Sat, 05 October 2024
Your Visitor Number :-   7229291
SuhisaverSuhisaver Suhisaver

ਖੁਸ਼ਕ ਅੱਖ ਦਾ ਖ਼ਾਬ -ਅਜਮੇਰ ਸਿੱਧੂ

Posted on:- 22-03-2013

suhisaver

ਆਹ ਐਡੀ ਰਾਤ ਗਈ ਕੀਹਦਾ ਫ਼ੋਨ ਆ ਗਿਆ?  ਮਸੀਂ ਅੱਖ ਲੱਗੀ ਸੀ। ਇਕ ਤਾਂ ਸਹੁਰੀ ਦਾ ਬਲੱਡ ਪ੍ਰੈਸ਼ਰ ਉਤਾਂਹ ਚੜ੍ਹਿਆ ਰਹਿੰਦਾ ਆ। ਇਹਨੂੰ ਥੱਲੇ ਲਾਹੁਣ ਲਈ ਗੋਲੀ ਵੀ ਖਾਧੀ। ਨੀਂਦ ਫਿਰ ਵੀ ਨਾ ਆਈ। ਜੋਧਿਕਾ ਕਹਿੰਦੀ ਵੀ ਰਹੀ ਡੈਡੀ ਨੀਂਦ ਵਾਲੀ ਗੋਲੀ ਖਾ ਲਓ। ਕਿੰਨਾ ਚਿਰ ਪਾਣੀ ਦਾ ਗਲਾਸ ਫੜੀ ਖੜ੍ਹੀ ਰਹੀ। ਮੈਂ ਸੋਚਿਆ ਬਲੱਡ ਪ੍ਰੈਸ਼ਰ ਦੀ ਗੋਲੀ ਤਾਂ ਲੱਗ ਈ ਗਈ ਆ। ਨੀਂਦ ਵੀ ਕਾਹਨੂੰ ਗੋਲੀ 'ਤੇ ਗਝਾਉਣੀ ਏ। ... ਉਹ ਉੱਠਦਾ ਭਾਈ। ਇਸ ਟਰਨ ... ਟਰਨ ਨੇ ਸਿਰ ਖਾ ਲਿਆ ਕਾਲਾ ਸੁੰਹ ਦਾ।

‘‘ਭਾਅ ਜੀ ਜੌਹਲ? ... ਹੈਂਅ! ਇਹ ਤਾਂ ਕਹਿਰ ਢਾਹ ਰਿਹਾ ਸਹੁਰੀ ਦਾ। ਦੇਖਿਓ, ਨੁਕਸਾਨ ਨਾ ਕਰ ਦੇਵੇ। ਮੈਂ ਆਉਨਾ। ਕਿਸੇ ਨੂੰ ਨਾਲ ਲੈ ਕੇ ਆਉਂ। ... ਹਥਿਆਰ ਕੀ ਕਰਨੇ ਆ। ਆਪਣਾ ਮੁੰਡਾ।... ਠੀਕ ਆ, ਲੈ ਆਉਂਦੇ ਆ।'' ਮੈਂ ਫ਼ੋਨ ਬੰਦ ਕੀਤਾ ਆ।

ਮੈਂ ਕਲਾਕ ਵੱਲ ਨਿਗ੍ਹਾ ਮਾਰੀ ਆ। ਇਹ ਸਾਢੇ ਗਿਆਰ੍ਹਾਂ ਵਜਾ ਰਿਹਾ। ਬਾਹਰ ਆਇਆ ਹਾਂ। ਕਾਲੀ ਸ਼ਾਹ ਰਾਤ ਆ। ਸਾਡੇ ਘਰਾਂ ਦੇ ਆਲੇ ਦੁਆਲੇ ਸਮਾਧਾਂ ਹਨ। ਦੋ ਕੁ ਵਿੱਚ ਅਜੇ ਵੀ ਦੀਵੇ ਜਗ ਰਹੇ ਹਨ। ਬਾਕੀਆਂ ਵਿੱਚ ਲਗਦੈ ਬੁੱਝ ਗਏ ਨੇ। ਕੁੱਤਿਆਂ ਦੇ ਰੋਣ ਦੀ ਆਵਾਜ਼ ਆ ਰਹੀ ਹੈ। ਇਨ੍ਹਾਂ ਦਿਲ ਚੀਰਵੀਆਂ ਆਵਾਜ਼ਾਂ ਨਾਲ ਡਰ ਲੱਗਣ ਲੱਗਾ ਹੈ। ਮੈਂ ਦਾੜ੍ਹੀ 'ਤੇ ਹੱਥ ਫੇਰਿਆ ਤੇ ਬੈਠਕ ਵਿੱਚ ਆ ਕੇ ਬੱਤੀ ਜਗਾਈ ਆ। ਮੈਂ ਉਚੇਚਾ ਕੰਧ ਵੱਲ ਦੇਖਿਆ ਹੈ। ਕੰਧ 'ਤੇ ਤਿੰਨ ਤਸਵੀਰਾਂ ਹਨ। ਬੰਦਾ ਸਿੰਘ ਬਹਾਦਰ, ਗੁਰੂ ਗੋਬਿੰਦ ਸਿੰਘ ਤੇ ਸ਼ਹੀਦ ਉਧਮ ਸਿੰਘ। ਸਿਰ ਨਿਵ ਗਿਆ ਹੈ। ... ਰਸੋਈ ਵਿਚੋਂ ਪਾਣੀ ਦਾ ਗਲਾਸ ਪੀਤਾ ਆ। ਮੈਂ ਕਮਰੇ ਅੰਦਰ ਵੜਿਆ ਹਾਂ। ਗੁੱਟੀ ਠੀਕ ਕਰਕੇ ਪੱਗ ਬੰਨ੍ਹ ਲਈ ਆ... ਰਫ਼ਲ ਲੋਅਡ ਕਰਕੇ ਟੇਬਲ 'ਤੇ ਰੱਖੀ ਆ। ... ਨਾਲ ਦੇ ਕਮਰੇ ਵਿੱਚ ਆਇਆ ਹਾਂ। ਜੋਧਿਕਾ ਕਿਤਾਬ ਲਈ ਬੈਠੀ ਆ।

ਇੱਕ ਗੱਲੋਂ ਮੈਂ ਖੁਸ਼ ਆ। ਇਸ ਕੁੜੀ ਨੇ ਕਹਿਣਾ ਮੰਨ ਲਿਆ। ਨਹੀਂ ਤਾਂ ਇਹ ਮੈਨੂੰ ਮਾਰਨ ਲੱਗੀ ਸੀ। ਬਲੱਡ ਪ੍ਰੈਸ਼ਰ ਦੀ ਬਿਮਾਰੀ ਇਹਦੀ ਹੀ ਲਾਈ ਹੋਈ ਆ। ਇਹਦੇ ਜੁਆਨ ਹੋਣ ਤੋਂ ਪਹਿਲਾ, ਜਿਉਂ ਸੂਰਜ ਛਿਪਣਾ। ਅਸੀਂ ਸੌਂ ਜਾਂਦੇ ਸਾਂ। ਇਹਦੀ ਮੰਮੀ ਜਸਪਾਲ ਤਾਂ ਹੁਣ ਵੀ ਅੱਠ ਵਜੇ ਘੁਰਾੜੇ ਮਾਰਨ ਲੱਗ ਪੈਂਦੀ ਆ। ਬੱਸ ਮੈਨੂੰ ਈ ਨੀਂਦ ਨਾ ਆਉਣ ਦਾ ਰੋਗ ਲੱਗ ਗਿਆ। ਜੋਧਿਕਾ ਕਿਤਾਬ ਛੱਡ ਕੇ ਮੇਰੇ ਵੱਲ ਸਵਾਲੀਆਂ ਨਜ਼ਰਾਂ ਨਾਲ ਦੇਖਣ ਲੱਗ ਪਈ ਆ। ਮੈਂ ਦੂਜੇ ਕਮਰੇ ਵੱਲ ਆਉਣ ਦਾ ਇਸ਼ਾਰਾ ਕੀਤਾ ਹੈ।

 ‘‘ਬੇਟਾ, ਤੇਰੇ ਜੌਹਲ ਅੰਕਲ ਦਾ ਫ਼ੋਨ ਆਇਆ। ਤੇਰੇ ਆਂਟੀ ਅੰਕਲ ਮੁਸੀਬਤ ਵਿੱਚ ਆ। ਅੱਜ ਫਿਰ ਪਰਮਵੀਰ ਦਾ ਦਿਮਾਗ ਖ਼ਰਾਬ ਹੋ ਗਿਆ। ਨਸ਼ੇ ਵਿੱਚ ਅੰਨ੍ਹਾ ਹੋਇਆ ਆਪਣੇ ਮਾਂ ਪਿਓ ਨੂੰ ਮਾਰਨ ਲਈ ਬਜ਼ਿੱਦ ਆ। ਦੋਨੋਂ ਅੰਦਰ ਨੇ। ਉਹ ਬੂਹੇ ਭੰਨ ਰਿਹਾ। ਮੈਂ ਉਨ੍ਹਾਂ ਨੂੰ ਬਚਾਉਣ ਲਈ ਨੂਰਪੁਰ ਚੱਲਿਆਂ ਆਪਣੀ ਮੰਮੀ ਨੂੰ ਜਗਾਈ ਨਾ।''

‘‘ਡੈਡੀ, ਨਾ ਜਾਇਓ। ਰਾਤ ਬਹੁਤ ਹੋ ਗਈ, ਪੁਲਿਸ ਚੌਂਕੀ ਫ਼ੋਨ ਕਰ ਲਉ।''

ਮੈਂ ਅਣਸੁਣਾ ਕਰਕੇ ਰੇਵਲ ਸਿੰਘ ਨੂੰ ਫ਼ੋਨ ਲਾਇਆ ਹੈ। ਹੈਂਅ! ਨੇਤਾ ਜੀ ਫ਼ੋਨ ਈ ਨਈਂ ਚੁੱਕ ਰਹੇ। ਦੁਬਾਰਾ ਟਰਾਈ ਮਾਰਦਾਂ। ... ਸ਼ੁਕਰ ਆ। ਲੀਡਰਾਂ ਦੀ ਵੀ ਅੱਖ ਖੁੱਲ੍ਹ ਗਈ। ... ਮੈਂ ਸਾਰੀ ਸਮੱਸਿਆ ਰੇਵਲ ਸਿੰਘ ਨੂੰ ਦੱਸ ਦਿੱਤੀ ਆ। ਉਹ ਜੀਪ ਲੈ ਕੇ ਆਉਣ ਲੱਗਾ। ਮੈਂ ਕਾਰਤੂੁਸਾਂ ਵਾਲਾ ਬੈਗ ਲੱਕ ਨਾਲ ਬੰਨ੍ਹਿਆ ਆ ਤੇ ਬੰਦੂਕ ਚੁੱਕ ਕੇ ਸੜਕ 'ਤੇ ਆ ਖੜ੍ਹਾ ਹੋਇਆ ਹਾਂ। ਮੈਂ ਚਾਹੁੰਦਾ ਸੀ ਸੱਤ-ਅੱਠ ਬੰਦੇ ਨਾਲ ਹੁੰਦੇ। ਰੇਵਲ ਕਹਿ ਤਾਂ ਰਿਹਾ ਸੀ। ਸ਼ਾਮੀਂ ਆਈ. ਟੀ. ਆਈ. ਮੀਟਿੰਗ ਸੀ। ਉਥੇ ਕੁਝ ਬੰਦੇ ਠਹਿਰੇ ਹੋਏ ਆ। ਉਹ ਉਨ੍ਹਾਂ ਨੂੰ ਨਾਲ ਲੈ ਲਏਗਾ।

ਰੇਵਲ ਸਿੰਘ ਜੀਪ ਲੈ ਕੇ ਆ ਗਿਆ। ਕੁੱਤਿਆਂ ਦੇ ਰੋਣ ਦੀ ਆਵਾਜ਼ ਹੋਰ ਉੱਚੀ ਹੋਈ ਆ। ਮੈਂ ਰਫ਼ਲ ਥਾਂ ਸਿਰ ਰੱਖ ਕੇ ਬੈਠ ਗਿਆ ਹਾਂ। ਦੋ ਰਫ਼ਲਾਂ ਰੇਵਲ ਸੁੰਹ ਦੇ ਘਰ ਪਈਆਂ ਹਨ। ਇਹ ਬੜੀਆਂ ਗੜਗੜ ਪਾਉਂਦੀਆਂ ਰਹੀਆਂ ਆ। ਹੁਣ ਤਾਂ ਵਰਤੀਆਂ ਨੂੰ ਬਹੁਤਾ ਚਿਰ ਹੋ ਗਿਆ। ਨਾਲੇ ਇਨ੍ਹਾਂ ਨਾਲ ਵਾਹ ਘੱਟ ਗਿਆ ਤੇ ਕਿਤਾਬਾਂ ਨਾਲ ਪੈ ਗਿਆ ਐ।

‘‘ਦੇਖ ਲੈ ਕੁਲਵਿੰਦਰ ਸਿਆਂ, ਅਸੀਂ ਤਾਂ ਘਰੋਂ ਨਿਕਲੇ ਸੀ ਗਰੀਬ-ਗੁਰਬੇ ਦਾ ਰਾਜ ਲਿਆਉਣ ਲਈ। ਇਹ ਤਾਂ ਚਿੱਤ-ਚੇਤਾ ਵੀ ਨਹੀਂ ਸੀ ਬਈ ਸਾਨੂੰ ਘਰਾਂ ਵਿੱਚ ਵੀ ਜੰਗਾਂ ਲੜਨੀਆਂ ਪੈਣਗੀਆਂ।''

ਮੇਰੇ ਪਿੰਡ ਵਿੱਚੋਂ ਇਹ ਇਕੋ ਇਕ ਬੰਦਾ ਆ, ਜਿਹੜਾ ਮੇਰਾ ਅਸਲੀ ਨਾਂ ਲੈਂਦਾ ਆ। ਨਹੀਂ ਤਾਂ ਬਾਕੀ ਸਾਰੀ ਜਨਤਾ ਕਾਲਿਆ-ਕਾਲਿਆ ਕਰਦੀ ਫ਼ਿਰਦੀ ਆ। ਇਕ ਤਾਂ ਮੇਰਾ ਰੰਗ ਕਾਲਾ। ਉਤੋਂ ਦਾਦੀ ਨੇ ਨਾਂ ਵੀ ਰੱਖ ਦਿੱਤਾ ਕਾਲਾ। ਸੜਕ 'ਤੇ ਕੋਈ ਮੋਟਰ-ਗੱਡੀ ਟੱਕਰ ਨਹੀਂ ਰਹੇ। ਹਨੇਰਾ ਹੋਰ ਕਾਲਾ ਸ਼ਾਹ ਹੋਈ ਜਾ ਰਿਹਾ ਏ। ਨਵਾਂ ਸ਼ਹਿਰ ਸਾਡੇ ਪਿੰਡ ਤੋਂ ਚਾਰ ਕਿਲੋਮੀਟਰ ਦੀ ਦੂਰੀ 'ਤੇ ਆ। ਬੱਸ ਪੁੱਜਣ ਵਾਲੇ ਈ ਆ ਆਈ. ਟੀ. ਆਈ। ਜੀਪ ਹਨੇਰੇ ਨੂੰ ਚੀਰਦੀ ਜਾਂਦੀ ਆ।

ਮੈਂ ਆਈ. ਟੀ. ਆਈ. ਦੇ ਗੇਟ ਮੋਹਰੇ ਜੀਪ ਲਾਗੇ ਖੜ੍ਹ ਗਿਆ ਹਾਂ। ਨੇਤਾ ਜੀ ਅੰਦਰ ਬੰਦੇ ਲੈਣ ਚਲੇ ਗਏ ਹਨ। ਇਹ ਉਹ ਥਾਂ ਆ ਜਿਥੇ ਮੈਂ ਅੱਜ ਤੋਂ ਪੈਂਤੀ ਸਾਲ ਪਹਿਲਾ ਇਲੈਕਟ੍ਰੀਸ਼ਨ ਦਾ ਡਿਪਲੋਮਾ ਕਰਨ ਆਇਆ ਸੀ। ਮੇਰਾ ਭਾਪਾ ਭਾੜੇ 'ਤੇ ਰੇੜ੍ਹੀ ਵਾਹੁੰਦਾ ਹੁੰਦਾ ਸੀ। ਉਹਨੇ ਰਾਹੋਂ ਦੇ ਭੱਠਿਆਂ ਤੋਂ ਇੱਟਾਂ ਦੀ ਰੇੜ੍ਹੀ ਲੱਦਣੀ ਨਵਾਂ ਸ਼ਹਿਰ ਆ ਲਾਹੁਣੀ। ਉਹਦੀ ਸਾਰੀ ਉਮਰ ਰੇੜ੍ਹੀ 'ਤੇ ਬੀਤੀ ਤੇ ਮੌਤ ਵੀ...। ਉਸ ਦਾ ਸੁਪਨਾ ਵੀ ਕੋਈ ਵੱਡਾ ਨਹੀਂ ਸੀ। ਉਹ ਤਾਂ ਏਹੀ ਚਾਹੁੰਦਾ ਸੀ, ਮੈਂ ਰੋਟੀ ਖਾਣ ਜੋਗੇ ਕਿੱਤੇ ਲੱਗ ਜਾਂ। ਬੱਸ ਜਿਉਂ ਹੀ ਮੈਂ ਦਸਵੀਂ ਕੀਤੀ। ਉਸ ਮਾਤ੍ਹੜ ਬੰਦੇ ਨੇ ਮੈਨੂੰ ਇਥੇ ਆਈ. ਟੀ. ਆਈ ਦਾਖ਼ਲ ਕਰਵਾ ਦਿੱਤਾ।

ਆਈ. ਟੀ. ਆਈ. ਵਿੱਚ ਸਟੂਡੈਂਟ ਯੂਨੀਅਨ ਦਾ ਬੜਾ ਬੋਲ ਬਾਲਾ ਹੁੰਦਾ ਸੀ। ਉਹਨੀਂ ਮੈਨੂੰ ਵੀ ਮੈਂਬਰ ਬਣਾ ਲਿਆ। ਉਨ੍ਹਾਂ ਦਿਨਾਂ ਵਿੱਚ ਇਕ ਘਟਨਾ ਵਾਪਰ ਗਈ। ਅਸੀ. ਆਈ. ਟੀ. ਆਈ. ਦੇ ਕੁਝ ਮੁੰਡੇ ਯੂਥ ਫੈਸਟੀਵਲ ਦੇਖਣ ਕਾਲਜ ਚਲੇ ਗਏ। ਕਾਲਜ ਦੇ ਲਫੰਡਰ ਕਿਸਮ ਦੇ ਮੁੰਡਿਆਂ ਨੇ ਸਾਡਾ ਕੁੱਟ ਕੁਟਾਪਾ ਕਰ ਦਿੱਤਾ। ਸਾਰੀ ਆਈ. ਟੀ. ਆਈ. ਲਈ ਇਹ ਤਾਂ ਡੁੱਬ ਮਰਨ ਵਾਲੀ ਗੱਲ ਸੀ। ਫਿਰ ਕੀ ਸੀ?  ਸਟੂਡੈਂਟ ਯੂਨੀਅਨ ਵਾਲੇ ਸਾਰਾ ਮੁਲੱਖ ਇਕੱਠਾ ਕਰਕੇ ਕਾਲਜ ਲੈ ਗਏ। ਉਨ੍ਹਾਂ ਕਾਲਜ ਵਾਲੇ ਆਪਣੀ ਯੂਨੀਅਨ ਦੇ ਮੁੰਡੇ ਵੀ ਨਾਲ ਰਲਾ ਲਏ। ਇਹ ਐਲਾਨੀਆ ਯੁੱਧ ਸੀ। ਕਾਲਜ ਦੇ ਨਾਲ ਚਾਰ ਪੰਜ ਏਕੜ ਵਿੱਚ ਸਫ਼ੈਦਿਆਂ ਦੇ ਦਰਖ਼ਤ ਸਨ। ਦੋਨੋਂ ਧਿਰਾਂ ਹਥਿਆਰ ਲੈ ਕੇ ਉਥੇ ਪੁੱਜ ਗਈਆਂ। ਵੱਢ-ਵਢਾਂਗਾ ਸ਼ੁਰੂ ਹੋ ਗਿਆ।  ਮੇਰੇ ਕੋਲ ਕਿਰਪਾਨ ਸੀ। ਦੁਸ਼ਮਣ ਬੜੇ ਭਜਾਏ। ਉਸ ਦਿਨ ਦਾ ਪੂਰਾ ਬਦਲਾ ਲਿਆ।

ਅਜੇ ਤੱਕ ਨੇਤਾ ਜੀ ਬੰਦੇ ਲੈ ਕੇ ਨਹੀਂ ਆਇਆ। ਕਿਤੇ ਮੀਟਿੰਗ ਤਾਂ ਨਹੀਂ ਕਰਵਾਉਣ ਲੱਗ ਪਿਆ?  ਜਾਂ ਸੁੱਤੇ ਬੰਦੇ ਈ ਨਹੀਂ ਉੱਠ ਰਹੇ?  ਕੀ ਪਤਾ ਇਨ੍ਹਾਂ ਲੀਡਰਾਂ ਦਾ। ਉਂਝ ਨੇਤਾ ਜੀ ਨੂੰ ਬੰਦੇ ਕੁ ਬੰਦੇ ਦੀ ਪਛਾਣ ਆ। ਉਦੋਂ ਇਹ ਉਸੇ ਕਾਲਜ ਵਿੱਚ ਹਿਸਟਰੀ ਦੀ ਐਮ. ਏ. ਕਰਦਾ ਸੀ ਤੇ ਸਟੂਡੈਂਟ ਯੂਨੀਅਨ ਦਾ ਸੂਬਾ ਪੱਧਰੀ ਲੀਡਰ ਸੀ। ਲੜਾਈ ਵਿਚ ਮੇਰੀ ਕਿਰਪਾਨ ਘੁੰਮਦੀ ਦੇਖ ਕੇ ਇਹ ਤਾੜ ਗਿਆ ਸੀ। ਬਾਅਦ ਵਿਚ ਹਰੇਕ ਨੂੰ ਕਹੀ ਜਾਵੇ,

‘‘ਦੇਖੇ, ਮੇਰੇ ਪਿੰਡ ਦੇ ਮੁੰਡੇ ਦੇ ਜੌਹਰ। ਹੁਣ ਨਈਂ ਮੰਨਦੇ ਜਾਫ਼ਰਪੁਰੀਏ ਕਿਸੇ ਨੂੰ ਵੀ।'' ਇਹ ਉਦੋਂ ਸੀ ਵੀ ਪਿੰਡ ਵਿੱਚ ਇਕੱਲਾ। ਉਂਝ ਵੀ ਲੀਡਰਾਂ ਨੂੰ ਹਰ ਕਿਸਮ ਦੇ ਬੰਦੇ ਚਾਹੀਦੇ ਹੁੰਦੇ ਆ। ਮੇਰਾ ਦੋ ਸਾਲ ਦਾ ਡਿਪਲੋਮਾ ਸੀ। ਇਨ੍ਹਾਂ ਸਾਲਾਂ ਵਿਚ ਯੂਨੀਅਨ ਦੀ ਕੋਈ ਲੜਾਈ ਨਈਂ ਹੋਣੀ, ਜਿਹੜੀ ਮੈਂ ਨਾ ਲੜਿਆ ਹੋਵਾਂ।

ਮੈਂ ਡਿਪਲੋਮਾ ਤਾਂ ਕਰ ਲਿਆ। ਨੌਕਰੀ ਨਾ ਮਿਲੀ। ਚਾਰ-ਪੰਜ ਸਾਲ ਨੌਕਰੀ ਮਗਰ ਭੱਜਦਾ ਰਿਹਾ। ਆਖ਼ਿਰ ਬਿਜਲੀ ਦੀ ਦੁਕਾਨ ਪਾ ਲਈ। ਬਹੁਤਾ ਕੰਮ ਮੋਟਰਾਂ ਬੰਨ੍ਹਣ ਦਾ ਕਰਨ ਲੱਗਾ। ਜਿਸ ਸਾਲ ਮੇਰਾ ਡਿਪਲੋਮਾ ਹੋਇਆ, ਉਸੇ ਸਾਲ ਰੇਵਲ ਸਿੰਘ ਵੀ ਐਮ. ਏ. ਕਰ ਗਿਆ ਸੀ। ਉਸ ਪਿੱਛੋਂ ਇਹ ਕਿਸਾਨ ਯੂਨੀਅਨ ਵਿਚ ਸਰਗਰਮ ਹੋ ਗਿਆ। ਕੁਝ ਲੋਕ ਸਾਰੀ ਉਮਰ ਨੇਤਾ ਹੀ ਰਹਿੰਦੇ ਆ। ਇਹ ਵੀ ਉਨ੍ਹਾਂ ਵਿੱਚੋਂ ਈ ਆ। ਮੈਂ ਭਾਵੇਂ ਆਪਣੇ ਕੰਮ ਵਿਚ ਰਚ ਮਿੱਚ ਗਿਆ ਸਾਂ। ਪਰ ਇਹਨੀਂ ਮੇਰਾ ਖਹਿੜਾ ਨਾ ਛੱਡਿਆ। ਧਰਨੇ, ਮੁਜ਼ਾਹਰੇ, ਹੜਤਾਲਾਂ ਤੇ ਕਿਤੇ ਟਕਰਾਅ ਲਈ ਸਟੂਡੈਂਟ ਯੂਨੀਅਨ ਵਾਲੇ ਤਾਂ ਲੈ ਈ ਜਾਂਦੇ।

ਸਟੂਡੈਂਟ ਯੂਨੀਅਨ ਦੇ ਵਿਦਿਆਰਥੀਆਂ ਦੀ ਮੰਗ ਤਾਂ ਸਭ ਲਈ ਮੁਫ਼ਤ ਵਿਦਿਆ ਤੇ ਬਰਾਬਰ ਰੁਜ਼ਗਾਰ ਦੀ ਸੀ। ਇਸ ਮੰਗ ਨੂੰ ਲੈ ਕੇ ਘੋਲ ਚੱਲਿਆ ਸੀ। ਇਸ ਦੌਰਾਨ ਪੁਲੀਸ ਨਾਲ ਹੋਏ ਇਕ ਟਕਰਾਅ ਵਿਚ ਸਾਨੂੰ ਚਾਰ ਜਣਿਆਂ ਨੂੰ ਜੇਲ੍ਹ ਵਿੱਚ ਸੁੱਟ ਦਿੱਤਾ ਗਿਆ ਸੀ। ਫਿਰ ਸਾਨੂੰ ਰਿਹਾਅ ਕਰਵਾਉਣ ਲਈ ਯੂਨੀਅਨ ਨੇ ਸੰਘਰਸ਼ ਵੀ ਕੀਤਾ ਸੀ।

ਅਸੀਂ ਜੇਲ੍ਹ 'ਚੋਂ ਹੀਰੋ ਬਣ ਕੇ ਨਿਕਲੇ ਸੀ। ਭਾਪੇ ਨੇ ਰੇਵਲ ਸੁੰਹ ਦੇ ਬੰਦਿਆਂ ਨੂੰ ਮਿਲਣ 'ਤੇ ਪਾਬੰਦੀ ਲਾ ਦਿੱਤੀ। ਪਰ ਮੈਂ ਕਿਹੜਾ ਟਲਣ ਵਾਲੀ ਸ਼ੈਅ ਸੀ। ਅੱਖ ਬਚਾ ਕੇ ਜਾ ਰਲਦਾ। ਆਖ਼ਿਰ ਦੁਖੀ ਹੋਏ ਭਾਪੇ ਨੇ ਆਪਣਾ ਆਖ਼ਰੀ ਤੀਰ ਵੀ ਵਰਤ ਲਿਆ। ਮੇਰਾ ਵਿਆਹ ਕਰ ਦਿੱਤਾ।

ਆਈ. ਟੀ. ਆਈ. ਦੇ ਅੰਦਰੋਂ ਬੰਦੇ ਆ ਗਏ ਹਨ ਤੇ ਨੇਤਾ ਜੀ ਵੀ। ਜੀਪ ਤੋਰ ਲਈ ਆ। ਪਰਮਵੀਰ ਨੂੰ ਕਾਬੂ ਕਰਨ ਬਾਰੇ ਨੇਤਾ ਜੀ ਡਿਸ਼ਕਸ਼ਨ ਕਰਨ ਲੱਗ ਪਏ ਹਨ। ਇਹ ਨੇਤਾ ਜੀ ਨੂੰ ਪਤਾ ਆ ਕਿ ਕਿਹੜਾ ਕੰਮ ਕਿਹਤੋਂ ਲੈਣਾ ਏ। ਅੱਸੀਵਿਆਂ ਵਿਚ ਇਹਨੇ ਮੈਨੂੰ ਚੁਣਿਆ ਸੀ। ਉਦੋਂ ਪੰਜਾਬ ਨੂੰ ਬੜੀ ਬੁਰੀ ਤਰ੍ਹਾਂ ਮਾਰ ਪੈ ਰਹੀ ਸੀ। ਮਾਰ ਧਾੜ ਸ਼ੁਰੂ ਹੋ ਚੁੱਕੀ ਸੀ। ਉਸ ਲੜਾਈ ਦਾ ਪਤਾ ਈ ਨਹੀਂ ਸੀ ਲੱਗ ਰਿਹਾ ਕਿ ਪੰਜਾਬ ਦੇ ਲੋਕਾਂ ਨਾਲ ਕੌਣ ਖੇਡ ਰਿਹਾ ਏ। ਫਿਰ ਉਨ੍ਹਾਂ ਅਸਾਲਟਾਂ ਰੇਵਲ ਸੁੰਹ ਹੁਰਾਂ ਦੀਆਂ ਜਥੇਬੰਦੀਆਂ ਦੇ ਆਗੂਆਂ ਵੱਲ ਵੀ ਕਰ ਲਈਆਂ ਸਨ।

ਬੱਸ ਫਿਰ ਕੀ ਸੀ?  ਗਰੀਬ ਗੁਰਬਿਆਂ ਲਈ ਲੜਨ ਭਿੜਨ ਵਾਲੇ ਵੀ ਗੋਲੀਆਂ ਦਾ ਸ਼ਿਕਾਰ ਹੋਣ ਲੱਗੇ। ਉਹਨੀਂ ਸਾਨੂੰ ਦੋਨਾਂ ਨੂੰ ਵੀ ਆਪਣੀ ਹਿੱਟ ਲਿਸਟ ਵਿਚ ਸ਼ਾਮਿਲ ਕਰ ਲਿਆ।

ਨੇਤਾ ਜੀ ਨੇ ਦੋ ਲਾਇਸੈਂਸੀ ਰਫ਼ਲਾਂ ਆਪਣੇ ਲਈ ਖਰੀਦ ਲਈਆਂ ਤੇ ਇਕ ਮੈਨੂੰ ਖਰੀਦ ਦਿੱਤੀ। ਮੈਂ ਤੇ ਜਸਪਾਲ ਰਾਤ ਨੂੰ ਇਨ੍ਹਾਂ ਦੇ ਘਰ ਈ ਸੌਂਦੇ ਅੱਧੀ ਰਾਤ ਤੱਕ ਮੈਂ ਪਹਿਰਾ ਦਿੰਦਾ ਤੇ ਬਾਕੀ ਅੱਧੀ ਰਾਤ ਰੇਵਲ ਸੁੰਹ। ਫਿਰ ਉਹ ਦਿਨ ਵੀ ਆ ਗਏ। ਜਦੋਂ ਅਸਾਲਟਾਂ ਸਾਡੇ ਉੱਤੇ ਅੱਗ ਉਗਲਣ ਲੱਗੀਆਂ। ਇਹਨਾਂ ਰਫ਼ਲਾਂ ਨੇ ਸਾਡਾ ਬੜਾ ਸਾਥ ਦਿੱਤਾ। ਉਹ ਵੀ ਕੀ ਦਿਨ ਸਨ? ਡਰ ਤਾਂ ਮਾੜਾ ਨਹੀਂ ਸੀ ਲਗਦਾ। ਸਿਰ 'ਤੇ ਕੱਫ਼ਣ ਬੰਨ੍ਹੀ ਤੁਰੀ ਫਿਰਦੇ ਰਹੇ। ਆਹ ਤਾਂ ਕਦੇ ਸੋਚਿਆ ਵੀ ਨਹੀਂ ਸੀ। ਜਿਨ੍ਹਾਂ ਔਲਾਦਾਂ ਦੇ ਭਵਿੱਖ ਲਈ ਲੜ ਰਹੇ ਸਾਂ, ਉਹ ਇਥੋਂ ਤੱਕ ਗਰਕ ਜਾਣਗੀਆਂ। ਇਕ ਸਾਡੀ ਪੀੜ੍ਹੀ ਸੀ ਜੋ ਚੰਗੇਰੇ ਭਵਿੱਖ ਲਈ ਲੜ ਰਹੀ ਸੀ। ਇਕ  ਆਹ ਨਵੀਂ ਪੀੜ੍ਹੀ ਆ। ਜਿਹੜੀ ਨਿੱਜੀ ਜ਼ਿੰਦਗੀ ਦੀ ਦੌੜ ਵਿਚ ਸ਼ਾਮਿਲ ਹੋ ਗਈ ਹੈ।

‘‘ਆਹ ਕਾਹਮੇ ਵਾਲਿਆਂ ਨੇ ਬੜੀਆਂ ਲਾਈਟਾਂ ਲਾਈਆਂ ਹੋਈਆਂ ਨੇ? '' ਕਾਹਮੇ ਪਿੰਡ ਨੂੰ ਜਗ-ਮਗ, ਜਗ-ਮਗ ਹੋਇਆ ਦੇਖ ਨੇਤਾ ਜੀ ਬੋਲੇ ਹਨ।
 
‘‘ਮਾਤਾ ਸੱਤਿਆ ਦੇਵੀ ਦੀ ਯਾਦ ਵਿੱਚ ਮੇਲਾ ਲੱਗਾ ਹੋਇਆ, ਭਾਅ ਜੀ।'' ਅੱਡੇ ਵਿਚ ਲੱਗਾ ਬੈਨਰ ਪੜ੍ਹ ਕੇ ਮੈਂ ਬੋਲਿਆ ਹਾਂ।

ਪੁਰਾਣੀਆਂ ਯਾਦਾਂ ਤਾਜ਼ਾਂ ਹੋ ਗਈਆਂ ਹਨ। ਮੈਂ ਰੇਵਲ ਸਿੰਘ ਜਿੰਨਾ ਪ੍ਰਤੀਬੱਧ ਨਈਂ ਸਾਂ। ਸਿਧਾਂਤ ਨਾਲ ਨਹੀਂ ਜੁੜਿਆ ਸੀ। ਮੇਰੀਆਂ ਲੋੜਾਂ ਉਨ੍ਹਾਂ ਦੇ ਨੇੜੇ ਲੈ ਗਈਆਂ ਸਨ। ਜਿਉਂ ਹੀ ਪੰਜਾਬ ਦੇ ਹਲਾਤ ਕੁਝ ਚੰਗੇ ਹੋਏ। ਮੈਂ ਕੰਮ ਵਿਚ ਰੁਝ ਗਿਆ। ਰੇਵਲ ਸੁੰਹ ਹੁਰਾਂ ਦੀਆਂ ਜਥੇਬੰਦੀਆਂ ਨੂੰ ਵੱਡੀ ਸੈਟ ਬੈਕ ਲੱਗੀ ਸੀ। ਮੇਰਾ ਇਨ੍ਹਾਂ ਨਾਲੋਂ ਰਾਬਤਾ ਟੁੱਟ ਗਿਆ ਸੀ। ਨਾਲੇ ਮੈਂ ਤਾਂ ਆਮ ਬੰਦਾ ਸੀ।

ਸਾਡਾ ਵਿਆਹ ਹੋਏ ਨੂੰ ਛੇ-ਸੱਤ ਸਾਲ ਹੋ ਗਏ ਸਨ। ਜਸਪਾਲ ਦੀ ਕੁੱਖ ਹਰੀ ਨਾ ਹੋਈ। ਉਹ ਔਲਾਦ ਲਈ ਮੇਰੇ ਨਾਲੋਂ ਵੀ ਵੱਧ ਝੂਰਦੀ ਸੀ ਲੋਕ ਵੀ ਟਿਕਣ ਨਾ ਦਿੰਦੇ। ਉਹ ਸਿਆਣਿਆਂ ਕੋਲੋਂ ਇਲਾਜ ਕਰਾਉਣ ਦੀਆਂ ਮੱਤਾਂ ਦਿੰਦੇ ਰਹਿੰਦੇ। ਉਹ ਵੀ ਹਾਂ ਵਿੱਚ ਹਾਂ ਮਿਲਾਉਂਦੀ ਰਹਿੰਦੀ। ਇਕ ਵਾਰ ਉਹ ਇਥੇ ਮਾਤਾ ਸੱਤਿਆ ਦੇ ਆਉਣ ਲਈ ਜ਼ੋਰ ਪਾਉਣ ਲੱਗੀ। ਮੈਂ ਨਾ ਚਾਹੁੰਦਿਆਂ ਹੋਇਆਂ ਵੀ ਨਾਲ ਆ ਗਿਆ। ਇਥੇ ਈ ਬਲਦੇਵ ਸਿੰਘ ਜੌਹਲ ਆਪਣੀ ਪਤਨੀ ਦਵਿੰਦਰ ਕੌਰ ਦੀ ਸੁੱਕੀ ਕੁੱਖ ਹਰੀ ਕਰਾਉਣ ਲਈ ਲੈ ਕੇ ਆਇਆ ਹੋਇਆ ਸੀ। ਇਹ ਸਾਡੀ ਪਹਿਲੀ ਮਿਲਣੀ ਸੀ। ਸਪੀਕਰ 'ਤੇ ਗੀਤ ਵੱਜ ਰਿਹਾ ਸੀ।

‘‘ਇਹ ਪੁੱਤਰ ਹੱਟਾਂ 'ਤੇ ਨਈਂ ਵਿਕਦੇ। ਤੂੰ ਲੱਭਦੀ ਫਿਰੇ ਉਧਾਰ ਕੁੜੇ।''

ਇਥੇ ਢੋਲਕੀਆਂ ਛੈਣੇ ਵੱਜ ਰਹੇ ਸਨ। ਡੋਲੀਆਂ ਖੇਡ ਰਹੀਆਂ ਸਨ। ਅਸੀਂ ਵੀ ਚਾਰੋਂ ਜਣੇ ਅੱਗੇ ਬੈਠ ਗਏ ਸਾਂ। ਜਿਉਂ ਹੀ ਢੋਲਕੀਆਂ ਛੈਣਿਆਂ ਦੀ ਆਵਾਜ਼ ਉੱਚੀ ਹੋਈ। ਜਸਪਾਲ ਨੂੰ ਤਾਂ ਖੇਡ ਨਾ ਚੜ੍ਹੀ। ਦਵਿੰਦਰ ਕੌਰ ਨੇ ਸਿਰ ਘੁਮਾਉਣਾ ਸ਼ੁਰੂ ਕਰ ਦਿੱਤਾ। ਉਹਦੇ ਵਾਲ਼ ਖੁੱਲ੍ਹ ਗਏ। ਡਰਾਉਣੀਆਂ ਆਵਾਜ਼ਾਂ ਕੱਢਣ ਲੱਗ ਪਈ। ਇਕ ਚੇਲੇ ਨੇ ਉਹਦੀਆਂ ਨਾਸਾਂ ਅੱਗੇ ਧੂਫ਼ ਵਾਲੀ ਚੱਪਣੀ ਕੀਤੀ। ਮਾਤਾ ਵੀ ਆਪਣੇ ਰੰਗ ਵਿਚ ਆ ਗਈ ਸੀ।

‘‘ਤੈਨੂੰ ਔਰਤਾਂ ਦਿਹਦੀਆਂ ? ... ਉਹੀ ਜਿਹਨੀਂ ਤੇਰੀ ਕੁੱਖ ਬੰਨ੍ਹੀ ਹੋਈ ਆ। ... ਹਾਂ, ਹਾਂ ਬੋਲ। ... ਇਹ ਸਹੁਰਿਆਂ ਵੱਲ ਦੀਆਂ ਜਾਂ ਪੇਕਿਆਂ ਵੱਲ ਦੀਆਂ? ''

ਦਵਿੰਦਰ ਕੌਰ ਬੋਲੇ ਕੁਝ ਨਾ। ਮਾਤਾ ਨੇ ਲਲਕਾਰਾ ਮਾਰਿਆ। ਢੋਲਕੀ ਛੈਣੇ ਤੇਜ਼ ਹੋ ਗਏ। ਪਰ ਉਹਦੀ ਆਵਾਜ਼ ਨਾ ਨਿਕਲੇ। ਮਾਤਾ ਨੇ ਬਲਦਾ-ਬਲਦਾ ਧੂਫ਼ ਉਹਦੀ ਗਰਦਨ 'ਤੇ ਲਾ ਦਿੱਤਾ। ਦਵਿੰਦਰ ਕੌਰ ਨੇ ਚੀਕ ਚਿਹਾੜਾ ਪਾ ਦਿੱਤਾ। ਫ਼ੇਰ ਮਾਤਾ ਸਵਾਲ ਪੁੱਛਣ ਲੱਗੀ। ਜੋ ਮੂੰਹ ਆਵੇ, ਉਹ ਬੋਲੀ ਜਾਵੇ। ਮਾਤਾ ਨੇ ਗੇਟ ਤੱਕ ਲੰਮੀ ਪੈ ਕੇ ਜਾਣ ਤੇ ਆਉਣ ਦਾ ਹੁਕਮ ਸੁਣਾਇਆ। ਇਹ ਕੁਝ ਵੀ ਉਹਨੂੰ ਕਰਨਾ ਪਿਆ। ਮਾਤਾ ਗਰਜੀ।

‘‘ਪੰਜ ਚੌਂਕੀਆਂ ਭਰ। ਲਾਲ ਅਵੱਸ਼ ਹੋਏਗਾ। ਅੱਜ ਤੱਕ ਇਸ ਦਰ ਤੋਂ ਕੋਈ ਖਾਲੀ ਨਹੀਂ ਗਿਆ।''

ਅਸੀਂ ਚਾਰੇ ਜਾਣੇ ਡੇਰੇ ਤੋਂ ਬਾਹਰ ਆ ਗਏ। ਅੱਡੇ ਵਿਚ ਆ ਕੇ ਚਾਹ ਪਾਣੀ ਪੀਤਾ। ਅਗਾਹ ਤੋਂ ਉਥੇ ਨਾ ਜਾਣ ਦਾ ਫ਼ੈਸਲਾ ਕਰ ਲਿਆ।

ਫਿਰ ਉਹ ਅੱਪਰੇ ਵਾਲੇ ਪੰਡਤ ਕੋਲ ਜਾਣ ਲੱਗ ਪਏ। ਸਾਨੂੰ ਵੀ ਧੱਕੇ ਨਾਲ ਲੈ ਜਾਂਦੇ। ਪਹਿਲਾਂ ਤਾਂ ਸਵਾ ਮਹੀਨਾ ਪੰਡਤ ਕੀੜੀਆਂ ਦੇ ਭੌਣ 'ਤੇ ਤਿਲ ਚੌਲੀ ਪੁਆਉਂਦਾ ਰਿਹਾ। ਫਿਰ ਉਹਨੇ ਪੂਜਾ ਪਾਠ ਕੀਤਾ। ਹਜ਼ਾਰਾਂ ਰੁਪਈਏ ਗੁਲ ਹੋ ਗਏ। ਫ਼ਲ ਫ਼ਿਰ ਵੀ ਨਾ ਮਿਲਿਆ।

ਇਕ ਦਿਨ ਅਸੀਂ ਦੋਨੋਂ ਜੀਅ ਜੌਹਲ ਦੀ ਕੋਠੀ ਬੈਠੇ ਸੀ। ਉਹਦੀ ਪੈਂਤੀ ਖੇਤਾਂ ਦੀ ਮਾਲਕੀ ਆ। ਦਵਿੰਦਰ ਕੌਰ ਭੁੱਬਾਂ ਮਾਰ ਕੇ ਰੋ ਪਈ।

‘‘ਸਭ ਕੁਸ਼ ਹੈਗਾ ਘਰ ਵਿੱਚ। ਪਰ ਕੁੱਖ ਸੁਲੱਖਣੀ ਬਿਨਾਂ ਘਰ ਵਿੱਚ ਵੁਕਤ ਨਹੀਂ ਹੁੰਦੀ ਔਰਤ ਦੀ।''

ਇਸ ਤੋਂ ਬਾਅਦ ਉਹ ਦੇਹਰੇ ਚੌਂਕੀਆਂ ਭਰਨ ਲੱਗ ਪਏ। ਉਨ੍ਹਾਂ ਦਿਨਾਂ ਵਿੱਚ ਠੰਡ ਬੜੀ ਸੀ। ਸ਼ਾਇਦ ਦੂਜੀ ਚੌਂਕੀ ਭਰਨ ਗਏ ਸੀ। ਜਸਪਾਲ ਨੂੰ ਵੀ ਨਾਲ ਲੈ ਗਏ ਮੈਂ ਤਾਂ ਨਾ ਮੰਨਿਆ। ਦਵਿੰਦਰ ਤੇ ਜਸਪਾਲ ਨੂੰ ਧੌਲੀ ਧਾਰ ਥੱਲੇ ਕੀਤਾ ਹੋਣਾ। ਦਵਿੰਦਰ ਨੂੰ ਤਾਂ ਕੁਝ ਨਾ ਹੋਇਆ। ਪਿੰਡ ਆਈ ਜਸਪਾਲ ਨੂੰ ਨਮੂਨੀਆ ਹੋ ਗਿਆ ਸੀ। ਕੇਵਲ ਸੁੰਹ ਖ਼ਬਰ ਨੂੰ ਆਇਆ ਸੀ। ਬੱਚਾ ਪ੍ਰਾਪਤੀ ਲਈ ਕੀ ਕੀ ਉਪਾਅ ਕੀਤੇ, ਸਾਰੇ ਜਸਪਾਲ ਨੇ ਉਹਨੂੰ ਦੱਸ ਦਿੱਤੇ।

‘‘ਸਹੁਰੀ ਦਿਓ, ਦੁਨੀਆਂ ਤਾਂ ਕਲੋਨ ਰਾਹੀਂ ਬੱਚੇ ਪੈਦਾ ਕਰਨ ਬਾਰੇ ਸੋਚ ਰਹੀ ਐ ਤੇ ਤੁਸੀਂ ਬੱਚਾ ਲੈਣ ਲਈ ਸਾਧਾਂ ਚੇਲਿਆਂ ਕੋਲ ਤੁਰੀ ਫਿਰਦੇ ਓ। ਕੋਈ ਸੰਗ ਕਰੋ। ਸਾਡੇ ਨਾਲ ਰਹਿ ਕੇ ਵੀ...।''

ਉਹਨੂੰ ਕੀ ਜਵਾਬ ਦਿੰਦੇ। ਜਸਪਾਲ ਤਾਂ ਗਲਤ ਰਾਹ ਪਈ ਹੀ ਹੋਈ ਸੀ, ਮੈਂ ਵੀ ਦੋਸ਼ੀ ਗਿਣ ਹੋਣ ਲੱਗਾ। ਬੰਦਾ ਔਲਾਦ ਲਈ ਕੀ ਕੀ ਨਹੀਂ ਕਰਦਾ। ਬਲਦੇਵ ਸਿੰਘ ਜੌਹਲ ਕਹਿੰਦਾ ਹੁੰਦਾ,

‘‘ਔਲਾਦ ਦੀ ਖ਼ਾਤਿਰ ਲੋਕੀਂ ਖੂਹੀਂ ਜਾਲ਼ ਪਾਉਂਦੇ ਆ।''

ਰੇਵਲ ਸੁੰਹ ਦੋਨੋਂ ਪਰਿਵਾਰਾਂ ਨੂੰ ਲੈ ਕੇ ਡਾਕਟਰਾਂ ਕੋਲ ਘੁੰਮਣ ਲੱਗਾ। ਜੌਹਲ ਸਾਡੇ ਰਾਹੀਂ ਰੇਵਲ ਸੁੰਹ ਦੇ ਨੇੜੇ ਹੋ ਗਿਆ। ਡਾਕਟਰ ਦੀ ਰਿਪੋਰਟ ਤੋਂ ਪਤਾ ਲੱਗਾ। ਦਵਿੰਦਰ ਦੀਆਂ ਟਿਊਬਾਂ ਬੰਦ ਸਨ। ਜਸਪਾਲ ਦੇ ਅੰਡਕੋਸ਼ ਕਮਜ਼ੋਰ ਸਨ। ਸਾਡੀਆਂ ਪਤਨੀਆਂ ਬ੍ਰੇਕਫਾਸਟ, ਲੰਚ ਤੇ ਡਿਨਰ ਵੀ ਗੋਲੀਆਂ ਕੈਪਸੂਲਾਂ ਨਾਲ ਈ ਕਰਦੀਆਂ। ਬਥੇਰਾ ਇਲਾਜ ਕਰਵਾਇਆ। ਜਿੰਨੇ ਜੋਗੇ ਸੀਗੇ। ਚਲੋ ਮੈਂ ਤਾਂ ਮਾਤ੍ਹੜ ਬੰਦਾ ਸੀ। ਜੌਹਲ ਕੋਲ ਤਾਂ ਕੋਈ ਘਾਟਾ ਨਹੀਂ ਸੀ। ਨਾ ਪੈਸੇ ਦਾ ਤੇ ਨਾ ਜਾਇਦਾਦ ਦਾ।

ਹੁਣ ਉਸ ਜਾਇਦਾਦ ਦਾ ਈ ਪੰਗਾ ਪਿਆ ਹੋਇਆ। ਪਰਮਵੀਰ ਕਹਿੰਦਾ ਆ ਜ਼ਮੀਨ ਉਹਦੇ ਨਾਂ ਕਰਵਾਓ। ਤਾਂ ਕਿ ਉਹ ਮਨ ਆਈਆਂ ਕਰ ਸਕੇ। ਸਾਰੀ ਜ਼ਮੀਨ ਨਸ਼ਿਆਂ ਦੇ ਮੂੰਹ ਧੱਕ ਦੇਵੇ। ਜ਼ਮੀਨਾਂ ਦਾ ਮੁੱਲ ਤਾਂ ਸਾਨੂੰ ਪਤਾ ਬੇਜ਼ਮੀਨਿਆਂ ਨੂੰ, ਰੇਵਲ ਸੁੰਹ ਭਾਸ਼ਣ ਕਰਦਾ ਹੁੰਦਾ।

‘‘ਬੰਦਾ ਬਹਾਦਰ ਨੇ ਸਾਰਿਆਂ ਨੂੰ ਜ਼ਮੀਨਾਂ ਦੇ ਮਾਲਕ ਬਣਾ ਦਿੱਤਾ ਸੀ। ਪਿੱਛੋਂ ਮਹਾਰਾਜਿਆਂ ਨੇ ਖੋਹ ਲਈਆਂ ਤੇ ਲੋਕਾਂ ਨੂੰ ਬਣਾ ਦਿੱਤਾ ਕੰਮੀ ਕਮੀਣ।''

ਪਰਮਵੀਰ ਨੂੰ ਤਾਂ ਇਹ ਵੀ ਨਹੀਂ ਪਤਾ ਹੋਣਾ, ਉਹਨੂੰ ਕਿੱਦਾਂ ਪ੍ਰਾਪਤ ਕੀਤਾ। ਸਾਧਾਂ ਚੇਲਿਆਂ ਤੇ ਡਾਕਟਰਾਂ ਦੇ ਚੱਕਰ ਕੱਟ ਕੱਟ ਕੇ ਥੱਕ ਗਏ ਸੀ ਪਰ ਕਿਤੇ ਪੈਰ ਨਾ ਲੱਗੇ।

ਬੰਗਾ ਸ਼ਹਿਰ ਆ ਗਿਆ। ‘ਟੈਸਟ ਟਿਊਬ ਬੇਬੀ (ਆਈ ਵੀ ਐਫ) ਅਤੇ ਫਰਟੀਲਿਟੀ ਸੈਂਟਰ ਸੂਦਨ ਹਸਪਤਾਲ ਬੰਗਾ' ਬੋਰਡ 'ਤੇ ਮੇਰੀ ਨਿਗ੍ਹਾ ਗਈ ਹੈ। ਇਸ ਹਸਪਤਾਲ ਵਿੱਚ ਵੀ ਇਹ ਤਕਨੀਕ ਆ ਗਈ? ਛੋਟਾ ਜਿਹਾ ਸ਼ਹਿਰ ਆ। ਸਾਡੇ ਵੇਲੇ ਤਾਂ ਪੰਜਾਬ ਵਿੱਚ ਕਾਲ ਪਿਆ ਹੋਇਆ ਸੀ। ਉਦੋਂ ਇਹ ਤਕਨੀਕ ਪੰਜਾਬ ਵਿਚ ਸਿਰਫ਼ ਲੁਧਿਆਣੇ ਸ਼ਹਿਰ ਦੇ ਇਕ ਹਸਪਤਾਲ ਵਿਚ ਸੀ ਜਾਂ ਫਿਰ ਬੰਬੇ-ਦਿੱਲੀ। ਉਨ੍ਹਾਂ ਸ਼ਹਿਰਾਂ ਵਿਚ ਤਾਂ ਬਥੇਰੇ ਹਸਪਤਾਲ ਹੋਣਗੇ। ਸਾਡੇ ਦੋਨਾਂ ਪਰਿਵਾਰਾਂ ਦੇ ਪੱਲੇ ਡਾਕਟਰਾਂ ਕੁਝ ਨਾ ਪਾਇਆ। ਰੇਵਲ ਸੁੰਹ ਨੇ ਟੈਸਟ ਟਿਊਬ ਬੇਬੀ ਲੈਣ ਲਈ ਜ਼ੋਰ ਪਾਇਆ ਸੀ। ਅਸੀਂ ਲੁਧਿਆਣੇ ਵਾਲੇ ਹਸਪਤਾਲ ਗਏ ਸਾਂ। ਉਨ੍ਹਾਂ ਟੈਸਟ ਟਿਊਬ ਬੇਬੀ ਦੇ ਸਾਰੇ ਪ੍ਰੌਸੈੱਸ ਦਾ ਇਕ ਲੱਖ ਰੁਪਈਆ ਮੰਗਿਆ ਸੀ। ਅਸੀਂ ਤਾਂ ਦੋਨੋਂ ਜੀਅ ਐਨੀ ਰਕਮ ਸੁਣ ਕੇ ਸੁੰਨ ਹੋ ਗਏ ਸਾਂ। ਮੂੰਹ ਲਟਕਾ ਕੇ ਵਾਪਸ ਘਰ ਆ ਗਏ ਸਾਂ।

ਜੌਹਲ ਹੁਰੀਂ ਪੂਰੇ ਪ੍ਰੋਸੈੱਸ ਵਿੱਚੋਂ ਲੰਘੇ ਸਨ। ਸਫ਼ਲਤਾ ਉਨ੍ਹਾਂ ਦੇ ਵੀ ਹੱਥ ਨਹੀਂ ਸੀ ਲੱਗੀ। ਪਰ ਉਹਨਾਂ ਪਿੱਛਾ ਮੁੜ ਕੇ ਵੀ ਨਹੀਂ ਦੇਖਿਆ। ਉਹ ਬੰਬੇ ਜਾ ਪੁੱਜੇ ਸਨ। ਉਥੇ ਉਨ੍ਹਾਂ ਨੂੰ ਟੈਸਟ ਟਿਊਬ ਬੇਬੀ ਨਹੀਂ ਲੈਣਾ ਪਿਆ। ਇਕ ਮਹਿੰਗਾ ਪਰ ਕਾਬਲ ਡਾਕਟਰ ਮਿਲ ਗਿਆ। ਜਿਹਨੇ ਦਵਿੰਦਰ ਕੌਰ ਦੀਆਂ ਬੰਦ ਟਿਊਬਾਂ ਖੋਲ੍ਹ ਦਿੱਤੀਆਂ ਸਨ। ਡਾਕਟਰ ਦੀ ਕਿਰਪਾ ਨਾਲ ਦਵਿੰਦਰ ਦੀ ਗੋਦ ਵਿਚ ਇਕ ਸੋਹਣਾ ਜਿਹਾ ਗੋਭਲਾ ਬਾਲ ਪਰਮਵੀਰ ਖੇਡਣ ਲੱਗ ਪਿਆ ਸੀ। ਅਸੀਂ ਨੂਰਪੁਰ ਗਏ ਤਾਂ ਖੁਸ਼ੀ ਦੇ ਢੋਲ ਵੱਜ ਰਹੇ ਸਨ। ਖੁਸ਼ੀ ਤਾਂ ਅਸੀਂ ਵੀ ਮਨਾਈ ਪਰ ਵਾਪਸੀ 'ਤੇ ਸਾਨੂੰ ਮਾਯੂਸ ਦੇਖ ਕੇ ਨੇਤਾ ਜੀ ਨੇ ਹੌਂਸਲਾ ਬੰਨਾਇਆ ਸੀ।

‘‘ਇਸ ਦੇਸ਼ ਵਿਚ ਗਰੀਬ ਆਦਮੀ ਤਾਂ ਇਲਾਜ ਵੀ ਨਈਂ ਕਰਵਾ ਸਕਦਾ। ਮੇਰੇ ਵਰਗੇ ਤਿੰਨ ਖੇਤਾਂ ਵਾਲੇ ਲਈ ਵੀ ਇਹ ਅਸੰਭਵ ਆ। ਮੇਰਾ ਕਹਿਣਾ ਮੰਨੋ। ਤੁਸੀਂ ਬੱਚਾ ਗੋਦ ਲੈ ਲਓ।''

ਪਿੰਡ ਤੱਕ ਆਉਂਦਿਆਂ ਉਹ ਸਾਨੂੰ ਬੱਚਾ ਗੋਦ ਲੈਣ ਬਾਰੇ ਮਨਾਉਂਦਾ ਰਿਹਾ। ਘਰ ਆ ਕੇ ਮੈਂ ਵੀ ਏਹੀ ਮਨ ਬਣਾ ਲਿਆ ਸੀ। ਪਰ ਜਸਪਾਲ ਨੂੰ ਕੌਣ ਸਮਝਾਵੇ। ਜਦੋਂ ਜੌਹਲ ਹੁਰੀਂ ਬੰਬੇ ਜਾਣਾ ਸੀ। ਉਦੋਂ ਵੀ ਨੇਤਾ ਜੀ ਨੇ ਇਹ ਪ੍ਰਪੋਜਲ ਰੱਖੀ ਸੀ।
‘‘ਬਲੱਡ ਇਜ਼ ਥਿਕਰ ਦੈਨ ਵਾਟਰ।'' ਜੌਹਲ ਨੇ ਇਹ ਕਹਿ ਕੇ ਬੰਬੇ ਲਈ ਟ੍ਰੇਨ ਫ਼ੜ ਲਈ ਸੀ।

ਏਹੀ ਜ਼ਿੱਦ ਜਸਪਾਲ ਲੈ ਕੇ ਬੈਠੀ ਸੀ। ਇਹਨੂੰ ਕਮਲੀ ਨੂੰ ਕੌਣ ਸਮਝਾਵੇ। ਬੱਚੇ ਦੀ ਪੈਦਾਇਸ਼ ਬਿਜਨਿਸ ਬਣ ਗਈ ਹੈ। ਬਾਕੀ ਆਪਣੀ ਔਲਾਦ ਨੇ ਸੁੱਖ ਦੇਣਾ ਆ ਜਾਂ ਨਹੀਂ, ਇਹਦੇ ਬਾਰੇ ਕੋਈ ਹਿੱਕ ਠੋਕ ਕੇ ਨਹੀਂ ਕਹਿ ਸਕਦਾ। ਬੱਚਾ ਗੋਦ ਲੈਣ ਬਾਰੇ ਜਸਪਾਲ ਕਦੇ ਮੰਨ ਜਾਂਦੀ। ਕਦੇ ਨਾਂਹ ਨੁੱਕਰ ਕਰਨ ਲੱਗ ਪੈਂਦੀ। ਖ਼ੈਰ... ਇਕ ਦਿਨ ਸਾਡਾ ਇਕ ਮਿੱਤਰ ਨੇਤਾ ਜੀ ਦਾ ਸੁਨੇਹਾ ਲੈ ਕੇ ਆਇਆ।

‘‘ਕਪੂਰਥਲੇ ਵੱਲ ਕਿਸਾਨ ਯੂਨੀਅਨ ਦੀ ਮੀਟਿੰਗ ਚਲ ਰਹੀ ਏ। ਖੇਤਾਂ ਵਿਚ ਜੰਗਲ ਪਾਣੀ ਗਏ ਸੀ। ਉਥੇ ਨਵਜੰਮੀ ਬੱਚੀ ਮਿਲੀ ਆ। ਰੇਵਲ ਸਿੰਘ ਕਹਿੰਦਾ ਆ ਕੇ ਲੈ ਜਾਓ।''

ਅਸੀਂ ਦੋਹਾਂ ਜੀਆਂ ਨੇ ਘੁਸਰ ਮੁਸਰ ਕੀਤੀ ਤੇ ਬੱਚੀ ਅਡੋਪਟ ਕਰਨ ਦਾ ਮਨ ਬਣਾ ਲਿਆ। ਉਂਝ ਅਸੀਂ ਮੁੰਡਾ ਚਾਹੁੰਦੇ ਸਾਂ। ਖ਼ੈਰ... ਜਸਪਾਲ ਕਹਿਣ ਲੱਗੀ ਜੇ ਲੋਕਾਂ ਨੂੰ ਪਤਾ ਲੱਗ ਗਿਆ?  ਸਾਡੇ ਆਲੇ ਦੁਆਲੇ ਦੇ ਘਰਾਂ ਵਾਲਿਆਂ ਨੂੰ ਇਹ ਤਾਂ ਪਤਾ ਸੀ ਕਿ ਅਸੀਂ ਜਲੰਧਰ ਤੋਂ ਇਲਾਜ਼ ਕਰਵਾ ਰਹੇ ਹਾਂ। ਉਂਝ ਵੀ ਜਸਪਾਲ ਦਵਾਈਆਂ ਖਾ ਖਾ ਮੋਟੀ ਠੁੱਲੀ ਹੋ ਗਈ ਸੀ। ਪੇਟ ਤਾਂ ਕਾਫ਼ੀ ਵਧਿਆ ਹੋਇਆ ਸੀ। ਉਹ ਝੂਠੀ ਮੂਠੀ ਦੀਆਂ ਪੀੜਾਂ ਨਾਲ ਕਰਾਹੁਣ ਲੱਗ ਪਈ। ਆਂਢ-ਗੁਆਂਢ ਵੀ ਖ਼ਬਰ ਹੋ ਗਈ। ਮੈਂ ਜਲੰਧਰ ਹਸਪਤਾਲ ਲੈ ਕੇ ਜਾਣ ਦਾ ਬਹਾਨਾ ਲਾ ਕੇ ਚੱਲ ਪਿਆ। ... ਨੇਤਾ ਜੀ ਨੇ ਜੋਧਿਕਾ ਸਾਡੀ ਝੋਲੀ ਪਾਈ। ਜਲੰਧਰ ਲਾਗੇ ਇਕ ਪਿੰਡ ਵਿਚ ਆਪਣੇ ਕਿਸੇ ਵਰਕਰ ਦੇ ਘਰ ਸਾਨੂੰ ਛੱਡ ਦਿੱਤਾ। ਆਪ ਪਿੰਡ ਆ ਕੇ ਕੁੜੀ ਦੇ ਲੱਡੂ ਵੰਡ ਦਿੱਤੇ। ਕੁਝ ਦਿਨਾਂ ਬਾਅਦ ਅਸੀਂ ਪਿੰਡ ਮੁੜੇ ਸੀ।

ਅਸੀਂ ਪਰਮਵੀਰ ਦੇ ਜਨਮ ਵਰਗੇ ਜਸ਼ਨ ਤਾਂ ਨ੍ਹੀਂ ਮਨਾ ਸਕੇ। ਪਰ ਧੀ ਜੰਮਣ ਦੀ ਖ਼ਬਰ ਸਾਰੇ ਪਿੰਡ ਨੂੰ ਕਰ ਦਿੱਤੀ ਸੀ। ਜੌਹਲ ਹੁਰੀਂ ਕੱਪੜਾ ਲੀੜਾ ਲੈ ਕੇ ਆਏ ਸਨ। ਤੇ ਦੋਸਤਾਂ ਮਿੱਤਰਾਂ ਨੂੰ ਛੋਟੀ ਜਿਹੀ ਪਾਰਟੀ ਵੀ ਕਰ ਗਏ ਸਨ।

ਜਦੋਂ ਦੋਨੋਂ ਬੱਚੇ ਵੱਡੇ ਹੋਏ। ਜੌਹਲ ਕਹਿਣ ਲੱਗਾ,
‘‘ਜੋਧਿਕਾ ਨੂੰ ਵੀ ਪਬਲਿਕ ਸਕੂਲ ਪੜ੍ਹਨੇ ਪਾਓ। ਪੜ੍ਹਾਈ ਦਾ ਖਰਚ ਮੈਂ ਦਊਂਗਾ।''

ਪਰ ਮੈਂ ਕੁੜੀ ਦਸਵੀਂ ਤੱਕ ਪਿੰਡ ਦੇ ਸਰਕਾਰੀ ਸਕੂਲ ਵਿੱਚ ਪੜ੍ਹਾਈ। ਅਗਾਂਹ ਟੈਨ ਪਲੱਸ ਟੂ ਦੀ ਮੈਡੀਕਲ ਵੀ ਸ਼ਹਿਰ ਦੇ ਸਰਕਾਰੀ ਸਕੂਲ ਵਿੱਚ ਕਰਵਾਈ। ਬੀ ਐਸ ਸੀ ਨਰਸਿੰਗ ਜ਼ਰੂਰ ਪ੍ਰਾਈਵੇਟ ਕਰਵਾਉਣੀ ਪਈ। ਉਹਦਾ ਕਾਰਨ ਪੰਜਾਬ ਵਿਚ ਮੈਡੀਕਲ ਤੇ ਇੰਜੀਨੀਅਰਿੰਗ ਦੇ ਸਰਕਾਰੀ ਕਾਲਜਾਂ ਦਾ ਬਹੁਤ ਘੱਟ ਹੋਣਾ। ਆਮ ਬੰਦਾ ਬੱਚੇ ਕਿੱਥੇ ਪੜਾਵੇਂ?

ਜਦੋਂ ਇਹ ਨਰਸਿੰਗ ਕਰਦੀ ਸੀ, ਉਦੋਂ ਹਰ ਛੇ ਮਹੀਨੇ ਬਾਅਦ ਨੋਟਾਂ ਦੇ ਬੁਕਾਂ ਦੇ ਬੁਕ ਗੁਰੂ ਨਾਨਕ ਨਰਸਿੰਗ ਇੰਸਟੀਚਿਊਟ ਨੂੰ ਦੇਣੇ ਪੈਂਦੇ ਸਨ। ਨੋਟ ਦੇਣ ਵੇਲੇ ਧਾਹ ਨਿਕਲਦੀ ਸੀ। ਮੇਰੀ ਸਾਰੀ ਉਮਰ ਦੀ ਕਮਾਈ ਜੋਧਿਕਾ ਦੀ ਪੜ੍ਹਾਈ ਦੇ ਲੇਖੇ ਲੱਗ ਗਈ। ਇਕ ਵਾਰ ਮੈਨੂੰ ਦੁਖੀ ਦੇਖ ਕੇ ਰੇਵਲ ਸੁੰਹ ਨੇ ਕਿਹਾ ਸੀ।

‘‘ਉਨ੍ਹਾਂ ਨੂੰ ਕਹੀਂ ਆਪਣੇ ਇੰਸਟੀਚਿਊਟ ਦਾ ਨਾਂ ਬਦਲ ਕੇ ਕੌਡੇ ਰਾਖ਼ਸ਼ ਰੱਖ ਲੈਣ। ਕਿਉਂ ਸਾਡੇ ਬਾਬੇ ਨਾਨਕ ਦਾ ਨਾਂ ਬਦਨਾਮ ਕਰਨ ਲੱਗੇ ਓ।''

ਖ਼ੈਰ... ਹੁਣ ਜੋਧਿਕਾ ਆਪਣੇ ਕੱਪੜੇ ਲੈਣ ਜੋਗੇ ਪੈਸੇ ਕਮਾ ਲੈਂਦੀ ਆ। ਜਿਥੇ ਪੜ੍ਹਦੀ ਸੀ, ਉਥੇ ਈ ਨੌਕਰੀ ਮਿਲ ਗਈ। ਨਾਲ-ਨਾਲ ਆਈਲਿਟਸ ਦੀ ਤਿਆਰੀ ਵੀ ਕਰ ਰਹੀ ਆ।

ਚੰਗਾ ਹੋਇਆ ਮੈਂ ਜੌਹਲ ਦਾ ਕਹਿਣਾ ਨਹੀਂ ਮੰਨਿਆ। ਉਹਨੇ ਪੰਜਵੀਂ ਤੱਕ ਪਰਮਵੀਰ ਨੂੰ ਇਥੇ ਪਬਲਿਕ ਸਕੂਲ ਵਿਚ ਪੜ੍ਹਨੇ ਪਾਈ ਰੱਖਿਆ। ਫਿਰ ਮਸੂਰੀ ਦੇ ਕਾਨਵੈਂਟ ਸਕੂਲ ਵਿੱਚ ਪੜ੍ਹਨ ਲਈ ਭੇਜ ਦਿੱਤਾ। ਉਥੇ ਅਸੀਂ ਇਹਨੂੰ ਮਿਲਣ ਲਈ ਚਲੇ ਜਾਣਾ। ਮੈਂ ਰਾਈਫ਼ਲ ਦੇ ਨਿਸ਼ਾਨੇ ਲਾਉਣੇ ਸਿਖਾਉਂਦਾ ਰਿਹਾ। ਮੈਂ ਇਕ ਗੋਲੀ ਨਾਲ ਸ਼ਿਕਾਰ ਕਰ ਲੈਂਦਾ ਸੀ। ਇਹਦੇ ਹੱਥ ਕੰਬਦੇ ਹੁੰਦੇ ਸਨ। ਰੱਜ ਕੇ ਡਰਪੋਕ ਸੀ। ਦਰਅਸਲ ਇਹ ਬੀਬਾ ਮੁੰਡਾ ਸੀ। ਉੱਚੇ ਤਕੜੇ ਘਰਾਂ ਦੇ ਕਾਕੇ ਪੜ੍ਹਦੇ ਸਨ। ਉਥੋਂ ਦੇ ਮਾਹੌਲ ਨੇ ਇਹਨੂੰ ਕੀ ਤੋਂ ਕੀ ਬਣਾ ਦਿੱਤਾ। ਮਾਪਿਆ ਦੀਆਂ ਅੱਖਾਂ ਤੋਂ ਦੂਰ ਰਹੇ ਕਈ ਬੱਚੇ ਵਿਗੜ ਵੀ ਤਾਂ ਜਾਂਦੇ ਨੇ। ਇਹ ਨਸ਼ੇ ਤੇ ਰੰਡੀਬਾਜ਼ੀ ਦਾ ਆਦੀ ਉਥੇ ਹੀ ਹੋ ਗਿਆ ਸੀ। ਉਦੋਂ ਨੇਤਾ ਜੀ ਨੇ ਕਿਹਾ ਵੀ ਸੀ।

‘‘ਬਲਦੇਵ, ਮੁੰਡਾ ਹੱਥੋਂ ਨਿਕਲਣ ਲੱਗਾ। ਕੋਲ ਰੱਖ ਕੇ ਪੜ੍ਹਾਓ। ਸ਼ਾਇਦ ਸੰਭਾਲ ਹੋ ਜਾਵੇ।''

ਸਾਲ ਪਹਿਲੀ ਗੱਲ ਹੋਣੀ ਆ। ਮੈਂ ਤੇ ਜਸਪਾਲ ਨੂਰਪੁਰ ਗਏ ਹੋਏ ਸਾਂ। ਰਾਤ ਨੂੰ ਨੌ ਕੁ ਵਜੇ ਗੱਡੀ ਦੇ ਹੌਰਨ ਵੱਜਣੇ ਸ਼ੁਰੂ ਹੋ ਗਏ। ਗੇਟ ਨੌਕਰ ਨੇ ਖੋਲ੍ਹ ਦਿੱਤਾ ਸੀ। ਪਰਮਵੀਰ ਵਲੋਂ ਹੌਰਨ ਵਜਾਉਣੇ ਜਾਰੀ ਰਹੇ। ਕੋਈ ਬਾਹਰ ਨਾ ਗਿਆ। ਉਹ ਗੁੱਸੇ ਵਿੱਚ ਦਗੜ-ਦਗੜ ਕਰਦਾ ਅੰਦਰ ਆਇਆ। ਜੌਹਲ ਨਾਲ ਧੱਕਾ ਮੁੱਕੀ ਹੋ ਗਿਆ। ਬਲਦੇਵ ਦੀ ਪੱਗ ਲੱਥ ਗਈ। ਮੈਨੂੰ ਲੱਗਾ ਉਹਦੇ ਨਾਲ ਦੋ ਹੱਥ ਕਰਨੇ ਪੈਣੇ ਹਨ। ਮੈਂ ਆਪਣੀ ਪੱਗ ਆਪੇ ਲਾਹ ਕੇ ਬੈੱਡ 'ਤੇ ਰੱਖ ਲਈ। ਉਹ ਕਿਤੇ ਮਹਿਫ਼ਿਲ ਸਜਾ ਕੇ ਬੈਠੇ ਸਨ। ਪੈਸੇ ਮੁੱਕ ਗਏ ਸੀ। ਉਹ ਲੈਣ ਆਇਆ ਸੀ। ਜੌਹਲ ਪੈਸੇ ਦੇ ਨਹੀਂ ਸੀ ਰਿਹਾ। ਉਹ ਕਹਿ ਰਿਹਾ ਸੀ।

‘‘ਨਸ਼ਿਆ ਨਾਲ ਤਾਂ ਕੁੱਲਾਂ ਡੁੱਬ ਜਾਂਦੀਆਂ ਨੇ।''

ਪਰਮਵੀਰ ਨੇ ਆਪਣੇ ਡੈਡੀ ਦੇ ਜੂੜੇ ਨੂੰ ਹੱਥ ਪਾ ਲਿਆ ਸੀ। ਮੈਂ ਆਪਣੇ ਰੰਗ ਵਿਚ ਆਉਣ ਲੱਗਾ ਸੀ। ਦਵਿੰਦਰ ਕੌਰ ਨੇ ਮੌਕਾ ਸਾਂਭ ਲਿਆ ਸੀ। ਨੋਟ ਉਹਦੇ ਮੱਥੇ ਮਾਰੇ ਸੀ। ਉਹ ਉਸੇ ਵੇਲੇ ਹਵਾ ਹੋ ਗਿਆ ਸੀ। ਅਸੀਂ ਅੱਧੀ ਰਾਤ ਤੱਕ ਉਡੀਕਦੇ ਰਹੇ। ਉਹ ਨਾ ਆਇਆ।

‘‘ਅੱਜ ਤਾਂ ਮਰਨ ਮਰਾਣ ਤੇ ਉਤਰਿਆ ਹੋਇਆ। '' ਜੌਹਲ ਫ਼ੋਨ 'ਤੇ ਦਸ ਰਿਹਾ ਸੀ। ਕਿਤੇ ਸਾਡੇ ਨੂਰਪੁਰ ਪੁੱਜਦਿਆਂ ਤੱਕ ਜਾਹ ਜਾਂਦੀ ਨਾ ਕਰ ਦਏ। ਉਂਝ ਤਾਂ ਰੇਵਲ ਸੁੰਹ ਜੀਪ ਭਜਾਈ ਜਾਂਦਾ ਏ।

ਹੁਣ ਕੀਹਦਾ ਫ਼ੋਨ ਆ ਗਿਆ। ‘‘... ਕੁੜੀਏ ਤੂੰ ਅਜੇ ਸੁੱਤੀ ਨਹੀਂ। ਬਈ ਤੂੰ ਅਰਾਮ ਨਾਲ ਪੈ ਜਾਹ।'' ... ਮੈਂ ਜੋਧਿਕਾ ਨੂੰ ਝਿੜਕ ਕੇ ਫ਼ੋਨ ਬੰਦ ਕੀਤਾ ਆ। ਇਹ ਬੱਚੇ ਨਵੀਆਂ ਵਰੈਟੀਆਂ ਜੰਮ ਪਏ। ਤਿੰਨ ਕੁ ਸਾਲ ਪਹਿਲਾਂ ਦੀ ਗੱਲ ਏ। ਨੇਤਾ ਜੀ ਨੇ ਪਿੰਡ ਦੇ ਪਤਵੰਤੇ ਸੱਜਣਾਂ ਨੂੰ ਲੈ ਕੇ ਕੁੜੀਆਂ ਦੀ ਲੋਹੜੀ ਪੁਆਈ। ਉਸ ਦਿਨ ਨਾਟਕ ਸਮਾਗਮ ਵੀ ਕਰਵਾਇਆ। ਇਕ ਨਾਟਕ ਧੀਆਂ ਨੂੰ ਬਚਾਉਣ ਦਾ ਹੋਕਾ ਦਿੰਦਾ ਸੀ। ਅਗਲੇ ਦਿਨ ਰੇਵਲ ਸੁੰਹ ਘਰ ਆਇਆ ਤਾਂ ਜੋਧਿਕਾ ਕਹਿਣ ਲੱਗੀ।

‘‘ਤਾਇਆ ਜੀ, ਤੁਹਾਡੇ ਲੋਕਾਂ ਤੋਂ ਸਮਾਜ ਸੇਵੀ ਸੰਸਥਾਵਾਂ ਜਾਂ ਸਰਕਾਰਾਂ ਤੋਂ ਭਰੂਣ ਹੱਤਿਆ ਰੋਕ ਨਹੀਂ ਹੋਣੀ। ਭਰੂਣ ਹੱਤਿਆ ਤਾਂ ਕੁੜੀਆਂ ਆਪ ਰੋਕ ਰਹੀਆਂ ਹਨ। ਪੜ੍ਹ ਲਿਖ ਕੇ, ਮੁੰਡਿਆਂ ਨੂੰ ਪਛਾੜ ਕੇ ਤੇ ਕੰਮੀਂ ਕਾਰੀਂ ਲੱਗ ਕੇ।'' ਇਹਨੇ ਬੜਾ ਲੰਬਾ ਚੌੜਾ ਭਾਸ਼ਣ ਦਿੱਤਾ।

ਇਹ ਉਸ ਦਿਨ ਗੱਲਾਂ ਬੜੀਆਂ ਬੜੀਆਂ ਕਰੇ। ਮੈਨੂੰ ਚੰਗੀਆਂ ਵੀ ਲੱਗੀਆਂ। ਇਹਦੀ ਮੰਮੀ ਖਿੱਝੇ। ਅਖੇ ਕੁੜੀਆਂ ਨੂੰ ਬਹੁਤੀ ਜ਼ੁਬਾਨ ਨਹੀਂ ਚਲਾਉਣੀ ਚਾਹੀਦੀ। ਜੋਧਿਕਾ ਤੋਂ ਮੋਹਰੇ ਲੰਬੜਾਂ ਦੀ ਸਿਮਰਨ ਪੜ੍ਹਦੀ ਸੀ। ਉਨ੍ਹਾਂ ਦੇ ਸਾਹਮਣੇ ਦਲੀਪੇ ਦਾ ਘਰ ਸੀ। ਉਹਦਾ ਮੁੰਡਾ ਤੇ ਸਿਮਰਨ ਘਰੋਂ ਭੱਜ ਗਏ। ਹਾਈ ਕੋਰਟ ਜਾ ਕੇ ਵਿਆਹ ਕਰਵਾ ਲਿਆ। ਫਿਰ ਜੱਜ ਨੂੰ ਅਰਜ਼ੀ ਦੇ ਕੇ ਸਿਮਰਨ ਕਹਿਣ ਲੱਗੀ।

‘‘ਜੱਜ ਸਾਹਿਬ, ਮੈਨੂੰ ਤੇ ਮੇਰੇ ਪਤੀ ਨੂੰ ਮੇਰੇ ਘਰਦਿਆਂ ਨੇ ਮਾਰ ਦੇਣਾ। ਸਾਨੂੰ ਸੁਰੱਖਿਆ ਮੁਹੱਈਆ ਕਰੋ।''

‘‘ਜੇ ਮੈਨੂੰ ਪਤਾ ਹੁੰਦਾ। ਇਹਨੇ ਇਹ ਚੱਜ ਕਰਨੇ ਆ। ਮੈਂ ਜੰਮਣ ਤੋਂ ਪਹਿਲਾਂ ਹੀ ਮਾਰ ਦੇਣੀ ਸੀ।'' ਸਿਮਰਨ ਦੀ ਮੰਮੀ ਰੋਂਦੀ ਕੁਰਲਾਉਂਦੀ ਕਹੀ ਜਾਵੇ।

ਪਰ ਜੋਧਿਕਾ ਕਹੇ ਸਹੇ ਨੂੰ ਲੱਤਾਂ ਤਿੰਨ ਆ। ਚੌਥੀ ਹੈਈ ਨਹੀਂ। ਰੇਵਲ ਸੁੰਹ ਵੀ ਇਹਨੂੰ ਹੱਲਾਸ਼ੇਰੀ ਦੇਈ ਜਾਵੇ। ਉਹ ਕਹੇ ਕੁੜੀ ਨੂੰ ਸਟੇਜ 'ਤੇ ਬੁਲਾਉਣਾ ਚਾਹੀਦਾ ਸੀ। ਥੋੜ੍ਹੇ ਦਿਨਾਂ ਬਾਅਦ ਇਸ ਕੁੜੀ ਨੇ ਖੇਹ ਕਰ ਦਿੱਤੀ। ਇਹਨੇ ਘਰ ਵਿਚ ਐਲਾਨ ਕਰ ਮਾਰਿਆ ਕਿ ਗਾਇਕ ਪ੍ਰੀਤ ਅਰਮਾਨ ਨਾਲ ਵਿਆਹ ਕਰਵਾਉਣਾ। ਉਦੋਂ ਇਹਨੂੰ ਨੌਕਰੀ ਮਿਲੀ ਨੂੰ ਤਿੰਨ-ਚਾਰ ਮਹੀਨੇ ਹੋਏ ਸੀ। ਉਸ ਗਾਇਕ ਦੀਆਂ ਗੱਲਾਂ ਵਿਚ ਆ ਗਈ। ਮੈਂ ਇਹਦੇ ਕਹਿਣ 'ਤੇ ਉਹਨੂੰ ਦੇਖਣ ਚਲਾ ਗਿਆ। ਹਸਪਤਾਲ ਦੇ ਸਾਹਮਣੇ ਗਾਇਕਾਂ ਦੇ ਦਫ਼ਤਰ ਸਨ।

ਮੈਂ ਚੁਬਾਰੇ ਦੀਆਂ ਪੌੜੀਆਂ ਚੜ੍ਹ ਕੇ ਅੰਦਰ ਵੜਿਆ ਤਾਂ ਉਹ ਹਰਮੋਨੀਅਮ ਨਾਲ ਰਿਆਜ਼ ਕਰ ਰਿਹਾ ਸੀ। ਸਿਰ ਦੇ ਲੰਬੇ ਲੰਬੇ ਵਾਲ਼ ਦੋਹਰੇ ਅਰਥਾਂ ਵਾਲੇ ਗੀਤ ਦੇ ਬੋਲਾਂ 'ਤੇ ਛੰਡ ਰਿਹਾ ਸੀ। ਉਹਨੇ ਕੰਨਾਂ ਵਿੱਚ ਜੋ ਖੇਹ ਸੁਆਹ ਜਿਹਾ ਪਾਇਆ ਹੋਇਆ ਸੀ, ਦੇਖ ਕੇ ਕਚਿਆਣ ਆਈ। ਠੋਡੀ 'ਤੇ ਚਾਰ ਕੁ ਵਾਲ ਬੜੇ ਭੈੜੇ ਲੱਗੇ। ਕਲਮਾਂ ਤੇ ਭਰਵੱਟੇ ਵਿਗੜੇ ਹੋਏ ਗੋਰਿਆਂ ਦੇ ਲੱਗੇ। ਮੈਂ ਇਹ ਸਾਰਾ ਕੁਝ ਦੇਖ ਕੇ ਸੜ ਬੁਝ ਗਿਆ ਸੀ। ਪਤਾ ਨ੍ਹੀਂ ਇੱਦਾਂ ਦੇ ਗਾਇਕਾਂ ਨੇ ਕਿੰਨੇ ਪਰਮਵੀਰ ਤੇ ਜੋਧਿਕਾ ਪੈਦਾ ਕਰਨੇ ਹਨ। ਮੈਂ ਘਰੋਂ ਤੁਰਨ ਵੇਲੇ ਜੋਧਿਕਾ ਨੂੰ ਕਿਹਾ ਸੀ।

‘‘ਮੈਨੂੰ ਨਾ ਜਾਤ ਦਾ ਫ਼ਰਕ ਆ ਨਾ ਕੋਈ ਹੋਰ। ਮੁੰਡੇ ਦੀ ਚੱਜ ਦੀ ਸ਼ਕਲ ਸੂਰਤ ਹੋਣੀ ਚਾਹੀਦੀ ਹੈ। ਦੇਖਣ ਨੂੰ ਆਮ ਬੰਦਿਆਂ ਵਰਗਾ ਲੱਗੇ। ਤੈਨੂੰ ਰੋਟੀ ਦੇਣ ਯੋਗਾ ਹੋਵੇ। ਫੁਕਰੇ ਬੰਦੇ ਮੈਨੂੰ ਪਸੰਦ ਨਈਂ।'' ਪ੍ਰੀਤ ਅਰਮਾਨ ਨੂੰ ਦੇਖ ਕੇ ਤਾਂ ਮੇਰਾ ਸਿਰ ਘੁੰਮਣ ਲੱਗ ਪਿਆ ਸੀ। ਮੇਰੀ ਪਿਆਰੀ ਧੀ ਇਹੋ ਜਿਹੇ ਬੰਦੇ ਨਾਲ ਜੀਵਨ ਬਸਰ ਕਰੇਗੀ? ਮੈਨੂੰ ਆਪਣੀ ਧੀ ਦੀ ਪਸੰਦ ਤੇ ਹੈਰਾਨੀ ਵੀ ਹੋਈ ਤੇ ਗੁੱਸਾ ਵੀ ਆਇਆ।
ਮੈਂ ਮਸੀਂ ਪੌੜੀ ਉਤਰਿਆ ਸੀ। ਘਰ ਆ ਕੇ ਮੈਂ ਸਾਫ਼ ਨਾਂਹ ਕਰ ਦਿੱਤੀ ਸੀ। ਬੱਸ ਫ਼ਿਰ ਕੀ ਸੀ?  ਇਸ ਕੁੜੀ ਨੇ ਘਰ ਵਿੱਚ ਭੂਚਾਲ ਲੈ ਆਂਦਾ। ਕਹੇ ਵਿਆਹ ਕਰਵਾਉਣਾ ਤਾਂ ਪ੍ਰੀਤ ਅਰਮਾਨ ਨਾਲ ਕਰਵਾਉਣਾ, ਨਹੀਂ ਤਾਂ ਮਰਨਾ ਮੰਜ਼ੂਰ। ਸਾਡੀ ਤਾਂ ਇਹ ਇਕ ਨਾ ਸੁਣੇ। ਦੋ-ਤਿੰਨ ਸਾਲ ਘਰ ਵਿੱਚ ਕਲੇਸ਼ ਪਿਆ ਰਿਹਾ। ਪਹਿਲੀ ਵਾਰ ਇਸ ਕੁੜੀ ਨੇ ਉਦੋਂ ਹੰਗਾਮਾ ਕੀਤਾ ਸੀ, ਜਦੋਂ ਮੈਂ ਇਹਨੂੰ ਸਿਰ ਦੇ ਵਾਲ ਕਟਵਾਉਣ ਤੋਂ ਵਰਜਿਆ ਸੀ। ਉਨ੍ਹਾਂ ਦਿਨਾਂ ਵਿਚ ਇਹ ਨਰਸਿੰਗ ਕਰਨ ਲੱਗੀ ਸੀ। ਨੇਤਾ ਜੀ ਕਹਿਣ ਲੱਗੇ,

‘‘ਚੱਲ ਛੱਡ, ਕੁਲਵਿੰਦਰ ਸਿਆਂ। ਨਿਆਣੀ ਦੀ ਚਾਰ ਦਿਨ ਦੀ ਰੀਝ ਐ। ਪੂਰੀ ਕਰਕੇ ਵਾਲ਼ ਦੁਬਾਰਾ ਰੱਖ ਲਏਗੀ।''

ਰੇਵਲ ਸੁੰਹ ਦਾ ਹਰਮਨ ਜਦੋਂ ਦਾ ਮੁੱਕਿਆ। ਇਹ ਬੱਚਿਆਂ ਪ੍ਰਤੀ ਥੋੜ੍ਹਾ ਢੈਲਾ ਪੈ ਗਿਆ। ਇਹਦਾ ਹਰਮਨ ਮੋਟਰ 'ਤੇ ਪਿਆ ਰਹਿ ਗਿਆ ਸੀ। ਇਨ੍ਹਾਂ ਲਈ ਤਾਂ ਉਹਦੀ ਮੌਤ ਰਹੱਸ ਸੀ। ਪਰ ਲੋਕ ਕਹਿੰਦੇ ਸਨ, ਰੇਵਲ ਸੁੰਹ ਨੇ ਸਾਰੀ ਉਮਰ ਯੂਨੀਅਨਾਂ ਵਿਚ ਕੱਢ ਦਿੱਤੀ। ਘਰ ਬੱਚਿਆਂ ਤੇ ਵਾਈਫ਼ ਨੂੰ ਟਾਇਮ ਨਈਂ ਦਿੱਤਾ। ਮੁੰਡੇ ਵਿਗੜ ਗਏ। ਵੱਧ ਡੋਜ ਨੇ ਹਰਮਨ ਦੀ ਜਾਨ ਲੈ ਲਈ। ਨਸ਼ੇ ਜੂ ਕਰਦੇ ਸੀ। ਵੱਡੇ ਦਾ ਵੀ ਏਹੀ ਹਸ਼ਰ ਹੋਣਾ ਸੀ। ਜੇ ਇਹ ਉਹਨੂੰ ਆਸਟ੍ਰੇਲੀਆ ਨਾ ਭੇਜਦਾ।''

ਜੋਧਿਕਾ ਵਾਲੇ ਮਸਲੇ 'ਤੇ ਵੀ ਨੇਤਾ ਜੀ ਵਿਆਹ ਕਰਨ ਦੇ ਹੱਕ ਵਿਚ ਸਨ। ਮੈਂ ਨਹੀਂ ਸੀ ਮੰਨਿਆ। ਭਾਵੇਂ ਮੈਂ ਦਿਲ ਦੀ ਬਿਮਾਰੀ ਲਾ ਲਈ ਸੀ। ਜਦੋਂ ਇਹ ਮਸਲਾ ਸਿਖ਼ਰ 'ਤੇ ਪੁੱਜਾ। ਮੈਂ ਹਾਈਪਰ ਟੈਨਸਨ ਦਾ ਮਰੀਜ਼ ਹੋ ਗਿਆ। ਮੈਨੂੰ ਹਸਪਤਾਲ ਦਾਖ਼ਲ ਕਰਵਾ ਦਿੱਤਾ ਗਿਆ। ਬਲੱਡ ਪ੍ਰੈਸ਼ਰ ਕੰਟਰੋਲ ਹੀ ਨਹੀਂ ਸੀ ਹੋ ਰਿਹਾ।

‘‘ਅਸੀਂ ਪਤਾ ਨਈਂ ਕਿਹੜੇ ਦੇਰਮਾਂ ਨਾਲ ਤੈਨੂੰ ਪਾਲਿਆ, ਕੁਲੱਛਣੀਏ। ਤੂੰ ਸਾਡੇ ਤੋਂ ਜੀਵਨ ਖੋਹ ਰਹੀ ਏ। ਤੇਰਾ ਡੈਡੀ ਪਤਾ ਨਈਂ ਕਿਹੜੇ ਵੇਲੇ ਸਾਹ ਛੱਡ ਦੇਵੇ। ਆਪਣੇ ਪਿਓ ਨੂੰ ਮਰਨੇ ਤੋਂ ਬਚਾਅ ਲੈ।'' ਜਸਪਾਲ ਉਹਦੇ ਅੱਗੇ ਹੱਥ ਜੋੜ ਕੇ ਧਾਹੀਂ ਰੋ ਪਈ ਸੀ।

ਮੈਨੂੰ ਸਾਹ ਆਉਣੇ ਔਖੇ ਹੋ ਗਏ ਸਨ। ਫਿਰ ਪਤਾ ਨ੍ਹੀਂ ਇਹਦੇ ਮਨ 'ਚ ਕੀ ਆਈ। ਮਾਂ ਦੇ ਕੀਰਨੇ ਸੁਣ ਕੇ ਪਿਘਲ ਗਈ। ਉਸੇ ਵੇਲੇ ਬੈੱਡ 'ਤੇ ਮੇਰੇ ਨਾਲ ਲਿਪਟ ਗਈ। ਬਹੁਤ ਰੋਈ। ਮੈਂ ਵੀ ਪਿਛਲੇ ਤਿੰਨ ਸਾਲ ਦਾ ਗੁੱਸਾ ਥੁੱਕ ਦਿੱਤਾ ਸੀ। ਤੇ ਘਰ ਮੁੜ ਆਇਆ ਸੀ। ਮੈਂ ਤੇ ਗੋਲੀ ਖਾ ਕੇ ਸੈੱਟ ਹੋ ਜਾਂਦਾ ਆ ਤੇ ਇਹ ਵਿਚਾਰਾ ਜੌਹਲ...।

ਰੇਵਲ ਸੁੰਹ ਨੇ ਜੌਹਲ ਦੀ ਕੋਠੀ ਅੱਗੇ ਜੀਪ ਖੜ੍ਹੀ ਕਰ ਲਈ ਆ। ਅੰਦਰ ਪਰਮਵੀਰ ਖੌਰੂ ਪਾ ਰਿਹਾ ਏ। ਹੱਥ ਵਿਚ ਕਿਰਪਾਨ ਏ।

‘‘ਓਏ ਬੁੱਢਿਓ, ਅੱਜ ਤੁਹਾਨੂੰ ਮਾਰਨਾ ਈ ਮਾਰਨਾ ਆ। ਮੇਰੀ ਜ਼ਿੰਦਗੀ ਬਰਬਾਦ ਕਰਨ ਵਾਲਿਓ ਬਾਹਰ ਨਿਕਲੋ। ਤੁਹਾਨੂੰ ਕੋਈ ਨਈਂ ਬਚਾਅ ਸਕਦਾ। ਉਹ ਦੂਆ...ਤ।''

ਰੇਵਲ ਸੁੰਹ ਨੇ ਸਾਰੀ ਸਥਿਤੀ ਦਾ ਜਾਇਜ਼ਾ ਲਿਆ ਹੈ। ਅਸੀਂ ਬਗਲ ਵਾਲੀ ਕੰਧ ਟੱਪ ਕੇ ਅੰਦਰ ਜਾ ਵੜੇ ਹਾਂ। ਪਰਮਵੀਰ ਭੱਜ ਕੇ ਦੂਜੀ ਮੰਜ਼ਿਲ 'ਤੇ ਚਲਾ ਗਿਆ ਹੈ। ਅਸੀਂ ਇਹਨੂੰ ਕਾਬੂ ਕਰਨ ਬਾਰੇ ਸੋਚ ਰਹੇ ਹਾਂ। ਪਰ ਡਰਦੇ ਵੀ ਆ ਕਿਤੇ ਕੋਈ ਨੁਕਸਾਨ ਨਾ ਹੋ ਜਾਵੇ। ਮੈਂ ਉਹਨੂੰ ਆਵਾਜ਼ ਮਾਰੀ ਏ। ਉਹਨੇ ਇਕ ਪੈਰ ਰੇਲਿੰਗ 'ਤੇ ਟਿਕਾਅ ਲਿਆ ਏ।

ਕਿਰਪਾਨ ਸਾਡੇ ਵੱਲ ਕਰ ਲਈ ਹੈ।
‘‘ਜੇ ਕਿਸੇ ਮਾਈ ਦੇ ਲਾਲ ਨੇ ਅੱਗੇ ਵੱਧਣ ਦੀ ਕੋਸ਼ਿਸ਼ ਕੀਤੀ। ਮੈਂ ਉਹਦੀ ਧੌਣ ਲਾਹ ਦਿਆਂਗਾ। ਉਹ ਤੁਹਾਡੀ ਭੈ... ਦੀ।'' ਉਹ ਗਰਜਿਆ ਹੈ।

‘‘ਕੁਲਵਿੰਦਰ ਸਿਆਂ, ਇਹ ਦੱਸ ਉੱਤੇ ਤੂੰ ਜਾਏਂਗਾ ਕਿ ਮੈਂ ਜਾਵਾਂ?  ਚੱਲ ਮੈਂ ਜਾਨਾਂ। ਮੱਖਣਾ ਉਸ ਖੂੰਜੇ ਖੜ੍ਹ ਜਾਹ। ... ਤੂੰ ਛੋਟੇ, ਉਥੇ ਪੌੜੀਆਂ 'ਚ ਚਲੇ ਜਾਹ। ਕੁਲਵਿੰਦਰ ਗੈਰਜ 'ਤੇ ਚੜ੍ਹ ਜਾਹ।'' ਰੇਵਲ ਸਿੰਘ ਨੇ ਨਿਰਦੇਸ਼ ਦਿੱਤੇ ਹਨ।

‘‘ਓਏ ਪਰਮਵੀਰ ਮੈਂ ਆਉਣ ਲੱਗਿਆਂ ਖਾਲੀ ਹੱਥ ਬੰਦੇ ਦਾ ਪੁੱਤ ਬਣ ਕੇ ਸਿੱਧਾ ਖੜ੍ਹਾ ਹੋ ਜਾਹ, ਤੂੰ ਭਾਈ ਕੁਲਵਿੰਦਰ ਸਿਆਂ, ਧਿਆਨ ਨਾਲ ਸੁਣ। ਜੇ ਇਹਨੇ ਮਾੜੀ ਜਿਹੀ ਵੀ ਹਿਲਜੁਲ ਕੀਤੀ ਗੋਲੀ ਸਿੱਧੀ ਇਹਦੀ ਛਾਤੀ 'ਚ ਮਾਰਨੀ ਆ। ... ਨਾਲੇ ਪਰਮਵੀਰ ਤੈਨੂੰ ਕੁਲਵਿੰਦਰ ਦੇ ਨਿਸ਼ਾਨੇ ਦਾ ਪਤਾ ਈ ਆ। ... ਮੈਂ ਚੱਲਿਆ ਬਈ। ਨਿਸ਼ਾਨਾ ਸੇਧ ਲਓ।'' ਰੇਵਲ ਸੁੰਹ ਏਨਾ ਕਹਿ ਕੇ ਫੁਰਤੀ ਨਾਲ ਪੌੜੀ ਜਾ ਚੜ੍ਹਿਆ ਏ। ਮੈਂ ਰਫ਼ਲ ਉਹਦੇ ਵੱਲ ਤਾਣ ਲਈ ਹੈ। ਇਸ ਮੂਰਖ ਮੁੰਡੇ ਦਾ ਕੋਈ ਵਸਾਹ ਨਹੀਂ। ਇਹਨੇ ਕੀ ਕਰ ਬਹਿਣਾ ਏ। ਇਕ ਰੇਵਲ ਸੁੰਹ ਆ। ਬੇਧੜਕ ਹੋ ਕੇ ਪੌੜੀਆਂ ਚੜ੍ਹ ਰਿਹਾ। ... ਜਾਂਦੇ ਨੇ ਪਰਮਵੀਰ ਦੇ ਧੌਲ ਮਾਰੀ ਆ। ਕਿਰਪਾਨ ਡਿੱਗਣ ਦਾ ਖੜਾਕ ਹੋਇਆ ਹੈ। ਉਹ ਆਪ ਵੀ ਡਿੱਗ ਪਿਆ ਏ। ਰੇਵਲ ਸੁੰਹ ਨੇ ਕਿਰਪਾਨ ਚੁੱਕੀ ਏ। ਪੁੱਠੀ ਕਿਰਪਾਨ ਦੇ ਤਿੰਨ-ਚਾਰ ਵਾਰ ਕੀਤੇ ਆ। ਧੂਹਦਾ ਹੋਇਆ ਥੱਲੇ ਲੈ ਆਇਆ ਹੈ। ਸਾਡੇ ਨਾਲਦਿਆਂ ਨੇ ਪਰਮਵੀਰ ਦਾ ਕੁਟਾਪਾ ਕਰਨਾ ਸ਼ੁਰੂ ਕਰ ਦਿੱਤਾ ਹੈ।

ਮੇਰੇ ਆਵਾਜ਼ ਮਾਰਨ 'ਤੇ ਦਰਵਾਜ਼ਾ ਖੁੱਲ੍ਹਿਆ ਹੈ। ਬਲਦੇਵ ਤੇ ਦਵਿੰਦਰ ਬਾਹਰ ਆਏ ਹਨ। ਸਾਹੋ ਸਾਹ ਹੋਏ। ਡਰੇ ਹੋਏ ਤੇ ਸਹਿਮੇ ਹੋਏ ਵੀ। ਮੇਰੇ ਤੇ ਰੇਵਲ ਸੁੰਹ ਦੇ ਗਲ ਲੱਗ ਕੇ ਰੋਣ ਲੱਗ ਪਏ ਹਨ।

ਬਲਦੇਵ ਸਿੰਘ ਜੌਹਲ ਦੇ ਕਹਿਣ 'ਤੇ ਮੈਂ ਤੇ ਰੇਵਲ ਉਹਦੇ ਨਾਲ ਬਹਿਰਾਮ ਪੁਲਿਸ ਚੌਂਕੀ ਨੂੰ ਚੱਲ ਪਏ ਹਾਂ। ਬਾਕੀਆਂ ਨੇ ਪਰਮਵੀਰ ਨੂੰ ਕਾਬੂ ਕੀਤਾ ਹੋਇਆ। ਮੈਂ ਜੀਪ ਵਿਚ ਬੈਠਣ ਲੱਗੇ ਨੇ ਆਲੇ ਦੁਆਲੇ ਦੇਖਿਆ ਹੈ। ਬੜੀਆਂ ਵੱਡੀਆਂ ਕੋਠੀਆਂ ਹਨ। ਚੁੱਪ ਪਸਰੀ ਹੋਈ ਹੈ। ਕੋਈ ਛੁਡਵਾਉਣ ਵਾਲਾ ਤਾਂ ਕੀ, ਜੰਗਲਿਆਂ ਤੋਂ ਝਾਤੀ ਮਾਰਨ ਵਾਲਾ ਵੀ ਦਿਸ ਨਹੀਂ ਰਿਹਾ।

ਮੈਨੂੰ ਇਕ ਘਟਨਾ ਯਾਦ ਆਈ ਹੈ। ਮੈਂ ਪੰਜਵੀਂ ਜਮਾਤ ਵਿੱਚ ਪੜ੍ਹਦਾ ਸੀ। ਉਦੋਂ ਗਰੀਬ ਘਰਾਂ ਵਿਚ ਬਿਜਲੀ ਨਹੀਂ ਸੀ ਹੁੰਦੀ। ਮਿੱਟੀ ਦੇ ਤੇਲ ਵਾਲੇ ਦੀਵੇ ਬਾਲਦੇ ਹੁੰਦੇ ਸਨ। ਪ੍ਰਤਾਪੇ ਬੇਲਦਾਰ ਦੇ ਵੀ ਬੱਤੀ ਨਹੀਂ ਸੀ ਹੁੰਦੀ। ਉਹਦੀ ਡਿਊਟੀ ਤਾਂ ਸੜਕਾਂ 'ਤੇ ਮਿੱਟੀ ਪਾਉਣ ਜਾਂ ਦਰਖ਼ਤਾਂ ਦੀ ਸਾਂਭ ਸੰਭਾਲ ਕਰਨ ਦੀ ਹੁੰਦੀ ਸੀ। ਪਰ ਉਹਨੂੰ ਐਸ ਡੀ ਓ ਸਾਹਿਬ ਦੇ ਘਰ ਦੇ ਕੰਮ ਕਰਨੇ ਪੈਂਦੇ ਸਨ। ਸਾਹਿਬ ਉਹਨੂੰ ਤਿੰਨ ਕੁ ਮਹੀਨੇ ਬਾਅਦ ਇਕ ਸ਼ਰਾਬ ਦੀ ਬੋਤਲ ਦੇ ਦਿੰਦਾ। ਇਕ ਬੋਤਲ ਉਹਦਾ ਤਿੰਨ ਮਹੀਨੇ ਦਾ ਕੋਟਾ ਹੁੰਦੀ ਸੀ।

ਉਸ ਦਿਨ ਵੀ ਉਹਨੂੰ ਬੋਤਲ ਮਿਲੀ ਸੀ। ਦੋ ਕੁ ਪੈੱਗ ਤਾਂ ਰਾਹ ਵਿਚ ਹੀ ਲਾ ਆਇਆ ਸੀ। ਬੋਤਲ ਸੰਦੂਕ ਦੇ ਪਿੱਛੇ ਲੁਕਾ ਦਿੱਤੀ ਸੀ। ਜਦੋਂ ਸ਼ਾਮ ਦਾ ਝੁਸਮੁਸਾ ਹੋਇਆ, ਉਹਨੇ ਸੰਦੂਕ ਪਿੱਛੇ ਹੀ ਪੈੱਗ ਪਾ ਕੇ ਚਾੜ੍ਹ ਲਿਆ। ਉਹਨੂੰ ਨਸ਼ਾ ਨਾ ਹੋਇਆ। ਅੱਗੇ ਤਾਂ ਦੋ ਕੁ ਪੈੱਗ ਹੀ ਸਰੂਰ 'ਚ ਲਿਆ ਦਿੰਦੇ ਸਨ। ਉਹਨੇ ਸੋਚਿਆ ਸ਼ਰਾਬ ਹਲਕੀ ਆ। ਉਹ ਸੰਦੂਕ ਓਹਲੇ ਜਾਂਦਾ। ਪੈੱਗ ਚਾੜ੍ਹ ਆਉਂਦਾ। ਹੌਲੀ ਹੌਲੀ ਉਹਦੀ ਬੋਤਲ ਖਾਲੀ ਹੋ ਗਈ। ਜਦੋਂ ਦੀਵੇ ਦੀ ਰੌਸ਼ਨੀ ਘਟਣ ਲੱਗੀ, ਉਹਦੀ ਪਤਨੀ ਦੇਬੋ ਮਿੱਟੀ ਦਾ ਤੇਲ ਦੀਵੇ ਵਿੱਚ ਪਾਉਣ ਲਈ ਉੱਠੀ। ਉਹਨੇ ਸੰਦੂਕ ਪਿੱਛੇ ਤੇਲ ਵਾਲੀ ਖਾਲੀ ਬੋਤਲ ਤੇ ਸ਼ਰਾਬ ਦੀ ਊਣੀ ਦੇਖੀ ਤਾਂ ਉਹਦੀ ਭੁੱਬ ਨਿਕਲ ਗਈ।

‘‘ਹੈਂਅ ਵੇ ਅੰਨਿਆ! ਤੂੰ ਮਰ ਜਾਣਾ। ਮਿੱਟੀ ਦੇ ਤੇਲ ਦੀ ਬੋਤਲ ਡੱਫ਼ ਗਿਆ।''
ਇਹ ਸੁਣ ਕੇ ਪ੍ਰਤਾਪਾ ਤਾਂ ਪਾਗਲ ਹੋ ਗਿਆ। ਉਸੇ ਵੇਲੇ ਉਹ ਰਾਹੋਂ ਨਵਾਂ ਸ਼ਹਿਰ ਵਾਲੀ ਸੜਕ 'ਤੇ ਚਲਾ ਗਿਆ। ਟਰੱਕਾਂ ਵਾਲਿਆਂ ਡਰਾਇਵਰਾਂ ਨੂੰ ਹੱਥ ਦੇ ਦੇ ਕੇ ਰੋਕਣ ਲੱਗ ਪਿਆ,

‘‘ਯਾਰੋ, ਮੈਂ ਮਿੱਟੀ ਦੇ ਤੇਲ ਦੀ ਬੋਤਲ ਪੀ ਲਈ। ਮਰ ਤਾਂ ਨਈਂ ਜਾਊਂ?''

ਡਰਾਇਵਰ ਉਹਨੂੰ ਹੌਂਸਲਾ ਦੇ ਕੇ ਟਰੱਕ ਤੋਰ ਲੈਂਦੇ। ਉਧਰ ਦੇਬੋ ਨੇ ਕੋਠੇ ਚੜ੍ਹ ਕੇ ਰੌਲਾ ਪਾ ਦਿੱਤਾ। ਸਾਰਾ ਪਿੰਡ ਸੜਕ ਉੱਤੇ ਚਲਾ ਗਿਆ ਸੀ। ਪ੍ਰਤਾਪੇ ਨੂੰ ਪਤਿਆ ਕੇ ਘਰ ਲੈ ਆਏ। ਉਹਨੂੰ ਉਲਟੀਆਂ ਕਰਵਾਈਆਂ ਤੇ ਓਹੜ ਪੋਹੜ ਵੀ ਕੀਤਾ। ਅੱਜ ਸਾਰਾ ਪਿੰਡ ਘੂਕ ਸੁੱਤਾ ਪਿਆ ਆ। ਜੌਹਲ ਦੀ ਮਦਦ 'ਤੇ ਕੋਈ ਨਹੀਂ ਆਇਆ। ਮੇਰੀ ਗੱਲ ਸੁਣ ਕੇ ਰੇਵਲ ਸੁੰਹ ਬੋਲਿਆ ਆ।

‘‘ਕੋਈ ਸੋਫ਼ੀ ਹਊ ਤਾਂ ਆਊ। ਸਾਰਾ ਪਿੰਡ ਤਾਂ ਰੱਜ ਕੇ ਪਿਆ ਹੋਣਾ।''

ਬਹਿਰਾਮ ਚੌਂਕੀ ਵਾਲੇ ਪੁਲਿਸ ਮੁਲਾਜ਼ਮ ਸਾਡੇ ਨਾਲ ਈ ਤੁਰ ਪਏ ਹਨ। ਉਨ੍ਹਾਂ ਨੂਰਪੁਰ ਪੁੱਜ ਕੇ ਪਰਮਵੀਰ ਨੂੰ ਗ੍ਰਿਫਤਾਰ ਕੀਤਾ ਏ। ਉਹਦੇ ਕਮਰੇ ਦੀ ਤਲਾਸ਼ੀ ਵੀ ਲਈ ਆ। ਕਮਰੇ ਵਿੱਚੋਂ ਰਵਾਇਤੀ ਹਥਿਆਰ, ਨਸ਼ੀਲੇ ਪਦਾਰਥ ਅਤੇ ਕੁਝ ਕੈਮੀਕਲ ਮਿਲੇ ਹਨ। ਉਹ ਪਰਮਵੀਰ ਨੂੰ ਅਤੇ ਸਾਰਾ ਸਮਾਨ ਲੈ ਕੇ ਚੌਂਕੀ ਵੱਲ ਨੂੰ ਚੱਲ ਪਏ ਹਨ। ਅਸੀਂ ਜੌਹਲ ਹੁਰਾਂ ਨੂੰ ਹੌਂਸਲਾ ਦੇ ਕੇ ਜੀਪ ਆਪਣੇ ਪਿੰਡ ਵੱਲ ਨੂੰ ਤੋਰ ਲਈ ਆ।

... ਅੱਜ ਤਿੰਨ ਦਿਨ ਹੋ ਗਏ ਪਰਮਵੀਰ ਨੂੰ ਪੁਲਿਸ ਚੌਂਕੀ ਰੱਖੇ ਨੂੰ। ਅੱਜ ਉਥੇ ਵੀ ਜਾਣਾ ਪੈਣਾ। ਮੈਂ ਤਿਆਰ ਵੀ ਹੋਈ ਜਾ ਰਿਹਾ ਹਾਂ। ਜੋਧਿਕਾ ਤੇ ਇਹਦੀ ਮੰਮੀ ਨੂੰ ਉਸ ਰਾਤ ਦਾ ਵਾਕਿਆ ਵੀ ਦੁਬਾਰਾ ਸੁਣਾਈ ਜਾ ਰਿਹਾ ਹਾਂ। ਰੇਵਲ ਸੁੰਹ ਨੂੰ ਘੰਟੀ ਵੀ ਮਾਰ ਦਿੱਤੀ ਆ। ਪੱਗ ਦੇ ਲੜ ਮਸਾਂ ਸੂਤ ਆਏ।

...ਅਸੀਂ ਬਹਿਰਾਮ ਪੁਲਿਸ ਚੌਂਕੀ ਪੁੱਜ ਗਏ ਹਾਂ। ਜੌਹਲ ਨਾਲ ਵੀ ਚਾਰ ਪੰਜ ਬੰਦੇ ਨੂਰਪੁਰ ਤੋਂ ਆਏ ਬੈਠੇ ਹਨ। ਚੌਂਕੀ ਇੰਚਾਰਜ ਜੌਹਲ ਦਾ ਮਿੱਤਰ ਈ ਆ। ਉਹਨੇ ਗੱਲ ਤੋਰੀ ਏ।

‘‘ਇਹਤੇ ਇਰਾਦਾ ਕਤਲ ਦਾ ਕੇਸ ਪਾ ਦੇਈਏ?  ਅੱਜ ਕੱਲ੍ਹ ਸਾਰੀ ਦੁਨੀਆਂ ਨਸ਼ਾ ਕਰਦੀ ਆ। ਮੈਂ ਵੀ ਕਰਦਾ ਪਰ ਸਰਦਾਰੋ ਜੋ ਇਸ ਮੁੰਡੇ ਨੇ ਕੀਤਾ ਜਾਂ ਕਰਨ ਜਾ ਰਿਹਾ ਸੀ। ਮੈਂ ਤਾਂ ਸੋਚ ਵੀ ਨਹੀਂ ਸਕਦਾ।''

ਉਹਨੇ ਉੱਠ ਕੇ ਫਾਈਲ ਚੁੱਕੀ ਆ। ਫਾਈਲ ਖੋਲ੍ਹ ਕੇ ਮੁੜ ਸੰਬੋਧਨ ਹੋਇਆ ਏ।
 
‘‘ਇਹਨੇ ਪੁੱਛ-ਗਿੱਛ ਦੌਰਾਨ ਮੰਨਿਆ ਇਹ ਆਪਣੇ ਮੰਮੀ ਡੈਡੀ ਦਾ ਕਤਲ ਕਰਨਾ ਚਾਹੁੰਦਾ ਸੀ। ਇਹ ਚਾਹੁੰਦਾ ਸੀ ਜ਼ਮੀਨ ਦਾ ਮਾਲਕ ਬਣਾਂ ਤੇ ਵੇਚ ਕੇ ਗੁਲਛਰੇ ਉਡਾਵਾਂ।''

‘‘ਇਹਦੇ ਕੰਪਿਊਟਰ ਰੂਮ ਦੇ ਦਰਾਜ ਵਿੱਚੋਂ ਆਰਸੈਨਿਕ ਨਾਂ ਦਾ ਕੈਮੀਕਲ ਮਿਲਿਆ। ਇਹ ਤੁਹਾਡਾ ਸ਼ਹਿਜ਼ਾਦਾ ਚਾਹ ਵਿੱਚ ... ਸਬਜ਼ੀ ਵਿਚ ਕੈਮੀਕਲ ਪਾ ਕੇ ਤੁਹਾਨੂੰ ਖੁਆਉਂਦਾ ਰਿਹਾ। '' ਉਹਨੇ ਖੰਘੂਰਾ ਮਾਰ ਕੇ ਗਲਾ ਸਾਫ਼ ਕੀਤਾ ਹੈ।
‘‘ਜੇ ਕਿਸੇ ਦੇ ਅੰਦਰ ਇਹ ਕੈਮੀਕਲ ਜਾਂਦਾ ਰਹੇ। ਲਗਭਗ ਛੇ ਕੁ ਮਹੀਨੇ ਵਿੱਚ ਬੰਦੇ ਦੀ ਮੌਤ ਹੋ ਜਾਂਦੀ ਆ। ਇਵੇਂ ਲਗਦਾ ਆ ਜਿਵੇਂ ਮੌਤ ਕੁਦਰਤੀ ਹੋਈ ਹੋਵੇ। ਪਰ ਬਲਦੇਵ ਸਿੰਘ ਤੇ ਇਹਦੀ ਪਤਨੀ ਤਕੜੇ ਨਿਕਲੇ। ਦੋ ਸਾਲ ਕੈਮੀਕਲ ਖਾਂਦੇ ਰਹੇ। ਜਦੋਂ ਇਨ੍ਹਾਂ ਦਾ ਕੁਝ ਨਾ ਵਿਗੜਿਆ, ਇਹਨੇ ਅੱਕ ਕੇ ਸ਼ਰੇਆਮ ਮਾਰਨ ਦਾ ਫ਼ੈਸਲਾ ਕਰ ਲਿਆ।'' ਚੌਂਕੀ ਇੰਚਾਰਜ ਨੇ ਫਾਈਲ ਮੋਹਰੇ ਕੀਤੀ ਏ।
 
ਡੇਢ ਦੋ ਘੰਟੇ ਹੋ ਚੱਲੇ ਆ, ਸਾਨੂੰ ਚੌਂਕੀ ਵਿੱਚ ਬੈਠਿਆਂ ਨੂੰ। ਰੇਵਲ ਸੁੰਹ ਤੇ ਜੌਹਲ ਹੁਰੀਂ ਕਾਗਜ਼ੀ ਕਾਰਵਾਈ ਵਿਚ ਉਲਝੇ ਹੋਏ ਹਨ। ਮੈਂ ਸੋਚੀ ਜਾ ਰਿਹਾ ਮਨੁੱਖ ਦਾ ਖੂਨ ਐਨਾ ਚਿੱਟਾ ਹੋ ਗਿਆ। ਆਪਣਿਆਂ ਨੂੰ ਮਰਨ-ਮਾਰਨ 'ਤੇ ਉਤਾਰੂ ਹੋ ਗਿਆ। ਮੇਰਾ ਸਿਰ ਚਕਰਾਉਣ ਲੱਗ ਪਿਆ। ਮੇਰੇ ਅੱਗੇ ਉਸ ਰਾਤ ਵਾਲਾ ਦ੍ਰਿਸ਼ ਆ ਗਿਆ ਹੈ। ਇਕ ਪੁੱਤ ਮਾਂ ਬਾਪ ਨੂੰ ਮਾਰ ਰਿਹਾ ਹੈ। ਦੋ ਸਾਲ ਤੋਂ ਆਰਸੈਨਿਕ ਨਾਲ ਮਾਰਨ ਵਾਲਾ ਦ੍ਰਿਸ਼ ਦੈਂਤ ਬਣ ਗਿਆ ਹੈ। ਜਦੋਂ ਮੈਂ ਘਰੋਂ ਤੁਰਨ ਲੱਗਾ। ਜੋਧਿਕਾ ਬੋਲੀ ਸੀ।

‘ਡੈਡੀ, ਜਦੋਂ ਮੈਂ ਪਹਿਲਾ ਆਈਲਿਟਸ ਦਾ ਟੈਸਟ ਦਿੱਤਾ ਸੀ। ਮੈਂ ਆਸਟ੍ਰੇਲੀਆ ਜਾ ਸਕਦੀ ਸੀ। ਪਰ ਮੈਂ ਅਪਲਾਈ ਨਈਂ ਕੀਤਾ। ਕਿਉਂਕਿ ਤੁਸੀਂ ਨਈਂ ਸੀ ਜਾ ਸਕਦੇ। ਜੇ ਹੁਣ ਮੇਰੇ ਬੈਂਡ ਵੱਧ ਆ ਜਾਣ। ਮੈਂ ਕੈਨੇਡਾ ਚਲੇ ਜਾਊਂਗੀ। ਪੀ. ਆਰ. ਲੈ ਕੇ ਸੈੱਟ ਹੋ ਜਾਊਂਗੀ। ਆਪਣੀ ਮਨ ਮਰਜ਼ੀ ਦਾ ਵਰ ਲੱਭਾਂਗੀ। ਹੌਲੀ ਹੌਲੀ ਮੰਮੀ ਤੇ ਤੁਹਾਨੂੰ ਵੀ ਮੰਗਵਾ ਲਵਾਂਗੀ। ਸਾਰਾ ਟੱਬਰ ਇਕੱਠਾ ਰਹੂਗਾ।''
ਇਹ ਤਿੰਨ ਦ੍ਰਿਸ਼ ਮੇਰੀਆਂ ਅੱਖਾਂ ਅੱਗੇ ਫ਼ਿਲਮ ਦੀ ਤਰ੍ਹਾਂ ਚੱਲ ਰਹੇ ਹਨ ਤੀਜਾ ਜੋਧਿਕਾ ਵਾਲਾ ਦ੍ਰਿਸ਼ ਜ਼ੋਰ ਫ਼ੜ ਗਿਆ ਏ। ਮੈਨੂੰ ਉਹ ਦੋ ਤਿੰਨ ਸਾਲ ਦਾ ਵਿਆਹ ਵਾਲਾ ਕਲੇਸ਼ ਵੀ ਯਾਦ ਆਇਆ ਆ। ਰੇਵਲ ਸਿੰਘ ਪਰਮਵੀਰ 'ਤੇ ਇਰਾਦਾ ਕਤਲ ਦਾ ਕੇਸ ਰੁਕਵਾਉਣਾ ਚਾਹੁੰਦਾ ਏ ਕੇਸ ਪਿਆ ਰਹਿਣ ਦਿੱਤਾ ਜਾਵੇ ਜਾਂ ਰੋਕਿਆ ਜਾਵੇ, ਬਾਰੇ ਉਹ ਮੈਥੋਂ ਸਲਾਹ ਮੰਗ ਰਹੇ ਹਨ। ਮੈਨੂੰ ਸੁਝ ਕੁਝ ਨਹੀਂ ਰਿਹਾ। ਜੌਹਲ ਕੇਸ ਪੈ ਜਾਣ ਦੇ ਹੱਕ ਵਿਚ ਏ।

ਇਨ੍ਹਾਂ ਦਾ ਕੋਈ ਫ਼ੈਸਲਾ ਨਹੀਂ ਹੋ ਸਕਿਆ। ਜੌਹਲ ਹੁਰੀਂ ਨੂਰਪੁਰ ਨੂੰ ਜਾਣ ਲਈ ਕਾਰ ਸਟਾਰਟ ਕੀਤੀ ਹੈ। ਉਹ ਨੂਰਪੁਰ ਜਾਣ ਲਈ ਸਾਡੇ 'ਤੇ ਜ਼ੋਰ ਪਾ ਰਿਹਾ ਹੈ। ਮੇਰਾ ਮਨ ਨਹੀਂ ਮੰਨਿਆ। ਮੈਂ ਚਾਹੁੰਦਾ ਕਿਹੜੀ ਘੜੀ ਆਵੇ, ਇਥੋਂ ਭੱਜ ਚਲਾਂ। ਖ਼ੈਰ ਨੇਤਾ ਜੀ ਨੇ ਜੀਪ ਤੋਰ ਲਈ ਹੈ। ... ਅੱਜ ਸਤਾਈ ਅਠਾਈ ਕਿਲੋਮੀਟਰ ਦਾ ਸਫ਼ਰ ਮੁੱਕਣ ਦਾ ਨਾਂ ਨਹੀਂ ਲੈ ਰਿਹਾ। ਮੈਂ ਪਰਮਵੀਰ ਵਲੋਂ ਦਰਵਾਜ਼ਿਆਂ ਤਾਕੀਆਂ 'ਤੇ ਕਿਰਪਾਨ ਨਾਲ ਲਾਏ ਟੱਕ ਯਾਦ ਕਰਕੇ ਕੰਬ ਗਿਆ ਹਾਂ। ਮੇਰਾ ਭਾਪਾ ਕਹਿੰਦਾ ਹੁੰਦਾ ਸੀ।

‘‘ਲੱਕੜੀ ਕਦੇ ਵਿੰਗੀ ਨਈਂ ਹੁੰਦੀ। ਤਰਖਾਣ 'ਚ ਨੁਕਸ ਹੁੰਦਾ।''

ਮੇਰੀ ਨਿਗ੍ਹਾ ਸਭ ਘਰਾਂ 'ਤੇ ਗਈ ਏ। ਇਥੇ ਤਾਂ ਸਭ...। ਤਰਖਾਣ ਕੀ ਕਰੂ ਜੀਪ ਦੇ ਨਾਲ ਨਾਲ ਦਰਖ਼ਤ ਦੌੜੇ ਜਾ ਰਹੇ ਹਨ। ਦਰਖ਼ਤਾਂ 'ਤੇ ਮੇਰੀ ਨਿਗ੍ਹਾ ਗੱਡੀਓ ਦੇਖ ਕੇ ਰੇਵਲ ਸੁੰਹ ਬੋਲਿਆ ਏ।
‘‘ਕੁਲਵਿੰਦਰ ਸਿਆਂ, ਜਿਹੜੇ ਬੂਟੇ ਲਾਏ ਸੀ। ਇਨ੍ਹਾਂ ਦੇ ਪ੍ਰਛਾਵੇਂ ਕਿਵੇਂ ਅੱਡ ਅੱਡ ਹੋ ਗਏ? ''

ਮੈਂ ਜਵਾਬ ਨਹੀਂ ਦਿੱਤਾ। ਮੈਂ ਘਰ ਪੁੱਜਣਾ ਚਾਹੁੰਦਾ। ... ਘਰ ਦੇ ਦਰਵਾਜ਼ੇ ਮੋਹਰੇ ਜੀਪ ਖੜ੍ਹੀ ਕਰਦਿਆਂ ਰੇਵਲ ਸੁੰਹ ਨੇ ਹੌਰਨ ਵਜਾਇਆ ਹੈ। ਜੋਧਿਕਾ ਨੇ ਦਰਵਾਜ਼ਾ ਖੋਲ੍ਹਿਆ ਹੈ।

ਮੈਂ ਤੇਜ਼ ਕਦਮਾਂ ਨਾਲ ਉਹਦੇ ਵੱਲ ਵਧਿਆ ਹਾਂ। ਉਹ ਮੁਸਕਰਾ ਰਹੀ ਹੈ।
‘‘ਧੀਏ, ਤੂੰ ਸਾਡੇ ਲਈ ਸਾਹ ਬਣੀ ਏਂ।... ਪਰਮਵੀਰ ਨ੍ਹੀਂ।'' ਮੈਂ ਜੋਧਿਕਾ ਨੂੰ ਗਲਵਕੜੀ ਵਿਚ ਲੈ ਲਿਆ ਏ।

ਸੰਪਰਕ:  94630 63990

Comments

rita

MI, nombre ਏਸ ਰੀਟਾ ਯੋ ਅਤੇ ਪਿਛਲੇ en ਉਨਾ relación de 3 laten Con un Niño ਯੋ ਮੈਨੂੰ CREIA amaba Mas Que cualquier cosa en el Mundo despues de ਨਾ tiempo ਮੈਨੂੰ di cuenta de algunos cambios en la thingsthat hace lo , el comenzóregañar POR Ellös , ਏ.ਐਸ.ਆਈ. Que Sabia algo tijdperk Mal Trate de agradarle en varios , Pero Aun nobenem ਯੁੱਗ el resultado . pronto ਮੀਲ di cuenta de Que ਅਤੇ ਪਿਛਲੇ viendootra chica Que Trate de hacerle entender Que ਕੁਝ amaba tanto , Pero El NI siquiera quiso escuchar . Un ਘੇਰਾ Lei ਨਾ testimonio ਸੰਯੁਕਤ ਰਾਸ਼ਟਰ caso podobno en , ਉਨਾ ਿਵਅਕਤੀ testificar de la Obra de ਏਸ੍ਟ Gran zdravnik Okojie ਈ incluso Cuando lo Hice ਯੋ ਅਤੇ ਪਿਛਲੇ convencido POR ਮੀਲ notbelieve Amigo , ਏ.ਐਸ.ਆਈ. Que CONTACTE con el ਲਈ y ਨੂੰ TRATO de Que su Metodo de ਮਾਲਾ gana sorprendentemente NL Menos de ਉਨਾ semana ਮੀਲ amante contacto Conmigo y hasta ਲਾ ਅਤੇ ਟਾਈਮ Seguimos juntos felizmente Casados ​​Con un Niño . Estoy muy Al agradecido . ਡਾ Okojie está specialiesed en la los incluyendo solución de Otros problemas , siguientes : .. ( 1 ) Si naravnamo quiere Que su ਵਿੱਚ ਸਾਬਕਾ atrás ( 2 ) SI naravnamo siempre tiene pesadillas ( 3 ) ¿ Quieres ਸੇਰ promovido en su Oficina . ( 4 ) ¿ Quieres ਮੁਜੇਰੇਸ / hombres Que Corren naklepa de naravnamo . ( 5 ) Si naravnamo quiere un hijo . ( 6 ) Si naravnamo necesita ਲਾ Ayuda FINANCIERA . ( 7 ) Si desezonalizacija Que El Cura de El AIDScontact VIH Ahora ਪੈਰਾ solución inmediata de yourproblems en Que [email protected]

CoreyRouse

This year turned out to be very difficult. But we have optimized and reduced the cost of our products! It is almost impossible to find prices lower than ours, the sale is at the cost price level. Watch and be surprised by our super low prices https://is.gd/72jG3I

Security Code (required)



Can't read the image? click here to refresh.

Name (required)

Leave a comment... (required)





ਕਹਾਣੀ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ