ਬਦਲ ਤੂੰ ਵੀ -ਕ੍ਰਿਸ਼ਨ ਬੇਤਾਬ
Posted on:- 24-02-2013
ਘਰ ਵਿੱਚ ਅੱਜ ਉਹ ਇਕੱਲਾ ਹੀ ਸੀ।ਉਸਦੀ ਪਤਨੀ ਬੇਟੀ ਅਤੇ ਬੇਟਾ ਇੱਕ ਵਿਆਹ ’ਚ ਗਏ ਹੋਏ ਸਨ।ਜਾਣਾ ਤਾਂ ਉਸ ਨੇ ਵੀ ਸੀ ਪਰ ਉਸ ਨੇ ਜਾਨ ਕੇ ਉਨ੍ਹਾਂ ਨਾਲ ਜਾਣ ਤੋਂ ਪਿੱਛਾ ਛੁੜਾ ਲਿਆ ਸੀ। ਉਸ ਦਾ ਕਹਿਣਾ ਸੀ ਕਿ ਕੱਲ੍ਹ ਹੀ ਤਾਂ ਬੁਖਾਰ ਉਤਰਿਆ ਹੈ, ਕਮਜ਼ੋਰੀ ਬਹੁਤ ਹੈ।ਵਿਆਹ ਵਿੱਚ ਕੁਝ ਖਾਧਾ-ਪੀਤਾ ਜਾਉ ਤਾਂ ਬਦਪਰਹੇਜ਼ੀ ਮਲੋਮੱਲੀ ਹੋ ਜਾਉ।ਜੇ ਦੁਬਾਰਾ ਬਿਮਾਰ ਪੈ ਗਿਆ ਤਾਂ? ਇਸ ਲਈ ਮੈਨੂੰ ਘਰ ਹੀ ਰਹਿਣ ਦਿਉ। ਮਗਰ ਸੱਚਾਈ ਕੁਝ ਹੋਰ ਹੀ ਸੀ।ਦਰਅਸਲ ਸ਼ਾਦੀ ਦੇ ਸ਼ਬਦ ਨਾਲ ਉਸ ਨੂੰ ਪਤਾ ਨਹੀਂ ਕੀ ਹੋਣ ਲਗਦਾ ਸੀ।ਆਪਣੀ ਕੋਠੇ ਜੇਡੀ ਧੀ ਨੂੰ ਵੇਖ ਵੇਖ ਉਸ ਦਾ ਪਿੰਡਾ ਦਿਨ-ਬ-ਦਿਨ ਘੁਲਦਾ ਜਾ ਰਿਹਾ ਸੀ, ਜਿਸ ਦੀ ਉਮਰ ਸ਼ਬਾਬ ਦੀਆਂ ਮੰਜ਼ਿਲਾਂ ਨੂੰ ਪਾਰ ਕਰਦੀ ਜਾ ਰਹੀ ਸੀ। ਧਰਮ ਪਤਨੀ ਹਰ ਵੇਲ਼ੇ ਉਸ ਨੂੰ ਟੋਕਦੀ ਰਹਿੰਦੀ ਸੀ ਕਿ ਕਦ ਕਰੋਗੇ ਧੀ ਦਾ ਵਿਆਹ? ਵਿਆਹ ਤਾਂ ਕੱਲ੍ਹ ਕਰ ਦਿਆਂ ਪਰ ਤੇਰੀ ਇਨ੍ਹਾਂ ਸ਼ਰਤਾਂ ਦਾ ਕੀ ਕਰਾਂ, ਕਿ ਘਰਾਣਾ ਸਾਡੇ ਮੇਚ ਦਾ ਹੋਵੇ।ਜੇ ਮੁੰਡਾ ਸਹੀ ਮਿਲਦਾ ਹੈ ਤਾਂ ਘਰ ਠੀਕ ਨਹੀਂ ਮਿਲਦਾ, ਜੇ ਘਰ ਸਹੀ ਮਿਲਦਾ ਹੈ ਤਾਂ ਮੁੰਡਾ ਠੀਕ ਨਹੀਂ ਮਿਲਦਾ।
ਘਰ ਜਮ੍ਹਾਂ ਸੁੰਨਾ ਸੀ, ਕੜਾਕੇ ਦੀ ਧੁੱਪ ਨੇ ਵਾਤਾਵਰਨ ਨੂੰ ਭੱਠੀ ਵਾਂਗ ਤਪਾ ਰੱਖਿਆ ਸੀ।ਉਸ ਨੇ ਕਮਰੇ ਦੀਆਂ ਤਾਕੀਆਂ ਬੰਦ ਕਰ ਦਿੱਤੀਆਂ ਅਤੇ ਪਲੰਘ ’ਤੇ ਪੈ ਗਿਆ।ਪਰ ਪਏ-ਪਏ ਉੱਪਰ ਚੱਲਦੇ ਬਿਜਲੀ ਦੇ ਪੱਖੇ ਨੂੰ ਦੇਖ ਕੇ ਉਸ ਨੂੰ ਚੰਦਰ ਪ੍ਰਕਾਸ਼ ਦੀ ਯਾਦ ਕਿਉਂ ਆ ਗਈ, ਜਿਸ ਨੇ ਹੁਣੇ ਹੁਣੇ ਖ਼ੁਦਕੁਸ਼ੀ ਕਰ ਲਈ ਸੀ।ਉਸ ਨੇ ਸੋਚਿਆ ਭਲਾ ਚੰਦਰੇ ਨੂੰ ਅਜਿਹੀ ਕੀ ਮਜਬੂਰੀ ਹੋ ਗਈ ਸੀ, ਅਜਿਹਾ ਕਿਹੜਾ ਦੁੱਖ ਸੀ, ਅਜਿਹੀ ਕਿਹੜੀ ਬੇਜ਼ਾਰੀ ਸੀ ਜੋ ਉਸ ਨੇ ਇੱਕ ਹੀ ਝਟਕੇ ਵਿੱਚ ਆਪਣੀ ਜ਼ਿੰਦਗੀ ਦਾ ਖ਼ਾਤਮਾ ਕਰ ਲਿਆ। ਹਾਲੇ ਉਸ ਦੀ ਰਿਟਾਇਰਮੈਂਟ ਵਿੱਚ ਵੀ ਕੁਝ ਮਹੀਨੇ ਬਾਕੀ ਸਨ।ਚੋਖੀ ਰਕਮ ਉਸ ਨੂੰ ਭਾਰ ਮੁਕਤ ਹੋਣ ’ਤੇ ਮਿਲਣ ਵਾਲੀ ਸੀ।ਇੱਕ ਹੀ ਤਾਂ ਕੁੜੀ ਸੀ ਉਸ ਚੰਦਰੇ ਦੀ।ਬਹੁਤ ਪਿਆਰ ਕਰਦਾ ਸੀ ਉਹ ਆਪਣੀ ਧੀ ਨੂੰ ਤਾਂ ਹੀ ਤਾਂ ਉਸਨੇ ਆਪਣੀ ਧੀ ਨੂੰ ਆਪਣੇ ਮਨ ਪਸੰਦ ਮੁੰਡੇ ਨਾਲ ਵਿਆਹ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਸੀ।ਪ੍ਰੰਤੂ ਕੁੜੀ ਦੀ ਮਨ ਪਸੰਦ ਸ਼ਾਦੀ ਕਰਨ ’ਤੇ ਉਸ ਦੇ ਘਰ ਬਹੁਤ ਸਿਆਪਾ ਹੋਇਆ ਸੀ।ਆਪਸ ਵਿੱਚ ਮੀਆਂ ਬੀਵੀ ਦੀ ਤਕਰਾਰ ਇੰਨੀ ਤਾਂ ਭਿਆਨਕ ਨਹੀਂ ਸੀ ਕਿ ਉਹ ਆਪਣੀ ਜਾਨ ਦੇ ਦਿੰਦਾ।ਹੁਣ ਧਰਮ ਪਤਨੀ ਹਰ ਵੇਲੇ ਵਰਲਾਪ ਕਰਦੀ ਰਹਿੰਦੀ ਹੈ ਕਿ ਜਿਵੇਂ ਸੱਪ ਨਿਕਲਣ ’ਤੇ ਲਕੀਰ ਨੂੰ ਕੋਈ ਪਿੱਟਦਾ ਰਹਿੰਦਾ ਹੈ।
ਪਤਨੀਆਂ ਤਾਂ ਸਾਰਿਆਂ ਦੀਆਂ ਚੰਗੇਜ਼ੀ ਹੁੰਦੀਆਂ ਹਨ।ਹੋਰਾਂ ਨਾਲ ਤਾਂ ਘੁਲ ਮਿਲ ਕੇ ਗੱਲਾਂ ਕਰਦੀਆਂ ਹਨ ਪਰ ਜਿੱਥੇ ਖ਼ਸਮ ਸਾਹਮਣੇ ਆਇਆ ਨਹੀਂ ਕਿ ਮੱਥੇ ’ਤੇ ਵੱਟ ਪਏ ਨਹੀਂ। ਹਰ ਵੇਲੇ ਤਾਹਨਿਆਂ ਦੇ ਤੀਰ ਚਲਾਉਣਾ ਇਹ ਅਦਾ ਚੰਦਰ ਦੀ ਪਤਨੀ ਦੀ ਹੀ ਨਹੀਂ, ਸਾਰਿਆਂ ਦੀਆਂ ਪਤਨੀਆਂ ਵਿੱਚ ਹੁੰਦੀ ਹੈ।ਚੰਦਰ ਦੀ ਪਤਨੀ ਦਾ ਹਰ ਵੇਲੇ ਆਪਣੇ ਪਤੀ ਨੂੰ ਉੱਠਦਿਆਂ ਬੈਠਦਿਆਂ ਇਹੀ ਕਹਿਣਾ ਕਿ ਤੁਸੀਂ ਆਪਣੇ ਪੈਸੇ ਬਚਾਉਣ ਲਈ ਆਪਣੀ ਧੀ ਦੀ ਕੋਰਟ ਮੈਰਿਜ ਕਰਵਾ ਦਿੱਤੀ।
ਆਪਣੀ ਧੀ ਨੂੰ ਇੰਨੀ ਖੁੱਲ੍ਹ ਦਿੱਤੀ ਕਿ ਉਸਦਾ ਹੌਸਲਾ ਇੰਨਾ ਵਧਿਆ ਕਿ ਵਿਆਹ ਵੀ ਉਸ ਦੀ ਧੀ ਨੇ ਗ਼ੈਰ ਬਰਾਦਰੀ ਵਿੱਚ ਕਰ ਲਿਆ।ਉਸ ਦੀ ਪਤਨੀ ਦਾ ਚੰਦਰ ’ਤੇ ਦੋਸ਼ ਸੀ ਕਿ ਨਾ ਦਾਨ, ਨਾ ਦਹੇਜ, ਨਾ ਵਾਜਾ, ਨਾ ਗਾਜਾ, ਨਾ ਗੀਤ, ਨਾ ਟੱਪੇ, ਨਾ ਵਿਆਹ ਦੀਆਂ ਰੌਣਕਾਂ। ਪਰ ਇਸ ਦਾ ਕਦੇ ਵੀ ਇਹ ਮਤਲਬ ਨਹੀਂ ਸੀ ਨਿਕਲਦਾ ਕਿ ਉਹ ਆਤਮ ਹੱਤਿਆ ਕਰਦਾ। ਵਿਆਹ ਹੋ ਚੁੱਕਾ ਸੀ, ਘਰ ਵੱਸ ਗਿਆ ਸੀ।ਜੀਵਨ ਤਾਂ ਮੁੰਡੇ ਕੁੜੀ ਨੇ ਕੱਟਣਾ ਸੀ। ਜਦ ਮੀਆਂ ਬੀਵੀ ਰਾਜ਼ੀ ਤਾਂ ਕੀ ਕਰੁ ਕਾਜ਼ੀ।ਚੰਦਰ ਤਾਂ ਬਹੁਤ ਸੁਲ੍ਹਾ-ਸਫਾਈ ਵਾਲਾ ਬੰਦਾ ਸੀ ਪਰ ਕਰਮਾਂ ਦੇ ਮਾੜੇ ਬੰਦੇ ਨੇ ਖ਼ੁਦ ਨਾਲ ਸਮਝੋਤਾ ਨਾ ਕੀਤਾ।ਆਨਰ ਕਿਲਿੰਗ ਕਰਨ ਦੀ ਉਸ ਵਿੱਚ ਹਿੰਮਤ ਨਹੀਂ ਸੀ। ਆਪਣੇ ਆਪ ਨੂੰ ਹੀ ਖ਼ਤਮ ਕਰ ਲਿਆ।
ਪ੍ਰਕਾਸ਼ ਨੂੰ ਪਏ ਪਏ ਪਤਾ ਨਹੀਂ ਕਿਉਂ ਇਹ ਜਾਪਿਆ ਕਿ ਮੇਰੀ ਅਤੇ ਚੰਦਰ ਦੀ ਇੱਕ ਜੈਸੀ ਹੀ ਕਹਾਣੀ ਹੈ। ਮੇਰੇ ਹਾਲਾਤ ਇਨ ਬਿਨ ਉਸ ਦੇ ਨਾਲ ਮੇਲ ਖਾ ਰਹੇ ਹਨ।ਮਸਲਾ ਉਸਦੀ ਕੁੜੀ ਦੀ ਸ਼ਾਦੀ ਦਾ ਸੀ ਅਤੇ ਇਹੀ ਪੋਜਿਸ਼ਨ ਮੇਰੀ ਧੀ ਦੀ ਸ਼ਾਦੀ ਦੀ ਹੈ।ਪਤਨੀ ਉਸਦੀ ਤਾਹਨੇ ਮਾਰਦੀ ਸੀ ਅਤੇ ਮੇਰੀ ਪਤਨੀ ਦਾ ਵੀ ਇਹੀ ਫ਼ਰਮਾਨ ਹੈ ਕਿ ਖ਼ਾਨਦਾਨ ਉੱਚਾ ਚਾਹੀਦਾ ਹੈ।
ਐਦਾਂ ਪਏ ਪਏ ਖ਼ਿਆਲਾਂ ਦੀ ਉਡਾਨ ਚੰਦਰ ਨੂੰ ਪਤਾ ਨਹੀਂ ਕਿੱਥੇ ਤੋਂ ਕਿੱਥੇ ਲੈ ਗਈ।ਹੌਲ਼ੀ-ਹੌਲੀ ਖ਼ੁਦਕੁਸ਼ੀ ਦਾ ਕੀੜਾ ਉਸਦੇ ਦਿਮਾਗ਼ ਵਿੱਚ ਵੀ ਕੁਰਬਲ ਕੁਰਬਲ ਕਰਨ ਲੱਗ ਪਿਆ। ਘਰ ਸੁੰਨਾ ਸੀ, ਦੁਪਹਿਰ ਦਾ ਵੇਲ਼ਾ, ਕੋਈ ਵੀ ਆਸ-ਪਾਸ ਨਹੀਂ ਸੀ। ਦੂਰ-ਦੂਰ ਤੱਕ ਕੋਈ ਵੀ ਆਹਟ ਉਸ ਨੂੰ ਸੁਣਾਈ ਨਹੀਂ ਸੀ ਦੇ ਰਹੀ। ਕੁੜੀ ਦੀ ਸ਼ਾਦੀ ਨੂੰ ਲੈਕੇ ਉਸਦੀ ਧਰਮ ਪਤਨੀ ਹਰ ਵੇਲ਼ੇ ਨੱਕ ਨਾ ਕੱਟ ਜਾਏ ਦੀ ਰਾਗਣੀ ਅਲਾਪਦੀ ਰਹਿੰਦੀ ਸੀ। ਜਿਵੇਂ ਹਨੇਰੇ ਵਿੱਚ ਚਾਰੇ ਪਾਸਿਉਂ ਕਾਕਰੋਚ ਨਿਕਲਣੇ ਸ਼ੁਰੂ ਹੋ ਜਾਂਦੇ ਹਨ।ਇਸੇ ਤਰ੍ਹਾਂ ਪ੍ਰਕਾਸ਼ ਦੇ ਇਕੱਲੇਪਨ ਨੇ ਉਸ ਦੀਆਂ ਸਾਰੀਆਂ ਨਾਕਾਮੀਆਂ ਅਤੇ ਤਲਖ਼ੀਆਂ ਨੇ ਆਣ ਘੇਰਿਆ ਅਤੇ ਉਸ ਦਾ ਵੀ, ਬਜਾਏ ਉਨ੍ਹਾਂ ਦਾ ਮੁਕਾਬਲਾ ਕਰਨ ਦੇ ਖ਼ੁਦਕੁਸ਼ੀ ਦਾ ਪੱਕਾ ਇਰਾਦਾ ਕਰ ਲਿਆ।
ਇਸ ਤਰ੍ਹਾਂ ਸੋਚਦੇ ਸੋਚਦੇ ਉਹ ਖ਼ੁਦਕੁਸ਼ੀ ਕਰਨ ਮਗਰੋਂ ਉਸ ਬਾਰੇ ਲੋਕਾਂ ਦਾ ਪ੍ਰਤੀਕਰਮ ਅਤੇ ਤਬਸਰਿਆਂ ਮੁਤੱਲਕ ਸੋਚਣ ਲੱਗ ਪਿਆ।ਉਹ ਖ਼ੁਦ ਲੋਕਾਂ ਨੂੰ ਕਿਹਾ ਕਰਦਾ ਸੀ ਕਿ ਖ਼ੁਦਕੁਸ਼ੀ ਕਰਨਾ ਤਾਂ ਕਾਇਰਾਂ ਦਾ ਕੰਮ ਹੁੰਦਾ ਹੈ। ਚੰਦਰ ਪਰਲੇ ਦਰਜੇ ਦਾ ਕਮਜ਼ੋਰ ਬੰਦਾ ਸਿੱਧ ਹੋਇਆ, ਜੋ ਮੁਸੀਬਤਾਂ ਨੂੰ ਨਾ ਝੱਲ ਸਕਿਆ। ਹੁਣ ਲੋਕ ਉਸ ਬਾਰੇ ਵੀ ਤਾਂ ਏਹੀ ਕਹਿਣਗੇ, ਹੋਰਾਂ ਨੂੰ ਤਾਂ ਮੱਤਾਂ ਦਿਆ ਕਰਦਾ ਸੀ ਆਪ ਨੇ ਕੀ ਚੰਨ ਚਾੜ੍ਹਿਆ ਹੈ। ਜ਼ਿੰਦਗੀ ਤੋਂ ਫ਼ਰਾਰ ਵੀ ਕੋਈ ਮਰਦਾਨਗੀ ਹੈ।ਪਰ ਉਸ ਨੇ ਸੋਚਿਆ ਲੋਕਾਂ ਦਾ ਕੀ ਹੈ।ਕਿਸੇ ਨੂੰ ਕਿਸੇ ਦੇ ਦਰਦ ਦਾ ਕੀ ਪਤਾ ਜਦ ਤੱਕ ਖ਼ੁਦ ਦੀ ਅੱਡੀ ਨਾ ਪਾਟੀ ਹੋਵੇ।ਜਿਸ ਤਨ ਲੱਗੇ ਸੋ ਤਨ ਜਾਨੇ। ਕੌਣ ਕਹਿੰਦਾ ਹੈ ਕਿ ਮਰਨਾ ਬੁਜ਼ਦਿਲੀ ਹੈ।ਮਰਨਾ ਤਾਂ ਬਹੁਤ ਵੱਡੇ ਜਿਗਰੇ ਦਾ ਕੰਮ ਹੈ।ਪੱਥਰ ਦਾ ਕਾਲਜਾ ਚਾਹੀਦਾ ਹੈ ਮਰਨ ਲਈ।ਇਸੇ ਤਰ੍ਹਾਂ ਪ੍ਰਕਾਸ਼ ਖ਼ੁਦ ਨੂੰ ਤਸੱਲੀਆਂ ਦਿੰਦਾ ਖ਼ੁਦਕੁਸ਼ੀ ਲਈ ਤਿਆਰ ਹੋ ਗਿਆ।
ਉਸ ਨੂੰ ਆਪਣੀ ਪਤਨੀ ਦੀ ਇਹ ਗੱਲ ਹਰ ਵੇਲ਼ੇ ਚੋਭਾਂ ਮਾਰਦੀ ਰਹਿੰਦੀ ਸੀ ਕਿ ਮੈਂ ਆਪਣੀ ਧੀ ਦਾ ਵਿਆਹ ਕਿਸੇ ਐਰੇ-ਗ਼ੈਰੇ ਨਾਲ ਨਹੀਂ ਕਰਨਾ ਜਿਵੇਂ ਚੰਦਰ ਨੇ ਆਪਣੀ ਧੀ ਦਾ ਕੀਤਾ ਹੈ। ਵਿਆਹ ਕਰਨਾ ਹੈ ਧੂਮ ਧਾਮ ਨਾਲ ਜਿਸ ਵਿੱਚ ਵਾਜੇ-ਗਾਜੇ ਵੱਜਣ, ਦੀਪ ਮਾਲਾ ਹੋਵੇ, ਸ਼ਾਨਦਾਰ ਖਾਣਾ ਹੋਵੇ ਅਤੇ ਬਰਾਤ ਦੀ ਖ਼ੂਬ ਖ਼ਾਤਰ ਹੋਵੇ। ਉਹ ਸੋਚ ਰਿਹਾ ਸੀ ਆਖਿਰ ਉਹ ਹੈ ਕੀ? ਕੇਵਲ ਇੱਕ ਕਲਰਕ ਹੀ ਤਾਂ ਹੈ। ਦੋ ਵਾਰ ਤਾਂ ਉਹ ਪਰਾਵੀਡੈਂਟ ਫੰਡ ਕਢਵਾ ਕੇ ਮੁੰਡਾ ਟੋਲਣ ’ਤੇ ਖ਼ਰਚ ਚੁੱਕਾ ਸੀ। ਫਿਰ ਵੀ ਮੁੰਡਾ ਪਤਨੀ ਦੇ ਨੱਕ ਹੇਠ ਨਹੀਂ ਆਇਆ।
ਸੋਚਦੇ ਸੋਚਦੇ ਦੁਪਹਿਰ ਤੋਂ ਸ਼ਾਮ ਹੋ ਗਈ, ਸ਼ਾਮ ਤੋਂ ਅੱਧੀ ਰਾਤ ਬੀਤ ਗਈ। ਉੱਧਰ ਉਹਦੀ ਪਤਨੀ ਸ਼ਹਿਨਾਈਆਂ ਦੇ ਮਧੁਰ ਸੰਗੀਤ ਦਾ ਆਨੰਦ ਲੈ ਰਹੀ ਸੀ ਅਤੇ ਇੱਧਰ ਪ੍ਰਕਾਸ਼ ਆਪਣੀ ਨੱਕ ਰੱਖਣ ਲਈ ਕਮਰੇ ’ਚ ਇਕੱਲਾ ਪਿਆ ਖ਼ੁਦ ਨੂੰ ਮੌਤ ਦੇ ਹਵਾਲੇ ਕਰਨ ਜਾ ਰਿਹਾ ਸੀ। ਮਰਨ ਦੇ ਡਰ ਤੋਂ ਇੱਕ ਵਾਰ ਉਹ ਕਾਗ਼ਜ਼ ਵਾਂਗ ਫੜਫੜਾਇਆ ਪਰ ਦੂਸਰੇ ਪਲ ਉਹ ਪੱਕੇ ਇਰਾਦੇ ਨਾਲ ਪਲੰਘ ਤੋਂ ਉੱਠਿਆ। ਉਸ ਨੇ ਚਾਰੇ ਪਾਸੇ ਨਿਗ਼ਾਹ ਫੇਰੀ।ਉਸ ਨੂੰ ਕਿਤੇ ਰੱਸੀ ਨਜ਼ਰ ਨਾ ਆਈ।ਅਖੀਰ ਉਸ ਦੀ ਨਜ਼ਰ ਆਪਣੀ ਪੈਂਟ ’ਤੇ ਗਈ।ਉਸ ਨੇ ਉਸ ’ਚੋਂ ਬੈਲਟ ਕੱਢ ਕੇ ਹੱਥ ਵਿੱਚ ਲਈ ਅਤੇ ਕੋਲ ਪਈ ਕੁਰਸੀ ਖਿੱਚ ਕੇ ਉਸ ਉੱਤੇ ਖੜ੍ਹਾ ਹੋ ਕੇ ਬੈਲਟ ਦਾ ਫੰਦਾ ਬਣਾ ਕੇ ਪੱਖੇ ਤੇ ਆਪਣੀ ਗਰਦਨ ਦੀ ਮਿਣਤੀ ਕੀਤੀ।ਹਾਲੇ ਉਹ ਕਾਫੀ ਹੇਠਾਂ ਸੀ ਪੱਖੇ ਤੋਂ।ਉਹ ਸੋਚ ਹੀ ਰਿਹਾ ਸੀ ਕਿ ਕੀ ਕਰਾਂ ਤਦੇ ਬਾਹਰ ਕਿਸੇ ਨੇ ਬੈੱਲ ਵਜਾ ਕੇ ਉਸ ਦੇ ਇਰਾਦੇ ’ਤੇ ਪਾਣੀ ਫੇਰ ਦਿੱਤਾ। ਉਹ ਤੁਰੰਤ ਕੁਰਸੀ ਆਪਣੀ ਥਾਂ ’ਤੇ ਰੱਖ ਕੇ ਬੂਹਾ ਖੋਲ੍ਹਣ ਲਈ ਤੁਰਿਆ। ਅਜਿਹਾ ਕਰਦੇ ਹੋਏ ਉਹ ਖ਼ੁਦ ਨੂੰ ਕਹਿ ਰਿਹਾ ਸੀ ਕਿ ਪ੍ਰਕਾਸ਼ ਤੂੰ ਕਿੰਨਾ ਬੁਜ਼ਦਿਲ ਇਨਸਾਨ ਹੈਂ।ਦੁਬਾਰਾ ਫਿਰ ਬੈੱਲ ਵੱਜੀ।ਉਸ ਨੇ ਤੁਰੰਤ ਦਰਵਾਜ਼ਾ ਖੋਲ ਦਿੱਤਾ। ਮਾਂ ਬੇਟੀ ਅਤੇ ਬੇਟਾ ਤਿੰਨੋਂ ਅੰਦਰ ਦਾਖ਼ਲ ਹੋਏ।ਬੇਟੀ ਦਿਖਾਵੇ ਦੇ ਤੌਰ ’ਤੇ ਕੁਝ ਖਫ਼ਾ ਹੋ ਕੇ ਆਪਣੇ ਪਾਪਾ ਨੂੰ ਗਲਵਕੜੀ ਪਾਉਂਦੇ ਹੋਏ ਬੋਲੀ, ਪਾਪਾ ਘਰੇ ਪਏ ਰਹੇ, ਤੁਸੀਂ ਜੇ ਚਲਦੇ ਤਾਂ ਕਿੰਨਾ ਮਜ਼ਾ ਆਉਂਦਾ।ਕਵਾਲੀਆਂ ਤਾਂ ਕਮਾਲ ਦੀਆਂ ਸਨ।ਸਾਰੇ ਹੀ ਤੁਹਾਡੇ ਬਾਰੇ ਪੁੱਛਦੇ ਰਹੇ।
ਪ੍ਰਕਾਸ਼ ਨੇ ਉੱਤਰ ਦਿੱਤਾ, ਭਲਾ ਮੈਂ ਕਿਵੇਂ ਜਾ ਸਕਦਾ ਸੀ।ਤੈਨੂੰ ਪਤਾ ਹੀ ਹੈ ਮੈਨੂੰ ਬੁਖਾਰ ਸੀ।ਇਹ ਸੁਣਦਿਆਂ ਹੀ ਲਾਜੋ ਨੇ ਆਪਣੇ ਪਤੀ ਨੂੰ ਪੁੱਛਿਆ, ਹਾਂ ਹੁਣ ਕੀ ਹਾਲ ਹੈ ਤੁਹਾਡਾ।ਉਸ ਨੇ ਗੋਟੇ ਕਿਨਾਰੀ ਵਾਲੇ ਆਪਣੇ ਦੁਪੱਟੇ ਦੀ ਤਹਿ ਲਾਉਂਦਿਆਂ ਪੁੱਛਿਆ। ਪ੍ਰਕਾਸ਼ ਦਾ ਉੱਤਰ ਸੀ, ਹਾਂ ਠੀਕ ਹਾਂ।ਪਰ ਤੁਹਾਨੂੰ ਏਨਾਂ ਪਸੀਨਾ ਕਿਉਂ ਆ ਰਿਹਾ ਹੈ।ਕਮਜ਼ੋਰੀ ਜੋ ਆ ਗਈ ਹੈ।ਬੁਖਾਰ ਹਾਲੇ ਕੱਲ੍ਹ ਹੀ ਉੱਤਰਿਆ ਹੈ। ਇੰਨਾ ਕਹਿ ਕੇ ਉਹ ਪਲੰਘ ’ਤੇ ਪੈ ਗਿਆ। ਪਏ ਪਏ ਉਸ ਨੂੰ ਆਪਣੀ ਮਾਸੂਮ ਧੀ ’ਤੇ ਬੜਾ ਤਰਸ ਆ ਰਿਹਾ ਸੀ। ਇਸ ਦੇ ਮਨ ਦੀ ਕੀ ਸਥਿਤੀ ਰਹੀ ਹੋਵੇਗੀ ਵਿਆਹ ਵਿੱਚ। ਹਾਲੇ ਇਸ ਦੇ ਵਿਆਹ ਬਾਰੇ ਡੱਕਾ ਵੀ ਨਹੀਂ ਟੁੱਟਿਆ ਸੀ।
ਇੰਨੇ ਵਿੱਚ ਉਸਦੀ ਧੀ ਕੱਪੜੇ ਬਦਲਣ ਅੰਦਰ ਚਲੀ ਗਈ ਤਾਂ ਲਾਜੋ ਨੇ ਮੌਕਾ ਤਾੜ ਕੇ ਪ੍ਰਕਾਸ਼ ਦੇ ਕੰਨ ਵਿੱਚ ਕਿਹਾ, ਮੈਨੂੰ ਆਪਣੀ ਧੀ ਰਜਨੀ ਦੇ ਲੱਛਣ ਕੁਝ ਚੰਗੇ ਨਹੀਂ ਲੱਗੇ।ਵਿਆਹ ਵਿੱਚ ਉਹ ਹਰ ਵੇਲ਼ੇ ਪ੍ਰਸ਼ੋਤਮ ਦੇ ਆਲ਼ੇ ਦੁਆਲ਼ੇ ਹੀ ਚੱਕਰ ਲਾਉਂਦੀ ਫਿਰਦੀ ਰਹੀ।ਵੇਖ ਲਓ ਮੈਂ ਤੁਹਾਨੂੰ ਵੇਲੇ ਸਿਰ ਦੱਸ ਦਿੱਤਾ ਹੈ।ਦਾਲ ਵਿੱਚ ਕਾਲਾ ਜ਼ਰੂਰ ਹੈ।ਉਹ ਵੀ ਰਜਨੀ ਦੇ ਮਗਰ ਮਗਰ ਹੀ ਰਿਹਾ। ਇਸ ਦਾ ਵਿਆਹ ਤੁਰੰਤ ਹੋ ਜਾਣਾ ਚਾਹੀਦਾ ਹੈ।ਫਿਰ ਮੈਨੂੰ ਦੋਸ਼ ਨਾ ਦੇਣਾ ਜੇ ਕੱਲ੍ਹ ਨੂੰ ਅਜਿਹੀ ਗੱਲ ਵਾਪਰ ਗਈ ਤਾਂ ਆਪਣੀ ਤਾਂ ਨੱਕ ਕੱਟ ਜਾਉ।
ਇਹ ਸੁਣਦਿਆਂ ਹੀ ਪ੍ਰਕਾਸ਼ ਨੂੰ ਲੱਗਾ ਜਿਵੇਂ ਕਿਸੇ ਨੇ ਉਸ ਦੇ ਮੱਥੇ ’ਤੇ ਬਰਫ਼ ਦੀ ਠੰਡੀ ਪੱਟੀ ਰੱਖ ਦਿੱਤੀ ਹੋਵੇ। ਪ੍ਰਕਾਸ਼ ਨੇ ਕਿਹਾ, ਕੀ ਹਰਜ ਹੈ ਜਦ ਉਹ ਇੱਕ ਦੂਜੇ ਨੂੰ ਪਸੰਦ ਕਰਦੇ ਹਨ।ਇਕੱਠੇ ਉਹਨਾਂ ਬੀ.ਏ. ਇੱਕੋ ਸਕੂਲ ਵਿੱਚ ਪਾਸ ਕੀਤੀ ਹੈ।ਮੁੰਡਾ ਵੀ ਸੋਹਣਾ ਹੈ।ਰੁਜ਼ਗਾਰ ’ਤੇ ਲੱਗਿਆ ਹੋਇਆ ਹੈ।ਬੈਂਕ ’ਚ ਚੰਗੇ ਰੁਤਬੇ ’ਤੇ ਕੰਮ ਕਰਦਾ ਹੈ।ਨੇਕ ਵੀ ਹੈ। ਸਾਰੇ ਮੁਹੱਲੇ ਦੇ ਲੋਕ ਉਸ ਦੀ ਸ਼ਰਾਫ਼ਤ ਦੀ ਸਹੁੰ ਖਾਂਦੇ ਹਨ।ਜੇ ਆਪਸ ਵਿੱਚ ਇਨ੍ਹਾਂ ਦਾ ਪਿਆਰ ਹੈ ਫਿਰ ਆਪਾਂ ਨੂੰ ਕੀ ਆਪੱਤੀ ਹੈ।
ਹੈ ਮੈਨੂੰ, ਇਤਰਾਜ਼ ਹੈ। ਲਾਜੋ ਨੇ ਗ਼ੁੱਸੇ ਵਿੱਚ ਆ ਕੇ ਕਿਹਾ, ਹੈ ਤਾਂ ਗ਼ੈਰ ਬਰਾਦਰੀ ਦਾ।ਅਸੀਂ ਉੱਚ ਕੁਲ ਦੇ ਪੰਡਿਤ ਅਤੇ ਉਹ ਮੋਇਆ ਜਾਤ ਦਾ ਤੇਲੀ।ਉਸ ਦੇ ਵੱਡੇ ਤੇਲ ਦਾ ਕੋਹਲੂ ਚਲਾਇਆ ਕਰਦੇ ਸਨ।ਸਾਡੀ ਨੱਕ ਨਾ ਕੱਟ ਜਾਉ।
ਗ਼ੁੱਸੇ ਵਿੱਚ ਆਏ ਪ੍ਰਕਾਸ਼ ਤੋਂ ਹੁਣ ਨਾ ਰਿਹਾ ਗਿਆ।ਉਸ ਨੇ ਪੂਰੇ ਜੋਸ਼ ਵਿੱਚ ਆ ਕੇ ਬਗ਼ਾਵਤ ਦੇ ਸੁਰ ਵਿੱਚ ਕਿਹਾ, ਕੱਟਦੀ ਹੈ ਤਾਂ ਕੱਟ ਜਾਏ ਤੇਰੀ ਨੱਕ, ਨੱਕ ਨਾ ਹੋਈ ਜਿਵੇਂ ਮੋਮ ਹੋਵੇ ਤੇਰੀ ਨੱਕ।ਰੱਖ ਇਸ ਨੂੰ ਸੰਭਾਲ ਕੇ ਬਹੁਤ ਹੋ ਗਿਆ।ਹੁਣ ਜੇ ਤੇਰੀ ਮੰਨਾ ਤਾਂ ਬਸ ਹੋ ਲਿਆ ਕੁੜੀ ਦਾ ਵਿਆਹ। ਫਿਰ ਤੇਲੀ ਵੀ ਤਾਂ ਰੱਬ ਨੇ ਬਣਾਇਆ ਹੈ, ਜਿਸ ਨੇ ਸਾਨੂੰ ਬਣਾਇਆ।ਸ਼ੁਕਰ ਨਹੀਂ ਕਰਦੀ ਰੱਬ ਨੇ ਘਰ ਬੈਠੇ ਬਿਠਾਏ ਮੁੰਡਾ ਭੇਜ ਦਿੱਤਾ।ਜੇ ਅਸੀਂ ਮਾਪੇ ਔਲਾਦ ਦੀ ਮਰਜ਼ੀ ਮੁਤਾਬਿਕ ਸ਼ਾਦੀ ਕਰ ਦਿਆਂਗੇ ਤਾਂ ਫਿਰ ਇਸ ਵਿੱਚ ਕੀ ਬੁਰਾਈ ਹੈ।ਹਾਂ ਸਾਡਾ ਇਹ ਫ਼ਰਜ਼ ਹੈ ਅਸੀਂ ਲੜਕੇ ਦੀਆਂ ਖ਼ੂਬੀਆਂ ਦੇਖੀਏ ਕਿ ਕੀ ਇਹ ਵਿਆਹ ਮਗਰੋਂ ਸੁਖੀ ਰਹਿਣਗੇ ਜਾਂ ਨਹੀਂ।ਇਸ ਮਾਮਲੇ ਵਿੱਚ ਇਹ ਫਿੱਟ ਰਿਸ਼ਤਾ ਹੈ।
ਆਖਿਰ ਕਦ ਤੀਕਣ ਆਪਾਂ ਕੁੜੀ ਦੇ ਗੱਲ ਵਿੱਚ ਰੱਸਾ ਪਾਈ ਮੰਡੀ ਵਿੱਚ ਮੁੰਡੇ ਦੀ ਤਲਾਸ਼ ਵਿੱਚ ਫਿਰਦੇ ਰਹਾਂਗੇ।ਮੁੰਡਿਆਂ ਦੇ ਭਾਅ ਕਿੰਨੇ ਚੜ੍ਹ ਗਏ ਹਨ।ਜ਼ਮਾਨਾ ਬਦਲ ਰਿਹਾ ਹੈ, ਲਾਜੋ ਤੂੰ ਵੀ ਬਦਲ।ਉੱਚੀ ਨੀਚੀ ਜਾਤ ਦੀ ਹੀਣ ਭਾਵਨਾ ਨੂੰ ਹੁਣ ਟੋਆ ਪੁੱਟ ਕੇ ਦੱਬ ਦੇ।ਰਜਨੀ ਦਾ ਵਿਆਹ ਪ੍ਰਸ਼ੋਤਮ ਨਾਲ ਹੀ ਹੋਵੇਗਾ।ਬਸ ਇਹੀ ਮੇਰਾ ਫੈਸਲਾ ਹੈ।ਤੇਰੀ ਨੱਕ ਕੱਟੇਗੀ ਨਹੀਂ ਸਗੋਂ ਉੱਚੀ ਹੋਵੇਗੀ।
ਸੰਪਰਕ +91 93565 83521
davinder
bot hee wdiya topic te bot he wdiya likhaayi