ਕਣਕ ਦੀ ਰੋਟੀ - ਸੰਤੋਖ ਸਿੰਘ ਭਾਣਾ
Posted on:- 05-07-2015
ਕਣਕ ਨੂੰ ਵਾਢੀ ਪੈ ਗਈ ਸੀ। ਮੇਰੀ ਬੀਬੀ ਜੀ ਇੱਕ ਦਿਨ ਬਾਬੇ ਪਿਆਰੇ ਦੇ ਘਰ ਜਾ ਕੇ ਦਾਦੀ ਜੀ ਨਾਲ ਇਹ ਗੱਲ ਪੱਕੀ ਕਰ ਆਈ `` ਸੰਤੋਂਖਾ ਹੁਣ ਦਸਵੀਂ ਕਰ ਕੇ ਵਿਹਲਾ ਈ ਆ, ਤੁਸੀ ਅਵਤਾਰ ਤੇ ਮਿੰਦਰ ਨੂੰ ਕਹਿਣਾ ਕਿ ਉਹ ਇਹਨੂੰ ਵੀ ਹਾੜ੍ਹੀ ਵੱਢਣ ਲਈ ਨਾਲ ਲੈ ਜਾਇਆ ਕਰਨ। ਕਿਸੇ ਨੂੰ ਇਹ ਥੋੜ੍ਹਾ ਪਤਾ ਲੱਗਣੈ ਕਿ ਇਹ ਦਿਹਾੜੀਆਂ ਕਰਦੈ।ਲੋਕ ਤਾਂ ਇਹੀ ਸਮਝਣਗੇ ਕਿ ਆਪਣੇ ਚਾਚਿਆਂ ਨਾਲ ਕੰਮ ਕਰਵਾਉਂਦੈ।ਤੁਸੀ ਸਾਨੂੰ ਚਾਰ ਬੋਰੀਆਂ ਕਣਕ ਦੀਆਂ ਦੇ ਦੇਣੀਆਂ।ਪੈਸੇ ਘਰ ਆਏ ਤਾਂ ਖੁੰਜੀ-ਖੁਰਲੀ ਵੜ ਜਾਣਗੇ।ਇਹਦਾ ਭਾਊ (ਪਿਤਾ) ਤਾਂ ਤੈਨੂੰ ਪਤੇ ਪਿਛਲੇ ਦੋ ਸਾਲਾਂ ਤੋਂ ਮੰਜੇ ਤੇ ਪਿਐ।ਜ਼ਮੀਨ ਦੇ ਜਿਹੜੇ ਤਿੰਨ ਕਿੱਲੇ ਹਿੱਸੇ ਠੇਕੇ `ਤੇ ਦਿੰਦੇ ਆਂ, ਉਹ ਕੁਝ ਪੱਲੇ ਨਹੀਂ ਪਾਉਂਦੇ।
ਭਾਊ ਜੀ ਪਿਛਲੇ ਦੋ ਸਾਲਾਂ ਤੋਂ ਰੀਂਗਣ ਵਾਅ ਦੀ ਤਕਲੀਫ ਕਾਰਨ ਮੰਜੇ ਨਾਲ ਜੁੜੇ ਹੋਏ ਸਨ। ਉਨ੍ਹਾਂ ਨੇ ਤਾਂ ਮੈਨੂੰ ਅੱਠਵੀਂ ਪਾਸ ਕਰਨ ਤੋਂ ਬਾਅਦ ਹੀ ਪੜ੍ਹਾਉਣ ਤੋਂ ਨਾਂਹ ਕਰ ਦਿੱਤੀ ਸੀ।ਤਿੰਨ ਕੁ ਕਿੱਲੇ ਜ਼ਮੀਨ ਹਿੱਸੇ ਠੇਕੇ ’ਤੇ ਦਿੱਤੀ ਹੋਈ ਸੀ।ਪਾਕਿਸਤਾਨੋਂ ਏਧਰ ਇੰਨੀ ਕੁ ਜ਼ਮੀਨ ਹੀ ਅਲਾਟ ਹੋਈ ਸੀ। ਇਸ ਨਾਲ ਪਰਿਵਾਰ ਦਾ ਗੁਜ਼ਾਰਾ ਹੋਣਾ ਔਖਾ ਸੀ। ਸਾਰੇ ਭੈਣਾਂ-ਭਰਾਵਾਂ ਤੋਂ ਵੱਡਾ ਹੋਣ ਕਰਕੇ ਘਰ ਦਾ ਤੋਰਾ-ਤੋਰਨ ਦੀ ਜ਼ਿੰਮੇਵਾਰੀ ਮੇਰੀ ਬਣਦੀ ਸੀ। ਦਾਦੀ ਜੀ ਅਤੇ ਤਾਇਆ ਜੀ ਦੀ ਹਿੰਮਤ ਨਾਲ ਮੈਂ ਦਸਵੀਂ ਪਾਸ ਕਰ ਲਈ।
ਸਾਡੇ ਸਕਿਆਂ `ਚੋਂ ਬਾਹਰਲੇ ਘਰ ਵਾਲੇ ਬਾਬੇ ਪਿਆਰੇ ਕਿਆਂ ਦੀ ਸਾਨੂੰ ਪੂਰੀ ਇਮਦਾਦ ਸੀ। ਵੇਲੇ -ਕੁਵੇਲੇ ਕਈ ਜ਼ਰੂਰਤ ਦੀਆਂ ਚੀਜ਼ਾਂ ਮੈਂ ਓਧਰੋ ਲੈ ਆਉਂਦਾ ਸੀ।ਉਨ੍ਹਾਂ ਦੀ ਜ਼ਮੀਨ-ਜਾਇਦਾਦ ਚੰਗੀ ਸੀ।ਸਵੇਰੇ ਸੁਵੱਖਤੇ ਉੱਠ ਕੇ ਪਹਿਲਾਂ ਮੈ ਨਿਆਈ `ਚੋਂ ਆਪਣੀ ਮੱਝ ਲਈ ਪੱਠੇ ਵੱਢ ਕੇ ਲਿਆਉਂਦਾ, ਟੋਕੇ `ਤੇ ਕੜਬ ਕੁਤਰਦਾ ਤੇ ਫਿਰ ਹਾੜ੍ਹੀ ਵੱਢਣ ਚਲਾ ਜਾਂਦਾ।ਅਲੂੰਏ ਜਿਹੇ ਕਮਜੋਰ ਸਰੀਰ ਲਈ ਵਾਢੀਆਂ ਦਾ ਸਖਤ ਕੰਮ ਕਰਨਾ ਸੀ ਤਾ ਔਖਾ, ਪਰ ਮਜਬੂਰੀ ਸੀ।ਸਵੇਰ ਤੋਂ ਸ਼ਾਮ ਤਕ ਕਣਕ ਵੱਢਣੀ, ਕਣਕ ਦੀਆਂ ਭਰੀਆਂ ਚੁੱਕ ਕੇ ਇੱਕ ਥਾਂ ਮੰਡਲੀਆਂ ਲਾਉਣੀਆਂ ਤੇ ਫਿਰ ਖੇਤ ਵਿੱਚੋ ਮੋਟੇ-ਮੋਟੇ ਮਿੱਟੀ ਦੇ ਡਲੇ ਪੁੱਟ ਕੇ ਮੰਡਲੀਆਂ ਉੱਤੇ ਰੱਖਣੇ ਤਾਂ ਜੋ ਤੇਜ਼ ਮੀਹ-ਹਨੇਰੀ ਨਾਲ ਮੰਡਲੀਆਂ ਖਿੱਲਰ ਨਾ ਜਾਣ।ਢੱਡੀ ਵਾਲੇ ਪਾਸੇ ਦੀ ਕਣਕ ਵੱਢ ਲਈ ਗਈ ਤਾਂ ਗੱਡਿਆ ਉੱਤੇ ਲੱਦ ਕੇ ਪਿੰਡ ਦੇ ਨੇੜੇ ਪਿੜਾਂ ਵਿੱਚ ਸੁੱਟਣੀ ਸ਼ੁਰੂ ਕਰ ਦਿੱਤੀ। ਸਾਰਾ ਲਾਂਗਾ ਪਿੜ ਵਿੱਚ ਗੋਲ ਘੇਰੇ ਵਿਚ ਖਿਲਾਰ ਕੇ ਫਲੇ੍ਹ ਪਾ ਲਏ।ਪੂਰੀ ਤਰ੍ਹਾਂ ਗਾਹ ਕੇ ਤਰੰਗਲੀਆਂ ਨਾਲ ਹਵਾ `ਚ ਉਛਾਲ ਕੇ ਤੂੜੀ ਦਾ ਵੱਖਰਾ ਢੇਰ ਲਾ ਲਿਆ ਗਿਆ।ਦੁਪਹਿਰ ਤੋਂ ਬਾਅਦ ਜਦੋਂ ਹਵਾ ਰੁਮਕ ਪਈ ਤਾਂ ਚਾਚਾ ਅਵਤਾਰ ਤੇ ਮਿੰਦਰ ਨੇ ਛਜਲੀਆਂ ਨਾਲ ਕਣਕ ਦਾ ਬੋਹਲ ਲਾਉਣਾ ਸ਼ੁਰੂ ਕਰ ਦਿੱਤਾ।ਮੈਂ ਉਨ੍ਹਾਂ ਦੇ ਸੀਰੀਆਂ ਨਾਲ ਰਲ ਕੇ ਤੂੜੀ ਢੋਣ ਲੱਗ ਪਿਆ।ਚਾਚੇ ਅਵਤਾਰ ਨੂੰ ਪੁੱਛ ਕੇ ਮੈਂ ਕੁਝ ਪੰਡਾਂ ਆਪਣੀ ਮੱਝ ਲਈ ਘਰ ਵੀ ਸੁੱਟਣ ਚਲਾ ਗਿਆ। ਥੋੜ੍ਹਾ ਚਿਰ ਸਾਹ ਲੈਣ ਲਈ ਬੀਬੀ ਜੀ ਕੋਲ ਬੈਠਿਆਂ ਤਾਂ ਉਹ ਮੇਰੇ ਨੇੜੇ ਹੋ ਗਈ,`` ਪੁੱਤਰ ,ਕਣਕ ਕਦੋਂ ਢੋਣੀ ਐ.......?``ਕੱਲ੍ਹ ਨੂੰ ਸਵੇਰੇ ਮੂੰਹ-ਨੇ੍ਹਰੇ......ਅੱਜ ਤਾਂ ਤੂੜੀ ਦਾ ਕੰਮ ਈ ਮਸਾਂ ਨਿਬੜੂ.....।````ਆਵਦੇ ਚਾਚੇ ਨੂੰ ਪੁੱਛ ਕੇ ਵੀਹ-ਪੱਚੀ ਸੇਰ ਪੀਹਣ ਜੋਗੀ ਕਣਕ ਤਾਂ ਘਰੇ ਸੁੱਟ ਜੀ````ਪੁੱਛ ਲਊਂਗਾ....`` ਕਹਿ ਕੇ ਮੈਂ ਪਿੜਾਂ ਵੱਲ ਨੂੰ ਤੁਰ ਪਿਆ।ਜਿਹੜੇ ਬਸਤੀ ਵਾਲੇ ਅਰਜਨ ਅਮਲੀ ਕਿਆਂ ਨੂੰ ਅਸੀਂ ਜ਼ਮੀਨ ਹਿੱਸੇ ਤੇ ਦਿੱਤੀ ਹੋਈ ਸੀ ਉਹ ਪਿਛਲੇ ਦੋ ਸਾਲਾ ਤੋਂ ਬਾਜਰਾ ਹੀ ਬੀਜ ਰਹੇ ਸਨ ਤੇ ਸਾਡੇ ਹਿੱਸੇ ਆਉਂਦਾ ਤਿੰਨ ਚਾਰ ਮਣ ਬਾਜਰਾ ਸਾਨੂੰ ਦੇ ਛੱਡਦੇ ਸਨ।ਕਣਕ ਦੇ ਆਟੇ ਤੋਂ ਬਿਨਾਂ ਨਿਰੇ੍ਹ ਬਾਜਰੇ ਦੀਆਂ ਰੋਟੀਆਂ ਸਾਡੀ ਬੀਬੀ ਪਤਾਂ ਨਹੀਂ ਕਿਵੇਂ ਥੱਪ ਲੈਂਦੀ ਸੀ। ਬਾਜਰੇ ਦੀਆਂ ਸਖਤ ਅਤੇ ਖੁਸ਼ਕ ਰੋਟੀਆਂ ਖਾ-ਖਾ ਕੇ ਮਨ ਅੱਕਿਆ ਪਿਆ ਸੀ।ਇਸ ਤੋਂ ਇਲਾਵਾ ਗੱਲ ਇਹ ਵੀ ਸੀ ਕਿ ਪਿੰਡ ਢੁੱਡੀ ਦੇ ਸਕੂਲ `ਚ ਪੜ੍ਹਨ ਲਈ ਪੈਦਲ ਜਾਣਾ ਪੈਂਦਾ ਸੀ। ਮਿਰਚਾਂ ਦੀ ਚਟਨੀ ਰੱਖ ਕੇ ਪੋਣੇ `ਚ ਬੰਨ੍ਹੀਆਂ ਬਾਜਰੇ ਦੀਆਂ ਰੋਟੀਆਂ,ਝੋਲੇ ਅਤੇ ਕਿਤਾਬਾਂ ਦੇ ਵਿਚਕਾਰ ਪਿਸ ਕੇ ਚੂਰ-ਭੂਰ ਹੋ ਜਾਂਦੀਆਂ।ਅੱਧੀ ਛੁੱਟੀ ਵੇਲੇ ਸਕੂਲ ਦੀ ਹਲਟੀ ਦੁਆਲੇ ਬਹਿ ਕੇ ਸਾਰੇ ਜਾਣੇ ਰੋਟੀਆਂ ਖਾਂਦੇ ਸਨ। ਮੈਂ ਸਾਰਿਆਂ ਤੋਂ ਵੱਖਰਾ ਹੋਕੇ, ਓਹਲੇ `ਚ ਬਹਿ ਕੇ ਇਸ ਚੂਰ-ਭੂਰ ਦੇ ਫੱਕੇ ਮਾਰ ਲੈਂਦਾ ਤੇ ਹਲਟੀ ਤੋਂ ਬੁੱਕਾਂ ਨਾਲ ਪਾਣੀ ਪੀ ਕੇ ਤਸੱਲੀ ਕਰ ਲੈਂਦਾ।ਇੱਕ ਦਿਨ ਸਾਡੀ ਕਲਾਸ ਇੰਚਾਰਜ ਬਲਵੀਰ ਕੌਰ ਭੈਣ ਜੀ ਟਹਿਲਦੇ-ਟਹਿਲਦੇ ਮੇਰੇ ਪਿੱਛੇ ਆਣ ਖਲੋਤੇ ਅਤੇ ਫਿਰ ਹੌਲੀ ਜਿਹੀ ਮੇਰੇ ਨਾਲ ਖਹਿ ਕੇ ਬਹਿ ਗਏ।ਮੈਂ ਆਪਣਾ ਚੂਰ-ਭੂਰ ਵਾਲਾ ਪੋਣਾ ਲੁਕਾਉਣ ਲਈ ਟੇਢਾ ਜਿਹਾ ਹੋ ਕੇ ਬਹਿ ਗਿਆ।ਭੈਣ ਜੀ ਹੋਰ ਵੀ ਮੇਰੇ ਨਾਲ ਲੱਗ ਗਏ-``ਸੰਤੋਖਿਆ, ਵਿਖਾ ਤਾਂ ਸਹੀ, ਕਾਹਦੇ ਨਾਲ ਰੋਟੀ ਖਾ ਰਿਹੈਂ...?``ਨਹੀਂ .....ਭੈਣ ਜੀ...ਨਹੀਂ...।``ਮੇਰੇ ਨਾਂਹ-ਨਾਂਹ ਕਰਦਿਆਂ ਉਨ੍ਹਾਂ ਨੇ ਮੇਰੇ ਹੱਥੋਂ ਪੋਣਾ ਖੋਹ ਕੇ ਉਸ ਚੂਰ-ਭੂਰ ਦਾ ਫੱਕਾ ਮਾਰ ਲਿਆ।``ਇਹ ਤਾਂ ਸੁਆਦ ਈ ਬੜਾ ਏ....।`` ਕਹਿ ਕੇ ਭੈਣ ਜੀ ਤੁਰ ਗਏ, ਪਰ ਮੈਨੂੰ ਸ਼ਰਮਿੰਦਗੀ ਬੜੀ ਹੋਈ।ਇਸੇ ਲਈ ਦਿਨ-ਰਾਤ ਦੀ ਸਖਤ ਮਿਹਨਤ ਨਾਲ ਭਾਵੇਂ ਮੇਰਾ ਸਰੀਰ ਥੱਕ ਕੇ ਦਰਦਾਂ ਨਾਲ ਭਰਿਆ ਪਿਆ ਸੀ, ਪਰ ਇਸ ਉਮੀਦ ਨੇ ਕਿ ਅਸੀਂ ਵੀ ਕਣਕ ਦੀ ਰੋਟੀ ਖਾਵਾਂਗੇ, ਮੇਰੇ ਅੰਦਰ ਨਵੀਂ ਤਰੰਗ ਭਰੀ ਰੱਖੀ, ਤੇ ਮੈਂ ਬਿਨਾਂ ਕਿਸੇ ਸ਼ਿਕਵੇ-ਸ਼ਿਕਾਇਤ ਦੇ ਬਾਬੇ ਪਿਆਰੇ ਦੇ ਘਰ ਦਾ ਦਿਹਾੜੀ-ਦੱਪੇ ਦਾ ਕੰਮ ਜੀਅ ਜਾਨ ਨਾਲ ਕਰਦਾ ਰਿਹਾ।ਇਸ ਮਿਹਨਤ ਦੇ ਮੈਨੂੰ ਭਾਵੇਂ ਨਕਦ ਪੈਸੇ ਨਹੀਂ ਸਨ ਮਿਲਨੇ, ਪਰ ਕਣਕ ਮਿਲਣ ਦਾ ਚਾਅ ਅਤੇ ਕਣਕ ਦੀਆਂ ਰੋਟੀਆਂ ਖਾਣ ਦੀ ਖੁਸ਼ੀ ਮੈਨੂੰ ਉਡਾਈ ਫਿਰਦੀ ਸੀ।ਰਾਤੀ ਸੁੱਤਿਆ ਮੈਨੂੰ ਤਾਂ ਪਤਾ ਵੀ ਨਹੀਂ ਲੱਗਿਆ। ਥਕੇਵਾਂ ਏਨਾਂ ਸੀ ਕਿ ਸੁਰਤ ਹੀ ਨਹੀਂ ਸੀ। ਗੂੜ੍ਹੀ ਨੀਂਦ।ਰਾਤ ਅੱਧੀਓ ਵੱਧ ਲੰਘ ਗਈ ਸੀ। ਬੀਬੀ ਜੀ ਉੰਚੀ-ਉੱਚੀ ਆਵਾਜ਼ਾਂ ਮਾਰ ਕੇ ਮੈਨੂੰ ਹਲੂਣ ਰਹੀ ਸੀ, `` ਵੇ ਸੰਤੋਖ.....ਸੰਤੋਖ ਵੇ...ਵੇ.....ਵੇ....ਉੱਠ ਕੇ ਵੇਖ ਤਾਂ ਸਹੀ.....।``ਮੈਂ ਅੱਬੜਵਾਹੇ ਅੱਖਾਂ ਮਲਦਾ ਉੱਠਿਆ। ਤੇਜ਼ ਤੂਫਾਨ। ਬੱਦਲਾਂ ਦੀ ਖਤਰਨਾਕ ਗੜਗੜਾਹਟ। ਲੱਗਦਾ ਸੀ ਜਿਵੇਂ ਕੰਧਾਂ ਕੋਠੇ ਪਾਟ ਜਾਣਗੇ। ਬੂਹਿਓ ਬਾਹਰ ਮੂੰਹ ਨਹੀਂ ਸੀ ਕੱਢਿਆ ਜਾਂਦਾ। ਪਿੜਾਂ `ਚ ਪਏ ਤੂੜੀ ਦੇ ਢੇਰਾਂ ਦੇ ਢੇਰ, ਸ਼ੂਕਦੇ ਤੂਫਾਨ ਨਾਲ ਉੱਡ ਕੇ ਆਸਮਾਨ `ਚ ਖਿੱਲਰ ਗਏ ਸਨ। ਉੱਡ ਉੱਡ ਕੇ ਆਈ ਤੂੜੀ ਨਾਲ ਵਿਹੜਾ ਭਰਦਾ ਜਾਂਦਾ ਸੀ।ਵੇਖਦੇ ਵੇਖਦੇ ਗੜ੍ਹਿਆਂ ਦੀ ਤੇਜ਼ ਬੁਛਾੜ ਹੋਈ ਤੇ ਫਿਰ ਬੱਦਲਾਂ ਦੀ ਖਤਰਨਾਕ ਗੜਗੜਾਹਟ ਨਾਲ ਤੂਫਾਨੀ ਬਾਰਸ਼ ਸ਼ੁਰੂ ਹੋ ਗਈ। ਮੀਂਹ ਤਾ ਰੁਕਣ ਦਾ ਨਾ ਹੀ ਨਹੀਂ ਸੀ ਲੈ ਰਿਹਾ।``ਕਣਕ ਦਾ ਕੀ ਬਣੂੰ....=;ਵਸ`` ਬੀਬੀ ਜੀ ਬੈਠੀ ਬੈਠੀ ਬੁੜਬੁੜਾਈ। ਉਹਦਾ ਗੱਚ ਭਰ ਆਇਆ ਸੀ।`` ਵਾਗਰੂ ਵਾਗਰੂ ਕਰ ਹਰਬੰਸ ਕੁਰੇ...ਉਹਦੇ ਅੱਗੇ ਕੀਹਦਾ ਜ਼ੋਰ ਐ...?` ਲੱਤਾ ਚੋਂ ਨਿਕਲੀਆਂ ਚੀਸਾਂ ਨੂੰ ਆਪਣੇ ਹੱਥਾਂ ਨਾਲ ਪੋਲਾ ਪੋਲਾ ਘੁੱਟਦੇ ਭਾਉ ਜੀ ਕਹਿ ਰਹੇ ਸਨ।ਮੇਰੇ ਛੋਟੇ ਭੈਣ-ਭਰਾ ਡੌਰ-ਭੋਰ ਹੋਏ ਬੈਠੇ ਸਨ।ਸਹਿਮੇ-ਸਹਿਮੇ।ਮੇਰੇ ਅੰਗ-ਅੰਗ `ਚ ਥਕੇਵੇ ਦੀਆਂ ਚਸਕਾਂ ਪੈ ਰਹੀਆਂ ਸਨ।ਪਹੁ ਫੁੱਟਦੇ ਨੂੰ ਮੈਂ ਕਾਹਲੀ ਕਾਹਲੀ ਪਿੜਾ ਵੱਲ ਨੂੰ ਹੋ ਤੁਰਿਆ। ਸਾਰਾ ਗੁੱਭ-ਗੁਲ੍ਹਾਟ ਕੱਢ ਕੇ ਅਸਮਾਨ ਸਾਫ ਸੀ। ਬੀਬੀ ਜੀ ਵੀ ਮੇਰੇ ਮਗਰੇ ਹੋ ਤੁਰੀ। ਪਿੱੜਾਂ ਦਾ ਹਾਲ ਵੇਖ ਕੇ ਮੈਨੂੰ ਗਸ਼ੀਆਂ ਪੇਣ ਨੂੰ ਹੋ ਗਈਆਂ। ਮੇਰਾ ਦਿਮਾਗ ਸੁੰਨ ਹੋ ਗਿਆ।ਜਿਹੜੀ ਥਾਂ ਉੱਤੇ ਕਣਕ ਦਾ ਬੋਹਲ ਲੱਗਿਆ ਹੋਇਆ ਸੀ।ਉਹਦੇ ਨਾਲ ਦੀ ਲੰਘਦਾ ਕੱਚਾ ਖਾਲ, ਮਸਾਂ ਦੋ ਕੁ ਕਿੱਲਿਆਂ ਦੀ ਵਿੱਥ `ਤੇ ਛੱਪੜ `ਚ ਪੈਂਦਾ ਸੀ। ਇਸ ਖਾਲ ਰਾਹੀ ਛੱਪੜ ਨੂੰ ਵਾਰੀ ਦਾ ਨਹਿਰੀ ਪਾਣੀ ਪਾਇਆ ਜਾਂਦਾ ਸੀ।ਤੇਜ਼ ਮੀਂਹ ਤੇ ਝੱਖੜ ਨਾਲ ਸਾਰੇ ਦਾ ਸਾਰਾ ਬੋਹਲ ਰੁੜ੍ਹ ਕੇ ਖਾਲ ਰਾਹੀ ਛੱਪੜ `ਚ ਜਾ ਵੜਿਆ ਸੀ। ਖਾਲ `ਚ ਥਾਂ-ਥਾਂ ਅਟਕੀ ਹੋਈ ਕਣਕ ਬੱਕਲੀਆਂ ਬਣੀ ਪਈ ਸੀ।ਰੁੜੀ ਜਾਂਦੀ ਕਣਕ ਨੂੰ ਪੋਲਾ ਪੋਲਾ ਟੋਂਹਦੀ ਬੀਬੀ ਜੀ ਦੇ ਗਲੇ `ਚ ਭਰਿਆ ਗੱਚ ਹਉਕਾ ਬਣ ਕੇ ਨਿਕਲ ਗਿਆ। ਅੱਖਾਂ `ਚੋ ਹੰਝੂਆਂ ਦੀਆਂ ਘਰਾਲਾਂ ਵਹਿ ਤੁਰੀਆਂ। ਸੰਪਰਕ: +91 98152 96475