ਨੰਬਰ ਸੇਵਾ 'ਚ ਨਹੀਂ - ਇਕ਼ਬਾਲ ਰਾਮੂਵਾਲੀਆ
Posted on:- 09-09-2012
ਪੂਰਾ ਹਫ਼ਤਾ ਹੋ ਚੱਲਿਐ, ਕੁਸਮ ਆਪਣੀਆਂ ਮਿਚੂੰ-ਮਿਚੂੰ ਕਰਦੀਆਂ ਅੱਖਾਂ ਨੂੰ ਮਲ਼ਦਿਆਂ ਸੋਚਦੀ ਹੈ। -ਸਿਰ ਉਦਾਲ਼ੇ ਲਿਪਟੀ ਇਹ ਕੰਬਖ਼ਤ ਜਕੜ ਹੁਣ ਤਾਂ ਨਰਮ ਹੋ ਜਾਣੀ ਚਾਹੀਦੀ ਐ!
ਸੂਤੀ ਸਕਾਰਫ਼ ਨੂੰ ਆਪਣੇ ਸਿਰ ਦੁਆਲੇ ਬੰਨ੍ਹੀਂ ਰੱਖਣ ਤੋਂ ਵੀ ਅੱਕੀ ਪਈ ਹੈ ਉਹ। ਐਦੂੰ ਵਧ ਉਹ ਇਸ ਨੂੰ ਹੋਰ ਕਿੰਨਾ ਕੁ ਕੱਸ ਲਵੇ? ਇਹ ਡਰ ਵੀ ਤਾਂ ਉਸਦੇ ਦਿਮਾਗ਼ 'ਚ ਕਾਂ-ਕਾਂ ਕਰਨੋ ਨਹੀਂ ਹਟਦਾ ਕਿ ਸਕਾਰਫ਼ ਨੂੰ ਜ਼ਰਾ ਕੁ ਹੋਰ ਕੱਸ ਦੇਣ ਨਾਲ਼, ਸਿਰ-ਦਰਦ ਵੱਲੋਂ ਝੰਬੀਆਂ ਉਸਦੀਆਂ ਨਾੜਾਂ ਵਿੱਚ, ਲਹੂ ਦਾ ਵਹਿਣ ਕਿਧਰੇ ਰੁਕ ਹੀ ਨਾ ਜਾਵੇ।
-ਉਂਝ ਨਾੜਾਂ 'ਚੋਂ ਲਹੂ ਦਾ ਵਹਿਣ ਜੇ ਕਿਤੇ ਸੱਚੀਂ ਹੀ ਰੁਕ ਜਾਵੇ ਤਾਂ ਐਦੂੰ ਚੰਗਾ, ਭਲਾ, ਹੋਰ ਕੀ ਹੋ ਸਕਦੈ? ਜ਼ਿੰਦਗੀ ਦੇ ਝੰਜਟ ਤੋਂ ਤਾਂ ਛੁਟਕਾਰਾ ਹੋ ਜੂ!
ਜ਼ਿੰਦਗੀ ਤੋਂ ਛੁਟਕਾਰਾ ਹੋ ਜਾਣ ਦਾ ਖ਼ਿਆਲ ਉਗਦਿਆਂ ਹੀ ਜੈਸਿਕਾ ਉਸਦੇ ਮੱਥੇ 'ਚ ਆ ਬੈਠਦੀ ਹੈ, ਕਿਤਾਬਾਂ-ਕਾਪੀਆਂ ਨੂੰ ਸਟਡੀ-ਡੈਸਕ 'ਤੇ ਐਧਰ-ਓਧਰ ਸੰਵਾਰਦੀ-ਚਿਣਦੀ ਹੋਈ, ਤੇ ਮੋਢਿਆਂ ਤੀਕ ਕੱਟੇ ਹੋਏ ਵਾਲ਼ਾਂ ਨੂੰ ਪਲ ਕੁ ਮਗਰੋਂ ਝਟਕਦੀ ਹੋਈ। -ਕੀਹਦੇ ਕੋਲ਼ ਰਹੂ ਇਹ ਨਾਦਾਨ ਨਿਆਣੀ ਜੇ ਮੈਨੂੰ ਕੁਝ ਹੋ ਗਿਆ ਤਾਂ! ਸੋਲ਼ਾਂ ਸਾਲ ਦੀ ਉਮਰ ਟੱਪ ਜਾਣ ਨਾਲ਼ ਏਹ ਕਿਤੇ ਇਕੱਲੀ ਹੀ ਆਪਣੇ-ਆਪ ਨੂੰ ਸਾਂਭਣ ਦੇ ਯੋਗ ਥੋੜੋਂ ਹੋਗੀ ਐ!
ਹੁਣ ਉਹ ਡਾਕਟਰ ਗਰਗ ਦੇ ਕਲਿਨਿਕ ਦੇ ਫ਼ੋਨ ਨੰਬਰ ਲਈ ਡਾਇਰੀ ਚੁੱਕਣ ਵਾਸਤੇ ਅਹੁਲ਼ਦੀ ਹੈ।
-ਪਰ ਡਾਕਟਰ ਦੇ ਜਾਣ ਦਾ ਵੀ ਕੀ ਫ਼ਾਇਦਾ, ਕੁਸਮ ਆਪਣੀਆਂ ਪੁੜਪੁੜੀਆਂ ਨੂੰ ਆਪਣੇ ਅੰਗੂਠੇ ਅਤੇ ਵਿਚਕਾਰਲੀ ਉਂਗਲ਼ ਵਿਚਕਾਰ ਘੁੱਟ ਕੇ ਸਿਰ ਨੂੰ ਸੱਜੇ-ਖੱਬੇ ਝਟਕਦੀ ਹੈ। -ਜਦੋਂ ਮਰਜੀ ਚਲੇ ਜਾਵੋ, ਮੇਲਾ ਲੱਗਿਆ ਹੁੰਦੈ ਵੇਟਿੰਗ ਰੂਮ 'ਚ... ਅਪੋਆਇੰਟਮੈਂਟ ਹੁੰਦੀ ਐ ਦਸ ਵਜੇ ਦੀ ਤੇ ਵਾਰੀ ਆਉਂਦੀ ਐ ਸਾਢੇ ਗਿਆਰਾਂ ਵਜੇæææ ਤੇ ਡਾਕਟਰ ਉਹੀ ਘੜੀ-ਘੜਾਈ ਸਲਾਹ ਉਗਲ਼ ਦਿੰਦੈ: ਮਾਈਗ੍ਰੇਨ ਐ... ਗਰੈਵਲ ਦੀਆਂ ਦੋ ਗੋਲ਼ੀਆਂ ਨਿਗਲ਼ ਲੈ ਤੇ ਇੱਕ ਟੈਲਾਨਾਲ ਦੀ... ਫ਼ੋਨ ਦੀ ਬੈੱਲ ਕਰਦੇ ਬੰਦ, ਤੇ ਕੰਬਲ਼ ਓੜ ਕੇ ਸੌਂ ਜਾ!
ਸਟੋਵ 'ਤੇ ਉੱਬਲ਼ਦੀ ਚਾਹ ਉੱਪਰ ਦੁੱਧ ਦਾ ਜੱਗ ਟੇਢਾ ਕਰਦਿਆਂ ਉਹ ਸੋਚਣ ਲਗਦੀ ਹੈ: ਮਾਈਗ੍ਰੇਨ ਨੇ ਪਹਿਲਾਂ ਕਦੇ ਐਸ ਤਰ੍ਹਾਂ ਨਹੀਂ ਕੀਤਾ ਕਿ ਏਨੇ ਦਿਨਾਂ ਬਾਅਦ ਵੀ ਸਿਰ 'ਚੋਂ ਤੰਬੂ ਉਖੜਬ ਦਾ ਨਾਮ ਹੀ ਨਾ ਲਵੇ: ਉਨ੍ਹਾਂ ਚੰਦਰੇ ਦਿਨਾਂ 'ਚ ਵੀ ਨe੍ਹੀਂ, ਜਦੋਂ ਮੇਰਾ ਘਰ ਹੀ ਮੇਰੇ ਹੱਥੋਂ ਖਿਸਕ ਗਿਆ ਸੀæææ ਗਿੱਲੀਆਂ ਉਂਗਲਾਂ 'ਚੋਂ ਤਿਲਕਦੀ ਬਰਫ਼ ਦੀ ਕਿਊਬ ਵਾਂਙੂ; ਜੈਸਿਕਾ ਦੀਆਂ ਦੁੱਧ ਵਾਲ਼ੀਆਂ ਸ਼ੀਸ਼ੀਆਂ 'ਚ ਭਾਂ-ਭਾਂ ਖਿਲਾਰਦਾ ਹੋਇਆ।
ਘਰ ਦੇ ਖਿਸਕਦਿਆਂ ਹੀ ਕੁਸਮ ਨੂੰ ਕਿਸੇ ਭੀੜੀ ਜਿਹੀ ਬੇਸਮੈਂਟ ਵੱਲ ਨੂੰ ਉੱਤਰਦੀਆਂ ਪੌੜੀਆਂ ਦਿਸਣ ਲੱਗ ਪਈਆਂ ਸਨ, ਤੇ ਜੈਸਿਕਾ ਦੀਆਂ ਸਕਰਟਾਂ ਤੇ ਜੀਨਾਂ 'ਚ ਮੋਟੀਆਂ-ਮੋਟੀਆਂ ਮੋਰੀਆਂ! ਕਲਪਿਤ ਬੇਸਮੈਂਟ 'ਚ ਖਲੋਤਾ ਫ਼ਰਿੱਜ ਜਿਵੇਂ ਡੂੰਘੇ-ਡੂੰਘੇ ਹਾਉਕੇ ਲੈ ਕੇ ਕਹਿਣ ਲੱਗ ਪਿਆ ਸੀ: ਮੈਨੂੰ ਭੁੱਖ ਲੱਗੀ ਆ; ਮੇਰੇ ਅੰਦਰ ਬਰੈੱਡ, ਬਟਰ ਤੇ ਆਂਡਿਆਂ ਦੀ ਟਰੇਅ ਲਿਆ ਕੇ ਰੱਖੋ ਜੀਅਅਅ!
ਕੁਸਮ ਤੇ ਜੈਸਿਕਾ ਜਿਉਂ ਹੀ ਬੇਸਮੈਂਟ ਵਿੱਚ ਉੱਤਰੀਆਂ ਸਨ, ਅਣਗਿਣਤ ਸੁਆਲ ਕੁਸਮ ਦੇ ਮੱਥੇ 'ਚ ਵੜਨ-ਨਿੱਕਲਣ ਲੱਗੇ ਸਨ: -ਜ਼ਿੰਦਗੀ ਨੂੰ ਚਲਾਉਣ ਲਈ ਫ਼ੈਕਟਰੀ 'ਚ ਕੰਮ ਤਾਂ ਜਾਰੀ ਰੱਖਣਾ ਪੈਣਾਂ ਈ ਐ, ਪਰ ਕਾਰਡ ਜੇ ਸਵੇਰੇ ਸੱਤ ਵਜੇ ਪੰਚ ਕਰਨਾ ਪਿਆ ਤਾਂ ਕੀਹਦੇ ਕੋਲ਼ ਛੱਡ ਕੇ ਜਾਇਆ ਕਰੂੰ ਨਿਆਣੀ ਜੈਸਿਕਾ ਨੂੰ? ਸਕੂਲ ਦੇ ਅਹਾਤੇ 'ਚ ਅੱਠ ਵਜੇ ਤੋਂ ਪਹਿਲਾਂ ਦਾਖ਼ਲ ਹੋਣ ਦੀ ਮਨਾਹੀ ਹੁੰਦੀ ਐ; ਕੌਣ ਛੱਡਣ ਜਾਊ ਜੈਸਿਕਾ ਨੂੰ ਸਵੇਰੇ ਸਵਾ ਅੱਠ ਵਜੇ ਸਕੂਲੇ ਤੇ ਕੌਣ ਦੁਪਹਿਰੇ ਢਾਈ ਵਜੇ ਲੈ ਕੇ ਆਊ ਇਸ ਨੂੰ ਵਾਪਿਸ? ਵਾਪਿਸ ਜੇ ਇਹ ਕਿਸੇ ਗਵਾਂਢੀ ਨਾਲ ਆ ਵੀ ਜਾਵੇ, ਤਾਂ ਕੀਹਦੀ ਨਿਗਰਾਨੀ 'ਚ ਰਹੂ ਇਹ ਮੇਰੇ ਕੰਮ ਤੋਂ ਪਰਤਣ ਤੀਕਰ? ਏਥੇ ਤਾਂ ਅੱਜ-ਕੱਲ ਲੋਕ ਛੇ ਛੇ ਸਾਲ ਦੇ ਨਿਅਣਿਆਂ ਨੂੰ ਨਹੀਂ ਬਖ਼ਸ਼ਦੇ, ਫ਼ਿਰ ਮੇਰੀ ਗ਼ੈਹਾਜ਼ਰੀ 'ਚ ਜੇ ਕੋਈ ਕਲ਼ਮੂੰਹਾਂ ਏਹਨੂੰ ਫੁਸਲਾਅ ਕੇ ਲੈ ਗਿਆ?
-ਓ ਹੋ! ਆਪਣੇ ਚਿਹਰੇ ਨੂੰ ਸੱਜੇ-ਖੱਬੇ ਗੇੜਦੀ, ਤੇ ਜੈਸਿਕਾ ਦੇ ਸਿਰ ਨੂੰ ਥਪਥਪਾਉਂਦੀ ਹੋਈ ਕੁਸਮ ਘਿਸੜਵੀਂ ਅਵਾਜ਼ ਵਿੱਚ ਬੁੜਬੁੜਾਈ ਸੀ: -ਜ਼ਾਲਮ ਬੰਦਿਆ, ਕਿਹੜੇ ਫਾਹਿਆਂ 'ਚ ਛੱਡ ਕੇ ਤੁਰ ਗਿਐਂ ਤੂੰ ਮੈਨੂੰ ਨਿਕਰਮੀ ਨੂੰ!
ਹਾਂ, ਉਹਦਾ ਘਰ ਪੁਲ਼ਕ ਕਰ ਕੇ ਨਿੱਕਲ਼ ਗਿਆ ਸੀ ਉਸਦੀਆਂ ਪਤਲੀਆਂ ਪਤਲੀਆਂ ਉਂਗਲ਼ਾਂ ਵਿੱਚੋਂ, ਜਿਵੇਂ ਝੀਲ 'ਚ ਖਲੋਤੇ ਨਿਆਣੇ ਦੇ ਹੱਥਾਂ 'ਚੋਂ ਮਸਾਂ-ਪਕੜੀ ਮੱਛੀ ਤਿਲਕ ਜਾਂਦੀ ਹੈ...
ਪਰ ਉਹ ਇਸ ਗੱਲ 'ਤੇ ਬੜੀ ਅਚੰਭਿਤ ਹੁੰਦੀ ਰਹੀ ਹੈ ਕਿ ਘਰ ਦੇ ਖਿਸਕ ਜਾਣ ਵਾਲੇ ਏਡੇ ਵੱਡੇ ਸਦਮੇ ਨੂੰ ਉਸਨੇ ਸਹਿਣ ਕਿੰਝ ਕਰ ਲਿਆ ਸੀ। ਏਡਾ ਵੱਡਾ ਸਦਮਾ! ਹੁਣ ਵੀ, ਘਰ ਜਦੋਂ ਵੀ ਉਸਦੀਆਂ ਸੋਚਾਂ 'ਚ ਖੁਲ੍ਹਣ-ਬੰਦਣ ਲਗਦਾ ਹੈ ਤਾਂ ਕੰਬਦੀਆਂ ਉਂਗਲ਼ਾਂ 'ਚ ਪਕੜਿਆ ਬੈਂਕ ਦਾ ਉਹ ਨੋਟਿਸ ਵੀ ਉਸਦੇ ਜ਼ਿਹਨ 'ਚ, ਰੱਸੀ ਨਾਲ਼ ਲਟਕਾਏ ਚਾਕੂ ਵਾਂਙ, ਸੱਜੇ-ਖੱਬੇ ਝੂਲਣ ਲੱਗ ਜਾਂਦਾ ਹੈ: ਯੂ ਹੈਵ ਟੂਅ ਵੀਕ ਟੂ ਵਕੇਟ ਦਿਸ ਪਰਾਪਰਟੀ!
ਖਾਲੀ ਹੋ ਗਈ ਪਿਆਲੀ ਨੂੰ ਕਿਚਨ-ਸਿੰਕ 'ਚ ਟੂਟੀ ਹੇਠ ਕਰਦਿਆਂ, ਕੁਸਮ ਉਸ ਨੋਟਿਸ ਬਾਰੇ ਸੋਚਣ ਲਗਦੀ ਹੈ: ਨੋਟਿਸ ਨੂੰ ਕੁਸਮ ਨੇ ਜਿਓਂ ਹੀ ਪੜ੍ਹਿਆ ਸੀ, ਘਰ ਦੇ ਸੋਫ਼ੇ, ਡਾਈਨਿੰਗ ਟੇਬਲ, ਫ਼ਰਿੱਜ ਤੇ ਵਾਸ਼ਰ-ਡਰਾਇਰ ਉਸਨੂੰ ਦੰਦੀਆਂ ਚਿੜਾਉਣ ਲੱਗ ਪਏ ਸਨ। ਸੰਗੋੜੀਆਂ ਅੱਖਾਂ ਨਾਲ਼ ਉਨ੍ਹਾਂ ਵੱਲ ਝਾਕਦਿਆਂ ਉਹ ਬੁੜਬੁੜਾਈ ਸੀ: -ਤੁਹਾਨੂੰ ਤਾਂ ਨੀ ਛੱਡਦੀ ਏਥੇ, ਘਰੋਂ ਨਿੱਕਲਣ ਤੋਂ ਪਹਿਲਾਂ! ਕੁੱਛ ਨਾ ਕੁੱਛ ਤਾਂ ਨਿਚੋੜੂੰਗੀ ਥੋਡੇ 'ਚੋਂ!
ਹੁਣ ਉਹਨੂੰ ਯਾਦ ਆਉਂਦੀ ਹੈ ਹਫ਼ਤੇ 'ਚ ਦੋ ਵਾਰੀ ਹਰੇਕ ਘਰ ਦੇ ਮੇਅਲਬਾਕਸ 'ਚ ਪਰਗਟ ਹੋਣ ਵਾਲ਼ੀ 'ਪੈਨੀ-ਸੇਵਰ' ਅਖ਼ਬਾਰ ਦੀ ਉਹ ਐਡਿਸ਼ਨ। ਇਸ ਐਡਿਸ਼ਨ 'ਚ, ਕੁਸਮ ਵੱਲੋਂ ਦਿੱਤੇ 'ਮੂਵਿੰਗ ਸੇਲ' ਦੇ ਇਸ਼ਤਿਹਾਰ ਨੇ, ਅੱਖਾਂ ਹਾਲੇ ਹੀ ਪੱਟੀਆਂ ਸਨ ਕਿ ਫ਼ੋਨ ਦੀ ਘੰਟੀ ਭੁੱਖੇ ਕਤੂਰੇ ਵਾਂਗਣ ਲਗਾਤਾਰ ਭੌਂਕਣ ਲੱਗ ਪਈ ਸੀ। ਤੇ ਦੁਪਹਿਰ ਦੇ ਬਾਰਾਂ ਵਜਦੇ ਨੂੰ ਸਾਰੇ ਕਮਰਿਆਂ ਨੂੰ ਸੁੰਘਣ ਲੱਗ ਪਏ ਸਨ ਸਸਤਾ ਮਾਲ ਖਰੀਦਣ ਵਾਲੇ ਮੈਲ਼ੇ-ਕੁਚੈਲ਼ੇ ਗਾਹਕ! ਕੁਸਮ ਮਾਸਟਰ-ਬੈੱਡਰੂਮ 'ਚ ਵੜੀ ਸੀ ਤਾਂ ਉਹਦਾ ਜੀਅ ਕੀਤਾ ਸੀ ਉਹ ਰੋਜ਼ਾਨਾ ਵਾਂਗ ਕੰਮ 'ਤੋਂ ਪਰਤਣ ਵਾਲ਼ੇ ਅੰਦਾਜ਼ 'ਚ ਆਪਣੇ ਪਰਸ ਨੂੰ ਅਲਮਾਰੀ 'ਚ ਸੰਭਾਲ਼ੇ, ਲੜ-ਖੜਾਉਂਦੀ ਹੋਈ ਕਿੰਗ-ਸਾਈਜ਼ ਬੈੱਡ ਵੱਲ ਨੂੰ ਤੁਰ ਜਾਵੇ, ਅਤੇ ਬੈੱਡ ਉੱਪਰ ਲੇਟਦਿਆਂ ਹੀ, ਡਰੈਸਰ 'ਤੇ ਖਲੋਤੇ ਲੰਬੂਤਰੇ ਸ਼ੀਸ਼ੇ 'ਚ ਦਿਸ ਰਹੇ ਆਪਣੇ ਬੈੱਡ ਦੇ ਅਕਸ ਉੱਤੋਂ ਰੰਗੀਨ ਸੁਪਨੇ ਚੁਗਣ ਲੱਗ ਜਾਵੇ! ਪਰ ਉਸ ਦਿਨ ਉਹ ਬੈੱਡ ਦੇ ਕੋਲ ਖਲੋਤੀ ਸੀ, ਤੇ ਉਸਦੀ ਨਜ਼ਰ ਪਿਚਕੀਆਂ ਗੱਲ੍ਹਾਂ ਵਾਲ਼ੇ ਉਸ ਗਾਹਕ ਦੇ ਹੱਥਾਂ ਨੂੰ ਦੇਖਦੀ-ਦੇਖਦੀ, ਸ਼ੀਸ਼ੇ 'ਚ ਅਕਸਤ ਹੋ ਰਹੇ ਬੈੱਡ ਨੂੰ ਬੁਣ-ਉਧੇੜ ਰਹੀ ਸੀ। ਗਾਹਕ ਦੀਆਂ ਝੁਰੜਾਈਆਂ ਉਂਗਲ਼ਾਂ ਕਦੇ ਪੇਚਕਸ ਦੇ ਉਦਾਲ਼ੇ ਲਿਪਟ ਜਾਂਦੀਆਂ, ਤੇ ਕਦੇ ਹਥੌੜੀ ਦਾ ਦਸਤਾ ਉਸਦੀ ਹਥੇਲ਼ੀ 'ਚ ਕੱਸਿਆ ਜਾਂਦਾ। ਫ਼ਿਰ ਉਹ ਗੋਡਿਆਂ-ਭਾਰ ਹੋ ਕੇ ਡਰੈਸਰ ਦੇ ਪਿਛਾੜੀ ਆਪਣਾ ਸਿਰ ਘਸੋੜ ਦਿੰਦਾ ਤੇ ਪੱਬਾਂ ਭਾਰ ਬੈਠ ਕੇ, ਟੇਢੀ ਨਜ਼ਰ ਨਾਲ਼ ਕਿਸੇ ਪੇਚ ਦੀ ਜਸੂਸੀ ਕਰਨ ਲਗਦਾ। ਅਚਾਨਕ ਹੀ ਹਥੌੜੀ ਪਤਾ ਨਹੀਂ ਡਰੈੱਸਰ ਦੇ ਕਿਸ ਹਿੱਸੇ 'ਤੇ ਮੇਹਰਬਾਨ ਹੋਈ ਕਿ ਉਸ ਉੱਤੇ ਖਲੋਤਾ ਵੱਡ-ਅਕਾਰੀ ਸੀਸ਼ਾ ਕੜਾਅਕ ਕਰ ਕੇ ਤਿੜਕ ਗਿਆ! ਕੁਸਮ ਨੂੰ ਜਾਪਿਆ ਸੀ ਜਿਵੇਂ ਉਹ ਆਪ ਹੀ ਚੀਣਾ-ਚੀਣਾ ਹੋ ਗਈ ਹੋਵੇ! ਦੂਸਰੇ ਪਲੀਂ ਤਿੜਕਿਆ ਹੋਇਆ ਸ਼ੀਸ਼ਾ ਡਰੈਸਰ ਉੱਪਰ ਢੇਰੀ ਹੁੰਦਾ ਹੋਇਆ, ਫਰਸ਼ 'ਤੇ ਖਿੰਡਰ ਗਿਆ ਸੀ।
-ਸ਼ੀਸ਼ੇ ਤੇ ਸੁਪਨੇ ਜਦ ਖਿੰਡਰਦੇ ਨੇ ਤਾਂ ਬੱਸ ਇੰਝ ਕੀਚਰਾਂ-ਕੀਚਰਾਂ ਹੋ ਕੇ ਹੀ ਖਿੰਡਰਦੇ ਨੇ, ਉਹ ਸੋਚਣ ਲੱਗੀ ਸੀ।
ਕੀਚਰਾਂ ਦੇ ਖਿੰਡਰਦਿਆਂ ਹੀ ਪਲ ਕੁ ਪਹਿਲਾਂ ਸ਼ੀਸ਼ੇ 'ਚ ਅਕਸਤ ਹੋ ਰਿਹਾ ਕਿੰਗਸਾਈਜ਼ ਬੈੱਡ ਅਲੋਪ ਹੋ ਗਿਆ ਸੀ ਤੇ ਫ਼ਰੇਮ ਦਾ ਖ਼ਾਲੀਪਣ ਕੁਸਮ ਦੇ ਮੱਥੇ 'ਚ ਸੁੰਗੜਨ-ਫੈਲਣ ਲੱਗਾ ਸੀ। ਦੇਖਦਿਆਂ ਹੀ ਦੇਖਦਿਆਂ, ਲੜਖੜਾਉਂਦੀਆਂ ਮੈਟਰੈੱਸਾਂ ਅਤੇ ਕੰਧਾਂ 'ਚ ਝਰੀਟਾਂ ਮਾਰਦੇ ਹੈੱਡ-ਬੋਰਡ, ਪੌੜੀਆਂ ਰਾਹੀਂ ਪਹਿਲੀ ਫ਼ਲੋਰ ਦੇ ਫ਼ਰਸ਼ ਵੱਲ ਨੂੰ ਉੱਤਰਨ ਲੱਗੇ ਸਨ। ਦੁਪਹਿਰ ਹਾਲੇ ਸਿਖ਼ਰ ਤੋਂ ਰੱਸਾ ਕੁ ਭਰ ਹੀ ਪੱਛਮ ਵੱਲ ਨੂੰ ਖਿਸਕੀ ਸੀ ਕਿ ਸੋਫ਼ੇ, ਡਾਇਨਿੰਗ ਟੇਬਲ ਤੇ ਬਫ਼ੇ-ਹਚ ਨੂੰ, ਬੀਮਾਰ ਬਜ਼ੁਰਗਾਂ ਵਾਂਗ ਹੱਥਾਂ 'ਚ ਚੁੱਕ-ਚੁੱਕ ਕੇ, ਡਰਾਈਵ-ਵੇਅ 'ਚ ਖਲੋਤੇ ਟਰੱਕ ਦੇ ਹਵਾਲੇ ਕਰ ਦਿੱਤਾ ਗਿਆ ਸੀ। ਇਹ ਟਰੱਕ ਜਿਵੇਂ ਘਰ ਦੇ ਕਾਲਜੇ ਅਤੇ ਆਂਦਰਾਂ ਨੂੰ ਬੁਰਕ ਮਾਰ ਗਿਆ ਸੀ ਤੇ ਘਰ ਵਿੱਚ ਬਚ ਗਏ ਖ਼ਾਲੀਪਣ 'ਚ ਕੁਸਮ ਤੇ ਜੈਸਿਕਾ ਇੱਕ-ਦੂਜੇ ਦੇ ਮੂਹਾਂ ਵੱਲ ਬਿਟਰ-ਬਿਟਰ ਤੱਕੀ ਜਾ ਰਹੀਆਂ ਸਨ।
ਕਿੱਥੇ ਉਹ ਘਰ ਤੇ ਕਿੱਥੇ ਆਹ ਚੂੰਢੀ ਕੁ ਭਰ ਫਲੈਟ! ਕੁਸਮ ਹੁਣ ਸਿੰਕ 'ਚ ਖਲੋਤੇ ਇੱਕ ਗਲਾਸ ਨੂੰ ਪਾਣੀ ਦੀ ਧਾਰ ਹੇਠ ਕਰ ਦੇਂਦੀ ਹੈ; ਪਾਣੀ ਦੀ ਧਾਰ ਨਾਲ ਗਲਾਸ ਦੇ ਥੱਲੇ ਉੱਪਰ ਸੁੱਕ ਗਿਆ ਟਮਾਟਰ-ਜੂਸ ਜਾਗ ਪੈਂਦਾ ਹੈ-ਚਿੱਟੇ ਪਾਣੀ ਨੂੰ ਲਹੂ ਵਰਗਾ ਕਰਦਾ ਹੋਇਆ। ਕੁਸਮ ਨੂੰ ਗਲਾਸ ਵਿਚਲੇ ਲਾਲ ਪਾਣੀ 'ਚ ਆਪਣਾ ਘਰ ਉਲ਼ਟਾ-ਪੁਲ਼ਟਾ ਹੋ ਰਿਹਾ ਦਿਸਦਾ ਹੈ।
-ਇਹ ਕੰਬਖ਼ਤ ਘਰ! ਕੁਸਮ ਦੰਦ ਕਿਰਚਦੀ ਰਹਿੰਦੀ ਹੈ। -ਇਹ ਮੇਰੇ ਹੱਥੋਂ ਖਿਸਕ ਕੇ ਤਾਂ ਪਤਾ ਨe੍ਹੀਂ ਕਿਹੜੇ ਦਰਿਆਵਾਂ 'ਚ ਰੁੜ੍ਹ-ਪੁੜ ਗਿਆ ਹੋਣੈ, ਪਰ ਏਹ ਚੰਦਰਾ ਮੇਰੇ ਮੱਥੇ ਨੂੰ ਖ਼ਾਲੀ ਪਤਾ ਨਹੀਂ ਕਦੋਂ ਕਰੂ!
ਹੁਣ ਉਹ ਏਸ ਗੱਲੋਂ ਵੀ ਪ੍ਰੇਸ਼ਾਨ ਰਹਿੰਦੀ ਹੈ ਕਿ ਹਰ ਚੌਥੇ ਪੰਜਵੇਂ ਦਿਨ, ਉਹਦੀ ਰਤਾ ਕੁ ਅੱਖ ਮਿਟਦੀਆਂ ਹੀ ਉਹਦੀਆਂ ਅੱਖਾਂ 'ਚ ਉਹ ਪੁਰਾਣੀ ਬੇਸਮੈਂਟ ਖੁਲ੍ਹਣ ਲਗਦੀ ਹੈ ਜਿਸ 'ਚ ਉਹ ਬਲਦੇਵ ਤੇ ਜੈਸਿਕਾ ਸਮੇਤ, ਖਿਸਕ-ਗਏ ਘਰ ਨੂੰ ਖ਼ਰੀਦਣ ਤੋਂ ਪਹਿਲਾਂ, ਰਹਿੰਦੀ ਹੁੰਦੀ ਸੀ: ਪੰਜੀ ਸੱਤੀਂ ਦਿਨੀਂ ਜਿਓਂ ਹੀ ਨੀਂਦਰ ਦਾ ਪਤਲਾ ਜਿਹਾ ਹੁਲਾਰਾ ਜੁੜਦਾ ਹੈ, ਤਾਂ ਜੈਸਿਕਾ ਉਸ ਬੇਸਮੇਂਟ ਦੇ ਲਿਵਿੰਗਰੂਮ 'ਚ ਕਾਰਪੈੱਟ 'ਤੇ ਸੌਂ ਰਹੀ ਦਿਸਦੀ ਹੈ ਤੇ ਬੈੱਡਰੂਮ 'ਚ ਘਿਸੜਦੇ ਘੁਰਾੜੇ ਲਿਵਿੰਗਰੂਮ 'ਚ ਚੱਲ ਰਹੀ ਟੀ ਵੀ ਨੂੰ ਗੁੰਗੀ ਕਰ ਰਹੇ ਹੁੰਦੇ ਨੇ। ਘਰ ਵੇਚਣ ਵਾਲੀ ਸੇਲਜ਼-ਔਰਤ ਬਾਹਰਲੇ ਦਰਵਾਜ਼ੇ ਦੀ ਚੁਗਾਠ 'ਤੇ ਲੱਗੀ ਸਵਿੱਚ ਉੱਪਰ ਉਂਗਲ਼ੀ ਟਿਕਾਉਂਦੀ ਹੈ, ਤੇ ਡੋਰਬੈੱਲ ਦੀ ਡਿੰਗ-ਡਾਂਗ, ਡਿੰਗ-ਡਾਂਗ ਬੇਸਮੈਂਟ 'ਚ ਖੰਘਣ ਲੱਗ ਪੈਂਦੀ ਹੈ। ਵਾਸ਼ਰੂਮ 'ਚ ਸ਼ੀਸ਼ੇ ਸਾਹਮਣੇ, ਮੋਢਿਆਂ ਤੀਕ ਲਮਕਦੇ ਵਾਲ਼ਾਂ ਨੂੰ ਪਲੋਸਣਾ ਛੱਡ ਕੇ ਕੁਸਮ ਲਿਵਿੰਗਰੂਮ ਵੱਲ ਦੌੜਦੀ ਹੈ। ਸਲੀਵਲੈੱਸ ਟਾਪ 'ਚੋਂ ਝਾਤੀ ਮਾਰਦੇ ਬਰਾਅ-ਸਟਰੈਪ ਨੂੰ ਅੰਦਰ ਵੱਲ ਨੂੰ ਧਕਦਿਆਂ ਉਹ ਆਪਣੇ ਮੱਥੇ ਨੂੰ ਸੰਗੋੜਦੀ ਹੈ। ਉਸਦੀ ਬੁੜ-ਬੁੜ ਉਸਦੇ ਪਤੀ ਦੇ ਘੁਰਾੜਿਆਂ 'ਚ ਖੁੱਭਣ ਲਗਦੀ ਹੈ: ਓਅ-ਹੋਅ! ਲਿਪਸਟਿਕ ਦਾ ਪੋਪਲਾ ਬੰਦ ਕਰਨਾ ਤਾਂ ਮੈਂ ਭੁੱਲ ਈ ਗਈ! ਉਹ ਆਪਣੇ ਲੰਬੂਤਰੇ ਨੱਕ ਦੀ ਟੀਸੀ ਨੂੰ ਅੰਗੂਠੇ ਤੇ ਉਂਗਲ਼ੀ ਦਰਮਿਆਨ ਘੁਟਦੀ ਹੈ, ਤੇ ਪਰਸ ਦੀ ਵੱਧਰੀ ਨੂੰ ਮੋਢੇ 'ਤੇ ਸੁੱਟ ਕੇ ਉਹ ਪੈਰਾਂ ਨੂੰ ਸੈਂਡਲਾਂ 'ਚ ਥੁੰਨਣ ਲਗਦੀ ਹੈ। ਅਗਲੇ ਪਲੀਂ ਉਸਦੀਆਂ ਲੰਬੂਤਰੀਆਂ ਪਿੰਞਣੀਆਂ ਦਾ ਨੰਗੇਜ ਦਗੜ-ਦਗੜ ਪੌੜੀਆਂ ਚੜ੍ਹਨ ਲਗਦਾ ਹੈ।
ਸੇਲਜ਼-ਔਰਤ ਦੀ ਕਰੀਮ-ਰੰਗੀ ਮਰਸੇਡੀਜ਼ ਇੱਕ ਘਰ ਦੇ ਮੂਹਰੇ ਗੱਡੇ 'ਫ਼ੋਰ ਸੇਲ' ਸਾਈਨ ਮੂਹਰੇ ਰੁਕਦੀ ਹੈ।
-ਐਹ ਤੁਹਾਡਾ ਲਿਵਿੰਗਰੂਮ ਹੋਵੇਗਾ, ਘਰ ਦਾ ਦਰਵਾਜ਼ਾ ਖੁਲ੍ਹਦਿਆਂ ਹੀ ਸੱਜੇ ਪਾਸੇ ਟਿਕੇ ਸੋਫ਼ੇ ਵੱਲ ਇਸ਼ਾਰਾ ਕਰਦਿਆਂ, ਸੇਲਜ਼-ਔਰਤ ਆਪਣੀ ਗੂੜ੍ਹੀ ਜਾਮੁਨੀ ਲਿਪਸਟਿਕ ਉੱਪਰ ਮੁਸਕਾਣ ਛਿੜਕ ਲੈਂਦੀ ਹੈ। -ਅੱਜ-ਕੱਲ੍ਹ ਨੀ ਬਣਦੇ ਐਨੇ ਖੁਲ੍ਹੇ ਲਿਵਿੰਗਰੂਮ!
-ਵਾਓ! ਕੁਸਮ ਆਪਣੇ ਸਿਰ ਨੂੰ ਝਟਕਦੀ ਹੈ, ਤੇ ਬੁੱਲ੍ਹਾਂ ਦੀ ਟੂਟੀ ਬਣਾ ਕੇ, ਮੋਢਿਆਂ ਨੂੰ ਕੰਨਾਂ ਵੱਲ ਨੂੰ ਉਭਾਰਦੀ ਹੈ।
ਸਿਰ ਦਾ ਝਟਕਾ ਵਜਦਿਆਂ ਹੀ, ਸੋਫ਼ਾ ਗ਼ਾਇਬ ਹੋ ਜਾਂਦਾ ਹੈ ਤੇ ਨੀਂਦਰ 'ਚ ਗੜੁੱਚ ਹੋਈਆਂ ਅੱਖਾਂ ਨੂੰ ਰਤਾ ਕੁ ਖੋਲ੍ਹ ਕੇ ਉਹ ਸੱਜੀ ਵੱਖੀ ਦੇ ਭਾਰ ਹੋ ਜਾਂਦੀ ਹੈ। ਸਿਰਹਾਣੇ ਨੂੰ ਹੇਠਾਂ-ਉੱਪਰ ਹਿਲਾਉਂਦਿਆਂ, ਉਹ ਆਪਣੀ ਸੱਜੀ ਹਥੇਲ਼ੀ ਨੂੰ ਸੱਜੇ ਕੰਨ ਹੇਠ ਫੈਲਾਉਂਦੀ ਹੈ; ਤੇ ਪਲਾਂ 'ਚ ਹੀ ਨੀਂਦਰ ਦੇ ਖਿੰਡਰੇ ਹੋਏ ਫੰਭੇ ਮੁੜ ਕੇ ਰਜ਼ਾਈ ਬਣਨ ਲਗਦੇ ਨੇ। ਅਗਲੇ ਛਿਣੀਂ, ਕਾਰ ਦਾ ਇੰਞਣ ਰਜ਼ਾਈ 'ਚ ਘੂੰ-ਘੂੰ ਕਰਨ ਲਗਦਾ ਹੈ, ਤੇ ਉਹ ਪਿਛਲੀ ਸੀਟ 'ਤੇ ਬੈਠੀ ਜੈਸਿਕਾ ਦੀ ਸੀਟ-ਬੈਲ਼ਟ ਕੱਸ ਰਹੀ ਹੁੰਦੀ ਹੈ। ਪਲਾਂ 'ਚ ਹੀ ਕਾਰ ਉਸੇ ਘਰ ਦੇ ਸਾਹਮਣੇ ਹੁੰਦੀ ਹੈ ਜਿਹੜਾ ਆਖ਼ਿਰ ਉਸਦੇ ਹੱਥਾਂ 'ਚੋਂ ਖਿਸਕ ਗਿਆ ਸੀ। ਚਹੁੰ ਕੁ ਵਰ੍ਹਿਆਂ ਦੀ ਜੈਸਿਕਾ ਉਸਦੀ ਉਂਗਲੀ ਫੜੀ ਨਿੱਕੇ ਨਿੱਕੇ ਕਦਮੀਂ ਘਰ ਦੇ ਦਰਵਾਜ਼ੇ ਵੱਲ ਨੂੰ ਵਧਦੀ ਹੈ। ਬਲਦੇਵ ਕਾਰ 'ਚੋਂ ਨਿੱਕਲ਼ ਕੇ ਲੜਖੜਾਉਂਦਾ ਹੈ। ਕੁਸਮ ਆਪਣੇ ਪਰਸ 'ਚੋਂ ਦਰਵਾਜ਼ੇ ਦੀ ਚਾਬੀ ਨੂੰ ਮਲਕੜੇ ਜਿਹੇ ਉਠਾਉਂਦੀ ਹੈ, ਤੇ ਚਿਹਰੇ ਦੇ ਸਾਹਮਣੇ ਖੜ੍ਹੀ ਕਰ ਕੇ ਉਸ ਉੱਤੇ ਅੱਖਾਂ ਜਮਾਅ ਦਿੰਦੀ ਹੈ। ਹੌਲ਼ੀ ਹੌਲ਼ੀ ਉਸਦੇ ਬੁੱਲ੍ਹਾਂ 'ਚ ਹਰਕਤ ਟਪਕਣ ਲਗਦੀ ਹੈ, ਪਾਸਿਆਂ ਵੱਲ ਨੂੰ ਫੈਲਣ ਲਈ! ਬਲਦੇਵ ਦੇ ਨੱਕ 'ਚੋਂ ਇੱਕ ਫਰਾਟਾ ਨਿੱਕਲ਼ ਕੇ ਜਿੰਦਰਤ ਦਰਵਾਜ਼ੇ ਨੂੰ ਹਿੱਲਣ ਲਾ ਦੇਂਦਾ ਹੈ। 'ਮੈਂ ਖੋਹਲੂੰ ਦ.. ਦ... ਦਰਵਾਜ਼ਾ,' ਉਹ ਝਪਟ ਮਾਰ ਕੇ ਚਾਬੀ ਨੂੰ ਕੁਸਮ ਦੀਆਂ ਉਂਗਲ਼ਾਂ 'ਚੋਂ ਤੋੜਦਾ ਹੈ, ਤੇ ਉਸਦੇ ਸਾਹਾਂ 'ਚੋਂ ਨਿੱਕਲ਼ਦੀ ਖੱਟੀ ਹਵਾੜ ਕੁਸਮ ਦੀਆਂ ਨਾਸਾਂ ਵੱਲ ਨੂੰ ਝਪਟਦੀ ਹੈ। 'ਇਹ ਮ... ਮ... ਮਹੂਰਤ ਆ ਘ... ਘ... ਘਰ ਦਾ, ਤੇ ਮ... ਮ... ਮੈਂ ਈਂ ਕਰੂੰ ਏਹ ਰਸਮ!'
ਕੁਸਮ ਦਾ ਨੱਕ ਤੇ ਬੁਲ੍ਹ ਮਰੋੜੀ ਖਾਂਦੇ ਹਨ ਤੇ ਉਹ ਆਪਣੇ ਪੰਜੇ ਦੀ ਪੱਖੀ ਬਣਾ ਕੇ ਆਪਣੇ ਨੱਕ ਨੂੰ ਝੱਲਣ ਲਗਦੀ ਹੈ। ਉਸਦੇ ਮੱਥੇ 'ਚ ਉੱਭਰ ਆਏ ਸਿਆੜ ਸੁੰਗੜ ਜਾਂਦੇ ਨੇ, ਤੇ ਅਗਲੇ ਛਿਣ, ਕੁਸਮ ਦਾ ਪੰਜਾ ਬਲਦੇਵ ਦੇ ਹੱਥ 'ਤੇ ਝਪਟਦਾ ਹੈ।
'ਫ਼ੱਕ ਯੂ!' ਬਲਦੇਵ ਚਿੱਲਾਉਂਦਾ ਹੈ ਤੇ ਚਾਬੀ ਦੇ ਉਦਾਲ਼ੇ ਲਿਪਟੀ ਆਪਣੀ ਮੁੱਠੀ ਨੂੰ ਸੱਜੇ ਮੋਢੇ ਉੱਪਰ ਉਤਾਂਹ ਨੂੰ ਖਿਚਦਾ ਹੈ। ਕੁਸਮ ਦਾ ਹੱਥ ਬਲਦੇਵ ਦੀ ਮੁੱਠੀ ਦਾ ਪਿੱਛਾ ਕਰਦਾ ਹੋਇਆ ਬਲਦੇਵ ਦੀ ਕਲ਼ਾਈ ਉਦਾਲ਼ੇ ਲਿਪਟ ਜਾਂਦਾ ਹੈ। ਨਿਆਣੀ ਜੈਸਿਕਾ, ਕੁਸਮ ਦੀਆਂ ਲੱਤਾਂ ਨੂੰ ਚਿੰਬੜ ਕੇ ਚੀਕਣ ਲੱਗ ਜਾਂਦੀ ਹੈ। ਬਲਦੇਵ ਕੁਸਮ 'ਤੇ ਝਪਟਦਾ ਹੈ ਤੇ ਉਹ ਜੈਸਿਕਾ ਨੂੰ ਮਿਧਦੀ ਹੋਈ ਫ਼ਰਸ਼ 'ਤੇ ਧੜੰਮ ਡਿੱਗ ਪੈਂਦੀ ਹੈ।
-ਓ ਬੇਈਮਾਨ! ਕੁਸਮ ਆਪਣੇ ਉੱਪਰਲੇ ਪੀਹੜ ਨੂੰ ਹੇਠਲੇ ਬੁੱਲ੍ਹ 'ਤੇ ਘਸਾਉਂਦੀ ਹੈ। -ਨੀਂਦ 'ਚ ਤਾਂ ਚੈਨ ਲੈ ਲੈਣ ਦੇ, ਦੁਸ਼ਮਣਾ!
ਨੀਂਦ ਦੇ ਅਗਲੇ ਹੁਲਾਰੇ 'ਚ ਉਹਦਾ ਭਰਾ ਉਹਦੇ ਮੱਥੇ 'ਚ ਆ ਉੱਤਰਦਾ ਹੈ, ਅਣਕੁਤਰੀਆਂ ਮੁੱਛਾਂ ਨੂੰ ਕੰਨਾਂ ਵੱਲ ਨੂੰ ਖਿਚਦਾ ਹੋਇਆ। ਛਾਤੀ ਤੀਕ ਲਮਕਦੀ ਦਾਹੜੀ ਨੂੰ ਪਲੋਸ ਕੇ ਉਹ ਆਪਣੀ ਪਗੜੀ ਦੀ ਗੁਲ਼ਾਈ ਉਦਾਲ਼ੇ ਹੱਥ ਫੇਰਦਾ ਹੈ। ਹੁਣ ਉਹ ਅੱਖਾਂ ਨੂੰ ਸੁੰਗੋੜ ਕੇ, ਆਪਣੇ ਡੇਲਿਆਂ ਨੂੰ ਸੱਜੇ-ਖੱਬੇ ਘੁੰਮਾਉਣ ਤੋਂ ਬਾਅਦ, ਆਪਣੀਆਂ ਨਜ਼ਰਾਂ ਨੂੰ ਕੁਸਮ ਉੱਤੇ ਸੇਧਿਤ ਕਰ ਦਿੰਦਾ ਹੈ।
-ਤੂੰ ਵੀ ਕੱਢ ਲਾ ਕਸਰ ਜਿਹੜੀ ਰਹਿੰਦੀ ਐ! ਕੁਸਮ ਬੁੜਬੁੜਾਉਂਦੀ ਹੈ।
-'ਬੱਚਾ' ਆਖਦੀ ਐਂ ਤੂੰ ਇਸ ਚਾਰ ਕਮਰਿਆਂ ਦੇ ਗੁੱਛੇ ਨੂੰ? ਹੂੰਅ! ਉਹ ਆਪਣੀ ਨਾਸਾਂ ਨੂੰ ਮਰੋੜ ਕੇ ਫਰਾਟਾ ਮਾਰਦਾ ਹੈ।
-ਹਾਂ ਇਹ ਬੱਚਾ ਆ, ਮੇਰਾ ਬੱਚਾ! ਕੁਸਮ ਆਪਣੇ ਹੇਠਲੇ ਪੀੜ੍ਹ ਨੂੰ ਅੱਗੇ ਵੱਲ ਨੂੰ ਧੱਕ ਕੇ ਆਪਣੇ ਬੁੱਲ੍ਹਾਂ ਨੂੰ ਸੁੰਗੋੜਦੀ ਹੈ।
ਤੇ ਘਰ ਵਾਕਿਆ ਹੀ ਉਸਦਾ ਬੱਚਾ ਹੋ ਨਿੱਬੜਿਆ ਸੀ। ਉਹ ਸੌਂਦੀ ਤਾਂ ਘਰ ਉਸਦੀ ਗੋਦੀ 'ਚ ਹੁੰਦਾ। ਉਹ ਜਾਗਦੀ ਤਾਂ ਘਰ ਉਸਦੀਆਂ ਲੋਰੀਆਂ ਸੁਣਦਾ। ਉਹ ਘਰ ਨੂੰ ਥਾਪੜਦੀ, ਸੁਲਾਉਂਦੀ, ਤੇ ਜਗਾਉਂਦੀ! ਉਹ ਉਸਦੇ ਵਾਲ਼ ਸੰਵਾਰਦੀ। ਉਹ ਉਸਦੇ ਕੱਪੜੇ ਝਾੜਦੀ। ਕੰਮ 'ਤੇ ਜਾਂਦਿਆਂ ਉਹ ਘਰ ਨੂੰ ਆਪਣੇ ਪਰਸ 'ਚ ਪਾ ਲੈਂਦੀ। ਜਦੋਂ ਉਹ ਭਾਰੇ ਟਰੱਕਾਂ ਦੇ ਪੁਰਜ਼ੇ ਬਣਾਉਣ ਵਾਲ਼ੀ ਫੈਕਟਰੀ 'ਚ ਅੱਠ ਘੰਟੇ ਲੋਹੇ ਨਾਲ਼ ਘੁਲ਼ਦੀ, ਘਰ ਉਸਦੀ ਬੁੱਕਲ਼ 'ਚ ਹੁੰਦਾ। ਮਸ਼ੀਨਾਂ ਦੀ ਘਰਰ-ਘਰਰ ਨਾਲ਼ ਹੱਥੋ-ਪਾਈ ਹੁੰਦੀ ਹੋਈ ਉਹ ਆਪਣੇ ਘਰ ਨੂੰ ਚੁਟਕਲੇ ਸੁਣਾਉਣ ਲੱਗ ਜਾਂਦੀ! ਅਸੈਂਬਲੀ ਲਾਈਨ ਦੀ ਗਰੀਸੀ ਗੰਧ ਉਦ੍ਹੇ ਫੇਫੜਿਆਂ ਨੂੰ ਧੁਆਂਖਦੀ, ਅਤੇ ਕਾਲਖ-ਲਿੱਬੜੀਆਂ ਉਂਗਲ਼ਾਂ ਗੱਲ੍ਹਾਂ, ਨੱਕ ਤੇ ਠੋਡੀ ਉੱਪਰ ਕਾਲ਼ੇ ਧੱਬੇ ਉੱਕਰ ਦੇਂਦੀਆਂ, ਪਰ ਉਹ ਆਪਣੇ ਘਰ ਨੂੰ ਰਬੜ ਦੇ ਕਾਕੇ ਵਾਂਗ ਸਾਂਭ-ਸਾਂਭ ਕੇ ਰਖਦੀ। ਕਾਲਖੀ-ਧੱਬਿਆਂ ਅਤੇ ਹੱਡਾਂ 'ਚ ਜੰਮੀ ਥਕਾਵਟ ਨੂੰ ਉਹ ਕੰਪਨੀ ਤੋਂ ਮਿਲਦੇ ਮੋਟੇ ਚੈੱਕ ਨਾਲ ਖੁਰਚ ਕੇ ਗਾਰਬੇਜ ਕੈਨ 'ਚ ਝਾੜ ਦੇਂਦੀ ਸੀ।
ਉਧਰੋਂ ਹਫ਼ਤਅੰਤ 'ਤੇ, ਏਅਰਪੋਰਟ ਅੰਦਰ ਸਕਿਊਰਿਟੀ ਗਾਰਡ ਦੀ ਡਿਊਟੀ! ਬਾਰਾਂ-ਬਾਰਾਂ ਘੰਟੇ ਦੀਆਂ ਸ਼ਿਫ਼ਟਾਂ ਲਾ ਕੇ, ਜਦੋਂ ਨੂੰ ਉਹ ਘਰ ਪਰਤਦੀ ਤਾਂ ਬੈੱਡਰੂਮ 'ਚ ਖੜਕਦੇ ਘੁਰਾੜਿਆਂ ਨਾਲ਼ ਸਾਰਾ ਘਰ ਹਿੱਲ ਰਿਹਾ ਹੁੰਦਾ। ਡਾਇਨਿੰਗ ਟੇਬਲ 'ਤੇ ਬੀਅਰ ਦੀਆਂ ਖ਼ਾਲੀ ਬੋਤਲਾਂ ਦਾ ਹਜੂਮ, ਗਹਿਰੀ ਚੁੱਪ ਨਾਲ਼, ਉਸਦੇ ਕੰਨਾਂ ਨੂੰ ਪਾੜਨ ਲਗਦਾ। ਵੱਡੀ ਪਲੇਟ 'ਚ ਮੁਰਗੇ ਦੀਆਂ ਹੱਡੀਆਂ ਦਾ ਢੇਰ, ਜਿਸ ਨੂੰ ਦੇਖਦਿਆਂ ਆਈ ਧੁੜਧੁੜੀ ਉਸਦੀ ਛਾਤੀ 'ਚ ਕੁਰਲੀਆਂ ਡੋਲ੍ਹਣ ਲਗਦੀ। ਕਿਚਨ-ਸਿੰਕ 'ਚ ਪਈਆਂ, ਮੀਟ ਦੀ ਤਰੀ ਨਾਲ਼ ਲਿੱਬੜੀਆਂ ਪਲੇਟਾਂ ਤੇ ਚੀਨੀ ਦੀਆਂ ਕੌਲੀਆਂ ਕੁਸਮ ਦੀਆਂ ਤਿਊੜੀਆਂ 'ਚ 'ਤੂੰ-ਤੂੰ', 'ਮੈਂ-ਮੈਂ' ਕਰਨ ਲਗਦੀਆਂ। ਕਿਚਨ 'ਚ ਵੜਦਿਆਂ ਹੀ ਕੁਸਮ ਦਾ ਜੀਅ ਕਰਦਾ ਪਈ ਫ਼ਰਸ਼ 'ਤੇ ਏਧਰ-ਓਧਰ ਖਿੰਡੇ ਪਿਆਜ਼ ਦੇ ਛਿੱਲੜਾਂ ਤੇ ਲਿਵਿੰਗਰੂਮ ਦੀ ਕਾਰਪੈੱਟ ਨੂੰ ਚਿੰਬੜੇ, ਤਰੀ ਦੇ ਛਿੱਟਿਆਂ ਦੇ ਨਾਲ਼ ਹੀ, ਉਹ ਸੋਫ਼ੇ ਉੱਪਰ ਸਣੇ-ਪੈਂਟ-ਨੈਕਟਾਈ ਘੁਰਾੜਦੇ ਆਪਣੇ ਖਾਵੰਦ ਨੂੰ ਵੀ, ਗਾਰਬੇਜ-ਬੈਗ਼ 'ਚ ਥੁੰਨ ਦੇਵੇ।
ਪਰ ਹੁਣ ਉਹ ਥੋੜੇ ਸਕੂਨ 'ਚ ਸੀ ਕਿ ਉਸਦਾ ਖ਼ਾਵੰਦ, ਉਸਦੀ ਯਾਦ ਵਿੱਚ, ਵਾਰ-ਵਾਰ ਚੁੰਝਾਂ ਮਾਰਨੋਂ ਹਟ ਗਿਆ ਸੀ! ਹੁਣ ਤਾਂ ਉਹ ਆਪਣੇ-ਆਪ ਨੂੰ, ਆਪਣੇ ਖ਼ਾਵੰਦ ਦੇ ਚਕਮੇ 'ਚ ਸੌਖੀ ਤਰ੍ਹਾਂ ਫਸਣ ਵਾਲ਼ੀ 'ਸੁੰਨ-ਸਿਰੀ' ਵੀ ਬੱਸ ਕਦੇ-ਕਦਾਈਂ ਹੀ ਕਹਿੰਦੀ ਸੀ। -ਮੈਨੂੰ ਕਿਹੜਾ ਪਤਾ ਸੀ, ਉਹ ਸੋਚਣ ਲੱਗ ਪਈ ਸੀ, -ਕਿ ਬਲਦੇਵ ਦੇ ਕਰਜ਼ੇ ਲਈ, ਬੈਂਕ ਨੂੰ ਦਿੱਤੀ ਘਰ ਦੀ ਜ਼ਾਮਨੀ ਘਰ ਦੀ 'ਕੱਲੀ 'ਕੱਲੀ ਕੰਧ ਨੂੰ ਨਿਗਲ਼ ਜਾਵੇਗੀ!
ਗਲਾਸਾਂ ਨੂੰ ਕੈਬਨਿਟ 'ਚ ਟਿਕਾਅ ਕੇ ਉਹ ਟੈਲਾਨਾਲ ਦੀ ਸ਼ੀਸ਼ੀ 'ਤੇ ਨਜ਼ਰ ਮਾਰਦੀ ਹੈ: ਇਹ ਤਾਂ ਨੀਂਦਰ ਵਾਲੀਆਂ ਗੋਲ਼ੀਆਂ ਹੀ ਸਨ ਜਿੰਨ੍ਹਾਂ ਨੇ ਉਸਨੂੰ ਓਸ ਸਮੇਂ ਆਸਰਾ ਬਖ਼ਸ਼ਿਆ ਜਦੋਂ ਘਰ ਦੇ ਖੁੱਸ ਜਾਣ ਦੀ ਤੇ ਖ਼ਾਵੰਦ ਦੇ ਮੁੱਕਿਆਂ ਦੀ ਮਾਰ ਹਾਲੇ ਬਹੁਤ ਅੱਲੀ ਸੀ, ਪਰ ਅੱਜ ਕੁਸਮ ਆਪਣੀਆਂ ਤਿਊੜੀਆਂ ਨੂੰ ਸ਼ੀਸ਼ੀ 'ਤੇ ਸੇਧ ਕੇ ਕਚੀਚੀਆਂ ਵਟਦੀ ਹੈ: ਨੀ ਖਸਮਾਂ ਖਾਣੀਓਂ, ਪੂਰਾ ਬੁੱਕ ਭਰ ਕੇ, ਮੈਂ ਤੁਹਾਨੂੰ ਕਬਜ਼ ਕਰਾਉਣ ਲਈ ਤਾਂ ਨ੍ਹੀ ਡਕਾਰਿਆ! ਮੈਂ ਆਹ ਪੇਟ 'ਚ ਰਿੰਗਦੀ ਗੁਰੜ-ਗੁਰੜ ਤਾਂ ਨ੍ਹੀ ਮੰਗਦੀ ਤੁਹਾਥੋਂ! ਮੈਨੂੰ ਤਾਂ ਉਹ ਕੁਲਹਿਣੀ ਨੀਂਦ ਚਾਹੀਦੀ ਐ ਨੀਂਦ, ਜਿਹੜੀ ਮੇਰੇ ਸਿਰ ਉਦਾਲਿਓਂ ਇਸ ਚੰਦਰੀ ਜਕੜ ਨੂੰ ਮੁੱਠੀ ਵਾਂਗੂੰ ਖੋਲ੍ਹ ਦੇਵੇ!
ਤੇ ਹੁਣ ਆਹ ਨਵੀਂ ਪ੍ਰੇਸ਼ਾਨੀ!
-ਜੈਸਿਕਾ, ਮੈਂ ਤਾਂ ਕਦੇ ਵੀ ਤਵੱਕੋ ਨ੍ਹੀਂ ਸੀ ਕੀਤੀ ਪਈ ਤੂੰ ਮੈਨੂੰ ਇੰਜ ਦੇ ਚੰਦਰੇ ਸਿਰ-ਦਰਦਾਂ ਨਾਲ਼ ਨਿਵਾਜੇਂਗੀ!
ਕੁਸਮ ਚੀਖਣਾ ਚਹੁੰਦੀ ਹੈ: ਕਿੱਡੀ ਵੱਡੀ ਬੇਵਕੂਫ਼ੀ ਸੀ ਮੇਰੀ, ਜੈਸਿਕਾ ਵਿੱਚੋਂ ਸਾਥ ਅਤੇ ਭਵਿਸ਼ ਦਾ ਸਹਾਰਾ ਚਿਤਵੀ ਜਾਣਾ!
-ਪਰ ਮੈਂ ਹੁਣ ਕੋਈ ਬਾਲੜੀ ਤਾਂ ਨੀ, ਮਾਅਅਮ? ਜੈਸਿਕਾ, ਆਪਣੀ ਮਾਮ ਨੂੰ ਚੀਖ ਕੇ ਦੱਸਣਾ ਲੋਚਦੀ ਹੈ। -ਨਾ ਹੀ ਕੱਚੀ ਮਿੱਟੀ ਦੀ ਗੁੱਡੀ ਕਿ ਤੂੰ ਮੈਨੂੰ ਰੂੰਈਂ ਦੀ ਥੈਲੀ 'ਚ ਲਪੇਟ ਕੇ ਛਾਤੀ ਨਾਲ਼ ਲਾਈ ਫਿਰੇਂ!
ਫ਼ੇਰ ਵੀ, ਪਿਛਲੇ ਹਫ਼ਤੇ ਵਿੱਨਾਪੈੱਗ ਤੋਂ ਆਈ ਉਸ ਫ਼ੋਨ ਕਾਲ ਤੋਂ ਬਾਅਦ, ਮਾਮ ਦੇ ਚਿਹਰੇ 'ਤੇ ਸੰਘਣੀਆਂ-ਹੋ-ਗਈਆਂ ਸਿਲਵਟਾਂ ਨੂੰ, ਜੈਸਿਕਾ ਕੁਝ ਕੁ ਹਮਦਰਦੀ ਨਾਲ਼ ਪੜ੍ਹਦੀ ਹੈ। ਉਹ ਪਛਤਾਉਂਦੀ ਹੈ ਪਈ ਉਹਦੇ ਡੈਡ ਨੇ ਉਹ ਫ਼ੋਨ-ਕਾਲ ਉਸ ਵਕਤ ਕਿਉਂ ਨਾ ਕਰੀ ਜਦੋਂ ਉਹਦੀ ਮਾਮ ਕੰਮ 'ਤੇ ਗਈ ਹੋਈ ਸੀ।
-ਪਰ ਇਹ ਤਾਂ ਮੁਮਕਿਨ ਈ ਨਹੀਂ, ਜੈਸਿਕਾ ਦੀਆਂ ਭਰਵੱਟੀਆਂ ਇੱਕ-ਦੂਜੀ ਵੱਲ ਖਿੱਚੀਆਂ ਜਾਂਦੀਆਂ ਨੇ। ਉਹ ਆਪਣੀ ਮਾਮ ਦੀ, ਉਸਨੂੰ ਸਵਖ਼ਤੇ ਸਕੂਲ ਛੱਡਣ ਅਤੇ ਕੰਮ ਤੋਂ ਬਾਅਦ ਵਾਪਸ ਲੈ ਕੇ ਆਉਣ ਦੀ ਜ਼ਿਦ 'ਤੇ ਤਿਊੜੀਆਂ ਕੱਸ ਲੈਂਦੀ ਹੈ।
-ਮੈਂ ਅਜ਼ਾਦੀ ਚਹੁੰਦੀ ਆਂ, ਅਜ਼ਾਦੀ, ਜੈਸਿਕਾ ਚੁੱਪ-ਚਾਪ ਆਪਣੇ-ਆਪ ਨੂੰ ਆਖਦੀ ਹੈ। - ਕਿੰਨੇ ਸਟੂਡੈਂਟ ਐ ਨੋਰਥ ਪੀਅਲ ਸੈਕਨਡੈਰੀ ਦੇ ਜਿਹੜੇ ਪੈਦਲ ਸਕੂਲ ਜਾਂਦੇ ਐ ਤੇ ਪੈਦਲ ਈ ਮੁੜਦੇ ਐ! ਉਨ੍ਹਾਂ ਵਾਂਙੂ, ਦੋਸਤਾਂ ਨਾਲ਼ ਸਕੂਲ ਨੂੰ ਪੈਦਲ ਜਾਣ ਦੀ ਇਜਾਜ਼ਤ ਭਲਾ ਮੈਨੂੰ ਕਿਉਂ ਨe੍ਹੀਂ? ਸਕੂਲ ਤੋਂ ਵਾਪਸੀ ਵੇਲੇ, ਸ਼ਾਪਿੰਗ ਮਾਲ 'ਚ, ਥੋੜੀ ਕੁ ਮਟਰਗਸ਼ਤ ਭਲਾ ਮੈਂ ਕਿਉਂ ਨ੍ਹੀਂ ਕਰ ਸਕਦੀ? ਮੈਂ ਕੋਈ ਡਾਲਰਾਂ ਦੀ ਥੈਲੀ ਆਂ ਪਈ ਸਵੇਰ ਵੇਲ਼ੇ ਮੇਰੀ ਮਾਂ ਮੈਨੂੰ ਸਕੂਲ 'ਚ ਜਮ੍ਹਾਂ ਕਰਾ ਦੇਵੇ ਤੇ ਸ਼ਾਮ ਨੂੰ ਕਢਾਅ ਕੇ, ਰਸਤੇ 'ਚ ਗਿਣਦੀ ਆਵੇ, ਤੇ ਘਰ ਲਿਆ ਕੇ ਵਾਰ ਵਾਰ ਫ਼ੇਰ ਗਿਣਨ ਬਹਿ ਜਾਵੇ!
ਤੇ ਹੁਣ ਆਹ ਨਵੀਂ ਮੁਸੀਬਤ! ਇਸ 'ਚ ਤਾਂ ਜੈਸਿਕਾ ਨੇ ਆਪਣੇ-ਆਪ ਨੂੰ ਖਾਹ-ਮਖਾਹ ਹੀ ਫਸਾ ਲਿਆ ਹੈ: -ਮੈਨੂੰ ਬੇਵਕੂਫ਼ ਨੂੰ ਇਹ ਕਿਉਂ ਨਾ ਸੁੱਝਿਆ ਪਈ ਇਸ ਚੰਦਰੇ ਤੋਹਫ਼ੇ ਨੂੰ ਮਾਮ ਤੋਂ ਛੁਪਾਈ ਰੱਖਾਂ? ਜੈਸਿਕਾ ਦਾ ਸਿਰ ਸੱਜੇ-ਖੱਬੇ ਗਿੜਦਾ ਹੈ।
ਮਾਮ ਦੀਆਂ ਅੱਖਾਂ ਜੈਸਿਕਾ ਦੇ ਮੱਥੇ ਉੱਤੇ ਸੇਧੀਆਂ ਹੋਈਆਂ ਨੇ-ਭਰੇ ਹੋਏ ਪਸਤੌਲ ਵਾਂਙੂ!
-ਮਾਮ, ਡੈਡ ਨੇ ਮੈਨੂੰ ਇਹ ਹਵਾਈ-ਟਿਕਟ ਭੇਜ 'ਤਾ, ਤੇ ਮੈਂ ਸ਼ੁਕਰਾਨੇ ਦੀ ਨਿਸ਼ਾਨੀ ਵਜੋਂ ਉਸ ਲਈ ਕੁਝ ਖ਼ਰੀਦਣਾ ਆਪਣਾ ਫ਼ਰਜ਼ ਸਮਝ ਲਿਆ; ਇਹਦੇ 'ਚ ਭਲਾ ਕੀ ਮਾੜੀ ਗੱਲ ਐ?
ਕੁਸਮ ਦੀਆਂ ਅੱਖਾਂ ਫੁਲਦੀਆਂ ਹਨ। ਉਸਦੀਆਂ ਭਵਾਂ ਅੰਦਰ ਵੱਲ ਨੂੰ ਖਿੱਚੀਆਂ ਜਾਂਦੀਆਂ ਹਨ।
-ਜ਼ੁਬਾਨ ਸੰਭਾਲ਼, ਜੈਸਿਕਾ! ਕੁਸਮ ਦੀ ਗਰਜ ਨਾਲ਼ ਲਿਵਿੰਗਰੂਮ 'ਚ ਲਟਕਦੇ ਕੈਲੰਡਰ ਤੋਂ ਤਰੀਕਾਂ ਝੜਨ ਲਗਦੀਆਂ ਹਨ, ਤੇ ਉਸਦੀ ਮੁੱਠੀ ਵਿੱਚ ਪਕੜੀ ਕਰਦ ਆਕੜ ਜਾਂਦੀ ਹੈ।
ਜੈਸਿਕਾ ਆਪਣੀਆਂ ਅੱਖਾਂ ਨਿਵਾ ਲੈਂਦੀ ਹੈ ਅਤੇ ਆਪਣੀ ਥਿੜਕ-ਰਹੀ ਫ਼ੋਰਕ ਨਾਲ਼ ਚੌਲ਼ਾਂ ਦੀ ਪਲੇਟ ਵਿੱਚ ਉਘੜ-ਦੁਘੜੇ ਸਿਆੜ ਕੱਢਣੇ ਜਾਰੀ ਰਖਦੀ ਹੈ।
-ਓਸ ਸੂਰ ਲਈ ਤੂੰ ਤੋਹਫ਼ੇ ਖ਼ਰੀਦੇਂ? ਤੇ ਉਹ ਵੀ ਉਹਦੇ ਵਿਆਹ ਵਾਸਤੇ? ਕੁਸਮ ਦੀਆਂ ਫੁੱਲੀਆਂ-ਹੋਈਆਂ ਨਾਸਾਂ ਹੇਠ ਉਸਦੇ ਬੁੱਲ੍ਹ ਕੰਬਣ ਲਗਦੇ ਹਨ।
ਕੁਸਮ ਦੇ ਮੂੰਹ 'ਚੋਂ ਉਡਦੀ ਝੱਗ ਦੇ ਛਿੱਟੇ, ਮੇਜ਼ ਦੇ ਉੱਪਰੋਂ ਦੀ, ਜੈਸਿਕਾ ਦੀ ਪਲੇਟ 'ਚ ਡਿੱਗਦੇ ਨੇ। ਜੈਸਿਕਾ ਦੀਆਂ ਉਂਗਲ਼ਾਂ 'ਚ ਪਕੜੀ ਫ਼ੋਰਕ ਥਿੜਕ ਕੇ ਚੌਲ਼ਾਂ 'ਚ ਡਿਗ ਪੈਂਦੀ ਹੈ।
-ਓਸ ਹਲ਼ਕੇ ਕੁੱਤੇ ਲਈ ਇਹ ਮੋਹ ਕਿਧਰੋਂ ਜਾਗ ਪਿਆ ਤੇਰੇ ਅੰਦਰ? ਉਤਾਂਹ ਝਾਕ ਤੇ ਦੇਖ ਆਪਣੀਆਂ ਅੰਨ੍ਹੀਆਂ ਅੱਖਾਂ ਨਾਲ਼! ਆਪਣੇ ਸਿਰ ਨੂੰ ਸੱਜੇ ਮੋਢੇ ਦੇ ਧੁਰ ਤੀਕ ਝੁਕਾਉਂਦਿਆਂ ਅਤੇ ਟੀ-ਸ਼ਰਟ ਦੇ ਗਲ਼ੇ ਨੂੰ ਆਪਣੇ ਖੱਬੇ ਮੋਢੇ ਦੇ ਸਿਰੇ ਤੀਕ, 'ਸ਼ੁਰਕ' ਕਰ ਕੇ ਖਿੱਚਦਿਆਂ, ਕੁਸਮ ਚਿੰਘਾੜਦੀ ਹੈ।
-ਦੇਖ ਐਧਰ! ਉਹ ਆਪਣੇ ਨੰਗੇ ਮੋਢੇ ਨੂੰ ਬਾਹਰ ਵੱਲ ਨੂੰ ਧਕਦੀ ਹੈ। -ਆਹ ਕੀਤਾ ਸੀ ਮੇਰੇ ਨਾਲ਼ ਓਸ ਕਮੀਨੇ ਨੇ, ਘਰ ਨੂੰ ਦਹੀਂ ਦੇ ਕਟੋਰੇ ਵਾਂਗ ਡਕਾਰਨ ਤੋਂ ਮਗਰੋਂ! ਤੇ ਤੂੰ ਫ਼ਿਰਦੀ ਐਂ ਉਸ ਬਘਿਆੜ ਨਾਲ਼ ਘਿਓ-ਖਿਚੜੀ ਹੋਣ ਨੂੰ?
ਜੈਸਿਕਾ ਆਪਣੀ ਮਾਂ ਦੀ ਗਰਦਣ ਦੀਆਂ ਜੜ੍ਹਾਂ ਤੋਂ ਮੋਢੇ ਦੇ ਕੰਢੇ ਤੀਕ ਜਾਂਦੀ, ਚਮੜੀ ਦੀ ਜਾਮਣੀ ਵੱਟ ਨੂੰ ਦੇਖ ਕੇ ਤ੍ਰਭਕਦੀ ਹੈ, ਤੇ ਇੱਕ ਵੱਡ-ਅਕਾਰੀ ਚਾਕੂ, ਉਸਦੀ ਸੁਰਤੀ 'ਚ ਚੁੱਭਣ ਲੱਗ ਜਾਂਦਾ ਹੈ।
-ਤੂੰ ਓਸ ਜਾਨਵਰ ਦੀ ਸ਼ਾਦੀ ਦੇ ਚਾਅ 'ਚ ਫੁੱਲੀ ਫਿਰਦੀ ਐਂ ਜੀਹਨੇ ਮੈਨੂੰ ਲੀਰਾਂ ਦੀ ਖੁੱਦੋ ਵਾਂਙੂ ਰੋੜ੍ਹੀ ਰੱਖਿਆ? ਹੈਂ ਕਿ ਨਹੀਂ?
ਜੈਸਿਕਾ ਦਾ ਹੇਠਲਾ ਬੁੱਲ੍ਹ ਦੰਦਾਂ ਵਿਚਕਾਰ ਫਸਣ-ਨਿਕਲਣ ਲਗਦਾ ਹੈ।
-ਇਹ ਨਾ ਸਮਝੀਂ ਪਈ ਮੈਂ ਕੋਈ ਅੰਨ੍ਹੀਂ ਜਾਂ ਬੋਲ਼ੀ ਆਂ! ਮੈਂ ਦੇਖਦੀ ਦੇਖੀ ਜਾਨੀ ਆਂ ਕਿਵੇਂ ਆਹ ਹਵਾਈ ਟਿਕਟ ਤੈਨੂੰ ਭੁਕਾਨੇ ਵਾਂਗੂੰ ਫੁਲਾਈ ਫ਼ਿਰਦੈ, ਤੇ ਜਿੱਦੇਂ ਦਾ ਇਹ ਟਿਕਟ ਆਇਐ ਤੇਰੇ ਓਸ ਦਿਨ ਦੇ ਪੈਰ ਈ ਨ੍ਹੀਂ ਲਗਦੇ ਧਰਤੀ 'ਤੇ!
ਜੈਸਿਕਾ ਚੁੱਪ-ਚਾਪ ਸਿੰਕ ਕੋਲ਼ ਜਾ ਕੇ ਪਲੇਟਾਂ ਸਾਫ਼ ਕਰਨ ਲੱਗ ਜਾਂਦੀ ਹੈ।
ਕੁਸਮ ਨੂੰ ਪਤਾ ਹੈ ਕਿ ਪਲੇਟਾਂ ਨੂੰ ਟਰੇਅ ਵਿੱਚ ਟਿਕਾਉਣ ਤੋਂ ਮਗਰੋਂ, ਜੈਸਿਕਾ ਮਲਕੜੇ ਜਿਹੇ ਬੈਡਰੂਮ ਵੱਲੀਂ ਖਿਸਕ ਜਾਵੇਗੀ।
-ਬੈਠ ਐਥੇ, ਜੈਸਿਕਾ! ਕੁਸਮ ਆਪਣੀ ਸੱਜੀ ਮੁੱਠੀ 'ਚੋਂ ਮੂਹਰਲੀ ਉਂਗਲ਼ ਨੂੰ ਕੁਰਸੀ ਦੀ ਸੀਟ ਵੱਲੀਂ ਪਿਸਤੌਲ ਵਾਂਗ ਸੇਧਦੀ ਹੈ। -ਹੈਂਅ ਬਿਨਾ-ਵਜ੍ਹਾ ਕੈਬਨਿਟਾਂ ਦੇ ਦਰਵਾਜ਼ੇ ਖੋਲ੍ਹਣ ਤੇ ਬੰਦ ਕਰਨ ਨਾਲ਼ ਤੂੰ ਮੇਰਾ ਸਾਹਮਣਾ ਕਰਨੋਂ ਟਲ਼ ਨ੍ਹੀਂ ਸਕਦੀ!
ਕੁਰਸੀ 'ਤੇ ਢੇਰੀ ਹੋ ਜਾਣ ਪਿੱਛਂੋ ਜੈਸਿਕਾ ਆਪਣੀਆਂ ਨਜ਼ਰਾਂ ਨੂੰ ਮੇਜ਼ ਉੱਪਰ ਜਮਾਅ ਲੈਂਦੀ ਹੈ ਤੇ ਉਸਦਾ ਸਿਰ ਲਗਾਤਾਰ ਇੱਕ ਪਾਸਿਓਂ ਦੂਸਰੇ ਪਾਸੇ ਵੱਲ ਗਿੜਨ ਲਗਦਾ ਹੈ।
-ਉਹ ਇੱਕ ਜਾਲ਼ ਵਿਛਾਅ ਰਿਹੈ ਜਾਲ਼, ਜੈਸਿਕਾ! ਤੇ ਤੂੰ ਉਸ ਵਿਚ ਫਸਣ ਲਈ ਛਾਲ਼ਾਂ ਮਾਰਦੀ ਜਾ ਰਹੀ ਐਂ ਵਿਨੀਪੈੱਗ ਨੂੰ। ਸਮਝਦੀ ਐਂ ਤੂੰ ਕਿ ਨਹੀਂ?
-ਪਰ ਮਾਅਅਅਮ! ਜੈਸਿਕਾ ਦਾ ਜੀਅ ਕਰਦਾ ਹੈ ਕਿ ਆਪਣਾ ਸੱਜਾ ਪੈਰ ਫ਼ਰਸ਼ 'ਤੇ ਮਾਰ ਕੇ ਕਾਰਪੈੱਟ ਨੂੰ ਪਾੜ ਸੁੱਟੇ। -ਇਹ ਐਵੇਂ ਮਾਮੂਲੀ ਜਿਅ੍ਹਾ ਤੋਹਫ਼ਾ ਈ ਆ!
-ਮਾਮੂਲੀ ਜਿਅ੍ਹਾ ਤੋਹਫ਼ਾ! ਕੁਸਮ ਦੀਆਂ ਨਾਸਾਂ ਦੇ ਕਿੰਗਰੇ ਬਾਹਰ ਵੱਲ ਨੂੰ ਫੈਲਦੇ ਹਨ। -ਹੂੰਅ! ਤੇਰਾ ਖ਼ਿਆਲ ਐ ਪਈ ਮੈਂ ਏਹਦੀ ਕੀਮਤ 'ਤੇ ਸੜਦੀ ਆਂ? ਮੂਰਖੇ ਇਹ ਇਸ ਕੁੱਤੀ ਕੀਮਤ ਦੀ ਗੱਲ ਨ੍ਹੀਂ; ਇਹ ਤੇਰੇ ਮਨ 'ਚ ਉੱਛਲ਼ੇ, ਤੋਹਫ਼ਾ ਦੇਣ ਦੇ ਵਿਚਾਰ ਦੀ ਗੱਲ ਐ, ਵਿਚਾਰ ਦੀ!
***
ਬ੍ਰੇਕਫ਼ਾਸਟ ਲਈ ਆਂਡਿਆਂ ਦੀ ਫੈਂਟਣੀ ਸ਼ੁਰੂ ਹੋਣ ਤੋਂ ਪਹਿਲਾਂ, ਟੈਲਾਨਾਲ ਦੀ ਸ਼ੀਸ਼ੀ ਦਾ ਢੱਕਣ ਅੱਗੇ-ਪਿਛੇ ਗਿੜਦਾ ਹੈ, ਤੇ ਦੋ ਗੋਲ਼ੀਆਂ ਕੁਸਮ ਦੀ ਹਥੇਲ਼ੀ 'ਤੇ ਆ ਟਿਕਦੀਆਂ ਹਨ!।
ਹੁਣ ਉਹ ਆਪਣੇ ਸਿਰ ਉਦਾਲੇ ਲਪੇਟੇ ਸਕਾਰਫ਼ ਨੂੰ ਰਤਾ ਕੁ ਹੋਰ ਕਸ ਲੈਣ ਦਾ ਜੋਖ਼ਮ ਵੀ ਲੈ ਲੈਂਦੀ ਹੈ।
-ਇਹ ਸੂਰ, ਜੈਸਿਕਾ ਨੂੰ, ਮੈਥੋਂ ਖੋਹ ਕੇ ਈ ਦਮ ਲਵੇਗਾ! ਉਹ ਬੁੜਬੁੜਾਉਂਦੀ ਹੈ। -ਮੈਂ ਏਸ ਮੂਰਖ਼ ਕੁੜੀ ਉੱਤੋਂ ਜ਼ਿੰਦਗੀ ਦੇ ਸਾਰੇ ਮਜ਼ੇ ਵਾਰ 'ਤੇ, ਸਾਰੇ ਮਜ਼ੇ! ਤੇ ਇਹ ਉਸ ਰਾਖਸ਼ ਦੀ ਨਵੀਂ ਸ਼ਾਦੀ ਦੇ ਚਾਅ 'ਚ ਗੇਂਦ ਵਾਂਗ ਬੁੜ੍ਹਕਦੀ ਫ਼ਿਰਦੀ ਆ! ਫ਼ੂਹ!
ਫ਼ੈਂਟੇ ਹੋਏ ਆਂਡਿਆਂ ਦੇ ਘੋਲ਼ ਨੂੰ ਕੁਸਮ, ਤਪੇ ਹੋਏ ਪੈਨ ਵਿੱਚ ਉਲੱਦਦੀ ਹੈ ਜਿਹੜਾ ਇੱਕ ਜ਼ਬਰਦਸਤ 'ਛਲ਼ਲ਼ ਛਲ਼ਲ਼' ਨਾਲ਼ ਤੜਫ਼ ਉਠਦਾ ਹੈ।
-ਦਸਾਂ ਸਾਲਾਂ ਬਾਅਦ ਓਸ ਲਫੰਗੇ ਨੂੰ ਆਗੀ ਐ ਆਪਣੀ ਲਾਡਲੀ ਧੀ ਦੀ ਯਾਦ! ਪਖੰਡੀ ਕਿਸੇ ਥਾਂ ਦਾ! ਅਸਲ 'ਚ ਇਹ ਮੇਰੀ ਈ ਬੇਵਕੂਫ਼ੀ ਸੀ ਕਿ ਮੈਂ ਏਨੀ ਜਲਦੀ ਨਰਮ ਹੋਗੀ। ਓਸ ਦਿਨ ਆਈ ਉਸਦੀ ਫ਼ੋਨ ਕਾਲ ਵੇਲੇ ਈ ਜੇ ਕਿਤੇ ਮੈਂ ਉਹਨੂੰ ਖਰੀਆਂ ਖਰੀਆਂ ਸੁਣਾ ਦਿੰਦੀ ਤਾਂ ਮੈਨੂੰ ਅੱਜ ਦਾ ਇਹ ਚੰਦਰਾ ਦਿਨ ਨਾ ਦੇਖਣਾ ਪੈਂਦਾ! ਤੇ ਮੈਨੂੰ ਭਲਾ, ਫ਼ੋਨ, ਜੈਸਿਕਾ ਨੂੰ ਫੜਾਉਣ ਦੀ ਵੀ ਕਿਹੜੀ ਜ਼ਰੂਰਤ ਸੀ? ਤੇ ਫ਼ੇਰ ਕੁਝ ਦਿਨਾਂ ਬਾਅਦ ਡਾਕੀਆ ਫੜਾ ਗਿਆ ਕੱਪੜਿਆਂ ਦਾ ਉਹ ਪੈਕਟ; ਅਖ਼ੇ ਦਿਸ ਇਜ਼ ਫ਼ੋਰ ਜੈਸਿਕਾ! ਮੈਂ ਉਹ ਪੈਕਟ ਮੁੜਦੀ ਡਾਕ ਜਿਓਂ ਦਾ ਤਿਓਂ, ਭਲਾ, ਵਾਪਿਸ ਕਿਉਂ ਨਾ ਭੇਜਿਆ?
ਕੁਸਮ ਦੀਆਂ ਨਜ਼ਰਾਂ ਆਮਲੇਟ ਦੇ ਸੜੇ ਹੋਏ ਥੱਲੇ 'ਤੇ ਜੰਮ ਜਾਂਦੀਆਂ ਹਨ ਜਿਸ ਨੂੰ ਉਹ ਹੁਣੇ ਉਲਟਾਅ ਕੇ ਹਟੀ ਹੈ।
-ਮੈਂ ਵੀ ਤਾਂ ਆਪਣੀ ਜੁਆਨੀ ਦੇ ਦਿਨ ਐਸ ਆਮਲੇਟ ਵਾਂਗ ਈ ਸਾੜ ਲਏ! ਕੁਸਮ ਹਾਉਕਾ ਭਰਦੀ ਹੈ। -ਤੇ ਸਾੜ ਲਏ ਸਿਰਫ਼ ਐਸ ਬੇਅਕਲ ਛੋਕਰੀ ਦੀ ਹਿਫ਼ਾਜ਼ਤ ਲਈ?
...ਅਤੇ ਪ੍ਰੀਤ, ਫੁੱਲਾਂ ਦਾ ਗੁਲਦਸਤਾ ਫੜੀ, ਉਸਦੇ ਸਿਰ 'ਚ ਉਦੇ ਹੋ ਜਾਂਦਾ ਹੈ।
-ਬਲਦੇਵ ਦੇ ਦੌੜਨ ਤੋਂ ਬਾਅਦ ਪ੍ਰੀਤ ਵੱਲੋਂ ਵਾਰ-ਵਾਰ ਕੀਤੀਆਂ ਪਹਿਲ-ਕਦਮੀਆਂ ਨੂੰ ਮੈਂ ਰੈਸਪਾਂਸ ਕਿਉਂ ਨਾ ਦਿੱਤਾ? ਕੁਸਮ ਦਾ ਜੀਅ ਕਰਦਾ ਹੈ ਆਪਣਾ ਮੂੰਹ ਚੁਪੇੜਾਂ ਨਾਲ਼ ਭੰਨ ਸੁੱਟੇ!
-ਕੁਸਮ, ਇਹ ਕਮੀਨਾ ਬਰਬਾਦ ਕਰ ਗਿਆ ਤੈਨੂੰ! ਮੈਥੋਂ ਵੀਹ ਹਜ਼ਾਰ ਡਾਲਰ ਉਧਾਰ ਲੈ ਕੇ ਮੁੱਕਰ ਗਿਆæææ ਮੇਰੀ ਖ਼ੂਨ-ਪਸੀਨੇ ਦੀ ਕਮਾਈ... ਦੋਸਤੀ ਦੇ ਪੜਦੇ 'ਚ ਮੇਰੇ ਨਾਲ਼ ਵਸਾਹਘਾਤ! ਮੈਂ ਇਸ ਕਮੀਨੇæ ਨੂੰ ਤਬਾਹ ਕਰਨਾ ਚਹੁੰਨਾਂ... ਪਰ ਇਹ ਸਭ ਕੁਝ ਆਪਾਂ ਦੋਵੇਂ ਰਲ਼ ਕੇ ਈ ਕਰ ਸਕਨੇ ਆਂ!
ਤੇ ਪ੍ਰੀਤ ਦੀ ਉਹ ਆਖ਼ਰੀ ਦਲੇਰਾਨਾ ਹਰਕਤ ਜਦੋਂ ਉਹ ਦੰਦ ਕਿਰਚਦਾ ਹੋਇਆ ਕੁਸਮ ਦੇ ਕੰਮ ਵਾਲੀ ਜਗ੍ਹਾ 'ਤੇ ਹੀ ਆ ਧਮਕਿਆ ਸੀ: -ਦੇਖ ਕੁਸਮ, ਉਹ ਆਪਣੀਆਂ ਸੰਘਣੀਆਂ ਤਿਊੜੀਆਂ ਨੂੰ ਨਰਮ ਕਰਨ ਦੀ ਕੋਸ਼ਿਸ਼ ਕਰਦਾ ਹੋਇਆ ਬੋਲਿਆ ਸੀ। -ਏਸ ਲੁਟੇਰੇ ਨੇ ਮੇਰੀ ਪਿੱਠ 'ਚ ਛੁਰਾ ਮਾਰਿਐ, ਪਿੱਠ 'ਚ ਛੁਰਾ! ਤੇ ਦੇਖ ਕਿਵੇਂ ਚਲਾਕੀ ਨਾਲ਼ ਤੈਨੂੰ ਵੀ ਬੇਘਰ ਕਰ ਮਾਰਿਆ! ਚੱਲ ਇਕੱਠੇ ਹੋਈਏ ਤੇ ਏਸ ਹਰਾਮੀ ਨੂੰ ਸਬਕ ਸਿਖਾਈਏ!
ਸੜੇ ਹੋਏ ਆਮਲੇਟ ਨੂੰ ਵਾਰ-ਵਾਰ ਪਲਟਦੀ ਹੋਈ ਕੁਸਮ ਦਾ ਸਿਰ ਸੱਜੇ-ਖੱਬੇ ਗਿੜੀ ਜਾਂਦਾ ਹੈ: -ਪ੍ਰੀਤ ਦੇ ਸਾਹਮਣੇ ਵੀ ਐਂ ਈ ਖੱਬੇ-ਸੱਜੇ ਗੇੜਦੀ ਰਹੀ ਸੀ ਆਪਣੇ ਕੁਲਹਿਣੇ ਸਿਰ ਨੂੰ, ਮੈਂ ਮੂਰਖ਼ ਔਰਤ!
-ਏਸ ਤਰ੍ਹਾਂ ਸਿਰ ਫ਼ੇਰੀ ਜਾਣ ਨਾਲ਼ ਕੋਈ ਲਾਭ ਨ੍ਹੀਂ ਹੋਣਾ, ਕੁਸਮ! ਪ੍ਰੀਤ ਦਾ ਗਲ਼ ਜਿਵੇਂ ਅੰਦਰਲੇ ਪਾਸਿਓਂ ਜਕੜਿਆ ਗਿਆ ਸੀ। -ਨਾ ਤੈਨੂੰ ਤੇ ਨਾ ਹੀ ਮੈਨੂੰ! ਏਸ ਸੁਨਹਿਰੀ ਮੌਕੇ ਨੂੰ ਹੱਥੋਂ ਨਾ ਗੰਵਾਈਏ!
-ਪ੍ਰੀਤ... ਅਖ਼ੀਰ ਕੁਸਮ ਨੇ ਹਉਕਾ ਭਰਦਿਆਂ ਚੁੱਪ ਤੋੜੀ ਸੀ। - ਮੇਰੀ ਨਿਆਣੀ ਜੈਸਿਕਾ! ਹੁਣ ਤਾਂ ਉਹੋ ਈ ਮੇਰੀ ਇੱਕੋ-ਇੱਕ ਆਸ ਐ ਤੇ ਇੱਕੋ-ਇੱਕ ਦਿਲਚਸਪੀ!
-ਭੋਰਾ ਫ਼ਿਕਰ ਨਾ ਕਰ ਤੂੰ ਜੈਸਿਕਾ ਦਾ, ਕੁਸਮ! ਮੈਂ ਉਹਨੂੰ ਆਪਣੀ ਧੀ ਬਣਾ ਕੇ ਰੱਖੂੰ!
-ਮਨੁੱਖ ਤੇ ਮੌਸਮ ਸਦਾ ਇੱਕੋ-ਜਿਹੇ ਨ੍ਹੀਂ ਰਹਿੰਦੇ, ਪ੍ਰੀਤ!
-ਮੈਂ ਤਰਲਾ ਕਰਦਾਂ, ਕੁਸਮ, ਤਰਲਾ! ਪ੍ਰੀਤ ਦੇ ਜੁੜੇ ਹੋਏ ਹੱਥ ਕੁਸਮ ਨੂੰ ਹੁਣ ਵੀ ਨਜ਼ਰ ਆਉਂਦੇ ਹਨ। -ਮੇਰੀ ਆਫ਼ਰ 'ਤੇ ਅੱਜ ਰਾਤ-ਭਰ ਡੂੰਘੀ ਵਿਚਾਰ ਕਰੀਂ! ਭਲ਼ਕੇ, ਇੰਡੀਆ ਨੂੰ ਤੁਰਨ ਤੋਂ ਪਹਿਲਾਂ, ਮੈਂ ਤੈਨੂੰ ਫ਼ੋਨ ਕਰੂੰਗਾ!
ਮੇਜ਼ 'ਤੇ ਨਜ਼ਰ ਟਿਕਾਈ ਬੈਠੀ ਕੁਸਮ ਦਾ ਸਿਰ ਹਾਲੇ ਵੀ ਵਾਰ-ਵਾਰ ਸੱਜੇ-ਖੱਬੇ ਹਿੱਲੀ ਗਿਆ ਸੀ।
-ਮੇਰੇ ਮਾਪੇ ਮੇਰੇ 'ਤੇ ਦਬਾਅ ਪਾਉਂਦੇ ਆ ਰਹੇ ਆ, ਕੁਸਮ! ਉਨ੍ਹਾਂ ਨੇ ਕਈ ਕੁੜੀਆਂ ਦੇਖ ਰੱਖੀਆਂæææ ਪਰ ਉਹਨਾਂ ਨੂੰ 'ਹਾਂ' ਜਾਂ 'ਨਾਂਹ' ਕਰਨ ਤੋਂ ਪਹਿਲਾਂ ਮੈਂ ਤੇਰੀ 'ਹਾਂ-ਨਾਂਹ' ਸੁਣਨਾ ਚਹੁੰਨਾਂ!
***
-ਇਹ ਉਹਦਾ ਮੋਹ ਨ੍ਹੀਂ, ਜੈਸਿਕਾ, ਜਿਹੜਾ ਤੇਰੇ ਲਈ ਇਹ ਰੰਗ-ਬਿਰੰਗੇ ਕੱਪੜੇ ਤੇ ਏਅਰ ਟਿਕਟਾਂ ਘੱਲਣ ਲਈ ਉਹਨੂੰ ਮਜਬੂਰ ਕਰਦੈ! ਕੁਸਮ ਸੜੇ ਹੋਏ ਆਮਲੇਟ ਨੂੰ ਬਰੈੱਡ ਦੇ ਦੋ ਟੁਕੜਿਆਂ ਵਿਚਕਾਰ ਟਿਕਾਉਂਦਿਆਂ ਕਹਿੰਦੀ ਹੈ। -ਉਹਦਾ ਇੱਕੋ ਨਿਸ਼ਾਨਾ ਮੇਰੇ ਮਾਨਸਿਕ ਸਕੂਨ ਨੂੰ ਲੀਰਾਂ ਕਰਨਾ ਐ! ਉਹ ਤੈਨੂੰ ਦਾਣਾ ਸੁੱਟ ਰਿਹੈ, ਜੈਸਿਕਾ! ਤੇ ਤੂੰ ਉਹਦੇ ਝੂਠੇ ਹੇਜ 'ਚ ਏਨੀ ਗਰਕੀ ਜਾ ਰਹੀ ਐਂ!
-ਮਾਮ, ਮੈਂ ਹੁਣ ਕੋਈ ਜੁਆਕੜੀ ਤਾਂ ਨ੍ਹੀਂ! ਇਹ ਐਵੇਂ ਦੋ ਕੁ ਦਿਨਾਂ ਲਈ ਓਥੇ ਜਾਣ ਦਾ ਮਾਮਲਾ ਈ ਐ!
-ਅੱਛਾ, ਤਾਂ ਤੂੰ ਜਾਣ ਦੀ ਪੱਕੀ ਧਾਰ ਲਈ ਐ?
-ਮਾਅਅਅਮ! ਤੁਹਾਨੂੰ ਮੇਰੀ ਪੋਜ਼ਿਸ਼ਨ ਦਾ ਖ਼ਿਆਲ ਕਰਨਾ ਚਾਹੀਦੈ; ਜੇ ਮੈਂ ਐਸ ਸਟੇਜ 'ਤੇ ਆਪਣਾ ਇਰਾਦਾ ਬਦਲਾਂ ਤਾਂ ਮੇਰੇ ਫ਼ਰੈਂਡਜ਼ ਮੇਰੇ ਬਾਰੇ ਕੀ ਸੋਚਣਗੇ?
ਕੁਸਮ ਦੀ ਨਜ਼ਰ, ਕਮਰੇ ਦੇ ਖੂੰਜੇ 'ਚ ਗੁੰਮ-ਸੁੰਮ ਬੈਠੇ ਸੂਟਕੇਸ 'ਤੇ ਪੈਂਦੀ ਹੈ, ਤੇ ਉਸਦੀ ਤਿਊੜੀ ਸੰਘਣੀ ਹੋ ਜਾਂਦੀ ਹੈ। ਤੋਹਫ਼ੇ ਵਾਲ਼ੇ ਡੱਬੇ ਉਦਾਲ਼ੇ ਲਪੇਟਿਆ ਲਾਲ ਰੰਗ ਦਾ ਚਮਕਦਾਰ ਪੇਪਰ ਭਖ਼ਣ ਲਗਦਾ ਹੈ।
-ਤੈਨੂੰ ਮੈਂ ਖ਼ਬਰਦਾਰ ਕਰਦੀ ਆਂ, ਜੈਸਿਕਾ, ਕਿ ਉਸ ਲਫ਼ੰਗੇ ਕੋਲ਼ ਜਾਣ ਦੇ ਫ਼ੈਸਲੇ ਨੂੰ ਮੁੜ ਵਿਚਾਰ ਲੈ! ਉਹ ਮੈਨੂੰ ਤਬਾਹ ਕਰ ਕੇ ਮੁੜ ਵਿਆਹ ਕਰਵਾ ਰਿਅ੍ਹੈ ਮੈਨੂੰ ਤੜਫ਼ਾਉਣ ਲਈ! ਹੋਸ਼ ਕਰ, ਜੈਸਿਕਾ, ਹੋਸ਼!
ਜੈਸਿਕਾ ਕਹਿਣਾ ਚਾਹੁੰਦੀ ਹੈ: ਮਾਮ, ਡੈਡ ਦੇ ਚੱਲੇ ਜਾਣ ਤੋਂ ਬਾਅਦ ਤੈਨੂੰ ਵੀ ਦੁਬਾਰਾ ਵਿਆਹ ਕਰਵਾ ਲੈਣਾ ਚਾਹੀਦਾ ਸੀ!
ਪਰ ਉਹ ਆਪਣੀ ਮਾਮ ਵੱਲੋਂ ਵਾਰ-ਵਾਰ ਚਿੱਥੀ ਉਸੇ ਹੀ ਟਿੱਪਣੀ ਨੂੰ ਇੱਕ ਵਾਰ ਫੇਰ ਨe੍ਹੀਂ ਸੁਣਨਾ ਚਾਹੁੰਦੀ: ਅਖ਼ੇ, ਮੈਂ ਸਾਰੀ ਜ਼ਿੰਦਗੀ ਤੇਰੇ ਲਈ ਕੁਰਬਾਨ ਕਰ'ਤੀ, ਜੈਸਿਕਾ, ਸਿਰਫ਼ ਤੇਰੇ ਲਈ!
-ਖ਼ਤਰਾ, ਖ਼ਤਰਾ, ਖ਼ਤਰਾ! ਜੈਸਿਕਾ ਅੰਦਰੇ-ਅੰਦਰ ਚੀਖ਼ਦੀ ਹੈ। -ਜੇ ਡੈਡ ਵਾਂਗ ਹੀ ਮਾਮ ਵੀ ਦੁਬਾਰਾ ਵਿਆਹ ਕਰਵਾ ਲੈਂਦੀ ਤਾਂ ਮੇਰੇ 'ਤੇ ਖ਼ਤਰੇ ਦਾ ਭਲਾ ਕਿਹੜਾ ਐਸਾ ਪਹਾੜ ਆ ਡਿੱਗਣਾ ਸੀ! ਜੇ ਟਾਇਮ ਬਿਤਾਉਣ ਲਈ ਇਹਦੇ ਕੋਲ਼ ਕੋਈ ਹੋਰ ਸ਼ਖ਼ਸ ਹੁੰਦਾ ਤਾਂ ਸਗੋਂ ਕੁਝ ਅਜ਼ਾਦੀ ਦੀ ਹਵਾ ਮੈਨੂੰ ਵੀ ਮਿਲ ਜਾਣੀ ਸੀ!
-ਖ਼ੈਰ, ਜੈਸਿਕਾ, ਮੇਰਾ ਸਿਰ ਪੀੜ ਨਾਲ਼ ਫ਼ਟ ਰਿਹੈ ਤੇ ਮੈਂ ਦੋ ਘੜੀ ਲੇਟਣ ਲੱਗੀ ਆਂ। ਮੈਨੂੰ ਹਾਲੇ ਵੀ ਆਸ ਐ ਪਈ ਤੂੰ ਏਨਾ ਕੁ ਜ਼ਰੂਰ ਸੋਚੇਂਗੀ ਕਿ ਤੇਰਾ ਵਿਨੀਪੈੱਗ ਦਾ ਇਹ ਟਰਿੱਪ ਮੈਨੂੰ ਬੁਰੀ ਤਰ੍ਹਾਂ ਮਧੋਲ਼ ਸੁੱਟੇਗਾ।
***
ਕੁਸਮ ਦੇ ਬੈੱਡਰੂਮ ਦੇ ਬਲਾਇੰਡਜ਼ ਬੰਦ ਹੋ ਜਾਂਦੇ ਹਨ।
ਕੰਬਲ਼ ਉਸਦੇ ਪੈਰਾਂ ਤੋਂ ਛਾਤੀ ਵੱਲ ਨੂੰ ਵਧਦਾ ਹੈ।
ਉਸਦੇ ਕਮਰੇ ਦੇ ਦਰਵਾਜ਼ੇ ਨੂੰ ਇਲਮ ਹੈ ਕਿ ਉਸਨੂੰ ਜ਼ਰਾ-ਕੁ-ਖੁਲ੍ਹਾ ਜਾਣ-ਬੁੱਝ ਕੇ ਹੀ ਰੱਖਿਆ ਗਿਆ ਹੈ।
ਕੁਸਮ ਦੇ ਕੰਨ, ਜੈਸਿਕਾ ਵੱਲੋਂ ਉਸਦਾ ਸੂਟਕੇਸ ਵਾਪਿਸ ਆਪਣੇ ਬੈੱਡਰੂਮ ਵੱਲ ਨੂੰ ਘੜੀਸੇ ਜਾਣ ਦੀ ਅਵਾਜ਼ ਸੁਣਨ ਦੀ ਤਾਕ ਵਿੱਚ ਹਨ। ਉਸਦੇ ਮਨ 'ਚ, ਬਲਦੇਵ ਵੱਲੋਂ ਭੇਜਿਆ ਏਅਰ-ਟਿਕਟ ਵਾਪਿਸ ਜੈਸਿਕਾ ਦੇ ਡਰੈੱਸਰ 'ਤੇ ਜਾ ਡਿੱਗਦਾ ਹੈ, ਅਤੇ ਚਮਕਦੇ ਹੋਏ ਲਾਲ ਰੈਪਰ 'ਚ ਲਿਪਟਿਆ ਤੋਹਫ਼ਾ, ਕਲਾਜ਼ਿਟ ਵਿੱਚ ਟਿਕ ਜਾਂਦਾ ਹੈ!
ਲਿਵਿੰਗ-ਰੂਮ ਵਿੱਚਲੀ ਅਟੁੱਟ ਚੁੱਪ ਨਾਲ਼ ਕੁਸਮ ਅੰਦਰ ਕੁਝ ਧਰਵਾਸ ਜਾਗਦੀ ਹੈ।
ਹੁਣੇ-ਨਿਗਲ਼ੀਆਂ ਗੋਲ਼ੀਆਂ ਵੱਲੋਂ ਉਸਦੀਆਂ ਨਾੜਾਂ 'ਚ ਫ਼ੈਲਾਏ ਗਏ, ਹਲਕੇ ਜਿਹੇ ਹੁਲਾਰੇ ਨਾਲ਼, ਉਸਦਾ ਸਿਰ ਘੁੰਮਣ ਲਗਦਾ ਹੈ। ਉਸ ਹੁਲਾਰੇ 'ਚ, ਉਹ ਦਸ ਵਰ੍ਹੇ ਪਿੱਛੇ ਵੱਲ ਪਰਤ ਜਾਂਦੀ ਹੈ, ਉਸ ਦਿਨ ਵੱਲੀਂ ਜਿੱਦੇਂ ਪ੍ਰੀਤ ਇਹ ਕਹਿ ਕੇ ਉਸ ਤੋਂ ਵਿੱਛੜਿਆ ਸੀ ਕਿ ਉਹ ਅਗਲੇ ਦਿਨ ਭਾਰਤ ਲਈ ਜਹਾਜ਼ ਚੜ੍ਹਨ ਤੋਂ ਪਹਿਲਾਂ ਕੁਸਮ ਦੇ ਫ਼ੋਨ ਦੀ ਉਡੀਕ ਕਰੇਗਾ। ਆਪਣੇ ਘਰ ਬੈਠਾ ਪ੍ਰੀਤ ਵਾਰ-ਵਾਰ ਫ਼ੋਨ ਦੇ ਡਾਇਲ ਨੂੰ ਘੁੰਮਾਉਂਦਾ ਹੈ, ਅਤੇ ਹਰ ਵਾਰ ਅੱਗਿਓਂ ਬਿਜ਼ੀ ਸਿਗਨਲ ਸੁਣਦਿਆਂ ਹੀ ਠਾਹ ਕਰ ਕੇ ਰੀਸੀਵਰ ਨੂੰ ਬੇਸ 'ਤੇ ਮਾਰ ਦੇਂਦਾ ਹੈ। ਅਖ਼ੀਰ ਉਸਦਾ ਮੱਥਾ ਸੁੰਗੜ ਕੇ ਤਿਊੜੀਦਾਰ ਹੋ ਜਾਂਦਾ ਹੈ।।
-ਫ਼ੱਕ! ਪ੍ਰੀਤ ਆਖ਼ਰੀ ਵਾਰ ਰਸੀਵਰ ਨੂੰ ਬੇਸ 'ਤੇ ਸੁਟਦਾ ਹੈ। -ਫ਼ਕਿਨ ਬਿੱਚ! ਏਹਦੀ ਲਾਈਨ ਇਸ ਤਰ੍ਹਾਂ ਸਾਰਾ ਦਿਨ ਬਿਜ਼ੀ ਨਹੀਂ ਹੋ ਸਕਦੀ! ਇਸ ਬੇਵਕੂਫ਼ ਨੇ ਫ਼ੋਨ ਨੂੰ ਜਾਣ-ਬੁੱਝ ਕੇ ਈ ਬੇਸ ਤੋਂ ਲਾਹਿਆ ਹੋਇਐ! ਜਾਹ ਫ਼ਿਰ, ਡਿੱਗ ਨਰਕਾਂ 'ਚ, ਪਾਗ਼ਲ ਔਰਤੇ! ਲੈ ਮੈਂ ਚੱਲਿਆਂ ਇੰਡੀਆ ਨੂੰ, ਤੇ ਤੂੰ ਇੱਕ ਦਿਨ ਅੱਖਾਂ 'ਚ ਘਸੁੰਨ ਦੇ ਦੇ ਕੇ ਰੋਵੇਂਗੀ!
***
ਅਪਾਰਮੈਂਟ ਦੇ ਮੁੱਖ-ਦਰਵਾਜ਼ੇ ਦੀ ਬੈੱਲ ਦੀ ਹਲਕੀ ਜਿਹੀ 'ਡਿੰਗ-ਡਾਂਗ', ਕੁਸਮ ਦੀ ਨੀਂਦਰ ਦੇ ਹੁਲਾਰੇ ਨੂੰ ਹੰਗਾਲ਼ ਦੇਂਦੀ ਹੈ: ਹਲਕੀ ਜਿਹੀ ਠੱਕ-ਠੱਕ! ਜੈਸਿਕਾ ਲਿਵਿੰਿਗਰੂਮ ਦੇ ਸੋਫ਼ੇ ਤੋਂ ਪੱਬਾਂ ਭਾਰ ਦਰਵਾਜ਼ੇ ਵੱਲ ਨੂੰ ਜਾਂਦੀ ਹੈ। ਅਗਲੇ ਪਲ ਮੁੱਖ-ਦਰਵਾਜ਼ੇ 'ਤੇ ਖੜਿੱਕ-ਖੜਿੱਕ ਹੁੰਦੀ ਹੈ।
-ਤਿਆਰ ਐਂ? ਇਕ ਡੂੰਘੀ ਜ਼ਨਾਨਾਂ ਅਵਾਜ਼ ਜ਼ਰਾ-ਕੁ-ਖੁਲ੍ਹੇ ਦਰਵਾਜ਼ੇ ਰਾਹੀਂ ਕੁਸਮ ਦੇ ਬੈੱਡਰੂਮ 'ਚ ਸਾਹ ਲੈਂਦੀ ਹੈ।
ਇਸ ਤੋਂ ਅਗਲੇ ਪਲਾਂ ਦੌਰਾਨ, ਕੁਸਮ ਆਪਣੇ ਖ਼ਿਆਲਾਂ 'ਚ, ਜੈਸਿਕਾ ਨੂੰ 'ਨਾਂਹ' ਵਿੱਚ ਸਿਰ ਹਿਲਾਉਂਦਿਆਂ ਚਿਤਰਦੀ ਹੈ।
-ਇੱਕ ਪਲ ਲਈ ਇੱਕ ਪੇਤਲੀ ਜਿਹੀ ਮੁਸਕਾਣ, ਕੁਸਮ ਦੇ ਬੁੱਲ੍ਹਾਂ 'ਤੇ ਜੰਮੀ ਪੇਪੜੀ ਨੂੰ ਉਖੇੜਨ ਲਗਦੀ ਹੈ।
ਅਗਲੇ ਹੀ ਪਲ, ਕੁਸਮ ਦਾ ਚਿਹਰਾ 'ਨਾਂਹ' 'ਚ ਹਿਲਣ ਲਗਦਾ ਹੈ: -ਪਰ ਜੇ ਜੈਸਿਕਾ ਨੇ ਵਿਨੀਪੈੱਗ ਜਾਣ ਤੋਂ ਇਨਕਾਰ ਵਿੱਚ ਸਿਰ ਫ਼ੇਰਿਆ ਹੁੰਦਾ, ਉਹ ਸੋਚਦੀ ਹੈ, -ਤਾਂ ਦਰਵਾਜ਼ੇ 'ਤੋਂ ਆਈ ਜ਼ਨਾਨਾਂ ਅਵਾਜ਼ ਨੇ ਉਸਨੂੰ ਉਸਦੀ 'ਨਾਂਹ' ਦੀ ਵਜਾਹ ਜ਼ਰੂਰ ਪੁੱਛਣੀ ਸੀ।
ਕੁਸਮ ਦੇ ਸਿਰ 'ਚ ਉਸਦਾ ਪਹਿਲਾ ਕਿਆਸ ਹੁਣ ਪਿਛਲ-ਖੁਰੀਂ ਤੁਰਨ ਲਗਦਾ ਹੈ: ਕੁਸਮ ਨੂੰ ਦਿਸਣ ਲਗਦੈ ਕਿ ਜੈਸਿਕਾ ਆਪਣੇ ਸੱਜੇ ਹੱਥ ਦੀ ਮੁਢਲੀ ਉਂਗਲ ਨੂੰ ਆਪਣੇ ਬੁਲ੍ਹਾਂ 'ਤੇ ਟਿਕਾਅ ਕੇ ਉਸਦਾ ਉਤਲਾ ਸਿਰਾ ਆਪਣੇ ਨੱਕ ਨਾਲ਼ ਜੋੜ ਦੇਂਦੀ ਹੈ, ਅਤੇ ਖੱਬੇ ਹੱਥ ਨੂੰ ਸੂਟਕੇਸ ਵੱਲ ਇਸ਼ਾਰਦੀ ਹੈ। ਹੁਣ ਸੂਟਕੇਸ ਦੋ ਕੁੜੀਆਂ ਦੇ ਹੱਥਾਂ ਵਿਚਕਾਰ ਉੱਭਰਦਾ ਹੈ।
ਲਿਵਿੰਗਰੂਮ ਦੀ ਚੁੱਪ ਹਲਕੇ ਜਿਹੇ ਖੜਕੇ ਨਾਲ਼ ਹਿਲਦੀ ਹੈ, ਅਤੇ ਪੋਲੀ-ਪੋਲੀ ਪੈੜ-ਚਾਲ ਅਪਾਰਟਮੈਂਟ ਦੇ ਮੁੱਖ-ਦੁਆਰ ਵੱਲ ਵਧਣ ਲਗਦੀ ਹੈ।
ਇੱਕ ਪਲ ਰੀਂਗਦਾ ਹੈ!
ਲਿਵਿੰਗਰੂਮ ਦੇ ਦਰਵਾਜ਼ੇ ਦੀ ਚੂਲ਼ ਇੱਕ ਵਾਰ ਫੇਰ ਹੂਕਦੀ ਹੈ।
ਕੁੰਜੀ ਵੱਲੋਂ ਜਿੰਦਰੇ ਦੀ ਸ਼ਾਫ਼ਟ ਨੂੰ ਫ਼ਰੇਮ ਦੀ ਖੋੜ ਵਿੱਚ ਧੱਕਣ ਦੀ 'ਕੜੱਕ' ਕਰਦੀ ਅਵਾਜ਼ ਕੁਸਮ ਦੇ ਕੰਨਾਂ 'ਚ ਗੋਲ਼ੀ ਵਾਂਗ ਵਜਦੀ ਹੈ।
ਇਸ ਤੋਂ ਬਾਅਦ ਵਾਲ਼ੀ ਚੁੱਪ ਕੁਸਮ ਦੇ ਦਿਲ 'ਤੇ ਬੁਰਕ ਮਾਰਨ ਲਗਦੀ ਹੈ।
ਕੁਸਮ ਦੀਆਂ ਅੱਖਾਂ ਵਿੱਚ ਅਚਾਨਕ ਹੀ ਉੱਭਰ ਆਈ ਨਮੀ, ਛੱਤ ਦੇ ਪਲਸਤਰ ਵੱਲ ਸੇਧੀ ਉਸਦੀ ਨਜ਼ਰ ਨੂੰ ਧੁੰਦਲਾਅ ਦੇਂਦੀ ਹੈ।
-ਨਿਰਾ ਧ੍ਰੋਹ! ਉਸਦੇ ਦੰਦ ਇੱਕ ਦੂਜੇ ਨਾਲ਼ ਘਿਸਰਦੇ ਹਨ।
-ਕੀਹਦੀ ਖ਼ਾਤਰ ਗਾਲ਼ ਲਈ ਮੈਂ ਆਵਦੀ ਸਾਰੀ ਜਵਾਨੀ? ਉਹ ਸਿਸਕਦੀ ਹੈ। -ਮੈਂ ਹਾਰਗੀ! ਮੈਂ ਹਾਰਗੀ!!
ਵਿਨਾਪੈੱਗ ਦਾ ਏਅਰਪੋਰਟ, ਕੁਸਮ ਦੇ ਸਿਰ 'ਚ ਖੰਘੂਰਦਾ ਹੈ: ਲਮਕਵੀਂ ਗਲਵਕੜੀ 'ਚ ਜਕੜੀ ਜੈਸਿਕਾ ਦੇ ਮੋਢੇ ਉੱਪਰ ਦੀ ਖਚਰੀ ਹਾਸੀ ਹਸਦਾ ਬਲਦੇਵ, ਉਸਨੂੰ ਸਾਫ਼ ਦਿਖਾਈ ਦੇਂਦਾ ਹੈ।
-ਖੋਹ ਲੀ ਹੁਣ ਮੇਰੀ ਧੀ ਵੀ ਮੈਥੋਂ, ਜਰਵਾਣਿਆਂ? ਕੁਸਮ ਦੇ ਕੱਸੇ ਹੋਏ ਬੁੱਲ੍ਹ ਕੰਬਦੇ ਹਨ। -ਪਰ ਦੇਖਦਾ ਜਾਈਂ; ਹੁਣ ਮੈਂ ਤੇਰੀ ਕੱਲੀ ਕੱਲੀ ਨਾੜ 'ਚ ਭਾਂਬੜ ਬਾਲ਼ੂੰ!
ਉਹ ਛਾਲ਼ ਮਾਰ ਕੇ ਬਿਸਤਰੇ 'ਚੋਂ ਨਿੱਕਲ਼ਦੀ ਹੈ ਅਤੇ ਡਰੈਸਰ ਵੱਲ ਤੇਜ਼ੀ ਨਾਲ਼ ਵਧਦੀ ਹੈ।
ਕੰਬਦਾ ਹੋਇਆ ਉਸਦਾ ਹੱਥ, ਦਰਾਜ਼ ਦੇ ਕੁੰਡੇ ਨੂੰ ਪਕੜਦਾ ਹੈ, ਪਰ ਦਰਾਜ਼ ਨੂੰ ਝਟਕੇ ਨਾਲ਼ ਖਿੱਚਣ ਤੋਂ ਪਹਿਲਾਂ, ਇੱਕ ਪਲ ਲਈ ਉਸਦੀਆਂ ਉਂਗਲ਼ਾਂ ਕੁੰਡੇ 'ਤੇ ਹੀ ਸੁੰਨ ਹੋ ਜਾਂਦੀਆਂ ਨੇ। ਪਸੀਨੇ ਨਾਲ਼ ਤਰ ਹੋਇਆ ਉਸਦਾ ਮੱਥਾ ਉੱਪਰ ਨੂੰ ਖਿੱਚਿਆ ਜਾਂਦਾ ਹੈ; ਉਸਦੀਆਂ ਅੱਖਾਂ ਫੁਲਦੀਆਂ ਹਨ; ਤੇ ਸਾਹ ਦਾ ਇੱਕ ਲੰਬੂਤਰਾ ਵਰੋਲ਼ਾ, ਉਸਦੇ ਕੰਬ ਰਹੇ ਬੁੱਲ੍ਹਾਂ ਨਾਲ਼ ਘਸੜਦਾ ਹੋਇਆ, ਉਸਦੇ ਫੇਫੜਿਆਂ 'ਚ ਲਹਿ ਜਾਂਦਾ ਹੈ।
-ਕੀ ਕਰਨ ਲੱਗੀ ਆਂ ਮੈਂ? ਉਸਦਾ ਸਾਰਾ ਵਜੂਦ ਥਿੜਕਦਾ ਹੈ। -ਐਡਾ ਮੂਰਖੀ ਵਿਚਾਰ?
ਦਰਾਜ਼ ਦੇ ਕੁੰਡੇ ਉੱਪਰ ਉਸਦੇ ਹੱਥ ਦੀ ਜਕੜ ਢਿਲ਼ਕ ਜਾਂਦੀ ਹੈ।
-ਅੱਗੇ ਵਧ, ਮੂਰਖੇ, ਅੱਗੇ! ਆਪਣਾ ਬਦਲਾ ਪੂਰਾ ਕਰ! ਇੱਕ ਹੁਕਮ ਉਸਦੇ ਸਿਰ 'ਚ ਗੂੰਜਦਾ ਹੈ।
ਅਗਲੇ ਪਲੀਂ ਉਸਦੀਆਂ ਉਂਗਲ਼ਾਂ ਫ਼ੋਨ-ਬੁਕ ਦੇ ਸਫ਼ਿਆਂ ਕਾਹਲ਼ੀ-ਕਾਹਲ਼ੀ ਅੱਗੇ-ਪਿੱਛੇ ਪਲਟਦੀਆਂ ਹਨ।
ਰਸੀਵਰ ਛਾਲ਼ ਮਾਰ ਕੇ ਉਸਦੇ ਖੱਬੇ ਕੰਨ ਨੂੰ ਚਿੰਬੜਦਾ ਹੈ ਤੇ ਉਸਦੇ ਸੱਜੇ ਹੱਥ ਦੀ ਮੂਹਰਲੀ ਉਂਗਲ਼, ਫ਼ੋਨ ਦੇ ਡਾਇਲ ਉੱਤੇ, ਭੁੱਖੀ ਚਿੜੀ ਵਾਂਗ ਠੂੰਗੇ ਮਾਰਨ ਲਗਦੀ ਹੈ।
-ਪ੍ਰੀਤ ਤਾਂ ਹਾਲੇ ਤੀਕ ਨ੍ਹੀਂ ਭੁੱਲਿਆ ਹੋਣਾ ਦਸ ਸਾਲ ਪਹਿਲਾਂ ਵਾਲ਼ਾ ਉਹ ਦਿਨ ਜਦੋਂ ਉਸਨੇ ਮੈਨੂੰ 'ਹਾਂ-ਨਾਂਹ' ਦਾ ਫ਼ੋਨ ਕਰਨ ਲਈ ਆਖਿਆ ਸੀ, ਪਰ ਮੈਂ ਤਾਂ ਸਾਰੀ ਦਿਹਾੜੀ ਫ਼ੋਨ ਈ ਲਾਹੀ ਰੱਖਿਆ ਸੀ ਬੇਸ ਤੋਂ!
ਅਗਲੇ ਪਾਸੇ ਰਿੰਗ ਵੱਜਣ ਲਗਦੀ ਹੈ।
-ਕੀ ਕਹੂੰ ਮੈਂ ਪ੍ਰੀਤ ਨੂੰ ਏਡੇ ਲੰਮੇ ਵਕਫ਼ੇ ਤੋਂ ਬਾਅਦ? ਇਹੀ ਸੋਚੇਗਾ ਨਾ ਉਹ ਮੇਰੇ ਏਸ ਤਰ੍ਹਾਂ ਅਚਾਨਕ ਫ਼ੋਨ ਕਰਨ 'ਤੇ ਪਈ ਮੈਂ ਥਿੜਕ ਗਈ ਆਂ... ਪਈ ਮੈਂ ਹਾਰ ਗਈ ਆਂ। ਕੀ ਦੱਸਾਂਗੀ ਮੈਂ ਉਸਨੂੰ ਚੰਦਰੀ ਜੈਸਿਕਾ ਬਾਰੇ ਜਿਹੜੀ ਮੇਰੀ ਬੱਸ ਇੱਕੋ-ਇੱਕ ਦਿਲਚਸਪੀ ਰਹਿ ਗਈ ਸੀ?
ਉਸਦੇ ਢਿਲ਼ਕ-ਗਏ-ਹੱਥ 'ਚ ਫ਼ੋਨ ਰਸੀਵਰ ਲੜ-ਖੜਾਉਂਦਾ ਹੈ, ਅਤੇ ਉਸਦਾ ਸੱਜਾ ਹੱਥ, ਕੁਨੈਕਸ਼ਨ ਨੂੰ ਕੱਟਣ ਲਈ, ਫ਼ੋਨ ਦੇ ਡਾਇਲ ਵੱਲ ਨੂੰ ਦੌੜਦਾ ਹੈ।
-ਕਿਧਰੇ ਫ਼ੋਨ ਬੰਦ ਨਾ ਕਰ ਕਰਦੀਂ, ਮੂਰਖੇ! ਬੁੱਧੂ ਨਾ ਬਣਜੀਂ ਫ਼ੇਰ ਮੁੜ ਕੇ! ਰਹਿੰਦੀ ਉਮਰ ਪਛਤਾਏਂਗੀ ਦੋਬਾਰਾ-ਕਰੀ ਮੂਰਖ਼ਤਾਈ 'ਤੇ! ਉਹਦੇ ਅੰਦਰੋਂ ਇੱਕ ਅਵਾਜ਼ ਉਸਨੂੰ ਖ਼ਬਰਦਾਰ ਕਰਦੀ ਹੈ। -ਸੱਦਾ ਦੇਹ ਉਸਨੂੰ ਮੂਰਖੇ, ਸੱਦਾ!
-ਪਰ ਮੈਨੂੰ ਸਮਝ ਨ੍ਹੀਂ ਪੈਂਦੀ ਪਈ ਸੱਦਾ ਉਸਨੂੰ ਮੈਂ ਦੇਊਂ ਕਿੱਦਾਂ?
-ਉਹਨੂੰ ਸਾਫ਼ ਕਹੀਂ ਬਈ ਹੁਣੇ ਆ ਜਾ, 'ਤੇ ਮੈਨੂੰ ਸਾਬਤੀ ਨੂੰ ਨਿਗਲ਼ ਲੈ!
ਉਸਦਾ ਹੱਥ ਫ਼ੋਨ ਦੇ ਡਾਇਲ ਤੋਂ ਪਿੱਛੇ ਹਟਦਾ ਹੈ।
ਰਸੀਵਰ 'ਚ ਅਗਲੇ ਪਾਸੇ ਵਜਦੀ ਘੰਟੀ ਰੁਕਦੀ ਹੈ।
ਕੁਸਮ ਅੱਗਿਓਂ ਪ੍ਰੀਤ ਦੀ 'ਹੈਲੋ' ਸੁਣਨ ਲਈ ਤਿਆਰ ਹੋਣ ਲਗਦੀ ਹੈ।
ਉਹ ਆਪਣੀਆਂ ਕੰਬਦੀਆਂ ਉਂਗਲਾਂ ਨਾਲ਼, ਮੱਥੇ 'ਤੇ ਆਈ ਤ੍ਰੇਲੀ ਨੂੰ ਪੂੰਝਦੀ ਹੈ। ਅਗਲੇ ਪਾਸਿਓਂ ਆਉਣ ਵਾਲ਼ੀ 'ਹੈਲੋ' ਦੀ ਅਵਾਜ਼ ਦੀ ਉਡੀਕ ਵਿੱਚ ਉਹਦਾ ਸਰੀਰ ਠੰਢਾ ਹੋਣ ਲਗਦਾ ਹੈ।
ਹੁਣ ਦੂਸਰੇ ਪਾਸਿਓਂ ਇੱਕ ਜ਼ਨਾਨਾ ਆਵਾਜ਼ ਉਸਦੇ ਕੰਨ 'ਚ ਸੂਏ ਵਾਂਗ ਖੁਭਦੀ ਹੈ: ਡਾਇਲ ਕੀਤਾ ਨੰਬਰ ਵਰਤੋਂ 'ਚ ਨਹੀਂ; ਪਲੀਜ਼ ਚੈੱਕ ਦ ਨੰਬਰ ਐਂਡ ਡਾਇਲ ਅਗੇਨ। ਦਿਸ ਇਜ਼ ਅ ਰੀਕੋਰਡਿੰਗ!
ਸੰਪਰਕ: 0019057927357
Sonia
Bahut pyari Khani