ਨਜ਼ਰਬੰਦ -ਵਰਗਿਸ ਸਲਾਮਤ
Posted on:- 15-11-2019
"ਅੱਬੂ! ਅੱਬੂ! ਬਾਹਰ ਗਲੀ 'ਚ ਫੌਜ਼, ਸਾਰੀ ਗਲੀ ਭਰ ਗਈ!
ਖ਼ਬਰਾਂ ਸੁਣ ਰਹੇ ਅੱਬੂ ਨੂੰ ਹਿਲਾਉਂਦਿਆਂ ਜ਼ਿਹਾਨ ਨੇ ਕਿਹਾ
ਉਸਦੀ ਅਵਾਜ਼ 'ਚ ਮਾਸੂਮੀਅਤ ਅਤੇ ਹੈਰਾਨਗੀ ਸੀ।
ਟੈਲੀਵਿਜ਼ਨ 'ਤੇ ਕੈਲਾਸ਼ਨਾਥ ਯਾਤਰਾ ਰੋਕਣ ਦੀ ਖ਼ਬਰ ਬਾਰ-ਬਾਰ ਦੁਹਰਾਈ ਜਾ ਰਹੀ ਸੀ। ਸਾਰੇ ਯਾਤਰੂਆਂ ਨੂੰ ਵਾਪਸ ਆਪਣੇ-ਆਪਣੇ ਘਰਾਂ ਤੱਕ ਪਹੁੰਚਾਉਣ ਲਈ ਫੌਜ ਅਤੇ ਲੀਡਰਸ਼ਿਪ ਵੱਧ ਤੋਂ ਵੱਧ ਯਤਨ ਮੁਹੱਈਆ ਕਰਵਾ ਰਹੀ ਸੀ।
ਅਹਿਮਦ ਨੇ ਪਹਿਲਾਂ ਖਿੜਕੀ ਰਾਹੀਂ ਝਾਕਿਆ ਪਰ ਤਸੱਲੀ ਨਾ ਹੋਣ ਤੇ ਉਸ ਨੇ ਬਾਹਰ ਦਰਵਾਜ਼ੇ 'ਚ ਆ ਕੇ ਵੇਖਿਆ। ਕੁਝ ਦੇਰ ਪਹਿਲਾਂ ਉਹ ਜਦੋਂ ਆਇਆ ਸੀ ਤਾਂ ਗਲੀ ਵਿਚ ਬਹੁਤ ਚਹਿਲ-ਪਹਿਲ ਸੀ। ਲੋਕ ਆ-ਜਾ ਰਹੇ ਸਨ, ਬੱਚੇ ਖੇਡ ਰਹੇ ਸਨ, ਸ਼ਹਿਰ ਦੀਆਂ ਦੁਕਾਨਾਂ ਵੀ ਖੁਲ੍ਹੀਆਂ ਸੀ, ਹੁਣੇ ਤਾਂ ਉਹ ਜ਼ਿਹਾਨ ਅਤੇ ਆਇਤ ਲਈ ਬਰਗਰ ਅਤੇ ਪੇਸਟਰੀਆਂ ਲੈ ਕੇ ਆਇਆ ਸੀ ਅਤੇ ਆਪਣੀ ਰੇਹੜੀ ਲਈ ਵੀ ਬਰਿਆਨੀ ਆਦਿ ਦਾ ਸਮਾਨ ਲਿਆਇਆ ਹੈ। ਇਕ ਦਮ ਅਜਿਹਾ ਕੀ ਹੋ ਗਿਆ ਕਿ ਸਾਰੀ ਗਲੀ ਫੌਜ ਨਾਲ ਭਰ ਗਈ ... ਬੜੀਆਂ ਬੜੀਆਂ ਵਾਰਦਾਤਾਂ ਅਸੀਂ ਆਪਣੇ ਪਿੰਡੇ ਤੇ ਝੱਲੀਆਂ ਹਨ, ਬੜੇ ਬੰਦ, ਵੱਡੀਆਂ ਹੜਤਾਲਾਂ ਅਤੇ ਬੜੇ ਕਰਫਿਊ ਅਸੀਂ ਫਾਕਿਆਂ ਨਾਲ ਲੰਘਾਏ, ਬੜੀਆਂ ਅੱਤਵਾਦ ਦੀਆਂ ਗਤੀਵਿਧੀਆਂ ਇਸ ਮੁਹੱਲੇ 'ਚ ਹੁੰਦੀਆਂ ਮਹਿਸੂਸ ਹੋਈਆਂ, ਆਰਮੀ ਦੇ ਕਈ ਸਰਚ ਅਪਰੇਸ਼ਨ ਵੇਖੇ, ਕਰੈਕ ਡਾਊਨ ਤੱਕ ਅਸੀਂ ਝੱਲੇ ..... ਪਰ ਇਸ ਤਰ੍ਹਾਂ ਦੀ ਵੱਡੀ ਤਦਾਦ 'ਚ ਆਰਮੀ ਕਦੇ ਨਹੀਂ ਦੇਖੀ!
ਫਿਰ ਪਹਿਲਾਂ ਇਹ ਆਰਮੀ ਵਾਲੇ ਦਸ ਦਿੰਦੇ ਹੁੰਦੇ ਸੀ ਕਿ ਖਾਨ ਸਾਹਿਬ ਅੱਜ ਆ ਹੋ ਗਿਆ, ਆ ਹੋ ਸਕਦਾ ਜਾਂ ਇਸ ਨੂੰ ਲੱਭ ਰਹੇ ਹਾਂ ... ਅੱਜ ਤਾਂ ਇਹ ਕਿਸੇ ਨਾਲ ਗੱਲ ਵੀ ਨਹੀਂ ਕਰ ਰਹੇ। ਇਹ ਤਾਂ ਸਾਨੂੰ ਬਹੁਤ ਸਮਝਾਉਂਦੇ ਹੁੰਦੇ ਹਨ। ਲੋਕਾਂ ਨਾਲ ਬੜੇ ਪਿਆਰ ਨਾਲ, ਮੁਹੱਬਤ ਨਾਲ ਪੇਸ਼ ਆਉਂਦੇ ਹੁੰਦੇ ਹਨ , ਲੋਕਾਂ ਨਾਲ ਲੋਕਾਂ ਦੀਆਂ ਮੁਸ਼ਕਲਾਂ ਦੇ ਹਮਦਰਦ ਅਤੇ ਆਪਣੀਆਂ ਮਜ਼ਬੂਰੀਆਂ ਅਤੇ ਦੇਸ ਦੇ ਖ਼ਤਰੇ ਬਾਰੇ ਜਾਗਰੂਕ ਕਰਾਉਂਦੇ ਹੁੰਦੇ,.........ਕਈ ਵਾਰੀ ਤਾਂ ਖਾਣ ਪੀਣ ਵਾਲੀਆਂ ਚੀਜ਼ਾਂ ਵੀ ਬੱਚਿਆਂ ਨੂੰ ਦਿੰਦੇ ਹੁੰਦੇ ਹਨ। ਬੱਚਿਆਂ ਨੂੰ ਤਾਂ ਖਾਸ ਪਿਆਰ ਦਿੰਦੇ ਹੁੰਦੇ। ਉਹਨਾਂ ਨਾਲ ਤਾਂ ਨਿੱਕੀਆਂ-ਨਿੱਕੀਆਂ ਖੇਡਾਂ ਵੀ ਖੇਡਦੇ ਵੇਖੇ ।ਪਰ ਅੱਜ ਇਨ੍ਹਾਂ ਨੂੰ ਕੀ ਹੋ ਗਿਆ?ਅੱਜ ਇਨ੍ਹਾਂ ਦੇ ਕਦਮਾਂ ਦੀ ਧਮਕ, ਹੱਥਾਂ ਦੀ ਪਕੜ , ਵਰਦੀ ਦਾ ਰੋਅਬ ਅਤੇ ਅੱਖਾਂ ਦੀ ਲਾਲੀ 'ਚ ਕੁਝ ਫਰਕ ਹੈ। ਮੈਨੂੰ ਮਹਿਸੂਸ ਹੋ ਰਿਹਾ ਹੈ ਕਿ ਜਿਵੇਂ ਇਹ ਆਪਣੀ ਆਰਮੀ ਨਾ ਹੋ ਕੇ ਕਿਸੇ ਹੋਰ ਮੁਲਕ ਦੀ ਹੋਵੇ।ਇਨ੍ਹਾਂ ਦੇ ਚੇਹਰੇ ਤੇ ਗੁੱਸਾ ਤੇ ਅੱਖਾਂ ਲਾਲ-ਲਾਲ ਕਿਉਂ ਹਨ! ਇਹ ਵੀ ਮਹਿਸੂਸ ਹੋ ਰਿਹਾ ਹੈ ਕਿ ਪਹਿਲਾਂ ਇਹ ਸਾਨੂੰ ਮਹਿਫੂਜ਼ ਕਰਨ ਆਉਂਦੇ ਸਨ। ਬਚਾਉਣ ਆਉਂਦੇ ਸਨ। ਪਰ ਅੱਜ ਇਹ ਡਰਾਉਣ, ਧਮਕਾਉਣ ਅਤੇ ਦਬਾਉਣ ਆਏ ਹੋਏ ਲੱਗਦੇ ਹਨ।ਅੱਖਾਂ ਦੀ ਲਾਲਗੀ ਤੋਂ ਉਸਦਾ ਧਿਆਨ ਲਾਲ ਚੌਂਕ 'ਚ ਚਲਾ ਗਿਆ। ਉੱਥੇ ਤਾਂ ਕੱਲ ਹੀ ਆਰਮੀ ਦੀ ਹਰਕਤ ਬਹੁੱਤ ਜ਼ਿਆਦਾ ਸੀ-ਮੈਨੂੰ ਬਾਰ-ਬਾਰ ਕਹਿ ਰਹੇ ਸੀ ਕਿ ਰੇਹੜੀ ਜਲਦੀ ਘਰ ਲੈ ਜਾਓ ... ਜਦੋਂ ਕਿ ਕਾਫ਼ੀ ਬਰਿਆਨੀ ਅਤੇ ਚਿਕਨ ਵਿਕਣ ਵਾਲਾ ਸੀ। ਦੁਕਾਨਾਂ ਬੰਦ ਕਰਵਾਉਣ ਤੇ ਜ਼ੋਰ ਦੇ ਰਹੇ ਸਨ।ਕੀ ਹੋਣ ਵਾਲਾ ਹੈ?ਕੀ ਵਾਪਰ ਰਿਹਾ ਹੈ?ਅੱਜ ਫੌਜ ਦੀ ਸਰੀਰਕ ਹਰਕਤ ਕੁਝ ਅਜੀਬ ਹੈ!ਵੋਟਾਂ ਤਾਂ ਅਜੇ ਦੂਰ ਹਨ!ਪਾਕਿਸਤਾਨ ਦੀ ਕੋਈ ਕੋਝੀ ਹਰਕਤ ਵੀ ਹੋ ਸਕਦੀ ਹੈ!ਆਂਤਕਵਾਦੀਆਂ ਦਾ ਆਂਤਕ!ਨਹੀ...ਨਹੀ !!!ਇਹਨੇ ਬੰਦੇ ਤਾਂ ਇਸ ਨਿੱਕੀ ਜਿਹੀ ਗਲੀ 'ਚ ਰਹਿਣ ਵਾਲੇ ਵੀ ਨਹੀਂ ਹੋਣੇ ਜਿੰਨੀ ਅੱਜ ਗਲੀ 'ਚ ਫੌਜ ਮੁਸਤੈਦੀ ਨਾਲ ਖੜੀ ਹੈ। ਦਸ ਕੁ ਤਾਂ ਘਰ ਹਨ ਇਸ ਗਲੀ 'ਚ ਪਰ ਆ ਤਾਂ ਸੌ ਬੰਦਾ ਹੋਣਾ! ... ਸਾਡੀ ਗਲੀ ਤਾਂ ਹਮੇਸ਼ਾਂ ਇਹਨਾਂ ਦਾ ਸਹਿਯੋਗ ਦੇਣ ਵਾਲੀ ਹੈ। ਇਹਨਾਂ ਨੇ ਤਾਂ ਕਦੇ ਪੱਥਰ ਵਗੈਰਾ ਵਾਲੀ ਘਟਨਾ ਵੀ ਨਹੀਂ ਕੀਤੀ ...।ਸ਼ਹਿਰ ਵਿਚ ਵੀ ਕਾਫੀ ਦਿਨਾਂ ਤੋਂ ਸ਼ਾਂਤੀ ਹੈ... ਉਸਦੇ ਦਿਮਾਗ਼ 'ਚ ਉੜੀ, ਪੁਲਵਾਮਾ ਅਤੇ ਹੋਰ ਆਸ-ਪਾਸ ਦੀਆਂ ਘਟਨਾਵਾਂ ਦੀ ਲੜੀ ਬਣਨ ਲੱਗੀ।ਇਨ੍ਹਾਂ ਸੋਚਾਂ ਚ ਡੁੱਬੇ ਅਹਿਮਦ ਨੇ ਗਲੀ ਵੱਲ ਇਕ ਵਾਰੀ ਫਿਰ ਵੇਖਿਆ ਤੇ ਦਰਵਾਜ਼ਾ ਬੰਦ ਕਰਕੇ ਅੰਦਰ ਚਲਾ ਗਿਆ, ਮੁੱਠੀਆਂ ਕੁੱਟੀਆਂ ,ਅੱਖਾਂ ਬੰਦ ਕਰਕੇ ਦਿਮਾਗ਼ ਤੇ ਜ਼ੋਰ ਦਿੱਤਾ... ਯਾਤਰਾ ਰੋਕ ਕੇ, ਸਪੈਸ਼ਲ ਜਹਾਜ਼ਾਂ ਦੁਆਰਾ ਕੈਲਾਸ਼ਨਾਥ ਸ਼ਰਧਾਲੂਆਂ ਨੂੰ ਵਾਪਸ ਉਨ੍ਹਾਂ ਦੇ ਘਰਾਂ ਨੂੰ ਭੇਜਣਾ ,ਭਾਰਤ ਸਰਕਾਰ ਦੀ ਇਨੀ ਮੁਸ਼ਤੈਦੀ, ਹਿੰਦੂਆਂ ਪ੍ਰਤੀ ਏਨੀ ਫਿਕਰਮੰਦੀ...... ਅਜਿਹੀਆਂ ਖ਼ਬਰਾਂ ਦਾ ਸਿਲਸਿਲਾ ਉਸਦੇ ਕਿਮਰੇ 'ਚ ਗੂੰਜ ਰਿਹਾ ਸੀ... ਪਰ ਉਸਦੇ ਮਨ ਮਸਤਕ ਤੇ ਅਜੀਬੋ ਗਰੀਬ ਦਸਤਕ ਉਸਨੂੰ ਪਰੇਸ਼ਾਨ ਕਰ ਰਹੀ ਸੀ।ਜਦੋਂ ਤੋਂ ਹੋਸ਼ ਸੰਭਾਲੀ ਹੈ ਕਸ਼ਮੀਰ ਸੁਲਗਦਾ, ਸੜਦਾ ਅਤੇ ਦਹਿਕਦਾ ਹੀ ਦੇਖਿਆ ਹੈ। ਬੜੀ ਮੁਸ਼ੱਕਤ ਨਾਲ ਅੱਬੂ ਨੇ ਡਲ 'ਚ ਇਕ ਸ਼ਿਕਾਰਾ ਪਾਇਆ ਸੀ ਉਹ ਹੀ ਠੱਪ ਹੋ ਗਿਆ। ਹੁਣ ਤਾਂ ਸ਼ਿਕਾਰਿਆਂ ਦੀ ਲੱਕੜ ਵੀ ਗਲਣੀ ਸ਼ੁਰੂ ਹੋ ਗਈ। ਨਿੱਕੇ-ਨਿੱਕੇ ਹੁੰਦੇ ਸਾਂ ਤੇ ਅੱਬੂ ਨਾਲ ਸ਼ਿਕਾਰੇ 'ਚ ਜਾਂਦੇ ਸਾਂ। ਕਿੰਨਾ ਸੱਜਿਆ ਹੁੰਦਾ ਸੀ, ਸੈਲਾਨੀਆਂ ਨਾਲ ਭਰਿਆ ਰਹਿੰਦਾ ਸੀ। ਅੱਬੂ ਤੋਂ ਪੁੱਛੇ ਬਿਨਾਂ ਸ਼ੂਟਿੰਗ ਦੇਖਣ ਚਲੇ ਜਾਣਾ, ਗ੍ਰਾਹਕ ਲੈਣ ਬਸ ਅੱਡੇ ਜਾਣਾ, ਫਿਰ ਛੱਡਣ ਜਾਣਾ,ਹਰਿਆਲੀ ਹੀ ਹਰਿਆਲੀ , ਗ੍ਰਾਹਕ ਹੀ ਗ੍ਰਾਹਕ, ਸੈਲਾਨੀ ਹੀ ਸੈਲਾਨੀ...... ਸਭ ਕੁਝ ਖੁਸ਼ਗਵਾਰ ਸੀ , ਫਿਰਦੌਸ ਵਾਕਿਆ ਹੀ ਫਿਰਦੌਸ ਸੀ।ਅੱਬਾ ਨੇ ਪੰਜ ਭੈਣ- ਭਰਾਵਾਂ ਨੂੰ ਇਸ ਤੋਂ ਹੀ ਪਾਲਿਆ ਅਤੇ ਪੜਾਇਆ ਸੀ। ਬਾਕੀਆਂ ਨੂੰ ਸਹੀ ਸਮੇਂ ਪੜ੍ਹ ਕੇ ਨੌਕਰੀਆਂ ਵੀ ਮਿਲ ਗਈਆਂ। ਜਿੰਨੀ ਕੁ ਦੇਰ ਨੂੰ ਮੈਂ ਵੱਡਾ ਹੋਇਆ ਮਾਹੌਲ ਵਿਗੜ ਗਿਆ, ਜਿਵੇਂ ਵਿਕਾਸ ਹੀ ਰੁੱਕ ਗਿਆ ...ਯਾਦ ਆਇਆ ....ਖਾਲਾ ਜੀ ਨੂੰ ਫ਼ੋਨ ਕਰਾਂ...ਹੈਲੋ......ਆਦਾਬ ਖਾਲਾ ਜੀਕੀ ਹਾਲ ਹੈ? ...ਮਹੌਲ??ਆਪਕੇ ਭੀ ...ਗਾੜੀਆਂ ਹੀ ਗਾੜੀਆਂਡਰ, ਦਹਿਸ਼ਤ ਤੋ ਹੈ ਹੀ!ਹਮਾਰੇ ਯਹਾਂ ਭੀ ਐਸਾ ਹੀ ਹੈਭਾਈ ਜਾਨ ਕੇਅੱਛਾ! ਦੇਖਤਾ ਹੂੰਕਰਤਾ ਹੂੰਲੋ ਉਨੀ ਕਾ ਫੋਨ ਆ ਰਿਹਾ ਹੈ ...ਅੱਛਾਹਾਂਜੀ......ਜੀਅਦਾਬ ਭਾਈ ਜਾਨਹਾਂ ... ਹਾਂ ਹਾਂਕਿਆ ਹੁਆ ?ਆਰਮੀ ...ਆਪ ਕੇ ਭੀਕਿਆ ਬਾਤ ਹੈ ?ਕੁਛ ਕਹਿ ਨਹੀ ਸਕਦੇਅੱਲਾ ਜਾਨੇ, ਕਿਆ ਹੋਨੇ ਵਾਲਾ ਹੈ!ਆਪ ਤੋਂ ਹਮਸੇ ਜ਼ਿਆਦਾ ਪੜ੍ਹੇ ਲਿਖੇ ਹੈਂਜਾਨਤੇ ਹੋਂਗੇਮੁਝੇ ਤੋਂ ਕੁਛ ਸਮਝ ਨਹੀਂ ਆ ਰਿਹਾ।ਠੀਕ ਹੈ ?... ਹੈਲੋ, ਹੈਲੋ, ਹੈਲੋ,ਫੋਨ ਭੀ ਬੰਦ,ਅੱਛਾ ! ਖੁਦਾ ਹਾਫਿਜ਼ ... ਮੂੰਹ 'ਚ ਬੁੜਬੁੜਾਦਿਆਂ ਢਿਲੀਆਂ ਬਾਹਾਂ ਨਾਲ ਫੋਨ ਮੰਜੇ 'ਤੇ ਸੁੱਟ ਕੇ ਨਿਢਾਲ ਜਿਹਾ ਕੁਰਸੀ 'ਤੇ ਬੈਠ ਗਿਆ ।ਫਿਕਰਮੰਦੀ ਵਧਦੀ ਜਾ ਰਹੀ ਸੀ ...ਬ੍ਰੈਕਿੰਗ ਨਿਊਜ!"ਹੁਕਮਰਾਨ ਸਰਕਾਰ ਦੁਆਰਾ ਸਾਰੇ ਜੰਮੂ ਕਸ਼ਮੀਰ ਕੇ ਰਾਜਨੀਤਿਕ ਨੇਤਾ, ਮੁਲਾਂ, ਇਮਾਮ, ਧਾਰਮਿਕ ਅਤੇ ਰਾਜਨੀਤਿਕ ਜੱਥੇਬੰਦੀਆਂ ਦੇ ਆਗੂ ਸਾਹਿਬਾਨ ਆਪਣੇ ਆਪਣੇ ਗਰੋਂ ਮੇਂ ਨਜ਼ਰਬੰਦ ਕਰ ਦੀਏ ਗਏ"।ਇਹ ਕੀ ਹੋ ਰਿਹਾ ਹੈ?ਉਸਨੇ ਇਕ ਵਾਰੀ ਫੇਰ ਦਰਵਾਜਾ ਖੋਲ੍ਹ ਕੇ ਗਲੀ ਵਿਚ ਵੇਖਿਆ ... ਫੌਜ ਹੀ ਫੌਜਛੋਟੀ ਭੈਣ ਨੂੰ ਫੋਨ ......ਨਹੀਇਸ ਰੂਟ ਕੇ ਸਭੀ ਨੈੱਟਵਰਕ ਬੰਦ ਕਰ ਦੀਏ ਗਏ ਹੈਂ।ਕਮਾਲ ਹੋ ਗਿਆ,ਸਾਰੇ ਨੇਤਾ ਨਜ਼ਰਬੰਦ !ਸਰਕਾਰ ਕਿਆ ਕਰ ਰਹੀ ਹੈ ?ਲੀਡਰਾਂ ਇਸਦਾ ਵਿਰੋਧ ਕਿਉਂ ਨਹੀਂ ਕੀਤਾ ?.... ਕੁਝ ਦੇਰ ਚੁੱਪ ਰਹਿ ਕੇ ਪਤਨੀ, ਬੱਚਿਆਂ ਅਤੇ ਅੰਮਾਂ ਨੂੰ ਅਵਾਜ਼ਾਂ ਦਿੱਤੀਆਂ, ਸਾਰੇ ਟੀ.ਵੀ. ਵਾਲੇ ਕਮਰੇ 'ਚ ਆ ਗਏ।ਸਾਰੇ ਹੈਰਾਨ ਜਿਹੇ ਇੱਕ ਦੂੱਜੇ ਵੱਲ ਵੇਖ ਰਹੇ ਸਨ। ਟੈਲੀਵਿਜ਼ਨ ਵੀ ਬੋਲਣੋਂ ਬੰਦ ਹੋ ਗਿਆ ਸੀ। ਰਹਿ ਗਈਆਂ ਸੀ ਸਿਰਫ਼ ਸੋਚਾਂ ......ਰਾਬਤਾ...ਰਾਬਤਾਜ਼ਮੀਨ ਨਾਲ ਰਾਬਤਾ... ਨਹੀ ,ਅਸਮਾਨ ਨਾਲ ਰਾਬਤਾ... ਨਹੀ ,ਬਾਹਰ ਨਾਲ ਰਾਬਤਾ...ਨਹੀਬਹਾਰ ਨਾਲ ਰਾਬਤਾ... ਨਹੀਂ ,ਵਪਾਰ ਨਾਲ ਰਾਬਤਾ ...ਨਹੀਂ ,ਨਹੀਂ ਨਾਲ ਰਾਬਤਾ......ਹਾਂ......ਨਹੀਂ ਨਹੀਂਸੋਚਾਂ ਨਾਲ ਰਾਬਤਾ ਹੈ।......ਕੁਦਰਤ ਦੀ ਹਕੂਮਤ ਦਾ ਇਹ ਰਾਹ ਸਾਹਾਂ ਨਾਲ ਬੰਦ ਹੁੰਦਾ ਹੈ।ਪੀਰਾਂ , ਦਰਵੇਸ਼ਾਂ ਅਤੇ ਪਰਮੇਸ਼ਰਾਂ ਨੇ ਇਸ ਨਾਲ ਹੀ ਜਿਆਦਾ ਰਾਬਤਾ ਰੱਖਿਆ।ਸੋਚਾਂ......ਕੀ ਸੋਚਾਂ ?ਕਿੰਨਾ ਕੂ ਸੋਚਾਂ......?ਪੜੋਸੀ ਦਾ ਕੀ ਹਾਲ ਹੋਵੇਗਾ ?ਉਹ ਮੇਰੇ ਬਾਰੇ ਕੀ ਸੋਚਦਾ ਹੋਵੇਗਾ?ਭਾਈ ਜਾਨ, ਖਾਲਾ, ਸਸੁਰਾਲ ਵਾਲੇ ਕੀ ਕਰ ਰਹੇ ਹੋਣੇ ?ਉਹ ਵੀ ਆਪਣੇ ਘਰ ਇੰਜ ਹੀ ਨਜ਼ਰਬੰਦ ਹੋਣਗੇ!ਕੀ ਕਸ਼ਮੀਰ ਵੱਡੀ ਜੇਲ੍ਹ ਬਣ ਗਿਆ-ਫਿਰਦੋਸ ਜੇਲ੍ਹ ਹੋ ਗਿਆ।ਮੇਰੀ ਰੇਹੜੀ !ਬਰਿਆਨੀ !ਸਮਾਨ !ਰਾਸ ??ਯਾਦ ਆਇਆ...ਕਾਲੇ ਕੋਟਾਂ ਵਾਲੇ ਗਾ੍ਰਹਕ ਉਸ ਦਿਨ ਬਰਿਆਨੀ ਖਾਂਦੇ ਸਮੇਂ ਨਵੀਂ ਸਰਕਾਰ ਦੇ ਨਵੇਂ ਅਜੰਡੇ ਤੇ ਬਹਿਸ ਕਰ ਰਹੇ ਸਨ... 370, 35ਏ, ਰਾਮ ਮੰਦਿਰ , ਹਿੰਦੂਤਵ, ਕਠੂਆ , ਯੂਪੀ , ਭੀੜਤੰਤਰ ਆਦਿ ਦੀਆਂ ਗੱਲਾਂ ਕਰ ਰਹੇ ਸਨ।...... ਅੱਬਾ ਜਾਨ ਦੱਸਦੇ ਹੁੰਦੇ ਸੀ ਕਿ ਭਾਰਤ ਦੀ ਅਜ਼ਾਦੀ ਵੇਲੇ ਕਸ਼ਮੀਰ ਕੁਝ ਸ਼ਰਤਾਂ ਨਾਲ ਭਾਰਤ 'ਚ ਰਲਿਆ। ਉਹ ਵੀ 370 ਅਤੇ 35 ਏ ਬਾਰੇ ਦੱਸਦੇ ਹੁੰਦੇ ਸੀ। ਤਾਂਹੀ ਤਾਂ ਸਾਨੂੰ ਦੇਸ਼ ਨਾਲੋਂ ਸਸਤਾ ਰਾਸ਼ਨ ਮਿਲਦਾ ਹੈ। ਸਾਰਾ ਭਾਰਤ ਅਤੇ ਦੇਸ਼ਾਂ ਤੋਂ ਲੋਕ ਇਥੇ ਘੁੰਮਣ ਆਉਂਦੇ ਸਨ, ਝਨਾਅ ਦੀਆਂ ਛੱਲਾਂ, ਜੇਹਲਮ ਦੀ ਸ਼ਾਂਤੀ, ਝਰਨਿਆਂ ਦੀ ਰਵਾਨੀ ਅਤੇ ਡਲ ਦਾ ਰੋਮਾਂਸ,ਬਾਗ਼ਾਂ ਦੀ ਹਰਿਆਲੀ, ਪਹਾੜਾਂ ਦੀ ਖੁਸ਼ਹਾਲੀ ਅਤੇ ਖੂਬਸੂਰਤੀ ਦੇਸ਼ਾਂ-ਪਰਦੇਸਾਂ ਦੇ ਲੋਕਾਂ ਅਤੇ ਕਲਾ ਦੀ ਹਰ ਵਿਧਾ ਨੂੰ ਹੋਰ ਖੂਬਸੂਰਤ ਬਣਾਉਂਦਾ ਰਿਹਾ ਹੈ।ਉਸਦੀ ਸਮਝ 'ਚ ਹੁਣ ਕੁਝ ਗੱਲਾਂ ਬੈਠਣ ਲੱਗੀਆਂ ਕਿ ਉਹ ਕਿਆਸ ਅਰਾਈਆਂ ਲਾਗੂ ਹੋ ਰਹੀਆਂ ਹਨ।ਜੋ ਲੋਕ ਗੱਲਾਂ ਕਰਦੇ ਹੁੰਦੇ ਸਨ। ਉਸਦੇ ਦਿਮਾਗ਼ 'ਚ ਕਸ਼ਮੀਰ ਦੇ ਪੁਰਾਣੇ ਰਾਜ ਪਲਟੇ, ਪਾਕਿਸਤਾਨ ਦੇ ਤਾਨਾਸ਼ਾਹ ਰਾਜ ਪਲਟੇ ਅਤੇ ਇਤਿਹਾਸ ਦੇ ਹੋਰ ਰਾਜ ਪਲਟੇ ਜੋ ਪਿਤਾ ਜੀ ਸੁਣਾਉਂਦੇ ਸਨ ਜਾਂ ਸਕੂਲ ਦੇ ਮਾਸਟਰਾਂ ਨੇ ਪੜਾਏ ਸਨ ਉਸਦੇ ਦਿਮਾਗ਼ 'ਚ ਘੁੰਮਣ ਲੱਗੇ। ਉਸਨੂੰ ਘਰ ਦੇ ਰਾਸ਼ਨ,ਅੰਮੀ ਜਾਨ ਦੀ ਦਵਾਈ, ਬੱਚਿਆਂ ਦੀ ਪੜ੍ਹਾਈ ਅਤੇ ਰੇਹੜੀ ਦੀ ਕਮਾਈ ਦਾ ਖਿਆਲ ਸਤਾਉਣ ਲੱਗਾ ।ਉਸਨੇ ਇਕ ਵੱਡਾ ਸਾਹ ਭਰਿਆ।ਫਿਰ ਉਸਨੇ ਪਤਨੀ ਸਮੇਤ ਸਾਰੇ ਬੱਚਿਆਂ ਨੂੰ ਕੋਲ ਆੳਣ ਲਈ ਅਵਾਜ਼ ਮਾਰੀ ਅਤੇ ਆਪਣੀ ਬੀਮਾਰ ਅੰਮੀ ਦੇ ਕਮਰੇ 'ਚ ਲਿਜਾ ਕੇ ਉਨ੍ਹਾਂ ਨੂੰ ਖੁਦਾ ਅੱਗੇ ਦੁਆ ਕਰਨ ਲਈ ਪ੍ਰੇਰਿਆ। ਸਬਰ, ਸਹਿਣ ਅਤੇ ਸਿਦਕ ਰੱਖਣ ਲਈ ਸਮਝਾਇਆ ਅਤੇ ਦੱਸਿਆ ਕਿ ਅਸੀਂ ਸਾਰੇ ਨਜ਼ਰਬੰਦ ਹਾਂ। ਜਿਹਾਨ ਦੀ ਸਵਾਲੀਆ ਨਜ਼ਰ ਨੂੰ ਸਮਝਦਿਆਂ ਅਹਿਮਦ ਨੇ ਸਾਰਿਆਂ ਨੂੰ ਆਪਣੇ ਸੀਨੇ ਨਾਲ ਲਾ ਲਿਆ। ਜ਼ੇਹਲਮ ਸ਼ਾਂਤ ਰਹਿੰਦਾ ਰਿਹਾ।ਸੰਪਰਕ: 98782 61522