ਪਿਆਰ ਦਾ ਪਾਗਲਪਨ –ਸਰੁਚੀ ਕੰਬੋਜ
Posted on:- 19-08-2016
ਜਿਵੇਂ ਜਿਵੇਂ ਦੁਨੀਆਂ ਤੇ ਟੈਕਨੋਲੋਜੀ ਦਾ ਇਜ਼ਾਫਾ ਹੋ ਰਿਹਾ ਹੈ, ਉਸੇ ਤਰ੍ਹਾਂ ਹੀ ਕੋਈ ਸ਼ੱਕ ਨਹੀਂ ਕਿ ਇਨਸਾਨ ਦੇ ਗੁਨਾਹਾਂ ਵਿੱਚ ਵੀ ਇਜ਼ਾਫਾ ਹੋਇਆ। ਇੱਕ ਸੱਚੀ ਕਹਾਣੀ ਹੈ ਇਹ ਜਿਸਦੇ ਪਾਤਰ ਅਜੋਕੇ ਸਮਾਜ ਦਾ ਜਿਉਂਦਾ ਜਾਗਦਾ ਚਿਹਰਾ ਵਿਖਾਉਂਦੇ ਹਨ, ਜੋ ਇਹ ਦੱਸ ਰਹੇ ਹਨ ਕਿ ਨਵੀਂ ਟੈਕਨੋਲੋਜੀ ਵਿੱਚ ਜੇਕਰ ਬੇਅਥਾਹ ਚੰਗਿਆਈਆਂ ਹਨ ਤਾਂ ਉਂਗਲਾਂ ਤੇ ਗਿਣ ਲਈਆਂ ਜਾਣ ਵਾਲੀਆਂ ਬੁਰਾਈਆਂ ਵੀ ਹਨ।ਇਹ ਟੈਕਨੋਲੋਜੀ ਦਿਨ ਬ ਦਿਨ ਸਮਾਜ ਵਿੱਚ ਬੁਰਾਈਆਂ ਫੈਲਾਉਣ ਵਿੱਚ ਕੋਈ ਕਸਰ ਨਹੀਂ ਛੱਡ ਰਹੀ ।ਜਿਥੇ ਨੌਜਵਾਨ ਪੀੜ੍ਹੀ ਨੂੰ ਆਪਣਾ ਭਵਿੱਖ ਉੱਜਵਲ ਬਣਾਉਣ ਦੀ ਸ਼ੁਰੂਆਤ ਕਰਨੀ ਚਾਹੀਦੀ ਹੈ, ਉੱਥੇ ਇਹ ਸਭ ਟੈਕਨਾਲੋਜੀ ਦੇ ਇਸ਼ਾਰਿਆਂ ਤੇ ਨੱਚ ਰਹੇ ਹਨ ਅਤੇ ਆਪਣਾ ਜੀਵਨ ਬਦ ਤੋਂ ਬਦਤਰ ਬਣਾਉਣ ਵਿੱਚ ਕੋਈ ਕਸਰ ਨਹੀਂ ਛੱਡ ਰਹੇ ।
ਇਕ ਬਹੁਤ ਵੱਡੇ ਸ਼ਹਿਰ ਦੇ ਇੱਕ ਛੋਟੇ ਜਿਹੇ ਮੁੱਹਲੇ ਵਿੱਚ ਰਹਿਣ ਵਾਲੇ ਸਾਧਾਰਨ ਜਿਹੇ ਪਰਿਵਾਰ ਦੀ ਕਹਾਣੀ ਹੈ ਇਹ।ਕੁੜੀ ਦਾ ਨਾਮ ਮਨਰੀਤ ਉਮਰ ਲਗਭਗ ਸਤਾਰਾਂ ਕੁ ਸਾਲ ਦੀ ਬਾਰਵੀਂ ਜਮਾਤ ਵਿੱਚ ਇੱਕ ਕਾਨਵੈਂਟ ਸਕੂਲ ਵਿੱਚ ਪੜਦੀ ਹੈ, ਉਸਦਾ ਦਾ ਪਿਤਾ ਸ. ਸੁਖਬੀਰ ਸਿੰਘ ਇਕ ਸਰਕਾਰੀ ਸਕੂਲ ਵਿਚ ਕਲਰਕ ਦੀ ਨੌਕਰੀ ਕਰਦਾ,ਮਾਂ ਦਲਜੀਤ ਕੌਰ ਘਰਬਾਰ ਸੰਭਾਲਦੀ ਹੈ ਤੇ ਛੋਟਾ ਭਰਾ ਤਰਨਦੀਪ ਕੋਈ ਬਾਰਾਂ ਤੇਰਾਂ ਸਾਲਾਂ ਦਾ ਸੱਤਵੀਂ ਜਮਾਤ ਦਾ ਵਿਦਿਆਰਥੀ ਹੈ ।ਇਕ ਸੁਖੀ ਤੇ ਖੁਸ਼ਹਾਲ ਪਰਿਵਾਰ ਹੈ ।
ਪਹਿਲਾਂ ਦੋਵੇਂ ਭੈਣ ਭਰਾ ਇੱਕੋ ਸਕੂਲ ਵਿੱਚ ਹੀ ਪੜਦੇ ਸਨ ਪਰ ਸਕੂਲ ਦੱਸਵੀਂ ਤੱਕ ਹੋਣ ਕਰਕੇ ਮਨਰੀਤ ਨੂੰ ਹੋਰ ਸਕੂਲ ਵਿਚ ਦਾਖਲ ਕਰਵਾ ਦਿੱਤਾ ਸੀ ਦੱਸਵੀਂ ਤੋਂ ਬਾਅਦ।ਇਸ ਲਈ ਮਨਰੀਤ ਅਲੱਗ ਐਕਟਿਵਾ ਤੇ ਜਾਂਦੀ ਸੀ ਅਤੇ ਤਰਨਦੀਪ ਅਲੱਗ ਆਟੋ ਤੇ ਜਾਂਦਾ ।ਮਾਂ ਬਾਪ ਨੇ ਦੋਵਾਂ ਬੱਚਿਆਂ ਨੂੰ ਬਰਾਬਰ ਹੱਕ ਦਿੱਤੇ ਸਨ, ਕਦੇ ਦੋਵਾਂ ਵਿੱਚ ਕੋਈ ਭੇਦਭਾਵ ਨਹੀਂ ਕੀਤਾ ਸੀ ਜੋ ਵੀ ਕੁਝ ਦੋਵੇਂ ਮੰਗਦੇ ਸੁਖਬੀਰ ਜ਼ਮੀਨ ਆਸਮਾਨ ਇਕ ਕਰਕੇ ਉਹਨਾਂ ਦੀ ਡਿਮਾਂਡ ਪੂਰੀ ਕਰ ਦਿੰਦਾ ।ਦਲਜੀਤ ਨੇ ਕਈ ਵਾਰ ਸਮਝਾਇਆ ਕਿ" ਇਹਨਾਂ ਦੀਆਂ ਨਜਾਇਜ਼ ਜਿੱਦਾਂ ਨਾ ਪੂਰੀਆਂ ਕਰੋ ਇਹ ਵਿਗੜ ਜਾਣਗੇ।"ਤਾਂ ਸੁਖਬੀਰ ਅੱਗੋਂ ਹੱਸਦੇ ਹੋਏ ਕਹਿੰਦਾ "ਕਮਾ ਕਿੰਨਾ ਲਈ ਰਿਹਾ ਜੇ ਇਹਨਾਂ ਦੀਆਂ ਜਿੱਦਾਂ ਪੂਰੀਆਂ ਨਹੀਂ ਕਰਾਂਗਾ ਤਾਂ ਕਿੰਨਾ ਦੀਆਂ ਕਰਾਂਗਾ ।ਐਵੇਂ ਫਿਕਰ ਨਾ ਕਰਿਆ ਕਰ ਦਲਜੀਤੇ ਮੈਨੂੰ ਪੂਰਾ ਐਤਬਾਰ ਹੈ ਅਪਣੇ ਬੱਚਿਆਂ ਤੇ ।"ਬੜੇ ਵੱਡੇ ਸੁਪਨੇ ਵੇਖ ਰਿਹਾ ਸੀ ਉਹ ਆਪਣੇ ਬੱਚਿਆਂ ਦੇ ਸੁਨਹਿਰੀ ਭਵਿੱਖ ਦੇ ਇਸ ਲਈ ਉਹ ਉਹਨਾਂ ਦੀ ਹਰ ਖਾਹਿਸ਼ ਪੂਰੀ ਕਰਦਾ ਕਿ ਕਿਤੇ ਕਿਸੇ ਕਮੀ ਕਾਰਨ ਉਸਦੇ ਬੱਚਿਆਂ ਦੀ ਪੜਾਈ ਦਾ ਨੁਕਸਾਨ ਨਾ ਹੋ ਜਾਏ ।ਬੱਚੇ ਵੀ ਉਹਦੀਆਂ ਉਮੀਦਾਂ ਤੇ ਖਰੇ ਉਤਰ ਰਹੇ ਸਨ ।ਤਰਨਦੀਪ ਦਿਲ ਲਾ ਕੇ ਪੜਾਈ ਕਰਦਾ ਤੇ ਖੇਡਣ ਦੇ ਵਕਤ ਖੇਡਦਾ।ਮਨਰੀਤ ਵੀ ਆਮ ਕੁੜੀਆਂ ਵਰਗੀ ਸੀ ਸਵੇਰੇ ਸਕੂਲ ਜਾਣਾ ਕੋਚਿੰਗ ਸੈਂਟਰ ਜਾਣਾ ਫਿਰ ਟਿਊਸ਼ਨਾਂ ਤੇ ਜਾਣਾ ਤੇ ਸ਼ਾਮ ਨੂੰ ਘਰ ਪਰਤ ਆਉਣਾ,ਰਾਤ ਨੂੰ ਵੀ ਦੇਰ ਤੱਕ ਕਿਤਾਬਾਂ ਵਿੱਚ ਉਲਝੀ ਰਹਿਣਾ ।ਫਿਰ ਇੱਕ ਦਿਨ ਅਚਾਨਕ ਕੁਝ ਬਦਲਾਵ ਆਇਆ ਇਹ ਬਦਲਾਵ ਇਹ ਪਰਿਵਰਤਨ ਐਵੇਂ ਤਾਂ ਨਹੀਂ ਆਏ ਸਨ ।ਮਨਰੀਤ ਹਰ ਰੋਜ਼ ਵੇਖਦੀ ਉਸ ਦੀਆਂ ਨਾਲ ਦੀਆਂ ਕੁਝ ਸਹੇਲੀਆਂ ਕੋਲ ਮੋਬਾਈਲ ਫੋਨ ਸਨ ਉਹਨਾਂ ਨੂੰ ਖਾਲੀ ਵੇਲੇ ਫੋਨ ਵਿੱਚ ਰੁੱਝੇ ਵੇਖ ਕੇ ਤੇ ਬਿਨਾਂ ਗੱਲੋਂ ਫੋਨ ਵਿੱਚ ਕੁਝ ਟਾਇਪ ਕਰਕੇ ਅਤੇ ਪੜਕੇ ਹੱਸਦੀਆਂ ਨੂੰ ਵੇਖ ਉਸਨੂੰ ਹੈਰਾਨੀ ਹੁੰਦੀ ।ਉਸਦਾ ਦਿਲ ਵੀ ਉਨ੍ਹਾਂ ਦੀ ਵੇਖੋ ਵੇਖੀ ਇਹ ਸਭ ਕਰਨ ਨੂੰ ਕਰਦਾ ।ਅਖੀਰ ਉਸਨੇ ਆਪਣੀਆਂ ਸਹੇਲੀਆਂ ਤੋਂ ਪੁੱਛ ਹੀ ਲਿਆ ਕਿ ਉਹ ਫੋਨ ਤੇ ਕੀ ਕਰਦੀਆਂ ਰਹਿੰਦੀਆਂ ਤਾਂ ਉਨ੍ਹਾਂ ਨੇ ਮੋਬਾਇਲ ਫੋਨ ਦੀ ਤਾਰੀਫ ਕਰਦਿਆਂ ਉਸ ਵਿਚ ਮੌਜੂਦ ਸ਼ੋਸ਼ਲ ਸਾਇਟਾਂ ਬਾਰੇ ਦੱਸਿਆ ਅਤੇ ਵਧਾ ਚੜ੍ਹਾ ਕੇ ਤਾਰੀਫ ਕੀਤੀ ਮੋਬਾਈਲ ਅਤੇ ਇੰਟਰਨੈੱਟ ਦੇ ਫਾਇਦਿਆਂ ਦੀ ਜਿਸਨੂੰ ਸੁਣ ਕੇ ਮਨਰੀਤ ਨੇ ਵੀ ਉਹਨਾ ਨੂੰ ਆਪਣੀ ਪ੍ਰੋਫਾਇਲ ਬਣਾਉਣ ਲਈ ਵੀ ਤਰਜੀਹ ਕੀਤੀ।ਇਕ ਸਹੇਲੀ ਨੇ ਵੀ ਖੁਸ਼ੀ ਖੁਸ਼ੀ ਬਣਾ ਦਿੱਤਾ ਪ੍ਰੋਫਾਇਲ ਹੁਣ ਉਹ ਵੀ ਹਰ ਰੋਜ਼ ਕੁਝ ਦੇਰ ਆਪਣੀ ਸਹੇਲੀ ਤੋਂ ਫੋਨ ਲੈ ਕੇ ਆਪਣਾ ਪ੍ਰੋਫਾਇਲ ਯੂਜ਼ ਕਰਦੀ ਪਰ ਜਿੰਨਾਂ ਉਹ ਯੂਜ ਕਰਦੀ ਔਨੇ ਟਾਇਮ ਨਾਲ ਉਸਦਾ ਮਨ ਨਹੀਂ ਭਰਦਾ ਸੀ ਉਸਦਾ ਦਿਲ ਹੋਰ ਜਿਆਦਾ ਇੰਟਰਨੈੱਟ ਚਲਾਉਣ ਨੂੰ ਕਰਦਾ।ਕਿਉਂਕਿ ਥੋੜੇ ਦਿਨਾਂ ਵਿੱਚ ਹੀ ਉਸਨੇ ਬਹੁਤ ਸਾਰੇ ਦੋਸਤ ਬਣਾ ਲਏ ਸਨ ਸ਼ੋਸ਼ਲ ਮੀਡੀਆ ਤੇ ਕੁਝ ਜਾਣੂ ਸਨ ਤੇ ਕੁਝ ਅਜਿਹੇ ਜਿੰਨਾ ਨੂੰ ਉਸਨੇ ਵੇਖਿਆ ਤੱਕ ਨਹੀਂ ਸੀ ਆਪਣੀ ਜਿੰਦਗੀ ਵਿੱਚ, ਬਿਲਕੁਲ ਅਜਨਬੀ।ਫਿਰ ਇਕ ਦਿਨ ਉਸਦੀ ਸਹੇਲੀ ਨੇ ਉਸਨੂੰ ਆਪਣਾ ਫੋਨ ਵਰਤਣ ਦੇਣਾ ਬੰਦ ਕਰ ਦਿੱਤਾ ।ਇਸ ਲਈ ਜੋ ਉਸਦੇ ਕੁਝ ਕੁ ਗਹਿਰੇ ਦੋਸਤ ਬਣ ਗਏ ਸਨ ਉਹਨਾਂ ਨੂੰ ਉਸਨੇ ਆਪਣੇ ਪਾਪਾ ਦਾ ਫੋਨ ਨੰਬਰ ਦੇ ਦਿੱਤਾ ਸੀ ਗੱਲ ਕਰਨ ਲਈ ।ਹੁਣ ਰਾਤ ਨੂੰ ਉਹ ਕੁਝ ਦੇਰ ਗਾਣੇ ਸੁਣਨ ਦੇ ਬਹਾਨੇ ਆਪਣੇ ਪਾਪਾ ਦਾ ਫੋਨ ਹੌਲੀ ਜਿਹੀ ਆਪਣੇ ਕਮਰੇ ਵਿੱਚ ਲੈ ਜਾਂਦੀ ਅਤੇ ਦੇਰ ਰਾਤ ਤੱਕ ਉਹਨਾਂ ਨਾਲ ਫੋਨ ਤੇ ਗੱਲਾਂ ਕਰਦੀ ਰਹਿੰਦੀ।ਮਨਰੀਤ ਦੇ ਪਾਪਾ ਦਾ ਫੋਨ ਬਿਲਿੰਗ ਸਿਸਟਮ ਤੇ ਸੀ ।ਜਦੋਂ ਮਹੀਨੇ ਬਾਅਦ ਫੋਨ ਦਾ ਬਿੱਲ ਆਇਆ ਤਾਂ ਉਸ ਦੇ ਪਿਤਾ ਦਾ ਤਾਂ ਸਿਰ ਚਕਰਾ ਗਿਆ ਬਿੱਲ ਵੇਖ ਕੇ ।ਉਸਨੇ ਤਾਂ ਕਦੇ ਐਨਾ ਫੋਨ ਕੀਤਾ ਨਹੀਂ ਫਿਰ ਦੱਸ ਹਜ਼ਾਰ ਰੁਪਏ ਦੇ ਨੇੜੇ ਬਿੱਲ ਕਿਵੇਂ ਆ ਗਿਆ ।ਡਿਟੇਲ ਕਢਵਾਈ ਤਾਂ ਦੋ ਚਾਰ ਨੰਬਰਾਂ ਤੋਂ ਸਿਵਾ ਹੋਰ ਕੋਈ ਨੰਬਰ ਨਹੀਂ ਸਨ ਅਤੇ ਨੰਬਰ ਵੀ ਅਣਪਛਾਤੇ ਜਿਹੇ ਸਨ ।ਘਰ ਸਭ ਤੋਂ ਪੁੱਛਗਿੱਛ ਕਰਨ ਦੇ ਬਾਅਦ ਸਾਰਾ ਖੁਲਾਸਾ ਹੋ ਗਿਆ ਕਿ ਇਹ ਕੰਮ ਮਨਰੀਤ ਦਾ ਸੀ।ਇਹ ਉਸਦੀ ਜਿੰਦਗੀ ਵਿੱਚ ਪਹਿਲੀ ਵਾਰ ਹੋਇਆ ਸੀ ਜਦ ਉਸਨੇ ਆਪਣੀ ਕੁੜੀ ਤੇ ਹੱਥ ਚੁੱਕਿਆ ਸੀ ।ਸਭ ਤੋਂ ਵੱਧ ਪਿਆਰ ਕਰਦਾ ਸੀ ਅਤੇ ਕਿਵੇਂ ਨਾ ਕੁੱਟਦਾ ਉਸਦਾ ਭਰੋਸਾ ਜੋ ਟੁੱਟ ਗਿਆ ਸੀ ।ਔਨੀ ਦੇਰ ਉਸਨੂੰ ਕੁੱਟਦਾ ਰਿਹਾ ਜਿੰਨੀ ਦੇਰ ਉਸਨੇ ਤੌਬਾ ਨਹੀਂ ਕੀਤੀ ।ਮਨਰੀਤ ਨੇ ਮੁੜ ਜਿੰਦਗੀ ਵਿੱਚ ਅਜਿਹੀ ਗਲਤੀ ਨਾ ਕਰਨ ਦੀ ਸਹੁੰ ਖਾ ਲਈ ਸੀ ।ਫਿਰ ਕੁਝ ਵਕਤ ਬੀਤ ਗਿਆ ਸਭ ਨੇ ਗੱਲ ਭੁਲਾ ਦਿੱਤੀ ਪਰ ਮਨਰੀਤ ਨੇ ਕਹਿਣ ਨੂੰ ਹੀ ਸਹੁੰ ਪਾਈ ਸੀ ਅਜੇ ਵੀ ਉਹ ਇੰਟਰਨੈੱਟ ਦੀ ਦੁਨੀਆ ਦੀ ਦੀਵਾਨੀ ਸੀ ।ਫਿਰ ਇਕ ਦਿਨ ਉਸਨੇ ਆਪਣੇ ਪਾਪਾ ਨੂੰ ਹਿੰਮਤ ਕਰਕੇ ਕਿਹਾ ਕਿ ਉਸਦੀਆਂ ਸਭ ਸਹੇਲੀਆਂ ਕੋਲ ਮੋਬਾਇਲ ਹਨ ਤੇ ਉਸਨੂੰ ਵੀ ਮੋਬਾਈਲ ਲੈ ਕੇ ਦਿੱਤਾ ਜਾਵੇ ਕਿਉਂਕਿ ਉਸਦਾ ਬਹੁਤ ਸਾਰਾ ਕੰਮ ਇੰਟਰਨੈੱਟ ਨਾਲ ਹੁੰਦਾ ਜੇਕਰ ਫੋਨ ਹੋਵੇਗਾ ਤਾਂ ਉਸਨੂੰ ਵਾਰ ਵਾਰ ਕੈਫੇ ਦੇ ਚੱਕਰ ਨਹੀਂ ਕੱਟਣੇ ਪੈਣਗੇ।ਉਸਦੇ ਪਾਪਾ ਨੇ ਸਮਝਾਇਆ ਕਿ ਅਜੇ ਉਸਨੂੰ ਫੋਨ ਦੀ ਕੀ ਲੋੜ ਹੈ ਜਦੋਂ ਉਹ ਵੱਡੀ ਕਲਾਸ ਵਿਚ ਹੋ ਗਈ ਉਸਨੂੰ ਫੋਨ ਲੈ ਦੇਣਗੇ।ਉਹ ਜਾਣਦੀ ਸੀ ਜੇਕਰ ਉਸਦੇ ਪਾਪਾ ਨੇ ਮਨਾ ਕਰ ਦਿੱਤਾ ਇਸਦਾ ਮਤਲਬ ਉਹ ਉਸਨੂੰ ਮੋਬਾਈਲ ਲੈ ਕੇ ਨਹੀਂ ਦੇਣਗੇ ਪਰ ਉਸਨੇ ਤਾਂ ਜਿਵੇਂ ਮਨ ਵਿਚ ਠਾਨ ਲਿਆ ਸੀ ਕਿ ਉਹ ਵੀ ਫੋਨ ਲੈ ਕੇ ਰਹੇਗੀ।ਇਸ ਲਈ ਉਹਨੇ ਆਪਣੇ ਮਨ ਵਿੱਚ ਇਕ ਤਰਕੀਬ ਬਣਾ ਲਈ ਇਕ ਦਿਨ ਸਕੂਲ ਤੋਂ ਛੁੱਟੀ ਹੋਣ ਤੋਂ ਬਾਅਦ ਨਾ ਤਾਂ ਉਹ ਕੋਚਿੰਗ ਸੈਂਟਰ ਪਹੁੰਚੀ ਤੇ ਨਾ ਹੀ ਟਿਊਸ਼ਨ ਪਹਿਲਾਂ ਤਾਂ ਉਹ ਸਤ ਵਜੇ ਤੱਕ ਘਰ ਮੁੜ ਆਉਂਦੀ ਸੀ ਪਰ ਸਾਢੇ ਸੱਤ ਹੋ ਗਏ ਉਹ ਘਰ ਨਹੀਂ ਪਰਤੀ। ਮਾਂ ਨੂੰ ਲੱਗਿਆ ਕਿ ਸ਼ਾਇਦ ਕਲਾਸ ਜਿਆਦਾ ਦੇਰ ਦੀ ਹੋਵੇਗੀ ਜਾਂ ਆਪਣੀ ਕਿਸੇ ਸਹੇਲੀ ਨਾਲ ਘਰ ਚਲੀ ਗਈ ਹੋਵੇਗੀ ਇਸ ਲਈ ਲੇਟ ਹੋ ਗਈ ਹੋਣੀ ।ਪਰ ਅੱਠ ਵਜੇ ਤੋਂ ਉਪਰ ਟਾਇਮ ਹੋ ਗਿਆ ਸੀ ਤੇ ਮਨਰੀਤ ਘਰ ਨਹੀਂ ਪਹੁੰਚੀ ।ਹੁਣ ਮਾਂ ਨੂੰ ਬਹੁਤ ਚਿੰਤਾ ਹੋ ਰਹੀ ਸੀ ਇਸ ਲਈ ਉਨ੍ਹਾਂ ਨੇ ਉਸਦੀ ਹਰ ਸਹੇਲੀ ਨੂੰ ਫੋਨ ਕਰਕੇ ਉਸ ਬਾਰੇ ਪੁੱਛਿਆ ਪੁੱਛਣ ਤੇ ਪਤਾ ਚਲਿਆ ਕਿ ਅੱਜ ਤਾਂ ਉਹ ਟਿਊਸ਼ਨ ਤੇ ਆਈ ਹੀ ਨਹੀਂ ।ਮਾਂ ਪਿਉ ਦੋਵੇਂ ਫਿਕਰ ਵਿੱਚ ਪੈ ਗਏ ਕਿ ਜਵਾਨ ਕੁੜੀ ਨਾਲ ਰੱਬ ਜਾਣੇ ਕੀ ਭਾਣਾ ਵਰਤ ਗਿਆ ਜੋ ਅਜੇ ਘਰ ਨਹੀਂ ਮੁੜੀ ਤੇ ਨਾ ਹੀ ਟਿਊਸ਼ਨ ਗਈ ।ਬਹੁਤ ਸਹਿਮ ਗਏ ਸਨ ਅੱਜ ਦੇ ਹਾਲਾਤਾਂ ਨੂੰ ਵੇਖ ਕੇ , ਕੁਝ ਸਮਝ ਵੀ ਨਹੀਂ ਆ ਰਿਹਾ ਸੀ ਕਿ ਕੀ ਕਰਨ ਅਖੀਰ ਜਦੋਂ ਕੋਈ ਉਮੀਦ ਨਜਰ ਨਹੀਂ ਆ ਰਹੀ ਸੀ ਮਨਰੀਤ ਦੇ ਮਿਲਣ ਦੀ ਉਹਨਾ ਪੁਲਿਸ ਦੀ ਮਦਦ ਲੈਣ ਬਾਰੇ ਸੋਚਿਆ ।ਜਿਵੇਂ ਹੀ ਉਹਨਾਂ ਪੁਲਿਸ ਥਾਣੇ ਜਾਣ ਲਈ ਦਰਵਾਜ਼ਾ ਖੋਲ੍ਹਿਆ ਸਾਹਮਣੇ ਮਨਰੀਤ ਖੜੀ ਸੀ ।ਜਲਦੀ ਨਾਲ ਦਲਜੀਤ ਨੇ ਮਨਰੀਤ ਦੀ ਬਾਂਹ ਫੜ ਕੇ ਅੰਦਰ ਲਿਆਉਂਦਾ, ਅਪਣੀ ਚੁੰਨੀ ਨਾਲ ਉਸਦਾ ਪਸੀਨਾ ਪੂੰਝਦੀ ਨੇ ਸੋਫੇ ਤੇ ਬਿਠਾਇਆ ।ਫਿਰ ਦੌੜ ਕੇ ਰਸੋਈ ਚੋਂ ਪਾਣੀ ਦਾ ਗਿਲਾਸ ਲਿਆਈ ।ਪਾਣੀ ਪਵਾਉਣ ਤੋਂ ਬਾਅਦ ਸਾਰਾ ਵਾਕਿਆ ਪੁੱਛਿਆ ਦੇਰ ਨਾਲ ਘਰ ਆਉਣ ਦਾ ਤਾਂ ਉਸ ਦੱਸਿਆ ਕਿ ਉਸਦੀ ਐਕਟਿਵਾ ਪੈਂਚਰ ਹੋ ਗਈ ਸੀ ਜਿਸ ਕਰਕੇ ਕੋਈ ਨੇੜੇ ਮਕੈਨਿਕ ਦੀ ਦੁਕਾਨ ਨਾ ਹੋਣ ਕਰਕੇ ਉਸਨੂੰ ਦੇਰ ਹੋ ਗਈ ਅਤੇ ਐਕਟਿਵਾ ਖਰਾਬ ਹੋਣ ਕਰਕੇ ਨਾ ਹੀ ਉਹ ਟਿਊਸ਼ਨ ਤੇ ਜਾ ਪਾਈ।ਮਨਰੀਤ ਦੀ ਉਸ ਇੱਕ ਹਰਕਤ ਨੇ ਉਸਦੇ ਪਾਪਾ ਨੂੰ ਸੋਚਣ ਤੇ ਮਜਬੂਰ ਕਰ ਦਿੱਤਾ 'ਕਾਸ਼ ਜੇ ਅੱਜ ਮਨਰੀਤ ਕੋਲ ਫੋਨ ਹੁੰਦਾ ਤਾਂ ਇਹ ਮੈਨੂੰ ਫੋਨ ਕਰ ਦਿੰਦੀ। ਮੈਂ ਇਹਦੀ ਮਦਦ ਲਈ ਚਲਾ ਜਾਂਦਾ ।ਮੇਰੀ ਇਕ ਗਲਤੀ ਕਾਰਨ ਮੇਰੀ ਧੀ ਨੂੰ ਐਨਾ ਕੁਝ ਸਹਿਣਾ ਪਿਆ ।ਕੱਲ ਸਭ ਤੋਂ ਪਹਿਲਾਂ ਇਹੀ ਕੰਮ ਕਰਨਾ ਫੋਨ ਲਿਆਉਣਾ ਇਸ ਲਈ ।' ਮਨਰੀਤ ਦੇ ਉਸ ਨਾਟਕ ਨੇ ਆਖਰ ਰੰਗ ਲਿਆਉਂਦਾ ਅਤੇ ਅਗਲੇ ਹੀ ਦਿਨ ਉਸ ਲਈ ਨਵਾਂ ਫੋਨ ਆ ਗਿਆ।ਮਨਰੀਤ ਦੇ ਪਾਪਾ ਨੇ ਫੋਨ ਮਨਰੀਤ ਦੇ ਹੱਥ ਵਿਚ ਪਕੜਾ ਕੇ ਉਸ ਦੇ ਫਾਇਦੇ ਤੇ ਨੁਕਸਾਨ ਸਮਝਾਏ ਅਤੇ ਸਿਰਫ ਮੋਬਾਇਲ ਨੰ ਜਰੂਰਤ ਦੇ ਵੇਲੇ ਹੀ ਵਰਤੋਂ ਵਿੱਚ ਲਿਆਉਣ ਬਾਰੇ ਸਮਝਾਇਆ ।ਮਨਰੀਤ ਤਾਂ ਫੋਨ ਮਿਲ ਜਾਣ ਦੀ ਖੁਸ਼ੀ ਵਿਚ ਸੱਤਵੇਂ ਆਸਮਾਨ ਤੇ ਸੀ ।ਖੁਸ਼ੀ ਵਿਚ ਉਸਨੇ ਆਪਣੇ ਪਾਪਾ ਦੀਆ ਗੱਲਾਂ ਸੁਣ ਕੇ ਸਿਰ ਤਾਂ ਹਿਲਾ ਦਿੱਤਾ ਸੀ ਪਰ ਨਾ ਤਾਂ ਉਸਨੇ ਉਹਨਾਂ ਗੱਲਾਂ ਨੂੰ ਗੌਰ ਨਾਲ ਸੁਣਿਆ ਸੀ ਤੇ ਨਾ ਹੀ ਭਵਿੱਖ ਵਿੱਚ ਉਹਨਾਂ ਤੇ ਅਮਲ ਕਰਨ ਦੇ ਚਾਂਸ ਵਿਖ ਰਹੇ ਸਨ।ਨਵਾਂ ਫੋਨ ਮਿਲ ਜਾਣ ਨਾਲ ਹੁਣ ਮਨਰੀਤ ਦੀ ਜਿੰਦਗੀ ਵਿੱਚ ਹੋਰ ਕਈ ਪਰਿਵਰਤਨ ਆ ਗਏ ਸਨ ਪਹਿਲਾਂ ਜੋ ਕੁੜੀ ਕਿਤਾਬਾਂ ਵਿੱਚ ਉਲਝੀ ਰਹਿੰਦੀ ਸੀ ਹੁਣ ਉਹ ਆਪਣਾ ਜਿਆਦਾ ਵਕਤ ਫੋਨ ਵਿੱਚ ਬਤੀਤ ਕਰਦੀ ਸੀ,ਉਸਦੇ ਮਾਂ ਬਾਪ ਨੂੰ ਸਿਰਫ ਇਹ ਪਤਾ ਉਹਨਾ ਨੇ ਆਪਣੀ ਕੁੜੀ ਨੂੰ ਫੋਨ ਸਿਰਫ ਐਮਰਜੈਂਸੀ ਵਿਚ ਗੱਲ ਕਰਨ ਲਈ ਲੈ ਕੇ ਦਿੱਤਾ ਪਰ ਉਹਨਾਂ ਨੂੰ ਇਹ ਨਹੀਂ ਪਤਾ ਸੀ ਕਿ ਫੋਨ ਵਿੱਚ ਹੋਰ ਵੀ ਬਹੁਤ ਸਾਰੀਆਂ ਐਪਲੀਕੇਸ਼ਨ ਹੁੰਦੀਆਂ ਜਿੰਨਾਂ ਦਾ ਭੂਤ ਅਜੋਕੇ ਸਮਾਜ ਦੇ ਹਰ ਬੱਚੇ ਤੇ ਸਵਾਰ ਹੈ ।ਇਹੀ ਭੂਤ ਮਨਰੀਤ ਦੇ ਸਿਰ ਤੇ ਵੀ ਸਵਾਰ ਹੋ ਗਿਆ ਸੀ ।ਉਸਨੇ ਮੁੜ ਦੋਬਾਰਾ ਤੋਂ ਸ਼ੋਸ਼ਲ ਸਾਇਟ ਤੇ ਆਪਣੀ ਆਈ ਡੀ ਬਣਾ ਲਈ ਅਤੇ ਆਏ ਦਿਨ ਨਵੇਂ ਨਵੇਂ ਦੋਸਤਾਂ ਨੂੰ ਅਪਣੀ ਆਈ ਡੀ ਵਿੱਚ ਸ਼ਾਮਿਲ ਕਰਦੀ ਰਹਿੰਦੀ।ਹਰ ਰੋਜ਼ ਆਪਣੀਆਂ ਨਵੀਆਂ ਨਵੀਂ ਸੈਲਫੀਆਂ ਖਿੱਚ ਕੇ ਸੋਸ਼ਲ ਸਾਈਟ ਤੇ ਪਾਉਣਾ ਵੀ ਉਸਦੀ ਆਦਤ ਵਿੱਚ ਸ਼ੁਮਾਰ ਹੋ ਗਿਆ ਸੀ ।ਉਸਨੂੰ ਲੱਗਦਾ ਜਿਸ ਤਰ੍ਹਾਂ ਉਹ ਆਪਣੀਆਂ ਤਸਵੀਰਾਂ ਲਗਾਉਂਦੀ ਹੈ ਉਸੇ ਤਰ੍ਹਾਂ ਬਾਕੀਆਂ ਨੇ ਵੀ ਆਪਣੀਆਂ ਤਸਵੀਰਾਂ ਲਗਾਈਆਂ । ਪਰ ਉਸਨੂੰ ਇਹ ਨਹੀਂ ਸੀ ਪਤਾ ਕਿ ਫੇਸਬੁੱਕ ਵਰਗੀਆਂ ਸ਼ੋਸ਼ਲ ਸਾਇਟਾਂ ਤੇ ਰੀਅਲ ਲੋਕ ਘੱਟ ਤੇ ਫੇਕ ਜਿਆਦਾ ਹਨ।ਪਰ ਉਹ ਤਾਂ ਫੇਸਬੁੱਕ ਦੀ ਦੁਨੀਆਂ ਨੂੰ ਅਸਲ ਸਮਝਣ ਲੱਗੀ ਸੀ ਤੇ ਬਾਕੀ ਦੁਨੀਆਂ ਫੇਕ ਸੀ ਉਸ ਲਈ ।ਸਾਰਾ ਦਿਨ ਅਜਨਬੀ ਲੋਕਾਂ ਨਾਲ ਗੱਲਾਂ ਕਰਦੀ ਰਹਿੰਦੀ ਆਪਣੀ ਹਰ ਛੋਟੀ ਤੋਂ ਛੋਟੀ ਗੱਲ ਉਹਨਾਂ ਨਾਲ ਸਾਂਝੀ ਕਰਦੀ, ਬਿਨਾਂ ਇਹ ਸੋਚੇ ਕਿ ਸਾਹਮਣੇ ਵਾਲਾ ਉਸਦੇ ਭੋਲੇਪਨ ਦਾ ਮਜ਼ਾਕ ਉਡਾ ਰਿਹਾ ਹੋਵੇ ਜਾਂ ਭਵਿੱਖ ਵਿੱਚ ਉਸਦਾ ਨਾਜਾਇਜ਼ ਫਾਇਦਾ ਵੀ ਉਠਾ ਸਕਦਾ।ਫਿਰ ਇਕ ਦਿਨ ਉਹਨੂੰ ਸ਼ੋਸ਼ਲ ਸਾਇਟ ਤੇ ਇਕ ਐਂਵੇ ਜਿਹੇ ਮੁੰਡੇ ਨਾਲ ਪਿਆਰ ਹੋ ਗਿਆ ਉਸ ਬਗੈਰ ਉਹ ਇਕ ਪਲ ਵੀ ਨਹੀ ਰਹਿ ਸਕਦੀ ਸੀ ।ਉਸ ਦੀ ਉਹ ਹਰ ਜਾਇਜ ਨਾਜਾਇਜ਼ ਗੱਲ ਮੰਨਣ ਲੱਗੀ ਸੀ।ਜੇ ਉਹ ਕਹਿੰਦਾ ਤਾਂ ਉਹ ਖਾਣਾ ਖਾਂਦੀ ਜੇ ਨਾ ਕਹਿੰਦਾ ਨਾ ਖਾਂਦੀ ।ਉਸਦੇ ਕਿਹਾਂ ਉਠਣਾ ਬੈਠਣਾ ਹਰ ਗੱਲ ਉਸ ਮੁੰਡੇ ਤੇ ਨਿਰਭਰ ਕਰਦੀ ਸੀ ਮਨਰੀਤ ਦੀ ।ਇੰਝ ਕਹਿ ਲਉ ਦੋ ਜਿਸਮ ਇਕ ਜਾਨ ਬਣ ਗਏ ਸਨ ।ਖੈਰ ਉਸ ਮੁੰਡੇ ਨੇ ਤਾਂ ਮਨਰੀਤ ਨੂੰ ਵੇਖਿਆ ਸੀ ਤਸਵੀਰਾਂ ਵਿੱਚ ਪਰ ਮਨਰੀਤ ਨੇ ਤਾਂ ਕਦੇ ਉਸ ਮੁੰਡੇ ਦੀ ਕੋਈ ਤਸਵੀਰ ਨਹੀਂ ਵੇਖੀ ਸੀ ਬਸ ਉਹ ਮਹਿੰਗੀਆਂ ਮਹਿੰਗੀਆਂ ਚੀਜਾਂ ਦੀਆਂ ਤਸਵੀਰਾਂ ਪਾਉਂਦਾ ਰਹਿੰਦਾ ਤੇ ਉਹ ਇਸ ਭੁਲੇਖੇ ਵਿੱਚ ਰਹਿੰਦੀ ਕਿ ਉਸਨੇ ਬੜੀ ਉੱਚੀ ਥਾਂ ਦਿਲ ਲਾਇਆ ਜੋ ਉਸਦੇ ਹਰ ਸੁਪਨੇ ਨੂੰ ਸਾਕਾਰ ਕਰੇਗਾ।ਉਹ ਉਸ ਮੁੰਡੇ ਦੇ ਹਰ ਝੂਠ ਨੂੰ ਸੱਚ ਸਮਝਣ ਲੱਗੀ ਸੀ।ਉਸ ਲਈ ਉਹ ਮੁੰਡਾ ਸੱਚ ਸੀ ਬਾਕੀ ਸਾਰਾ ਜਮਾਨਾ ਝੂਠ ।ਉਸ ਸੰਗ ਜੀਣ ਮਰਨ ਦੇ ਖਵਾਬ ਸਜਾਉਣ ਲੱਗੀ ਸੀ ।ਹੌਲੀ ਹੌਲੀ ਉਸ ਮੁੰਡੇ ਨਾਲ ਗੱਲਾਂ ਕਰਦੇ ਉਹਦਾ ਵਕਤ ਬਹੁਤ ਬੀਤ ਰਿਹਾ ਸੀ ।ਪਹਿਲਾਂ ਪਹਿਲ ਤਾਂ ਉਹਨਾਂ ਦੀ ਗੱਲ ਸਿਰਫ ਚੈਟਿੰਗ ਵਿੱਚ ਹੀ ਹੁੰਦੀ ਸੀ ਫਿਰ ਮਨਰੀਤ ਨੇ ਉਸ ਨੂੰ ਆਪਣਾ ਫੋਨ ਨੰਬਰ ਦੇ ਦਿੱਤਾ ਸੀ ਉਸਨੂੰ ਜਿਸ ਕਰਕੇ ਹੁਣ ਉਹ ਕਈ ਕਈ ਘੰਟੇ ਫੋਨ ਤੇ ਗੱਲਾਂ ਕਰਦੇ ਰਹਿੰਦੇ ।ਕੁਝ ਵਕਤ ਬਾਅਦ ਉਸਦੀ ਮਾਂ ਨੂੰ ਉਸਤੇ ਸ਼ੱਕ ਹੋਣ ਲੱਗਿਆ ਕਿ ਮਨਰੀਤ ਫਿਰ ਤੋਂ ਕੁਰਾਹੇ ਜਾ ਰਹੀ ਹੈ ਇਸ ਲਈ ਉਸ ਨੇ ਉਸ ਨੂੰ ਬੜਾ ਸਮਝਾਇਆ, ਕਈ ਵਾਰ ਉਸ ਨਾਲ ਲੜੀ ਵੀ, ਫੋਨ ਨੂੰ ਵਕਤ ਦੀ ਬਰਬਾਦੀ ਕਿਹਾ ਪਰ ਜਦ ਉਸ ਤੇ ਕੋਈ ਅਸਰ ਨਾ ਹੋਇਆ ਤਾਂ ਉਸ ਤੋਂ ਫੋਨ ਵਾਪਸ ਲੈ ਲੈਣ ਦੀ ਧਮਕੀ ਦਿੱਤੀ, ਆਪਣੇ ਪਾਪਾ ਦੀ ਪਹਿਲੀ ਮਾਰ ਯਾਦ ਕਰਵਾਈ ਤਾਂ ਮਨਰੀਤ ਨੇ ਗੁੱਸੇ ਵਿੱਚ ਆ ਕੇ ਆਪਣਾ ਫੋਨ ਆਪਣੀ ਮੰਮੀ ਨੂੰ ਵਾਪਸ ਕਰ ਦਿੱਤਾ ਤਾਂ ਕਿਤੇ ਜਾ ਕੇ ਉਸਦੀ ਮੰਮੀ ਦੀ ਫਿਕਰ ਦੂਰ ਹੋਈ ।ਪਰ ਉਸਦੀ ਮੰਮੀ ਇਹ ਨਹੀਂ ਜਾਣਦੀ ਸੀ ਫੋਨ ਵਾਪਸ ਕਰ ਦੇਣ ਨਾਲ ਜੋ ਇੱਕ ਵਾਰ ਆਦਤ ਪੈ ਗਈ ਹੈ ਉਹ ਛੇਤੀ ਨਹੀਂ ਛੁੱਟਦੀ ।ਮਨਰੀਤ ਦੀ ਵੀ ਇਹ ਆਦਤ ਕਿਵੇਂ ਐਨੀ ਛੇਤੀ ਛੁੱਟ ਸਕਦੀ ਸੀ ਉਪਰੋਂ ਇਕ ਲੜਕੇ ਨਾਲ ਪਿਆਰ ਵੀ ਤਾਂ ਕਰ ਬੈਠੀ ਸੀ ਜਿਸ ਨਾਲ ਗੱਲ ਕੀਤੇ ਬਿਨਾਂ ਉਸ ਨੂੰ ਚੈਨ ਨਹੀਂ ਪੈਂਦਾ ਸੀ ।ਹੁਣ ਮਨਰੀਤ ਸਕੂਲ ਜਾਣ ਦੀ ਬਜਾਏ ਆਪਣਾ ਸਾਰਾ ਸਮਾਂ ਕੈਫੇ ਵਿਚ ਬੈਠੀ ਚੈਟਿੰਗ ਤੇ ਬਿਤਾਉਂਦੀ ।ਪਹਿਲਾਂ ਸਕੂਲ ਫਿਰ ਕੋਚਿੰਗ ਤੇ ਹੌਲੀ ਹੌਲੀ ਟਿਊਸ਼ਨ ਇਕ ਇਕ ਕਰਕੇ ਸਭ ਛੁਟਦਾ ਜਾ ਰਿਹਾ ਸੀ ।ਇੰਟਰਨੈੱਟ ਦੀ ਦੁਨੀਆਂ ਦੇ ਨਸ਼ੇ ਨੇ ਉਸ ਤੋਂ ਕੋਈ ਵੀ ਜੁਰਮ ਕਰਵਾਉਣਾ ਆਸਾਨ ਕਰਵਾ ਦਿੱਤਾ ਸੀ ।ਸਕੂਲ ਤੋਂ ਜਿੰਨੇ ਵੀ ਨੋਟਿਸ ਆਏ ਸਨ ਉਹ ਸਭ ਉਸਦੇ ਹੱਥ ਹੀ ਲੱਗਦੇ ਤੇ ਆਪਣੇ ਮਾਂ ਬਾਪ ਤੱਕ ਪਹੁੰਚਣ ਤੋਂ ਪਹਿਲਾਂ ਹੀ ਉਹ ਉਹਨਾਂ ਨੂੰ ਪਾੜ ਕੇ ਅੱਗ ਲਾ ਦਿੰਦੀ ।ਹਰ ਰੋਜ਼ ਨਵੀਆਂ ਕਿਤਾਬਾਂ ਕਾਪੀਆਂ ਤੇ ਸਕੂਲ ਫੰਡ ਦੇ ਨਾਮ ਤੇ ਪੈਸੇ ਲੈੱਦੀ ਰਹਿੰਦੀ।ਜੇਕਰ ਕਦੇ ਪੈਸੇ ਨਾ ਮਿਲਦੇ ਤਾਂ ਉਹ ਘਰ ਵਿਚ ਕਈ ਛੋਟੀਆਂ ਛੋਟੀਆਂ ਚੋਰੀਆਂ ਕਰ ਲੈਂਦੀ।ਫਿਰ ਉਸਨੇ ਚੋਰੀਆਂ ਕਰਨਾ ਵੀ ਆਪਣੀ ਆਦਤ ਵਿੱਚ ਸ਼ਾਮਲ ਕਰ ਲਿਆ ਸੀ ।ਲੇਕਿਨ ਅਜੇ ਉਸਦੀ ਮੰਮੀ ਨੂੰ ਇਲਮ ਨਹੀਂ ਹੋਇਆ ਸੀ ਕਿ ਘਰ ਚੋਰੀਆਂ ਹੋ ਰਹੀਆਂ।ਪਰ ਜਿਸ ਦਿਨ ਵੱਡੀ ਚੋਰੀ ਹੋਈ ਉਸ ਦਿਨ ਉਸਨੂੰ ਸ਼ੱਕ ਹੋਇਆ ਪਰ ਅਪਣੇ ਬੱਚਿਆਂ ਤੇ ਕਿਵੇਂ ਸ਼ੱਕ ਕਰਦੀ ਇਸ ਲਈ ਉਸਦਾ ਪਹਿਲਾ ਸ਼ੱਕ ਕੰਮ ਵਾਲੀ ਤੇ ਗਿਆ ਉਸ ਨੂੰ ਬਹੁਤ ਡਰਾਇਆ ਧਮਕਾਇਆ ਪਰ ਉਹ ਬੇਕਸੂਰ ਕਿਵੇਂ ਆਪਣਾ ਕਸੂਰ ਮੰਨ ਲੈਂਦੀ ਜਦ ਚੋਰੀ ਉਸਨੇ ਕੀਤੀ ਹੀ ਨਹੀਂ ਸੀ ਅਖੀਰ ਕੰਮ ਵਾਲੀ ਨੂੰ ਚੋਰ ਕਰਾਰ ਕਰਕੇ ਕੰਮ ਤੋਂ ਹਟਾ ਦਿੱਤਾ ਗਿਆ ਪਰ ਚੋਰੀਆਂ ਦਾ ਸਿਲਸਿਲਾ ਅਜੇ ਵੀ ਜਾਰੀ ਸੀ ਇਹ ਵੀ ਉਦੋਂ ਪਤਾ ਚੱਲਿਆ ਜਦ ਮਨਰੀਤ ਦੀ ਮੰਮੀ ਨੇ ਉਸਨੂੰ ਰੰਗੇ ਹੱਥੀਂ ਚੋਰੀ ਕਰਦੇ ਪਕੜਿਆ ਸੀ ।ਉਹ ਦੂਜੀ ਵਾਰ ਸੀ ਜਦ ਉਸਦੇ ਪਾਪਾ ਨੇ ਉਸ ਤੇ ਹੱਥ ਚੁੱਕਿਆ ਸੀ ਕਿਉਂਕਿ ਇਕ ਵਾਰ ਫਿਰ ਉਹਨਾਂ ਦੀ ਲਾਡਲੀ ਧੀ ਨੇ ਉਹਨਾਂ ਦਾ ਵਿਸ਼ਵਾਸ ਚਕਨਾਚੂਰ ਕਰ ਦਿੱਤਾ ਸੀ ।ਫਿਰ ਇਕ ਦਿਨ ਰਾਹ ਜਾਂਦਿਆਂ ਮਨਰੀਤ ਦੇ ਮੰਮੀ ਪਾਪਾ ਦੀ ਮੁਲਾਕਾਤ ਉਸਦੇ ਸਕੂਲ ਪ੍ਰਿੰਸੀਪਲ ਨਾਲ ਹੋ ਗਈ ਉਸਤੋਂ ਪਤਾ ਚੱਲਿਆ ਸੀ ਕਿ ਉਹ ਕਈ ਮਹੀਨਿਆਂ ਤੋਂ ਸਕੂਲ ਨਹੀਂ ਆ ਰਹੀ ਨਾ ਹੀ ਕੋਚਿੰਗ ਕਲਾਸ ਅਟੈਂਡ ਕਰ ਰਹੀ ਹੈ ਕਈ ਵਾਰ ਨੋਟਿਸ ਵੀ ਭੇਜੇ ਪਰ ਕੋਈ ਜਵਾਬ ਨਹੀਂ ਆਇਆ ਪ੍ਰਿੰਸੀਪਲ ਦੀਆਂ ਇਹ ਗੱਲਾਂ ਸੁਣਕੇ ਤਾਂ ਉਸ ਦੇ ਮੰਮੀ ਪਾਪਾ ਦੇ ਪੈਰਾਂ ਹੇਠੋਂ ਜਮੀਨ ਖਿਸਕ ਗਈ ।ਇਸ ਵਾਰ ਫਿਰ ਉਸਦੇ ਮੰਮੀ ਪਾਪਾ ਬਹੁਤ ਲੜੇ ਮਾਰਨ ਲਈ ਹੱਥ ਚੁੱਕਿਆ ਕਿ ਮਨਰੀਤ ਨੇ ਆਪਣੇ ਪਾਪਾ ਦਾ ਹੱਥ ਫੜ ਲਿਆ।ਹੁਣ ਉਹ ਬਗ਼ਾਵਤ ਤੇ ਉਤਰ ਆਈ ਸੀ ।ਸਕੂਲ ਜਾਣ ਤੋਂ ਮਨ੍ਹਾ ਕਰ ਦਿੱਤਾ ਜਿਸ ਦੇ ਚਲਦੇ ਘਰ ਦਿਆਂ ਸਕੂਲੋਂ ਨਾਮ ਕੱਟਵਾ ਦਿੱਤਾ ।ਨਾ ਕੁਝ ਖਾਣਾ ਪੀਣਾ ਬਸ ਇਕ ਹੀ ਜਿੱਦ ਕਰਦੀ ਰਹਿਣਾ ਜਿਸ ਨਾਲ ਪਿਆਰ ਕਰਦੀ ਹੈ ਉਸ ਕੋਲ ਜਾਣਾ।ਜਦੋਂ ਦਿਲ ਕਰਦਾ ਗੁੱਸੇ ਵਿਚ ਸਭ ਨਾਲ ਲੜ ਕੇ ਕਈ ਕਈ ਘੰਟੇ ਕਮਰਾ ਬੰਦ ਕਰਕੇ ਰੋਂਦੀ ਰਹਿੰਦੀ ।ਮੰਮੀ ਪਾਪਾ ਬਹੁਤ ਸਮਝਾਉਣ ਦੀ ਕੋਸ਼ਿਸ਼ ਕਰਦੇ ਪਰ ਸਭ ਬੇਕਾਰ ਸੀ ।ਰਾਤ ਰਾਤ ਨੂੰ ਉੱਠ ਕੇ ਚੀਕਾਂ ਮਾਰਨੀਆਂ ਸ਼ੁਰੂ ਕਰ ਦਿੰਦੀ ਜਿਸ ਨਾਲ ਆਸ ਪੜੋਸ ਦੇ ਲੋਕ ਵੀ ਅਚੰਭੇ ਵਿਚ ਸਨ ਕਿ ਆਖਿਰ ਉਹਨਾਂ ਘਰ ਕੀ ਹੋ ਰਿਹਾ ।ਮਨਰੀਤ ਸਮਝਦੀ ਹੈ ਕਿ ਉਸਦੇ ਮਾਂ ਪਿਉ ਉਸਦੀਆਂ ਖੁਸ਼ੀਆਂ ਖੋਹ ਲੈਣ ਦੇ ਦੋਸ਼ੀ ਹਨ।ਕਹਿੰਦੀ ਹੈ ਉਹਨਾਂ ਨੇ ਉਸਦੀ ਜ਼ਿੰਦਗੀ ਤਬਾਹ ਕਰ ਦਿੱਤੀ ਹੈ ।ਜਿਸ ਕਰਕੇ ਹੁਣ ਨਾ ਤਾਂ ਉਹ ਖੁਦ ਚੈਨ ਨਾਲ ਰਹੇਗੀ ਤੇ ਨਾ ਉਹਨਾਂ ਨੂੰ ਚੈਨ ਨਾਲ ਰਹਿਣ ਦੇਵੇਗੀ ।ਆਪਣੇ ਛੋਟੇ ਭਰਾ ਨੂੰ ਵੀ ਬੇਵਜਾ ਤੰਗ ਕਰਨ ਵਿੱਚ ਉਸਨੇ ਕੋਈ ਕਸਰ ਨਹੀਂ ਛੱਡੀ ।ਸਕੂਲ ਦਾ ਕੰਮ ਕਰਕੇ ਹੱਟਦਾ ਕਿ ਉਹਦੀਆਂ ਕਾਪੀਆਂ ਚੋਂ ਕੰਮ ਕੀਤੇ ਵਰਕੇ ਪਾੜ ਦਿੰਦੀ ਬੇਫਾਲਤੂ ਉਸਨੂੰ ਕੁੱਟਣ ਲੱਗ ਜਾਣਾ।ਕਈ ਵਾਰ ਰਾਤ ਨੂੰ ਹਨੇਰੇ ਵਿੱਚ ਉਸਨੂੰ ਬਾਥਰੂਮ ਵਿੱਚ ਬੰਦ ਕਰ ਦਿੰਦੀ ।ਆਖਰ ਕਿੰਨੀ ਦੇਰ ਕੋਈ ਬਰਦਾਸ਼ਤ ਕਰ ਸਕਦਾ ਸੀ ਇਹ ਸਭ ਕੁਝ ।ਇਕ ਦਿਨ ਆਪਣੀ ਧੀ ਦੀ ਹਾਲਤ ਤੇ ਤਰਸ ਕਰਕੇ ਸੁਖਬੀਰ ਨੇ ਉਸ ਮੁੰਡੇ ਨਾਲ ਗੱਲ ਕਰਨੀ ਚਾਹੀ ਤਾਂ ਉਸ ਨੇ ਦੱਸਿਆ ਕਿ ਉਹ ਇਸ ਸ਼ਹਿਰ ਦਾ ਨਹੀਂ ਹੈ ਬਲਕਿ ਦੂਸਰੇ ਸ਼ਹਿਰ ਦਾ ਹੈ ਅਤੇ ਇੰਟਰਨੈੱਟ ਦੇ ਜਰੀਏ ਉਸਦੀ ਦੋਸਤੀ ਹੋਈ ਸੀ ।ਸੁਖਬੀਰ ਨੇ ਉਸ ਮੁੰਡੇ ਦਾ ਫੋਨ ਨੰਬਰ ਲੈ ਕੇ ਡਿਟੇਲ ਕਢਵਾਈ ਅਤੇ ਫੈਸਲਾ ਕੀਤਾ ਕਿ ਉਹ ਆਪਣੀ ਧੀ ਦੀ ਇਹ ਨਾਜਾਇਜ਼ ਜਿੱਦ ਪੂਰੀ ਕਰੇਗਾ ਚਾਹੇ ਕੁਝ ਵੀ ਹੋ ਜਾਏ ।ਡਿਟੇਲ ਵਿੱਚ ਪਤਾ ਲੱਗਾ ਕਿ ਉਸ ਮੁੰਡੇ ਦਾ ਨਾਮ ਸਤੀਸ਼ ਸੀ ਤੇ ਨਾਲ ਉਸਦਾ ਐਡਰੈੱਸ ਵੀ ਸੀ ।ਕਨਫਰਮ ਕਰਨ ਲਈ ਮਨਰੀਤ ਤੋਂ ਪੁੱਛਿਆ ਕਿ ਵਾਕਿਆ ਹੀ ਉਸਦੇ ਨਾਮ ਸਤੀਸ਼ ਹੈ ਤਾਂ ਉਸ ਨੇ ਹਾਂ ਵਿੱਚ ਸਿਰ ਹਿਲਾ ਦਿੱਤਾ।ਪਹਿਲਾਂ ਤਾਂ ਉਸਨੇ ਸੋਚਿਆ ਸੀ ਉਹ ਇਕੱਲਾ ਜਾਵੇਗਾ ਸਤੀਸ਼ ਨਾਲ ਗੱਲ ਕਰੇਗਾ ।ਪਰ ਫਿਰ ਇਕਦਮ ਖਿਆਲ ਆਇਆ ਜੇਕਰ ਸਤੀਸ਼ ਮਨਰੀਤ ਨੂੰ ਅਪਣਾਉਣ ਤੋਂ ਮੁਕਰ ਗਿਆ ਤਾਂ ਮਨਰੀਤ ਇਸਦਾ ਦੋਸ਼ ਵੀ ਉਸ ਤੇ ਹੀ ਲਾਵੇਗੀ ।ਇਸ ਲਈ ਅਗਲੇ ਦਿਨ ਉਹ ਮਨਰੀਤ ਨੂੰ ਲੈ ਕੇ ਸਤੀਸ਼ ਦੇ ਘਰ ਪਹੁੰਚਿਆ ।ਇੱਕ ਔਰਤ ਨੇ ਦਰਵਾਜ਼ਾ ਖੋਲਿਆ ਸਤੀਸ਼ ਬਾਰੇ ਪੁੱਛਣ ਤੇ ਉਸ ਔਰਤ ਨੇ ਥੋੜ੍ਹੀ ਦੇਰ ਇੰਤਜ਼ਾਰ ਕਰਨ ਲਈ ਕਿਹਾ ਅਤੇ ਉਹਨਾਂ ਨੂੰ ਡਰਾਇੰਗ ਰੂਮ ਵਿਚ ਬਿਠਾ ਦਿੱਤਾ।ਕੁਝ ਦੇਰ ਬਾਅਦ ਉਹ ਔਰਤ ਉਹਨਾਂ ਦੋਵਾਂ ਚਾਹ ਬਣਾ ਕੇ ਲਿਆਈ, ਚਾਹ ਪੀਂਦਿਆਂ ਸੁਖਬੀਰ ਨੇ ਉਸ ਔਰਤ ਤੋਂ ਸਤੀਸ਼ ਦੇ ਕੰਮ ਬਾਰੇ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਉਹ ਇਕ ਕੈਫੇ ਚਲਾਉਂਦਾ ਹੈ ।"ਵੈਸੇ ਤੁਹਾਡੇ ਕੀ ਲੱਗਦੇ ਆ ਸਤੀਸ਼ ਜੀ? "ਸੁਖਬੀਰ ਨੇ ਥੋੜ੍ਹੇ ਝਿਜਕਦੇ ਹੋਇਆਂ ਸਵਾਲ ਪੁੱਛਿਆ ਕਿ ਅਚਾਨਕ ਕਮਰੇ ਵਿੱਚ ਇੱਕ ਲਗਭਗ ਚਾਲੀ ਬਿਆਲੀ ਕੁ ਸਾਲ ਦਾ ਆਦਮੀ ਦਾਖਲ ਹੋਇਆ ਤੇ ਸੋਫੇ ਤੇ ਬੈਠਦਾ ਹੋਇਆ ਬੋਲਿਆ ।" ਜੀ ਫਰਮਾਉ ਕਿਵੇਂ ਆਉਣਾ ਹੋਇਆ, ਇਹ ਮੇਰੀ ਪਤਨੀ ਹੈ।""ਜੀ ਤੁਸੀਂ ਕੌਣ? "ਸੁਖਬੀਰ ਨੇ ਸਵਾਲ ਕੀਤਾ।" ਜਿਸਨੂੰ ਮਿਲਣ ਆਏ ਹੋ ।ਸਤੀਸ਼ ਹਾਂ ਮੈਂ।"ਉਹ ਆਦਮੀ ਮੁਸਕਰਾਉਂਦਾ ਹੋਇਆ ਬੋਲਿਆ।ਸਤੀਸ਼ ਨਾਮ ਸੁਣ ਕੇ ਮਨਰੀਤ ਤਾਂ ਗਸ਼ ਖਾ ਕੇ ਡਿੱਗਣ ਵਾਲੀ ਹੋ ਗਈ ।ਜਿਸ ਇਨਸਾਨ ਦੇ ਪਿਆਰ ਨੂੰ ਪਾਉਣ ਦੀ ਖਾਤਰ ਉਸਨੇ ਆਪਣੇ ਮਾਂ ਬਾਪ ਦੇ ਸੱਚੇ ਪਿਆਰ ਨੂੰ ਅਪਮਾਨਿਤ ਕਰ ਦਿੱਤਾ ਦਰਅਸਲ ਉਹ ਇਕ ਚਾਲੀ ਸਾਲ ਦਾ ਵਿਆਹਿਆ ਹੋਇਆ ਆਦਮੀ ਸੀ ਅਤੇ ਦੇਖਿਆ ਜਾਵੇ ਤਾਂ ਮਨਰੀਤ ਉਸਦੀਆਂ ਕੁੜੀਆਂ ਦੀ ਥਾਂ ਸੀ।ਪਰ ਉਸ ਆਦਮੀ ਦੇ ਕੁਝ ਪਲ ਦੇ ਮਨਪਰਚਾਵੇ ਨੇ ਮਨਰੀਤ ਨੂੰ ਕਿਸ ਨਰਕ ਵਿੱਚ ਧਕੇਲ ਦਿੱਤਾ ਸੀ ।ਉਹ ਹੁਣ ਕਿਸੇ ਨਾਲ ਨਜ਼ਰਾਂ ਮਿਲਾਉਣ ਤੱਕ ਦੇ ਕਾਬਲ ਨਹੀਂ ਰਹੀ।ਉਸਨੇ ਸਤੀਸ਼ ਨੂੰ ਗੌਰ ਨਾਲ ਵੇਖਿਆ ਅਤੇ ਮਨ ਵਿਚ ਸੋਚਣ ਲੱਗੀ 'ਕੀ ਇਹ ਉਹੀ ਸਤੀਸ਼ ਹੈ ਜਿਸਦੀ ਖਾਤਰ ਮੈਂ ਪਾਗਲ ਤੱਕ ਬਣ ਗਈ, ਸਕੂਲ ਛੁੱਟ ਗਿਆ, ਦੋਸਤ ਛੁੱਟ ਗਏ, ਮਾਂ ਬਾਪ ਨੂੰ ਕਿੰਨਾ ਦੁਖੀ ਕੀਤਾ, ਭਰਾ ਨੂੰ ਸਤਾਇਆ ਸਿਰਫ਼ ਇਸ ਆਦਮੀ ਲਈ? ਕਿੰਨੀ ਗਿਰ ਗਈ ਸੀ ਮੈਂ ।ਮੈਨੂੰ ਜੀਊਣ ਦਾ ਕੋਈ ਹੱਕ ਨਹੀਂ ਹੈ ।"ਆਪਣੀ ਧੀ ਨੂੰ ਸੋਚ ਵਿੱਚ ਡੁੱਬੀ ਵੇਖ ਫਿਰ ਸੁਖਬੀਰ ਨੇ ਅਚਾਨਕ ਮਨਰੀਤ ਦੇ ਮੋਢੇ ਤੇ ਹੱਥ ਰੱਖ ਸਤੀਸ਼ ਨੂੰ ਜਾਣੂ ਕਰਵਾਇਆ "ਇਹ ਮੇਰੀ ਬੇਟੀ ਹੈ ਮਨਰੀਤ ।ਜਾਣਦੇ ਹੋ ਨਾ ਤੁਸੀਂ? "ਮਨਰੀਤ ਨਾ ਸੁਣ ਕੇ ਸਤੀਸ਼ ਦੇ ਇਕ ਪਲ ਲਈ ਤਾਂ ਹੋਸ਼ ਹੀ ਉੱਡ ਗਏ ।ਇਕ ਪਲ ਲਈ ਮਨਰੀਤ ਤੇ ਉਸਦੀ ਨਜ਼ਰ ਗਈ ਪਰ ਉਹ ਡਰ ਕੇ ਸਹਿਮ ਗਿਆ ।ਉਸਨੂੰ ਨਹੀਂ ਪਤਾ ਸੀ ਕਿ ਉਸਦੇ ਪਿਆਰ ਦੇ ਨਾਟਕ ਨੂੰ ਸੱਚ ਮੰਨ ਕੇ ਮਨਰੀਤ ਉਸਦੀ ਭਾਲ ਵਿਚ ਉਸਦੇ ਘਰ ਤੱਕ ਪਹੁੰਚ ਜਾਵੇਗੀ ।ਆਪਣੀ ਚੋਰੀ ਪਕੜੀ ਜਾਣ ਤੇ ਉਸਨੂੰ ਠੰਡੇ ਪਸੀਨੇ ਆ ਰਹੇ ਸਨ ।ਸ਼ਰਮ ਦੇ ਮਾਰੇ ਪਾਣੀ ਪਾਣੀ ਹੋ ਰਿਹਾ ਸੀ ।ਫਿਰ ਮਨਰੀਤ ਆਪਣੀਆਂ ਗੱਲਾਂ ਤੇ ਤੈਰਦੇ ਹੰਝੂ ਪੂੰਝਦੀ ਹੋਈ ਆਪਣੀ ਜਗ੍ਹਾ ਤੋਂ ਉੱਠੀ ਤੇ ਰੋਂਦੀ ਹੋਈ ਬਾਹਰ ਵੱਲ ਦੌੜ ਗਈ।ਸੁਖਬੀਰ ਵੀ ਉਸਦੇ ਪਿੱਛੇ ਦੌੜਿਆ।ਸਤੀਸ਼ ਦੀ ਪਤਨੀ ਨੇ ਉਸਤੋਂ ਸੁਖਬੀਰ ਤੇ ਮਨਰੀਤ ਬਾਰੇ ਪੁੱਛਿਆ ਪਰ ਉਸਨੇ ਗੱਲ ਨੂੰ ਟਾਲ ਦਿੱਤਾ ।ਬਾਹਰ ਜਾ ਕੇ ਸੁਖਬੀਰ ਨੇ ਇੱਧਰ ਉੱਧਰ ਦੇਖਿਆ ਮਨਰੀਤ ਕਿਤੇ ਨਹੀਂ ਸੀ।ਅਚਾਨਕ ਰੌਲਾ ਪੈ ਗਿਆ ।ਇਕ ਪਾਸੇ ਲੋਕਾਂ ਦੀ ਭੀੜ ਭੱਜੀ ਜਾ ਰਹੀ ਸੀ ।ਸੜਕ ਦੇ ਵਿਚਕਾਰ ਇਕ ਲੋਥ ਦੇ ਦੁਆਲੇ ਚੋਖੀ ਸਾਰੀ ਭੀੜ ਇਕੱਠੀ ਹੋਈ ਖੜੀ ਸੀ।ਕੋਈ ਕਹਿ ਰਿਹਾ ਸੀ ਕੁੜੀ ਜਾਣਬੁੱਝ ਕੇ ਗੱਡੀ ਅੱਗੇ ਆ ਗਈ ਤੇ ਕੋਈ ਡਰਾਈਵਰ ਦਾ ਕਸੂਰ ਕਹਿ ਰਿਹਾ ਸੀ ।ਸੁਖਬੀਰ ਡਰਦਾ ਡਰਦਾ ਕੰਬਦਾ ਲੜਖੜਾਉਂਦੇ ਕਦਮਾਂ ਨਾਲ ਭੀੜ ਨੂੰ ਚੀਰਦਾ ਹੋਇਆ ਉਸ ਹਾਦਸੇ ਵਾਲੀ ਥਾਂ ਤੇ ਪਹੁੰਚਿਆ ।ਦੇਖਿਆ ਮਨਰੀਤ ਦੀ ਦੇਹ ਖੂਨ ਨਾਲ ਲੱਥਪਥ ਜ਼ਮੀਨ ਤੇ ਪਈ ਸੀ।ਹੌਲੀ ਜਿਹੀ ਉਸਦੀ ਲਾਸ਼ ਕੋਲ ਬੈਠ ਕੇ ਉਸਨੇ ਮਨਰੀਤ ਦਾ ਸਿਰ ਆਪਣੀ ਬੁੱਕਲ ਵਿੱਚ ਰੱਖਿਆ ਤੇ ਸਿਰ ਦੇ ਵਾਲ ਪੁੱਟਦਾ ਜਾਰੋ ਜਾਰੀ ਰੋਣ ਲੱਗ ਪਿਆ।ਜਿਸਨੂੰ ਵੇਖ ਭੀੜ ਵਿੱਚ ਕਈ ਲੋਕਾਂ ਦੀਆਂ ਅੱਖਾਂ ਗਿੱਲੀਆਂ ਹੋ ਗਈਆਂ ਸਨ।ਥੋੜੀ ਦੇਰ ਬਾਅਦ ਪੁਲਿਸ ਆਈ ਅਤੇ ਮਨਰੀਤ ਦੇ ਸਰੀਰ ਨੂੰ ਪੋਸਟਮਾਰਟਮ ਲਈ ਆਪਣੇ ਨਾਲ ਹਸਪਤਾਲ ਲੈ ਗਈ।ਕੀ ਇਹ ਵਾਕਿਆ ਹੀ ਪਿਆਰ ਸੀ ਜਾਂ ਮਹਿਜ ਆਪਣੇ ਕੁਝ ਪਲ ਦੇ ਸ਼ੌਂਕ ਲਈ ਕਿਸੇ ਦੇ ਵੀ ਜਜ਼ਬਾਤ ਦਾ ਮਜ਼ਾਕ ਬਣਾ ਦੇਣਾ ਪਿਆਰ ਹੈ ਜਾਂ ਮਨਰੀਤ ਦੇ ਅਲੜਪੁਨੇ ਦਾ ਪਾਗਲਪਨ ਸੀ ਜਾਂ ਫਿਰ ਟੈਕਨੋਲੋਜੀ ਨੇ ਪਿਆਰ ਦਾ ਰੂਪ ਰੰਗ ਤੇ ਮਾਅਨੇ ਹੀ ਬਦਲ ਦਿੱਤੇ ਹਨ ।