Sat, 05 October 2024
Your Visitor Number :-   7229320
SuhisaverSuhisaver Suhisaver

ਮਨਫ਼ੀ ਹੋਂਦ - ਅਮਰਜੀਤ ਸਿੰਘ ਮਾਨ

Posted on:- 09-04-2016

suhisaver

ਡੌਰ-ਭੌਰ ਹੋਏ ਖੜ੍ਹੇ ਚੇਤੂ ਦਾ ਜਵਾਬ ਸੁਣਕੇ ਡਿਪਟੀ ਸਮੇਤ ਬਾਕੀ ਮੋਹਤਬਰਾਂ ਦਾ ਵੀ ਹਾਸਾ ਨਿਕਲ ਗਿਆ ਸੀ।ਚੇਤੂ ਨੂੰ ਜਵਾਬ ਦੇਣ ਲਈ ਕੁਝ ਸੁੱਝਿਆ ਹੀ ਨਹੀਂ ਸੀ। ਅਜਿਹੇ ਮਾਹੌਲ ਵਿੱਚ ਇਕ ਸਧਾਰਨ ਬੰਦੇ ਨੂੰ ਸੁਝ ਵੀ ਕੀ ਸਕਦਾ ਹੈ?
        
ਚੇਤੂ ਪਿੰਡ ਦਾ ਇੱਕ ਸਧਾਰਨ ਕਿਸਾਨ।ਆਪਦੇ ਦੋ-ਢਾਈ ਕਿੱਲਿਆਂ ਦੇ ਨਾਲ-ਨਾਲ, ਗੁਆਂਢੀਆਂ ਦੇ ਤਿੰਨ ਕੁ ਕਿੱਲੇ ਠੇਕੇ 'ਤੇ ਲੈ ਕੇ ਸਧਾਰਨ ਵਾਹੀ ਕਰਨ ਵਾਲਾ ਬੰਦਾ। ਘਰੋਂ ਖੇਤ ਤੇ ਖੇਤੋਂ ਘਰ ਤੱਕ ਦੇ ਸਫ਼ਰ ਦਾ ਪਾਂਧੀ।ਜੇ ਹਾੜੀ ਸਾਉਣੀ ਬਿਨਾਂ ਕਿਸੇ ਕੁਦਰਤੀ ਕਰੋਪੀ ਤੋਂ ਸਿਰੇ ਚੜ੍ਹ ਜਾਂਦੀ ਤਾਂ ਏਨੀ ਕੁ ਖੇਤੀਬਾੜੀ ਦੀ ਆਮਦਨ ਨਾਲ ਛੋਟੇ ਪਰਿਵਾਰ ਦਾ ਗੁਜ਼ਾਰਾ ਨਿਭੀ ਜਾਂਦਾ। ਕਣਕਾਂ ਦੀ ਸਿੰਚਾਈ ਲਈ ਤਾਂ ਭਾਵੇਂ ਕਿਸੇ ਗੁਆਂਢੀ ਦੀ ਮੋਟਰ ਵੀ ਮਿਲ ਜਾਂਦੀ ਪਰ ਸਾਉਣੀ ਵੇਲੇ ਜਦੋਂ ਸਾਰਿਆਂ ਨੇ ਜੀਰੀ ਲਾਈ ਹੁੰਦੀ, ਉਸ ਵੇਲੇ ਚੇਤੂ ਨੂੰ ਆਵਦਾ ਨਰਮਾ ਪਾਲਣ ਵਿੱਚ ਬਹੁਤ ਕਠਿਨਾਈ ਆਉਂਦੀ।

ਇਸੇ ਕਾਰਨ ਹੀ ਉਸਨੂੰ ਆੜ੍ਹਤੀਏ ਤੋਂ ਵਾਧੂ ਕਰਜ਼ਾ ਚੁੱਕ ਕੇ ਆਵਦੇ ਖੇਤ ਡੂੰਘਾ ਬੋਰ ਕਰਨ ਦਾ ਅੱਕ ਚੱਬਣਾ ਪਿਆ ਸੀ। ਮੋਟਰ ਲਈ ਮਹਿੰਗਾ ਬਿਜਲੀ ਕੁਨੈਕਸ਼ਨ ਲੈਣ ਦੀ ਪਹੁੰਚ ਉਸ ਵਿੱਚ ਹੈ ਨਹੀਂ ਸੀ। ਸੋ ਉਸਨੇ ਇੱਕ ਪੁਰਾਣਾ ਇੰਜਣ ਖਰੀਦ ਲਿਆ ।ਕੁਸ਼ ਪੈਸੇ ਉਸਦੀ ਮੁਰੰਮਤ 'ਤੇ ਲਾਕੇ ਚਲਦਾ ਕਰ ਲਿਆ।
             
ਉਸ ਦਾ ਖੇਤ ਪਿੰਡ ਦੀ ਹੱਦ 'ਤੇ ਛੋਟੀ ਖਾਰੀ ਵਾਲੇ ਜ਼ੈਲਦਾਰਾਂ ਦੇ ਖੇਤਾਂ ਦੇ ਨੇੇੜੇ ਪੈਂਦਾ । ਜ਼ੈਲਦਾਰਾਂ ਦੀ ਸਾਰੀ ਪੈਲ਼ੀ ਦਾ ਇਥੇ ਹੀ ਇੱਕ ਵੱਡਾ ਟੱਕ ਸੀ। ਉਹਨਾਂ ਦੇ ਜਿਆਦਾਤਰ ਸੰਦ ਖੇਤ ਹੀ ਪਏ ਰਹਿੰਦੇ।
       
ਇੱਕ ਰਾਤ ਚੇਤੂ ਨਹਿਰੀ ਪਾਣੀ ਦੀ ਵਾਰੀ ਲਾਉਣ ਗਿਆ।ਖੂਹ 'ਤੇ ਇੰਜਣ ਨਹੀਂ ਸੀ । ਉਸਨੂੰ ਧਰਤੀ ਹਿੱਲਦੀ ਮਹਿਸੂਸ ਹੋਈ । ਉਸਨੂੰ ਪਾਣੀ ਦੀ ਵਾਰੀ ਭੁੱਲ ਗਈ। ਉਹ ਬੈਟਰੀ ਦੀ ਰੋਸ਼ਨੀ 'ਚ ਜਗ੍ਹਾ ਦੀ ਜਾਂਚ-ਪਰਖ਼ ਕਰਨ ਲੱਗਿਆ।ਇਕ ਟਰੈਕਟਰ ਦੀ ਤਾਜ਼ੀ ਲੀਹ ਸਪਸ਼ਟ ਦਿਸ ਪਈ। ਇੰਜਣ ਚੋਂ ਡੁਲ੍ਹੇ ਤੇਲ ਦੀ ਪਤਲੀ ਧਾਰ ਟਰੈਕਟਰ ਦੀ ਲੀਹ ਦੇ ਨਾਲ ਨਾਲ ਦਿਖਾਈ ਦੇ ਰਹੀ ਸੀ। ਚੇਤੂ ਉਸ ਲੀਹ ਦੇ ਮਗਰ ਮਗਰ ਹੋ ਤੁਰਿਆ। ਟਰੈਕਟਰ ਅਤੇ ਤੇਲ ਦੇ ਨਿਸ਼ਾਨ ਜਿੰਦਰ ਕੇ ਡੇਅਰੀ  ਵਾਲੇ ਵਾਗਲ 'ਚ ਜਾਕੇ ਖਤਮ ਹੋ ਗਏ।ਚੇਤੂ ਨੂੰ ਗੱਲ ਸਮਝਦਿਆਂ ਦੇਰ ਨਾ ਲੱਗੀ।
                
ਜਿੰਦਰ ਵੱਡੇ ਘਰਵਾਲਿਆਂ ਦਾ ਛੋਟਾ ਮੁੰਡਾ। ਜਿਸਨੇ ਵੱਧ ਰਿਸਕ,ਵੱਧ ਮਿਹਨਤ ਤੇ ਘੱਟ ਕਮਾਈ ਵਾਲਾ ਡੇਅਰੀ ਫਾਰਮ ਦਾ ਕੰਮ ਬਦਲਕੇ ਕਬਾੜ ਦਾ ਕੰਮ ਸ਼ੁਰੂ ਕਰ ਲਿਆ ਸੀ।ਚੋਣਾਂ ਮਗਰੋਂ ਸਰਕਾਰ ਬਦਲਣ ਨਾਲ ਆਪਣੇ ਮਸੇਰੇ ਭਰਾ ਬਲਵੰਤ 'ਫੱਟੇਚੱਕ' ਦੀ ਸਰਪ੍ਰਸਤੀ ਮਿਲਣ ਮਗਰੋਂ ਉਹ ਕੁਝ ਮਹੀਨਿਆਂ ਵਿੱਚ ਹੀ ਬਹੁਤ ਤਰੱਕੀ ਕਰ ਗਿਆ।ਹੁਣ ਉਸਦੇ ਕਬਾੜ ਸਟੋਰ ਤੋਂ ਸਾਈਕਲ ਦੇ ਚੇਨਕਵਰ ਤੋਂ ਲੈ ਕੇ ਟਰੱਕ-ਟਰਾਲੇ ਦਾ ਕੋਈ ਵੀ ਭਾਰੀ ਸਪੇਅਰਪਾਰਟ ਮਿਲ ਸਕਦਾ ਸੀ।
             
 ਚੇਤੂ ਦੇ ਇੰਜਣ ਚੋਰੀ ਦੀ ਗੱਲ ਵੱਡੀ ਖਾਰੀ ਦੀਆਂ ਗਲ਼ੀਆਂ  ਵਿੱਚੋਂ ਲੰਘਦੀ ਛੋਟੀ ਖਾਰੀ ਦੇ ਜ਼ੈਲਦਾਰਾਂ ਦੀਆਂ ਤਵੀਆਂ ਚੋਰੀ ਹੋਣ ਦੀ ਗੱਲ ਨਾਲ ਜਾ ਰਲੀ। ਚੇਤੂ ਦੇ ਦਸਤਖਤਾਂ ਵਾਲੀ ਦਰਖਾਸਤ ਜ਼ੈਲਦਾਰ ਨਾਲ ਜਾਕੇ ਥਾਣੇ ਦੇ ਆਏ। ਤੇ ਅਖੀਰ ਅਖਬਾਰਾਂ ਦੇ ਕੰਧੇੜੇ ਚੜ੍ਹੀ ਗੱਲ ਅੱਗੇ ਵਧਦੀ ਗਈ। ਨੇੜੇ ਦੇ ਪਿੰਡਾਂ ਦੇ ਖੇਤਾਂ ਵਿੱਚ ਪਿਛਲੇ ਕੁਝ ਮਹੀਨਿਆਂ ਤੋਂ ਹੋ ਰਹੀਆਂ ਚੋਰੀ ਦੀਆਂ ਵਾਰਦਾਤਾਂ ਤੋਂ ਲੋਕ ਦੁਖੀ ਸਨ। ਥਾਣੇ ਰਿਪੋਰਟਾਂ ਪਹਿਲਾਂ  ਵੀ ਪਹੁੰਚੀਆਂ ਸਨ। ਪਰ ਪੁਲਸ ਚੋਰਾਂ ਨੂੰ ਫੜਨ ਵਿੱਚ ਅਸਫਲ ਰਹੀ ਸੀ।ਹੁਣ ਵੀ ਬਲਵੰਤ ਫੱਟੇਚੱਕ ਰਾਹੀਂ ਹਲਕਾ  ਵਿਧਾਇਕ ਦੇ ਫੋਨ ਆਉਣ ਕਾਰਨ ਪੁਲਸ ਢਿੱਲੀ ਪਈ ਹੋਈ ਸੀ।
               
 ਵੱਡੀ ਖਾਰੀ ਦੀਆਂ ਸੱਥਾਂ ਵਿੱਚ ਚਰਚਾ ਹੋਣ ਲੱਗ ਪਈ। ਕੋਈ ਕਹਿੰਦਾ,"ਜ਼ੈਲਦਾਰ ਤਾਂ ਬਾਹਲੇ ਗਰਮ ਨੇ.....ਕਹੀ 'ਤੇ ਟੁੱਕ ਖਾਣ ਆਲੇ.....ਉਹ ਤਾਂ ਊਂ ਨੀ ਮਾਣ ਸੀ ਹੁਣ ਤਾਂ ਸੰਦ ਚੋਰੀ ਹੋਇਆ....ਤੇ ਚੋਰ ਵੀ ਸਾਹਮਣੇ ਆ, ਹੁਣ ਨੀ ਉਹ ਟਲਦੇ।" ਕੋਈ ਹੋਰ ਕਹਿੰਦਾ,"ਲੈ ਦੇਖੀ ਜਾਊ। ਤਵੀਆਂ ਛੀ ਮਹੀਨੇ ਪਹਿਲਾਂ ਈ ਲਿਆਏ ਸੀ.....ਨਮੀਆਂ।ਚਾਲੀ ਹਜਾਰ ਤੋਂ ਵੱਧ ਲੱਗੇ ਹੋਣੇ ਐ ......ਬਿੱਲੀ ਦੇ ਕੰਨਾਂ ਅਰਗੇ।"

" ਜਿੰਦਰ ਵੀ ਲੋਹੜਾ ਮਾਰ ਗਿਆ ਯਰ.....ਫੱਟੇਚੱਕ ਮਸੇਰ  ਦੀ ਚੁੱਕ 'ਚ ਆ ਕੇ!" "ਕੱਲਾ ਮਸੇਰ ਕੀ, ਹਿੱਸਾ ਜਾਂਦਾ ਹੋਊ 'ਤਾਂਹਾਂ ਤੱਕ....।"  "ਹੋਰ ਹੁਣ ਤੱਕ ਐਵੇਂ ਪੁਲਸ ਹੱਥ 'ਤੇ ਹੱਥ ਧਰੀ ਬੈਠੀ ਰਹੀ ਐ!"  "ਹੱਥ ਦਾ ਤਾਂ ਅੱਜ ਲੱਗਜੂ ਪਤਾ, ਧਰਦੀ ਐ ਕਿ ਨਾ? ਦਸ ਵਜੇ ਧਰਨਾ ਦੇਣਾ ਠਾਣੇ ਮੂਹਰੇ......ਯੂਨੀਅਨ ਆਲੇ ਵੀ ਆਉਣਗੇ ਅਜ ਤਾਂ।" "ਠੀਕ ਐ ਬਾਈ, ਚੱਲਾਂਗੇ ਵੱਧ ਤੋਂ ਵੱਧ।ਜੇ ਅਜ ਚੇਤੂ ਦਾ ਇੰਜਣ ਚੁੱਕਿਆ ਕੱਲ੍ਹ ਨੂੰ ਆਪਣੀ ਵਾਰੀ ਵੀ ਲੱਗ ਸਕਦੀ ਆ!"
         
ਵੱਡੀ ਖਾਰੀ ਦੀ ਸੱਥ 'ਚ ਤਰਾਂ-ਤਰਾਂ ਦੀਆਂ ਗੱਲਾਂ ਕਰਦੇ ਪਿੰਡ ਵਾਲੇ ਧਰਨੇ 'ਚ ਜਾਣ ਲਈ ਤਿਆਰ ਹੋ ਗਏ।  
                  
ਚੇਤੂ ਨੇ ਰਿਪੋਰਟ ਤਾਂ ਲਿਖਾ ਦਿੱਤੀ ਸੀ ਪਰ ਇਹ ਪੰਜ ਦਿਨ ਉਸ ਲਈ ਬੜੇ ਸੰਤਾਪ ਹੰਢਾਉਣ ਵਾਲੇ  ਸਨ।ਬਲਵੰਤ ਉਹਦਾ ਗੁਆਂਢੀ ਸੀ। ਉਸਨੇ ਚੇਤੂ  ਨੂੰ ਇੰਜਣ ਦੇ ਪੈਸੇ ਦੁਆਉਣ ਦਾ ਲਾਲਚ ਵੀ ਦਿੱਤਾ ਸੀ।ਫੇਰ ਨਵਾਂ ਇੰਜਣ ਲੈ ਕੇ ਦੇਣ ਦਾ ਵਾਅਦਾ ਵੀ ਕਰਦਾ ਸੀ।ਬਸ਼ਰਤੇ ਚੇਤੂ ਇਸ ਕੇਸ ਵਿੱਚੋਂ ਪਿੱਛੇ ਹਟ ਜਾਵੇ।ਪਰ ਚੇਤੂ ਨੂੰ ਆਵਦੇ ਖੇਤ ਦੇ ਗੁਆਂਢੀ ਜ਼ੈਲਦਾਰਾਂ 'ਤੇ ਬੜਾ ਮਾਣ ਸੀ। ਉਸਨੇ ਸੋਚਿਆ, "ਜ਼ੈਲਦਾਰ ਕੀ ਕਹਿਣਗੇ......ਅੱਠ-ਦਸ ਹਜ਼ਾਰ ਪਿੱਛੇ ਪਿੱਠ ਦਿਖਾ ਗਿਆ? ਨਾਲੇ ਹੁਣ ਤਾਂ ਹੋਰ ਪਿੰਡਾਂ ਦੇ ਲੋਕ ਵੀ ਨਾਲ ਨੇ.......ਉਹਨਾਂ ਨਾਲ ਕਿਮੇ  ਬਸਾਹਘਾਤ ਕਰਾਂ?"
               
ਜਦੋਂ ਚੇਤੂ ਨੇ ਕਿਸੇ ਵੀ ਤਰਾਂ ਬਲਵੰਤ ਦੀ ਗੱਲ ਨਾ ਮੰਨੀ ਤਾਂ ਉਹ ਜਾਂਦਾ ਹੋਇਆ ਧਮਕੀ ਵਾਂਗੂੰ ਕਹਿ ਗਿਆ ਸੀ,"ਚਲ ਭੱਜਲੈ.......ਭੱਜਣਾ ਜਿੱਥੋਂ ਤੱਕ!" ਫੱਟੇਚੱਕ ਦੇ ਰੜਕਾਅ ਕੇ ਬੋਲੇ ਇਹ ਬੋਲ ਚੇਤੂ ਦੇ ਗੋਲੀ ਵਾਂਗ ਵੱਜੇ। ਉਹ ਥ੍ਹੋੜਾ ਡੋਲ ਵੀ ਗਿਆ ਸੀ। ਉਹ ਸੋਚਣ ਲਗ ਪਿਆ,"ਬਲਵੰਤ ਵਰਗੇ ਲਗਾੜੇ ਬੰਦੇ ਨਾਲ ਕਾਹਦੇ ਪਿੱਛੇ ਵਗਾੜਨੀ ਐ! ਗੰਦ 'ਚ ਇੱਟ ਮਾਰਾਂਗੇ ਛਿੱਟੇ ਈ ਪੈਣਗੇ। ਨਾਲੇ ਗੁਆਂਢੀ ਵੀ ਆਂ। ਸਿਆਣੇ ਕਹਿੰਦੇ ਆ ......ਗੁਆਂਢੀ ਨਾਲ ਤਾਂ ਬਣਾਕੇ ਰੱਖਣੀ ਚਾਹੀਦੀ ਐ! ਨਾਲੇ ਜੇ ਜਿੰਦਰ 'ਤੇ ਕੇਸ ਪਵਾ ਵੀ ਦਿੱਤਾ......ਫੇਰ ਕੀ ਮਿਲੂ? ਖੱਜਲ
-ਖੁਆਰ ਤਾਂ ਆਪ ਨੂੰ ਬਰਾਬਰ ਹੋਣਾ ਪਊ।ਕੌਣ ਤਰੀਕਾਂ ਭੁਗਤੇ? ਕੋਈ ਵਕੀਲ ਵੀ ਕਰਨਾ ਪੈਣਾ।ਇੰਜਣ ਦੇ ਮੁੱਲ ਜਿੰਨੇ ਤਾਂ ਵਕੀਲ ਈ ਲੈ ਜੂ।"
            
  ਅਜਿਹੀਆਂ ਦਲੀਲਾਂ ਸੋਚਦਾ ਉਹ ਬਲਵੰਤ ਨੂੰ ਰਾਜ਼ੀਬੰਦੇ ਬਾਰੇ ਹਾਮੀ ਭਰਨ ਬਾਰੇ ਖਿਆਲ ਕਰਦਾ। ਪਰ ਨਾਲ ਹੀ ਮਨਬਚਨੀ ਕਰਦਾ,"ਐਂ ਫੇਰ ਸ਼ਰੀਕ ਸੋਚੂ .....ਡਰ ਗਿਆ ਮੈਥੋਂ।ਮੈਂ ਭਲਾਂ  ਡਰਦਾਂ  ਓਹਤੋਂ? ਨਾਲੇ ਮੈਨੂੰ ਇਹਦੇ ਨਾਲ ਕੀ......ਚੋਰ ਤਾਂ ਜਿੰਦਰ ਐ । .......ਜ਼ੈਲਦਾਰ ਵੀ ਤਾਂ ਨਾਲ ਨੇ.......ਐਂ ਕੀ ਹੋਜੂ?ਅਜ ਤਾਂ ਯੂਨੀਅਨ ਆਲੇ ਤੇ ਹੋਰ ਪਿੰਡਾਂ ਦੇ ਲੋਕ ਵੀ ਆਉਣਗੇ।……ਦੇਖਦੇ ਆਂ ਕੀ ਬਣਦਾ....?" ਚੇਤੂ ਸਿਰ 'ਤੇ ਪਰਨਾ ਲਪੇਟਦਾ ਘਰੋਂ ਬਾਹਰ ਹੋ ਗਿਆ।ਆਪਣੇ ਪੱਖ ਦੇ ਪੰਜ-ਚਾਰ ਬੰਦੇ ਲੈਕੇ ਥਾਣੇ ਵੱਲ ਨੂੰ ਤੁਰ ਪਿਆ।
             
ਥਾਣੇ ਕੋਲ ਨੇੜਲੇ ਪਿੰਡਾਂ ਦੇ ਦੁਖੀ ਕਿਸਾਨਾਂ ਤੋਂ ਇਲਾਵਾ ਵੱਡੀ ਖਾਰੀ ਤੋਂ ਆਈਆਂ ਦੋ ਟਰਾਲੀਆਂ ਸਮੇਤ ਲੋਕਾਂ ਦਾ ਵਾਹਵਾ ਇਕੱਠ ਹੋ ਗਿਆ ਸੀ। ਯੂਨੀਅਨ ਵਾਲੇ ਕਿਸੇ ਵੱਡੇ ਲੀਡਰ ਦੀ ਥਾਂ ਵੱਡੀ ਖਾਰੀ ਦੇ ਹੀ ਦੋ ਵਰਕਰ ਮਿੱਠੂ ਤੇ ਪ੍ਰੀਤਮ ਹੀ ਦਿਖਾਈ ਦੇ ਰਹੇ ਸਨ।ਪਰ ਛੋਟੀ ਖਾਰੀ ਤੋਂ ਜ਼ੈਲਦਾਰਾਂ ਦੀ ਘਾਟ ਇਕੱਠੇ ਹੋਏ ਲੋਕਾਂ ਨੂੰ ਰੜਕਣ ਲੱਗ ਪਈ। ਜਦੋਂ ਮੁਦਈ ਧਿਰ ਹੀ ਨਾ ਆਈ ਤਾਂ ਛੋਟੀ ਖਾਰੀ ਤੋਂ ਟਰਾਲੀਆਂ ਭਰਕੇ ਕਿਸ ਨੇ ਆਉਣਾ ਸੀ?
                 
ਮਿੱਠੂ ਤੇ ਪ੍ਰੀਤਮ ਨੇ ਆਸੇ-ਪਾਸੇ ਟੋਲੀਆਂ ਵਿੱਚ ਖੜੇ ਲੋਕਾਂ ਨੂੰ ਥਾਣੇ ਦੇ ਸਾਹਮਣੇ ਇਕੱਠਾ ਕਰ ਲਿਆ। ਪੰਜ-ਸੱਤ ਮਿੰਟ ਦੀ ਜ਼ਿੰਦਾਬਾਦ-ਮੁਰਦਾਬਾਦ ਬਾਅਦ ਇੱਕ ਸਬ-ਇੰਸਪੈਕਟਰ ਤੇ ਹੌਲਦਾਰ ਬਾਹਰ ਆਏ।ਚੇਤੂ ਤੇ ਹੋਰ ਦੁਖੀ ਕਿਸਾਨਾਂ ਦੀ ਗੱਲ ਭੀੜ ਦੇ ਰੌਲੇ-ਰੱਪੇ ਵਿਚ ਸੁਣੀ ਗਈ। ਅਖੀਰ ਸਾਰਿਆਂ ਨੂੰ ਚੁੱਪ ਕਰਾਉਂਦਿਆਂ ਐਸ ਆਈ ਨੇ ਕਹਿਣਾ ਸ਼ੁਰੂ ਕੀਤਾ,"ਦੇਖੋ ਭਰਾਵੋ! ਅਸੀਂ ਵੀ ਥੋਡੇ ਵਾਂਗ ਕਿਸਾਨ ਪਰਿਵਾਰਾਂ ਚੋਂ ਈ ਆਂ......ਥੋਡੇ ਜੱਟ ਭਰਾ। ਅਸੀਂ ਥੋਡੀ ਸਾਰੀ ਸਮੱਸਿਆ ਸਮਝਦੇ ਆਂ। ਦੇਖੋ, ਸਰਦਾਰ ਜੀ ਹੁਣ ਮੌਕੇ 'ਤੇ ਹੈ ਨੀ ਥਾਣੇ 'ਚ....ਪਰ ਮੈਂ ਆਪਣੇ ਵੱਲੋਂ ਪੂਰਾ ਯਕੀਨ ਦੁਆੳਂਦਾ ਥੋਨੂੰ,ਬੀ ਪੂਰਾ ਇਨਸਾਫ਼ ਦੁਆਮਾਗੇ। ਬਸ ਦੋ ਦਿਨ ਹੋਰ ਰੁਕ ਜਾਓ.....ਭਾਲ ਹੋ ਰਹੀ ਆ ਚੋਰਾਂ ਦੀ.....ਛੇਤੀ ਫੜੇ ਜਾਣਗੇ। ਪਰਚਾ ਤਾਂ ਥੋਨੂੰ ਪਤਾ ਈ ਆ ਕਿਹੋ 'ਜਾ ਬਣਾਉਣਾ ਮੈਂ.....ਚੋਰ-ਮੋਰੀਆਂ ਨੀ ਛੱਡਦਾ। ਤੁਸੀਂ ਮੇਰੇ ਜੱਟ ਭਰਾ ਓਂ......'ਕੇਰਾਂ ਧਰਨਾ ਚੱਕ ਦਿਓ।ਚੋਰਾਂ ਨੂੰ ਫੜਕੇ ਮੈਂ ਆਪ ਬਲਾਊਂ ਥੋਨੂੰ!ਠੀਕ ਐ?"
             
ਕਿਸੇ ਆਗੂ ਦੀ ਘਾਟ ਕਾਰਨ ਐਸ ਆਈ ਦੁਆਰਾ ਲਾਇਆ ਲਾਰਾ  ਵਧੀਆ ਕੰਮ ਕਰ ਗਿਆ। ਪਰਨੇ ਝਾੜਕੇ ਮੋਢਿਆਂ 'ਤੇ ਧਰਦੇ ਜੱਟ ਖਿੰਡ-ਪੁੰਡ ਗਏ।
              
ਸ਼ਾਮ ਨੂੰ ਵੱਡੀ ਖਾਰੀ ਦੀ ਸੱਥ ਫੇਰ ਜੁੜ ਗਈ।"ਕੇਰਾਂ ਤਾਂ ਬਾਈ ਦੱਬਤੀ ਗੱਲ ਪੁਲਸ ਨੇ। ਮੋੜਤੇ ਜੱਟ ਮਿੱਠੀ ਗੋਲੀ ਦੇ ਕੇ, ਬੀ ਚੂਸੀ ਜਾਣਗੇ।"   "ਹੋਰ ਬਾਈ ਪੁਲਸ ਨੂੰ ਪਤਾ, ਬੀ ਕੇਰਾਂ 'ਕੱਠੇ ਹੋਏ ਜੱਟ ਖਿੰਡਾ ਦਿਓ ਕਿਮੇ ਨਾ ਕਿਮੇ......ਮੁੜਕੇ ਗੰਢ ਬੱਝਦੀ ਨੀ ਛੇਤੀ -ਛੇਤੀ।"     "ਜੈਲਦਾਰ-ਜੈਲਦਾਰ ਕਰਦੇ ਸੀ...ਧਰਨੇ 'ਤੇ ਆਏ ਈ ਨੀ ....ਵੱਡੇ ਜੈਲਦਾਰ!"    "ਮੈਂ ਤਾਂ ਸੁਣਿਐ ....ਕੀਲ ਲਏ ਉਡਣੇ ਸੱਪ....ਫੱਟੇਚੱਕ ਨੇ......ਤਵੀਆਂ ਨਮੀਆਂ ਦੁਆਤੀਆਂ !"  "ਫੇਰ ਤਾਂ ਅਗਲਿਆਂ ਨੇ ਟਿਕਣਾ ਈ ਐ ....ਉਹ ਐਵੇਂ ਪੁਲਸ ਦੇ ਮੱਥੇ ਲਗਦੇ ਫਿਰਨ।"    "ਤੇ ਯੂਨੀਅਨ ਆਲੇ......?"     "ਓਹ ਵੀ ਭਰਾਵਾ ਓਥੇ ਜਾਂਦੇ ਨੇ, ਜਿੱਥੇ ਪੀੜਿਤ ਬੰਦਾ ਆਪ ਬਰਾਬਰ ਖੜ੍ਹੇ।ਏਥੇ ਦੁਖੀਏ ਤਾਂ ਚੁੱਪ ਕਰਗੇ ਪੈਸੇ ਲੈ ਕੇ।……ਬਾਹਲਾ ਕੁਝ ਸੋਚਣਾ ਪੈਂਦਾ ਓਹਨਾਂ ਨੂੰ ਵੀ ....ਮੋਰਚਾ ਲਾਉਣ ਤੋਂ ਪਹਿਲਾਂ।"      "ਭਾਮੇ ਕਿਮੇ ਵੀ ਆ .....ਹੋਈ ਮਾੜੀ ਆ ਚੇਤੂ ਨਾਲ...ਜ਼ੈਲਦਾਰਾਂ ਦੇ ਹਟਣ ਨਾਲ ਹੁਣ ਨਾ ਪਰਚਾ ਪੈਣਾ ਨਾ ਇਂਜ਼ਣ ਮਿਲੇ।"   "ਬਾਕੀ ਪੁਲਸ ਤਾਂ ਬੰਨ੍ਹੀ ਹੋਈ ਈ ਆ ਫੱਟੇਚੱਕ ਨੇ।" "ਨਾ ਬਾਈ ਇਕ ਹੰਭਲਾ ਤਾਂ ਹੋਰ ਮਾਰਾਂਗੇ 'ਕੇਰਾਂ।ਠਾਣੇਦਾਰ ਨਾ ਕਰੂ ਕੁਸ਼, ਤਾਂ ਡਿਪਟੀ ਦੇ ਜਾਮਾਗੇ।ਪਰ ਅਜੇ ਦੇਖਦੇ ਆਂ ਦੋ-ਚਾਰ ਦਿਨ।"ਪ੍ਰੀਤਮ ਨੇ ਇਕ ਵਾਰ ਸਭ ਚੁਪ ਕਰਾ ਦਿੱਤੇ।

"ਐਂ ਤਾਂ ਭਰਾਵਾ ਜਿੱਦੇਂ ਕਹੇਂਗਾ ......ਅਸੀਂ ਤਾਂ ਫੇਰ ਪਾਲਾਂਗੇ ਟਰਾਲੀ ਦੇ ਡਾਲੇ ਨੂੰ ਹੱਥ।"
          ਸੱਥ ਦੀ ਚਰਚਾ ਚਲਦੀ ਰਹੀ।
        
ਜ਼ੈਲਦਾਰਾਂ ਦੇ ਪਿੱਛੇ ਹਟਣ ਨਾਲ ਚੇਤੂ ਵਿੱਚ ਹੋਰ ਵੀ ਹੀਣਤਾ ਆ ਗਈ।ਧਰਨੇ ਵਿਚ ਭਾਵੇਂ ਹੋਰ ਵੀ ਪਿੰਡਾਂ ਦੇ ਲੋਕ ਆਏ ਸਨ ਪਰ ਸਾਰੇ ਹੀ ਚੇਤੂ ਦੇ ਮੋਢੇ 'ਤੇ ਰੱਖਕੇ ਨਿਸ਼ਾਨਾ ਬਿੰਨ੍ਹਣਾ ਚਾਹੁੰਦੇ ਸਨ। ਯੂਨੀਅਨ ਵਾਲਿਆਂ ਤੋਂ ਵੀ ਹੁਣ ਕੋਈ ਉਮੀਦ ਨਹੀਂ ਸੀ।ਘਰ ਦੇ ਹਾਲਾਤ ਵੀ ਸਾਥ ਦੇਣ ਤੋਂ ਇਨਕਾਰੀ ਸਨ। ਚੇਤੂ ਨੂੰ ਆਪਣਾ-ਆਪ ਝਾੜੀਆਂ 'ਚ ਫਸੀ ਬਿੱਲੀ ਵਰਗਾ ਲੱਗਣ ਲਗ ਪਿਆ।
       
ਹਮਦਰਦੀ ਤਾਂ ਭਾਵੇਂ ਸਾਰੇ ਪਿੰਡ ਦੀ ਚੇਤੂ ਦੇ ਨਾਲ ਸੀ ਪਰ ਉਸਨੂੰ ਹੱਲਾਸ਼ੇਰੀ ਸਿਰਫ ਪ੍ਰੀਤਮ ਤੇ ਮਿਠੂ ਵਲੋਂ ਹੀ ਥ੍ਹੋੜੀ-ਬਹੁਤੀ ਮਿਲਦੀ ਸੀ।ਧਰਨੇ ਤੋਂ ਚਾਰ-ਪੰਜ ਦਿਨ ਮਗਰੋਂ ਥਾਣੇ ਵਲੋੰ ਕੋਈ ਕਾਰਵਾਈ ਨਾ ਹੋਈ।ਦੋਵੇਂ ਵਰਕਰਾਂ ਨੇ ਆਪਣੇ ਯਤਨਾਂ ਨਾਲ ਹੀ ਪਿੰਡਾਂ ਦੇ ਪੰਚਾਂ-ਸਰਪੰਚਾਂ,ਲੰਬਰਦਾਰਾਂ ਤੇ ਹੋਰ ਮੁਲਾਜ਼ਮ-ਮਜ਼ਦੂਰ ਜ਼ਥੇਬੰਦੀਆਂ ਸਮੇਤ ਨੇੜਲੇ ਪਿੰਡਾਂ ਦੇ ਮੋਹਤਬਰਾਂ ਨੂੰ ਨਾਲ ਲੈ ਕੇ ਡੀ ਐਸ ਪੀ ਨੂੰ ਮਿਲਣ ਦਾ ਪ੍ਰੋਗਰਾਮ ਬਣਾ ਲਿਆ।ਅਣਮੰਨੇ ਮਨ ਨਾਲ ਚੇਤੂ ਵੀ ਉਹਨਾਂ ਦੇ ਨਾਲ ਤੁਰ ਪਿਆ।ਭਾਵੇਂ ਹੁਣ ਤੱਕ ਉਸਨੂੰ ਮਹਿਸੂਸ ਤਾਂ ਹੋ ਹੀ ਚੁੱਕਾ ਸੀ ਕਿ ਜਦੋਂ ਮੁਦਈ ਧਿਰਾਂ ਪਿੱਛੇ ਰਹਿ ਜਾਣ ਤਾਂ ਜ਼ਥੇਬੰਦੀਆਂ ਦੀਆਂ ਚਾਰਾਜੋਈਆਂ ਦਾ ਕੋਈ ਅਰਥ ਨਹੀਂ ਰਹਿ ਜਾਂਦਾ।
           
ਇਥੇ ਇਕੱਠੇ ਹੋਏ ਲੋਕ ਚੇਤੂ ਲਈ ਸਾਰੇ ਨਵੇਂ ਚਿਹਰੇ ਹੀ ਸਨ । ਡੀਐਸਪੀ ਦੇ ਬੁਲਾਉਣ ਤੇ ਉਹ ਸਭ ਦਫ਼ਤਰ ਅੰਦਰ ਲੰਘ ਗਏ। ਅਫਸਰ ਦੀ ਕੁਰਸੀ ਦੇ ਸਾਹਮਣੇ ਪਏ ਵੱਡੇ ਮੇਜ਼ ਦੁਆਲੇ ਚਾਰ-ਪੰਜ ਕੁਰਸੀਆਂ 'ਤੇ ਪ੍ਰੀਤਮ,ਮਿਠੂ ਤੇ ਕੁਝ ਹੋਰ ਮੋਹਤਬਰ ਬੰਦੇ ਬੈਠ ਗਏ।ਬਾਕੀ ਉਹਨਾਂ ਕੁਰਸੀਆਂ ਦੀਆਂ ਬਾਹਾਂ ਤੇ ਢੋਅ ਆਦਿ ਦਾ ਸਹਾਰਾ ਲੈਕੇ ਖ੍ਹੜੇ ਹੋ ਗਏ।

        "ਹਾਂ ਜੀ ਪ੍ਰੀਤਮ ਸਿੰਘ ਜੀ ਹੁਕਮ ਕਰੋ!" ਡਿਪਟੀ ਨੇ ਉਸ ਨੂੰ ਨਾਮ ਲੈ ਕੇ ਬੁਲਾਇਆ।

"ਜੀ ਸਮੱਸਿਆ ਲੈ ਕੈ ਆਏ ਆਂ ਇੱਕ.......!" "ਸਮੱਸਿਆ ਤਾਂ ਜਿਹੜੀ ਵੀ ਹੈ ਸੁਣਾਂਗੇ ਈ ਤੁਹਾਡੀ।ਪਹਿਲਾਂ ਜਾਣ-ਪਛਾਣ ਨਾ ਹੋਜੇ ਸਾਰਿਆਂ ਦੀ?" ਪ੍ਰੀਤਮ ਦੀ ਗੱਲ ਕਟਦਿਆਂ ਡਿਪਟੀ ਬੋਲਿਆ।
     
ਚੇਤੂ ਨੂੰ ਅਫ਼ਸਰ ਦਾ ਅੰਦਾਜ਼ ਗੱਲ ਦੀ ਗੰਭੀਰਤਾ ਘੱਟ ਕਰਨ ਵਾਲਾ ਲੱਗਿਆ।
       ਡਿਪਟੀ ਨੇ ਭਰਵੱਟੇ ਹਿਲਾ ਕੇ ਮਿੱਠੂ ਵੱਲ ਇਸ਼ਾਰਾ ਕੀਤਾ,"ਹੂੰਅ?"

" ਜੀ ਮਿੱਠੂ ਸਿੰਘ,ਭਾਰਤੀ ਕਿਸਾਨ ਯੂਨੀਅਨ ਏਕਤਾ।"  "ਠੀਕ।"ਕਹਿ ਨਾਲ ਹੀ ਬੈਠੇ ਦੂਜੇ ਬੰਦੇ ਵੱਲ ਡਿਪਟੀ ਝਾਕਿਆ।   "ਜੀ ਸੇਵਕ ਸਿੰਘ,ਪੰਚਾਇਤ ਮੈਂਬਰ ਹਰਰਾਇਪੁਰ।"      "ਹੂੰਅ।"ਡਿਪਟੀ ਦੇ ਇਸ਼ਾਰੇ ਨਾਲ ਤੀਜਾ ਬੋਲਿਆ,"ਗੁਰਦੀਪ ਸਿੰਘ, ਸਾਬਕਾ ਸਰਪੰਚ ਸ਼ੇਰਗ੍ਹੜ।"
          
ਇਸ ਤੋਂ ਬਾਅਦ ਡਿਪਟੀ ਦੇ ਬਿਨਾ ਕੁੱਝ ਬੋਲੇ ਸਿਰਫ਼ ਅੱਖਾਂ ਘੁਮਾਉਣ ਨਾਲ ਹੀ ਅਗਲੇ ਬੰਦੇ ਆਪਣੀ ਪਹਿਚਾਣ ਦੱਸਣ ਲੱਗ ਪਏ। "ਗਮਦੂਰ ਸਿੰਘ ਸੰਧੂ,ਬਲਾਕ ਸਕੱਤਰ, ਭਾਰਤੀ ਕਿਸਾਨ ਯੂਨੀਅਨ ਸਿਧੂਪੁਰ।"  "ਐਮ ਕੇ ਜ਼ਿੰਦਲ,ਸੈਕਟਰੀ ਇੰਪਲਾਈਜ ਫੈਡਰੇਸ਼ਨ।" "ਜਗਤਾਪ ਸ਼ਰਮਾ, ਪ੍ਰਧਾਨ ਕਾਂਵੜ ਸੇਵਾ ਸੰਮਤੀ।"
          
ਕੋਈ ਪ੍ਰਧਾਨ, ਕੋਈ ਸੈਕਟਰੀ, ਮੈਂਬਰ, ਸਰਪੰਚ ਦੀ ਜਾਣ-ਪਛਾਣ ਸੁਣ ਕੇ ਚੇਤੂ ਨੂੰ ਉਹਨਾਂ ਖ਼ਾਸ ਬੰਦਿਆਂ ਵਿੱਚ ਆਪਣਾ-ਆਪ ਹੀਣਾ ਜਿਹਾ ਮਹਿਸੂਸ ਹੋਣ ਲੱਗ ਪਿਆ। ਫੇਰ ਵੀ ਉਸਨੂੰ ਲੱਗਿਆ ਕਿ ਬਾਕੀ ਰਹਿੰਦੇ ਬੰਦੇ, ਹੋ ਸਕਦਾ ਉਸ ਵਰਗੇ ਹੋਣ। ਡਿਪਟੀ ਨੇ ਦ੍ਹਾੜੀ ਬੰਨ੍ਹੀ ਵਾਲੇ ਕੱਦਾਵਰ ਬੰਦੇ  ਵੱਲ ਇਸ਼ਾਰਾ ਕੀਤਾ।  
"ਜਨਾਬ! ਸੁਰਿੰਦਰਪਾਲ ਸਿੰਘ ਸਰਾਂ,ਰਿਟਾਇਰਡ ਸੂਬੇਦਾਰ,ਬਲਾਕ ਪ੍ਰੈਜ਼ੀਡੈਂਟ ਸਾਬਕਾ ਸੈਨਿਕ ਮੰਡਲ।"

"ਦਲਵੀਰ ਸਿੰਘ, ਪ੍ਰੈਸ ਸਕੱਤਰ ਯੁਵਕ ਭਲਾਈ ਕਲੱਬ ।"
     
ਚੇਤੂ ਸੋਚੀਂ ਪੈ ਗਿਆ।ਉਹ ਆਪਣੇ -ਆਪ ਨੂੰ ਕੀ ਕਹਿਕੇ ਡਿਪਟੀ ਨੂੰ ਪਛਾਣ ਦੱਸੇਗਾ? ਉਹ ਤਾਂ ਆਪਣਾ ਇੰਜਣ ਚੋਰੀ ਹੋਣ ਬਾਰੇ ਸ਼ਿਕਾਇਤ ਕਰਨ ਆਇਆ ਹੈ।ਪਰ ਹਾਲੇ ਵਿਚਕਾਰ ਦੋ ਬੰਦੇ ਬਾਕੀ ਰਹਿੰਦੇ ਸਨ। ਹੋ ਸਕਦਾ ਉਹਨਾਂ ਵਿੱਚੋਂ ਹੀ  ਕੋਈ ਉਸ ਵਰਗਾ ਪੀੜਤ ਹੋਵੇ!
          
 ਉਹ ਵੀ ਆਪਣੀ ਪਛਾਣ ਡਿਪਟੀ ਨੂੰ ਦੱਸੀ ਗਏ।  "ਸੁਰਿੰਦਰ ਕੁਮਾਰ, ਸਹਾਰਾ ਜਨਸੇਵਾ ਕਲੱਬ।" ਚੇਤੂ ਦੀ ਨੀਵੀਂ ਪੈ ਗਈ। ਪਰ ਉਸ ਨੂੰ ਫੇਰ ਵੀ ਲੱਗਿਆ ਕਿ ਇਹ ਨਾਲ ਸਿਰ 'ਤੇ ਪਰਨਾ ਵਲ੍ਹੇਟੀ ਖ੍ਹੜਾ ਬੰਦਾ ਜਰੂਰ ਦਰਦਮੰਦ ਹੋਵੇਗਾ । ਅਫ਼ਸਰ ਦੇ ਇਸ਼ਾਰੇ 'ਤੇ ਉਹ ਬੋਲਿਆ,"ਜੀ!ਫਿੱਡੂ ਸਿੰਘ, ਪ੍ਰਧਾਨ ਖੇਤ - ਮਜ਼ਦੂਰ ਯੂਨੀਅਨ।"  
          
ਚੇਤੂ ਦੀ ਵਾਰੀ ਆ ਗਈ। ਉਸਨੂੰ ਕੁਝ ਸਮਝ ਨਹੀਂ ਆ ਰਿਹਾ ਸੀ।ਉਹ ਸੋਚੀਂ ਪਿਆ ਨੀਵੀਂ ਪਾਈ ਖ੍ਹੜਾ ਰਿਹਾ।  "ਹਾਂ ਬਈ...... ਆਪਾਂ? ਅਫ਼ਸਰ ਦੀ ਭਾਰੀ ਤੇ ਉੱਚੀ ਅਵਾਜ਼ ਨਾਲ ਚੇਤੂ ਤ੍ਰਬਕਿਆ,"ਜੀ ਮੈਂ......ਮੈਂ ਤਾਂ ਜੀ.......ਕੁਸ਼ ਵੀ ਨੀਂ!"
          
ਪੰਚਾਂ,ਸਰਪੰਚਾ,ਪ੍ਰਧਾਨਾਂ,ਸਕੱਤਰਾਂ 'ਚ ਘਿਰੇ ਖ੍ਹੜੇ ਚੇਤੂ ਤੋਂ ਅੱਗੇ ਬੋਲਿਆ ਨਾ ਗਿਆ ਜਿਵੇਂ ਆਪਣੀ ਮਨਫ਼ੀ ਹੋ ਚੁੱਕੀ ਹੋਂਦ ਨੂੰ ਸਵੀਕਾਰ ਕਰ ਲਿਆ ਹੋਵੇ।

                ਸੰਪਰਕ: +91 94634 45092

Comments

ਅਮਨ ਮਾਨਸਾ

ਬਹੁਤ ਖੂਬ।

Security Code (required)



Can't read the image? click here to refresh.

Name (required)

Leave a comment... (required)





ਕਹਾਣੀ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ