Sat, 05 October 2024
Your Visitor Number :-   7229297
SuhisaverSuhisaver Suhisaver

ਅੱਜ ਮਰਿਐ ਨਰੈਣਾ -ਇਕਬਾਲ ਰਾਮੂਵਾਲੀਆ

Posted on:- 05-07-2013

suhisaver

ਚਾਹ ਦੀ ਗੜਵੀ ਨੂੰ ਖੱਬੇ ਹੱਥ ਦੇ ਹਵਾਲੇ ਕਰਦਿਆਂ, ਬਿੱਕਰ ਆਪਣੇ ਸੱਜੇ ਹੱਥ ਨਾਲ਼ ਕੋਠੜੀ ਦੇ ਦਰਵਾਜ਼ਿਆਂ ਨੂੰ ਅੰਦਰ ਵੱਲ ਨੂੰ ਧਕਦਾ ਹੈ। ਮੀਂਹਾਂ ਨਾਲ਼ ਗਲ਼ ਕੇ ਹੇਠਲੇ ਪਾਸਿਓਂ ਭੁਰੇ ਹੋਏ ਤਖ਼ਤਿਆਂ ਦੀਆਂ ਚੂਲ਼ਾਂ ਅੱਜ ਵੀ ਹੂੰਗੀਆਂ ਨੇ। ਅੰਦਰ ਓਹੀਓ ਕੱਚੀਆਂ ਕੰਧਾਂ ਅਤੇ ਮਿੱਟੀ ਦਾ ਚਿੱਬ-ਖੜਿੱਬਾ ਫ਼ਰਸ਼, ਤੇ ਜਾਂ ਫਿ਼ਰ ਕਿਸੇ ਝੱਗੇ-ਕਛਹਿਰੇ ਦੇ ਟੰਗੇ ਜਾਣ ਨੂੰ ਉਡੀਕਦੀਆਂ, ਪਿਛਲੀ ਕੰਧ `ਚੋਂ ਬਾਹਰ ਵੱਲ ਨੂੰ ਝਾਕਦੀਆਂ, ਲੱਕੜ ਦੀਆਂ ਦੋ ਕੀਲੀਆਂ!

ਰਾਜ-ਮਿਸਤਰੀ ਲਾਉਣ `ਚ ਕਿਰਸ ਕਰ ਗਿਆ ਚਾਚਾ। ਬਿੱਕਰ ਆਪਣੇ ਸਿਰ ਨੂੰ ਸੱਜੇ-ਖੱਬੇ ਗੇੜਦਾ ਹੈ। ਇੱਕ-ਅੱਧੀ ਨਿੱਕੀ ਜੲ੍ਹੀ ਖਿੜਕੀ ਤਾਂ ਰਖਾਅ ਲੈਂਦਾ... ਜਾਂ ਫੇਅ ਨਿੱਕਾ-ਮੋਟਾ ‘ਰੋਸਨਦਾਨ’ ਈ ਛੁਡਾਅ ਲੈਂਦਾ: ਆਹ ਸਲ੍ਹਾਬੇ ਦੀ ਹਮਕ ਤਾਂ ਬਾਹਰ ਨਿੱਕਲ਼ਦੀ ਰਹਿੰਦੀ!

ਮੰਜੀ ਦੇ ਪੁਆਂਦੀ ਖਲੋਅ ਕੇ ਉਹ ਚਾਚੇ ਨਰੈਣੇ ਦੇ ਚਿਹਰੇ ਵੱਲੀਂ ਨਿਗਾਹ ਮੋੜਦਾ ਹੈ:

-ਹੈਂਅ? ਉਹਦਾ ਮੱਥਾ ਸੁੰਗੜਦਾ ਹੈ। ਅੱਖਾਂ ਬੰਦ ਤੇ ਮੂੰਹ ਖੁਲ੍ਹਾ? ਓਏ ਕਿਤੇ ਚੱਲ ਤਾਂ ਨੀ ਗਿਆ!

ਚਾਹ ਵਾਲ਼ੀ ਗੜਵੀ ਨੂੰ ਟਾਂਡ `ਤੇ ਟਿਕਾਅ ਕੇ ਉਹ ਨਰੈਣੇ ਨੂੰ ਹਲੂਣਦਾ ਹੈ।
ਨਰੈਣਾ ਤ੍ਰਭਕ ਕੇ ਪਾਸੇ ਪਰਨੇ ਹੋਣ ਲਗਦਾ ਹੈ।



ਬਿੱਕਰ ਦੀਆਂ ਅੱਖਾਂ ਮਿਚਦੀਆਂ ਹਨ, ਤੇ ਇੱਕ ਭਰਵਾਂ ਸਾਹ ਉਸ ਦੇ ਫੇਫੜਿਆਂ ਵੱਲ ਨੂੰ ਵਧਣ ਲਗਦਾ ਹੈ।

-ਆਹ ਫੜ ‘ਸੀਸੀ’, ਚਾਚਾ, ਤੇ ਦੋ ਗੋਲ਼ੀਆਂ ਸਿੱਟ ਅੰਦਰ! ਉੱਤੋਂ ਦੀ ਪੀ ਤੱਤੀ-ਤੱਤੀ ਚਾਹ; ਦੇਖੀਂ ਫੇਰ ਚਿਣਗਾਂ ਨਿੱਕਲ਼ਦੀਆਂ ਸਰੀਰ `ਚੋਂ!

ਨਰੈਣਾ ਅੱਖਾਂ ਖੋਲ੍ਹਦਾ ਹੈ: ਕੋਠੜੀ ਦੇ ਦਰਵਾਜ਼ੇ `ਚੋਂ ਅੰਦਰ ਵੱਲ ਨੂੰ ਸੇਧਿਤ ਹੋਇਆ ਤਿੱਖਾ ਚਾਨਣ ਉਸ ਦੀਆਂ ਅੱਖਾਂ ਨੂੰ ਮਿੱਧਣ ਲਗਦਾ ਹੈ। ਫਿ਼ਰ ਹੌਲ਼ੀ-ਹੌਲ਼ੀ ਸੱਜੇ ਪਾਸੇ ਦੀ ਕੂਹਣੀ ਦੇ ਭਾਰ ਹੋ ਕੇ ਉੱਠਣ ਦੀ ਕੋਸ਼ਿਸ਼ ਕਰਦਿਆਂ, ਉਹ ਆਪਣੀਆਂ ਨਜ਼ਰਾਂ ਦੇ ਖ਼ਾਲੀਪਣ ਨੂੰ ਬਿੱਕਰ ਦੇ ਚਿਹਰੇ ਵੱਲੀਂ ਗੇੜਦਾ ਹੈ। ਬਿੱਕਰ ਆਪਣੇ ਚਾਚੇ ਦੀਆਂ ਅੱਖਾਂ `ਚ ਭਰ ਆਈ ਲਾਚਾਰੀ ਨੂੰ ਪੜ੍ਹ ਲੈਂਦਾ ਹੈ, ਤੇ ਆਪਣੀ ਬਾਂਹ ਨੂੰ ਨਰੈਣੇ ਦੀ ਬਗ਼ਲ ਹੇਠ ਖਿਸਕਾਅ ਕੇ ਉਸ ਨੂੰ ਸਿੱਧਾ ਬਿਠਾਲ਼ ਦਿੰਦਾ ਹੈ। ਨਰੈਣੇ ਦੀ ਦਾਹੜੀ ਦੀ ਵਿਰਲਤਾ ਕੰਬਦੀ ਹੈ ਤੇ ਉਸ ਵਿੱਚ ਚਮਕਦਾ ਕੋਈ-ਕੋਈ ਕਾਲ਼ਾ ਵਾਲ਼ ਆਪਣੀ-ਆਪਣੀ ਇਕੱਲਤਾ ਨੂੰ ਉਜਾਗਰ ਕਰਨ ਲਗਦਾ ਹੈ।

-ਬੁਖ਼ਾਰ ਤਾਂ ਲਹਿ ਗਿਆ ਲਗਦੈ, ਚਾਚਾ!

ਨਰੈਣੇ ਦਾ ਧੜ ਖੱਬੇ-ਸੱਜੇ ਡੋਲਦਾ ਹੈ; ਉਸਦੀਆਂ ਬਾਹਾਂ ਪਾਸਿਆਂ ਵੱਲ ਨੂੰ ਫੈਲਦੀਆਂ ਹਨ, ਤੇ ਉਸਦੇ ਪੰਜੇ ਮੰਜੀ ਦੀਆਂ ਸੱਜੀਆਂ-ਖੱਬੀਆਂ ਬਾਹੀਆਂ ਉਦਾਲ਼ੇ ਲਿਪਟ ਜਾਂਦੇ ਹਨ। ਕੋਠੜੀ ਦੀਆਂ ਕੰਧਾਂ ਲੜਖੜਾਉਂਦੀਆਂ ਹਨ; ਛੱਤ ਖੱਬੇ ਪਾਸੇ ਵੱਲ ਨੂੰ ਉੱਲਰਦੀ ਹੈ ਤੇ ਕੋਠੜੀ ਦਾ ਸਾਰਾ ਵਜੂਦ ਉੱਪਰ ਵੱਲ ਨੂੰ ਲੋਟਣੀ ਖਾ ਕੇ ਧਰਤੀ `ਤੇ ਆਣ ਟਿਕਦਾ ਹੈ। ਨਰੈਣੇ ਦਾ ਧੜ ਇੱਕ-ਦਮ ਪਿੱਛੇ ਨੂੰ ਝੁਕ ਕੇ ਦੋਹਾਂ ਬਾਹਾਂ ਦੇ ਸਹਾਰੇ ਹੋ ਜਾਂਦਾ ਹੈ।

-ਆਹ ਸਾਲ਼ੀ ਘੁਮੇਰ ਜੲ੍ਹੀ ਨੀ ਆਉਣੋ ਹਟਦੀ, ਬਿੱਕਰ ਸਿਅ੍ਹਾਂ, ਨਰੈਣਾ ਆਪਣੀ ਠੋਡੀ ਨੂੰ ਛਾਤੀ ਵੱਲ ਨੂੰ ਖਿਚਦਿਆਂ ਆਖਦਾ ਹੈ, ਤੇ ਅਗਲੇ ਹੀ ਪਲ ਉਸ ਦੇ ਜਿਸਮ ਦੀ ਸਾਰੀ ਕਮਜ਼ੋਰੀ ਉਸਦੀਆਂ ਅੱਖਾਂ `ਚ ਲਟਕ ਕੇ ਬਿੱਕਰ ਦੇ ਚਿਹਰੇ ਵੱਲੀਂ ਗਿੜ ਜਾਂਦੀ ਹੈ।

-ਹੋਜੇਂਗਾ ਕੈਮ ਤੂੰ ਜਲਦੀ ਈ, ਚਾਚਾ... ਮੋੜ ਪੈ ਗਿਆ ਲਗਦੈ ਹੁਣ ਤਾਂ!
ਨਰੈਣੇ ਦੇ ਲਮਕਵੇਂ ਸਾਹ ਹੁਣ ਮੰਜੀ ਦੀ ਦੌਣ ਵੱਲੀਂ ਢੇਰੀ ਹੋਣ ਲਗਦੇ ਨੇ।
-ਕਵੀਸ਼ਰਾਂ ਦਾ ਕਰਮ ਸਿਓ੍ਹਂ ਵੀ ਆ ਗਿਆ, ਚਾਚਾ!
-ਕਰਮ ਸਿਓ੍ਹਂ? ਨਰੈਣਾ ਆਪਣੇ ਕੰਨਾਂ ਤੀਕ ਲਟਕਦੇ ਵਾਲ਼ਾਂ ਨੂੰ ਜੂੜੀ `ਚ ਸੰਭਾਲਣ ਲੱਗ ਜਾਂਦਾ ਹੈ। ਫਿਰ ਉਹ ਸੱਜੇ-ਖੱਬੇ ਝਾਕਦਾ ਹੈ, ਗਵਾਚ ਗਏ ਸੁਪਨੇ ਦੀਆਂ ਪੈੜਾਂ ਲਭਣ ਵਾਂਙੂੰ, ਤੇ ਉਸ ਦੇ ਕੰਬਣ-ਲੱਗ-ਗਏ ਬੁੱਲ੍ਹਾਂ ਦੇ ਪਿਛਾੜੀ ਉਸ ਦੀ ਜੀਭ ਹਿੱਲਣ ਲਗਦੀ ਹੈਜਿਵੇਂ ਉਹ ਉਸ ਦੇ ਗ਼ੈਰਹਾਜ਼ਰ ਦੰਦਾਂ ਨੂੰ ਟਟੋਲ਼ ਰਹੀ ਹੋਵੇ।

-ਹੱਛਾਅ? ਨਰੈਣਾ ਆਪਣੇ ਭਰਵੱਟਿਆਂ ਦੀ ਨਗੂਣਤਾ ਨੂੰ ਆਪਣੀ ਜੂੜੀ ਵੱਲ ਨੂੰ ਖਿੱਚਦਾ ਹੈ। ਕਿੱਦਣ ਆਇਆ ਕਰਮ ਸਿਓ੍ਹਂ, ਬਿੱਕਰਾ?

-ਕਈਆਂ ਦਿਨਾਂ ਦਾ ਆਇਆ ਵਾ ਉਹ ਤਾਂ, ਬਿੱਕਰ ਦੀਆਂ ਉਂਗਲ਼ਾਂ ਟਾਂਡ ਵੱਲੀਂ ਵਧਦੀਆਂ ਹਨ। ਕੋਠੀ ਦੀ ਸਫਾਈ ਕਰਾਈ ਜਾਂਦੈ ਜਿੱਦੇਂ ਦਾ ਆਇਐ!

-ਚੰਗਾ ਹੋਇਆ ਪੰਜੀਂ ਮੀਨ੍ਹੀਂ ਗੇਟ ਤਾਂ ਖੁਲ੍ਹਿਆ, ਨਰੈਣੇ ਦੀਆਂ ਅੱਖਾਂ ਮੰਜੀ ਹੇਠ ਲੇਟੀਆਂ ਫੌੜ੍ਹੀਆਂ ਵੱਲੀਂ ਮੁੜਦੀਆਂ ਹਨ। ਮੈਂ ਤਾਂ ਹਰ-ਰੋਜ ਜਾਨਾਂ ਲੱਤਾਂ ਘੜੀਸਦਾ, ਤੇ ਮੂਹਰੇ ਗੇਟ `ਤੇ ਲੱਗਿਆ ਹੁੰਦਾ ਝੋਟੇ ਦੇ ਖੁਰ ਜਿੱਡਾ ਜਿੰਦਾ...
ਗੜਵੀ ਨੂੰ ਪਿੱਤਲ਼ ਦੇ ਗਲਾਸ ਉੱਪਰ ਟੇਢੀ ਕਰਦਿਆਂ ਬਿੱਕਰ ਖੰਘੂਰਦਾ ਹੈ!
-ਜੀ ਤਾਂ ਕਰਦੈ ਪਈ ਹੁਣੇ ਈ ਤੁਰਪਾਂ, ਬਿੱਕਰ ਸਿਅ੍ਹਾਂ! ਨਰੈਣਾ ਆਪਣੀਆਂ ਉਂਗਲ਼ਾਂ ਦੀ ਕੰਬਣੀ ਨੂੰ ਗਲਾਸ ਦੇ ਉਦਾਲ਼ੇ ਲਪੇਟ ਲੈਂਦਾ ਹੈ। ਪਰ ਆਹ ਹੱਡ-ਭੰਨਣੀ ਜੲ੍ਹੀ ਉੱਠਣ ਈ ਨੀ ਦਿੰਦੀ...

ਬਿੱਕਰ ਹੁਣ ਕੋਠੜੀ ਦੇ ਬੂਹਿਓਂ ਬਾਹਰ ਹੋ ਗਿਆ ਹੈ।

ਐਸਪ੍ਰੀਨ ਦੀਆਂ ਦੋ ਗੋਲ਼ੀਆਂ ਨਰੈਣੇ ਦੀ ਤਲ਼ੀ `ਤੇ ਅਸਵਾਰ ਹੁੰਦੀਆਂ ਹਨ, ਤੇ ਉਹ ਉਨ੍ਹਾਂ ਵੱਲ ਟਿਕਟਿਕੀ ਲਾ ਕੇ ਦੇਖਦਾ-ਦੇਖਦਾ, ਪਿੰਡੋਂ ਚਾਰ ਕੁ ਏਕੜ ਦੀ ਦੂਰੀ `ਤੇ, ਖੇਤ `ਚ ਖਲੋਤੀ ਕਵੀਸ਼ਰਾਂ ਦੀ ਕੋਠੀ ਮੂਹਰੇ ਜਾ ਉੱਤਰਦਾ ਹੈ: ਕੋਠੀ ਉਦਾਲ਼ੇ ਉਸਾਰਿਆ, ਛੇ ਫੁੱਟ ਉੱਚੀਆਂ ਕੰਧਾਂ ਦਾ ਵਾਗਲ਼ਾ, ਤੇ ਨਾਲ਼ ਹੀ ਵਾਗਲ਼ੇ `ਚੋਂ ਅੰਦਰ ਵੱਲ ਨੂੰ ਖੁਲ੍ਹਦੇ ਲੋਹੇ ਦੇ ਭਾਰੇ ਦਰਵਾਜ਼ਿਆਂ ਉੱਤੇ ਮਲਿ਼ਆ ਹੋਇਆ ਗੂੜ੍ਹਾ ਅਸਮਾਨ!

ਉਹ ਸੋਚਦੈ ਹੱਡ-ਭੰਨਣੀ ਜੇ ਰਤਾ ਕੁ ਮੱਠੀ ਪੈ ਜਾਵੇ ਤਾਂ ਉਹ ਕੋਠੀ ਗੇੜਾ ਮਾਰ ਹੀ ਆਵੇ!

ਹੁਣ ਉਸਦੀ ਸੁਰਤੀ `ਚ ਕੋਠੀ ਦੇ ਸਿਰ `ਤੇ ਖਲੋਤਾ ਚੁਬਾਰਾ ਉੱਠਣ ਲਗਦਾ ਹੈ ਤੇ ਚੁਬਾਰੇ ਦੇ ਸਿਰ `ਤੇ ਪਹਿਰਾ ਦੇਂਦੀ, ਫੁੱਟਬਾਲ ਦੇ ਨਮੂਨੇ `ਤੇ ਉਸਾਰੀ, ਗੋਲਾਈਦਾਰ ਟੈਂਕੀ ਵੀ! ਨਰੈਣੇ ਦੀਆਂ ਮਾਸੋਂ-ਸੱਖਣੀਆਂ ਗੱਲ੍ਹਾਂ `ਚ ਹਲਕੀ ਜਿਹੀ ਹਰਕਤ ਜਾਗਦੀ ਹੈ, ਤੇ ਚਿਹਰੇ ਨੂੰ ਖੱਬੇ-ਸੱਜੇ ਗੇੜਦਿਆਂ ਉਹ ਬੁੜਬੁੜਾਉਂਦਾ ਹੈ: ਵਾਹ ਓਏ ਕਨੇਡਾ ਆਲ਼ੇ ਮੁੰਡਿਓ! ਨਾਂ ਰੋਸ਼ਨ ਕਰਤਾ ਕਵੀਸ਼ਰ ਚਾਚੇ ਦਾ! ਭੋਰਾ ਸਰਫਾ ਨੀ ਕੀਤਾ! ਕਿਧਰੇ ‘ਸੰਗ-ਮਲਮਲ’... ਕਿਧਰੇ ਚਿਪਸਾਂ... ਕਿਧਰੇ ਗਰਮ ਪਾਣੀ ਦੀਆਂ ਟੂਟੀਆਂ... ਕਿਧਰੇ ਮੇਚ-ਕੁਰਸੀਆਂ-ਸੋਫੇ!

ਉਸਦੀ ਟਿਕਟਿਕੀ ਮੰਜੀ ਦੀ ਦੌਣ ਵੱਲ ਖਿਸਕਦੀ ਹੈ, ਤੇ ਹੁਣ ਉਹ ਕਵੀਸ਼ਰਾਂ ਦੀ ਕੋਠੀ `ਚ, ਸੋਫਿ਼ਆਂ ਵਾਲ਼ੇ ਕਮਰੇ `ਚ ਪਹੁੰਚ ਗਿਆ ਹੈਫ਼ੋਟੋਆਂ ਵਾਲ਼ੀ ਟਾਂਡ ਦੇ ਐਨ ਸਾਹਮਣੇ!

-ਸਾਲ਼ੇ ਜੱਟ ਤਾਂ ਕਦੋਂ ਦੇ ਮਾਰੀ ਬੈਠੇ ਐ, ਨਰੈਣ ਸਿਅ੍ਹਾਂ, ਤੈਨੂੰ, ਆਪਣੀ ਪਿੱਠ ਨੂੰ ਮੰਜੀ ਦੇ ਸਿਰਹਾਣੇ ਵੱਲ ਨੂੰ ਘੜੀਸਦਾ ਹੋਇਆ, ਉਹ ਬੁੜਬੁੜਾਉਂਦਾ ਹੈ। ਉਏ ਬੂਝੜ ਜੱਟੋ! ਥੋਨੂੰ ਅੰਧਰਾਤੇ ਦੇ ਮਾਰਿਆਂ ਨੂੰ ਤਾਂ ਕੱਚੀ ਕੋਠੜੀ `ਚ ਰਹਿੰਦਾ ਨਰੈਣਾ ਈ ਦਿਸਦੈ; ਕੱਛਾਂ `ਚ ਫੌੜ੍ਹੀਆਂ ਫਸਾਅ ਕੇ ਗਲ਼ੀਆਂ `ਚ ਚਿੱਕੜ ਮਿਧਦਾ ਨਰੈਣਾ!

ਨਰੈਣੇ ਦੇ ਉੱਪਰਲੇ ਬੁੱਟ ਹੇਠਲਿਆਂ `ਤੇ ਘਿਸਰਨ ਲੱਗ ਜਾਂਦੇ ਹਨ। ਉਏ ਦੇਖੋ ਜਾ ਕੇ ਕਵੀਸ਼ਰਾਂ ਦੀ ਟਾਂਡ `ਤੇ ਜਿਊਂਦਾ-ਜਾਗਦਾ ਨਰੈਣਾ!
ਫਿਰ ਉਹ ਗੁਰਦਵਾਰੇ ਲਾਗਲੀ ਸੱਥ `ਚ ਖੁੰਢਾਂ ਦਾ ਜੀਅ ਪਰਚਾਉਣਿਆਂ ਨੂੰ ਯਾਦ ਕਰ ਕੇ ਆਪਣੇ ਮੱਥੇ ਨੂੰ ਕੱਸਣ ਲਗਦਾ ਹੈ! ਓਏ ਪਾਈਆ-ਪਾਈਆ ਜਰਦਾ ਖਾਣਿਓਂ, ਥੋਡੇ ਪਿਓਆਂ ਨੇ ਤਾਂ ਨਰੈਣੇ ਨੂੰ ਵੀਹ ਸਾਲ ਪਹਿਲਾਂ ਈ ਮਾਰ ਲਿਆ ਸੀ! ਅਖੇ ਅਸੀਂ ਤਾਂ ਐਕਣ ਸੋਚਦੇ ਸੀ ਵਈ ਸਾਲ ਤੋਂ ਉੱਤੇ ਹੋ ਗਿਐ ‘ਗੈਬ’ ਹੋਏ ਨੂੰ; ਮਰ-ਮੁੱਕ ਗਿਆ ਹੋਣੈ! ਉਏ ਮਲੰਗੋ, ਮੈਂ ਕੋਈ ਮਿਸਤਰੀਆਂ ਦੀ ਭਗਵਾਨ ਕੁਰ ਦਾ ਕੋਕਾ ਸੀ ਵਈ ਕੁੱਪ `ਚ ਤੂੜੀ ਲਤੜਦੀ ਦੇ ਨੱਕ `ਚੋਂ ਨਿੱਕਲ਼ ਗਿਆ? ਹੂੰਅ! ਅਖੇ ਸਾਨੂੰ ਤਾਂ ਐਕਣ ਵੀ ਲਗਦਾ ਸੀ ਵਈ ਜੇ ਜਿਊਂਦਾ ਹੁੰਦਾ ਹੁਣ ਨੂੰ ਕੋਈ ਚਿੱਠੀ-ਚੀਰਾ ਜਰੂਰ ਪੌਂਦਾ! ਉਏ ਐਥੇ ਕੀ ਮੈਨੂੰ ਸੱਗੀ-ਫੁੱਲਾਂ ਆਲ਼ੀ ‘ਅੜੀਕਦੀ’ ਸੀ ਕੰਧੋਲ਼ੀ ਓਹਲੇ ਬੈਠੀ?
ਨਰੈਣੇ ਦੀ ਛਾਤੀ `ਚੋਂ ਉੱਛਲਿ਼ਆ ਡਕਾਰ ਪਲ ਕੁ ਲਈ ਉਸ ਦੇ ਗਲ਼ੇ `ਚ ਖਲੋਂਦਾ ਹੈ, ਤੇ ਫੇਰ ਐਸਪ੍ਰੀਨ ਦੀ ਕੁੜੱਤਣ ਨੂੰ ਉਸ ਦੀ ਜੀਭ ਦੇ ਸਿਰੇ ਵੱਲ ਨੂੰ ਰੋੜ੍ਹ ਕੇ, ਗਲ਼ੇ `ਚ ਗਵਾਚ ਜਾਂਦਾ ਹੈ। ਨਰੈਣੇ ਨੂੰ ਜਾਪਣ ਲਗਦਾ ਹੈ ਕਿ ਚਾਹ ਦੇ ਗਲਾਸ ਉਦਾਲ਼ੇ ਲਿਪਟੀਆਂ ਉਸਦੀਆਂ ਉਂਗਲਾਂ `ਚੋਂ ਅਕੜੇਵਾਂ ਪਿਘਲ ਰਿਹਾ ਹੈ। ਉਹ ਆਪਣੀ ਬਾਂਹ ਨੂੰ ਮੰਜੇ ਦੀ ਬਾਹੀ ਹੇਠ ਲਿਟੀਆਂ ਫੌੜ੍ਹੀਆਂ ਵੱਲੀਂ ਵਧਾਉਣ ਲਈ ਤਿਆਰ ਹੋਣ ਲਗਦਾ ਹੈ, ਪਰ ਉਸਦੀ ਨਿਗ੍ਹਾ, ਉਸ ਦੀਆਂ ਉਂਗਲ਼ਾਂ ਤੋਂ ਲੈ ਕੇ ਪੂਰੀ ਬਾਂਹ ਉਦਾਲ਼ੇ ਲਿਪਟੇ, ਸੰਘਣੇ ਹਨੇਰੇ `ਚ ਖੁੱਭਣ ਲਗਦੀ ਹੈ: ਉਹਦਾ ਜੀਅ ਕਰਨ ਲਗਦੈ ਪਈ ਉਹ ਕੂਹਣੀ ਤੋਂ ਕਲਾਈ ਤੀਕਰ ਉਸ ਦੀ ਕਾਲ਼ੀ-ਕਲੋਟ ਜਿਲਦ `ਚ ਉੱਗੇ ਧੌਲਿ਼ਆਂ ਨੂੰ ਪੱਟ ਕੇ ਚਾਹ ਵਾਲ਼ੇ ਗਲਾਸ `ਚ ਸੁੱਟ ਦੇਵੇ। ਉਹ ਬੁੜਬੁੜਾਉਣ ਲਗਦਾ ਹੈ: ਸਾਲ਼ੀ ਜਟਵਾਦ੍ਹ ਆਹ ਕਾਲ਼ਾ ਚੰਮ ਦੇਖ ਕੇ ਈ ਮੈਨੂੰ ਹਾਲੇ ਵੀ ਕੰਮੀ-ਕਮੀਣ ਈ ਸਮਝੀ ਜਾਂਦੀ ਐ! ਸਾਲਿ਼ਓ, ਮੈਂ ਵੀਹ ਸਾਲ ਕਲਕੱਤੇ ਦੀ ਗਲ਼ੀ-ਗਲ਼ੀ ਗਾਹ ਕੇ ਆਇਆਂ, ਤੇ ਤੁਸੀਂ ਹਾਅ ਮੋਗੇ ਦੀ ਦਾਣਾ ਮੰਡੀ ਤੋਂ `ਗਾਹਾਂ ਨੀ ਟੱਪੇ ਸਾਰੀ ਜਿੰਦਗੀ! ਤੁਸੀਂ ਤਾਂ, ਭੈਣ ਦੇਣਿਓਂ, ਪੈਲ਼ੀਆਂ `ਚ ਮਿਧਦੇ ਫਿਰਦੇ ਸੀ ਲੋਕਾਂ ਦਾ ਹੱਗਣ-ਮੂਤਣ, ਤੇ ਆੜ੍ਹਤੀਏ ਦੇ ਕਢਦੇ ਫਿਰਦੇ ਸੀ ‘ਤਲ਼ਲੇ’ ਵਈ ਦੋ ਰੁਪਈਏ ਸੈਂਕੜੇ `ਤੇ ਦੇ ਦੇਵੇ ਚਾਰ ਛਿੱਲੜ ਚਾਹ-ਗੁੜ ਖਰੀਦਣ ਨੂੰ; ਥੋਨੂੰ ਕੀ ਪਤੈ ਨਰੈਣਾ ਕਿੱਥੇ ਸੀ ਓਦੋਂ? ਉਏ ਜੇ ਪਿੰਡੋਂ ‘ਗੈਬ’ ਨਾ ਹੁੰਦਾ, ਭੁੱਖਾ ਮਰਦਾ ਅੱਜ ਭੁੱਖਾ! ਲੈ ਹੋਰ ਸੁਣ ਲੋ: ਅਖੇ ਬਿਆਜੂ ਪੈਸਾ ਚਲੌਂਦੈ ਨਰੈਣਾ! ਉਏ ਜਦੋਂ ਜੌਹਰੀ ਮੱਲ ਆੜ੍ਹਤੀਆ ਦੋ ਰੁਪਈਏ ਸੈਂਕੜੇ `ਤੇ ਗੂਠਾ ਲੁਆ ਕੇ ਸਾਲ ਦਾ ਬਿਆਜ ਪਹਿਲਾਂ ਈ ਕੋਲ਼ੇ ਰੱਖ ਲੈਂਦੈ, ਓਦੋਂ ਨੀ ਮਿਰਚਾਂ ਲਗਦੀਆਂ ਥੋਡੇ? ਉਏ ਮੈਂ ਕੋਈ ਡਾਕਾ ਮਾਰ ਕੇ ਕਮਾਏ ਐ? ਐਹਨਾਂ ਦਸਾਂ ਉਂਗਲ਼ਾਂ `ਚੋਂ ਕੱਢੇ ਐ, ਦਿਹਾੜੀਆਂ ਲਾ ਲਾ ਕੇ! ਸਾਲ਼ੇ ਮਸ਼ਕਰੀਆਂ ਕਰਦੇ ਐ ਅਖੇ ਏਹ ਤਾਂ ਨਮੂਨੀਏਂ ਨਾਲ਼ ਵ’ਨੀ ਮਰਿਆ ਪਿਛਲੇ ਵਰ੍ਹੇ! ਓਏ ਜਿੱਦੇਂ ਤੁਸੀਂ ਸਿਵਿਆਂ `ਚੋਂ ਨਰੈਣੇ ਦੀ ਸੁਆਹ `ਕੱਠੀ ਕਰ ਕੇ ਤਾਰ`ਤੀ ਸਕੂਲ ਲਾਗਲੇ ਛੱਪੜ `ਚ, ਏਹਨੇ ਤਾਂ ਓਦੇਂ ਵ’ਨੀ ਮਰਨਾ! ਨਰੈਣਾ ਤਾਂ ਮਰਿਆ ਹੋਇਆ ਵੀ ਟਾਂਡ `ਤੇ ਖੜੋਤਾ ਦਿਸੂ, ਟਾਂਡ `ਤੇ! ਕੋਠੀ ਢਾਹ ਦਿਓ ਕਵੀਸ਼ਰਾਂ ਦੀ ਜੇ ਮਾਰਨੈ ਨਰੈਣੇ ਨੂੰ!

ਹੁਣ ਦਰਵਾਜ਼ੇ `ਤੇ ‘ਸਰੰਗੀ-ਆਲ਼ਾ’ ਤਾਰਾ ਆ ਖਲੋਤਾ ਹੈ, ਨਿੰਮ ਦੀ ਦਾਤਣ ਨਾਲ਼ ਹੇਠਲੇ ਦੰਦਾਂ ਤੋਂ ਤਮਾਖੂ ਦੀਆਂ ਪੈੜਾਂ ਨੂੰ ਖੁਰਚਦਾ ਹੋਇਆ।
-ਜੁੱਤੀ ਨਾ ਅੰਦਰ ਲਿਆਈਂ, ਤਾਰਾ ਸਿਅ੍ਹਾਂ! ਨਰੈਣਾ ਆਪਣੀ ਨਿਗ੍ਹਾ ਨੂੰ ਗੋਲ਼ੀਆਂ ਵਾਲ਼ੀ ਸ਼ੀਸ਼ੀ ਤੋਂ ਪੱਟ ਕੇ ਚੌਂਕ ਉੱਠਦਾ ਹੈ। ਗਾਰਾ ਖਿਲਾਰ ਦੇਂ`ਗਾ ‘ਫਰਛ’ `ਤੇ! ਏਥੇ, ਕਾਕਾ, ਕਿਹੜਾ ਚੂੜੇ-ਆਲ਼ੀ ਬੈਠੀ ਐ ਬਹੁਕਰਾਂ ਫੇਰਨ ਨੂੰ!

ਹਾਅ ਕੀ ਬੁੜਬੁੜ ਕਰੀ ਜਾਨੈਂ, ਚਾਚਾ, ਸਵੇਰੇ-ਸਵੇਰੇ? ਕੋਠੜੀ ਦੀ ਸਰਦਲ਼ ਦੇ ਸਾਹਮਣੇ ‘ਪੁਲ਼ਕ’ ਕਰਦੀ ਕੁਰਲੀ ਸੁੱਟ ਕੇ, ਤਾਰਾ ਕੁੜਕਦਾ ਹੈ।

ਤਾਰੇ ਦਾ ਸਵਾਲ ਸੁਣਦਿਆਂ ਨਰੈਣੇ ਦੀਆਂ ਜਾਭਾਂ ਦੇ ਡੂੰਘ ਸੰਘਣੇ ਹੋ ਜਾਂਦੇ ਹਨ ਤੇ ਉਹਦੇ ਮੱਥੇ ਉੱਪਰਲੀਆਂ ਝੁਰੜੀਆਂ `ਚ ਮੁੰਜ ਦੀਆਂ ਰੱਸੀਆਂ ਉੱਭਰ ਆਉਂਦੀਆਂ ਹਨ।

-ਬੁੜਬੁੜ ਨੀ ਕਰਦਾ, ਤਾਰਾ ਸਿਅ੍ਹਾਂ; ਆਹ ਨੰਗ ਜੱਟਾਂ `ਤੇ ਤਾਅ ਆਈ ਜਾਂਦੈ!

ਤਾਰਾ ਚਿੱਥੀ ਹੋਈ ਦਾਤਣ ਨੂੰ ਨੱਕ ਦੇ ਸਾਹਮਣੇ ਲਿਆ ਕੇ ਉਹਦੀ ਡੰਡੀ `ਤੇ ਠੋਲਾ ਮਾਰਦਾ ਹੈ।

ਨਰੈਣਾ ਆਪਣੀਆਂ ਤਿਊੜੀਆਂ `ਤੇ ਪੰਜਾ ਘਸਾਉਂਦਾ ਹੈਜਿਵੇਂ ਇੰਝ ਕਰਨ ਨਾਲ਼ ਉਨ੍ਹਾਂ `ਚ ਇਕੱਠੀ ਹੋਈ ਮੁੰਜ ਝੜਨ ਲੱਗ ਜਾਵੇਗੀ।

-ਸਾਲ਼ੇ ਨੰਗ ਮੈਨੂੰ ਹਾਲੇ ਵੀ ਕੰਮੀ-ਕਮੀਣ ਈ ਸਮਝਦੇ ਐ, ਨਰੈਣੇ ਦੇ ਡੇਲੇ ਤਾਰੇ ਦੇ ਮੱਥੇ ਵੱਲ ਸੇਧਤ ਹੋ ਕੇ ਕੰਬਣ ਲੱਗ ਜਾਂਦੇ ਹਨ। ਟਰੱਕ ਧੋਤੇ ਐ ਮੈਂ ਕਲਕੱਤੇ `ਚ ਪੂਰੇ ਵੀਹ ਸਾਲ, ਤਾਰਾ ਸਿਅ੍ਹਾਂ, ਐਹਨਾਂ ਦਸ ਉਂਗਲ਼ਾਂ ਨਾਲ਼; ਇਨ੍ਹਾਂ ਅਣਪੜ੍ਹਾਂ ਆਂਙੂੰ ਕਹੀਆਂ ਨਾਲ਼ ਰੂੜੀਆਂ ਦਾ ਗੰਦ ਨੀ ਖਿਲਾਰਿਆ ਪੈਲ਼ੀਆਂ `ਚ! ਅਗਲੇ ਲੱਖਾਂ ਰੁਪਈਆਂ ਦੇ ਟਰੱਕਾਂ ਦੀਆਂ ਕੁੰਜੀਆਂ ਫੜਾ ਦਿੰਦੇ ਸੀ ਜੁਆਕ ਨੂੰ ਛਣਕਣਾ ਫੜਾਉਣ ਆਂਙੂੰ... ਤੇ ਏਹਨਾਂ ਜੱਟਾਂ ਨੂੰ ਕੋਈ ਰੰਬੀ ਨੀ ਦਿੰਦਾ ਘਾਹ ਖੋਤਣ ਨੂੰ... ਫੇਰ ਕੰਮੀਂ-ਕਮੀਣ, ਤੂੰ ਈ ਦੱਸ ਤਾਰਾ ਸਿਅ੍ਹਾਂ, ਇਹ ਹੋਏ ਕਿ ਮੈਂ?
-‘ਅਤਵਾਰ’ ਸੀ ਅਗਲਿਆਂ ਨੂੰ, ਚਾਚਾ, ਤੇਰੀ ‘ਅਮਾਨਦਾਰੀ’ `ਤੇ, ਤਾਰਾ ਆਪਣੀਆਂ ਮੁੱਛਾਂ ਦੇ ਸਿਰਿਆਂ ਨੂੰ ਉੱਪਰ ਵੱਲ ਨੂੰ ਖਿੱਚ ਕੇ ਉਨ੍ਹਾਂ ਨੂੰ ਵਟਾ ਦੇਣ ਲਗਦਾ ਹੈ। ਉਮਰ ਨੰਘ ਜਾਂਦੀ ਐ ‘ਅਤਵਾਰ’ ਬਣਾਉਣ ਨੂੰ, ਉਮਰ!
-ਹਾਂਅਅ!

‘ਹਾਂ’ ਲਫ਼ਜ਼ ਨੂੰ ਲਮਕਵੇਂ ਅੰਦਾਜ਼ `ਚ ਉਚਾਰਦਿਆਂ, ਨਰੈਣਾ ਆਪਣੀ ਧੌਣ ਨੂੰ ਆਪਣੇ ਮੋਢਿਆਂ `ਚੋਂ ਉੱਪਰ ਵੱਲ ਨੂੰ ਖਿਚਦਾ ਹੈ। ਆਹ ਕੋਠੀ ਐ ਨਾ ਚਾਚੇ ਕਵੀਸ਼ਰ ਦੇ ਮੁੰਡਿਆਂ ਦੀ?

-ਆਹੋ! ਤਾਰਾ ਨਰੈਣੇ ਦੇ ਵਾਕ ਨੂੰ ਬੋਚ ਲੈਂਦਾ ਹੈ। ਪਰ ਜਿੰਦਰਾ ਲੱਗਿਆ ਵਾ ਬਾਹਰਲੇ ਗੇਟ ਨੂੰ ਹੁਣ ਤਾਂ ਖਾਸੇ ਚਿਰ ਦਾ...
-ਓਹ ਤਾਂ, ਤਾਰਾ ਸਿਅ੍ਹਾਂ, ਲੱਗਣਾ ਈ ਸੀ, ਸੱਜੇ ਗਿੱਟੇ ਨੂੰ ਹੱਥ ਨਾਲ਼ ਆਪਣੇ ਪੱਟਾਂ ਵੱਲ ਨੂੰ ਖਿਚਦਿਆਂ ਨਰੈਣਾ ਬੋਲਦਾ ਹੈ। ਤਿੰਨ ਮੁੰਡੇ ਤਾਂ ਕਨੇਡਾ `ਚ ਵਸੇ ਹੋਏ ਐ ਤੀਹਾਂ-ਪੈਂਤੀਆਂ ਸਾਲਾਂ ਦੇ, ਤੇ ਚੌਥਾ ਹੈਧਰ ਦਿੱਲੀ ਅੱਲੀਂ ‘ਮਲਿਸ਼ਟਰ’ ਬਣਿਆਂ ਫਿਰਦੈ... ਓਹ ਵੀ ਬੱਸ ਕਿਤੇ ਮੀ੍ਹਨੇ-ਵੀਹੀਂ ਦਿਨੀਂ ਈ ਪਿੰਡ ਗੇੜਾ ਮਾਰਦੈ!

ਤਾਰੇ ਦਾ ਸਿਰ ਉੱਪਰੋਂ-ਹੇਠਾਂ ਨੂੰ ਗਿੜਦਾ ਹੈ।
-ਦੇਖ ਲਾ, ਤਾਰਾ ਸਿਅ੍ਹਾਂ; ਨਾਲ਼ੇ ਮੈਨੂੰ ਪਤਾ ਹੁੰਦੈ, ਵਈ `ਗਾਹਾਂ ਕੱਛੂ-ਕੁੰਮੇ ਜਿੱਡਾ ਜਿੰਦਾ ਲੱਗਿਆ ਹੋਣੈ ਬਾਹਰਲੇ ਗੇਟ `ਤੇ... ਪਰ ਮੈਥੋਂ ਨੀ ਰਹਿ ਹੁੰਦਾ! ਰੋਜ ਈ, ਗੁਬਾਰ ਜਿਅ੍ਹਾ ਉਠਦੈ, ਤੇ ਆਹ ਫੌੜ੍ਹੀਆਂ ਕਹਿਣ ਲੱਗ ਪੈਂਦੀਐਂ ‘ਚੱਲ ਕੋਠੀ ਅੱਲ ਨੂੰ, ਨਰੈਣ ਸਿਅ੍ਹਾਂ’!

-ਹੱਛਾਅ, ਚਾਚਾ? ਤਾਰੇ ਦੀਆਂ ਅੱਖਾਂ ਫੈਲਦੀਆਂ ਹਨ। ਪਰ ਕੋਠੀ ਦੀ ਨਿਗਰਾਨੀ ਲਈ ਤਾਂ ਉਨ੍ਹਾਂ ਨੇ... ਭੱਈਆ ਰੱਖਿਆ ਵਿਆ ਸੀ; ਉਹ ਕਿੱਧਰ ਨਿੱਕਲ਼ ਗਿਆ?।

ਨਰੈਣੇ ਦੀਆਂ ਅੱਖਾਂ ਇੱਕ ਦਮ ਤਾਰੇ ਦੇ ਚਿਹਰੇ ਵੱਲੀਂ ਗਿੜਦੀਆਂ ਹਨ, ਤੇ ਉਹਦੇ ਭਰਵੱਟਿਆਂ ਵਿਚਕਾਰਲੀ ਵਿੱਥ ਉੱਤੇ ਗੁੱਲੀ ਉੱਭਰ ਆਉਂਦੀ ਹੈ।

-ਨਾ, ਨਾ, ਨਾ, ਤਾਰਾ ਸਿਅ੍ਹਾਂ! ਨਰੈਣੇ ਦਾ ਸਿਰ ਸੱਜੇ-ਖੱਬੇ ਗਿੜਦਾ ਹੈ। ‘ਭੱਈਏ’ ਨੀ ਕਹੀਦਾ ਏਹਨਾਂ ‘ਦਰਵੇਛਾਂ’ ਨੂੰ! ਮਿਹਨਤ ਦੀ ਰੋਟੀ ਖਾਂਦੇ ਐ ਵਿਚਾਰੇ ਘਰੋਂ ਬਿਘਰ ਹੋ ਕੇ... ਟੱਬਰ-ਟੀਰ੍ਹ ਛੱਡ ਕੇ ਔਂਦੇ ਆ ਪਰਦੇਸਾਂ `ਚ... ਸੇਵਾਦਾਰ ਕਹੀਦੈ ਏਹਨਾਂ ਨੂੰ, ਸੇਵਾਦਾਰ!
ਤਾਰਾ ਕੱਚੇ ਫਰਸ਼ `ਤੇ ਪਰਨਾ ਫੇਰ ਕੇ ਪਿੱਠ ਦੇ ਭਾਰ ਬੈਠ ਜਾਂਦਾ ਹੈ।

ਨਰੈਣਾ ਆਪਣੇ ਵਾਲ਼ਾਂ ਦੀ ਵਿਰਲਤਾ `ਚ ਉਂਗਲ਼ਾਂ ਫੇਰਨ ਲਗਦਾ ਹੈ। ਕਵੀਸ਼ਰ ਚਾਚੇ ਤੋਂ ਸਿੱਖੀਆਂ ਸੀ ਏਹ ਡੂੰਘੀਆਂ ਗੱਲਾਂ, ਤਾਰਾ ਸਿਅ੍ਹਾਂ!
-ਕਵੀਸ਼ਰ ਸਾਅ੍ਹਬ ਦੀਆਂ ਕੀ ਰੀਸਾਂ, ਚਾਚਾ, ਤਾਰੇ ਦੀਆਂ ਅੱਖਾਂ ਚਿਣਗਦੀਆਂ ਹਨ। ਉਹ ਤਾਂ ਆਪਣੇ ‘ਮਜਵੀਆਂ’ ਦੇ ਘਰੀਂ ਵੀ ਰੋਟੀ ਖਾ ਜਾਂਦਾ ਸੀ...

-ਮੈਨੂੰ ਕੀ ਦਸਦੈਂ, ਤਾਰਾ ਸਿਅ੍ਹਾਂ, ਨਰੈਣਾ ਆਪਣੀਆਂ ਗੱਲ੍ਹਾਂ ਦੀ ਪਿਚਕ ਨੂੰ ਖੁਰਕਦਾ ਹੈ। ਮੈਂ ਤਾਂ ਪੰਜ ਸਾਲ ਰਿਹਾਂ ਕਵੀਸ਼ਰ ਚਾਚੇ ਦੇ ਘਰ; ਓਦੋਂ ਪਿੰਡ ਆਲ਼ੇ ਘਰ `ਚ ਈ ਸੀ ਵਸੇਬਾ ਸਾਰੇ ਟੱਬਰ ਦਾ; ਹਾਅ ਖੇਤ ਆਲ਼ੀ ਕੋਠੀ ਤਾਂ ਦਸ ਕੁ ਸਾਲ ਪਹਿਲਾਂ ਈ ਪਾਈ ਐ!

ਪਿੰਡ ਵਾਲ਼ੇ ਘਰ ਦਾ ਚੇਤਾ ਆਉਂਦਿਆਂ ਪੰਜਾਹ ਸਾਲ ਪੁਰਾਣੀਆਂ ਆਥਣਾਂ ਨਰੈਣੇ ਨੂੰ ਅਵਾਜ਼ਾਂ ਮਾਰਨ ਲਗਦੀਆਂ ਹਨ: ਕੱਚੀ ਇੱਟ ਦੀਆਂ ਕੰਧਾਂ ਵਾਲ਼ਾ ਦਲਾਨ ਬਾਹਾਂ ਖੋਲ੍ਹਦਾ ਹੈ! ਕੁਰਸੀ `ਤੇ ਬੈਠਾ ਕਵੀਸ਼ਰ ਸਾਅ੍ਹਬ ਗਲਾਸ `ਚੋਂ ਭਰਵੀਂ ਘੁੱਟ ਭਰਦਾ ਹੈ ਤੇ ਆਪਣਾ ਟੀਰ ਨਰੈਣੇ ਵੱਲੀਂ ਘੁੰਮਾਉਂਦਾ ਹੈ: ਲੈ ਬਈ, ਨਰੈਣਿਆਂ, ਛਿੱਲ ਆਂਡੇ, ਤੇ ਕਰਦ ਨਾਲ਼ ਫਾੜੀਆਂ ਕਰ ਕੇ ਚਿਣਦੇ ਪਲੇਟ `ਚ!

ਨਰੈਣਾ ਗੰਢਿਆਂ ਦੀ ਟੋਕਰੀ `ਚ ਹੱਥ ਮਾਰਦਾ ਹੈ ਤੇ ਉਹਨਾਂ ਨੂੰ ਨਿੱਕੇ-ਨਿੱਕੇ ਚੱਕਿਆਂ `ਚ ਬਦਲ ਕੇ, ਉਨ੍ਹਾਂ ਉੱਤੇ ਨੇਂਬੂ ਨਿਚੋੜਨ ਲਗਦਾ ਹੈ। ਅਗਲੇ ਪਲੀਂ ਕਵੀਸ਼ਰ ਸਾਅ੍ਹਬ ਦੇ ਸਾਹਮਣੇ ਖਲੋਤੇ ਸਟੂਲ ਉੱਪਰੋਂ ਸਿਰਕੇ ਦੀ ਤੇ ਕਾਲ਼ੀਆਂ ਮਿਰਚਾਂ ਦੇ ਚੂਰੇ ਦੀ ਗੰਧ ਉੱਠਣ ਲਗਦੀ ਹੈ।

-ਤੇ ਚਾਚੀ ਦਲਜੀਤ ਕੁਰ ਓਦੂੰ ਵੀ ਗਾਹਾਂ ਸੀ, ਤਾਰਾ ਸਿਅ੍ਹਾਂ, ਨਰੈਣੇ ਦਾ ਹਾਉਕਾ ਉਸ ਦੀ ਦਾੜ੍ਹੀ ਨੂੰ ਹਿਲਾਉਂਦਾ ਹੈ। ਉਹਨੇ ਕਹਿਣਾ, ਜੇਹੜਾ ਬੰਦਾ ਸਫ਼ਾਈ ਰਖਦੈ ਤੇ ਦਸਾਂ ਨਹੁੰਆਂ ਦੀ ਕਿਰਤ ਕਰਦੈ, ਉਹਦੀ, ਕਾਕਾ, ਜਾਤ-ਕੁਜਾਤ ਨੀ ਪਰਖੀ ਦੀ!
-ਕਿੱਡਾ ਕੁ ਸੀ ਭਲਾ ਤੂੰ, ਚਾਚਾ, ਜਦੋਂ ਕਵੀਸ਼ਰਾਂ ਨਾਲ਼ ਰਲਿ਼ਆ?

-ਕਿੱਡਾ ਕੁ? ਨਰੈਣਾ ਕੋਠੜੀ ਦੇ ਤਖ਼ਤਿਆਂ ਨੂੰ ਪੈਰਾਂ ਤੋਂ ਉੱਪਰ ਤੀਕ ਨਿਹਾਰਦਾ ਹੈ। ਬੱਸ ਆਹ ਤਖ਼ਤੇ ਦੇ ਅੱਧ `ਚ... ਤੇ ਜਾਂ ਫਿ਼ਰ ਅੱਧੋਂ ਥੋੜ੍ਹਾ ਜਿਅ੍ਹਾ `ਤਾਹਾਂ ਚੱਕ ਲਾ!

-ਹੂੰਅ! ਤਾਰਾ ਆਪਣੇ ਭਰਵੱਟਿਆਂ ਨੂੰ ਤੁਣਕਦਾ ਹੈ।

-‘ਅਕਵਾਲ’ ਐ ਨਾ ਚਾਚੇ ਕਵੀਸ਼ਰ ਦਾ ਤੀਜੇ ਨੰਬਰ ਆਲ਼ਾ? ਨਰੈਣਾ ਛਾਤੀ ਵੱਲ ਨੂੰ ਇਕੱਠੇ ਕੀਤੇ ਆਪਣੇ ਗੋਡਿਆਂ ਨੂੰ ਹਿਲਾਉਂਦਾ ਹੈ। ਉਹ ਮੇਰਾ ਹਾਣੀ ਐਂ... ਤੂੰ ਲਾ ਲਾ `ਸ੍ਹਾਬ ਵਈ ਆਵਦਾ ਕੌਲਾ ਜਦੋਂ ਮੈਂ ਕਵੀਸ਼ਰਾਂ ਦੀ ਕੰਧੋਲ਼ੀ `ਤੇ ਰੱਖਿਆ ਸੀ, ‘ਅਕਵਾਲ’ ਓਦੋਂ ਅੱਠਵੀਂ `ਚ ਸੀ!
-ਅੱਠਵੀਂ `ਚ? ਤਾਰਾ ਆਪਣੀਆਂ ਅੱਖਾਂ ਨੂੰ ਸੁੰਗੇੜ ਕੇ ਆਪਣੇ ਦਿਮਾਗ਼ `ਚ ਤਿੰਨ-ਦੂਣੀ-ਛੇ ਕਰਨ ਲੱਗ ਜਾਂਦਾ ਹੈ। ਪਹਿਲੀ `ਚ ਬੈਠਦੇ ਐ ਛੇ ਸਾਲ ਦੇ ਨਿਆਣੇ! ਅੱਠਵੀਂ ਤਾਈਂ ਹੋਗੇ... ਅੱਠ ਤੇ ਛੇ ਚੌਦਾਂ... ਬੱਸ ਚੌਦਾਂ ਕੁ ਸਾਲਾਂ ਦਾ ਹੋਵੇਂਗਾ, ਚਾਚਾ?

ਇੱਕ ਚੀਜ ਦਖਾਵਾਂ ਤੈਨੂੰ, ਤਾਰਾ ਸਿਅ੍ਹਾਂ? ਨਰੈਣੇ ਦੀਆਂ ਅੱਖਾਂ `ਚ ਇੱਕ-ਦਮ ਬਲਬ ਜਾਗ ਪੈਂਦਾ ਹੈ। ਔਹ ਟਰੰਕੀ ਪਈ ਐ ਨਾ ਖੂੰਜੇ `ਚ?
ਟਰੰਕੀ ਦੇ ਕੁੰਡੇ `ਚ ਫਸਾਇਆ ਡੱਕਾ ਤਾਰੇ ਦੀਆਂ ਉਂਗਲ਼ਾਂ `ਚ ਖੱਬੇ-ਸੱਜੇ ਖਿਸਕਦਾ ਹੈ, ਤੇ ਅਗਲੇ ਹੀ ਪਲ ਟਰੰਕੀ ਦੇ ਢੱਕਣ ਉੱਪਰਲੇ ਚਿੱਬ, ਕੋਠੜੀ ਦੀ ਕੰਧ ਨਾਲ਼ ਮੱਥਾ ਜੋੜ ਕੇ, ਕੱਚੀ ਲਿਪਾਈ ਦੀ ਸਿੱਲ੍ਹ ਨੂੰ ਸੁੰਘਣ ਲਗਦੇ ਹਨ।
ਟਰੰਕੀ `ਚ ਪਏ ਇੱਕ ਵੱਡ-ਆਕਾਰੀ ਲਿਫ਼ਾਫ਼ੇ ਦੀਆਂ ਝੁਰੜੀਆਂ ਤਾਰੇ ਦੇ ਮੱਥੇ `ਚ ਵਜਦੀਆਂ ਨੇ।
-ਖੋਲ੍ਹ ਜਰਾ ਏਹਨੂੰ, ਤਾਰਾ ਸਿਅ੍ਹਾਂ!

ਤਾਰੇ ਦੀਆਂ ਉਂਗਲ਼ਾਂ ਲਿਫ਼ਾਫ਼ੇ `ਚੋਂ ਗਿੱਠ-ਕੁ-ਲੰਮੇ ਤੇ ਗਿੱਠ-ਕੁ-ਚੌੜੇ ਇੱਕ ਗੱਤੇ ਨੂੰ ਮਲਕੜੇ ਜੇਹੇ ਬਾਹਰ ਨੂੰ ਖਿੱਚ ਲੈਂਦੀਆਂ ਹਨ। ਤਾਰੇ ਦੇ ਹੱਥਾਂ ਵੱਲ ਟਿਕਟਿਕੀ ਲਗਾ ਕੇ ਦੇਖ ਰਹੇ ਨਰੈਣੇ ਦਾ ਇੱਕ ਲਮਕਵਾਂ ਸਾਹ ਉਸਦੇ ਫੇਫੜਿਆਂ `ਚ ਲਹਿੰਦਾ ਹੈਜਿਵੇਂ ਓਹਨੇ ਮੁੜਨਾ ਈ ਨਾ ਹੋਵੇ।
ਗੱਤੇ ਉੱਪਰ ਖੱਬਿਓਂ ਸੱਜੇ ਨੂੰ ਦੋ-ਤਿੰਨ ਵਾਰ ਨਜ਼ਰ ਮਾਰ ਕੇ ਤਾਰਾ ਆਪਣੇ ਚਿਹਰੇ ਨੂੰ ਨਰੈਣੇ ਵੱਲ ਘੁੰਮਾਉਂਦਾ ਹੈ। ਆਹ ਤਾਂ ਕਵੀਸ਼ਰ ਸਾਅ੍ਹਬ ਦਾ ਟੱਬਰ ਲਗਦੈ, ਚਾਚਾ!

ਨਰੈਣੇ ਦੇ ਬੁੱਲ੍ਹ ਉਸਦੀਆਂ ਜਾਭਾਂ ਦੇ ਚਿੱਬਾਂ ਵੱਲ ਨੂੰ ਫੈਲਦੇ ਹਨ ਤੇ ਉਹ ਆਪਣੇ ਹੱਥ ਨੂੰ ਆਪਣੇ ਚਿਹਰੇ ਅਗਾੜੀ ਲਿਆ ਕੇ ਆਪਣੀਆਂ ਉਂਗਲ਼ਾਂ ਨੂੰ ਅੰਦਰ ਵੱਲ ਨੂੰ ਤੁਣਕਦਾ ਹੈ: ਲਿਆ ਉਰੇ ਏਹਨੂੰ, ਤਾਰਾ ਸਿਅ੍ਹਾਂ!

ਗੱਤਾ ਮੰਜੀ ਦੀ ਦੌਣ `ਤੇ ਟਿਕਦਾ ਹੈ, ਤੇ ਨਰੈਣੇ ਦਾ ਧੜ ਗੱਤੇ ਉੱਪਰ ਝੁਕਣ ਲਗਦਾ ਹੈ।

ਆਹ ਦੇਖ, ਤਾਰਾ ਸਿਅ੍ਹਾਂ, ਨਰੈਣੇ ਦੀ ਉਂਗਲ਼ ਪਹਿਲੀ ਕਤਾਰ `ਚ ਕੁਰਸੀਆਂ `ਤੇ ਬੈਠਿਆਂ ਵੱਲ ਸੇਧੀ ਜਾਂਦੀ ਹੈ। ਆਹ ਖੱਬੇ ਪਾਸੇ ਬੈਠੈ ਚਾਚਾ ਕਵੀਸ਼ਰ ਸਾਅ੍ਹਬ, ਤੇ ਉਹਤੋਂ ਅਗਲਾ, ਅਣਦਾੜ੍ਹੀਆ ਮੁੰਡਾ ਐ ‘ਮਲਿਸ਼ਟਰ’ ਸਾਅ੍ਹਬ ‘ਬਲਬੰਤ’ ਸਿਓ੍ਹਂ।

-ਹੱਛਾਅ? ਤਾਰੇ ਦੀਆਂ ਉਂਗਲ਼ਾਂ ਉਸਦੀ ਪਿੱਠ `ਤੇ ਜਾ ਕੇ ਇੱਕ-ਦੂਜੀ `ਚ ਫਸਦੀਆਂ ਹਨ, ਤੇ ਉਹ ਆਪਣੇ ਚਿਹਰੇ ਨੂੰ ਫੋਟੋ ਉੱਪਰ ਡੋਲ੍ਹ ਕੇ ਆਪਣੀਆਂ ਅੱਖਾਂ ਨੂੰ ਸੁੰਗੇੜਦਾ ਹੈ। ਦੇਖ ਲਾ, ਚਾਚਾ, ਸੂਰਤਾਂ ਈ ਬਦਲ ਗੀਆਂ ਸਾਰਿਆਂ ਦੀਆਂ... ਜਮਾਂ ਈ ਨੀ ‘ਸਿਆਣ’ ਆਉਂਦੀ!
ਅਗਲੀਆਂ ਕੁਰਸੀਆਂ ਉੱਪਰ ਬੈਠੀਆਂ ‘ਕਰਮੋ’ ਤੇ ‘ਬੀਬੀ’ ਉੱਪਰੋਂ ਦੀ ਟੱਪ ਕੇ, ਨਰੈਣੀ ਦੀ ਉਂਗਲ਼ ਸੱਜੇ ਪਾਸੇ ਅਖ਼ੀਰਲੀ ਕੁਰਸੀ ਵੱਲੀਂ ਖਿਸਕਦੀ ਹੈ। ਆਹ ਐ ਚਾਚੀ ਦਲਜੀਤ ਕੁਰ...

ਨਰੈਣੇ ਦੇ ਬੁੱਲ੍ਹ ਕੰਬਣ ਲਗਦੇ ਹਨ। ਉਸ ਦੀਆਂ ਵਾਰ-ਵਾਰ ਝਮਕ ਰਹੀਆਂ ਅੱਖਾਂ `ਚ ਚਾਚੀ ਦਲਜੀਤ ਕੌਰ ਜਗਣ-ਬੁਝਣ ਲਗਦੀ ਹੈ।
ਮੇਰੇ `ਚ ਤੇ ‘ਅਕਵਾਲ’ ਹੋਣਾਂ `ਚ ਫਰਕ ਨੀ ਸੀ ਸਮਝਦੀ ਭੋਰਾ ਵੀ!

ਤੇ ਘੁੱਟੇ-ਗਏ-ਗਲ਼ੇ `ਚੋਂ ਰੀਂਗ-ਰੀਂਗ ਕੇ ਨਿੱਕਲ਼ ਰਹੇ ਲਫ਼ਜ਼ ਉਸ ਦੀ ਆਵਾਜ਼ ਵਿੱਚ ਮੋਰੀਆਂ ਕਰਨ ਲਗਦੇ ਹਨ।

ਰੋਟੀ ਨੀ ਸੀ ਖਾਣ ਦਿੰਦੀ, ਤਾਰਿਆ, ਮੈਨੂੰ ਕੰਧੋਲ਼ੀਓਂ ਬਾਹਰ ਬਹਿ ਕੇ... ਕਿਹਾ ਕਰੇ ਐਧਰ ਬੈਠ, ਨਰੈਣਿਆਂ, ‘ਅਕਵਾਲ’ ਹੋਣਾ ਦੇ ਨਾਲ਼ ਈ ਚੁੱਲ੍ਹੇ ਦੇ ਸਾਹਮਣੇ!

ਬੁੱਲ੍ਹਾਂ ਨੂੰ ਮੂੰਹ ਦੇ ਅੰਦਰ ਵੱਲ ਨੂੰ ਮਰੋੜਦਿਆਂ ਨਰੈਣਾ ਆਪਣੀ ਉਂਗਲ਼ ਨੂੰ ਹੁਣ ਕੁਰਸੀਆਂ ਦੇ ਪਿੱਛੇ ਖਲੋਤੇ ਤਿੰਨ ਮੁੰਡਿਆਂ ਵੱਲ ਨੂੰ ਵਧਾਉਂਦਾ ਹੈ।
-ਆਹ ਖੱਬੇ ਪਾਸੇ, ਲੰਮੀ ਜ੍ਹੀ ਧੌਣ ਆਲ਼ਾ ਮੁੰਡਾ ਪਤੈ ਕੌਣ ਐ?

‘ਲੰਮੀ ਜ੍ਹੀ ਧੌਣ ਵਾਲ਼ੇ’ ਉੱਪਰ ਨਿਗ੍ਹਾ ਜਮਾਉਂਦਿਆਂ, ਤਾਰੇ ਦਾ ਸਿਰ ਖੱਬੇ-ਸੱਜੇ ਗਿੜਦਾ ਹੈ। ਨਾ ਵਈ, ਚਾਚਾ! ਕੋਈ ਪਤਾ ਨੀ ਲਗਦਾ ਕਿਹੜੈ ਏਹ!

-ਕਨੇਡਾ ਆਲ਼ਾ ‘ਅਕਵਾਲ’ ਐ ਏਹ, ਤਾਰਿਆ... ਅੱਠਵੀਂ `ਚ ਪੜ੍ਹਦਾ ਸੀ ਏਹ ਜਦੋਂ ਆਹ ਫੋਟੂ ਲੁਹਾਈ ਸੀ... ਐਵੇਂ ਦੋ-ਤਿੰਨ ਮੀਨ੍ਹਿਆਂ ਦਾ ਫਰਕ ਹੋਣੈ ਸਾਡੇ ਦੋਹਾਂ ਦੇ ‘ਜਰਮ’ ਦਾ!

ਅਗਲੇ ਪਲੀਂ ਤਸਵੀਰ ਵਿੱਚ ਖਲੋਤਾ ‘ਅਕਵਾਲ’ ਕੁਰਸੀ ਦੇ ਪਿਛਾੜੀਓਂ ਖਿਸਕਦਾ ਹੈ ਤੇ ਆਪਣੀਆਂ ਨਿੱਕੀਆਂ-ਨਿੱਕੀਆਂ ਉਂਗਲ਼ਾਂ ਨੂੰ ਆਪਣੀ ਗਿੱਚੀ ਕੋਲ਼ ਲੈ ਜਾਂਦਾ ਹੈ। ਹੁਣ ਉਹ ਆਪਣੀ ਪੋਚਵੀਂ ਪੱਗ ਨੂੰ ਅਗਾਸਦਾ ਹੈ ਅਤੇ ਹੱਥ-ਨਾਲ਼-ਪੱਠੇ-ਕੁਤਰਨ-ਵਾਲ਼ੀ ਮਸ਼ੀਨ ਦੇ ਪਰਨਾਲ਼ੇ `ਚ ਧਰ ਦਿੰਦਾ ਹੈ।

ਚੱਕ, ਨਰੈਣ ਸਿਅ੍ਹਾਂ, ਰੱਸਾ ਤੇ ਦਾਤੀ, ਉਹ ਸਿਰ ਉਦਾਲ਼ੇ ਇੱਕ ਮੈਲ਼ੇ ਜਿਹੇ ਪਰਨੇ ਨੂੰ ਲਪੇਟਦਿਆਂ, ਨਰੈਣੇ ਨੂੰ ਸੰਬੋਧਿਤ ਹੁੰਦਾ ਹੈ। ਇੱਕ-ਇੱਕ ਭਰੀ ਵੱਢ ਲਿਆਈਏ ਚਰ੍ਹੀ ਦੀ, ਸਕੂਲ ਜਾਣ ਤੋਂ ਪਹਿਲਾਂ!

ਨਰੈਣੇ ਦੀ ਉਂਗਲ਼ ਹੁਣ ਵਿਚਕਾਰਲੇ ਮੁੰਡੇ ਨੂੰ ਟੱਪ ਕੇ, ਕਤਾਰ ਦੇ ਐਨ ਅਖ਼ੀਰ `ਤੇ ਖਲੋਤੇ ਬਾਰਾਂ ਕੁ ਸਾਲਾਂ ਦੇ ਮੁੰਡੇ ਦੀ ਛਾਤੀ `ਤੇ ਰੁਕਦੀ ਹੈ। ਕੁਰਸੀ ਦੇ ਪਿੱਛੇ ਖਲੋਤਾ, ਰਤਾ ਕੁ ਝੁਕਿਆ ਹੋਇਆ ਇਹ ਮੁੰਡਾ, ਹੁਣੇ ਹੀ ਆਪਣੀ ਢਿਲ਼ਕਵੀਂ ਜੲ੍ਹੀ ਪੱਗ ਦੇ ਲੜਾਂ ਨੂੰ ਸੰਵਾਰ ਕੇ ਹਟਿਆ ਹੈ।
-ਇਹ ਤਾਂ ਸਭ ਤੋਂ ਛੋਟਾ ਈ ਹੋਣੈ, ਤਾਰਾ ਸਿਰ ਨੂੰ ਘੁੰਮਾਉਂਦਾ ਹੈ। ਜੀਹਨੂੰ ‘ਅਮਲੀ’ ਕਹਿੰਦੇ ਹੁੰਦੇ ਸੀ!

‘ਅਮਲੀ’ ਆਪਣੇ ਸੱਜੇ ਹੱਥ ਨੂੰ ਆਪਣੇ ਕੋਟ ਦੀ ਜੇਬ `ਚ ਉਤਾਰਦਾ ਹੈ ਤੇ ਬਾਂਟਿਆਂ ਨਾਲ਼ ਭਰੀ ਮੁੱਠੀ ਨੂੰ ਨਰੈਣੇ ਵੱਲੀਂ ਵਧਾਅ ਦਿੰਦਾ ਹੈ। ਨਰੈਣਾ ਆਪਣੀ ਦਾਹੜੀ ਨੂੰ ਮੁੱਠੀ ਵਿੱਚ ਫੜਦਾ ਹੈ ਤੇ ਉਸ ਨੂੰ ਸਹਿਜੇ-ਸਹਿਜੇ ਧੁੰਨੀਂ ਵੱਲ ਨੂੰ ਖਿਚਦਾ ਹੈਜਿਵੇਂ ਉਹ ਉਸ ਵਿੱਚੋਂ ਸਫ਼ੈਦੀ ਨੂੰ ਨਿਚੋੜਨ ਦਾ ਯਤਨ ਕਰ ਰਿਹਾ ਹੋਵੇ।

ਹੁਣ ਉੁਹਦੀ ਉਂਗਲ਼ ‘ਅਕਵਾਲ’ ਤੇ ‘ਅਮਲੀ’ ਵਿਚਕਾਰ ਖਲੋਤੇ ਮੁੰਡੇ `ਤੇ ਸੇਧਤ ਹੋ ਕੇ ਥਿੜਕਣ ਲੱਗ ਜਾਂਦੀ ਹੈ।
-ਏਹ ਕੌਣ ਐ, ਚਾਚਾ?

ਨਰੈਣੇ ਦੇ ਬੁਲ੍ਹ ਰਤਾ ਕੁ ਖੁਲ੍ਹ ਕੇ ਫੇਰ ਜੁੜ ਜਾਂਦੇ ਹਨ।
ਤਾਰਾ, ਫ਼ੋਟੋ ਵਿਚਲੇ ਏਸ ਮੁੰਡੇ ਦੇ ਸੱਜੇ ਕੰਨ ਤੋਂ ਮੋਢੇ ਵੱਲ ਨੂੰ ਲਮਕਦੇ ਪਗੜੀ ਦੇ ਪੂੰਝੇ ਨੂੰ, ਆਪਣੀਆਂ ਸੰੁਗੇੜੀਆਂ ਹੋਈਆਂ ਅੱਖਾਂ ਨਾਲ਼ ਖੁਰਚਦਾ ਹੈ।

-ਦੇਖਲਾ ਤੂੰ ਈ, ਤਾਰਾ ਸਿਅ੍ਹਾਂ, ਢਿਲ਼ਕੀ ਜੲ੍ਹੀ ਪੱਗ ਆਲ਼ਾ ਏਹ ਗਰੀਬੜਾ ਜਿਅ੍ਹਾ ਮੁੰਡਾ ਕੌਣ ਹੋ ਸਕਦੈ!

ਤਾਰਾ ਆਪਣੀਆਂ ਨਜ਼ਰਾਂ ਨੂੰ ਨਰੈਣੇ ਦੀਆਂ ਅੱਖਾਂ ਵੱਲੀਂ ਗੇੜਦਾ ਹੈ, ਤੇ ਫਿਰ ਸਹਿਜੇ ਸਹਿਜੇ ਉਸ ਦੇ ਨੱਕ, ਬੁੱਲ੍ਹ, ਅਤੇ ਮੱਥੇ ਦੀਆਂ ਬਰੀਕੀਆਂ `ਚ ਲਹਿੰਦਾ ਹੈ। ਉਹ ਨਜ਼ਰਾਂ ਨੂੰ ਵਾਰੋ-ਵਾਰੀ ਕਦੇ ਤਸਵੀਰ ਵਿਚਲੇ ਮੁੰਡੇ ਵੱਲੀਂ ਤੇ ਕਦੇ ਨਰੈਣੇ ਦੇ ਚਿਹਰੇ ਵੱਲੀਂ ਘੁੰਮਾਉਂਦਾ ਹੈ। ਹੌਲ਼ੀ-ਹੌਲ਼ੀ ਤਾਰੇ ਦੇ ਬੁੱਲ੍ਹ ਕੰਨਾਂ ਵੱਲ ਨੂੰ ਫੈਲਣ ਲਗਦੇ ਹਨ, ਤੇ ਉਹ ਨਰੈਣੇ ਦੀਆਂ ਅੱਖਾਂ `ਚ ਉਮਡ ਆਈ ਤਰਲਤਾ ਵਿੱਚ ਗਵਾਚਣ ਲਗਦਾ ਹੈ।

-ਆਹੀ ਫੋਟੂ ਪਈ ਐ ਕਵੀਸ਼ਰਾਂ ਦੀ ਕੋਠੀ `ਚ, ਤਾਰਿਆ, ਨਰੈਣਾ ਆਪਣੇ ਪਿਚਕ-ਗਏ ਗਲ਼ੇ `ਚੋਂ ਬੋਲਦਾ ਹੈ। ਟਾਂਡ ਦੇ ਐਨ ਵਿਚਾਲ਼ੇ... ਹਰੇਕ ਆਇਆ-ਗਿਆ ਪੁੱਛਦੈ: ਆਹ ਮੁੰਡਾ ਕੌਣ ਐਂ ਜੀਹਨੂੰ ਤੁਸੀਂ ਫੋਟੂ `ਚ ‘ਅਕਵਾਲ’ ਤੇ ‘ਅਮਲੀ’ ਦੇ ਵਿਚਾਲ਼ੇ ਖਲ੍ਹਾਰਿਐ?
ਤਾਰੇ ਦਾ ਖ਼ਾਮੋਸ਼ ਚਿਹਰਾ ਉੱਪਰੋਂ ਥੱਲੇ ਵੱਲ ਨੂੰ ਹਿੱਲੀ ਜਾਂਦਾ ਹੈ।

-ਚਾਚਾ ਕਵੀਸ਼ਰ ਕਹਿ ਗਿਆ ਸੀ ਆਵਦੇ ਚੌਹਾਂ ਮੁੰਡਿਆਂ ਨੂੰ, ਨਰੈਣਾ ਆਪਣੇ ਬੁੱਲ੍ਹਾਂ ਵਾਂਗ ਕੰਬ ਰਹੀ ਆਪਣੀ ਅਵਾਜ਼ `ਚ ਬੋਲਦਾ ਹੈ। ਵਈ ਆਹ ਫੋਟੂ ਐਂ ਈ ਰੱਖਣੀ ਐਂ ਟਾਂਡ `ਤੇ ਮੇਰੇ ਮਰਨ ਤੋਂ ਮਗਰੋਂ ਵੀ! ਤਾਂ ਹੀ ਤਾਂ, ਤਾਰਾ ਸਿਅ੍ਹਾਂ, ਨਰੈਣਾ ਨੀ ਮਰਨਾ ਸਿਵਿਆਂ `ਚ ਸੁਆਹ ਹੋਣ ਤੋਂ ਮਗਰੋਂ ਵੀ... ਇਹ ਤਾਂ ਐਸੇ ਤਰ੍ਹਾਂ ਦਿਸੂ ਟਾਂਡ `ਤੇ, ‘ਅਕਵਾਲ’ ਤੇ ‘ਅਮਲੀ’ ਦੇ ਵਿਚਾਲ਼ੇ ਖਲੋਤਾ!

ਖਰੀ ਗੱਲ ਆ ਚਾਚਾ! ਤਾਰਾ ਆਪਣੀਆਂ ਭਵਾਂ ਨੂੰ ਉੱਪਰ ਵੱਲ ਨੂੰ ਖਿਚਦਾ ਹੈ। ਹੁਣ ਦੱਸ ਐਥੋਂ ਕੇਹੜਾ ਮਾਈ ਦਾ ਲਾਲ ਕੱਢ ਦੂ ਤੈਨੂੰ?
-ਉਏ ਤਾਂ ਹੀ ਤਾਂ ਉੱਠਣ ਸਾਰ ਲੱਤਾਂ ਘੜੀਸਦਾ ਜਾਨਾਂ ਕੋਠੀ ਅੱਲ ਨੂੰ...

-ਪਰ ਏਹਨੂੰ ਟਰੰਕੀ `ਚ ਕਿਉਂ ਤਾੜਿਐ, ਚਾਚਾ? ਤਾਰੇ ਦੇ ਮੱਥੇ ਉੱਪਰ ਸਵਾਲੀਆ ਨਿਸ਼ਾਨ ਉੱਭਰਦਾ ਹੈ। ਦੋ ਮੇਖਾਂ ਗੱਡ ਕੇ ਕੰਧ `ਤੇ ਜੜ ਏਹਨੂੰ! ਆਇਆ-ਗਿਆ ਵੇਖੇ ਵਈ ਨਰੈਣਾ ਖੜੋਤੈ ਅਕਵਾਲ ਤੇ ਅਮਲੀ ਦੇ ਵਿਚਾਲੇ!

-ਨਾ, ਨਾ, ਤਾਰਾ ਸਿਅ੍ਹਾਂ! ਨਰੈਣੇ ਦਾ ਸਿਰ ਸੱਜੇ-ਖੱਬੇ ਮੋਢਿਆ ਵੱਲ ਨੂੰ ਝੁਕਦਾ ਹੈ। ਹੱਤਕ ਕਰਨੀ ਐਂ ਏਸ ਫੋਟੂ ਦੀ ਐਹਨਾਂ ਕੱਚੀਆਂ ਕੰਧਾਂ `ਤੇ ਜੜ ਕੇ? ਏਹ ਤਾਂ ਓਥੇ ਈ ਸੋਭਦੀ ਐ‘ਸੰਗ-ਮਲਮਲ’ ਦੀ ਕੋਠੀ `ਚ... ਟਾਂਡ ਦੇ ਐਨ ਵਿਚਾਲ਼ੇ!

-ਪਰ ਓਧਰ ਤਾਂ ਕਈਆਂ ਦਿਨਾਂ ਤੋਂ ਸਫ਼ਾਈਆਂ ਹੋਈ ਜਾਂਦੀਐਂ ਕੋਠੀ ਦੀਆਂ, ਤਾਰਾ ਆਪਣੇ ਢਿਲ਼ਕ-ਗਏ ਚਿਹਰੇ ਨੂੰ ਨਰੈਣੇ ਵੱਲ ਨੂੰ ਮੋੜਦਾ ਹੈ। ਕਰਮ ਸਿਓ੍ਹਂ ਕਹੀ ਜਾਂਦਾ ਸੀ ਵਾਧੂ-ਘਾਟੂ ਸਮਾਨ ਕੱਢ ਦੇਣੈ ਕੋਠੀ `ਚੋਂ!

ਤਾਰੇ ਦੇ ਦਰਵਾਜਿ਼ਓਂ ਬਾਹਰ ਹੁੰਦਿਆਂ ਹੀ ਨਰੈਣਾ ਆਪਣੇ ਮੱਥੇ `ਚ ਵੜਨ ਲਗਦਾ ਹੈ।

ਕੀ ਆਖ ਗਿਆ ਤਾਰਾ? ਤਾਰੇ ਦੇ ਆਖ਼ਰੀ ਬੋਲ ਕੋਠੜੀ ਅੰਦਰਲੇ ਲਿਓੜਾਂ ਨੂੰ ਬੇਚੈਨ ਕਰਨ ਲਗਦੇ ਹਨ: ਕਰਮ ਸਿਓ੍ਹਂ ਕਹੀ ਜਾਂਦਾ ਸੀ ਵਾਧੂ-ਘਾਟੂ ਸਮਾਨ ਕੱਢ ਦੇਣੈ ਕੋਠੀ `ਚੋਂ!
ਨਰੈਣੇ ਦੀ ਨਿਗ੍ਹਾ ਫਰਸ਼ `ਤੇ ਪਏ ਮੌਜਿਆਂ `ਤੇ ਡਿਗਦੀ ਹੈ: ਅੰਗੂਠਿਆਂ ਤੇ ਮੂਹਰਲੀਆਂ ਉਂਗਲ਼ਾਂ ਦੇ ਨੇੜੇ ਮੋਰੀਆਂ; ਅੱਡੀਆਂ ਦੀਆਂ ਉਚਾਈਆਂ ਅੰਦਰ ਵੱਲ ਨੂੰ ਮੂਧੇ-ਮੂੰਹ; ਤੇ ਤਲ਼ੇ ਘਸ ਕੇ ਚਰਮਖਾਂ ਬਣੇ ਹੋਏ!

-ਬੇਕਾਰ ਹੋਗੇ ਮੌਜੇ, ਨਰੈਣ ਸਿਅ੍ਹਾਂ! ਹੁਣ ਤਾਂ ਇਹ ਸੁੱਟਣੇ ਈ ਪੈਣੈ ਐਂ!

ਨਰੈਣਾ ਕੋਠੜੀ ਤੋਂ ਬਾਹਰ ਹੋ ਕੇ ਦਰਵਾਜ਼ਿਆਂ ਨੂੰ ਆਪਣੇ ਵੱਲ ਨੂੰ ਖਿਚਦਾ ਹੈ। ਅਗਲੇ ਛਿਣਾਂ `ਚ, ਪਿੰਡ ਦੀਆਂ ਗਲ਼ੀਆਂ ਤੇ ਕੰਧਾਂ ਨੂੰ ਨਰੈਣੇ ਦੀਆਂ ਫੌੜ੍ਹੀਆਂ ਦੀ ਠੱਕ-ਠੱਕ ਸੁਣਾਈ ਦੇਣ ਲਗਦੀ ਹੈ: ਉਹ ਇੱਕ-ਦੂਜੇ ਦੇ ਕੰਨਾਂ `ਚ ਫੁਸਕਣ ਲਗਦੀਆਂ ਨੇ: ਚੱਲਿਐ ਨਰੈਣਾ ਕਵੀਸ਼ਰਾਂ ਦੀ ਕੋਠੀ ਨੂੰ; ਖੜ੍ਹ ਜੂ ਸਾਲ਼ਾ ਟਾਂਡ ਦੇ ਮੂਹਰੇ, ਤੇ ਫਰਕਾਈ ਜਾਊ ਮੁੱਛਾ ਨੂੰ ਆਵਦੀ ਫੋਟੂ ਅੱਲੀਂ ਦੇਖ-ਦੇਖ ਕੇ! ਹੋਰ ਏਹਨੇ ਓਥੇ ਕੀ ਮੂੰਗੀ ਦਲ਼ਨੀ ਹੁੰਦੀ ਐ!

ਪਰਲੇ ਪਾਸਿਓਂ ਇੱਕ ਉਖੜਿਆ ਹੋਇਆ ਦਰਵਾਜ਼ਾ ਖੰਘੂਰਦਾ ਹੈ: ਓਏ ਹਾਅ ਕਵੀਸ਼ਰ ਨੇ ਸਿਰ ਚੜ੍ਹਾਇਆ ਸੀ ਸਾਰੇ ਵਿਹੜੇ ਨੂੰ! ਕਿਹਾ ਕਰੇ ਜੱਟਾਂ ਦੀ ਖੂਹੀ `ਚ ਕੀ ਕੀੜੇ ਪੈ ਜਾਣਗੇ ਜੇ ਕੋਈ ‘ਮਜਵੀ’ ਏਹਦੇ `ਚੋਂ ਪਾਣੀ ਕੱਢਲੂ? ਆਹ ਲੰਙੜਾ ਵੀ ਓਸੇ ਨੇ ਈ ਚਮ੍ਹਲਾਇਆ ਸੀ! ਪਹਿਲਾਂ ਤਾਂ ਸੋਫ਼ੇ `ਤੇ ਬਠੌਂਦਾ ਸੀ ਨਾਲ਼ ਆਵਦੇ, ਤੇ ਫੇਅ ਭੱਈਏ ਨੂੰ ਹੁਕਮ ਕਰਦਾ ਸੀ, ਬੋਤਲ ਖੋਲ੍ਹ ਉਏ, ਰਾਜੂ; ਗਲਾਸ ਭਰ ਕੇ ਫੜਾਅ ਨਰੈਣੇ ਨੂੰ! ਤੇ ਏਹ ਲੰਙੜਾ ਵੀ ਆਵਦੇ-ਆਪ ਨੂੰ ਜੱਟ ਸਮਝਣ ਲੱਗ ਪਿਆ ਸੀ! ਰਾਜੂ ਅੱਲੀਂ ਮੂੰਹ ਘੁੰਮਾਅ ਕੇ ਆਖਦਾ ਹੁੰਦਾ ਸੀ, ਬਰਫ਼ ਨੀ ਪਾਉਣੀ, ਜਮਾਂ ਈ; ਮੇਰਾ ਤਾਂ ਇਹ ਚੰਦਰੀ ਗਲ਼ਾ ਫੜ ਲੈਂਦੀ ਐ! ਜਿਵੇਂ ਸਾਲ਼ੇ ਨੇ ‘ਜਮਲੇ’ ਜੱਟ ਨਾਲ਼ ‘ਰੀਲ੍ਹ’ ਭਰੌਣੀ ਹੁੰਦੀ ਐ!

ਨਰੈਣੇ ਦੀਆਂ ਫੌੜ੍ਹੀਆਂ ਥਿੜਕਦੀਆਂ ਹਨ, ਤੇ ਉਹਦੇ ਭਰਵੱਟਿਆਂ ਦੇ ਉੱਪਰਲੇ ਪਾਸੇ ਕੀੜੀਆਂ ਰੀਂਗਣ ਲਗਦੀਆਂ ਹਨ। ਉਸਦੀਆਂ ਫੌੜ੍ਹੀਆਂ ਅਹਿੱਲ ਹੋ ਜਾਂਦੀਆਂ ਹਨ। ਫਿਰ ਉਹ ਭਰਵੱਟਿਆਂ ਦੇ ਉੱਪਰਲੇ ਪਾਸੇ ਰੀਂਗ ਰਹੀਆਂ ਕੀੜੀਆਂ ਨੂੰ ਝਾੜਨ ਲਈ ਆਪਣੀਆਂ ਅੱਖਾਂ ਨੂੰ ਵਾਰ-ਵਾਰ ਝਮਕਦਾ ਹੈ।

-ਏਨ੍ਹਾਂ ਮੂਰਖ਼ਾ ਨਾਲ ਕੀ ਖਹਿਬੜਨੈ, ਨਰੈਣ ਸਿਅ੍ਹਾਂ! ਤੂੰ ਸਿੱਧਾ ਕੋਠੀ `ਚ ਚੱਲ; ਮਸਾਂ ਕਿਤੇ ਪੰਜੀਂ ਮਹੀਨੀਂ ਜਿੰਦਰਾ ਖੁਲ੍ਹਿਐ ਬਾਹਰਲੇ ਗੇਟ ਦਾ।

ਕੱਛਾਂ `ਚ ਟਿਕਾਈਆਂ ਫੌਹੜੀਆਂ `ਤੇ ਭਾਰ ਪਾ ਕੇ, ਨਰੈਣਾ ਆਪਣੇ ਪੈਰਾਂ ਨੂੰ ਅਗਾਂਹਾਂ ਵੱਲ ਨੂੰ ਘੜੀਸਦਾ ਹੈ!

ਅਗਲੇ ਹੀ ਪਲ, ਬੀਤੇ ਪੰਜਾਹ ਸਾਲ ‘ਪੁਲ਼ਕ’ ਦੇਣੇ ਗ਼ਾਇਬ ਹੋ ਜਾਂਦੇ ਹਨ, ਤੇ ਨਰੈਣਾ ਹੁਣ, ਕਵੀਸ਼ਰਾਂ ਦੇ ਦਲਾਨ `ਚ, ਬਗ਼ਲਾਂ ਵਿੱਚ ਹੱਥ ਦੇਈ ਪਰਲੇ ਪਾਸੇ ਖਲੋਤਾ, ਭਰਵੀਂ ਦਾਹੜੀ ਵਾਲ਼ੇ ਇੱਕ ਵਿਅਕਤੀ ਦੀਆਂ ਹਰਕਤਾਂ ਨੂੰ ਗਹੁ ਨਾਲ਼ ਦੇਖ ਰਿਹਾ ਦਿਸਦਾ ਹੈ। ਦਾਹੜੀ ਵਾਲ਼ਾ ਵਿਅਕਤੀ ਆਪਣੀ ਪੈਂਟ ਨੂੰ ਕਮਰ ਕੋਲ਼ੋਂ ਪਕੜ ਕੇ ਉੱਪਰ ਵੱਲ ਨੂੰ ਖਿਚਦਾ ਹੈ, ਤੇ ਕਾਲ਼ੇ ਰੰਗ ਦੇ ਇੱਕ ਅਜੀਬ ਜਿਹੇ ਡੱਬੇ ਨੂੰ ਤਿੰਨ-ਟੰਗੇ ਸਟੈਂਡ ਉੱਤੇ ਬੀੜਨ ਵਿੱਚ ਰੁੱਝ ਜਾਂਦਾ ਹੈ। ਹੁਣ ਉਹ ਡੱਬੇ ਦੇ ਪਿਛਾੜੀ ਹੋ ਗਿਆ ਹੈ ਅਤੇ ਆਪਣੀ ਪਗੜੀ ਨੂੰ ਡੱਬੇ ਉੱਪਰਲੇ ਸਿਆਹ-ਕਾਲ਼ੇ ਓੜਨ ਹੇਠ ਘੁਸੋਅ ਦੇਂਦਾ ਹੈ। ਫੇਰ ਉਹ ਆਪਣੇ ਸੱਜੇ ਹੱਥ ਨਾਲ਼ ਡੱਬੇ ਦੇ ਮੂੰਹ ਉੱਪਰ ਲੱਗੇ ਗੋਲ਼ਾਈਦਾਰ ਢੱਕਣ ਨੂੰ ਸੱਜੇ-ਖੱਬੇ ਘੁੰਮਾਉਣ ਲੱਗ ਪਿਆ ਹੈ। ਢੱਕਣ ਦੇ ਸਾਹਮਣੇ ਪਈਆਂ ਪੰਜ ਕੁਰਸੀਆਂ ਭਰਨ ਲਗਦੀਆਂ ਹਨ। ਕਵੀਸ਼ਰ ਚਾਚੇ ਨੇ ਖੱਬੇ ਪਾਸੇ ਵਾਲ਼ੀ ਕੁਰਸੀ ਸੰਭਾਲ਼ ਲਈ ਹੈ। ਅਗਲੀ ਕੁਰਸੀ `ਤੇ ਬੈਠਾ ‘ਬਲਬੰਤ’ ਸਿਓ੍ਹਂ, ਉਸ ਦੇ ਨਾਲ਼ ਵਾਲ਼ੀ ਕੁਰਸੀ ਉੱਪਰ ਕੁੰਗੜ-ਕੇ-ਬੈਠੀ ਦਸ ਕੁ ਸਾਲ ਦੀ ਬਾਲੜੀ ‘ਕਰਮੋ’ ਨੂੰ ਚੁੰਨੀਂ ਸੰਵਾਰਨ ਲਈ ਆਖਦਾ ਹੈ। ‘ਕਰਮੋ’ ਦੇ ਨਾਲ਼ ਬੈਠੀ ਵੱਡੀ ਕੁੜੀ, ‘ਬੀਬੀ’, ਆਪਣੇ ਨੰਗੇ ਪੈਰਾਂ ਨੂੰ ਆਪਣੀ ਕੁਰਸੀ ਹੇਠ ਇਕੱਠੇ ਕਰ ਲੈਂਦੀ ਹੈ।
ਦਾਹੜੀ ਵਾਲ਼ੇ ਦੇ ਲਾਗੇ ਖਲੋਤੇ ‘ਅਕਵਾਲ’ ਤੇ ‘ਅਮਲੀ’ ਆਪਣੇ ਹੱਥਾਂ ਨੂੰ ਆਪਣੀਆਂ ਬਗ਼ਲਾਂ `ਚ ਕਰ ਲੈਂਦੇ ਹਨ। ਉਨ੍ਹਾਂ ਦੇ ਮੋਢੇ ਕੰਨਾਂ ਵੱਲ ਨੂੰ ਖਿੱਚੇ ਜਾਂਦੇ ਹਨ ਤੇ ਉਹਨਾਂ ਦੀਆਂ ਅੱਖਾਂ ‘ਕਾਲ਼ੇ ਡੱਬੇ’ ਨਾਲ਼ ਹੋ ਰਹੀ ਛੇੜਛਾੜ ਉੱਪਰ ਟਿਕੀਆਂ ਹੋਈਆਂ ਹਨ। ਕਵੀਸ਼ਰ ਚਾਚਾ ਉਨ੍ਹਾਂ ਦੋਹਾਂ ਵੱਲੀਂ ਝਾਕ ਕੇ ਆਪਣੇ ਸਿਰ ਨੂੰ ਪਿਛਾੜੀ ਵੱਲ ਨੂੰ ਤੁਣਕਦਾ ਹੈ: ਚਲੋ ਵਈ, ਬੱਚਾ-ਪਾਰਟੀ, ਕੁਰਸੀਆਂ ਦੇ ਪਿੱਛੇ ਦੋਵੇਂ ਜਾਣੇ!
‘ਬੀਬੀ’, ਉਸ ਦੇ ਖੱਬੇ ਪਾਸੇ ਬੈਠੀ ਮਾਂ, ਦਲਜੀਤ ਕੁਰ, ਵੱਲ ਨੂੰ ਝੁਕਦੀ ਹੈ। ਕਰਮ ਬਾਈ ਕਿੱਥੇ ਰਹਿ ਗਿਆ, ਬੇਬੇ!

-ਮੈਂ ਤਾਂ ਬਥੇਰੀ ਤਕੀਦ ਕੀਤੀ ਸੀ ਬਈ ਚਾਰ ਵਜੇ ਤੋਂ ਲੇਟ ਨਾ ਹੋਈਂ, ਚਾਚੀ ਦਲਜੀਤ ਕੁਰ ਆਪਣੇ ਪੱਲੇ ਨੂੰ ਮੋਢੇ ਵੱਲ ਨੂੰ ਖਿਚਦਿਆਂ ਬੋਲਦੀ ਹੈ। ਪਤਾ ਨੀ ਕਿੱਥੇ ਅਵਾਰਾਗਰਦੀ ਕਰਨ ਨਿੱਕਲਿ਼ਐ ਦੁਪਹਿਰ ਦਾ ਰੋਟੀ ਝੁਲ਼ਸ ਕੇ!

-ਮੈਂ ਤਾਂ ਚਾਰ ਵਜੇ ਪਹੁਚੰਣਾ ਸੀ ਅਗਲੇ ਪਿੰਡ, ਮਾਤਾ ਜੀ, ਦਾਹੜੀ ਵਾਲ਼ਾ ਵਿਅਕਤੀ, ਡੱਬੇ ਦੇ ਮੂਹਰਲੇ ਢੱਕਣ ਨੂੰ ਖੱਬੇ-ਸੱਜੇ ਘੁੰਮਾਉਂਦਾ ਹੈ। ਤਿੰਨ ਘਰਾਂ `ਚ ਫ਼ੋਟੋ ਖਿੱਚਣੀਐਂ ਓਥੇ! ਮੈਂ ਤਾਂ ਪੰਜ ਵਜਾਈ ਬੈਠਾਂ ਐਥੇ ਈ।

-ਨਰੈਣਾ ਕਿੱਥੇ ਐ, ਮੁੰਡਿਓ? ਕਵੀਸ਼ਰ ਚਾਚੇ ਦਾ ਸਿਰ ਕੁਰਸੀਆਂ ਦੇ ਪਿਛਾੜੀ ਖਲੋਤੇ ‘ਅਮਲੀ’ ਹੋਣਾਂ ਵੱਲੀਂ ਗਿੜਦਾ ਹੈ।
ਥਮਲੇ ਓਹਲੇ, ਮੰਜੇ `ਤੇ ਬੈਠ ਗਿਆ ਨਰੈਣਾ ਤ੍ਰਭਕ ਕੇ ਉੱਠਦਾ ਹੈ।

-ਆ ਜਾ ਤੂੰ ਵੀ, ਨਰੈਣਿਆਂ, ਕਵੀਸ਼ਰ ਆਪਣੀ ਉਂਗਲ਼ੀ ਨੂੰ ਤੁਣਕਦਾ ਹੈ।
-ਨੌਕਰ ਐ ਆਪਣਾ ਏਹ, ਸਰਦਾਰ ਜੀ? ਫ਼ੋਟੋਗਰਾਫ਼ਰ ਨਰੈਣੇ ਦੀਆਂ ਨੰਗੀਆਂ ਲੱਤਾਂ ਵੱਲ ਦੇਖ ਕੇ ਪੁੱਛਦਾ ਹੈ।
-ਨੌਕਰ ਨੀ ਰਖਦੇ ਅਸੀਂ, ਕਾਕਾ ਜੀ, ਕਵੀਸ਼ਰ ਚਾਚੇ ਦੇ ਮੱਥੇ ਉੱਪਰ ਹਲਕੀ ਜਿਹੀ ਤਿਊੜੀ ਉੱਭਰਦੀ ਹੈ ਤੇ ਉਸ ਦੀ ਗਿੱਚੀ ਉੱਪਰ ਵੱਲ ਨੂੰ ਤੁਣਕਦੀ ਹੈ। ਸੇਵਾਦਾਰ ਐ ਏਹ ਮੁੰਡਾ!

-ਜਾਂ ਤਾਂ... ਮੂਹਰੇ ਬਿਠਾਲ਼ ਦੀਏ ਏਹਨੂੰ ਤੁਹਾਡੇ ਪੈਰਾਂ ਕੋਲ਼ੇ, ਦਾਹੜੀ ਵਾਲ਼ਾ ਵਿਅਕਤੀ, ਕੁਰਸੀਆਂ ਦੇ ਪਿਛਾੜੀ ਖਲੋਤੇ ‘ਅਕਵਾਲ’ ਤੇ ‘ਅਮਲੀ’ ਉੱਪਰ ਨਜ਼ਰ ਮਾਰਨ ਤੋਂ ਬਾਅਦ, ਕਵੀਸ਼ਰ ਸਾਅ੍ਹਬ ਨੂੰ ਸੰਬੋਧਿਤ ਹੁੰਦਾ ਹੈ। ਜਾਂ ਫੇਰ ਪਾਸੇ `ਤੇ ਖਲਿਅ੍ਹਾਰ ਦੀਏ, ਮਾਤਾ ਜੀ ਦੀ ਕੁਰਸੀ ਦੇ ਪਿੱਛੇ!

-ਨਾਂਹ! ਕਵੀਸ਼ਰ ਚਾਚੇ ਦਾ ਸਿਰ ਖੱਬੇ-ਸੱਜੇ ਹਿਲਦਾ ਹੈ। ਵਿਚਾਲ਼ੇ ਖਲ੍ਹਾਰਨੈਂ ਇਹਨੂੰ ਦੋਹਾਂ ਮੁੰਡਿਆਂ ਦੇ!
ਨਰੈਣੇ ਦੀਆਂ ਫੌੜ੍ਹੀਆਂ ਡੋਲਦੀਆਂ ਹਨ, ਤੇ ਉਹ ਕੋਠੀ ਦੇ ਬਾਹਰਲੇ ਗੇਟ `ਚੋਂ ਅੰਦਰ ਹੋ ਜਾਂਦਾ ਹੈ। ਫੌੜ੍ਹੀਆਂ ਦੀ ਠੱਕ-ਠੱਕ, ਇੱਟਦਾਰ ਵਿਹੜੇ ਨੂੰ ਠੰਗੋਰਦੀ ਹੋਈ, ਕੋਠੀ ਵੱਲ ਨੂੰ ਵਧਣ ਲਗਦੀ ਹੈ।

ਨਰੈਣਾ ਸੱਜੇ ਹੱਥ ਵਾਲ਼ੀ ਫੌੜ੍ਹੀ ਦੇ ਹੇਠਲੇ ਸਿਰੇ ਨਾਲ਼ ਸੋਫਿ਼ਆਂ-ਵਾਲ਼ੇ ਕਮਰੇ ਦੇ ਦਰਵਾਜ਼ੇ ਨੂੰ ਧਕਦਾ ਹੈ।
ਆਪਣੀ ਪਿੱਠ ਨੂੰ ਸੋਫ਼ੇ ਨਾਲ਼ ਜੋੜੀ ਬੈਠਾ ਕਰਮ ਸਿਓ੍ਹਂ, ਆਪਣੀਆਂ ਨਜ਼ਰਾਂ ਨੂੰ ਪਲ ਕੁ ਲਈ ਨਰੈਣੇ ਵੱਲੀਂ ਗੇੜਦਾ ਹੈ ਤੇ ਆਪਣੀਆਂ ਤਲ਼ੀਆਂ ਨਾਲ਼ ਆਪਣੀ ਦਾਹੜੀ ਦੀ ਸਫ਼ੈਦੀ ਨੂੰ ਪਲ਼ੋਸਣ ਲੱਗ ਜਾਂਦਾ ਹੈ। ਕਰਮ ਸਿਓ੍ਹਂ ਦੇ ਸੱਜੇ ਪਾਸੇ ਬੈਠਾ ਕਿਰਪਾਲ ਟਾਂਡ ਦੇ ਸਾਹਮਣੇ ਵਾਲ਼ੀ ਕੰਧ ਉੱਪਰ ਲੱਗੀ ਤਸਵੀਰ ਵੱਲੀਂ ਗਹੁ ਨਾਲ਼ ਦੇਖ ਰਿਹਾ ਹੈ।

ਨਰੈਣਾ ਉਰਲੇ ਸੋਫ਼ੇ ਉੱਪਰ ਢੇਰੀ ਹੋ ਕੇ, ਆਪਣੀਆਂ ਫੌੜ੍ਹੀਆਂ ਨੂੰ ਫ਼ਰਸ਼ `ਤੇ ਲਿਟਾਅ ਦਿੰਦਾ ਹੈ।
-ਯਾਰ, ਐਡੀ ਵੱਡੀ ਕਿਵੇਂ ਬਣਾਤੀ ਆਹ ਫੋਟੋ? ਕਿਰਪਾਲ ਆਪਣੀਆਂ ਝਿੰਮਣੀਆਂ ਨੂੰ ਆਪਣੇ ਭਰਵੱਟਿਆਂ ਤੀਕ ਖਿੱਚ ਲੈਂਦਾ ਹੈ। ਸਾਰੀ ਕੰਧ ਈ ਢਕ`ਤੀ ਏਹਨੇ ਤਾਂ!

ਨਰੈਣਾ ਆਪਣੀ ਧੌਣ ਨੂੰ ਪਿਛਲੀ ਕੰਧ ਵੱਲ ਨੂੰ ਗੇੜਦਾ ਹੈ: ਅੱਧੀ ਕੰਧ `ਤੇ ਛਾਈ ਹੋਈ ‘ਫੋਟੂ’ `ਤੇ ਨਜ਼ਰ ਵਜਦਿਆਂ ਹੀ ਨਰੈਣੇ ਦੇ ਭਰਵੱਟੇ ਇੱਕ-ਦੂਜੇ ਨਾਲ਼ ਟਕਰਾਉਂਦੇ ਹਨ; ਉਹਦਾ ਹੇਠਲਾ ਬੁੱਲ੍ਹ ਉਸ ਦੀ ਛਾਤੀ ਤੀਕ ਲਮਕ ਜਾਂਦਾ ਹੈ, ਤੇ ਉਹਦੀ ਜੀਭ ਉਸ ਦੇ ਮੂੰਹ `ਚ ਖੱਬੇ-ਸੱਜੇ ਹਿੱਲਣ ਲਗਦੀ ਹੈ: ਜਿਵੇਂ ਦੰਦਹੀਣ ਬੁੱਟਾਂ `ਚੋਂ ਲਫ਼ਜ਼ਾਂ ਨੂੰ ਟਟੋਲ਼ ਰਹੀ ਹੋਵੇ।

-ਕੰਪਿਊਟਰ ਦਾ ਜਾਦੂ ਐ, ਕਿਰਪਾਲ ਸਿਅ੍ਹਾਂ! ਕਰਮ ਸਿਓ੍ਹਂ ਆਪਣੀਆਂ ਮੁੱਛਾਂ ਨੂੰ ਪਲ਼ੋਸਦਾ ਹੈ। ਦੇਖ ਲਾ ਮੈਨੂੰ ਕਿਸੇ ਹੋਰ ਹੀ ਥਾਂ ਤੋਂ ਚੁੱਕ ਕੇ ਖਲਿਆਰ `ਤਾ ‘ਅਕਵਾਲ’ ਤੇ ‘ਅਮਲੀ’ ਦੇ ਵਿਚਾਲ਼ੇ! ਲਗਦੀ ਐ ਭੋਰਾ ਕੁ ਵੀ ਓਪਰੀ ਮੇਰੀ ਫ਼ੋਟੋ?

-ਪਰ ਤੈਨੂੰ, ਕਰਮ ਸਿਅ੍ਹਾਂ, ਏਨਾ ਜੁਆਨ ਕਿਵੇਂ ਬਣਾ`ਤਾ ਐਸ ਫੋਟੋ `ਚ? ਕਿਰਪਾਲ ਦੇ ਭਰਵੱਟੇ ਉੱਪਰ ਨੂੰ ਉੱਛਲ਼ਦੇ ਹਨ।
-ਕੰਪਿਊਟਰ ਤਾਂ, ਵੀਰ ਜੀ, ਝੁਰੜੀਆਂ ਆਲ਼ੇ ਬੁੜ੍ਹਿਆਂ ਦੇ ਧੜਾਂ ਹੇਠਾਂ ਵੀ ਗੋਡਣੀਏਂ ਰੁੜ੍ਹਦੇ ਨਿਆਣਿਆਂ ਦੇ ਸਿਰ ਲਾ ਦਿੰਦੈ! ਹੀਂ, ਹੀਂ, ਹੀਂ, ਹੀਂ! ਕਰਮ ਸਿਓਂ੍ਹ ਦੀਆਂ ਮੁੱਛਾਂ ਦੀ ਸਫ਼ੈਦੀ ਸੰਘਣੀ ਹੋਣ ਲਗਦੀ ਹੈ। ਮੈਨੂੰ ਤਾਂ ਲਗਦੈ ਆਹ ਗਣੇਸ਼ ਦੀ ਧੌਣ `ਤੇ ਹਾਥੀ ਦਾ ਸਿਰ ਵੀ ਦੇਵਤਿਆਂ ਨੇ ਕੰਪਿਊਟਰ ਨਾਲ਼ ਈ ਲਾਇਆ ਹੋਣੈ... ਹਾ ਹਾ ਹਾ ਹਾ!

ਕਰਮ ਸਿਓ੍ਹਂ ਅਲਮਾਰੀ `ਚੋਂ ਇੱਕ ਵੱਡ-ਆਕਾਰੀ ਲਿਫ਼ਾਫ਼ੇ ਨੂੰ ਚੁਕ ਕੇ ਕਿਰਪਾਲ ਕੋਲ਼ ਆ ਬੈਠਦਾ ਹੈ।
-ਆਹ ਦੇਖ ਮੇਰੀ ਫ਼ੋਟੋ, ਉਹ ਲਿਫ਼ਾਫ਼ੇ `ਚੋਂ ਇੱਕ ਗੱਤੇ ਨੂੰ ਬਾਹਰ ਕੱਢ ਕੇ ਕਿਰਪਾਲ ਵੱਲੀਂ ਵਧਾਉਂਦਾ ਹੈ। ਆਹ ਦੇਖ ਮੈਂ ਖੜ੍ਹਾਂ ਪਿਛਲੀ ਕਤਾਰ `ਚ ਐਨ ਖੱਬੇ ਪਾਸੇ!

-ਦਸਵੀਂ ਜਮਾਤ ਦੀ ਲਗਦੀ ਏਹ ਤਾਂ, ਫ਼ੋਟੋ ਨੂੰ ਚਿਹਰੇ ਦੇ ਸਾਹਮਣੇ ਕਰ ਕੇ ਦੇਖਦਿਆਂ ਕਿਰਪਾਲ ਬੋਲਦਾ ਹੈ।
-ਨਹੀਂ, ਕਰਮ ਦੀ ਸਫ਼ੈਦ ਦਾਹੜੀ `ਚ ਧੁੱਪ ਖਿੜਨ ਲਗਦੀ ਹੈ। ਇਹ ਮੇਰੀ ਜੇ. ਬੀ. ਟੀ. ਦੀ ਕਲਾਸ ਸੀ... `ਠਾਰਾਂ ਕੁ ਸਾਲ ਦੀ ਉਮਰ ਸੀ ਮੇਰੀ ਓਦੋਂ!

-ਪੂਰੀ ਜੁਆਨੀ `ਚ ਸੀ, ਕਰਮ ਸਿਅ੍ਹਾਂ!
-ਕੰਪਿਊਟਰ ਨੇ ਤਾਂ ਦੁਨੀਆਂ ਈ ਬਦਲਤੀ ਐ, ਕਿਰਪਾਲ ਸਿਅ੍ਹਾਂ...

-ਏਵੇਂ ਈ ਸੁਣਿਐਂ! ਕਿਰਪਾਲ ਦੀਆਂ ਅੱਖਾਂ ਉੱਪਰ ਵੱਲ ਨੂੰ ਫੈਲ ਜਾਂਦੀਆਂ ਹਨ।

-ਤੇ ਔਹ ਟੱਬਰ ਦੀ ਫੋਟੋ `ਚ ਮੈਂ ਹੈ ਨੀ ਸੀ, ਕਰਮ ਸਿਓ੍ਹਂ ਆਪਣੇ ਚਿਹਰੇ ਨੂੰ ਪਿਛਲੀ ਕੰਧ `ਤੇ ਫੈਲਰੀ ਫ਼ੋਟੋ ਵੱਲ ਗੇੜ ਕੇ, ਆਪਣੇ ਪੰਜੇ ਨੂੰ ਫ਼ੋਟੋ ਵੱਲੀਂ ਸੇਧਦਾ ਹੈ। ਔਹ ਕੁਰਸੀਆਂ ਦੇ ਪਿੱਛੇ ‘ਅਕਵਾਲ’ ਤੇ ‘ਅਮਲੀ’ ਦੇ ਵਿਚਾਲ਼ੇ ਨਰੈਣੇ ਨੂੰ ਖਲਿਅ੍ਹਾਰਿਆ ਸੀ ਬਾਪੂ ਜੀ ਨੇ।
-ਹਾਂ, ਕਿਰਪਾਲ ਆਪਣੇ ਸਿਰ ਨੂੰ ਉੱਪਰੋਂ ਹੇਠਾਂ ਵੱਲੀਂ ਹਿਲਾਉਂਦਾ ਹੈ। ਓਹ ਜਿਹੜੀ ਟਾਂਡ `ਤੇ ਪਈ ਹੁੰਦੀ ਸੀ ਛੋਟੇ ਆਕਾਰ ਵਾਲ਼ੀ, ਉਹਦੇ `ਚ ਤਾਂ ਵਿਚਾਲ਼ੇ ਨਰੈਣਾ ਈ ਖਲੋਤਾ ਹੁੰਦਾ ਸੀ।

ਕਰਮ ਸਿਓ੍ਹਂ ਆਪਣੀ ਜੇ ਬੀ ਟੀ ਵਾਲ਼ੀ ਫ਼ੋਟੋ ਨੂੰ ਆਪਣੇ ਹੱਥਾਂ `ਚ ਤੋਲਦਾ ਹੈ। ਆਹ ਫੋਟੋ ਲੱਭਗੀ ਚੌਥੇ ਪੰਜਵੇਂ ਪੁਰਾਣੇ ਸੰਦੂਕ ਦੀ ਫਰੋਲ਼ਾ-ਫਰਾਲ਼ੀ ਕਰਦੇ ਨੂੰ! ਕੰਪਿਊਟਰ ਵਾਲ਼ੇ ਨੇ ਐਸ ਫੋਟੋ `ਚੋਂ ਨਰੈਣੇ ਦਾ ਸਿਰ ਲਾਹ`ਤਾ ਕੰਪਿਊਟਰ ਦੇ ਟਰਿੱਕ ਨਾਲ਼... ਹਾ ਹਾ ਹਾ ਹਾ! ਤੇ ਐਸ ਫੋਟੋ ਤੋਂ ਕਾਪੀ ਕਰ ਕੇ ਮੇਰਾ ਸਿਰ ਜੜ `ਤਾ ਨਰੈਣੇ ਦੇ ਧੜ ਦੇ ਉੱਤੇ!

ਨਰੈਣਾ ਖਾਲੀ ਟਾਂਡ ਵੱਲੀਂ ਝਾਕਦਾ ਹੈ ਤੇ ਦੋਹਾਂ ਹੱਥਾਂ ਦੀਆਂ ਉਂਗਲ਼ਾਂ ਨਾਲ਼ ਆਪਣੀ ਧੌਣ ਨੂੰ, ਕੰਨਾਂ ਨੂੰ ਤੇ ਮੱਥੇ ਨੂੰ ਟੋਹਣ ਲੱਗਦਾ ਹੈ। ਟਾਂਡ ਲੁੜਕਣ ਲਗਦੀ ਹੈ, ਤੇ ਕੰਧਾਂ `ਚ ਤ੍ਰੇੜਾਂ ਪੈਣ ਲਗਦੀਆਂ ਹਨ!

-ਫੇਰ ਆਈਂ ਕਿਸੇ ਦਿਨ, ਨਰੈਣ ਸਿਅ੍ਹਾਂ, ਕਰਮ ਸਿਓ੍ਹਂ ਆਪਣੀਆਂ ਐਨਕਾਂ ਨੂੰ ਨੈਪਕਿਨ ਨਾਲ਼ ਸਾਫ਼ ਕਰਦਿਆਂ ਬੋਲਦਾ ਹੈ। ਬਹੁਅਅਤ ਬਿਜ਼ੀ ਆਂ ਅੱਜ ਤਾਂ... ਸਫ਼ਾਈ ਕਰਨ ਲਾਏ ਐ ਬੰਦੇ ਕਈਆਂ ਦਿਨਾਂ ਦੇ... ਸਾਰਾ ਵਾਧੂ-ਘਾਟੂ ਸਮਾਨ ਕੱਢ ਦੇਣੈਂ ਕੋਠੀ `ਚੋਂ!

ਨਰੈਣਾ ਆਪਣੇ ਚਿਹਰੇ ਨੂੰ ਪਿੱਛੇ ਵੱਲ ਘੁੰਮਾਅ ਕੇ ਪਿਛਲੀ ਕੰਧ `ਤੇ ਲੱਗੀ ਫੋਟੂ ਵੱਲ ਝਾਕਣਾ ਚਹੁੰਦਾ ਹੈ, ਲੇਕਿਨ ਉਸ ਦੀ ਧੌਣ ਲੱਕੜ ਵਾਂਗ ਬੇਜਾਨ ਹੋ ਗਈ ਹੈ। ਉਹ ਹੁਣ ਫੌੜ੍ਹੀਆਂ ਨੂੰ ਫ਼ਰਸ਼ ਤੋਂ ਚੁੱਕ ਕੇ ਆਪਣੀਆਂ ਬਗ਼ਲਾਂ ਹੇਠ ਕਰ ਲੈਂਦਾ ਹੈ। ਕਰਮ ਸਿੰਘ ਕਮਰੇ ਦੇ ਦਰਵਾਜ਼ੇ ਵੱਲੀਂ ਵਧ ਰਹੇ ਨਰੈਣੇ ਦੇ ਮੌਰਾਂ ਵੱਲੀਂ ਦੇਖ ਕੇ ਆਪਣੇ ਮੱਥੇ ਦੀ ਘੁਟਣ ਨੂੰ ਖੋਲ੍ਹਣ ਦਾ ਯਤਨ ਕਰਦਾ ਹੈ।

ਨਰੈਣਾ ਬਾਹਰਲੇ ਗੇਟ `ਚੋਂ ਨਿੱਕਲ਼ ਕੇ ਪਿੰਡ ਵੱਲ ਨੂੰ ਤੁਰ ਪੈਂਦਾ ਹੈ।

ਫਿਰਨੀ ਤੀਕ ਅੱਪੜਦਿਆਂ ਉਸ ਦੀਆਂ ਫੌੜ੍ਹੀਆਂ ਦੇ ਹੇਠਲੇ ਸਿਰੇ ਘੜੀਸੇ ਜਾਣ ਲਗਦੇ ਹਨ। ਉਹ ਪਰਲੇ ਖੂੰਜੇ ਕੋਲ਼ ਧੌਣ ਚੁੱਕੀ ਖਲੋਤੇ ਗੋਹਾਰੇ ਨੂੰ ਟਿਕਟਿਕੀ ਲਗਾ ਕੇ ਦੇਖਣ ਲੱਗ ਜਾਂਦਾ ਹੈ। ਹੌਲ਼ੀ-ਹੌਲ਼ੀ ਗੁਹਾਰਾ ਉਧੜਣ ਲਗਦਾ ਹੈ; ਕਿਰਨ ਲਗਦਾ ਹੈ; ਪਾਥੀ-ਪਾਥੀ ਹੋਣ ਲਗਦਾ ਹੈ।

“ਨਰੈਣੇ ਦਾ ਸਿਰ ਲਾਹ`ਤਾ ਕੰਪਿਊਟਰ ਨਾਲ਼... ਹਾ ਹਾ ਹਾ ਹਾ!”

ਨਰੈਣਾ ਆਪਣੇ ਸਿਰ ਨੂੰ ਝਟਕਦਾ ਹੈ, ਤੇ ਉਸਦੀਆਂ ਬਾਹਾਂ ਸਾਰਾ ਜ਼ੋਰ ਲਾ ਕੇ ਫੌੜ੍ਹੀਆਂ ਨੂੰ ਧਰਤੀ `ਚੋਂ ਪਟਦੀਆਂ ਹਨ।

ਢੀਚਕੂੰ-ਢੀਚਕੂੰ ਤੁਰਦੀਆਂ ਫੌੜ੍ਹੀਆਂ ਸ਼ਮਸ਼ਾਨਘਾਟ ਵੱਲ ਨੂੰ ਮੁੜ ਜਾਂਦੀਆਂ ਹਨ।

ਈ ਮੇਲ: [email protected]

Comments

chamkaur chhajli

Jativadi smaj cho nraine da classless society vich merge hona subh sanket hai par baad vich capitalism usdia bhavnava ate classless society asli sir utar ke apni technique nal apna mukhauta lga lenda hai.ehi neo capitalim hai.tuhanu mubarkbad is bahut vadia sahitik rachna te asli khani te. [email protected]

sunny

dhur ander nun hilaun wali khaani

ਜਰਨੈਲ ਸਿੰਘ ਮੋਹਾਲ

ਸੂਹੀ ਸਵੇਰ ਵਰਗੀ ਕਹਾਣੀ

Jagjeet Ludhianvee

acchi likhat hai g ,,,

Parmjit Kaur Alberta

bahut kmal de likhat..Iqbal diya kahaniya pardiya injh japda h jimme akher bolde honn...jatvad ate dalit verg de apsi padde te sohna viang...mukhutta lerro leer karr ditta

Iqbal

Paramjit, thanks for your comments. Please contact me via my email.

Manga Basi

Kamal kar ditti ji, pattar usari di tan koi rees he nahin, this what we can expect from you. with thanks Manga Basi.

gurcharan gill

heart touching real story

Surinder Singh Day and night

unique story by Iqbal ji...(posted Shiv Inder Singh)

ਬਾਈ ਗੱਚ ਭਰ ਆਇਆ ਸੱਚੋ ਸੱਚ ਪ੍ਹੱੜ ਕੇ, ਮੈਂ ਇਹੋ ਜਿਹੀ ਸਿਦਕੀ ਕਹਾਣੀ ਪਿੱਛਲੇ 30 ਸਾਲਾਂ ਵਿੱਚ ਨਹੀ ਪ੍ਹੜੀ. ਬਾਪੂ ਦੀ ਸਿੱਖਿਆਂ ਖੇਹ ਕਰਤੀ ਧੌਣ ਲਾਹੁਣ ਵਾਲਿਆ ਨੇ. ਇਹ ਨਰੈਣੈ ਦੀ ਧੌਣ ਨਹੀ ਬਾਪੂ ਦੇ ਜਿੰਦਗੀ ਦੇ ਫਲਸਫੇ ਦੀ ਹੀ ਧੌਣ ਲਾ ਦਿੱਤੀ ਉਸ ਦੀ ਔਲਾਦ ਨੇ. ਸਿਰ ਝੰਝੌੜ ਕੇ ਰੱਖ ਦਿੱਤਾ ਹੈ ਇਸ ਹੱਡ ਬੀਤੀ ਨੇ ਬਾਈ ਤੇਰੀ ਲੇਖਣੀ ਨੂੰ ਸਲਾਮ ਇਸ ਬਾਤ ਨਾਲ ਹੁਣ ਨਰੈਣਾਂ ਸਦੀਆਂ ਤੱਕ ਅਮਰ ਹੋ ਜਾਵੇਗਾ.

parminder

bakmaal, sare characters jivant tuhade naai turde hn

Jhara

Please teach the rest of these internet holaigons how to write and research!

Abdulshukur

Your website has to be the elicnrotec Swiss army knife for this topic.

Iqbal Ramoowalia

Jhara AnastasiaAbdulshukur Oxana; please remove these weird names and comments.

Security Code (required)



Can't read the image? click here to refresh.

Name (required)

Leave a comment... (required)





ਕਹਾਣੀ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ