ ਲੁਕਣਮੀਟੀ ਖੇਡਣ ਲੱਗ ਜਾਂਦੇ। ਪੂਰੇ ਦਿਨ ਦੇ ਅਜਿਹੇ ਦੌਰ ਤੋਂ ਬਾਅਦ ਦੇਰ ਰਾਤ ਤੱਕ ਚਿੜੀਆਂ, ਜਨੌਰਾਂ ਨੂੰ ਸਾਹ ਲੈਣ ਲਈ ਸ਼ਾਇਦ ਸਾਫ਼ ਹਵਾ ਮਿਲਦੀ ਤੇ ਉਹ ਥੱਕੇ-ਟੁੱਟੇ ਸ਼ਾਂਤ ਹੋ ਕੇ ਆਪਣੇ ਆਲ੍ਹਣਿਆਂ ਵਿਚ ਵੜ ਜਾਂਦੇ। ਨਾਜ਼ੀ ਵੀ ਜਦੋਂ ਸ਼ਾਮ ਨੂੰ ਘਰ ਪਰਤਦੀ ਤਾਂ ਸ਼ਹਿਰ ਦੇ ਰੌਲੇ ਰੱਪੇ ਤੇ ਧੂੰਏ ਦੇ ਘਟਣ ਕਾਰਨ ਉਹਨੂੰ ਥੋੜ੍ਹੀ ਸ਼ਾਂਤੀ ਮਹਿਸੂਸ ਹੁੰਦੀ। ਕਦੇ ਉਹ ਇਹਨਾਂ ਉੱਡਦੇ ਧੂੰਏ ਦੇ ਬੱਦਲਾਂ ਵਿਚ ਆਪਣਾ ਅਤੀਤ, ਵਰਤਮਾਨ ਤੇ ਭਵਿੱਖ ਨੂੰ ਤਲਾਸ਼ਣ ਦਾ ਯਤਨ ਕਰਦੀ ਲੱਗਦੀ। ਫੈਕਟਰੀ ਤੋਂ ਪਰਤਦਿਆਂ ਉਹ ਥੱਕੇ ਟੁੱਟੇ ਸਰੀਰ ਨਾਲ ਚਾਹ ਬਣਾਉਂਦੀ ਤੇ ਫ਼ਿਰ ਅਖ਼ਬਾਰਾਂ ਤੇ ਰਸਾਲਿਆਂ ਨੂੰ ਵੇਖਦੀ। ਕਈ ਖ਼ਬਰਾਂ ਦਾ ਦੁਹਰਾ ਉਹਨੂੰ ਅਕਾ ਦਿੰਦਾ, ਉਹ ਮੋਟੀਆਂ-ਮੋਟੀਆਂ ਸੁਰਖ਼ੀਆਂ ਦੇਖ ਛੱਡਦੀ ਤੇ ਅਖ਼ਬਾਰ ਬੰਦ ਕਰਕੇ ਰਸਾਲਿਆਂ ਦੇ ਲੇਖਾਂ ਤੇ ਡੂੰਘੀ ਨਜ਼ਰ ਮਾਰਦੀ। ਜਦੋਂ ਰੁਖ਼ਸਾਨਾ ਆ ਜਾਂਦੀ ਤਾਂ ਦੋਵੇਂ ਰਾਤ ਦੀ ਰੋਟੀ ਤਿਆਰ ਕਰਨ ਲੱਗ ਪੈਂਦੀਆਂ। ਉਹ ਤੇ ਰੁਖ਼ਸਾਨਾ ਪਿਛਲੇ ਦਸ ਸਾਲਾਂ ਤੋਂ ਪੰਜਾਬ ’ਚ ਇਸੇ ਸ਼ਹਿਰ ’ਚ ਰਹਿ ਰਹੀਆਂ ਸਨ।
ਅੱਜ ਵੀ ਰੋਜ਼ ਵਾਂਗ ਸ਼ਾਮ ਨੂੰ ਨਾਜ਼ੀ ਘਰ ਵਾਪਿਸ ਆ ਰਹੀ ਸੀ ਤਾਂ ਰਸਤੇ ਵਿਚੋਂ ਉਹਨੇ ਕੁਝ ਫ਼ਲ ਤੇ ਸਬਜ਼ੀਆਂ ਖਰੀਦ ਲਏ। ਉਸਨੂੰ ਪਤਾ ਸੀ ਕਿ ਰੁਖ਼ਸਾਨਾ ਕੋਲ ਸਮਾਂ ਨਹੀਂ ਹੋਣਾ ਤੇ ਅੱਜ ਬਿਕਰਮ ਨੇ ਵੀ ਆਉਣਾ ਸੀ। ਆਖ਼ਿਰ ਅਜਿਹਾ ਵੀ ਕੀ ਸੀ ਕਿ ਬਿਕਰਮ ਕਹਿ ਰਿਹਾ ਸੀ, ਅੱਜ ਈ ਆਏਗਾ, ਕੋਈ ਖਾਸ ਗੱਲ ਕਰਨੀ ਹੈ। ਨਾਜ਼ੀ ਨੂੰ ਕੁਝ ਪਰੇਸ਼ਾਨੀ ਜਿਹੀ ਹੋ ਰਹੀ ਸੀ। ਅੱਗੇ ਉਹਨੇ ਅਜਿਹਾ ਕੁਝ ਵੀ ਨਹੀਂ ਕਿਹਾ ਸੀ, ਉਹ ਆਪਣੀ ਮਰਜ਼ੀ ਨਾਲ ਹੀ ਆਉਂਦਾ ਤੇ ਝੱਟ ਹੀ ਪਾਣੀ ਦਾ ਗਿਲਾਸ ਪੀ ਕੇ ਮੁੜ ਜਾਂਦਾ।
ਨਾਜ਼ੀ ਤੁਰਦਿਆਂ-ਤੁਰਦਿਆਂ ਇਹ ਸੋਚਦੀ ਆ ਰਹੀ ਸੀ ਕਿ ਇੰਨੇ ਸਾਲ ਉਹਨੂੰ ਪੰਜਾਬ ’ਚ ਰਹਿੰਦਿਆਂ ਬੀਤ ਗਏ, ਪਤਾ ਈ ਨਹੀਂ ਚਲਿਆ ਕਿ ਕਿਵੇਂ ਲੰਘ ਗਏ? ਫ਼ਿਰ ਉਹਦੇ ਮਨ ’ਚ ਅਜੀਬ ਗ਼ੁਭਾਟ ਉੱਠਦਾ ਤੇ ਉਹ ਸੋਚਣ ਲੱਗਦੀ ਕਿ ਰੁਖ਼ਸਾਨਾ ਜਾਂ ਬਿਕਰਮ ਸਿੰਘ ਨਾਲ ਉਹਦਾ ਅਜਿਹਾ ਕੀ ਰਿਸ਼ਤਾ ਹੋ ਸਕਦਾ ਹੈ ਜੋ ਉਹ ਉਹਦੀ ਜ਼ਿੰਦਗੀ, ਉਹਦੇ ਸਰੀਰ ਦਾ ਹਿੱਸਾ ਹੀ ਬਣ ਗਏ। ਸ਼ਾਇਦ ਜਿਹਨਾਂ ਬਿਨਾਂ ਜਿਉਣਾ ਹੁਣ ਅਸੰਭਵ ਹੋਵੇਗਾ। ਉਹਨੂੰ ਤੇ ਰੁਖ਼ਸਾਨਾ ਨੂੰ ਬਿਕਰਮ ਮਿਲਿਆ, ਜੀਹਨੇ ਉਹਨਾਂ ਦੀ ਜ਼ਿੰਦਗੀ ਨੂੰ ਨਵਾਂ ਮੋੜਾ ਦੇ ਦਿੱਤਾ। ਪਤਾ ਨਹੀਂ ਉਹ ਦੋਵੇਂ ਕਿੱਥੇ ਮਰ-ਖ਼ਪ ਗਈਆਂ ਹੁੰਦੀਆਂ। ਨਾਜ਼ੀ ਚਾਹੁੰਦੀ ਹੋਈ ਵੀ ਆਪਣੇ ਪਿਛੋਕੜ ਨੂੰ ਵਿਸਾਰ ਨਾ ਸਕਦੀ। ਨਾਜ਼ੀ ਪੁਰਾਣੀ ਦਿੱਲੀ ਦੇ ਇੱਕ ਪੰਜਾਬੀ ਪਰਿਵਾਰ ’ਚ ਜੰਮੀ ਸੀ।
ਉਹਨੇ ਬਚਪਨ ’ਚ ਹੀ ਸੁਣ ਲਿਆ ਸੀ ਕਿ ਉਹ ਇੱਕ ਵੇਸਵਾ ਦੀ ‘ਧੀ’ ਹੈ, ਜੀਹਨੂੰ ਪੰਜਾਬ ਤੋਂ ਗਿਆ ਹੋਇਆ ਇੱਕ ਟਰੱਕ ਡਰਾਈਵਰ ਸ਼ਾਇਦ ਦਿੱਲੀ ਦੇ ਆਸਿਉਂ-ਪਾਸਿਉਂ ਕਿਤੋਂ ਲੈ ਆਇਆ ਸੀ। ਉਹ ਪੁਰਾਣੀ ਦਿੱਲੀ ’ਚ ਹੀ ਕਿਸੇ ਮਿੱਤਰ ਦੀ ਸਹਾਇਤਾ ਨਾਲ ਵੱਸ ਗਏ ਸਨ। ਧੀ ਨੂੰ ਜਨਮ ਦੇ ਕੇ ਉਹਦੀ ਮੌਤ ਹੋ ਗਈ। ਪਿਉ ਨੇ ਨਾਜ਼ੀ ਨੂੰ ਸਤਾਰਾਂ-ਅਠਾਰਾਂ ਵਰ੍ਹਿਆਂ ਤੱਕ ਪਾਲ਼ਿਆ ਤੇ ਅੰਤ ਉਹ ਵੀ ਚੱਲ ਵਸਿਆ। ਨਾਜ਼ੀ ਦੀ ਮਾਂ ਦੀ ਕੋਈ ਦੂਰ ਦੀ ਰਿਸ਼ਤੇਦਾਰ ਔਰਤ ਲਾਲਚਵੱਸ ਨਾਜ਼ੀ ਨੂੰ ਆਪਣੇ ਨਾਲ ਲੈ ਗਈ ਤੇ ਉਹਨੂੰ ਉੱਥੇ ਹੀ ਸੁੱਟ ਦਿੱਤਾ, ਜਿਥੋਂ ਨਾਜ਼ੀ ਦੀ ਮਾਂ ਨੂੰ ਉਸਦਾ ਦਲੇਰ ਬਾਪ ਲੈ ਕੇ ਗਿਆ ਸੀ। ਇੱਥੇ ਹੀ ਨਾਜ਼ੀ ਨੂੰ ਰੁਖ਼ਸਾਨਾ ਮਿਲੀ ਤੇ ਦੋਨੋਂ ਬੜੀ ਚਾਲਾਕੀ ਨਾਲ ਉਸ ਬਦਨਾਮ-ਬਸਤੀ ’ਚੋਂ ਕਿਸੇ ਤਰ੍ਹਾਂ ਭੱਜ ਨਿਕਲੀਆਂ ਸਨ। ਉਹਨਾਂ ਨੇ ਕਿਸੇ ਤਰ੍ਹਾਂ ਨਵੀਂ ਦਿੱਲੀ ਦੇ ਸਟੇਸ਼ਨ ਤੋਂ ਪੰਜਾਬ ਵਾਲੀ ਗੱਡੀ ਫੜ ਲਈ। ਸ਼ਾਇਦ ਇਸ ਰੇਲ-ਗੱਡੀ ਨੇ ਉਹਨਾਂ ਦੇ ਜੀਵਨ ਦਾ ਰੁਖ਼ ਹੀ ਬਦਲ ਦਿੱਤਾ। ਇਸੇ ਗੱਡੀ ਵਿਚ ਹੀ ਉਹਨਾਂ ਦੀ ਮੁਲਾਕਾਤ ਬਿਕਰਮ ਨਾਲ ਹੋਈ ਸੀ। ਜਦੋਂ ਟਿਕਟ-ਚੈੱਕਰ ਉਹਨਾਂ ਦੋਹਾਂ ਜਣੀਆਂ ਨੂੰ ਟਿਕਟ ਦਿਖਾਉਣ ਲਈ ਕਹਿ ਰਿਹਾ ਸੀ ਪਰ ਉਹਨਾਂ ਕੋਲ ਟਿਕਟ ਨਹੀਂ ਸੀ ਤਾਂ ਬਿਕਰਮ ਨੇ ਉਹਨਾਂ ਦੇ ਮਜ਼ਬੂਰ ਚਿਹਰੇ ਦੇਖ ਕੇ ਉਹਨਾਂ ਨੂੰ ਟਿਕਟ ਲੈ ਕੇ ਦਿੱਤੀ। ਬਿਕਰਮ ਫ਼ੈਕਟਰੀ ਲਈ ਮਾਲ ਦੀ ਖਰੀਦੋ-ਫ਼ਰੋਖ਼ਤ ਸੰਬੰਧੀ ਦਿੱਲੀ ਗਿਆ ਹੋਇਆ ਸੀ। ਸੰਜੀਦਾ ਬਿਕਰਮ ਨੂੰ ਦੇਖਦਿਆਂ ਦੋਨੋਂ ਉਹਦੀ ਸਾਹਮਣੀ ਸੀਟ ’ਤੇ ਬੈਠ ਗਈਆਂ। ਬਿਕਰਮ ਦੇ ਰਵੱਈਏ ਤੋਂ ਪ੍ਰਭਾਵਿਤ ਹੋ ਕੇ ਨਾਜ਼ੀ ਤੇ ਰੁਖ਼ਸਾਨਾ ਨੇ ਆਪਣੀ ਸਾਰੀ ਵਿਥਿਆ ਉਸ ਕੋਲ ਬਿਆਨ ਕਰ ਦਿੱਤੀ।
ਜਦੋਂ ਬਿਕਰਮ ਲੁਧਿਆਣੇ ਆ ਕੇ ਉੱਤਰਿਆ ਤਾਂ ਦੋਹਾਂ ਲੜਕੀਆਂ ਕੋਲ ਕਿਸੇ ਪਾਸੇ ਜਾਣ ਦਾ ਕੋਈ ਵੀ ਠਿਕਾਣਾ ਨਹੀਂ ਸੀ। ਬਿਕਰਮ ਉਹਨਾਂ ਨੂੰ ਆਪਣੇ ਨਾਲ ਹੀ ਲੈ ਤੁਰਿਆ। ਭਾਵੇਂ ਲੜਕੀਆਂ ਇਸ ਪੱਚੀ-ਤੀਹ ਸਾਲ ਦੇ ਨੌਜਵਾਨ ਤੋਂ ਬਿਲਕੁਲ ਅਣਜਾਣ ਸਨ ਫ਼ਿਰ ਵੀ ਉਹ ਉਹਨਾਂ ਨੂੰ ਕੋਈ ਨੇਕ ਬੰਦਾ ਜਾਪ ਰਿਹਾ ਸੀ। ਉਹ ਬਿਕਰਮ ਨਾਲ ਤੁਰੀਆਂ ਗਈਆਂ। ਬਿਕਰਮ ਨੇ ਇੱਕ ਘਰ ਦਾ ਦਰਵਾਜ਼ਾ ਖੜਕਾਇਆ ਤੇ ਬਜ਼ੁਰਗ ਔਰਤ ਉਹਨਾਂ ਨੂੰ ਅੰਦਰ ਲੈ ਗਈ। ਬਾਅਦ ਵਿਚ ਆਪਣੀ ਮਾਂ ਨਾਲ ਦੋਨਾਂ ਕੁੜੀਆਂ ਦੀ ਉਹਨੇ ਜਾਣ-ਪਛਾਣ ਕਰਵਾਈ। ਅਗਲੇ ਦਿਨ ਬਿਕਰਮ ਨਾਜ਼ੀ ਤੇ ਰੁਖ਼ਸਾਨਾ ਨੂੰ ਏਸ ਮਕਾਨ ਵਿਚ ਛੱਡ ਗਿਆ ਸੀ ਜੋ ਕਿ ਉਹਦੇ ਕਿਸੇ ਨੇੜਲੇ ਜਾਣਕਾਰ ਦਾ ਸੀ। ਦਸ ਸਾਲਾਂ ਤੋਂ ਉਹ ਦੋਨੋਂ ਇਸੇ ਮਕਾਨ ਵਿਚ ਰਹਿ ਰਹੀਆਂ ਸਨ। ਬਿਕਰਮ ਨੇ ਹੀ ਉਹਨਾਂ ਦੋਹਾਂ ਨੂੰ ਉਸੇ ਫ਼ੈਕਟਰੀ ਵਿਚ ਨੌਕਰੀ ’ਤੇ ਵੀ ਲੁਆ ਦਿੱਤਾ ਸੀ ਜਿੱਥੇ ਉਹ ਆਪ ਕਈ ਵਰ੍ਹਿਆਂ ਤੋਂ ਨੌਕਰੀ ਕਰਦਾ ਸੀ। ਨਾਜ਼ੀ ਤੇ ਰੁਖ਼ਸਾਨਾ ਲਈ ਉਹ ਅਤਿਅੰਤ ਸਤਿਕਾਰ ਦਾ ਪਾਤਰ ਸੀ। ਉਹ ਜਦੋਂ ਵੀ ਉਹਨਾਂ ਦੇ ਘਰ ਆਉਂਦਾ, ਕੁਝ ਮਿੰਟ ਠਹਿਰਦਾ ਤੇ ਹੱਥ ਵਿਚ ਫੜਿਆ ਲਿਫ਼ਾਫ਼ਾ ਨਾਜ਼ੀ ਨੂੰ ਫੜਾ ਜਾਂਦਾ। ਉਸ ਲਿਫ਼ਾਫ਼ੇ ਵਿਚ ਅਖ਼ਬਾਰ, ਰਸਾਲੇ ਜਾਂ ਸਾਹਿਤਕ ਕਿਤਾਬਾਂ ਹੁੰਦੀਆਂ, ਜੋ ਕਿ ਨਾਜ਼ੀ ਨੂੰ ਵੀ ਬੇਹੱਦ ਪਸੰਦ ਸਨ। ਬਹੁਤੀ ਵਾਰੀ ਨਾਜ਼ੀ ਤੇ ਬਿਕਰਮ ਇਹਨਾਂ ਅਖ਼ਬਾਰਾਂ ਤੇ ਰਸਾਲਿਆਂ ਦੇ ਲੇਖਾਂ ’ਤੇ ਡੂੰਘੀ ਚਰਚਾ ਵੀ ਕਰਦੇ ਰਹਿੰਦੇ। ਨਾਜ਼ੀ ਨੂੰ ਪੜ੍ਹਨ ਦਾ ਸ਼ੌਕ ਹੋਣ ਕਰਕੇ ਉਹ ਬਿਕਰਮ ਨਾਲ ਕਈ ਵਾਰੀ ਭਖਦੇ ਮੁੱਦਿਆਂ ’ਤੇ ਬਹਿਸ ਛੇੜ ਲੈਂਦੀ। ਬਿਕਰਮ ਬੜਾ ਗੰਭੀਰ ਤੇ ਨੇਕ ਨੌਜਵਾਨ ਸੀ। ਉਹ ਗੱਲ ਕਰਨ ਵੇਲੇ ਨਾਜ਼ੀ ਜਾਂ ਰੁਖ਼ਸਾਨਾ ਵੱਲ ਬਹੁਤਾ ਜ਼ਿਆਦਾ ਨਾ ਤੱਕਦਾ। ਜੇ ਕਦੇ ਨਾਜ਼ੀ ਉਹਦੀਆਂ ਡੂੰਘੀਆਂ ਗੰਭੀਰ ਅੱਖਾਂ ਤੱਕ ਵੀ ਲੈਂਦੀ ਤਾਂ ਉਹ ਖ਼ੁਦ ਹੀ ਨੀਵੀਂ ਪਾ ਲੈਂਦੀ। ਉਹ ਆਪਣੀ ਗੱਲ ਮੁਕਾ ਕੇ ਛੇਤੀ ਨਾਲ ਮੁੜ ਜਾਂਦਾ। ਫ਼ੈਕਟਰੀ ਵਿਚ ਕੰਮ ਕਰਦੇ ਲੋਕਾਂ ਦੀਆਂ ਸਮੱਸਿਆਵਾਂ ਉਹਨੂੰ ਨਿੱਜੀ ਮਸਲਿਆਂ ਨਾਲੋਂ ਕਿਤੇ ਵੱਡੀਆਂ ਜਾਪਦੀਆਂ।
ਇੰਜ ਸੋਚਾਂ ਵਿਚ ਗੁਆਚੀ ਨਾਜ਼ੀ ਘਰ ਤੱਕ ਆ ਗਈ ਸੀ। ਅੱਜ ਲਗਭਗ ਇੱਕ ਮਹੀਨੇ ਬਾਅਦ ਬਿਕਰਮ ਨੇ ਆਉਣਾ ਸੀ। ਉਹ ਫ਼ੈਕਟਰੀ ਦੇ ਕੰਮ ਦੇ ਸੰਬੰਧ ਵਿਚ ਕਈ ਦਿਨਾਂ ਤੋਂ ਪੰਜਾਬ ਤੋਂ ਬਾਹਰ ਗਿਆ ਹੋਇਆ ਸੀ। ਨਾਜ਼ੀ ਘਰ ਆ ਕੇ ਰਸੋਈ ਵਿਚ ਸਬਜ਼ੀ ਤਿਆਰ ਕਰਨ ਲੱਗ ਪਈ, ਇੰਨੇ ’ਚ ਰੁਖ਼ਸਾਨਾ ਵੀ ਆ ਗਈ। ਛੇਤੀ ਨਾਲ ਉਹ ਆਪਣਾ ਬੈਗ ਤੇ ਦੁਪੱਟਾ ਸੁੱਟ ਕੇ ਬਾਲਕੋਨੀ ਵਿਚ ਆ ਕੇ ਖੜ੍ਹੀ ਹੋ ਗਈ।
‘‘ਦੇਖ ਤਾਂ ਨਾਜ਼ੀ... ਸ਼ਹਿਰ ਸ਼ਾਂਤ ਹੋ ਗਿਐ... ਧੂੰਆਂ ਵੀ ਹਟ ਗਿਐ, ਤੇ ਲਗਦਾ ਪੰਛੀ ਆਪਣੇ ਆਲ੍ਹਣਿਆਂ ਨੂੰ ਜਾ ਰਹੇ ਨੇ... ਜ਼ਰਾ ਬਾਹਰ ਆ ਕੇ ਤਾਂ ਦੇਖ...।’’ ਰੁਖ਼ਸਾਨਾ ਨੇ ਡੂੰਘਾ ਸਾਹ ਛੱਡਦੇ ਹੋਏ ਨਾਜ਼ੀ ਨੂੰ ਕਿਹਾ।
‘‘ਹਾਂ ਰੁਖ਼ਸਾਨਾ... ਜਿਵੇਂ ਆਪਾਂ ਆਪਣੇ ਆਲ੍ਹਣੇ ਪਰਤ ਆਈਆਂ... ਲੈ ਫੜ੍ਹ ਚਾਹ...।’’ ਨਾਜ਼ੀ ਨੇ ਚਾਹ ਦਾ ਕੱਪ ਉੱਥੇ ਹੀ ਆ ਕੇ ਉਹਨੂੰ ਦਿੰਦਿਆਂ ਕਿਹਾ।
‘‘ਕਿੱਥੇ ਜੰਮੀਆਂ, ਕਿੱਥੇ ਸੁਰਤ ਸੰਭਲੀ ਤੇ ਅਸਲੀ ਆਲ੍ਹਣਾ ਤਾਂ ਇੱਥੇ ਹੀ ਸੀ...।’’ ਨਾਜ਼ੀ ਨੇ ਲੰਮਾ ਹਉਕਾ ਲੈਂਦਿਆ ਕਿਹਾ।
‘‘ਤੈਨੂੰ ਜੰਮਣ ਵਾਲਿਆਂ ਦਾ ਤਾਂ ਤੈਨੂੰ ਫ਼ੇਰ ਵੀ ਪਤੈ... ਕੁਝ ਸਾਲ ਪਿਉ ਕੋਲ ਵੀ ਰਹੀ ਐਂ... ਪਰ ਮੈਨੂੰ ਤਾਂ ਜਣਦਿਆਂ ਦਾ ਕੁਸ਼ ਪਤਾ ਈ ਨਈਂ... ਕੀ ਪਤਾ ਉਸ ਬਸਤੀ ਦੀ ਜ਼ਨਾਨੀ ਨੂੰ ਕਿਸੇ ਕੂੜੇ ਦੇ ਢੇਰ ਤੋਂ ਮਿਲੀ ਹੋਵਾਂ... ਹੂੰ... ਰੁਖ਼ਸਾਨਾ ਹੋਵਾਂ ਜਾਂ ਰਾਮਦੇਈ... ਕੀ ਫ਼ਰਕ ਪੈਂਦਾ? ਹਾਂ, ਜੇ ਤੂੰ ਨਾਂ ਮਿਲੀ ਹੁੰਦੀ ਤਾਂ ਸ਼ਾਇਦ ਅੱਜ ਮੈਂ ਉਸੇ ਨਰਕ ’ਚ ਹੁੰਦੀ...।’’ ਰੁਖ਼ਸਾਨਾ ਨੇ ਰੁੱਖਾ ਜਿਹਾ ਜਵਾਬ ਦੇ ਕੇ ਗੱਲ ਪੂਰੀ ਕਰ ਦਿੱਤੀ ਤੇ ਮਗਰੋਂ ਅੱਖਾਂ ਵਿਚ ਆਏ ਹੰਝੂਆਂ ਨੂੰ ਸਮੇਟ ਵੀ ਲਿਆ। ਰੁਖ਼ਸਾਨਾ ਇੰਨੇ ਵਰ੍ਹਿਆਂ ’ਚ ਹੁਣ ਠੇਠ ਪੰਜਾਬੀ ਬੋਲਣ ਲੱਗ ਪਈ ਸੀ। ਨਾਜ਼ੀ ਵੀ ਕਈ ਵਾਰ ਹੈਰਾਨ ਹੋ ਜਾਂਦੀ।
‘‘ਹੁਣ ਕੁਝ ਨਾ ਸੋਚਿਆ ਕਰ ਮੇਰੀ ਭੈਣ... ਜਨਮ ਦੇਣ ਵਾਲਿਆਂ ਨਾਲੋਂ ਜ਼ਿੰਦਗੀ ਨੂੰ ਰਸਤੇ ਪਾਉਣ ਵਾਲੇ ਤੇ ਸਹਾਰਾ ਦੇਣ ਵਾਲੇ ਕਿਤੇ ਜ਼ਿਆਦਾ ਵੱਡੇ ਨੇ... ਇਹ ਸ਼ਿਕਵਾ ਛੱਡ ਦੇ... ਦੇਖ ਤਾਂ ਸਾਨੂੰ ਉਸ ਦਿਨ ਬਿਕਰਮ ਨਾ ਮਿਲਦਾ ਤਾਂ ਸ਼ਾਇਦ ਅਸੀਂ ਪਤਾ ਨਹੀਂ ਕਿੱਥੇ ਪਹੁੰਚੀਆਂ ਹੁੰਦੀਆਂ...।’’ ਨਾਜ਼ੀ ਨੇ ਮੱਥੇ ਨੂੰ ਢਿੱਲਾ ਛੱਡਦਿਆਂ ਦੂਰ ਅਸਮਾਨ ਵੱਲ ਦੇਖਦਿਆਂ ਕਿਹਾ। ਇੰਨੇ ਨੂੰ ਰੁਖ਼ਸਾਨਾ ਦੀ ਨਜ਼ਰ ਹੇਠਾਂ ਗਲੀ ਵਿਚ ਪਈ ਤਾਂ ਬਿਕਰਮ ਤੇ ਪ੍ਰਤਾਪ ਤੁਰੇ ਆਉਂਦੇ ਦਿਸੇ। ਪ੍ਰਤਾਪ ਵੀ ਬਿਕਰਮ ਦੀ ਹੀ ਫ਼ੈਕਟਰੀ ਵਿਚ ਨੌਕਰੀ ਕਰਦਾ ਸੀ। ਕਦੇ-ਕਦੇ ਉਹ ਵੀ ਨਾਜ਼ੀ ਤੇ ਰੁਖ਼ਸਾਨਾ ਨੂੰ ਲੋੜ ਪੈਣ ’ਤੇ ਕੋਈ ਨਾ ਕੋਈ ਚੀਜ਼-ਵਸਤ ਦੇ ਜਾਂਦਾ। ਕਈ ਵਾਰੀ ਪ੍ਰਤਾਪ ਦੀ ਮਾਂ ਵੀ ਨਾਜ਼ੀ ਹੋਰਾਂ ਕੋਲ ਗੇੜਾ ਮਾਰ ਜਾਂਦੀ। ਪਹਿਲਾਂ ਪਹਿਲ ਆਸ-ਪਾਸ ਦੇ ਲੋਕ ਨੌਜਵਾਨ ਲੜਕੀਆਂ ਦੇ ਇਕੱਲੇ ਰਹਿਣ ਬਾਰੇ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਕਰਦੇ। ਪਰ ਬਿਕਰਮ ਤੇ ਪ੍ਰਤਾਪ ਦੇ ਆਉਣ ਜਾਣ ਕਰਕੇ ਤੇ ਲੜਕੀਆਂ ਦੇ ਚੰਗੇ ਵਰਤਾਓ ਨੇ ਆਸ-ਪਾਸ ਦੇ ਲੋਕਾਂ ਦਾ ਨਜ਼ਰੀਆ ਬਦਲ ਦਿੱਤਾ।
ਨਾਜ਼ੀ ਨੇ ਹੇਠਾਂ ਆ ਕੇ ਦਰਵਾਜ਼ੇ ਦੀ ਕੁੰਡੀ ਖੋਲ੍ਹ ਦਿੱਤੀ। ਬਿਕਰਮ ਤੇ ਪ੍ਰਤਾਪ ਉੱਪਰ ਚੜ੍ਹ ਆਏ। ਰੁਖ਼ਸਾਨਾ ਬਿਕਰਮ ਤੋਂ ਬਹੁਤ ਝਿਪਦੀ ਸੀ ਸ਼ਾਇਦ ਉਹਨੂੰ ਬਿਕਰਮ ਦੀਆਂ ਵੱਡੀਆਂ ਅੱਖਾਂ ਤੋਂ ਡਰ ਲਗਦਾ ਸੀ ਜਿਵੇਂ ਕੁੜੀਆਂ ਆਪਣੇ ਬਾਪ ਜਾਂ ਵੱਡੇ ਭਰਾ ਤੋਂ ਡਰਦੀਆਂ ਹੋਣ। ਉਹ ਫ਼ਟਾਫ਼ਟ ਰਸੋਈ ਵਿਚ ਚਾਹ ਬਣਾਉਣ ਲੱਗ ਪਈ। ਉਹ ਤਿੰਨੋ ਬਾਹਰ ਬਾਲਕੋਨੀ ਵਿਚ ਪਈਆਂ ਕੁਰਸੀਆਂ ’ਤੇ ਬੈਠ ਗਏ। ਰੁਖ਼ਸਾਨਾ ਚਾਹ ਲੈ ਆਈ ਤੇ ਆਪ ਵੀ ਨਾਜ਼ੀ ਦੇ ਪਿਛਲੇ ਪਾਸੇ ਹੀ ਸਟੂਲ ’ਤੇ ਬੈਠ ਗਈ।
‘‘ਹਾਂ... ਨਾਜ਼ੀ... ਆਹ ਤੁਹਾਡੇ ਲਈ ਕੁਝ ਕਿਤਾਬਾਂ ਤੇ ਰਸਾਲੇ... ਜ਼ਰੂਰ ਪੜ੍ਹ ਲੈਣਾ...।’’ ਉਹਨੇ ਚਾਹ ਦਾ ਕੱਪ ਫੜ੍ਹਦਿਆਂ ਨਾਜ਼ੀ ਨੂੰ ਕਿਹਾ।
‘‘ਜੀ... ਜ਼ਰੂਰ ਪੜ੍ਹਾਂਗੀ... ਹਾਂ ਬਿਕਰਮ ਤੁਸੀਂ ਕਿਸੇ ਗੱਲ ਕਰਨ ਬਾਰੇ ਕਹਿ ਰਹੇ ਸੀ...’’ ਨਾਜ਼ੀ ਨੇ ਉਹਦੇ ਡੂੰਘੇ ਚਿਹਰੇ ਨੂੰ ਪੜ੍ਹਨ ਦੀ ਕੋਸ਼ਿਸ਼ ਵਿਚ ਕਿਹਾ।
‘‘ਹਾਂ... ਹਾਂ ਬੱਸ ਗੱਲ ਇਹੀ ਸੀ... ਮੈਂ ਤੇ ਪ੍ਰਤਾਪ ਰਸਤੇ ਵਿਚ ਆਉਂਦੇ ਵੀ ਸੋਚ ਰਹੇ ਸੀ ਕਿ ਕੁਝ ਦਿਨਾਂ ਦੇ ਅੰਦਰ ਹੀ ਮਜ਼ਦੂਰ ਯੂਨੀਅਨ ਦੀਆਂ ਰੈਲੀਆਂ ਕਰਨੀਆਂ ਨੇ, ਨਾਲੇ ਹੋਰ ਵੀ ਕਈ ਏਜੰਡੇ ਨੇ... ਫ਼ੈਕਟਰੀ ਕਾਮਿਆਂ ਦੀਆਂ ਮੰਗਾਂ ਲਟਕਦੀਆਂ ਹੀ ਆ ਰਹੀਆਂ ਨੇ... ਕੋਈ ਹੱਲ ਦੀਂਹਦਾ ਨਜ਼ਰ ਨਹੀਂ ਆਉਂਦਾ... ਤੈਨੂੰ ਤਾਂ ਪਤਾ ਨਾਜ਼ੀ... ਇੰਜ ਕੁਝ ਵੀ ਨਈਂ ਮਿਲਣਾ... ਤੁਸੀਂ ਤਾਂ ਤਿਆਰ ਈ ਓ ਨਾ ਸਾਡੇ ਨਾਲ... ਸੰਘਰਸ਼ ਲਈ...।’’ ਬਿਕਰਮ ਨੇ ਬੜੇ ਠਰ੍ਹੰਮੇ ਨਾਲ ਨਾਜ਼ੀ ਨੂੰ ਗੱਲ ਸਮਝਾਈ।
‘‘ਹਾਂ... ਹਾਂ ਬਿਕਰਮ ਕਿਉਂ ਨਹੀਂ... ਅੱਜ ਮੇਰੀ ਦੂਜੇ ਵਰਕਰਾਂ ਨਾਲ ਵੀ ਗੱਲ ਹੋਈ ਸੀ ਪਰ ਤੁਸੀਂ ਬਾਹਰ ਗਏ ਹੋਏ ਸੀ... ਚੰਗਾ ਹੋਇਆ ਤੁਸੀਂ ਆ ਗਏ...।’’ ਨਾਜ਼ੀ ਅਜਿਹੇ ਮੁੱਦਿਆਂ ’ਤੇ ਗੱਲ ਕਰਨ ਵੇਲੇ ਅਕਸਰ ਹੀ ਜੋਸ਼ੀਲੀ ਹੋ ਜਾਂਦੀ ਤੇ ਉਹਦੇ ਗੋਰੇ ਚਿਹਰੇ ਦਾ ਰੰਗ ਹੋਰ ਵੀ ਲਾਲ ਹੋ ਜਾਂਦਾ। ਬਿਕਰਮ ਉਹਦੇ ਵੱਲ ਰਤਾ ਕੁ ਦੇਖ ਕੇ ਆਪਣਾ ਧਿਆਨ ਹਟਾ ਲੈਂਦਾ। ਅੱਜ ਨਾਜ਼ੀ ਨੂੰ ਲੱਗ ਰਿਹਾ ਸੀ ਕਿ ਬਿਕਰਮ ਨੇ ਅਸਲ ਵਿਚ ਕੋਈ ਹੋਰ ਗੱਲ ਕਹਿਣੀ ਸੀ ਤੇ ਉਹਨੇ ਯੂਨੀਅਨ ਦੀਆਂ ਗੱਲਾਂ ਹੀ ਛੇੜ ਲਈਆਂ। ਕੁਝ ਥੱਕਿਆ ਜਿਹਾ ਤੇ ਉਹਦੀ ਸਿਹਤ ਕੁਝ ਠੀਕ ਨਹੀਂ ਲੱਗ ਰਹੀ ਸੀ।
‘‘ਕੀ ਗੱਲ ਪ੍ਰਤਾਪ... ਬਿਕਰਮ ਦੀ ਸਿਹਤ ਕੁਝ ਠੀਕ ਨਹੀਂ ਲੱਗ ਰਹੀ... ਸਫ਼ਰ ਦੀ ਥਕਾਵਟ ਜਾਂ ਕੋਈ ਹੋਰ ਕਾਰਨ... ਇਹਨਾਂ ਨੂੰ ਆਰਾਮ ਕਰਨਾ ਚਾਹੀਦਾ ਹੁਣ ਕੁਝ ਦਿਨ...।’’ ਨਾਜ਼ੀ ਨੇ ਬਿਕਰਮ ਦੀ ਸਿਹਤ ਬਾਰੇ ਚਿੰਤਾ ਜਿਤਾਉਂਦਿਆਂ ਪ੍ਰਤਾਪ ਤੋਂ ਪੁੱਛਿਆ।
‘‘ਨਹੀਂ ਨਾਜ਼ੀ... ਥਕਾਵਟ ਤੇ ਹਲਕਾ ਜਿਹਾ ਬੁਖਾਰ ਈ ਐ... ਮੈਂ ਤਾਂ ਕਿਹਾ ਸੀ ਭਾਈ ਆਰਾਮ ਕਰ ਲੈ... ਪਰ ਇਹਦੇ ਕੰਮ ਈ ਆਰਾਮ ਨਹੀਂ ਲੈਣ ਦਿੰਦੇ ਇਹਨੂੰ...।’’ ਪ੍ਰਤਾਪ ਨੇ ਵੀ ਨਾਜ਼ੀ ਦੀ ਸਲਾਹ ਦੀ ਪ੍ਰੋੜ੍ਹਤਾ ਕਰਦਿਆਂ ਕਿਹਾ। ਬਿਕਰਮ ਕੁਰਸੀ ਤੇ ਢੋਅ ਲਗਾ ਕੇ ਆਰਾਮ ਨਾਲ ਚਾਹ ਪੀ ਰਿਹਾ ਸੀ, ਉਸਨੇ ਕੋਈ ਪ੍ਰਤੀਕਿਰਿਆ ਨਾ ਕੀਤੀ।
‘‘ਹਾਂ ਨਾਲੇ ਮੈਂ ਇਹਨੂੰ ਕਹਿਨਾਂ... ਬਈ ਵਿਆਹ ਕਰਾ ਲੈ ਹੁਣ... ਬੁੱਢੀ ਮਾਂ ਕਿੰਨਾ ਕੁ ਚਿਰ ਰੋਟੀਆਂ ਪਕਾਊਗੀ... ਛੱਤੀ-ਸੈਂਤੀ ਵਰ੍ਹਿਆਂ ਦਾ ਹੋ ਗਿਐ... ਛੋਟੇ ਭਾਈ ਤੈਨੂੰ ਮਸ਼ਵਰਾ ਈ ਦੇ ਸਕਦੇ ਆ ਵੀਰ ਮੇਰਿਆ... ਬਾਕੀ ਹਰ ਕੰਮ ’ਚ ਅਸੀਂ ਸਾਰੇ ਹੈਗੇ ਤੇਰਾ ਸਾਥ ਦੇਣ ਲਈ...। ਪ੍ਰਤਾਪ ਨੇ ਬਿਕਰਮ ਨੂੰ ਬੜੀ ਅਪਣੱਤ ਨਾਲ ਕਿਹਾ ਸੀ।
‘‘ਬਿਲਕੁਲ ਠੀਕ ਕਿਹਾ ਪ੍ਰਤਾਪ ਨੇ... ਬਿਕਰਮ ਤੁਸੀਂ ਵਿਆਹ ਕਰਾ ਲਉ... ਬੇਜੀ ਨੂੰ ਵੀ ਆਰਾਮ ਕਰਨ ਦਿਉ... ਸਾਡੇ ਵਰਗੇ ਲੋਕਾਂ ਬਾਰੇ ਤੁਸੀਂ ਇੰਨਾ ਸੋਚਿਆ ਹੈ... ਤੇ ਆਪਣੇ ਆਪ ਬਾਰੇ ਕਿਉਂ ਨਹੀਂ ਸੋਚਦੇ ਕੁਝ? ਨਾਜ਼ੀ ਨੇ ਸਿਰ ਝੁਕਾਉਂਦਿਆਂ ਉਹਨੂੰ ਨਸੀਹਤ ਦਿੱਤੀ ਸੀ। ਬਿਕਰਮ ਨਾਜ਼ੀ ਦੀਆਂ ਗਹਿਰੀਆਂ ਅੱਖਾਂ ਦੇਖ ਕੇ ਪਹਿਲਾਂ ਤਾਂ ਚੁੱਪ ਹੋ ਗਿਆ। ਨਾਜ਼ੀ ਦੀਆਂ ਅੱਖਾਂ ਵਿਚ ਆਏ ਹੰਝੂ ਉਹਨੂੰ ਤੜਪਾ ਦਿੰਦੇ।
‘‘ਇੰਜ ਨਾ ਕਿਹਾ ਕਰੋ ਨਾਜ਼ੀ... ਮੈਨੂੰ ਲਗਦਾ.. ਤੁਸੀਂ ਸਾਰੇ ਮੇਰੀ ਜ਼ਿੰਦਗੀ ’ਚ ਆਏ ਹੋ... ਤਾਂ ਹੀ ਮੈਂ ਆਪਣੇ ਆਪ ਨੂੰ ਪੂਰਾ ਮਹਿਸੂਸ ਕਰਨ ਲੱਗਿਆ ਹਾਂ... ਨਹੀਂ ਤਾਂ ਸ਼ਾਇਦ ਮੈਂ ਵੀ ਨਾ ਕੁਝ ਕਰ ਪਾਉਂਦਾ... ਤੁਹਾਡੇ ਤੋਂ ਹੀ ਤਾਕਤ ਮਿਲਦੀ ਐ ਮੈਨੂੰ... ਤੇ ਮੇਰੇ ਲਈ ਤਾਂ ਮੇਰੇ ਕਾਮਿਆਂ ਦੀਆਂ ਮੁਸ਼ਕਿਲਾਂ ਮੇਰੀ ਆਪਣੀ ਜ਼ਿੰਦਗੀ ਨਾਲੋਂ ਕਿਤੇ ਵੱਧ ਅਹਿਮ ਨੇ...।’’ ਬਿਕਰਮ ਨੇ ਇਹ ਕਹਿੰਦਿਆਂ ਨਾਜ਼ੀ ਦੀਆਂ ਗਹਿਰੀਆਂ ਅੱਖਾਂ ’ਚ ਏਨੀ ਅਪਣੱਤ ਨਾਲ ਦੇਖਿਆ ਤੇ ਨਾਜ਼ੀ ਨੇ ਆਪਣੀਆਂ ਅੱਖਾਂ ਨੀਵੀਆਂ ਕਰ ਲਈਆਂ। ਉਹਨੇ ਰੁਖ਼ਸਾਨਾ ਨੂੰ ਕਿਹਾ ਕਿ ਛੇਤੀ ਨਾਲ ਖਾਣਾ ਤਿਆਰ ਕਰ ਲਵੇ ਪਰ ਬਿਕਰਮ ਤੇ ਪ੍ਰਤਾਪ ਨੇ ਨਾਂਹ ਕਰ ਦਿੱਤੀ। ਬਿਕਰਮ ਗੰਭੀਰ ਮੁਦਰਾ ’ਚ ਬੈਠਾ ਕੁਝ ਸੋਚ ਰਿਹਾ ਸੀ, ਇੰਨੇ ’ਚ ਨਾਜ਼ੀ ਨੇ ਕੁਝ ਫ਼ਲ ਕੱਟ ਕੇ ਉਹਦੇ ਸਾਹਮਣੇ ਕਰ ਦਿੱਤੇ। ਪ੍ਰਤਾਪ ਫ਼ਲ ਖਾਣ ਲੱਗ ਪਿਆ ਪਰ ਬਿਕਰਮ ਨੇ ਖਾਣ ਦੀ ਇੱਛਾ ਨਾ ਜਿਤਾਈ।
‘‘ਤੁਸੀਂ ਇੰਜ ਉਦਾਸ ਜਿਹੇ ਬੈਠੇ ਚੰਗੇ ਨਹੀਂ ਲਗਦੇ... ਤੇ ਨਾਲੇ ਜੇ ਕੋਈ ਗੱਲ ਹੈ ਤਾਂ ਸਾਂਝੀ ਕਿਉਂ ਨਹੀਂ ਕਰ ਲੈਂਦੇ...।’’ ਨਾਜ਼ੀ ਨੇ ਬੜੇ ਚਿੰਤਿਤ ਸੁਰ ਵਿਚ ਕਿਹਾ। ਪਰ ਬਿਕਰਮ ਕਿਸੇ ਡੂੰਘੇ ਵਿਚਾਰ ’ਚ ਉਤਰਿਆ ਹੋਇਆ ਸੀ।
‘‘ਯਾਰ ਬਿਕਰਮ... ਕਿਉਂ ਸਾਰਿਆਂ ਨੂੰ ਚਿੰਤਾ ’ਚ ਪਾਇਐ... ਜੇ ਇਹੀ ਸਿਸਟਮ ਦੀ ਸਮੱਸਿਆ ਤਾਂ ਅਸੀਂ ਵੀ ਸਾਰੇ ਤੇਰੇ ਨਾਲ ਈ ਆਂ... ਕੋਈ ਹੋਰ ਗੱਲ ਐ ਜੇ ਮਨ ’ਚ ਤਾਂ ਛੇਤੀ ਦੱਸ... ਓ ਨਾਲੇ ਨਾਜ਼ੀ ਬੜੀ ਚਿੰਤਾ ’ਚ ਐ ਬਈ... ਦੱਸ ਤਾਂ ਯਾਰ...।’’ ਪ੍ਰਤਾਪ ਨੇ ਆਪਣੇ ਦੋਸਤਾਨਾ ਲਹਿਜ਼ੇ ਵਿਚ ਕਿਹਾ। ਨਾਜ਼ੀ ਸ਼ਰਮਾ ਗਈ ਸੀ ਤੇ ਉੱਠ ਕੇ ਰੁਖ਼ਸਾਨਾ ਕੋਲ ਰਸੋਈ ਵਿਚ ਚਲੀ ਗਈ। ਪ੍ਰਤਾਪ ਤੇ ਬਿਕਰਮ ਜਾਣ ਲਈ ਖੜ੍ਹੇ ਹੋਏ ਤਾਂ ਰਸੋਈ ’ਚੋਂ ਬਾਹਰ ਆ ਕੇ ਨਾਜ਼ੀ ਕਹਿਣ ਲੱਗੀ...।
‘‘ਬਿਕਰਮ ਇਸ ਮਕਾਨ ਦੇ ਕਿਰਾਏ ਬਾਰੇ ਤੁਸੀਂ ਕਦੇ ਕੁਝ ਨਹੀਂ ਦੱਸਿਆ... ਆਖ਼ਿਰ...।’’
‘‘ਓ ਹੋ ਨਾਜ਼ੀ... ਭਲਾ ਕਿਉਂ ਫ਼ਿਕਰਾਂ ’ਚ ਪਏ ਰਹਿੰਨੇ ਓਂ... ਏਨੇ ਸਾਲ ਹੋ ਗਏ, ਕਦੇ ਤੁਹਾਨੂੰ ਕਿਸੇ ਨੇ ਪੁੱਛਿਆ... ਇਹ ਮਕਾਨ ਮੈਂ ਹੀ ਗਹਿਣੇ ਤੇ ਲਿਆ ਹੋਇਐ... ਮੈਂ ਛੇਤੀ ਇਹਦੀ ਰਜਿਸਟਰੀ ਹੀ ਕਰਵਾ ਦਿਆਂਗਾ।’’ ਬਿਕਰਮ ਨੇ ਨਾਜ਼ੀ ਦਾ ਵਾਕ ਪੂਰਾ ਹੋਣ ਤੋਂ ਪਹਿਲਾਂ ਹੀ ਸਾਰਾ ਕੁਝ ਕਹਿ ਦਿੱਤਾ।
‘‘ਪਰ ਇਸ ਤਰ੍ਹਾਂ...।’’ ਨਾਜ਼ੀ ਥੋੜ੍ਹਾ ਝਿਜਕ ਕੇ ਕੁਝ ਕਹਿਣ ਦਾ ਯਤਨ ਕਰ ਰਹੀ ਸੀ। ‘‘ਪਰ... ਪੁਰ ਕੁਸ਼ ਨੀਂ... ਠੀਕ?’’ ਬਿਕਰਮ ਨੇ ਆਪਣੀਆਂ ਵੱਡੀਆਂ-ਵੱਡੀਆਂ ਅੱਖਾਂ ਨਾਲ ਨਾਜ਼ੀ ਨੂੰ ਇੱਕੋ ਵਾਕ ਵਿਚ ਸਾਰਾ ਕੁਝ ਸਮਝਾ ਦਿੱਤਾ ਤੇ ਉਹ ਇੱਕਦਮ ਠਠੰਬਰ ਕੇ ਚੁੱਪ ਕਰ ਗਈ। ਬਿਕਰਮ ਤੇ ਪ੍ਰਤਾਪ ਦੇ ਜਾਣ ਮਗਰੋਂ ਨਾਜ਼ੀ ਤੇ ਰੁਖ਼ਸਾਨਾ ਦੇਰ ਰਾਤ ਤੱਕ ਬਿਕਰਮ ਦੀਆਂ ਗੱਲਾਂ ਕਰਦੀਆਂ ਰਹੀਆਂ। ਨਾਜ਼ੀ ਨੂੰ ਬਿਕਰਮ ਦੀ ਉਦਾਸੀ ਤੇ ਚੁੱਪ ਅੰਦਰੋਂ ਤੋੜ-ਤੋੜ ਖਾ ਰਹੀ ਸੀ। ਬਿਕਰਮ ਦੀ ਖ਼ਰਾਬ ਸਿਹਤ ਨੂੰ ਦੇਖ ਕੇ ਉਹਨੂੰ ਚੈਨ ਨਹੀਂ ਆ ਰਹੀ ਸੀ। ਪਤਾ ਨਹੀਂ ਕੀ ਰਿਸ਼ਤਾ ਸੀ ਬਿਕਰਮ ਦੇ ਉਹਦੇ ਨਾਲ। ਕਦੇ ਉਹਨੂੰ ਬਿਕਰਮ ਕੋਈ ਦੇਵਤਾ ਜਾਪਦਾ ਤੇ ਕਦੇ ਕੋਈ ਯੁੱਗ ਪੁਰਸ਼।
ਅਗਲੇ ਦਿਨ ਯੂਨੀਅਨ ਦੀ ਹੜਤਾਲ ਸੀ। ਨਾਜ਼ੀ ਤੇ ਬਿਕਰਮ ਹਮੇਸ਼ਾ ਹੀ ਯੂਨੀਅਨ ਦੀਆਂ ਗਤੀਵਿਧੀਆਂ ਵਿਚ ਸਰਗਰਮ ਰੋਲ ਅਦਾ ਕਰਦੇ ਸਨ। ਉਸ ਦਿਨ ਫ਼ੈਕਟਰੀ ਵਿਚ ਵੀ ਹੜਤਾਲ ਹੋਣ ਕਾਰਨ ਕੰਮ ਬੰਦ ਹੋ ਗਿਆ ਸੀ। ਨਾਜ਼ੀ ਤੇ ਬਿਕਰਮ ਨੂੰ ਮੈਨੇਜਿੰਗ ਡਾਇਰੈਕਟਰ ਨੇ ਬੁਲਾਇਆ ਤਾਂ ਨਾਜ਼ੀ ਦੀਆਂ ਠੋਸ ਦਲੀਲਾਂ ਸੁਣਨ ਲਈ ਉਹ ਮਜ਼ਬੂਰ ਹੋ ਗਿਆ। ਬਿਕਰਮ ਨਾਜ਼ੀ ਤੋਂ ਬੇਹੱਦ ਪ੍ਰਭਾਵਿਤ ਹੋਇਆ ਸੀ। ਨਾਜ਼ੀ ਤੇ ਰੁਖ਼ਸਾਨਾ ਸਦਾ ਹੀ ਬਿਕਰਮ ਦਾ ਹਰ ਕੰਮ ਵਿਚ ਸਾਥ ਦਿੰਦੀਆਂ। ਬਿਕਰਮ ਪੂਰੇ ਇਲਾਕੇ ਵਿਚ ਯੂਨੀਅਨ ਦੇ ਸਰਗਰਮ ਵਰਕਰ, ਚੰਗੇ ਬੁਲਾਰੇ ਤੇ ਆਦਰਸ਼ ਵਿਅਕਤੀ ਵਜੋਂ ਜਾਣਿਆ ਜਾਂਦਾ ਸੀ। ਪਰ ਅੱਜ ਫ਼ੇਰ ਬਿਕਰਮ ਦੀ ਖ਼ਰਾਬ ਸਿਹਤ ਦੇਖ ਕੇ ਹੋਰ ਵੀ ਫ਼ਿਕਰ ਵੱਢ-ਵੱਢ ਖਾਣ ਲੱਗ ਪਿਆ ਤੇ ਉਹਨੇ ਘਰ ਪਰਤਦਿਆਂ ਹੀ ਪ੍ਰਤਾਪ ਨੂੰ ਫ਼ੋਨ ਕੀਤਾ ਸੀ ਕਿ ਛੇਤੀ ਤੋਂ ਛੇਤੀ ਬਿਕਰਮ ਦਾ ਕਿਸੇ ਚੰਗੇ ਹਸਪਤਾਲ ਵਿਚ ਚੈੱਕਅਪ ਕਰਵਾਇਆ ਜਾਵੇ। ਇੱਕ ਬਿਕਰਮ ਸੀ ਕਿ ਕਿਸੇ ਦੀ ਗੱਲ ਸੁਣਨ ਨੂੰ ਤਿਆਰ ਹੀ ਨਾ ਹੁੰਦਾ। ਨਾਜ਼ੀ ਤੇ ਰੁਖ਼ਸਾਨਾ ਬਿਕਰਮ ਦੇ ਘਰ ਗਈਆਂ ਤਾਂ ਬੇਜੀ ਵੀ ਬਿਕਰਮ ਦਾ ਫ਼ਿਕਰ ਕਰਦੀ ਅੱਧੀ ਹੋ ਗਈ ਸੀ। ਉਹ ਨਾਜ਼ੀ ਹੋਰਾਂ ਨਾਲ ਢਿੱਡ ਫ਼ੋਲ ਲੈਂਦੀ ਤੇ ਕਹਿੰਦੀ।
‘‘ਧੀਏ... ਮੈਂ ਤਾਂ ਚਾਹੁੰਦੀ ਸੀ ਕਿ ਮੇਰੇ ਬੈਠੀ-ਬੈਠੀ ਬਿਕਰਮ ਵੀ ਘਰ ਵਸਾ ਲੈਂਦਾ... ਸੁੱਖ ਨਾਲ ਏਨਾ ਅਕਲਮੰਦ ਐ... ਪਰ.. ਆਹ.. ਸਿਹਤ ਵੀ ਦਿਨੋ ਦਿਨ ਖ਼ਰਾਬ ਕਰੀ ਜਾਂਦਾ... ਕਹਿੰਦਾ ਦਿਖਾਇਆ ਡਾਕਟਰ ਨੂੰ... ਧੀਏ ਤੁਸੀਂ ਖਿਆਲ ਕਰੋ ਸਾਰੇ ਇਹਦਾ... ਦਿਨ ਰਾਤ ਚੈਨ ਨਈਂ ਮਿਲਦੀ ਇਹਨੂੰ...।’’ ਬੇਜੀ ਦੇ ਇਹਨਾਂ ਸ਼ਬਦਾਂ ਵਿਚ ਅੰਤਾਂ ਦਾ ਫ਼ਿਕਰ ਸੀ। ਬੇਜੀ ਨੂੰ ਮਿਲਣ ਤੋਂ ਬਾਅਦ ਨਾਜ਼ੀ ਹੋਰ ਵੀ ਜ਼ਿਆਦਾ ਉਦਾਸ ਹੋ ਗਈ ਤੇ ਉਹ ਘਰ ਮੁੜ ਆਈਆਂ।
ਕੁਝ ਦਿਨਾਂ ਬਾਅਦ ਨਾਜ਼ੀ ਤੇ ਰੁਖ਼ਸਾਨਾ ਸ਼ਾਮ ਨੂੰ ਘਰ ਪਹੰੁਚੀਆਂ ਹੀ ਸਨ ਕਿ ਅਚਾਨਕ ਬਿਕਰਮ ਆ ਗਿਆ। ਨਾਜ਼ੀ ਉਹਨੂੰ ਇੱਕਦਮ ਵੇਖ ਕੇ ਹੈਰਾਨ ਹੋ ਗਈ। ਉਹ ਬੈਠਕ ਵਿਚ ਬੈਠ ਗਏ ਤੇ ਰੁਖ਼ਸਾਨਾ ਚਾਹ ਬਣਾਉਣ ਲੱਗ ਪਈ। ਰੁਖ਼ਸਾਨਾ ਨੂੰ ਕਈ ਵਾਰੀ ਉਹਨਾਂ ਦੋਹਾਂ ਦੀ ਡੂੰਘੀ ਫ਼ਿਲਾਸਫ਼ੀ ਸਮਝ ’ਚ ਨਾ ਪੈਂਦੀ ਤੇ ਉਹ ਰਸੋਈ ਦਾ ਕੰਮ ਕਰਨ ਲੱਗ ਜਾਂਦੀ।
‘‘ਬਿਕਰਮ ਕੀ ਤੁਸੀਂ... ਕਿਸੇ ਚੰਗੇ ਡਾਕਟਰ ਨੂੰ ਦਿਖਾਇਆ?’’ ਬਿਕਰਮ ਦੇ ਆਉਂਦਿਆਂ ਹੀ ਨਾਜ਼ੀ ਦਾ ਪਹਿਲਾ ਸਵਾਲ ਇਹੀ ਸੀ।
‘‘ਹਾਂ ਨਾਜ਼ੀ... ਚੈੱਕਅਪ ਕਰਵਾਇਆ ਹੋਇਐ... ਚਲ ਰਿਹੈ ਇਲਾਜ਼... ਪਰ ਤੁਸੀਂ ਸਾਰੇ ਇੰਨਾ ਫ਼ਿਕਰ ਕਿਉਂ ਕਰਦੇ ਓਂ ਮੇਰਾ... ਉਧਰ ਉਹ ਪ੍ਰਤਾਪ, ਮੈਨੂੰ ਟਿਕਣ ਈ ਨੀ ਦਿੰਦਾ ਕਿਸੇ ਵੇਲੇ... ਹਰ ਵੇਲੇ ਉਹਦੀ ਚਿੰਤਾ... ਹੈਰਾਨ ਆਂ ਮੈਂ ਥੋਡੇ ਤੇ...।’’ ਬਿਕਰਮ ਉਹਨੂੰ ਸਮਝਾਉਂਦਾ ਤੇ ਤਸੱਲੀ ਦਿੰਦਾ ਹੋਇਆ ਕਹਿ ਰਿਹਾ ਸੀ। ਪਰ ਅੱਜ ਉਹਦੇ ਸ਼ਬਦਾਂ ’ਚ ਅੰਤਾਂ ਦਾ ਗਹਿਰਾ ਦਰਦ ਸੀ। ਜਿਵੇਂ ਉਹ ਭਰੇ ਹੋਏ ਗ਼ੱਚ ਨਾਲ ਬੋਲ ਰਿਹਾ ਹੋਵੇ। ਰੁਖ਼ਸਾਨਾ ਚਾਹ ਲੈ ਆਈ ਤੇ ਕੱਪਾਂ ਵਿਚ ਪਾਉਣ ਲੱਗ ਪਈ। ਬਿਕਰਮ ਨੇ ਨਾਜ਼ੀ ਵੱਲ ਇੰਝ ਦੇਖਿਆ ਤੇ ਨਾਜ਼ੀ ਨੂੰ ਇੰਝ ਜਾਪਿਆ ਜਿਵੇਂ ਉਹਦੇ ਕੋਈ ਹੌਲ ਪੈ ਗਿਆ ਹੋਵੇ। ਬਿਕਰਮ ਉਹਨੂੰ ਬੇਵੱਸ ਤੇ ਉਦਾਸ ਜਾਪਿਆ ਸੀ। ਨਾਜ਼ੀ ਨੂੰ ਪਤਾ ਸੀ ਕਿ ਬਿਕਰਮ ਕਈ ਦਿਨਾਂ ਤੋਂ ਕੁਝ ਕਹਿਣਾ ਚਾਹੰੁਦਾ ਹੈ ਪਰ ਕਹਿ ਨਹੀਂ ਪਾ ਰਿਹਾ। ਸ਼ਾਇਦ ਉਸ ਦਿਨ ਵੀ ਹੋਰ ਗੱਲਾਂਬਾਤਾਂ ਕਰਕੇ ਹੀ ਵਾਪਿਸ ਚਲਾ ਗਿਆ ਸੀ।
ਰੁਖ਼ਸਾਨਾ ਨੇ ਚਾਹ ਦਾ ਕੱਪ ਬਿਕਰਮ ਨੂੰ ਫੜਾ ਦਿੱਤਾ। ਅੱਜ ਦਸ ਸਾਲਾਂ ਵਿਚ ਪਹਿਲੀ ਵਾਰ ਸੀ ਕਿ ਬਿਕਰਮ ਬਿਨਾਂ ਝਿਜਕ ਤੇ ਬਿਨਾਂ ਸੰਕੋਚ ਦੇ ਲਗਾਤਾਰ ਨਾਜ਼ੀ ਨੂੰ ਤੱਕ ਰਿਹਾ ਸੀ। ਨਾਜ਼ੀ ਉਹਨੂੰ ਵੇਖ ਕੇ ਹੈਰਾਨ ਹੋ ਗਈ ਸੀ। ਉਹਨੂੰ ਅੱਜ ਬਿਕਰਮ ਨੀਲੇ ਰੰਗ ਦੀ ਧਾਰੀਦਾਰ ਕਮੀਜ਼ ਤੇ ਕਾਲੀ ਪੈਂਟ ਵਿਚ ਬੇਹੱਦ ਗੰਭੀਰ ਤੇ ਬਹੁਤ ਖੂਬਸੂਰਤ ਵੀ ਜਾਪ ਰਿਹਾ ਸੀ। ਇਸ ਤੋਂ ਪਹਿਲਾਂ ਨਾਜ਼ੀ ਦੀ ਵੀ ਉਸਨੂੰ ਇੰਜ ਤੱਕਣ ਦੀ ਕਦੇ ਹਿੰਮਤ ਨਹੀਂ ਪਈ ਸੀ। ਅੱਜ ਅਜਿਹਾ ਕੀ ਸੀ ਕਿ ਉਹ ਵੀ ਲਗਾਤਾਰ ਅੱਖਾਂ ਰਾਹੀਂ ਸਵਾਲ ਕਰਦਾ ਨਜ਼ਰ ਆ ਰਿਹਾ ਸੀ। ਰੁਖ਼ਸਾਨਾ ਸੋਚ ਰਹੀ ਸੀ ਕਿ ਅਜਿਹਾ ਕੀ ਹੋ ਗਿਆ ਹੈ ਕਿ ਬਿਕਰਮ ਵਿਚ ਅਜਿਹਾ ਬਦਲਾਵ ਆ ਗਿਆ ਹੈ। ਉਹ ਨਾਜ਼ੀ ਨੂੰ ਵੀ ਹੈਰਾਨੀ ਨਾਲ ਦੇਖ ਰਹੀ ਸੀ। ਅਚਾਨਕ ਚਾਹ ਦਾ ਕੱਪ ਮੇਜ਼ ’ਤੇ ਰੱਖਦਿਆਂ ਬਿਕਰਮ ਨੇ ਚੁੱਪ ਤੋੜੀ।
‘‘ਨਾਜ਼ੀ ਮੈਂ... ਮੈਂ ਤੈਨੂੰ ਕੁਝ ਕਹਿਣਾ ਚਾਹੁੰਨਾਂ... ਕੁਝ ਦਿਨ ਪਹਿਲਾਂ ਵੀ ਮੈਂ ਸੋਚਿਆ ਸੀ...ਪਰ...।’’ ਉਹ ਫ਼ੇਰ ਇੱਕਦਮ ਚੁੱਪ ਹੋ ਗਿਆ ਸੀ।
‘‘ਜੀ ਬਿਕਰਮ... ਤੁਸੀਂ ਦੱਸਦੇ ਕਿਉਂ ਨਹੀਂ... ਕੀ ਕਹਿਣਾ ਚਾਹੁੰਦੇ ਓਂ? ਤੇ ਨਾਲੇ ਇਹ ਹਾਲਤ ਕਿਉਂ ਐ? ਨਾਜ਼ੀ ਨੇ ਪਰੇਸ਼ਾਨ ਹੋ ਕੇ ਕਿਹਾ।
‘‘ਹਾਂ ਬਿਕਰਮ ਜੀ... ਰੱਬ ਦੇ ਵਾਸਤੇ, ਕੁਝ ਦੱਸੋ ਤਾਂ ਸਹੀ... ਏਨੀ ਸਿਹਤ ਕਮਜ਼ੋਰ ਹੋ ਗਈ ਐ...।’’ ਰੁਖ਼ਸਾਨਾ ਵੀ ਬਿਕਰਮ ਨੂੰ ਤਰਲਾ ਕਰ ਰਹੀ ਸੀ। ਬਿਕਰਮ ਨੇ ਰੁਖ਼ਸਾਨਾ ਦੀ ਅਪਣੱਤ ਨੂੰ ਸਤਿਕਾਰ ਭਰੀਆਂ ਨਜ਼ਰਾਂ ਨਾਲ ਦੇਖਿਆ ਤੇ ਕੁਝ ਕਹਿਣ ਲਈ ਸ਼ਬਦ ਜੁਟਾਉਣ ਦੀ ਕੋਸ਼ਿਸ਼ ਕਰਨ ਲੱਗ ਪਿਆ।
‘‘ਨਾਜ਼ੀ... ਤੇਰੀ ਸੋਚ, ਤੇਰੇ ਸਲੀਕੇ ਤੇ ਬਹਾਦਰੀ ਨੂੰ ਮੈਂ ਸਲਾਮ ਕਰਦਾਂ... ਤੇ ਜਾਣਦੀ ਏਂ... ਮੈਂ ਵੀ ਤਾਂ ਇਹੀ ਚਾਹੁੰਨਾਂ ਕਿ ਤੇਰੇ ਵਰਗੀ ਕੁੜੀ ਨਾਲ ਹੀ ਜ਼ਿੰਦਗੀ ਗੁਜ਼ਾਰਦਾ... ਹਾਂ ਬਹੁਤ ਵਾਰੀ ਤੈਨੂੰ ਕਹਿਣ ਤੋਂ ਝਿਜਕ ਗਿਆ... ਅਫ਼ਸੋਸ...।’’ ਬਿਕਰਮ ਦੀਆਂ ਅੱਖਾਂ ਭਰ ਆਈਆਂ ਤੇ ਰੁਖ਼ਸਾਨਾ ਬਿਕਰਮ ਦੇ ਇਹ ਸ਼ਬਦ ਸੁਣਦਿਆਂ ਹੀ ਚਾਹ ਵਾਲੇ ਕੱਪ ਚੁੱਕ ਕੇ ਰਸੋਈ ਵਿਚ ਚਲੀ ਗਈ।
‘‘ਪਰ... ਪਰ ਅਫ਼ਸੋਸ... ਮੈਂ ਤਾਂ ਇੱਕ ਵੇਸਵਾ ਦੀ ਹੀ ਜੰਮੀ ਹੋਈ ਹਾਂ, ਬਿਕਰਮ... ਇਹ ਕਿਵੇਂ...? ਨਾਜ਼ੀ ਦਾ ਰੋਣਾ ਨਿਕਲ ਗਿਆ।
‘‘ਨਹੀਂ... ਨਹੀਂ ਨਾਜ਼ੀ... ਕੀ ਤੰੂ ਮੈਨੂੰ ਇੰਨੇ ਸਾਲਾਂ ’ਚ ਵੀ ਨਾ ਸਮਝ ਸਕੀ, ਮੇਰੇ ਦਿਮਾਗ ’ਚ ਅਜਿਹੀ ਕੋਈ ਗੱਲ ਆ ਈ ਨਹੀਂ ਸਕਦੀ... ਕੀ ਤੈਨੂੰ ਇਸ ਤਰ੍ਹਾਂ ਲਗਦਾ?’’ ਬਿਕਰਮ ਨੇ ਖੜ੍ਹੇ ਹੋ ਕੇ ਜੋਸ਼ ਵਿਚ ਪ੍ਰਤੀਕਿਰਿਆ ਕੀਤੀ।
‘‘ਮੈਂ ਜਾਣਦੀ ਆਂ ਬਿਕਰਮ... ਫ਼ੇਰ ਅਜਿਹਾ ਵੀ ਕੀ ਸੀ?’’ ਨਾਜ਼ੀ ਨੇ ਪਲੰਘ ਤੋਂ ਉੱਠ ਕੇ ਸਵਾਲ ਕੀਤਾ।
‘‘ਨਾਜ਼ੀ, ਪਹਿਲਾਂ ਤਾਂ ਮੈਂ ਆਪਣੇ ਕੰਮਾਂ ਨੂੰ ਹੀ ਸਮਰਪਿਤ ਰਿਹਾ, ਸੋਚਿਆ ਸੀ ਛੇਤੀ ਹੀ ਕਹਿ ਦੇਵਾਂਗਾ ਨਾਜ਼ੀ ਨੂੰ। ਹੁਣ ਜਦੋਂ ਤੂੰ ਪਿਛਲੇ ਤਿੰਨਾਂ-ਚਾਰਾਂ ਵਰ੍ਹਿਆਂ ਤੋਂ ਮੇਰੇ ਜ਼ਿਹਨ ਵਿਚ ਇੰਨੀ ਜ਼ਿਆਦਾ ਉੱਤਰ ਗਈ ਤਾਂ ਬਹੁਤ ਦੇਰ ਹੋ ਗਈ ਨਾਜ਼ੀ...।’’
ਉਹ ਬੇਵੱਸੀ ’ਚ ਫ਼ੇਰ ਕੁਰਸੀ ’ਤੇ ਢੋਅ ਲਗਾ ਕੇ ਬੈਠ ਗਿਆ। ਨਾਜ਼ੀ ਉਸਦੀਆਂ ਗੱਲਾਂ ’ਤੇ ਹੈਰਾਨ ਹੋ ਗਈ ਸੀ ਤੇ ਉਹਨੂੰ ਸਮਝ ਨਹੀਂ ਆ ਰਹੀ ਸੀ ਕਿ ਬਿਕਰਮ ਕੀ ਕਹਿ ਰਿਹਾ ਹੈ?
‘‘ਬਿਕਰਮ... ਅਜਿਹਾ ਵੀ ਕੀ ਹੋ ਗਿਐ ਹੁਣ...? ਨਾਜ਼ੀ ਹੁਬਕੀਂ-ਹੁਬਕੀਂ ਰੋਂਦੀ ਹੋਈ ਬਿਕਰਮ ਦੀ ਕੁਰਸੀ ਨਾਲ ਲੱਗਕੇ ਹੇਠਾਂ ਬਹਿ ਗਈ। ਬਿਕਰਮ ਨੇ ਉਹਨੂੰ ਮੋਢਿਆਂ ਤੋਂ ਫੜ੍ਹ ਕੇ ਖੜ੍ਹੀ ਕੀਤਾ ਤੇ ਉਸਦੇ ਚਿਹਰੇ ਨੂੰ ਹੱਥਾਂ ਵਿਚ ਲੈ ਕੇ ਨੀਝ ਨਾਲ ਪੜ੍ਹਨ ਲੱਗ ਪਿਆ। ਨਾਜ਼ੀ ਦੇ ਪਿਆਜ਼ੀ ਹੋਠ ਕੰਬ ਰਹੇ ਸਨ ਤੇ ਅੱਖਾਂ ਵਿਚੋਂ ਅੱਥਰੂ ਵਹਿਣ ਕਾਰਨ ਡੂੰਘੀ ਲਾਲੀ ਆ ਗਈ ਸੀ। ਉਹ ਫ਼ੇਰ ਬਿਕਰਮ ਵੱਲ ਵੇਖਣ ਤੋਂ ਝੇਂਪ ਗਈ ਤੇ ਬਿਕਰਮ ਦੀ ਛਾਤੀ ਨਾਲ ਲੱਗ ਗਈ। ਬਿਕਰਮ ਨੇ ਉਹਨੂੰ ਬਾਹਾਂ ਵਿਚ ਘੁੱਟ ਲਿਆ ਤੇ ਉਹਦੀਆਂ ਵੱਡੀਆਂ ਅੱਖਾਂ ’ਚੋਂ ਵੀ ਹੰਝੂ ਵਹਿ ਤੁਰੇ। ਨਾਜ਼ੀ ਰੋ-ਰੋ ਬੇਹਾਲ ਹੋ ਗਈ ਸੀ ਉਸਦੇ ਢਿੱਲੇ ਵਾਲਾਂ ਦਾ ਜੂੜਾ ਖੁੱਲ੍ਹ ਕੇ ਗਲ਼ ਵਿਚ ਪੈ ਗਿਆ। ਬਿਕਰਮ ਨੇ ਉਹਦੇ ਚਿਹਰੇ ਨੂੰ ਉਤਾਂਹ ਚੁੱਕ ਕੇ ਉਹਦੇ ਵਾਲ ਸਮੇਟਦਿਆਂ ਕਿਹਾ,
‘‘ ਜ਼ਰਾ ਸੁਣ ਨਾਜ਼ੀ... ਹਿੰਮਤ ਨਾਲ... ਤੂੰ ਬਹਾਦਰ ਕੁੜੀ ਏਂ, ਤੇਰੇ ਵਰਗੇ ਲੋਕ ਥੋੜ੍ਹੇ ਹੀ ਜੰਮਦੇ ਨੇ ਦੁਨੀਆਂ ਵਿਚ...।’’ ਨਾਜ਼ੀ ਅੱਖਾਂ ਟਿਕਾ ਕੇ ਉਸ ਵੱਲ ਵੇਖਣ ਲੱਗ ਪਈ।
ਨਾਜ਼ੀ... ਪਿਛਲੇ ਲਗਭਗ ਦੋ ਸਾਲਾਂ ਤੋਂ ਮੈਨੂੰ ਪਤਾ ਚਲ ਗਿਆ ਸੀ ਕਿ ਮੈਂ... ਮੈਂ... ਏਡਜ਼ ਦਾ ਮਰੀਜ਼ ਹਾਂ... ਪਿੱਛੇ ਜਿਹੇ ਤਿੰਨ ਕੁ ਸਾਲ ਪਹਿਲਾਂ ਜਦੋਂ ਮੈਂ ਬਿਮਾਰ ਹੋਇਆ ਸੀ ਤਾਂ ਡਾਕਟਰਾਂ ਦੀ ਅਣਗਹਿਲੀ ਕਾਰਨ ਹੀ...। ਮੈਨੂੰ ਘੋਖ ਪੜਤਾਲ ਤੇ ਪਤਾ ਚਲਿਆ ਕਿ ਇਹ ਡਾਕਟਰਾਂ ਦੀ ਗਲਤੀ ਸੀ। ਚੈੱਕਅਪ ਕਰਾਉਣ ਤੇ ਮੈਂ ਆਪਣੇ ਆਪ ਨੂੰ ਐੱਚ. ਆਈ. ਵੀ. ਪੀੜਿਤ ਪਾਇਆ।’’ ਬਿਕਰਮ ਨਾਜ਼ੀ ਨੂੰ ਮੋਢਿਆਂ ਤੋਂ ਫੜ੍ਹ ਕੇ ਸਮਝਾ ਰਿਹਾ ਸੀ ਪਰ ਨਾਜ਼ੀ ਇੱਕਦਮ ਪੱਥਰ ਦਾ ਬੁੱਤ ਬਣ ਗਈ ਸੀ ਜਿਵੇਂ ਹਜ਼ਾਰ ਹਥੌੜੇ ਉਸਦੇ ਸਿਰ ’ਤੇ ਆ ਕੇ ਵੱਜੇ ਹੋਣ ਤੇ ਉਹ ਧਾਹ ਮਾਰ ਕੇ ਕੁਰਸੀ ’ਤੇ ਢੇਰੀ ਹੋ ਗਈ। ਰੁਖ਼ਸਾਨਾ ਨੇ ਵੀ ਸਭ ਸੁਣ ਲਿਆ ਸੀ ਤੇ ਉਹ ਰੋਂਦੀ ਹੋਈ ਪਾਣੀ ਲੈ ਆਈ ਤੇ ਨਾਜ਼ੀ ਨੂੰ ਸੰਭਾਲਣ ਲੱਗ ਪਈ। ਬਿਕਰਮ ਨਾਲ ਵਾਲੀ ਕੁਰਸੀ ’ਤੇ ਬਹਿ ਗਿਆ ਤੇ ਨਾਜ਼ੀ ਦਾ ਮੋਢਾ ਫੜ੍ਹ ਕੇ ਉਹਨੂੰ ਸਮਝਾਉਣ ਲੱਗ ਪਿਆ।
‘‘ਨਾਜ਼ੀ, ਉਂਝ ਵੀ ਹਜ਼ਾਰਾਂ ਮੌਤਾਂ ਰੋਜ਼ਾਨਾ ਹੁੰਦੀਆਂ ਨੇ... ਕਿੰਨੇ ਕੁਝ ਲੋਕਾਂ ਨੂੰ ਪਤਾ ਹੁੰਦਾ ਕਿ ਅਸੀਂ ਮਰਨ ਵਾਲੇ ਹਾਂ... ਚਲੋ ਜੋ ਵੀ ਕੁਦਰਤ ਨੂੰ ਮਨਜ਼ੂਰ ਐ... ਤੂੰ ਇਸ ਤਰ੍ਹਾਂ ਢੇਰੀ ਨਾ ਢਾਹ...।’’ ਇਹ ਕਹਿ ਕੇ ਉਹ ਚੁੱਪ ਕਰ ਗਿਆ।
‘‘ਪਰ ਡਾਕਟਰਾਂ ਮੁਤਾਬਿਕ... ਨਾਜ਼ੀ ਮੇਰੇ ਕੋਲ ਹਾਲੇ ਕੁਝ ਮਹੀਨੇ ਬਾਕੀ ਨੇ...।’’ ਇਹ ਕਹਿ ਕੇ ਉਹ ਇੱਕਦਮ ਖੜ੍ਹਾ ਹੋ ਗਿਆ ਤੇ ਕਹਿਣ ਲੱਗਿਆ, ‘‘ਅੱਛਾ ਰੁਖ਼ਸਾਨਾ ਸੰਭਾਲ ਨਾਜ਼ੀ ਨੂੰ... ਮੈਂ ਪ੍ਰਤਾਪ ਨੂੰ ਭੇਜਦਾਂ...।’’ ਫ਼ਿਰ ਉਹ ਅੰਤਿਮ ਵਾਕ ਹੌਂਸਲੇ ਨਾਲ ਪੂਰਾ ਕਰਕੇ ਉਥੋਂ ਚਲਿਆ ਗਿਆ। ਕੁਝ ਦੇਰ ਬਾਅਤ ਪ੍ਰਤਾਪ, ਨਾਜ਼ੀ ਤੇ ਰੁਖ਼ਸਾਨਾ ਕੋਲ ਆ ਗਿਆ। ਤਿੰਨੋ ਚੁੱਪ-ਚਾਪ ਦੇਰ ਰਾਤ ਤੱਕ ਰੋਂਦੇ ਰਹੇ। ਪ੍ਰਤਾਪ ਉਹਨਾਂ ਲਈ ਬਾਹਰੋਂ ਕੁਝ ਖਾਣਾ ਤੇ ਦਵਾਈਆਂ ਲੈ ਕੇ ਆਇਆ ਸੀ। ਸਮਝਾ-ਬੁਝਾ ਕੇ ਨਾਜ਼ੀ ਤੇ ਰੁਖ਼ਸਾਨਾ ਨੂੰ ਕੁਝ ਖੁਆਇਆ ਤੇ ਨਾਜ਼ੀ ਨੂੰ ਨੀਂਦ ਦੀ ਗੋਲੀ ਦੇ ਕੇ ਪਾ ਦਿੱਤਾ। ਅਗਲੇ ਦਿਨ ਨਾਜ਼ੀ ਸਵੇਰੇ ਸਮੇਂ ਤੇ ਉੱਠ ਨਾ ਸਕੀ ਤੇ ਗਹਿਰੀ ਉਦਾਸੀ ਵਿਚ ਸੀ। ਪ੍ਰਤਾਪ ਸਵੇਰੇ ਫ਼ਿਰ ਆ ਗਿਆ।
‘‘ਨਾਜ਼ੀ, ਆਪਣਾ ਫ਼ਰਜ਼ ਬਣਦਾ ਕਿ ਬਿਕਰਮ ਕੋਲ ਜ਼ਿੰਦਗੀ ਦਾ ਜਿੰਨਾ ਵੀ ਸਮਾਂ ਹੈ... ਆਪਾਂ ਉਹਦੇ ਨਾਲ ਬਿਤਾਈਏ ਤੇ ਉਹਨੂੰ ਖੁਸ਼ ਰੱਖੀਏ... ਉਹਦੇ ਕੋਲੋਂ ਬੜਾ ਕੁਝ ਸਿੱਖਿਆ ਹੈ ਆਪਾਂ... ਇੰਜ ਉਦਾਸ ਨਾ ਹੋ ਨਾਜ਼ੀ... ਸਾਡੇ ਵੱਲ ਵੀ ਵੇਖ...।’’ ਇਹ ਕਹਿ ਕੇ ਪ੍ਰਤਾਪ ਦੀ ਭੁੱਬ ਨਿਕਲ ਗਈ।
‘‘ਕਿਹੋ ਜਿਹੇ ਇਮਤਿਹਾਨ ਲੈਂਦੀ ਰਹੀ ਆ ਜ਼ਿੰਦਗੀ... ਵਕਤ ਨੂੰ ਪਤਾ ਨਹੀਂ ਕੀ ਕੀ ਮਨਜ਼ੂਰ ਆ...?’’ ਨਾਜ਼ੀ ਨੇ ਇਹ ਕਹਿੰਦਿਆਂ ਰੁਖ਼ਸਾਨਾ ਵੱਲ ਤੱਕਿਆ ਤੇ ਦੋਵੇਂ ਇੱਕ ਦੂਜੀ ਨੂੰ ਲਿਪਟ ਕੇ ਹੰਝੂਆਂ ਵਿਚ ਵਹਿ ਤੁਰੀਆਂ। ਪ੍ਰਤਾਪ ਨੇ ਦੋਹਾਂ ਨੂੰ ਹੌਂਸਲਾ ਦਿੱਤਾ ਤੇ ਤਿੰਨਾਂ ਵਿਚੋਂ ਕਿਸੇ ’ਚ ਵੀ ਬਿਕਰਮ ਦੀ ਮਾਂ ਨੂੰ ਦੱਸਣ ਦਾ ਹੀਆਂ ਨਹੀਂ ਸੀ। ਉਹ ਬਿਕਰਮ ਦੀ ਮਾਂ ਨੂੰ ਇਹ ਕਹਿ ਕੇ ਦਿਲਾਸਾ ਦਿੰਦੇ ਰਹੇ ਕਿ ਉਹਦਾ ਚੰਗੇ ਡਾਕਟਰਾਂ ਤੋਂ ਇਲਾਜ ਚੱਲ ਰਿਹਾ ਹੈ। ਨਾਜ਼ੀ, ਰੁਖ਼ਸਾਨਾ ਤੇ ਪ੍ਰਤਾਪ ਵੱਧ ਤੋਂ ਵੱਧ ਸਮਾਂ ਬਿਕਰਮ ਨਾਲ ਗੁਜ਼ਾਰਦੇ। ਬਿਕਰਮ ਨੇ ਆਪਣੇ ਢੰਗ ਨਾਲ ਹੀ ਨਾਜ਼ੀ ਤੇ ਰੁਖ਼ਸਾਨਾ ਵਾਲੇ ਮਕਾਨ ਦੀ ਰਜਿਸਟਰੀ ਵੀ ਉਹਨਾਂ ਦੇ ਨਾਮ ਕਰਵਾ ਦਿੱਤੀ ਸੀ। ਬਿਕਰਮ ਨੇ ਨਾਜ਼ੀ ਹੋਰਾਂ ਕੋਲੋਂ ਇੱਕ ਵੀ ਪੈਸਾ ਨਾ ਲਿਆ। ਪ੍ਰਤਾਪ, ਬਿਕਰਮ ਨੂੰ ਨਾਜ਼ੀ ਹੋਰਾਂ ਕੋਲ ਲੈ ਆਉਂਦਾ ਤੇ ਉਹ ਲੰਮਾ ਸਮਾਂ ਬੈਠੇ ਰਹਿੰਦੇ। ਬਿਕਰਮ ਨੇ ਨਾਜ਼ੀ ਤੇ ਪ੍ਰਤਾਪ ਨੂੰ ਚੰਗੀ ਤਰ੍ਹਾਂ ਸਮਝਾ ਦਿੱਤਾ ਸੀ ਕਿ ਫ਼ੈਕਟਰੀ ਵਿਚ ਕੰਮ ਕਰਦਿਆਂ ਕਿੰਨ੍ਹਾਂ ਗੱਲਾਂ ਵੱਲ ਵਿਸ਼ੇਸ਼ ਧਿਆਨ ਦੀ ਲੋੜ ਹੈ। ਇਸੇ ਤਰ੍ਹਾਂ ਯੂਨੀਅਨ ਦੇ ਮਾਮਲੇ ਅਤੇ ਵਰਕਰਾਂ ਦੀਆਂ ਸਮੱਸਿਆਵਾਂ ਵਾਸਤੇ ਉਹਨਾਂ ਸਾਰਿਆਂ ਨੇ ਕਿਵੇਂ ਕੰਮ ਕਰਨਾ ਹੈ। ਨਾਜ਼ੀ ਨੇ ਤਾਂ ਬਹੁਤ ਪਹਿਲਾਂ ਹੀ ਬਿਕਰਮ ਦੇ ਆਦਰਸ਼ਾਂ ਨੂੰ ਅਪਣਾਇਆ ਹੋਇਆ ਸੀ। ਰੁਖ਼ਸਾਨਾ ਤੇ ਪ੍ਰਤਾਪ ਵੀ ਹਰ ਤਰੀਕੇ ਨਾਲ ਬਿਕਰਮ ਦੀ ਸੋਚ ਤੇ ਪਹਿਰਾ ਦੇਣਾ ਚਾਹੁੰਦੇ ਸਨ। ਉਹਨਾਂ ਨੂੰ ਅਫ਼ਸੋਸ ਸੀ ਕਿ ‘‘ਜੇ ਬਿਕਰਮ ਜ਼ਿੰਦਗੀ ਭਰ ਉਹਨਾਂ ਦੇ ਨਾਲ ਹੀ ਮਸ਼ਾਲ ਚੁੱਕ ਕੇ ਅੱਗੇ-ਅੱਗੇ ਤੁਰਦਾ... ਪਰ...।’’ ਇਹ ਸੋਚਾਂ ਵਾਰ-ਵਾਰ ਉਹਨਾਂ ਦੇ ਵਜ਼ੂਦ ਨੂੰ ਤੜਫ਼ਾ ਦਿੰਦੀਆਂ ਸਨ। ਫ਼ਿਰ ਵੀ ਉਹ ਆਪਣਾ ਸਮਾਂ ਅੱਖਾਂ ਵਿਚ ਹੰਝੂ ਸਮੋ ਕੇ ਲੰਘਾਈ ਜਾ ਰਹੇ ਸਨ। ਇੰਝ ਵਕਤ ਬੀਤਦਾ ਗਿਆ ਤੇ ਲਗਭਗ ਛੇ ਮਹੀਨੇ ਗੁਜ਼ਰ ਗਏ ਸਨ।
ਵਕਤ ਦੀ ਦਰਿੰਦਗੀ ਦਾ ਪਹਿਰ ਵੀ ਆ ਗਿਆ ਸੀ। ਬਿਕਰਮ ਹੁਣ ਹਸਪਤਾਲ ਵਿਚ ਦਾਖ਼ਲ ਸੀ। ਨਾਜ਼ੀ ਕਦੇ ਬਿਕਰਮ ਦੀ ਮਾਂ ਕੋਲ ਜਾਂਦੀ ਜੋ ਪੁੱਤ ਦੇ ਦੁੱਖ ’ਚ ਅੱਧਮੋਈ ਹੋ ਗਈ ਜਾਪਦੀ ਸੀ। ਫ਼ਿਰ ਜ਼ਿਆਦਾ ਸਮਾਂ ਉਹ ਹਸਪਤਾਲ ਵਿਚ ਹੀ ਗੁਜ਼ਾਰਦੀ। ਨਾਜ਼ੀ ਦੇ ਪੀਲ਼ੇ ਚਿਹਰੇ ਨੂੰ ਵੇਖ ਕੇ ਪ੍ਰਤਾਪ ਦਾ ਹਿਰਦਾ ਵਲੂੰਧਰਿਆ ਜਾਂਦਾ ਤੇ ਉਹ ਰੋਣਾ ਛਾਤੀ ਅੰਦਰ ਹੀ ਦੱਬ ਲੈਂਦਾ। ਡਾਕਟਰਾਂ ਨੇ ਪ੍ਰਤਾਪ ਤੇ ਨਾਜ਼ੀ ਨੂੰ ਦੱਸਿਆ ਕਿ ਬਿਕਰਮ ਸਿੰਘ ਦੀ ਜੀਵਨ ਸ਼ਕਤੀ ਲਗਭਗ ਖਤਮ ਹੋ ਚੁੱਕੀ ਹੈ ਤੇ ਉਹ ਸਾਰੇ ਭਰੇ ਮਨ ਨਾਲ ਬਿਕਰਮ ਨੂੰ ਦੇਖਦੇ ਰਹੇ। ਫ਼ੇਰ ਅਗਲੀ ਸਵੇਰ ਸੁਵੱਖਤੇ ਹੀ ਬਿਕਰਮ ਨੇ ਨਾਜ਼ੀ ਨੂੰ ਆਪਣੇ ਕੋਲ ਬੁਲਾ ਲਿਆ ਤੇ ਉਹਦਾ ਹੱਥ ਫੜ੍ਹ ਕੇ ਆਪਣੀਆਂ ਵੱਡੀਆਂ ਖੁਸ਼ਕ ਅੱਖਾਂ ਨਾਲ ਉਹਦੇ ਵੱਲ ਹੱਸ ਕੇ ਨੀਝ ਲਾ ਕੇ ਤੱਕਿਆ। ਉਹ ਸ਼ਾਇਦ ਕੁਝ ਕਹਿਣਾ ਚਾਹੁੰਦਾ ਸੀ ਪਰ ਬੋਲਿਆ ਨਾ ਗਿਆ। ਨਾਜ਼ੀ ਉਹਦੇ ਪਲੰਘ ’ਤੇ ਬੈਠੀ ਸੀ ਉਹਨੇ ਬਿਕਰਮ ਦੇ ਹੱਥ ਨੂੰ ਛਾਤੀ ਨਾਲ ਲਾ ਲਿਆ ਤੇ ਰੋਂਦੀ ਹੋਈ ਕਹਿਣ ਲੱਗੀ,’’ ਦਰਵੇਸ਼ਾਂ ਵਰਗਿਆਂ ਬੰਦਿਆ ਤੇਰਾ ਕਰਜ਼ਾ ਮੈਂ ਕਿੱਥੇ ਦੇਵਾਂਗੀ... ਸੱਚਮੁੱਚ ਤੰੂ ਕੋਈ ਯੁੱਗ-ਪੁਰਸ਼ ਏਂ... ਤੇਰੇ ਵਰਗੇ ਸਦੀਆਂ ਬਾਅਦ ਜੰਮਦੇ ਨੇ...।’’ ਉਹ ਭੁੱਬੀਂ ਰੋ ਪਈ।
‘‘ਨਾ... ਨਾ... ਨਾਜ਼ੀ... ਤੂੰ ਹਾਲੇ ਬਹੁਤ ਕੁਝ ਕਰਨਾ... ਰੋਣਾ ਚੰਗਾ ਨਹੀਂ ਹੁੰਦਾ...।’’ ਬਿਕਰਮ ਨੇ ਪਟੱਕ ਦੇਣੇ ਅੱਖਾਂ ਖੋਲ੍ਹ ਕੇ ਹੌਲੀ-ਹੌਲੀ ਕਿਹਾ।
‘‘ਪ੍ਰਤਾਪ ਤੇ... ਰੁਖ਼ਸਾਨਾ’’ ਉਹ ਬੋਲਿਆ। ਉਸਦੇ ਬੋਲ ਸਮਝਦਿਆਂ ਹੀ ਨਾਜ਼ੀ ਪ੍ਰਤਾਪ ਤੇ ਰੁਖ਼ਸਾਨਾ ਨੂੰ ਬਿਕਰਮ ਕੋਲ ਲੈ ਆਈ। ਬਿਕਰਮ ਨੇ ਉਹਨਾਂ ਵੱਲ ਵੇਖਕੇ ਅੱਖਾਂ ਖੋਲ੍ਹ ਲਈਆਂ ਤੇ ਇਸ਼ਾਰੇ ਨਾਲ ਪ੍ਰਤਾਪ ਨੂੰ ਕੋਲ ਬੁਲਾ ਲਿਆ। ਉਹਨੇ ਪ੍ਰਤਾਪ ਦਾ ਹੱਥ ਫੜ੍ਹਿਆ ਛਾਤੀ ਨਾਲ ਲਾਇਆ, ਫੇਰ ਕੋਲ ਬੈਠੀ ਨਾਜ਼ੀ ਦਾ ਹੱਥ ਫੜ੍ਹ ਕੇ ਪ੍ਰਤਾਪ ਦੇ ਹੱਥ ਵਿਚ ਫੜਾ ਦਿੱਤਾ।
‘‘ਤੁਸੀਂ ਦੋਹਾਂ ਨੇ ਮਿਲ ਕੇ ਚੱਲਣਾ ਹੈ... ਰੁਖ਼ਸਾਨਾ ਤੇ ਮਾਂ ਦੀ ਜ਼ਿੰਮੇਵਾਰੀ ਥੋਡੇ ਤੇ...।’’ ਉਹ ਫ਼ਿਰ ਕੁਝ ਰੁਕ ਕੇ ਨਾਜ਼ੀ ਨੂੰ ਫ਼ਿਰ ਕਹਿਣ ਲੱਗਾ, ‘‘ ਬੇੜੀ ਠਿਲ੍ਹਦੀ ਰਹਿਣੀ ਚਾਹੀਦੀ ਹੈ... ਤੇ ਮਲਾੱਹਾਂ ਦਾ ਚੱਲਣਾ ਬਹੁਤ ਜ਼ਰੂਰੀ ਹੈ... ਭਾਵੇਂ...ਭਾਵੇਂ ਲੱਖ ਤੂਫ਼ਾਨ ਆਉਣ... ਹਾਂ...।’’ ਆਪਣੀ ਗੱਲ ਪੂਰੀ ਕਰਕੇ ਬਿਕਰਮ ਦੀਆਂ ਅੱਖਾਂ ਗ਼ਹਿਰੀ ਨੀਂਦ ਵਿਚ ਚਲੀਆਂ ਗਈਆਂ ਤੇ ਸਰੀਰ ਬਿਲਕੁਲ ਢਿੱਲਾ ਪੈ ਗਿਆ।
Parvez sandhu
ਬਹੁਤ ਦੇਰ ਬਾਅਦ ਇੱਕ ਨਵੀਂ ਲੇਖਿਕਾ ਦੀ ਇੱਕ ਕਹਾਣੀ ਪੜਨ ਨੂੰ ਮਿਲੀ ਹੈ | ਜਦੋਂ ਕੋਈ ਨਵੀ ਕਹਾਣੀਕਾਰਾ ਮੇਰੇ ਸਾਹਮਣੇ ਆਉਂਦੀ ਹੈ ਤਾਂ ਮੇਰਾ ਸਿਰ ਫਖਰ ਨਾਲ ਉੱਚਾ ਹੋ ਜਾਂਦਾ ਹੈ | ਕੁੜੀਆਂ ਦਾ ਇਉਂ ਲਿਖਣਾ ਤੇ ਸਾਹਮਣੇ ਆਉਣਾ ਬਹੁਤ ਮਾਣ ਵਾਲੀ ਗੱਲ ਹੈ ਮੇਰੇ ਲਈ | ਤਰਸ ਪਾਲ ਤੁਹਾਡੀ ਕਲਮ ਨੂੰ ਰੱਬ ਲੰਬੀਆਂ ਉਮਰ ਦੇਵੇ ਬਹੁਤ ਖੂਬਸੂਰਤ ਕਹਾਣੀ ਲਿਖੀ ਤੁਸੀਂ