Sat, 05 October 2024
Your Visitor Number :-   7229307
SuhisaverSuhisaver Suhisaver

ਨਿੱਕੀਆਂ ਵੱਡੀਆਂ ਧਰਤੀਆਂ -ਇਕਬਾਲ ਰਾਮੂਵਾਲੀਆ

Posted on:- 12-08-2013

suhisaver

ਛੇ ਮਹੀਨਿਆਂ ਤੋਂ ਕਿੰਨੂੰ ਬਹੁਤ ਸਵਖ਼ਤੇ ਉੱਠਣ ਲੱਗ ਪਈ ਸੀ। ਉਸਦੀ ਅੱਠਵੀਂ ਵਾਲ਼ੀ ਟੀਚਰ, ਮਿਜ਼ ਹਾਲੈਂਡ, ਨੇ ਬੱਜੀ ਬਰਡਜ਼ (ਨਿੱਕ-ਅਕਾਰੀ ਤੋਤਿਆਂ) ਦਾ ਜੋੜਾ ਉਸਦੇ ਹਵਾਲੇ ਕਰਨ ਵੇਲ਼ੇ ਹਦਾਇਤ ਕੀਤੀ ਸੀ: ਸਕੂਲ ਆਉਣ ਤੋਂ ਪਹਿਲਾਂ, ਵਿੱਠਾਂ ਨੂੰ ਤੇ ਰਾਤ ਨੂੰ ਗਿਰ ਗਏ ਖੰਭਾਂ ਨੂੰ ਪਿੰਜਰੇ `ਚੋਂ ਬਾਹਰ ਕੱਢਣੈਂ, ਕਿੰਨੂੰ! ਅਤੇ ਪਿੰਜਰੇ ਦੀਆਂ ਤਾਰਾਂ ਨੂੰ ਗਿੱਲੀ ਲੀਰ ਨਾਲ਼ ਰਗੜ-ਰਗੜ ਕੇ ਸਾਫ਼ ਕਰਨੈਂ ਅੰਦੋਂ-ਬਾਹਰੋਂ। ਪਿੰਜਰੇ ਦੇ ਅੰਦਰ ਤਾਰਾਂ `ਚ ਫਸਾਅ ਕੇ ਲਟਕਾਈ ਪਾਣੀ ਵਾਲ਼ੀ ਪਿਆਲੀ ਨੂੰ ਤੇ ਪਿੰਜਰੇ ਦੇ ਫ਼ਰਸ਼ ਉੱਤੇ ਰੱਖੀ ਬਰਡ-ਫ਼ੀਡ ਵਾਲ਼ੀ ਕੌਲੀ ਨੂੰ ਦੁਬਾਰਾ ਭਰਨ ਤੋਂ ਪਹਿਲਾਂ ਡਟੋਲ ਨਾਲ਼ ਧੋਣੈਂ: ਇਨਫ਼ੈਕਸ਼ਨ ਪੰਛੀਆਂ ਦੇ ਅੰਦਰ ਏਹਨਾਂ ਬਰਤਨਾਂ `ਚੋਂ ਈ ਪਹੁੰਚਦੀ ਹੈ। ਪਿੰਜਰੇ ਅੰਦਰ ਲਟਕਾਏ ਸ਼ੀਸ਼ੇ ਉੱਪਰ ਬੱਜੀਆਂ ਵੱਲੋਂ ਮਾਰੀਆਂ ਚੁੰਝਾਂ ਕਾਰਨ ਜਿਹੜਾ ਮੁਆਦ (ਤਰਲ ਰਸ) ਨਿੱਕਲ਼ਦੈ, ਉਹਨੂੰ ਅਗਰ ਸਾਫ਼ ਨਾ ਕਰੀਏ ਤਾਂ ਪਿੰਜਰੇ `ਚ ਮੁਸ਼ਕ ਉੱਭਰ ਆਉਂਦੈ ਤੇ ਪੰਛੀਆਂ ਦੇ ਬੀਮਾਰ ਹੋਣ ਦਾ ਖ਼ਤਰਾ ਵਧ ਜਾਂਦੈ।

ਮੰਮੀ ਜੀ, ਡੈਡੀ ਨੂੰ ਕਹਿੰਦੇ ਸਨ: ਮਿਜ਼ ਹਾਲੈਂਡ ਦਾ ਧੰਨਵਾਦ ਕਰੋ ਕਿਸੇ ਦਿਨ; ਹੁਣ ਤਾਂ ਬੱਜੀਆਂ ਨਾਲ਼ ਖੇਡਦੀ ਰਹਿੰਦੀ ਐ ਕਿੰਨੂੰ ਸਵੇਰੇ ਤੇ ਆਥਣੇ; ਜੀ ਪਰਚਿਆ ਰਹਿੰਦੈ ਏਹਦਾ!



ਪਰ ਇੱਕ ਦਿਨ ਕਿੰਨੂੰ ਸੋਫ਼ੇ `ਤੇ ਬੈਠੀ ਮੰਮੀ ਦੇ ਸਾਹਮਣੇ ਆ ਖਲੋਤੀ: ਬੁੱਲ੍ਹ ਤੇ ਅੱਖਾਂ ਹੇਠਾਂ ਵੱਲ ਨੂੰ ਲਮਕੇ ਹੋਏ! -ਮੰਮੀ, ਬੱਜੀਆਂਂ ਨੂੰ ਮੈਂ ਵਾਪਿਸ ਕਰ ਦੇਣੈ, ਮਿਜ਼ ਹਾਲੈਂਡ ਨੂੰ!

-ਹੈਂਅ? ਮੰਮੀ ਦੇ ਹੱਥੋਂ ਚਾਹ ਦਾ ਪਿਆਲਾ ਡਗਮਗਾਅ ਗਿਆ ਸੀ। -ਪਰ ਹਾਲੇ ਤਾਂ ਦੋ ਹਫ਼ਤੇ ਵੀ ਨਹੀਂ ਸੀ ਹੋਏ ਇਨ੍ਹਾਂ ਨੂੰ ਲਿਆਂਦਿਆਂ ਨੂੰ!

ਕਿੰਨੂੰ ਦੇ ਫੁਲਦੇ-ਸੁੰਗੜਦੇ ਨੱਕ ਵਿੱਚੋਂ ਨਮੀ ਸਿੰਮਣ ਲੱਗ ਪਈ ਸੀ।
-ਮੈਂ ਤਾਂ ਇਨ੍ਹਾਂ ਦੇ ਉਦਾਲ਼ੇ ਈ ਘੁੰਮਦੀ ਰਹਿੰਦੀ ਆਂ ਸਵੇਰੇ-ਆਥਣੇ! ਉਹ ਢਿਲ਼ਕੇ ਹੋਏ ਬੁੱਲ੍ਹਾਂ ਨਾਲ਼ ਆਪਣੇ ਸਿਰ ਨੂੰ ਸੱਜੇ-ਖੱਬੇ ਫੇਰਨ ਲੱਗ ਪਈ ਸੀ। -ਇਨ੍ਹਾਂ ਨੂੰ ਲੋਰੀਆਂ ਦਿੰਨੀ ਆਂ... ਪਿੰਜਰੇ ਦੀ ਸਫ਼ਾਈ ਕਰਦੀ ਆਂ... ਇਨ੍ਹਾਂ ਨੂੰ ਤਾਜ਼ੇ ਪਾਲਕ ਦੇ ਪੱਤੇ ਖੁਆਉਂਦੀ ਆਂ ਬੈਕਯਾਡ `ਚੋਂ ਤੋੜ ਕੇ... ਇਨ੍ਹਾਂ ਨੂੰ ਗਾਣੇ ਸੁਣਾਉਂਦੀ ਆਂ...

-ਉਹ ਤਾਂ ਮੈਂ ਦੇਖਦੀ ਈ ਆਂ ਹਰ ਰੋਜ਼... ਮੰਮੀ ਨੇ ਆਪਣੀ ਠੋਡੀ ਨੂੰ ਹੇਠਾਂ-ਉੱਪਰ ਕੀਤਾ।

-ਪਰ... ਤੇ ਕਿੰਨੂੰ ਦਾ ਸਿਰ ਖੱਬੇ-ਸੱਜੇ ਹਿੱਲਣ ਲੱਗ ਪਿਆ ਸੀ।

ਕਿੰਨੂੰ ਦੇ ‘ਪਰ...` ਬਾਰੇ ਸੋਚਦੀ ਹੋਈ ਮੰਮੀ ਆਪਣੀਆਂ ਅੱਖਾਂ ਨੂੰ ਸੁੰਗੇੜ ਕੇ ਉਸ ਦੇ ਚਿਹਰੇ ਵੱਲ ਝਾਕਣ ਲੱਗੀ ਸੀ: ਦਿਲ ਭਰ ਗਿਆ ਬੱਜੀਆਂ ਤੋਂ ਐਡੀ ਛੇਤੀ, ਕਿੰਨੂੰ?

-ਦਿਲ ਨੀ ਭਰਿਆ, ਮਾਮ!

-ਹੋਰ ਕੀ ਹੋ ਗਿਆ ਫ਼ਿਰ ਦਸਾਂ ਦਿਨਾਂ `ਚ ਈ?

-ਜਦੋਂ ਮੈਂ ਪਿੰਜਰੇ ਦੇ ਅੰਦਰ ਹੱਥ ਲਿਜਾਂਦੀ ਆਂ, ਮਾਮ, ਇਹ ਤਾਂ ‘ਫੁਰਕ` ਦੇਣੇ ਪਰਲੇ ਪਾਸੇ ਵੱਲ ਨੂੰ ਉੱਡ ਜਾਂਦੇ ਐ, ਨਹੁੰਦਰਾਂ ਫਸਾਅ ਕੇ ਬੈਠ ਜਾਂਦੇ ਐ ਤਾਰਾਂ `ਚ, ਜਿਵੇਂ ਮੈਂ ਇਨ੍ਹਾਂ ਨੂੰ ਮਾਰਨ ਲੱਗੀ ਹੋਵਾਂ!

-ਅੱਛਾਅ? ਮੰਮੀ ਦਾ ਚਿਹਰਾ ਲਮਕ ਗਿਆ ਸੀ। -ਪਰ ਐਨੀ ਛੇਤੀ ਇਨ੍ਹਾਂ ਨੂੰ ਵਾਪਿਸ ਕਰਨਾ ਵੀ ਠੀਕ ਨੀ ਲਗਦਾ, ਕਿੰਨੂੰ!

-ਇੱਕ ਹੋਰ ਗੱਲ ਆਉਂਦੀ ਐ ਮੇਰੇ ਦਿਮਾਗ਼ `ਚ, ਮਾਅਅਮ!

ਮੰਮੀ ਨੇ ਚਾਹ ਦੀ ਘੁੱਟ ਅੰਦਰ ਲੰਘਾਅ ਕੇ ਆਪਣੀਆਂ ਅੱਖਾਂ ਕਿੰਨੂੰ ਦੇ ਚਿਹਰੇ ਵੱਲ ਮੋੜ ਲਈਆਂ ਸਨ।



-ਇਹ ਸਾਰੀ ਦਿਹਾੜੀ ਇਕੱਲੇ ਈ ਰਹਿ ਜਾਂਦੇ ਐ, ਮੇਰੇ ਕਮਰੇ `ਚ; ਦਿਨ ਵੇਲੇ ਤੁਸੀਂ ਇਨ੍ਹਾਂ ਦੇ ਪਿੰਜਰੇ ਨੂੰ ਐਥੇ ਲੈ ਆਇਆ ਕਰੋ, ਫ਼ੈਮਿਲੀਰੂਮ `ਚ। ਔਥੇ ਟੀ. ਵੀ. ਦੇ ਲਾਗੇ ਰੱਖ ਦਿਆ ਕਰੋ ਪਿੰਜਰੇ ਨੂੰ, ਤੇ ਹਲਕੇ ਹਲਕੇ ਮਿਊਜ਼ਕ ਵਾਲਾ ਕੋਈ ਚੈਨਲ ਲਾ ਦਿਆ ਕਰੋ।

ਛੇ ਕੁ ਹਫ਼ਤੇ ਹੋ ਗਏ ਸਨ ਬੱਜੀਆਂ ਨੂੰ ਕਿੰਨੂੰ ਦੇ ਬੈੱਡਰੂਮ `ਚ ਆਇਆਂ, ਤੇ ਹੁਣ ਬਹੁਤ ਕੁਝ ਪਹਿਲੇ ਹਫ਼ਤੇ ਨਾਲ਼ੋਂ ਵੱਖਰੀ ਤਰ੍ਹਾਂ ਵਾਪਰਨ ਲੱਗ ਪਿਆ ਸੀ: ਸਕੂਲ ਖ਼ਤਮ ਕਰ ਕੇ, ਕਿੰਨੂੰ ਜਿਉਂ ਹੀ ਘਰ `ਚ ਦਾਖ਼ਲ ਹੋਣ ਲਈ ਦਰਵਾਜ਼ਾ ਖੋਲ੍ਹਦੀ, ਲਿਵਿੰਗਰੂਮ `ਚ ਟੀ. ਵੀ. ਦੇ ਲਾਗੇ ਟਿਕਾਏ ਪਿੰਜਰੇ `ਚ ਕਿਚਰ-ਕੂੰ, ਕਿਚਰ-ਕੂੰ ਤੇ ਚਿਰੜ-ਚਿਰੜ ਦਾ ਸ਼ੋਰ ਮੱਚ ਉੱਠਦਾ ਸੀ ਜਿਵੇਂ ਕਈ ਨਿਆਣੇ ਨਿੱਕੀਆਂ ਨਿੱਕੀਆਂ ਤੂੰਬੀਆਂ ਦੀਆਂ ਤਾਰਾਂ ਉੱਪਰ ਚਮਚੇ ਫੇਰ ਰਹੇ ਹੋਣ।

-ਇਨ੍ਹਾਂ ਸ਼ਰਾਰਤੀਆਂ ਨੂੰ ਮੇਰੀ ਸਮੈੱਲ ਆ ਜਾਂਦੀ ਐ ਅੰਦਰ ਵੜਦੀ ਦੀ, ਕਾਹਲ਼ੇ-ਕਦਮੀਂ ਫ਼ੈਮਿਲੀਰੂਮ ਵੱਲ ਨੂੰ ਜਾਂਦਿਆਂ ਕਿੰਨੂੰ ਸੋਚਣ ਲੱਗਦੀ।
ਫ਼ੈਮਿਲੀਰੂਮ `ਚ ਵੜਦਿਆਂ ਕਿੰਨੂੰ ਆਪਣਾ ਬੈਕਪੈਕ ਸੋਫ਼ੇ ਉੱਪਰ ਸੁੱਟਦੀ, ਟੀ. ਵੀ. ਦੇ ਲਾਗੇ ਖਲੋਤੇ ਪਿੰਜਰੇ `ਚ ਬੈਠੇ ਦੋਵੇਂ ਬੱਜੀ ਚਿਕਣ-ਚਿਕਣ, ਗਟੂੰ-ਗਟੂੰ ਨਾਲ਼ ਪਿੰਜਰੇ ਨੂੰ ਹਿੱਲਣ ਲਾ ਦਿੰਦੇ: ਉਹ ਕਦੇ ਪਿੰਜਰੇ ਦੀ ਐਸ ਕੰਧ ਵੱਲੀਂ ਉੱਡਦੇ ਤੇ ਕਦੀ ਔਸ ਵੱਲੀਂ। ਉਨ੍ਹਾਂ ਦੀਆਂ ਧੌਣਾਂ ਤੇ ਪੂਛਾਂ ਲਗਾਤਾਰ ਸੱਜੇ-ਖੱਬੇ ਹਿੱਲ ਰਹੀਆਂ ਹੁੰਦੀਆਂ। ਅਗਲੇ ਪਲੀਂ ਉਹ ਪਿੰਜਰੇ `ਚ ਟੰਗੇ ਸ਼ੀਸ਼ੇ ਉੱਪਰ ਚੁੰਝਾਂ ਘਸਾਉਂਦੇ ਹੋਏ ਖੰਭ ਫੜਕਾਅ ਰਹੇ ਹੁੰਦੇ। ਡੰਡਿਆਂ ਤੋਂ ਉੱਠ ਕੇ ਤਾਰਾਂ ਵੱਲ ਨੂੰ; ਤਾਰਾਂ ਤੋਂ ਪਿੰਜਰੇ ਦੇ ਫ਼ਰਸ਼ ਵੱਲ ਨੂੰ; ਤੇ ਫਰਸ਼ ਤੋਂ ਸ਼ੀਸ਼ੇ ਵੱਲ ਨੂੰ: ਜਿਵੇਂ ਬਾਹਰ ਨਿਕਲਣ ਲਈ ਤਾਰਾਂ ਨੂੰ ਤੋੜ ਦੇਣਾ ਚਾਹੁੰਦੇ ਹੋਣ।

‘ਓ ਮਾਈ ਬੇਬੀਜ਼` ਆਖ ਕੇ, ਕਿੰਨੂੰ ਪਿੰਜਰੇ ਦਾ ਬੂਹਾ ਖੋਲ੍ਹਦੀ ਤਾਂ ਇੱਕ-ਦੂਜੇ ਨੂੰ ਧੱਕੇ ਮਾਰਦੇ ਹੋਏ ਦੋਵੇਂ ਪੰਛੀ ਕਿੰਨੂੰ ਦੇ ਹੱਥਾਂ ਉੱਤੇ ਬੈਠੇ ਹੁੰਦੇ, ਲਗਾਤਾਰ ਖੰਭ ਫ਼ੜਕਾਉਂਦੇ, ਕਾਹਲ਼ੀ ਕਾਹਲ਼ੀ ਧੌਣਾਂ ਤੇ ਚੁੰਝਾਂ ਨੂੰ ਖੱਬੇ-ਸੱਜੇ, ਉੱਪਰ-ਨੀਚੇ ਘੁੰਮਾਉਂਦੇ ਹੋਏ, ਅਤੇ ਵਾਰ-ਵਾਰ ਭੁੜਕਦੇ ਹੋਏਜੀਕਣ ਹੁਣ ਉਹ ਆਪਣੇ ਹੀ ਅੰਦਰੋਂ ਬਾਹਰ ਨਿਕਲਣ ਲਈ ਬੇਚੈਨ ਹੋਵਣ।

-ਰਲੈਅਕਸ, ਮਾਈ ਬੇਬੀਜ਼; ਰਲੈਅਕਸ ਨਾਓ! ਕਿੰਨੂੰ ਆਪਣੀਆਂ ਅੱਖਾਂ ਨੂੰ ਤਿੱਖੀਆਂ ਕਰ ਲੈਂਦੀ। -ਚੁੱਪ ਕਰਜੋ ਹੁਣ! ਓ ਕੇ? ਉਹ ਬੁੱਲ੍ਹਾਂ ਨੂੰ ਕੰਨਾਂ ਵੱਲ ਨੂੰ ਵਧਾਅ ਕੇ ਦੰਦ ਕਿਰਚਦੀ।

ਫ਼ਿਰ ਕਿੰਨੂੰ ਦੀਆਂ ਉਂਗਲ਼ਾਂ ਪਿੰਜਰੇ ਦੇ ਸਿਰ ਉੱਤਲੇ ਕੁੰਡੇ `ਚ ਹੁੰਦੀਆਂ ਤੇ ਬੋਚ-ਬੋਚ ਪੱਬ ਧਰਦੀ ਹੋਈ ਉਹ ਆਪਣੇ ਬੈੱਡਰੂਮ ਵੱਲ ਨੂੰ ਜਾਂਦੀਆਂ ਪੌੜੀਆਂ ਵੱਲ ਨੂੰ ਤੁਰ ਰਹੀ ਹੁੰਦੀ। ਪਿੰਜਰੇ ਨੂੰ ਟੇਬਲ ਉੱਪਰ ਟਿਕਾਅ ਕੇ ਉਹ ਉਸ ਦੀ ਦਰਵਾਜ਼ੀ ਦੀ ਕੁੰਡੀ ਨੂੰ ਉਸ ਦੇ ਲੂਪ ਤੋਂ ਵੱਖ ਕਰਦੀ: ਦੋਵੇਂ ਬੱਜੀ ਛਾਲ਼ ਮਾਰ ਕੇ ਕਿੰਨੂੰ ਦੀਆਂ ਮੂਹਰਲੀਆਂ ਉਂਗਲ਼ਾਂ ਉੱਪਰ ਜਾ ਬੈਠਦੇ। ਕਿੰਨੂੰ ਆਪਣਾ ਮੂੰਹ ਉਹਨਾਂ ਦੇ ਨੇੜੇ ਲਿਜਾਅ ਕੇ, ‘ਓ ਮੇਰੇ ਬੱਚੇ! ਓ ਮੇਰੇ ਮਿਠੜੂ` ਗੁਣ-ਗੁਣਾਉਂਦੀ। ਦੋਵੇਂ ਪੰਛੀ ਆਪਣੀਆਂ ਚੁੰਞਾਂ ਨੂੰ ਕਿੰਨੂੰ ਦੇ ਬੁੱਲ੍ਹਾਂ ਵੱਲ ਵਧਾਅ ਦੇਂਦੇ। ਕਿੰਨੂੰ ਦੀ ‘ਮੂਅਚ, ਮੂਅਚ` ਸੁਣ ਕੇ ਅਗਲੇ ਹੀ ਪਲ ਕਿੰਨੂੰ ਦੀਆਂ ਕਲ਼ਾਈਆਂ ਵੱਲ ਛਾਲ਼ਾਂ ਮਾਰਦੇ ਹੋਏ, ਉਹ ਉਸ ਦੇ ਮੋਢਿਆਂ ਅਤੇ ਸਿਰ ਉੱਪਰ ਚੜ੍ਹ ਕੇ ਕਿਚਰ-ਕਿਚਰ, ਚੁਰੜ-ਚੁਰੜ `ਚ ਮਸਤ ਹੋ ਜਾਂਦੇ।

ਬੀਤੇ ਤਿੰਨ ਹਫ਼ਤਿਆਂ ਤੋਂ ਕਿੰਨੂੰ ਆਪਣਾ ਹੋਮਵਰਕ ਡਾਈਨਿੰਗ ਟੇਬਲ ਉੱਪਰ ਬੈਠ ਕੇ ਕਰਨ ਤੋਂ ਹਟ ਗਈ ਹੈ। ਉਹਨੇ ਮੰਮੀ ਨੂੰ ਕਹਿ ਕੇ ਆਪਣੇ ਲਈ ਇੱਕ ਸਟਡੀ-ਡੈਸਕ ਆਪਣੇ ਬੈੱਡਰੂਮ ਵਿੱਚ ਹੀ ਲਗਵਾ ਲਿਆ ਹੈ। ਡੈਡੀ ਨੇ ਕੰਮ ਤੋਂ ਚਾਰ, ਸਾਢੇ ਚਾਰ ਕੁ ਵਜੇ ਪਰਤਣਾ ਹੁੰਦਾ ਹੈ; ਕਿੰਨੂੰ ਆਪਣੇ ਕਮਰੇ ਦਾ ਬੂਹਾ ਸਾਢੇ ਤਿੰਨ ਵਜੇ ਹੀ ਭੇੜ ਲੈਂਦੀ ਹੈ। ਰਾਤ ਨੂੰ ਜਦੋਂ ਤੀਕ ਡੈਡੀ ਆਪਣੇ ਬੈੱਡਰੂਮ ਵਿੱਚ ਨਹੀਂ ਚਲੇ ਜਾਂਦੇ, ਕਿੰਨੂੰ ਵਾਸ਼ਰੂਮ ਜਾਣ ਲਈ ਵੀ ਬੂਹਾ ਨਹੀਂ ਖੋਲ੍ਹਦੀ। ਡੈਡੀ ਨਾਲ਼ ਅਚਾਨਕ ਮੇਲ ਕਿਤੇ ਹੋ ਵੀ ਜਾਵੇ ਤਾਂ ਢਿਲ਼ਕਿਆ ਜਿਹਾ ‘ਹਾਏ ਡੈਡ` ਕਹਿ ਕੇ ਉਹ ਪੌੜੀਆ ਚੜ੍ਹ ਜਾਂਦੀ ਹੈ।

ਪੰਜ ਸਾਲ ਪਹਿਲਾਂ ਜਦੋਂ ਕਿੰਨੂੰ ਤੀਜੀ ਜਮਾਤ ਦੇ ਆਖ਼ਰੀ ਡੰਡੇ ਉੱਪਰ ਸੀ, ਤਾਂ ਘਰ `ਚ ਵਾਪਰ ਰਿਹਾ ਸਭ ਹੁਣ ਨਾਲ਼ੋਂ ਬਹੁਤ ਹੀ ਵੱਖਰਾ ਸੀ: ਸਟੀਅਰਿੰਗ ਦੇ ਪਿਛਾੜੀ ਬੈਠੇ ਡੈਡ ਹੁਣ ਵਾਂਙੂ ਹੀ ਸਾਰੀ ਦਿਹਾੜੀ ਟਰਾਂਟੋ ਦੀਆਂ ਸੜਕਾਂ ਨੂੰ ਆਪਣੀ ਟੈਕਸੀ ਦੇ ਟਾਇਰਾਂ ਉਦਾਲ਼ੇ ਲਪੇਟਦੇ। ਸਵਾਰੀ ਚੁੱਕਣ ਦਾ ਆਰਡਰ ਮਗਰੋਂ ਮਿਲ਼ਦਾ, ਗੀਅਰ ਸ਼ਾਫ਼ਟ ਵੱਲ ਉਨ੍ਹਾਂ ਦਾ ਹੱਥ ਪਹਿਲਾਂ ਵਧਿਆ ਹੁੰਦਾ। ਹਾਈਵੇਅ ਉੱਪਰ ਭੁੱਖੀ ਮੱਛੀ ਵਾਂਗ ਕਦੇ ਸੱਜੀ ਲੇਨ `ਚ ਤੇ ਕਦੀ ਖੱਬੀ `ਚ ਝਕਾਨੀਆਂ ਦਿੰਦੀ ਹੋਈ ਡੈਡੀ ਦੀ ਟੈਕਸੀ, ਮਾਰੋ-ਮਾਰ ਭਜਦੀਆਂ ਬਾਕੀ ਕਾਰਾਂ, ਵੈਨਾਂ, ਤੇ ਟਰੱਕਾਂ ਨੂੰ ਖਿੱਚ-ਖਿੱਚ ਕੇ ਪਿੱਛੇ ਧਕਦੀ ਜਾਂਦੀ। ਸ਼ਾਮੀ ਚਾਰ ਵਜੇ ਤੋਂ ਪਹਿਲਾਂ ਉਹ ਉਨ੍ਹਾਂ ਦੇ ਘਰ ਦੇ ਨੇੜੇ ਆ ਕੇ ਧੀਮੀ ਚਾਲ `ਚ ਹੋ ਜਾਂਦੀ-ਟਿਕਾਣੇ ਦੇ ਐਨ ਨੇੜੇ ਪਹੁੰਚ ਰਹੇ, ਥੱਕੇ ਹੋਏ ਘੋੜੇ ਵਾਂਙੂੰ।

ਗੱਡੀ `ਚੋਂ ਉੱਤਰਨ ਸਾਰ ਹੀ ਉਨ੍ਹਾਂ ਦੇ ਬੂਟਾਂ ਵਿੱਚ ਘਰ ਅੰਦਰ ਦਾਖ਼ਲ ਹੋਣ ਦੀ ਕਾਹਲ਼ ਭਰ ਜਾਂਦੀ: ਉਨ੍ਹਾਂ ਨੂੰ ਪਤਾ ਹੁੰਦਾ ਸੀ ਕਿ ਫ਼ੈਮਿਲੀਰੂਮ ਵਿੱਚ, ਜੱਤਲ਼ ਕੁੱਤੇ ਨਾਲ਼ ਖੇਡ ਰਹੀ ਕਿੰਨੂੰ ਉਨ੍ਹਾਂ ਤੋਂ ਪੁੱਛਣ ਲਈ, ਕਿੰਨੇ ਹੀ ਸਵਾਲ ਤਿਆਰ ਕਰੀ ਬੈਠੀ ਹੋਵੇਗੀ। ਇਸੇ ਲਈ ਉਹ ਆਪਣੀਆਂ ਚਾਬੀਆਂ ਨੂੰ ਫ਼ਰਿੱਜ ਦੇ ਨਜ਼ਦੀਕ, ਥਮਲੇ ਉੱਪਰ ਜੜੇ ਕੀਅ-ਹੋਲਡਰ ਉੱਤੇ ਟੁੰਗ ਕੇ, ਲਿਵਿੰਗਰੂਮ `ਚ, ਸੋਫ਼ੇ ਉੱਪਰ ਜਾ ਬੈਠਦੇ।

‘ਹਾਏ, ਡੈਡ` ਆਖ ਕੇ, ਕਿੰਨੂੰ ਆਪਣਾ ਬਾਲੜਾ ਅੰਗੂਠਾ ਟੀ. ਵੀ. ਰੀਮੋਟ ਦੇ ‘ਪਾਵਰ ਆਫ਼` ਬਟਨ ਉੱਪਰ ਦਬਾਅ ਦੇਂਦੀ।

ਉਸ ਦਿਨ ਵੀ ਉਹ ਉਸੇ ਜੱਤਲ਼ ਕੁੱਤੇ ਦੇ ਕੰਨਾਂ ਨੂੰ ਸੱਜੇ-ਖੱਬੇ ਖਿਚਦੀ ਹੋਈ ਕਹਿ ਰਹੀ ਸੀ: ਹਾਏ, ਮਾਈ ਟਾਮੀ! ਆਰ ਯੂ ਹੰਗਰੀ, ਸਵੀਟੀ?
 
ਫ਼ਿਰ ਉਸ ਨੇ ਕੁੱਤੇ ਦੀ ਠੋਡੀ ਨੂੰ ਆਪਣੀਆਂ ਉਂਗਲ਼ਾਂ ਨਾਲ਼ ਉੱਪਰੋਂ ਹੇਠਾਂ ਵੱਲ ਹਿਲਾਅ ਕੇ, ਉਸ ਤੋਂ ‘ਹਾਂ` ਅਖਵਾ ਲਿਆ।

-ਪਰ ਹੁਣ ਤੋਂ ਬਾਅਦ ਤੈਨੂੰ ਹੱਡੀਆਂ ਨੀ ਮਿਲਣੀਆਂ, ਟਾਮੀ! ਉਹ ਆਪਣੀ ਪਹਿਲੀ ਉਂਗਲ਼ ਨੂੰ ਮੁੱਠੀ ਵਿੱਚੋਂ ਸਿੱਧੀ ਕਰ ਕੇ ਜੱਤਲ਼ ਨੂੰ ਤਾੜਨ ਲੱਗੀ। -ਮੀਟ ਨੀ ਖਾਈਦਾ! ਓ. ਕੇ.?

ਹੁਣ ਉਹ ਕੁੱਤੇ ਦੀ ਬੂਥ ਨੂੰ ਆਪਣੇ ਮੂੰਹ ਨਾਲ਼ ਸੱਜੇ-ਖੱਬੇ ਥਪੇੜਨ ਲੱਗੀ, ਤੇ ਉਸ ਦੀ ਜੱਤ ਨੂੰ ਆਪਣੀਆਂ ਪਤਲੀਆਂ-ਪਤਲੀਆਂ ਉਂਗਲ਼ਾਂ ਨਾਲ ਕੰਘੀ ਕਰਨ ਲੱਗੀ ਸੀ।

ਫ਼ਿਰ ਅਚਾਨਕ ਹੀ ਉਸ ਨੇ ਆਪਣੇ ਬੁੱਲ੍ਹਾਂ ਨੂੰ ਹੇਠਾਂ ਵੱਲ ਨੂੰ ਲਟਕਾਅ ਲਿਆ ਸੀ।

-ਆਈ ਵਾਨ ਅ ਰੀਅਲ ਡਾਗੀ, ਡੈਡ!

-ਮੈਨੂੰ ਤਾਂ ਹਾਅ ਵੀ ਰੀਅਲ ਈ ਲਗਦੈ, ਕਿੰਨੂੰ! ਡੈਡੀ ਆਪਣੀਆਂ ਮੁੱਛਾਂ ਉੱਪਰ ਉਂਗਲ਼ਾਂ ਫੇਰਦੇ ਬੋਲੇ। -ਪਤਾ ਤੈਨੂੰ ਕੀ ਹੋਇਆ ਸੀ ਜਦੋਂ ਮੈਂ ਐਸ ਡਾਗੀ ਨੂੰ ਪਹਿਲੀ ਵਾਰ ਦੇਖਿਆ ਸੀ?

-ਨੲ੍ਹੀਂ, ਡੈਡ! ਕਿੰਨੂੰ ਨੇ ਆਪਣੇ ਸਿਰ ਨੂੰ ਖੱਬੇ-ਸੱਜੇ ਝਟਕਿਆ।

-ਲੈ ਸੁਣ ਲੈ ਫ਼ੇਅ, ਡੈਡੀ ਆਪਣੇ ਬੁੱਲ੍ਹਾਂ ਨੂੰ ਬਾਹਰ ਵੱਲ ਨੂੰ ਖਿਲਾਰਦਿਆਂ ਬੋਲੇ। -ਓਦੇਂ ਵੀ ਮੈਂ ਕੰਮ ਤੋਂ ਸਿੱਧਾ ਕਿਚਨ `ਚ ਆਇਆ, ਕਿੰਨੂੰ! ਥਰਮੋਸ ਬੋਤਲ ਨੂੰ ਸਿੰਕ `ਚ ਰੱਖ ਕੇ ਜਦੋਂ ਮੈਂ ਐਧਰ ਫ਼ੈਮਿਲੀਰੂਮ ਵੱਲ ਝਾਕਿਆ, ਤਾਂ ਹਾਅ ਤੇਰਾ ਜੱਤਲ਼ ਸੋਫ਼ੇ ਦੀ ਲਵਸੀਟ ਉੱਪਰ ਬੈਠਾ ਸੀ। ਇਹਨੂੰ ਦੇਖ ਕੇ ਮੈਂ ਤ੍ਰਭਕ ਗਿਆ। ਮੈਂ ਤੇਰੀ ਮੰਮੀ ਨੂੰ ਪੁੱਛਿਆ ਪਈ ਆਹ ਕਿੱਥੋਂ ਲਿਆਂਦਾ? ਉਹ ਕਹਿਣ ਲੱਗੀ, ਗਵਾਂਢੀਆਂ ਦੇ ਘਰੋਂ ਆ ਵੜਿਆ ਆਪਣੇ ਘਰ! ਮੈਂ ਕਿਹਾ ਸੋਫ਼ੇ ਉੱਪਰ ਕਿਤੇ ਪਿਸ਼ਾਬ ਨਾ ਕਰ ਦੇਵੇ? ਤੇਰੀ ਮੰਮੀ ਦਾ ਹਾਸਾ ਨਿੱਕਲ਼ ਗਿਆ: ਕਹਿੰਦੀ ਨੇੜੇ ਹੋ ਕੇ ਦੇਖੋ ਜ਼ਰਾ!

-ਪਰ ਮੈਂ ਚਹੁੰਨੀ ਆਂ ਪਈ ਜੀਂਦਾ ਕੁੱਤਾ ਹੋਵੇ, ਡੈਡ, ਕਿੰਨੂੰ ਜੱਤਲ਼ ਦੀ ਪਿੱਠ ਉੱਪਰ ਪੋਲੀਆਂ ਪੋਲੀਆਂ ਮੁੱਕੀਆਂ ਮਾਰਦਿਆਂ ਬੋਲੀ। -ਬੈਕਯਾਰਡ `ਚ ਦੌੜ ਕੇ ਗੇਂਦ ਚੁੱਕਣ ਜਾਵੇ ਗਗਨ ਤੇ ਰਮਨ ਦੇ ਕੁੱਤੇ ਵਾਂਙੂੰ!

ਜੱਤਲ਼ ਨੂੰ ਫ਼ਰਸ਼ ਉੱਪਰ ਟਿਕਾਅ ਕੇ ਉਹ ਡੈਡੀ ਵੱਲ ਨੂੰ ਖਿਸਕ ਗਈ ਸੀ, ਤੇ ਆਪਣੇ ਸਿਰ ਨੂੰ ਉਸ ਨੇ ਡੈਡੀ ਦੇ ਮੋਢੇ ਨਾਲ਼ ਜੋੜ ਦਿੱਤਾ ਸੀ। ਡੈਡੀ ਨੇ ਕਿੰਨੂੰ ਦੇ ਗਲ਼ ਉਦਾਲ਼ੇ ਆਪਣੀ ਬਾਂਹ ਵਗਲ਼ ਲਈ, ਪਰ ਕਿੰਨੂੰ ਨੇ ਆਪਣਾ ਸਿਰ ਇੱਕ ਦਮ ਪਰ੍ਹੇ ਨੂੰ ਖਿੱਚ ਲਿਆ ਸੀ।

ਡੈਡੀ ਦੀਆਂ ਸੁੰਗੇੜੀਆਂ ਅੱਖਾਂ ਕਿੰਨੂੰ ਦੀਆਂ ਅੱਖਾਂ ਤੋਂ ਸਵਾਲ ਪੁੱਛਣ ਲੱਗੀਆਂ।

-ਥੋਨੂੰ ਗੱਲ ਕਹਾਂ ਇੱਕ, ਡੈਡ? ਉਹ ਨੱਕ ਨੂੰ ਸੁੰਗੇੜ ਕੇ ਬੋਲੀ ਸੀ।
-ਕੀ ਹੋ ਗਿਆ, ਕਿੰਨੂੰਆਂ!

-ਕੰਮ ਤੋਂ ਆ ਕੇ ਪਹਿਲਾਂ ਸ਼ਾਵਰ ਲਿਆ ਕਰੋ!

-ਪਰ ਅੰਦਰ ਵੜਨ ਸਾਰ ਤਾਂ ਪਹਿਲਾਂ ਮੈਂ ਤੇਰੀਆਂ ਗੱਲਾਂ ਸੁਣਨੀਆਂ ਹੁੰਦੀਐਂ, ਕਿੰਨੂੰ?

-ਬੋਅ ਆਉਂਦੀ ਹੁੰਦੀ ਐ ਤੁਹਾਡੇ ਕੱਪੜਿਆਂ `ਚੋਂ ਹਰ ਰੋਜ਼ ਈ, ਡੈਡ!

-ਸ਼ਰਾਬੀ ਢੋਈਦੇ ਐ ਰਾਤ ਨੂੰ ਰੈਸਟੋਰੈਂਟਾਂ `ਚੋਂ, ਕਿੰਨੂੰ! ਡੈਡੀ ਨੇ ਆਪਣੇ ਨੱਕ ਨੂੰ ਆਪਣੇ ਖੱਬੇ ਮੋਢੇ ਵੱਲੀਂ ਗੇੜ ਕੇ ਆਪਣੀ ਕਮੀਜ਼ ਨੂੰ ਸੁੰਘਿਆ। -ਸਾਲ਼ੇ ਬੈਠਣ ਸਾਰ ਪਹਿਲਾਂ ਜੇਬ `ਚੋਂ ਡੱਬੀ ਤੇ ਲਾਈਟਰ ਕੱਢਦੇ ਐ!
ਕਿੰਨੂੰ ਫ਼ਰਸ਼ ਉੱਪਰ ਪਏ ਜੱਤਲ਼ ਵੱਲ ਝਾਕਣ ਲੱਗ ਪਈ ਸੀ।

-ਦੇਖ ਲੋ, ਡੈਡ, ਬੰਦਿਆਂ ਨਾਲੋਂ ਤਾਂ ਕੁੱਤੇ ਬਿੱਲੀਆਂ ਈ ਸਿਆਣੇ ਹੁੰਦੇ ਐ: ਗਗਨ ਦੇ ਕੁੱਤੇ ਨੂੰ ਬੱਸ ਇੱਕ ਵਾਰ ਵਰਜਣ ਦੀ ਲੋੜ ਐ... ਹਿਊਮਨਜ਼ ਕਿਉਂ ਨੀ ਹਟਦੇ ਸਿਗਰਟਾਂ ਪੀਣੋਂ, ਡੈਡ?

ਡੈਡੀ ਹੁਣ ਆਪਣੀਆਂ ਜੁਰਾਬਾਂ ਉਤਾਰਨ ਲੱਗ ਪਏ ਸਨ।

ਕਿੰਨੂੰ ਨੇ ਜੱਤਲ਼ ਨੂੰ ਫ਼ਰਸ਼ ਤੋਂ ਉਠਾਇਆ ਤੇ ਆਪਣੀ ਗੋਦ ਵਿੱਚ ਬਿਠਾਅ ਲਿਆ।

-ਕਿੰਨੇ ਵਜੇ ਉਠਦੇ ਹੁੰਨੇ ਐਂ, ਡੈਡੀ?

ਪਗੜੀ ਨੂੰ ਉਤਾਰ ਕੇ ਕਾਫ਼ੀ-ਟੇਬਲ ਉੱਪਰ ਧਰਦਿਆਂ ਡੈਡੀ ਮੁਸਕ੍ਰਾਉਣ ਲੱਗ ਪਏ ਸਨ: ਇਹ ਸਵਾਲ ਤਾਂ ਕਿੰਨੂੰ ਹਰ ਚੌਥੇ ਕੁ ਦਿਨ ਈ ਪੁੱਛ ਲੈਂਦੀ ਐ!
-ਵਿੰਟਰ ਹੋਵੇ ਜਾਂ ਸਮਰ, ਕਿੰਨੂੰ; ਮੈਂ ਤਾਂ ਤੜਕਸਾਰ ਸਾਢੇ ਤਿੰਨ ਵਜੇ ਚਾਹ ਦੀ ਪਤੀਲੀ ਸਟੋਵ `ਤੇ ਰੱਖ ਦਿੰਨਾਂ, ਤੇ ਥਰਮੋਸ ਬੋਤਲ ਨੂੰ ਟਰੇਅ `ਚੋਂ ਉਠਾਲ਼ ਕੇ ਸਟੋਵ ਦੇ ਨੇੜੇ ਕਰ ਦਿੰਨਾਂ!

ਆਪਣੀ ਉਬਾਸੀ ਨੂੰ ਸੱਜੇ ਹੱਥ ਦੀਆਂ ਉਂਗਲ਼ਾਂ ਨਾਲ਼ ਪਿੱਛੇ ਨੂੰ ਧੱਕ ਕੇ ਖੱਬੇ ਹੱਥ ਨਾਲ਼ ਡੈਡੀ ਅਗਾੜੀ ਭੰਨਣ ਲੱਗ ਪਏ ਸਨ।

-ਐਨੀ ਸਵਖ਼ਤੇ, ਡੈਡ?

-ਚਾਰ ਵਜੇ ਆਡਰ ਚੁੱਕਣਾ ਹੁੰਦੈ, ਕਿਰਨਪਾਲ ਜੀ! ਪੱਕਾ ਰਨ ਐ ਏਅਰਪੋਰਟ ਦਾ!

ਕਿੰਨੂੰ ਆਪਣੇ ਮੂੰਹ ਦੀ ਟੂਟੀ ਬਣਾ ਕੇ ਜੱਤਲ਼ ਨੂੰ ਕੁਤਕੁਤਾੜੀਆਂ ਕੱਢਣ ਲੱਗ ਪਈ ਸੀ।

-ਕਿੰਨੇ ਡਾਲਰ ਬਣਗੇ ਅੱਜ, ਡੈਡ? ਉਹ ਅਚਾਨਕ ਹੀ ਬੋਲ ਉੱਠੀ ਸੀ।
-ਜਿੰਨੇ ਤੈਨੂੰ ਕਲ੍ਹ ਦੱਸਿਆ ਸੀ, ਉਨ੍ਹਾਂ `ਚ ਪੰਦਰਾਂ ਜੋੜ ਲਾ!
-ਪਤਾ ਕੀ, ਡੈਡੀ ਜੀ?

-ਦੱਸੋ ਜੀ, ਕਿੰਨੂੰ ਜੀ!
-ਅੱਜ ਸਕੂਲ `ਚ ਪਤਾ ਅਸੀਂ ਕੀ ਕੀਤਾ?

-ਕੋਈ ਸ਼ਰਾਰਤ ਤਾਂ ਨੀ ਕਰਤੀ ਟੀਚਰ ਨਾਲ਼? ਡੈਡੀ ਆਪਣੇ ਮੱਥੇ ਉੱਪਰਲੀ ਚਮੜੀ ਨੂੰ ਸੁੰਗੇੜ ਕੇ, ਟੇਢੀ ਨਜ਼ਰੇ ਕਿੰਨੂੰ ਵੱਲ ਦੇਖਣ ਲੱਗ ਪਏ ਸਨ।
-ਨੋਅਪ! ਕਿੰਨੂੰ ਆਪਣੇ ਸਿਰ ਨੂੰ ਸੱਜੇ-ਖੱਬੇ ਗੇੜਨ ਲੱਗੀ ਸੀ।
-ਜਾਂ ਫ਼ਿਰ... ਅਵਾਰਡ ਜਿੱਤਿਆ ਹੋਊ!
-ਨੋਅਪ!

-ਹੋਰ ਫ਼ਿਰ ਕੀ ਕੀਤਾ ਸਕੂਲ `ਚ ਤੁਸੀਂ?
-ਝੰਡੇ ਬਣਾਏ ਸਾਰੇ ਬੱਚਿਆਂ ਨੇ!
-ਝੰਡੇ?

-ਹਾਂ, ਡੈਡ, ਆਪਣੇ-ਆਪਣੇ ਦੇਸ਼ਾਂ ਦੇ ਝੰਡੇ!
-ਅੱਛਾਅ? ਡੈਡੀ ਨੇ ਕਾਫ਼ੀ-ਟੇਬਲ ਉੱਪਰ ਪਏ ਅਖ਼ਬਾਰ ਨੂੰ ਉਠਾਅ ਲਿਆ ਸੀ।

-ਮੈਂ ਪਤਾ ਕੀ ਕੀਤਾ, ਡੈਡ?
-ਦੱਸੋ ਜੀ? ਡੈਡੀ, ਅੱਖਾਂ ਨਾਲ, ਅਖ਼ਬਾਰ ਦੀਆਂ ਹੈੱਡਲਾਈਨਾਂ ਨੂੰ ਸੱਜੇ-ਖੱਬੇ ਗੇੜਦਿਆਂ ਬੋਲੇ ਸਨ।

-ਮੈਂ ਤੁਹਾਡੀ ਪਿਕਚਰ ਬਣਾ ਦਿੱਤੀ, ਵੱਡੀ ਸਾਰੀ ਸ਼ੀਟ `ਤੇ!
-ਸੱਚੀਂ, ਕਿੰਨੂੰ?

-ਹਾਂ, ਡੈਡ, ਤੁਹਾਡੀ ਪਿਕਚਰ!
-ਵਾਹ ਓ ਤੇਰੇ, ਕਿੰਨੂੰਆਂ!
-ਹੋਰ ਪਤਾ ਕੀ ਕੀਤਾ ਮੈਂ, ਡੈਡ?
-ਉਹ ਵੀ ਦਸ ਦਿਓ ਜੀ!

-ਪੱਗ ਬੰਨ੍ਹ`ਤੀ ਤੁਹਾਡੇ ਸਿਰ `ਤੇ!
-ਸੱਚੀਂ, ਕਿੰਨੂੰ?

-ਤੇ ਹੱਥ `ਚ ਤੁਹਾਡੇ ਪਤਾ ਕੀ ਫੜਾਤਾ?
-ਤੂੰ ਫੜਾਇਆ ਹੋਊ... ਫੜਾਇਆ ਹੋਊ... ਡੈਡੀ ਜੀ ਆਪਣੀਆਂ ਅੱਖਾਂ ਨਾਲ਼ ਕਿਚਨ ਦੇ ਖੂੰਜਿਆਂ ਅਤੇ ਕੈਬਨੈੱਟਾਂ ਨੂੰ ਫਰੋਲਣ ਲੱਗੇ। ਤੂੰ ਫੜਾਤਾ ਹੋਊ ਬਰੂਮ!

-ਮੈਂ ਤੁਹਾਡੇ ਹੱਥ `ਚ ਫੜਾਤਾ... ਤਿਰੰਗਾ ਝੰਡਾ!
-ਤਿਰੰਗਾ? ਪਰ ਤੂੰ ਤਾਂ, ਕਮਲੀਏ, ਕੈਨੇਡਾ `ਚ ਜੰਮੀ ਐਂ!
-ਪਰ ਮੈਂ ਇੰਡੀਅਨ ਵੀ ਆਂ, ਡੈਡ, ਇੰਡੀਅਨ!

ਡੈਡੀ ਨੇ ਅਖ਼ਬਾਰ ਦਾ ਸਫ਼ਾ ਪਲ਼ਟ ਲਿਆ ਸੀ।
-ਮਿਜ਼ ਹਾਲੈਂਡ ਨੇ ਪਤਾ ਕੀ ਕੀਤਾ, ਡੈਡ?
-ਗੁੱਸੇ ਹੋਗੀ ਹੋਊ, ਹੋਰ ਕੀ!

-ਨਾਅ!

ਡੈਡੀ ਨੈਪਕਿਨ ਨਾਲ਼ ਐਨਕਾਂ ਨੂੰ ਸਾਫ਼ ਕਰਨ ਲੱਗੇ।
-ਕਹਿੰਦੀ ਹੋਊ ਦੋਬਾਰਾ ਬਣਾਅ ਇਕੱਲੇ ਝੰਡੇ ਦੀ ਪਿਕਚਰ!
-ਉਹ ਪਿਕਚਰ ਉਹਨੇ ਚਾਕ-ਬੋਰਡ ਉੱਪਰ ਚਿਪਕਾ`ਤੀ, ਡੈਡ! ਕਿੰਨੂੰ ਦੀਆਂ ਗੱਲ੍ਹਾਂ `ਚ ਲਾਲ ਰੰਗ ਦੀ ਹਵਾ ਭਰ ਗਈ ਸੀ।

-ਵਾਹ ਬਈ ਵਾਹ!
-ਫੇਰ ਪਤਾ ਕੀ ਕਿਹਾ ਮਿਸ ਹਾਲੈਂਡ ਨੇ, ਡੈਡ?
-ਉਹ ਵੀ ਦੱਸ ਦਿਓ ਜੀ!

-ਕਹਿੰਦੀ, ‘ਦ ਫ਼ੰਨੀਐਸਟ ਪਿਕਚਰ, ਐਂਡ ਵੈਰੀ ਆਰਟਿਸਟਿਕ!`
-ਤੂੰ ਤਾਂ ਫ਼ਿਰ ਆਰਟਿਸਟ ਬਣਗੀ, ਕਿੰਨੂੰਆਂ?
-ਹੋਰ ਦੱਸਾਂ, ਡੈਡ?

-ਉਹ ਵੀ ਦੱਸ ਲਾ ਹੁਣ ਲਗਦੇ ਹੱਥ!
-ਕਲ੍ਹ ਨੂੰ ਸਾਡੀ ਕਲਾਸ ਨੇ ਕਿਤੇ ਜਾਣੈ ਟਰਿੱਪ `ਤੇ!
-ਅੱਛਾਅ? ਡੈਡੀ ਅਖ਼ਬਾਰ ਦੇ ਪਿਛਲੇ ਪਾਸੇ ਛਪੇ ਸੇਲ ਦੇ ਇਸ਼ਤਿਹਾਰ ਦੇ ਮੋਟੇ-ਮੋਟੇ ਅੱਖਰਾਂ ਵਿੱਚ ਖੁੱਭੇ ਹੋਏ ਸਨ: "ਸ਼ਾਨੇ-ਦਰਬਾਰ ਰੈਸਟੋਰੈਂਟ, ਇੱਕ ਪੌਂਡ ਮੱਛੀ ਨਾਲ਼ ਇੱਕ ਪੌਂਡ ਮੁਫ਼ਤ ਲਵੋ!"

ਪਤੈ ਕਿੱਥੇ ਜਾਣੈ ਅਸੀਂ ਕੱਲ੍ਹ ਨੂੰ, ਡੈਡ?
-ਤੁਸੀਂ ਜਾਣਾ ਹਊ... ਸੀ. ਐਨ. ਟਾਵਰ `ਤੇ!
-ਨਾਅ ਜੀ!

-ਜਾਂ ਫ਼ੇਰ... ਸਾਇੰਸ ਸੈਂਟਰ!
-ਵਨ ਮੋਰ ਗੈੱਸ!

-ਤੂੰ ਈ ਦੱਸ ਦੇ, ਕਿੰਨੂੰ! ਡੈਡੀ ਆਪਣੇ ਢਿਲ਼ਕੇ ਹੋਏ ਜੂੜੇ ਨੂੰ ਗੰਢ ਦੇਣ ਲੱਗ ਪਏ ਸਨ।

-ਕੱਲ ਨੂੰ ਸਾਡੀ ਕਲਾਸ ਨੇ ਜਾਣੈ... ਜ਼ੂ ਦੇਖਣ! ਜਾਨਵਰ ਤੇ ਪੰਛੀ ਤੇ ਮੱਛੀਆਂ ਦੇਖਾਂਗੇ ਓਥੇ!

-ਹੈਂ? ਅਖ਼ਬਾਰ ਤੋਂ ਨਿਗਾਹ ਨੂੰ ਪੱਟ ਕੇ ਡੈਡ, ਐਨਕਾਂ ਦੇ ਸ਼ੀਸ਼ਿਆਂ ਦੇ ਉੱਪਰੋਂ ਦੀ, ਕਿੰਨੂੰ ਵੱਲੀਂ ਝਾਕਣ ਲੱਗੇ। ਮੈਨੂੰ ਨੀ ਪਤਾ ਸੀ ਬਈ ਮੱਛੀਆਂ ਵੀ ਹੁੰਦੀਆਂ ਜ਼ੂ `ਚ, ਕਿੰਨੂੰ!

-ਹਾਂ, ਡੈਡ! ਯੂ ਨੋ ਡਾਲਫ਼ਿਨ? ਕਿੰਨੂੰ ਨੇ ਆਪਣੇ ਪੰਜਿਆਂ ਨੂੰ ਫੈਲਾਅ ਕੇ, ਆਪਣੀਆਂ ਬਾਹਾਂ ਨੂੰ ਪਾਸਿਆਂ ਵੱਲ ਨੂੰ ਖੋਲ੍ਹ ਲਿਆ ਸੀ। -ਐਨੀ ਵੱਡੀ ਹੁੰਦੀ ਐ, ਡੈਡ!

-ਉਹ ਜਿਹੜੀ ਪਾਣੀ `ਚੋਂ ਉੱਪਰ ਵੱਲ ਨੂੰ ਜੰਪ ਕਰਦੀ ਹੁੰਦੀ ਐ?
-ਹਾਂ, ਡੈਡ, ਕਿੰਨੂੰ ਨੇ ਆਪਣੀਆਂ ਅੱਖਾਂ ਚੌੜੀਆਂ ਕਰ ਲਈਆਂ। -ਆਪਣੀ ਬੂਥੀ ਉੱਤੇ ਬਾਲ ਰੱਖ ਕੇ ਘੁੰਮਾਅ ਲੈਂਦੀ ਐ!

-ਫੇਰ ਨੀ ਮੈਂ ਜਾਣ ਦੇਣਾ ਤੈਨੂੰ ਜ਼ੂ `ਚ, ਕਿੰਨੂੰ! ਡੈਡੀ ਦਾ ਸਿਰ ਸੱਜੇ-ਖੱਬੇ ਗਿੜਿਆ। -ਨਾਟ ਐਟ ਆਲ!
ਕਿਉਂ, ਡੈਡ? ਜੱਤਲ਼ ਕੁੱਤਾ ਕਿੰਨੂੰ ਦੇ ਹੱਥਾਂ `ਚੋਂ ਖਿਸਕ ਕੇ ਫ਼ਰਸ਼ ਉੱਪਰ ਜਾ ਡਿੱਗਾ ਸੀ। -ਕਿਉਂ ਨੀ ਜਾਣ ਦੇਣਾ?

-ਬੱਸ ਨੲ੍ਹੀਂ ਜਾਣ ਦੇਣਾ!
-ਪਰ ਸਾਰੀ ਕਲਾਸ ਨੇ ਜਾਣੈ, ਡੈਡ! ਫੰਨ ਕਰਾਂਗੇ ਸਾਰੇ!
-ਤੂੰ ਰੋਣ ਲੱਗ ਜਾਣੈ, ਕਿੰਨੂੰ!

-ਵੱਟ੍ਹ, ਡੈਡ? ਕਿੰਨੂੰ ਦੇ ਭਰਵੱਟੇ ਅੰਦਰ ਵੱਲ ਨੂੰ ਇਕੱਠੇ ਹੋ ਗਏ ਸਨ। -ਰੋਣ ਕਿਉਂ ਲੱਗਜੂੰ ਮੈਂ?

-ਯਾਦ ਐ ਤੈਨੂੰ ਜਦੋਂ ਤੂੰ ਕਿੰਡਰਗਾਰਡਨ `ਚ ਪੜ੍ਹਦੀ ਹੁੰਦੀ ਸੀ, ਕਿੰਨੂੰ?
ਡੈਡੀ ਨੇ ਹੁਣ ਆਪਣੀ ਦਾਹੜੀ ਦੀ ਗੁੱਟੀ ਖੋਲ੍ਹ ਲਈ ਸੀ।
-ਥੋੜਾ, ਥੋੜਾ ਯਾਦ ਐ, ਡੈਡੀ! ਕਿੰਨੂੰ ਦੇ ਬੁੱਲ੍ਹ ਪਾਸਿਆਂ ਵੱਲ ਨੂੰ ਫੈਲ ਗਏ। -ਤੁਸੀਂ ਮੈਨੂੰ ਪਾਰਕ `ਚ ਲਿਜਾਂਦੇ ਹੁੰਦੇ ਸੀ ਡਕਸ (ਬੱਤਖ਼ਾਂ) ਦਿਖਾਉਣ... ਉਂਗਲ਼ ਫੜਾਅ ਕੇ! ਮੈਂ ਉਹਨਾਂ ਨੂੰ ਬਰੈੱਡ ਦੇ ਟੁਕੜੇ ਖੁਵਾਉਂਦੀ ਹੁੰਦੀ ਸੀ!
-ਉਨ੍ਹੀਂ ਦਿਨੀਂ ਟੀ. ਵੀ. ਉੱਤੇ ਇੱਕ ਐਡ (ਮਸ਼ਹੂਰੀ) ਆਉਂਦੀ ਹੁੰਦੀ ਸੀ, ਕਿੰਨੂੰ: ਵੱਡੀ ਸਾਰੀ ਡਾਲਫ਼ਿਨ, ਤਕੜੇ ਸੂਰ ਜਿੱਡੀ! ਆਪਣੀ ਚੁੰਝ ਨੂੰ ਪਾਣੀ `ਚੋਂ ਬਾਹਰ ਕੱਢਦੀ ਤੇ ਫ਼ਿਰ ਸਾਰੇ ਜ਼ੋਰ ਨਾਲ਼ ਉੱਪਰ ਨੂੰ ਉੱਛਲ਼ਦੀ ਹੁੰਦੀ ਸੀ...

-ਓ ਹਾਂ, ਡੈਡ! ਕਿੰਨੂੰ ਦੇ ਚਿਹਰੇ `ਚ ਪੋਸਤ ਦੇ ਫੁੱਲ ਖਿੜ ਉੱਠੇ ਸਨ।
-ਪਰ ਉਹਨੂੰ ਦੇਖਦਿਆਂ ਈ ਤੂੰ ਉੱਚੀ ਉੱਚੀ ਰੋਣ ਲੱਗ ਜਾਂਦੀ ਸੀ, ਕਿੰਨੂੰ! ਯਾਦ ਹੋਣੈ ਤੈਨੂੰ!

-ਹਾਂ, ਡੈਡ! ਕਿੰਨੂੰ ਦਾ ਚਿਹਰਾ ਇੱਕ ਦਮ ਢਿਲ਼ਕ ਗਿਆ ਸੀ। -ਮੇਰਾ ਜੀਅ ਕਰਦਾ ਹੁੰਦਾ ਸੀ ਡਾਲਫ਼ਿਨ ਨੂੰ ਘੁੱਟ ਕੇ ਗਲਵਕੜੀ `ਚ ਲੈ ਲਵਾਂ! ਪੂਅਰ ਡਾਲਫ਼ਿਨ!

ਕਿੰਨੂੰ ਨੇ ਜੱਤਲ਼ ਕੁੱਤੇ ਨੂੰ ਫ਼ਰਸ਼ ਤੋਂ ਚੁੱਕ ਕੇ ਹਿੱਕ ਨਾਲ਼ ਲਾ ਲਿਆ ਸੀ।
-ਮੈਂ ਥੋਨੂੰ ਇੱਕ ਗੱਲ ਪੁੱਛਣੀ ਆ, ਡੈਡ!
-ਬੱਸ ਇੱਕ ਈ ਪੁੱਛੀਂ, ਕਿੰਨੂੰ!

-ਕਿਉਂ, ਡੈਡ?

-ਅੱਜ ਦੀਆਂ ਗੱਲਾਂ ਲਈ ਤੇਰਾ ਕੋਟਾ ਪੂਰਾ ਹੋ ਗਿਐ, ਕਿੰਨੂੰ! ਬਾਕੀ ਕੱਲ੍ਹ ਨੂੰ! ਓ. ਕੇ.?

-ਓ. ਕੇ., ਇੱਕ ਈ ਪੁਛਦੀ ਆਂ: ਥੋਨੂੰ ਪਤੈ ਵਿੰਟਰ `ਚ ਸਨੋਅ ਪੈ ਜਾਂਦੀ ਐ?
-ਉਹ ਤਾਂ ਪੈਂਦੀ ਆ ਹਰ ਸਾਲ ਈ!

-ਪਤਾ ਕਿੰਨੀ ਠੰਢ ਹੋ ਜਾਂਦੀ ਐ, ਡੈਡ? ਕਿੰਨੂੰ ਦਾ ਹੇਠਲਾ ਬੁਲ੍ਹ ਲਮਕਣ ਲੱਗ ਪਿਆ ਸੀ। -ਖਿੜਕੀਆਂ ਦੇ ਸ਼ੀਸ਼ਿਆਂ ਦੇ ਅੰਦਰ- ਬਾਹਰ ਆਈਸ ਜੰਮਗੀ ਸੀ ਮੋਟੀ-ਮੋਟੀ ਪਿਛਲੀ ਵਿੰਟਰ `ਚ!

-ਪਰ ਠੰਢ ਬਾਰੇ ਹੁਣੇ ਈ ਫ਼ਿਕਰਮੰਦ ਕਿਉਂ ਹੋਈ ਜਾਨੀਂ ਐਂ, ਕਿੰਨੂੰ?
-ਠੰਢ ਬਾਰੇ ਸੋਚ ਕੇ ਮੈਨੂੰ ਬਰਡਜ਼ ਯਾਦ ਆ ਜਾਂਦੇ ਐ, ਡੈਡ!
-ਅੱਛਾਅ?

-ਜਦੋਂ ਫ਼ਰੀਜ਼ਿੰਗ ਰੇਨ ਪੈਂਦੀ ਐ, ਡੈਡ...
-ਹਾਂ ਕਿੰਨੂੰ, ਫ਼ਰੀਜ਼ਿੰਗ ਰੇਨ! ਡੈਡੀ ਨੇ ਕਿੰਨੂੰ ਦੇ ਵਾਕ ਨੂੰ ਕੱਟ ਕੇ ਆਪਣੇ ਬੁੱਲ੍ਹਾਂ `ਚ ਫੜ ਲਿਆ ਸੀ। -ਡਰਾਇਵਰਾਂ ਦੀ ਵੈਰਨ! ਸੜਕਾਂ `ਤੇ ਆਈਸ... ਟਾਹਣੀਆਂ ਉਦਾਲ਼ੇ ਖੰਭਿਆਂ ਉਦਾਲ਼ੇ ਆਈਸ ਦੀ ਤਹਿ, ਜਿਵੇਂ ਸ਼ੀਸ਼ੇ ਦਾ ਮੋਟਾ ਲੇਪ ਕੀਤਾ ਹੋਵੇ!

-ਆਈਸ ਤਾਂ ਫਿਰ ਬਰਡਜ਼ ਦੇ ਆਹਲਣਿਆਂ `ਚ ਵੀ ਜੰਮ ਜਾਂਦੀ ਹੋਊ, ਡੈਡ?
-ਕਿਸੇ ਦਾ ਲਿਹਾਜ਼ ਨੀ ਕਰਦੀ ਆਈਸ, ਕਿੰਨੂੰ!

-ਠਰ ਜਾਂਦੇ ਹੋਣਗੇ ਵਿੰਟਰ `ਚ ਵਿਚਾਰੇ ਪੰਛੀ, ਸੀਤ ਹਵਾ ਦੇ ਫਰਾਟਿਆਂ `ਚ!

-ਸ਼ਾਇਦ!

-ਸ਼ਾਇਦ ਨੀ, ਡੈਅਅਡ; ਸੱਚੀਂ ਠਰਦੇ ਹੋਣਗੇ ਵਿਚਾਰੇ! ਕਿੰਨੂੰ ਦਾ ਚਿਹਰਾ ਕੰਬਣ ਲੱਗ ਪਿਆ ਸੀ। -ਉਨ੍ਹਾਂ ਕੋਲ਼ ਕਿਹੜਾ ਆਪਣੇ ਵਾਂਙੂ ਘਰ ਹੁੰਦੇ ਐ, ਡੈਡ!

-ਇਹ ਗੱਲ ਤਾਂ ਤੇਰੀ ਸੱਚੀ ਐ, ਕਿੰਨੂੰ!

-ਉਹਨਾਂ ਦੇ ਬੱਚੇ ਵੀ ਠਰ ਜਾਂਦੇ ਹੋਣਗੇ! ਪੂਅਰ ਬਰਡਜ਼!

ਪਰ ਕਈ ਸਾਲਾਂ ਬਾਅਦ ਇਹ ਸਭ ਕੁਝ ਇੰਝ ਨਹੀਂ ਰਿਹਾ ਸੀ: ਡੈਡੀ ਹੁਣ ਕੰਮ ਤੋਂ ਪਰਤਦੇ; ਥਰਮੋਸ ਬੋਤਲ ਸਮੇਤ ਕਿਚਨ ਸਿੰਕ ਵੱਲੀਂ ਜਾਣ ਤੋਂ ਪਹਿਲਾਂ ਫ਼ੈਮਿਲੀਰੂਮ ਵੱਲ ਨਿਗਾਹ ਫੇਰਦੇ। ਉਹਨਾਂ ਦਾ ਲਮਕਵਾਂ ਹਾਉਕਾ, ਫੈਮਿਲੀ ਰੂਮ ਦੀ ਸੁੰਨਸਾਨਤਾ ਵਿਚਦੀ ਹੁੰਦਾ ਹੋਇਆ, ਕਿੰਨੂੰ ਦੇ ਕਮਰੇ ਵੱਲ ਨੂੰ ਜਾਂਦੀਆਂ ਪੌੜੀਆਂ ਤੀਕ ਫੈਲ ਜਾਂਦਾ। ਕਿੰਨੂੰ ਦੇ ਕਮਰੇ ਦੇ ਦਰਵਾਜ਼ੇ ਦੀ ਵਿਰਲ ਵਿੱਚੋਂ ਬੱਜੀਆਂ ਦੀ ਚਿਰੜ-ਚਿਰੜ, ਕੁਰੜ-ਕੁਰੜ ਪੌੜੀਆਂ ਉਤਰਨ ਲਗਦੀ। ਡੈਡੀ ਥਰਮੋਸ ਬੋਤਲ ਨੂੰ ਖੋਲ੍ਹਦੇ ਤੇ ਉਸ ਨੂੰ ਪਾਣੀ ਦੀ ਟੂਟੀ ਹੇਠ ਕਰ ਕੇ, ਕਈ ਕਈ ਮਿੰਟ ਉਹਦੇ ਵੱਲ ਬੇਧਿਆਨ ਤਕਦੇ ਰਹਿੰਦੇ!

‘ਚੰਗੀ-ਭਲੀ ਹੁੰਦੀ ਸੀ ਸਾਲ, ਡੇਢ ਸਾਲ ਪਹਿਲਾਂ’, ਡੈਡੀ ਹੁਣ ਬੇਸਮੈਂਟ ਵਾਲ਼ੇ ਸੋਫ਼ੇ ਉੱਪਰ ਬੈਠੇ ਸੋਚਦੇ ਰਹਿੰਦੇ। ‘ਛੇਵੀਂ ਜਮਾਤ ਵਾਲ਼ੀ ਆਪਣੀ ਟੀਚਰ ਦਾ ਰਟਨ ਕਰਦੀ ਰਹਿੰਦੀ ਸੀ:

-ਆਹ ਦੇਖੋ, ਮਾਮ! ਉਹ ਰੰਗਦਾਰ ਪੈਨਸਿਲਾਂ ਨਾਲ਼ ਬਣਾਈ, ਮਿਜ਼ ਗਿਲੀਜ਼ ਦੀ ਤਸਵੀਰ ਨੂੰ, ਮੰਮੀ ਦੇ ਸਾਹਮਣੇ ਕਰ ਦਿੰਦੀ।

-ਮਿਜ਼ ਗਿਲੀਜ਼ ਨੇ ਨਵੀਂ ਕਾਰ ਖ਼ਰੀਦੀ ਐ, ਮਾਮ!

-ਅੱਛਾਅ!
-ਅੱਜ ਮੈਂ ਮਿਜ਼ ਗਿਲੀਜ਼ ਨੂੰ ਡੈਂਡੀਲਾਇਨ ਦਾ ਫੁੱਲ ਤੋੜ ਕੇ ਭੇਟ ਕੀਤਾ, ਮਾਮ!

-ਓ ਹੋ, ਕਿੰਨੂੰ! ਮਾਮ ਮੱਥੇ ਨੂੰ ਸੁੰਗੇੜ ਕੇ ਹੱਸ ਪੈਂਦੇ। -ਪਰ ਡੈਂਡੀਲਾਇਨ ਦਾ ਫੁੱਲ ਤਾਂ ਘਾਹ ਵਾਂਗੂੰ ਥਾਂ ਥਾਂ ਉੱਗਿਆ ਹੁੰਦੈ!
-ਖੁਸ਼ ਹੋਗੀ ਮਿਜ਼ ਗਿਲੀਜ਼, ਮਾਮ!

-ਕੋਈ ਚੱਜ ਦਾ ਫੁੱਲ ਦੇਣਾ ਸੀ ਸਟੋਰੋਂ ਲਿਆ ਕੇ!
-ਮਿਜ਼ ਗਿਲੀਜ਼ ਨੇ ਹੇਅਰਸਟਾਇਲ ਬਦਲ ਲਿਐ, ਮਾਮ!
-ਕਿਹੋ ਜਿਹਾ ਬਣਾ ਲਿਆ?

-ਡੈਡ ਜੀ, ਕਿੰਨੂੰ ਹੁਣ ਆਪਣਾ ਚਿਹਰਾ ਡੈਡ ਵੱਲੀਂ ਗੇੜ ਲੈਂਦੀ। -ਮਿਜ਼ ਗਿਲੀਜ਼ ਲਈ ਗਿਫ਼ਟ ਲੈ ਕੇ ਆਉਣੈ ਮੈਂ!
-ਲੈ ਆ, ਕਿੰਨੂੰ!

-ਮਿਜ਼ ਗਿਲੀਜ਼ ਪਿਆਨੋ ਵਜਾਉਂਦੇ ਹੁੰਦੇ ਐ, ਡੈਡ!

ਪਰ ਕਿੱਥੇ ਚਲੀ ਗਈ ਉਹ ਭੋਲ਼ੀ-ਭੰਡਾਰੀ ਕਿੰਨੂੰ? ਆਹਾ ਈ ਟੈਕਸੀ ਹੁੰਦੀ ਸੀ ਸਵੇਰੇ ਸਕੂਲ ਜਾਣ ਦੇ ਵੇਲ਼ੇ ਵੀ! ਡੈਡੀ ਹੋਰਨ ਦੀ ‘ਪੀਂ-ਪੀਂ` ਕਰਾਉਂਦੇ ਤਾਂ ਉਹ ਬੈਕ-ਪੈਕ (ਕਿਤਾਬਾਂ ਵਾਲ਼ਾ ਬੈਗ਼) ਨੂੰ ਮੋਢੇ `ਤੇ ਲਟਕਾਅ ਕੇ ਦੌੜ ਪੈਂਦੀ ਸੀ ਟੈਕਸੀ ਵੱਲ ਨੂੰ! ਪਤਲੀਆਂ ਪਤਲੀਆਂ ਉਂਗਲ਼ਾਂ ਦੀ ਮਸੂਮੀਅਤ ਨਾਲ਼ ਟੈਕਸੀ ਦਾ ਦਰਵਾਜ਼ਾ ਖੋਲ੍ਹਦੀ ਤੇ ਆਖਦੀ, ‘ਡੈਡੀ ਜੀ, ਸੀਟ ਬੈਲਟ ਲਾ ਦਿਓ!`

ਸਿਗਰਟਾਂ ਦਾ ਧੂੰਆਂ ਤਾਂ ਓਦੋਂ ਵੀ ਡੈਸ਼ਬੋਰਡ ਨੂੰ ਤੇ ਸੀਟਾਂ ਨੂੰ ਤੇ ਵਿੰਡਸ਼ੀਲਡ ਨੂੰ ਚਿੰਬੜਿਆ ਹੁੰਦਾ ਸੀ। ਓਦੋਂ ਵੀ ਸ਼ਨਿਚਰਵਾਰ ਦੀ ਸਾਰੀ ਰਾਤ, ਡੈਡੀ ਰੈਸਟੋਰੈਂਟਾਂ ਵਿੱਚੋਂ ਸ਼ਰਾਬੀ ਹੋਇਆ ਕਾਲ਼ਾ-ਚਿੱਟਾ ਹਨੇਰਾ ਢੋ ਕੇ ਐਤਵਾਰ ਨੂੰ ਸਵੇਰੇ ਸੱਤ ਵਜੇ ਤੋਂ ਪਹਿਲਾਂ ਘਰ ਨੂੰ ਮੁੜਦੇ। ਉਨ੍ਹਾਂ ਦੇ ਮੁੜਨ ਤੋਂ ਪਹਿਲਾਂ ਹੀ ਕਿੰਨੂੰ ਫਟੇ-ਪੁਰਾਣੇ ਤੌਲੀਆਂ ਤੇ ਬੁਨੈਣਾਂ ਨੂੰ ਅਤੇ ਸਪਰੇਅ ਵਾਲ਼ੀਆਂ ਬੋਤਲਾਂ ਨੂੰ ਨਿੱਕੀਆਂ ਨਿੱਕੀਆਂ ਉਂਗਲ਼ਾਂ `ਚ ਫੜੀ, ਲਿਵਿੰਗਰੂਮ ਦੇ ਸੋਫ਼ੇ ਉੱਪਰ ਬੈਠੀ ਹੁੰਦੀ ਸੀ। ਡਰਾਈਵਵੇਅ ਵੱਲ ਦੀ ਖਿੜਕੀ ਦੇ ਸ਼ੀਸ਼ੇ ਰਾਹੀਂ ਨਜ਼ਰਾਂ ਨੂੰ ਬਾਹਰ ਵੱਲੀਂ ਲਮਕਾਅ ਕੇ ਉਹ ਵਾਰ ਵਾਰ ਸੜਕ ਨੂੰ ਟੋਂਹਦੀ। ਡੈਡੀ ਜਿਓਂ ਹੀ ਟੈਕਸੀ `ਚੋਂ ਨਿੱਕਲ਼ਦੇ, ਕਿੰਨੂੰ ਝੱਟ-ਪੱਟ ਡਰਾਈਵਰ ਵਾਲ਼ੀ ਸੀਟ ਉੱਪਰ ਬੈਠ ਜਾਂਦੀ। ਉਹ ਐਸ਼ਟਰੇ ਨੂੰ ਡੈਸ਼ਬੋਰਡ ਵਿਚੋਂ ਖਿਚਦੀ ਤੇ ਅੱਧ-ਜਲ਼ੇ ਟੋਟਿਆਂ ਨੂੰ ਗਾਰਬਿਜ ਬੈਗ਼ ਵਿੱਚ ਝਾੜ ਦੇਂਦੀ। ਫਿਰ ਉਹ ਸਪਰੇਅ ਦਾ ਫਰਾਟਾ ਲੀਰ ਉੱਤੇ ਮਾਰਦੀ ਤੇ ਐਸ਼ਟਰੇਅ `ਚ ਜੰਮੀ ਸੁਆਹ ਦੀ ਐਸੀ-ਤੈਸੀ ਫੇਰਨ ਲਗਦੀ।

ਪਰ ਅੱਠਵੀਂ ਜਮਾਤ `ਚ ਆ ਕੇ ਪਤਾ ਨੀ ਹੋ ਗਿਆ ਸੀ ਕਿੰਨੂੰ ਨੂੰ: ਜਾਂ ਤਾਂ ਬਚਪਨੇ `ਚੋਂ ਉੱਭਰ ਰਹੀ ਸੀ, ਤੇ ਜਾਂ ਫਿਰ ਮਿਜ਼ ਹਾਲੈਂਡ ਦੀ ਸੰਗਤ ਦਾ ਅਸਰ ਹੋ ਗਿਆ ਸੀ: ਟੈਕਸੀ ਦੀ ਸਫ਼ਾਈ ਵਾਲ਼ੀ ਸਵੇਰ, ਟੈਕਸੀ ਦੇ ਘਰ ਅਪੜਣ ਤੋਂ ਪਹਿਲਾਂ ਹੀ, ਹੁਣ ਉਹ ਆਪਣੇ ਕਲਾਜ਼ਿਟ ਵਿੱਚੋਂ ਨੱਕ ਉੱਪਰ ਲਪੇਟਣ ਲਈ ਸਕਾਰਫ਼ ਲੱਭਣ ਲੱਗ ਜਾਂਦੀ। ਐਸ਼ਟਰੇਅ ਨੂੰ ਹੁਣ ਉਹ ਹੱਥਾਂ ਉੱਪਰ ਰਬੜ ਦੇ ਦਸਤਾਨੇ ਚਾੜ੍ਹ ਕੇ ਖਿਚਦੀ ਅਤੇ ਉਸ ਨੂੰ ਅੰਗੂਠੇ ਤੇ ਮੂਹਰਲੀ ਉਂਗਲ਼ `ਚ ਪਕੜ ਕੇ ਆਪਣੇ ਹੱਥ ਨੂੰ ਦੂਰ ਤੀਕਰ ਵਧਾਅ ਦੇਂਦੀ, ਜਿਵੇਂ ਉਹਨੇ ਹੱਥ `ਚ ਮਰਿਆ ਹੋਇਆ ਚੂਹਾ ਪਕੜਿਆ ਹੋਵੇ। ਫਿਰ ਉਹ ਆਪਣੇ ਮੂੰਹ ਨੂੰ ਖੱਬੇ ਪਾਸੇ ਵੱਲ ਨੂੰ ਘੁੰਮਾਅ ਕੇ ਆਪਣੀਆਂ ਅੱਖਾਂ, ਬੁੱਲ੍ਹਾਂ ਅਤੇ ਮੱਥੇ ਨੂੰ ਸੁੰਗੇੜ ਲੈਂਦੀ: ਯੱਕ! ਉਹ ਘੁੱਟੇ ਹੋਏ ਦੰਦਾਂ ਨਾਲ਼ ਆਪਣੀਆਂ ਵਰਾਛਾਂ ਨੂੰ ਹੇਠਾਂ ਵੱਲ ਨੂੰ ਖਿੱਚ ਲੈਂਦੀ।

ਅੱਠਵੀਂ `ਚ ਕਾਹਦੀ ਹੋਈ ਸੀ ਉਹ ਪਿਛਲੇ ਸਾਲ, ਉਸ ਦੀ ਜੀਭ ਉੱਪਰ ਸਵਾਲ ਹੀ ਸਵਾਲ ਉੱਗ ਆਏ ਸਨ: ਡੈਡ! ਪਤੈ ਤੁਹਾਨੂੰ ਅਲਕੋਹੋਲ ਕਿੰਨੀ ਮਾੜੀ ਹੁੰਦੀ ਐ ਸਿਹਤ ਲਈ? ਸ਼ਾਮ ਨੂੰ ਡੈਡੀ ਦੇ ਹੱਥ `ਚ ਗਲਾਸੀ ਦੇਖ ਕੇ ਉਹ ਸ਼ੁਰੂ ਹੋ ਜਾਂਦੀ। -ਲਿਵਰ ਨੂੰ ਤਬਾਹ ਕਰ ਦਿੰਦੀ ਐ! ਕਿਡਨੀਆਂ ਨੂੰ ਡੈਮਿਜ ਕਰ ਸੁਟਦੀ ਐ!

ਡੈਡ ਆਖਦੇ: ਸ਼ਾਮ ਨੂੰ ਦੋ ਗਲਾਸੀਆਂ ਨਾਲ਼ ਨੀਂਦ ਚੰਗੀ ਆ ਜਾਂਦੀ ਐ, ਕਿੰਨੂੰ!
-ਨੋ, ਡੈਡ! ਕਿੰਨੂੰ ਆਪਣੇ ਭਰਵੱਟਿਆਂ ਨੂੰ ਅੰਦਰ ਵੱਲ ਨੂੰ ਖਿਚਦੀ। -ਸਭ ਬਹਾਨੇ ਹਨ!

ਦੂਜੇ ਤੀਜੇ ਦਿਨ ਮੰਮੀ ਦੇ ਵਾਸ਼ਰੂਮ `ਚ ਜਾ ਕੇ ਮੱਥਾ ਸੁੰਗੇੜ ਲੈਂਦੀ: ਪਾਣੀ ਵੇਸਟ ਹੋ ਰਿਹੈ, ਮਾਮ! ਦੰਦਾਂ ਉੱਪਰ ਬੁਰਸ਼ ਘਸਾਉਣ ਵੇਲ਼ੇ ਟੂਟੀ ਬੰਦ ਕਿਉਂ ਨੀ ਕਰਦੇ ਤੁਸੀਂ?

ਇੱਕ ਦਿਨ ਐਤਵਾਰ ਸੀ: ਡੈਡੀ ਬੈਕਯਾਰਡ `ਚ ਸਪਰੇਅ ਪੰਪ ਨੂੰ ਸਾਫ਼ ਕਰ ਰਹੇ ਸਨ। ਕਿੰਨੂੰ ਅੰਦਰੋਂ ਦੌੜੀ ਆਈ: ਦੋਨੋਂ ਹੱਥ ਢਾਕਾਂ ਉੱਪਰ ਤੇ ਮੱਥੇ ਦੀ ਚਮੜੀ ਅੰਦਰ ਵੱਲ ਨੂੰ ਇਕੱਠੀ ਕੀਤੀ ਹੋਈ!

-ਐਸ ਬੋਤਲ `ਚ ਕੀ ਐ, ਡੈਡ! ਭਰਵੱਟਿਆਂ ਨੂੰ ਉੱਪਰ ਵੱਲ ਨੂੰ ਖਿੱਚ ਕੇ ਉਹ ਘਾਹ ਉੱਪਰ ਖਲੋਤੀ ਬੋਤਲ ਵੱਲ ਝਾਕੀ ਸੀ।

ਡੈਡੀ ਆਪਣੇ ਕੰਬਣ-ਲੱਗ-ਪਏ ਹੱਥਾਂ ਇੱਕ-ਦੂਜੀ ਵਿੱਚ ਕਰ ਲੈਂਦੇ ਹਨ।
-ਦੱਸੋ ਮੈਨੂੰ ਕੀ ਐ ਡੈਡ!

-ਇਹਨੂੰ ਕਹਿੰਦੇ ਐ... ਵੀਡ-ਕਿੱਲਰ! {ਵੀਡ-ਕਿੱਲਰ= ਨਦੀਨ-ਨਾਸ਼ਕ ਘੋਲ਼)

-ਸਪਰੇਅ ਕਰੋਂਗੇ ਏਹਨੂੰ ਘਾਹ `ਤੇ?
ਡੈਡੀ ਸਪਰੇਅ-ਪੰਪ ਵੱਲ ਝਾਕਣ ਲੱਗ ਪਏ।

-ਇਹ ਸਪਰੇਅ ਤਾਂ... ਏਹ ਤਾਂ... ਕਰਨਾ ਈ ਪੈਣੈ, ਬੇਟੀ ਜੀ! ਮੀਟੀਆਂ ਅੱਖਾਂ ਨਾਲ਼ ਭਰਵੱਟਿਆਂ ਨੂੰ ਉਤਾਹਾਂ ਨੂੰ ਖਿੱਚ ਕੇ ਡੈਡੀ ਨੇ ਇੱਕ ਲੰਮਾਂ ਸਾਹ ਅੰਦਰ ਵੱਲ ਨੂੰ ਖਿੱਚ ਲਿਆ ਸੀ।

-ਨੋ ਡੈਡ! ਨਹੀਂ ਕਰਨਾ!
-ਕਿਉਂ ਨੀ ਕਰਨਾ, ਕਿੰਨੂੰ?
-ਜ਼ਹਿਰ ਐ, ਡੈਡ, ਜ਼ਹਿਰ ਏਹ ਵੀਡ-ਕਿੱਲਰ!

-ਓ ਕਿੰਨੂੰ ਐਵੇਂ ਨਾ ਹਰੇਕ ਗੱਲ ਦਾ ਵਹਿਮ ਕਰੀ ਜਾਇਆ ਕਰ, ਡੈਡੀ ਆਪਣੇ ਸਿਰ ਨੂੰ ਹਿਲਾਉਂਦਿਆਂ ਬੋਲੇ। -ਏਨੀ ਕਰੜੀ ਜ਼ਹਿਰ ਨੀ ਹੁੰਦੀ ਇਹਦੇ `ਚ, ਕਿੰਨੂੰ, ਜਿੰਨੀ ਤੂੰ ਸਮਝਦੀ ਐਂ!

-ਓ, ਡੈਅਅਡ! ਕਿੰਨੂੰ ਆਪਣੇ ਸਿਰ ਨੂੰ ਸੱਜੇ-ਖੱਬੇ ਗੇੜਨ ਲੱਗ ਪਈ ਸੀ। -ਵਿਚਾਰੇ ਗੰਡੋਇਆਂ ਨੂੰ ਵੀ ਮਾਰ ਸੁਟਦੀ ਐ ਹਾਅ ਵੀਡ-ਕਿੱਲਰ, ਤੇ ਤਿਤਲੀਆਂ ਨੂੰ ਵੀ, ਤੇ ਚਿੜੀਆਂ ਨੂੰ ਵੀ!

-ਓ ਨਹੀਂ ਕਿੰਨੂੰ!
-ਨੋ ਡੈਡ! ਇਹਦਾ ਅਸਰ ਤਾਂ ਮੇਰੇ ਬੈੱਡਰੂਮ ਤੀਕ ਵੀ ਜਾ ਸਕਦੈ; ਮੇਰੇ ਬੱਜੀ ਵੀ ਮਰ ਸਕਦੇ ਐ ਇਸ ਨਾਲ਼!

ਤੇ ਫ਼ਿਰ ਆ ਗਿਆ ਸੀ ਉਹ ਚੰਦਰਾ ਦਿਨ! ਡੈਡੀ ਦੇ ਕੰਮ ਤੋਂ ਪਰਤਣ ਦਾ ਵਕਤ ਹੋ ਗਿਆ ਸੀ!

-ਸ਼ੁੱਕਰਵਾਰ ਐ ਅੱਜ! ਬੱਜੀਆਂ ਨਾਲ਼ ਖੇਡਦੀ ਖੇਡਦੀ ਕਿੰਨੂੰ ਸੋਚਣ ਲੱਗੀ ਸੀ। -ਅੱਜ ਹਟਾਅ ਕੇ ਈ ਹਟੂੰ, ਡੈਡ ਨੂੰ!

ਤੇ ਉਹ ਝੱਟ-ਪੱਟ ਆਪਣੇ ਬੈੱਡਰੂਮ `ਚੋਂ ਉੱਠ ਕੇ ਪੌੜੀਆਂ ਕੋਲ਼ ਆ ਗਈ ਸੀ। ਦਰਵਾਜ਼ੇ ਦੇ ਕੀਅ-ਹੋਲ `ਚ ਚਾਬੀ ਦੀ ਕੜਿੱਕ-ਕੜਿੱਕ ਹੋਈ ਤੇ ਅਗਲੇ ਪਲੀਂ ਬੂਹੇ ਦਾ ਤਖ਼ਤਾ ਅੰਦਰ ਵੱਲ ਨੂੰ ਧੱਕਿਆ ਗਿਆ।
-ਹਾਏ ਡੈਡ! ਕਿੰਨੂੰ ਪੌੜੀ ਦੇ ਸਿਖ਼ਰ ਤੋਂ ਬੋਲੀ ਸੀ।
‘ਹਾਏ, ਕਿੰਨੂੰ,` ਆਖ ਕੇ ਡੈਡੀ ਉੱਪਰ ਵੱਲ ਨੂੰ ਝਾਕੇ ਸਨ! ਖੱਬੇ ਹੱਥ `ਚ ਫੜੇ ਪੋਲੀਥੀਨ ਦੇ ਬੈਗ਼ ਨੂੰ ਪੱਟ ਦੇ ਓਹਲੇ ਲੁਕਾਉਣ ਦਾ ਯਤਨ ਕਰਦੇ ਹੋਏ ਉਹ ਕਿਚਨ ਵੱਲ ਨੂੰ ਵਗ ਤੁਰੇ।

ਪੌੜੀਆਂ ਤੋਂ ਦਗੜ ਦਗੜ ਦੀ ਅਵਾਜ਼ ਹੇਠਾਂ ਵੱਲ ਨੂੰ ਉੱਤਰੀ ਤੇ ਠੱਕ ਠੱਕ `ਚ ਬਦਲ ਕੇ ਡੈਡੀ ਦੇ ਪਿੱਛੇ ਪਿੱਛੇ ਕਿਚਨ ਵੱਲ ਨੂੰ ਵਹਿ ਗਈ ਸੀ।
-ਕੀ ਐ ਹੈਸ ਬੈਗ਼ `ਚ, ਡੈਡ! ਕਿੰਨੂੰ ਦੇ ਤਣੇ ਹੋਏ ਭਰਵੱਟੇ ਫਰਕਣ ਲੱਗੇ ਸਨ।

‘ਕੁੱਛ ਨੀ, ਕਿੰਨੂੰ,` ਕਹਿ ਕੇ ਡੈਡੀ ਨੇ ਆਪਣੀਆਂ ਮੁੱਛਾਂ ਨੂੰ ਪਾਸਿਆਂ ਵੱਲ ਨੂੰ ਫ਼ੈਲਾਅ ਲਿਆ ਸੀ।

-ਦੱਸੋ ਮੈਨੂੰ, ਡੈਡ, ਕੀ ਐ ਹੈਸ ਬੈਗ਼ ਵਿੱਚ!
ਡੈਡ ਦਾ ਲੰਮਾਂ ਹਾਉਕਾ ਉਨ੍ਹਾਂ ਦੇ ਫੇਫੜਿਆਂ ਵਿੱਚ ਹੀ ਗੁੱਛੀਮੁੱਛੀ ਹੋ ਗਿਆ ਸੀ।
-ਫੇਰ ਲਿਆਂਦਾ ਅੱਜ ਉਹੀ, ਡੈਡ? ਕਿੰਨੂੰ ਦੇ ਬੁੱਲ੍ਹ ਕੰਬਣ ਲੱਗੇ ਸਨ। -ਕੀ ਕਿਹਾ ਸੀ ਮੈਂ ਤੁਹਾਨੂੰ ਪਿਛਲੇ ਹਫ਼ਤੇ?

-ਉਏ ਕਿੰਨੂੰ, ਡੈਡ ਦਾ ਸਿਰ ਸੱਜੇ-ਖੱਬੇ ਘੁੰਮਿਆਂ ਸੀ। -ਫ਼੍ਰਾਈਡੇਅ ਨੂੰ ਤਾਂ ਖਾ ਲੈਣ ਦਿਆ ਕਰ!

-ਨੋ, ਡੈਡ! ਕਿੰਨੂੰ ਦੀਆਂ ਅੱਖਾਂ ਲਗਾਤਾਰ ਝਮਕਣ ਲੱਗ ਪਈਆਂ ਸਨ। -ਇਨ੍ਹਾਂ `ਚ ਵੀ ਜਾਨ ਹੁੰਦੀ ਐ, ਪਤੈ?
ਉਹਦੇ ਕੋਇਆਂ `ਚ ਉੱਭਰ ਆਈ ਨਮੀਂ ਉਸ ਦੀ ਨੱਕ ਦੀ ਕੋਂਪਲ ਵੱਲ ਨੂੰ ਵਧਣ ਲੱਗ ਪਈ ਸੀ।

-ਬੱਕਰਿਆਂ ਦੀਆਂ ਵੀ ਮਾਵਾਂ ਹੁੰਦੀਆਂ, ਡੈਡ!
ਡੈਡੀ ਦੇ ਸੱਜੇ ਹੱਥ `ਚ ਪਕੜਿਆ ਅਖ਼ਬਾਰ ਫ਼ਰਸ਼ ਉੱਪਰ ਜਾ ਡਿੱਗਿਆ ਸੀ।

-ਕਿੰਨੇ ਚਿਰ ਤੋਂ ਰੋਕ ਰਹੀ ਆਂ ਥੋਨੂੰ, ਡੈਡ! ਉਹਨੇ ਆਪਣੇ ਦੰਦ ਮੁੱਠੀ ਵਾਂਗਣ ਕੱਸ ਲਏ ਸਨ। -ਅੱਜ ਤੋਂ ਬਾਅਦ ਨੀ ਮੈਂ ਹਟਾਉਣਾ ਥੋਨੂੰ; ਬੱਸ ਘਰੋਂ ਦੌੜ ਜਾਣੈ ਮੈਂ!

ਸਿਰ ਨੂੰ ਹਿਲਾਉਂਦੀ ਹੋਈ ਕਿੰਨੂੰ ਦੇ ਮੋਢਿਆਂ ਤੀਕਰ ਕੱਟੇ ਵਾਲ਼ ਜ਼ੋਰ ਨਾਲ਼ ਸੱਜੇ-ਖੱਬੇ ਝੂਲਣ ਲੱਗ ਪਏ ਸਨ, ਤੇ ਉਹ ਦੜ-ਦੜ ਦੜ-ਦੜ ਪੌੜੀਆਂ ਚੜ੍ਹ ਗਈ ਸੀ।

ਡੈਡੀ ਨੇ ਟੀ ਵੀ ਦਾ ਬਟਨ ਆਨ ਕਰ ਦਿੱਤਾ। ਸੀ ਐਨ ਐਨ ਨੇ ਅੱਖਾਂ ਪੱਟ ਲਈਆਂ।

ਮੀਟ ਵਾਲ਼ਾ ਲਿਫ਼ਾਫ਼ਾ ਫ਼ਰਿੱਜ ਦੇ ਹਵਾਲੇ ਕਰ ਕੇ, ਡੈਡੀ ਨੇ ਟੀ. ਵੀ. ਦਾ ਰੀਮੋਟ ਚੁੱਲ ਲਿਆ। ਬਗ਼ਦਾਦ ਦੇ ਸਿਰ ਉੱਪਰ ਤੇਜ਼ ਰਫ਼ਤਾਰ ਉੱਡਦੇ ਜੰਗੀ ਜਹਾਜ਼ਾਂ ਦੀ ਘੂੰਅੰਅੰਅੰਅੰਅੰਅੰਅੰਅੰਅੰਅੰਅੰਅੰ! ਗਰੜੜੜੜੜੜੜੜੜੜੜੜ ਟੀ. ਵੀ ਸਕਰੀਨ ਨੂੰ ਕੰਬਾਉਣ ਲੱਗੀ: ਜਿਵੇਂ ਅਸਮਾਨ ਵਿੱਚ ਪਹਾੜ ਫਟ ਰਹੇ ਹੋਣ! ਗੜ-ਗੜ-ਗੜ-ਗੜ! ਫ਼ਿਰ ਫਟ ਰਹੇ ਬੰਬਾਂ ਦੇ ਲਿਸ਼ਕਾਰੇ ਤੇ ਧਮਾਕੇ: ਡੰਮਮਮਮਮਮਮਮਮ! ਡੰਮਮਮਮਮਮਮਮਮ! ਅਗਲੇ ਪਲ ਦਿਸਣ ਲੱਗੀ, ਪਿੱਠ `ਚੋਂ ਧੂੰਆਂ ਛਡਦੀਆਂ ਮਿਜ਼ਾਇਲਾਂ ਦੀ ਸ਼ੂੰਅੰਅੰ ਸ਼ੂੰਅੰਅੰਅੰ! ਫ਼ੇਰ ਆ ਗਏ ਲੋਹੇ ਦੀਆਂ ਚੌੜੀਆਂ ਚੇਨਾਂ ਉੱਪਰ ਦੌੜਦੇ ਹੋਏ ਮਧਰੇ ਕੱਦ ਦੇ ਹਾਥੀਆਂ ਵਰਗੇ ਟੈਂਕ ਤੇ ਅਸਮਾਨ ਵੱਲ ਸੇਧੀਆਂ ਹੋਈਆਂ ਉਨ੍ਹਾਂ ਦੀਆਂ ਲੰਬੂਤਰੀਆਂ ਚੁੰਝਾਂ: ਠਾਅਅਹ! ਠਾਅਅਹ! ਠਾਅਅਹ! ਠਾਅਅਹ! ਠਾਅਅਹ! ਠਾਅਅਹ! ਠਾਅਅਹ! ਠਾਅਅਹ! ਟੀ. ਵੀ. ਦੇ ਉੱਪਰਲੇ ਪਾਸੇ ਗੱਤੇ ਦੇ ਫ਼ਰੇਮ `ਚ ਖਲੋਤਾ ਕਿੰਨੂੰ ਦਾ ਪੋਰਟਰੇਟ ਕੰਬਣ ਲੱਗਾ। ਪੋਰਟਰੇਟ ਦੇ ਨਾਲ਼ ਹੀ ਟਿਕਾਇਆ ਲੱਕੜ ਦਾ ਬੱਜੀ ਖਿਸਕਦਾ ਖਿਸਕਦਾ ਹੇਠਾਂ ਫ਼ਰਸ਼ ਉੱਤੇ ਆ ਗਿਰਿਆ।

ਦੂਜੀ ਫ਼ਲੋਰ ਤੋਂ ਮੇਨ ਫ਼ਲੋਰ ਵੱਲ ਔਂਦੀਆਂ ਪੌੜੀਆਂ `ਚ ਦੜ-ਦੜ-ਦੜ-ਦੜ, ਦੜ-ਦੜ-ਦੜ-ਦੜ ਹੇਠਾਂ ਵੱਲ ਨੂੰ ਰੁੜ੍ਹਨ ਲੱਗੀ।
-ਡੈਅਅਅਡ! ਕਿੰਨੂੰ ਦੇ ਘੁੱਟੇ ਹੋਏ ਦੰਦਾਂ `ਚੋਂ ਜੀਕਣ ਤੋਪ ਦਾ ਗੋਲ਼ਾ ਨਿੱਕਲ਼ ਆਇਆ। ਸ਼ੂਕਦੇ ਹੋਏ ਉਸਦੇ ਸਾਹ, ਉਸਦੇ ਗੋਲ਼-ਹੋ-ਗਏ ਬੁੱਲ੍ਹਾਂ ਰਾਹੀਂ ਅੰਦਰ-ਬਾਹਰ ਹੋਣ ਲੱਗੇ।

ਡੈਡ ਤ੍ਰਭਕ ਕੇ ਕਿੰਨੂੰ ਵੱਲ ਝਾਕੇ।

-ਬੰਦ ਕਰੋ ਟੀ ਵੀ, ਡੈਡ! ਰਾਈਟ ਅਵੇਅ!!

-ਮ... ਮ... ਮ... ਮੈਂ ਇਰਾਨ ਦੀ ਜੰਗ ਦੇਖ ਰਿਹਾਂ, ਕਿੰਨੂੰ। ਲਾਈਵ ਆ ਰਹੀ ਐ!
-ਥੋਨੂੰ ਪਤਾ ਨੀ ਮੇਰੇ ਬੈੱਡਰੂਮ `ਚ ਬੱਜੀ ਬਰਡ ਨੇ ਦੋ ਆਂਡੇ ਦਿੱਤੇ ਹੋਏ ਐ, ਡੈਡ?

-ਦੱਸਿਆ ਸੀ ਤੇਰੀ ਮੰਮੀ ਨੇ, ਕਿੰਨੂੰ! ਡੈਡੀ ਦਾ ਚਿਹਰਾ ਹੇਠਾਂ-ਉੱਪਰ ਹਿੱਲਿਆ।

-ਐਨਾ ਖੜਕਾ ਟੀ. ਵੀ. ਤੋਂ? ਕਿੰਨੂੰ ਦੇ ਕੱਸੇ ਹੋਏ ਮੱਥੇ `ਚੋਂ ਕਿਰੜ-ਕਿਰੜ ਕਿਰਨ ਲੱਗੀ। -ਠਾਹ-ਠਾਹ! ਸਾਰਾ ਹਾਊਸ ਹਿੱਲਣ ਲੱਗ ਪਿਐ, ਡੈਡ!
-ਖ... ਖ... ਖੜਕਾ? ਡੈਡੀ ਕਦੇ ਟੀ. ਵੀ. ਵੱਲੀਂ ਤੇ ਕਦੇ ਕਿੰਨੂੰ ਵੱਲੀਂ ਝਾਕਣ ਲੱਗੇ।

-ਇਹ ਜੇਹੜੀ ਠਾਹ-ਠਾਹ ਸੁਣੀਂ ਜਾਨੇ ਓਂ ਤੁਸੀਂ ਟੀ ਵੀ ਉੱਤੇ, ਡੈਡ, ਇਹਦੀ ਧਮਕ ਉੱਪਰ ਮੇਰੇ ਬੈੱਡਰੂਮ ਤੀਕ ਜਾਂਦੀ ਐ!

ਡੈਡੀ ਦੇ ਭਰਵੱਟੇ ਉੱਪਰ ਵੱਲ ਨੂੰ ਖਿੱਚੇ ਗਏ।

-ਖੜਕਾ ਤਾਂ ਜਾਂਦਾ ਹੋਵੇਗਾ ਜ਼ਰੂਰ, ਕਿੰਨੂੰ!

-ਓਥੇ ਪਿੰਜਰੇ `ਚ ਪਏ ਆਂਡਿਆਂ ਨੇ ਤਿੜਕ ਜਾਣੈ ਹੈਸ ਠੂਹ-ਠੂਹ ਨਾਲ਼!
ਕਿੰਨੂੰ ਨੇ ਮੇਜ਼ ਉੱਪਰ ਪਏ ਰੀਮੋਟ ਨੂੰ ਝਪਟ ਮਾਰ ਕੇ ਚੁੱਕਿਆ ਅਤੇ ਉਸਦੇ ‘ਪਾਵਰ ਆਫ਼` ਵਾਲ਼ੇ ਬਟਨ ਨੂੰ ਅੰਗੂਠੇ ਨਾਲ਼ ਦਬਾਅ ਦਿੱਤਾ।

(ਧੰਨਵਾਦ ਸਹਿਤ ਮਾਸਿਕ ‘ਸੀਰਤ’ ਵਿੱਚੋਂ)

ਸੰਪਰਕ: ਕੈਨੇਡਾ 905-792-7357

ਈ ਮੇਲ: [email protected]

Comments

sunny

bahut piaari khaani

Rajinder

Kishor umar dee tarzmaan khaani

Surinder

Iqbal ji qmaal likhde ne. slaam hai uhna dee kalam nu. nikkina nikkian gallan 'cho vadde bhav arth kadh ke uhna nu shbdan 'ch pro ke pathak nu apni bukkal 'ch lai lainde ne. parmatma Iqbal ji nu lammi umar baxe.

Esraa

The accident of finding this post has brtgihened my day

Iqbal Ramoowalia

who are these weird names: Engeny, Tatang, Teun? Please remove them immediately. Nonsense.

Security Code (required)



Can't read the image? click here to refresh.

Name (required)

Leave a comment... (required)





ਕਹਾਣੀ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ