Sat, 05 October 2024
Your Visitor Number :-   7229290
SuhisaverSuhisaver Suhisaver

ਲੈਚੀਆਂ -ਮੁਖ਼ਤਿਆਰ ਸਿੰਘ

Posted on:- 02-08-2012

suhisaver

ਇਕ … ਦੋ … ਤਿੰਨ … ਸੰਨਾਟਾ ਛਾ ਗਿਆ।ਹਫੜਾ ਦਫੜੀ ਮਚ ਗਈ।ਜਿਥੇ ਕੋਈ ਖ਼ੜਾ ,ਬੈਠਾ,        ਕੰਮ ਕਰਦਾ ,ਤੁਰਦਾ ਫਿਰਦਾ ,ਥਾਏਂ ਹੀ ਸੁੰਨ ਹੋ ਗਿਆ।ਹਰ ਇਕ ਨੇ ਆਪਣੇ ਆਪ ਨੂੰ ਵੇਖਿਆ।ਕਿਤੇ ਉਹਨਾਂ ਨੂੰ ਤਾਂ ਨਹੀਂ ਲੱਗੀ ? ਭਮੰਤਰੇ ਹੋਇਆਂ ਨੇ ਆਲੇ ਦੁਆਲੇ ਨਿਗਾਹ ਘੁੰਮਾਈ।ਅੱਖਾਂ ਅੱਗੇ ਹਨੇਰਾ ਛਾ ਗਿਆ।ਕੰਨਾਂ ਉਤੇ ਹੱਥ ਧਰ ਲਏੇ।   ਵੱਡੀਆਂ ਬਿਲਡਿੰਗਾਂ ਵਿਚ ਬੈਠਿਆਂ ਨੂੰ ਤਾਂ ਕੀ ਸਮਝ ਆਉਣੀ ਸੀ ,ਬਾਹਰ ਸੁੰਦਰ ਫੁੱਲ ਬੂਟਿਆਂ ਵਿਚਕਾਰ ਆਉਂਦੇ ਜਾਂਦੇ ਵੀ ਪੱਥਰ ਹੋ ਕੇ ਰਹਿ ਗਏ।
                  
ਦੂਜੇ … ਤੀਜੇ …ਪਲ ਉਹ ਤੁਰ ਪਏ। ਉਹਨਾਂ ਨੇ ਕਾਹਲੀ ‘ਚ ਪੈਰ ਨਹੀਂ ਪੁਟੇ।ਉਹ ਘਬਰਾਏ ਨਹੀਂ। ਉਹ ਆਮ ਦੀ ਤਰ੍ਹਾਂ ਹੀ ਆਉਂਦੇ ਜਾਂਦਿਆਂ ਵਿਚ ਰਲ ਗਏ।ਕਈਆਂ ਨੇ ਉਹਨਾਂ ਨੂੰ ਚੋਰ ਅੱਖ ਨਾਲ ਵੇਖਿਆ ਵੀ ,ਪਰ ਅਣਵੇਖਿਆ ਕਰ ਦਿੱਤਾ।ਉਹ ਨਿੱਗਰ ਜੂਸੇ ਵਾਲੇ ਦਰਮਿਆਨੇ ਕੱਦ ਦੇ ਗੱਭਰੂ ,ਸਾਊ ਹੀ ਲੱਗਦੇ ਸਨ।
                  
ਉਹ ਪੌਣਾਂ ਕੁ ਕਿਲੋਮੀਟਰ ,ਇਸ ਵੱਡੇ ਅਦਾਰੇ ਦੀ ਹੱਦ ਲੰਘ ਕੇ ਰਵੀਦਾਸ ਰੋਡ ‘ਤੇ ਚੜ੍ਹ ਗਏ।ਇਸ ਰੋਡ ਤੋਂ ਅਗਲੇ ਪਾਸੇ ਛੌਣੀ ,ਸ਼ਾਂਤ ਚਿਤ ਬੇਖ਼ਬਰ ਸੀ। ਏਸ ਸੜਕ ਉੱਤੇ ਹੋਰ ਵੀ ਕਈ ਲੰਘਦੇ ਜਾਂਦੇ ਸਨ।ਛੌਣੀ ਤਾਂ ਜਾਗਦੀ, ਜੇ ਉਹਨਾਂ ਨੂੰ ਕੋਈ ਹੁਕਮ ਚਾੜ੍ਹਿਆ ਹੁੰਦਾ ਤੇ ਲਲਾਅ ਲਲਾਅ ਹੋਈ ਹੁੰਦੀ।ਉਹਨਾਂ ਦੇ ਮਗਰ ਕੋਈ ਆਇਆ ਹੀ ਨਹੀਂ ਸੀ। ਗੇਟ ਵਾਲੇ ਸੁਰੱਖਿਆ- ਕਰਮੀਆਂ ਕੋਲੋਂ ਉਹ ਆਰਾਮ ਨਾਲ ਲੰਘ ਕੇ ਗਏ।ਉਹਨਾਂ ਨੂੰ ਵੀ ਕੀ ਪਤਾ ਸੀ ਕਿ ਇਹੋ ਉਹ ਗਭਰੂ ਨੇ  ਅਤੇ ਏਥੇ ਵੀ ਅਜੇਹਾ ਕੁਝ ਹੋ ਸਕਦਾ ਹੈ ? ਉਹਨਾਂ ਨੂੰ ਆਪਣੇ ਮੁੱਖੀ ਵਲੋਂ ਕੋਈ ਸੂਚਨਾ ਹੀ ਨਹੀਂ ਆਈ।ਜੇ ਸੂਚਨਾ ਆ ਵੀ ਜਾਂਦੀ ਤਾਂ ਉਹਨਾਂ ਨੂੰ ਕੌਣ ਰੋਕ ਸਕਦਾ ਸੀ ?ਉਹ ਤਾਂ ਸੜਕ ‘ਤੇ ਜਾ ਕੇ ਗੁੰਮ ਹੋ ਗਏ ਸਨ।   
                  
 ਉਹਨਾਂ ਦੇ ਲਾ-ਪਤਾ ਹੋਣ ਤੋਂ ਤੁਰੰਤ ਬਾਅਦ ,ਹੂਟਰ ਵੱਜਦੇ ,ਉਸ ਥਾਂ ਵੱਲ ਤੇਜੀ ਨਾਲ ਜਾਣ ਲੱਗ ਪਏ।ਉਹਨਾਂ ਨੂੰ ਆਮ ਜਨਤਾ ਦੀ ਪ੍ਰਵਾਹ ਨਹੀਂ ਸੀ ,ਚਾਹੇ ਕੋਈ ਥੱਲੇ ਆ ਕੇ ਕੁਚਲਿਆ ਜਾਵੇ।ਉਹਨਾਂ ਨੇ ਛੇਤੀ ਤੋਂ ਛੇਤੀ ਜਾ ਕੇ ਸਥਿਤੀ ਸੰਭਾਲਦਿਆਂ ਹੀ ਘੇਰਾਬੰਦੀ ਕਰ ਲੈਣੀ ਸੀ।ਭੈ-ਭੀਤ ਖੜ੍ਹੇ-ਬੈਠਿਆਂ ਤੋਂ ਪੁੱਛ ਗਿਛ ਸ਼ੁਰੂ ਹੋ ਜਾਣੀ ਸੀ ? ਕਿਵੇਂ ਉਹ ਆਏ ?ਕਿਵੇਂ ਕਾਰਵਾਈ ਹੋਈ ?ਕੌਣ ਕੌਣ ਮਾਰਿਆ ਗਿਆ ?ਕਿੰਨ੍ਹੇ ਫੱਟੜ ਹੋਏ ?ਕਿਧਰ ਨੂੰ ਉਹ ਚਲੇ ਗਏ ?ਇਹ ਸਵਾਲ ਦਾਗੇ ਜਾਣੇ ਸਨ … ਤੇ ਦਾਗੇ ਗਏ ।
                   
ਬਾਬਾ ਜੀ ਬਿਲਡਿੰਗਾਂ ਦੇ ਵਿਚਕਾਰ ਤੜਫ ਰਿਹਾ ਸੀ।ਉਸ ਨਾਲ ਉਹ ਹੱਥੋ-ਪਾਈ ਹੋ ਰਹੇ ਸੀ ਤੇ ਦੂਰ ਨੇੜੇ ਵਾਲੇ ਡਰੇ ਹੋਏ ,ਆਪਣਾ ਆਪਣਾ ਬਚਾਅ ਕਰਨ ਲੱਗ ਪਏ।

ਉਲਟੇ ਬੋਹੜ ਵਰਗੀ ਉਚੀ ਤੇ ਚੌੜੀ ਬਿਲਡਿੰਗ ਦੀਆਂ ਜੜ੍ਹਾਂ ਵਿਚ ਸੁਰੱਖਿਆ ਦਫਤਰ ਸੀ।ਉਸ ਦੇ ਅੰਦਰ ਸੁਰੱਖਿਆ ਮੁੱਖੀ ਬੈਠਾ ਆਵਾਜ਼ ਸੁਣ ਕੇ ਡਰ ਗਿਆ।ਕੁਝ ਸੁਰੱਖਿਆ  ਅਮਲਾ ਦਫਤਰ ਦੇ ਅੰਦਰ ਅਤੇ ਬਾਹਰ ਤਾਇਨਾਤ ਸੀ ,ਇਕ ਦਮ ਕੰਬ ਗਿਆ।ਦਫਤਰ ਦੇ ਬਾਹਰਲੇ ਸੁਰੱਖਿਆ- ਕਰਮੀ ਅੰਦਰ ਵੱਲ ਭੱਜੇ ਅਤੇ ਅੰਦਰ ਵਾਲੇ ਬਾਹਰ ਵੱਲ ਖਿੜਕੀ ਵਿੱਚੀਂ ਵੇਖਣ ਲੱਗੇ ,ਜਿਵੇਂ ਮੋਰਚੇ ਵਿਚ ਆਪਣੇ ਆਪ ਦਾ ਬਚਾਅ ਕਰ ਰਹੇ ਹੋਣ।ਉਹਨਾਂ ਨੇ ਸਿਰਫ ਨਿਸ਼ਾਨਾ ਹੀ ਸੇਧਿਆ ਸੀ।  
                   
ਉਲਟੇ ਬੋਹੜ ਵਰਗੀ ਬਿਲਡਿੰਗ ਦੀਆਂ ਉਪਰਲੀਆਂ ਮੰਜ਼ਲਾਂ ਦੀਆਂ ਸ਼ੀਸ਼ੇ ਵਾਲੀਆਂ ਖਿੜਕੀਆਂ ਵਿੱਚੀਂ  ਸਾਰੇ ਜਣੇ ਇਕ ਦਮ ਉਠ ਕੇ ਵੇਖਣ ਲੱਗੇ।ਉਹਨਾਂ ਦੇ ਮੂੰਹੋਂ ਏਨਾ ਕੁ ਹੀ ਨਿਕਲ ਸਕਿਆ , “ ਹੈਂ ?ਲੈਚੀ ਬਾ …?” ਉਹਨਾਂ ਦੀਆਂ ਜੀਭਾਂ ਤਾਲੂਏ ਨਾਲ ਲੱਗ ਗਈਆਂ।  
                   
ਲੈਚੀ ਬਾਬਾ ਨੇ ਹੈਂਡ-ਬੈਗ ਹਿਕ ਨਾਲ ਘੁੱਟਿਆ ਹੋਇਆ ਸੀ।ਚਿਹਰਾ ਮੁਸਕਰਾ ਰਿਹਾ ਸੀ।ਉਹਨਾਂ ਤੋਂ ਉਸ ਦੀ ਚਿਚੜੀ ਪਕੜ੍ਹ ਤੋਂ ਖੋਹਿਆ ਨਹੀਂ ਸੀ ਜਾ ਰਿਹਾ।ਉਹ ਡਿਗ ਪਿਆ।ਫਿਰ ਵੀ ਛਾਤੀ ਨਾਲੋਂ ਹੈਂਡ-ਬੈਗ ਅਲੱਗ ਨਹੀਂ ਸੀ ਹੋਇਆ।ਇਸ ਹੱਥੋ-ਪਾਈ ਨੂੰ ਭੌਤਿਕ-ਵਿਗਿਆਨ ,ਰਸਾਇਣ-ਵਿਗਿਆਨ ,ਜੀਵ ਜੰਤੂ-ਵਿਗਿਆਨ ,ਸਰੀਰਕ ਸਿਖਿਆ-         
                                                2

ਵਿਗਿਆਨ ਤੇ ਵਿਦਵਾਨਾਂ ਦੇ ਵਿਦਵਾਨ ਲੰਮੀ ਪੂਛ ਵਾਲੀਆਂ ਬਿਲਡਿੰਗਾਂ ਵਿਚੋਂ ਮੂੰਹ ‘ਚ ਉਂਗਲਾਂ ਪਾਈ ਵੇਖ ਰਹੇ ਸਨ।ਸਾਰਿਆਂ ਦੇ ਮੂੰਹੋਂ ਇਹੋ ਨਿਕਲਦਾ , “ ਹੈਂ ? ਲੈਚੀ ਬਾ … ?”  
                  
 ਕੋਈ ਵੀ ਅਜੇਹਾ ਆਮ ਤੋਂ ਖਾਸ ਬੰਦਾ ਨਹੀਂ ਸੀ ,ਜਿਸ ਨੂੰ ਉਸ ਨੇ ਲੈਚੀ ਨਾ ਦਿੱਤੀ ਹੋਵੇ।ਉਹ ਆਪਣੀ ਸੀਟ ‘ਤੇ ਬੈਠਾ ਹੁੰਦਾ ਜਾਂ ਕਿਸੇ ਕੰਮ ਲਈ ਤੁਰਿਆ ਜਾਂਦਾ।ਜਿਸ ਕਿਸੇ ਨੇ ਵੀ ਉਸ ਅਗੇ ਹੱਥ ਕਰ ਲੈਣਾ , “ਬਾ…।” ਤਾਂ ਅਗਲੇ ਦੇ ਮੂੰਹ ਵਿਚੋਂ ਲੈਚੀ ਸ਼ਬਦ ਨਿਕਲਣ ਤੋਂ ਪਹਿਲਾਂ ਹੀ ਹੱਸ ਕੇ ਪੈਂਟ ਦੀ ਜੇਬ ਵਿਚੋਂ ਨਿੱਕੀ ਜਿਹੀ ਪੋਟਲੀ ਦੇ ਮੂੰਹ ‘ਤੇ ਲਪੇਟੀ ਡੋਰ ਖੋਲ੍ਹ ਕੇ ਇਕ ਲੈਚੀ ਅਗਲੇ ਦੇ ਹੱਥ ‘ਤੇ ਰੱਖ ਦਿੰਦਾ।ਜੇ ਕਿਸੇ ਨੇ ਇਕ ਹੋਰ ਮੰਗ ਲ਼ੈਣੀ ਤਾਂ ਹੱਸ ਕੇ ਹੋਰ ਵੀ ਦੇ ਦਿੰਦਾ।ਪੋਟਲੀ ਉਤੇ ਡੋਰ ਲਪੇਟ ਕੇ ਪੈਂਟ ਦੀ ਜੇਬ ਵਿਚ ਪਾ ਕੇ ਤੁਰ ਪੈਂਦਾ ।
                   
ਉਹ ,ਲੈਚੀਆਂ ਤਾਂ ਬਾਜ਼ਾਰ ਤੋਂ ਖਰੀਦ ਕੇ ਲਿਆਉਂਦਾ ਪਰ ਹਰਿਮੰਦਿਰ ਸਾਹਿਬ ਦਾ ਹੀ ਪ੍ਰਸ਼ਾਦ ਮੰਨਦਾ ਸੀ।ਉਹ ਹਰ ਰੋਜ਼ ਹੀ ਸਵੇਰੇ ਸਵੇਰੇ ਨਤ ਮਸਤਕ ਹੋ ਕੇ ਆਉਂਦਾ।ਨਵੇਂ ਚੜ੍ਹੇ ਮਹੀਨੇ ਵਾਲੇ ਦਿਨ ਪ੍ਰਸ਼ਾਦ ਲੈ ਕੇ ਆਉਂਦਾ ਤੇ ਕਿਣਕਾ ਕਿਣਕਾ ਸਾਰਿਆਂ ਨੂੰ ਵੰਡਦਾ ਫਿਰਦਾ , “ ਵੰਡ ਕੇ ਛਕੋ ਭਾਈ ਵੰਡ ਕੇ

…ਇਮਾਨਦਾਰੀ ਨਾਲ ਕਿਰਤ ਕਰੋ ।” ਇਸ ਵਾਰੇ ਉਸ ਨੂੰ ਕਹਿਣ ਦੀ ਲੋੜ ਨਹੀਂ ਸੀ ਹੁੰਦੀ ਪਰ ਲੈਚੀ ਲ਼ੈਣ ਲਈ ਬਾਬਾ ਜੀ ਕਹਿ ਕੇ ਹੱਥ ਅੱਡਣਾ ਪੈਂਦਾ।ਜਿਹੜੇ ਨਹੀਂ ਸੀ ਕਹਿੰਦੇ ,ਉਹਨਾਂ ਨੂੰ ਵੀ ਦੇ ਦਿੰਦਾ।ਆਪਣੇ ਆਪ ਨੂੰ ਤਾਂ ਉਹ ਬਾਬਾ ਜੀ ਸਮਝਦਾ ਹੀ ਨਹੀਂ ਸੀ।ਉਸ ਦੇ ਵਤੀਰੇ ,ਸਲੀਕੇ ,      ਨਰਮਾਈ ਕਰਕੇ ਹੀ ਕਹਿਣ ਲੱਗ ਪਏ ਸੀ।ਉਹ ਇਲਾਹੀ ਬਾਣੀ ਦਾ ਨਿਮਾਣਾ ਜਿਹਾ ਸ਼ਰਧਾਲੂ ਬਣਿਆ ਰਹਿੰਦਾ , “ਹਮ ਚਾਕਰ ਤੇਰੇ ਦਰ ਕੇ ।”
                   
ਉਹ ਆਪਣੇ ਵਿਚਾਰ ਦੱਸਦਾ ਰਹਿੰਦਾ , “ ਬ੍ਰਹਿਮੰਡ ‘ਚ ਫੈਲੀ ਹੋਈ ,ਇਸ ਬਾਣੀ ਨੂੰ ਪੜ੍ਹੋ ,ਸਮਝੋ ਤੇ ਅਮਲ ਕਰਕੇ ਸੁਖੀ ਜੀਓ ਤੇ ਜੀਣ ਦਿਓ …।”
                  
 ਉਹ ਆਪਣੇ ਕੰਮ ਵਿਚ ਐਨਾ ਪੱਕਾ ਕਿ ਸਮੇਂ ਸਿਰ ਕੰਮ ਨਿਪਟਾ ਕੇ ਮੁਸਕਰਾਹਟਾਂ ਵੰਡਦਾ ਰਹਿੰਦਾ। ਆਪਣੇ ਕੰਮ ਤੋਂ ਇਲਾਵਾ ਵਾਧੂ ਵੀ ਕਰਵਾ ਦਿੰਦਾ।ਉਹ ਸ਼ੁਰੂ ਤੋਂ ਹੀ ਇਕੋ ਸੀਟ ‘ਤੇ ਕੰਮ ਕਰਦਾ ਆ ਰਿਹਾ ਸੀ।ਉਸ ਦੇ ਜਿੰਨੇ ਵੀ ਮੁੱਖੀ ਆਏ ,ਉਹਨਾਂ ਨੇ ਕਿਤੇ ਹੋਰ ਬਦਲੀ ਹੋਣ ਹੀ ਨਹੀਂ ਸੀ ਦਿੱਤੀ।  
                  
 ਸੁਰੱਖਿਆ ਅਮਲਾ ਹੌਲੀ ਹੌਲੀ ਸੁਚੇਤ ਹੋਇਆ।ਟੈਲੀਫੂਨ ,ਬਾਇਰਲੈਸਾਂ ਹੇਠਾਂ ਤੋਂ ਉਪਰ ਤੱਕ ਖੜਕ ਗਏ।ਸਾਰੇ ਗੇਟ ਬੰਦ ਕਰ ਦਿੱਤੇ ਗਏ।ਸੁਰੱਖਿਆ ਅਮਲਾ ਕਿਸੇ ਨੂੰ ਅੰਦਰ ਨਹੀਂ ਸੀ ਆਉਂਣ ਦੇ ਰਿਹਾ ਤੇ ਨਾ ਹੀ ਕੋਈ ਬਾਹਰ ਜਾ ਸਕਦਾ ਸੀ।ਤਲਾਸ਼ੀਆਂ ਸ਼ੁਰੂ ਹੋ ਗਈਆਂ।ਪੂਰੇ ਹਥਿਆਰਾਂ ਨਾਲ ਲੈਸ ਹੋਏ ਦਸਤੇ ਸ਼ੱਕ ਦੀ ਨਿਗਾਹ ਨਾਲ ਚਾਰੇ ਪਾਸੇ ਦਗੜ  ਦਗੜ ਕਰਦੇ ਫਿਰਨ ਲੱਗ ਪਏ।ਬਿਲਡਿੰਗਾਂ ਦੀਆਂ ਨੁਕਰਾਂ ਫਰੋਲਣ ਲੱਗੇ।ਉਹਨਾਂ ਦੀ ਪੂਰੀ ਘੇਰਾ-ਬੰਦੀ ਕਰਕੇ ਪੁੱਛ-ਗਿਛ ਹੋਣ ਲੱਗ ਪਈ।ਬਹੁਤੇ ਜਣੇ ਹੁਣੇ ਵਾਪਰਿਆ ਸਭ ਕੁਝ ਭੁੱਲ ਕੇ ਆਪਣੇ ਆਪ ‘ਤੇ ਤਸ਼ੱਦਦ ਹੋਣ ਦੇ ਡਰ ਨਾਲ ਸਹਿਮ ਗਏ।ਕਿਸੇ ਨੇ ਪੁੱਛਣਾ ਹੀ ਨਹੀਂ ਸੀ।ਨਾ ਹੀ ਕੋਈ ਉਜ਼ਰ ਸੁਣਨ ਨੂੰ ਤਿਆਰ ਹੋਣਾ ਸੀ।ਸਭ ਗੁੰਗੇ ਬਣਾ ਦੇਣ ਦੀ ਵਾਰੀ ਉਡੀਕਣ ਲੱਗ ਪਏ। ਉਹਨਾਂ ਦੇ ਦਿਲਾਂ ਦੀ ਧੜਕਣ ਵੱਧ ਗਈ ਸੀ।ਉਹ ਸੱਚੇ ਹੋਣ ਦੀ ਕੋਸ਼ਿਸ਼ ਕਰਨ ਲਈ ਚਿਹਰੇ ਠੀਕ ਰੱਖਣ ਦਾ ਮਨ ਬਣਾ ਰਹੇ ਸਨ।
                   
ਲੈਚੀ ਬਾਬਾ ਦੇ ਨਾਲ ਵਾਲੀਆਂ ਸੀਟਾਂ ਦੀਆਂ ਲੜਕੀਆਂ ਹੰਝੂ ਵਹਾਅ ਰਹੀਆਂ ਸਨ , “ਬਾਬਾ ਜੀ ਹੁਣੇ ਲੈਚੀਆਂ ਦੇ ਕੇ ਗਏ ਨੇ ।”
                   
ਪੂਰੇ ਅਦਾਰੇ ਦੀਆਂ ਅੱਖਾਂ ਵਿਚ ਅਥਰੂ ਸਨ।ਖ਼ਜਾਨਚੀ ਕਹਿ ਰਿਹਾ ਸੀ , “ ਮੇਰੇ ਸਟਾਫ ਨੂੰ ਬਾਬਾ ਜੀ ਇਕ ਇਕ ਲੈਚੀ ਵੰਡ ਕੇ ਹੁਣੇ ਗਏ ਨੇ।ਬੈਂਕ ਵਿਚੋਂ ਕੈਸ਼ ਆਉਂਦੀ ਸਾਰ ਸਭ ਤੋਂ ਪਹਿਲਾਂ ਉਸ ਨੂੰ ਹੀ ਵੱਡੇ ਬਲਾਕ ਦੀ ਸਾਰੀ ਤਨਖਾਹ ਦਿੱਤੀ ਜੇ।” ਉਸ ਦੇ ਸਟਾਫ ਦੀਆਂ ਅੱਖਾਂ ‘ਚ ਪਾਣੀ ਆਉਂਦਾ।ਉਹ ਵਾਰ ਵਾਰ ਸਾਫ ਕਰਦੇ।
                  
 ਕੈਸ਼ੀਅਰ ਨੇ ਡਰੇ ਹੋਇਆਂ ਹੀ ਬੈਂਕ ਮੁੱਖੀ ਨੂੰ ਸੂਚਨਾ ਦੇ ਦਿੱਤੀ।ਬੈਂਕ ਮੁੱਖੀ ਨੇ ਆਪਣੀ ਬੇਵਸੀ ਜਾਹਰ ਕਰ ਦਿੱਤੀ , “ਸਾਡੇ ਕੋਲੋਂ ਕੈਸ਼ ਜਾ ਚੁੱਕਾ ਸੀ।…ਉਹ ਹੋਰ ਬੈਂਕਾਂ ‘ਚ ਤਾਂ ਆ ਚੁੱਕੇ ਨੇ …ਸਾਡੇ ਕੋਲ ਵੀ ਆ ਸਕਦੇ ਨੇ …  
                                             3

ਬੰਦੇ ਉਹਨਾਂ ਲਈ ਕੋਈ ਚੀਜ਼ ਨਹੀਂ ।”
                    
ਕੈਸ਼ੀਅਰ ਹੋਰ ਘਬਰਾ ਗਿਆ।ਉਸ ਨੇ ਅਦਾਰੇ ਦੇ ਮੁੱਖੀ ਨੂੰ ਫੋਨ ਖੜਕਾ ਦਿੱਤਾ , “ ਸਾਹਬ ਜੀ ਮੇਰੇ ਕੋਲੋਂ ਤਾਂ ਕੈਸ਼ ਜਾ ਚੁੱਕੈ ?ਕਿਸ ਖਾਤੇ ‘ਚ …?”  
                    
ਅੱਗੋਂ ਤੁਰੰਤ ਉਤਰ ਆਇਆ , “ ਏਹ ਤੇਰੀ ਸਿਰਦਰਦੀ ? ਅਸੀਂ ਤਾਂ ਤੈਂਨੂੰ ਠੇਕਾ ਦਿੱਤਾ ਹੋਇਐ … ਉਹਨਾਂ ਦੇ ਫੋਨ ਵੀ ਆ ਚੁੱਕੇ ਨੇ ?ਜੋ ਅੜੇ ਸੋ ਝੜੇ।ਕੀ ਪਤਾ ਉਹ ਅਸਲੀ ਵੀ ਨੇ ?”
                     
ਅਦਾਰੇ ਦੇ ਸਾਰੇ ਮੁੱਖੀਆਂ ਨੇ ਇਕ ਦੂਜੇ ਨੂੰ ਫੋਨ ਖੜਕਾਏ , “ਹੁਣ ਕੀ ਕਰੀਏ ?” ਕਿਸੇ ਨੂੰ ਵੀ ਕੁਝ ਸੁਝ ਨਹੀਂ ਸੀ ਰਿਹਾ ।
                      
ਉਹ ਹਰ ਮਹੀਨੇ ਆਪਣੇ ਬਲਾਕ ਦੀ ਤਨਖਾਹ ਲਿਆਉਣਾ ਆਪਣੀ ਜਿੰਮੇਵਾਰੀ ਸਮਝਦਾ ਸੀ। ਸਾਰਿਆਂ ਨੂੰ ਆਪ ਹੀ ਵੰਡਦਾ।ਕਿਸੇ ਨੂੰ ਵੀ ਅਜੇਹਾ ਕੁਝ ਹੋਣ ਦਾ ਖ਼ਾਬੋ-ਖ਼ਿਆਲ ਨਹੀਂ ਸੀ।ਉਹ ਆਪਣੇ ਮਸਤ ਖ਼ਿਆਲਾਂ  ‘ਚ ਹੈਂਡ-ਬੈਗ ਨੂੰ ਘੁੱਟ ਕੇ ਫੜੀ ਆ ਰਿਹਾ ਸੀ।ਅੱਧਾ ਕਿਲੋ-ਮੀਟਰ ਤਕ ਦਾ ਫਾਸਲਾ ਤਹਿ ਕਰਨਾ ਸੀ ,ਜਿਵੇਂ ਹਰ ਵਾਰ ਉਹ ਕਰਦਾ।ਕੁਝ ਜਣੇ ਖੁੱਲੀ ਥਾਂ ‘ਚ ਕੰਨਟੀਨ ਦੇ ਆਲੇ-ਦੁਆਲੇ ਚਾਹ ਦੀਆਂ ਚੁਸਕੀਆਂ ਲੈ ਰਹੇ ਸੀ।ਕੰਮ ਦੇ ਬੋਝ ਤੋਂ ਮੁਕਤ ਹੋਣ ਲਈ ਹਾਸੇ ਠੱਠੇ ਨਾਲ ਉਹਨਾਂ ਨੇ ਤਣਾਅ ਤੋਂ ਛੁਟਕਾਰਾ ਪਾ ਲੈਣਾ ਸੀ।
                       
ਕੁਝ ਚਿਰ ਉਸ ਦਾ ਜੱਫਾ ਲੱਗਾ ਰਿਹਾ।ਜਦੋਂ ਉਹ ਹੇਠਾਂ ਡਿਗ ਕੇ ਤੜਫਣ ਲੱਗਾ ਤਾਂ ਕਿਸੇ ਨੇ ਕੋਲ  ਜਾਣ ਦੀ ਹਿੰਮਤ ਨਹੀਂ ਕੀਤੀ।ਉਹਨਾਂ ਦੇ ਗਾਇਬ ਹੋ ਜਾਣ ਬਾਅਦ ਵੀ ਕੋਈ ਨੇੜੇ ਨਹੀਂ ਗਿਆ।ਹਰ ਇਕ ਨੂੰ ਆਪਣੀ ਜਾਨ ਪਿਆਰੀ ਸੀ।ਬਾਅਦ ‘ਚ ਅੱਡ ਅੱਡ ਟੋਲੀਆਂ ‘ਚ ਹੌਲੀ ਹੌਲੀ ਗੱਲਾਂ ਵੀ ਕਰਨ ਲੱਗ ਪਏ ,
                      
‘ ਬਾਬਾ ਜੀ ਨੂੰ ਬੈਗ ਸੁਟ ਦੇਣਾ ਚਾਹੀਦਾ ਸੀ।’
                       ‘ ਲੈਚੀ ਦੇ ਦਿੰਦੇ ਇਕ ਇਕ ।’
                       ‘ ਬੈਗ ਘੁੱਟ ਕੇ ਨਹੀਂ ਸੀ ਫੜਨਾ ਚਾਹੀਦਾ ।’
                       ‘ ਭਾਊ ਜੋ ਹੋ ਗਿਆ ਸੋ ਹੋ ਗਿਆ , ਹੁਣ … ?’  
                       ‘ ਹੁਣ ਨਾ ਅਦਾਰੇ ਨੇ ਕੁਝ ਕਰਨੈ ਨਾ ਸਰਕਾਰ ਨੇ ?’
                       ‘ ਆਹੋ ਭਾਊ ਹੁਣ ਤਕ ਕੀ ਕੀਤੈ … ਕਿੰਨਾ ਕੁਝ ਹੋ ਚੁਕਿਐ ?’
                       ‘ ਕੋਈ ਜਿੰਮੇਵਾਰੀ ਲੈਣ ਲਈ ਤਿਆਰ ਹੀ ਨਹੀਂ ।’
                       ‘ ਅਦਾਰੇ ‘ਚ ਭੋਗ ਪਾ ਕੇ ਲੰਮੇ ਲੰਮੇ ਭਾਸ਼ਣਾਂ ਨਾਲ ਸ਼ਰਧਾਂਜਲੀ ਦੇ ਦੇਣਗੇ ।’
                       ‘ ਹਾਂ ਭਾਊ ਲੈਚੀਆਂ ਦਾ ਪ੍ਰਸ਼ਾਦ ਵੀ ਦੇਣਗੇ ।’
                       ‘ ਵਿਚਾਰਾ ਦਰਵੇਸ਼ … ।’
                     
ਉਸ ਦੇ ਘਰ ਟੈਲੀਫੂਨ ਕਰ ਦਿੱਤਾ ਗਿਆ ਸੀ।ਉਸ ਦੀ ਪਤਨੀ ਨੂੰ ਸੱਚ ਨਹੀਂ ਸੀ ਆ ਰਿਹਾ। ਉਹ ਕਹਿ ਰਹੀ ਸੀ , “ਨਿਤ ਨੇਮੀ ਨਾਲ ਅਜੇਹਾ ਹੋ ਹੀ ਨਹੀਂ ਸਕਦਾ।ਉਸ ਦੀ ਸੱਚੀ ਲੱਗਨ ਬਚਾਅ ਲਵੇਗੀ।ਪ੍ਰਸ਼ਾਦ ਵੰਡਣ ਵਾਲੇ ਦਾ ਕੋਈ ਦੁਸ਼ਮਣ ਨਹੀਂ ਹੋ ਸਕਦਾ।ਕਦੇ ਕਿਸੇ ਨੂੰ ਉਚਾ ਨੀਵਾਂ ਬੋਲਿਆ ਹੀ ਨਹੀਂ ਸੀ।”
                     
ਉਸ ਦੀ ਬੱਚੀ ਵਾਰ ਵਾਰ ਕਹਿ ਰਹੀ ਸੀ , “ ਪਾਪਾ ਨੇ ਘਰ ‘ਚ ਕਿਸੇ ਨੂੰ ਝਿੜਕਿਆ ਨਹੀਂ ਜੇ।ਉਹ ਹੋਰ ਵੀ ਕਿਸੇ ਨੂੰ ਕੁਝ ਨਹੀਂ ਕਹਿ ਸਕਦੇ ?ਪਾਪਾ ਨੂੰ ਬਾਣੀ ਕੁਝ ਵੀ ਨਹੀਂ ਹੋਣ ਦੇਵੇਗੀ ।”
                                              4
                    
ਉਹਨਾਂ ਗਭਰੂਆਂ ਨੇ ਬਾਬਾ ਜੀ ਦੇ ਕੋਲ ਆਉਣ ਤਕ ਕਿਸੇ ਨੂੰ ਸ਼ਕ ਨਹੀਂ ਸੀ ਹੋਣ ਦਿੱਤਾ ਕਿ ਉਹ ਕਿਸ ਇਰਾਦੇ ਨਾਲ ਆਏ ਨੇ।ਆਮ ਵਾਂਗ ਹੀ ਉਸ ਦੇ ਅੱਗੇ ਪਿੱਛੇ ਰਹੇ।ਛੇ ਬਿਲਡਿੰਗਾਂ ਦੇ ਵਿਚਕਾਰ ਖੁੱਲੀ ਥਾਂ ਆ ਕੇ ਉਹ ਉਸ ਦੇ ਅੱਗੇ ਹੋ ਗਏ।ਉਹਨਾਂ ਨੇ ਹਲੀਮੀ ਨਾਲ ਹੈਂਡ-ਬੈਗ ਦੇਣ ਲਈ ਇਸ਼ਾਰਾ ਕੀਤਾ।
                     
ਉਸ ਨੇ ਹੱਸਦਿਆਂ ਨਾਂਹ ਕਰ ਦਿੱਤੀ ਤੇ ਲੈਚੀ ਦੇਣ ਲਈ ਕੱਢਣ ਲੱਗਾ।ਉਹਨਾਂ ਨੇ ਫੁਰਤੀ ਨਾਲ ਸਿਧੀ ਉਂਗਲ ਦਾ ਇਸ਼ਾਰਾ ਹੈਂਡ-ਬੈਗ ਵੱਲ ਕਰ ਦਿੱਤਾ।ਉਸ ਨੇ ਫਿਰ ਹੱਸ ਕੇ ਸਿਰ ਫੇਰ ਦਿੱਤਾ ਤੇ ਹੈਂਡ-ਬੈਗ ਛਾਤੀ ਨਾਲ ਘੁੱਟ ਲਿਆ ।ਉਹਨਾਂ ਨੇ ਹੈਂਡ-ਬੈਗ ਨੂੰ ਹੱਥ ਪਾਇਆ।ਉੇਸ ਨੇ ਹੋਰ ਘੁੱਟ ਲਿਆ।
                     
ਉਹਨਾਂ ਨੇ ਦੱਬਕਾ ਮਾਰਿਆ।ਉਹ ਆਪਣੀ ਜ਼ਿਦ ‘ਤੇ ਅੜਿਆ ਰਿਹਾ।ਇਕ ਜਣੇ ਨੇ ਜਿਆਦਾ ਸਮਾਂ ਨਾ ਗੁਆਉਣ ਕਰਕੇ ਆਪਣਾ ਹਥਿਆਰ ਕੱਢ ਕੇ ਸਿਧਾ ਕਰ ਦਿੱਤਾ ਤੇ ਆਵਾਜ਼ ਆਸਮਾਨ ਚੀਰ ਗਈ …।  
                     
ਉਹ ਡਿਗਿਆ ਪਿਆ ਤੜਫਿਆ ਤੇ ਮੁਸਕਰਾ ਕੇ ਪੈਂਟ ਦੀ ਜੇਬ ਵਿਚੋਂ ਲੈਚੀਆਂ ਦੀ ਪੋਟਲੀ ਕੱਢ ਕੇ ਉਸ ਦਾ ਮੂੰਹ ਖੋਲ੍ਹ ਦਿੱਤਾ।ਲੈਚੀਆਂ ਖਿਲਰ ਕੇ ਲਾਲੋ ਲਾਲ ਹੋ ਗਈਆਂ …।ਉਸ ਦੇ ਬੁੱਲ੍ਹ ਫਰਕੇ , “ ਲੈਚੀਆਂ ਤਾਂ … ਲੈ … ਜੋ … ਅ … ?”  
                                         
                                                   ਸੰਪਰਕ: 98728 23511

Comments

Charanjit Pannu

Please find a story AAKHRI CHEEK Sincerely, Charanjit Singh Pannu.

Security Code (required)



Can't read the image? click here to refresh.

Name (required)

Leave a comment... (required)





ਕਹਾਣੀ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ