Sat, 05 October 2024
Your Visitor Number :-   7229320
SuhisaverSuhisaver Suhisaver

ਕਰਮਾਂਹਾਰੀ - ਅਮਰਜੀਤ ਸਿੰਘ ਮਾਨ

Posted on:- 15-04-2016

suhisaver

ਅੱਜ ਮਾਸੀ ਰੋਜ਼ ਨਾਲੋਂ ਅੱਧਾ ਘੰਟਾ ਪਹਿਲਾਂ ਆਈ ਸੀ। ਉਹ ਖੁਸ਼ ਸੀ। ਉਸਨੂੰ ਇਕ ਹੋਰ ਘਰ ਦਾ ਕੰਮ ਮਿਲ ਗਿਆ ਸੀ। ਰਾਣੇ ਕਿਆਂ ਤੋਂ  ਉਸ ਨੂੰ ਪੰਜ ਹਜ਼ਾਰ ਰੁਪਏ ਵਿਆਜ਼ 'ਤੇ ਮਿਲ ਗਏ ਸਨ। ਇਹਨਾ ਪੈਸਿਆਂ ਦੇ  ਵਿਆਜ਼ ਬਦਲੇ ਹੀ ਹੁਣ ਉਸਨੂੰ ਪੈਸੇ ਮੋੜਨ ਤੱਕ ਪੰਜ ਪਸ਼ੂਆਂ ਦਾ ਗੋਹਾ ਕੂੜਾ ਕਰਨਾ ਪਵੇਗਾ।
        
ਪਹਿਲਾਂ ਵੀ ਉਹ ਅੱਠ-ਦਸ ਘਰਾਂ ਦਾ ਵਿਆਜ਼ ਗੋਹਾ ਕੂੜਾ ਕਰਕੇ ਮੋੜ ਰਹੀ ਸੀ। ਇਹ ਵੀ ਸੱਚ ਹੀ ਹੈ ਕਿ ਉਸਤੋਂ ਸਿਰਫ ਵਿਆਜ਼ ਹੀ ਮੁੜਦਾ ਹੈ। ਮੂਲ ਕਦੇ ਪੰਜ ਸੌ ਵੀ ਨਹੀਂ ਘਟਿਆ। ਲੋੜ ਵੇਲੇ ਕੰਮ ਵਾਲੇ ਘਰੋਂ ਜੇ ਹੋਰ ਪੈਸੇ ਨਾ ਮਿਲਦੇ ਤਾਂ ਉਹ ਕਿਸੇ ਹੋਰ ਘਰੋਂ ਮਿੰਨਤ ਤਰਲੇ ਕਰਕੇ ਉਧਾਰ ਫੜ ਲੈਂਦੀ।

ਇਸ ਉਧਾਰ ਦਾ ਵਿਆਜ਼ ਮੋੜਦਿਆਂ ਟੋਕਰੇ ਨੇ ਉਸਦੇ ਤਾਲੂਏ ਤੋਂ ਵਾਲ ਝਾੜ ਦਿਤੇ ਸਨ। ਮਾਸੀ ਕੋਲ ਅਜਿਹੇ ਘਰਾਂ ਦੀ ਗਿਣਤੀ ਹਰੇਕ ਤਿਮਾਹੀ - ਛਿਮਾਹੀ ਵਧਦੀ ਹੀ ਰਹੀ ਸੀ।
    
ਮਾਸੀ ਫੱਤੋ ਸਾਡੇ ਘਰ ਕੰਮ ਨਹੀ ਕਰਦੀ। ਮੇਰੇ ਨਾਨਕੇ ਤੇ ਉਹਦੇ ਪੇਕੇ ਇਕੋ ਪਿੰਡ ਹੀ ਹਨ। ਉਸਦੇ ਭਰਾ ਤੇ ਪਿਉ ਮੇਰੇ ਮਾਮਿਆਂ ਨਾਲ ਸੀਰੀ ਰਲਦੇ ਰਹੇ ਸਨ। ਇਹੀ ਕਾਰਨਾ ਕਰਕੇ ਉਹ ਮੇਰੀ ਮਾਂ ਨਾਲ ਖਾਸਾ ਮੋਹ ਰਖਦੀ । ਇਸੇ ਮੋਹ ਕਾਰਨ ਅਸੀਂ ਦੋਵੇਂ ਭਰਾ ਉਸਨੂੰ ਮਾਸੀ ਕਹਿੰਦੇ ਸੀ।

ਕੰਮ ਵਾਲੇ ਘਰਾਂ ਨੂੰ ਆਉਂਦੀ ਜਾਂਦੀ ਉਹ ਅਕਸਰ ਮੇਰੀ ਮਾਂ ਕੋਲ ਹਾਜ਼ਰੀ ਜ਼ਰੂਰ ਭਰਕੇ ਜਾਂਦੀ। ਵੇਲੇ ਕੁਵੇਲੇ ਮੇਰੀ ਮਾਂ ਘਰ ਵਿਚ ਬਚੇ ਪਏ ਸਬਜ਼ੀ, ਦਾਲ ਰੋਟੀਆਂ ਆਦਿ ਉਸਨੂੰ ਫੜਾ ਦਿੰਦੀ। ਕਦੇ ਲੋੜ ਵੇਲੇ ਵੀਹ-ਪੰਜਾਹ ਰੁਪਏ ਵੀ ਉਸਦੇ ਹੱਥ ਧਰ ਦਿੰਦੀ । ਉਸਦੀ ਹਾਲਤ ਦੇਖ ਕੇ ਹਾੜੀ ਸਾਉਣੀ ਕੋਈ ਸਸਤਾ ਜਿਹਾ ਸੂਟ ਵੀ ਸਿਲਵਾ ਦਿੰਦੀ।
     
ਦੋਵੇਂ ਸਹੇਲੀਆਂ ਵਾਂਗ ਇਕ ਦੂਜੀ ਨੂੰ ਮੋਹ ਭਰੇ ਤਾਹਨੇ-ਮਿਹਣੇ ਵੀ ਅਕਸਰ ਮਾਰਦੀਆਂ ਰਹਿੰਦੀਆਂ । ਅਜ ਵੀ ਜਦੋਂ ਉਸਨੇ ਮੇਰੀ ਮਾਂ ਨੂੰ ਇਕ ਹੋਰ ਘਰ ਦਾ ਕੰਮ ਫੜਨ ਬਾਰੇ ਦੱਸਿਆ ਸੀ ਤਾਂ ਮੇਰੀ ਮਾਂ ਨੇ ਉਸਨੂੰ ਗੁੱਸੇ ਭਰੇ ਪਿਆਰ ਨਾਲ ਝਿੜਕਿਆ ਸੀ,"ਵੈਰਨੇ ਮਰਜੇਂ-ਗੀ ਇਕ ਦਿਨ!  ਨਾ ਖਪਿਆ ਕਰ ਐਨਾ। ਟਰਾਲੀ ਗੋਹੇ ਦੀ ਤਾਂ ਪਹਿਲਾਂ ਈ ਰੋਜ਼ ਤੇਰੇ ਸਿਰ ਉਤੋਂ ਦੀ ਜਾਂਦੀ ਆ.....ਅਜੇ ਹੋਰ ਕੰਮ ਫੜੀ ਜਾਨੀ ਏਂ! ਹੈਂਅ...ਰੂੜੀ 'ਤੇ ਈ ਰਹਿਜੇਂ-ਗੀ ਕਦੇ।"

"ਨਾ ਭੈਣੇ ਐਂ ਨੀ ਮੈਂ ਮਰਦੀ! ਬਸ ਤਰਮ(ਕਰਮ) ਨਾ ਹਾਰੀ ਦੇਣ।" ਉਸ ਨੂੰ ਰਾਣੇ ਕਿਆਂ ਤੋਂ ਮਿਲੇ ਪੰਜ ਹਜ਼ਾਰ ਦਾ ਖੁਮਾਰ ਸੀ। ਭਾਵੇਂ ਇਹ ਰੁਪਏ ਕੁਝ ਸਮਾਂ ਹੀ ਉਸ ਕੋਲ ਰਹਿਣੇ ਸਨ। ਇਹ ਪੈਸੇ ਵਰਤਣ ਦੀ ਵਿਉਂਤ ਤਾਂ ਬਣੀ ਪਈ ਸੀ।
    
 ਚਾਰ ਕੁ ਫੁੱਟ ਲੰਬੀ ਮਾਸੀ ਫੱਤੋ ਦਾ ਭਾਰ ਵੀ ਮਸਾਂ ਚਾਲੀ ਕਿਲੋ ਹੀ ਹੋਵੇਗਾ। ਪਰ ਉਸ ਦੁਆਰਾ ਭਰਿਆ ਗੋਹੇ ਦਾ ਟੋਕਰਾ ਮੋਟੀਆਂ ਡਾਢੀਆਂ ਜੱਟੀਆਂ ਤੋਂ ਚੁਕਵਾਇਆ ਨਾ ਜਾਂਦਾ। ਜਾਂ ਤਾਂ ਦੋ ਜਣੀਆਂ ਨੂੰ ਹਥ ਪਾਉਣਾ ਪੈਂਦਾ ਜਾਂ ਫਿਰ ਕਿਸੇ ਮਰਦ ਮੈਂਬਰ ਨੂੰ ਘਰ ਰਹਿਣਾ ਪੈਂਦਾ।
   
 ਮਾਸੀ ਨੂੰ ਬੋਲਣ ਵਿਚ ਥੋੜ੍ਹੀ ਦਿੱਕਤ ਸੀ ।ਉਸ ਤੋਂ ਕ ਖ ਗ ਦਾ ਉਚਾਰਨ ਸਹੀ ਨਹੀਂ ਬੋਲਿਆ ਜਾਂਦਾ। ਸਗੋਂ ਇਹਨਾ ਦੀ ਥਾਂ ਤ ਥ ਦ ਕਹਿੰਦੀ। ਉਸ ਨੇ ਇਕ ਵਾਰ ਮੇਰੀ ਮਾਂ ਨੂੰ ਗੱਲ ਸੁਣਾਈ। ਕਹਿੰਦੀ," ਅਜ ਭੈਣੇ, ਮੇਰਾ ਭਰਿਆ ਦੋਹੇ ਦਾ ਟੋਤਰਾ ਦੁਰਮੇਲ ਤੀ ਦੋਲ-ਮਟੋਲ ਜੀ ਬਹੂ ਤੋਂ ਚੁਤਾਇਆ ਨਾ ਦਿਆ। ਸਾਰਾ ਓਹਦੇ ਦਲ 'ਚ ਪੈ ਦਿਆ।" ਮੈ ਕੋਲ ਖੜਾ ਸੀ। ਮਾਸੀ ਜਿਵੇਂ ਬੋਲੀ ਸੀ, ਸੁਣਕੇ ਮੇਰਾ ਹਾਸਾ ਬੰਦ ਨਾ ਹੋਵੇ। ਮੈਨੂੰ ਹੱਸਦਾ ਦੇਖ ਮਾਸੀ ਦੀਆਂ ਵੀ ਹੱਸਦੀ -ਹੱਸਦੀ ਦੀਆਂ ਨਿੱਕੀਆਂ-ਨਿੱਕੀਆਂ ਅੱਖਾਂ ਕਿੰਨਾ ਹੀ ਚਿਰ ਨਾ ਖੁਲ੍ਹੀਆਂ। "ਹੋਅਟ ਨਪੁੱਤਿਆਂ ਦੇ...।"ਮੇਰੀ ਮਾਂ ਨੇ ਸਾਨੂੰ ਘੂਰਿਆ ਸੀ।
   
ਮਾਸੀ ਸ਼ੁਰੂ ਤੋਂ ਹੀ ਗੋਹੇ ਕੂੜੇ ਦਾ ਕੰਮ ਨਹੀਂ ਕਰਦੀ ਸੀ। ਉਹਦੇ ਘਰ ਵਾਲਾ ਧੱਦੂ,ਪੱਲੇਦਾਰ ਸੀ। ਹਾੜੀ ਸਾਉਣੀ ਦੇ ਸੀਜ਼ਨ ਤੋਂ ਇਲਾਵਾ ਸਾਰਾ ਸਾਲ ਲੋਡ ਹੁੰਦੀਆਂ ਸਪੈਸ਼ਲ ਰੇਲ ਗੱਡੀਆਂ ਤੋਂ ਹੁੰਦੀ ਕਮਾਈ ਨਾਲ ਕਬੀਲਦਾਰੀ ਚੰਗੀ ਚਲਦੀ ਸੀ। ਮਾਸੀ ਦਾ ਇਕ ਮੁੰਡਾ ਤੇ ਇਕ ਕੁੜੀ ਵਾਲਾ ਪਰਿਵਾਰ ਆਪਣੇ ਘਰ ਪੂਰਾ ਸੌਖਾ ਸੀ।
      
ਪਰ ਧੱਦੂ ਨੂੰ ਪੱਲੇਦਾਰੀ ਪਸੰਦ ਨਹੀਂ ਸੀ। ਉਸ ਨੂੰ ਪਿੱਠ 'ਤੇ ਬੋਰੀਆਂ ਦੀ ਢੋਆ -ਢੁਆਈ ਵਾਲਾ ਕੰਮ ਔਖਾ ਲਗਦਾ। ਕਿਸੇ ਸੌਖੇ ਕੰਮ ਦੀ ਭਾਲ ਵਿਚ ਉਸਨੇ ਆਵਦਾ ਪੱਲੇਦਾਰੀ ਦਾ ਲਾਇਸੰਸ ਮੁੱਲ ਵੇਚ ਦਿਤਾ। ਇਹਨਾ ਪੈਸਿਆ ਨਾਲ ਉਸਨੇ ਇਕ ਪੁਰਣਾ ਟਰੈਕਟਰ-ਟਰਾਲੀ ਖਰੀਦ ਲਏ। ਹੁਣ ਪਲੇਦਾਰ ਧੱਦੂ ਡਰਾਇਵਰ ਧੱਦੂ ਬਣ ਗਿਆ।
    
ਮਾਸੀ ਫੱਤੋ ਦੇ ਮਾੜੇ ਦਿਨਾ ਦਾ ਮੁੱਢ ਬੱਝ ਗਿਆ।
       
ਟਰੈਕਟਰ ਯੂਨੀਅਨ ਦੇ ਕੁਝ ਨਸ਼ੇੜੀ ਡਰਾਇਵਰਾਂ ਨਾਲ ਉਸ ਦੀ ਬੈਠਣੀ -ਉਠਣੀ ਹੋ ਗਈ। ਮਿਲੇ ਗੇੜਿਆਂ ਤੋਂ ਜਿੰਨੀ ਕਮਾਈ ਹੁੰਦੀ, ਉਸ ਨਾਲ ਧੱਦੂ ਦੇ ਨਸ਼ੇ ਤੇ ਟਰੈਕਟਰ ਦਾ ਤੇਲ- ਰਿਪੇਅਰ ਦਾ ਖਰਚਾ ਹੀ ਮਸਾਂ ਪੂਰਾ ਹੁੰਦਾ। ਜਿਸ ਘਰ ਵਿਚ ਕਦੇ ਕਣਕ -ਚੌਲ ਮੁੱਕੇ ਨਹੀ ਸਨ, ਉਸ ਘਰ ਵਿਚ ਦੋ ਡੰਗਾ ਦਾ ਆਟਾ ਲਿਫਾਫੇ ਵਿਚ ਆਉਣ ਲੱਗ ਪਿਆ। ਫੱਤੋ ਧੱਦੂ ਨੂੰ ਬੜਾ ਲੜਦੀ,ਕਲਪਦੀ। ਪਰ ਉਹ ਆਵਦੀ ਡਰਾਇਵਰੀ ਵਿਚ ਮਸਤ ਰਹਿੰਦਾ।
       
 ਫੱਤੋ ਦੇ ਮੁੰਡਾ ਕੁੜੀ ਵੱਡੇ ਹੋ ਰਹੇ ਸਨ । ਕਬੀਲਦਾਰੀ ਤੇ ਘਰ ਦੀਆਂ ਹੋਰ ਜ਼ਰੂਰਤਾਂ ਵਧਦੀਆਂ ਜਾ ਰਹੀਆਂ ਸਨ। ਉਦੋਂ ਹੀ ਧੱਦੂ ਦੀ ਟਰਾਲੀ ਦਾ ਘਸਿਆ ਹੋਇਆ ਟਾਇਰ ਫਟ ਗਿਆ। ਧੱਦੂ ਨੇ ਯੂਨੀਅਨ ਦੇ ਪ੍ਰਧਾਨ ਗੁਰਮੇਲ ਤੋਂ ਨਵੇਂ ਟਾਇਰ ਲਈ ਵਿਆਜ਼ 'ਤੇ ਰੁਪਏ ਫੜ੍ਹ ਲਏ।
      
ਟਰਾਲੀ ਦੁਬਾਰਾ ਚਲਦੀ ਹੋ ਗਈ ਪਰ ਉਹ ਮਾਸੀ ਫੱਤੋ ਦੇ ਸਿਰ 'ਤੇ ਗੁਰਮੇਲ ਕੇ ਡੰਗਰਾਂ ਦਾ ਗੋਹੇ-ਕੂੜੇ ਵਾਲਾ ਟੋਕਰਾ ਧਰ ਗਈ।
       
ਜਵਾਨ ਹੁੰਦਾ ਮੁੰਡਾ ਮਾਣਕ ਵਿਹੜੇ ਦੇ ਹੋਰ ਮੁੰਡਿਆਂ ਨਾਲੋਂ ਤੇਜ਼ ਸੀ। ਨਾਮ ਤਾਂ ਭਾਵੇਂ ਉਸਦਾ ਕਲਦੀਪ ਰੱਖਿਆ ਸੀ ਪਰ ਸਾਰੇ ਉਸ ਨੂੰ ਮਾਣਕ ਹੀ ਕਹਿੰਦੇ।ਮਾਸੀ ਫੱਤੋ ਦਾ ਵੀ 'ਮੇਰਾ ਮਾਣਤ -ਮੇਰਾ ਮਾਣਤ' ਕਰਦੀ ਦਾ ਮੂੰਹ ਸੁੱਕਦਾ। ਆਪਣੀ ਚੁਸਤੀ ਕਾਰਨ ਉਹ ਵਿਹੜੇ ਦੇ ਵਿਹਲੇ ਮੁੰਡਿਆਂ ਦਾ ਉਸਤਾਦ ਕਹਾਉਂਦਾ। ਵਿਹੜੇ 'ਚ ਜੇਕਰ ਕੋਈ ਨਿੱਕੀ- ਮੋਟੀ ਲੜਾਈ ਝਗੜਾ ਹੁੰਦਾ ਤਾਂ ਉਸਦਾ ਨਾ ਵਿਚ ਜਰੂਰ ਬੋਲਦਾ।
       
ਭਾਨੀ ਲਾਲੇ ਦੀ ਦੁਕਾਨ ਅੱਗਿਓਂ ਬੀੜੀਆਂ ਦੇ ਸੁਟੇ ਹੋਏ ਟੋਟਿਆਂ ਨੂੰ ਤਾਂ ਉਹ ਛੋਟਾ ਹੁੰਦਾ ਹੀ ਪੀਣ ਗਿੱਝ ਗਿਆ ਸੀ। ਹੁਣ ਉਹ ਭਾਨੀ ਤੋਂ ਸਿਗਰਟਾਂ ਦੀ ਡੱਬੀ ਖੋਹ ਲੈਂਦਾ। ਉਹਨਾਂ ਦੀ ਟੋਲੀ ਧੂੰਏ ਦੇ ਛੱਲੇ ਬਣਾਉਣ ਦਾ ਮੁਕਾਬਲਾ ਕਰਦੀ।
        
ਭਾਨੀ ਚੋਰੀ ਦੇ ਡਰੋਂ ਦੁਕਾਨ ਨੂੰ ਉਪਰ ਹੇਠਾਂ ਤਿੰਨ-ਤਿੰਨ ਜਿੰਦਰੇ ਲਾਉਂਦਾ। ਫੇਰ ਵੀ ਡੇਢ -ਦੋ ਮਹੀਨਿਆਂ ਮਗਰੋਂ ਉਹ ਜਿੰਦਰੇ ਟੁੱਟ ਹੀ ਜਾਂਦੇ । ਲਾਲਾ ਮਾਣਕ 'ਤੇ ਸ਼ੱਕ ਕਰਦਾ, ਪਰ ਮੁੰਡੇ ਦੇ ਅੱਖੜ ਸੁਭਾਅ ਅੱਗੇ ਚੁੱਪ ਕਰ ਜਾਂਦਾ।
        
ਮਾਣਕ ਦਾ ਹੌਂਸਲਾ ਵਧਦਾ ਜਾ ਰਿਹਾ ਸੀ। ਉਹ ਭਾਨੀ ਦੀ ਦੁਕਾਨ ਤੋਂ ਅੱਗੇ ਦੀ ਸੋਚਣ ਲੱਗ ਪਿਆ। ਉਸਦੀ ਜੁੰਡਲੀ ਵੀ ਵੱਡੀ ਹੋ ਗਈ ਸੀ। ਉਹ ਕਸਬੇ ਦੇ ਮੋੜ 'ਤੇ ਖੜ੍ਹੀਆਂ ਭੱਲੇ-ਪਾਪੜੀ ਦੀਆਂ ਰੇਹੜੀਆਂ 'ਤੋਂ ਗੱਲੇ ਚੁੱਕ ਕੇ ਭੱਜ ਜਾਂਦੇ। ਭਈਆਂ ਦੀ ਵੀ ਉਹਨਾਂ ਅੱਗੇ ਪੇਸ਼ ਨਾ ਚਲਦੀ।
      
ਮਾਣਕ ਜੁੰਡਲੀ ਨੇ ਅੱਤ ਚੁੱਕ ਰੱਖੀ ਸੀ। ਕਹਿੰਦੇ ਨੇ ਅੱਤ ਤੇ ਖੁਦਾ ਦਾ ਵੈਰ ਹੁੰਦਾ। ਮਾਣਕ ਇਕ ਰਾਤ ਮੁਬਾਇਲਾਂ ਦੀ ਦੁਕਾਨ ਨੂੰ ਲਾਏ ਪਾੜ ਵਿਚ ਫੜ੍ਹਿਆ ਗਿਆ।  ਪਹਿਲਾਂ ਮਾਰਕੀਟ ਵਾਲਿਆਂ ਨੇ ਕੁਟਾਪਾ ਚਾੜ੍ਹਿਆ। ਫੇਰ ਪੁਲਸੀਆ ਛਿਤਰੌਲ ਹੋਈ। ਤੇ ਚੋਰੀ ਦਾ ਪਰਚਾ ਦਰਜ ਹੋ ਗਿਆ।
         
ਉਸਦੀ ਜ਼ਮਾਨਤ ਕਰਾਉਣ ਲਈ ਦੋ ਹੋਰ ਘਰਾਂ ਦੇ ਗੋਹੇ ਦੇ ਟੋਕਰੇ ਮਾਸੀ ਫਤੋ ਦੇ ਸਿਰ ਆ ਟਿਕੇ। ਪਰ ਉਹ ਆਵਦੇ 'ਮਾਣਤ' ਦੀ ਜ਼ਮਾਨਤ ਹੋ ਜਾਣ 'ਤੇ ਪੂਰੀ ਖੁਸ਼ ਸੀ।
     
ਜਵਾਨ ਹੋ ਚੁਕੀ ਧੰਤੋ ਲਈ ਉਸਦੀ ਮਾਸੀ ਇਕ ਸਾਕ ਲੈ ਕੇ ਆਈ। ਮੁੰਡਾ ਉਹਨਾਂ ਦਾ ਗੁਆਂਢੀ ਸੀ। ਉਹ ਇਕ ਪਟਰੋਲ ਪੰਪ 'ਤੇ ਕਰਿੰਦੇ ਦਾ ਕੰਮ ਕਰਦਾ। ਉਸਦਾ ਬਾਪ ਫੌਜੀ ਪੈਨਸ਼ਨ ਆਇਆ ਹੋਇਆ ਸੀ। ਫੱਤੋ ਤੇ ਧੱਦੂ ਨੂੰ ਥਾਂ ਵਧੀਆਂ ਲੱਗਾ। ਪਰ ਉਹਨਾਂ ਦੀ ਮੰਗ ਕੁਝ ਜਿਆਦਾ ਸੀ। ਦਾਜ ਦੀ ਵੱਧ ਮੰਗ ਕਾਰਨ ਧੱਦੂ ਜਵਾਬ ਦੇਣਾ ਚਾਹੁੰਦਾ ਸੀ। ਪਰ ਗੁਰਮੇਲ ਦੁਆਰਾ ਦਿੱਤੇ ਵਿਸ਼ਵਾਸ ਕਾਰਨ ਉਸਨੇ ਮੁੰਡੇ ਨੂੰ ਰੁਪਈਆ ਫੜ੍ਹਾ ਦਿੱਤਾ।
          
ਬੱਝਵੇਂ ਦਿਨ ਕਦੋਂ ਰੁਕਦੇ ਹਨ! ਵਿਆਹ ਦਾ ਦਿਨ ਨੇੜੇ ਆਉਣ ਲੱਗ ਪਿਆ। ਪੈਸਿਆਂ ਦੀ ਲੋੜ ਦਿਨੋਂ-ਦਿਨ ਵਧ ਰਹੀ ਸੀ। ਧੱਦੂ ਤੇ ਫੱਤੋ ਦਾ ਕਿਸੇ ਪਾਸੇ ਹੱਥ ਨਹੀਂ ਸੀ ਪੈ ਰਿਹਾ। ਅਖੀਰ ਗੁਰਮੇਲ ਨੇ ਟਰੈਕਟਰ ਟਰਾਲੀ ਧੱਦੂ ਤੋਂ ਆਵਦੇ ਨਾ ਕਰਵਾ ਲਏ।
       
ਵਿਆਹ ਸੁਖੀਂ-ਸਾਂਦੀ ਨੇਪਰੇ ਚੜ੍ਹ ਗਿਆ।ਧੀ-ਧਿਆਣੀ ਆਵਦੇ ਘਰ ਜਾਂਦੀ ਹੋ ਗਈ।
         
ਪੱਲੇਦਾਰ ਧੱਦੂ ਟਰੈਕਟਰ ਡਰਾਇਵਰ ਤੋਂ ਰਿਕਸ਼ਾ ਚਾਲਕ ਬਣ ਗਿਆ। ਇਕ ਸੇਠ ਨੇ ਕਿਸ਼ਤਾਂ 'ਤੇ ਨਵਾਂ ਰਿਕਸ਼ਾ ਧੱਦੂ ਨੂੰ ਲੈਕੇ ਦੇ ਦਿੱਤਾ। ਆਵਦੀ ਕਿਸ਼ਤ ਸੇਠ ਆਥਣ ਦੀ ਆਥਣ ਵਸੂਲ ਕਰ ਲੈਂਦਾ। ਰਿਕਸ਼ੇ ਦਾ ਘੁੰਮਦਾ ਪਹੀਆ ਸੇਠ ਦੀ ਕਿਸ਼ਤ ਤੇ ਧੱਦੂ ਦੇ ਨਸ਼ੇ -ਪੱਤੇ ਪੂਰੇ ਕਰੀ ਜਾਂਦਾ।
       
ਮਾਸੀ ਫੱਤੋ ਦੇ ਸਿਰ ਟੋਕਰਾ ਟਿਕਿਆ ਰਹਿੰਦਾ। ਘਰ ਦੇ ਤਿੰਨ ਮੈਂਬਰਾਂ ਦੀ ਰੋਟੀ ਲਈ ਤਵਾ ਤਪੀ ਜਾਂਦਾ। ਇਕ ਦਿਨ ਮੇਰੀ ਮਾਂ ਨੇ ਕਿਹਾ ਸੀ,"ਕੁੜੇ ਹੋਰ ਕੋਈ ਕੰਮ ਕਰਲੈ! ਟੋਕਰਾ ਕਿੰਨੀ ਕੁ ਉਮਰ ਚੱਕੀ ਫਿਰੇਂ-ਗੀ?" ਤਾਂ ਮਾਸੀ ਨੇ ਸਾਰਾ ਦੋਸ਼ ਆਵਦੇ ਕਰਮਾਂ ਸਿਰ ਲਾ ਦਿੱਤਾ ਸੀ,"ਮੇਰੇ ਤਾਂ ਭੈਣੇ ਤਰਮ ਈ ਐਹੋ 'ਜੇ ਲਿਥੇ ਨੇ ਰੱਬ ਨੇ। ਤੀ ਤਰਾਂ? ਜਦੋਂ ਸਿਰ 'ਤੇ ਟੋਤਰਾ ਨਹੀਂ ਹੁੰਦਾ, ਉਦੋਂ ਵੀ ਐਂ ਲੱਦਦਾ ਬੀ ਟੋਤਰਾ ਸਿਰ 'ਤੇ ਪਿਆ!"
       
ਪਰ ਮਾਸੀ ਦੇ ਕਰਮਾਂ ਨੇ ਅਜੇ ਹੋਰ ਰੰਗ ਵਿਖਾਉਣੇ ਸਨ! ਮਾਰਚ ਦੇ ਅਖੀਰਲੇ ਦਿਨਾ ਦੀ ਗੱਲ ਹੈ। ਸ਼ਰਾਬ ਸਸਤੀ ਹੋ ਗਈ। ਸ਼ਰਾਬੀ ਹੋਏ ਧੱਦੂ ਦਾ ਰਿਕਸ਼ਾ ਤੇਜ਼ ਰਫ਼ਤਾਰ ਨਾਲ ਅੱਡੇ 'ਚ ਦਾਖਲ ਹੁੰਦੀ ਬਸ ਥੱਲੇ ਆ ਗਿਆ। ਧੱਦੂ ਦੀਆਂ ਲੱਤਾਂ ਟਾਇਰ ਥੱਲੇ ਆ ਗਈਆਂ। ਡਾਕਟਰਾਂ ਨੂੰ ਇਕ ਲੱਤ ਕੱਟਣੀ ਪੈ ਗਈ।
        
ਭਾਵੇਂ ਬਹੁਤਾ ਖਰਚਾ ਬੱਸ ਵਾਲਿਆਂ ਨੇ ਹੀ ਕੀਤਾ । ਫੇਰ ਵੀ ਧੱਦੂ ਦਾ  ਇਲਾਜ਼ ਹੁੰਦੇ ਹੁੰਦੇ ਤਿੰਨ -ਚਾਰ ਹੋਰ ਘਰਾਂ ਦੇ ਗੋਹੇ-ਕੂੜੇ ਦੇ ਟੋਕਰੇ ਮਾਸੀ ਫੱਤੋ ਦੇ ਸਿਰ ਆ ਟਿਕੇ।
          
ਮਾਸੀ ਕੂੜੇ 'ਚ ਕੂੜਾ ਬਣਦੀ ਜਾ ਰਹੀ ਸੀ। ਜਦੋੰ ਇਕ ਦਿਨ ਮੇਰੀ ਭਰਜਾਈ ਨੇ ਉਸਨੂੰ ਰੋਟੀ ਖਾਣ ਤੋਂ ਪਹਿਲਾਂ ਹੱਥ ਧੋਣ ਲਈ ਕਿਹਾ। ਮਾਸੀ ਦੇ ਜਬਾਵ ਨੇ ਮੈਨੂੰ ਅੰਦਰ ਤਕ ਝੰਜੋੜ ਦਿੱਤਾ ਸੀ। ਅਖੇ;" ਧੋਣ ਨੂੰ ਤਾਂ ਤੀ ਆ! ਦੁਰਮੇਲ ਤੀ ਰੂੜੀ 'ਤੇ ਸੁੱਤੇ ਦੋਹੇ ਨਾਲ ਸਮਾਰ-ਤੇ ਰਦੜ-ਲੇ ਸੀ।"
     
ਤੇ ਸਚਮੁੱਚ ਕਹਿਣ ਦੇ ਬਾਵਜੂਦ ਵੀ ਉਸਨੇ ਗੋਹੇ ਵਾਲੇ ਹੱਥ ਰੋਟੀ ਖਾਣ ਵੇਲੇ ਵੀ ਧੋਣੇ ਜਰੂਰੀ ਨਹੀਂ ਸਨ ਸਮਝੇ। ਜਿਵੇਂ ਕੋਈ ਹਲ ਵਾਹੁੰਦਾ ਕਿਸਾਨ ਹਾਜ਼ਰੀ ਰੋਟੀ ਵੇਲੇ ਮਿੱਟੀ ਨਾਲ ਹੀ ਆਵਦੇ ਹੱਥ ਸੁੱਚੇ ਕਰ ਲੈਂਦਾ ਸੀ।
         
ਮਾਸੀ ਦੇ ਲਾਡਲੇ ਮਾਣਕ ਦਾ ਕੋਈ ਵੀ ਸੁਖ ਉਸ ਨੂੰ ਨਹੀਂ ਸੀ। ਉਸਦੀ ਯਾਰੀ ਵੱਡੇ-ਵੱਡੇ ਬਲੈਕੀਆਂ ਨਾਲ ਹੋ ਗਈ ਸੀ। ਉਹ ਕਦੇ ਕਦਾਈਂ ਹੀ ਘਰ ਵੜਦਾ। ਬਹੁਤਾ ਘਰੋਂ ਬਾਹਰ ਹੀ ਰਹਿਣ ਲਗ ਪਿਆ ਸੀ।
         
 ਚਾਹ ਰੋਟੀ ਤੋਂ ਇਲਾਵਾ ਅਪੰਗ ਧੱਦੂ ਰੋਹਬ ਨਾਲ ਸ਼ਰਾਬ ਤੇ ਬੀੜੀਆਂ ਦੀ ਮੰਗ ਵੀ ਕਰਦਾ। ਜੋ ਔਖੀ ਸੌਖੀ ਮਾਸੀ ਫੱਤੋ ਕਦੇ ਕਦੇ ਪੂਰੀ ਕਰ ਦਿੰਦੀ।
          
ਮਾਸੀ ਨੂੰ ਦੱਸ ਪਈ ਸੀ ਕਿ ਵੱਡੇ ਸ਼ਹਿਰ ਅਪਾਹਜਾਂ ਦੇ ਨਕਲੀ ਅੰਗ ਲਾਉਣ ਲਈ ਕੈਂਪ ਲੱਗਣਾ ਸੀ। ਧੱਦੂ ਦੇ ਨਕਲੀ ਲੱਤ ਲਵਾਉਣ ਲਈ ਪੰਜ ਹਜ਼ਾਰ ਰੁਪਏ ਦੀ ਲੋੜ ਸੀ। ਬਾਕੀ ਹੋਰ ਖਰਚੇ ਜਨਸੇਵਾ ਕਲੱਬ ਵਾਲਿਆਂ ਨੇ ਕਰਨੇ ਸਨ। ਇਹਨਾ ਪੰਜ ਹਜ਼ਾਰ ਰੁਪਇਆਂ ਦੀ ਗੱਲ ਰਾਣੇ ਕਿਆਂ ਨਾਲ ਹੋ ਗਈ। ਸੌਖੀ ਕਬੀਲਦਾਰੀ ਵਾਲੇ ਘਰਾਂ ਦੀਆਂ ਤੀਵੀੰਆਂ ਨੂੰ ਗੋਹੇ ਦੇ ਟੋਕਰੇ ਭਾਰੀ ਲੱਗਣ ਲੱਗ ਪਏ ਹਨ। ਉਹਨਾਂ ਲਈ ਪੰਜ-ਸੱਤ ਹਜ਼ਾਰ ਦੇ ਵਿਆਜ਼ ਬਦਲੇ ਉਮਰ ਭਰ ਲਈ ਟੋਕਰੇ ਤੋਂ ਛੁਟਕਾਰਾ ਮਿਲਣਾ ਸੌਖਾ ਤੇ ਸਸਤਾ ਸੌਦਾ ਹੈ।


ਮਾਸੀ ਫਤੋ ਦਿਨੋੁ-ਦਿਨ ਕਮਜ਼ੋਰ ਹੋ ਰਹੀ ਸੀ। ਮਾਣਕ ਦਾ ਘਰ ਨਾ ਵੜਨਾ,ਧੱਦੂ ਦੀ ਦਿਨ -ਰਾਤ ਦੀ ਸਾਂਭ-ਸੰਭਾਲ ਨੇ ਉਸ ਨੂੰ ਫਿੱਕਾ ਪਾ ਦਿੱਤਾ ਸੀ। ਕੰਮ ਵੀ ਉਸਨੇ ਆਵਦੀ ਸਮਰੱਥਾ ਨਾਲੋਂ ਵੱਧ ਫੜ੍ਹ ਰੱਖਿਆ ਸੀ ਜਾਂ ਮਜਬੂਰੀ ਕਾਰਨ ਫੜ੍ਹਨਾ ਪੈ ਗਿਆ ਸੀ।
         
ਇਕ ਦਿਨ ਪਹਿਲੇ ਪਹਿਰ ਉਹ ਮੇਰੀ ਮਾਂ ਦੇ ਮੰਜੇ ਕੋਲ ਭੁੰਜੇ ਕੰਧੋਲੀ ਨਾਲ ਢੋਅ ਲਾਈ ਬੈਠੀ ਸੀ। ਚਾਹ ਬਾਟੀ ਵਿਚ ਪਈ ਠੰਡੀ ਹੋ ਰਹੀ ਸੀ। ਉਹ ਮਾਂ ਦੀਆਂ ਗੱਲਾਂ ਦਾ ਹੁੰਗਾਰਾ ਭਰਨੋਂ ਹਟ ਗਈ। ਜਦੋਂ ਮਾਂ ਨੇ ਦੇਖਿਆ ਉਹ ਬੈਠੀ -ਬੈਠੀ ਸੌਂ ਰਹੀ ਸੀ। ਉਸ ਨੂੰ ਹਲੂਣ ਕੇ ਜਗਾਉਣਾ ਪਿਆ। ਹਲੂਣਨ ਵੇਲੇ ਜਦੋਂ ਉਸ ਨੂੰ ਹੱਥ ਲੱਗਿਆ ਤਾਂ ਮਾਂ ਨੂੰ ਉਸਨੂੰ ਹੋਏ ਤੇਜ਼ ਬੁਖਾਰ ਬਾਰੇ ਪਤਾ ਚੱਲਿਆ।
 
 "ਨੀਂ ਜਾਇਆਂ ਵੱਢੀਏ! 'ਰਾਮ ਕਰਲੈ ਇਕ ਦਿਨ! ਕਿਮੇ ਤੰਦੂਰ ਵਾਂਗੂੰ ਤਪੀ ਜਾਨੀ ਏਂ। ਕੰਮ ਦਾ ਕੀ ਆ ਕੱਲ੍ਹ ਨੂੰ ਹੋਜੂ!.... ਐਂ ਮਰਨਾ ਤਾਂ ਨੀ ਨਪੁੱਤਿਆਂ ਦਾ।" ਮੇਰੀ ਮਾਂ ਨੇ ਉਸਨੂੰ ਝਿੜਕਿਆ ਸੀ।
       
"ਤਿਥੇ ਭੈਣੇ,ਤੱਲ੍ਹ ਨੂੰ ਤੱਠਾ ਹੋਜੂ! ਇੱਤ ਦੀਆਂ ਦੋ ਟਰਾਲੀਆਂ। ਇਹ ਸਿਆਪਾ ਤਾਂ ਜਾਨ ਦੇ ਨਾਲ ਈ ਮੁੱਤੂ ਹੁਣ!" ਮਾਸੀ ਮੰਨਣ ਤੋਂ ਇਨਕਾਰੀ ਸੀ।
        
ਮੈਨੂੰ ਮਾਸੀ 'ਤੇ ਤਰਸ ਆਇਆ । ਮੈਂ ਘਰੋਂ ਕਰੋਸੀਨ ਦੇ ਦਿੱਤੀ। ਚਾਹ ਨਾਲ ਹੀ ਗੋਲੀ ਲੈ  ਕੇ ਉਹ ਗੁਰਮੇਲ ਕੇ ਘਰ ਗੋਹਾ ਕੂੜਾ ਸਾਂਭਣ ਚਲੀ ਗਈ। ਰੋਜ਼ ਉਡੂੰ -ਉਡੂੰ ਕਰਦੀ ਮਾਸੀ ਦੀ ਤੋਰ ਦੇਖਕੇ ਅੱਜ ਲਗਦਾ ਸੀ ਜਿਵੇਂ ਉਸਦੀਆਂ ਲੱਤਾਂ 'ਚ ਜਾਨ ਹੀ ਨਾ ਹੋਵੇ!
            
 ਕਾਫੀ ਸਮੇਂ ਬਾਅਦ ਸਾਡਾ ਗੁਆਂਢੀ ਗੁਰਦੁਆਰਿਓੰ ਆਇਆ। ਉਸ ਨੂੰ ਮੇਰੀ ਮਾਂ ਤੇ ਫੱਤੋ ਦੇ ਰਿਸ਼ਤੇ ਬਾਰੇ ਪਤਾ ਸੀ। ਗੁਆਂਢੀ ਨੇ ਸਾਡੇ ਘਰ ਗੱਲ ਦੱਸੀ,"ਫੱਤੋ ਮੇਰੇ ਵੇਂਹਦਿਆਂ-ਵੇਂਹਦਿਆਂ ਗੁਰਮੇਲ ਕੇ ਘਰੋਂ ਨਿਕਲੀ।ਭਰਿਆ ਟੋਕਰਾ ਸਿਰ 'ਤੇ ਸੀ.....ਸੋਨੂੰ ਪਤਾ ਬੀ ਗਲੀ ਦੇ ਦੂਜੇ ਪਾਸੇ ਈ ਤਾਂ ਉਹਨਾਂ ਦੀ ਰੂੜੀ ਆ। ਘਰੋਂ ਨਿਕਲਦਿਆਂ ਈ ਡਗਮਗਾਉਣ 'ਜੇ ਲੱਗ-ਗੀ.... ਬਸ ਡਿਗਦੀ-ਡਿਗਦੀ ਰੂੜੀ ਤੱਕ ਪਹੁੰਚ-ਗੀ। ਇਕ ਪਾਸੇ ਟੋਕਰਾ ਡਿੱਗ ਪਿਆ ਤੇ ਨਾਲ ਆਪ ਵੀ ਰੂੜੀ 'ਤੇ ਈ ਜਾ ਪਈ …ਮਗਰ ਈ ਮੈਂ ਤੇ ਗੁਰਮੇਲ ਪੁਜ-ਗੇ।ਅਸੀਂ ਨਬਜ਼ ਦੇਖੀ,ਟੁੱਟੀ ਪਈ ਸੀ। ....ਵਿਚਾਰੀ ਰੂੜੀ ਵਰਗੀ ਰੂੜੀ 'ਤੇ ਈ ਰਹਿ-ਗੀ…"

ਆਖਦਿਆਂ ਗੁਆਂਢੀ ਦਾ ਗੱਚ ਭਰ ਆਇਆ।
          
"ਹਾਇ ਨੀਂ ਚੰਦਰੀਏ!  ਸਿਆਪਾ ਮੁਕਾ ਈ ਗਈ।" ਕਹਿੰਦਿਆਂ ਮੇਰੀ ਮਾਂ ਮੰਜੇ ਤੋਂ ਉਠ ਕੇ ਭੁੰਜੇ ਬਹਿ ਗਈ।

ਸੰਪਰਕ: +91 94634 45092

Comments

ਅਮਨ ਮਾਨਸਾ

ਅਮਰਜੀਤ ਸਿੰਘ ਮਾਨ ਜੀ ਬਹੁਤ ਵਧੀਆ ਢੰਗ ਨਾਲ ਦੁਖਆਰੀ ਦੇ ਦਰਦ ਨੂੰ ਬਿਆਨ ਕੀਤਾ ਹੈ।

Security Code (required)



Can't read the image? click here to refresh.

Name (required)

Leave a comment... (required)





ਕਹਾਣੀ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ