ਚਾਰ ਆਸ਼ਰਮ - ਜਸਵੀਰ ਕਲਸੀ
Posted on:- 23-01-2016
ਸ਼ਰਧਾਜ਼ਲੀ ਭੇਟਾਵਾਂ
ਪਹਿਲੀ. ‘‘ਭਗਵੰਤ ਸੂੰ ਦਿਮਾਗੀ ਤਾਂ ਬੜਾ ਸੀ। ਆਪਣੇ ਵਿਸ਼ੇ ਦਾ ਮਾਹਰ ਅਧਿਆਪਕ ਸੀ। ਪਰ ਆ ਦਾਰੂ ਈ ਪੀਣ ਦੀ ਮਾੜੀ ਆਦਤ ਸੀ ਉਹਨੂੰ। ਦਿਨੇ ਵੀ ਪੀਂਦਾ ਸੀ। ਕਹਿੰਦੇ ਨੇ, ਪੀਤੀ ਵਿਚ ਪੀਰਡ ਵੀ ਲਾ ਲੈਂਦਾ ਸੀ। ਤੇ ਵਧੀਆ ਪੜ੍ਹਾਉਂਦਾ ਸੀ। ਪੜ੍ਹਾਈ ਊਦੀ ਨੂੰ ਤਾਂ ਮੰਨਦੇ ਸੀ। ਕਹਿੰਦੇ ਨੇ ਏਸ ਭਗਵੰਤ ਸੂੰ ਨੇ ਕਿਸੇ ਨਾਲ ਵਿਗਾੜੀ ਵੀ ਨਹੀਂ ਸੀ। ਆਵਦਾ ਮਸਤ ਈ ਰਹਿੰਦਾ ਸੀ ਆਪਣੇ ਆਪ ਵਿਚ..। ਆ ਦਾਰੂ ਈ ਜ਼ਿੰਦਗੀ ਬਰਬਾਦ ਕਰ ਗਈ ਭਗਵੰਤ ਸੂੰ ਦੀ। ਜੇ ਕਿਧਰੇ ਭਗਵੰਤ ਸੂੰ ਧਿਆਨ ਦਿੰਦਾ ਨੌਕਰੀ ਵੱਲ। ਤਾਂ ਏਹਨੇ ਡੀ.ਈ.ਓ. ਬਣ ਜਾਣਾ ਸੀ ਇਕ ਦਿਨ। ਥੋਨੂੰ ਦੱਸਾਂ, ਏਸੇ ਭਗਵੰਤ ਸੂੰ ਨੇ ਸ਼ੁਰੂ ਵਿਚ ਟੈਮਪਰੇਰੀ ਸਰਵਿਸ ਸ਼ੁਰੂ ਕੀਤੀ ਸੀ। ਬਾਅਦ ਵਿਚ ਪੱਕਾ ਹੋ ਗਿਆ ਸੀ। ਉਦੋਂ ਏਸ ਭਗਵੰਤ ਸੂੰ ਨੇ ਆ ਟੀਚਰ ਯੂਨੀਅਨ ਵਿਚ ਵੀ ਬਲਾ ਡੱਟ ਕੇ ਕੰਮ ਕੀਤਾ ਸੀ। ਉਦੋਂ ਕੁਆਰਾ ਸੀ। ਪਰਵਾਹ ਨਹੀਂ ਸੀ ਕਰਦਾ ਆਵਦੀ। ਨੇ੍ਹਰੇ ਸਵੇਰੇ ਚਲ ਸੋ ਚੱਲ। ਘਰ ਦੀ ਫਿਕਰ ਨਹੀਂ ਸੀ ਕਰਦਾ ਹੁੰਦੈ। ਇਕ ਵਾਰ ਦੀ ਗੱਲ ਐ, ਡੀ.ਓ. ਦਫ਼ਤਰ ਅੱਗੇ ਧਰਨਾ ਸੀ। ਮੈਂ ਆਪ ਵੇਖਿਆ ਕਿ ਇਹ ਭਗਵੰਤ ਸੂੰ ਨੇ ਬਲਾ ਉੱਚੀ ਉੱਚੀ ਨਾਅਰੇ ਬੋਲੇ ਸਨ। ਫਿਰ, ਡੀ.ਓ. ਦੀ ਮੀਟਿੰਗ ਵਿਚ ਵੀ ਬਲਾ ਬਹਿਸ ਕੀਤੀ ਸੀ ਏਹਨੇ।
ਵਕੀਲਾਂ ਵਾਂਗੂੰ ਸਵਾਲ ਜਵਾਬ ਕਰਦਾ ਸੀ। ਉਦੋਂ ਕਿਤੇ ਕੁ ਛਿੱਟ ਲਾ ਲੈਂਦਾ ਸੀ। ਜਦ ਅਸੀਂ ਪਹਿਲੀ ਵਾਰ ‘ਕੱਠਿਆਂ ਪੀਤੀ ਸੀ, ਉਦੋਂ ਭਗਵੰਤ ਬੋਲਿਆ ਸੀ, ‘ਬਈ ਮੈਂ, ਮਿੱਤਰਾਂ-ਦੋਸਤਾਂ ਵਿਚ ਬੈਠ ਗਿਆ ਆ। ਪਰ ਮੈਂ, ਮੈਂ ਤੁਹਾਡੇ ਸਾਰੇ ਪੈੱਗਾਂ ਦੇ ਨਾਲ ਨਾਲ ਇਕੋ ਇਕ ਪੈੱਗ ਈ ਪੀਂਦਾ ਰਹੂੰਗਾ। ਮੈਂ ਏਨੀ ਕੁ ਪੀਣ ਵਾਲਾ ਆਂ। ਮੈਂ ਤੁਹਾਡੇ ਵਿਚ ਬੈਠੂੰਗਾ। ਪੀਉਂਗਾ।’ ਭਗਵੰਤ ਬੁਹਤਾ ਪਿਆਕੜ ਨਹੀਂ ਸੀ। ਇੰਝ ਹੀ ਪੀਂਦਾ ਸੀ। ਬੈਠ ਜਾਂਦਾ ਸੀ। ਬੋਲਦਾ ਬਹੁਤ ਘੱਟ ਸੀ। ਆ ਤਾਂ ਮਗਰੋਂ ਜਾ ਕੇ ਵਿਆਹ ਤੋਂ ਮਗਰੋਂ ਈ ਵਧੇਰੇ ਪੀਣ ਲੱਗੇ..।’’
ਦੂਜੀ. ‘‘ ਭਾਈ! ਏਹ ਮਨੁੱਖਾ ਜਨਮ ਅਮੋਲਕ ਹੀਰਾ ਐ ਭਾਈ। ਕੀਮਤੀ ਸ਼ੈਅ ਏ। ਚੌਰਾਸੀ ਲੱਖ ਜੂਨਾਂ ਵਿਚੋਂ ਇਕ ਉੱਤਮ ਜੂਨ। ਏਹ ਬਾਰਮ-ਬਾਰ ਨਹੀਂ ਮਿਲਦੀ..। ਸੱਜਣ ਮੈਂਡੇ ਰਾਂਗਲੇ..। ਇਹ ਭਾਈ ਸਾਹਿਬ ਭਾਈ ਭਗਵੰਤ ਸਿੰਘ ਜੀ ਵੀ ਰਾਂਗਲੇ ਮਨੁੱਖ ਸਨ। ਸਾਧ ਸੰਗਤ ਜੀਓ......, ਓਸ ਸੱਚੇ ਪਾਤਸ਼ਾਹ, ਵਾਹਿਗੁਰੂ ਜੀ ਦੀ, ਭਾਈ ਸਾਹਿਬ ਭਾਈ ਭਗਵੰਤ ਸਿੰਘ ਜੀ ਤੇ ਮੇਹਰ ਸੀ ਕਿ ਇਹ ਗੁਰੂ ਰੂਪ ਅਧਿਆਪਕ ਦੀ ਡਿਊਟੀ ਕਰ ਰਹੇ ਸਨ। ਅੱਜ, ਭਾਈ ਸਾਹਿਬ ਭਾਈ ਭਗਵੰਤ ਸਿੰਘ ਜੀ ਆਪਣੇ ਦਰਮਿਆਨ ਨਹੀਂ ਰਹੇ। ਅੱਜ, ਉਨ੍ਹਾਂ ਦੀ ਅੰਤਿਮ ਅਰਦਾਸ ਵਿਚ ਆਪਾਂ ਸਭ ਸ਼ਾਮਿਲ ਹੋਏ ਹਾਂ। ਆਪਣੇ ਭਗਵੰਤ ਸਿੰਘ ਜੀ ਨੂੰ ਪ੍ਰਭੂ-ਪਰਮੇਸ਼ਵਰ ਵੱਲੋਂ ਜਿੰਨੀ ਸਵਾਸਾਂ ਦੀ ਪੂੰਜੀ ਮਿਲੀ ਸੀ, ਉਨੀ ਉਹ ਭੋਗ ਗਏ ਨੇ....।’’
ਤੀਜੀ. ‘‘ਉੱਤਰ ਵੈਦਿਕ ਕਾਲ ਦੇ ਸਾਹਿਤ ਵਿਚ ਆਰੀਆ ਦੀ ਇਕ ਮਹੱਤਵਪੂਰਨ ਸਮਾਜਿਕ ਸੰਸਥਾ ਦਾ ਉਲੇਖ ਮਿਲਦਾ ਹੈ। ਇਹ ਆਰੀਆ ਲੋਕ ਭਾਰਤ ਦੇ ਬਾਹਰੋਂ ਆਏ ਸਨ ਭਾਰਤ ਵਿਚ। ਇਨ੍ਹਾਂ ਨੇ ਏਥੇ ਆਪਣਾ ਰਾਜ ਕਾਇਮ ਕਰ ਲਿਆ ਸੀ। ਰਾਜ ਕਾਇਮ ਕਰਨ ਲਈ ਕਈ ਲੜਾਈਆਂ ਲੜੀਆਂ ਸਨ। ਇਹ ਲੜਾਈਆਂ ਹਰੇਕ ਕੌਮ ਨੂੰ ਆਪਣੀ ਤਰੱਕੀ ਲਈ, ਸਥਾਪਤੀ ਲਈ ਲੜਣੀਆਂ ਪਈਆਂ, ਅਸੀ ਵੀ ਅਧਿਆਪਕ ਜੱਥੇਬੰਦੀਆਂ ਵਿਚ ਬੜੀਆਂ ਬੜੀਆਂ ਲੜਾਈਆਂ ਲੜੀਆਂ ਨੇ ਤੇ ਪ੍ਰਾਪਤੀਆਂ ਕੀਤੀਆਂ ਨੇ। ਸੋ, ਗੱਲ ਇਹ ਹੈ ਕਿ ਸਿਸਟਮ ਨੂੰ ਵਿਗਾੜਣ ਜਾਂ ਬਣਾਉਣ ਲਈ ਮਨੁੱਖ ਦਾ, ਮਨੁੱਖੀ ਸਮਾਜ ਦਾ ਉੱਘਾ ਰੋਲ ਹੈ। ਆਪਣੀ ਗੱਲ ਚੱਲ ਰਹੀ ਸੀ ਕਿ ਆਰੀਆ ਦੀ ਸੰਸਥਾ ਆਸ਼ਰਮ ਧਰਮ। ਅੱਜ ਦੀ ਨਵੀਂ ਜਨਰੇਸ਼ਨ ਨੂੰ ਕੀ ਪਤਾ ਏ ਕਿ ਇਹ ਆਸ਼ਰਮ ਧਰਮ ਕੀ ਹੁੰਦੇ ਨੇ? ਮੈਂ ਆਪਣੀ ਗੱਲ ਆਸ਼ਰਮ ਧਰਮ ਤੋਂ ਲੈ ਕੇ ਆਪਣੇ ਸਾਥੀ ਭਗਵੰਤ ਸਿੰਘ ਦੀ ਅੰਤਿਮ ਅਰਦਾਸ ਨਾਲ ਜੋੜਣੀ ਹੈ। ਵੇਖੋ ਭਾਈ, ਆਸ਼ਰਮ ਧਰਮ ਵਿਚ ਚਾਰ ਧਰਮ ਸਨ। ਪਹਿਲਾਂ ਸੀ-ਬ੍ਰਹਮਚਾਰੀਆ ਆਸ਼ਰਮ ਧਰਮ। ਇਸ ਵਿਚ ਮਨੁੱਖ ਦੇ ਪਹਿਲੇ ਪੱਚੀ ਸਾਲ ਆਉਂਦੇ ਨੇ। ਇਸ ਪਹਿਲੀ ਉਮਰ ਵਿਚ ਗੁਰੂ ਕੋਲੋਂ ਸਿੱਖਿਆ ਪ੍ਰਾਪਤ ਕੀਤੀ ਜਾਂਦੀ ਸੀ। ਇਹ ਹੁਣ ਵੀ ਹੈ। ਸਕੂਲ-ਕਾਲਜ ਹੁਣ ਵੀ ਹਨ। ਦੂਸਰਾ ਗ੍ਰਹਿਸਥ ਆਸ਼ਰਮ ਧਰਮ। ਇਹ ਅਗਲੇ 25 ਸਾਲਾਂ ਦਾ ਸਮਾਂ। ਇਸ ਵਿਚ ਮਨੁੱਖ ਵਿਆਹ ਕਰਦਾ ਸੀ। ਬੱਚੇ ਪੈਦਾ ਕਰਦਾ ਸੀ। ਧਨ ਕਮਾਉਂਦਾ ਸੀ। ਪਰਿਵਾਰ ਦੀਆਂ ਜ਼ਰੂਰਤਾਂ ਪੂਰੀਆਂ ਕਰਦਾ ਸੀ...। ਤੇ ਆਪਣੇ ਭਗਵੰਤ ਸਿੰਘ ਜੀ। ਏਹ ਤਾਂ ਗ੍ਰਹਿਸਥ ਆਸ਼ਰਮ ਧਰਮ ਵਿਚ ਈ ਆ ਦਾਰੂ-ਪਿਆਲਾ ਪੀਣ ਲੱਗੇ। ਮੈਂ ਦੱਸ ਰਿਹਾ ਸੀ, ਤੀਜਾ-ਬਾਣ ਪ੍ਰਸਥ ਆਸ਼ਰਮ ਧਰਮ ਇਹ ਇਕਵੰਜਾ ਤੋਂ ਪਝੱਤਰ ਸਾਲ ਦੇ ਪੱਚੀ ਸਾਲਾਂ ਦਾ ਸਮਾਂ ਹੈ। ਇਸ ਵਿਚ ਮਨੁੱਖ ਆਪਣਾ ਘਰ ਤਿਆਗ ਦਿੰਦਾ ਸੀ। ਦੂਰ ਜੰਗਲਾਂ ਵਿਚ ਅਧਿਆਤਮਕ ਸਿੱਖਿਆ ਪ੍ਰਾਪਤ ਕਰਨ ਲਈ ਚਲਾ ਜਾਂਦਾ ਸੀ। ਤੇ ਆਪਣੇ ਆ ਭਗਵੰਤ ਸਿੰਘ ਜੀ, ਏਸ ਸਾਹਿਬ ਬਹਾਦਰ ਨੇ ਤਾਂ ਬਵੰਜਾ-ਤਰਵੰਜਾ ਵਿਚ ਘਰ, ਪਰਿਵਾਰ, ਯਾਰ, ਸੰਸਾਰ ਹੀ ਤਿਆਗ ਦਿੱਤੈ। ਮੈਂ ਤਾਂ ਸੱਚ ਕਹੂੰਗਾ, ਇਹ ਸਭ ਦਾਰੂ ਦੀ ਵਜ੍ਹਾ ਕਰਕੇ ਹੋਇਆ, ਦਾਰੂ ਪੀਣੀ ਇਕ ਕਮਜ਼ੋਰੀ ਐ। ਇੱਕ ਸ਼ੋਕ ਵੀ ਹੈ। ਸਿਆਣਿਆਂ ਇਉਂ ਵੀ ਕਿਹਾ, ਘਿਉ ਮੱਲਾਂ ਨੂੰ, ਦਾਰੂ ਗੱਲਾਂ ਨੂੰ। ਦਾਰੂ ਪੀਣ ਦਾ ਵੀ ਇਕ ਢੰਗ-ਤਰੀਕਾ ਹੁੰਦਾ ਹੈ। ਪਰ, ਭਗਵੰਤ ਸਿੰਘ ਜੀ ਨੇ ਸਾਰੇ ਢੰਗ ਤਰੀਕੇ ਤੋੜ ਦਿੱਤੇ ਸਨ। ਇਸ ਸਭ ਦੇ ਬਾਵਜੂਦ ਬਾਕੀ ਦਾ ਭਗਵੰਤ ਸਿੰਘ ਗੁਣਾਂ ਦੀ ਗੁਥਲੀ ਸੀ। ਉਸ ਦੇ ਗੁਣਾਂ ਦੀ ਗੱਲ ਵੀ ਆਪਾਂ ਸਾਂਝੀ ਕਰਨੀ ਐ। ਉਸ ਵਿਚ ਅਨੇਕਾਂ ਗੁਣ ਸਨ। ਕੀ ਕੀ ਕਰਦਾ ਏ ਮਨੁੱਖ!? ਆਸ਼ਰਮ ਧਰਮਾਂ ਅਨੁਸਾਰ ਕੀ ਕੀ ਕਰਦਾ ਏ। ਆਪਣੀ ਗੱਲ ਸੀ, ਮੈਂ ਬਹੁਤ ਸਮਾਂ ਲੈ ਲਿਐ। ਪਰ ਮੈਂ ਸਮਝਦਾ ਹਾਂ ਕਿ ਸਾਨੂੰ ਜਿੰਦਗੀ ਜਿਊਣ ਬਾਰੇ ਸਮਝਣਾ ਚਾਹੀਦੈ। ਗੱਲ ਲੰਮੀ ਹੋ ਰਹੀ ਹੈ। ਅਖੀਰ ਇਹੋ ਕਿ ਚੌਥਾ ਆਸ਼ਰਮ ਧਰਮ ਸੰਨਿਆਸ ਆਸ਼ਰਮ। ਇਹ ਜੀਵਨ ਦੇ ਆਖਰੀ 25 ਸਾਲਾਂ ਦਾ ਸਮਾਂ ਹੈ। ਇਸ ਵਿਚ ਮਨੁੱਖ ਘਰ, ਇਸਤਰੀ ਅਤੇ ਬੱਚਿਆਂ ਨੂੰ ਸਦਾ ਲਈ ਛੱਡ ਦਿੰਦਾ ਸੀ। ਉਹ ਦੂਰ ਬਣਾਂ, ਜੰਗਲਾਂ ਵਿਚ ਜਾ ਕੇ ਤਪ ਕਰਦਾ ਸੀ। ਮੁਕਤੀ ਪ੍ਰਾਪਤੀ ਹੀ ਉਸ ਦਾ ਉਦੇਸ਼ ਹੁੰਦਾ ਸੀ। ਫਿਰ ਗੁਰੂ ਰੂਪ ਬਣ ਕੇ ਸਿੱਖਿਆ ਦੇਣ ਦੇ ਕੰਮ ਵੀ ਲੱਗ ਜਾਂਦਾ ਸੀ। ਇਸ ਤਰ੍ਹਾਂ ਆਸ਼ਰਮ ਧਰਮ ਅਨੁਸਾਰ ਮਨੁੱਖ ਦੋ ਸੌ ਸਾਲਾਂ ਦੇ ਜੀਵਨ ਨੂੰ ਜੋ ਕਿ ਉਸ ਸਮੇਂ ਮਨੁੱਖ ਦੀ ਉਮਰ ਸੌ ਸਾਲਾਂ ਵਿਚ ਮੰਨੀ ਜਾਂਦੀ ਸੀ। ਪੱਚੀ ਪੱਚੀ ਸਾਲਾਂ ਦੇ ਚਾਰ ਬਰਾਬਰ ਭਾਗਾਂ ਵਿਚ ਵੰਡੀ ਹੋਈ ਸੀ। ਆਪਣੇ ਭਗਵੰਤ ਸਿੰਘ ਨੇ ਕੇਹੋ ਜਿਹਾ ਜੀਵਨ ਜਿਊਂਇਆ? ਇਨ੍ਹਾਂ ਦੀ ਜੀਵਨ ਸਾਥਣ, ਸਾਡੀ ਭੈਣ ਦੀ ਜ਼ਿੰਮੇਵਾਰੀ ਵਧ ਗਈ ਏ। ਬੱਚਿਆਂ ਨੂੰ ਸੈੱਟ ਕਰਨਾ ਹੈ ਹਲੇ ਇਨ੍ਹਾਂ ਨੇ। ਮਨੁੱਖ ਕਿਵੇਂ ਜਿਊਂਦੈ? ਉਸਦੇ ਹੱਥ ਵੱਸ ਕਿੰਨਾ ਕੁ ਹੁੰਦੈ? ਜੀਵਨ ਜਿਊਣ ਦੇ ਢੰਗ ਤਰੀਕੇ। ਮਨੁੱਖ ਸਮਾਜ ਵਿਚ ਰਹਿੰਦੇ ਨੇ। ਪਰਿਵਾਰ ਹੁੰਦਾ ਹੈ। ਸੋ, ਗੱਲ ਇੱਥੇ ਨਿਬੜਦੀ ਹੈ ਕਿ ਭਗਵੰਤ ਭਾਵੇਂ ਸ਼ਰਾਬੀ ਸੀ ਪਰ ਉਹ ਇਕ ਚੰਗਾ ਅਧਿਆਪਕ ਵੀ ਸੀ। ਚੰਗਾ ਆਗੂ ਵੀ ਰਿਹਾ ਸੀ ਕਿਸੇ ਸਮੇ। ਮੈਨੂੰ ਪਤਾ ਹੈ, ਉਸ ਨੇ ਦੀਵੇ ਦੀ ਲੋਅ ਵਿਚ ਪੜ੍ਹਾਈ ਕੀਤੀ ਸੀ। ਵਜ਼ੀਫਾ ਪ੍ਰਾਪਤ ਕੀਤਾ ਸੀ। ਉਸ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਾ ਹਾਂ।’’
ਚੌਥੀ. ‘‘ ਮੈਂ ਵੀ ਸ਼ਰਧਾ ਦੇ ਫੁੱਲ ਭੇਂਟ ਕਰਦਾ ਹਾਂ। ਭਗਵੰਤ ਸਿੰਘ ਬਾਰੇ ਜਿੰਨਾ ਕੁ ਮੇਰਾ ਵਾਹ ਵਾਸਤਾ ਰਿਹਾ। ਮੈਨੂੰ ਉਹ ਚੰਗਾ ਹੀ ਲੱਗਿਆ। ਮੈਂ ਉਸ ਨੂੰ ਕਿਧਰੇ ਲੜਦੇ ਝਗੜਦੇ ਨਹੀ ਵੇਖਿਆ। ਮੇਰਾ ਘਰ ਉਹਦੇ ਘਰ ਤੋਂ ਆ ਵੀਹ ਬਾਈ ਘਰ ਅੱਗੇ ਆ। ਆ ਨਾਲ ਦੀ ਗਲੀ ਮੁੜ ਕੇ। ਆਂਢ ਗੁਆਢ ਨਾਲ ਬੋਲ ਕਬੋਲ ਨਹੀਂ ਸੁਣੇ ਉਹਦੇ। ਪੀਤੀ ਵਿਚ ਹੋਵੇ, ਸੋਫੀ ਹੋਵੇ, ਨੀਵੀਂ ਪਾ ਤੁਰਿਆ ਜਾਂਦਾ ਹੀ ਮੈਂ ਤਾਂ ਵੇਖਿਆ। ਘਰੇ ਲੜਾਈ ਬਾਰੇ ਸੁਣਿਆ ਸੀ। ਦੱਸੋ ਕਿਸਦੇ ਘਰ ਨਹੀਂਗੀ ਲੜਾਈ? ਘਰ ਘਰ ਹੀ ਲੜਾਈ ਹੈ ਅੱਜ ਕੱਲ੍ਹ। ਜ਼ਮਾਨਾ ਈ ਐਸਾ, ਟੈਨਸ਼ਨਾਂ ਹੀ ਬਹੁਤ ਨੇ। ਮੇਰੀਆਂ ਇਕ ਦੋ ਵਾਰ ਗੱਲਾਂ ਵੀ ਸਾਂਝੀਆਂ ਹੋਈਆਂ ਭਗਵੰਤ ਸਿੰਘ ਨਾਲ। ਮੈਂ ਤਾਂ ਆਪ ਤੋਂ ਛੋਟਾ ਭਾਈ ਜਾਣ ਸਮਝਾਇਆ ਸੀ ਕਿ ਨਾ ਪੀਆ ਕਰ। ਤੇਰੀ ਸੋਹਣੀ ਨੌਕਰੀ ਐ। ਤੂੰ ਜੇ ਪੀਤੀ ਬਿਨ੍ਹਾਂ ਨਹੀਂ ਰਹਿ ਸਕਦਾ ਤਾਂ ਘਰ ਅੰਦਰ ਦੋ ਪੈੱਗ ਲਾ ਲਿਆ ਕਰ। ਰੋਟੀ ਖਾਧੀ ਤੇ ਆਪਣਾ ਆਰਾਮ ਨਾਲ ਪੈ ਗਿਆ। ਪਰ ਨਹੀਂ, ਉਹ ਤਾਂ ਮੇਰੇ ਵੇਖਣ ਵਿਚ ਐ, ਐ ਪਿਛਲੇ ਕਈ ਸਾਲਾਂ ਤੋਂ ਵੱਧ ਤੋਂ ਵੱਧ ਪੀਣ ਲੱਗ ਗਿਆ ਸੀ। ਐ ਭਜਨ ਕੌਰ ਨੇ, ਇਹਨੇ ਵਿਚਾਰੀ ਨੇ ਬਹੁਤ ਦੁੱਖ ਕੱਟਿਐ।’’
ਸ਼ਰਧਾਜ਼ਲੀ ਸੁਣ ਰਹੇ ਮਰਦਾਂ ਦਾ ਸੰਬਾਦ ਅਤੇ ਪ੍ਤੀਕਰਮ.
‘‘ਲੈ ਤੂੰ ਛੱਡ ਏਹਦੇ ਭਾਸ਼ਣ ਨੂੰ। ਆ ਸੁਣ। ਆ ਬਾਈ ਦੀ ਗੱਲ ਸੁਣ?’’
‘‘ਮੈਂ ਸੁਣ ਲੈਨਾਂ। ਲੈ ਸੁਣਾਓ ਜੀ, ਬਾਈ ਜੀ, ਤੁਹਾਡੀ ਵੀ ਸੁਣ ਲਈਏ।’’
‘‘ਮੈਂ ਤੇ ਇਹੋ ਕਹਿੰਨਾਂ ਏ ਕਿ ਕਹਿੰਦੇ ਨੇ ਜਿਸ ਦਿਨ ਭਗਵੰਤ ਸੂ ਮਰਿਆ ਸੀ। ਉਸ ਦਿਨ ਉਹਦੇ ਨਾਲ ਦੇ ਮਾਸਟਰਾਂ ਨੇ ਏਹਦੇ ਘਰੇ ਫੂਨ ਕੀਤਾ ਸੀ। ਕਹਿੰਦੇ ਆ ਫੂਨ ਅੱਗੋਂ ਆ ਕਲਮੂੰਹੀ ਭਜਨੋਂ ਨੇ ਈ ਚੁੱਕਿਆ ਸੀ ਤੇ ਇਹ ਬੋਲੀ ਸੀ।, ‘ਉਂਝ ਈ ਮੇਰੇ, ਮਗਰੋਂ ਲੱਥੇ ਪਰੇ।’ ਲੈ, ਉਹੀ ਗੱਲ ਹੋਈ। ਆ ਸ਼ਰਾਬ ਨਾਲ ਦੌਰਾ ਐਹਾ ਜਿਹਾ ਪਿਆ ਕਿ ਬਸ। ਬਸ ਆ ਸ਼ਰਾਬ ਈ ਲੜ ਗਈ। ਅੰਦਰ ਜਾ ਕੇ। ਅੱਗੇ ਵੀ ਪੀਂਦਾ ਸੀ। ਰੋਜ਼। ਊ ਬੰਦਾ ਬ-ਜਾਤੇ ਖੁਦ ਸ਼ਰੀਫ਼ ਬਹੁਤ ਸੀ। ਏਹ ਪੀਣ ਦਾ ਵੀ ਕੋਈ ਦੁੱਖ ਹੋਊ। ਦੁੱਖ ਹੋਊ ਜ਼ਰੂਰ? ਐਨੀ ਪੀਈ ਜਾਣੀ। ਪੀ ਕੇ ਕਮਲਾ ਜੇਆ ਬਣਿਆ ਰਹਿੰਦਾ ਸੀ। ਇੰਝ ਹਰੇਕ ਥੋੜ੍ਹਾ ਪੀਂਦੇ ਨੇ..।’’
‘‘ਆ ਕਹਿੰਦੇ ਨੇ ਇਨ੍ਹਾਂ ਦੀ ਪੈਲੀ ਵੀ ਆਂ। ਘਰੋਂ ਜੈਦਾਤ ਵਾਲਾ ਸੀ।’’
‘‘ਪੈਲੀ ਤਾਂ ਏਹਨਾਂ ਦੀ ਝੁੱਗੇ ਵਿਚੋਂ ਦੋ ਕਿਲ੍ਹੇ ਐ। ਇਨ੍ਹਾਂ ਦਾ ਵੱਡਾ ਬੁੜਾ ਈ ਵੇਚ ਖਾ ਗਿਆ ਸਾਰੀ। ਕਿੱਲੇ ਤਾਂ ਅੱਠ ਸੀ ਉਹਦੇ। ਉਹ ਅਮਲੀ ਬੰਦਾ ਸੀ। ਕੰਮ ਕਾਰ ਕਰਨ ਲੱਗਾ ਪਹਿਲਾਂ ਭੋਰਾ ਖਾ ਲੈਂਦਾ ਸੀ। ਬਿਨ੍ਹਾਂ ਖਾਧੇ ਤੋਂ ਮਰਿਆ ਵਰਗਾ ਬਣਿਆ ਰਹਿੰਦਾ ਸੀ। ਕਈ ਵਾਰ ਗੱਲ ਉੱਡੀ ਸੀ ਕਿ ਨਾਮਾ ਮਰ ਗਿਆ ਬਈ। ਪਰ ਉਹ ਐਸਾ ਤੂਤ ਵਰਗਾ ਚੀੜਾ ਸੀ ਕਿ ਨੱਥਿਆਂ ਦੇ ਨੇੜੇ ਦੇ ਨੇੜੇ ਹੋ ਕੇ ਮਰਿਆ ਆ ਪਿੱਛੇ ਜਿਹੇ।’’
‘‘ਚੱਲ ਪੈਲੀ ਤਾਂ ਜੇਹੜੀ ਹੈਗੀ ਏ, ਹੈਗੀ ਏ। ਆ ਪਹਿਲਾਂ ਜਿਹੜੀ ਗੱਲ ਕਰਨੈਲ ਨੇ ਸੁਣਾਈ ਏ, ਓ ਗੱਲ ਸੱਚੀ ਏ!?’’
‘‘ਕਿਹੜੀ?’’
‘‘ਏਹੋ ਕਿ ਸੁਣਿਆ ਸੀ ਕਿ ਦੋਨਾਂ ਜੀਆਂ ਦੀ ਅਣਬਣ ਈ ਰਹੀ ਐ ਅਖੀਰ ਏਹਦੇ ਭਗਵੰਤ ਦੇ ਮਰਨ ਤੱਕ। ’’
‘‘ਬਈ ਏਹ ਕਜੋੜ ਹੁੰਦੇ ਨੇ। ਸਿਆਣੇ ਐਂਵੇ ਨਈ ਸੀ ਗੱਲ ਜੋੜਦੇ। ਐਨ ਨਚੋੜ ਕੱਢਦੇ ਸੀ। ਸਿਆਣਿਆਂ ਦੀ ਗੱਲ ਐ-ਜੋੜੀਆਂ ਜੱਗ ਥੋੜੀਆਂ
ਨਰੜ ਬਥੇਰੇ॥
‘‘ਬਈ ਅਣਬਣ ਤਾਂ ਸੀ, ਕਹਿੰਦੇ ਭਗਵੰਤ ਨੂੰ ਭਜਨ ਕੌਰ ’ਤੇ ਸ਼ੱਕ ਸੀ।’’
‘‘ਕਿਉਂ? ਭਜਨ ਕੌਰ ਕਿਧਰੇ ਮਾੜੀ ਸੀ।’’
‘‘ ਮੈਂ ਗੱਲ ਕਰਦਾ ਸੀ ਕਿ ਆ ਜਿਸ ਦਿਨ ਮਾਸਟਰ ਦੇ ਫੁੱਲ ਚੁਗੇ ਗਏ ਸੀ, ਉਸ ਦਿਨ ਇਕ ਕਹਿੰਦਾ ਸੁਣਿਆ ਸੀ, ‘ਆ ਨਵੀਂ ਬਣੀ ਸਰਕਾਰ ਵੀ ਪਹਿਲਾਂ ਵਰਗੀ ਏ। ਏਹਨੇ ਵੀ ਝੋਨਾ ਨਈਂ ਸੰਭਾਲਣੈ। ਜੱਟ ਦੀ ਜੂਨ ਬੁਰੀ ਈ ਰਹਿਣੀ ਏ। ਬਾਂਹ ਫੜਣ ਵਾਲਾ ਕੋਈ ਨਹੀ ਹਲੇ। ਆ ਭਗਵੰਤ ਦਾਰੂ ਪੀਂਦਾ ਸੀ। ਕੋਈ ਦੁੱਖ ਤਾਂ ਹੋਵੇਗਾ। ਜਿਹੜੈ ਐਨੀ ਪੀਂਦਾ ਰਹਿੰਦਾ ਸੀ। ਕਹਿੰਦੇ ਨੇ, ਇਹ ਤਾਂ ਤੜਕੇ ਉੱਠ ਨਾ ਪਾਣੀ ਨਾ ਚਾਹ, ਦਾਰੂ ਈ ਪੀਣ ਲੱਗ ਗਿਆ ਸੀ। ਕੋਈ ਬੀਮਾਰੀ ਅੰਦਰ ਅੰਦਰ ਬਣ ਗਈ ਹੋਵੇਗੀ। ਫਿਰ ਏਹਦੀ ਤਾਂ ਪੱਕੀ ਨੌਕਰੀ ਸੀ। ਰੋਟੀ ਪਾਣੀ ਚੱਲੀ ਜਾਂਦਾ ਸੀ। ਤੇ ਆ ਜੱਟ, ਮੇਰੇ ਵਰਗੇ ਤਾਂ ਕਰਜ਼ਾਈ ਹੋਏ ਪਏ। ਨਹੀ ਰਹੀਆਂ ਕਮਾਈਆਂ ਹੁਣ। ਹੁਣ ਤਾਂ ਖਰਚੇ ਈ ਖਰਚੇ ਨੇ। ਬਹੁਤ ਮਹਿੰਗਾਈ ਏ। ਆ ਕਰਜ਼ੇ ਦੇ ਮਾਰੇ ਈ ਦਵਾਈਆਂ ਪੀ ਪੀ ਮਰੀ ਜਾਂਦੇ ਨੇ। ਮਰਨਾ ਤਾਂ ਬੜਾ ਸੌਖੈ..?
‘‘ਲੈ, ਮੈਂ ਤਾਂ ਸੁਣਿਆ, ਨਵੀਂ ਸਰਕਾਰ ਤਾਂ ਮੋਟਰਾਂ ਦੇ ਬਿੱਲ ਵੀ ਲਗਾਉਣ ਲੱਗੀ ਏ।’’
‘‘ਤੇ ਆ ਫੁੱਲਾਂ ਵਾਲੇ ਦਿਨ ਤੁਸੀ ਵੇਖਿਆ ਸੀ? ਕਿਵੇ ਰਸਮ ਰਿਵਾਜ ਕਰੀ ਜਾਂਦੇ ਨੇ। ਮਰਨ ਵਾਲਾ ਮਰ ਗਿਆ। ਤੁਸੀ ਵੇਖਿਆ ਈ ਸੀ ਕਿਵੇਂ ਪਾਣੀ ਦੀ ਬਾਲਟੀ ਵਿਚ ਘੁੱਟ ਦੁੱਧ ਪਾ ਕੇ ਕੱਚੀ ਲੱਸੀ ਬਣਾਈ ਸੀ। ਫਿਰ ਲੱਸੀ ਨਾਲ ਸੁਆਹ ਨੂੰ ਠੰਢਾ ਕਰਦੇ ਸੀ। ਛਿੱਟੇ ਦੇਣ ਤੇ ਅੱਗੇ ਸੜੂੰ ਸੜੂੰ ਕਰਕੇ ਧੂੰਆਂ ਛੱਡ ਰਹੀ ਸੀ। ਫਿਰ ਆ ਹੁੱਡੀਆਂ ਚੁਗੀਆਂ ਫਿਰ ਆ ਸੁਆਹ ਦੀ ਢੇਰੀ ਤੇ ਲੱਕੜ ਦੇ ਕਿੱਲੇ ਗੱਡੇ ਗਏ। ਧਾਗਾ ਵਲਿਆ ਗਿਆ। ਇਹ ਕਿੰਨ ਕੁਝ ਕਰਦੇ ਨੇ। ਜੋ ਮਰਜ਼ੀ ਕਰੋ। ਇਸ ਨਾਲ ਕੀ ਹੁੰਦਾ ਏ?’’
‘‘ਉਦੋਂ ਵੇਲੇ ਚੰਗੇ ਸੀ ਭਾਈ। ਆ ਜਦੋਂ ਟਰੈਕਟਰ ਆਏ। ਬੰਬੀਆਂ ਟਿਊਬਵੈੱਲ ਲੱਗੇ, ਉਦੋਂ ਤਾਂ ਗੱਲਾਂ ਈ ਹੋਰ ਸਨ। ਚੱਜ ਦੀ ਰੋਟੀ ਮਿਲਣ ਲੱਗ ਗਈ ਸੀ। ਉਦੋਂ ਖੇਤੀਬਾੜੀ ਚੰਗੀ ਸੀ। ਚਾਰ ਪੈਸੇ ਵੀ ਬਚਣ ਲੱਗੇ ਸਨ। ਮੈਂ ਆਪ ਵੇਖਿਆ ਓ ਜ਼ਮਾਨਾ। ਆ ਭਗਵੰਤ ਵੀ ਉਦੋਂ ਈ ਪੜ੍ਹਿਆ ਸੀ। ਉਦੋਂ ਵਿਰਲਾ ਟਾਵਾਂ ਈ ਪੜ੍ਹਦਾ ਸੀ। ਕੋਈ ਕੋਈ ਦਸ ਜਮਾਤਾਂ ਕਰਦਾ ਸੀ। ਤੇ ਇਹ ਭਗਵੰਤ ਹੁਸ਼ਿਆਰ ਸੀ ਪੜ੍ਹਾਈ ਵਿਚ। ਇਹ ਪੜ੍ਹੀ ਗਿਆ। ਇਹ ਤਾਂ ਕਈ ਇਨਾਮ ਵੀ ਜਿੱਤ ਕੇ ਲਿਆਉਂਦਾ ਸੀ। ਕਬੱਡੀ ਵੀ ਖੇਡਦਾ ਸੀ। ਮਾਪੇ ਖੁਸ਼ ਸਨ। ਬੰਤਾ ਤਾਂ ਅੱਗੇ ਪੜ੍ਹਣ ਤੋਂ ਰੋਕਦਾ ਰਿਹਾ ਸੀ। ਉਦੋਂ ਤਾਂ ਪੜ੍ਹਾਈਆਂ ਵਾਲੇ ਵੀ ਘਰੇ ਚਿੱਠੀਆਂ ਘੱਲਦੇ ਸੀ। ਇਹ ਆਪਣੇ ਨੇੜੇ ਵੱਡੇ ਪਿੰਡ ਮਾਸਟਰੀ ਦਾ ਕੋਰਸ ਖੁੱਲ੍ਹਿਆ ਸੀ। ਫਿਰ ਨੌਕਰੀ ਵੀ ਮਿਲ ਗਈ। ਉਦੋਂ ਤਾਂ ਨੌਕਰੀਆਂ ਵੀ ਬਥੇਰੀਆਂ ਸਨ। ਹੁਣ ਤਾਂ ਹਰ ਪਾਸੇ ਕਾਲ ਈ ਕਾਲ ਪਿਆ ਹੋਇਆ ਏ। ਨਾ ਪੜ੍ਹਾਈਆਂ, ਨਾ ਖੇਤੀ, ਨਾ ਨੌਕਰੀ, ਨਾ ਲੋਕ ਉਹੋ ਜਿਹੇ ਨੇ। ਹੁਣ ਤਾਂ ਜ਼ਮਾਨਾ ਈ ਹੋਰ ਦਾ ਹੋਰ ਬਣਿਆ ਹੋਇਆ ਏ। ਸਭ ਨੂੰ ਆਪੋ ਧਾਪੀ ਪਈ ਏ। ਬੰਦੇ ਨੂੰ ਬੰਦਾ ਨਈਓ ਸਿਆਣਦਾ ਹੁਣ ਤਾਂ ਭਾਈ ਏਹ ਕੁਝ ਬਣਿਆ ਹੋਇਆ ਏ।’’
‘‘ ਤਾਇਆ ਜੀ, ਥੋਡੀ ਗੱਲ ਸਹੀ ਏ। ਜ਼ਮਾਨਾ ਬਹੁਤ ਬਦਲ ਗਿਐ। ਹੁਣ ਤਾਂ ਮਾਵਾਂ ਵੀ ਆ ਦੁੱਧ ਨਹੀਂ ਚੁੰਘਾਉਂਦੀਆਂ। ਸ਼ੀਸ਼ੀਆਂ ਜੇਈਆਂ ਜੁਆਕਾਂ ਦੇ ਮੂੰਹ ਵਿਚ ਤੁੰਨ ਦਿੰਦੀਆਂ। ਲੋਕ ਤਾਂ ਹੁਣ ਵਿਖਾਵੇ ਵਿਚ ਪੈ ਗਏ ਨੇ। ਆ ਕੋਠੀ, ਕਾਰ, ਮੋਟਰਸਾਈਕਲ, ਕਮਰਿਆਂ ਅੰਦਰ ਵੜੇ ਰਹਿੰਦੇ ਨੇ। ਰਮੋਟ ਦੇ ਬਟਨ ਨੱਪਦੇ ਰਹਿੰਦੇ ਨੇ। ਆ ਟੈਲੀਵਿਜ਼ਨ ਸਾਰਾ ਸਾਰਾ ਦਿਨ ਰਾਤ ਚੱਲੀ ਜਾਂਦੇ ਨੇ। ਤੇ ਉਹਦੇ ਵੱਲ ਮੂੰਹ ਚੁੱਕ ਚੁੱਕ ਵੇਖੀ ਜਾਂਦੇ ਨੇ। ਪੜ੍ਹਾਈਆਂ ਵੀ ਹੁਣ ਤਾਂ ਆ ਨਕਲਾਂ ਜ਼ੋਰੋਂ ਸ਼ੋਰ ਚੱਲਦੀਐ। ਜੁਆਕਾਂ ਦੇ ਪੱਲੇ ਕੁੱਝ ਨਹੀਂਗਾ। ਆ ਨਿੱਕੇ ਨਿੱਕੇ ਜੁਆਕ ਤਾਂ ਹੁਣ ਜੋਨੀ ਜੋਨੀ ਯੈਸ ਪਾਪਾ
ਈਟਿੰਗ ਸ਼ੂਗਰ ਨੋ ਪਾਪਾ
ਹਾ ਹਾ ਹ, ਹਾ ਆ॥
ਅੰਗਰੇਜੀ ਦੇ ਰੱਟੇ ਲਾਏ ਨੇ। ਮੈਨੂੰ ਯਾਦ ਆ ਗਈ ਗੱਲ। ਸਾਡਾ ਪਹਿਲਾਂ ਕੱਚਾ ਘਰ ਹੁੰਦਾ ਸੀ। ਉਦੋਂ ਅਸੀਂ ਦੂਜੀ ਤੀਜੀ ਵਿਚ ਪੜ੍ਹਣ ਜਾਂਦੇ ਹੋਵਾਂਗੇ। ਮਾਂ ਸਾਡੀ ਨੇ ਬੜੇ ਲਾਡ ਨਾਲ ਸਾਡੇ ਜੂੜੇ ਕਰਨੇ। ਜੂੜੇ ਉੱਪਰ ਨਿੱਕੇ ਨਿੱਕੇ ਰੁਮਾਲ ਬੰਨ੍ਹਣੇ। ਪਰੋਂਠੇ ਪਕਾ ਕੇ ਦਿੰਦੀ ਸੀ। ਉਸ ਸਮੇਂ ਦੀ ਗੱਲ ਐ, ਭਗਵੰਤ ਘਰੇ ਫੱਟੀ ਪੋਚਦਾ ਪੋਚਦਾ ਬਲਾ ਸੋਹਣਾ ਗੀਤ ਵੀ ਗਾਉਂਦਾ ਹੁੰਦਾ ਸੀ ਰੋਜ਼ ਈ। ਬੜੀ ਹੇਕ ਵਿਚ ਗਾਉਂਦਾ ਸੀ,
ਸੂਰਜਾ ਸੂਰਜਾ ਫੱਟੀ ਸੁਕਾ
ਨਹੀਂ ਸੁਕਾਉਣੀ, ਆਪਣੇ ਘਰ ਨੂੰ ਜਾ...॥ ’’
ਸ਼ਰਧਾਜ਼ਲੀ ਸੁਣ ਰਹੀਆਂ ਔਰਤਾਂ ਦਾ ਸੰਬਾਦ ਅਤੇ ਪ੍ਤੀਕਰਮ.
‘‘ਆ ਭਜਨੋਂ, ਇਕੋ ਇਕ ਲਾਡਲੀ ਸੀ। ਪਲੇਠੀ ਦੀ। ਏਹਦੇ ਪੜਦਾਦੇ ਦੇ ਦੋ ਕੁੜੀਆਂ ਸੀ। ਆ ਅੱਗੇ ਇਹੋ ਈ ਜੰਮੀ ਇਕੋ ਇਕ। ਕਈ ਵਰ੍ਹਿਆਂ ਬਾਅਦ ਇਹ ਕੁੜੀ ਆਈ ਸੀ। ਸਾਰਿਆਂ ਨੇ ਬੜਾ ਲਾਡ ਚਾਅ ਕੀਤਾ ਸੀ। ਉਦੋਂ ਕਿਸੇ ਨੂੰ ਕੀ ਪਤਾ ਸੀ ਕਿ ਏਸ ਡੁੱਬੜੀ ਨਾਲ ਇਵੇਂ ਹੋਊਗੀ। ਕਿਵੇਂ ਆਵਦੇ ਘਰ ਸੁਖੀ ਵਸਦੀ ਵਸਦੀ ਦੁੱਖਾਂ ਵਿਚ ਘਿਰ ਜਾਊਗੀ।’’
‘‘ਭੈਣੇ, ਏਹ ਦੁੱਖ ਤਾਂ ਬੰਦੇ ਨੂੰ ਲੈ ਬੈਂਹਦੇ ਨੇ।’’
‘‘ਆਹੋ। ਆ ਭਜਨੋਂ ਦੇ ਵੀ ਦੋ ਕੁੜੀਆਂ ਨੇ। ਆ ਹੁਣ ਤਾਂ ਕਹਿੰਦੇ ਕੁੜੀਆਂ ਦੀ ਗਿਣਤੀ ਵੀ ਘੱਟ ਰਹੀ ਏ। ਇਹ ਘਟਣੀ ਈ ਹੋਈ। ਆ ਲੋਕ ਤਾਂ ਕਸਾਈ ਹੋਏ ਪਏ ਨੇ ਅੱਜ ਕੱਲ੍ਹ। ਆ ਟੈਸਟ ਟੂਸਟ ਕਰਾਈ ਜਾਂਦੇ ਨੇ। ਪਹਿਲਾਂ ਈ ਪਤਾ ਲਾ ਲੈਂਦੇ ਨੇ ਮੁੰਡਾ ਏ ਕਿ ਕੁੜੀ। ਹੁਣ ਤਾਂ ਜ਼ਮਾਨਾ ਈ ਹੋਰ ਆ ਗਿਆ ਏ। ਅੱਗੇ ਇਹ ਗੱਲ ਕਿੱਥੇ ਸੀ। ਇਹ ਕੁੜੀਆਂ ਦੀ ਬੁੜੀਆਂ ਦੀ ਕਾਹਦੀ ਜੂਨ ਐ? ਏਹਨਾਂ ਤੇ ਪਹਿਲੋ ਪਹਿਲ ਤੋਂ ਈ ਦੁੱਖ ਰਹੇ ਨੇ।’’
‘ਇਹ ਬੜੀਆਂ ਸਿਫਤਾਂ ਕਰਦੀ ਆ। ਏਹ ਵੀ ਦੱਸੇ ਕਿ ਏਸੇ ਭਜਨੋ ਲਾਡਲੀ ਨੇ ਜਦ ਪਿੰਡੋਂ ਸ਼ਹਿਰ ਪੜ੍ਹਣ ਗਈ ਨੇ ਉਲਾਂਭੇ ਲਿਆਉਣੇ ਸ਼ੁਰੂ ਕਰ ਦਿੱਤੇ ਸੀ। ਆ ਛੇਤੀ ਛੇਤੀ ਵਿਆਹ ਦਿੱਤੀ ਸੀ।’
ਭਜਨ ਕੌਰ ਦੀ ਦਿਮਾਗੀ ਹਲਚਲ
‘ ਕਾਲਜ ਦੀ ਪੜ੍ਹਾਈ ਪੜ੍ਹਣ ਮੈਂ ਵੀ ਗਈ ਸਾਂ। ਭਾਸ਼ਣ ਵਾਲੇ ਦੀ ਗੱਲ ਤੋਂ ਚੇਤੇ ਆਈ ਏ। ਇੰਨ-ਬਿੰਨ ਚੇਤੇ ਆ ਗਈ ਏ। ਕਾਲਜ ਵਿਚ ਇਕ ਸਾਲ ਈ ਲਾਇਆ। ਕਿਵੇਂ ਲਵਪ੍ਰੀਤ ਨਾਲ ਪਿਆਰ ਹੋਇਆ। ਕਿਵੇਂ ਨਜ਼ਾਰੇ ਈ ਸਨ ਉਦੋਂ। ਪਿੰਡ ਤੋਂ ਸ਼ਹਿਰ ਜਾਣਾ। ਘੁੰਮਣਾ-ਫਿਰਨਾ। ਫਿਲਮਾਂ ਵੇਖਣੀਆਂ। ਚਾਹਾਂ ਪੀਣੀਆਂ। ਲੈ ਚੇਤੇ ਆਇਆ। ਖਾਲੀ ਪੀਰੀਅਡ ਸੀ। ਕੰਟੀਨ ਦੇ ਬੈਂਚ ’ਤੇ ਬੈਠੇ ਚਾਹ ਦੀਆਂ ਚੁਸਕੀਆਂ ਭਰਦੇ ਸਾਂ। ਹੱਸਦੇ ਰਹਿੰਦੇ ਸਾਂ। ਕਿਵੇਂ ਗੱਲਾਂ ਕਰਦੇ ਸਾਂ।
‘‘ਲਵ’’
‘‘ਹੈਲੋ! ਹੈਲੋ ਮੇਰੀਏ ਡੱਡੀਏ!!’’
‘‘ਬਾਹਲੀਆਂ ਗੱਲਾਂ ਨਾ ਕਰ। ਅੱਜ ਤੇਰੇ ਨਾਲ ਮੈਂ ਰੁੱਸੀ ਆਂ। ਜਾਅ ਮੈਂ ਨੀ ਬੋਲਣਾ। ’’
‘‘ਕੀ ਕਸੂਰ ਹੋ ਗਿਆ ਏ ਸੋਹਣਿਓ?’’
‘‘ਕਸੂਰ ਈ ਤਾਂ ਹੋਇਆ ਏ। ਤੇਰੀ ਯਾਦ ਸ਼ਕਤੀ ਕਮਜ਼ੋਰ ਲੱਗਦੀ ਐ।
‘‘ਓ ਹੋ!’’
‘‘ਓ ਹੋ ਕੀ। ਕੱਲ੍ਹ ਵਾਲਾ ਵਾਅਦਾ ਚੇਤੇ ਐ।
ਲੈ, ਓਵੇਂ ਈ ਸਾਰਾ ਕੁੱਝ ਯਾਦ ਏ। ਇਹ ਕਿੱਥੇ ਭੁੱਲਦਾ ਏ। ਵਾਅਦੇ ਕਰਦਾ ਰਿਹਾ। ਏਹ ਕਿਧਰਲੇ ਬੰਦੇ ਨੇ। ਔਰਤ ਨੂੰ ਕਹਿੰਦੇ ਨੇ ਪੱਝਤਰ ਸੌ ਗੱਲਾਂ। ਦੋਸ਼ੀ ਬਣਾਉਂਦੇ ਨੇ। ਤੇ ਏਹ ਆਪ!? ਲਵ ਵਾਅਦੇ ਕਰਦਾ ਰਿਹਾ। ਚੂੰਡਦਾ ਰਿਹਾ। ਮਾਸਟਰ ਡਰਾਕਲ ਈ ਰਿਹਾ-ਅ। ਹੋਰ ਕੀ ਐ? ਘਰਦਿਆਂ ਨੂੰ ਵੀ ਵਿਆਹ ਦੀ ਛੇਤੀ ਸੀ। ਜਿਵੇਂ ਵਿਆਹ ਮੈਨੂੰ ਪੁੱਛ ਕੇ ਕਰ ਰਹੇ ਸੀ। ਉਦੋਂ ਮੈਥੋਂ ਵੀ ਕੁੱਝ ਨਹੀਂ ਦੱਸ ਹੋਇਆ। ਹਿੰਮਤ ਹੀ ਨਹੀਂ ਬਣੀ। ਤੇ ਲਵ ਵੀ ਮੇਰੇ ਵਰਗਾ ਹੀ ਸੀ। ਤੇ ਭਗਵੰਤ ਸਿੰਹੁ ਵੀ ਬੰਦਾ ਸੀ? ਆ ਗ੍ਰਹਿਸਥ ਆਸ਼ਰਮ ਧਰਮ ਤਾਂ ਮੇਰਾ ਵੀ ਸ਼ੁਰੂ ਹੋਇਆ ਸੀ। ਵਿਆਹ ਤਾਂ ਚਲੋ ਹੋਣਾ ਈ ਸੀ। ਲਵਪ੍ਰੀਤ ਪਿਆਰ ਤਾਂ ਬਹੁਤ ਕਰਦਾ ਸੀ। ਕਿਵੇਂ ਇਕ ਵਾਰ ਪਿੰਡ ਵਾਲੇ ਮੇਲੇ ’ਤੇ ਆਇਆ ਸੀ। ਆ ਛਾਪ ਲੈ ਰਿਹਾ ਸੀ ਮੇਰੇ ਵਾਸਤੇ ਕਿ ਮਾਂ ਨੂੰ ਪਤਾ ਲੱਗ ਗਿਆ। ਅਗਲੇ ਕੁੱਝ ਦਿਨਾਂ ਨੂੰ ਵਿਚ ਘਰੇ ਗੱਲਾਂ ਹੋ ਰਹੀਆਂ ਸਨ। ਇਕ ਦਿਨ ਮਾਂ ਕਿਵੇਂ ਕਹਿ ਰਹੀ ਮੈਂ ਸੁਣੀ ਸੀ। ਮਾਂ, ਬਾਪੂ ਨੂੰ ਆਖ ਰਹੀ ਸੀ, ‘ਮੁੰਡਾ ਪੜ੍ਹਿਆ ਏ। ਸਰਕਾਰੀ ਨੌਕਰੀ ਏ। ਕੁੜੀ ਮੌਜਾਂ ਕਰੇਗੀ। ਸਰਕਾਰੀ ਨੌਕਰ ਨੇ ਤਾਂ ਕੁੜੀ ਨੂੰ ਨਾਲ ਈ ਰੱਖਣੈ। ਏਹਨੇ ਕਿਹੜਾ ਸੱਸ ਮੂਹਰੇ ਬੈਠੀ ਰਹਿਣੈ। ‘ਸਰਕਾਰੀ ਨੌਕਰ ਦੀ ਵੀ ਕੋਈ ਜੂਨ ਏ। ਸਰਕਾਰ ਦਾ ਗੁਲਾਮ ਜੋ ਹੋਇਆ। ਜਿੱਥੇ ਮਰਜ਼ੀ ਬਦਲੀ ਕਰਕੇ ਭੇਜ ਦੇਵੇ। ਨੌਕਰੀ ਕੀ ਤੇ ਨਖਰਾ ਕੀ। ਆ ਖੇਤੀਬਾੜੀ ਚੰਗੀ ਐ। ਕਿਸੇ ਦੀ ਗੁਲਾਮੀ ਤਾਂ ਨਈਂਗੀ। ਫਸਲ ਵੀ ਹੁਣ ਚੰਗੀ ਹੋਣ ਲੱਗੀ ਏ। ਭਾਅ ਵੀ ਚੰਗੈ। ਤੇ ਉਹ ਮਾਸਟਰ, ਦੋ ਢਾਈ ਸੌ ਤੇ ਲੱਗਾ ਹੋਇਐ।’ ਬਾਪੂ ਬੋਲਿਆ ਸੀ ਤਾਂ ਮੈਂ ਖੁਸ਼ ਸਾਂ ਕਿ ਬਾਪੂ ਹਲੇ ਵਿਆਹ ਨਹੀਂ ਕਰੇਗਾ। ਤੇ ਮੈਂ ਲਵਪ੍ਰੀਤ ਨੂੰ ਕਹਿ ਦੇਵਾਂਗੀ ਕਿ ਆਪਾਂ ਵਿਆਹ ਕਰਵਾ ਲਈਏ। ਪਰ ਇਹ ਗੱਲ ਲਵਪ੍ਰੀਤ ਨੂੰ ਮੈਨੂੰ ਕਹਿ ਸਕਦਾ ਏ। ਉਹਨੂੰ ਕਹਿਣਾ ਚਾਹੀਦਾ ਏ। ਨਾ ਮੈਂ ਕਹਿ ਸਕੀ। ਨਾ ਉਹ ਕਹਿ ਸਕਿਆ। ਆ ਭਗਵੰਤ ਮਾਸਟਰ ਦੇ ਘਰੇ ਜੋ ਆਉਣਾ ਸੀ। ਲਵਪ੍ਰੀਤ ਵੀ ਚੰਗਾ ਵਿਗੜਿਆ। ਉਸ ਦਾ ਤਾਂ ਵਿਆਹ ਵੀ ਨਾ ਹੋ ਸਕਿਆ। ਨਹੱਕਾ ਜੇਲ੍ਹ ਕੀ ਕੱਟ ਆਇਆ, ਵਿਗੜ ਈ ਗਿਆ। ਵੱਡਾ ਵੈਲੀ। ਮੇਰਾ ਪਿੱਛਾ ਨਾ ਛੱਡਿਆ ਟੁੱਟ ਪੈਣੇ ਨੇ। ਮੈਂ ਤਾਂ ਮਨ ਈ ਮਾਰ ਲਿਆ ਸੀ। ਭਗਵੰਤ ਚੰਗਾ ਭਲਾ ਮਾਸਟਰ ਸੀ। ਪਰ ਹਲੇ ਵਿਆਹੀ ਨੂੰ ਕਿਹੜੇ ਮਹੀਨੇ ਹੋਏ ਸੀ। ਏਹਦੀ ਸੱਚੀਂ ਹੀ ਬਦਲੀ ਹੋ ਗਈ ਸੀ। ਬਾਪੂ ਦੀ ਗੱਲ ਸੱਚੀ ਹੋ ਗਈ ਸੀ। ਤੇ ਏਹ ਤਾਂ ਕੱਲਾ ਈ ਰਹਿਣ ਲੱਗ ਪਿਆ ਸੀ। ਮੈਂ ਮਗਰੋਂ ਕਈ ਵਾਰ ਮਾਂ ਕੋਲ ਪਿੰਡ ਚਲੀ ਜਾਂਦੀ। ਕਈ ਕਈ ਦਿਨ ਰਹਿ ਪੈਂਦੀ। ਲਵਪ੍ਰੀਤ ਆ ਜਾਂਦਾ ਸੀ।
ਇਕ ਵਾਰ ਕਿਵੇਂ ਮੂੰਹ ਪਾੜ ਕਹਿ ਦਿੱਤਾ ਸੀ, ‘ਛੱਡ ਪਰੇ ਮਾਸਟਰ ਨੂੰ। ਕਿਧਰੇ ਨਿਕਲ ਜਾਂਦੇ ਆ ਆਪਾਂ।’ ਉਦੋਂ ਨਿਕਲ ਜਾਂਦੀ। ਸ਼ਾਇਦ ਚੰਗੀ ਰਹਿੰਦੀ। ਆ ਜੁਆਕ ਤਾਂ ਉਪਰੋਥਲੀ ਚਾਰ ਹੋ ਗਏ। ਕੁੜੀਆਂ ਦਾ ਔਖੈ ਕਿਵੇਂ ਵਿਆਹਵਾਂਗੀ? ਔਖਾ ਤਾਂ ਮੁੰਡਿਆਂ ਦਾ ਵੀ ਏ। ਕਹਿੰਦੇ ਨੇ ਵੱਡੇ ਮੁੰਡੇ ਨੂੰ ਏਹਦੀ ਨੌਕਰੀ ਮਿਲੀ ਜਾਵੇਗੀ। ਹਲੇ ਛੋਟਾ ਏ। ਆ ਚੰਗਾ, ਜੋ ਦਸ ਜਮਾਤਾਂ ਕਰ ਗਿਆ ਏ। ਦੁੱਖ ਤਾਂ ਹੁਣ ਹੋਰ ਕੱਟਣੈ। ਇਹ ਕਾਹਦੀ ਜਿੰਦਗੀ! ਕਲਪਦੀ, ਖਿੱਝਦੀ ਰਹੀ। ਏਹਨੇ ਵੀ ਆ ਸ਼ਰਾਬ ਪੀ ਪੀ, ਆ ਦਿਨ ਲੈ ਆਂਦਾ। ਜਿੱਦਣ ਵਿਆਹੁਣ ਆਇਆ ਸੀ, ਉਸ ਦਿਨ ਵੇਖਿਆ ਸੀ ਕਿ ਕਿੰਨਾ ਸੋਹਣਾ ਸੀ। ਪਤਲਾ ਜਿਹਾ। ਲੰਮਾ ਜਿਹਾ। ਮੁਕਲਾਵੇ ਦੇ ਕਿਵੇਂ ਲਾਡ ਚਾਅ ਕੀਤੇ ਸੀ। ਇਕ ਵਾਰ ਤਾਂ ਲਵਪ੍ਰੀਤ ਭੁੱਲਣ ਲੱਗਾ ਸੀ। ਥੋੜ੍ਹੇ ਈ ਮਹੀਨੇ ਲੰਘੇ ਸੀ ਹਲੇ। ਬਦਲੀ ਈ ਦੂਰ ਹੋ ਗਈ। ਆ ਬਾਡਰ ਵੱਲ। ਤੇ ਮੈਂ ਵੀ ਕਮਲੀ ਬਣ ਗਈ। ਲਵਪ੍ਰੀਤ ਨੇ ਖੈਹੜਾ ਨਾ ਛੱਡਿਆ ਮੇਰਾ। ਮਾਸਟਰ ਕਿਹੜਾ ਨਿਆਣਾ ਸੀ। ਜਾਂ ਮੂੜ ਮੱਤ ਸੀ। ਜਿਹੜਾ ਜੁਆਕਾਂ ਨੂੰ ਪੜ੍ਹਾ ਸਕਦੈ, ਉਹ ਸਭ ਕੁੱਝ ਸਮਝ ਸਕਦੈ। ਉਹਨੂੰ ਉਦਣ ਈ ਸ਼ੱਕ ਹੋ ਗਿਆ ਜਿੱਦਣ ਉਹਨੇ ਸਾਨੂੰ ਦੋਹਾਂ ਨੂੰ ਇਕੱਠਿਆਂ ਵੇਖ ਲਿਆ। ਉਸ ਨੂੰ ਬਾਹਰਲੇ ਬੂਹਿਉਂ ਆਉਂਦੇ ਵੇਖ ਲਵਪ੍ਰੀਤ ਮੈਨੂੰ ਛੱਡ ਪਾਸੇ ਹੋ ਕੇ ਤਾਂ ਬਹਿ ਗਿਆ। ਪਰ ਸਾਡੇ ਚਿਹਰੇ ਉੱਡੇ ਹੋਏ ਸਨ। ਮੇਰੇ ਵਾਲ ਖਿਲਰੇ ਹੋਏ ਸਨ। ਖਬਰੇ ਉਹਨੇ ਹੋਰ ਵੀ ਚੋਰੀ ਛਪੋਰੀ ਫੜੀ ਹੋਊ। ਉਹ ਲਵਪ੍ਰੀਤਾ ਟੁੱਟ ਪੈਣਾ। ਓ ਮਰਦਾ ਕਿਧਰੇ। ਕਿਵੇਂ ਮੇਰੀ ਜਿੰਦਗੀ ਖਰਾਬ ਹੋਈ ਏ। ਇਹ ਮਾਸਟਰ ਵੀ ਕਿੰਨੀ ਪੀਣ ਲੱਗ ਗਿਆ ਸੀ। ਸੂਰਮਾ ਬਣਦਾ, ਸੂਰਮਾ। ਜਾਂ ਮੇਰੇ ਡੱਕਰੇ ਕਰਦਾ ਜਾਂ ਉਹਦੇ। ਵੇ, ਮੈਨੂੰ ਤਾਂ ਹੁਣ ਪਤਾ ਲੱਗਦੈ। ਪਤਾ ਲੱਗਦੈ, ਆਵਦਾ ਬੰਦਾ ਕੀ ਸ਼ੈਅ ਹੁੰਦਾ ਏ। ਵੇ, ਆਪਾਂ ਤਾਂ ਹੁਣ ਤੱਕ ਲੜੋ ਲੜਾਈ ਵਿਚ ਈ ਕੱਢ ਲਏ ਐਨੇ ਵਰ੍ਹੇ। ਦੱਸ? ਤੂੰ ਕੀ ਜਹਾਨ ਤੇ ਮੌਜਾਂ ਕੀਤੀਆਂ। ਮੈਨੂੰ ਮਰਨਾ ਚਾਹੀਦਾ ਸੀ। ਮੈਨੂੰ ਮੌਤ ਕਿਉਂ ਨਹੀ ਆਈ? ਲੈ, ਆ ਤਾਂ ਮੁੰਡੇ ਦੇ ਪੱਗ ਬੰਨ੍ਹੀ ਜਾਂਦੇ ਨੇ। ਭੋਰਾ ਭਰ ਮਸ਼ੋਰ ਐ। ਜ਼ਿੰਮੇਵਾਰੀਆਂ ਕਿਵੇਂ ਚੁੱਕ ਲਊਗਾ? ਸਾਰਾ ਮੇਰਾ ਈ ਕਸੂਰ ਏ। ਮੇਰਾ ਈ ਕਸੂਰ ਏ। ਲੈ, ਅਨੰਦ ਕਾਰਜ ਵੇਲੇ ਗਿਆਨੀ ਜੀ ਨੇ ਕਿਵੇਂ ਸਮਝਾਇਆ ਸੀ ‘ਭਾਈ ਬੀਬਾ, ਹੁਣ ਤੇਰਾ ਵਿਆਹ ਹੋ ਗਿਐ। ਸਹੁਰੇ ਘਰ ਵਾਲੀ ਬਣ ਗਈ ਏਂ। ਹਰੇਕ ਨੂੰ ਜੀ ਜੀ ਕਰੀ ਦੈ। ਪਤੀ ਨੂੰ ਪਤੀ ਸਮਝੀਦੈ। ਉਸ ਦੀ ਸੇਵਾ ਕਰੀਦੀ ਐ। ਸੱਸ ਸਹੁਰੇ ਦੀ ਵੀ ਸੇਵਾ ਕਰੀਦੀ ਐ। ਪਤੀ ਪਤਨੀ ਗੱਡੀ ਦੇ ਦੋ ਪਹੀਆਂ ਤਰ੍ਹਾਂ ਨੇ। ਰਲ ਕੇ ਚੱਲਦੈ ਨੇ। ਇਕ ਪਹੀਆ ਵੀ ਢਿੱਲਾ ਮੱਠਾ ਹੋ ਜਾਵੇ ਤਾਂ ਗੱਡੀ ਖੜ੍ਹ ਜਾਂਦੀ ਐ।...’ ਅੱਜ ਈ ਲੱਗੀ ਜਾਂਦੇ ਕਿ ਗੱਡੀ ਖੜ੍ਹ ਗਈ ਆ। ਮਾਸਟਰ ਪੀਂਦਾ ਸੀ। ਲੜਦਾ ਸੀ ਕਿਤੇ ਕਿਤੇ। ਅੱਖਾਂ ਮੂਹਰੇ ਤਾਂ ਸੀ। ਹੁਣ ਤਾਂ ਉਹ ਗਿਆ ਈ ਓੁਸ ਰਾਹ ਏ, ਜਿਧਰੋਂ ਨਹੀਂ ਮੁੜਣਾ ਉਹਨੇ। ਅੱਜ ਈ ਇਉਂ ਲੱਗੀ ਜਾਂਦੈ, ਹਲੇ ਆ ਕਬੀਲਦਾਰੀ ਐ। ਮੈਂ ਕੀ ਕਰਾਂ?
ਕੁਝ ਸੁਝਦਾ ਈ ਨਈਓ। ਲੈ ਆ ਮੈਂ ਤਾਂ ਕੱਲ੍ਹੀ ਬੈਠੀ ਆਂ। ਸਭ ਚਲੇ ਗਏ ਨੇ। ਹੁਣ ਤਾਂ ਮੈ ਕੱਲ੍ਹੀ ਈ ਆਂ। ਮੇਰੇ ਕੋਲ ਕੀਹਨੇ ਆਉਣੈ। ਸਭ ਮਤਲਬੀ ਨੇ। ਉਹ ਹਰਾਮੀ ਵੀ ਮੈਨੂੰ ਚੂੰਡਣ ਤੇ ਈ ਸੀ। ਜਿੱਥੇ ਕੱਲ੍ਹੀ ਵੇਖਦਾ ਉੱਥੇ ਹੀ ਆ ਚੁੰਬੜਦਾ। ਹੁਣ ਕਿੱਥੇ ਐ? ਆ ਮਾਂ ਤੁਰੀ ਆਉਂਦੀ ਏ? ਏਹੋ ਈ ਵਾਜਾਂ ਮਾਰਦੀ ਹੋਣੀ ਏ। ਲੈ ਆ ਨੇ੍ਹਰ ਕਿੱਥੋਂ ਆ ਗਿਆ। ਆ ਚਾਨਣੀਆਂ ਪਾਟ ਜਾਣੀਆਂ। ਆ ਸਾਰਾ ਕੁੱਝ ਡਿੱਗ ਪੈਣੇ। ਐ ਡਿੱਗ ਚੱਲਿਐ। ਆ ਮੇਰੇ ਤੇ ਸਾਰਾ ਡਿੱਗਣ ਲੱਗਾ ਏ। ਆ ਆ, ਮੈਂ ਵਿਚ ਈ ਲਵੇਟੀ ਜਾਣੈ। ਸਾਹ ਗੁੰਮ ਹੋ ਜਾਣੈ। ਮਰ ਜਾਣੈ। ਕੋਈ ਨਹੀਂ ਨੇੜੇ। ਆ ਡਿੱਗ ਪਈਆਂ ਚਾਨਣੀਆਂ ਕਨਾਤਾਂ। ਆ ਆ, ਮੇਰਾ ਤਾਂ ਸਾਹ ਗੁੰਮ ਹੋਈ ਜਾਂਦਾ ਏ। ਮੈਂ ਮਰ ਚੱਲੀ। ਮੈਂ ਮਰ ਚੱਲੀ-ਅ।’