Sat, 05 October 2024
Your Visitor Number :-   7229290
SuhisaverSuhisaver Suhisaver

ਬਦਲਾਵ -ਰੁਚੀ ਕੰਬੋਜ ਫਾਜ਼ਿਲਕਾ

Posted on:- 31-08-2016

suhisaver

ਅਚਾਨਕ ਕਿਤਾਬ ’ਚੋਂ ਬਾਹਰ ਧਿਆਨ ਜਾਂਦਿਆਂ ਹੀ ਸ਼ਿਵਮ ਦੀ ਨਜ਼ਰ ਸਾਹਮਣੇ ਕਾਲਜ ਦੇ ਗੇਟ ਵੱਲ ਗਈ ।ਵੇਖਿਆ ਉਸਦਾ ਦੋਸਤ ਦੀਪਕ ਹੱਥ ਵਿੱਚ ਦੋ ਛੋਟੇ ਤਿਰੰਗੇ ਝੰਡੇ ਫੜੀ ਉਸ ਵੱਲ ਤੁਰਿਆ ਆਉਂਦਾ ।ਜਿਵੇਂ ਹੀ ਦੀਪਕ ਉਸ ਕੋਲ ਆ ਕੇ ਖੜਿਆ ਸ਼ਿਵਮ ਨੇ ਉਸ ਤੋਂ ਹੱਸਦੇ ਹੋਏ ਪੁੱਛਿਆ,

"ਔਏ ਦੀਪਕ ਆਹ ਕਿਵੇਂ ਹੱਥ ਵਿੱਚ ਦੋ ਦੋ ਤਿਰੰਗੇ ਲਈ ਫਿਰਦਾ, ਅਚਾਨਕ ਤੇਰੇ ਵਿੱਚ ਦੇਸ਼ ਭਗਤੀ ਕਿਵੇਂ ਜਾਗ ਪਈ ਅੱਜ, ਖੈਰੀਅਤ ਤਾਂ ਹੈ? "

"ਤੈਨੂੰ ਨਹੀਂ ਪਤੈ ਕੱਲ੍ਹ ਪੰਦਰਾਂ ਅਗਸਤ ਹੈ ਯਾਰ ਸੁਤੰਤਰਤਾ ਦਿਵਸ ਹੈ ਆਪਣਾ! "ਦੀਪਕ ਨੇ ਥੋੜ੍ਹੇ ਹੈਰਾਨੀ ਨਾਲ ਸ਼ਿਵਮ ਦੇ ਸਵਾਲ ਦਾ ਜਵਾਬ ਦਿੱਤਾ ।

" ਹਾਂ ਤਾਂ ਫਿਰ ਕੀ ਹੋ ਗਿਆ ਪੰਦਰਾਂ ਅਗਸਤ ਹੀ ਹੈ, ਦਿਨਾਂ ਵਰਗਾ ਦਿਨ ਹੈ ਕੀ ਖਾਸ ਹੈ?"ਸ਼ਿਵਮ ਨੇ ਥੋੜ੍ਹੀ ਬੇਰੁਖੀ ਨਾਲ ਦੀਪਕ ਨੂੰ ਵੇਖ ਫਿਰ ਕਿਤਾਬ ਵਿਚ ਝਾਕਦੇ ਨੇ ਕਿਹਾ ।

"ਯਾਰ ਕੱਲ ਦੇ ਦਿਨ ਤਾਂ ਆਪਣਾ ਦੇਸ਼ ਆਜ਼ਾਦ ਹੋਇਆ ਸੀ ਅੰਗਰੇਜ਼ਾਂ ਦੀ ਗੁਲਾਮੀ ਤੋਂ, ਤੇ ਤੂੰ ਕਹਿ ਰਿਹਾਂ ਕਿ ਕੀ ਖਾਸ ਹੈ, ਦਿਨਾਂ ਵਰਗਾ ਦਿਨ ਹੈ ਪੰਦਰਾਂ ਅਗਸਤ ।ਹਰ ਪਾਸੇ ਦੇਸ਼ ਦੇ ਤਿਰੰਗੇ ਨਾਲ ਸਜੀਆਂ ਚੀਜਾਂ ਰੌਣਕ ਬਣਾ ਰਹੀਆਂ ।ਕੀ ਬੱਚੇ ਕੀ ਜੁਆਨ ਕੀ ਬੁੱਢੇ ਸਭ ਪਾਸੇ ਤਿਰੰਗੇ ਲਈ ਫਿਰਦੇ ਆ, ਹਿੰਦੁਸਤਾਨ ਜ਼ਿੰਦਾਬਾਦ ਦੇ ਨਾਅਰੇ ਲੱਗ ਰਹੇ ਆ ਗਲੀ ਮੁਹੱਲੇ , ਇਥੋਂ ਤੱਕ ਕਿ ਕੁੜੀਆਂ ਵੀ ਆਪਣੇ ਫੇਸ ਤੇ ਟ੍ਰਾਈ ਕਲਰ ਦਾ ਪੇਂਟ ਕਰਵਾਈ ਫਿਰਦੀਆਂ ਤਾਂ ਮੇਰੇ ਮਨ ਵਿੱਚ ਵੀ ਤਿਰੰਗੇ ਲੈਣ ਦਾ ਵਿਚਾਰ ਆ ਗਿਆ ਸੋ ਇਕ ਤੇਰੇ ਲਈ ਲੈ ਲਿਆ ਤੇ ਇਕ ਖੁਦ ਲਈ, ਆਹ ਲੈ ਬਾਈਕ ਦੇ ਅੱਗੇ ਲਾ ਲਈ ਆਪਣੀ ।ਮੈਂ ਵੀ ਇਸ ਵਾਰ ਆਪਣੇ ਫੇਸ ਤੇ ਦੋਨੋਂ ਸਾਇਡ ਤਿਰੰਗਾ ਬਣਵਾਊਗਾ ਤੇ ਸਾਰਾ ਦਿਨ ਦੇਸ਼ ਭਗਤੀ ਦੇ ਗੀਤ ਸੁਣਾਂਗਾ, ਨਾਲ ਵਟਸਐਪ ਤੇ ਡੀ. ਪੀ. ਵੀ ਟਰਾਈ ਕਲਰ ਦੀ ਲਗਾ ਲੈਣੀ ਹੈ।ਤੂੰ ਦਸ ਤੇਰਾ ਕੀ ਪਲਾਨ ਹੈ? ਕੀ ਖਾਸ ਕਰ ਰਿਹਾ ਸੁਤੰਤਰਤਾ ਦਿਵਸ ਤੇ? "ਦੀਪਕ ਨੇ ਖੁਸ਼ੀ ਖੁਸ਼ੀ ਆਪਣੀ ਗੱਲ ਪੂਰੀ ਕੀਤੀ,

"ਵੈਸੇ ਦੀਪਕ ਇਹ ਸਭ ਕੁਝ ਤੂੰ ਕਿਸ ਲਈ ਕਰ ਰਿਹਾ?"ਸ਼ਿਵਮ ਨੇ ਥੋੜਾ ਵਿਅੰਗ ਕਰਦੇ ਹੋਏ ਪੁੱਛਿਆ ।

" ਆਪਣੇ ਦੇਸ਼ ਨਾਲ ਪਿਆਰ ਕਰਦਾ ਯਾਰ ਇਸ ਲਈ ਹੋਰ ਕਿਸ ਲਈ।"ਦੀਪਕ ਨੇ ਸ਼ਿਵਮ ਦੇ ਮੋਢੇ ਤੇ ਹੱਥ ਰੱਖਦੇ ਹੋਏ ਉਸਦੇ ਕੋਲ ਬੈਠ ਕਿਹਾ ।

"ਅੱਛਾ ਤੇ ਫਿਰ ਇਹ ਪਿਆਰ ਸਿਰਫ ਸੁਤੰਤਰਤਾ ਦਿਵਸ ਤੇ ਹੀ ਕਿਉਂ? ਅੱਗੇ ਪਿੱਛੇ ਕਿਉਂ ਨਹੀਂ ਦਿਖਾਇਆ ਜਾਂਦਾ ਇਹ ਪਿਆਰ? "

" ਕੀ ਮਤਲਬ ਹੈ ਤੇਰਾ? "ਸ਼ਿਵਮ ਦੀ ਇਸ ਗੱਲ ਨੇ ਦੀਪਕ ਨੂੰ ਦੁਵਿਧਾ ਵਿੱਚ ਪਾ ਦਿੱਤਾ ।

" ਮਤਲਬ ਤਾਂ ਸਾਫ ਹੈ ਮੇਰਾ,ਕਿ ਵਾਕਿਆ ਹੀ ਆਪਾਂ ਆਜ਼ਾਦ ਦੇਸ਼ ਵਿੱਚ ਘੁੰਮ ਰਹੇ ਹਾਂ? ਕੀ ਸੱਚ ਵਿੱਚ ਆਪਾਂ ਆਜ਼ਾਦ ਹਾਂ? ਇਕ ਗੱਲ ਦੱਸ ਕੀ ਤੂੰ ਦੇਸ਼ ਦੇ ਸਿਸਟਮ ਤੋਂ ਖੁਸ਼ ਹੈਂ? ਜੋ ਤੂੰ, ਮੈਂ, ਇਹ ਲੱਖਾਂ ਲੋਕ ਕਰਦੇ ਹਾਂ ਹਰ ਰੋਜ ਉਹ ਸਹੀ ਹੈ? "

"ਆਖਰ ਕੀ ਕਰਦੇ ਹਾਂ ਆਪਾਂ ਪੂਰਾ ਸਾਲ?" ਦੀਪਕ ਨੇ ਗੌਰ ਨਾਲ ਸ਼ਿਵਮ ਵੱਲ ਦੇਖਦੇ ਹੋਏ ਕਿਹਾ ।

"ਐਨਾ ਅਣਜਾਣ ਕਿਉਂ ਬਣ ਰਿਹਾ? "ਸ਼ਿਵਮ ਨੇ ਹੱਸਦੇ ਹੋਏ ਕਿਹਾ ।
" ਅਣਜਾਣ ਨਹੀਂ ਬਣ ਰਿਹਾ ਸੱਚ ਵਿੱਚ ਮੈਨੂੰ ਨਹੀਂ ਪਤਾ ।ਤੂੰ ਸਾਫ ਸਾਫ ਗੱਲ ਦੱਸ ਕੀ ਕਹਿਣਾ ਚਾਹੁੰਦਾ?"

ਸ਼ਿਵਮ ਆਪਣੀ ਜਗ੍ਹਾ ਤੋਂ ਉੱਠ ਦੀਪਕ ਕੋਲ ਗਿਆ ਫਿਰ ਉਸ ਦੀਪਕ ਦੀਆਂ ਅੱਖਾਂ ਵਿਚ ਝਾਕਦਿਆਂ ਆਪਣੀ ਗੱਲ ਸ਼ੁਰੂ ਕੀਤੀ।

"ਪੂਰਾ ਸਾਲ ਦੇਸ਼ ਵਿੱਚ ਗੰਦਗੀ ਫੈਲਾਉਂਦੇ ਹਾਂ ਆਪਾਂ, ਭਾਰਤ ਨੂੰ ਗਾਲਾਂ ਕੱਢਦੇ ਹਾਂ ਆਪਾਂ, ਭਾਰਤ ਵਿੱਚ ਹੀ ਪੜ ਲਿਖ ਕੇ ਭਾਰਤ ਤੋਂ ਹੀ ਜਾਨ ਛੁਡਾ ਕੇ ਬਾਹਰਲੇ ਮੁਲਕਾਂ ਵਿੱਚ ਜਾਣ ਦੇ ਸੁਪਨੇ ਵੇਖਦੇ ਹਾਂ ਆਪਾਂ, ਗਲਤ ਵੋਟਾਂ ਪਾ ਗਲਤ ਨੇਤਾ ਚੁਣ ਕੇ ਦੇਸ਼ ਦਾ ਖਾਨਾ ਖਰਾਬ ਕਰਦੇ ਹਾਂ ਆਪਾਂ ।ਫਿਰ ਅਚਾਨਕ 15 ਅਗਸਤ ਨੂੰ ਭਾਰਤ ਨਾਲ ਮੁਹੱਬਤ ਯਾਦ ਆ ਜਾਂਦੀ ਹੈ? ਹਰ ਪਾਸੇ ਤਿਰੰਗੇ ਹੀ ਤਿਰੰਗੇ ਵਿਖਾਈ ਦਿੰਦੇ ਹਨ।ਦੇਸ਼ ਭਗਤੀ ਦੇ ਗੀਤ ਗਾਏ ਜਾਂਦੇ ਹਨ, ਝੰਡੇ ਲਹਿਰਾਏ ਜਾਂਦੇ ਹਨ।ਸਾਰਾ ਦਿਨ ਸਾਰਾ ਸਾਲ ਐਨਰਿਕ,ਮਾਈਕਲ ਜੈਕਸਨ ਨੂੰ ਸੁਣਨ ਵਾਲੇ ਅਸੀਂ ਫਿਰ ਪੰਦਰਾਂ ਅਗਸਤ ਵਾਲੇ ਦਿਨ ਕਹਿੰਦੇ ਹਾਂ 'ਫਿਰ ਵੀ ਦਿਲ ਹੈ ਹਿੰਦੋਸਤਾਨੀ' ਪਰ ਮਾਫ ਕਰੀਂ ਯਾਰਾ ਆਪਣਾ ਦਿਲ ਹਿੰਦੋਸਤਾਨੀ ਤਾਂ ਨਹੀਂ ਹੈ ਆਪਣਾ ਦਿਲ ਤਾਂ ਹਾਲੀਵੁੱਡ ਦੇ ਕੱਚਰੇ ਨਾਲ ਭਰਿਆ ਪਿਆ ।ਆਪਾ ਉਹੀ ਹਿੰਦੋਸਤਾਨੀ ਹਾਂ ਜੋ ਕਿ ਸੜਕ ਤੇ ਬੰਦਾ ਮਰ ਰਿਹਾ ਹੋਵੇ ਤਾਂ ਵੀ ਉਹਦੀ ਮਦਦ ਨਹੀਂ ਕਰਦੇ ਸਗੋਂ ਤਮਾਸ਼ਗੀਰ ਬਣ ਕੇ ਉਸਨੂੰ ਤੜਫਦੇ ਨੂੰ ਮਰਦੇ ਨੂੰ ਵੇਖਦੇ ਰਹਿੰਦੇ ਹਾਂ, ਕਿਉਂ? ਇਸ ਡਰ ਤੋਂ ਕਿ ਕਿਤੇ ਅਸੀਂ ਕਿਸੇ ਝਮੇਲੇ ਵਿੱਚ ਨਾ ਫੱਸ ਜਾਈਏ ।ਤੇਰੇ ਜਾਂ ਮੇਰੇ ਵਿੱਚੋਂ ਕੋਈ ਵੀ ਵਿੱਚ ਸੜਕ ਦੇ ਆ ਕੇ ਕਿਸੇ ਨੂੰ ਕੁੱਟ ਦੇਵੇ ਜਾਂ ਮਾਰ ਦੇਵੇ ਤਾਂ ਪਹਿਲੇ ਇਕ ਫਿਰ ਦੋ ਤਿੰਨ ਕਰਕੇ ਲੋਕ ਇਕੱਠੇ ਹੋ ਜਾਣਗੇ ਪਰ ਕੌਣ? ਉਹੀ ਲੋਕ ਜਿਹਨਾਂ ਨੂੰ ਦੇਸ਼ ਦੇ ਸਹੀ ਜਾਂ ਗਲਤ ਨਾਲ ਮਤਲਬ ਨਹੀਂ ਹੈ ਬਸ ਮਤਲਬ ਹੈ ਤਾਂ ਆਪਣੇ ਆਪ ਨਾਲ, ਬਸ ਤਮਾਸ਼ਗੀਰ ਬਣਨਾ ਆਉਂਦਾ ਇਹਨਾਂ ਨੂੰ ।ਕੀ ਸੰਸਦ, ਕੀ ਪੁਲਸ ਤੇ ਕੀ ਅਦਾਲਤਾਂ ।ਭਾਰਤ ਦੀ ਅਦਾਲਤ ਵੀ ਪੰਜਾਬੀ ਕਾਮੇਡੀ ਫਿਲਮ ਵਾਂਗੂ ਹੀ ਚਲਦੀ ਹੈ ।ਵਕੀਲ ਕੀ ਬਹਿਸ ਕਰ ਰਿਹਾ ਜੱਜ ਕੀ ਫੈਸਲਾ ਸੁਣਾ ਰਿਹਾ ਤੇ ਵਿਚਾਰੇ ਮੁਵੱਕਲ ਨੂੰ ਪਤਾ ਹੀ ਨਹੀਂ ਚੱਲਦਾ ਕਿ ਕੀ ਹੋ ਰਿਹਾ ਕਿਉਂਕਿ ਉਹੀ ਪੁਰਾਣਾ ਸਿਸਟਮ ਹੀ ਚੱਲੇ ਜਾ ਰਿਹਾ ਅੰਗਰੇਜ਼ਾਂ ਦੀ ਨਕਲ ਤੇ ਫੈਸਲੇ ਸੁਣਾਏ ਜਾ ਰਹੇ ਹਨ ।ਤਿੰਨ ਕਰੋੜ ਤੋਂ ਜਿਆਦਾ ਮੁਕੱਦਮੇ ਨੇ ਜੋ ਲਟਕੇ ਪਏ ਨੇ ਤੇ ਕਈ ਮੁਕੱਦਮੇ ਜੋ ਤੀਹ ਸਾਲਾਂ ਤੋਂ ਚਲਦੇ ਆ ਰਹੇ ਹਨ ਕੋਈ ਨਤੀਜਾ ਨਿਕਲਣ ਦੀ ਆਸ ਨਹੀਂ ਫਿਰ ਵੀ ਚੱਲੀ ਜਾ ਰਹੇ ਨੇ ।ਜੇ ਮੁਜਰਮ ਨੂੰ ਸਜਾ ਵੀ ਹੋ ਗਈ ਤਾਂ ਕੀ ਚਾਰ-ਛੇ ਮਹੀਨਿਆਂ ਵਿਚ ਜੇਲ੍ਹ ਤੋਂ ਬਾਹਰ ਘੁੰਮਦਾ ਵਿਖ ਜਾਏਗਾ ਭਾਵੇ ਉਹਨੇ ਕਤਲ ਹੀ ਕਿਉਂ ਨਾ ਕੀਤਾ ਹੋਏ ਪਤਾ ਹੈ ਕਿਉਂ ਪੈਸਾ ਰਿਸ਼ਵਤ ।ਪੈਸਾ ਬਾਪ ਹੈ ਸਭ ਦਾ।80% ਲੋਕ ਹਰ ਰੋਜ਼ ਤੀਹ ਰੁਪਏ ਕਮਾ ਕੇ ਗੁਜਾਰਾ ਕਰਦੇ ਨੇ ਪਰ ਜੋ 20% ਅਮੀਰ ਹਨ ਉਹਨਾਂ ਨੂੰ ਇਸ ਨਾਲ ਕੋਈ ਫਰਕ ਨਹੀਂ ਪੈਂਦਾ ।15 ਅਗਸਤ ਨੂੰ ਫੇਸ ਤੇ ਪੇਟਿੰਗ ਕਰਵਾ ਲੈਣ ਤੇ ਫੇਸਬੁੱਕ ਤੇ ਟ੍ਰਾਈ ਕਲਰ ਫਲੈਗ ਵਾਲੀਆਂ ਫੋਟੋਆਂ ਲਾ ਲੈਣ ਨਾਲ ਹੱਥ ਵਿੱਚ ਝੰਡੇ ਫੜ ਲੈਣ ਨਾਲ ਮੁਹੱਬਤ ਨਹੀਂ ਹੋ ਜਾਂਦੀ, ਇਹ ਮੁਹੱਬਤ ਦਾ ਮਿਆਰ ਨਹੀਂ ਹੈ ਜਾਂ ਤਾਂ ਪੂਰੀ ਤਰ੍ਹਾਂ ਮੁਹੱਬਤ ਕਰੋ ਜਾਨ ਵਾਰ ਦਿਉ ਮੁਲਕ ਨੂੰ ਸੁਧਾਰਨ ਲਈ ਜਾਂ ਫਿਰ ਇਹ ਦੇਸ਼ ਪ੍ਰੇਮ ਦਾ ਢੋਂਗ ਇਹ ਨਾਟਕ ਬੰਦ ਕਰ ਦਿਉ ।ਹਿੰਦੁਸਤਾਨ ਦੇ ਇਤਿਹਾਸ ਦਾ 'ਹ'  ਤੱਕ ਤਾਂ ਪਤਾ ਨਹੀਂ ਆਪਾ ਨੂੰ  ਪਰ ਸਾਨੂੰ ਆਪਣੇ ਦੇਸ਼ ਨਾਲ ਪਿਆਰ ਹੈ ।ਧੰਨ ਹੈ ਇਹ ਵਤਨ ਜਿਥੇ ਜਾਨ ਛੁਡਾਉਣ ਲਈ, ਨੌਕਰੀ ਲੱਗਣ ਲਈ ਰਿਸ਼ਵਤ ਦਿੰਦੇ ਹਨ ਇਹ ਕਹਿੰਦੇ ਹੋਏ ਕਿ "ਲੈ ਲਾ ਯਾਰ ਹਿੰਦੁਸਤਾਨ ਹੈ ਇਥੇ ਤਾਂ ਸਭ ਕੁਝ ਚੱਲਦਾ ਹੈ ।ਹਰ ਰੋਜ਼ ਨਾ ਜਾਣੇ ਕਿੰਨੇ ਅਪਰਾਧ ਹੁੰਦੇ ਰਹਿੰਦੇ ਆ ਆਪਣੇ ਸਾਹਮਣੇ ਪਰ ਮਜਾਲ ਹੈ ਆਪਾਂ ਇਸਦੇ ਖਿਲਾਫ਼ ਆਵਾਜ਼ ਉਠਾਈ ਹੋਵੇ ।ਉਏ ਪਹਿਲੇ ਤਾਂ ਆਪਾਂ ਅੰਗਰੇਜਾਂ ਦੇ ਗੁਲਾਮ ਸੀ ਤੇ ਹੁਣ ਆਪਣੇ ਹੀ ਦੇਸ਼ ਦੇ ਲੋਕਾਂ ਦੇ ਗੁਲਾਮ ਹਾਂ ।" ਸ਼ਿਵਮ ਨੇ ਆਪਣੇ ਮਨ ਵਿੱਚ ਭਰੀ ਹੋਈ ਕੜਵਾਹਟ ਬਾਹਰ ਕੱਢਦੇ ਨੇ ਕਿਹਾ, ਉਸਦੀਆਂ ਅੱਖਾਂ ਵਿੱਚ ਬਹੁਤ ਗੁੱਸਾ ਸੀ ਜੋ ਸਾਫ ਦਿਖਾਈ ਦੇ ਰਿਹਾ ਸੀ ਦੀਪਕ ਨੂੰ।

"ਕਿਸੇ ਨੇ ਕਿਹਾ ਪੱਲੇ ਕੁਝ ਹੋਏ ਨਾ ਹੋਏ ਉਮੀਦ ਜ਼ਰੂਰ ਹੋਣੀ ਚਾਹੀਦੀ ਹੈ ਇਹ ਜਿਊਣ ਵਿੱਚ ਅਤੇ ਜਿੱਤਣ ਵਿਚ ਬਹੁਤ ਮਦਦ ਕਰਦੀ ਹੈ।ਹੌਂਸਲਾ ਰੱਖ ਕਦੇ ਨਾ ਕਦੇ ਤਾਂ ਆਪਣੇ ਦੇਸ਼ ਦੇ ਵੀ ਹਾਲਾਤ ਸੁਧਰਨ ਗੇ।"ਦੀਪਕ ਨੇ ਸ਼ਿਵਮ ਦੇ ਮੋਢਿਆਂ ਤੇ ਹੱਥ ਰੱਖ ਉਸਨੂੰ ਹੌਂਸਲਾ ਦਿੰਦੇ ਹੋਏ ਕਿਹਾ ।


"ਕੀ ਬਦਲੇਗਾ ਤੂੰ ਦੱਸ ਬਚਪਨ ਤੋਂ ਲੈ ਕੇ ਹੁਣ ਤੱਕ ਵੇਖਦੇ ਆ ਰਹੇ ਹਾਂ ਇਥੇ ਸਿਰਫ ਪੈਸਾ ਚਲਦਾ, ਸਿਫਾਰਸ਼ ਚਲਦੀ, ਰਿਸ਼ਵਤ ਚਲਦੀ ਇਮਾਨਦਾਰੀ ਨਹੀਂ ਚਲਦੀ, ਆਮ ਆਦਮੀ ਦਾ ਜ਼ੋਰ ਨਹੀਂ ਚਲਦਾ।ਦੇਵੀਆਂ ਦੀ ਪੂਜਾ ਕਰਨ ਵਾਲੇ ਦੇਸ਼ ਵਿੱਚ ਉਹ ਰੋਜ਼ ਕਿੰਨੀਆਂ ਕੁੜੀਆਂ ਦਾਜ ਦੀ ਬਲੀ ਚੜਦੀਆਂ, ਕਿੰਨੀਆਂ ਕੁੜੀਆਂ ਕਿਸੇ ਦੀ ਹਵਸ ਦਾ ਸ਼ਿਕਾਰ ਬਣਦੀਆਂ, ਹਰ ਰੋਜ ਨਾ ਜਾਣੇ ਕਿੰਨੀਆਂ ਕੁੜੀਆਂ ਜੰਮਣ ਤੋਂ ਪਹਿਲਾਂ ਹੀ ਮਾਰ ਦਿੱਤੀਆਂ ਜਾਂਦੀਆਂ ਤੇ ਇਹ ਸਭ ਕੁਝ ਭਾਰਤ ਮਾਤਾ ਦੇਸ਼ ਵਿੱਚ ਹੋ ਰਿਹਾ, ਭਾਵ ਆਪਣੇ ਹੀ ਘਰ ਵਿਚ ਕੋਈ ਕੁੜੀ ਸੁਰੱਖਿਅਤ ਨਹੀਂ ਹੈ ।ਕਿੰਨੀਆਂ ਕੁਰੀਤੀਆਂ ਨੇ ਜੋ 70 ਸਾਲ ਹੋ ਗਏ ਦੇਸ਼ ਨੂੰ ਆਜ਼ਾਦ ਹੋਏ ਪਰ ਇਹਨਾਂ ਦਾ ਖਾਤਮਾ ਹੋਣ ਦੀ ਬਜਾਏ ਇਹ ਫੈਲੇ ਹੀ ਜਾ ਰਹੀਆਂ ਹਨ ਕਿਉਂ? ਇਸ ਲਈ ਕਿ ਸਾਡੇ ਦੇਸ਼ ਦੀ ਵਾਗਡੋਰ ਮਾਮੂਲੀ ਕਾਬਲੀਅਤ ਵਾਲੇ ਨੇਤਾਵਾਂ ਦੇ ਹੱਥ ਚਲੀ ਗਈ ।ਜਿੰਨਾ ਦੇ ਮੂੰਹ ਵਿੱਚ ਰਾਮ ਰਾਮ ਤੇ ਬਗਲ ਵਿਚ ਛੁਰੀ ਹੈ, ਜੋ ਸਿਰਫ ਸੱਤਾ ਲਈ ਆਪਸ ਵਿੱਚ ਲੜਦੇ ਰਹਿੰਦੇ ਹਨ ।ਕੀ ਪਾਣੀ ਦੀ ਬੋਤਲ ਕੀ ਰੋਟੀ ਦਾ ਟੁਕੜਾ ਹਰ ਸ਼ੈਅ ਤੇ ਟੈਕਸ ਆ ਸਿਵਾਏ ਹਵਾ ਦੇ।ਅਫਸੋਸ ਦੇਸ਼ ਆਜ਼ਾਦ ਹੋਣ ਤੋਂ ਬਾਅਦ ਵੀ ਆਪਣੇ ਹੀ ਲੋਕਾਂ ਦੇ ਵਿੱਚ ਗੁਲਾਮ ਬਣ ਕੇ ਰਹਿ ਗਏ ਹਾਂ ਆਪਾਂ।"ਸ਼ਿਵਮ ਦੀ ਆਵਾਜ਼ ਗੁੱਸੇ ਕਾਰਨ ਪਹਿਲੇ ਤੋਂ ਵੀ ਜਿਆਦਾ ਉੱਚੀ ਤੇ ਤਲਖ ਹੋ ਗਈ ਸੀ ।

ਦੂਰ ਖੜਾ ਸੰਗ੍ਰਾਮ ਦੀਪਕ ਤੇ ਸ਼ਿਵਮ ਦੀਆਂ ਗੱਲਾਂ ਸੁਣ ਕੇ ਉਹਨਾਂ ਕੋਲ ਆਇਆ ਤੇ ਉਹਨਾਂ ਨੂੰ ਕਹਿਣ ਲੱਗਾ

"ਮੈਂ ਕੁਝ ਕਹਾਂ ਅਗਰ ਬੁਰਾ ਨਾ ਲੱਗੇ ਤੇ? "
" ਹਾਂ, ਤੂੰ ਵੀ ਕਹਿ ਲੈ ਕੀ ਕਹਿਣਾ? "ਸ਼ਿਵਮ ਨੇ ਗੁੱਸੇ ਵਾਲੇ ਅੰਦਾਜ ਵਿੱਚ ਹੀ ਸੰਗ੍ਰਾਮ ਨੂੰ ਕਿਹਾ ।

" ਬਹੁਤ ਦੇਰ ਹੋ ਗਈ ਸੁਣ ਰਿਹਾ ਸੀ ਮੈਂ ਦੇਸ਼ ਵਿੱਚ ਇਹ ਬੁਰਾਈ ਹੈ ਉਹ ਬੁਰਾਈ ਹੈ ਜੇ ਤੈਨੂੰ ਆਪਣੇ ਆਲੇ ਦੁਆਲੇ ਇਹ ਜੋ ਐਨੀਆਂ ਖਰਾਬੀਆਂ ਵਿਖਦੀਆਂ ਹਨ ਨਾ ਖਰਾਬੀਆ ਤੇਰੇ ਵਿੱਚ ਵੀ ਹਨ ।ਜਿਸਨੂੰ ਜਿਸ ਤਰ੍ਹਾਂ ਮਹਿਸੂਸ ਹੁੰਦਾ ਹੈ ਉਹ ਕੁਝ ਉਸਦੇ ਅੰਦਰ ਹੀ ਹੁੰਦਾ ।"
"ਅੱਛਾ ਖਰਾਬੀਆਂ ਮੇਰੇ ਵਿੱਚ ਨੇ, ਖਰਾਬੀਆਂ ਪੈਦਾ ਕਿਸਨੇ ਕੀਤੀਆਂ ਇਸ ਸਮਾਜ ਨੇ ਇਹਨਾਂ ਲੋਕਾਂ ਨੇ ।ਜਿੰਨਾ ਨੇ ਆਜ਼ਾਦੀ ਦੁਆਈ ਕੀ ਫਾਇਦਾ ਕਰ ਗਏ ਆਪਣਾ ਸਗੋਂ ਜਹੰਨੁਮ ਬਣਾ ਗਏ ਆਪਣੀ ਜਿੰਦਗੀ ।"

"ਜਹੰਨੁਮ ਉਹ ਬਣਾ ਗਏ ਜਾਂ ਅਸੀਂ ਖੁਦ ਬਣਾਈ ਹੈ ।"ਸੰਗ੍ਰਾਮ ਨੇ ਸ਼ਿਵਮ ਦੇ ਲਹਿਜੇ ਵਿਚ ਹੀ ਜਵਾਬ ਦਿੱਤਾ ।

"ਭਗਤ ਸਿੰਘ, ਰਾਜਗੁਰੂ, ਸੁਖਦੇਵ, ਸੁਭਾਸ਼ ਚੰਦਰ ਬੋਸ, ਗਾਂਧੀ ਸਭ ਨੇ ਇਕ ਹੀ ਸੁਪਨਾ ਵੇਖਿਆ ਸੀ ਖੁਸ਼ਹਾਲ ਹਿੰਦੁਸਤਾਨ ਦਾ ਪਰ ਉਹ ਸੁਪਨਾ ਤੇ ਪੂਰਾ ਹੋਣ ਤੋਂ ਪਹਿਲੇ ਹੀ ਟੁੱਟ ਗਿਆ, ਕਿਉ? "ਦੀਪਕ ਨੇ ਦੋਵਾਂ ਤੋਂ ਸਵਾਲ ਪੁੱਛਿਆ ।

" ਕਿਉਂਕਿ ਸੁਪਨਾ ਪੂਰਾ ਕਰਨ ਵਾਲੀਆਂ ਅੱਖਾਂ ਬੰਦ ਹੋ ਗਈਆਂ ਅਤੇ ਜੋ ਬਾਕੀ ਸਨ ਉਹ ਆਪਣੇ ਰਾਹ ਤੋਂ ਭਟਕ ਗਏ ।"ਸ਼ਿਵਮ ਨੇ ਜਵਾਬ ਦਿੱਤਾ ।

"ਪਰ ਜ਼ਰੂਰੀ ਤਾਂ ਨਹੀਂ ਜਿਸਨੇ ਸੁਪਨਾ ਵੇਖਿਆ ਉਹੀ ਸੁਪਨੇ ਨੂੰ ਸਾਕਾਰ ਕਰਨ ਜਿਸ ਤਰ੍ਹਾਂ ਆਪਣੇ ਮਾਂ ਬਾਪ ਆਪਣੇ ਲਈ ਖਵਾਬ ਵੇਖਦੇ ਹਨ ਪਰ ਉਹ ਖਵਾਬ ਹਕੀਕਤ ਵਿੱਚ ਤਾਂ ਆਪਾਂ ਹੀ ਲਿਆ ਸਕਦੇ ਹਾਂ ਉਸੇ ਤਰ੍ਹਾਂ ਹੀ ਭਗਤ ਸਿੰਘ ਦੇ ਸੁਪਨਿਆਂ ਦਾ ਭਾਰਤ ਬਣਾਉਣ ਲਈ ਇਕ ਜੁੱਟ ਤੇ ਆਪਾ ਨੂੰ ਹੀ ਹੋਣਾ ਪੈਣਾ।"ਸੰਗ੍ਰਾਮ ਨੇ ਸ਼ਿਵਮ ਦੀ ਗੱਲ ਦਾ ਜਵਾਬ ਦਿੱਤਾ ।

"ਅਜਿਹੀ ਸਰਕਾਰ ਵਿੱਚ ਤੂੰ ਕਹਿਨਾ ਹੈ ਭਾਰਤ ਭਗਤ ਸਿੰਘ ਦੇ ਸੁਪਨਿਆਂ ਦਾ ਦੇਸ਼ ਬਣੇਗਾ, ਜਿਵੇਂ ਅੰਗਰੇਜ਼ ਆਪਣੇ ਤੇ ਰਾਜ ਕਰ ਗਏ ਉਸੇ ਤਰਾਂ ਹੀ ਸਰਕਾਰ ਕਰ ਰਹੀ ਹੈ ।ਇਹਨਾ ਦੀ ਸ਼ਾਨ ਸ਼ੌਕਤ ਆਕੜ ਵੇਖੀ ਹੈ ।ਜਿੱਥੇ ਇਹਨਾਂ ਨੂੰ ਦੇਸ਼ ਭਲਾਈ ਦਾ ਸੋਚਣਾ ਚਾਹੀਦਾ ਉੱਥੇ ਇਹ ਆਪਣੀ ਜਾਨ ਖੋ ਜਾਣ ਦੇ ਡਰ ਤੋਂ ਨਾਲ ਆਪਣੇ ਬਾਡੀਗਾਰਡ ਲਈ ਫਿਰਦੀ ਹੁੰਦੀ ਹੈ ਤੇ ਭਰਿਸ਼ਟਾਚਾਰ ਨੂੰ ਮਿਟਾਉਣ ਦੀ ਬਜਾਏ ਖੁਦ ਦੌਲਤ ਦੇ ਲਾਲਚ ਵਿੱਚ ਅੰਨੀ ਹੋ ਭ੍ਰਿਸ਼ਟ ਹੋ ਚੁੱਕੀ ਹੈ ।"ਸ਼ਿਵਮ ਨੇ ਫਿਰ ਉਲਟਾ ਜਵਾਬ ਦਿੰਦਿਆਂ ਕਿਹਾ ।

"ਇਸਦੀ ਜ਼ਿੰਮੇਵਾਰ ਵੀ ਜਨਤਾ ਹੈ ਜੋ ਉਹਨਾਂ ਨੂੰ ਬਰਦਾਸ਼ਤ ਕਰਦੀ ਹੈ ।ਜੋ ਆਪਣੇ ਸੇਵਕ ਨੂੰ ਮਾਲਕ ਸਮਝ ਬੈਠੀ ਹੈ ।ਆਪਣੇ ਨੌਕਰ ਤੋਂ ਕੰਮ ਕਢਵਾਉਣ ਲਈ ਪੰਜ ਸਾਲ ਉਡੀਕਦੀ ਹੈ ।"ਸੰਗ੍ਰਾਮ ਨੇ ਥੋੜਾ ਵਿਅੰਗ ਕਰਦਿਆਂ ਕਿਹਾ ।

"ਜਨਤਾ ਦੇ ਕੋਲ ਕੋਈ ਤਾਕਤ ਨਹੀਂ ਹੈ ਜੋ ਭ੍ਰਿਸ਼ਟ ਮੰਤਰੀ ਜਾਂ ਨੇਤਾ ਨੂੰ ਛੇਤੀ ਬਾਹਰ ਵਗਾਹ ਮਾਰੇ ।ਆਪਣਾ ਦੇਸ਼ ਲੋਕਤੰਤਰ ਨਹੀਂ ਰਾਜਤੰਤਰ ਗੁਲਾਮਤੰਤਰ ਵਿਖਦਾ ਮੈਨੂੰ ।ਜਿੱਥੇ ਨੇਤਾ ਹੀ ਨਹੀਂ ਸਮਾਜ ਵੀ ਗੁਲਾਮੀ ਨਾਲ ਗ੍ਰਸਤ ਹੈ ।ਅੰਗਰੇਜ਼ੀ ਭਾਸ਼ਾ ਬੋਲਣਾ ਮਾਨ ਦੀ ਗੱਲ ਹੈ ਜਿਸਨੂੰ ਅੰਗਰੇਜ਼ੀ ਨਹੀਂ ਆਉਂਦੀ ਉਹ ਅਨਪੜ੍ਹ ਜਾਂ ਮਿਡਲ ਕਲਾਸ ਕਹਾਉਂਦਾ ਜਨਮਦਿਨ ਤੇ ਕੇਕੇ ਕੱਟਦੇ ਹਾਂ।ਸਕੂਲ ਵੀ ਜਾਣਾ ਤੇ ਟਾਈ ਲਾ ਕੇ ਜਾਣਾ ।ਬਾਹਰਲੇ ਦੇਸ਼ਾਂ ਦੇ ਬ੍ਰਾਂਡਿਡ ਕੱਪੜੇ ਤੇ ਉਪਕਰਨ ਵਰਤੋਂ ਵਿੱਚ ਲਿਆਉਣਾ ਸਾਡਾ ਹਾਈ ਸਟੇਟਸ ਡਿਫਾਇਨ ਕਰਦਾ ।ਇਥੋਂ ਤੱਕ ਕਿ ਜੇਕਰ ਅੰਗਰੇਜ਼ੀ ਭਾਸ਼ਾ ਨਹੀਂ ਆਉਂਦੀ ਤਾਂ ਤੁਹਾਨੂੰ ਨੌਕਰੀ ਨਹੀਂ ਮਿਲ ਸਕਦੀ।"

"ਉਮੀਦ ਤਾਂ ਨਹੀਂ ਕਰ ਸਕਦੇ ਸਭ ਕੁਝ ਬਦਲਣ ਦੀ ਪਰ ਕੋਸ਼ਿਸ ਤੇ ਕਰ ਸਕਦੇ ਹਾਂ ।"ਸੰਗ੍ਰਾਮ ਨੇ ਠਰੰਮੇ ਨਾਲ ਕਿਹਾ ।

"ਅਜਿਹਾ ਸਮਾਜ ਤਾਂ ਗੁਲਾਮ ਹੋਣ ਲਈ ਸਿਰਜਿਆ ਜਾਂਦਾ ਹੈ ।ਮੈਨੂੰ ਨਹੀਂ ਲੱਗਦਾ ਕੁਝ ਬਦਲੇਗਾ, ਇਕ ਜਣੇ ਦੀ ਕੋਸ਼ਿਸ਼ ਨਾਲ ਕੀ ਹੋ ਸਕਦਾ? "

" ਹੈਰਤ ਹੈ ਸ਼ਿਵਮ ਕਿ ਤੈਨੂੰ ਅਜੇ ਤੱਕ ਆਪਣੀ ਤਾਕਤ ਦਾ ਨਹੀਂ ਪਤਾ ਇਹ ਜੋ ਵਕਤ ਹੁੰਦਾ ਹੈ ਨਾ ਸਭ ਨੂੰ ਇਕੋ ਜਿੰਨਾ ਮਿਲਦਾ ਜੇ ਇਹਦਾ ਸਹੀ ਇਸਤੇਮਾਲ ਕਰੋ ਨਾ ਤਾਂ ਰਹਿੰਦੀ ਦੁਨੀਆਂ ਤੱਕ ਨਾਮ ਰਹਿ ਜਾਂਦਾ ਜੇ ਜ਼ਾਇਆ ਕਰ ਦਿਉ ਤਾਂ ਦੁਨੀਆਂ ਵਿੱਚ ਹੁੰਦੇ ਹੋਇਆਂ ਵੀ ਜ਼ਿਕਰ ਨਹੀਂ ਹੁੰਦਾ ।ਆਪਾ ਇਹ ਸੋਚਦੇ ਹਾਂ ਕਿ ਆਉਣ ਵਾਲੇ ਕੱਲ ਵਿਚ ਕੋਈ ਆਏਗਾ ਤੇ ਇਸ ਸਿਸਟਮ ਨੂੰ ਬਦਲੇਗਾ ਪਰ ਆਪਾ ਇਹ ਕਿਉਂ ਭੁੱਲ ਰਹੇ ਹਾਂ ਕਿ ਆਪਣਾ ਅੱਜ ਹੀ ਆਉਣ ਵਾਲੇ ਵਕਤ ਵਿਚ ਕੱਲ ਬਣਨਾ ਹੈ ।ਜਿਸ ਤਰ੍ਹਾਂ ਭਗਤ ਸਿੰਘ ਰਾਜਗੁਰੂ ਸੁਭਾਸ਼ ਚੰਦਰ ਬੋਸ ਨੇ ਆਪਣੇ ਵੇਲੇ ਵਿੱਚ ਜੋ ਉਹਨਾਂ ਕੀਤਾ ਆਪਾਂ ਉਹਨਾਂ ਦੀਆਂ ਉਦਾਹਰਣਾਂ ਅੱਜ ਲੈ ਰਹੇ ਹਾਂ ਜੇਕਰ ਅੱਜ ਆਪਾਂ ਕੁਝ ਚੰਗਾ ਕਰਾਂਗੇ ਤਾਂ ਹੀ ਲੋਕ ਆਪਣੀ ਚੁਣੀ ਰਾਹ ਅਪਣਾਉਣਗੇ,ਦੇਸ਼ ਨੂੰ ਬਦਲਣ ਦੇ ਚਲਾਏ ਅੰਦੋਲਨ ਨੂੰ ਅੱਗੇ ਵਧਾਉਣਗੇ।ਮੰਨਿਆ ਕਿ ਇਕ ਇਨਸਾਨ ਦੀ ਕੋਸ਼ਿਸ਼ ਨਾਲ ਸਾਰਾ ਸਿਸਟਮ ਨਹੀਂ ਬਦਲ ਸਕਦਾ, ਪਰ ਜਿਸ ਤਰ੍ਹਾਂ ਇਕ ਤਸਬੀਹ ਨੂੰ ਬਣਾਉਣ ਲਈ ਅਣਗਿਣਤ ਮੋਤੀ ਚਾਹੀਦੇ ਹੁੰਦੇ ਹਨ ਉਸੇ ਤਰ੍ਹਾਂ ਹੀ ਇਕ ਇਕ ਮਿਲ ਕੇ ਇਕ ਲੜੀ ਬਣੇਗੀ ਅਤੇ ਆਪਣਾ ਮਕਸਦ ਇਹ ਨਹੀਂ ਕਿ ਆਪਾਂ ਸ਼ੁਰੂਆਤ ਵਿੱਚ ਹੀ ਦੇਸ਼ ਬਦਲ ਦੇਈਏ ਪਹਿਲੇ ਆਪਣੇ ਛੋਟੇ ਕਸਬੇ ਪਿੰਡਾਂ ਛੋਟੇ ਸ਼ਹਿਰਾਂ ਨੂੰ ਆਪਣੀ ਗਲੀ ਆਪਣੇ ਘਰ ਤੇ ਖੁਦ ਨੂੰ ਬਦਲਣਾ ਤਾਂ ਹੀ ਸਮਾਜ ਵੀ ਬਦਲੇਗਾ ਪਰ ਇਹ ਨਾ ਹੋਵੇ ਕਿ ਸਮਾਜ ਨੂੰ ਬਦਲਣ ਦੇ ਚੱਕਰ ਵਿੱਚ ਅਸੀਂ ਖੁਦ ਬਦਲ ਜਾਈਏ ਸਮਾਜ ਨੂੰ ਬਦਲਣਾ ਅਸੀਂ ਅੱਜ ਦੇ ਦਿਨ ਪ੍ਰਣ ਕਰੀਏ ਕਿ ਅਸੀਂ ਆਉਣ ਵਾਲੇ ਕੱਲ ਲਈ ਚੰਗੀਆਂ ਉਦਾਹਰਣਾਂ ਦੇ ਕੇ ਜਾਣੀਆਂ ਸਾਡੀ ਆਉਣ ਵਾਲੀ ਪੀੜ੍ਹੀ ਸਾਡੇ ਤੇ ਫਖਰ ਕਰੇ ਨਾ ਕਿ ਅਸੀਂ ਉਮੀਦ ਲਾਈਏ ਕਿ ਸਾਡਾ ਕੱਲ ਸਾਡੇ ਸਮਾਜ ਨੂੰ ਸੁਧਾਰੇਗਾ ।ਇਕ ਗੱਲ ਹੋਰ ਦੇਸ਼ ਦੀ ਇਹਨਾਂ ਬੁਰਾਈਆਂ ਤੋਂ ਆਜ਼ਾਦੀ ਦਵਾਉਣ ਦੀ ਗੱਲ ਕਰਨ ਤੋਂ ਪਹਿਲਾਂ ਇੱਕ ਗੱਲ ਇਹ ਵੀ ਹੈ ਕਿ ਇਸਨੂੰ ਦੇਸ਼ ਬਣਾਇਆ ਜਾਏ ਆਪਣਾ ਦੇਸ਼।"

"ਪਰ ਸਵਾਲ ਇਹ ਪੈਦਾ ਹੁੰਦਾ ਹੈ ਕਿ ਆਪਾਂ ਕੀ ਤਬਦੀਲੀ ਪੈਦਾ ਕਰ ਸਕਦੇ ਹਾਂ? "ਦੀਪਕ ਨੇ ਦੋਹਾਂ ਵੱਲ ਦੇਖਦਿਆਂ ਸਵਾਲ ਕਰਿਆ ।

" ਦੇਖ ਅੱਜ ਅਸੀਂ ਆਪਣੇ ਹੱਕ ਦੀ ਗੱਲ ਕਰਨ ਦੀ ਬਜਾਏ ਆਪਣੀ ਜਾਨ ਬਚਾਉਣ ਦੀ ਗੱਲ ਕਰਦੇ ਹਾਂ ।ਹਜਾਰਾਂ ਸ਼ਹੀਦਾਂ ਦੀਆਂ ਦਿੱਤੀਆਂ ਕੁਰਬਾਨੀਆਂ  ਨੂੰ ਯਾਦ ਤਾਂ ਕਰਦੇ ਹਾਂ ਤੇ ਅਗਲੇ ਹੀ ਪਲ ਇਹ ਸਭ ਕੁਝ ਭੁੱਲ ਕੇ ਕਿਸੇ ਅਮੀਰ ਦੇ ਕਦਮਾਂ ਵਿੱਚ ਡਿੱਗ ਪੈਂਦੇ ਹਾਂ ।ਅਸੀਂ ਹੱਕ ਤੇ ਸੱਚ ਦੀ ਗੱਲ ਤਾਂ ਕਰਦੇ ਹਾਂ ਪਰ ਇਕ ਛੋਟੇ ਜਿਹੇ ਝਟਕੇ ਨਾਲ ਝੂਠ ਨੂੰ ਸੱਚ ਬਣਾ ਕੇ ਪੇਸ਼ ਕਰ ਦਿੰਦੇ ਹਾਂ ।ਅੱਜ ਵੀ ਲੋਕ ਅਮੀਰ ਤੇ ਦੌਲਤਮੰਦ ਦਾ ਦੋਸਤ ਬਣਨਾ ਪਸੰਦ ਕਰਦੇ ਹਨ ਗਰੀਬ ਨੂੰ ਕੌਣ ਪੁੱਛਦਾ ।ਅੱਜ ਵੀ ਅਸੀਂ ਸਿਰਫ ਆਪਣੀਆਂ ਗਰਜਾਂ ਪੂਰੀਆਂ ਕਰਦੇ ਹਾਂ ।ਕੀ ਸਾਨੂੰ ਸਭ ਨੂੰ ਇਹੀ ਸਿਖਾਇਆ ਗਿਆ ਹੈ ਜੇ ਕੋਈ ਮੁਸੀਬਤ ਚ ਹੋਵੇ ਤਾਂ ਉਸਨੂੰ ਮੁਸੀਬਤ ਚੋਂ ਬਾਹਰ ਕੱਢਣ ਦੀ ਬਜਾਏ ਉਸਦਾ ਤਮਾਸ਼ਾ ਦੇਖੋ ।ਇਹ ਕੁਝ ਸਵਾਲ ਨੇ ਜੋ ਕਿ ਰਾਤ ਨੂੰ ਸੌਣ ਤੋਂ ਪਹਿਲਾਂ ਅਸੀਂ ਖੁਦ ਨੂੰ ਕਰੀਏ ਤਾਂ ਸਾਨੂੰ ਅੰਦਾਜ਼ਾ ਹੋ ਜਾਵੇਗਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ, ਅਸੀਂ ਕਿੰਨੇ ਕੁ ਹਿੰਦੋਸਤਾਨੀ ਹਾਂ ਕਿੰਨੇ ਚੰਗੇ  ਨਾਗਰਿਕ ਹਾਂ।"ਸੰਗ੍ਰਾਮ ਨੇ ਆਪਣੇ ਦੇਸ਼ ਪ੍ਰਤੀ ਫ਼ਰਜ਼ ਯਾਦ ਦਿਵਾਉਂਦੇ ਹੋਏ ਨੇ ਕਿਹਾ ।

"ਹਾਂ ਸ਼ਾਇਦ ਤੂੰ ਮੈਂ ਤੇ ਇਹ ਲੱਖਾਂ ਲੋਕ ਸਮਝ ਹੀ ਨਹੀਂ ਪਾਏ ਕਿ ਇਕ ਹਿੰਦੋਸਤਾਨੀ ਹੋਣ ਦੇ ਨਾਤੇ ਸਾਡੇ ਕੀ ਫਰਜ ਹਨ ।ਹਿੰਦੋਸਤਾਨੀ ਹੋਣ ਦੇ ਬਾਵਜੂਦ ਵੀ ਕਦੇ ਆਪਣੀ ਜਿੰਮੇਵਾਰੀ ਨਹੀਂ ਨਿਭਾਈ ।ਅਸੀਂ ਕਦੇ ਇਹ ਨਹੀਂ ਚਾਹਿਆ ਕਿ ਆਪਸ ਵਿੱਚ ਮਿਲ ਜੁਲ ਕੇ ਕਮ ਸੇ ਕਮ ਇਕ ਕੰਮ ਢੰਗ ਦਾ ਕਰ ਲਈਏ ਕਿ ਹਿੰਦੁਸਤਾਨ ਨੂੰ ਵੀ ਫਖਰ ਹੋਏ ਸਾਡੇ ਉੱਪਰ ਹਿੰਦੋਸਤਾਨੀ ਹੋਣ ਦਾ।"ਦੀਪਕ ਨੇ ਥੋੜਾ ਦੁਖੀ ਮਨ ਨਾਲ ਕਿਹਾ ।
ਹੁਣ ਸ਼ਿਵਮ ਦੀ ਅਵਾਜ਼ ਥੋੜਾ ਮੱਧਮ ਸੀ ਉਸਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਚੱਲਿਆ ਸੀ ।

"ਠੀਕ ਕਹਿ ਰਹੇ ਹੋ ਤੁਸੀਂ ਦੋਵੇਂ ਹੁਣ ਹੋਸ਼ ਤੋਂ ਕੰਮ ਲੈਣਾ ਚਾਹੀਦਾ ਆਖਰ ਕਦੋਂ ਤੱਕ ਲੋਕਾਂ ਤੇ ਇਲਜ਼ਾਮ ਲਾਉਂਦੇ ਰਹਾਂਗੇ ਅਸੀਂ ।ਮੈਨੂੰ ਸਾਨੂੰ ਜੇ ਹੁਣ ਆਪਣੀਆਂ ਜਿੰਮੇਵਾਰੀਆਂ ਦਾ ਅਹਿਸਾਸ ਨਾ ਹੋਇਆ ਤਾਂ ਆਪਣੀਆਂ ਆਉਣ ਵਾਲੀਆਂ ਨਸਲਾਂ ਵੀ ਇਸ ਤਰ੍ਹਾਂ ਸਾਨੂੰ ਇਲਜਾਮ ਦੇਣਗੀਆਂ ਜਿਸ ਤਰ੍ਹਾਂ ਮੈਂ ਦੇਸ਼ ਦੇ ਸਿਸਟਮ ਨੂੰ ਇਲਜਾਮ ਦੇ ਰਿਹਾ ਸੀ ।ਹੁਣ ਆਪਣੀ ਹੀ ਜਿੰਮੇਵਾਰੀ ਹੈ ਕਿ ਦੇਸ਼ ਨੂੰ ਵੇਚਣ ਵਾਲੇ ਨੇਤਾਵਾਂ ਨੂੰ ਬਾਹਰ ਦਾ ਰਾਹ ਵਿਖਾਉਣਾ ਇਸ ਤੋਂ ਪਹਿਲਾਂ ਕਿ ਉਹ ਆਪਣੇ ਜ਼ਮੀਨ ਦੇ ਇੰਚ ਇੰਚ ਦਾ ਸੌਦਾ ਕਰ ਦੇਣ ।ਸਹੀ ਤਰੀਕੇ ਨਾਲ ਵੋਟਾਂ ਪਾ ਕੇ ਆਪਣੇ ਵਰਗਾ ਕੋਈ ਨਾਗਰਿਕ ਨੇਤਾ ਬਣਾਈਏ ਜਿਸਨੂੰ ਘੱਟੋ ਘੱਟ ਗਰੀਬ ਤੇ ਅਮੀਰ ਚ ਕੋਈ ਫਰਕ ਨਾ ਲੱਗੇ ਉਸ ਲਈ ਦੇਸ਼ ਪਹਿਲੇ ਹੋਵੇ।ਅਸੀਂ ਵੀ ਪ੍ਰਣ ਕਰੀਏ ਕਿ ਜੇਕਰ ਕੋਈ ਗੰਦਗੀ ਫੈਲਾ ਰਿਹਾ ਉਹਨੂੰ ਸਮਝਾਵਾਂਗੇ ਜੇ ਸਮਝਾਉਣ ਤੇ ਵੀ ਨਾ ਸਮਝੇ ਤਾਂ ਓਹਨਾ ਦੀ ਫੈਲਾਈ ਗੰਦਗੀ ਖੁਦ ਸਾਫ ਕਰਾਂਗੇ ਤੇ ਐਸਾ ਵਾਰ ਵਾਰ ਕਰਾਂਗੇ ਜਦੋਂ ਤੱਕ ਉਸ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਵੇਗਾ ।ਕਿਸੇ ਦਾ ਐਕਸੀਡੈਂਟ ਹੋ ਗਿਆ ਉਸਦੀ ਮਦਦ ਕਰਾਂਗੇ, ਨਾ ਰਿਸ਼ਵਤ ਲਵਾਂਗੇ ਨਾ ਰਿਸ਼ਵਤ ਦੇਵਾਂਗੇ ।ਜੇ ਦੂਜੇ ਦੇਸ਼ਾਂ ਦੀਆਂ ਬੋਲੀਆਂ ਨੂੰ ਅਪਣਾਇਆ ਹੈ ਤਾਂ ਆਪਣੀ ਮਾਂ ਬੋਲੀ ਦਾ ਵੀ ਸਨਮਾਨ ਕਰਾਂਗੇ ਜੋ ਵੀ ਇਕ ਚੰਗੇ ਨਾਗਰਿਕ ਦੇ ਫਰਜ ਹਨ ਸਭ ਆਪਨਾਵਾਂਗੇ।ਮੰਨਿਆ ਕਿ ਬਦਲਾਵ ਆਉਣ ਵਿੱਚ ਬਹੁਤ ਵਕਤ ਲੱਗੇਗਾ ਪਰ ਹੌਂਸਲਾ ਨਹੀਂ ਹਾਰਾਂਗੇ ਸਬਰ ਨਾਲ ਆਪਣਾ ਫਰਜ਼ ਨਿਭਾਵਾਂਗੇ ।ਦੇਸ਼ ਨੂੰ ਬਦਲਣ ਦਾ ਜੋ ਸੁਪਨਾ ਵੇਖਿਆ ਉਸਨੂੰ ਪੂਰਾ ਕਰਾਂਗੇ ਸੱਚ ਦੇ ਮਾਰਗ ਚੱਲਦਿਆਂ ਜੇ ਹਾਰਾਂ ਵੀ ਨਸੀਬ ਹੋਈਆਂ ਤਾਂ ਉਹਨਾਂ ਤੋਂ ਘਬਰਾ ਕੇ ਕਦਮ ਪਿੱਛੇ ਨਹੀਂ ਹਟਾਂਵਾਗੇ।ਅਸੀਂ ਹਿੰਦੁਸਤਾਨ ਨੂੰ ਅਸਲ ਮਾਇਨਿਆਂ ਵਿੱਚ ਆਜ਼ਾਦ ਕਰਵਾਉਣਾ ਇਹਨਾਂ ਭਰਿਸ਼ਟਾਚਾਰੀ ਨੇਤਾਵਾਂ ਤੋਂ ।ਨਹੀਂ ਤਾਂ ਆਪਣਾ ਹਰ ਸਾਹ ਐਦਾ ਹੀ ਦੇਸ਼ ਭਗਤੀ ਦੇ ਤਰਾਨੇ ਸੁਣਦੇ ਤੇ ਭਵਿੱਖ ਵਿੱਚ ਕਿਸੇ ਮਸੀਹਾ ਦੇ ਆਉਣ ਦੀ ਆਸ ਵਿੱਚ ਗੁਜਰ ਜਾਵੇਗਾ ਜੋ ਸਾਨੂੰ ਇਸ ਗੁਲਾਮੀ ਤੋਂ ਆਜ਼ਾਦ ਕਰਵਾਏਗਾ ।"ਆਖਰ ਸ਼ਿਵਮ ਨੇ ਆਪਣੀ ਗਲਤੀ ਸਵੀਕਾਰ ਕਰਦੇ ਨੇ ਕਿਹਾ।

"ਹਾਂ ਸਹੀ ਕਿਹਾ ਤੂੰ ਸ਼ਿਵਮ ਇਸ ਤੋਂ ਪਹਿਲਾਂ ਕਿ ਵਕਤ ਗੁਜਰ ਜਾਏ ਇਸਨੂੰ ਕੱਸ ਕੇ ਪਕੜ ਲਈਏ ਤੇ ਇਕ ਜੁੱਟ ਹੋ ਕੇ ਆਪਣੇ ਸੁਨਹਿਰੇ ਹਿੰਦੁਸਤਾਨ ਦੇ ਖਵਾਬ ਨੂੰ ਪੂਰਾ ਕਰੀਏ ਨਾ ਕੱਲ ਨਾ ਪਰਸੋਂ ਬਲਕਿ ਅੱਜ ਹੀ ਸ਼ੁਰੂਆਤ ਕਰਦੇ ਹਾਂ ।ਬੋਲੋ ਦੇਵੋਗੇ ਮੇਰਾ ਸਾਥ? "ਸੰਗਰਾਮ ਨੇ ਆਪਣੇ ਦੋਵੇਂ ਹੱਥ ਸ਼ਿਵਮ ਤੇ ਦੀਪਕ ਵੱਲ ਵਧਾਏ ।ਦੀਪਕ ਤੇ ਸ਼ਿਵਮ ਨੇ ਇਕ ਦੂਜੇ ਨੂੰ ਵੇਖਿਆ ਤੇ ਕੁਝ ਪਲਾਂ ਬਾਅਦ ਦੋਵਾਂ ਨੇ ਆਪਣਾ ਆਪਣਾ ਹੱਥ ਸੰਗਰਾਮ ਦਿਆਂ ਹੱਥਾਂ ਵਿੱਚ ਦੇ ਕੇ ਉਸਨੂੰ ਹੱਸਦੇ ਹੱਸਦੇ ਗਲੇ ਲਾ ਲਿਆ ।
ਹੁਣ ਉਹਨਾਂ ਬੋਝਲ ਨਿਗਾਹਾਂ ਵਿੱਚ ਜੁਗਨੂੰ ਵਰਗੀ ਚਮਕ ਸੀ ਮਕਸਦ ਸੀ ਜਿਸਨੂੰ ਉਹਨਾਂ ਮਿਲ ਕੇ ਪੂਰਾ ਕਰਨ ਦਾ ਜਿੰਮਾ ਚੁੱਕਿਆ ਸੀ ।ਉਹਨਾਂ ਦਾ ਕੌਨਫੀਡੈਂਸ ਤਾਂ ਇਹੀ ਦਿਖਾ ਰਿਹਾ ਸੀ ਕਿ ਉਹ ਇਸ ਵਾਰ ਦੇਸ਼ ਬਦਲਣ ਦਾ ਮਕਸਦ ਪੂਰਾ ਕਰਕੇ ਹੀ ਦਮ ਲੈਣਗੇ ।ਤਾਂ ਆਉ ਆਪਾਂ ਵੀ ਦੇਸ਼ ਬਦਲਣ ਲਈ ਥੋੜਾ ਜਿਹਾ ਖੁਦ ਨੂੰ ਬਦਲੀਏ ਤੇ ਦੀਪਕ ਸ਼ਿਵਮ ਤੇ ਸੰਗ੍ਰਾਮ ਦੀ ਥੋੜੀ ਜਿਹੀ ਮਦਦ ਕਰੀਏ ਖੁਦ ਨੂੰ ਬਦਲ ਕੇ ਨਾ ਕਿ ਦੇਸ਼ ਨੂੰ ।ਪਤਾ ਹੈ ਕਿਉ ਦੇਸ਼ ਦਾ ਹਿੱਸਾ ਹਾਂ ਅਸੀਂ ਖੁਦ ਨੂੰ ਬਦਲ ਲਿਆ ਸਮਝੋ ਦੇਸ਼ ਬਦਲ ਗਿਆ ।

ਸੰਪਰਕ: +91 98723 48277

Comments

ਸੁਰਜੀਤ ਸਿੰਘ ਸਿਰੜ

ਵਾਰਤਾਲਾਪ ਕੇਂਦਰਿਤ ਨਾਟਕ ਦੀ ਤਰਜ ਤੇ ਰਚਨਾ, ਸਿੱਖਿਆਦਾਇਕ

Security Code (required)



Can't read the image? click here to refresh.

Name (required)

Leave a comment... (required)





ਕਹਾਣੀ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ