Sat, 05 October 2024
Your Visitor Number :-   7229328
SuhisaverSuhisaver Suhisaver

ਮਿੱਟੀ ਦੀ ਜਾਤ -ਇਕਬਾਲ ਰਾਮੂਵਾਲੀਆ

Posted on:- 15-11-2013

suhisaver

ਲਫ਼ਜ਼ 'ਪੰਜਾਬ' ਮੇਰੇ ਮੂੰਹੋਂ ਹਾਲੇ ਨਿੱਕਲ਼ਿਆ ਹੀ ਸੀ ਕਿ ਮੰਮੀ ਨੇ ਚਾਹ ਦੀ ਪਿਆਲੀ ਨੂੰ ਕਾਫ਼ੀ-ਟੇਬਲ 'ਤੇ ਰੱਖ ਕੇ ਆਪਣੇ ਮੱਥੇ ਉੱਪਰਲੀ ਚਮੜੀ ਨੂੰ ਅੰਦਰ ਵੱਲ ਨੂੰ ਖਿੱਚ ਲਿਆ ਸੀ। ਉਨ੍ਹਾਂ ਦਾ ਸਿਰ ਤੇਜ਼ੀ ਨਾਲ਼ ਸੱਜੇ-ਖੱਬੇ ਗਿੜਿਆ ਸੀ। ਮੁੱਠੀ ਵਿੱਚੋਂ ਪਹਿਲੀ ਉਂਗਲ਼ ਨੂੰ ਚਿਹਰੇ ਦੇ ਸਾਹਮਣੇ ਸਿੱਧੀ ਕਰ ਕੇ ਬੋਲੇ ਸਨ: ਸੁੱਖੀ! ਬਿਲਕੁਲ ਨੀਂ! ਬਿਲਕੁਲ ਬਿਲਕੁਲ ਨੀਂ! ਸੁਣਿਐਂ?

-ਪਰ ਕਿਉਂ, ਮੰਮੀ, ਕਿਉਂ? ਮੇਰੀਆਂ ਅੱਖਾਂ 'ਚ ਵੀ ਤਪਸ਼ ਲਿਸ਼ਕਣ ਲੱਗੀ ਸੀ। -ਜੇ ਪ੍ਰਾਮਿਸ ਨੂੰ 'ਕੀਪ' ਨੀ ਸੀ ਕਰਨਾ, ਤਾਂ ਪਹਿਲਾਂ ਕੀਤਾ ਈ ਕਿਉਂ ਸੀ?

-ਪਰ ਭੜਥਾ ਹੋਜੇਂਗੀ, ਭੜਥਾ!

-ਪੰਜ ਸਾਲ ਹੋ ਗੇ ਐ ਮੈਨੂੰ ਗ੍ਰੈਂਡਪਾ ਨੂੰ ਮਿਲਿਆਂ, ਮਾਮ, ਪੰਜ! ਮੇਰੇ ਬੁੱਲ੍ਹ ਤੇ ਗੱਲ੍ਹਾਂ ਢਿਲ਼ਕ ਗਏ ਸਨ, ਤੇ ਗਲ਼ੇ ਦਾ ਅੰਦਰਲਾ ਪਾਸਾ ਫੁੱਲ ਜਾਣ ਨਾਲ਼ ਮੇਰੀ ਆਵਾਜ਼ ਨਪੀੜੀ ਗਈ ਸੀ। -ਉਨ੍ਹਾਂ ਨੇ ਮੈਨੂੰ ਕਿੰਡਰਗਾਰਟਨ ਤੋਂ ਲੈ ਕੇ ਸੱਤਵੀਂ ਤਾਈਂ ਰੇਜ਼ ਕੀਤਾ! ਆਈ ਡੌਂਟ ਕੇਅਰ ਅਬਾਊਟ ਗਿੱਟਿੰਗ ਬੇਕਡ! ਸਤੰਬਰ 'ਚ ਜਦੋਂ ਯੂਨੀਵਰਸਿਟੀ ਸ਼ੁਰੂ ਕਰਲੀ, ਫੇਰ ਤਾਂ ਐਟ ਲੀਸਟ ਫ਼ੋਰ ਯੀਅਰਜ਼ ਨੀ ਜਾ ਹੋਣਾ ਮੈਥੋਂ! ਯੂ ਨੋਅ, ਮਾਅਅਮ!

ਮੇਰੀਆਂ ਉਂਗਲ਼ਾਂ ਮੇਰੇ ਕੰਨਾਂ ਦੇ ਪਿੱਛੇ ਚਲੀਆਂ ਗਈਆਂ ਸਨ ਅਤੇ ਮੋਢਿਆਂ-ਤੀਕਰ-ਲਮਕਦੇ ਮੇਰੇ ਵਾਲ਼ਾਂ ਨੂੰ ਲਗਾਤਾਰ ਬਾਹਰ ਵੱਲ ਨੂੰ ਝਟਕਣ ਲੱਗ ਪਈਆਂ ਸਨ।

ਤੇਜ਼ੀ ਨਾਲ਼ ਝਮਕ ਰਹੀਆਂ ਮੇਰੀਆਂ ਅੱਖਾਂ ਵੱਲੀਂ ਦੇਖ ਕੇ ਮੰਮੀ ਨੇ ਆਪਣੇ ਬੁੱਲ੍ਹਾਂ ਨੂੰ ਹੋਰ ਪੀਢੇ ਕਰ ਲਿਆ ਸੀ।

-ਅੱਖਾਂ ਭਰਨ ਵਾਲ਼ੀ ਕਿਹੜੀ ਗੱਲ ਐ, ਸੁੱਖੀ! 'ਅੱਖਾਂ ਭਰਨ' ਉੱਪਰ ਤਕੜਾ ਜ਼ੋਰ ਦੇਂਦਿਆਂ ਮੰਮੀ ਨੇ ਆਪਣੇ ਮੋਢਿਆਂ ਨੂੰ ਉੱਪਰ ਵੱਲ ਨੂੰ ਉਛਾਲ਼ਿਆ ਸੀ। -ਤੇਰੇ ਫ਼ਾਇਦੇ ਦੀ ਗੱਲ ਈ ਕਰ ਰਹੀ ਆਂ ਮੈਂ! ਓ ਕੇ?

ਮੰਮੀ ਦੀ 'ਓ ਕੇ?' ਸੁਣਦਿਆਂ ਮੇਰੇ ਮੱਥੇ ਦਾ ਕਸੇਵਾਂ ਵੀ ਹੋਰ ਸਖ਼ਤੀ ਫੜ ਗਿਆ ਸੀ।

-ਭਾਦੋਂ ਦਾ ਹੁੰਮਸ ਤਾਂ ਸਾਡੇ ਵਰਗਿਆਂ ਨੂੰ ਵੀ ਛੱਲੀ ਵਾਂਙੂੰ ਭੁੰਨ ਸੁਟਦਾ ਸੀ ਜਿਹੜੇ ਜੰਮੇ-ਪਲ਼ੇ ਈ ਪੰਜਾਬ 'ਚ ਸੀ... ਹਾਅ ਤੇਰੀਆਂ ਚਿੱਟੀਆਂ-ਚਿੱਟੀਆਂ ਬਾਹਾਂ ਨੂੰ ਤਾਂ ਦੋ ਦਿਨਾਂ 'ਚ ਈ ਖਾ ਜਾਣੈ ਪਿੱਤ-ਪਾਪੜੀ  ਨੇ ਤੇ ਮੱਛਰ ਨੇ! ਤੇ ਬੀਮਾਰੀਆਂ ਪਤਾ ਕਿੰਨੀਆਂ ਲਗਦੀਐਂ ਭਾਦੋਂ ਦੇ ਮਹੀਨੇਂ ਪੰਜਾਬ 'ਚ!

-ਹਾਂ, ਹਾਂ, ਤਪਾੜ ਪੈਂਦੈ, ਸੁੱਖਿਆ, ਤਪਾਅਅੜ! 'ਤਪਾੜ' ਲਫ਼ਜ਼ ਉਚਰਨ ਤੋਂ ਬਾਅਦ ਡੈਡੀ ਜੀ ਕਾਫ਼ੀ-ਟੇਬਲ 'ਤੇ ਪਏ 'ਟਰਾਂਟੋ ਸਟਾਰ' ਦੀ ਪੱਖੀ ਬਣਾ ਕੇ, ਆਪਣੇ ਸਫ਼ਾਚੱਟ ਚਿਹਰੇ ਨੂੰ ਝੱਲਣ ਲੱਗ ਪਏ ਸਨ।

-ਹੁੰਮਸ? ਤਪਾਅਅੜ?? ਆਈ ਡੌਂਟ ਨੋਅਅ ਦੀਜ਼ ਡੈਮ ਥਿੰਗਜ਼ ਯੂ'ਅਰ ਟਾਕਿੰਗ ਅਬਾਊਟ!
-ਸਿਖ਼ਰ ਦੁਪਹਿਰੇ ਕੜਕਦਾ ਸੂਰਜ, ਸੁੱਖੀ, ਤੇ ਭਾਫ਼ ਨਾਲ਼ ਗੱਚ ਹੋਈ ਹਵਾ! ਭੱਠੀਆਂ ਬਲ਼ਦੀਐਂ ਧਰਤੀ ਦੇ ਹੇਠਾਂ ਭੱਠੀਆਂ, ਅਗਸਤ ਦੇ ਮਹੀਨੇ!

ਬੁੱਕਲ਼ 'ਚ ਰੱਖੀ 'ਪੰਜਾਬ: ਲੈਂਡ ਐਂਡ ਪੀਪਲ' ਦੀ ਜਿਲਦ ਉੱਪਰ ਮੂਹਰਲੀ ਉਂਗਲ਼ੀ ਦੇ ਠੁੰਗੇ ਮਾਰਦੀ-ਮਾਰਦੀ ਮੈਂ ਆਪਣੇ ਸਿਰ ਨੂੰ ਸੱਜੇ-ਖੱਬੇ ਫੇਰੀ ਜਾ ਰਹੀ ਸਾਂ।

-ਉਧਰੋਂ ਝੋਨੇ ਦੇ ਖੇਤਾਂ 'ਚੋਂ ਉਠਦੀ ਭੜਾਸ! ਮੰਮੀ ਆਪਣੇ ਪੰਜੇ ਨਾਲ਼ ਆਪਣੇ ਮੱਥੇ ਨੂੰ ਪੂੰਝਣ ਲੱਗ ਪਏ ਸਨ। -ਪਸੀਨਾ ਚੋਂਦੈ ਅਗਸਤ ਦੇ ਹੁੰਮਸ 'ਚ! 'ਸਾਅਨਾ-ਬਾਥ'* ਬਣਿਆਂ ਹੁੰਦੈ ਸਾਰਾ ਈ ਪੰਜਾਬ ਏਹਨੀ ਦਿਨੀਂ! {*ਸਾਅਨਾ-ਬਾਥ: ਸਰੀਰ ਨੂੰ ਪਸੀਨੋ-ਪਸੀਨੀਂ ਕਰਨ ਲਈ ਬਣਾਇਆ ਗਿਆ ਨਿੱਕਾ ਜਿਹਾ ਬੰਦ-ਕਮਰਾ ਜਿਸ ਨੂੰ ਬਿਜਲੀ ਦੇ ਹੀਟਰਾਂ ਨਾਲ਼ ਖੂਬ ਗਰਮ ਕੀਤਾ ਹੁੰਦਾ ਹੈ} ਏਥੇ ਕਨੇਡਾ 'ਚ ਹੁੰਦੈ ਨਾ ਹਿਊਮਿਡ, 'ਸਮਰ' 'ਚ? ਬਸ ਓਦੂੰ ਦੁੱਗਣਾ-ਤਿੱਗਣਾ ਸਮਝ ਲਾ!

-ਨਾ, ਨਾ, ਨਾ! ਡੈਡੀ ਆਪਣੀ ਠੋਡੀ ਨੂੰ ਛਾਤੀ ਵੱਲ ਨੂੰ ਖਿੱਚ ਕੇ, ਐਨਕਾਂ ਦੇ ਰਿੰਮਾਂ ਉੱਪਰੋਂ ਦੀ ਮੰਮੀ ਵੱਲ ਝਾਕਣ ਲੱਗੇ ਸਨ। -ਕਨੇਡਾ ਦਾ 'ਹਿਊਮਡ' ਨੀ ਮੁਕਾਬਲਾ ਕਰਦਾ ਪੰਜਾਬ ਦੇ ਤਪਾੜ ਦਾ, ਪ੍ਰੀਤਮ! ਐਥੇ ਤਾਂ ਘੁਰਾੜੇ ਮਾਰੀਦੇ ਐ ਦਸ-ਦਸ ਫੁੱਟੇ, ਏ ਸੀ ਛੱਡ ਕੇ, ਪਰ ਓਥੇ ਤਾਂ ਕੱਟ ਲਗਦੇ ਐ ਬਿਜਲੀ ਨੂੰ ਦਸ-ਦਸ ਘੰਟਿਆਂ ਦੇ!

-ਤੇ ਮੱਛਰ? ਮੰਮੀ ਨੇ ਆਪਣੇ ਪੰਜੇ ਨੂੰ ਆਪਣੇ ਚਿਹਰੇ ਦੇ ਸਾਹਮਣੇ ਖਿਲਾਰ ਕੇ ਸੱਜੇ-ਖੱਬੇ ਉੱਡਣ ਲਾ ਦਿੱਤਾ ਸੀ। -ਐਡਾ ਮੋਟਾ ਹੋ ਜਾਂਦੈ, ਖਸਮਾਂ ਨੂੰ ਖਾਣਾ!

-ਆਈ ਡੌਂਟ ਕੇਅਰ ਅਬਾਊਟ ਦਿਸ ਬਲੱਡੀ ਹਿਊਮਿਡਿਟੀ ਐਂਡ ਮਸਕੀਟੋਜ਼! 'ਪੰਜਾਬ: ਲੈਂਡ ਐਂਡ ਪੀਪਲ' ਨੂੰ ਮੈਂ ਠਾਹ ਕਰ ਕੇ ਕਾਫ਼ੀ-ਟੇਬਲ ਉੱਪਰ ਸੁੱਟ ਦਿੱਤਾ ਸੀ। -ਓ ਕੇਅਅਅ?

ਤੇ ਭਰਵੱਟਿਆਂ ਨੂੰ ਨਿਚੋੜਦੀ ਹੋਈ, ਡੱਗ-ਡੱਗ ਡੱਗ-ਡੱਗ ਪੌੜੀਆਂ ਚੜ੍ਹ ਕੇ ਮੈਂ ਆਪਣੇ ਬੈੱਡਰੂਮ ਵਿੱਚ ਜਾ ਵੜੀ ਸਾਂ। ਆ ਅਮ ਸ਼ੋਅਰ, ਮੇਰੇ ਪਿਛਾੜੀ 'ਕਾਅੜ' ਕਰ ਕੇ ਬੰਦ ਹੋਏ ਦਰਵਾਜ਼ੇ ਨੇ ਘਰ ਦੀਆਂ ਕੰਧਾਂ ਦੇ ਨਾਲ਼ ਨਾਲ਼ ਡੈਡੀ-ਮੰਮੀ ਨੂੰ ਵੀ ਝੰਜੋੜ ਦਿੱਤਾ ਹੋਵੇਗਾ।

ਬੈੱਡ ਉੱਪਰ ਲੇਟਿਆਂ ਮੇਰੀ ਟਿਕਟਿਕੀ ਛੱਤ 'ਚੋਂ ਲਟਕਦੇ ਸ਼ੈਂਡਲੀਅਰ 'ਤੇ ਜੰਮੀ ਹੋਈ ਸੀ। ਮੈਂ ਸਾਈਡ-ਟੇਬਲ 'ਤੇ ਪਏ ਨੈਪਕਿਨ-ਬਾਕਸ ਵੱਲ ਉਂਗਲਾਂ ਵਧਾਈਆਂ ਤੇ ਮੇਰੀਆਂ ਅੱਖਾਂ ਦੀ ਨਮੀ ਕਾਗਜ਼ੀ-ਰੁਮਾਲ ਦੀ ਫਿੱਕੀ ਗੁਲਾਬੀਅਤ ਦੇ ਹਵਾਲੇ ਹੋਣ ਲੱਗੀ ਸੀ।

'ਮੈਂ ਤਾਂ ਛੇ ਮਹੀਨੇ ਦੀਆਂ ਪਲੈਨਜ਼ ਬਣ੍ਹਾਈ ਜਾਂਦੀ ਸੀ ਪੰਜਾਬ ਨੂੰ ਦੇਖਣ ਦੀਆਂ!' ਮੈਂ ਆਪਣੀਆਂ ਉਂਗਲ਼ਾਂ ਨਾਲ਼ ਆਪਣੇ ਮੱਥੇ ਦੇ ਅਕੜੇਵੇਂ ਨੂੰ ਖਰੋਚਣ ਲੱਗ ਪਈ ਸਾਂ। 'ਦੈਟ ਲੈਂਡ ਹੈਜ਼ ਹਿਸਟਰੀ! ਇਟ ਹੈਜ਼ ਰੀਲਿਜਨ! ਇਟ ਹੈਜ਼ ਕਲਚਰ ਐਂਡ ਕੈਅਰੈਕਟਰ! ਮਾਮ ਤੇ ਡੈਡ ਨੂੰ ਤਾਂ ਬੱਸ ਕੰਮ ਚਾਹੀਦੈ, ਡਾਲਰਾਂ ਨਾਲ਼ ਬੈਂਕਾਂ ਫ਼ਿਲ ਕਰਨ ਲਈ! ਰੀਡ ਕਿਤਾਬਾਂ ਆਪਣੀ ਕੰਟਰੀ ਬਾਰੇ, ਮਾਮ, ਇਨਸਟੈਡ ਅਵ ਦੀਜ਼ ਫ਼ਿਲਥੀ ਸੀਰੀਅਲਜ਼ ਆਨ ਦਿਸ ਬਲੱਡੀ ਟੀæ ਵੀæ! ਵੌਚ ਡਾਕਯੂਮੈਂਟਰੀਜ਼, ਡੈਡ, ਇਨਸਟੈੱਡ ਅਵ ਦੀਜ਼ ਲੁੱਚੇ ਗਾਣੇ ਆਨ ਯੂਅਰ ਡੈਮਡ 'ਵਿਯਨ' ਟੀ ਵੀ! ਥੋਡੇ ਨਾਲ਼ੋਂ ਤਾਂ ਗ੍ਰੈਂਡਪਾ ਈ ਬੈਟਰ ਐ: ਉਨ੍ਹਾਂ ਨੂੰ ਪੁੱਛੋ ਵਟ੍ਹ ਪੰਜਾਬ ਹੋਲਡਜ਼ ਇਨ ਇਟਸ ਹੈਰੀਟਿਜ! ਲਰਨ ਅਬਾਊਟ ਸਰਬੱਤ ਦਾ ਭਲਾ, ਡੈਡ! ਵੈੱਲ ਬੀਇੰਗ ਅਵ ਆਅਲ!'

ਤੇ ਫ਼ਿਰ ਮੇਰੇ ਜ਼ਿਹਨ ਵਿੱਚ ਗ੍ਰੈਂਡਪਾ ਆ ਖਲੋਤੇ ਸਨ: ਕਿੰਨੇ ਈ ਵਰ੍ਹੇ ਪਹਿਲਾਂ, ਉਸ ਦਿਨ ਵੀ ਸਵੇਰ ਵੇਲ਼ੇ ਬਰੈਂਪਟਨ ਵਾਲ਼ੇ ਘਰ ਦੇ ਕਿਚਨ 'ਚ ਚਾਹ ਬਣਾਉਣ ਦੇ ਨਾਲ਼ ਨਾਲ਼ ਪਾਠ ਕਰਦੇ ਹੋਏ: ਨਾਨਕ ਨਾਮ ਚੜ੍ਹਦੀ ਕਲਾਅਅਅ, ਤੇਰੇ ਭਾਣੇ ਸਰਬੱਤ ਦਾ ਭਲਾ!

'ਲੰਚ ਅੱਜ ਮੈਂ ਡਬਲ ਲੈ ਕੇ ਜਾਣੈ, ਗ੍ਰੈਂਡਪਾ!' ਮੈਂ ਆਪਣੀਆਂ ਕਿਤਾਬਾਂ ਨੂੰ ਬੈਕਪੈਕ 'ਚ ਪਾਉਂਦਿਆਂ ਦੱਸਣ ਲੱਗੀ ਸਾਂ।

'ਅੱਛਾਅਅ?'

'ਤੁਸੀਂ ਦੇਖੀ ਐ ਨਾ ਮੇਰੀ ਫ਼ਰੈਂਡ ਅਲਿਜ਼ਬੈੱਥ?'
'ਓਹ ਇਟਲੀ ਵਾਲ਼ੀ ਗੋਰੀ?'

'ਨਈਂ, ਗ੍ਰੈਂਡਪਾ; ਇਹ ਦੂਸਰੀ ਐ, ਜਮੇਅਕਾ ਵਾਲ਼ੀ!'
'ਅੱਛਾ, ਓਹ ਕਾਲ਼ੀ ਕੁੜੀ? ਜੀ੍ਹਦੀ ਮਾਂ ਗੁਜ਼ਰਗੀ ਸੀ ਪਿਛਲੇ ਮਹੀਨੇ?'

'ਪੂਅਰ ਹਰ, ਗ੍ਰੈਂਡਪਾ!' ਮੈਂ ਸੀਰੀਅਲ ਬਾਕਸ ਨੂੰ ਚੀਨੀ ਦੇ ਬੋਅਲ ਉੱਪਰ ਟੇਢਾ ਕਰਨ ਲੱਗੀ ਰੁਕ ਗਈ ਸਾਂ। 'ਉਹਨੂੰ ਲੰਚ ਅੱਜ ਮੈਂਅਅ ਖੁਆਉਣੈ!'

ਬਰਾਊਨ ਸ਼ੂਗਰ ਦਾ ਚਮਚਾ ਕੋਰਨ-ਫ਼ਲੇਕਾਂ ਉੱਪਰ ਭੁੱਕਣ ਤੋਂ ਬਾਅਦ ਜਦੋਂ ਮੈਂ ਦੁੱਧ ਵਾਲ਼ਾ ਬੈਗ਼ ਖੋਲ੍ਹਣ ਲੱਗੀ ਸੀ ਤਾਂ ਅਲਿਜ਼ਬੈੱਥ ਮੇਰੇ ਸਹਮਣੇ ਆ ਬੈਠੀ ਸੀ, ਲੰਚ-ਰੂਮ 'ਚ, ਸੈਂਡਵ੍ਹਿਚ ਵੱਲ ਤਕਦੀ, ਅੱਖਾਂ ਨੂੰ ਵਾਰ ਵਾਰ ਝਮਕਦੀ ਹੋਈ!

-ਅਸੀਂ ਬੱਸ਼ææ ਇਕੱਲੀਆਂ ਰਹਿਗੀਆਂ, ਸੁੱਖੀ! ਲੰਮਾਂ ਵਕਫ਼ਾ ਸੈਂਡਵ੍ਹਿਚ ਉੱਪਰ ਨਜ਼ਰ ਜੰਮਾਈ ਰੱਖਣ ਤੋਂ ਬਾਅਦ ਅਲਿਜ਼ਬੈੱਥ ਘਗਿਆਈ ਸੀ। -ਮੀ ਐਂਡ ਮਾਈ ਗ੍ਰੈਂਡਮਾ!

'ਮੈਨੂੰ ਬੜਾ ਈ ਗਰੋਸ {ਘਿਨਾਉਣਾ} ਲਗਦਾ, ਗ੍ਰੈਂਡਪਾ, ਜਦੋਂ ਮੈਂ ਸੋਚਦੀ ਆਂ ਕਿ ਅਲਿਜ਼ਬੈੱਥ ਦੀ ਮਾਮ ਕਬਰ 'ਚ ਪਈ ਐ!'

ਗ੍ਰੈਂਡਪਾ ਆਪਣੇ ਚਿਹਰੇ ਨੂੰ ਉਤਾਂਹ-ਹਿਠਾਂਅ ਹਿਲਾਉਂਦੇ ਰਹੇ ਸਨ।
'ਮੈਂ ਸੋਚਦੀ ਆਂ, ਗ੍ਰੈਂਡਪਾ, ਡੈੱਡਬਾਡੀ 'ਬਰਨ'{ਅਗਨਭੇਟ} ਕਰਨੀ ਬੈਟਰ ਆ!'
'ਕਿਉਂ, ਸੁੱਖੇ?'

'ਜਦੋਂ ਬੈਰੀ {ਦਫ਼ਨ} ਕਰਦੇ ਆ ਬਾਡੀ ਨੂੰ ਗਰੇਵ ਵਿੱਚ, ਤਾਂ ਮੁਸ਼ਕ ਜਾਂਦੀ ਹੋਊ ਦੋ ਦਿਨਾਂ 'ਚ ਈ! ਗੰਡੋਏ ਬਣ ਜਾਂਦੇ ਹੋਣਗੇ ਬਾਕਸ 'ਚ! ਯੱਕ!' ਮੇਰੇ ਦੰਦ ਘੁੱਟੇ ਗਏ ਸਨ। 'ਮੈਨੂੰ ਉਹਦਾ ਕਾਸਕੈੱਟ ਵਰਮਜ਼ ਨਾਲ਼ ਭਰਿਆ ਦਿਸੀ ਜਾਂਦਾ! ਲਹੂ ਤੇ ਮਾਸ ਨੂੰ ਖਾਂਦੇ ਸੁੰਡ ਤੇ ਗੰਡੋਏ! ਅੱਖਾਂ ਨੂੰ, ਬਰੇਨ ਨੂੰ, ਤੇ ਹਾਰਟ ਨੂੰ ਖਾਂਦੇ! ਤੇ ਕਿਡਨੀਆਂ 'ਚ ਮੋਰੀਆਂ ਕਰ ਰਹੀਆਂ ਸੁੰਡੀਆਂ! ਹਾਏ! ਹਾਏ! ਹਾਏ!'
ਗ੍ਰੈਂਡਪਾ ਪਿਆਲੀ 'ਚ ਚਮਚਾ ਫੇਰਨ ਲੱਗ ਪਏ ਸਨ।

-ਤੇ ਫ਼ਿਰ ਸਾਰਾ ਫ਼ਲੈੱਸ਼ {ਮਾਸ} ਵੀ ਮੁੱਕ ਜਾਂਦਾ ਹੋਵੇਗਾ, ਗ੍ਰੈਂਡਪਾ?

-ਚੱਲ, ਸੁੱਖੇ, ਐਧਰ ਝਾਕ ਹੁਣ, ਚਾਹ ਦੀ ਘੁੱਟ ਨੂੰ ਸੰਘੋਂ ਹੇਠਾਂ ਨਿਘਾਰ ਕੇ ਗ੍ਰੈਂਡਪਾ ਪੰਜਾਬੀ ਦਾ ਕਾਇਦਾ ਚੁੱਕ ਲਿਆਏ ਸਨ। -ਕੱਲ੍ਹ ਤੈਨੂੰ 'ਕੰਨੇ' ਵਾਲ਼ੇ ਸ਼ਬਦ ਸਿਖਾਲ਼ੇ ਸੀ, ਕੱਕੇ ਕੰਨਾਂ ਕਾ, ਲੱਲੇ ਕੰਨਾਂ ਲਾ; ਕਾਲ਼ਾ!

-ਨ੍ਹੀਂ, ਗ੍ਰੈਂਡਪਾ, ਮੇਰਾ ਸਿਰ ਸੱਜੇ-ਖੱਬੇ ਹਿੱਲਿਆ ਸੀ। -ਮੈਂ ਤਾਂ ਅਲਿਜ਼ਬੈੱਥ ਦੀ ਮਾਮ ਬਾਰੇ ਈ ਸੋਚੀ ਜਾਨੀਂ ਆਂ: ਵਰਮਜ਼! ਵਰਮਜ਼ ਵੀ ਹੌਲ਼ੀ ਹੌਲ਼ੀ ਡਸਟ {ਮਿੱਟੀ} ਬਣ ਗਏ ਹੋਣਗੇ... ਤੇ ਕਾਸਕੈੱਟ 'ਚ ਬੱਸ ਖਾਲੀ ਸਕੈਲੇਟਨ ਰਹਿ ਗਿਆ ਹੋਵੇਗਾ! ਮਾਸ-ਹੀਣੀਆਂ ਲੱਤਾਂ, ਬਾਹਾਂ ਤੇ ਉਂਗਲ਼ਾਂ ਤੇ ਅੱਖਾਂ ਦੇ ਟੋਏ! ਉੱਫ਼! ਉੱਫ਼!'

-ਏਹ ਤਾਂ ਤੂੰਅਅ ਸੋਚਦੀ ਐਂ, ਸੁੱਖੀ, ਤੂੰ! ਗ੍ਰੈਂਡਪਾ ਨੇ ਡੂੰਘਾ ਸਾਹ ਭਰਿਆ ਸੀ। -ਪਰ ਡੈੱਡਬਾਡੀ ਤਾਂ ਬੱਸ ਮਿੱਟੀ ਹੁੰਦੀ ਐ ਮਿੱਟੀ: ਮਿੱਟੀ 'ਚ ਫ਼ੀਲਿੰਗ ਨੀ ਹੁੰਦੀ, ਸੁੱਖੇ! ਏਹਨੂੰ ਸਾੜ ਲੋ, ਜਾਂ ਕਬਰ 'ਚ ਪਾ ਦਿਓ, ਮਿੱਟੀ ਨੂੰ ਕੀ ਫ਼ਰਕ ਪੈਣਾ?

-ਹੂੰ, ਹੂੰ!

-ਕਈ ਲੋਕ ਆਪਣੇ ਮੋਇਆਂ ਨੂੰ ਪੰਜਾਬ ਲੈ ਜਾਂਦੇ ਐ, ਗ੍ਰੈਂਡਪਾ ਕਾਇਦੇ ਦੀ ਜਿਲਦ ਉੱਪਰ ਤਲ਼ੀ ਘਸਾਉਣ ਲੱਗ ਪਏ ਸਨ। -ਪਰ ਮੈਂ ਸੋਚਦਾਂ ਲਾਸ਼ ਨੂੰ ਕੋਈ ਫ਼ਰਕ ਨੀ ਪੈਂਦਾ... ਮਿੱਟੀ ਨੂੰ ਭਾਵੇਂ ਕਨੇਡਾ 'ਚ ਸਾੜ ਲੋ, ਭਾਵੇਂ ਪੰਜਾਬ 'ਚ!

-ਪਤੈ ਤੁਹਾਨੂੰ, ਗ੍ਰੈਂਡਪਾ, ਬਈ ਸੌ ਯੀਅਰਜ਼ ਪਹਿਲਾਂ ਗੋਰੇ ਲੋਕ, ਕਾਲ਼ੇ ਲੋਕਾਂ ਨੂੰ ਆਪਣੀ ਸੈਮੀਟੇਰੀ {ਕਬਰਸਤਾਨ} 'ਚ ਨੀ ਸੀ ਬੈਰੀ ਕਰਨ ਦਿੰਦੇ!

-ਹੂੰ, ਹੂੰ, ਹੂੰ! ਗ੍ਰੈਂਡਪਾ ਨੇ ਆਪਣੇ ਸਿਰ ਨੂੰ ਸੱਜੇ-ਖੱਬੇ ਗੇੜਿਆ ਸੀ। -ਨਿਰੀ ਜਹਾਲਤ! ਮੂਰਖ ਲੋਕ ਏਹ ਨੀ ਸਮਝਦੇ ਬਈ ਜਦੋਂ ਬੰਦਾ ਮਰ ਜਾਂਦੈ ਤਾਂ ਉਹ ਬੱਸ ਸਿਰਫ਼ ਮਿੱਟੀ ਹੁੰਦੈ!

ਹੇਠਾਂ ਫ਼ੈਮਿਲੀਰੂਮ 'ਚ ਮਾਮ-ਡੈਡ ਨਾਲ਼ ਹੋਏ ਤਕਰਾਰ ਨੂੰ ਦਸ-ਪੰਦਰਾਂ ਮਿੰਟ ਬੀਤ ਚੁੱਕੇ ਸਨ; ਤੇ ਉਥੇ ਖਿੜਕੀ ਵੱਲ ਪਿੱਠ ਕਰੀ ਖਲੋਤੀ ਟੀ ਵੀ ਖ਼ਾਮੋਸ਼ ਕਰ ਦਿੱਤੀ ਗਈ ਸੀ।
ਮੇਰੇ ਅੰਦਰ ਬੈੱਡ ਤੋਂ ਉੱਠਣ ਦੀ ਖ਼ਾਹਿਸ਼ ਪੁੰਗਰਨ ਲਗੀ ਸੀ।

ਗਿੱਲੇ ਹੋ ਗਏ ਨੈਪਕਿਨਾਂ ਨੂੰ ਗਾਰਬਿਜ-ਕੈਨ 'ਚ ਸੁੱਟ ਕੇ ਮੈਂ ਵਾਕ-ਇਨ ਕਲਾਜ਼ਿਟ ਵੱਲ ਰੁਖ਼ ਕੀਤਾ ਸੀ: ਓਥੇ ਸਾਹਮਣੇ ਫ਼ਰਸ਼ ਉੱਪਰ ਚਿਣੀਆਂ ਐਲਬਮਾਂ ਦਾ ਗਰਾ, ਮੇਰੇ ਲੱਕ ਤੀਕਰ ਉੱਚਾ! ਗਰੇ 'ਚੋਂ ਮੈਂ ਓਸ ਐਲਬਮ ਨੂੰ ਖਿੱਚ ਲਿਆ ਸੀ ਜਿਸਦੀ ਜਿਲਦ ਉੱਪਰ ਮੋਟੇ ਮਾਰਕਰ ਨਾਲ਼ ਲਿਖਿਆ ਸੀ: ਸ਼ੇਰਪੁਰ ਵਾਲ਼ੀ ਕੋਠੀ!

ਐਲਬਮ ਦੀ ਜਿਲਦ ਖੁਲ੍ਹਦਿਆਂ ਹੀ ਪਹਿਲੇ ਸਫ਼ੇ ਉੱਪਰ, ਵਾਈਡ-ਐਂਗਲ 'ਚ ਵਗਲ਼ੀ ਦੁ-ਮੰਜ਼ਲੀ ਕੋਠੀ ਜੀਕਣ ਬਾਹਾਂ ਖੋਲ੍ਹ ਕੇ ਮੇਰੇ ਸਾਹਮਣੇ ਖਲੋਅ ਗਈ ਹੋਵੇ: ਸੋ ਕੂਅਲ! ਮੈਂ ਬੁੜਬੁੜਾਈ ਸੀ। -ਐਂਡ ਸੋ ਹਿਊਜ!

ਹੇਠਲੀ ਤੇ ਉੱਪਰਲੀ ਦੋਵੇਂ ਫ਼ਲੋਰਾਂ ਸਾਫ਼ ਸਾਫ਼ ਨਜ਼ਰ ਆ ਰਹੀਆਂ ਸਨ! ਹੁਨਰੀ ਫੋਟੋਕਾਰ ਨੇ ਇਹ ਫ਼ੋਟੋ ਜ਼ਰੂਰ ਕਿਸੇ ਉੱਚੇ ਕਮਰੇ ਜਾਂ ਟਰੀ ਉੱਪਰ ਚੜ੍ਹ ਕੇ ਖਿੱਚੀ ਹੋਵੇਗੀ!

ਇਮਾਰਤ ਦੀ ਸੱਜੀ ਤੇ ਖੱਬੀ ਬਾਹੀ 'ਤੋਂ ਉੱਪਰ ਵੱਲ ਨੂੰ ਛੜੱਪੇ ਮਾਰਦੀਆਂ ਪੌੜੀਆਂ! ਪਹਿਲੀ ਫ਼ਲੋਰ ਦੇ ਸਿਰ ਉੱਪਰ ਪਿਛਲੇ ਚੌਬਾਰਿਆਂ ਦੀ ਰਾਖੀ ਕਰਦੇ ਜੁੜਵੇਂ ਵਰਾਂਡੇ, ਤੇ ਦੋਹਾਂ ਵਰਾਂਡਿਆਂ ਦੇ ਐਨ ਵਿਚਕਾਰੋਂ, ਪਿਛਲੇ ਕਮਰਿਆਂ ਨੂੰ ਚੀਰ ਕੇ, ਕੋਠੀ ਦੀ ਛੱਤ ਵੱਲ ਨੂੰ ਦੌੜ ਰਹੀਆਂ ਪੌੜੀਆਂ ਜਿਵੇਂ ਕਿਤੇ ਸਿਖ਼ਰ 'ਤੇ ਬੈਠੀ ਪਾਣੀ ਦੀ ਟੈਂਕੀ ਉੱਪਰ ਮੋਟੇ ਅੱਖਰਾਂ 'ਚ ਲਿਖੇ 'ਗਰਚਾ ਭਵਨ' ਨੂੰ ਨੇੜੇ ਹੋ ਕੇ ਪੜ੍ਹਨ ਦੀ ਕਾਹਲ 'ਚ ਹੋਵਣ!

ਮੈਂ ਵਰਕਾ ਉਲੱਦਿਆ ਸੀ: ਚਾਰ-ਦੀਵਾਰੀ ਦੀਆਂ ਦੋ ਕੰਧਾਂ ਦੇ ਨਾਲ਼-ਨਾਲ਼ ਖਲੋਤੇ ਉੱਚੇ-ਉੱਚੇ ਸਫ਼ੈਦੇ ਤੇ ਛਤਰੀਦਾਰ ਪਿਲਖਨਾਂ ਤੇ ਲੰਮ-ਸਲੰਮੇ ਪਾਪਲਰ: ਹਾਏ! ਹਾਏ!! ਏਹਨਾਂ ਟਰੀਜ਼ ਦੀਆਂ ਬਰਾਂਚਜ਼ 'ਚੋਂ ਮੈਨੂੰ ਗਰੈਂਡਪਾ ਦਿਸਣ ਲੱਗ ਪਏ ਸਨ, 'ਤੇਰੇ ਭਾਣੇ ਸਰਬੱਤ ਦਾ ਭਲਾ!' ਗੁਣਗੁਣਾਉਂਦੇ ਹੋਏ, ਤੇ ਪਰਲੇ ਪਾਸੇ ਜੜ੍ਹਾਂ ਤੋਂ ਟੀਸੀ ਤੀਕਰ ਹਰਾ ਲਿਬਾਸ ਪਾਈ, ਸੰਤਾਂ ਵਾਂਙਣ ਖਲੋਤੇ, ਅਸ਼ੋਕਾ ਦਰਖ਼ਤਾਂ ਦੀ ਸਿੱਧੀ ਕਤਾਰ! ਮੈਨੂੰ ਐਲਬਮ 'ਚ ਹਵਾ ਰੁਮਕਦੀ ਮਹਿਸੂਸ ਹੋਣ ਲੱਗੀ ਸੀ।

ਅਗੇ ਵਾਲ਼ਾ ਵਰਕਾ ਪਲਟਿਆ: ਮੈਂ, ਉੱਚੇ-ਉੱਚੇ ਦੋ ਥਮਲਿਆਂ ਵਾਲ਼ੀ ਲਾਬੀ ਦੀ ਛੱਤ ਹੇਠ ਡਾਹੇ ਮੂਹੜਿਆਂ ਨੂੰ ਗਿਣਨ ਲੱਗ ਪਈ ਸਾਂ: ਦੋ ਤੇ ਦੋ ਚਾਰ, ਤੇ ਦੋ ਛੇ, ਤੇ ਦੋ ਅੱਠ: ਅੱਠ ਸੱਜੇ ਪਾਸੇ ਤੇ ਅੱਠ ਈ ਖੱਬੇ! ਇਸ ਤਸਵੀਰ ਨੂੰ ਫ਼ੋਟੋਕਾਰ ਨੇ ਪਤਾ ਨੀ ਕਿਹੜੀ ਜੁਗਤ ਨਾਲ਼ ਖਿੱਚਿਆ ਸੀ ਕਿ ਖੱਬੇ-ਸੱਜੇ ਵਾਲ਼ੇ ਮੂਹੜਿਆਂ ਦੀਆਂ ਕਤਾਰਾਂ ਦੇ ਵਿਚਾਲ਼ੇ, ਮਧਰ-ਕੱਦੇ ਕਾਫ਼ੀ-ਟੇਬਲ ਉੱਪਰ ਰੱਖੀ ਮਿੱਟੀ ਦੀ ਵੱਡੀ ਪਰਾਤ ਇੰਝ ਲਗਦੀ ਸੀ ਜਿਵੇਂ ਸੱਚੀਂ-ਮੁੱਚੀਂ ਦੀ ਹੋਵੇ! ਇਸ ਪਰਾਤ ਦੇ ਕਿਨਾਰਿਆਂ ਉਦਾਲ਼ੇ ਪੈ ਰਹੀ ਚਿੜੀਆਂ ਦੀ ਚੜਚੋੜਲ੍ਹ ਵੀ ਮੈਨੂੰ ਸਾਫ਼ ਸੁਣਾਈ ਦੇਣ ਲੱਗੀ ਸੀ!

ਅਗਲੇਰੀ ਤਸਵੀਰ ਮੈਨੂੰ ਸ਼ੇਰਪੁਰ ਵਾਲ਼ੇ ਐਸੇ ਹੀ ਡਰਾਇੰਗ-ਰੂਮ ਵਿੱਚ ਲੈ ਆਈ ਸੀ: ਆਹਾ ਈ ਕੰਧਾਂ, ਆਹਾ ਹੀ ਛੱਤ, ਤੇ ਆਹਾ ਈ ਸੋਫ਼ਾ ਜਿਸ ਉੱਪਰ, ਮੈਂ ਐਸ ਵੇਲ਼ੇ ਬੈਠੀ ਹਾਂ। ਉਸ ਤਸਵੀਰ 'ਚ ਐਸੇ ਟਾਂਡ ਉੱਪਰ ਕਬੀਰ ਜੀ ਦਾ ਆਹਾ ਹੀ ਵੱਡ-ਅਕਾਰੀ ਪੋਅਟਰੇਟ ਖਲੋਤਾ ਸੀ। ਤਸਵੀਰ ਦੇ ਹੇਠ ਲਿਖੀ ਤੁਕ: ਦਿਵਸ ਚਾਰਿ ਕੋ ਪੇਖਨਾ, ਅੰਤਿ ਖੇਹ ਕੀ ਖੇਹ! ਐਸ ਤੁਕ ਨੂੰ, ਬਰੈਂਪਟਨ 'ਚ ਮੈਂ ਮੈਗਨੀਫ਼ਾਈਇੰਗ ਗਲਾਸ ਨਾਲ਼ ਪੜ੍ਹ ਵੀ ਲਿਆ ਸੀ: ਥੈਂਕਸ ਟੂ ਮਾਈ ਗ੍ਰੈਂਡਪਾ'ਜ਼ 'ਊੜਾ ਊਠ, ਬੱਬੇ ਹੋੜਾ ਬੋ, ਤੇ ਤੱਤੇ ਕੰਨਾਂ ਤਾ'!

ਕੱਲ੍ਹ ਵੈਨ 'ਚੋਂ ਉੱਤਰ ਕੇ, ਪਿਛਲੇ ਵਿਹੜੇ 'ਚ ਖਲੋਤੇ ਰੁੱਖਾਂ ਵੱਲ ਦੇਖਦੀ-ਦੇਖਦੀ, ਮੈਂ ਤਾਂ ਸਿੱਧੀ ਐਸ ਡਰਾਇੰਗਰੂਮ ਵੱਲ ਨੂੰ ਹੀ ਦੌੜੀ ਸੀ। ਰੂਮ 'ਚ ਵੜਦਿਆਂ ਹੀ, ਹੇਠਾਂ-ਉੱਪਰ ਤੇ ਸੱਜੇ-ਖੱਬੇ ਝਾਕਦੀ ਹੋਈ, ਮੈਂ ਸਾਰੇ ਕਮਰੇ ਨੂੰ ਨਜ਼ਰਾਂ ਨਾਲ਼ ਫਰੋਲਣ ਲੱਗ ਪਈ ਸਾਂ।

-ਐਸ ਬਿਲਡਿੰਗ ਨੂੰ ਤੁਸੀਂ ਬੱਸ ਕੋਠੀ ਈ ਕਹਿਨੇ ਓਂ, ਗ੍ਰੈਂਡਪਾ? ਮੈਂ ਚੌੜੀਆਂ-ਹੋ-ਗਈਆਂ ਅੱਖਾਂ ਨਾਲ਼ ਆਲ਼ੇ-ਦੁਆਲ਼ੇ ਨੂੰ ਉਧੇੜਦਿਆਂ ਬੋਲੀ ਜਾ ਰਹੀ ਸਾਂ, ਤੇ ਮੇਰੇ ਮੋਢੇ ਵਾਰ-ਵਾਰ ਮੇਰੇ ਕੰਨਾਂ ਵੱਲ ਨੂੰ ਉੱਭਰ ਰਹੇ ਸਨ। -ਇਟ'ਸ ਅ ਮਿਨੀ-ਕੈਸਲ, ਗ੍ਰੈਂਡਪਾ! ਜਸਟ ਗੋਰਜਸ!

-ਪਹਿਲਾਂ ਚਾਹ ਪੀਣੀ ਆਂ ਕਿ ਜੂਸ, ਸੁੱਖੂ?

ਪਰ ਮੇਰੀ ਨਜ਼ਰ ਨੂੰ ਤਾਂ ਪਿਛਲੀ ਕੰਧ ਦੀ ਖਿੜਕੀ ਨੇ ਰੱਸੀ ਪਾ ਕੇ ਖਿੱਚਿਆ ਹੋਇਆ ਸੀ: ਓ ਮਾਈ ਗਾਡ! ਲੁਕ ਐਟ ਦ ਕਰਟਨਜ਼! ਦ ਕਲਰ-ਕਾਂਬੀਨੇਸ਼ਨ ਪੁਲਜ਼ ਮਾਈ ਹਾਰਟ ਆਊਟ!

ਮੈਨੂੰ ਨਹੀਂ ਸੀ ਸੁਣ ਰਿਹਾ ਗ੍ਰੈਂਡਪਾ ਕੀ ਬੋਲ ਰਹੇ ਸਨ; ਬੱਸ ਐਨਾ ਕੁ ਪਤੈ ਕਿ ਉਹ ਕੁਝ ਬੋਲੇ ਜ਼ਰੂਰ ਸਨ, ਸ਼ਾਇਦ ਮੰਮੀ ਵੱਲੋਂ ਫ਼ੋਨ ਆਉਣ ਬਾਰੇ ਕੁਝ ਕਹਿ ਰਹੇ ਸਨ!

ਮੈਂ ਆਪਣੀਆਂ ਅੱਖਾਂ ਨੂੰ ਹੁਣ ਪਰਦਿਆਂ ਤੋਂ ਪੱਟ ਕੇ ਮਾਰਬਲ ਦੇ ਫਰਸ਼ ਉੱਪਰ ਲੈ ਆਂਦਾ ਸੀ। -ਵਾਓ!
-ਓ, ਧੀਏ, ਤੂੰ ਮੇਰੀ ਗੱਲ ਵੀ ਸੁਣ ਲੈ ਹੁਣਅਅ! ਸੱਜੇ-ਖੱਬੇ ਹਿੱਲੀ ਜਾ ਰਹੇ ਮੇਰੇ ਸਿਰ ਵੱਲੀਂ ਦੇਖ ਕੇ ਗ੍ਰੈਂਡਪਾ ਆਪਣੇ ਚਿੱਟੇ ਕੁੜਤੇ ਤੋਂ ਗ਼ੈਰਹਾਜ਼ਰ ਧੂੜ ਨੂੰ ਝਾੜਨ ਲੱਗੇ ਸਨ। -ਪੂਰਾ ਮਹੀਨਾ ਹੁਣ ਏਸੇ ਈ ਕੋਠੀ 'ਚ ਰਹਿਣੈ ਤੂੰ! ਖਾ-ਪੀ ਲਾ ਪਹਿਲਾਂ ਕੁਸ਼!

ਪਰ ਮੇਰੇ ਸਾਹਮਣੇ 'ਪੰਜਾਬ: ਲੈਂਡ ਐਂਡ ਪੀਪਲ' ਖੁਲ੍ਹਣ ਲੱਗੀ ਸੀ: ਐਡਾ ਸੋਹਣਾ ਦੇਸ, ਤੇ ਐਡੀ ਸੋਹਣੀ ਗਰੀਨਰੀ! ਖੇਤਾਂ ਦੀ ਹਰਿਆਵਲ ਦੇ ਐਨ ਵਿਚਾਲ਼ੇ ਬਣੀ ਹੋਈ ਆਹ ਕੋਠੀ!
-ਆ ਫਿਰ ਤੈਨੂੰ ਤੇਰਾ ਬੈੱਡਰੂਮ ਦਿਖਾਵਾਂ, ਸੁੱਖੀ! ਗ੍ਰੈਂਡਪਾ ਆਪਣੇ ਕੜੇ ਨੂੰ ਖੱਬੇ-ਸੱਜੇ ਫੇਰਦੇ ਹੋਏ ਬੈੱਡਰੂਮ ਵੱਲ ਨੂੰ ਹੋ ਤੁਰੇ ਸਨ।

ਹੈੱਡ-ਬੋਰਡ ਵਾਲ਼ੇ ਡਬਲ-ਬੈੱਡ ਦੀ ਚਾਦਰ ਦੀ ਹਲਕੀ ਜਿਹੀ ਹਰਿਆਲੀ 'ਤੇ ਘੜੀਸਵੀਂ ਜਿਹੀ ਨਜ਼ਰ ਮਾਰ ਕੇ ਮੈਂ ਆਪਣਾ ਚਿਹਰਾ ਖੱਬੇ ਪਾਸੇ ਵਾਲ਼ੇ ਖੂੰਜੇ ਵੱਲ ਨੂੰ ਗੇੜਿਆ ਸੀ: ਕਾਫ਼ੀ-ਟੇਬਲ ਉੱਤੇ ਵਿਛੇ ਟੇਬਲ-ਕਲਾਥ ਨੇ ਮੇਰੀਆਂ ਅੱਖਾਂ ਨੂੰ ਤੁਣਕਾ ਮਾਰ ਕੇ ਖਿੱਚ ਲਿਆ ਸੀ।

-ਵਾਅਅਓ! ਮੇਰੇ ਬੁੱਲ੍ਹ ਪਾਸਿਆਂ ਵੱਲ ਨੂੰ ਖਿੰਡ ਗਏ ਸਨ। -ਲੁਕ ਐਟ ਦੀਜ਼ ਪੀਅਕਾਕਸ! ਮੈਂ ਆਪਣਾ ਸੱਜਾ ਪੰਜਾ ਉਨ੍ਹਾਂ  ਵੱਲ ਹਿਲਾਇਆ ਸੀ। -ਹਾਏ ਕਿਊਟੀਜ਼!

-ਤੇਰੀ ਦਾਦੀ ਨੇ ਕੱਢਿਆ ਸੀ ਏਹਨਾਂ ਪੰਛੀਆਂ ਨੂੰ, ਸੁੱਖੇ! ਹਾਉਕੇ ਨੂੰ ਅੱਧ 'ਚ ਹੀ ਰੋਕਦਿਆਂ ਗ੍ਰੈਂਡਪਾ ਨੇ ਟੇਬਲ-ਕਲਾਥ ਦੇ ਐਨ ਵਿਚਕਾਰ, ਰੰਗ-ਬਰੰਗੇ ਧਾਗਿਆਂ ਦੀ ਕਢਾਈ ਨਾਲ਼ ਚਿਤਰੇ ਮੋਰ ਤੇ ਮੋਰਨੀ ਵੱਲ ਪੰਜਾ ਵਧਾਇਆ ਸੀ।

ਗਰੈਂਡਮਾ ਦਾ ਜ਼ਿਕਰ ਹੁੰਦਿਆਂ ਹੀ ਗ੍ਰੈਂਡਪਾ ਦੇ ਚਿਹਰੇ ਉੱਪਰ ਸ਼ਾਮ ਉੱਤਰ ਆਈ ਸੀ, ਤੇ ਮੈਨੂੰ ਜਾਪਿਆ ਸੀ ਟੇਬਲ-ਕਲਾਥ ਵਾਲ਼ੇ ਜੋੜੇ 'ਚੋਂ ਵਿਚਾਰੀ ਮੋਰਨੀ ਜਿਵੇਂ ਫ਼ਰਸ਼ 'ਤੇ ਡਿੱਗ ਕੇ ਮਾਰਬਲ 'ਚ ਡੁੱਬ ਗਈ ਹੋਵੇ!

***

ਐਸ ਵਕਤ ਦੂਰੋਂ ਸਪੀਕਰ ਉੱਪਰ ਭਰੜਾਉਂਦੀ ਅਵਾਜ਼ ਆ ਰਹੀ ਹੈ: ਖ਼ਾਲਸਾ ਜੀ ਪੰਜ ਵਜੇ ਦਾ ਟੈਮ ਹੋ ਗਿਆ ਹੈ!

ਤੇ ਅਚਾਨਕ ਹੀ ਗਰੜ-ਗਰੜ ਦੀ ਆਵਾਜ਼ ਨਾਲ਼ ਖਿੜਕੀਆਂ ਖੜਕਣ ਲੱਗ ਪਈਆਂ ਹਨ। ਦਹੀਂ ਵਾਂਙੂੰ ਜੰਮੀ ਹੋਈ ਮੇਰੀ ਨੀਂਦਰ ਵਿੱਚ ਜੀਕਣ ਲੱਕੜੀ ਦਾ ਚਮਚਾ ਫਿਰ ਗਿਆ ਹੈ।

ਮੇਰਾ ਹੱਥ ਸਿਰਹਾਣੇ ਹੇਠ ਪਈ ਸਵਿੱਚ ਨੂੰ ਲੱਭਣ ਲਈ ਐਧਰ-ਓਧਰ ਘੁੰਮ ਰਿਹਾ ਹੈ।

ਸਵਿੱਚ ਮੇਰੀਆਂ ਉਂਗਲ਼ਾਂ 'ਚ ਆਉਂਦੀ ਹੈ ਤੇ ਕਮਰੇ ਦੀ ਸਾਰੀ ਪਰਜਾ ਜਾਗ ਪੈਂਦੀ ਹੈ: ਬੈੱਡ ਦੇ ਸੱਜੇ ਪਾਸੇ ਵਾਲ਼ੀਆਂ ਦੋਵੇਂ ਕੁਰਸੀਆਂ ਤੇ ਉਨ੍ਹਾਂ  ਦੇ ਵਿਚਕਾਰ ਖਲੋਤਾ ਟੇਬਲ; ਖੱਬੇ ਪਾਸੇ ਵਾਲ਼ਾ ਡਰੈੱਸਰ ਤੇ ਉਸ ਉੱਪਰ ਖਲੋਤਾ ਲੰਬੂਤਰਾ ਸ਼ੀਸ਼ਾ; ਸ਼ੀਸ਼ੇ ਦੇ ਨਾਲ਼ ਹੀ ਗੁੰਮ-ਸੁੰਮ ਖਲੋਤਾ ਵਾਰਡਰੋਬ; ਤੇ ਰਾਤ ਭਰ ਠੰਡੇ ਸਾਹ ਭਰਦਾ ਰਿਹਾ ਸਪਲਿਟ ਏ ਸੀ।

ਵਾਸ਼ਰੂਮ ਤੋਂ ਵਿਹਲੀ ਹੋ ਕੇ ਮੈਂ 'ਪੰਜਾਬ: ਲੈਂਡ ਐਂਡ ਪੀਪਲ' ਨੂੰ ਆਪਣੇ ਪਰਸ 'ਚੋਂ ਬਾਹਰ ਕੱਢ ਲਿਆ ਹੈ। ਏæ ਸੀæ ਦੀ ਸਵਿੱਚ ਨੂੰ ਉੱਪਰ ਵੱਲ ਨੂੰ ਧੱਕ ਕੇ, ਮੈਂ ਡਰਾਇੰਗਰੂਮ 'ਚ ਸੋਫ਼ੇ 'ਤੇ ਆ ਬੈਠੀ ਹਾਂ।

ਮੇਰੀ ਨਜ਼ਰ, ਸਾਹਮਣੇ ਵਾਲ਼ੀ ਕੰਧ ਦੇ ਵਿਚਕਾਰਲੇ ਹਿੱਸੇ ਉੱਪਰ ਦੂਰ ਤੀਕਰ ਫੈਲਰੀ ਪੋਸਟਰ-ਸਾਈਜ਼ ਤਸਵੀਰ ਉੱਪਰ ਜੰਮ ਗਈ ਹੈ! ਤਸਵੀਰ ਵਿਚਲੇ ਦੋਹਾਂ ਕਿਰਦਾਰਾਂ ਵੱਲ ਦੇਖਦਿਆਂ ਮੇਰੀਆਂ ਅੱਖਾਂ 'ਚ ਹਾਸੀ ਟਪਕਣ ਲਗਦੀ ਹੈ: ਪੰਜਾਂ ਸਾਲਾਂ 'ਚ ਈ ਕਿੰਨੇ ਬਦਲ ਗਏ ਆਂ ਅਸੀਂ ਦੋਵੇਂ ਈ!
ਕਿਰਦਾਰਾਂ ਨੂੰ ਦੇਖਦੀ-ਦੇਖਦੀ ਮੈਂ ਕਈ ਸਾਲ ਪਿੱਛੇ ਵੱਲ ਨੂੰ ਦੌੜਨ ਲਗਦੀ ਹਾਂ। ਸੋਚਣ ਲਗਦੀ ਹਾਂ ਜਦੋਂ ਦੀ ਮੈਂ ਸੁਰਤ ਸੰਭਾਲ਼ੀ ਹੈ ਡੈਡੀ ਜੀ ਬਸ ਝੱਲ-ਵਲੱਲੇ ਈ ਦਿਸੇ ਐ ਮੈਨੂੰ-ਸ਼ਰਾਰਤੀ ਤੇ ਫੰਨੀ! ਜਿਸ ਦਿਨ ਆਹ ਤਸਵੀਰ ਖਿੱਚੀ ਸੀ ਉਸ ਦਿਨ ਦੁਪਹਿਰੇ ਹੀ ਬੀਅਰ ਵਾਲ਼ੇ ਮਗ ਨੂੰ ਧੋਣ ਲੱਗ ਪਏ ਸਨ। ਕਦੇ ਤਾਂ ਫੈਮਿਲੀਰੂਮ 'ਚ ਗ੍ਰੈਂਡਪਾ ਦਾ ਸਮਾਨ ਸੂਟਕੇਸ 'ਚ ਪੈਕ ਕਰ ਰਹੇ ਮੰਮੀ ਜੀ ਦੇ ਸਿਰ 'ਤੇ ਠੋਲਾ ਮਾਰ ਦਿੰਦੇ ਤੇ ਕਦੇ ਮੇਰੀ ਪੋਨੀ-ਟੇਲ ਨੂੰ ਤੁਣਕਾ ਮਾਰ ਕੇ ਆਪਣਾ ਮੂੰਹ ਕੰਧ ਵੱਲੀਂ ਕਰ ਲੈਂਦੇ। ਬੀਅਰ ਦੀ ਅਗਲੀ ਬੋਤਲ ਨੂੰ ਖੋਲ੍ਹਣ ਤੋਂ ਪਹਿਲਾਂ, ਇੱਕ-ਦਮ ਉੱਠੇ ਤੇ ਕਾਹਲ਼ੇ ਕਦਮੀ ਸਟੱਡੀਰੂਮ ਵੱਲੀਂ ਤੁਰ ਗਏ ਸਨ।

ਸਟੱਡੀਰੂਮ 'ਚੋਂ ਡਰਾਅਰ ਦੇ ਖੁਲ੍ਹਣ ਦਾ ਖੜਾਕ ਹੋਇਆ ਸੀ, ਤੇ ਅਗਲੇ ਪਲੀਂ, ਡੈਡ ਜੀ ਸਿਰ ਨੂੰ ਝਟਕੇ ਮਾਰਦੇ ਹੋਏ, ਵਾਪਿਸ ਤੁਰੇ ਆਉਂਦੇ ਸਨ।

-ਉੱਠੋ, ਪਾਪਾ ਜੀ! ਗ੍ਰੈਂਡਪਾ ਨੂੰ ਹੁਕਮ ਹੋਇਆ ਸੀ। -ਚਲੋ ਬੈਠੋ ਬਾਬੇ ਦੀ ਬੀੜ ਦੇ ਪਿਛਲੇ ਪਾਸੇ!
-ਓਏ ਦਸਤਾਰ ਤਾਂ ਸਜਾਅ ਲੈਣ ਦੇ! ਗ੍ਰੈਂਡਪਾ ਮੁੱਛਾਂ ਉੱਪਰ ਉਂਗਲ਼ਾਂ ਫੇਰਨ ਲੱਗ ਪਏ ਸਨ। -ਨਾਲ਼ੇ ਕੁੜਤਾ ਵੀ ਬਦਲ ਲਵਾਂ!

-ਨਾ, ਨਾ, ਨਾ! ਸਿਰ ਫੇਰਦੇ ਹੋਏ ਡੈਡੀ, ਗ੍ਰੈਂਡਪਾ ਨੂੰ, ਬਾਬਾ ਜੀ ਦੀ ਬੀੜ ਵਾਲੇ ਕਮਰੇ ਵੱਲ ਨੂੰ ਖਿੱਚਣ ਲੱਗ ਪਏ ਸਨ। -ਕੁਦਰਤੀ ਪੋਜ਼ ਈ ਤਾਂ ਅਸਲ ਪਿਕਚਰ ਹੁੰਦੀ ਐ, ਪਾਪਾ ਜੀ! ਆਹ ਚੁੱਕੋ ਪਰਨਾ, ਤੇ ਸ਼ੀਸ਼ੇ ਤੋਂ ਬਿਨਾ ਈ ਲਪੇਟੋ ਸਿਰ ਦੇ ਉਦਾਲ਼ੇ!

ਗ੍ਰੈਂਡਪਾ ਪਰਨਾ ਲਪੇਟ ਰਹੇ ਸਨ ਤਾਂ ਡੈਡੀ ਦਾ ਚਿਹਰਾ ਮੇਰੇ ਵੱਲ ਸੇਧਤ ਹੋ ਗਿਆ ਸੀ।
-ਤੂੰ ਵੀ ਉੱਠ, ਸੁੱਖੀ, ਡੈਡੀ ਆਪਣੇ ਸੱਜੇ ਹੱਥ ਦੀ ਪਹਿਲੀ ਉਂਗਲ਼ ਨੂੰ ਤੁਣਕਣ ਲੱਗ ਪਏ ਸਨ। -ਬੈਠ ਪਾਪਾ ਜੀ ਦੇ ਸੱਜੇ ਪਾਸੇ!

ਗੋਡਣੀ ਮਾਰ ਕੇ ਸਾਡੇ ਸਾਹਮਣੇ ਬੈਠੇ ਡੈਡੀ ਕੈਮਰੇ ਦੇ ਲੈਨਜ਼ ਨੂੰ ਖੱਬੇ-ਸੱਜੇ ਮਰੋੜੀ ਜਾਂਦੇ ਸਨ! -ਥੋੜ੍ਹਾ ਜਿਅ੍ਹਾ ਮੁਸਕ੍ਰਾਓ, ਪਾਪਾ ਜੀ!

-ਉਏ ਬਹੁਤੇ ਟਸ਼ਨੇ ਨਾ ਕਰੀ ਜਾਹ! ਗ੍ਰੈਂਡਪਾ ਬੁੜਬੁੜਾਏ ਸਨ। -ਖਿੱਚ ਜਲਦੀ ਜਲਦੀ, ਤੇ ਮੈਨੂੰ ਚੈੱਕ ਕਰਨ ਦੇ ਆਵਦਾ ਪਾਸਪੋਅਟ!

-ਏਹ ਫ਼ੋਟੋ 'ਗਰਚਾ ਭਵਨ' ਦੇ ਡਰਇੰਗਰੂਮ 'ਚ ਸਜਣੀ ਐਂ ਪਾਪਾ ਜੀ, ਡਰਾਇੰਗਰੂਮ 'ਚ, ਢਾਈ-ਬਾਈ-ਪੰਜ ਦਾ ਪੋਸਟਰ ਦਾ ਬਣ ਕੇ!

-ਕਿਹੜੇ ਗਰੇਡ 'ਚ ਸੀ ਮੈਂ ਭਲਾ ਜਿੱਦੇਂ ਆਹ ਫ਼ੋਟੋ ਖਿੱਚੀ ਸੀ? ਮੈਂ ਅੱਖਾਂ ਨੂੰ ਸੁੰਗੇੜ ਕੇ ਬੁੜਬੁੜਾਉਂਦੀ ਹਾਂ।

-ਮੈਂ ਦੱਸਾਂ? ਆਪਣੇ ਕਮਰੇ ਦੇ ਬੂਹੇ 'ਚ ਖਲੋਤੇ, ਮੈਨੂੰ ਵਾਚ ਕਰ ਰਹੇ ਗ੍ਰੈਂਡਪਾ ਡਰਾਇੰਗਰੂਮ 'ਚ ਆ ਕੇ ਹੱਸਣ ਲੱਗ ਪਏ ਨੇ।

-ਤੁਸੀਂ ਤਾਂ ਮੈਨੂੰ ਡਰਾਅ ਈ ਦਿੱਤਾ, ਗ੍ਰੈਂਡਪਾ!

-ਸੱਤਵੀਂ ਦੇ ਅਖੀਰ 'ਚ ਸੀ, ਮੇਰਾ ਸੁਖੜੂ!

-ਯੱਪ! ਮੈਂ ਆਪਣੇ ਸਿਰ ਨੂੰ ਸੱਜੇ-ਖੱਬੇ ਟੇਢਾ ਕਰਨ ਲੱਗ ਪਈ ਹਾਂ।

-ਓ ਤੂੰ ਐਨੀ ਸਵੱਖ਼ਤੇ ਕਿਉਂ ਜਾਗ ਪਿਆ, ਸੁੱਖਿਆ?

-ਚੰਗਾ ਹੋਇਆ ਜਾਗ ਆਗੀ, ਗ੍ਰੈਂਡਪਾ, ਮੈਂ ਵਰਕੇ ਦੀ ਕੰਨੀ ਮਰੋੜ ਕੇ ਕਿਤਾਬ ਬੰਦ ਕਰ ਦਿੱਤੀ ਹੈ। -ਜੋ ਕੁਝ ਮੈਂ ਇਸ ਕਿਤਾਬ 'ਚ ਪੜ੍ਹਿਐ ਬੀਤੇ ਮਹੀਨਿਆਂ 'ਚ, ਉਸ ਨੂੰ ਮੈਂ ਕੱਲ੍ਹ ਦਿੱਲੀ ਤੋਂ ਪੰਜਾਬ ਵੱਲ ਆਉਂਦਿਆਂ ਸਾਰੇ ਰਾਹ ਈ ਲੱਭਦੀ ਰਹੀ!

-ਕਿੰਨਾ ਕੁ ਲੱਭਿਆ ਫੇਅ?

-ਬਾਹਰ ਤਾਂ ਥੋੜ੍ਹਾ ਈ ਲੱਭਿਐ!

-ਓ ਰਵਾਇਤੀ ਪੰਜਾਬ ਤਾਂ ਭਾਈ ਹੁਣ ਪਿੰਡਾਂ 'ਚ ਈ ਰਹਿ ਗਿਐ ਮਾੜਾ-ਮੋਟਾ! ਗ੍ਰੈਂਡਪਾ ਆਪਣੇ ਗਲ਼ੇ ਨੂੰ ਖੰਘੂਰਦੇ ਹਨ। -ਗ੍ਰੰਥੀ ਬੋਲਦੈ ਪੰਜ ਵਜੇ ਸਪੀਕਰ 'ਤੇ, ਤੇ ਪੰਦਰਾਂ ਮਿੰਟਾਂ 'ਚ ਅੱਧਾ ਪਿੰਡ ਗੁਰਦਵਾਰੇ ਦੇ ਮੇਨ-ਹਾਲ 'ਚ ਹੱਥ ਜੋੜੀ ਬੈਠਾ ਹੁੰਦੈ!

ਸੇਵਾਦਾਰ ਲੜਕੀ ਚਾਹ ਦੀਆਂ ਪਿਆਲੀਆਂ ਵਾਲ਼ੀ ਟਰੇਅ ਨੂੰ ਕਾਫ਼ੀ-ਟੇਬਲ ਉੱਪਰ ਟਿਕਾਅ ਰਹੀ ਹੈ।
-ਰਾਤ ਤੋ ਸਾਰੀ ਰਾਤ ਬਾਰਸ ਹੋਂਦੀ ਰਹੀ, ਬਾਬਾ ਜੀ! ਲੜਕੀ ਨੇ ਕੇਤਲੀ ਦਾ ਟੋਪਾ ਉਤਾਰ ਕੇ ਇੱਕ ਪਾਸੇ ਰੱਖ ਦਿੱਤਾ ਹੈ। -ਮੋਲੇਦ੍ਹਾਰ!

-ਅੱਛਾਅ? ਗ੍ਰੈਂਡਪਾ ਕਾਫ਼ੀ-ਟੇਬਲ ਦੇ ਲਾਗੇ ਡੱਠੀ ਕੁਰਸੀ ਉੱਪਰ ਬੈਠ ਗਏ ਨੇ। -ਏæ ਸੀæ ਦੇ ਖੜਕੇ 'ਚ ਮੈਨੂੰ ਨੀ ਸੁਣਿਆਂ ਕੁੱਛ ਵੀ!

ਟਰੇਅ 'ਚ ਪਏ ਬਿਸਕਿਟਾਂ ਵੱਲ ਝਾਕਦਿਆਂ ਮੇਰੇ ਮੂੰਹ 'ਚ ਜ਼ੀਰੇ ਅਤੇ ਨਮਕ ਦਾ ਸਵਾਦ ਘੁਲਣ ਲੱਗ ਪਿਆ ਹੈ।

-ਬਰੇਕਫ਼ਾਸਟ ਕੀਨੇ ਬਜੇ ਬਨਾਊਂ, ਬਾਬਾ ਜੀ?

-ਬ੍ਰੇਕਫ਼ਾਸਟ ਤਾਂ, ਰੂਪਰਾਣੀ,  ਲੁਦੇਹਾਣੇ ਜਾ ਕੇ ਕਰਨਾਂ, ਗ੍ਰੈਂਡਪਾ ਚਾਹ ਵਾਲ਼ੀ ਕੇਤਲੀ ਦੀ ਟੂਟੀ ਨੂੰ ਮੇਰੇ ਵਾਲ਼ੀ ਪਿਆਲੀ ਉੱਪਰ ਟੇਢਾ ਕਰਦੇ ਹਨ। -ਸੁੱਖੀ ਦੇ ਚਾਚੀ-ਚਾਚਾ ਉਡੀਕੀ ਜਾਂਦੇ ਐ ਓਥੇ!
ਚਾਹ ਦੀ ਪਿਆਲੀ ਨੂੰ ਚੁੱਕ ਕੇ ਮੈਂ ਵਿਹੜੇ ਵੱਲੀਂ ਝਾਕਦੀ ਹਾਂ-ਦੂਰ ਤੀਕਰ ਫੈਲੇ ਪੱਕੀਆਂ ਇੱਟਾਂ ਦੇ ਵਿਹੜੇ ਵੱਲੀਂ! ਬਾਰਸ਼ ਨਾਲ਼ ਗੂੜ੍ਹੀਆਂ ਹੋ ਗਈਆਂ ਗੇਰੂਆ-ਇੱਟਾਂ ਉੱਤੇ ਉੱਤਰੀਆਂ ਗੁਟਾਰਾਂ, ਕੀੜੇ-ਮਕੌੜਿਆਂ ਦੀ ਭਾਲ਼ 'ਚ, ਏਧਰ ਓਧਰ ਫੁਦਕ ਰਹੀਆਂ ਹਨ। ਤੇ ਔਹ ਦੂਅਅਰ ਮੇਨਗੇਟ ਉੱਪਰ ਰੁੱਖਾਂ ਦੇ ਪੱਤਿਆਂ 'ਚੋਂ ਚੋਅ ਰਹੀਆਂ ਹਲਕੀਆਂ ਹਲਕੀਆਂ ਬੂੰਦਾਂ!


-ਚਾਹ ਮੁਕਾ ਲਾ ਜਲਦੀ ਜਲਦੀ, ਸੁੱਖਿਆ,  ਗ੍ਰੈਂਡਪਾ ਹੱਥ 'ਚ ਪਕੜੇ ਬਿਸਕਿਟ ਨੂੰ ਤੋੜ ਕੇ ਦੋ ਟੁਕੜੇ ਕਰ ਦਿੰਦੇ ਹਨ। -ਮੈਂ ਤੈਨੂੰ ਜ਼ਮੀਨ ਦਿਖਾਉਣੀ ਐਂ ਤੇਰੇ ਡੈਡੀ ਦੇ ਹਿੱਸੇ ਦੀ।

-ਡੈਡੀ ਦੇ ਹਿੱਸੇ ਦੀ? ਮੇਰੇ ਮੱਥੇ 'ਤੇ ਸਿਲਵਟਾਂ ਉਠਦੀਆਂ ਹਨ। -ਵਟ੍ਹ ਅਬਾਊਟ ਲੁਧਿਆਣੇ ਵਾਲ਼ੇ ਚਾਚਾ ਜੀ?

ਗ੍ਰੈਂਡਪਾ ਆਪਣੇ ਖੱਬੇ ਪੰਜੇ ਨੂੰ ਖਿਲਾਰਦੇ ਹਨ, ਅਤੇ ਆਪਣੀਆਂ ਸੱਜੀਆਂ ਉਂਗਲ਼ਾਂ 'ਚ ਪਕੜੇ ਬਿਸਕਿਟ ਦੇ ਕੋਨੇ ਨਾਲ਼, ਗੁੱਟ ਲਾਗਿਓਂ ਵਿਚਕਾਰਲੀ ਉਂਗਲ਼ ਵੱਲ ਨੂੰ ਲਕੀਰ ਖਿੱਚ ਦੇਂਦੇ ਹਨ। -ਆਹ ਸੜਕ ਲੰਘਦੀ ਐ, ਆਪਣੀ ਜ਼ਮੀਨ ਦੇ ਐਨ ਵਿਚਕਾਰੋਂ ਦੀ, ਸੁੱਖੀ! ਸੜਕ ਤੋਂ ਪਾਰਲੀ ਜ਼ਮੀਨ ਨੂੰ ਪਿੰਡ ਦੇ ਲੋਕ 'ਖੂਹ ਆਲ਼ੀ' ਸਦਦੇ ਆ; ਉਹ ਜ਼ਮੀਨ ਮੈਂ, ਪੁੱਤਰਾ, ਤੇਰੇ ਡੈਡੀ ਦੇ ਨਾਮ ਕਰਤੀ ਐ, ਤੇ ਸੜਕ ਤੋਂ ਐਧਰਲੇ ਪਾਸੇ ਆਲ਼ੀ ਤੇਰੇ ਚਾਚੇ ਦੇ ਹਿੱਸੇ ਆਗੀ ਐ।

ਜ਼ਮੀਨ ਦਾ ਜ਼ਿਕਰ ਹੁੰਦਿਆਂ ਮੇਰੇ ਜ਼ਿਹਨ ਵਿੱਚ ਪਾਣੀ 'ਚ ਡੁੱਬੀਆਂ ਫ਼ਸਲਾਂ ਤਰਨ ਲਗਦੀਆਂ ਨੇ ਜਿਨ੍ਹਾਂ ਨੂੰ ਪਿਛਲੇ ਸਾਲ ਮੈਂ ਕੈਨੇਡਾ 'ਚ ਟੀ ਵੀ ਉੱਤੇ ਦੇਖਿਆ ਸੀ।

-ਆਪਣਾ ਪਿੰਡ ਵੀ ਡੁੱਬ ਗਿਆ ਸੀ ਪਾਣੀ 'ਚ, ਸੁੱਖੀ!

-ਓ ਮਾਈ ਗਾਡ! ਮੇਰਾ ਚਿਹਰਾ ਲਮਕਵੀਂ ਚਾਲੇ ਸੱਜੇ ਖੱਬੇ ਗਿੜਦਾ ਹੈ।

-ਸਿਰਫ਼ ਆਪਣੀਆਂ ਫ਼ਸਲਾਂ ਈ ਬਚੀਆਂ ਸੀæ, ਗ੍ਰੈਂਡਪਾ ਨੇ ਆਪਣੇ ਪੰਜੇ ਨੂੰ ਫ਼ਰਸ਼ ਤੋਂ ਦੋ ਫੁੱਟ ਉੱਚਾ ਚੁੱਕ ਲਿਆ ਹੈ। -ਆਪਣੀ ਪੈਲ਼ੀ ਐਨੀ ਉੱਚੀ ਐ ਬਾਕੀ ਪਿੰਡ ਨਾਲ਼ੋਂ... ਏਨਾ ਉੱਚਾ ਨੀ ਚੜ੍ਹ ਸਕਦਾ ਪਾਣੀ ਭਾਵੇਂ ਸਾਰਾ ਪੰਜਾਬ ਡੁੱਬ ਜੇ!

-ਪੂਅਰ ਫ਼ਾਰਮਰਜ਼, ਮੇਰਾ ਹਾਉਕਾ ਨਿੱਕਲ਼ਦਾ ਹੈ।
ਲਾਬੀ 'ਚ 'ਡਿੰਗ-ਡਾਂਗ! ਡਿੰਗ-ਡਾਂਗ' ਹੁੰਦੀ ਹੈ।

ਗ੍ਰੈਂਡਪਾ ਕਿਚਨ ਵੱਲੀਂ ਚਿਹਰਾ ਘੁੰਮਾਅ ਕੇ ਆਵਾਜ਼ ਦੇਂਦੇ ਹਨ: ਗੇਟ ਖੋਲ੍ਹ, ਰੂਪਰਾਣੀ! ਬਾਹਰ ਜਾ ਕੇ ਦੇਖ ਕੌਣ ਆ ਗਿਆ ਐਨੇ ਸਵਖਤੇ!

ਮੈਂ ਤੇ ਗ੍ਰੈਂਡਪਾ ਡਰਾਇੰਗਰੂਮ ਦੇ ਜਾਲ਼ੀਦਾਰ ਦਰਵਾਜ਼ੇ ਰਾਹੀਂ ਦੂਅਅਰ ਚਾਰਦੀਵਾਰੀ ਦੇ ਮੇਨਗੇਟ ਵੱਲ ਦੇਖਣ ਲਗਦੇ ਹਾਂ!

-ਲੋਕ ਵੀ, ਸਾਲ਼ੇ, ਟਿਕਣ ਕਿਹੜਾ ਦਿੰਦੇ ਐ, ਗ੍ਰੈਂਡਪਾ ਬੁੜਬੁੜਾਉਂਦੇ ਹਨ। -ਸਵੇਰੇ ਈ ਆ ਧਮਕਦੇ ਐ!

ਚੌੜੇ ਗੇਟ ਦੇ ਖੱਬੇ ਪੱਲੇ 'ਚ ਤਰਾਸ਼ੀ ਆਦਮ-ਕੱਦ ਦਰਵਾਜ਼ੀ, ਵਿਹੜੇ ਵੱਲ ਨੂੰ ਖੁਲ੍ਹਦੀ ਹੈ।
ਦੋ ਨੰਗੇ ਪੈਰ ਜਕਦੇ-ਜਕਦੇ ਅੰਦਰ ਦਾਖ਼ਲ ਹੁੰਦੇ ਹਨ।

ਉਨ੍ਹਾਂ ਦੇ ਪਿੱਛੇ ਹੋਰ ਪੈਰ, ਤੇ ਹੋਰਾਂ ਦੇ ਪਿੱਛੇ ਹੋਰ ਤੇ ਹੋਰ ਤੇ ਹੋਰ: ਗਾਰੇ ਨਾਲ਼ ਲਿੱਬੜੇ ਪੰਜਿਆਂ ਤੇ ਕਾਲ਼ੀਆਂ-ਕਲੂਟ ਲੱਤਾਂ ਦੀ ਭੀੜ ਮੇਨ ਗੇਟ 'ਤੇ ਬੇਚੈਨੀ ਖਿਲਾਰਨ ਲਗਦੀ ਹੈ!
ਭੀੜ ਨੂੰ ਗੇਟ 'ਤੇ ਖਲ੍ਹਿਆਰ ਕੇ ਰੂਪਰਾਣੀ ਵਾਪਿਸ ਪਰਤ ਰਹੀ ਹੈ।

-ਸਰਪੰਚੀ ਕਰਨ ਦਾ ਆਹ ਨੁਕਸਾਨ ਐ, ਸੁੱਖੀ, ਗ੍ਰੈਂਡਪਾ ਦੇ ਭਰਵੱਟੇ ਹਰਕਤ ਕਰਦੇ ਹਨ।
ਮੈਂ ਚਾਹ ਦੀ ਦੂਸਰੀ ਪਿਆਲੀ ਭਰਨ ਲਈ ਕੇਤਲੀ ਨੂੰ ਟੇਢੀ ਕਰਦੀ ਹਾਂ।

-ਕਈ ਵਾਰੀ ਤਾਂ ਅੱਧੀ ਰਾਤ ਨੂੰ ਬੈੱਲ ਮਾਰ ਦਿੰਦੇ ਐ ਡੰਗਰ!
-ਕੌਣ ਨੇ ਏਹ, ਗ੍ਰੈਂਡਪਾ?

ਰੂਪਰਾਣੀ ਡਰਾਇੰਗਰੂਮ 'ਚ ਦਾਖ਼ਲ ਹੋ ਗਈ ਹੈ: ਵੇਹੜੇ ਵਾਲੇ ਆਏ ਹੈਂ, ਬਾਬਾ ਜੀ!
-ਰੋਕ ਉਨ੍ਹਾਂ ਨੂੰ ਗੇਟ 'ਤੇ ਈ ਪੰਜ ਕੁ ਮਿੰਟ, ਰੂਪਰਾਣੀ! ਗ੍ਰੈਂਡਪਾ ਸਿਰ 'ਤੇ ਲਪੇਟੇ ਪਰਨੇ ਨੂੰ ਖੁਰਕਣ ਲਗਦੇ ਹਨ!

-ਵੇਹੜੇ ਆਲ਼ੇ? ਮੇਰੇ ਮੱਥੇ ਉੱਪਰ ਸਵਾਲ ਇਕੱਠਾ ਹੋ ਜਾਂਦਾ ਹੈ। -ਵਟ੍ਹ'ਸ ਦਿਸ 'ਵੇਹੜੇ ਆਲ਼ੇ', ਗ੍ਰੈਂਡਪਾ?

-ਓਹ, ਸੁੱਖੇ, ਏਥੇ ਪੰਜਾਬ 'ਚ ਕੰਮੀ ਲੋਕਾਂ ਦੀ ਬਸਤੀ ਹੁੰਦੀ ਐ ਹਰੇਕ ਪਿੰਡ 'ਚ, ਪਿੰਡ ਤੋਂ ਜਰਾ ਕ ਹਟਵੀਂ...

-ਕੰਮੀਂ ਲੋਅਅਕ? ਮੈਂ ਅੱਖਾਂ ਮੀਟ ਕੇ ਸਿਰ ਨੂੰ ਖੱਬੇ-ਸੱਜੇ ਝਟਕਦੀ ਹਾਂ। -ਵੱਟ੍ਹ'ਸ ਦਿਸ ਕੰਮੀ, ਗ੍ਰੈਂਡਪਾਅਅਅ?

-ਕੰਮੀਂ, ਸੁੱਖੇ, ਗ਼ਰੀਬ ਲੋਕ ਹੁੰਦੇ ਐ... ਆਪਣੇ ਜੱਟਾਂ ਜਿੰਮੀਦਾਰਾਂ ਦੇ ਘਰੀਂ ਕੰਮ ਕਰਨ ਵਾਲ਼ੇ! ਮਲਮੂਤਰ ਹੁੰਦੈ ਨਾ ਪਸ਼ੂਆਂ ਦਾ? ਏਨ੍ਹਾ ਕੰਮੀਆਂ ਦੀਆਂ ਜਨਾਨੀਆਂ ਚੁੱਕ ਕੇ ਰੂੜੀਆਂ 'ਤੇ ਸੁਟਦੀਐਂ!
-ਪਿੰਡ ਤੋਂ ਦੂਰ ਹੁੰਦੈ ਇਨ੍ਹਾਂ ਦਾ 'ਵ... ਵ... ਵੇਹੜਾ'?

ਗ੍ਰੈਂਡਪਾ ਦਾ ਸਿਰ ਉੱਪਰੋਂ ਹੇਠਾਂ ਵੱਲ ਹਿਲਦਾ ਹੈ।

-ਯੂ ਮੀਨ ਸੈਗਰੀਗੇਟਡ? ਮੇਰੇ ਸਾਹਮਣੇ ਜ਼ਿੰਬਾਬਵੇ ਦੇ ਅਪਾਰਹਾਈਡ ਬਾਰੇ ਪੜ੍ਹੀ ਕਿਤਾਬ ਖੁਲ੍ਹਣ ਲੱਗਦੀ ਹੈ: ਗੋਰੇ ਲੋਕਾਂ ਦੇ ਘਰ ਕਾਲ਼ਿਆਂ ਤੋਂ ਦੂਰ, ਗੋਰੇ ਤੇ ਕਾਲ਼ੇ ਲੋਕਾਂ ਦੇ ਬੱਚਿਆਂ ਲਈ ਵੱਖਰੇ ਸਕੂਲ!

-ਹਾਂਅਅ, ਪਿੰਡ ਤੋਂ ਰਤਾ ਕੁ ਹਟ ਕੇ!
-ਬਟ ਵ੍ਹਾਈ ਆਰ ਦੇ ਸੈਗਰੀਗੇਟਡ, ਗ੍ਰੈਂਡਪਾਅ?

-ਓ ਪੁੱਤਰਾ ਇਹ ਛ... ਛ... ਛੋਟੀ ਜਾਅ... ਜਾਅਤ... ਮੇਰਾ ਮਤਲਬ ਆ ਛੋਟੇ ਲੋਕ ਆ!
-ਛੋਅਅਟੇ ਲੋਕ? ਮੈਂ ਰੂਪਰਾਣੀ ਵੱਲ ਝਾਕਦੀ ਹਾਂ, ਤੇ ਉਸ ਨੂੰ ਪੈਰਾਂ ਤੋਂ ਸਿਰ ਤੀਕ ਗਹੁ ਨਾਲ਼ ਦੇਖਦੀ ਹਾਂ! -ਵ੍ਹਟ ਯੂ ਮੀਨ ਬਾਈ ਛੋਟੇ ਲੋਕ, ਗ੍ਰੈਂਡਪਾ?

ਗ੍ਰੈਂਡਪਾ ਆਪਣੀਆਂ ਉਂਗਲ਼ਾਂ ਨੂੰ ਮੱਥੇ ਉੱਪਰ ਘਸਾਉਣ ਲੱਗ ਪਏ ਹਨ।
-ਨੋ ਬਾਡੀ'ਜ਼ ਛੋਟਾ ਅਰ ਵੱਡਾ ਇਨ ਦਿਸ ਵਰਲਡ, ਗ੍ਰੈਂਡਪਾ! ਵੈਲਥ ਘੱਟ ਹੋਣ ਨਾਲ਼ ਕੋਈ 'ਸਮੌਲ' ਨੀ ਹੋ ਜਾਂਦਾ! ਅਲਿਜ਼ਬੈੱਥ ਤਾਂ ਮੈਨੂੰ ਲਗਦੀ ਨੀ ਛੋਟੀ!

-ਛੋਟੇ ਲੋਕ... ਮਤਲਬ ਆ, ਬੇਟਾ, ਛ... ਛ... ਛੋਟੀਆਂ ਜਾਤਾਂ ਵਾਲ਼ੇ!

-ਯੂ ਮੀਨ ਸ਼ੂਦਰਾਜ਼? ਮੇਰੇ ਜ਼ਿਹਨ 'ਚ 'ਦ ਬਰੂਟਲ ਕਾਸਟ ਸਿਸਟਮ ਇਨ ਇੰਡੀਆ' ਦੇ ਵਰਕੇ ਪਲਟਣ ਲਗਦੇ ਹਨ!

ਗ੍ਰੈਂਡਪਾ ਦਾ ਚਿਹਰਾ ਹੇਠਾਂ-ਉੱਪਰ ਗਿੜਦਾ ਹੈ।

-ਓ ਮਾਈ ਗਾਅਅਡ! ਮੇਰੀਆਂ ਅੱਖਾਂ ਸੁੰਗੜ ਜਾਂਦੀਆਂ ਨੇ। -ਮੈਂ ਕਿਤਾਬ ਪੜ੍ਹੀ ਸੀ ਲਾਸਟ ਯੀਅਰ, ਗ੍ਰੈਂਡਪਾ, ਕਾਸਟ ਸਿਸਟਮ ਬਾਰੇ; ਸਵੇਅਰ ਟੂ ਗਾਡ, ਗ੍ਰੈਂਡਪਾ; ਮੇਰਾ ਜੀ ਕੀਤਾ ਸੀ ਪਾੜ ਕੇ ਲੀਰਾਂ-ਲੀਰਾਂ ਕਰਦਿਆਂ ਕਿਤਾਬ ਨੂੰ!

ਗ੍ਰੈਂਡਪਾ ਦਾ ਸਿਰ ਥਿੜਕਦਾ ਹੈ, ਤੇ ਉਨ੍ਹਾਂ ਦੀਆਂ ਉਂਗਲ਼ਾਂ ਉਨ੍ਹਾਂ ਦੀ ਭਰਵੀਂ ਦਾਹੜੀ ਨੂੰ ਖੁਰਕਣ ਲੱਗ ਜਾਂਦੀਆਂ ਨੇ! ਉਹ ਚੁੱਪ-ਚਾਪ ਲਾਬੀ ਵੱਲ ਨੂੰ ਤੁਰ ਗਏ ਹਨ।

ਮੈਂ ਆਪਣੇ ਪੈਰਾਂ ਨੂੰ ਸੈਂਡਲਾਂ 'ਚ ਫਸਾਅ ਲੈਂਦੀ ਹਾਂ, ਤੇ ਲਾਬੀ 'ਚ ਗ੍ਰੈਂਡਪਾ ਤੋਂ ਰਤਾ ਕੁ ਪਿੱਛੇ ਆ ਖਲੋਤੀ ਹਾਂ।

ਗ੍ਰੈਂਡਪਾ ਦਾ ਚਿਹਰਾ ਹੁਣ ਭੀੜ ਵੱਲੀਂ ਹੈ, ਅਤੇ ਉਹ ਆਪਣੀ ਸੱਜੀ ਬਾਂਹ ਨੂੰ ਉੱਪਰ ਉਠਾਲ਼ ਕੇ ਪੰਜੇ ਨੂੰ ਅੰਦਰ ਵੱਲ ਨੂੰ ਝਲਦੇ ਹਨ। -ਓ ਬਈ, ਅੱਗੇ ਈ ਆ ਜੋ ਐਥੇ ਲਾਬੀ 'ਚ!

ਨੰਗੀਆਂ ਲੱਤਾਂ ਦੀ ਕਾਲ਼ੋਂ ਸਾਡੇ ਵੱਲ ਨੂੰ ਵਧਦੀ ਹੈ: ਅਣਜਾਣ ਬਾਰਬਰ ਵੱਲੋਂ ਕੁਤਰੇ ਡੱਬ-ਖੜੱਬੇ ਵਾਲ਼ਾਂ ਵਾਲ਼ੇ ਸਿਰ-ਕਈਆਂ ਉੱਪਰ ਗਿੱਲੇ ਪਰਨਿਆਂ 'ਚੋਂ ਲਟਕਦੀਆਂ ਜਟੂਰੀਆਂ, ਅਤੇ ਬਹੁਤਿਆਂ ਦੀਆਂ ਦਾਹੜੀਆਂ ਉੱਚੀਆਂ-ਨੀਵੀਆਂ: ਇਹਨਾਂ ਵੱਲ ਦੇਖ ਕੇ ਮੇਰੇ ਮੋਢੇ ਸੁੰਗੜ ਜਾਂਦੇ ਹਨ।
-ਕੀ ਭਾਣਾ ਵਰਤ ਗਿਆ ਸਵੇਰੇ-ਸਵੇਰੇ? ਗ੍ਰੈਂਡਪਾ ਆਪਣੀ ਗੋਗੜ 'ਤੇ ਹੱਥ ਫੇਰਦੇ ਹਨ। -ਸਾਰਾ ਵਿਹੜਾ ਈ ਆਇਆ ਫਿਰਦੈ!

ਘਸਮੈਲ਼ੀਆਂ ਗੱਲ੍ਹਾਂ ਦੇ ਚਿੱਬ ਖੱਬੇ-ਸੱਜੇ ਇੱਕ-ਦੂਜੇ ਵੱਲੀਂ ਗਿੜਦੇ ਹਨ।

-ਓ, ਭਾਈ, ਲੜਾਈ-ਝਗੜਾ ਤਾਂ ਨੀ ਕਰ ਲਿਆ ਰਾਤੀਂ? ਗ੍ਰੈਂਡਪਾ ਆਪਣੀ ਧੌਣ ਨੂੰ ਖੁਰਕਣ ਲਗਦੇ ਹਨ।

ਕੁਝ ਅੱਖਾਂ ਡਰਦੀਆਂ-ਡਰਦੀਆਂ ਮੇਰੇ ਵੱਲੀਂ ਗਿੜ ਕੇ, ਪੈਰਾਂ ਵੱਲ ਨੂੰ ਝੁਕ ਗਈਆਂ ਹਨ, ਤੇ ਕੁਝ ਆਸੇ-ਪਾਸੇ ਝਾਕਣ ਲੱਗ ਪਈਆਂ ਹਨ। ਭੀੜ ਦੇ ਅਗਲੇ ਪਾਸੇ ਖਲੋਤੇ ਬੰਦੇ ਕਦੇ ਇੱਕ ਲੱਤ ਉੱਤੇ ਭਾਰ ਪਾਉਂਦੇ ਹਨ ਤੇ ਕਦੀ ਦੂਸਰੀ ਉੱਤੇ!

ਗ੍ਰੈਂਡਪਾ ਆਪਣੀਆਂ ਨਿਗਾਹਾਂ ਨਾਲ਼, ਭੀੜ ਨੂੰ ਸੱਜੀ ਬਾਹੀ ਤੋਂ ਖੱਬੀ ਵੱਲ ਨੂੰ ਛੁਰੀ ਵਾਂਙ ਚੀਰਦੇ ਹਨ।

-ਦੱਸ, ਭਾਈ ਬਿੱਕਰਾ, ਖੁਲ੍ਹ ਕੇ, ਪਿਚਕੀਆਂ ਜਾਭ੍ਹਾਂ ਵਾਲ਼ਾ ਇੱਕ ਮੂੰਹ, ਸਭ ਤੋਂ ਅੱਗੇ ਖਲੋਤੇ ਵਿਅਕਤੀ ਵੱਲ ਨੂੰ ਖੁਲ੍ਹਦਾ ਹੈ। -ਬੇੜਾ ਬੰਨੇ ਤਾਂ ਹੁਣ ਸਰਪੰਚ ਸਾਅ੍ਹਬ ਨੇ ਈ ਲੌਣੈ!

ਬਿੱਕਰ ਆਪਣੇ ਕੁੜਤੇ ਦੀ ਸਲ੍ਹਾਬੀ ਹੋਈ ਮੈਲ਼ ਵੱਲ ਝਾਕਦਾ ਹੈ ਤੇ ਆਪਣੀ ਤਲ਼ੀ ਦੇ ਰੱਟਣਾਂ ਨੂੰ ਮੂਹਰਲੀ ਉਂਗਲ਼ ਨਾਲ਼ ਉਖੇੜਨ ਲੱਗ ਗਿਆ ਹੈ। ਅਰਧ-ਬੁਝੀਆਂ ਅੱਖਾਂ ਨਾਲ਼ ਆਸੇ-ਪਾਸੇ ਝਾਕਦਿਆਂ ਉਹ ਆਪਣੇ ਲਬ ਨੂੰ ਗਲ਼ੇ ਤੋਂ ਹੇਠਾਂ ਵੱਲ ਨੂੰ ਧਕਦਾ ਹੈ। ਫੇਰ ਉਹ ਆਪਣੇ ਗਿੱਟੇ 'ਤੇ ਭਿਣਕ ਰਹੀਆਂ ਮੱਖੀਆਂ ਨੂੰ ਛੰਡਣ ਲਈ ਲੱਤ ਨੂੰ ਉਤਾਹਾਂ ਨੂੰ ਖਿੱਚ ਕੇ ਝਟਕਦਾ ਹੈ।

-ਬਾਬਾ ਗੁਜਰ ਗਿਆ, ਸਰਪੰਚ ਸਾਹਿਬ! ਉਹ ਘਗਿਆਉਂਦਾ ਹੈ।
-ਹੱਛਾਅ? ਗ੍ਰੈਂਡਪਾ ਦਾ ਹੱਥ ਕਿਰਪਾਨ ਨਾਲ਼ ਘਿਸੜਦਾ ਹੈ। -ਕਦੋਂ ਵਰਤ ਗਿਆ ਭਾਣਾ, ਬਿੱਕਰ ਸਿਆਂ?

-ਕੱਲ੍ਹ ਦਿਨ ਛਿਪੇ!
-ਬੜਾ ਮਾੜਾ ਹੋਇਆ! ਗ੍ਰੈਂਡਪਾ ਆਪਣੇ ਸਿਰ ਨੂੰ ਸੱਜੇ-ਖੱਬੇ ਫੇਰਦੇ ਹਨ।

-ਥੋਡੀ ਮ... ਮ... ਮਦਦ ਚਾਹੀਦੀ ਆ, ਸਰਪੰਚ ਸਾਅ੍ਹਬ! ਬਿੱਕਰ ਦੀ ਠੋਡੀ ਉਸ ਦੇ ਗਲ਼ੇ ਵੱਲ ਨੂੰ ਖਿੱਚੀ ਜਾਂਦੀ ਹੈ।

-ਮਦਦ? ਗ੍ਰੈਂਡਪਾ ਦਾ ਮੱਥਾ ਫਰਕਦਾ ਹੈ। -ਦਸੋ ਕੀ ਚਾਹੀਦੈ!

-ਦਾਗ ਲੌਣਾ ਸੀ, ਬਾਬੇ ਨੂੰ! ਬਿੱਕਰ ਨੱਕ ਨੂੰ ਵਾਰ-ਵਾਰ ਸੁੜ੍ਹਾਕਣ ਲੱਗ ਪਿਆ ਹੈ।
-ਲੱਕੜਾਂ ਚਾਹੀਦੀਐਂ?

-ਨe੍ਹੀਂ ਜੀ, ਲੱਕੜਾਂ ਦੀ ਤਾਂ ਖੈਰ ਐ!
-ਹੋਰ ਸੇਵਾ? ਗ੍ਰੈਂਡਪਾ ਆਪਣਾ ਖੀਸਾ ਟੋਹਣ ਲੱਗੇ ਹਨ।

-ਝੜੀ ਲੱਗੀ ਰਹੀ ਸਾਰੀ ਰਾਤ, ਸਰਪੰਚ ਸਾਅ੍ਹਬ, ਬਿੱਕਰ ਦੇ ਬੁੱਲ੍ਹਾਂ 'ਚ ਕੰਬਣੀ ਛਲਕਣ ਲਗਦੀ ਹੈ। -ਪਾਣੀ ਚੜ੍ਹ ਗਿਐ ਗੋਡੇ ਗੋਡੇ ਸਾਡੇ-ਆਲ਼ੇ ਸ਼ਮਸ਼ਾਨਘਾਟ 'ਚ!
-ਓਥੇ ਤਾਂ, ਗਭਰੂਆ, ਇੱਕੋ ਛੜਾਕੇ ਨਾਲ਼ ਈ ਛੱਪੜ ਬਣ ਜਾਂਦੈ!

-ਪਰ ਥੋਡੇ ਜਿੰਮੀਦਰਾਂ ਆਲ਼ਾ ਸ਼ਮਸ਼ਾਨਘਾਟ ਬਚਿਆ ਵਾ ਪਾਣੀਓਂ।

-ਪਾਣੀ ਤਾਂ ਓਥੇ ਵੀ ਭਰਦਾ ਹੁੰਦਾ ਸੀ ਪੁਰਾਣੇ ਸਾਲਾਂ 'ਚ, ਗ੍ਰੈਂਡਪਾ ਮੁੱਛਾਂ 'ਤੇ ਹੱਥ ਫੇਰਦੇ ਹਨ। -ਉਹ ਫੇਅ ਅਸੀਂ ਥੜ੍ਹਾ ਬਣਾਤਾ ਸੀ ਢਾਈ ਫੁੱਟ ਉੱਚਾ, ਚਿਤਾ ਚਿਣਨ ਵਾਸਤੇ, ਪਰ ਵਿਹੜੇ ਵਾਲ਼ਿਆਂ ਦੀ ਤਾਂ ਵਸੋਂ ਵੀ ਬਹੁਤ ਨੀਵੀਂ ਜਗ੍ਹਾ 'ਚ ਐ!

-ਆਹੋ ਜੀ, ਧੁੰਦਲ਼ੀਆਂ ਐਨਕਾਂ ਵਾਲ਼ਾ ਇੱਕ ਬਜ਼ੁਰਗ ਆਪਣੇ ਫ਼ਰੇਮ ਨੂੰ ਅੱਗੇ ਪਿੱਛੇ ਕਰਦਾ ਹੈ। -ਸਾਡੇ ਤਾਂ ਵਿਹੜਿਆਂ 'ਚ ਵੀ ਗੋਡੇ-ਗੋਡੇ ਪਾਣੀ ਚੜ੍ਹ ਗਿਐ, ਸਰਪੰਚ ਸਾਅ੍ਹਬ!

-ਕੀ ਹੋਇਆ ਫੇਰ? ਗ੍ਰੈਂਡਪਾ ਦੀਆਂ ਉਂਗਲ਼ਾਂ ਉਨ੍ਹਾਂ ਦੀ ਧੌਣ ਦੇ ਪਿੱਛੇ ਚਲੀਆਂ ਜਾਂਦੀਆਂ ਹਨ।
ਬਿੱਕਰ ਉਂਗਲ਼ਾਂ 'ਚ ਉਂਗਲ਼ਾਂ ਫਸਾਅ ਕੇ ਖੱਬੇ-ਸੱਜੇ ਝਾਕਣ ਲੱਗ ਪਿਆ ਹੈ।

-ਅਸੀਂ, ਸਰਪੰਚ ਸਾਅ੍ਹਬ, ਤੜਕਿਓਂ ਪਾਥੀਆਂ ਢੋਣ ਲੱਗ ਪੇ ਜਿੰਮੀਦਾਰਾਂ ਵਾਲ਼ੇ 'ਸਮਸਾਨਘਾਟ' 'ਚ! ਭੀੜ ਦੇ ਵਿਚਕਾਰੋਂ ਇੱਕ ਅਵਾਜ਼ ਭਰੜੌਂਦੀ ਹੈ।

ਗ੍ਰੈਂਡਪਾ ਦੀਆਂ ਉਂਗਲ਼ਾਂ ਉਨ੍ਹਾਂ ਦੇ ਲੱਕ ਨਾਲ਼ ਲਟਕਦੀ ਕਿਰਪਾਨ ਨੂੰ ਅੱਗੇ-ਪਿੱਛੇ ਕਰਦੀਆਂ ਹਨ।
ਖਿਸਕਦੀ ਖਿਸਕਦੀ ਮੈਂ ਵੀ ਗ੍ਰੈਂਡਪਾ ਦੇ ਬਰਾਬਰ ਜਾ ਖਲੋਤੀ ਹਾਂ।

-ਤੂੰ ਸੁੱਖੇ ਅੰਦਰ ਚੱਲ, ਅੰਦਰ। ਗ੍ਰੈਂਡਪਾ ਦੀਆਂ ਤਿਊੜੀਆਂ ਮੇਰੇ ਵੱਲ ਗਿੜਦੀਆਂ ਹਨ।
-ਕੀ ਹੋ ਗਿਆ ਏਨ੍ਹਾਂ ਨੂੰ, ਗ੍ਰੈਂਡਪਾ?

ਭੀੜ 'ਚੋਂ ਕੁਝ ਕੁ ਚਿਹਰੇ ਮੇਰੇ ਵੱਲ ਨੂੰ ਘੁੰਮ ਗਏ ਹਨ।
ਗ੍ਰੈਂਡਪਾ ਚੁੱਪ ਹਨ।

-ਦੱਸੋ ਮੈਨੂੰ ਕੀ ਹੋਇਐ? ਮੈਂ ਭੀੜ ਵੱਲ ਦੇਖਣ ਲਗਦੀ ਹਾਂ।
ਭੀੜ 'ਚ ਕਈ ਉਂਗਲਾਂ ਕੰਨਾਂ ਨੂੰ ਖੁਰਕਣ ਲਗਦੀਆਂ ਹਨ, ਕਈ ਸਿਰਾਂ ਨੂੰ, ਤੇ ਕਈ ਧੌਣਾਂ ਉੱਪਰ ਘਸੜਣ ਲਗਦੀਆਂ ਹਨ।

ਧੁਆਂਖੀਆਂ ਐਨਕਾਂ ਬਿੱਕਰ ਵੱਲੀਂ ਘੁੰਮਦੀਆਂ ਹਨ।

-ਦੱਸ ਹੁਣ, ਬਿੱਕਰਾ, ਬੀਬੀ ਜੀ ਨੂੰ! ਧੁਆਂਖੀਆਂ ਐਨਕਾਂ ਵਾਲ਼ਾ ਖੰਘੂਰਦਾ ਹੈ। -ਖੁਲ੍ਹ ਕੇ ਅਰਜ ਕਰ, ਜਵਾਨਾਂ!

-ਮੇਰਾ ਬਾਬਾ ਗੁਜਰ ਗਿਆ, ਬੀਬੀ ਜੀ! ਬਿੱਕਰ ਘੁੱਟੇ ਹੋਏ ਗਲ਼ 'ਚੋਂ ਸ਼ਬਦਾਂ ਨੂੰ ਖਿਚਦਾ ਹੈ। -ਸਾਡੇ ਮਜਵੀਆਂ ਦੇ... ਸ਼ਮਸ਼ਾਨ 'ਚ... ਗੋਡੇ-ਗੋਡੇ ਪਾਣੀ ਭਰਿਆ ਪਿਆ... ਬਿੱਕਰ ਦੇ ਧੁਆਂਖੇ ਹੋਏ ਬੁਲ੍ਹਾਂ ਦੀਆਂ ਕੰਨੀਆਂ ਹੇਠਾਂ ਵੱਲ ਨੂੰ ਖਿੱਚੀਆਂ ਜਾਂਦੀਆਂ ਹਨ, ਤੇ ਉਸ ਦੇ ਚਿੱਬੇ-ਹੋ-ਗਏ ਮੂੰਹ 'ਚੋਂ 'ਅੰਹੰ-ਅੰਹੰ-ਅੰਹੰ-ਅੰਹੰ' ਨਿੱਕਲ਼ਣ ਲਗਦੀ ਹੈ। 'ਅੰਹੰ-ਅੰਹੰ-ਅੰਹੰ-ਅੰਹੰ' ਦੇ ਨਾਲ਼ ਨਾਲ਼ ਅੰਦਰ-ਬਾਹਰ ਕੰਬ ਰਹੇ ਆਪਣੇ ਪੇਟ ਉੱਪਰ ਪੰਜਾ ਟਿਕਾਅ ਕੇ ਉਹ ਆਪਣੇ ਬਿਆਨ ਨੂੰ ਸਿਰੇ ਤੱਕ ਘੜੀਸਣ ਦੀ ਕੋਸ਼ਿਸ਼ ਕਰਦਾ ਹੈ! -ਹੁਣ... ਅੰਹੰ-ਅੰਹੰ-ਅੰਹੰ-ਅੰਹੰ... ਹੁਣ ਜਿੰਮੀਦਾਰ... ਅੰਹੰ-ਅੰਹੰ-ਅੰਹੰ-ਅੰਹੰ ...ਅੰਹੰ-ਅੰਹੰ-ਅੰਹੰ-ਅੰਹ...ਅੰਹੰ-ਅੰਹੰ-ਅੰਹੰ-ਅੰਹੰ!
ਮੇਰੇ ਬੁੱਲ੍ਹ ਤੇ ਭਰਵੱਟੇ ਘੁੱਟੇ ਜਾਂਦੇ ਹਨ।

ਬਿੱਕਰ ਦੇ ਕੋਲ਼ ਖੜ੍ਹਾ ਇੱਕ ਬਜ਼ੁਰਗ ਆਪਣਾ ਮਾਸ-ਹੀਣਾ ਪੰਜਾ ਬਿੱਕਰ ਦੇ ਮੋਢੇ ਵੱਲ ਵਧਾਉਂਦਾ ਹੈ। -ਸਬਰ ਕਰ, ਬਿੱਕਰਾ, ਸਬਰ! ਸਰਪੰਚ ਸਾਅ੍ਹਬ ਮਨਾ ਲੈਣਗੇ ਜਿੰਮੀਦਾਰਾਂ ਦੇ ਮੁੰਡਿਆਂ ਨੂੰ!
'ਅਹੰ-ਅਹੰ-ਅਹੰ-ਅਹੰ...ਅੰਹੰ-ਅੰਹੰ-ਅੰਹੰ-ਅੰਹੰ' ਬਿੱਕਰ ਆਪਣੀਆਂ ਕਾਲੀਆਂ ਉਂਗਲ਼ਾਂ ਆਪਣੀਆਂ ਅੱਖਾਂ ਉੱਤੇ ਫੇਰਨ ਲਗਦਾ ਹੈ!

-ਏਹਤੋਂ ਨੀ ਦੱਸ ਹੋਣਾ, ਬੀਬੀ ਜੀਅਅਅ! ਧੁੰਦਲ਼ੀਆਂ ਐਨਕਾਂ ਦੇ ਪਿਛਾੜੀ ਝਿੰਮਣਿਆਂ 'ਚ ਹਰਕਤ ਹੁੰਦੀ ਹੈ। -ਮੈਂ ਦਸਦਾਂ ਜੀ ਤੁਅ੍ਹਾਨੂੰ: ਜਿੰਮੀਦਾਰਾਂ ਦੇ ਮੁੰਡੇ ਡਾਂਗਾਂ ਚੱਕ ਕੇ 'ਸਮਸਾਨ' 'ਚ ਆਗੇ!
-ਡਾਂਗਾਂ ਚੱਕ ਕੇ ਆਗੇ? ਮੇਰੀਆਂ ਨਾਸਾਂ ਫੈਲਣ-ਸੁੰਗੜਨ ਲੱਗ ਪਈਆਂ ਹਨ। -ਪਰ ਡਾਂਗਾਂ ਕਿਉਂ ਚੱਕ ਲਿਆਏ ਉਹ?

-ਕਹਿੰਦੇ ਚੱਕੋ ਆਪਣੀਆਂ ਪਾਥੀਆਂ ਤੇ ਲੱਕੜਾਂ!

ਬਿੱਕਰ ਦੀ 'ਅੰਹੰ-ਅੰਹੰ-ਅੰਹੰ-ਅੰਹੰ' ਹੁਣ 'ਹਅ, ਹਅ, ਹਅ, ਹਅ' 'ਚ ਬਦਲ ਗਈ ਹੈ। ਮੈਂ ਮੈਲ਼ੇ-ਕੁਚੈਲ਼ੇ ਚਿਹਰਿਆਂ ਉੱਤੇ ਸੱਜਿਓਂ ਖੱਬੇ ਵੱਲ ਨਜ਼ਰ ਫੇਰਦੀ ਹਾਂ, ਹੌਲ਼ੀ-ਹੌਲ਼ੀ, ਰੁਕਦੀ-ਰੁਕਦੀ!
ਹੁਣ ਮੈਂ ਆਪਣੀਆਂ ਨਜ਼ਰਾਂ ਗ੍ਰੈਂਡਪਾ ਵੱਲ ਘੁੰਮਾਉਂਦੀ ਹਾਂ। -ਇਹ ਕੀ, ਗ੍ਰੈਂਡਪਾ?

ਗ੍ਰੈਂਡਪਾ ਦੀਆਂ ਭਵਾਂ ਉੱਪਰ ਵੱਲ ਨੂੰ ਚੜ੍ਹਦੀਆਂ ਹਨ, ਤੇ ਉਨ੍ਹਾਂ ਦਾ ਕੜਾ ਉਨ੍ਹਾਂ ਦੀ ਦਾੜ੍ਹੀ ਪਿੱਛੇ ਲੁਕਣ ਲਗਦਾ ਹੈ। ਹੁਣ ਉਹ ਕਦੇ ਮੇਰੇ ਵੱਲ ਦੇਖਦੇ ਹਨ ਤੇ ਕਦੇ ਭੀੜ ਵੱਲੀਂ; ਪਰ ਨਾ ਉਹ ਮੇਰੇ ਵੱਲ ਦੇਖ ਰਹੇ ਹਨ ਤੇ ਨਾ ਹੀ ਭੀੜ ਵੱਲ!

-ਕੀ ਕਹਿੰਦੇ ਆ ਜਿੰਮੀਦਾਰਾਂ ਦੇ ਮੁੰਡੇ? ਉਹ ਭੀੜ ਨੂੰ ਪੁੱਛਦੇ ਹਨ।

-ਥੋਨੂੰ ਪਤਾ ਈ ਆ, ਸਰਪੰਚ ਸਾਅ੍ਹਬ, ਕੀ ਕਹਿੰਦੇ ਹੁੰਦੇ ਆ! ਤਾਂਬੀਆ-ਦੰਦਾਂ ਵਾਲ਼ੇ ਇੱਕ ਮੂੰਹ 'ਚ ਜੀਭ ਅੱਗੇ-ਪਿਛੇ ਹਿਲਦੀ ਹੈ!

-ਫੇਰ ਵੀ!
-ਅਖੇ ਅੱਜ ਤੁਸੀਂ ਸਾਡੇ 'ਸਮਸਾਨ' 'ਚ ਆਵਦਾ ਮੁਰਦਾ ਫੂਕ ਦਿਓਂਗੇ, ਤੇ ਕਲ੍ਹ ਨੂੰ ਕਹੋਗੇ ਵਈ ਜਿੰਮੀਦਾਰਾਂ ਦੀ 'ਬਸੋਂ' 'ਚ ਘਰ ਪੌਣੇ ਐਂ!

ਮੇਰੀਆਂ ਅੱਖਾਂ ਮਿਚਦੀਆਂ ਹਨ, ਲੰਬਾ ਸਾਹ ਫੇਫੜਿਆਂ ਵੱਲ ਨੂੰ ਲਹਿੰਦਾ ਹੈ, ਅਤੇ ਚਿਹਰਾ ਤੇਜ਼ੀ ਨਾਲ਼ ਸੱਜੇ-ਖੱਬੇ ਘੁੰਮਦਾ ਹੈ।

-ਵ੍ਹੱਟ, ਗ੍ਰੈਂਡਪਾ? ਵ੍ਹੱਟ ਇਜ਼ ਦੈਟ?

-ਓ ਸੁੱਖੀ, ਅਵਾਜ਼ 'ਚੋਂ ਤਲਖੀ ਨੂੰ ਝਾੜਨ ਦੀ ਕੋਸ਼ਿਸ਼ ਕਰਦਿਆਂ ਗ੍ਰੈਂਡਪਾ ਮੇਰੇ ਵੱਲ ਝਾਕਦੇ ਹਨ। -ਤੈਨੂੰ ਨੀ ਸਮਝ ਆਉਣੀ ਏਸ ਮਾਜਰੇ ਦੀ!

-ਪਰ ਸਮਝਾਓ ਮੈਨੂੰ, ਗ੍ਰੈਂਡਪਾ, ਸਮਝਾਓ! ਮੇਰੇ ਹੱਥ ਮੇਰੀਆਂ ਢਾਕਾਂ 'ਤੇ ਜਾ ਬੈਠਦੇ ਹਨ। -ਆਈ ਵਾਨਾ ਨੋਅਅਅ!

-ਇਹ ਤਾਂ, ਸੁੱਖਿਆ, ਰੀਤ ਚੱਲੀ ਔਂਦੀ ਐ, ਸਦੀਆਂ ਦੀ, ਗ੍ਰੈਂਡਪਾ ਵਾਰ-ਵਾਰ ਆਪਣੇ ਗਾਤਰੇ ਦੇ ਵਲ਼ਾਂ ਨੂੰ ਸਿੱਧਾ ਕਰਨ ਦੀ ਕੋਸ਼ਿਸ਼ ਕਰਦੇ ਹਨ। -ਵੇਹੜੇ ਆਲ਼ਿਆਂ ਨੂੰ ਸ਼ਮਸ਼ਾਨਘਾਟ ਲਈ ਜਗ੍ਹਾ ਦਿੱਤੀ ਹੋਈ ਹੈ ਜਦੋਂ ਦਾ ਪਿੰਡ ਬੱਝਿਐ!

-ਪਰ ਓਥੇ ਤਾਂ ਹੁਣ ਵਾਟਰ ਭਰਿਆ ਵਾ, ਗ੍ਰੈਂਡਪਾ! ਹੁਣ ਏਹ ਆਵਦੇ ਓਲਡ ਮੈਨ ਨੂੰ ਐਧਰਲੇ ਪਾਸੇ ਬਰਨ ਕਿਉਂ ਨ੍ਹੀ ਕਰ ਸਕਦੇ?

ਗ੍ਰੈਂਡਪਾ ਦੀ ਠੋਡੀ ਕਦੇ ਸੱਜੇ ਨੂੰ ਹਿਲਦੀ ਹੈ ਤੇ ਕਦੇ ਖੱਬੇ ਨੂੰ!
-ਓ ਸੁੱਖਿਆ, ਏਹ ਬੱਸ ਹੋਰ ਗੱਲ ਐ!
-ਕੀ ਗੱਲ ਆ ਏਹ?

-ਦਲਿਤਾਂ ਲਈ ਜਗ੍ਹਾ ਛੱਡੀ ਹੋਈ ਆ, ਸੁੱਖੇ!
ਗ੍ਰੈਂਡਪਾ ਆਪਣੇ ਬੁੱਲ੍ਹਾਂ ਉੱਪਰ ਜੀਭ ਫੇਰਦੇ ਹਨ ਤੇ ਫਿਰ ਗੁੱਟ ਉੱਪਰ ਲੱਗੀ ਘੜੀ ਵੱਲ ਦੇਖਣ ਲੱਗ ਜਾਂਦੇ ਹਨ। -ਇਹ ਰੀਤ ਤਾਂ ਸਦੀਆਂ ਤੋਂ ਤੁਰੀ ਔਂਦੀ ਐ, ਸੁੱਖੀ!

ਮੇਰੀਆਂ ਅੱਖਾਂ ਮਿਟਦੀਆਂ ਹਨ ਤੇ ਮੱਥੇ ਉੱਪਰਲੀ ਚਮੜੀ ਤਿਊੜੀਆਂ ਬਣਨ ਲਗਦੀ ਹੈ।
ਗ੍ਰੈਂਡਪਾ ਦੀਆਂ ਅੱਖਾਂ ਵਾਰ-ਵਾਰ ਝਮਕ ਰਹੀਆਂ ਹਨ।

ਸਾਰੀ ਭੀੜ ਅਹਿੱਲ ਹੋ ਗਈ ਹੈ।

ਗੇਰੂਆ ਇੱਟਾਂ ਤੋਂ ਕੀੜੇ ਚੁਗਦੀਆਂ ਗੁਟਾਰਾਂ ਦੀਆਂ ਚੁੰਝਾਂ ਦੀ 'ਟੱਕ-ਟੱਕ' ਵੀ ਸਾਫ਼ ਸੁਣਾਈ ਦੇ ਰਹੀ ਹੈ।

ਗ੍ਰੈਂਡਪਾ ਆਪਣੀਆਂ ਨਜ਼ਰਾਂ ਨੂੰ ਕਾਫ਼ੀ-ਟੇਬਲ ਦੇ ਪੈਰਾਂ 'ਤੇ ਸੇਧ ਕੇ, ਆਪਣੀਆਂ ਤਲ਼ੀਆਂ ਨੂੰ ਹੌਲ਼ੀ-ਹੌਲ਼ੀ ਇੱਕ-ਦੂਜੀ ਨਾਲ਼ ਘਸਾਉਣ ਲੱਗ ਜਾਂਦੇ ਹਨ।

-ਕਿੱਥੇ ਬਰਨ ਕਰਨ ਹੁਣ ਏਹ ਆਪਣੇ ਬਾਬੇ ਨੂੰ, ਗ੍ਰੈਂਡਪਾ; ਮਿੱਟੀ ਹੋ ਗਏ ਗ੍ਰੈਂਡਪਾ ਨੂੰ? ਮੈਂ ਆਪਣੇ ਪੰਜਿਆਂ ਨੂੰ ਜੀਨਜ਼ ਦੀਆਂ ਜੇਬਾਂ 'ਚ ਥੁੰਨ ਕੇ ਗ੍ਰੈਂਡਪਾ ਵੱਲ ਝਾਕਦੀ ਹਾਂ।

ਗ੍ਰੈਂਡਪਾ ਦੀਆਂ ਅੱਖਾਂ ਮਿਟਦੀਆਂ ਹਨ ਤੇ ਭਰਵੱਟਿਆਂ ਦੀ ਸਫ਼ੈਦੀ ਉੱਪਰ ਵੱਲ ਨੂੰ ਖਿੱਚੀ ਜਾਂਦੀ ਹੈ।
-ਦੋ ਕੁ ਦਿਨਾਂ ਚ... ਮੇਰਾ ਮਤਲਬ ਆ... ਕੱਲ੍ਹ ਪਰਸੋਂ ਤਾਈਂ ਪਾਣੀ ਲਹਿ ਜਾਣੈ ਥੱਲੇ, ਸੁੱਖੀ! ਗ੍ਰੈਂਡਪਾ ਬੁੜਬੁੜਾਉਂਦੇ ਹਨ।

-ਨੋਅ! ਨੋਅ! ਨੋਅ! ਗ੍ਰੈਂਡਪਾ, ਨੋਅਅ!
ਮੇਰੇ ਦਿਮਾਗ਼ 'ਚ ਪੰਦਰਾਂ ਮਿੰਟ ਪਹਿਲਾਂ ਵਾਲ਼ਾ ਸੀਨ ਉੱਭਰਦਾ ਹੈ: ਡਰਾਇੰਗਰੂਮ 'ਚ ਬੈਠੇ ਗ੍ਰੈਂਡਪਾ ਆਪਣੇ ਪੰਜੇ ਨੂੰ ਫ਼ਰਸ਼ ਤੋਂ ਦੋ ਫੁੱਟ ਉੱਚਾ ਚੁੱਕ ਲੈਂਦੇ ਹਨ ਅਤੇ ਕਹਿ ਰਹੇ ਹਨ: ਆਪਣੀ ਪੈਲ਼ੀ ਐਨੀ ਉੱਚੀ ਐ ਸਾਰੇ ਪਿੰਡ ਨਾਲ਼ੋਂ...


ਹੁਣ ਮੈਂ ਆਪਣੇ ਚਿਹਰੇ ਨੂੰ ਭੀੜ ਦੀ ਚੁੱਪ ਵੱਲ ਨੂੰ ਘੁੰਮਾਉਂਦੀ ਹਾਂ।
-ਕਿੱਥੇ ਐ ਤੁਹਾਡੀ ਡੈੱਡਬਾਡੀ? ਦੱਸੋ ਮੈਨੂੰ ਕਿੱਥੇ ਐ!

ਕਾਲ਼ੇ-ਕਲੂਟੇ ਚਿਹਰੇ ਇੱਕ ਦੂਜੇ ਵੱਲ ਦੇਖ ਕੇ ਅੱਖਾਂ ਨੀਵੀਆਂ ਕਰ ਲੈਂਦੇ ਹਨ।
ਲੰਮੀ ਚੁੱਪ ਵਧਦੀ-ਵਧਦੀ ਮੇਨ ਗੇਟ 'ਚੋਂ ਬਾਹਰ ਤੀਕ ਫੈਲਣ ਲਗਦੀ ਹੈ।

ਧੁੰਦਲੀਆਂ ਐਨਕਾਂ ਜਕਦੀਆਂ-ਜਕਦੀਆਂ ਮੇਰੇ ਵੱਲ ਗਿੜਦੀਆਂ ਹਨ, ਤੇ ਫਿਰ ਹੌਲ਼ੀ-ਹੌਲ਼ੀ ਬਿੱਕਰ ਵੱਲ ਘੁੰਮ ਜਾਂਦੀਆਂ ਹਨ।

-ਬ... ਬ... ਬਾਹਰ…  ਪਈ ਆ ਗੇਟ ਦੇ ਸਾਮ੍ਹਣੇ! ਬਿੱਕਰ ਦਾ ਹੇਠਲਾ ਬੁੱਲ੍ਹ ਕੰਬਦਾ ਹੈ!
ਮੈਂ ਆਪਣੀਆਂ ਤਿਊੜੀਆਂ ਨੂੰ ਗ੍ਰੈਂਡਪਾ ਵੱਲ ਘੁੰਮਾਉਂਦੀ ਹਾਂ। -ਖੂਹ ਵਾਲ਼ੀ ਲੈਂਡ ਮੇਰੇ ਡੈਡੀ ਦੇ ਹਿੱਸੇ ਆਈ ਐ। ਗ੍ਰੈਂਡਪਾ? ਫ਼ਲੱਡ ਦਾ ਪਾਣੀ ਨੀ ਚੜ੍ਹਦਾ ਓਥੇ?

ਮੈਂ ਆਪਣੇ ਸੱਜੀ ਬਾਂਹ ਨੂੰ ਵਧਾਉਂਦੀ ਹਾਂ ਤੇ ਸਾਹਮਣੇ ਖਲੋਤੀ ਕਾਲੀਆਂ ਲੱਤਾਂ ਵਾਲ਼ੀ ਸੰਘਣੀ ਬੇਵੱਸੀ ਵੱਲ ਝਾਕਣ ਲਗ ਜਾਂਦੀ ਹਾਂ। ਮੇਰੀ ਫੈਲੀ ਹੋਈ ਬਾਂਹ ਵਿੱਚੋਂ ਨਿੱਕਲੀ ਮੂਹਰਲੀ ਉਂਗਲ਼ ਖੂਹ ਵਾਲ਼ੀ ਜ਼ਮੀਨ ਵੱਲੀਂ ਸੇਧੀ ਜਾਂਦੀ ਹੈ।

-ਚੁੱਕੋ ਆਪਣੇ ਗ੍ਰੈਂਡਪਾ ਨੂੰ!

-ਪਰ ਧੁਆਂਖੀਆਂ ਐਨਕਾਂ ਵਾਲ਼ਾ ਬਜ਼ੁਰਗ ਬੋਲਦਾ ਹੈ।

-ਪਰ ਕੀ?

-ਸਰਪੰਚ ਸਾਅ੍ਹਬ ਤੋਂ ਸਹਿਮਤੀ ਲੈ ਲੋ, ਬੀਬਾ ਜੀ!

ਮੇਰਾ ਸਿਰ ਖੱਬੇ ਸੱਜੇ ਹਿੱਲੀ ਜਾ ਰਿਹਾ ਹੈ।
-ਓਹ ਜ਼ਮੀਨ ਮੇਰੇ ਡੈਡੀ ਦੇ ਹਿੱਸੇ ਆਈ ਐ!

ਖੂਹ ਵਾਲ਼ੀ ਜ਼ਮੀਨ ਵੱਲੀਂ ਸੇਧੀ ਉਂਗਲ਼ ਅੱਗੇ-ਪਿੱਛੇ ਹਿੱਲ ਕੇ ਹਵਾ ਵਿੱਚ ਗਲ਼ੀਆਂ ਕਰ ਰਹੀ ਹੈ।
ਮੈਂ ਤੇਜ਼ੀ ਨਾਲ਼ ਡਰਾਇੰਗਰੂਮ ਦੇ ਅੰਦਰ ਆ ਗਈ ਹਾਂ।

ਮੇਰੀ ਤਿਊੜੀ ਕਾਫ਼ੀ-ਟੇਬਲ ਉੱਪਰ ਪਈ 'ਪੰਜਾਬ: ਲੈਂਡ ਐਂਡ ਪੀਪਲ' ਉੱਤੇ ਸੇਧੀ ਜਾਂਦੀ ਹੈ। ਮੇਰੇ ਉੱਪਰਲੇ ਦੰਦ ਹੇਠਲਿਆਂ ਨਾਲ਼ ਜੁੜ ਕੇ ਘੁੱਟੇ ਜਾਂਦੇ ਹਨ।

ਗਰੈਂਡਪਾ ਮੇਰੇ ਪਿੱਛੇ ਆ ਖਲੋਤੇ ਹਨ।

ਮੇਰਾ ਹੱਥ ਕਿਤਾਬ ਵੱਲੀਂ ਝਪਟਦਾ ਹੈ।

ਫ਼ਰਸ਼ ਦੇ ਮਾਰਬਲ ਨਾਲ਼ ਘਿਸੜਦੀ ਹੋਈ ਕਿਤਾਬ ਹੁਣ ਮਾਰਬਲ ਦੇ ਫ਼ਰਸ਼ ਉੱਪਰ ਇੱਕ ਖੂੰਜੇ ਵੱਲ ਨੂੰ ਰੁੜ੍ਹ ਰਹੀ ਹੈ।

ਮੈਂ ਟਾਂਡ ਉੱਪਰ ਟਿਕਾਏ ਕਬੀਰ ਵੱਲ ਤਕਦੀ ਹਾਂ! ਹਾਂ, ਟਾਂਡ ਉੱਪਰ ਟਿਕਾਏ ਵਿਚਾਰੇ ਕਬੀਰ ਵੱਲੀਂ!
ਹੁਣ ਮੈਂ ਮੇਕਅੱਪ ਵਾਲ਼ਾ ਬੈਗ਼ ਤੇ ਟੂਥਬਰਸ਼ ਆਪਣੇ ਪਰਸ ਵਿੱਚ ਰੱਖ ਲਏ ਹਨ। ਬੈੱਡਰੂਮ 'ਚੋਂ ਆਪਣੇ ਕੱਪੜਿਆਂ ਨੂੰ ਹੁੱਕਾਂ ਤੋਂ ਤੇ ਹੈਂਗਰਾਂ ਤੋਂ ਉਤਾਰ ਕੇ ਅਤੇ ਸੈਂਡਲਾਂ ਨੂੰ ਇਕੱਠੇ ਕਰ ਕੇ ਮੈਂ ਸੂਟਕੇਸ 'ਚ ਟਿਕਾਉਣ ਲੱਗ ਪਈ ਹਾਂ।

ਹੁਣ ਪਰਸ ਨੂੰ ਦੁਬਾਰਾ ਖੋਲ੍ਹ ਕੇ ਮੈਂ ਪਾਸਪੋਅਟ ਅਤੇ ਹਵਾਈ ਟਿਕਟ ਨੂੰ ਚੈਕ ਕਰ ਰਹੀ ਹਾਂ।


ਸੰਪਰਕ:  905 792 7357 (ਕੈਨੇਡਾ)
ਈ-ਮੇਲ:  [email protected]

Comments

ਜੋਗਿੰਦਰ ਬਾਠ

ਇੱਕ ਸੁਪਨੇ ਦੀ ਮੌਤ. ਕਿਤਾਬੀ ਜਾਣਕਾ੍ਰੀ ਤੇ ਹਕੀਕਤ ਦਾ ਆਹਮਣਾ ਸਾਹਮਣਾ. ਅਖੀਰ ਵਾਪਸ ਆਪਣੇ ਦੇਸ਼. ਪੰਜਾਬੀ ਭਾਈਚਾਰੇ ਦਾ ਦੋਗਲਾ ਕਿਰਦਾਰ. ਕਿਤਾਬੀ ਗਿਆਨ ਦਾ ਜਦੌਂ ਅਸਲੀਅਤ ਨਾਲ ਵਾਹ ਪੈਂਦਾ ਹੈ ਕਿਤਾਬ ਹੋਰ ਵੀ ਬਦਸੂਰਤ ਹੋ ਜਾਂਦੀ ਹੈ ਤੇ ਸਮਾਜ ਉਸ ਤੋਂ ਵੀ ਬਦਤਰ. ਇਸ ਕੁੜੀ ਕੋਲ ਤਾਂ ਆਪਨਾ ਦੇਸ਼ ਹੈ ਕੈਨੇਡਾ ਵਾਪਸ ਮੁੜਨ ਲਈ. ਤੇ ਆਮ ਚੇਤੰਨ ਬਾਸ਼ਿੰਦਾ ਕਿੱਥੇ ਜਾਵੇ...? ਡੁੱਬ ਮਰੇ, ਗਰੈਂਡ ਪਾ ਬਣ ਜਾਵੇ, ਜਾਂ ਅੱਖਾ ਮੀਚ ਕੇ ਜਿਉਂਦੀਆ ਭੁੱਖੀਆਂ ਲਾਸ਼ਾਂ ਓੁਤੇ ਤੁਰਿਆ ਫਿਰੇ ਬਹੁਤ ਹੀ ਸਵਾਲ ਛੱਡ ਗਈ ਹੈ ਇਕਬਾਲ ਦੀ ਕਹਾਣੀ.

sunny

wah

Security Code (required)



Can't read the image? click here to refresh.

Name (required)

Leave a comment... (required)





ਕਹਾਣੀ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ