Thu, 21 November 2024
Your Visitor Number :-   7256612
SuhisaverSuhisaver Suhisaver

ਮੈਂ ਭਾਰਤੀ ਕਸ਼ਮੀਰਨ ਹਾਂ... - ਵਰਗਿਸ ਸਲਾਮਤ

Posted on:- 14-08-2015

suhisaver

ਸਿਰ ਤੋਂ ਲੱਕੜੀਆਂ ਦੀ ਗੰਢ ਚੌਂਕੇ ਵਿੱਚ ਸੁੱਟੀ, ਕਮਰ ਅਤੇ ਚੁੱਕਿਆ ਪਾਣੀ ਦਾ ਘੜਾ ਉਹ ਅੰਦਰ ਲੈ ਗਈ ਅਤੇ ਭਰਿਆਂ ਘੜਿਆਂ ਉੱਤੇ ਜਾ ਟਕਾਇਆ । ਹੰਬੀ ਹੋਈ ਜਲਾਲੋ ਉੱਥੇ ਹੀ ਲੱਤਾਂ ਵਛਾ ਕੰਧ ਨਾਲ ਢੋਅ ਲਾ ਕੇ ਬੈਠ ਗਈ ਅੱਖਾਂ ਬੰਦ ਕਰਕੇ ਅਰਾਮ ਅਤੇ ਸਕੂਨ ’ਚ ਘੁਲ ਗਈ ...

ਪਹਾੜਾਂ ਦਾ ਹੁਸਨ ਪਹਾੜਾਂ ਵਾਂਗ ਹੀ ਸੋਹਣਾ ਤੇ ਅਕਰਸ਼ਕ ਹੁੰਦਾ ਹੈ ਰੁੱਖਾਂ ਅਤੇ ਜੜੀਆਂ ਬੂਟੀਆਂ ਨਾਲ ਕੱਝੇ ਪਹਾੜਾਂ ਵਾਂਗ ਇੱਥੋਂ ਦਾ ਹੁਸਨ ਵੀ ਮੋਟੇ ਕੱਪੜਿਆਂ ਨਾਲ ਸਿਰ ਤੋਂ ਪੈਰਾਂ ਤੱਕ ਕੱਝਿਆ ਰਹਿੰਦਾ ਹੈ । ਹਰੀਆਂ ਹਰੀਆਂ ਪਹਾੜੀਆਂ ਵਿੱਚੋਂ ਸੂਰਜ ਦਾ ਉੱਗਣਾ ਤੇ ਡੁੱਬਣਾ ਵਾਤਾਵਰਣ ਨੂੰ ਖੁਸ਼ਗਵਾਰ ਕਰ ਦਿੰਦਾ ਹੈ । ਪਹਾੜਾਂ ਵਿੱਚ ਜ਼ਿੰਦਗੀ ਭਾਵੇਂ ਖਾਸ ਅਰਥ ਰੱਖਦੀ ਹੈ, ਪਰ ਆਮ ਜ਼ਿੰਦਗੀ ਨਾਲੋਂ ਕਿਤੇ ਔਖੀ ਹੁੰਦੀ ਹੈ ਸ਼ਾਇਦ ਤਾਂ ਹੀ ਉਹ ਲੋਕ ਤੰਦਰੁਸਤ ਅਤੇ ਮੇਹਨਤੀ ਹੁੰਦੇ ਹਨ । ਪਰ ਜੋ ਹਾਲਾਤ ਖੁਸਗਵਾਰ ਨਾ ਰਹਿਣ ਤਾਂ ਕੁਦਰਤ ਦੀ ਗੋਦ ਵਿੱਚ ਵੀ ਲੋਕ ਨਕੋਂ ਮੂੰਹੀ ਤੰਗ ਹੋ ਜਾਂਦੇ ਹਨ । ਕੁਝ ਇਸ ਤਰ੍ਹਾਂ ਦੇ ਹਾਲਾਤਾਂ ’ਚੋ ਹੀ ਜ਼ਿੰਦਗੀ ਬਸਰ ਗੁਜ਼ਰ ਰਹੀ ਸੀ । ਭੇਡਾਂ-ਬਕਰੀਆਂ ਦੇ ਦਲ ਦੀਆਂ ਅਵਾਜ਼ਾਂ ਨੇ ਜਲਾਲੋ ਦੀਆਂ ਅੱਖਾਂ ਖੁਲਵਾਈਆਂ ਉਸਨੇ ਸਹਿਮੇ ਜਿਹੇ ਪੈਰ ਦਰਵਾਜ਼ੇ ਵੱਲ ਵਧਾਏ ਉਦੋਂ ਠੰਡੀ ਸਾਹ ਭਰੀ ਜਦੋਂ ਨੂਰਾਂ ਨੂੰ ਨਿੱਕੇ-ਨਿੱਕੇ ਕਦਮ ਭਰਦੀ ਨਿੱਕੇ -ਨਿੱਕੇ ਹੱਥਾਂ ਵਿੱਚ ਡੰਡਾ ਫੜ੍ਹੀ ਭੇਡਾਂ ਬਕਰੀਆਂ ਨੂੰ ਹਿੱਕਦੀ ਆਉਂਦੀ ਵੇਖਿਆ। ਲਕੱੜਾ ਦੇ ਬਣੇ ਵਾੜੇ ਵਿੱਚ ਭੇਡ ਬੱਕਰੀਆਂ ਛੱਡ ਨੂਰਾਂ, ਦਾਦੀ ਨਾਲ ਆ ਝੰਬੜੀ ।

ਸੂਰਜ ਛੁਪਦਾ ਜਾ ਰਿਹਾ ਸੀ ਪਹਾੜਾਂ ਤੇ ਪਸਰੀਂ ਦੁੱਧਿਆ ਚਮਕੀਲੀ ਧੁੱਪ ਦੀ ਚਾਦਰ ਸੰਤਰੀ ਹੁੰਦੀ ਹੋਈ ਗਹਿਰੇ ਹਰੇ ਰੰਗ ’ਚ ਰੰਗਦੀ ਹਨੇਰੇ ਦੇ ਰਾਹ ਤੁਰ ਪਈ ਸੀ । ਦਾਦੀ ਦੀ ਗੋਦੀ ’ਚ ਨੂਰਾਂ ਕਸ਼ਮੀਰੀ ਲੋਕ ਗੀਤ ਦਾ ਰਸ ਮਾਨ ਰਹੀ ਸੀ । ਹਰਿਆਲੀ ਨੂੰ ਹਨੇਰਾ ਆਪਣੀ ਗਲਵਕੜੀ ’ਚ ਜਕੜ ਰਿਹਾ ਸੀ । ਰੋਜ਼ਾਨਾ ਦੀ ਤਰ੍ਹਾਂ ਹਨੇਰੇ ਦਾ ਖੌਫ ਦੋਹਾਂ ਦੇ ਜ਼ਿਹਨ ਤੇ ਜੰਮਦਾ ਜਾ ਰਿਹਾ ਸੀ । ਝਰਨੇ ਅਤੇ ਨਦੀ ਦਾ ਸ਼ੋਰ ਜਾਗਤੇ ਰਹੋ ਦੀਆਂ ਆਵਾਜ਼ਾਂ ਦੇ ਰਿਹਾ ਸੀ ਕਹਿਣ ਨੂੰ ਇਹ ਪਹਾੜੀ ਪਿੰਡ ਸੀ ਪਰ ਪਿੰਡ ਵਾਲੀ ਕੋਈ ਗੱਲ ਨਹੀਂ ਸੀ ਕਿਉਂਕਿ ਲੋਕਾਂ ਦੇ ਘਰ ਦੂਰ ਦੂਰ ਸਨ । ਨਦੀ ਪਾਰ ਕਰਕੇ ਪਾਕਿਸਤਾਨੀ ਘੁਸਪੈਠ ਉੱਥੇ ਆਮ ਗੱਲ ਸੀ ਇਸ ਲਈ ਹਨੇਰੇ ਤੋਂ ਪਹਿਲਾਂ-ਪਹਿਲਾਂ ਸ਼ਾਮ ਦਾ ਡੰਬਰ ਕਰਨਾ ਜ਼ਰੂਰੀ ਸੀ ।

ਲੱਕੜ ਦਾ ਇਹ ਨੂਰਾਂ ਹਾਊਸ ਜਿਸ ਵਿੱਚ ਇਕ ਵੱਡਾ ਸੁਫਾ ਤੇ ਨਾਲ ਲਗਦੇ ਦੋ ਕਮਰੇ, ਅੱਗੇ ਵਰਾਂਡੇ ਦੇ ਇਕ ਪਾਸੇ ਕੋਠੜੀ ਨੂਮਾ ਰਸੋਈ, ਘਰ ਅੰਦਰ ਮਾੜੀ ਮੋਟੀ ਬੱਤੀ ਹੈ, ਪਰ ਬਾਹਰ ਵਿਹੜੇ ’ਚ ਨਾ ਕੋਈ ਬੱਤੀ ਤੇ ਨਾ ਬੱਤੀ ਦੀ ਜਾਤ, ਆਲੇ ਦੁਆਲੇ ਲੱਕੜਾਂ ਦੀ ਵਾੜ ਅਤੇ ਲੱਕੜ ਦਾ ਨਾ ਮਾਤਰ ਗੇਟ, ਪਗਡੰਡੀਆ ਦੇ ਉੱਚੇ ਨੀਵੇਂ ਰਾਹ ਜੋ ਹਨੇਰੇ ਨੇ ਆਪਣੇ ਝਪੇਟ ਵਿੱਚ ਲੈ ਲਏ ਸੀ । ਫੌਜੀ ਗੱਡੀਆਂ ਦੀਆਂ ਅਵਾਜਾਂ ਕਦੇ-ਕਦੇ ਕਦਮਾਂ ਦੀ ਆਹਟ ਅਤੇ ਝਾੜੀਆਂ ਦੀ ਸਰਸਰਾਹਟ ਦਿਲ ਕੰਬਾ ਦਿੰਦੀ ।

ਦਾਦੀ-ਪੋਤੀ ਆਪਣੇ ਨਿਸਚਿਤ ਜਿਹੇ ਕੰਮਾ ’ਚ ਲੱਗੀਆਂ ਰਹਿੰਦੀਆਂ ਸੁਫੇ ਵਿੱਚ ਹੀ ਸਾਰੇ ਨਿਸ਼ਚਿਤ ਕੰਮ ਹੁੰਦੇ ਬੋਲ ਚਾਲ ਦੀ ਘੱਟ ਹੀ ਵਰਤੋਂ ਹੁੰਦੀ ਜੇ ਕਿੱਤੇ ਗੱਲਬਾਤ ਹੁੰਦੀ ਤੇ ਬਹੁਤ ਦੱਬੀ ਹੋਈ, ਮੱਠੀ ਅਵਾਜ਼ ਵਿੱਚ ।
    
ਪਰ ਅੱਜ ਜਲਾਲੋ ਬੜ੍ਹੀ (ਕਾਹਲੀ-ਕਾਹਲੀ) ਕੰਮ-ਮੁਕਾਈ ਜਾ ਰਹੀ ਸੀ । ਬੇ-ਧਿਆਨੇ ਜਿਹੇ ਧਿਆਨ ’ਚ ਕੰਮ ਕਰਕੇ ਆਪਣੇ ਆਪ ਨੂੰ ਮਸਰੂਫ ਜਿਹਾ ਰੱਖ ਰਹੀ ਸੀ । ਦਿਲ ਕੁਝ ਬੁਝਿਆ-ਬੁਝਿਆ ਸੀ ਤੇ ਅੱਖਾਂ ਸੇਜਨ ...... ਵਾਰ-ਵਾਰ ਧਿਆਨ ਕਿਤੇ ਗੁਆਚ ਰਿਹਾ ਸੀ । ਸੋਚਾ, ਹਨੇਰੀ ਕਾਲੀ ਰਾਤ ਵਾਂਗ ਉਸਨੂੰ ਘੇਰ ਦੀਆ ਜਾ ਰਹੀਆਂ ਸੀ । ਦੁਰ-ਦੁਰਾਡਿੳ ਫਾਇਰਿੰਗ ਦੀਆ ਅਵਾਜਾ ਕੰਬਾ ਦਿੰਦੀਆਂ ਕੁਝ ਅਵਾਜਾ ਅਤੇ ਯਾਦਾ ਉਸਨੇ ਨੂੰਹ-ਪੁੱਤ ਦੀ ਯਾਦ ਅਕ੍ਰਿਤੀਆਂ ਬਨਾਉਣ ਲਗੀਆਂ ਸਨ । ਹਸਦੇ ਖੇਡਦੇ ਸ੍ਰੀ ਨਗਰ ਈਦ ਦੀ ਖ੍ਰੀਦੋ-ਫਰੋਕਤ ਕਰਨ ਰਾਏ ਲਾਸ਼ਾ ਦੇ ਲੋਥੜੇ ਬਣ ਕੇ ਘਰ ਆਏ ਸਨ ਤੇ ਇਸ ਬੁਢੱੜੀ ਦਾ ਲੱਕ ਤੋੜ ਗਏ ਸਨ । ਭਰੀ ਜਵਾਨੀ ਭੇਡ-ਬਕਰੀਆਂ ਚਾਰਨ ਗਿਆ (ਸ਼ੌਹਰ) ਵੀ ਹਾਲਾਤ ਦੀ ਬਲੀ ਚੜ੍ਹ ਗਿਆ । ਬੜੀ ਮੁਸਕਿਲ ਨਾਲ ਪਹਿਲਾਂ ਪੁੱਤ ਪਾਲਿਆ ਤੇ ਹੁਣ ਪੋਤਾ-ਪੋਤੀ ਪਾਲ ਰਹੀਂ ਜਲਾਲ ਆਪਣੇ ਬੁਢਾਪੇ ਅਤੇ ਹਲਾਤਾ ਨਾਲ ਲੜ੍ਹ ਰਹੀਂ ਸੀ । ਤਪੋਤੇ ਦਾ ਧਿਆਨ ਆਉਂਦੀਆਂ ਹੀ ਉਸਦੀਆਂ ਅੱਖਾਂ ਦੋ ਅੱਥਰੂਆਂ ਦਾ ਝਰਨਾ ਵਹਿ ਗਿਆ ।
    
ਚਾਰ ਸਾਲ ਹੋ ਗਏ ਉਸਦੀ ਕੋਈ ਉੱਗ-ਸੁੱਗ ਨਹੀਂ ਮਿਲੀ, ਪਤਾ ਨਹੀਂ ਕਿੱਥੇ ਗਿਆ ਹੈ ਵੀ ਜਾਂ? ਇਸ ਤਰ੍ਹਾਂ ਦੇ ਕਿਆਸ ਉਸਨੂੰ ਹੋਰ ਤੜਪਾ ਦਿੰਦੇ ਬਾਹਰਵੀਂ ਨਤੀਜਾ ਉਡੀਕ ਰਿਹਾ ਸੀ, ਬਹੁਤ ਕੁੱਝ ਕਰਨ ਦੀ ਸੋਚਦਾ ਕਿਹੜੇ ਗਬਰੂ, ਸੋਹਣ ਜਵਾਨ ਤੇ ਅਗਾਹ ਵਧੂ ਸੋਚ ਦਾ ਮਾਲਿਕ ਸੀ ਪਰ ਪਤਾ ਨਹੀਂ ਕਿਹੜੀ ਵਾੜ ਖਾ ਗਈ । ਹਰ ਥਾਂ ਤਲਾਅ ਦਿੱਤੀ ਪਰ ਕੋਈ ਲਾਭ ਨਹੀਂ ਉਲਟਾ ਅੱਜ ਵੀ ਫੌਜ ਉਸਨੂੰ ਸ਼ੱਕ ਦੀ ਨਿਗਾਹ ਨਾਲ ਵੇਖਦੀ ਹੈ .......

ਉਹ ਦਾਦੀ ਦੀ ਗੁਰੱਬਤ ਦੂਰ ਕਰਨਾ ਚਹੁੰਦੀ ਸੀ ਬਸ ਫੌਜ ਦੇ ਕਰੈਕ ਡਾਊਨ ਤੋਂ ਉਹ ਪਰੇਸ਼ਾਨ ਹੋ ਜਾਂਦਾ ਸੀ ਜਦ ਸਾਰਾ ਸਾਰਾ ਦਿਨ ਉਨ੍ਹਾਂ ਨੂੰ ਭੁੱਖੇ ਪਿਆਸੇ ਉਨ੍ਹਾਂ ਨੂੰ ਘਰਾਂ ਤੋਂ ਬਾਹਰ ਇੱਕ ਜਗਾ ਇੱਕਠੇ ਕਰ ਲਿਆ ਜਾਂਦਾ । ਹਮੇਸ਼ਾ ਕਹਿੰਦਾ ਜਿਨ੍ਹਾਂ ਨੂੰ ਫੜਨਾ ਚਾਹੀਦਾ ਉਹ ਇਨ੍ਹਾਂ ਕੋਲੋ ਫੜੇ ਨਹੀਂ ਜਾਦੇ ਤੇ ਸਾਨੂੰ ਤੰਗ ਕਰਦੇ ਰਹਿੰਦੇ ਹਨ ।
    
ਦਾਦੀ ਨੂੰ ਗੁਮ-ਸੁਮ ਦੇਖ ਨੂਰਾਂ ਅਕਸਰ ਸਮਝ ਜਾਂਦੀ ਕਿ ਅੰਮੀ ਅੱਜ ਦੁੱਖੀ ਹੈ ਤੇ ਦੁੱਖ ਵੰਡਾਉਣ ਲਈ ਆਪਣੇ ਨਿੱਕੇ-ਨਿੱਕੇ ਹੱਥਾਂ, ਤਲੀਆ ਨਾਲ ਅੰਮੀ ਦੇ ਅੱਥਰੂ ਝਰਨੇ ਨੂੰ ਬੰਨ ਲਾਉਦੀ ........ ਅੰਮੀ ਬਾਈਜਾਨ ਜ਼ਰੂਰ ਆਉਣਗੇ ਤੁਸੀ ਦਿਲ ਨਾ ਛੱਡਿਆ ਕਰੋ । ਦਾਦੀ ਦਾ ਬੰਨ ਇੱਕ ਵਾਰ ਫਿਰ ਟੁੱਟ ਗਿਆ ਤੇ ਨੂਰਾਂ ਨੂੰ ਜਫੇ ’ਚ ਭਰ ਲਿਆ । ’ਨੂੰਰ ਮੇਰੀ ਬੱਚੀ, ਮੈਂ ਬੁੱਢੀ ਜਾਨ ਅੱਜ ਨਹੀਂ, ਕੱਲ ਨਹੀਂ ਪਤਾ ਨਹੀਂ ਕਿਥੇ ਜਾਨ ਨਿਕਲ ਜਾਵੇ, ਮੇਰੀ ਬੱਚੀ ਤੇਰਾ ਕੀ ਬਣੂ? ਤੇ ਵਿਲਕ ਵਿਲਕ ਰੋ ਪਈ ...ਨੂਰਾਂ ਦੀਆਂ ਅੱਖਾਂ ’ਚੋਂ ਵੀ ਮਸੂਮ ਅੱਥਰੂ ਵਹਿਣ ਲੱਗੇ ।
    
ਅਚਾਨਕ ਬਾਹਰ ਸਰਸਰਾਹਟ ਹੋਈ, ਕੁਝ ਕਦਮਾਂ ਦੀ ਆਹਟ ਉਨ੍ਹਾਂ ਦੇ ਵਿਹੜੇ ’ਚ ਦਾਖਲ ਹੋ ਗਈ । ਦੋਹਾਂ ਦੇ ਸਾਹ ਰੁੱਕ ਗਏ, ਨਬਜ਼ੳ ਠੰਡੀਆਂ ਪੈ ਗਈਆ, ਖੌਫਜਦਾ ਅੱਖੀਆਂ ਇੱਦਰ ਉੱਦਰ ਘੁੱਮਣ ਲੱਗ ਪਈਆ, ਦੋਵੇ ਇੱਕ ਦੂਜੇ ’ਚ ਸਿਮਟ ਗਈਆਂ, ਆਹਟ ਵਰਾਂਡੇ ’ਚ ਦਾਖਲ ਹੋ ਗਏ .... ਨੂਰਾਂ ਦਾਦੀ ਦੀ ਛਾਤੀ ਨਾਲ ਚੰਬੜ ਗਈ ਤੇ ਕੰਬਣ ਲਗੀ । ਦਰਵਾਜਾ ਖੜਕਿਆਂ ਦੋਹਾ ਦੇ ਸਾਹ ਥੰਮ ਗਏ ।ਅਗਲੇ ਹੀ ਪਲ ਅਵਾਜ ਆਈ, ਅੰਮੀ ਜਾਨ, ਦਾਦੀ ਅੰਮਾ। ਜਲਾਲੋ ਨੇ ਨੂਰਾਂ ਦੇ ਸਿਰ ਅਤੇ ਮੂੰਹ ਉੱਤੇ ਹੱਥ ਫੇਰਿਆ ਦੋਹਾਂ ਇੱਕ ਦੂਜੇ ਵੱਲ ਵੇਖਿਆ ਹੌਸਲਾ ਬਣਾਇਆਂ । ਦਾਦੀ ਅੰਮਾ, ਨੂੰਰ, ਮੈਂ ਹਾਂ ਆਫਤਾਬ, ਅਵਾਜ਼ ਪਹਿਲਾਂ ਨਾਲੋ ਸਾਫ ਸੀ ...... ਦੋਹਾਂ ਦੀਆਂ ਅੱਖਾਂ ’ਚ ਥੋੜੀ ਖੁਸ਼ੀ ਭਰ ਆਈ.... ਹਿਮੰਤ ਕਰਕੇ ਜਲਾਲੋ ਦਰਵਾਜੇ ਵੱਲ ਵੱਧੀ ਤੇ ਹੌਲੀ ਜਿਹੀ ਕੁੰਡਾ ਖੋਲਿਆ ।
    ਦਾਦੀ ਅੰਮਾ ......*
    ਆਫਤਾਬ .....**

ਪੋਤੇ ਨੂੰ ਛਾਤੀ ਨਾਲ ਲਾ, ਦਾਦੀ ਦੀਆ ਅੱਖਾਂ ਅਤੇ ਕਲੇਜਾ ਖੁਸ਼ੀ ਨਾਲ ਭਰ ਗਏ, ਕਾਲੀ ਰਾਤ ’ਚ ਆਫਤਾਬ ਨਿਕਲ ਆਇਆ ਰਾਤ ਰੌਸ਼ਨਾ ਗਈ ਜਿਸਦਾ ਜਲਾਲ ਪੂਰੇ ਘਰ ਵਿੱਚ ਫੈਲ ਗਿਆ, ਅਥਰੂਆਂ ਦੇ ਤਿੰਨ ਝਰਨੇ ਪਿਆਰ ਦੀ ਨਦੀ ’ਚ ਸਮਾ ਗਏ .... ਇਕਾਇਕ ਜਲਾਲੋ ਦੀ ਨਜ਼ਰ ਆਫਤਾਬ ਨਾਲ ਆਏ ਸਾਥੀਆਂ ਤੇ ਪਈ ਤੇ ਉਹ ਆਫਤਾਬ ਨੂੰ ਛੱਡ, ਕਾਹਲੀ ਨਾਲ ਦਰਵਾਜ਼ਾ ਬੰਦ ਕਰਨ ਚਲੀ ਗਈ.. ਪ੍ਰਸ਼ਨਾਂ ਭਰੀ ਨਿਗਾਹ ਨਾਲ ਆਫਤਾਬ ਵੱਲ ਵੇਖਿਆ, ਨੂਰਾਂ ਵੀ ਅੰਮੀ ਦੀਆ ਲੱਤਾਂ ਨਾਲ ਚੰਬੜ ਗਈ ।
    
ਅੰਮੀ ਇਹ ਮੇਰੇ ਦੋਸਤ ਜਲਾਲੁਦੀਨ, ਬਸੀਰ ਮੁਹਮੰਦ ਤੇ ਮੁਹਤਰਮਾ ਸ਼ਾਇਨਾ ਜੀ ਨੇ । ਤਿੰਨ ਅੰਮੀ ਨੂੰ ਇੱਕਠੇ ਸਲਾਮ ਕਿਹਾ ...... ਅੰਮੀ ਨੇ ਤਿੰਨਾ ਨੂੰ ਵਾਰੀ ਵਾਰੀ ਪਿਆਰ ਦਿੱਤਾ । ਪਰ ਅੰਦਰੋ ਜਲਾਲੋ ਸਮਝ ਗਈ ਕਿ ਆਪਣਾ ਆਫਤਾਬ ਦੂਜਿਆ ਨੂੰ ਚਮਕਾ ਰਿਹਾ ਹੈ ਉਸਦੀ ਰੌਸਨੀ ਵੀ ਅੰਤਰ ਦੁਨੀਆਂ ਦੀ ਹੋ ਗਈ ਹੈ । ਜਲਾਲੋ ਉਸ ਨਾਲ ਕਈ ਵਲਵਲੇ ਕੱਢਣੇ ਚਾਹੁੰਦੀ ਸੀ ਕਈ ਦੁੱਖੜੇ ਸਾਂਝੇ ਕਰਨਾ ਚਾਹੁੰਦੀ ਸੀ ਪਰ ਉਸਨੇ ਅੰਦਰ ਹੀ ਦਫਨ ਕਰ ਲਏ । ਅੰਮੀ ਇਹ ਸਾਡੇ ਮਹਿਮਾਨ ਨੇ, ਇਹ ਕੁਝ ਦਿਨ ਸਾਡੇ ਕੋਲ ਰੁਕਣਗੇ, ਇਨ੍ਹਾਂ ਨੂੰ ਅੰਮਾ-ਅਬਾ ਵਾਲਾ ਕਮਰਾ ਤਿਆਰ ਕਰ ਦਿਉ । ਅੰਮੀ ਨੇ ਇਕ ਵਾਰੀ ਫਿਰ ਧਿਆਨ ਨਾਲ ਉਨ੍ਹਾਂ ਦੀਆਂ ਵੱਡੀਆਂ ਵੱਡੀਆਂ ਲੋਈਆਂ, ਬੇਗਾਨੀਆਂ ਜਿਹੀਆ ਟੋਪੀਆਂ ਤੇ ਬੈਗਾਂ ਵੱਲ ਵੇਖਿਆ । ਨੂਰਾਂ ਵੀ ਮਹਿਮਾਨ ਵੇਖ ਕੇ ਹੈਰਾਨ ਸੀ । ਉਹ ਸੋਚ ਰਹੀ ਸੀ ਇਹਨੇ ਸਾਲਾ ਬਾਦ ਬਾਈਜਾਨ ਆਏ, ਪਰ ਕਿਸ ਤਰ੍ਹਾਂ ? ਹਾਲਾਤ ਤੋਂ ਵੀ ਹੁਣ ਉਹ ਵਾਕਿਫ ਸੀ ... ਨੂਰ ਮੇਰੀ ਭੈਣ, ਬਾਹਰ ਕਿਸੇ ਨੂੰ ਨਾ ਦੱਸੀ ਕਿ ਸਾਡੇ ਘਰ ਕੋਈ ਮਹਿਮਾਨ ਆਏ ਨੇ,` ‘ਆਫਤਾਬ ਨੂਰਾਂ ਨੂੰ ਅਜੇ ਵੀ ਛੋਟੀ ਜਿਹੀ ਸਮਝ ਰਿਹਾ ਸੀ, ਉਸਨੂੰ ਕੀ ਪਤਾ ਕਿ ਹੁਣ ਉਹ ਭੇਡ-ਬਕਰੀਆਂ ਆਪ ਚਰਾਉਂਦੀ ਹੈ .... ਉਸਨੇ ਬਾਈਜਾਨ ਨਾਲ ਕਈ ਗੱਲਾਂ ਕਰਨੀਆਂ ਸਨ, ਕਈ ਕੁਝ ਸੋਚ ਰੱਖਿਆ ਸੀ ਕਿ ਬਾਈ ਆਵੇਗਾ ਤੇ ਮਾਂ-ਅਬਾ ਦੀਆਂ ਗੱਲਾਂ ਪੁੱਛੇਗੀ। ਦਾਦੀ ਅੰਮਾ ਪੁੱਛਣ ਤੇ ਵੀ ਨਹੀਂ ਦਸਦੀ, ਉਸਨੂੰ ਪੁੱਛੇਗੀ, ਪੜ੍ਹਾਈ ਦੀਆਂ ਗੱਲਾਂ ਕਰੇਗੀ ਅਤੇ ਖੂਬ ਸਾਰੀਆਂ ਸ਼ਰਾਰਤਾਂ ਤੇ ਚੀਜਾਂ ਦੀ ਸੂਚੀ ਉਸਦੇ ਦਿਮਾਗ `ਚ ਬਣੀ ਪਈ ਸੀ ...
    
ਥੋੜੀ ਜਿਹੀ ਰੋਸ਼ਨੀ ਵਿੱਚ ਹੀ ਜਲਾਲੋ ਨੇ ਕਮਰਾ ਤਿਆਰ ਕਰਕੇ ਉਹਨਾਂ ਨੂੰ ਚਾਹ ਪਿਆ ਕੇ ਅਰਾਮ ਕਰਨ ਲਈ ਕਿਹਾ । ਕਮਰੇ `ਚ ਵੜਦਿਆਂ ਹੀ ਤਿੰਨ ਲੋਹੀਆ ਦੇ ਪਿਛਲਾ ਸਾਜੋ ਸਮਾਨ ਇਧਰ ਉਧਰ ਸੈਟ ਕਰਨ ਲੱਗੇ । ਜਲਾਲੋ ਸਭ ਸਮਝ ਚੁਕੀ ਸੀ ਪਰ ਮੌਕੇ ਦੀ ਨਜਾਕਤ ਵੇਖ ਨੂਰਾ ਨੂੰ ਵੀ ਸਮਝਾਇਆ ..... ਮਾਸੂਮ ਅਤੇ ਨਿੱਕਾ ਜਿਹਾ ਆਫਤਾਬ ਜੋ ਉਸ ਤੋਂ ਬਿਨਾਂ ਇਕ ਪਲ ਵੀ ਨਹੀਂ ਸੀ ਰਹਿ ਸਕਦਾ ਅੱਜ ਮਹਿਮਾਨ ਜਿਹਾ ਲੱਗਿਆ ..... ਉਸਦੀਆਂ ਨਿੱਕੀਆਂ-ਨਿੱਕੀਆਂ ਗੱਲਾਂ, ਨਖਰੇ ਤੇ ਸ਼ਰਾਰਤਾਂ ਉਸਨੂੰ ਟੁੰਬ-ਟੁੰਬ ਜਾ ਰਹੇ ਸਨ ..... ਬਹੁਤੇ ਖੜਾਕ ਤੋਂ ਵੀ ਡਰ ਕੇ ਅੰਮਾ ਦੀ ਗੋਦੀ `ਚ ਸਿਮਟਨ ਵਾਲਾ ਆਫਤਾਬ ਅੱਜ ..... ਹਥਿਆਰਾਂ ਵਾਲੇ ਖਿਲੌਣਿਆਂ ਤੋਂ ਡਰਨ ਵਾਲਾ ਆਫਤਾਬ ..... ਕੀ, ਕਿਦਾਂ ਤੇ ਕਿਹੜੀ ਸਿੱਖਿਆ ਆਦਿ ਸਵਾਲ ਉਸਨੂੰ ਨਾਗਾਂ ਵਾਂਗੂੰ ਡੱਸਣ ਲੱਗੇ?
        
ਅੰਮਾ ਇਹ ਦੋ ਕੁ ਦਿਨ ਇੱਥੇ ਰਹਿਣਗੇ ਤੇ ਫਿਰ ਇਹਨਾਂ ਸ਼੍ਰੀਨਗਰ ਚਲੇ ਜਾਣਾ, ਆਫਤਾਬ ਨੇ ਅੰਮਾ ਦੇ ਮੋਢਿਆਂ ਤੇ ਹੱਥ ਰੱਖ ਕੇ ਕਿਹਾ ..... ਘਬਰਾਓ ਨਹੀਂ ਇਹ ਸਾਨੂੰ ਕੁਝ ਨਹੀਂ ਕਹਿੰਦੇ । ਪਰ ਆਫਤਾਬ ..... ਦਾਦੀ ਕੁਝ ਪੁੱਛਣਾ ਚਾਹੁੰਦੀ ਸੀ ਕਿ ਗੱਲ ਕੱਟਦਿਆਂ ..... ਮੈਂ ਇਹਨਾਂ ਨੂੰ ਉੱਥੇ ਪਹੁੰਚਾ ਕੇ ਸਦਾ ਲਈ ਇੱਥੇ ਰਹਿ ਜਾਣਾ, ਤੁਹਾਡੇ ਕੋਲ । ਹੁਣ ਸਾਨੂੰ ਹਿੰਦੂਸਤਾਨੀ ਸਰਕਾਰ ਦੇ ਪੈਸਿਆਂ ਨੂੰ ਉਡੀਕਣ ਦੀ ਲੋੜ ਨਹੀਂ, ਮੈਂ ਆਪਣੇ ਪੈਸਿਆਂ ਨਾਲ ਤੁਹਾਡੀ ਗੁਰਬਤ ਦੂਰ ਕਰਾਂਗਾ, ਅੰਮੀ ਅਜੇ ਕੁਝ ਦਿਨ ਮੇਰੇ ਆਉਣ ਬਾਰੇ ਵੀ ਕਿਸੇ ਨੂੰ ਨਹੀਂ ਦੱਸਣਾ, ਅੰਮਾ ਦੇ ਮੋਢਿਆਂ ਤੇ ਦੋਵੇਂ ਹੱਥ ਰੱਖ ਆਫਤਾਬ ਇਕੋ ਸਾਹੇ ਕਹਿ ਕੇ ਸਾਥੀਆਂ ਦੇ ਕਮਰੇ `ਚ ਚਲਾ ਗਿਆ ।

ਨੂਰਾਂ ਨੂੰ ਵੀ ਨੀਂਦ ਨਹੀਂ ਸੀ ਆ ਰਹੀ ਉਸਦੇ ਨੰਨ੍ਹੇ ਦਿਮਾਗ `ਚ ਕਈ ਕੁਝ ਤੈਰ ਰਿਹਾ ਸੀ ..... ਅੰਮਾ ਦੀ ਪਰੇਸ਼ਾਨੀ ਕਾਲੀ ਰਾਤ ਨਾਲੋਂ ਵੀ ਗਹਿਰੀ ਹੁੰਦੀ ਜਾ ਰਹੀ ਸੀ ਤੇ ਰਾਤ ਲੰਮੀ ਤੇ ਹੋਰ ਲੰਮੀ ਅਮੁੱਕ ਹੁੰਦੀ ਜਾ ਰਹੀ ਸੀ ..... ਕੁਝ ਖੁਸਰ-ਫੁਸਰ ਕੰਨਾਂ ਨੂੰ ਟਕਰਾਉਂਦੀ ਰਹੀ ਫਿਰ ਸ਼ਾਇਦ ਸੋਚਾਂ ਆਪ ਵੀ ਥੱਕ ਗਈਆਂ, ਆਪਣੇ ਆਪ ਨੂੰ ਕਾਲੀ ਰਾਤ ਦੇ ਹਵਾਲੇ ਕਰ ਗਹਿਰੇ ਆਲਮ `ਚ ਸੌਂ ਗਈਆਂ ।

ਸਵੇਰੇ ਜਲਾਲੋ ਨੇ ਨੂਰਾਂ ਨੂੰ ਸਕੂਲੇ ਵੀ ਨਾ ਜਾਣ ਦਿੱਤਾ ਤੇ ਭੇਡ-ਬਕਰੀਆਂ ਚਾਰਣ ਵੀ ਨਾ ਜਾਣ ਦਿੱਤਾ ਤੇ ਨਾ ਹੀ ਆਪ ਕਿਤੇ ਗਈ । ਘਰ ਦੇ ਨਿੱਕੇ-ਮੋਟੇ ਕੰਮਾਂ ਨੂੰ ਲੱਗੀ ਰਹੀ । ਆਫਤਾਬ ਅਤੇ ਸਾਥੀ ਕਮਰੇ ਵਿਚ ਸਨ । ਖਾਣਾ-ਪਾਣਾ ਉਹਨਾਂ ਨੂੰ ਉੱਥੇ ਹੀ ਪਹੁੰਚਾਇਆ ਜਾਂਦਾ। ਨੂਰਾਂ ਢੁਕੇ ਦਰਵਾਜੇ ਵੱਲ ਕਦੇ-ਕਦੇ ਵੇਖਦੀ ਫਿਰ ਆਪਣੀਆਂ ਖੇਡਾਂ `ਚ ਲਗ ਜਾਂਦੀ । ਆਫਤਾਬ ਕਦੇ-ਕਦੇ ਕਮਰੇ ਚੋਂ ਬਾਹਰ ਕਿਸੇ ਕੰਮ ਆਉਂਦਾ ਤੇ ਫਿਰ ਚਲਾ ਜਾਂਦਾ ।
        
ਦਹਿਸ਼ਤ, ਡਰ ਅਤੇ ਘਬਰਾਹਟ ਨੇ ਨੂਰਾਂ ਹਾਊਸ `ਚ ਡੇਰਾ ਜਮਾ ਲਿਆ ..... ਇਕ ਦਿਨ, ਦੋ ਦਿਨ ਅਤੇ ਤੀਸਰਾ ਦਿਨ ਵੀ ..... ਅਚਾਨਕ ਗੱਲਾਂ ਗੱਲਾਂ `ਚ ਆਫਤਾਬ ਦੇ ਮੂੰਹੋਂ ਪੰਦਰਾਂ ਅਗਸਤ ਨੂੰ ਇਹਨਾਂ ਸ਼੍ਰੀਨਗਰ ਪਹੁੰਚਣਾ ਨਿਕਲ ਗਿਆ ਤੇ ਬਾਕੀ ਗੱਲ ਉਹ ਨੱਪ ਗਿਆ ..... ਜਲਾਲੋ ਦੀਆਂ ਅੱਖਾਂ ਅੱਡੀਆਂ ਰਹਿ ਗਈਆਂ, ਹੱਥ ਅਤੇ ਪੈਰ ਸੁੰਨ ਹੋ ਗਏ ..... ਜਿਵੇਂ ਸਾਰੇ ਪਹਾੜ ਫੱਟ ਗਏ ਹੋਣ ਤੇ ਚਹੁੰ ਪਾਸੇ ਅੱਗ ਹੀ ਅੱਗ ਤਾਂਡਵ ਕਰ ਰਹੀ ਹੋਵੇ ..... ਕੀ ਬੱਚੇ, ਕੀ ਜਵਾਨ, ਕੀ ਬੁੱਢੇ, ਕੀ ਔਰਤਾਂ ਤੇ ਮਾਲ ਡੰਗਰ ਆਦਿ । ਛੱਲੀਆਂ ਵਾਂਗੂੰ ਸੜ-ਭੁੱਜ ਰਿਹਾ ਹੋਵੇ ਤੇ ਕਿਆਮਤ ਦੇ ਇਸ ਦਿਨ `ਚ ਉਹ ਅਤੇ ਨੂਰਾਂ ਲਪਟਾਂ `ਚ ਲਿਪਟੀਆਂ ਚੀਕ ਚਿਹਾੜੇ `ਚ ਤੜਫ ਰਹੀਆਂ ਹੋਣ ਤੇ ਬਚਾਉਣ ਵਾਲਾ ਕੋਈ ਨਾ ਹੋਵੇ, ਪਰ ਇਸ ਬਜ਼ੁਰਗ ਅਤੇ ਪਹਾੜੀ ਜੁੱਸੇ `ਚ ਇਕ ਸ਼ਕਤੀਸ਼ਾਲੀ ਆਤਮਾ ਵਾਸਾ ਹੋਣ ਕਾਰਨ ਉਸਨੇ ਆਪਣੇ ਆਪ ਨੂੰ ਹੌਸਲਾ ਬੰਨਾਇਆ .....

ਉਸਦੀ ਸੰਸਕ੍ਰਿਤੀ `ਚ ਕਸ਼ਮੀਰ ਵਾਦੀ ਧਰਤੀ ਦਾ ਸਵਰਗ ਹੈ ..... ਭਾਰਤ ਦਾ ਸਿਰ ਹੈ ਤੇ ਇਸਨੇ ਦੇਸ਼ ਦਾ ਗੌਰਵ ਵਧਾਇਆ ਹੈ । ਦੇਸ਼ ਦਾ ਗੌਰਵ ਹੀ ਆਪਣੇ ਲੋਕਾਂ ਦਾ ਗੌਰਵ ਹੈ । ਕੀ ਇਹ ਜੇਹਾਦ ਸਾਡੇ ਫਿਰਦੌਸ ਨੂੰ ਨਸ਼ਟ ਕਰੇਗਾ ? ਕੀ ਕਿਆਮਤ ਫਿਰਦੌਸ ਨੂੰ ਤਹਿਸ ਨਹਿਸ ਕਰੇਗੀ, ਤੇ ਇਸ ਸਾਜਿਸ਼ `ਚ ਆਪਣੇ ਹੀ ਲੋਕ ਅੱਗੇ ਲੱਗਣਗੇ * ..... ਇਹ ਕਿਹੜੀ ਸਿੱਖਿਆ ਹੈ ? ਕਿਹੜੀ ਨੀਤੀ ਹੈ ? ਕਿਸ ਤਰ੍ਹਾਂ ਦੀ ਸਿਆਸਤ ਹੈ ..... ਇਹ ਕਿਸ ਤਰ੍ਹਾਂ ਦੇ ਕੌਮੀ ਭਰਾ ਨੇ ? ਕਿਹੜੀ ਸੋਚ ਦੇ ਸਾਥੀ ਨੇ ? ਜੋ ਭਰਾ ਬਣ ਕੇ ਭਰਾ ਨੂੰ ਆਪਣਾ ਘਰ ਤੋੜਨ ਦੀ ਸਿੱਖਿਆ ਦਿੰਦੇ ਹਨ । ਇਸ ਤਰ੍ਹਾਂ ਦੇ ਕਈ ਸਵਾਲ ਜਲਾਲੋ ਦੇ ਦਿਮਾਗ ਤੇ ਭਾਰੀ ਹੋਣ ਲੱਗੇ ..... ਇਹ ਸਰਾਸਰ ਮੇਰੇ ਘਰ, ਪਿੰਡ ਅਤੇ ਦੇਸ਼ ਤੇ ਜੁਲਮ ਹੈ, ਘੁਸਪੈਠ ਹੈ, ਦਹਿਸ਼ਤਗਰਦੀ ਹੈ ਅਤੇ ਮਾਸੂਮ ਲੋਕਾਂ ਨੇ ਇਹਨਾਂ ਦਾ ਕੀ ਖੋਹਿਆ ਹੈ ਤੇ ਨਮੋਸ਼ੀ ਦੀ ਗੱਲ ਇਹ ਹੈ ਕਿ ਮੇਰਾ ਆਪਣਾ ਖੂਨ ਜੋ ਹਮੇਸ਼ਾ ਸਮਾਜ ਸਿਰਜਣਾ `ਚ ਅੱਗੇ ਰਿਹਾ ਹੈ ਉਹ ਅੱਜ ਮਾਸੂਮ ਲੋਕਾਂ ਨੂੰ .....ਨਹੀਂ, ਨਹੀਂ ..... ਜਲਾਲੋ ਦੇ ਦਿਮਾਗ ਤੇ ਕਈ ਚਰਖੜੀਆਂ ਘੁੰਮਣ ਘੇਰੀਆਂ ਕੱਤਣ ਲੱਗੀਆਂ ।
        
ਕੀ ਕਰੇ ..... ? ਕਿੱਥੇ ਜਾਵੇ ..... ? ਕਿਸ ਨੂੰ ਦੱਸੇ ..... ? ਉਸਦੇ ਆਪਣੇ ਸਵਾਲਾਂ ਤੇ ਉਹਨਾਂ ਦੇ ਜਵਾਬਾਂ ਨੇ ਉਸਦੇ ਅੰਦਰ ਹਿੰਮਤ ਬੰਨਣੀ ਸ਼ੁਰੂ ਕਰ ਦਿੱਤੀ, ਉਸਦੀਆਂ ਅੱਖਾਂ `ਚ ਇਕ ਵਿਸ਼ਵਾਸ ਜਾਗਣ ਲੱਗਾ ..... ਉਹ ਟਾਕਰਾ ਕਰਨ ਦਾ ਮੰਨ ਬਨਾਉਣ ਲੱਗੀ ..... ਉਹਨਾਂ ਦੇ ਕਮਰੇ `ਚ ਜਾਣ ਦੇ ਬਹਾਨੇ ਲੱਭਣ ਲੱਗੀ ..... ਜੀ ਕਰੇ ਇਹਨਾਂ ਦੀ ਬੰਦੂਕ ਚਕਾਂ ਤੇ ਢਹਿ ਢੇਰੀ ਕਰ ਦਿਆਂ, ਪਰ । ਤਕਰੀਰਾਂ, ਸਕੀਮਾਂ ਉਸਦੇ ਦਿਮਾਗ `ਚ ਉੱਥਲ-ਪੁੱਥਲ ਮਚਾ ਦਿੱਤੀ, ਪਰ ਉਹ ਕੱਚੇ ਪੈਰੀਂ ਕੁਝ ਨਹੀਂ ਕਰਨਾ ਚਾਹੁੰਦੀ ਸੀ ..... ਉਹ ਨੂਰਾਂ ਨੂੰ ਸਮਝਾਉਂਦੀ ਰਹਿੰਦੀ - ਹੌਲੀ ਹੌਲੀ ਅੰਦਰ ਬਾਹਰ ਵੀ ਜਾਣਾ ਸ਼ੁਰੂ ਕੀਤਾ ।
        
ਇਹ ਤਰਕੀਬ ਉਸਦੇ ਦਿਮਾਗ `ਚ ਪਰਪੱਕ (ਪਰੌੜ) ਹੁੰਦੀ ਜਾ ਰਹੀ ਸੀ ਪਰ ਪੋਤੇ ਦਾ ਧਰਮ ਸੰਕਟ ਉਸਦਾ ਹੱਥ ਰੋਕ ਦਿੰਦਾ । ਫਿਰ ਉਸ ਨਾਲ ਆਤਮ ਵਿਸ਼ਵਾਸ, ਹਿੰਮਤ, ਦੇਸ਼ ਭਗਤੀ ਤੇ ਦ੍ਰਿੜਤਾ ਆ ਖੜੋਤੀ । ਕਿ ਇਹ ਦੇਸ਼ `ਚ, ਕੌਮ, ਮਾਸੂਮੀਅਤ, ਭਾਈਚਾਰੇ, ਪਿਆਰ, ਅਖੰਡਤਾ, ਅਮਨ ਤੇ ਮੇਰੀ ਸਵਰਗ ਵਰਗੀ ਵਾਦੀ ਦੇ ਦੁਸ਼ਮਨ ਹਨ । ਇਸ ਸੋਚ ਦੇ ਜੋਸ਼ `ਚ ਉਸਨੇ ਇਸ ਤਰਕੀਬ ਨੂੰ ਸਰ-ਅੰਜਾਮ ਪਹੁੰਚਾਉਣ ਦੀ ਸੋਚੀ । ਉਸਨੇ ਨੂਰਾਂ ਨੂੰ ਉਸ ਦਿਨ ਤੋਂ ਆਪਣੇ ਨਾਲ-ਨਾਲ ਰੱਖਿਆ ਪਰ ਪਤਾ ਨਾ ਲੱਗਣ ਦਿੱਤਾ । ਰੋਜ਼ਾਨਾ ਵਾਂਗ ਉਹ ਪਾਣੀ ਭਰਨ ਦੇ ਬਹਾਨੇ ਥੱਲੇ ਗਈ ।
    
ਸ਼ਾਮ ਢਲਦੀ ਜਾ ਰਹੀ ਸੀ, ਰਾਤ ਹਨੇਰੀ ਕਾਲੀ ਲੋਈਂ `ਚ ਆਪਣੇ ਆਪ ਨੂੰ ਲੁਕਾ ਰਹੀ ਸੀ । ਜਲਾਲੋ ਆਪਣੇ ਨਿੱਤ ਦੇ ਕੰਮਾਂ `ਚ ਮਸਰੂਫ ਸੀ । ਚਾਰੋ ਘੁਸਪੈਠੀ ਕਮਰੇ `ਚ ਆਪਣੀਆਂ ਤਰਕੀਬਾਂ ਤੇ ਅਧਿਐਨ ਕਰ ਰਹੇ ਸਨ । ਨੂਰਾਂ ਵੀ ਆਪਣੇ ਕੰਮਾਂ `ਚ ਮਸ਼ਰੂਫ ਸੀ । ਜਲਾਲੋ ਨੇ ਖਾਣਾ ਬਣਾਉਂਦਿਆਂ ਮਸਾਲਾ ਪੀਸਣ ਵੇਲੇ ਇਕ ਬੂਟੀ ਘੋਟੀ ਤੇ ਖਾਣੇ `ਚ ਮਿਲਾ ਦਿੱਤੀ, ਘੁਸਪੈਠੀਆਂ ਖਾਣਾ ਖਾਦਾ ਚਾਰੋਂ ਥੱਲੇ ਵਿਛੇ ਕਲੀਨ ਤੇ ਹੀ ਵਿੱਛ ਗਏ ..... ਨੂਰਾਂ ਘਬਰਾ ਨਾ ਜਾਵੇ ਉਸਨੇ ਬੂਹਾ ਘੁੱਟ ਕੇ ਬੰਦ ਕਰ ਦਿੱਤਾ । ਨੂਰਾਂ ਨੂੰ ਸਵਾਉਣ ਤੋਂ ਬਾਅਦ ਜਲਾਲੋ ਇਕ ਇੱਕ ਨੂੰ ਧਰੂ ਕੇ ਥੱਲੇ ਝਾੜੀਆਂ `ਚ ਛੱਡ ਆਈ ਤੇ ਅਸਲਾ ਉਹਨਾਂ ਦੇ ਲਾਗੇ ਖਲਾਰ ਦਿੱਤਾ । ਕਮਰੇ ਆਦਿ ਦੀ ਸਾਫ਼ ਸਫ਼ਾਈ ਕੀਤੀ ਤੇ ਰਾਤ ਦੇਰ ਤੱਕ ਜਾਗਦੀ ਤੇ ਰੋਂਦੀ ਰਹੀ ..... ਪਤਾ ਨਹੀਂ ਕਦੋਂ ਇਕ ਸਕੂੰਨ ਵਾਲੀ ਨੀਂਦ ਉਸਦੀਆਂ ਅੱਖਾਂ `ਚ ਭਰ ਗਈ ..... ਨਵੀਂ ਸਵੇਰ ਹੋਈ ਨਹਾਏ ਸੂਰਜ ਦੀਆਂ ਚਮਕਦੀਆਂ ਕਿਰਨਾਂ ਪਹਾੜੀਆਂ ਨੂੰ ਚਮਕਾ ਰਹੀਆਂ ਸਨ ।

Comments

Security Code (required)



Can't read the image? click here to refresh.

Name (required)

Leave a comment... (required)





ਕਹਾਣੀ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ