Sat, 05 October 2024
Your Visitor Number :-   7229327
SuhisaverSuhisaver Suhisaver

ਮਨ ਨਿਰੰਤਰ - ਵਰਿੰਦਰ ਖੁਰਾਣਾ

Posted on:- 04-05-2013

suhisaver

ਜੀਤ ਨਾ ਚਾਹੁੰਦਾ ਹੋਇਆ ਵੀ ਆਪਣੇ ਇੱਕ ਖਾਸ ਦੋਸਤ ਦੇ ਜ਼ੋਰ ਪਾਉਣ ’ਤੇ ਉਹਨਾਂ ਨਾਲ ਪਹਾੜਾਂ ‘ਤੇ ਟ੍ਰੈਕਿੰਗ ਕਰਨ ਆ ਤਾਂ ਗਿਆ, ਪਰ ਫਿਰ ਵੀ ਉਸ ਦਾ ਮਨ ਦੂਰ ਕਿਸੇ ਘੁੰਮਣ-ਘੇਰੀਆਂ ‘ਚ ਫਸਿਆ ਹੋਇਆ ਸੀ, ਜਿਸ ਵਿੱਚੋ ਜਾਂ ਤਾਂ ਉਹ ਖੁਦ ਹੀ ਨਿਕਲਣਾ ਨਹੀ ਸੀ ਚਾਹੁੰਦਾ ਤੇ ਜਾਂ ਉਹ ਪੂਰੀ ਕੋਸ਼ਿਸ਼ ਕਰਕੇ ਵੀ ਨਿਕਲ ਨਹੀ ਸੀ ਪਾ ਰਿਹਾ।ਉਹ ਜਿਵੇਂ ਸਾਥ ਦੇ ਬਾਵਜੂਦ ਵੀ ਇਕੱਲਾ ਸੀ।

ਇੱਕ ਪਾਸੇ, ਖੜਾ ਹੋ ਕੇ ਉਹ ਦੂਰ ਕਿਤੇ ਪਹਾੜੀ ਜੰਗਲਾਂ ਵੱਲ ਦੇਖ ਰਿਹਾ ਇੰਝ ਲੱਗਦਾ ਸੀ ਜਿਵੇ ਦਿੱਸਹੱਦੇ ਤੋਂ ਪਾਰ ਕੁੱਝ ਦੇਖਣ ਦਾ ਯਤਨ ਕਰ ਰਿਹਾ ਹੋਵੇ,ਕੁੱਝ ਲੱਭ ਰਿਹਾ ਹੋਵੇ ਜਿਵੇਂ ਉਹ ਬਹੁਤ ਸਮੇਂ ਬਾਅਦ ਕਿਸੇ ਚੀਜ਼ ਨੂੰ ਦੇਖ ਰਿਹਾ ਹੋਵੇ।ਬੇਸ਼ੱਕ ਇਹ ਪਹਾੜ ਇਹ ਜੰਗਲ ਉਸ ਲਈ ਨਵੇਂ ਨਹੀ ਸਨ ਪਰ ਫਿਰ ਵੀ ਉਹ ਇਹਨਾਂ ‘ਚ ਗਵਾਚਿਆ ਹੋਇਆ ਸੀ ਜਿਵੇਂ ਉਸਨੂੰ ਆਪਣੇ ਆਲੇ-ਦੁਆਲੇ ਦੀ ਸੋਝੀ ਹੀ ਨਾ ਹੋਵੇ।
       
ਉਸਦਾ ਗਰੁੱਪ ਅਗੇ ਚੱਲਣ ਲਈ ਤਿਆਰ ਸੀ ਸਭ ਨੇ ਆਪਣੇ ਸਮਾਨ ਵਾਲੇ ਪਿੱਠੂ ਚੁੱਕ ਲਏ।ਜੀਤ ਨੇ ਵੀ ਆਪਣਾ ਪਿੱਠੂ ਚੁੱਕਿਆ ਤੇ ਚੱਲਣ ਲਈ ਤਿਆਰ ਹੋ ਗਿਆ।ਅੱਗੇ ਦਾ ਰਸਤਾ ਉਹਨਾਂ ਤੁਰ ਕੇ ਹੀ ਜਾਣਾ ਸੀ।ਚੰਬੇ ਤੋਂ ਸੌ ਕਿਲੋਮੀਟਰ ਦੂਰ ਅਤੇ ਲੱਗਭੱਗ ਛੇ ਹਜ਼ਾਰ ਫੁੱਟ ਦੀ ਉਚਾਈ ਤੇ ਇਹ ‘ਤਰੇਲਾ’ ਨਾਮ ਦਾ ਸਥਾਨ ਹੈ ਜਿਸ ਤੋਂ ਅੱਗੇ ਕੋਈ ਸੜਕ ਨਹੀਂ ਤੇ ਇਸ ਤੋਂ ਅੱਗੇ ਪੈਦਲ ਹੀ ਤੁਰਨਾ ਪੈਂਦਾ ਹੈ।ਇਹ ਇਲਾਕਾ ਜੀਤ ਨੂੰ ਬਹੁਤ ਪਸੰਦ ਹੈ ਕਿਉਂਕਿ ਉਸਦੀ ਰੁਚੀ ਹਮੇਸ਼ਾ ਹੀ ਅਜਿਹੇ ਸਥਾਨਾ ਨੂੰ ਦੇਖਣ ‘ਚ ਰਹੀ ਹੈ ਜਿਹੜੇ ਭੀੜ-ਭਾੜ ਅਤੇ ਸ਼ੋਰ-ਸ਼ਰਾਬੇ ਤੋ ਰਹਿਤ ਅਤੇ ਆਮ ਲੋਕਾਂ ਵੱਲੋ ਵਿਸਾਰੇ ਗਏ ਹੋਣ।ਉਸਦਾ ਇਸ ਯਾਤਰਾ ਲਈ ਰਾਜ਼ੀ ਹੋਣ ਦਾ ਇਹ ਵੀ ਇੱਕ ਕਾਰਣ ਸੀ।
         
ਪੜ੍ਹਨਾ-ਲਿਖਣਾ ਤੇ ਯਾਤਰਾ ਕਰਨ ਦਾ ਸ਼ੌਕ ਉਸਨੂੰ ਕਈ ਸਾਲਾਂ ਤੋਂ ਸੀ।ਉਹ ਅਜਿਹੇ ਬਹੁਤ ਸਥਾਨਾਂ ਦੀ ਯਾਤਰਾ ਕਰ ਚੁੱਕਾ ਸੀ ਜਿਹੜੇ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਸਨ।ਉਹ ਇੱਕ ਆਜ਼ਾਦ ਪੰਛੀ ਵਾਂਗੂੰ ਖੁੱਲੇ ਆਸਮਾਨ ‘ਚ ਉਡਾਰੀਆਂ ਲਾਉਣ ਦਾ ਸ਼ੌਕੀ ਸੀ।ਇਹ ਸ਼ੌਕ ਹੌਲੀ-ਹੌਲੀ ਜਨੂੰਨ ਦਾ ਰੂਪ ਧਾਰ ਗਿਆ ਤੇ ਫਿਰ ਆਦਤ ਦਾ।ਉਸ ਕੋਲ ਖਰਚੇ ਲਈ ਕੁੱਝ ਹੋਵੇ ਨਾ ਹੋਵੇ,ਭੁੱਖੇ ਰਹਿਣਾ ਪਵੇ,ਪੈਦਲ ਸਫਰ ਕਰਨਾ ਪਵੇ ਉਸਨੂੰ ਕੋਈ ਫਰਕ ਨਹੀ ਸੀ ਪੈਂਦਾ।ਬਸ ਆਪਣੇ ਸਾਮਾਨ ਵਾਲਾ ਪਿੱਠੂ ਚੁੱਕਦਾ,ਜ਼ਰੂਰਤ ਦੀਆਂ ਚੀਜਾਂ ਅਤੇ ਥੋੜਾ-ਬਹੁਤ ਖਾਣ ਨੂੰ ਬੰਨਦਾ,ਨਕਸ਼ੇ ਫੜਦਾ ਤੇ ਤੁਰ ਪੈਂਦਾ ‘ਨਵੇ ਸਫਰ’ ‘ਤੇ ।ਦੇਸ਼ ਦੇ ਕਈ ਹਿੱਸੇ ਉਸਨੇ ਘੁੰਮ ਲਏ।ਉਹ ਆਸਮਾਨ ਨੂੰ ਸਰ ਕਰ ਲੈਣਾ ਚਾਹੁੰਦਾ ਸੀ।ਪਰ ਇੱਕ ਪੰਛੀ ਵੀ ਕਿੰਨੀ ਕੁ ‘ਉੱਚੀ ਉਡਾਰੀ’ ਲਾ ਸਕਦਾ ਅਸਮਾਨ ਵਿੱਚ?ਖੈਰ!
   
‘ਤਰੇਲਾ’ ਥੋੜੀ-ਬਹੁਤ ਵਸੋ ਵਾਲੀ ਜਗ੍ਹਾ ਹੈ ਪਰ ਅੱਗੇ ਚੱਲਦਿਆਂ ਵਸੋ ਵਿਰਲੀ ਤੇ ਘੱਟ ਹੁੰਦੀ ਜਾਂਦੀ ਹੈ।ਇਥੋ ਅੱਗੇ ਚਾਰ ਕਿਲੋ ਮੀਟਰ ਉਹਨਾਂ ਧੀਮੀ ਚੜ੍ਹਾਈ ਚੜ੍ਹਨੀ ਸੀ ਭਾਵੇਂ ਜੀਤ ਇਥੇ ਪਹਿਲਾਂ ਆ ਚੁੱਕਿਆਂ ਸੀ ਪਰ ਫਿਰ ਵੀ ਉਹਨਾਂ ਇਥੋ ਸਥਾਨਕ ਗਾਇਡ ਨਾਲ ਲੈ ਲਏ ਤਾਂ ਕਿ ਕਿਸੇ ਮੁਸੀਬਤ ਦਾ ਸਾਹਮਣਾ ਨਾ ਕਰਨਾ ਪਵੇ ਕਿਉਕਿ ਉਸਦੇ ਬਾਕੀ ਸਾਥੀਆਂ ਵਿੱਚੋਂ ਇੱਕ-ਦੋ ਨੂੰ ਛੱਡ ਕੇ ਬਾਕੀ ਸਾਰੇ ਅਨੁਭਵ ਹੀਣ ਸਨ।ਉਸ ਨਾਲ ਖੁਦ ਤੋਂ ਬਗੈਰ ਚਾਰ ਮੁੰਡਿਆਂ ਅਤੇ ਦੋ ਕੁੜੀਆਂ ਦਾ ਗਰੁੱਪ ਸੀ।ੳੇਹਨਾਂ ਇਥੋਂ ਚੱਲ ਕੇ ‘ਭਨੌਦੀ’ ਨਾਂ ਦੇ ਪਿੰਡ ਤੋਂ ਹੁੰਦਿਆਂ ਹੋਇਆਂ ‘ਸਤਰੌਂਦੀ’ ਜਾਣਾ ਸੀ ਜਿੱਥੋ ਉਹਨਾਂ ਅੱਗੇ ਦੀ ਯਾਤਰਾ ਕਰਨੀ ਸੀ।
    
ਜੀਤ ਨੂੰ ਇੱਕਲਿਆਂ ਆਪਣੇ-ਆਪ ‘ਚ ਗਵਾਚਿਆਂ ਤੁਰੇ ਜਾਂਦੇ ਵੇਖ ਕੇ ‘ਰੂਪੀ’ ਨੇ ਉਸਨੂੰ ਪੁੱਛਿਆ, “ਕੀ ਗੱਲ ਐ ? ਰਣਜੀਤ ਜੀ ਤੁਸੀ ਬਹੁਤ ਉਦਾਸ ਲੱਗ ਰਹੇ ਓ।” ਰੂਪੀ ਉਹਦੇ ਗਰੁੱਪ ‘ਚੋਂ ਹੀ ਇੱਕ ਬਾਈ ਤੇਈ ਵਰਿਆਂ ਦੀ ਕੁੜੀ ਸੀ। “ਨਹੀ ਮੈ ਠੀਕ ਆਂ”, ਜੀਤ ਨੇ ਸਹਿਜ ਸੁਭਾਅ ਜਵਾਬ ਦਿੱਤਾ ਜੋ ਰੂਪੀ ਨੂੰ ਕੁੱਝ ਰੁੱਖਾ ਜਿਹਾ ਲੱਗਾ ਤੇ ਉਹ ਚੁੱਪ ਕਰਕੇ ਉਸ ਤੋ ਥੋੜੀ ਜਿਹੀ ਵਿੱਥ ਤੇ ਚੱਲਣ ਲੱਗੀ।ਪਰ ਫਿਰ ਵੀ ਉਹਦਾ ਧਿਆਨ ਜੀਤ ‘ਚ ਹੀ ਸੀ।ਉਸਨੇ ਆਪਣੇ ਕਾਲਜ ਦੇ ਸਾਥੀਆਂ ਤੋਂ ਜੀਤ ਦੇ ਸੁਭਾਅ ਦੀ ਬਹੁਤ ਤਾਰੀਫ ਸੁਣੀ ਸੀ।ਉਹ ਜਾਣਦੀ ਸੀ ਕਿ ਜੀਤ ਇਸ ਤਰ੍ਹਾਂ ਉਦਾਸ ਹੋਣ ਵਾਲਿਆਂ ‘ਚੋ ਜਾਂ ਕਿਸੇ ਨਾਲ ਗਲਤ ਪੇਸ਼ ਆਉਂਣ ਵਾਲਿਆਂ ਵਿੱਚੋਂ ਨਹੀ ਸੀ।ਉਸਨੂੰ ਇਹ ਵੀ ਪਤਾ ਸੀ ਕਿ ਜੀਤ ਨੂੰ ਇਹਨਾਂ ਪਹਾੜਾਂ,ਇਥੋ ਦੇ ਮੌਸਮ ਅਤੇ ਆਪਣੇ ਇਸ ‘ਸ਼ੌਕ’ ਨਾਲ ਕਿੰਨਾ ਪਿਆਰ ਹੈ।ਬਸ ਇਹੀ ਗੱਲ ਉਸਦੀ ਸਮਝ ਤੋਂ ਬਾਹਰ ਸੀ ਕਿ ਕੋਈ ਇਨਸਾਨ ਆਪਣੀ ਮਨਭਾਉਂਦੀ ਜਗ੍ਹਾ ‘ਤੇ ਆ ਕੇ ਵੀ ਖੁਸ਼ ਨਾ ਹੋਵੇ ਇਸਦਾ ਕੀ ਕਾਰਨ ਹੋ ਸਕਦਾ ਹੈ।ਉਹ ਉਸਨੂੰ ਇਸ ਉਦਾਸੀ ਦਾ ਕਾਰਣ ਪੁੱਛਣਾ ਚਾਹੁੰਦੀ ਸੀ।ਪਰ ਉਸਨੂੰ ਇੱਕ ਝਿੱਜਕ ਸੀ।ਕਿਉਕਿ ਉਹ ਇੱਕ ਕੋਸ਼ਿਸ਼ ਕਰ ਚੁੱਕੀ ਸੀ ਤੇ ਹੁਣ ਜੀਤ ਦੇ ਬੁਰਾ ਮਨਾਉਣ ਤੋਂ ਡਰਦੀ ਸੀ।ਪਰ ਫਿਰ ਵੀ ਉਹ ਸਹੀ ਮੌਕੇ ਦੀ ਤਲਾਸ਼ ਵਿੱਚ ਸੀ ਅਤੇ ਇਹ ਮੌਕਾ ਉਸਨੂੰ ਛੇਤੀ ਹੀ ਮਿਲ ਵੀ ਗਿਆ।
   

ਤੁਰਦੇ-ਤੁਰਦੇ ਉਹ ਦੋਵੇਂ ਬਾਕੀ ਸਾਥੀਆਂ ਤੋਂ ਅੱਗੇ ਲੰਘ ਗਏ ਅਤੇ ਮੀਂਹ ਵਰ੍ਹਨਾ ਸ਼ੁਰੂ ਹੋ ਗਿਆ।ਜਿਸ ਕਰਕੇ ਉਹਨਾਂ ਨੂੰ ਰੁਕਣਾ ਪਿਆ ਤੇ ਉਹ ਇੱਕ ਵੱਡੀ ਚੱਟਾਨ ਦੀ ਓਟ ਥੱਲੇ ਮੀਂਹ ਤੋ ਬਚਣ ਲਈ ਬੈਠ ਗਏ।ਚੱਟਾਨ ਹੇਠਾਂ ਬੈਠਣ ਤੋਂ ਪਹਿਲਾਂ ਉਸਨੇ ਆਲੇ ਦੁਆਲੇ ਦੀਆਂ ਚੱਟਾਨਾਂ ਦਾ ਜਾਇਜ਼ਾ ਲਿਆ ਤਾਂ ਕਿ ਕੋਈ ਖਤਰੇ ਵਾਲੀ ਗੱਲ ਨਾ ਹੋਵੇ।ਜਦੋ ਉਹ ਚੱਟਾਨ ਹੇਠਾਂ ਬੈਠੇ ਸਨ ਤਾਂ ਅਚਾਨਕ ਰੂਪੀ ਫਿਰ ਬੋਲੀ,“ਰਣਜੀਤ ਜੀ, ਮੈ ਹੁਣ ਤੱਕ ਤੁਹਾਡੇ ਹੱਸਮੁੱਖ ਸੁਭਾਅੇ ਬਾਰੇ ਹੀ ਸੁਣਦੀ ਆਈ ਹਾਂ ਪਰ ਤੁਸੀ ਤਾਂ ਬਹੁਤ ਚੁੱਪ-ਚੁੱਪ ਹੋ ? ਇਹ ਉਦਾਸੀ ਕਿਉ ਰਣਜੀਤ ਜੀ ?”
    
ਜੀਤ ਨੇ ਰੂਪੀ ਵੱਲ ਬੜੀ ਗਹੁ ਨਾਲ ਵੇਖਿਆ ਉਸਦੇ ਚਿਹਰੇ ਵੱਲ ਵੇਖ ਕੇ ਉਸਨੂੰ ਇੰਝ ਲੱਗਾ ਜਿਵੇ ਉਸਦੇ ਸ਼ਾਹਮਣੇ ਕੋਈ ਹੋਰ ਕੁੜੀ ਨਹੀਂ ਸਗੋਂ ਉਸਦੀ ‘ਹਰਲੀਨ’ ਹੀ ਬੈਠੀ ਹੋਵੇ,ਫਿਰ ਉਹ ਇੱਕ-ਇੱਕ ਕਰਕੇ ਪੁਰਾਣੀਆਂ ਯਾਦਾਂ ‘ਚ ਗਵਾਚਦਾ ਗਿਆਂ।ਉਸਨੂੰ ਹਰਲੀਨ ਨਾਲ ਬਿਤਾਏ ਪਲ ਉਹਨਾਂ ਦਾ ਵਿਆਹ ਬੰਧਨ ‘ਚ ਬੱਝਣਾ ਸਭ ਸਾਖਸ਼ਾਤ ਹੋਣ ਲੱਗਾ।ਇਹ ਸਭ ਸੋਚਦਿਆਂ ਉਸਨੂੰ ਪਤਾ ਹੀ ਨਾਂ ਲੱਗਾ ਕਦਂੋ ਉਸਦੀਆਂ ਅੱਖਾਂ ਭਰ ਆਈਆਂ।ਫਿਰ ਉਸਨੂੰ ਉਹ ਚਿਹਰਾ ਧੁੰਦਲਾ ਜਾਪਣ ਲੱਗਾ ਤੇ ਅਚਾਨਕ ਆਪਣੇ ਹੱਥਾਂ ‘ਤੇ ਕਿਸੇ ਦੀ ਛੋਹ ਦੀ ਨਿੱਘ ਅਤੇ ਇੱਕ ਆਵਾਜ ਨੇ ਉਸਨੂੰ ਖਿਆਲਾਂ ‘ਚੋਂ ਬਾਹਰ ਲੈ ਆਂਦਾ ਤੇ ਉਸਦੇ ਸਾਹਮਣੇ ਫਿਰ ਰੂਪੀ ਬੈਠੀ ਸੀ।ਉਸਨੇ ਆਪਣੇ ਹੱਥ ਰੂਪੀ ਦੇ ਹੱਥਾਂ ‘ਚੋ ਕੱਡੇ ਲਏ।ਬਾਰਿਸ਼ ਰੁੱਕ ਚੁੱਕੀ ਸੀ ਉਹ ਉੱਠੇ ਤੇ ਫਿਰ ਚੱਲ ਪਏ।
      
“ਇਹ ਪਹਾੜੀ ਰਸਤੇ ਵੀ ਕਿੰਨੇ ਅਜੀਬ ਹੁੰਦੇ ਨੇ ਨਾ ਰਣਜੀਤ ਜੀ,ਹਰ ਰਸਤਾ ਇੱਕ ਨਵੀੰ ਮੰਜ਼ਿਲ ਵੱਲ ਨੂੰ ਲੈ ਕੇ ਜਾਂਦੈ।”ਰੂਪੀ ਨੇ ਉਸਨੂੰ ਬੁਲਾਉਣ ਦੇ ਇੱਕ ਹੋਰ ਯਤਨ ਵਜੋ ਕਿਹਾ।
     
“ਇਨ੍ਹਾਂ ਰਸਤਿਆਂ ‘ਤੇ ਬਹੁਤ ਸੋਚ-ਵਿਚਾਰ ਕੇ ਚੱਲਣਾ ਪੈਂਦਾ,ਇਹਨਾਂ ਤੇ ਮੰਜ਼ਿਲ ਦੀ ਸੰਭਾਵਨਾ ਤੋਂ ਜਿਆਦਾ ਭੱਟਕਣ ਦਾ ਖਤਰਾ ਹੁੰਦੈ।” ਜੀਤ ਨੇ ਉਸਦਾ ਯਤਨ ਸਮਝਦਿਆਂ ਜਵਾਬ ਦਿੱਤਾ।
  
“ਪਰ ਮੇਰਾ ਮੰਨਣਾ ਇਹ ਹੈ ਰਣਜੀਤ ਜੀ ਕਿ ਇਨਸਾਨ ਨੂੰ ਮੰਜ਼ਿਲ ਦੀ ਪਰਵਾਹ ਕੀਤੇ ਬਿਨਾਂ ਉਸਦੇ ਮਨ ਦੇ ਦੱਸੇ ਰਸਤੇ ਤੇ ਤੁਰਨਾਂ ਚਾਹੀਦਾ ਹੈ ਜੋ ਉਸਦੇ ਮਨ ਦੀ ਸੰਤੁਸ਼ਟੀ ਲਈ ਜਰੂਰੀ ਹੁੰਦੈ।”ਰੂਪੀ ਨੇ ਬੋਲਦਿਆਂ ਹੋਇਆਂ ਸਵਾਲੀਆਂ ਨਜ਼ਰਾਂ ਨਾਲ ਜੀਤ ਵੱਲ ਦੇਖਿਆ।
  
 “ਇਹ ਜ਼ਰੂਰੀ ਨਹੀਂ ਕਿ ਉਸਦੇ ਮਨ ਦਾ ਦੱਸਿਆ ਰਸਤਾ ਸਹੀ ਹੀ ਹੋਵੇ।”ਜੀਤ ਬੋਲਿਆ
“ਤੁਸੀ ਕਦੋਂ ਤੋਂ ਸਹੀ ਗਲਤ ਰਸਤਿਆਂ ਦੀ ਪਰਵਾਹ ਕਰਨੀ ਸ਼ੁਰੂ ਕਰ ਦਿੱਤੀ ? ਰੂਪੀ ਦਿਆਂ ਬੋਲਾਂ ‘ਚ ਵਿਅੰਗ ਉੱਭਰ ਆਇਆ।“ਮੈ ਤਾਂ ਸੁਣਿਆ ਕਿ ਤੁਸੀ ਹਮੇਸ਼ਾਂ ਅਣਜਾਣ ਰਸਤਿਆਂ ਤੇ ਈ ਚਲਦੇ ਆਏ ਓ ?ਇਨ੍ਹਾਂ ਦਿੱਸਦੀਆਂ,ਅਣਦਿੱਸਦੀਆਂ ਪਗਡੰਢੀਆਂ ‘ਤੇ,ਤੁਸੀ ਤਾਂ ਆਪਣਾ ਰਸਤਾ ਆਪ ਬਣਾਉਣ ਵਾਲਿਆਂ ‘ਚੋਂ ਹੋ ਨਾ ?”
        
ਜਵਾਬ ਵਿੱਚ ਜੀਤ ਕੁੱਝ ਨਹੀ ਬੋਲਿਆ।ਥੋੜੀ ਦੇਰ ਬਾਅਦ ਰੂਪੀ ਫਿਰ ਬੋਲੀ,“ਉਹ ਸਾਹਮਣੇ ਬੱਦਲ ਦੇਖ ਰਹੇ ਓ ਰਣਜੀਤ ਜੀ ?” ਰੂਪੀ ਨੇ ਉਪਰ ਵੱਲ ਇਸ਼ਾਰਾ ਕੀਤਾ ਅਤੇ ਜੀਤ ਨੇ ਵੀ ਉਸ ਦਿਸ਼ਾ ਵੱਲ ਨਜ਼ਰ ਮਾਰੀ ਅਤੇ ਫਿਰ ਰੂਪੀ ਵੱਲ ਦੇਖਦਾ ਉਸਦੀ ਅਗਲੀ ਗੱਲ ਦੀ ਉਡੀਕ ਕਰਨ ਲੱਗਾ।“ਰਣਜੀਤ ਜੀ ਇੱਕ ਮਨ ਵੀ ਇਸ ਕਾਲੇ ਬੱਦਲ ਦੀ ਤਰਾਂ ਹੁਂੰਦਾ ਹੈ ਜਿਸ ਵਿੱਚ ਅਨੇਕਾਂ ਯਾਦਾਂ ਤੇ ਖਿਆਲ ਠੀਕ ਉਸੇ ਤਰਾਂ ਜਜ਼ਬ ਹੁੰਦੇ ਹਨ ਜਿਸ ਤਰ੍ਹਾਂ ਇਸ ਬੱਦਲ ਵਿੱਚ ਪਾਣੀ ਦੀਆਂ ਬੂੰਦਾਂ,ਜਦੋ ਇਹ ਬੱਦਲ ਆਪਣੇ ਆਲੇ-ਦੁਆਲਿਓ ਇਹਨਾਂ ਪਹਾੜਾਂ ਵਿੱਚ ਘਿਰ ਜਾਂਦਾ ਹੈ ਤਾਂ ਇਸ ਦੇ ਦੀਆਂ ਆਪਣੀਆਂ ਬੂਦਾਂ ਦਾ ਭਾਰ ਹੀ ਇਸਨੂੰ ‘ਵਰ੍ਹਣ’ ਲਈ ਮਜ਼ਬੂਰ ਕਰ ਦਿੰਦਾ ਹੈ ਤੇ ਜਦੋਂ ਇਹ ਬੱਦਲ ਵਰ ਜਾਂਦੈ ਓਦੋਂ ਸਾਰਾ ਆਸਮਾਨ ਸਾਫ ਤੇ ਖੁੱਲਾ ਹੋ ਜਾਂਦੈ।ਇਸੇ ਤਰਾਂ ਹੀ ਸਾਡੇ ਮਨ ਦੀ ਹਾਲਤ ਹੁੰਦੀ ਹੈ’ਰਣਜੀਤ ਜੀ।ਮਨੁੱਖੀ ਮਨ ‘ਚ ‘ਖੜ੍ਹੋਤ’ ਚੰਗੀ ਨਹੀਂ ਹੁੰਦੀ,ਇਹਨੂੰ ਨੀਰ ਦੀ ਧਾਰਾ ਵਾਂਗੂੰ ‘ਨਿਰੰਤਰ’ ਵਗਦੇ ਰਹਿਣ ਦੇਣਾ ਚਾਹੀਦਾ ਹੈ।”
      
ਜੀਤ ਨੇ ਫਿਰ ਕੋਈ ਜਵਾਬ ਨਾ ਦਿੱਤਾ ਪਰ ਰੂਪੀ ਵੱਲ ਦੇਖ ਕੇ ਥੋੜਾ ਜਿਹਾ ਮੁਸਕਰਾਇਆ।
     “
ਸ਼ੁਕਰ ਐ ਜੀ,ਏਸ ਚਿਹਰੇ ਤੇ ਵੀ ਮੁਸਕਰਾਹਟ ਆਈ ਐ।ਬਸ ਇਹਨੂੰ ਹੁਣ ਕਿਤੇ ਜਾਣ ਨਾ ਦਇਓ।”ਰੂਪੀ ਖੁਸ਼ ਹੁੰਦਿਆਂ ਬੋਲੀ,”ਬੜੇ ਸੋਹਣੇ ਲਗਦੇ ਓ, ਹੱਸਦੇ ਹੋਏ।
    
“ਤੇ ਤੁਸੀ ਬੋਲਦੇ ‘ਬੜਾ’ ਓ ।”ਜੀਤ ਨੇ ਮੁਸਕਰਾਂਦੇ ਹੋਏ ਈ ਕਿਹਾ।

“ਬਸ ਜੀ ਆਪਾਂ ਤਾਂ ਏਦਾਂ ਦੇ ਈ ਆਂ।”ਰੂਪੀ ਮੋਢੇ ਚੜਾਉਂਦਿਆਂ ਬੋਲੀ।
   
 ਜੀਤ ਨੇ ਕੁੱਝ ਦੇਰ ਉਸ ਵੱਲ ਵੇਖਿਆ ਤੇ ਫਿਰ ਉਦਾਸ ਜਿਹਾ ਹੋ ਕਿ ਅੱਗੇ ਵੱਧ ਗਿਆ ।


-“ਜੀਤ ਮੈਂ ਤੁਹਾਡੇ ਬਿਨਾਂ ਨਹੀ ਰਹਿ ਸਕਦੀ”  “ਜੀਤ ਮੈਂ ਤੇਰੇ ਨਾਲ ਨਹੀ ਰਹਿ ਸਕਦੀ”।

-“ਮੈਨੂੰ ਤੁਹਾਡਾ ਦੂਜਿਆਂ ਨਾਲੋਂ ਵੱਖਰੇ ਸੁਭਾਅ ਦਾ ਹੋਣਾ ਈ ਤੇ ਪਸੰਦ ਏ”  “ਜੀਤ ਤੇਰੀ ਪ੍ਰੌਬਲਮ ਪਤਾ ਕੀ ਏ ? ਤੂੰ ਹਰ ਚੀਜ਼ ਨੂੰ ਅਲੱਗ ਨਜ਼ਰੀਏ ਨਾਲ ਦੇਖਦੈ।ਤੇਰੀ-ਮੇਰੀ ਸੋਚ ਅਲੱਗ ਐ ਜੀਤ”- 

ਕਿੰਨਾਂ ‘ਫਰਕ’ ਏ ਇਹਨਾਂ ਵਾਕਾਂ ‘ਚ,ਉਹ ਇਕੱਲਾ ਬੈਠਾ ਅਕਸਰ ਇਹੋ ਜਿਹੀਆਂ ਗੱਲਾਂ ਸੋਚਦਾ ਰਹਿੰਦਾ ਸੀ।ਇਹ ‘ਫਰਕ’ ਆਇਆ ਕਿਸ ਵਿੱਚ ਸੀ ?

ਹਰਲੀਨ ਵਿੱਚ ?

ਮੇਰੇ ਵਿੱਚ ?

ਜਾਂ ਫਿਰ ਹਲਾਤਾਂ ਵਿੱਚ ?
ਇਨ੍ਹਾਂ ਸੋਚਾਂ ਅਤੇ ਯਾਦਾਂ ਵਿੱਚ ਹੀ ਉਨ੍ਹੇ ਕਿੰਨਾਂ ਸਮਾਂ ਉਦਾਸ ਰਹਿ ਕੇ ‘ਇਕੱਲਿਆਂ’ ਕੱਢ ਦਿੱਤਾ।ਉਹ ਆਪਣਾ ਚਿੱਤਚੇਤਾ ਹੀ ਭੁੱਲ ਗਿਆ।ਬਸ ਗਵਾਚਿਆਂ ਰਹਿੰਦਾ ਸੀ ਹਰਲੀਨ ਦੀਆਂ ਯਾਦਾਂ ਵਿੱਚ,ਉਸਨੂੰ ‘ਆਪਣਾ ਸ਼ੌਂਕ,ਆਪਣਾ ਜਨੂੰਨ,ਆਪਣੀ ਆਦਤ’ ਦਾ ਵੀ ਕੋਈ ਖਿਆਲ ਨਹੀ ਸੀ।ਜਿਵੇ ਆਪਣੇ ‘ਸ਼ੌਕ’ ਨੂੰ ਭੁੱਲ ਜਾਣਾ ਚਾਹੰਦਾ ਸੀ।

ਇਸੇ ‘ਸ਼ੌਕ’ ਨੇ ਹੀ ਤਾਂ ਉਸ ਤੋ ਉਸਦੀ ਹਰਲੀਨ ਖੋਹ ਲਈ ਸੀ।ਇਹ ਸ਼ੌਕ ਹੀ ਉਹਦੀਆਂ ਖੁਸ਼ੀਆਂ ਦੀ ‘ਕਬਰਗਾਹ’ ਬਣਿਆ ਸੀ।ਇਸੇ ਤੋ ਤੰਗ ਆ ਕੇ ਹੀ ਤਾਂ ਹਰਲੀਨ ਉਸਨੂੰ ਛੱਡ ਕੇ ਚਲੀ ਗਈ ਸੀ ਤੇ ਫਿਰ ……

ਪਰ ਉਸਨੂੰ ‘ਉਹ’ ਪਸੰਦ ਵੀ ਤਾਂ ਇਸੇ ਸ਼ੌਕ ਕਰਕੇ ਹੀ ਸੀ ।ਵਿਆਹ ਤੋ ਪਹਿਲਾਂ ਉੁਹ ਕਹਿੰਦੀ ਸੀ ਕਿ ਜੀਤ ਤੁਹਾਡੇ ਵਰਗਾ ਇਨਸਾਨ ਹੀ ਤਾਂ ਅਸਲ ‘ਵਿਦਿਆਰਥੀ’ ਹੁੰਦੈ।ਐਵਂੇ ‘ਕਿਤਾਬਾਂ’ ‘ਚ ਮੱਥਾ ਮਾਰੀ ਜਾਣ ਦਾ ਕੀ ਫਾਇਦਾ ? ਜੇ ਇਸ ਕੁਦਰਤ ਦੀ ‘ਮਹਾਨ ਕਿਤਾਬ’ ਵੱਲ ਹੀ ਜੇ ਕੋਈ ਧਿਆਨ ਨਾ ਦਿੱਤਾ।ਪਰ ਫਿਰ ਹਰਲੀਨ ਨੂੰ ਹੀ ਉਸਦਾ ਇਹ ‘ਸ਼ੌਕ’ ਨਾਪਸੰਦ ਕਿੳਂੁ ਹੋ ਗਿਆ ? ਕਿ ਉਹ ਉਸਨੂੰ ਛੱਡ ਕੇ ਚਲੀ ਗਈ।ਕਿੰਨੇ ਚਾਵਾਂ ਨਾਲ ਵਿਆਹ ਕੇ ਲਿਆਇਆ ਸੀ ਉਹ ਹਰਲੀਨ ਨੂੰ ਅਜੇ ਤਿੰਨ ਸਾਲ ਪਹਿਲਾਂ ਦੀ ਹੀ ਤਾਂ ਗੱਲ ਐ ਜਦੋ ਉਹਨਾਂ ਦਾ ਪਿਆਰ ‘ਸਦੀਵੀਂ ਬੰਧਨ’ ਵਿੱਚ ਬੱਝ ਗਿਆ ਸੀ।ਪਰ ਛੇਤੀ ਹੀ ਉਹਨਾਂ ਦੀਆਂ ਖੁਸ਼ੀਆਂ ਦਾ ਮਹਿਲ ਟੁੱਟ ਗਿਆ ਤੇ ਨਾਲ ਹੀ ਟੁੱਟ ਗਿਆ ਉਹ ‘ਸਦੀਵੀਂ ਬੰਧਨ’।

ਕੀ ਹਾਲਾਤ ਇੰਨੇ ਜਿਆਦਾ ਤੇ ਇੰਨੀ ਛੇਤੀ ‘ਬਦਲਦੇ’ ਨੇ ?
ਇਨ੍ਹਾਂ ਸਵਾਲਾਂ ਦਾ ਉਸ ਕੋਲ ਕੋਈ ਜਵਾਬ ਨਹੀ ਸੀ ਤੇ ਜਦੋ ਇੱਕ ਐਕਸੀਡੈਂਟ ਵਿੱਚ ਉਸਨੇ ਹਰਲੀਨ ਅਤੇ ਨਾਲ ਉਹਨਾਂ ਦੀ ਇੱਕ ਸਾਲ ਦੀ ਬੇਟੀ ਦੀ ਮੌਤ ਦੀ ਖਬਰ ਸੁਣੀ ਤਾਂ ਉਸਦੀ ਜਿੰਦਗੀ ਹੀ ਉਸ ਲਈ ਇੱਕ ‘ਉਲਝਿਆ’ ਹੋਇਆ ਸਵਾਲ ਬਣ ਗਈ।ਉਹਨੂੰ ਤਾਂ ਆਪਣੀ ਬੇਟੀ ਦਾ ਚਿਹਰਾ ਤੱਕ ਦੇਖਣਾ ਵੀ ਨਸੀਬ ਨਾ ਹੋਇਆ।
             
          
ਚਾਰ ਪੰਜ ਕਿਲੋਮੀਟਰ ਤੁਰਨ ਤੋਂ ਬਾਅਦ ਉਹ ‘ਅਲਵਾਸ’ ਪਿੰਡ (7200 ਫੀਟ) ਪਹੁੰਚ ਗਏ।ਇਥੋਂ ਅੱਗੇ ਚੜ੍ਹਾਈ ਸਿੱਧੀ ਤੇ ਮੁਸ਼ਕਿਲ ਹੋ ਗਈ।ਜਿਸ ਕਾਰਨ ਥੋੜੀ ਦੇਰ ਬਾਅਦ ਹੀ ਰੂਪੀ ਥਕ ਕੇ ਬੈਠ ਗਈ।ਜੀਤ ਵੀ ਉਥੇ ਨੇੜੇ ਹੀ ਉੱਭਰੀ ਇੱਕ ਚੱਟਾਨ ਤੇ ਬੈਠ ਗਿਆ।
-“ਮੈਂ ਸੁਣਿਐ ਕਿ ਅੱਗੇ ਕਿਸੇ ਪਿੰਡ ਵਿੱਚ ਇੱਕ ਪ੍ਰਾਚੀਨ ਬੌਧ ਮੰਦਿਰ ਹੈ।” ਰੂਪੀ ਨੇ ਪੁੱਛਿਆ

-“ਹਾਂ ਇਥੇ ‘ਪਦਮ ਚੋਕਰਲਿੰਗ’ ਨਾਮ ਦਾ ਤਿੱਬਤੀ ਸ਼ੈਲੀ ਦਾ ‘ਬੋਧ ਗੌਫਾ’ ਹੈ ਜੋ ਕਰੀਬ ਡੇਢ ਸੋ ਸਾਲ ਪੁਰਾਣਾ ਹੈ ਇਹ ‘ਗੌਫਾ’ ਪਹਿਲਾਂ ਇੱਕ ਗੁੱਫਾ ਮਾਤਰ ਸੀ ਪਰ ਇੱਕ ਵਾਰ ਉਸ ਵੇਲੇ ਦਾ ਚੰਬਾ ਦਾ ਰਾਜਾ ਰਾਮ ਸਿੰਘ, ‘ਪਾਂਗੀ’ ਨੂੰ ਜਾਣ ਲਈ ਇਸੇ ਪੈਦਲ ਰਸਤਿਓ ਗੁਜ਼ਰ ਰਿਹਾ ਸੀ ਤੇ ‘ਭਨੌਦੀ’ ਜਿਥੇ ਇਹ ਗੌਫਾ ਹੈ ਉਸ ਸਥਾਨ ਤੇ ਉਸ ਗੁਫਾ ਨੂੰ ਦੇਖਿਆ।ਇਥੋ ਦੇ ਲੋਕਾਂ ਨੇ ਉਸਦੀ ਬਹੁਤ ਆਓ-ਭਗਤ ਕੀਤੀ ਜਿਸ ਤਂੋ ਖੁਸ਼ ਹੋ ਕੇ ਉਸ ਨੇ ਕੁਝ ਜ਼ਮੀਨ ਮੰਦਰ ਦੇ ਨਾਂ ਦਾਨ ਦੇ ਦਿੱਤੀ।ਜਿਥੇ ਗੌਫਾ ਬਣਿਆ ਹੋਇਆ ਹੈ।”ਜੀਤ ਜਾਣਕਾਰੀ ਦਿੰਦਾ ਹੋਇਆ ਬੋਲਿਆ।

-“ਪਰ ਇਸ ਸਥਾਨ ਦਾ ਜ਼ਿਕਰ ਕਿਉਂ ਨਹੀਂ ਆਉਂਦਾ ਕਿਤੇ?” ਰੂਪੀ ਨੇ ਹੈਰਾਨੀ ਪ੍ਰਗਟਾਈ ।

-“ਉਹਦਾ ਸਭ ਤੋ ਵੱਡਾ ਕਾਰਨ ਇਸਦਾ ਅਜਿਹੇ ਸਥਾਨ ਤੇ ਹੋਣਾ ਜਿੱਥੇ ਆਵਾਜਾਈ ਨਹੀਂ ਤੇ ਸ਼ਾਇਦ ਇਥੋਂ ਦੀ ਖੂਬਸੂਰਤੀ ਲਈ ਇਹ ਹੀ ਚੰਗੈ ਕਿ ਇੱਥੇ ‘ਮਨੁੱਖ-ਪ੍ਰਦੂਸ਼ਣ’ ਨਾ ਫੈਲੇ।ਪਰ ਪਹਿਲਾਂ ਇਹ ਰਸਤਾ ਚੰਬੇ ਤੋ ਪਾਂਗੀ ਜਾਣ ਲਈ ਵਰਤਿਅਤਾ ਜਾਂਦਾ ਸੀ ਅਤੇ ਜਦੋਂ ਬੈਰ੍ਹਾਗੜ੍ਹ ਪਿੰਡ ‘ਚੋਂ ਹੋ ਕੇ ਚੰਬਾ ਤੋ ਪਾਂਗੀ ਤੱਕ ਸੜਕ ਬਣੀ ਤਾਂ ਇਸ ਪਾਸੇ ਨੂੰ ‘ਵਿਸਾਰ’ ਦਿੱਤਾ ਗਿਆ ਇਥੋਂ ਦੇ ਲੋਕਾਂ ਦਾ ਰੁਜ਼ਗਾਰ ਠੱਪ ਹੋ ਗਿਆ ਤੇ ਉਹ ਇਥੋ ਹੋਰ ਸਥਾਨਾਂ ਤੇ ਚਲੇ ਗਏ।”ਜੀਤ ਆਪਣੀ ਗੱਲ ਖਤਮ ਕਰਦਿਆਂ ਹੀ ਖੜ੍ਹਾ ਹੋਇਆ ਤੇ ਆਪਣਾ ਪਿੱਠੂ ਮੋਢਿਆਂ ਤੇ ਟੰਗ ਕੇ ਚੱਲਣ ਲਈ ਤਿਆਰ ਹੋ ਗਿਆ।
-“ਇਥੇ ਇੱਕ ਪੁਜਾਰੀ ਵੀ ਹੈ ਜੋ ‘ਇਕੱਲਾ’ ਹੀ ਇਥੇ ਰਹਿੰਦਾ ਹੈ।” ਰੂਪੀ ਵੀ ਉੱਠਦਿਆਂ ਹੋੇਿੲਆਂ ਬੋਲੀ।
-“ਹਾਂ”, ਜੀਤ ਇੰਨਾਂ ਹੀ ਬੋਲਿਆ ਤੇ ‘ਇਕੱਲਾ’ ਸ਼ਬਦ ਸੁਣ ਕੇ ਮਨ ਹੀ ਮਨ ਮਨ ਹੀ ਮਨ ਆਪਣੀ ‘ਤੁਲਨਾ’ ਉਸ ਪੁਜਾਰੀ ਲਾਮਾ ਨਾਲ ਕਰਨ ਲੱਗਾ।

ਕੁਲ 8 ਕਿਲੋਮੀਟਰ ਦੀ ਚੜ੍ਹਾਈ ਚੜ੍ਹਨ ਤੋਂ ਬਾਅਦ ਤੋਂ ਉਹ ਭਨੌਦੀ ਪਿੰਡ (9000 ਫੀਟ)
ਪਹੁੰਚ ਗਏ।ਥੋੜਾ-ਥੋੜਾ ਹਨੇਰਾ ਪਸਰ ਚੁੱਕਾ ਸੀ।ਇਥੋ ਉਹ ਗੌਫਾ ਕੁਝ ਦੂਰੀ ਤੇ ਇੱਕ ਉੱਚੇ ਸਥਾਨ ਤੇ ਬਣਿਆ ਹੋਇਆ ਸੀ।ਪੀਰ ਪੰਜਾਲ ਦੀਆਂ ਪਹਾੜੀਆਂ ਨਾਲ ਘਿਰੀ ਹੋਈ ਇਹ ਲੱਕੜ ਦੀ ਦੋ ਮੰਜ਼ਲੀ ਇਮਾਰਤ ਸੀ ਜੋ ਬਹੁਤ ਹੱਦ ਤੱਕ ਖਸਤਾ ਹਾਲਤ ਵਿੱਚ ਸੀ।ਹੇਠਲੀ ਮੰਜ਼ਿਲ ਵਿੱਚ ‘ਪੂਜਾ ਸਥਾਨ’ ਅਤੇ ਉਪਰਲੀ ਮੰਜ਼ਿਲ ਤੇ ਰਹਿਣ ਲਈ ਇੱਕ ਖੁੱਲਾ ਹਾਲ ਸੀ।ਉਥੇ ਪਹੁੰਚਣ ਤੇ ਉਥੋ ਦਾ ਲਾਮਾ ਬੜੀ ‘ਖੁਸ਼ੀ’ ਨਾਲ ਉਹਨਾਂ ਦਾ ਸਵਾਗਤ ਕਰਦਾ ਹੈ।ਉਹਨਾਂ ਨੂੰ ਆਪਣੇ ਲਈ ਭਾਗਾਂ ਵਾਲਾ ਦੱਸਦਾ ਹੈ।ਕਿਉਕਿ ਉਸ ਦਿਨ ਪਹਿਲੀ ਵਾਰ ਇਥੇ ਬਿਜਲੀ ਪਹੁੰਚੀ ਸੀ ਤੇ ‘ਰੋਸ਼ਨੀ’ ਹੋਈ ਸੀ।ਥੋੜੀ ਦੇਰ ਬਾਅਦ ਬਾਕੀ ਸਾਥੀ ਵੀ ਪਹੁੰਚ ਗਏ।ਰਾਤੀ ਖਾਣਾ ਖਾਣ ਤੋਂ ਬਾਅਦ ‘ਖੁੱਲੇ ਅਸਮਾਨ’ ਵਿੱਚ ਤਾਰਿਆਂ ਵੱਲ ਦੇਖਦਾ ਜੀਤ ਕੁੱਝ ਸੋਚ ਰਿਹਾ ਸੀ ਤੇ ਰੂਪੀ ਉਸ ਕੋਲ ਆ ਕੇ ਬੋਲੀ,    “ਇਥੇ ‘ਸਾਫ ਅਸਮਾਨ’ ‘ਚ ਟਿਮਟਮਾਂਦੇ ਤਾਰੇ ਕਿੰਨੇ ਸੋਹਣੇ ਲੱਗਦੇ ਨੇ।

ਜੀਤ ਰੂਪੀ ਵੱਲ ਦੇਖ ਹੈ ਜਿਵੇਂ ਕਹਿਣ ਦਾ ਯਤਨ ਕਰ ਰਿਹਾ ਹੋਵੇ ਕਿ ਸਾਰੀ ‘ਧੁੰਦ’ ਮਿਟ ਗਈ ਤੇ ‘ਅਸਮਾਨ ਸਾਫ’ ਹੋ ਗਿਐ ਤੇ ਇੱਕ ਨਵੀ ‘ਰੋਸ਼ਨੀ’ ਦਿਸਹੱਦੇ ਦੀਆਂ ਸੀਮਾਵਾਂ ਲੰਘ ਕੇ ਆ ਗਈ ਹੈ ਜੋ ਇੱਕ ‘ਨਵੇਂ ਸਫਰ’ ਲਈ ਪ੍ਰੇਰ ਰਹੀ ਹੈ।
 
ਅਗਲੀ ਸਵੇਰ ‘ਉਹ’ ਇੱਕ ਨਵੇਂ ਸਫਰ ਤੇ ਤੁਰ ਪਿਆ।


                                                           
                                                           ਸੰਪਰਕ:  94782 58283

Comments

Nancy

Stay with this guys, you're hepling a lot of people.

Security Code (required)



Can't read the image? click here to refresh.

Name (required)

Leave a comment... (required)





ਕਹਾਣੀ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ