Sat, 05 October 2024
Your Visitor Number :-   7229290
SuhisaverSuhisaver Suhisaver

ਮੀਟ-ਮਾਰਕੀਟ - ਪ੍ਰੋ. ਤਰਸਪਾਲ ਕੌਰ

Posted on:- 23-07-2013

suhisaver

ਅਹਿਮਦ ਦਾਤਣ-ਕੁਰਲੀ ਤੋਂ ਬਾਅਦ ਹੱਥ ’ਚ ਜੱਗ ਪਾਣੀ ਦਾ ਲੈ ਕੇ ਮੂੰਹ ’ਚ ਕੁਝ ਧਿਆਉਂਦਾ ਘਰ ਦੀਆਂ ਦੇਹਲੀਆਂ ’ਤੇ ਪਾਣੀ ਦੇ ਛਿੱਟੇ ਮਾਰ ਰਿਹਾ ਸੀ ਕਿ ਗਲੀ ’ਚ ਸਾਹਮਣੇ ਆਉਂਦੀ ਜਦੋਂ ਲਾਜੋ ਮਾਸੀ ਅਹਿਮਦ ਦੇ ਨਜ਼ਰੀਂ ਪਈ ਤਾਂ ਮੂੰਹ ’ਚ ਹੀ ਕੁਝ ਬੁੜ ਬੁੜਾਉਣ ਲੱਗ ਪਿਆ।

    ‘‘ਦੇਖ ਤਾਂ...... ਕਿਹੋ-ਜਿਹੀ ਤੀਵੀਂ ਐ... ਤੜਕੇ ਈ ਨਿਕਲ ਪਈ... ਕਿੱਥੇ ਮੂੰਹ ਦੇਖ ਲਿਆ ਸੁਵੱਖਤੇ ਈ... ਮੇਰੇ ਅੱਲਾ...।’’ ਇਹ ਬੋਲ ਅਹਿਮਦ ਦੀ ਜ਼ੁਬਾਨ ’ਚ ਚੱਲ ਹੀ ਰਹੇ ਸਨ ਕਿ ਲਾਜੋ ਮਾਸੀ ਬੂਹੇ ਦੇ ਨੇੜੇ ਆ ਗਈ ਤੇ ਕਹਿਣ ਲੱਗੀ...


    ‘‘ਹਾਏ ਹਾਏ ਮਰ ਜਾਂ ਮੈਂ ਅਹਿਮਦ ਮੀਆਂ... ਬੜਾ ਸਫ਼ਾਈ ਪਸੰਦ ਏ ਤੂੰ... ਅੱਲਾ ਦੀ ਵੀ ਮਿਹਰ ਇਹੋ ਜਿਹੇ ਘਰਾਂ ’ਤੇ ਈ ਹੁੰਦੀ ਐ... ਸਲੀਮਾ ਨੂੰ ਕਹਿ ਦੇਈਂ, ਮੈਂ ਦਿਨੇ ਆਊਂਗੀ... ਕਈ ਕੰਮ ਕਰਾਉਣੇ ਨੇ ਉਹਤੋਂ...।’’ ਲਾਜੋ ਮਾਸੀ ਇੱਕੋ ਸਾਹ ’ਚ ਅਹਿਮਦ ਦੀ ਤਾਰੀਫ਼ ਕਰਕੇ ਸਲੀਮਾ ਨੂੰ ਮਿਲਣ ਦਾ ਸੁਨੇਹਾ ਦੇ ਕੇ ਅੱਗੇ ਲੰਘ ਗਈ। ਅਹਿਮਦ ਨੂੰ ਉਹਦੇ ਬੁਲਾਉਣ ਦਾ ਕੋਈ ਫ਼ਰਕ ਨਾ ਪਿਆ ਸਗੋਂ ਉਹਦੇ ਮੱਥੇ ਦੀ ਤਿਉੜੀ ਹੋਰ ਵੀ ਕਸੀ ਗਈ ਤੇ ਉਹਨੇ ਹਲਕਾ ਜਿਹਾ ਸਿਰ ਹਿਲਾ ਕੇ ਆਪਣੇ ਵਲੋਂ ਜੁਆਬ ਦੇ ਦਿੱਤਾ ਸੀ। ਲਾਜੋ ਨੂੰ ਲੋਕਾਂ ਦੇ ਅਜਿਹੇ ਵਤੀਰੇ ਨਾਲ ਕਦੇ ਕੋਈ ਗੁੱਸਾ-ਗਿਲਾ ਹੋਇਆ ਈ ਨਹੀਂ ਸੀ। ਉਹ ਆਪਣੇ ਖੁੱਲ੍ਹੇ-ਡੁੱਲ੍ਹੇ ਸੁਭਾਅ ਅਨੁਸਾਰ ਲੋਕਾਂ ਨਾਲ ਗੁੱਝੀਆਂ ਮਸ਼ਕਰੀਆਂ, ਖਾਸ ਕਰਕੇ ਮਰਦਾਂ ਨਾਲ ਨਾ ਕਰਨੋਂ ਹਟਦੀ ਪਰ ਕਈ ਉਹਦੇ ਮੁਹੱਲੇ ਤੇ ਆਸ-ਪਾਸ ਦੇ ਸਿਆਣੇ ਬੰਦਿਆਂ ਨੂੰ ਉਹ ਦਰਵੇਸ਼ਾਂ ਵਾਂਗ ਵੀ ਸਮਝਦੀ ਸੀ। ਜਿਹਨਾਂ ਵਿਚ ਖਵਾਜ਼ਾ ਅਹਿਮਦ ਵੀ ਇਕ ਸੀ।

ਇਹੋ ਜਿਹੇ ਬੰਦਿਆਂ ਦੇ ਪਰਿਵਾਰਾਂ ’ਚ ਉਹ ਦੁੱਖ-ਸੁੱਖ ’ਚ ਸ਼ਰੀਕ ਹੁੰਦੀ ਤੇ ਉਹਨਾਂ ਵਲੋਂ ਕਹੇ ਕੌੜੇ ਤੇ ਨਫ਼ਰਤ ਭਰੇ ਸ਼ਬਦਾਂ ਦਾ ਕੋਈ ਗੁੱਸਾ ਨਾ ਕਰਦੀ। ਅਹਿਮਦ ਨੂੰ ਉਹਦੇ ਨਾਲ ਸ਼ੁਰੂ ਤੋਂ ਹੀ ਨਫ਼ਰਤ ਰਹੀ, ਜਦੋਂ ਉਹ ਘਰ ਕਦੇ ਸਲੀਮਾ ਕੋਲ ਆਉਂਦੀ ਤਾਂ ਉਹ ਪਰ੍ਹੇ ਚਲਿਆ ਜਾਂਦਾ ਤੇ ਆਪਣੀਆਂ ਧੀਆਂ ਨੂੰ ਵੀ ਉਹਦੇ ਕੋਲ ਖੜ੍ਹਨ ਤੋਂ ਵਰਜਦਾ। ਬਸਤੀ ਅਤੇ ਆਸ-ਪਾਸ ਦੇ ਲੋਕਾਂ ਨਾਲ ਉਹਦੇ ਤੇ ਸਲੀਮਾ ਦੇ ਕੰਮ-ਕਾਰ ਦੇ ਸੰਬੰਧ ਹੋਣ ਕਾਰਨ ਉਹ ਬਹੁਤਾ ਕੁਝ ਬੋਲ ਵੀ ਨਹੀਂ ਸਕਦਾ ਸੀ।

ਸ਼ਹਿਰ ਦੇ ਉੱਤਰ ਵਾਲੇ ਪਾਸੇ ਮੁਸਲਮਾਨਾਂ ਦੇ ਲਗਭਗ ਪੰਜਾਹ-ਸੱਠ ਦੀ ਗਿਣਤੀ ’ਚ ਪੁਰਾਣੇ ਘਰ ਸਨ। ਆਸ-ਪਾਸ ਦੇ ਇਲਾਕੇ ਵਿਚ ਕੁਝ ਸਰਕਾਰੀ ਇਮਾਰਤਾਂ ਤੇ ਜਨਤਕ ਥਾਵਾਂ ਵਕਤ ਦੇ ਬੀਤਣ ਨਾਲ ਬਣਦੀਆਂ ਗਈਆਂ। ਉੱਤਰ ਵਾਲੇ ਹਿੱਸੇ ਨੂੰ ਸ਼ਹਿਰ ਨਾਲ ਜੋੜਨ ਵਾਲੀਆਂ ਸੜਕਾਂ ਵਿਚਕਾਰ ਇੱਕ ਸੁੰਦਰ ਚੌਂਕ ਵੀ ਬਣਾ ਦਿੱਤਾ ਗਿਆ ਸੀ। ਚੌਂਕ ਦੇ ਇਕ ਪਾਸੇ ਪਿੱਛੇ ਹਟਵੀਂ ਬਸਤੀ ਵਿਚ ਕੁਝ ਪੁਰਾਣੇ ਘਰ ਰਹਿ ਗਏ ਸਨ ਜਿਹਨਾਂ ਦੀ ਲਾਹੌਰੀ ਇੱਟਾਂ ਵਾਲੀ ਦਿੱਖ, ਵੰਡ ਤੋਂ ਪਹਿਲਾਂ ਵਾਲੇ ਸਮਿਆਂ ਵਿੱਚ ਮੱਲੋ-ਮੱਲੀ ਘੜੀਸ ਕੇ ਦਿਲ ਨੂੰ ਲੈ ਜਾਂਦੀ ਤੇ ਦਿਲ ’ਚ ਇੱਕ ਨਹੀਂ ਕਈ ਹਉਕੇ ਉੱਤਰ ਜਾਂਦੇ। ਦੂਸਰੇ ਪਾਸੇ ਬਹੁਤੇ ਪੁਰਾਣੇ ਘਰਾਂ ਨੂੰ ਢਾਹ ਕੇ ਲੋਕਾਂ ਨੇ ਨਵੇਂ ਰਿਵਾਜ਼ ਦੇ ਮਕਾਨ ਤੇ ਕੋਠੀਆਂ ਉਸਾਰ ਲਈਆਂ ਸਨ। ਸੜਕ ਤੋਂ ਪਿੱਛੇ ਹਟਵੀਂ ਬਸਤੀ ਦੇ ਬਿਲਕੁਲ ਉਲਟ ਸਾਹਮਣੇ ਸ਼ਹਿਰ ਦਾ ਪੁਰਾਣਾ ਬਾਜ਼ਾਰ ਸੀ, ਜਿਸ ਵਿਚ ਸਭ ਤਰ੍ਹਾਂ ਦੇ ਹਿੰਦੂ, ਸਿੱਖ, ਮੁਸਲਮਾਨਾਂ ਦੀਆਂ ਰਲਵੀਆਂ-ਮਿਲਵੀਆਂ ਦੁਕਾਨਾਂ ਸਨ। ਦੁਕਾਨਾਂ ਦੀ ਲੰਬੀ ਕਤਾਰ ਵਿੱਚ ਸਭ ਤਰ੍ਹਾਂ ਦੀਆਂ ਫਲਾਂ, ਸਬਜ਼ੀਆਂ, ਕੱਪੜੇ, ਸੁਨਿਆਰਾਂ ਤੇ ਜੁੱਤੀਆਂ ਦੀਆਂ ਦੁਕਾਨਾਂ ਸ਼ਾਮਿਲ ਸਨ ਫਿਰ ਵੀ ਦੁਕਾਨਾਂ ਦੀ ਕਤਾਰ ਦੇ ਐਨ ਵਿਚਾਲੇ ਲਗਭਗ ਸੱਤ-ਅੱਠ ਦੁਕਾਨਾਂ ਮੀਟ-ਹਲਾਲ ਤੇ ਦੂਜੇ ਝਟਕਈਆਂ ਦੀਆਂ ਸਨ। ਇਸੇ ਕਰਕੇ ਸ਼ਾਇਦ ਏਧਰਲੇ ਬਾਜ਼ਾਰ ਦਾ ਨਾਂ ਮੀਟ-ਮਾਰਕੀਟ ਦੇ ਤੌਰ ’ਤੇ ਹੀ ਮਸ਼ਹੂਰ ਸੀ। ਇਸ ਬਾਜ਼ਾਰ ਵਿੱਚ ਸਭ ਤੋਂ ਪੁਰਾਣੀ ਦੁਕਾਨ ਖ਼ਵਾਜਾ ਅਹਿਮਦ ਦੀ ਸੀ। ਦਿੱਖ ਤੋਂ ਕਿਸੇ ਮੁੱਲਾਂ ਵਾਂਗ ਪਹਿਰਾਵੇ ਵਾਲਾ ਅਹਿਮਦ ਹਮੇਸ਼ਾ ਸਿਰ ’ਤੇ ਨਿੱਕੀ ਜਿਹੀ ਟੋਪੀ ਤੇ ਹਲਕੇ ਰੰਗ ਦੇ ਕੁੜਤੇ ਸਲਵਾਰ ਪਹਿਨਦਾ। ਪੰਜੇ ਵਕਤ ਨਮਾਜ਼ ਅਦਾ ਕਰਦਾ ਤੇ ਧੰਦੇ ਵਿੱਚ ਕੋਈ ਚੁਸਤੀ-ਚਾਲਾਕੀ ਨਾ ਵਰਤਦਾ। ਸ਼ਾਇਦ ਇਸੇ ਕਰਕੇ ਪੂਰੇ ਪੁਰਾਣੇ ਬਾਜ਼ਾਰ ਵਿਚ ਉਹਦੀ ਦੁਕਾਨ ’ਤੇ ਸਭ ਤੋਂ ਵੱਧ ਗਾਹਕਾਂ ਦੀ ਭੀੜ ਲੱਗੀ ਰਹਿੰਦੀ।

    ਖ਼ਵਾਜਾ ਅਹਿਮਦ ਲਗਭਗ ਪੈਂਹਠ-ਸੱਤਰ ਵਰ੍ਹਿਆਂ ਦਾ ਵਿਅਕਤੀ ਸੀ। ਕਹਿੰਦੇ ਨੇ ਕਿ ਉਹਦੇ ਮਾਪੇ ਤੇ ਸਾਕ-ਸੰਬੰਧੀ ਵੰਡ ਵੇਲੇ ਮਾਰੇ ਗਏ। ਕਿਸੇ ਆਂਢ-ਗੁਆਂਢ ਦੇ ਟੱਬਰ ਨੇ ਉਹਨੂੰ ਨਿੱਕੇ ਜਿਹੇ ਨੂੰ ਲੁਕੋ ਲਿਆ ਤੇ ਖੂਨੀ-ਹਨ੍ਹੇਰੀ ਬੰਦ ਹੋਣ ਮਗਰੋਂ ਕੁਝ ਵਰ੍ਹਿਆਂ ਮਗਰੋਂ ਇੱਕ-ਦੋ ਉਹਦੇ ਰਿਸ਼ਤੇਦਾਰ ਲੱਭ ਗਏ ਤੇ ਇੰਝ ਖ਼ਵਾਜੇ ਦੀ ਜ਼ਿੰਦਗੀ ਦਾ ਨਵਾਂ ਅਧਿਆਇ ਫਿਰ ਸ਼ੁਰੂ ਹੋ ਗਿਆ। ਉਹ ਆਪਣੇ ਰਿਸ਼ਤੇਦਾਰ ਚਾਚੇ ਨਾਲ ਮੀਟ ਦੀ ਦੁਕਾਨ ’ਤੇ ਹੱਥ ਵਟਾਉਣ ਲੱਗ ਪਿਆ। ਬਸਤੀ ਵਿੱਚ ਰਹਿੰਦੇ ਤੇ ਸ਼ਹਿਰ ਦੇ ਆਸ-ਪਾਸ ਦੇ ਇਲਾਕੇ ’ਚ ਉਹਦੀ ਸਾਂਝ ਹਰ ਧਰਮ ਦੇ ਲੋਕਾਂ ਨਾਲ ਹੋਰ ਵੀ ਪੀਡੀ ਹੁੰਦੀ ਗਈ। ਉਹਦੀ ਉਮਰ ਵੱਡੀ ਹੋ ਰਹੀ ਸੀ ਚਾਚੇ ਨੂੰ ਉਹਦੇ ਘਰ ਵਸਾਉਣ ਦਾ ਫ਼ਿਕਰ ਪੈ ਗਿਆ ਸੀ ਕਿਵੇਂ ਨਾ ਕਿਵੇਂ ਚਾਚੇ ਨੇ ਖੱਬਾ-ਸੱਜਾ ਕਰਕੇ ਉਹਦੇ ਲਈ ਲਖਨਊ ਤੋਂ ਦੂਰ ਦੀ ਰਿਸ਼ਤੇਦਾਰੀ ’ਚੋਂ ਸਲੀਮਾ ਦਾ ਰਿਸ਼ਤਾ ਲੈ ਆਂਦਾ। ਉਹਦੇ ਵੀ ਸਭ ਸਾਕ-ਸੰਬੰਧੀ ਵੰਡ ’ਚ ਮਾਰੇ ਗਏ ਜਾਂ ਵਿਛੜ ਗਏ ਸਨ। ਅੱਤ ਦੀ ਸੋਹਣੀ ਸਲੀਮਾ ਸਿਲਾਈ-ਕਢਾਈ ਤੇ ਬਹੁਤ ਕੰਮਾਂ ’ਚ ਨਿਪੁੰਨ ਸੀ। ਇੰਝ ਵਕਤ ਦੇ ਪ੍ਰਵਾਹ ਨਾਲ ਖ਼ਵਾਜੇ ਤੇ ਸਲੀਮਾ ਦਾ ਘਰ ਵਸ ਗਿਆ। ਸਲੀਮਾ ਉਹਤੋਂ ਉਮਰ ’ਚ ਛੋਟੀ ਸੀ। ਖ਼ਵਾਜੇ ਦਾ ਚਾਚਾ ਇਕੱਲਾ ਸੀ ਉਹਦੀ ਮੌਤ ਦੇ ਬਾਅਦ ਦੁਕਾਨ ਦਾ ਵਾਰਿਸ ਖ਼ਵਾਜਾ ਅਹਿਮਦ ਹੀ ਹੋ ਗਿਆ। ਅਹਿਮਦ ਦੇ ਘਰ ਦੋ ਲੜਕੀਆਂ ਤੇ ਇੱਕ ਲੜਕੇ ਨੇ ਜਨਮ ਲਿਆ ਤੇ ਉਹ ਨਿੱਕਾ ਜਿਹਾ ਪੁਰਾਣਾ ਮਕਾਨ ਹੁਣ ਰੌਣਕ ਪਰਤ ਆਉਣ ਨਾਲ ਟਹਿਕਣ ਲੱਗ ਪਿਆ ਸੀ। ਅਹਿਮਦ ਦੁਕਾਨ ’ਤੇ ਕਮਾਈ ਕਰਦਾ ਤੇ ਸਲੀਮਾ ਬਸਤੀ ਦੇ ਘਰਾਂ ਦੇ ਕੱਪੜਿਆਂ ਦੀ ਸਿਲਾਈ-ਕਢਾਈ ਕਰਕੇ ਅਹਿਮਦ ਦਾ ਘਰ ਦੇ ਖਰਚੇ ਤੋਰਨ ’ਚ ਵੀ ਹੱਥ ਵਟਾਉਂਦੀ। ਕੁੜੀਆਂ, ਵਹੁਟੀਆਂ, ਬਜ਼ੁਰਗ ਔਰਤਾਂ ਦਾ ਉਹਦੇ ਕੋਲ ਤਾਂਤਾ ਲੱਗਿਆ ਰਹਿੰਦਾ। ਖ਼ਵਾਜਾ ਅਹਿਮਦ ਗੰਭੀਰ ਸੁਭਾਅ ਵਾਲਾ ਹੀ ਸੀ ਫਿਰ ਵੀ ਕਦੇ ਨਾ ਕਦੇ ਹੱਸ ਵੀ ਲੈਂਦਾ ਸੀ।

 ਕੁੜੀਆਂ-ਚਿੜੀਆਂ ਖ਼ਵਾਜੇ ਦੇ ਘਰੇ ਹੋਣ ਤੇ ਬਹੁਤਾ-ਚਿਰ ਸਲੀਮਾ ਕੋਲ ਨਾ ਠਹਿਰਦੀਆਂ, ਛੇਤੀ ਮੁੜ ਜਾਂਦੀਆਂ। ਸੁਭਾਵਿਕ ਹੀ ਔਰਤਾਂ ਉਹਤੋਂ ਸ਼ਰਮ ਮੰਨਦੀਆਂ। ਸਲੀਮਾ ਦਾ ਨਿੱਘਾ-ਸੁਭਾਅ ਹੋਣ ਕਰਕੇ ਤੇ ਆਸ-ਪਾਸ ਦੇ ਸਾਰੇ ਘਰਾਂ ਦੇ ਦੁਖ-ਸੁਖ ’ਚ ਸ਼ਾਮਿਲ ਹੋਣ ਕਰਕੇ ਵੀ ਉਹਦੇ ਕੰਮ ਕਾਰ ’ਚ ਵਾਧਾ ਹੋਣ ਦੇ ਨਾਲ-ਨਾਲ ਉਹ ਇਲਾਕੇ ’ਚ ਬੜੀ ਹਰਮਨ-ਪਿਆਰੀ ਸੀ। ਖ਼ਵਾਜਾ ਸਲੀਮਾ ਦੇ ਕੰਮਾਂ ’ਚ ਦਖਲ ਨਾ ਦਿੰਦਾ ਤੇ ਉਹਨੂੰ ਸਲੀਮਾ ਦੇ ਸੁਭਾਉ ਤੇ ਕਾਬਲੀਅਤ ਬਾਰੇ ਪਤਾ ਸੀ, ਹਾਂ ਕਦੇ-ਕਦੇ ਉਹ ਸਲੀਮਾ ਨੂੰ ਲਾਜੋ ਮਾਸੀ ਦਾ ਕੰਮ ਕਰਨੋਂ ਜ਼ਰੂਰ ਵਰਜਦਾ ਤੇ ਸ਼ਾਇਦ ਲਾਜੋ ਮਾਸੀ ਦੇ ਘਰ ਆਉਣ ’ਤੇ ਉਹਨੂੰ ਸਲੀਮਾ ਦੇ ਸੁਹੱਪਣ ਤੋਂ ਵੀ ਡਰ ਲੱਗਣ ਲੱਗ ਪੈਂਦਾ। ਕਿਤੇ ਨਾ ਕਿਤੇ ਸਲੀਮਾ ਦੀ ਛੋਟੀ ਉਮਰ ਵੀ ਉਹਨੂੰ ਚੁਭਣ ਲੱਗ ਪੈਂਦੀ। ਉਹਨੂੰ ਡਰ ਲੱਗਦਾ ਕਿ ‘‘ਕਿਤੇ...ਕਿਤੇ... ਨਾਲੇ ਇਹ ਤਾਂ ਪੰਜਾਬ ਦੀ ਹੈ ਵੀ ਨਈਂ...।’’ ਕਈ ਖਿਆਲ ਉਹਦੇ ਅੰਦਰਲੇ ਮਰਦ ਨੂੰ ਜਗਾ ਦਿੰਦੇ ਤੇ ਉਹਦਾ ਮਨ ਭਟਕਣ ਜਿਹਾ ਲੱਗ ਪੈਂਦਾ। ਫਿਰ ਕਦੇ ਉਹ ਲਾਜੋ ਮਾਸੀ ਬਾਰੇ ਸੋਚਣ ਲੱਗ ਪੈਂਦਾ ਉਹਨੂੰ ਜਿਵੇਂ ਲਾਜੋ ਦੇ ਨਾਂ ਤੋਂ ਹੀ ਨਫ਼ਰਤ ਸੀ।

    ਲਾਜੋ ਮਾਸੀ ਦਾ ਬਚਪਨ ਦਾ ਨਾਂ ਜ਼ੱਨਤ-ਬੀਬੀ ਸੀ ਤੇ ਉਹ ਅਹਿਮਦ ਦੀ ਹੀ ਹਮ-ਉਮਰ ਸੀ। ਜ਼ੱਨਤ ਦੇ ਵੱਡੇ-ਵਡੇਰੇ ਵੀ ਅਹਿਮਦ ਦੇ ਸਾਕ-ਸੰਬੰਧੀਆਂ ’ਚੋਂ ਹੀ ਸਨ। ਵੰਡ ਦੇ ਦੁਖਾਂਤ ਨੇ ਜ਼ੱਨਤ-ਬੀਬੀ ਦੇ ਅੰਗ-ਸਾਕ ਮਾਂ-ਬਾਪ ਸਭ ਖੋਹ ਲਏ ਤੇ ਉਹ ਟੁੱਟੀਆਂ ਸੱਧਰਾਂ ਨਾਲ ਕੁਝ ਦੇਰ ਲਈ ਮਲੇਰਕੋਟਲੇ ਚਲੀ ਗਈ ਜਿੱਥੇ ਵੱਡੀ ਹੋਣ ’ਤੇ ਉਹਨੇ ਕਿਸੇ ਬੰਦੇ ਨਾਲ ਵਿਆਹ ਵੀ ਕਰਾ ਲਿਆ ਸੀ ਪਰ ਨਿਭਿਆ ਨਾ। ਉਹ ਕੁੱਛੜ ਆਪਣੀ ਜਾਈ ਇੱਕ ਧੀ ਵਾਪਿਸ ਲੈ ਕੇ ਆਪਦੇ ਉਹੀ ਪੁਰਾਣੇ ਖੇੜੇ ਆ ਗਈ। ਅੱਗ ਭਾਵੇਂ ਬੁਝ ਚੁੱਕੀ ਸੀ ਪਰ ਚੰਗਿਆੜੀਆਂ ਕਿਤੇ ਨਾ ਕਿਤੇ ਧੁਖਦੀਆਂ ਬਾਕੀ ਸਨ। ਜ਼ੱਨਤ ਨੇ ਨਿੱਕੇ ਮੋਟੇ ਕੰਮ ਵੀ ਕੀਤੇ ਤੇ ਧੀ ਨੂੰ ਪਾਲਦੀ ਰਹੀ। ਖ਼ਵਾਜੇ ਅਹਿਮਦ ਨੂੰ ਵਕਤ ਨੇ ਕਿਸੇ ਨਾ ਕਿਸੇ ਤਰ੍ਹਾਂ ਚਾਚੇ ਰਾਹੀਂ ਸੰਭਾਲ ਲਿਆ। ਜ਼ੱਨਤ ਬੀਬੀ ਤੇ ਅਜਿਹੀਆਂ ਹੋਰ ਔਰਤਾਂ ਨਾ ਤਾਂ ਕਿਸੇ ਚੰਗੇ ਘਰਾਣੇ ਦੀ ਸ਼ੋਭਾ ਬਣ ਸਕੀਆਂ ਤੇ ਨਾ ਹੀ ਸਮਾਜ ਦੇ ਕਹਿੰਦੇ-ਕਹਾਉਂਦੇ ਲੋਕਾਂ ਦੀ ਕਤਾਰ ਵਿੱਚ ਕਿਸੇ ਤਰ੍ਹਾਂ ਸ਼ਾਮਿਲ ਹੋ ਸਕੀਆਂ। ਕਿਸੇ ਨਾ ਕਿਸੇ ਤਰ੍ਹਾਂ ਉਸ ਪੁਰਾਣੇ ਬਾਜ਼ਾਰ ਦੇ ਪਿਛਲੇ ਪਾਸੇ ਜ਼ੱਨਤ ਬੀਬੀ ਤੇ ਅਜਿਹੀਆਂ ਹੋਰ ਜ਼ਨਾਨੀਆਂ ਨੇ ਮਿਲ ਕੇ ਛੋਟੇ-ਛੋਟੇ ਮਕਾਨਾਂ ਦਾ ਪ੍ਰਬੰਧ ਕਰ ਲਿਆ ਸੀ। ਸਮੇਂ ਦੇ ਬੀਤਣ ਨਾਲ ਜ਼ੱਨਤ ਬੀਬੀ ਹੌਲੀ-ਹੌਲੀ ਲਾਜੋ ਮਾਸੀ ਦੇ ਨਾਂ ਨਾਲ ਮਸ਼ਹੂਰ ਹੋ ਗਈ ਤੇ ਉਹਦੀ ਧੀ ਵੀ ਉਹਦੇ ਬਰਾਬਰ ਹੋ ਗਈ। ਵਕਤ ਦੀਆਂ ਤਲਖ਼ੀਆਂ ਨੇ ਉਹਨਾਂ ਦੇ ਖੂਨ ’ਚ ਵੀ ਕੜਵਾਹਟ ਭਰ ਦਿੱਤੀ ਤੇ ਸੰਗ ਸ਼ਰਮ ਦੀਆਂ ਨਾਜ਼ੁਕ ਪੰਖੜੀਆਂ ਉਹਨਾਂ ਦੀ ਫੁਲਵਾੜੀ ’ਚੋਂ ਕਿਤੇ ਦੂਰ ਕਿਰ ਗਈਆਂ। ਉਹ ਲੋੜ ਪੈਣ ’ਤੇ ਨੇਕ ਬੰਦਿਆਂ ਨਾਲ ਸ਼ਾਇਦ ਮਿਠਾਸ ਭਰਿਆ ਵਤੀਰਾ ਅਪਣਾ ਲੈਂਦੀਆਂ। ਨਹੀਂ ਤਾਂ ਲਾਜੋ ਮਾਸੀ ਤੇ ਉਹਦੀ ਧੀ ਦੀ ਬੇਬਾਕੀ ਤੋਂ ਆਸ-ਪਾਸ ਦੇ ਕਹਿੰਦੇ-ਕਹਾਉਂਦੇ ਇੱਜ਼ਤਦਾਰ ਸ਼ਰਮ ਮੰਨਦੇ। ਅਜਿਹੇ ਲੋਕ ਭਾਵੇਂ ਕਈ ਵਾਰ ਲਾਜੋ ਮਾਸੀ ਦੇ ਬੂਹੇ ਦੀਆਂ ਵਿਰਲਾਂ ਵਿਚੋਂ ਦੀ ਕਦੇ ਨਾ ਕਦੇ ਆਸੇ-ਪਾਸੇ ਵੇਖ ਕੇ ਦੇਖਣ ਦਾ ਯਤਨ ਵੀ ਕਰਦੇ ਰਹਿੰਦੇ।

    ਅਹਿਮਦ ਨੂੰ ਲਗਦਾ ਕਿ ਲਾਜੋ ਸਲੀਮਾ ਕੋਲ ਕੱਪੜੇ ਸਿਲਾਉਣ ਦੇ ਬਹਾਨੇ ਆਉਂਦੀ ਰਹਿੰਦੀ ਹੈ ਕਿਤੇ ਉਹ ਸਲੀਮਾ ਜਾਂ ਉਹਦੀਆਂ ਜਵਾਨ ਧੀਆਂ ਨੂੰ ਕੋਈ ਪੁੱਠਾ ਪਾਠ ਨਾ ਪੜ੍ਹਾ ਦੇਵੇ ਪਰ ਉਹ ਲਾਜੋ ਦੇ ਆਉਣ ’ਤੇ ਧੀਆਂ ਨੂੰ ਅੰਦਰ ਜਾਣ ਦਾ ਇਸ਼ਾਰਾ ਕਰਕੇ ਆਪ ਵੀ ਪਾਸਾ ਵੱਟ ਲੈਂਦਾ ਪਰ ਉਹਦੇ ਕੰਨ ਸਲੀਮਾ ਤੇ ਲਾਜੋ ਦੀਆਂ ਗੱਲਾਂ ਸੁਣਦੇ ਰਹਿੰਦੇ। ਲਾਜੋ ਦੇ ਜਾਣ ਮਗਰੋਂ ਉਹ ਸਲੀਮਾ ਨੂੰ ਨੋਕ-ਝੋਕ ਕਰਨ ਲੱਗਦਾ ਕਿ ਐਵੇਂ ਇਹੋ ਜਿਹੀਆਂ ਜ਼ਨਾਨੀਆਂ ਨੂੰ ਬਹੁਤਾ ਚਿਰ ਨਾ ਬਿਠਾਇਆ ਕਰੇ। ਸਲੀਮਾ ਆਪਣੇ ਕੰਮ ਦਾ ਵਾਸਤਾ ਦੇ ਕੇ ਚੁੱਪ ਕਰ ਜਾਂਦੀ ਤੇ ਅਹਿਮਦ ਦਾ ਬਹੁਤਾ ਗੁੱਸਾ ਵੀ ਨਾ ਕਰਦੀ। ਉਹ ਅਹਿਮਦ ਦੇ ਸੁਭਾਅ ਤੋਂ ਚੰਗੀ ਤਰ੍ਹਾਂ ਜਾਣੂ ਸੀ। ਫਿਰ ਕਦੇ-ਕਦੇ ਅਹਿਮਦ ਦੀਆਂ ਅੱਖਾਂ ਮੂਹਰੇ ਬਚਪਨ ਦਾ ਉਹ ਖੂਨੀ ਅਧਿਆਇ ਆ ਜਾਂਦਾ। ਉਹਨੂੰ ਜਾਪਦਾ ਕਿ ਅਹਿਮਦ ਤੇ ਸਲੀਮਾ ਮਾਰੇ ਗਏ ਤੇ ਉਹਦੀਆਂ ਧੀਆਂ.....ਧੀਆਂ ਲਾਜੋ ਮਾਸੀ ਕੋਲ ਚਲੀਆਂ ਗਈਆਂ ਤੇ ਉਹ ‘ਮੇਰੇ ਅੱਲਾ’ ਕਹਿ ਕੇ ਤੜਫ਼ ਉੱਠਦਾ ਤੇ ਉੱਠ ਕੇ ਪਾਣੀ ਦਾ ਗਿਲਾਸ ਪੀਣ ਲਈ ਭੱਜਦਾ ਫੇਰ ਛੇਤੀ ਨਾਲ ਨਮਾਜ਼ ਅਦਾ ਕਰਨ ਲਈ ਚਲਾ ਜਾਂਦਾ। ਉਹਨੂੰ ਆਪਣੀ ਵੱਡੀ ਉਮਰ ਤੇ ਜਵਾਨ ਧੀਆਂ ਦੀ ਚਿੰਤਾ ਲੱਗੀ ਰਹਿੰਦੀ।

    ਅੱਜ ਲਾਜੋ ਫੇਰ ਅਹਿਮਦ ਨੂੰ ਸੁਵੱਖਤੇ ਹੀ ਕਹਿ ਗਈ ਸੀ ਕਿ ਉਹ ਸਲੀਮਾ ਕੋਲ ਆਵੇਗੀ। ਉਹਨੇ ਬੁੜ ਬੁੜਾਉਂਦੇ ਨੇ ਅੰਦਰ ਜਾ ਕੇ ਸਲੀਮਾ ਨੂੰ ਲਾਜੋ ਦਾ ਸੁਨੇਹਾ ਤਾਂ ਦੇ ਦਿੱਤਾ ਸੀ ਪਰ ਉਹਦੇ ਅੰਦਰ ਹਰ ਵਾਰ ਵਾਂਗ ਤਰਲੋਮੱਛੀ ਮੱਚੀ ਪਈ ਸੀ। ਕੋਲ ਆ ਕੇ ਅਹਿਮਦ ਦੀ ਵੱਡੀ ਧੀ ਨੇ ਕਿਹਾ।

    ‘‘ਲੈ ਅੱਬਾ ਚਾਹ ਤੇ ਨਾਲੇ ਪਰੌਂਠਾ...।’’ ਅਹਿਮਦ ਨੇ ਚਾਹ ਦਾ ਗਿਲਾਸ ਤੇ ਥਾਲੀ ਫੜ ਲਈ ਤੇ ਕਾਹਲੀ-ਕਾਹਲੀ ਚਾਹ ਪੀਣ ਲੱਗ ਪਿਆ।

    ‘‘ਅੱਬਾ ਮੈਂ ਕੱਲ੍ਹ ਵੀ ਕਿਹਾ ਸੀ ਕਿ ਮੈਨੂੰ ਸਿੱਪੀਆਂ-ਸਿਤਾਰੇ ਹਰੀਏ ਦੇ ਹੱਥ ਲੈ ਕੇ ਭੇਜ ਦੇਈਂ...ਮੈਂ ਹਰੀਏ ਨੂੰ ਦੱਸਿਆ ਹੋਇਐ, ਬਈ ਕਿਹੋ ਜਿਹੇ ਚਾਹੀਦੇ ਨੇ... ਫੇਰ ਭੁੱਲ ਗਏ ਓ...।’’ ਅਹਿਮਦ ਦੀ ਛੋਟੀ ਧੀ ਨੇ ਸ਼ਿਕਵਾ ਕਰਦਿਆਂ ਕਿਹਾ। ਉਹ ਆਪਣੇ ਨਵੇਂ ਸੂਟ ਨੂੰ ਸਿੱਪੀ-ਸਿਤਾਰੇ ਨਾਲ ਸਜਾਉਣ ਲਈ ਉਤਾਵਲੀ ਸੀ।

    ‘‘ਠੀਕ ਹੈ ਕੁੜੇ ਨਸੀਮ... ਅੱਜ ਭੇਜ ਦੇਊਂਗਾ...।’’ ਅਹਿਮਦ ਨੇ ਛੋਟੀ ਕੁੜੀ ਨੂੰ ਮਗਰੋਂ ਲਾਹੁੰਦਿਆਂ ਕਿਹਾ। ਛੇਤੀ ਨਾਲ ਚਾਹ-ਨਾਸ਼ਤਾ ਕਰਕੇ ਅਹਿਮਦ ਦੁਕਾਨ ਨੂੰ ਚਲਿਆ ਗਿਆ। ਅੱਜ ਦੁਪਹਿਰ ਦੀ ਰੋਟੀ ਵੀ ਉਹਨੇ ਹਰੀਏ ਦੇ ਹੱਥ ਦੁਕਾਨ ’ਤੇ ਹੀ ਮੰਗਵਾ ਲਈ ਸੀ ਤਾਂ ਕਿ ਉਸ ਲਾਜੋ ਵਰਗੀ ਤੀਵੀਂ ਦੇ ਦਰਸ਼ਨ ਨਾ ਹੀ ਹੋਣ। ਉਹ ਅਕਸਰ ਹੀ ਲਾਜੋ ਦੇ ਸਾਹਮਣੇ ਆਉਣ ਤੋਂ ਕੰਨੀਂ ਕਤਰਾਉਂਦਾ ਰਹਿੰਦਾ।

    ਸਲੀਮਾ ਨੇ ਲਾਜੋ ਮਾਸੀ ਦੇ ਬਲਾਊਜ਼ ਤੇ ਸੂਟ ਤਿਆਰ ਕਰਕੇ ਰੱਖ ਦਿੱਤੇ ਸਨ ਪਰ ਲਾਜੋ ਦੁਪਹਿਰ ਤੱਕ ਨਾ ਆਈ। ਲਖਨਊ ਤੋਂ ਆਏ ਦੋ ਮਹਿਮਾਨਾਂ ਨੂੰ ਦੁਪਹਿਰ ਦੀ ਰੋਟੀ ਖੁਆ ਕੇ ਸਲੀਮਾ ਆਪਣੇ ਸੂਟਾਂ ਦੀ ਸਿਲਾਈ ਕਰਨ ਵਿੱਚ ਰੁੱਝ ਗਈ। ਉਹ ਸਾਰੇ ਸ਼ਾਮ ਦੀ ਚਾਹ ਪੀ ਰਹੇ ਸਨ ਕਿ ਲਾਜੋ ਮਾਸੀ ਵੀ ਆ ਗਈ।

    ‘‘ਖ਼ੁਦਾ ਖ਼ੈਰ ਕਰੇ... ਸਲੀਮਾ ਕੀ ਹਾਲ ਨੇ ਤੇਰੇ... ਲਗਦੈ ਰੁੱਝੀ ਹੋਈ ਐਂ, ਮਹਿਮਾਨ ਆਏ ਹੋਏ ਨੇ...।’’ ਲਾਜੋ ਨੇ ਸਲੀਮਾ ਨੂੰ ਹਾਲ ਪੁੱਛਦਿਆਂ ਕਿਹਾ।

    ‘‘ਹਾਂ ਮਾਸੀ... ਮੇਰੇ ਚਾਚਾ ਜਾਨ ਤੇ ਮੇਰਾ ਭਤੀਜਾ ਆਇਐ ਲਖਨਊ ਤੋਂ... ਬਹਿ ਪਹਿਲਾਂ ਚਾਹ ਪੀ...।’’ ਸਲੀਮਾ ਨੇ ਰਸੋਈ ’ਚੋਂ ਚਾਹ ਦਾ ਕੱਪ ਲਿਆਉਂਦਿਆਂ ਲਾਜੋ ਨੂੰ ਕਿਹਾ। ਲਾਜੋ ਚਾਹ ਪੀਣ ਲੱਗ ਪਈ ਤੇ ਨਾਲੇ ਆਏ ਹੋਏ ਮਹਿਮਾਨਾਂ ਨਾਲ ਗੱਲਾਂ-ਬਾਤਾਂ ਵੀ ਕਰਨ ਲੱਗ ਪਈ। ਏਨੇ ’ਚ ਅਹਿਮਦ ਵੀ ਆ ਗਿਆ ਤੇ ਬੈਠੀ ਲਾਜੋ ਮਾਸੀ ਨੂੰ ਦੇਖ ਕੇ ਉਹਦਾ ਮੱਥਾ ਇਕੱਠਾ ਹੋ ਗਿਆ। ਗੁਸਲਖਾਨੇ ’ਚ ਮੰੂਹ ਹੱਥ ਧੋ ਕੇ ਉਹ ਅੰਦਰਲੇ ਕਮਰੇ ’ਚ ਆ ਗਿਆ। ਉਹ ਉਹਨਾਂ ਕੋਲ ਨਾ ਬੈਠਿਆ ਪਰ ਸਲੀਮਾ ਦੇ ਚਾਚਾ ਜਾਨ ਨੇ ਅਹਿਮਦ ਨੂੰ ਆਵਾਜ਼ ਦੇ ਕੇ ਬਾਹਰ ਹੀ ਬੁਲਾ ਲਿਆ। ਕੁਝ ਵੀ ਨਾ ਬੋਲਦਾ ਹੋਇਆ ਮਜਬੂਰੀ ਵੱਸ ਅਹਿਮਦ ਉਹਨਾਂ ਵਿੱਚ ਆ ਕੇ ਚੁੱਪ-ਚਾਪ ਬੈਠ ਗਿਆ। ਵੱਡੀ ਕੁੜੀ ਨੇ ਉਹਨੂੰ ਚਾਹ ਫੜਾ ਦਿੱਤੀ। ਲਾਜੋ ਕੁਝ ਨਵੇਂ ਕੱਪੜੇ ਸਲੀਮਾ ਨੂੰ ਦਿਖਾ ਕੇ ਨਵੀਂ ਗੋਟਾ-ਕਿਨਾਰੀ ਤੇ ਸੂਹੇ ਮੋਤੀ ਨਵੇਂ ਸੂਟ ’ਤੇ ਸਜਾਉਣ ਬਾਰੇ ਤੇ ਨਵੀਂ ਕਢਾਈ ਬਾਰੇ ਸਮਝਾ ਰਹੀ ਸੀ। ਏਨੇ ’ਚ ਹਰੀਆ ਵੀ ਛੋਟੀ ਕੁੜੀ ਨਸੀਮ ਦੇ ਸਿੱਪੀਆਂ-ਸਿਤਾਰੇ ਲੈ ਆਇਆ। ਉਹ ਹਰੀਏ ਨੂੰ ਦੇਖ ਕੇ ਛਲਾਂਗਾਂ ਮਾਰਨ ਲੱਗ ਪਈ ਤੇ ਖੁਸ਼ੀ-ਖੁਸ਼ੀ ਹਰੀਏ ਲਈ ਵੀ ਚਾਹ ਦਾ ਕੱਪ ਲੈ ਆਈ। ਨਸੀਮ ਲਾਜੋ ਮਾਸੀ ਦੇ ਲਿਆਂਦੇ ਗੋਟੇ-ਕਿਨਾਰੀ ਨੂੰ ਗਹੁ ਨਾਲ ਦੇਖਦੀ ਹੋਈ ਕਹਿਣ ਲੱਗੀ... ‘‘ਹਾਏ ਮੈਂ ਵੀ ਆਪਣੇ ਨਵੇਂ ਸੂਟ ’ਤੇ ਇਹੋ ਜਿਹੀ ਗੋਟਾ-ਕਿਨਾਰੀ ਲਾਉਣੀ ਐ... ਦੇਖ ਨਾ ਅੰਮੀ ਏਨਾ ਸੋਹਣਾ ਕਿੱਥੋਂ ਲਿਆਈ ਲਾਜੋ ਮਾਸੀ?’’

    ‘‘ਨੀ ਚੰਗਾ ਲੈ ਆਈਂ... ਕਮਲੀ ਕਿਤੋਂ ਦੀ...।’’ ਸਲੀਮਾ ਉਹਨੂੰ ਡਾਂਟਣ ਲੱਗੀ।

    ਚਾਚਾ ਜਾਨ ਤੇ ਅਹਿਮਦ ਆਪਣੀ ਕੋਈ ਗੁਫ਼ਤਗੂ ਕਰ ਰਹੇ ਸਨ। ਨਾਲ ਹੀ ਅਹਿਮਦ ਦੇ ਕੰਨ ਜ਼ਨਾਨੀਆਂ ਦੀਆਂ ਗੱਲਾਂ ਵਿੱਚ ਵੀ ਸਨ। ਫੇਰ ਚਾਚਾ ਜਾਨ ਲਾਜੋ ਮਾਸੀ ਨੂੰ ਬੋਲੇ।

    ‘‘ਲਾਜੋ ਬੀਬੀ... ਭਲਾ ਆਪ ਦਾ ਕੀ ਕਾਰੋਬਾਰ ਏ...? ਆਪ ਤਾਂ ਸ਼ੁਰੂ ਤੋਂ ਹੀ ਪੰਜਾਬ ਦੇ ਰਹਿਣ ਵਾਲੇ ਓ...।’’ ਚਾਚਾ ਜਾਨ ਦਾ ਲਾਜੋ ਮਾਸੀ ਨੂੰ ਬੜਾ ਅਜੀਬ ਸੁਆਲ ਸੀ। ਲਾਜੋ ਦੇ ਧੁਰ ਕਲੇਜੇ ਜਿਵੇਂ ਕਿਸੇ ਨਾ ਚੋਭ ਲਾਈ ਹੋਵੇ, ਉਹ ਇੱਕਦਮ ਹਿੱਲ ਜਿਹੀ ਗਈ ਤੇ ਸਲੀਮਾ ਨਾਲ ਗੱਲਾਂ ਕਰਦੀ ਰੁਕ ਗਈ, ਫ਼ਿਰ ਉਸੇ ਵੇਲੇ ਦਿਲ ਨੂੰ ਸੰਭਾਲ ਕੇ ਬੜੇ ਹੌਂਸਲੇ ਤੇ ਬੇਬਾਕੀ ਨਾਲ ਅਹਿਮਦ ਮੀਆਂ ਵੱਲ ਵੇਖਦੀ ਕਹਿਣ ਲੱਗੀ...।

    ‘‘... ਸਾਡਾ ਕਾਰੋਬਾਰ ਏ... ‘‘ਮੀਟ ਮਾਰਕੀਟ’’ ... ਹੋਰ ਅਸੀਂ ਕੀ ਕਰਨੈ?...’’ ਇੱਕ ਹਉਕੇ ਜਿਹੇ ਨਾਲ ਉਹਨੇ ਆਪਣਾ ਉੱਤਰ ਦੇ ਦਿੱਤਾ। ਅਹਿਮਦ ਬੈਠਾ-ਬੈਠਾ ਇੱਕਦਮ ਤਣ ਗਿਆ ਉਹਨੂੰ ਲਾਜੋ ਦੇ ਜੁਆਬ ’ਤੇ ਹੈਰਾਨੀ ਸੀ ਉਹ ਭਵਾਂ ਨੂੰ ਕੱਸ ਕੇ ਲਾਜੋ ਵੱਲ ਵੇਖ ਕੇ ਕਹਿਣ ਲੱਗਾ... ‘‘ਮੀਟ ਮਾਰਕੀਟ...।’’ ਇਹ ਕਾਰੋਬਾਰ ਕਦੋਂ ਕਰ ਲਿਆ ਲਾਜੋ ਤੂੰ...।’’ ਲਾਜੋ ਮੰਜੇ ਤੋਂ ਉੱਠ ਖੜ੍ਹੀ। ਅੱਜ ਜਿਵੇਂ ਉਹ ਦੁਨੀਆਂ ਦੇ ਹਰ ਬੰਦੇ ਨੂੰ ਆਪਣਾ ਗ਼ਮ ਖੋਲ੍ਹ ਕੇ ਦੱਸਣਾ ਚਾਹੁੰਦੀ ਸੀ। ਉਹ ਛਾਤੀ ਹੇਠ ਦੱਬੇ ਹਉਕਿਆਂ ਦੀਆਂ ਤਹਿਆਂ ਚੁੱਕਣਾ ਚਾਹੁੰਦੀ ਸੀ। ਸਲੀਮਾ ਤੇ ਕੁੜੀਆਂ ਉਹਦੇ ਵੱਲ ਹੈਰਾਨੀ ਨਾਲ ਤੱਕਣ ਲੱਗੀਆਂ।

    ‘‘ਹਾਂ... ਅਹਿਮਦ ਮੀਆਂ... ‘‘ਮੀਟ ਮਾਰਕੀਟ’’ ਈ ਤਾਂ ਹੈ... ਤੂੰ ਵੱਢੇ-ਟੁੱਕੇ ਮਰੇ ਹੋਏ ਮਾਸ ਨੂੰ ਵੇਚਦਾਂ... ਤੇ ਅਸੀਂ... ਅਸੀਂ ਜਿਉਂਦੇ ਮਾਸ ਨੂੰ... ਗੱਲ ਤੇ ਇੱਕੋ ਈ ਹੋਈ ਨਾ... ਕਿੱਡਾ ਕੁ ਫਰਕ ਐ...?’’ ਲਾਜੋ ਮਾਸੀ ਨੇ ਆਪਣੇ ਮੂੰਹ ਫੱਟ ਲਹਿਜ਼ੇ ਵਿੱਚ ਕਹਿ ਦਿੱਤਾ ਸੀ। ਸਲੀਮਾ ਦਾ ਚਾਚਾ ਲਾਜੋ ਵੱਲ ਟਿਕਟਕੀ ਲਗਾ ਕੇ ਵੇਖਣ ਲੱਗ ਪਿਆ। ਉਹ ਫੇਰ ਗੁਭ੍ਹਾਟ ਖੋਲ੍ਹਦੀ ਹੋਈ ਬੋਲੀ।

    ‘‘ਅਹਿਮਦ ਮੀਆਂ... ਤੈਨੂੰ ਤੇਰੇ ਚਾਚੇ ਨੇ ਬੁਰੇ ਵਕਤਾਂ ’ਚ ਕਿਸੇ ਨਾ ਕਿਸੇ ਤਰ੍ਹਾਂ ਸੰਭਾਲ ਲਿਆ ਤੇ ਤੂੰ ਅੱਜ ਕਾਰੋਬਾਰੀ ਐਂ... ਤੇ ਅਸੀਂ... ਅਸੀਂ ਵਕਤਾਂ ਮਾਰੀਆਂ ਜ਼ਨਾਨੀਆਂ... ਮਜਬੂਰੀ ਵੱਸ, ਅੱਜ ਲਾਜੋ ਮਾਸੀ ਜਾਂ ਹੋਰ ਬਥੇਰਾ ਕੁਝ ਬਣੀਆਂ ਹੋਈਆਂ... ਸਾਡਾ ਵੀ ਜੇ ਕੋਈ ਅੱਗਾ-ਪਿੱਛਾ ਜਾਂ ਪਿਆਰਾ-ਬੇਲੀ ਸਾਥ ਦੇ ਦਿੰਦਾ ਤਾਂ ਮੈਂ ਵੀ ਜ਼ੱਨਤ ਬੀਬੀ ਹੀ ਹੰੁਦੀ। ਅੱਜ ਲਾਜੋ ਨਹੀਂ ਜ਼ੱਨਤ ਦੇ ਅੰਦਰਲੇ ਗ਼ਮ ਦਾ ਉਬਾਲ਼ਾ ਬੋਲ ਰਿਹਾ ਸੀ। ਅਹਿਮਦ ਦਾ ਮੱਥਾ ਢਿੱਲਾ ਪੈ ਗਿਆ ਤੇ ਉਹਨੇ ਨੀਵੀਂ ਪਾ ਲਈ। ਸਲੀਮਾ ਤੇ ਕੁੜੀਆਂ ਚੁੱਪ-ਚਾਪ ਸਹਿਮੀਆਂ ਖੜ੍ਹੀਆਂ ਸਨ। ਅਹਿਮਦ ਨੇ ਹੁਣ ਕੁੜੀਆਂ ਨੂੰ ਅੰਦਰ ਜਾਣ ਲਈ ਨਹੀਂ ਕਿਹਾ ਸੀ। ਚਾਚਾ ਜਾਨ ਵੀ ਸ਼ਾਂਤ ਹੋ ਕੇ ਅੰਦਰ ਚਲਿਆ ਗਿਆ। ਫੇਰ ਇੱਕਦਮ ਅਹਿਮਦ ਨੇ ਛੋਟੀ ਕੁੜੀ ਨਸੀਮ ਨੂੰ ਇਸ਼ਾਰੇ ਨਾਲ ਕਿਹਾ।

    ‘‘ਆਹ ਏਧਰ ਆ ਕੁੜੇ... ਤੈਨੂੰ ਬਹੁਤ ਪਸੰਦ ਆਇਆ ਨਾ ਗੋਟਾ ਕਿਨਾਰੀ... ਜਿਹੜੀ ਆਹ ਤੇਰੀ ਲਾਜੋ ਮਾਸੀ ਲਿਆਈ ਐ... ਹੁਣੇ ਹੁਣੇ ਤੂੰ ਰੌਲਾ ਪਾਉਂਦੀ ਸੀ...।’’ ਨਸੀਮ ਚੁੱਪ-ਚਾਪ ਖੜ੍ਹੀ ਸੀ ਕੁਝ ਨਾ ਬੋਲੀ। ਅਹਿਮਦ ਹਰੀਏ ਨੂੰ ਕਹਿਣ ਲੱਗਾ।

    ‘‘ਓ ਹਰੀਏ ਆਹ ਫੜ ਹੋਰ ਪੈਸੇ... ਐਂ ਕਰੀਂ ਏਹਦੇ ਲਈ ਆਹ ਲਾਜੋ ਮਾਸੀ ਵਾਲਾ ਗੋਟਾ-ਕਿਨਾਰੀ ਵੀ ਲਿਆ ਦੇ ਹੁਣੇ ਈ...।’’ ਅਹਿਮਦ ਨੇ ਹਰੀਏ ਨੂੰ ਪੈਸੇ ਦਿੰਦਿਆਂ ਕਿਹਾ ਤੇ ਆਪ ਨਹਾਉਣ ਲਈ ਗੁਸਲਖਾਨੇ ਵੜ ਗਿਆ। ਸਲੀਮਾ, ਕੁੜੀਆਂ ਤੇ ਲਾਜੋ ਦੇ ਚਿਹਰਿਆਂ ’ਤੇ ਜਿਵੇਂ ਹੈਰਾਨੀ ਤੇ ਖੁਸ਼ੀ ਦੀ ਚਮਕ ਆ ਗਈ।
    

Comments

harpreet singh

sab kuj halata de according hi hunda hai.koi v insan jamda hi badmash ja sadh nahi hunda

Gnanam

With all these silly weibstes, such a great page keeps my internet hope alive.

Security Code (required)



Can't read the image? click here to refresh.

Name (required)

Leave a comment... (required)





ਕਹਾਣੀ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ