ਪੇਂਟਿੰਗ - ਅਵਤਾਰ ਸਿੰਘ
Posted on:- 24-09-2020
ਅਰਥ-ਸਾਸ਼ਤਰ ਵਿਭਾਗ ਦੀਆਂ ਪੌੜੀਆਂ ਉਪਰ ਬੈਠੀ ਦਮਨ ਦਾ ਮਨ ਐਨਾ ਭਰਿਆ ਹੋਇਆ ਸੀ ਕਿ ਉਸ ਨੂੰ ਸਾਰੀ ਕਾਇਨਾਤ ਬੇ-ਮਾਅਨੇ ਲੱਗ ਰਹੀ ਸੀ।ਦਮਨ ਨੂੰ ਹੁਣੇ ਪਤਾ ਲੱਗਾ ਕਿ ਉਸ ਦਾ ਸੁਪਰਵਾਇਜ਼ਰ ਇੱਕ ਸਾਲ ਦੇ ਰਿਸਰਚ ਪ੍ਰਾਜੈਕਟ ਲਈ ਵਿਦੇਸ਼ ਚਲਾ ਗਿਆ ਹੈ।ਅੱਜ ਸਵੇਰ ਉਹ ਇੱਕ ਨਵੀਂ ਉਮੀਦ ਨਾਲ ਉੱਠੀ ਸੀ ਤਾਂ ਕਿ ਆਪਣੇ ਸੁਪਰਵਾਇਜ਼ਰ ਨੂੰ ਖੁਦਕੁਸ਼ੀਆਂ ਕਰ ਚੁੱਕੇ ਕਿਸਾਨਾਂ ਦੇ ਪਰਿਵਾਰਾਂ ਨਾਲ ਕੀਤੀਆਂ ਮੁਲਾਕਾਤਾਂ ਦੀ ਰਿਪੋਰਟ ਦਿਖਾ ਸਕੇ ਜਿਸ ਨਾਲ ਉਸ ਦੀ ਖੋਜ ਦਾ ਕੰਮ ਕੁੱਝ ਗਤੀ ਫੜੇ।ਪ੍ਰੰਤੂ ਹੁਣ ਉਸ ਨੂੰ ਝੋਰਾ ਖਾਣ ਲੱਗਾ ਕਿ ਇਕ ਤਾਂ ਪਹਿਲਾਂ ਹੀ ਕਰੀਬ ਦੋ ਸਾਲ ਬੀਤ ਜਾਣ ਦੇ ਬਾਵਜੂਦ ਉਸ ਦੀ ਪੀ. ਐੱਚ. ਡੀ. ਕਿਸੇ ਤਣ-ਪੱਤਣ ਲੱਗਦੀ ਦਿਖਾਈ ਨਹੀਂ ਦੇ ਰਹੀ ਸੀ ਦੂਜਾ ਸੁਪਰਵਾਇਜ਼ਰ ਬਿਨ੍ਹਾਂ ਕੁਝ ਦੱਸੇ ਵਿਦੇਸ਼ ਚਲਾ ਗਿਆ।ਉਸਨੇ ਆਪਣੇ ਪਰਸ ਵਿਚੋਂ ਮੁਬਾਇਲ ਕੱਢ ਗੁਰਮੀਤ ਦਾ ਨੰਬਰ ਡਾਇਲ ਕਰਦਿਆਂ ਹੀ ਕੱਟ ਦਿੱਤਾ। ਉਹ ਸ਼ਸ਼ੋਪੰਜ ਵਿੱਚ ਫੈਸਲਾ ਨਹੀਂ ਕਰ ਪਾ ਰਹੀ ਸੀ ਕਿ ਗੁਰਮੀਤ ਨੂੰ ਕਾਲ ਕੀਤੀ ਜਾਵੇ ਜਾਂ ਨਾ।ਸਾਹਮਣੇ ਕੰਟੀਨ 'ਤੇ ਇਕ ਜੋੜੇ ਨੂੰ ਆਪਸ ਵਿੱਚ ਕਲੋਲਾਂ ਕਰਦਿਆਂ ਦੇਖ ਉਸ ਨੇ ਦੁਬਾਰਾ ਨੰਬਰ ਡਾਇਲ ਕੀਤਾ।ਗੁਰਮੀਤ ਦੁਆਰਾ ਲਗਾਈ ਫ਼ੈਜ਼ ਅਹਿਮਦ ਫ਼ੈਜ਼ ਦੀ ਨਜ਼ਮ 'ਹਮ ਦੇਖੇਂਗੇ' ਦੀ ਰਿੰਗ ਟਿਊਨ ਉਸਦੇ ਕੰਨ 'ਚ ਅਜੇ ਗੂੰਜੀ ਹੀ ਸੀ ਕਿ ਉਸਨੇ ਯਕਦਮ ਫੌਨ ਕੱਟ ਦਿੱਤਾ ਅਤੇ ਕੱਲ੍ਹ ਵਾਪਰੀ ਘਟਨਾ ਬਾਰੇ ਸੋਚਣ ਲੱਗ ਪਈ।
ਗੁਰਮੀਤ ਨੇ ਆਪਣੇ ਇਕ ਪ੍ਰੋਫੈਸਰ ਦੋਸਤ ਦੇ ਘਰ ਨੂੰ ਅਸਥਾਈ ਤੌਰ 'ਤੇ ਸਟੂਡੀਓ ਬਣਾਇਆ ਹੋਇਆ ਸੀ ਅਤੇ ਕੱਲ੍ਹ ਜਦੋਂ ਉਸ ਨੇ ਸਿੱਲ ਨਾਲ ਨਮ ਹੋ ਚੁੱਕੇ ਸਰਕਾਰੀ ਕੁਆਰਟਰਾਂ ਅੱਗੇ ਐਕਟਿਵਾ ਖੜੀ ਕੀਤੀ ਤਾਂ ਪਿੱਛੇ ਬੈਠਾ ਗੁਰਮੀਤ ਥੋੜਾ ਘਬਰਾਇਆ ਜਿਹਾ ਪ੍ਰਤੀਤ ਹੋ ਰਿਹਾ ਸੀ।ਉਹ ਬੜੀ ਤੇਜੀ ਨਾਲ ਐਕਟਿਵਾ ਤੋਂ ਉਤਰ ਸਿੱਧਾ ਘਰ 'ਚ ਵੜਦਾ ਆਪਣਾ ਕੈਂਵਸ ਬੋਰਡ, ਆਇਲ ਕਲਰ ਅਤੇ ਪੇਂਟਿੰਗ ਬਰੈਸ਼ ਇਕੱਠੇ ਕਰਨ ਲੱਗਾ।ਉਸਦੇ ਇਸ ਵਿਵਹਾਰ 'ਤੇ ਮੁਸਕਾਰਉਂਦੀ ਹੋਈ ਉਹ ਵੀ ਦੱਬੇ ਪੈਰੀਂ ਅੰਦਰ ਚਲੀ ਗਈ।ਦਮਨ ਦੇ ਅੰਦਰ ਆਉਂਣ 'ਤੇ ਉਹ ਦਰਵਾਜਾ ਬੰਦ ਕਰਦਾ ਲੰਮੇ-ਲੰਮੇ ਸਾਹ ਲੈਂਦਾ ਹੋਇਆ ਪੁੱਛਣ ਲੱਗਿਆ "ਤੈਨੂੰ ਕਿਸੇ ਨੇ ਦੇਖਿਆ ਤਾਂ ਨਹੀਂ?"
"ਮੇਰੇ ਹਿਸਾਬ ਨਾਲ ਤਾਂ ਨਹੀਂ।ਪਰ ਇਸ ਵਿਚ ਡਰਨ ਵਾਲੀ ਵੀ ਕੀ ਗੱਲ ਹੈ?" ਦਮਨ ਨੇ ਚੰਚਲ ਜਿਹੇ ਅੰਦਾਜ਼ ਵਿਚ ਕਿਹਾ।
"ਸਾਹਮਣੇ ਘਰ ਵਾਲੀ ਬੁੜੀ ਪ੍ਰੋਫੈਸਰ ਦੇ ਘਰ 'ਚ ਲੱਗਦੀਆਂ ਮਹਿਫਲਾਂ ਤੋਂ ਬੜੀ ਔਖੀ ਹੇ ਅਤੇ ਕੋਈ-ਨਾ-ਕੋਈ ਬਹਾਨਾ ਭਾਲਦੀ ਰਹਿੰਦੀ ਹੈ" ਕੈਨਵਸ ਬੋਰਡ ਸੈਟ ਕਰਦਾ ਗੁਰਮੀਤ ਸਫਾਈ ਦੇਣ ਲੱਗਿਆ।
ਬੁੱਕ ਰੈਕ ਫਰੋਲਦੀ ਦਮਨ ਦੀ ਨਜ਼ਰ ਅਚਾਨਕ ਜਦੋਂ ਕਿਤਾਬਾਂ ਪਿੱਛੇ ਲਕੋਏ ਓਲਡ ਮੌਂਕ ਦੇ ਅਧੀਏ ਉਪਰ ਪਈ ਤਾਂ ਉਹ ਹੱਸਦਿਆਂ ਕਹਿਣ ਲੱਗੀ, "ਯਾਰ ਤਾਂ ਤੇਰਾ ਪੱਕਾ ਸ਼ਰਾਬੀ ਹੈ!" ਨੀਵੀਂ ਜਿਹੀ ਪਾਉਂਦਿਆਂ ਉਹ ਕਹਿਣ ਲੱਗਾ, "ਨਹੀਂ! ਐਡਾ ਵੀ ਨਹੀਂ।ਬੱਸ ਇਸ਼ਕ ਦਾ ਮਾਰਿਆ ਹੋਇਆ ਹੈ"।ਉਹ ਦਮਨ ਦੀ ਲੰਮੀ ਗਰਦਨ 'ਤੇ ਹਲਕੇ ਭੁਰੇ ਵਾਲਾ ਵੱਲ ਟਿਕਟਿਕੀ ਲਗਾਕੇ ਵੇਖਦਾ ਹੋਇਆ ਉਸ ਨਾਲ ਕੀਤੇ ਵਾਅਦੇ ਬਾਰੇ ਸੋਚਣ ਲੱਗ ਪਿਆ ਕਿ ਉਹ ਇਕ ਦਿਨ ਉਸਦੀ ਸ਼ਾਹਕਾਰ ਪੇਂਟਿੰਗ ਬਣਾਵੇਗਾ।ਕਰੀਬ ਇੱਕ ਸਾਲ ਬਾਅਦ ਇਹ ਸੰਭਵ ਹੋ ਪਾਇਆ ਸੀ ਕਿ ਉਹ ਦੋਵੇਂ ਇਕੱਠੇ ਸਨ ਅਤੇ ਗੁਰਮੀਤ ਆਪਣਾ ਵਾਅਦਾ ਪੂਰਾ ਕਰਨ ਜਾ ਰਿਹਾ ਸੀ ।ਉਹ ਦੋਵੇਂ ਜਾਣੇ ਜੈਪੁਰ ਦੀ ਇਸ ਯੂਨੀਵਰਸਿਟੀ ਵਿਚ ਹੀ ਮਿਲੇ ਸਨ।ਦੋਵਾਂ ਦਾ ਪਿਛੋਕੜ ਪੰਜਾਬੀ ਹੋਣ ਕਾਰਣ ਉਹ ਬੜੀ ਜਲਦੀ ਵਧੀਆ ਦੋਸਤ ਬਣ ਗਏ।ਗੁਰਮੀਤ ਸਿੰਘ ਪੰਜਾਬ ਦੇ ਮਾਨਸਾ ਜਿਲ੍ਹੇ ਤੋਂ ਆਰਟ ਦੀ ਪੜ੍ਹਾਈ ਕਰਨ ਆਇਆ ਸੀ ਜਦੋਂਕਿ ਦਮਨਜੀਤ ਕੌਰ ਬਰਾੜ ਹਰਿਆਣਾ ਦੇ ਸਿਰਸਾ ਨਾਲ ਸਬੰਧਤ ਇੱਕ ਸਿੱਖ ਪਰਿਵਾਰ ਦੀ ਪਿਛੋਕੜ ਰੱਖਦੀ ਸੀ।ਇੱੱਕ ਦਿਨ ਹੋਰ ਖੋਜ਼ਾਰਥੀਆਂ ਨਾਲ ਲਾਇਬ੍ਰੇਰੀ ਦੇ ਬਾਹਰ ਚਾਹ ਦੀਆਂ ਚੁਸਕੀਆਂ ਲੈਂਦਿਆਂ ਉਹਨਾਂ ਦੀ ਮੁਲਾਕਾਤ ਹੋਈ।ਦਮਨ ਨੇ ਜਦੋਂ ਆਪਣੇ ਅਤੇ ਆਪਣੀ ਖੋਜ਼ 'ਕਿਸਾਨ ਖੁਦਕੁਸ਼ੀਆਂ ਅਤੇ ਔਰਤਾਂ ਦੀ ਦਸ਼ਾ' ਬਾਰੇ ਦੱਸਿਆ ਤਾਂ ਗੁਰਮੀਤ ਨੂੰ ਪਤਾ ਚੱਲਿਆ ਕਿ ਉਹ ਵੀ ਇਸ ਯੂਨੀਵਰਸਿਟੀ ਵਿੱਚ ਘੱਟ ਗਿਣਤੀ ਦੀ ਸ਼੍ਰੇਣੀ ਵਿੱਚ ਆਉਂਦੀ ਹੈ।
"ਮੈਨੂੰ ਪੇਂਟਿੰਗ ਵਿੱਚ ਕਿਸ ਤਰ੍ਹਾਂ ਉਤਾਰੇਗਾ" ਦਮਨ ਨੇ ਪੁੱਛਿਆ।
"ਇਹੀ ਤਾਂ ਚਣੌਤੀ ਹੈ ਕਿ ਤੇਰੀ ਅੰਦਰਲੀ ਅੱਗ ਨੂੰ ਕੈਨਵਸ 'ਤੇ ਕਿਵੇਂ ਲਿਆਂਦਾ ਜਾਵੇ।" ਗੁਰਮੀਤ ਨੇ ਗੰਭੀਰ ਜਿਹੇ ਹੁੰਦਿਆਂ ਲੰਮਾ ਸਾਹ ਭਰਿਆ।ਉਸ ਨੇ ਸਾਹਮਣੇ ਟੇਬਲ ਤੋਂ ਸਿਗਰਟਾਂ ਵਾਲੀ ਡੱਬੀ 'ਚੋਂ ਇਕ ਸਿਗਰਟ ਕੱਢ ਮੂੰਹ 'ਚ ਪਾ ਸਿਗਰਟ ਸੁਲਗਾਉਂਦਿਆਂ ਦਮਨ ਨੂੰ ਨਿਹਾਰਣਾ ਸ਼ੁਰੂ ਕੀਤਾ। ਅਗਲੇ ਹੀ ਪਲ ਲੰਮਾ ਕਸ਼ ਖਿੱਚ ਕਿਤਾਬਾਂ ਵਾਲੇ ਰੈਂਕ ਕੋਲ ਇੱਕ ਦਿਵਾਨ ਬੈਡ ਲਗਾਇਆ ਜਿਸ ਉਪਰ ਕਿਤਾਬਾਂ ਅਤੇ ਕਾਗਜ਼ ਖਿਲਾਰ ਦਿੱਤੇ ਅਤੇ ਉਸਨੂੰ ਪੇਟ ਭਾਰ ਲੇਟ ਕੇ ਕਿਤਾਬ ਪੜ੍ਹਨ ਵਿਚ ਮਗਨ ਹੋਣ ਦੀ ਐਕਟਿੰਗ ਕਰਨ ਲਈ ਕਿਹਾ।
ਕਰੀਬ ਪੌਣੇ ਘੰਟੇ ਬਾਅਦ ਵੀ ਪੇਂਟਿੰਗ ਨੇ ਹਾਲੇ ਕੋਈ ਛੇਪ ਨਹੀਂ ਲਈ ਸੀ।ਦਮਨ ਦੀਆਂ ਕਾਲੀਆਂ-ਕਾਲੀਆਂ ਅੱਖਾਂ, ਤਿੱਖਾ ਨੱਕ ਅਤੇ ਕਾਲੇ ਸ਼ਾਹ ਵਾਲ ਉਹ ਵਾਰ-ਵਾਰ ਦੇਖ ਰਿਹਾ ਸੀ। ਫਿਰ ਅਚਾਨਕ ਉਸ ਦੀ ਨਜ਼ਰ ਦਮਨ ਦੀ ਪਿੱਠ ਉਪਰ ਗਈ। ਗੁਰਮੀਤ ਕਾਫੀ ਦੇਰ ਟਿਕ-ਟਿਕੀ ਲਗਾ ਕੇ ਦੇਖਦਾ ਰਿਹਾ।ਦਮਨ ਕਿਤਾਬ ਵੱਲ ਫੋਕਸ ਕਰਕੇ ਮਸਤ ਲੇਟੀ ਹੋਈ ਸੀ।ਉਹ ਹੌਲੀ ਜਿਹੇ ਦਿਵਾਨ ਵੱਲ ਵਧਿਆ। ਜਦੋਂ ਉਸ ਨੇ ਗਲੇ ਤੋਂ ਨੰਗੀ ਦਿਸ ਰਹੀ ਦਮਨ ਦੀ ਪਿੱਠ ਉਪਰ ਹੱਥ ਰੱਖਿਆ ਤਾਂ ਦਮਨ ਨੂੰ ਕੁੱਝ ਅਜੀਬ ਜਿਹਾ ਮਹਿਸੂਸ ਹੋਇਆ। ਇਸ ਤੋਂ ਪਹਿਲਾ ਕਿ ਉਹ ਕੋਈ ਪ੍ਰਤੀਕਿਰਿਆ ਕਰਦੀ ਗੁਰਮੀਤ ਉਸ ਉਪਰ ਝਪਟ ਪਿਆ।ਉਸ ਨੂੰ ਬਾਹਾਂ ਵਿਚ ਲੈਣ ਲੱਗਾ।ਵਿਰੋਧ ਕਰਨ ਦੇ ਬਾਵਜੂਦ ਵੀ ਜਦੋਂ ਉਹ ਨਾ ਰੁਕਿਆ ਤਾਂ ਦਮਨ ਨੇ ਜੋਰ ਨਾਲ ਉਸ ਨੂੰ ਬੈਡ ਤੋਂ ਹੇਠਾ ਸੁੱਟ ਦਿੱਤਾ ਅਤੇ ਆਪ ਬੈੱਡ ਤੋਂ ਖੜੀ ਹੋ ਗਈ।
ਜਦੋਂ ਗੁਰਮੀਤ ਨੇ ਦਮਨ ਨੂੰ ਉਸ ਦੇ ਹੋਸਟਲ ਛੱਡਿਆ ਤਾਂ ਹਨ੍ਹੇਰਾ ਪਸਰ ਰਿਹਾ ਸੀ।ਚੁੱਪੀ 'ਚ ਘਿਰੇ ਦੋਵੇਂ ਕਾਫੀ ਦੇਰ ਏਦਾਂ ਹੀ ਖੜੇ ਰਹੇ ਜਿਵੇਂ ਉਹ ਇਕ ਦੂਜੇ ਤੋਂ ਬਹੁਤ ਅਣਜਾਨ ਹੋਣ।ਦਮਨ ਐਕਟਿਵਾ ਉਪਰ ਬੈਠੇ ਗੁਰਮੀਤ ਵੱਲ ਵਧੀ ਅਤੇ ਉਸ ਨੂੰ ਜੱਫੀ ਵਿਚ ਲੈਂਦਿਆਂ ਕਿਹਾ, "ਮੈਂ ਕਿਸੇ ਰਿਸਤੇ ਵਿਚ ਬੱਝ ਜਾਣ ਲਈ ਨਹੀਂ ਬਣੀ।ਮੈਂ ਅਸਮਾਣ 'ਚ ਉੱਡਣਾ ਚਹੁੰਦੀ ਹਾਂ।ਬਿਨ੍ਹਾਂ ਕਿਸੇ ਬੰਧਨ ਤੋਂ"।
ਕੱਲ੍ਹ ਬਾਰੇ ਆਏ ਖਿਆਲਾਂ ਦੀ ਲੜੀ ਮਾਂ ਦੇ ਫੌਨ ਨੇ ਤੋੜੀ।ਮਾਂ ਨੇ ਇੱਕ ਮੁੰਡੇ ਦੀ ਫੋਟੋ ਭੇਜ ਕੇ ਉਸ ਨੂੰ ਆਪਣੀ ਹਾਂ ਜਾਂ ਨਾਂ ਦੱਸਣ ਬਾਰੇ ਕਿਹਾ ਪਰ ਦਮਨ ਨੇ ਆਪਣੀ ਮਾਂ ਨੂੰ ਤਲਖ਼ੀ ਭਰੇ ਲਹਿਜੇ ਵਿਚ ਜਵਾਬ ਦਿੰਦਿਆਂ ਉੱਚੀ-ਉੱਚੀ ਬਿਨ੍ਹਾਂ ਫੋਟੋ ਦੇਖਿਆਂ ਨਾ ਆਖ ਦਿੱਤੀ ਅਤੇ ਆਪਣੀ ਕਿਸਾਨ ਪਰਿਵਾਰਾਂ ਨਾਲ ਮੁਲਾਕਾਤਾਂ ਦੀ ਰਿਪਰੋਟ ਚੁੱਕ ਕੇ ਹੋਸਟਲ ਵੱਲ ਨੂੰ ਤੁਰ ਪਈ।ਵਿਧਵਾ ਕਿਸਾਨ ਔਰਤਾਂ ਨਾਲ ਕੀਤੀਆਂ ਮੁਲਾਕਤਾਂ ਸਮੇਂ ਗੁਰਮੀਤ ਪੂਰੇ ਦੋ ਹਫਤੇ ਉਸ ਦੇ ਨਾਲ ਰਿਹਾ।ਉਹ ਗੁਰਮੀਤ ਦੇ ਪਿੰਡ ਬੀਰ ਸਿੰਘ ਵਾਲਾ ਵੀ ਗਏ।ਬੀਰ ਸਿੰਘ ਵਾਲਾ ਦੀ ਪੰਜ ਕੁ ਸਾਲਾਂ ਦੀ ਬੱਚੀ ਸਿੰਮੀ ਦਾ ਮਾਸੂਮ ਚਿਹਰਾ ਦਮਨ ਨੂੰ ਕਦੇ ਨਾ ਭੁੱਲਦਾ। ਸਿੰਮੀ ਦਾ ਪਿਤਾ ਗੁਰਜੰਟ ਸਿੰਘ ਕਰਜੇ ਦੇ ਬੋਝ ਕਾਰਨ ਆਪਣੇ ਪਿਤਾ ਦੀ ਬਰਸੀ ਵਾਲੇ ਦਿਨ ਆਤਮ ਹੱਤਿਆ ਕਰ ਗਿਆ ਸੀ।ਜਵਾਨੀ 'ਚ ਵਿਧਵਾ ਹੋਈ ਗੁਰਜੰਟ ਦੀ ਪਤਨੀ ਨੂੰ ਉਸ ਦੇ ਪੇਕਿਆਂ ਨੇ ਕਿਤੇ ਹੋਰ ਬਿਠਾ ਦਿੱਤਾ ਪਰ ਸਿੰਮੀ ਨੂੰ ਆਪਣੇ ਦਾਦੀ ਧੰਨ ਕੌਰ ਕੋਲ ਰਹਿਣਾ ਪਿਆ।"ਪੁੱਤ ਤੋਂ ਇਕ ਸਾਲ ਪਹਿਲਾਂ ਕਰਜੇ ਨੇ ਮੇਰੇ ਸਿਰ ਦਾ ਸਾਈਂ ਖਾ ਲਿਆ।ਉਤੋਂ ਸਾਡੀ ਕੋਈ ਜੜ੍ਹ ਨਾ ਰਹੀ।ਰੱਬ ਨੇ ਆਹ ਪੱਥਰ ਸਾਡੇ ਮੱਥੇ ਮਾਰਿਆ" ਸਿੰਮੀ ਵੱਲ ਇਸ਼ਾਰਾ ਕਰਕੇ ਧਨ ਕੁਰ ਫੁੱਟ-ਫੁੱਟ ਰੋਣ ਲੱਗੀ ਸੀ।ਸਿੰਮੀ ਕਦੇ ਆਪਣੀ ਦਾਦੀ ਵੱਲ ਦੇਖਦੀ, ਕਦੇ ਦਮਨ ਵੱਲ। ਉਹ ਬਿਲਕੁਲ ਅਣਜਾਣ ਸੀ ਕਿ ਦਾਦੀ ਉਸ ਨੂੰ ਕਿਉਂ ਕੋਸ ਰਹੀ ਹੈ।ਦਮਨ ਦੇ ਪਿਤਾ ਸਰਕਾਰੀ ਸਕੂਲ ਵਿੱਚ ਪ੍ਰਿੰਸੀਪਲ ਸਨ। ਉਸ ਨੇ ਆਪਣੀਆਂ ਦੋਵੇਂ ਧੀਆਂ ਬੜੇ ਲਾਡ-ਪਿਆਰ ਨਾਲ ਪਾਲੀਆਂ ਸਨ। ਉਹ ਦਮਨ ਨੂੰ ਪ੍ਰੋਫੈਸਰ ਲੱਗੀ ਦੇਖਣਾ ਚਹੁੰਦਾ ਸੀ।ਪਰ ਕਿਸੇ ਬੱਚੀ ਦੇ ਪੈਦਾ ਹੋਣ 'ਤੇ ਉਸ ਨੂੰ ਕੋਈ ਐਦਾ ਵੀ ਕੋਸਦਾ ਹੋਵੇਗਾ ਇਹ ਦਮਨ ਨੇ ਪਹਿਲੀ ਵਾਰ ਦੇਖਿਆ ਸੀ।
ਇਸੇ ਤਰ੍ਹਾਂ ਇੱਕ ਸਾਲ ਬੀਤ ਜਾਣ ਦੇ ਬਾਅਦ ਵੀ ਦਮਨ ਦਾ ਗਾਇਡ ਵਾਪਸ ਨਾ ਆਇਆ। ਉਸ ਨੇ ਛੇ ਮਹੀਨਿਆਂ ਦੀ ਹੋਰ ਛੁੱਟੀ ਲੈ ਲਈ।ਦੋ ਵਾਰ ਐਕਟੈਸ਼ਨ ਲੈਣ ਤੋਂ ਬਾਅਦ ਕਰੀਬ ਸਾਢੇ ਪੰੰਜ ਕੁ ਸਾਲਾਂ ਵਿਚ ਦਮਨ ਨੇ ਆਪਣੀ ਖੋਜ਼ ਪੂਰੀ ਕੀਤੀ।ਜਦੋਂ ਉਸ ਨੇ ਕੈਂਪਸ ਛੱਡਿਆ ਤਾਂ ਨਾ ਉਹ ਨੈਟ ਪਾਸ ਸੀ ਅਤੇ ਨਾ ਹੀ ਉਸ ਦੀ ਕੋਈ ਨੌਕਰੀ ਲੱਗੀ ਸੀ।ਉਧਰ ਉਸ ਦਿਨ ਦੀ ਘਟਨਾ ਤੋਂ ਬਾਅਦ ਗੁਰਮੀਤ ਕਦੇ ਦਮਨ ਨੂੰ ਨਾ ਮਿਲਿਆ। ਅਗਲੇ 6 ਮਹੀਨਿਆਂ ਵਿਚ ਉਸ ਨੇ ਆਪਣਾ ਕੋਰਸ ਪੂਰਾ ਕਰਕੇ ਪਿੰਡ ਜਾਣਾ ਦਾ ਫੈਸਲਾ ਕਰ ਲਿਆ।ਉਹ ਨੇ ਸੋਚਿਆਂ ਕਿ ਜੋ ਲੜਾਈ ਜਿੱਤੀ ਨਹੀਂ ਜਾ ਸਕਦੀ, ਉਸ ਪਿੱਛੇ ਜ਼ਿੰਦਗੀ ਬਰਬਾਦ ਨਹੀਂ ਕਰਨੀ।ਗੁਰਮੀਤ ਆਪਣੇ ਬਾਪੂ ਦੇ ਤਿਆਰ ਕੀਤੇ ਲੱਕੜ ਦੇ ਮੇਜ, ਕੁਰਸੀਆਂ 'ਤੇ ਰੰਗ ਕਰਦਾ-ਕਰਦਾ ਹੁਣ ਪੇਂਟਿੰਗ ਦੇ ਖੇਤਰ ਵੱਲ ਕਦਮ ਵਧਾ ਰਿਹਾ ਸੀ।
ਜੈਪੁਰ ਤੋਂ ਵਾਪਸ ਆ ਕੇ ਉਹ ਇਕ ਅਖਬਾਰ ਲਈ ਕਾਰਟੂਨ ਬਣਾਉਣ ਲੱਗਾ। ਜਿਸ ਕਾਰਨ ਉਸ ਨੂੰ ਕਾਫੀ ਪਛਾਣ ਮਿਲੀ।ਉਸ ਦੇ ਕਾਰਟੂਨ ਰਾਜਨੀਤਿਕ ਹਲਕਿਆਂ ਵਿਚ ਵੀ ਚਰਚਾ ਦਾ ਵਿਸ਼ਾ ਬਣਦੇ।ਲੀਡਰ ਆਪਣੇ ਕਾਰਟੂਨ ਦੇਖਕੇ ਹੱਸਦੇ ਅਤੇ ਸ਼ਰਮ ਜਿਹੀ ਵੀ ਮਹਿਸੂਸ ਕਰਦੇ।ਜਦੋਂ ਗੁਰਮੀਤ ਦੇ ਪਿਤਾ ਦਾ ਦਿਹਾਂਤ ਹੋਇਆ ਤਾਂ ਐਮ.ਐਲ਼. ਏ. ਮਨਜੀਤ ਸਿੰਘ ਢਿੱਲੋਂ ਨੇ ਪਰਿਵਾਰ ਦੇ ਸੰਘਰਸ਼ਸੀਲ ਜੀਵਨ ਉਪਰ ਕਰੀਬ ਬੀਹ ਮਿੰਟ ਤਕਰੀਰ ਕੀਤੀ।ਪਰ ਇਸ ਤਰੱਕੀ ਨਾਲ ਗੁਰਮੀਤ ਦੇ ਮਨ ਅੰਦਰਲੀ ਬੇਚੈਨੀ ਖਤਮ ਨਾ ਹੋਈ।ਉਸ ਨੂੰ ਅਕਸਰ ਲੱਗਦਾ ਕਿ ਜੇ ਕਿਤੇ ਉਹ ਦਮਨ ਵਾਂਗ ਕਿਸੇ ਕਾਨਵੈਂਟ ਸਕੂਲ ਵਿਚ ਪੜ੍ਹਿਆ ਹੁੰਦਾ ਤਾਂ ਉਹ ਫਟਾਫਟ ਅੰਗਰੇਜੀ ਬੋਲਦਾ ਅਤੇ ਦੇਸ਼-ਦੁਨੀਆਂ ਘੁੰਮ ਕੇ ਪੇਂਟਿੰਗ ਕਰਦਾ।ਉਹ ਰਾਤ-ਦਿਨ ਮਹਾਨ ਪੇਂਟਰਾਂ ਬਾਰੇ ਪੜ੍ਹਦਾ ਰਹਿੰਦਾ ਅਤੇ ਪੇਂਟਰ ਵਿਨਸੈਂਟ ਵੈਨ ਗਾਗ ਦੇ ਸੰਘਰਸ਼ਸੀਲ ਜੀਵਨ ਨੇ ਉਸ ਨੂੰ ਟੁੱਟਣ ਨਾ ਦਿੱਤਾ।
ਉਸ ਨੇ ਭਗਤ ਸਿੰਘ ਦੇ ਨਾਂ ਉਪਰ ਪਿੰਡ ਦੇ ਮੁੰਡਿਆਂ ਦਾ ਇਕ ਕਲੱਬ ਵੀ ਬਣਾਇਆ ਹੋਇਆ ਸੀ। ਮੁਹੱਲੇ ਵਿਚ ਜਦ ਕਦੇ ਕੋਈ ਸ਼ਰਾਬੀ ਆਪਣੀ ਘਰਵਾਲੀ ਨੂੰ ਕੁੱਟਦਾ ਹੁੰਦਾ ਤਾਂ ਬੇਵੱਸ ਬੱਚੇ ਗੁਰਮੀਤ ਦੇ ਘਰ ਵੱਲ ਮਦਦ ਲਈ ਭੱਜਦੇ।
ਇੱਕ ਸਵੇਰ ਜਦੋਂ ਉਹ ਹਾਲੇ ਮੋਟਰਸਾਇਕਲ ਸਟਾਟ ਹੀ ਕਰ ਰਿਹਾ ਸੀ ਤਾਂ ਉਸ ਦੀ ਨਜ਼ਰ ਸਿੰਮੀ ਉਪਰ ਪਈ ਜੋ ਬਜ਼ੁਰਗ ਨਰਾਇਣ ਦੱਤ ਦਾ ਸਹਾਰਾ ਬਣੀ ਉਸ ਨੂੰ ਘਰ ਤੱਕ ਲੈ ਆਈ ਸੀ।ਨਰਾਇਣ ਦੱਤ ਦੀ ਪਤਨੀ ਅਤੇ ਮੁੰਡਿਆਂ ਨੇ ਉਸ ਨੂੰ ਘਰੋਂ ਕੱਢ ਦਿੱਤਾ ਸੀ ਅਤੇ ਅੱਜ ਕੱਲ੍ਹ ਉਹ ਅਕਾਲ੍ਹੀਆਂ ਦੀ ਮੋਟਰ 'ਤੇ ਦਿਨ ਕੱਟ ਰਿਹਾ ਸੀ।"ਪੁੱਤ ਬਣ ਕੇ ਮੇਰਾ ਅਧਾਰ ਕਾਰਡ ਬਣਵਾਦੇ।ਮੇਰੀ ਬੁਢਾਪਾ ਪੈਨਸ਼ਨ ਲੱਗਜੂ। ਮੇਰੇ ਕੋਲ ਜ਼ਿੰਦਾ ਹੋਣ ਦਾ ਕੋਈ ਸਬੂਤ ਨਹੀਂ" ਨਰਾਇਣ ਨੇ ਤਰਲਾ ਮਾਰਿਆ।ਗੁਰਮੀਤ ਨੇ ਸਿੰਮੀ ਨੂੰ ਗੋਦੀ ਚੁੱਕ ਕੇ ਚੁੰਮਿਆ ਅਤੇ ਨਰਾਇਣ ਨੂੰ ਕਹਿਣ ਲੱਗਾ, "ਬਾਬਾ ਕੱਲ੍ਹ ਆਜੀਂ ਅੱਠ ਵਜੇਂ, ਤੈਨੂੰ ਮਾਨਸਾ ਲੈ ਚੱਲਾਂਗਾ।ਉਥੇ ਤਿਆਰ ਕਰਾਂਗੇ ਤੇਰੀ ਯੂਨੀਕ ਆਈਡੈਟੀਫਿਕੇਸ਼ਨ"
------
ਮਾਰਚ ਮਹੀਨੇ ਕਰੋਨਾਵਾਇਸ ਦੀ ਬਿਮਾਰੀ ਦੇ ਚੱਲਦਿਆਂ ਪੂਰੇ ਦੇਸ਼ ਵਿਚ ਲੱਗੇ ਲੌਕਡਾਊਨ ਨੇ ਕਰੀਬ ਡੇਢ ਸਾਲ ਤੋਂ ਘਰ ਬੈਠੀ ਦਮਨ ਨੂੰ ਹੋਰ ਵੀ ਨਿਰਾਸ਼ ਕੀਤਾ।ਇਸ ਤੋਂ ਪਹਿਲਾਂ ਉਸ ਨੂੰ ਉਮੀਦ ਸੀ ਕਿ ਉਹ ਸਾਇਦ ਚੰਡੀਗੜ੍ਹ ਜਾਂ ਦਿੱਲੀ ਵਰਗੇ ਸ਼ਹਿਰਾਂ 'ਚ ਕੋਈ ਚੰਗੀ ਨੌਕਰੀ ਲੱਭ ਕੇ ਅਜ਼ਾਦ ਜ਼ਿੰਦਗੀ ਜਿਓ ਸਕੇਗੀ।ਪਰ ਲੌਕਡਾਊਨ ਨੇ ਉਸ ਦੀਆਂ ਸਾਰੀਆਂ ਉਮੀਦਾਂ 'ਤੇ ਪਾਣੀ ਫੇਰ ਦਿੱਤਾ।ਘਰ ਦਾ ਮਹੌਲ ਤਨਾਅਪੂਰਨ ਬਣਦਾ ਜਾ ਰਿਹਾ ਸੀ। ਕਰੋਨਾ ਦੀ ਬਿਮਾਰੀ ਨੇ ਮਨੁੱਖ ਤੋਂ ਮਨੁੱਖ ਨੂੰ ਡਰਨ ਲਗਾ ਦਿੱਤਾ।ਲੌਕਡਾਊਨ ਤੋਂ ਦਸ ਦਿਨ ਪਹਿਲਾਂ ਕਨੈਡਾ ਤੋਂ ਆਈ ਉਸ ਦੀ ਛੋਟੀ ਭੈਣ ਕਰਮਨਜੀਤ ਤੋਂ ਜਿਵੇਂ ਸਾਰਾ ਹੀ ਮੁਹੱਲ਼ਾ ਸਹਿਮਿਆਂ ਹੋਇਆ ਸੀ।ਕਰਮਨ ਕੈਨੇਡਾ ਤੋਂ ਵਿਆਹ ਕਰਵਾਉਣ ਲਈ ਆਈ ਸੀ।ਪ੍ਰਿੰਸੀਪਲ ਜਗਦੇਵ ਸਿੰਘ ਨੂੰ ਆਪਣੀਆਂ ਦੋਵੇਂ ਧੀਆਂ ਦਾ ਭਵਿੱਖ ਧੁੰਦਲਾ ਦਿਖਾਈ ਦੇ ਰਿਹਾ ਸੀ। ਆਪਣੀ ਪੜਾਈ ਦੌਰਾਨ ਦਮਨ ਨੇ ਕਦੇ ਕਿਚਨ ਵੱਲ ਨਹੀਂ ਦੇਖਿਆ ਸੀ।ਉਸ ਨੂੰ ਨਾ ਤਾਂ ਕੁਝ ਪਕਾਉਣਾ ਆਉਂਦਾ ਸੀ ਅਤੇ ਨਾ ਹੀ ਉਸ ਦੀ ਇਹਨਾਂ ਕੰਮਾਂ ਵਿਚ ਕੋਈ ਰੂਚੀ ਸੀ।ਪਰ ਹੁਣ ਜਦੋਂ ਉਹ ਕੱਚਾ-ਪੱਕਾ ਪਕਾ ਧਰਦੀ ਤਾਂ ਉਸ ਨੂੰ ਹੋਰ ਵੀ ਮੇਹਣਿਆਂ ਦਾ ਸਾਹਮਣਾ ਕਰਨਾ ਪੈਂਦਾ।ਉਹ ਦਿਨੋਂ-ਦਿਨ ਟੁੱਟਦੀ ਜਾ ਰਹੀ ਸੀ।ਅਸਫਲਤਾ, ਰਿਸ਼ਤੇਦਾਰਾਂ ਦੇ ਤਾਹਨਿਆਂ ਅਤੇ ਗੁਆਢਣਾਂ ਦੇ ਸਵਾਲਾਂ ਨੇ ਉਸ ਦਾ ਜੀਣਾ ਦੁੱਭਰ ਕਰ ਰੱਖਿਆ ਸੀ।ਤਨਾਅ ਕਾਰਨ ਉਸ ਦੇ ਸਿਰ ਦੇ ਵਾਲ ਝੜਨ ਲੱਗੇ ਅਤੇ ਬੁੱਲ੍ਹ ਕਾਲੇ ਪੈ ਗਏ ਸੀ।ਕੋਈ ਉਸਨੂੰ ਹੌਂਸਲਾ ਦੇਣ ਵਾਲਾ ਨਹੀਂ ਸੀ।ਇਕ ਦਿਨ ਜਦੋਂ ਉਸ ਦੀ ਮਾਂ ਦੀਆਂ ਕੁਝ ਸਹੇਲਿਆਂ ਘਰ ਆਈਆਂ ਤਾਂ ਉਹ ਉਹਨਾਂ ਲਈ ਚਾਹ ਬਣਾਉਣ ਲੱਗੀ। ਪਰ ਅਚਾਨਕ ਉਸ ਦੇ ਕੰਨਾਂ ਵਿਚ ਅਵਾਜ ਪਈ, "ਭੈਣ ਜੀ, ਤੁਸੀਂ ਕੁੜੀ ਨੂੰ ਹੀ ਪੁੱਛ ਲਵੋਂ ਕਿ ਉਸ ਦਾ ਕਿਸੇ ਨਾਲ ਕੋਈ ਚੱਕਰ ਤਾਂ ਨਹੀਂ।ਕੁੜੀ ਦੀ ਉਮਰ ਤਾਂ ਦੇਖੋ। ਤੀਹਾਂ ਨੂੰ ਪਾਰ ਕਰ ਗਈ।ਮੇਰੀ ਗੱਲ ਮੰਨੋਂ, ਜਿੱਥੇ ਕਿਤੇ ਜਾਣਾ ਚਹੁੰਦੀ ਹੈ, ਤੋਰ ਦੇਵੋਂ। ਬਸ, ਜਾਤ-ਪਾਤ ਦਾ ਥੋੜਾ ਦੇਖ ਲੈਣਾ।"ਇਹ ਸੁਣ ਦਮਨ ਦੇ ਅੰਦਰ ਅੱਗ ਲੱਗ ਗਈ। ਉਸ ਦਾ ਦਿਲ ਕੀਤਾ ਕਿ ਉਹ ਉਸ ਔਰਤ ਨੂੰ ਬਾਹ ਤੋਂ ਫੜ ਕੇ ਘਰੋਂ ਬਾਹਰ ਕੱਢ ਦੇਵੇ। ਪਰ ਦੂਜੇ ਹੀ ਪਲ ਉਸ ਦੇ ਦਿਮਾਗ ਵਿਚ ਸਵਾਲ ਆਇਆ ਕਿ ਜ਼ਿੰਦਗੀ ਵਿਚ ਕਦੇ ਉਸ ਦਾ ਕਦੇ ਕਿਸੇ ਨਾਲ ਚੱਕਰ ਹੀ ਨਹੀਂ ਰਿਹਾ।ਉਹ ਤਾਂ ਬਸ ਕੁਝ ਖਾਸ ਕਰਨ ਵਿਚ ਲੱਗੀ ਰਹੀ। ਫਿਰ ਉਸ ਨੂੰ ਗੁਰਮੀਤ ਦਾ ਖਿਆਲ ਆਇਆ।"ਕੀ ਗੁਰਮੀਤ ਨੂੰ ਉਹ ਪਿਆਰ ਕਰਦੀ ਸੀ?
ਦਮਨ ਨੇ ਕਰੜਾ ਜਿਹਾ ਚਿੱਤ ਕਰਕੇ ਗੁਰਮੀਤ ਨੂੰ ਫੌਨ ਲਗਾਇਆ।ਗੁਰਮੀਤ ਪਿੰਡ ਦੇ ਕੁਝ ਬੰਦਿਆਂ ਨਾਲ ਭਿੰਦੀ ਨੂੰ ਛਡਵਾਉਣ ਲਈ ਥਾਣੇ ਆਇਆ ਹੋਇਆ ਸੀ।ਭਿੰਦੀ ਨੇ ਸੋਸਲ ਮੀਡੀਆ ਉਪਰ ਵਿਡੀਓ ਪਾ ਨੇ ਐਲਾਨ ਕਰ ਦਿੱਤਾ ਕਿ ਉਸ ਨੂੰ ਕਰੋਨਾ ਹੋ ਗਿਆ।ਜਿਸ ਕਾਰਨ ਇਲਾਕੇ ਵਿਚ ਸਹਿਮ ਦਾ ਮਹੌਲ ਬਣ ਗਿਆ ਅਤੇ ਪੁਲਿਸ ਉਸ ਨੂੰ ਅਫ਼ਵਾਹ ਫੈਲਾਉਣ ਦੇ ਜੁਰਮ ਵਿਚ ਥਾਣੇ ਲੈ ਆਈ ਸੀ।ਜਦੋਂ ਗੁਰਮੀਤ ਦੇ ਫੌਨ ਦੀ ਰਿੰਗ ਵੱਜੀ ਤਾਂ ਉਹ ਸਕਰੀਨ 'ਤੇ ਦਮਨ ਦਾ ਨੰਬਰ ਦੇਖ ਕੇ ਕਾਫੀ ਹੈਰਾਨ ਹੋਇਆ ਪਰ ਉਸ ਨੂੰ ਕੁਝ ਡਾਢੀ ਜਿਹੀ ਖੁਸ਼ੀ ਵੀ ਹੋਈ।ਗੁਰਮੀਤ ਨੇ ਫੌਨ ਚੁੱਕ ਕੇ ਜਦੋਂ ਹੈਲੋਂ ਕਿਹਾ ਤਾਂ ਅੱਗੋਂ ਕੋਈ ਅਵਾਜ ਨਹੀਂ ਆਈ। ਬਸ ਇਕ ਸਨਾਟਾ ਜਿਹਾ ਸੀ।ਅਗਲੇ ਹੀ ਪਲ ਉਸ ਨੇ ਮਹਿਸੂਸ ਕੀਤਾ ਕਿ ਸਾਇਦ ਅੱਗੋਂ ਰੋਣ ਦੀ ਅਵਾਜ਼ ਆ ਰਹੀ ਹੈ।ਉਹ ਹੈਲੋ-ਹੈਲੋ ਕਰਦਾ ਬਾਹਰ ਨਿਕਲਿਆਂ ਤਾਂ ਥੋੜੀ-ਥੋੜੀ ਬਾਰਿਸ਼ ਹੋ ਰਹੀ ਸੀ।ਰੋਣ ਤੋਂ ਸਿਵਾਏ ਹੋਰ ਕੋਈ ਅਵਾਜ ਨਾ ਆਉਂਦੀ ਦੇਖ ਗੁਰਮੀਤ ਨੇ ਬੜੇ ਪਿਆਰ ਅਤੇ ਹਮਦਰਦੀ ਨਾਲ ਕਿਹਾ, "ਕੀ ਹੋਇਆ ਦਮਨ।ਰੋਣ ਵਾਲੀ ਕੀ ਗੱਲ ਹੈ?"
ਸਿਸਕਦੀ ਹੋਈ ਦਮਨ ਨੇ ਦੱਸਿਆਂ ਕਿ ਉਹ ਕਿੰਨੀ ਟੁੱਟ ਗਈ ਹੈ ਅਤੇ ਇਕੱਲੀ ਪੈ ਗਈ।ਉਸ ਨੂੰ ਆਪਣਾ ਹੀ ਘਰ ਬੇਗਾਨਾ ਲੱਗਦਾ ਹੈ ਜਿਥੇਂ ਉਸ ਨੂੰ ਪਿਆਰ ਕਰਨ ਵਾਲਾ ਕੋਈ ਨਹੀਂ।ਬਰਸਾਤ ਵਿਚ ਭਿੱਜਦਾ ਹੋਇਆ ਗੁਰਮੀਤ ਉਸ ਦੀਆਂ ਗੱਲਾਂ ਸੁਣਦਾ ਰਿਹਾ ਅਤੇ ਉਸ ਦੀ ਹੌਸਲਾ-ਅਫਜਾਈ ਕਰੀ ਜਾ ਰਿਹਾ ਸੀ।ਕਰੀਬ ਅੱਧੇ ਕੁ ਘੰਟੇ ਬਾਅਦ ਜਦੋਂ ਗੱਲਾਂ ਕੁਝ ਨਾਰਮਲ ਹੋਈਆਂ ਤਾਂ ਗੁਰਮੀਤ ਨੇ ਹਾਸੇ ਨਾਲ ਕਿਹਾ, "ਜੇਕਰ ਘਰ ਐਨੀ ਪ੍ਰਾਬਲਮ ਹੈ ਤਾਂ ਮੇਰੇ ਪਿੰਡ ਆਜਾ।"
"ਗੁਰਮੀਤ ਲੈ ਚੱਲ ਪਲੀਜ਼," ਦਮਨ ਨੇ ਤਰਲਾ ਮਾਰਿਆ।ਪਰ ਗੁਰਮੀਤ ਨੂੰ ਇਸ ਤਰ੍ਹਾਂ ਦੇ ਜਵਾਬ ਦੀ ਉਮੀਦ ਨਹੀਂ ਸੀ।ਉਸ ਨੇ ਭਾਪਿਆ ਕਿ ਸਥਿਤੀ ਕਾਫੀ ਨਾਜ਼ੁਕ ਹੈ।ਥੋੜੀ ਹੂੰ-ਹਾਂ ਕਰਨ ਤੋਂ ਬਾਅਦ ਗੁਰਮੀਤ ਨੇ ਕਿਹਾ, "ਕਰਦਾ ਮੈਂ ਕੁਝ।ਤੂੰ ਟੈਸ਼ਨ ਨਾ ਲੈ।ਜ਼ਿੰਦਗੀ ਇਕੋ ਵਾਰ ਮਿਲਦੀ ਹੈ।ਕੋਈ ਕਮਲ ਨਾ ਕੁੱਟ ਬੈਠੀ"।
ਕਰੀਬ ਇਕ ਹਫਤੇ ਬਾਅਦ ਦਮਨ ਨੇ ਗੁਰਮੀਤ ਨੂੰ ਫੌਨ ਕਰਕੇ ਦੱਸਿਆ ਕਿ ਸਰਕਾਰ ਵੱਲੋਂ ਲੌਕਡਾਊਨ 'ਚ ਕੁਝ ਢਿੱਲ ਦੇਣ ਕਰਕੇ ਉਸ ਦੀ ਛੋਟੀ ਭੈਣ ਦਾ ਵਿਆਹ ਅਗਲੇ ਐਤਵਾਰ ਨੂੰ ਰੱਖਿਆ ਹੈ।ਵਿਆਹ ਜਲਦੀ ਕਰਨਾ ਹੈ ਤਾਂ ਕਿ ਉਹ ਲੌਕਡਾਊਨ ਖ਼ਤਮ ਹੁੰਦਿਆਂ ਹੀ ਕੈਨੇਡਾ ਚਲੇ ਜਾਣ।ਉਹਨਾਂ ਨੇ ਪਲਾਨ ਬਣਾਇਆ ਕਿ ਵਿਆਹ ਦੀਆਂ ਰਸਮਾਂ ਦੌਰਾਨ ਜਦੋਂ ਸਭ ਲੋਕ ਰੁੱਝੇ ਹੋਣਗੇ ਤਾਂ ਉਹ ਦਮਨ ਨੂੰ ਮਹੱਲੇ ਦੀ ਸਭਾ ਵਾਲੀ ਇਮਾਰਤ ਦੀ ਬੈਕ ਸਾਇਡ ਤੋਂ ਭਜਾ ਕੇ ਲੈ ਜਾਵੇਗਾ।
ਕਰਮਨ ਦੇ ਵਿਆਹ ਵਾਲੇ ਦਿਨ ਦਮਨ ਸਵੇਰੇ ਸਭ ਤੋਂ ਪਹਿਲਾ ਉੱਠ ਖੜ੍ਹੀ।ਇਕ ਲੰਮੇ ਅਰਸੇ ਬਾਅਦ ਉੇਹ ਉਮੀਦ ਅਤੇ ਐਨਰਜੀ ਨਾਲ ਤਿਆਰ ਹੋਰ ਰਹੀ ਸੀ।ਉਸ ਦੀ ਮਾਂ ਨੇ ਥੋੜਾ ਨੋਟ ਕੀਤਾ ਪਰ ਬੋਲੀ ਕੁਝ ਨਾ। ਅੰਨਦ ਕਾਰਜ਼ ਤੋਂ ਬਾਅਦ ਜਦ ਸ਼ਗਨ ਪੈ ਰਿਹਾ ਸੀ ਤਾਂ ਦਮਨ ਸਭਾ ਦੀ ਬੈਕ ਸਾਇਡ ਪਹੁੰਚੀ ਜਿੱਥੇ ਪਹਿਲਾਂ ਤੋਂ ਖੜਾ ਗੁਰਮੀਤ ਇੰਤਜ਼ਾਰ ਕਰ ਰਿਹਾ ਸੀ। ਦੱਬਮੇ-ਪੈਰੀਂ ਤੁਰੀ ਆ ਰਹੀ ਦਮਨ ਨੇ ਜਦੋਂ ਗੁਰਮੀਤ ਨੂੰ ਦੇਖਿਆ ਤਾਂ ਉਸ ਦੀਆਂ ਅੱਖਾਂ ਭਰ ਆਈਆ।ਉਸ ਨੇ ਗੁਰਮੀਤ ਦਾ ਹੱਥ ਫੜਕੇ ਕਿਹਾ, "ਥੈਕਸ!"
ਫਿਰ ਪੁੱਛਣ ਲੱਗੀ, "ਹੁਣ ਕੀ ਪਲਾਨ ਹੈ?"
ਗੁਰਮੀਤ ਹੱਸ ਕੇ ਕਹਿਣ ਲੱਗਾ, "ਪਲਾਨ ਤਾਂ ਅਰਥ-ਸਾਸ਼ਤਰੀਆਂ ਕੋਲ ਹੁੰਦੇ ਨੇ। ਅਸੀਂ ਤਾਂ ਕਲਾਕਾਰ ਬੰਦੇ ਹਾਂ..! ਤੁਸੀਂ ਕਾਰਨਾਮਾ ਕਰੋ, ਅਸੀਂ ਸ਼ੋਭਾ ਗਾਵਾਂਗੇ"
ਜਦੋਂ ਦਮਨ ਮੋਟਰਸਾਇਕਲ ਮਗਰ ਬੈਠਣ ਲੱਗੀ ਤਾਂ ਅਚਾਨਕ ਉਸ ਦਾ ਮਾਮਾ ਜਰਦਾ ਲਗਾਉਣ ਲਈ ਵਿਆਹ ਸਮਾਗਮ 'ਚੋ ਬਾਹਰ ਨਿੱਕਲ ਰਿਹਾ ਸੀ।ਮਾਮੇ ਨੂੰ ਕੁਝ ਅਜੀਬ ਜਿਹਾ ਪ੍ਰਤੀਤ ਹੋਇਆ।ਉਸ ਨੇ ਡੱਬ ਵਿੱਚੋਂ ਪਿਸਟਲ ਕੱਢ ਕੇ ਲਲਕਰਾ ਮਾਰਿਆ ਅਤੇ ਹਵਾ ਵਿਚ ਦੋ ਫਾਇਰ ਕਰ ਦਿੱਤੇ।ਮਾਮੇ ਨੂੰ ਗੋਲੀਆਂ ਚਲਾਉਂਦੇ ਦੇਖ ਉਹ ਦੋਵੇਂ ਘਬਰਾ ਗਏ। ਗੁਰਮੀਤ ਨੇ ਬਿਨ੍ਹਾਂ ਕੁਝ ਸੋਚਿਆਂ ਮੋਟਰਸਾਇਕਲ ਭਜਾ ਲਿਆ।ਉਧਰ ਵਿਆਹ ਸਮਾਗਮ ਵਿਚ ਖਲਬਲੀ ਮੱਚ ਗਈ।
ਬੇਗਾਨੇ ਸ਼ਹਿਰ ਦੀਆਂ ਗਲੀਆਂ ਤੋਂ ਅਣਜਾਨ ਗੁਰਮੀਤ ਜਿੱਧਰ ਨੂੰ ਰਾਹ ਮਿਲਦਾ ਮੋਟਰਸਾਇਕਲ ਭਜਾਈ ਜਾ ਰਿਹਾ ਸੀ।ਇਕ ਦੋ-ਵਾਰ ਰਿਸਤੇਦਾਰਾਂ ਦੀ ਗੱਡੀ ਨੇ ਉਹਨਾਂ ਨੂੰ ਲੱਭ ਲਿਆ ਤੇ ਗੋਲੀਆਂ ਵੀ ਚਲਾਈਆਂ।ਪਰ ਫਿਰ ਉਹ ਗਲੀਆਂ ਵਿਚ ਗੁੰਮ ਹੋ ਗਏ।ਦਮਨ ਦੇ ਰਿਸ਼ਤੇਦਾਰਾਂ ਦੀ ਗੱਡੀ ਪੰਜਾਬ-ਹਰਿਆਣਾ ਬਾਰਡਰ 'ਤੇ ਰੋਕ ਲਈ ਗਈ।ਪਰ ਗੁਰਮੀਤ ਪਿੰਡਾਂ ਵਿੱਚੋਂ ਦੀ ਹੁੰਦਾ ਹੋਇਆ ਕੱਚੇ ਰਸਤਿਆਂ ਰਾਹੀ ਪੰਜਾਬ ਐਂਟਰ ਹੋ ਗਿਆ।ਪੰਜਾਬ ਵੜਦਿਆਂ ਹੀ ਉਹਨਾਂ ਨੇ ਸੁੱਖ ਦਾ ਸਾਹ ਲਿਆ ਅਤੇ ਕੁਝ ਦੇਰ ਲਈ ਇੱਕ ਕੱਚੇ ਪਹੇ 'ਤੇ ਰੁਕ ਗਏ। ਦਮਨ ਨੇ ਗੁਰਮੀਤ ਨੂੰ ਘੁੱਟ ਕੇ ਜੱਫੀ ਪਾ ਲਈ।ਜਦੋਂ ਗੁਰਮੀਤ ਨੇ ਉਸਦੀਆਂ ਅੱਖਾਂ 'ਚ ਆਏ ਹੂੰਝਆਂ ਨੂੰ ਆਪਣੀਆਂ ਸਖ਼ਤ ਉਗਲਾਂ ਨਾਲ ਭੁੰਝਿਆ ਤਾਂ ਦਮਨ ਨੇ ਉਸਦੇ ਨੇੜੇ ਹੁੰਦਿਆਂ ਉਸਨੂੰ ਚੁੰਮ ਲਿਆ।
ਲੌਕਡਾਊਨ ਲੱਗਾ ਹੋਣ ਕਰਕੇ ਪੰਜਾਬ ਵਿੱਚ ਵੀ ਆਵਾਜਾਈ ਉਪਰ ਸਖਤ ਨਜ਼ਰ ਰੱਖੀ ਜਾ ਰਹੀ ਸੀ।ਬਾਰਡਰ ਤੋਂ ਮਾਨਸਾ ਵੱਲ ਨੂੰ ਵੱਧਦਿਆਂ ਉਹਨਾਂ ਨੂੰ ਇਕ ਨਾਕੇ ਉਪਰ ਪੁਲਿਸ ਨੇ ਰੋਕ ਲਿਆ।ਪੁਲਿਸ ਨੂੰ ਮਾਮਲਾ ਸ਼ੱਕੀ ਲੱਗਾ।ਸਮੇਂ ਨੂੰ ਭਾਪਦਿਆਂ ਗੁਰਮੀਤ ਨੇ ਐਮ ਐਲ ਏ ਢਿੱਲੋਂ ਨੂੰ ਫੌਨ ਲਗਾਇਆ ਤਾਂ ਪੁਲਿਸ ਵਾਲੇ ਕੁਝ ਠੰਡੇ ਪੈ ਗਏ। ਪਰ ਉਹਨਾਂ ਕਿਹਾ ਕਿ ਮਹਾਂਮਾਰੀ ਦੇ ਚੱਲਦਿਆਂ ਦੋ ਸੂਬਿਆਂ ਦਾ ਬਾਰਡਰ ਪਾਰ ਕਰਨ ਲਈ ਖਾਸ ਹਦਾਇਤਾਂ ਹਨ।ਇਸ ਲਈ ਉਹਨਾਂ ਦਾ ਮੈਡੀਕਲ ਚੈਕੱਪ ਤਾਂ ਹੋਵੇਗਾ ਹੀ ਅਤੇ ਉਹਨਾਂ ਨੂੰ ਚੌਦਾਂ ਦਿਨਾਂ ਲਈ ਇਕਾਂਤਵਾਸ ਵਿਚ ਵੀ ਰਹਿਣਾ ਪਵੇਗਾ।ਗੁਰਮੀਤ ਨੇ ਸਿਹਤ ਵਿਭਾਗ ਵਿਚ ਆਪਣਾ ਕੋਈ ਲਿੰਕ ਲੱਭਿਆ ਅਤੇ ਦੋਵਾਂ ਦਾ ਇਕਾਂਤਵਾਸ ਆਪਣੇ ਪਿੰਡ ਦੇ ਸਰਕਾਰੀ ਸਕੂਲ 'ਚ ਬਣੇ ਕੇਂਦਰ ਵਿਚ ਕਰਵਾ ਲਿਆ।ਜਿੱਥੇ ਡਾਕਟਰਾਂ ਨੇ ਉਹਨਾਂ ਦੇ ਸੈਂਪਲ ਲਏ ਅਤੇ ਹਦਾਇਤਾਂ ਦਾ ਪਾਲਣ ਕਰਨ ਲਈ ਕਿਹਾ।
ਅਗਲੇ ਦਿਨ ਗੁਰਮੀਤ ਅਤੇ ਦਮਨ ਸਕੂਲ ਦੇ ਬਰੋਟੇ ਹੇਠ ਬੈਠੇ ਇਕਾਂਤਵਾਸ ਦੀ ਪਹਿਲੀ ਰਾਤ ਮੱਛਰ ਦੇ ਹੋਏ ਹਮਲੇ 'ਤੇ ਚਰਚਾ ਕਰ ਰਹੇ ਸੀ।ਕੁਝ ਸਮੇਂ ਦੀ ਚੁੱਪੀ ਤੋਂ ਬਾਅਦ ਗੁਰਮੀਤ ਬੋਲਿਆ, "ਮੈਂ ਇਸ ਸਕੂਲ ਵਿਚ ਹੀ ਦਸਵੀਂ ਤੱਕ ਪੜਿਆ। ਸਕੂਲ਼ ਵਿਚ ਨਾ ਤਾਂ ਬੱਚਿਆਂ ਦੇ ਬੈਠਣ ਲਈ ਡੈਸਕ ਹੁੰਦੇ ਸਨ ਨਾ ਪੁਰੇ ਟੀਚਰ।ਅਸੀਂ ਤੱਪੜਾਂ ਉਪਰ ਬੈਠ ਕੇ ਦਰਖ਼ਤਾਂ ਹੇਠ ਹੀ ਗਰਮੀਆਂ ਵਿਚ ਕਲਾਸਾਂ ਲਗਾਉਂਦੇ।ਜਦੋਂ ਕਦੇ ਮੀਂਹ ਪੈਣਾ, ਤਾਂ ਦੋ-ਤਿੰਨ ਦਿਨ ਲਈ ਸਾਡੀਆਂ ਮੌਜਾਂ ਬਣ ਜਾਣੀਆਂ।ਪਰ ਮਨੁੱਖ ਸਾਲਾ ਆਪਣੀ ਔਕਾਤ ਭੁੱਲ਼ ਜਾਂਦਾ। ਮੈਂ ਕਾਨਵੈਂਟ ਵਿਚ ਪੜ੍ਹੀ-ਲਿਖੀ ਕੁੜੀ ਦੇ ਸੁਪਨੇ ਲੈਣ ਲੱਗ ਪਿਆ।ਉਸ ਦਿਨ ਦੀ ਗੁਸਤਾਖੀ ਲਈ ਮੁਆਫ ਕਰਨਾ ਯਾਰ।"
ਭਾਵੁਕ ਜਿਹੀ ਹੋਈ ਦਮਨ ਨੇ ਕਿਹਾ, "ਨਹੀਂ ਐਹੋਂ ਜਿਹੀ ਕੋਈ ਗੱਲ ਨੀਂ। ਤੂੰ ਬਹੁਤ ਚੰਗਾ ਇਨਸਾਨ ਹੈ।"
"ਚੱਲ ਛੱਡ। ਤੂੰ ਇਹ ਦੱਸ ਹੁਣ ਅੱਗੇ ਕੀ ਕਰਨਾ" ਗੁਰਮੀਤ ਨੇ ਪੁੱਛਿਆ।
"ਇਹ ਤਾਂ ਤੈਅ ਹੈ ਕਿ ਮੈਂ ਕੈਨੇਡਾ ਨਹੀਂ ਜਾਣਾ ਪਰ ਮੈਂ ਕੋਈ ਕ੍ਰਾਂਤੀਕਾਰੀ ਵੀ ਨਹੀਂ ਹਾਂ।ਬਸ ਸਾਹਿਤਕ ਜੀ ਜ਼ਿੰਦਗੀ ਜੀਣਾ ਚਹੁੰਦੀ ਹਾਂ," ਦਮਨ ਨੇ ਕਿਹਾ।
ਗੁਰਮੀਤ ਨੇ ਮੁਸਕਰਾਉਦਿਆਂ ਕਿਹਾ, "ਤੂੰ ਰੌਸ਼ਨ ਦਿਮਾਗ ਹੈ ਅਤੇ ਸੰਵੇਦਨਸ਼ੀਲ ਵੀ ਹੈ ਪਰ ਦਲੇਰ ਨਹੀਂ।ਤੈਨੂੰ ਸਮਾਜਿਕ ਬੁਰਾਈਆਂ ਤੰਗ ਤਾਂ ਕਰਦੀਆਂ ਨੇ ਪਰ ਤੂੰ ਇਸ ਦੇ ਵਿਰੋਧ 'ਚ ਉੱਤਰੀ ਨਹੀਂ।"
ਦਮਨ ਨੇ ਆਪਣਾ ਹੁੰਗਾਰਾ ਜਾਰੀ ਰੱਖਿਆ।"ਮੈਂ ਤੈਨੂੰ ਮਹਾਂਮਰੀ ਫੈਲਣ ਦੇ ਬਾਵਜੂਦ ਇਸ ਲਈ ਲੈਣ ਗਿਆ ਕਿਉਂਕਿ ਅਸੀਂ ਆਪਣੇ ਬੰਦਿਆਂ ਨੂੰ ਮਰਦੇ ਨਹੀਂ ਛੱਡ ਸਕਦੇ।ਜਦੋਂ ਲੌਕਡਾਊਨ ਦੇ ਦੌਰਾਨ ਸੱਤਾਧਾਰੀ ਪਾਰਟੀ ਆਪਣਾ ਏਜੰਡਾ ਚਲਾ ਰਹੀ ਹੈ ਤਾਂ ਅਸੀਂ ਘਰ ਕਿਵੇਂ ਬੈਠ ਸਕਦੇ ਹਾਂ?," ਗੁਰਮੀਤ ਨੇ ਆਪਣੀ ਗੱਲ ਮੁਕਾਈ।
ਦਮਨ ਨੇ ਮੁਸਕਰਾਉਂਦਿਆਂ ਕਿਹਾ, "ਮੈਂ ਇਸ ਸਮਾਜ ਵਿਚ ਆਪਣੀਆਂ ਸ਼ਰਤਾਂ 'ਤੇ ਜ਼ਿੰਦਗੀ ਜੀਣ ਦਾ ਸੁਪਨਾ ਲਿਆ। ਡਿਪਰੈਸ਼ਨ ਝੱਲਿਆ, ਲੋਕਾਂ ਦੇ ਤਾਅਨੇ-ਮੇਹਣੇ ਸੁਣੇ ਪਰ ਵਕਤ ਅੱਗੇ ਗੋਡੇ ਨਹੀਂ ਟੇਕੇ।ਤੇਰੇ ਨਾਲ ਗੋਲੀਆਂ ਦੀ ਬਛਾੜ ਵਿਚ ਭੱਜ ਆਈ।ਕੁਝ ਤਾਂ ਸੋਚ ਕੇ ਹੀ ਤੁਰੀ ਹੋਵਾਂਗੀ।"
ਫਿਰ ਉਹ ਦੋਵੇਂ ਹੱਸਣ ਲੱਗੇ।ਅਚਾਨਕ ਦਮਨ ਨੂੰ ਸਿੰਮੀ ਦਾ ਚੇਤਾ ਆਇਆ।ਗੁਰਮੀਤ ਨੇ ਦੱਸਿਆ ਕਿ ਸਿੰਮੀ ਥੋੜੀ ਵੱਡੀ ਹੋ ਗਈ ਹੈ ਪਰ ਉਸ ਦੀ ਦਾਦੀ ਆਖਰੀ ਸਾਹਾਂ ਉਪਰ ਹੈ।ਰੋਟੀ ਲਾਗੀਆਂ ਦੀ ਬੁੜੀ ਪਕਾ ਜਾਂਦੀ ਹੈ ਪਰ ਬੱਚੀ ਬਿਨ੍ਹਾਂ ਮਾਂ-ਬਾਪ ਦੇ ਰੁਲ ਰਹੀ ਹੈ।
ਅਗਲੀ ਸਵੇਰੇ ਐਂਬੂਲੈਸ ਵਿਚ ਆਈ ਸਿਹਤ ਵਿਭਾਗ ਦੀ ਟੀਮ ਨੇ ਦੱਸਿਆ ਕਿ ਉਹ ਦੋਵੇਂ ਹੀ ਕਰੋਨਾ ਪਾਜ਼ਿਟਵ ਹਨ।ਦਮਨ ਬਿਲਕੁਲ ਠੀਕ ਹੈ ਪਰ ਗੁਰਮੀਤ ਨੂੰ ਹਲਕੇ ਜਿਹੇ ਲੱਛਣ ਹਨ।ਇਸ ਲਈ ਉਸ ਨੂੰ ਹਸਪਤਾਲ ਸਿਫਟ ਕੀਤਾ ਜਾਵੇਗਾ ਅਤੇ ਦਮਨ ਨੂੰ ਕੋਵਿਡ ਕੇਅਰ ਸੈਂਟਰ ਵਿਚ ਰੱਖਿਆ ਜਾਵੇਗਾ।ਸਿਹਤ ਕਰਮਚਾਰੀਆਂ ਨੇ ਦੱਸਿਆ ਕਿ ਕਰਮਨ ਦੇ ਵਿਆਹ ਵਿਚ ਹੋਰ ਵੀ ਕਈ ਵਿਅਕਤੀ ਕਰੋਨਾ ਦੇ ਮਰੀਜ ਪਾਏ ਗਏ ਸਨ।
ਅਗਲੇ ਦੋ ਦਿਨਾਂ ਵਿਚ ਗੁਰਮੀਤ ਦੀ ਹਾਲਤ ਕਾਫੀ ਖਰਾਬ ਹੋ ਗਈ ਜਿਸ ਕਾਰਨ ਉਸ ਨੂੰ ਵੈਂਟੀਲੇਟਰ ਉਪਰ ਸਿਫਟ ਕਰ ਦਿੱਤਾ ਗਿਆ।ਵਾਇਰਸ ਕਾਰਨ ਉਸ ਦੇ ਫੇਫੜਿਆਂ ਵਿਚ ਇਨਫੈਕਸ਼ਨ ਕਾਫੀ ਫੈਲ ਗਿਆ ਸੀ।ਦਮਨ ਨੂੰ ਇੱਕ ਹਫਤੇ ਬਾਅਦ ਡਾਕਟਰਾਂ ਨੇ ਤੰਦਰੁਸਤ ਐਲਾਨ ਦਿੱਤਾ ਪਰ ਉਸ ਨੂੰ ਪੂਰੇ ਚੌਦਾਂ ਦਿਨਾਂ ਲਈ ਕੇਅਰ ਸੈਂਟਰ ਵਿਚ ਰੁਕਣ ਲਈ ਆਖਿਆ ਗਿਆ।ਆਈ.ਸੀ.ਯੂ ਵਿਚੋਂ ਤੇਰਵੇਂ ਦਿਨ ਗੁਰਮੀਤ ਨੇ ਰਾਤੀਂ ਦਮਨ ਨੂੰ ਫੌਨ 'ਤੇ ਮੈਸਿਜ਼ ਭੇਜਿਆ, "ਮੇਰੀ ਦਿਲੀ ਖੁਆਇਸ਼ ਸੀ ਕਿ ਆਪਣੀ ਦੋਵਾਂ ਇਕ ਤਸਵੀਰ ਕਮਰੇ ਵਿੱਚ ਲੱਗੀ ਹੋਵੇ।ਪਰ ਹਲਾਤ ਕਦੇ ਵੀ ਮੇਰੇ ਪੱਖ ਵਿੱਚ ਨਹੀਂ ਸਨ।ਵੈਂਟੀਲੇਟਰ ਉਪਰ ਐਨੇ ਦਿਨ ਰਹਿਣਾ ਬੜਾ ਅਸਿਹ ਹੈ।ਪਰ ਇਸ ਦੌਰਾਨ ਮੈਂ ਤੇਰਾ ਇੱਕ ਪੈੱਨਸਲ ਸਕੈਚ ਬਣਾਇਆ ਹੈ।ਇਹ ਪੇਂਟਿੰਗ ਮੇਰੀ ਉਸ ਮਹਿਬੂਬਾ ਦੀ ਹੈ ਜੋ ਸਾਹਿਤਕ ਤਾਂ ਹੈ ਹੀ ਪਰ ਥੋੜੀ ਰੈਡੀਕਲ ਵੀ ਹੈ। ਇਸ ਤਸਵੀਰ ਵਿਚ ਇਕ ਹੋਰ ਜੀਅ ਵੀ ਹੈ ਜਿਸ ਨੂੰ ਤੂੰ ਹਮੇਸ਼ਾ ਆਪਣੇ ਸੀਨੇ ਨਾਲ ਲਾ ਕੇ ਰੱਖੀਂ।"
ਅਗਲੀ ਸਵੇਰ ਦਮਨ ਨੇ ਕੁਦਰਤੀ ਪਹਿਲਾਂ ਡਾਕਟਰਾਂ ਵੱਲੋਂ ਭੇਜਿਆ ਗੁਰਮੀਤ ਦੀ ਮੌਤ ਦਾ ਮੈਸਿਜ ਪੜਿਆ ਅਤੇ ਬਾਅਦ ਵਿਚ ਆਪਣੇ ਜਾਨ ਤੋਂ ਪਿਆਰੇ ਦੋਸਤ ਦਾ ਆਖਰੀ ਸਨੇਹਾ। ਗੁਰਮੀਤ ਦੀ ਬਣਾਈ ਪੇਂਟਿੰਗ ਵਿਚ ਦਮਨ ਅਤੇ ਸਿੰਮੀ ਇੱਕ ਦੂਜੇ ਦਾ ਹੱਥ ਫੜੀ ਬੇਖੌਫ ਨਵੇਂ ਦਿਸਹੱਦੇ ਵੱਲ ਨੂੰ ਕੂਚ ਕਰ ਰਹੀਆਂ ਸਨ।
ਸੰਪਰਕ: +91 78378 59404