Sat, 05 October 2024
Your Visitor Number :-   7229299
SuhisaverSuhisaver Suhisaver

ਨਿੱਕੀ ਚੂਹੀ - ਬਲਜਿੰਦਰ ਮਾਨ

Posted on:- 07-08-2016

suhisaver

ਬਾਲ ਕਹਾਣੀ
                            
ਹੈਰੀ ਪੰਜਵੀਂ ਜਮਾਤ ਵਿਚ ਪੜ੍ਹਦਾ ਹੈ।ਪੜ੍ਹਾਈ ਦੇ ਨਾਲ ਨਾਲ ਘਰ ਵਿਚ ਬਾਗ ਬਗੀਚੀ ਦਾ ਵੀ ਖਾਸ ਧਿਆਨ ਰੱਖਦਾ ਹੈ।ਉਸਨੇ ਕਿਆਰੀਆਂ ਵਿਚ ਵੰਨ-ਸੁਵੰਨੇ ਫੁੱਲਾਂ ਦੇ ਬੂਟੇ ਲਗਾਏ ਹੋਏ ਹਨ।ਜਦੋਂ ਉਸਦੀ ਕਿਆਰੀ ਵਿਚ ਕਿਸੇ ਬੂਟੇ ਨੂੰ ਡੋਡੀ ਨਿੱਕਲਦੀ ਤਾਂ ਉਹ ਬਹੁਤ ਖੁਸ਼ ਹੁੰਦਾ।ਆਪਣੀ ਮੰਮੀ ਪਾਪਾ ਨੂੰ ਅਵਾਜ਼ਾਂ ਮਾਰਦਾ। ‘ਪਾਪਾ ਜੀ! ਪਾਪਾ ਜੀ! ਦੇਖੋ ਮੇਰੇ ਬੂਟਿਆਂ ਨੂੰ ਡੋਡੀਆਂ ਨਿੱਕਲ ਆਈਆਂ ਨੇ’।ਪਾਪਾ ਜੀ ਉਸਨੂੰ ਸ਼ਾਬਾਸ਼ ਦਿੰਦੇ ਅਤੇ ਆਖਦੇ ‘ਜੋ ਮਿਹਨਤ ਕਰਦਾ ਹੈ ਉਸਨੂੰ ਉਸਦਾ ਫਲ ਜ਼ਰੂਰ ਮਿਲਦਾ ਹੈ।ਤੂੰ ਇਸਨੂੰ ਇੰਨੀ ਮਿਹਨਤ ਨਾਲ ਉਗਾਇਆ,ਪਾਣੀ ਲਗਾਇਆ ,ਗੋਡੀ ਕੀਤੀ,ਫਿਰ ਇਸਦੀ ਰਾਖੀ ਕੀਤੀ।ਹੁਣ ਇਸਨੂੰ ਫਲ ਤਾਂ ਲੱਗਣਾ ਹੀ ਹੋਇਆ’।

ਇਹ ਗੱਲਾਂ ਸੁਣਕੇ ਹੈਰੀ ਦੇ ਮਨ ਵਿਚ ਫਖਰ ਹੁੰਦਾ ਕਿ ਉਸਨੇ ਕੋਈ ਚੰਗਾ ਕੰਮ ਕੀਤਾ ਹੈ।ਜਿਸ ਵਾਸਤੇ ਉਸਨੂੰ ਸ਼ਾਬਾਸ਼ ਮਿਲ ਰਹੀ ਹੈ।

ਹੈਰੀ ਦੀ ਮੰਮੀ ਬੇਲ ਬੂਟਿਆਂ ਦਾ ਖਿਲਾਰਾ ਪਸੰਦ ਨਾ ਕਰਦੀ।ਉਹ ਹਰ ਪਾਸੇ ਲਗਾਏ ਬੂਟਿਆਂ ਨੂੰ ਵੀ ਵਾਧੂ ਹੀ ਆਖ ਦਿੰਦੀ।ਇਸ ਸਭ ਦੇ ਬਾਵਜੂਦ ਹੈਰੀ ਨੇ ਸਭ ਕਿਆਰੀਆਂ ਨੂੰ ਫੁੱਲ ਬੂਟਿਆਂ ਨਾਲ ਭਰ ਦਿੱਤਾ।ਉਸ ਹੱਥੋਂ ਲੱਗਿਆ ਹਰ ਪੌਦਾ ਬੜਾ ਵਧਦਾ ਫੁੱਲਦਾ।

ਅਸਲ ਵਿਚ ਉਹ ਬੂਟਿਆਂ ਨੂੰ ਪਿਆਰ ਹੀ ਇੰਨਾ ਕਰਦਾ ਕੇ ਉਹ ਦਿਨਾਂ ਵਿਚ ਵੀ ਵੱਡੇ ਹੋ ਜਾਂਦੇ।ਉਹ ਹਰ ਰੋਜ਼ ਸਕੂਲ ਜਾਣ ਤੋਂ ਪਹਿਲਾਂ ਹਰ ਬੂਟੇ ਨੂੰ ਦੇਖਦਾ।ਉਨਾਂ ਕੋਲ ਬੈਠਦਾ।ਇੰਜ ਲਗਦਾ ਜਿਵੇਂ ਉਨ੍ਹਾਂ ਨਾਲ ਗਲਾਂ ਕਰ ਰਿਹਾ ਹੋਵੇ ਜਾਂ ਸਵੇਰ ਦੀ ਝਾਤ ਬੁਲਾ ਰਿਹਾ ਹੋਵੇ।ਜੇਕਰ ਕੋਈ ਪੱਤਾ ਪੀਲਾ ਪਿਆ ਹੁੰਦਾ ਤਾਂ ਆਪਣੇ ਵੱਡੇ ਵੀਰ ਤਨਵੀਰ ਤੋਂ ਪੁੱਛਦਾ ਕਿ ਇਹ ਪੀਲਾ ਕਿਉਂ ਪਿਆ?ਜੇਕਰ ਉਸਨੂੰ ਤਸੱਲੀਬਖਸ਼ ਜੁਆਬ ਨਾਲ ਮਿਲਦਾ ਤਾਂ ਫਿਰ ਵੱਡੀਆਂ ਭੈਣਾ ਨੀਤੂ ਤੇ ਪ੍ਰੀਤੀ ਦੇ ਖਹਿੜੇ ਪੈ ਜਾਂਦਾ।ਦੀਦੀ ਜੀ ਦੱਸੋ, ‘ਇਸਨੂੰ ਕੀ ਹੋਇਆ?ਇਹ ਪੀਲਾ ਕਿਉਂ ਪਿਆ ਹੈ’।

ਨੀਤੂ ਆਖਦੀ ,’ਇਹ ਗਰਮੀ ਕਰਕੇ ਪੀਲਾ ਪੈ ਗਿਆ’।
‘ਪਰ ਮੈ ਤਾਂ ਬਹੁਤ ਪਾਣੀ ਪਾ ਰਿਹਾਂ।ਫਿਰ ਅਜਿਹਾ ਕਿਉਂ’?

‘ਹੈਰੀ ਨਵੇਂ ਪੱਤੇ ਆਉਣ ਲਈ ਪੁਰਾਣੇ ਗਿਰਦੇ ਰਹਿੰਦੇ ਨੇ’।ਨੀਤੂ ਸਮਝਾਉਣ ਦਾ ਯਤਨ ਕਰਦੀ।ਪਰ ਉਸਦੇ ਮਨ ਨੂੰ ਤਸੱਲੀ ਫਿਰ ਵੀ ਨਾ ਹੁੰਦੀ।ਉਹ ਸਕੂਲ ਤੋਂ ਆਉਂਦਾ ਹੀ ਪਹਿਲਾਂ ਕਿਆਰੀਆਂ ਵੱਲ ਜਾਂਦਾ ਤੇ ਆਪਣੇ ਪੌਦਿਆਂ ਦਾ ਹਾਲ ਚਾਲ ਪੁੱਛਦਾ।ਉਹ ਜਿਵੇਂ ਹੀ ਬਗੀਚੀ ਵਿਚ ਵੜਦਾ ਸਾਰੇ ਪੌਦੇ ਖੁਸ਼ੀ ਵਿਚ ਝੂਮਣ ਲਗ ਪੈਂਦੇ।ਬਸ ਫਿਰ ਹੈਰੀ ਦੇ ਚਿਹਰੇ ਦੀ ਖੁਸ਼ੀ ਦੇਖਣ ਵਾਲੀ ਹੁੰਦੀ।ਉਹ ਲੁੱਡੀਆਂ ਪਾਉਣ ਲਗ ਪੈਂਦਾ ।ਘਰ ਆਉਣ ਵਾਲੇ ਹਰ ਮਹਿਮਾਨ ਨੂੰ ਵੀ ਆਪਣੀ ਬਗੀਚੀ ਦਿਖਾਉਣੀ ਨਾ ਭੂੱਲਦਾ।

ਇਕ ਦਿਨ ਉਹ ਆਪਣੀਆ ਕਿਆਰੀਆਂ ਦੀ ਦੇਖ ਭਾਲ ਕਰ ਰਿਹਾ ਸੀ।ਉਸਨੇ ਦੇਖਿਆ ਕਿ ਕੁਝ ਬੂਟੇ ਕੱਟੇ ਪਏ ਹਨ।ਉਹ ਇਹ ਦੇਖ ਕੇ ਬਹੁਤ ਪਰੇਸ਼ਾਨ ਹੋ ਗਿਆ।ਕੁੱਝ ਦਿਨ ਪਹਿਲਾਂ ਇਕ ਚੂਹੀ ਨੇ ਮੰਮੀ ਦੇ ਕੀਮਤੀ ਕੱਪੜੇ ਵੀ ਕੁਤਰ ਦਿੱਤੇ ਸਨ।ਜਿਸ ਕਰਕੇ ਘਰ ਦਾ ਹਰ ਮੈਂਬਰ ਉਸ ਕੋਲੋਂ ਪਰੇਸ਼ਾਨ ਸੀ ।ਜਦ ਹੈਰੀ ਨੂੰ ਇਹ ਪਤਾ ਲਗਾ ਕਿ ਇਹ ਕੰਮ ਇਕ ਚੂਹੀ ਦਾ ਹੈ ਤਾਂ ਉਹ ਉਸਦੇ ਹਲ ਬਾਰੇ ਸੋਚਣ ਲਗਾ।ਇੰਨੇ ਨੂੰ ਹੈਰੀ ਦੇ ਪਾਪਾ ਨੇ ਚੂਹੀ ਨੂੰ ਫੜਨ ਲਈ ਕੜਿੱਕੀ ਲਿਆ ਦਿੱਤੀ।

ਕੁਝ ਦਿਨਾਂ ਬਾਅਦ ਚੂਹੀ ਕੁੜਿੱਕੀ ਵਿਚ ਫਸ ਗਈ।ਹੈਰੀ ਕੁੜਿਕੀ ਵਿਚ ਫਸੀ ਚੂਹੀ ਦੇਖ ਕੇ ਬਹੁਤ ਖੁਸ਼ ਹੋਇਆ।ਉਹ ਉਸਦੀ ਕੜਿੱਕੀ ਕੋਲ ਪੁੱਜ ਕੇ ਉਸ ਨਾਲ ਗੱਲਾਂ ਕਰਨ ਲਗ ਪਿਆ। ‘ਦੱਸ ਤੇਰੇ ਨਾਲ ਹੁਣ ਕੀ ਸਲੂਕ ਕਰਾਂ’।
ਚੂਹੀ ਦੀਆਂ ਅੱਖਾਂ ਵਿਚ ਤਰਲਾ ਸੀ।ਜਿਵੇਂ ਕਹਿ ਰਹੀ ਹੋਵੇ ‘ਹੁਣ ਉਹ ਦੋਬਾਰਾ ਅਜਿਹਾ ਨਹੀਂ ਕਰੇਗੀ’।
ਹੈਰੀ ਨੂੰ ਉਸਦੀ ਹਾਲਤ ਤੇ ਤਰਸ ਆ ਗਿਆ।ਉਸਨੇ ਚੂਹੀ ਨੂੰ ਤਾੜਨਾ ਕਰਦਿਆਂ ਕਿਹਾ, ‘ਦੱਸ ਮੁੜਕੇ ਨੁਕਸਾਨ ਤਾਂ ਨੀ ਕਰੇਂਗੀ?ਤੈਨੂੰ ਪਤਾ ਤੂੰ ਸਾਡਾ ਕਿੰਨਾ ਨੁਕਸਾਨ ਕੀਤੈ।ਤੈਨੂੰ ਸਜਾਂ ਤਾਂ ਮਿਲਣੀ ਚਾਹੀਦੀ’।

ਉਸਨੂੰ ਇੰਜ ਲਗਾ ਜਿਵੇਂ ਉਹ ਕਹਿ ਰਹੀ ਹੋਵੇ ਕਿ ਹਰ ਬੱਚਾ ਗਲਤੀ ਕਰਦਾ ਹੈ।ਤੂੰ ਵੀ ਤਾਂ ਕਈ ਵਾਰ ਗਲਤੀਆਂ ਕੀਤੀਆਂ ਨੇ।ਤੇਰੇ ਪਾਪਾ ਨੇ ਦੱਸ ਤੇਰੇ ਨਾਲ ਕਿਹੋ ਜਿਹਾ ਸਲੂਕ ਕੀਤਾ?’

ਇਹ ਸੁਣ ਕੇ ਹੈਰੀ ਦੀਆਂ ਅੱਖਾਂ ਅੱਗੇ ਉਸਦੀਆਂ ਕੀਤੀਆਂ ਗਲਤੀਆਂ ਦੀਆਂ ਸਭ ਤਸਵੀਰਾਂ ਇਕ ਫਿਲਮ ਵਾਂਗ ਘੁੰਮ ਗਈਆਂ।ਫਿਰ ਨਿੱਕੀ ਚੂਹੀ ਉਸਨੂੰ ਹੱਥ ਜੋੜ ਮੁਆਫੀ ਮੰਗਦੀ ਮਹਿਸੂਸ ਹੋਈ।ਇਹ ਦੇਖ ਕੇ ਹੈਰੀ ਦਾ ਗੁੱਸਾ ਠੰਢਾ ਪੈ ਗਿਆ ।ਉਸਨੇ ਮਨ ਵਿਚ ਮੁਆਫ ਕਰਨ ਵਿਚ ਹੀ ਮਹਾਨਤਾ ਦਾ ਵਿਚਾਰ ਆ ਗਿਆ।ਹੈਰੀ ਨੇ ਚੂਹੀ ਦੀ ਬੱਚੀ ਨੂੰ ਸਮਝਾਇਆ, ‘ਤੂੰ ਅਜੇ ਬੱਚੀ ਏ ਨਾ।ਤੈਨੂੰ ਅਜੇ ਭਲੇ ਬੁਰੇ ਦਾ ਕੁੱਝ ਨੀ ਪਤਾ।ਇਸ ਕਰਕੇ ਹੁਣ ਕੰਨ ਖੋਲ ਕੇ ਸੁਣ ਲੈ।ਕਦੀ ਕਿਸੇ ਦਾ ਨੁਕਸਾਨ ਨੀ ਕਰਨਾ।ਮੈਂ ਤੈਨੂੰ ਮੁਆਫ ਕਰ ਦਿੱਤਾ’।ਇਹ ਕਹਿੰਦਿਆਂ ਹੈਰੀ ਨੇ ਉਸਨੂੰ ਕੁੜਿੱਕੀ ਚੋਂ ਛੱਡ ਦਿੱਤਾ।
                
ਸੰਪਰਕ: +91 98150 18947

Comments

Security Code (required)



Can't read the image? click here to refresh.

Name (required)

Leave a comment... (required)





ਕਹਾਣੀ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ