ਨੰਬਰ ਦੋ -ਗੋਵਰਧਨ ਗੱਬੀ
Posted on:- 04-09-2012
ਬਾਬਿਓ! ਐਵੇਂ ਟੁੱਚਾ ਜਿਹਾ ਬੰਦਾ ਨਾ ਸਮਝਿਓ।ਬਹੁਤ ਹੀ ਮਸ਼ਹੂਰ ਅਖ਼ਬਾਰ ਦਾ ਸੀਨੀਅਰ ਪੱਤਰਕਾਰ ਹਾਂ।ਮਤਲਬ ਕਿ ਸੰਪਾਦਕ ਤੋਂ ਬਾਅਦ ਪਹਿਲੇ ਨੰਬਰ ਉਪਰ।ਸਹਿ-ਸੰਪਾਦਕ।ਤੁਸੀਂ ਕਹੋਗੇ ਇਹ ਕੀ ਗੱਲ ਹੋਈ ਸੰਪਾਦਕ ਤੋਂ ਬਾਅਦ ਪਹਿਲੇ ਨੰਬਰ ਉਪਰ।ਅਸਲ ਵਿਚ ਮੈਨੂੰ ਨੰਬਰ ਦੋ ਕਹਾਉਣ ਵਿਚ ਬਹੁਤ ਤਕਲੀਫ ਹੁੰਦੀ ਹੈ।ਇਸ ਸਾਲੇ ਨੰਬਰ ਦੋ ਤੇ ਮੇਰਾ ਸਾਥ ਮੜ੍ਹੀਆਂ ਤਕ ਦਾ ਹੈ।ਸ਼ਾਇਦ ਮੜ੍ਹੀਆਂ ਤੋਂ ਵੀ ਅੱਗੇ ਜਾਵੇ।
ਮਨ ਬਹੁਤ ਪਰੇਸ਼ਾਨ ਹੈ।ਸ਼ਾਮ ਨੂੰ ਜਲਦੀ ਹੀ ਪ੍ਰੈਸ ਕਲੱਬ ਵਿਚ ਆ ਗਿਆ ਸਾਂ।ਵੈਸੇ ਤਾਂ ਰੋਜ਼ ਹੀ ਕਈ ਲੱਲੂ ਪੰਜੂ ਦੋਸਤਾਂ ਮਿੱਤਰਾਂ ਨਾਲ ਬੈਠਦਾਂ ਪਰ ਅੱਜ ਤਾਂ ਉਹਨਾਂ ਦੀਆਂ ਸ਼ਕਲਾਂ ਦੇਖ ਕੇ ਹੀ ਗੁੱਸਾ ਚੜ੍ਹ ਰਿਹੈ।
ਇਹ ਪਹਿਲੀ ਵਾਰ ਥੋੜਾ ਹੋ ਰਿਹੈ।ਅੱਜ ਦੀ ਰਾਤ ਹੀ ਕਟਨੀ ਮੁਸ਼ਕਿਲ ਹੁੰਦੀ ਹੈ ਕੱਲ੍ਹ ਸ਼ਾਮ ਤਕ ਤਾਂ ਸਭ ਠੀਕ ਹੋ ਜਾਏਗਾ ਪਰ ਸਾਲੀ ਇਹ ਰਾਤ ਤਿੰਨ ਸਾਲਾਂ ਜਿੰਨੀ ਲੰਮੀ ਹੁੰਦੀ ਹੈ।ਦੋਮੁੰਹੀ ਕਾਲੀ ਨਾਗਣ ਵਾਂਗ।ਸੌਵਾਂ ਤਾਂ ਡੰਗ ਮਾਰਦੀ ਹੈ ਤੇ ਜੇ ਜਾਗਾਂ ਤਾਂ ਵੀ।
ਕੱਲ੍ਹ ਸਵੇਰੇ ਗਿਆਰਾਂ ਕੁ ਵਜੇ ਉਹੀ ਕਾਲਾ ਕੁੱਤਾ ਜਿਹਾ ਮੁਖ ਸੰਪਾਦਕ ਮੀਟਿੰਗ ਰੂਮ ਵਿਚ ਆਏਗਾ।ਬੜੇ ਮਿਠੜੇ ਪਰ ਕਮੀਨੇ ਜਿਹੇ ਲਹਿਜ਼ੇ ਨਾਲ ਇਧਰ ਉਧਰ ਦੀਆਂ ਮਾਰੇਗਾ।ਬਕਵਾਸ ਕਰੇਗਾ।ਕੰੰਮ ਦੀ ਗੱਲ ਕੋਈ ਨਹੀਂ ਕਰੇਗਾ।
ਸਣੇ ਮੇਰੇ ਚਾਰ ਸਹਿ ਸੰਪਾਦਕਾਂ ਤੇ ਅਖ਼ਬਾਰ ਦੇ ਜਨਰਲ ਮੈਨੇਜਰ ਦੀ ਹਾਜ਼ਰੀ ਵਿਚ ਅਖ਼ਬਾਰ ਦੀਆਂ ਗੱਲਾਂ ਕਰੇਗਾ।ਆਪਣੀ ਅਖ਼ਬਾਰ ਬਾਕੀ ਦੀਆਂ ਅਖ਼ਬਾਰਾਂ ਕੋਲੋਂ ਕਿਵੇਂ ਵੱਖਰੀ ਪਛਾਣ ਬਣਾਉਂਦੀ ਹੈ।ਇਸ ਅਖ਼ਬਾਰ ਵਿਚ ਕੰਮ ਕਰਨ ਦਾ ਮਤਲਬ ਹੈ ਆਪਣੇ ਆਪ ਨੂੰ ਅਸਰ-ਰਸੂਖ ਵਾਲਾ ਸਮਝਣਾ।ਫਿਰ ਹੋਰ ਊਟ ਪਟਾਂਗ ਗੱਲਾਂ ਕਰੇਗਾ।ਜਿਹਨਾਂ ਦਾ ਕੋਈ ਸਿਰ ਪੈਰ ਨਹੀਂ ਹੋਵੇਗਾ।
ਇਸ ਦੌਰਾਣ ਮੇਰੇ ਦਿਲ ਦੀ ਧੜਕਨ ਲਗਾਤਾਰ ਵਧਦੀ ਘਟਦੀ ਰਹਿੰਦੀ ਹੈ।ਏ.ਸੀ. ਕਮਰੇ ਵਿਚ ਵੀ ਮੇਰੇ ਪਸੀਨੇ ਛੁਟ ਰਹੇ ਹੁੰਦੇ ਨੇ।ਉਸਦੇ ਹੱਥ 'ਚ ਫੜੀ ਨਵੇਂ ਸੰਪਾਦਕ ਦੇ ਨਾਂ ਵਾਲੀ ਫਾਈਲ ਨੂੰ ਐਕਸ-ਰੇ ਕਰਨ ਦੀ ਕੋਸ਼ਿਸ਼ ਕਰਦਾਂ ਹਾਂ ਪਰ ਕੁਝ ਵੀ ਪੱਲੇ ਨਹੀਂ ਪੈਂਦਾ।ਮੈਨੂੰ ਪਤਾ ਵੀ ਹੁੰਦਾ ਹੈ ਕਿ ਨਤੀਜਾ ਕੀ ਆਉਣਾ ਹੈ ਪਰ ਫੇਰ ਵੀ ਉਮੀਦ ਕਰਦਾ ਰਹਿਨਾਂ ਕਿ ਸ਼ਾਇਦ ਕਿਤੇ...?
“ਦੋਸਤੋ, ਤੁਹਾਨੂੰ ਪਤਾ ਹੀ ਹੈ ਅੱਜ ਦੀ ਮੀਟਿੰਗ ਵਿਚ ਮੇਰੀ ਜਿੰਮੇਵਾਰੀ ਤੁਹਾਨੂੰ ਸਾਰਿਆਂ ਨੂੰ ਨਵੇਂ ਸੰਪਾਦਕ ਬਾਰੇ ਜਾਣਕਾਰੀ ਦੇਣ ਦੀ ਹੈ...ਮੈਂ ਤਾਂ ਸਿਰਫ ਸੂਤਰਧਾਰ ਹਾਂ...ਤੁਹਾਡੇ ਤੇ ਪ੍ਰਬੰਧਕ ਕਮੇਟੀ ਦੇ ਵਿਚਕਾਰ ਇਕ ਸੇਤੂ...ਇਸ ਚੌਣ ਵਿਚ ਮੇਰੀ ਕੋਈ ਭੁਮਿਕਾ ਨਹੀਂ ਹੈ...ਮੇਰੀ ਜ਼ਿੰਮੇਵਾਰੀ ਕੇਵਲ ਤੇ ਕੇਵਲ ਤੁਹਾਡੇ ਨਵੇਂ ਸੰਪਾਦਕ ਨੂੰ ਤੁਹਾਡੇ ਸਾਹਮਣੇ ਪੇਸ਼ ਕਰਨਾ ਹੈ...ਸੋ ਪ੍ਰਬੰਧਕਾਂ ਵੱਲੋਂ ਜਿਸ ਸ਼ਖਸ਼ ਨੂੰ ਅਗਲਾ ਸੰਪਾਦਕ ਨਿਯੁਕਤ ਕੀਤਾ ਹੈ ਉਹ ਹਨ....ਸ੍ਰੀ ਮਾਨ ਮਾਧੋ ਰਾਮ... ਹਾਂ, ਇਹ ਜ਼ਰੂਰ ਕਹੇਗਾ ਕਿ ਤੁਸੀਂ ਭਾਵੇਂ ਸਾਰੇ ਇਸ ਔਹਦੇ ਵਾਸਤੇ ਯੋਗਤਾ ਰੱਖਦੇ ਹੋ ਪਰ ਫੈਸਲਾ ਤਾਂ ਮਾਲਕਾਂ ਨੇ ਹੀ ਕਰਨਾ ਹੈ...ਮੈਨੂੰ ਪੂਰੀ ਆਸ ਹੈ ਕਿ ਹਮੇਸ਼ਾ ਦੀ ਤਰ੍ਹਾਂ ਤੁਸੀਂ ਨਵੇਂ ਸੰਪਾਦਕ ਨੂੰ ਵੀ ਆਪਣਾ ਭਰਭੂਰ ਸਾਥ ਤੇ ਸਹਿਯੋਗ ਦਿਉਗੇ।„ਅੱਧਾ ਪੌਣਾ ਘੰਟਾ ਮਗ਼ਜ਼ ਮਾਰ ਕੇ ਮੁਖ ਸੰਪਾਦਕ ਨਵੇਂ ਸੰਪਾਦਕ ਬਾਰੇ ਬਹੁਤ ਹੀ ਨਾਟਕੀ ਢੰਗ ਨਾਲ ਚਾਨਣਾ ਪਾਏਗਾ।
ਹਰ ਵਾਰ ਦੀ ਤਰ੍ਹਾਂ ਸੁਣਦੇ ਸਾਰ ਹੀ ਮੈਂ ਸੁੰਨ ਹੋ ਜਾਨਾਂ।ਕੁਝ ਦੇਰ ਮੇਰੀਆਂ ਨਜ਼ਰਾਂ ਅੱਗੇ ਭੰਬੂਤਾਰੇ ਨਚਦੇ ਨੇ।ਇਸ ਸਾਲੇ ਕੁੱਤੇ ਦੇ ਮੁੰਹੋਂ ਅੱਜ ਤੱਕ ਕਦੇ ਮੇਰਾ ਨਾਮ ਨਹੀਂ ਨਿਕਲਿਆ।ਅਗਲੇ ਦਿਨ ਮੇਰੀ ਹੀ ਜਿੰਮੇਵਾਰੀ ਲਗਾਉਣਗੇ ਨਵੇਂ ਸੰਪਾਦਕ ਨੂੰ ਉਸਦੀ ਕਮਰੇ ਤੱਕ ਲਿਜਾ ਕੇ ਕੁਰਸੀ ਉਪਰ ਬਿਠਾਉਣ ਦੀ।ਜਾਣਬੁਝ ਕੇ ਮੇਰੇ ਜ਼ਖਮਾਂ ਉਪਰ ਨਮਕ ਛਿੜਕਦੇ ਨੇ।ਬੇਬਸੀ ਦਾ ਮਜ਼ਾ ਲੈਣ ਵਾਸਤੇ।ਇਹ ਸਾਲੇ ਸਾਰੇ ਮਾਲਕ ਇੱਕੋ ਜਿਹੇ ਕਿਉਂ ਹੁੰਦੇ ਨੇ।ਕਮੀਨੇ।ਖੁਦਗਰਜ਼।ਬੇਗ਼ੈਰਤ।
ਬਾਬਿਓ! ਮੈਨੂੰ ਪਤੈ ਕੱਲ ਫਿਰ ਉਹੀ ਕੁਝ ਹੋਣੈ ਜਿਹੜਾ ਪਹਿਲਾਂ ਤੋਂ ਹੁੰਦਾ ਆ ਰਿਹੈ ਪਰ ਫਿਰ ਵੀ ਮੈਂ ਉਸ ਕੁੱਤੇ ਵਾਂਗ ਆਪਣੀ ਜੀਭ ਲੰਮਕਾਈ ਬੈਠਾਂ,ਜਿਹੜਾ ਸਾਰਾ ਸਮਾਂ ਊਠ ਦਾ ਬੁੱਲ ਡਿਗ ਜਾਣ ਦੀ ਉਮੀਦ ਵਿਚ ਉਸ ਦੇ ਅੱਗੇ ਪਿੱਛੇ ਘੁੰਮਦਾ ਰਹਿੰਦਾ ਹੈ।
ਪਰ ਮੈਂ ਤੁਹਾਨੂੰ ਇਕ ਗੱਲ ਸਾਫ ਕਰ ਦਿਆਂ ਜੇਕਰ ਕੱਲ ਵੀ ਮੈਨੂੰ ਸੰਪਾਦਕ ਨਾ ਚੁਣਿਆਂ ਤਾਂ ਮੈਂ ਇਹਨਾਂ ਸਾਲਿਆਂ ਦੀ ਮਾਂ ਭੈਣ ਇਕ ਕਰ ਦੇਣੀ ਐ।
ਬਹੁਤੀ ਵਾਰ ਸੰਪਾਦਕ ਉਸ ਕਮੀਨੇ ਕਿਸਮ ਦੇ ਬੰਦੇ ਨੂੰ ਲਗਾਉਣਗੇ ਜਿਹੜਾ ਅਖਬਾਰ ਦਾ ਸਟਿੰਗਰ ਲੱਗਣ ਦੇ ਵੀ ਕਾਬਲ ਨਹੀਂ ਹੁੰਦਾ ਪਰ ਸਾਲੇ ਦੀਆਂ ਸਿਫਾਰਸ਼ਾਂ ਵੱਡੀਆਂ ਵੱਡੀਆਂ ਹੁੰਦੀਆਂ ਨੇ।ਇਕ ਦਮ ਠਨ ਠਨ ਗੋਪਾਲ ਨੂੰ ਸਾਡੇ ਸਿਰ ਉਪਰ ਥੋਪ ਦੇਣਗੇ।ਇਹਨਾਂ ਦੀ ਭੈਣ ਨੂੰ।ਹੁਣ ਨਹੀਂ ਬੈਠਣਾ ਮੈਂ ਨੰਬਰ ਦੋ ਵਾਲੀ ਕੁਰਸੀ ਉਪਰ।ਦੋ ਤਿੰਨ ਸਾਲ ਹੀ ਰਹਿ ਗਏ ਨੇ ਰਿਟਾਇਰ ਹੋਣ ਨੂੰ।ਇਸ ਤੋਂ ਬਾਅਦ ਤਾਂ ਮੈਂ ਅਪਲਾਈ ਹੀ ਨਹੀਂ ਕਰ ਸਕਨਾ ਪਰ ਇਹਨਾਂ ਕੁੱਤਿਆਂ ਨੂੰ ਕੀ ਫਰਕ ਪੈਣੈ।
ਬਾਬਿਓ! ਮੈਂ ਸਾਰੀ ਉਮਰ ਨੰਬਰ ਦੋ ਨੂੰ ਨਫਰਤ ਕਰਦਾ ਰਿਹਾ ਪਰ ਸਾਲਾ ਇਹ ਨੰਬਰ ਦੋ ਮੇਰੇ ਸ਼ਰੀਰ ਤੇ ਆਤਮਾ ਨਾਲ ਜੋਕ ਵਾਂਗ ਹਮੇਸ਼ਾ ਚਿੰਬੜਿਆ ਰਿਹਾ।ਮੇਰਾ ਵਸ ਚਲੇ ਤਾਂ ਮੈਂ ਗਿਣਤੀ ਵਿਚੋਂ ਹਮੇਸ਼ਾ ਵਾਸਤੇ ਨੰਬਰ ਦੋ ਦਾ ਬੀਜ ਹੀ ਨਾਸ ਕਰ ਦਿਆਂ ਪਰ ਮੇਰੀ ਪੇਸ਼ ਕੋਈ ਨਹੀਂ ਜਾਂਦੀ।
ਬਾਬਿਓ! ਜਿਸ ਨੂੰ ਰੱਬ ਹੀ ਨੰਬਰ ਦੋ ਉਪਰ ਰੱਖੇ ਉਸਦਾ ਹੋਰ ਕੋਈ ਕੀ ਸੁਆਰ ਸਕਦੈ।ਅਸਲ ਵਿਚ ਮੈਂ ਜਨਮ ਤੋਂ ਹੀ ਨੰਬਰ ਦੋ ਉਪਰ ਹਾਂ।ਘਰ ਵਿਚ ਵੱਡਾ ਭਰਾ ਸੀ ਉਹ ਸਾਲਾ ਸਾਰੀ ਉਮਰ ਮੈਨੂੰ ਹਮੇਸ਼ਾ ਇਹ ਅਹਿਸਾਸ ਕਰਵਾਉਂਦਾ ਰਿਹਾ ਕਿ ਮੈਂ ਨੰਬਰ ਦੋ ਉਪਰ ਹਾਂ।ਬਚਪਨ ਵਿਚ ਜਦੋਂ ਭਰਾ ਦੀ ਬਕਵਾਸਬਾਣੀ ਸੁਣ ਸੁਣ ਕੇ ਉਭ ਜਾਣਾ ਤਾਂ ਤਾਂ ਕਈ ਵਾਰ ਮੈਂ ਉਸ ਦੀ ਮਾਂ ਭੈਣ ਇਕ ਕਰ ਦੇਣੀ।ਭਰਾ ਨੇ ਮੋਟਾ ਜਿਹਾ ਮੂੰਹ ਬਣਾਕੇ ਮਾਂ ਕੋਲ ਸ਼ਿਕਾਇਤ ਕਰਨੀ।
“ਪੁੱਤਰ, ਇੰਝ ਨਹੀਂ ਕਰਦੇ...ਵੱਡਾ ਭਰਾ ਤਾਂ ਫਿਰ ਵੱਡਾ ਹੀ ਹੁੰਦਾ ਹੈ...ਤੇਰੇ ਭਲੇ ਵਾਸਤੇ ਹੀ ਕਹਿੰਦਾ ਹੈ ਨਾ।„ਮਾਂ ਨੇ ਕਹਿਣਾ।
ਮੈਂ ਨਾਲ ਹੀ ਮਾਂ ਨੂੰ ਵੀ ਟੰਗ ਦੇਣਾ ਖਜ਼ੂਰ ਉਪਰ।ਫਿਰ ਉਸਨੇ ਮਾਰੀ ਜਾਣੀਆਂ ਚੀਕਾਂ।
“ਓਏ ਮੂਰਖਾ, ਤੇਰਾ ਵੱਡਾ ਭਰਾ ਕਿੰਨਾ ਮਿਹਨਤੀ ਹੈ...ਪੜ੍ਹਾਈ ਵਿਚ ਰੁੱਝਿਆ ਰਹਿੰਦੈ...ਹਰ ਵਾਰੀ ਜਮਾਤ ਵਿਚ ਪਹਿਲੇ ਨੰਬਰ ਉਪਰ ਆਉਂਦਾ ਹੈ...ਇਕ ਤੂੰ ਹੈਂ ਇਕ ਨੰਬਰ ਦਾ ਨਲਾਇਕ...ਮਸੀਂ ਦੂਸਰੇ ਦਰਜੇ ਨਾਲ ਪਾਸ ਹੁੰਨੈਂ...ਤੂੰ ਕੁਝ ਕਰਦਾ ਕਿਉਂ ਨਹੀਂ...ਆਪਣੇ ਭਰਾ ਕੋਲੋਂ ਕੁਝ ਸਿਖ-ਮਤ ਕਿਉਂ ਨਹੀਂ ਲੈਂਦਾ...।„ ਕਈ ਵਾਰ ਪਿਉ ਨੇ ਵੀ ਪਰਵਚਨ ਕਰਨੇ ਸ਼ੁਰੂ ਕਰ ਦੇਣੇ।
ਬਾਬਿਓ! ਜੇ ਹੁਣ ਮੇਰੀ ਫਸਟ ਡਵੀਜਨ ਨਹੀਂ ਸੀ ਆਉਂਦੀ ਤਾਂ ਮੈਂ ਕੀ ਕਰ ਸਕਦਾ ਸੀ।ਰੱਬ ਨੇ ਜਿਸਨੂੰ ਜੋ ਦਿਮਾਗ ਦਿੱਤਾ ਹੈ ਉਹ ਉਸੇ ਦਾ ਮਾਲਕ ਹੋਵੇਗਾ ਨਾ।ਹੁਣ ਮੈਂ ਵੱਡੇ ਭਰਾ ਦੇ ਪੈਰ ਧੋਹ ਧੋਹ ਕੇ ਪੀਂਦਾ।ਉਸਨੂੰ ਆਪਣਾ ਗੁਰੂ ਧਾਰ ਲੈਂਦਾ। ਸਾਲਾ ਉਹ ਕੌਣ ਹੁੰਦਾ ਸੀ ਮੈਨੂੰ ਸਿਖਿਆ ਦੇਣ ਵਾਲਾ।ਸਚ ਪੁੱਛੋ ਤਾਂ ਬਹੁਤ ਘਟੀਆ ਕਿਸਮ ਦੇ ਸਨ ਭਰਾ ਤੇ ਮਾਂ ਪਿਉ ।ਇਕ ਨੰਬਰ ਦੇ ਫਰਾਡ।
ਬਾਬਿਓ! ਜਦੋਂ ਦਸਵੀਂ ਵਿਚ ਪੜ੍ਹਦਾ ਸੀ ਤਾਂ ਮੇਰੇ ਨਾਲ ਦੇ ਕਈ ਮੁੰਡੇ ਕੁੜੀਆਂ ਦੀ ਸਲਾਨਾ ਇਮਤਿਹਾਨ ਵਿਚੋਂ ਫਸਟ ਡਵੀਜਨ ਆਈ ਤੇ ਆਪਣੀ ਮਾੜੀ ਕਿਸਮਤ ਕੇਵਲ ਇਕ ਨੰਬਰ ਘੱਟ ਰਹਿ ਜਾਣ ਨਾਲ ਦੂਸਰੀ ਡਵੀਜਨ ਆਈ।ਬੜਾ ਗੁੱਸਾ ਚੜ੍ਹਿਆ।ਕਿਸਮਤ ਨੂੰ ਕੋਸਿਆ।ਕਿਸੇ ਦੀ ਸਲਾਹ ਉਪਰ ਹਿਸਾਬ ਦੇ ਪੇਪਰ ਦੀ ਦੋਬਾਰਾ ਚੈਕਿੰਗ ਕਰਵਾਈ ਇਸ ਉਮੀਦ ਨਾਲ ਕਿ ਇਕ ਨੰਬਰ ਤਾਂ ਵੱਧ ਹੀ ਜਾਵੇਗਾ ਪਰ ਸਾਲਿਆਂ ਵਧਾਉਣ ਦੀ ਜਗ੍ਹਾ ਚਾਰ ਨੰਬਰ ਹੋਰ ਘਟਾ ਦਿੱਤੇ।ਇਹੀ ਕੁਝ ਬੀ.ਏ. ਤੇ ਐਮ. ਏ. ਵੇਲੇ ਵਾਪਰਿਆ।
ਸਾਲੀ ਆਪਣੀ ਕਿਸਮਤ ਹੀ ਕੁਝ ਐਸੀ ਹੈ।ਉਹ ਮੁਕੇਸ਼ ਦਾ ਗੀਤ ਨਹੀ ਹੈਗਾ ਕਿ ਆਪਣੀ ਕਿਸਮਤ ਹੀ ਕੁਝ ਐਸੀ ਨਿਕਲੀ ਕਿ ਦਿਲ ਟੂਟ ਗਿਆ।ਅੱਜ ਮੈਨੂੰ ਮੁਕੇਸ਼ ਬਹੁਤ ਯਾਦ ਆ ਰਿਹੈ। ਮੇਰਾ ਮਨ ਕਰ ਰਿਹੈ ਅੱਜ ਮੈਂ ਉਸਦੇ ਗਲ ਲੱਗ ਕੇ ਜੀਅ ਭਰ ਕੇ ਰੋਵਾਂ।ਬਹੁਤ ਦਰਦ ਸੀ ਉਸਦੀ ਆਵਾਜ਼ ਵਿਚ।ਉਸਨੂੰ ਵੀ ਸਾਲੇ ਲੋਕਾਂ ਨੇ ਹਮੇਸ਼ਾ ਨੰਬਰ ਦੋ ਉਪਰ ਹੀ ਰੱਖਿਆ।
ਬਾਬਿਓ! ਬੰਦਾਂ ਕਦੋਂ ਤਕ ਸਹਿਣ ਕਰੇ ਨੰਬਰ ਦੋ ਵਾਲਾ ਤਮਗਾ ਆਪਣੀ ਛਾਤੀ ਉਪਰ।ਪਰ ਹੱਦ ਤਾਂ ਉਦੋਂ ਹੋ ਗਈ ਜਦੋਂ ਮੇਰਾ ਵਿਆਹ ਹੋਇਆ।ਵੱਡੀ ਭਾਬੀ ਨੇ ਆਪਣੀ ਮਾਸੀ ਦੀ ਕੁੜੀ ਨਾਲ ਮੇਰਾ ਰਿਸ਼ਤਾ ਕਰਵਾ ਦਿੱਤਾ।ਬਹੁਤ ਸੋਹਣੀ ਤਾਂ ਨਹੀਂ ਕਹਿ ਸਕਦਾ ਪਰ ਫਿਰ ਵੀ ਠੀਕ ਸੀ ਪਰਮਜੀਤ।ਬੁੱਤਾ ਸਾਰਿਆ ਜਾ ਸਕਦਾ ਸੀ।
“ਪਰਮਜੀਤ, ਦੇਖ ਅਸੀਂ ਅੱਜ ਤੋਂ ਨਵੀਂ ਜ਼ਿੰਦਗੀ ਸ਼ੁਰੂ ਕਰਨੀ ਐ...ਸਾਰੀ ਉਮਰ ਇਕ ਦੂਸਰੇ ਨਾਲ ਕੱਟਣੀ ਐ...ਅੱਜ ਤੋਂ ਪਹਿਲਾਂ ਅਸੀਂ ਅਜਨਬੀ ਸਾਂ ਤੇ ਹੁਣ ਇਕ ਦੂਸਰੇ ਦੇ ਜੀਵਨ ਸਾਥੀ...ਸੁੱਖ ਦੁੱਖ ਦੇ ਭਾਈਵਾਲ...ਜੇ ਸਾਡੇ ਵਿਚਕਾਰ ਕੋਈ ਪਰਦਾ ਜਾਂ ਓਹਲਾ ਰਿਹਾ ਤਾਂ ਇਕ ਦੂਸਰੇ ਉਪਰ ਵਿਸ਼ਵਾਸ਼ ਕਰਨਾ ਔਖਾ ਹੋਵੇਗਾ...ਸੋ ਕੁਝ ਗੱਲਾਂ ਸਾਂਝੀਆਂ ਕਰ ਲਈਏ...ਕੀ ਵਿਚਾਰ ਹੈ ਤੇਰਾ?„ ਸੁਹਾਗ ਰਾਤ ਵਾਲੀ ਰਾਤ ਮੈਂ ਪਤਨੀ ਨੂੰ ਬਹੁਤ ਹੀ ਹੌਸਲੇ ਨਾਲ ਕਿਹਾ।
ਪਹਿਲਾਂ ਤਾਂ ਉਸਨੇ ਮੇਰੇ ਵੱਲ ਇਸ ਤਰ੍ਹਾਂ ਦੇਖਿਆ ਜਿਵੇਂ ਕੋਈ ਮੁਰਜ਼ਿਮ ਜੱਜ ਵੱਲ ਵੇਖਦਾ ਹੈ।ਫਿਰ ਡਰਦਿਆਂ ਡਰਦਿਆਂ ਉਸਨੇ ਵੀ ਨਜ਼ਰਾਂ ਝੁੱਕਾ ਕੇ ਹਾਮੀ ਭਰ ਦਿੱਤੀ।
“ਦੇਖ ਪਰਮਜੀਤ...ਕੱਲ ਨੂੰ ਕੋਈ ਹੋਰ ਤੈਨੂੰ ਦੱਸੇ...ਮੈਂ ਆਪ ਹੀ ਦਸਣਾ ਚਾਹੁੰਦਾ ਕਿ ਮੇਰੀ ਜ਼ਿੰਦਗੀ ਵਿਚ ਤੇਰੇ ਕੋਲੋਂ ਪਹਿਲਾਂ ਦੋ ਕੁੜੀਆਂ ਆਈਆਂ ਸਨ...ਇਕ ਬੀ.ਏ. ਦੇ ਪਹਿਲੇ ਸਾਲ ਤੇ ਦੂਸਰੀ ਜਦੋਂ ਮੈਂ ਪਹਿਲੀ ਵਾਰ ਇਕ ਅਖ਼ਬਾਰ ਵਿਚ ਨਵਾਂ ਨਵਾਂ ਪੱਤਰਕਾਰ ਲੱਗਿਆ ਸਾਂ...ਪਹਿਲੀ ਤਾਂ ਦੂਸਰੇ ਸਾਲ ਵਿਚ ਕਿਸੇ ਹੋਰ ਨਾਲ ਪਿਆਰ ਦੀਆਂ ਪੀਂਘਾਂ ਝੂਟਣ ਲੱਗ ਪਈ...ਦੂਸਰੀ ਨੂੰ ਭਾਂਤ ਭਾਂਤ ਦੇ ਖੂਹ ਦਾ ਪਾਣੀ ਪੀਣ ਦੀ ਆਦਤ ਸੀ...ਛੇ ਕੁ ਮਹੀਨੇ ਹੀ ਮੇਰੇ ਖੂਹ ਦਾ ਪਾਣੀ ਉਸਨੂੰ ਚੰਗਾ ਲੱਗਾ...ਫਿਰ ਉਸਦੇ ਮੂੰਹ ਨੂੰ ਅਖ਼ਬਾਰ ਦੇ ਮਾਲਕ ਦੇ ਖੂਹ ਦਾ ਪਾਣੀ ਲੱਗ ਗਿਆ...ਹਾਲਾਂਕਿ ਉਸਦਾ ਖੂਹ ਪੁਰਾਣਾ ਸੀ ਪਰ ਉਸ ਵਿਚ ਪਾਣੀ ਬਹੁਤ ਜ਼ਿਆਦਾ ਸੀ...ਉਸਨੇ ਉਸ ਨਾਲ ਵਿਆਹ ਕਰਵਾ ਲਿਆ ਪਰ ਚੋਰੀ ਛੁਪੇ ਹੋਰ ਖੂਹਾਂ ਦਾ ਪਾਣੀ ਵੀ ਪੀ ਲੈਂਦੀ ਸੀ...ਪਰ ਚੱਲ ਛੱਡ ਪਰਾਂ ਉਹਨਾਂ ਹਰਾਮ ਦੀਆਂ ਅਲਾ੍ਹਮਤਾਂ ਨੂੰ ਯਾਦ ਕਰਕੇ ਕੀ ਲੈਣੈ...ਜੋ ਬੀਤ ਗਿਆ ਉਸਨੂੰ ਕਿਉਂ ਯਾਦ ਕਰਨੈ...ਮੈਂ ਤੇਰੇ ਸਾਹਮਣੇ ਕਸਮ ਖਾਨਾ ਕਿ ਹੁਣ ਅੱਗੇ ਤੋਂ ਤੇਰਾ ਹੀ ਬਣ ਕੇ ਰਹਾਂਗਾ...ਤੇਰੇ ਸਿਵਾਏ ਹੋਰ ਕੋਈ ਔਰਤ ਮੇਰੀ ਜ਼ਿੰਦਗੀ ਵਿਚ ਕਦੇ ਨਹੀਂ ਆਏਗੀ...।„ਅਚਾਨਕ, ਮੇਰੇ ਦਿਮਾਗ ਵਿਚ ਪਤਾ ਨਹੀਂ ਕੀ ਆਇਆ ਕਿ ਮੈਂ ਬੋਲਣ ਦੀ ਆਪ ਹੀ ਪਹਿਲ ਕਰ ਦਿੱਤੀ।
ਪਰਮਜੀਤ ਨਜ਼ਰਾਂ ਝੁਕਾਈ ਚੁਪਚਾਪ ਸੁਣਦੀ ਰਹੀ।ਉਸਦੇ ਹੋਠ ਕੁਝ ਫਰਕੇ ਪਰ ਉਹਨਾਂ ਵਿਚੋਂ ਆਵਾਜ਼ ਨਹੀਂ ਨਿਕਲੀ।
ਉਸਦੀ ਚੁੱਪ ਨੇ ਮੈਨੂੰ ਝੰਜੋੜਿਆ।ਮੈਂ ਉਸਦੇ ਚਿਹਰੇ ਨੂੰ ਪੜ੍ਹਨ ਲੱਗਾ ਰਿਹਾ ਪਰ ਕੁਝ ਵੀ ਸਮਝ ਨਾ ਆਵੇ।ਮਨ ਪਰੇਸ਼ਾਨ ਹੋਣ ਲੱਗਾ ਕਿ ਪਤਾ ਨਹੀਂ ਸਪੇਰੇ ਦੀ ਛਾਬੜੀ ਵਿਚੋਂ ਕਿਹੜਾ ਸੱਪ ਨਿਕਲੇਗਾ।
“ਹੁਣ ਤੁੰ ਵੀ ਦਸ...ਜੇ ਤੇਰੀ ਜ਼ਿੰਦਗੀ ਵਿਚ ਕੁਝ ਚੰਗਾ ਜਾਂ ਮਾੜਾ ਵਾਪਰਿਆ ਹੈ ਤਾਂ...ਤੂੰ ਬਿਨ੍ਹਾ ਝਿਝਕ ਦਸ ਸਕਦੀ ਏਂ...ਕੱਲ੍ਹ ਨੂੰ ਮੈਨੂੰ ਕੋਈ ਹੋਰ ਦੱਸੇ ਤਾਂ ਚੰਗਾ ਨਹੀਂ ਲੱਗੇਗਾ...?„ ਮੇਰੇ ਪੁੱਛਣ ਉਪਰ ਪਰਮਜੀਤ ਨੇ ਸਿਰ ਉਠਾ ਕੇ ਰਹੱਸਮਈ ਮੁਸਕਰਾਹਟ ਨਾਲ ਮੇਰੇ ਵੱਲ ਪ੍ਰਸ਼ਨਵਾਚਕ ਨਜ਼ਰਾਂ ਨਾਲ ਦੇਖਿਆ।
“ਹਾਂ...ਹਾਂ...ਘਬਰਾਉਣ ਦੀ ਲੋੜ੍ਹ ਨਹੀਂ...ਤੂੰ ਮੇਰੇ ਉਪਰ ਵਿਸ਼ਵਾਸ਼ ਕਰ ਸਕਦੀ ਐਂ...ਸਾਨੂੰ ਇਕ ਦੂਸਰੇ ਸਾਹਮਣੇ ਆਪਣੇ ਸਾਰੇ ਰਾਜ਼ ਖੋਲ ਦੇਣੇ ਚਾਹੀਦੇ ਹਨ...ਸਾਡੇ ਦੋਨਾਂ ਵਾਸਤੇ ਚੰਗਾ ਰਹੇਗਾ...ਇਕ ਦੂਸਰੇ ਨੂੰ ਸਮਝਣ ਵਾਸਤੇ ਇਹ ਬਹੁਤ ਜ਼ਰੂਰੀ ਹੈ...।„ਅਸਲ ਵਿਚ ਮੇਰੇ ਦਿਲ ਵਿਚ ਚੋਰ ਸੀ।
“ਜੀ ਕੋਈ ਖਾਸ ਨਹੀਂ ਪਰ ਜਦੋਂ ਕਾਲਜ ਵਿਚ ਪੜ੍ਹਦੀ ਸੀ ਤਾਂ ਇਕ ਮੁੰਡਾ ਮੇਰੀ ਜ਼ਿੰਦਗੀ ਵਿਚ ਆਇਆ ਸੀ...ਸਚ ਪੁੱਛੋ ਤਾਂ ਮੈਨੂੰ ਵੀ ਉਹ ਚੰਗਾ ਲਗਦਾ ਸੀ ਪਰ ਉਹ ਗ਼ੈਰ ਜਾਤ ਦਾ ਸੀ...ਮੈਨੂੰ ਪਤਾ ਸੀ ਕਿ ਮੇਰੇ ਭਰਾ ਇਹ ਰਿਸ਼ਤਾ ਸਿਰੇ ਨਹੀਂ ਚੜ੍ਹਨ ਦੇਣਗੇ...ਉਸ ਮੁੰਡੇ ਨੇ ਇਥੋਂ ਤਕ ਕਹਿ ਦਿੱਤਾ ਕਿ ਚਲ ਘਰੋਂ ਦੌੜ ਚਲੀਏ ਪਰ ਮੈਂ ਹੀ ਆਪਣੇ ਪੈਰ ਪਿੱਛੇ ਖਿੱਚ ਗਈ...ਉਹ ਮੁੰਡਾ ਬਹੁਤ ਤੜਫਿਆ ਪਰ ਜਦੋਂ ਮੈਂ ਹੀ ਮੁਕਰ ਗਈ ਤਾਂ ਉਹ ਕੀ ਕਰਦਾ ਸੀ...ਸੋ ਸਾਡੀ ਪ੍ਰੇਮ ਕਹਾਣੀ ਛੇ ਸੱਤ ਮਹੀਨਿਆ 'ਚ ਹੀ ਖਤਮ ਹੋ ਗਈ...।„ ਉਹ ਹੌਲੇ ਜਿਹੇ ਬੋਲ ਕੇ ਨਜ਼ਰਾਂ ਝੁਕਾਈ ਬੈਠੀ ਰਹੀ।
ਉਸਨੇ ਇਕ ਦੋ ਵਾਰੀ ਚੋਰੀ ਨਾਲ ਮੇਰੇ ਵਲ ਦੇਖਣ ਦੀ ਕੋਸ਼ਿਸ਼ ਕੀਤੀ। ਉਹ ਸ਼ਾਇਦ ਮੇਰੇ ਚਿਹਰੇ ਦੇ ਹਾਵਭਾਵ ਦੇਖਣਾ ਚਾਹੁੰਦੀ ਸੀ।
“ਤੁਹਾਡੇ ਵਿਚਕਾਰ ਕੁਝ ਵਾਪਰਿਆ ਤਾਂ ਨਹੀਂ ਨਾ...?„ ਮੈਂ ਉਸਦਾ ਹੱਥ ਆਪਣੇ ਹੱਥ ਵਿਚ ਲੈ ਕੇ ਪੁੱਛਿਆ।ਮੇਰੇ ਦਿਲ ਦੀ ਧੜਕਨ ਬੰਦ ਹੋਣ ਨੂੰ ਫਿਰ ਰਹੀ ਸੀ।
“ਨਹੀਂ ਕੋਈ ਖਾਸ ਨਹੀਂ ਪਰ ਉਹ ਕਦੀ ਕਦੀ ਚੋਰੀ ਨਾਲ ਮੈਨੂੰ ਚੁੰਮ ਲੈਂਦਾ ਸੀ...।„ ਬੋਲ ਉਸਦੇ ਹੋਠਾਂ ਵਿਚੋਂ ਮਸੀਂ ਬਾਹਰ ਨਿਕਲੇ।
ਸੁਣਦੇ ਹੀ ਮੇਰੀ ਮਾਂ ਥਾਏਂ ਮਰ ਗਈ।ਕੁਝ ਸਮਝ ਨਾ ਆਵੇ ਕਿ ਹੁਣ ਹੱਸਾਂ ਕਿ ਰੋਵਾਂ।ਮੈਨੂੰ ਪਤਾ ਸੀ; ਜਿਹੜਾ ਸਾਲਾ ਇਸਨੂੰ ਚੌਰੀ ਛੁੱਪੇ ਚੁੰਮ ਲੈਂਦਾ ਸੀ; ਉਹ ਸ਼ਰੀਫ ਕਿਥੇ ਹੋਣੈ?
“ਓਏ ਮੇਰੇ ਰੱਬਾ ਇਥੇ ਵੀ ਨੰਬਰ ਦੋ ਉਪਰ।„ਮੇਰੇ ਅੰਦਰੋਂ ਆਪ ਮੁਹਾਰੇ ਇਹੀ ਨਿਕਲਿਆ।
ਨੰਬਰ ਦੋ ਉਸ ਵੇਲੇ ਵੀ ਮੇਰੇ ਜਿਹਨ ਵਿਚ ਤਾਂਡਵ ਨਾਚ ਨੱਚਣ ਲੱਗਾ।ਇਕ ਦਮ ਡਰਾਵਣਾ ਤੇ ਭਿਆਨਕ ।ਉਸਨੇ ਕਿਸੇ ਦੈਂਤ ਦਾ ਰੂਪ ਅਖਤਿਆਰ ਕਰ ਲਿਆ।ਹੱਥਾਂ ਵਿਚ ਬਹੁਤ ਸਾਰੇ ਹੱਥਿਆਰ।ਤੀਖੇ ਤੇ ਖੁੰਡੇ ।ਪਰ ਪਰਮਜੀਤ ਨੂੰ ਮਹਾਨਤਾ ਦਰਸਾਉਂਦੇ ਹੋਏ ਮੈਂ ਆਪਣੇ ਧੁਖ ਰਹੇ ਦਿਲ ਦੇ ਦਰਬਾਜੇ ਉਪਰ ਭਾਰੀ ਪੱਥਰ ਰੱਖ ਲਿਆ।ਉਠ ਰਹੇ ਧੂੰਏ ਨੂੰ ਬਾਹਰ ਨਹੀਂ ਨਿਕਲਣ ਦਿੱਤਾ।ਸਾਰਾ ਕੁਝ ਅੰਦਰ ਹੀ ਅੰਦਰ ਹਜ਼ਮ ਕਰ ਗਿਆ।ਹਾਲਾਂਕਿ ਮੇਰੀ ਜਿੰਦਗੀ ਵਿਚ ਆਈਆਂ ਦੋ ਕੁੜੀਆਂ ਦੇ ਕਿੱਸੇ ਮੈਂ ਉਸੇ ਵੇਲੇ ਘੜੇ ਸਨ ਤਾਂ ਕਿ ਉਸਦੇ ਮੁੰਹੋ ਸੱਚ ਉਗਲਵਾ ਸਕਾਂ।
ਸੋ ਬਾਬਿਓ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਵੀ ਨੰਬਰ ਦੋ ਤੋਂ ਹੀ ਹੋਈ।ਚਲੋ ਛੱਡੋ, ਜੇ ਨੰਬਰ ਇਕ ਤੋਂ ਵੀ ਸ਼ੁਰੂ ਹੁੰਦੀ ਤਾਂ ਕੀ ਹੋ ਜਾਣਾ ਸੀ।
ਮੈਨੂੰ ਪਤਾ ਹੈ ਕਲ੍ਹ ਜਿਸ ਦੀ ਸੰਪਾਦਕੀ ਦੀ ਤਾਜ਼ਪੋਸ਼ੀ ਹੋਣੀ ਹੈ ਉਹ ਕੌਣ ਹੈ? ਸਾਲਾ ਕੇਂਦਰ ਸਰਕਾਰ ਦੇ ਦੂਰ- ਸੰਚਾਰ ਵਿਭਾਗ ਦੇ ਮੰਤਰੀ ਦੀ ਭੂਆ ਦਾ ਮੁੰਡਾ ਹੈ।ਪਹਿਲਾਂ ਕਿਸੇ ਸਰਕਾਰੀ ਰਸਾਲੇ ਦਾ ਸੰਪਾਦਕ ਸੀ। ਇਸ ਅਖ਼ਬਾਰ ਦਾ ਸੰਪਾਦਕ ਲੱਗਣ ਵਾਸਤੇ ਉਸਨੇ ਅਗਾਂਹੂ ਸੇਵਾਮੁਕਤੀ ਲੈ ਲਈ ਹੈ।ਉਥੇ ਉਸਦੇ ਪੱਲੇ ਕੁਝ ਨਹੀਂ ਪੈਂਦਾ ਸੀ।ਕੋਈ ਬਹੁਤੀ ਪੁੱਛ ਮੰਗ ਵੀ ਨਹੀਂ ਸੀ।ਸਰਕਾਰੀ ਸੂਚਨਾਵਾਂ ਤੇ ਇਸ਼ਤਿਹਾਰਾਂ ਦੇ ਸਿਵਾਏ ਹੋਰ ਕੁਝ ਨਹੀਂ ਸੀ ਉਸ ਰਸਾਲੇ ਵਿਚ।
ਆਪਣੇ ਆਪ ਨੂੰ ਕਹਾਣੀਕਾਰ ਵੀ ਅਖਵਾਉਂਦਾ ਹੈ।ਸਾਲੇ ਨੇ ਸਾਰੀ ਉਮਰ ਇਕ ਹੀ ਕਿਤਾਬ ਲਿਖੀ ਹੈ ਉਹ ਵੀ ਆਪਣੇ ਕਿਸੇ ਯਾਰ ਦੋਸਤ ਦੀ ਮਦਦ ਨਾਲ।ਇਸ ਕੁਰਸੀ ਉਪਰ ਬੈਠ ਕੇ ਸਾਲਾ ਆਪਣੀਆਂ ਅਗਲੀਆਂ ਸਤ ਪੁਸ਼ਤਾਂ ਦਾ ਬੇੜਾ ਪਾਰ ਲਗਾ ਦਏਗਾ।ਇਕ ਨੰਬਰ ਦਾ ਕਮੀਨਾ।ਰਿਸ਼ਵਤਖੋਰ।ਜਨਾਨੀਬਾਜ਼।ਕਈ ਵਾਰ ਆਪਣੀ ਕਹਾਣੀ ਛਪਵਾਣ ਵਾਸਤੇ ਮੈਨੂੰ ਫੋਨ ਕਰਦਾ ਰਹਿੰਦਾ ਹੁੰਦਾ ਸੀ।ਮਹਿਫਲਾਂ ਵੀ ਜੰਮੀਆਂ ਨੇ ਉਸ ਨਾਲ।
ਬਾਬਿਓ! ਇਸ ਨਵੇਂ ਸੰਪਾਦਕ ਬਾਰੇ ਤਾਂ ਛੱਡੋ।ਇਹਦੇ ਨਾਲ ਤਾਂ ਅਜੇ ਮੇਰਾ ਵਾਸਤਾ ਪੈਣੈ।ਅੱਜ ਤੱਕ ਮੇਰੇ ਸਾਹਮਣੇ ਜਿੰਨੇ ਵੀ ਸੰਪਾਦਕ ਇਸ ਅਖ਼ਬਾਰ ਦੇ ਰਹੇ ਨੇ ਮੈਂ ਉਹਨਾਂ ਦੇ ਪੋਤੜਿਆਂ ਤਕ ਜਾਣਦਾਂ।
ਉਹਨਾਂ ਵਿਚ ਇਕ ਤਾਂ ਐਸਾ ਵੀ ਸੀ ਜਿਹੜਾ ਸਵੇਰੇ ਦਫਤਰ ਆਉਣ ਵੇਲੇ ਹੀ ਦਾਰੂ ਪੀ ਲੈਂਦਾ ਸੀ।ਉਹ ਵੀ ਬਹੁਤ ਵੱਡੀ ਸਿਫਾਰਸ਼ ਉਪਰ ਰੱਖਿਆ ਗਿਆ ਸੀ।ਇਕ ਦੋ ਚਾਲੂ ਕਿਸਮ ਦੀਆਂ ਪਰਸਨਲ ਸੈਕਟਰੀਆਂ ਨੂੰ ਹਮੇਸ਼ਾਂ ਵਾਰੀ ਵਾਰੀ ਆਪਣੇ ਕੋਲ ਬਿਠਾ ਕੇ ਉਹਨਾਂ ਨਾਲ ਚੋਹਲ ਮੋਹਲ ਕਰਦਾ ਰਹਿੰਦਾ।ਗੱਲਾਂ ਗੱਲਾਂ ਵਿਚ ਕਦੇ ਉਹਨਾਂ ਦੀਆਂ ਗੱਲ੍ਹਾਂ ਨੂੰ ਹੱਥ ਲਾਉਂਦਾ।ਕਦੇ ਉਹਨਾਂ ਦੇ ਪੱਟਾਂ ਉਪਰ ਹੱਥ ਫੇਰਦਾ।ਕਦੇ ਉਹਨਾਂ ਦੇ ਵਾਲਾਂ ਦੀ ਤਾਰੀਫ ਕਰਦਾ ਤੇ ਕਦੇ ਉਹਨਾਂ ਦੇ ਪਤਲੇ ਤੇ ਤਿਖੇ ਨੱਕ ਦੀ।ਕਦੇ ਉਹਨਾਂ ਦੀਆਂ ਸਮੁੰਦਰੋਂ ਡੁੰਘੀਆਂ ਅੱਖਾਂ ਵਿਚ ਡੁਬਕੀਆਂ ਲਾਉਣ ਦੀ ਗੱਲ ਕਰਦਾ।
ਉਹ ਰੱਜ ਕੇ ਕਮੀਨਾ ਸੀ।ਉਸਦੇ ਬਹੁਤ ਸਾਰੇ ਚਮਚੇ ਵੀ ਸਨ।ਜਿਹੜੇ ਉਸ ਨਾਲ ਆਪਣੀ ਵਫਾਦਾਰੀ ਨਿਭਾਉਂਦੇ।ਉਸ ਲਈ ਹਰ ਤਰ੍ਹਾਂ ਦੇ ਪ੍ਰਬੰਧ ਕਰਦੇ।
ਜਿੰਨਾ ਚਿਰ ਵੀ ਸੰਪਾਦਕ ਦੀ ਕੁਰਸੀ ਉਪਰ ਰਿਹਾ ਉਸਨੇ ਇਕ ਵੀ ਸੰਪਾਦਕੀ ਨਹੀਂ ਲਿਖੀ।ਹਮੇਸ਼ਾਂ ਸਾਲੇ ਨੇ ਮੇਰੀ ਡਿਉਟੀ ਲਗਾ ਦੇਣੀ।
ਮੇਰੀ ਉਸ ਨਾਲ ਕਦੇ ਨਹੀਂ ਬਣੀ।ਮੈਂ ਇੱਕਲਾ ਹੀ ਸਾਂ ਜਿਹੜਾ ਉਸਨੂੰ ਨਮਸਤੇ ਤਕ ਨਹੀਂ ਬੁਲਾਉਂਦਾ ਸਾਂ।ਉਸਨੇ ਬੜੀ ਕੋਸ਼ਿਸ਼ ਕੀਤੀ ਮੇਰੇ ਨਾਲ ਯਾਰੀ ਲਾਉਣ ਦੀ ਪਰ ਮੈਂ ਉਸਨੂੰ ਕਦੇ ਘਾਹ ਨਹੀਂ ਪਾਇਆ।
ਅਖੀਰ ਜਦੋਂ ਹੱਦ ਹੋ ਗਈ ਤਾਂ ਅਖ਼ਬਾਰ ਦੇ ਕਰਮਚਾਰੀਆਂ ਨੇ ਉਸਦੇ ਵਿਰੁਧ ਮੁੱਖ ਸੰਪਾਦਕ ਨੂੰ ਲਿਖਤੀ ਸ਼ਿਕਾਇਤ ਕਰ ਦਿੱਤੀ ਕਿ ਉਹ ਹਮੇਸ਼ਾ ਨਸ਼ੇ ਵਿਚ ਰਹਿੰਦਾ ਹੈ।ਉਹਨਾਂ ਨਾਲ ਬੁਰਾ ਵਿਹਾਰ ਕਰਦਾ ਹੈ।ਗਾਲੀ ਗਲੋਚ ਕਰਦਾ ਹੈ।ਔਰਤ ਕਰਮਚਾਰੀਆਂ ਨੂੰ ਉਸਦੇ ਕਮਰੇ ਵਿਚ ਜਾਣ ਤੋਂ ਡਰ ਲਗਦਾ ਹੈ।ਉਹਨਾਂ ਨੂੰ ਭੱਦੇ ਭੱਦੇ ਇਸ਼ਾਰੇ ਕਰਦਾ ਹੈ।ਪਹਿਲਾਂ ਤਾਂ ਮੁੱਖ ਸੰਪਾਦਕ ਨੇ ਕੋਈ ਖਾਸ ਧਿਆਨ ਨਹੀਂ ਦਿੱਤਾ ਪਰ ਜਦੋਂ ਸਿਕਾਇਤਾਂ ਦੀ ਝੜੀ ਲੱਗ ਗਈ ਤਾਂ ਉਹ ਹਰਕਤ ਵਿਚ ਆਇਆ।
ਇਕ ਦਿਨ ਜਦੋਂ ਉਸਦੀ ਚਹੇਤੀ ਸੈਕਟਰੀ ਉਸਦੇ ਕਮਰੇ ਵਿਚ ਗਈ ਤਾਂ ਕੁਝ ਘੜੀਆਂ ਬਾਅਦ ਹੀ ਮੁੱਖ ਸੰਪਾਦਕ ਨੇ ਆਪਣੇ ਨਾਲ ਦੋ ਹੋਰ ਜਿੰਮੇਵਾਰ ਅਧਿਕਾਰੀਆਂ ਨੂੰ ਨਾਲ ਲੈ ਛਾਪਾ ਮਾਰਿਆ। ਨਸ਼ੇ ਵਿਚ ਗੜੁਚ ਤੇ ਸੈਕਰੇਟਰੀ ਨਾਲ ਆਪਤੀ ਜਨਕ ਹਾਲਾਤ ਵਿਚ ਉਸਨੂੰ ਰੰਗੇ ਹੱਥੀਂ ਫੜ੍ਹ ਲਿਆ।
ਫਿਰ ਓਹੀ ਹੋਇਆ ਜੋ ਹੋਣਾ ਸੀ।ਉਸੇ ਵੇਲੇ, ਉਸ ਕੋਲੋਂ ਸਿਹਤ ਠੀਕ ਨਾ ਰਹਿਣ ਦੇ ਅਧਾਰ ਉਪਰ ਅਸਤੀਫਾ ਲੈ ਕੇ ਉਸਨੂੰ ਛੁੱਟੀ 'ਤੇ ਭੇਜ ਦਿੱਤਾ।ਅਖ਼ਬਾਰ ਦੇ ਅਕਸ ਦਾ ਮਾਮਲਾ ਸੀ।ਕਿਸੇ ਨੂੰ ਕੁਝ ਪਤਾ ਨਹੀਂ ਚਲਣ ਦਿੱਤਾ ਪਰ ਬਿਨ੍ਹਾਂ ਸੰਪਾਦਕ ਦੇ ਅਖਬਾਰ ਛੱਪ ਨਹੀਂ ਸਕਦੀ ਸੀ।ਅਪਾਤਕਾਲ ਮੀਟਿੰਗ ਬੁਲਾਈ ਗਈ।ਨਤੀਜਾ ਇਹ ਨਿਕਲਿਆ ਕਿ ਮੇਰੇ ਨਾਲ ਦੀ ਕੁਰਸੀ ਉਪਰ ਬੈਠਦੇ ਮੱਖਣ ਸਿੰਘ ਨੂੰ ਕੁਝ ਦਿਨਾਂ ਵਾਸਤੇ ਸੰਪਾਦਕ ਦੀ ਕੁਰਸੀ ਉਪਰ ਬਿਠਾ ਦਿੱਤਾ।
ਸਾਲਿਆਂ ਉਸ ਵੇਲੇ ਵੀ ਮੈਨੂੰ ਜਲੀਲ ਕਰਨ ਦਾ ਕੋਈ ਮੌਕਾ ਨਾ ਛੱਡਿਆ।ਹਾਲਾਂਕਿ ਉਮਰ ਤੇ ਤਜ਼ਰਬੇ ਅਨੁਸਾਰ ਸੰਪਾਦਕ ਮੈਨੂੰ ਬਣਾਉਣਾ ਚਾਹੀਦਾ ਸੀ ਪਰ ਉਹਨਾਂ ਉਸਨੂੰ ਹੀ ਬਣਾਇਆ ਜਿਹੜਾ ਉਹਨਾਂ ਦੀ ਚਮਚਾਗਿਰੀ ਕਰਦਾ ਸੀ।
ਬਾਬਿਓ! ਇਹ ਸਾਲੇ ਮਾਲਕ ਉਸੇ ਬੰਦੇ ਨੂੰ ਪਸੰਦ ਕਰਦੇ ਨੇ ਜਿਹੜਾ ਉਹਨਾਂ ਅੱਗੇ ਕੁੱਤੇ ਵਾਂਗ ਪੂਛਲ ਹਿਲਾਵੇ।ਉਹਨਾਂ ਦੇ ਤਲਵੇ ਚੱਟੇ।ਮੈਂ ਕਿਹਾ-ਜਾਓ ਸਾਲਿਓ ਮੈਂ ਤੁਹਾਨੂੰ ਟਿਚ ਨਹੀਂ ਸਮਝਦਾ।ਨਹੀਂ ਬਣਾਇਆ ਸੰਪਾਦਕ ਤਾਂ ਮੇਰਾ ਤੁਸੀਂ ਕੀ ਪੁੱਟ ਲਿਆ।
ਬਾਬਿਓ! ਉਸ ਮੱਖਣ ਸਿੰਘ ਬਾਰੇ ਵੀ ਸੁਣ ਲਉ।ਉਹ ਮਸੀਂ ਛੇ ਕੁ ਮਹੀਨੇ ਰਿਹਾ ਹੋਣੈ ਸੰਪਾਦਕ ਪਰ ਉਸਨੇ ਛੇ ਮਹੀਨਿਆਂ ਵਿਚ ਹੀ ਛੇ ਸਾਲਾਂ ਜਿੰਨੇ ਮਜ਼ੇ ਲੈ ਲਏ।ਮੁਫ਼ਤ ਦੀ ਦਾਰੂ ਪੀਣੀ ਤੇ ਜਨਾਨੀਆਂ ਨਾਲ ਠਰਕ ਭੋਰਨੇ ਉਸਦਾ ਮੂਲ ਮਕਸਦ ਸੀ।ਸੰਪਾਦਕੀ ਉਸਦੇ ਪੈਰ ਥੱਲੇ ਆਏ ਬਟੇਰੇ ਵਾਂਗ ਸੀ।ਉਸੇ ਬਟੇਰੇ ਦੇ ਸਿਰ ਸਵਾਰ ਹੋ ਕੇ ਉਡਣਾ ਚਾਹੁੰਦਾ ਸੀ।
ਮੁਫਤ ਦੀ ਦਾਰੂ ਪੀਣ ਦੇ ਚੱਕਰਾਂ ਵਿਚ ਪੁਲਸ ਦੇ ਸਿਪਾਹੀ ਤੋਂ ਲੈ ਕੇ ਐਸ. ਐਸ. ਪੀ. ਤਕ, ਵਕੀਲ਼ ਤੋਂ ਲੈ ਕੇ ਜੱਜ ਤੱਕ ਤੇ ਛੋਟੇ ਮੋਟੇ ਦੁਕਾਨਦਾਰਾਂ ਤੋਂ ਲੈ ਕੇ ਵੱਡੇ ਵੱਡੇ ਮੌਲਾਂ ਤੇ ਹੋਟਲਾਂ ਦੇ ਮਾਲਕਾਂ ਤਕ ਮਤਲਬ ਕਿ ਭਾਂਤ ਭਾਂਤ ਦੇ ਲੋਕਾਂ ਨਾਲ ਉਸਦੀਆਂ ਅੱਟੀਆਂ ਸੱਟੀਆਂ ਸਨ।ਦਾਰੂ ਪੀਣ ਖਾਤਰ ਉਹ ਕਿਸੇ ਨਾਲ ਵੀ ਯਾਰੀ ਲਗਾ ਲੈਂਦਾ।
ਜਨਾਨੀਆਂ ਦੇ ਮਾਮਲੇ ਵਿਚ ਦਫਤਰ ਵਿਚ ਬੌਕਰ ਮਾਰਨ ਵਾਲੀ ਤੋਂ ਲੈ ਕੇ ਕਾਲਜਾਂ ਤੇ ਯੁਨੀਵਰਸੀਟੀਆਂ ਦੀਆਂ ਪ੍ਰੋਫੈਸਰਾਵਾਂ ਤਕ।ਮਾੜੀ ਮੋਟੀ ਕਵਿਤਾ-ਕਹਾਣੀ ਲਿਖਣ ਵਾਲੀਆਂ ਤੋਂ ਲੈ ਕੇ ਵੱਡੇ ਵੱਡੇ ਸਾਹਿਤਕ ਅਵਾਰਡ ਜਿਤਣ ਵਾਲੀਆਂ ਜਨਾਨੀਆਂ ਤਕ, ਨਰਸਾਂ ਤੋਂ ਲੈ ਕੇ ਡਾਕਟਰਨੀਆਂ ਤਕ, ਸਟਿੰਗਰਾਂ ਤੋਂ ਲੈ ਕੇ ਉਪ ਸੰਪਾਦਕ ਬਣੀਆਂ ਜਨਾਨੀਆਂ ਤਕ ਤੇ ਵਿਆਹੀਆਂ, ਵਿਧਵਾਵਾਂ, ਛੁਟੜਾਂ ਤੇ ਤਲਾਕਸ਼ੁਦਾ ਮਤਲਬ ਕਿ ਹਰ ਤਰ੍ਹਾਂ ਦੀਆਂ ਜਨਾਨੀਆਂ ਨਾਲ ਉਸਨੇ ਗੰਢ ਤੁਪ ਕੀਤੀ ਹੋਈ ਸੀ।ਮਰਦਕਣੀ ਵਾਲੇ ਪਾਸੇ ਤੋਂ ਉਸਦੇ ਛੋਲੇ ਵਿਕ ਗਏ ਹੋਏ ਸਨ।ਉਹ ਜਨਾਨੀਆਂ ਨਾਲ ਠਰਕ ਭੌਰ ਕੇ ਹੀ ਸਾਰ ਲੈਂਦਾ।ਬਹੁਤੀਆਂ ਉਸਨੂੰ ਠਰਕੀ ਬੁੱਢਾ ਸਮਝ ਕੇ ਬਖਸ਼ ਦਿੰਦੀਆਂ ਤੇ ਆਪਣਾ ਕੰਮ ਉਸ ਕੋਲੋਂ ਕਢਵਾ ਲੈਂਦੀਆਂ।
ਇਕ ਵਾਰ ਮੱਖਣ ਸਿੰਘ ਕਿਸੇ ਲੁੱਚੀ ਜਿਹੀ ਚਾਲੂ ਕਿਸਮ ਦੀ ਜਨਾਨੀ ਦੇ ਘਰ ਦਿਨ ਵੇਲੇ ਹੀ ਚਲਾ ਗਿਆ।ਉਸਦੀ ਪਤਨੀ ਨਾਲ ਕੰੰਮ ਕਰਦੀ ਇਕ ਜਨਾਨੀ ਨੇ ਉਸਨੂੰ ਉਸਦੇ ਘਰ ਜਾਂਦਿਆਂ ਦੇਖ ਲਿਆ।ਫਿਰ ਕੀ ਸੀ ਉਸਦੀ ਪਤਨੀ ਨੇ ਉਸ ਨੂੰ ਜਾ ਦਬੋਚਿਆ। ਉਹ ਆਪਣੇ ਨਾਲ ਆਪਣੇ ਦੋ ਭਰਾਵਾਂ ਤੇ ਜਵਾਨ ਪੁੱਤਰ ਨੂੰ ਵੀ ਲੈ ਗਈ।ਉਹਨਾਂ ਸਾਰਿਆਂ ਰੱਲ ਕੇ ਉਸਨੂੰ ਤੇ ਉਸ ਜਨਾਨੀ ਨੂੰ ਖੂਬ ਕੁਟਾਪਾ ਚਾੜਿਆ।ਅੱਗੇ ਤੋਂ ਕਦੇ ਅਵਾਰਾਗਰਦੀ ਨਾ ਕਰਨ ਦੀ ਕਸਮ ਖਾਣ ਦੇ ਬਾਅਦ ਹੀ ਮੱਖਣ ਸਿੰਘ ਦੀ ਖਲਾਸੀ ਹੋਈ।
ਇਸ ਘਟਨਾ ਤੋਂ ਕੁਝ ਦਿਨਾਂ ਬਾਅਦ ਹੀ ਮੱਖਣ ਸਿੰਘ ਨੂੰ ਫਿਰ ਸਹਿ ਸੰਪਾਦਕ ਵਾਲੀ ਕੁਰਸੀ ਉਪਰ ਵਾਪਸ ਭੇਜ ਦਿੱਤਾ।ਉਸ ਦਿਨ ਤੋਂ ਲੈ ਕੇ ਸੇਵਾਮੁਕਤ ਹੋਣ ਤਕ ਉਹ ਅੱਖ ਪਿਆ ਨਹੀਂ ਰੜਕਿਆ।
ਬਾਬਿਓ! ਵੈਸੇ ਤਾਂ ਸਾਰੇ ਹੀ ਸੰਪਾਦਕਾਂ ਨਾਲ ਮੇਰੇ ਰਿਸ਼ਤੇ ਖੱਟੇ ਮਿੱਠੇ ਰਹੇ ਪਰ ਦਿਲਾਵਰ ਸ਼ਕਰਗੜ੍ਹੀਆ ਨਾਲ ਮੇਰੀ ਖੂਭ ਬਣੀ।ਬਹੁਤ ਚੰਗੀ ਤਰ੍ਹਾਂ ਨਿਭੀ।ਮੇਰੀ ਤੇ ਉਸਦੀ ਯਾਰੀ ਦੀ ਉਮਰ ਭਾਵੇਂ ਬਹੁਤੀ ਲੰਮੀ ਨਹੀਂ ਰਹੀ ਪਰ ਜਿਸ ਦਿਨ ਸਾਡੀ ਯਾਰੀ ਟੁੱਟੀ ਉਹ ਦਿਨ ਵੀ ਮੇਰੀ ਜ਼ਿੰਦਗੀ ਦਾ ਇਤਹਾਸਿਕ ਦਿਨ ਬਣ ਗਿਆ।
ਅਸਲ ਵਿਚ ਮੈਨੂੰ ਸ਼ਕਰਗੜ੍ਹੀਆ ਚੰਗਾ ਨਹੀਂ ਲਗਦਾ ਸੀ।ਪਹਿਲਾ ਛੇ ਮਹੀਨੇ ਤਾਂ ਮੇਰੀ ਉਸ ਨਾਲ ਬਿਲਕੁਲ ਨਾ ਬਣੀ।ਸਾਡੇ ਵਿਚਕਾਰ ਕੁੱਤੇ ਬਿੱਲੀ ਵਰਗਾ ਵੈਰ ਰਿਹਾ ਪਰ ਫਿਰ ਸਾਡੇ ਵਿਚਕਾਰ ਅਚਾਨਕ ਦੋਸਤੀ ਹੋ ਗਈ।
ਪਹਿਲਾਂ ਸ਼ਕਰਗੜ੍ਹੀਆ ਕਿਸੇ ਛੋਟੀ ਜਿਹੀ ਅਖ਼ਬਾਰ ਦਾ ਸੰਪਾਦਕ ਸੀ।ਉਹ ਅਖ਼ਬਾਰ ਆਰਥਿਕ ਪੱਖੋਂ ਕਮਜੋਰ ਹੋਣ ਕਰਕੇ ਜਲਦੀ ਬੰਦ ਹੋ ਗਈ ਸੀ।ਉਹ ਨੌਕਰੀ ਵਿਹੂਣਾ ਹੋ ਗਿਆ।ਨੌਕਰੀਆਂ ਤਾਂ ਉਸਨੂੰ ਬਹੁਤ ਮਿਲਦੀਆਂ ਸਨ ਪਰ ਸੰਪਾਦਕ ਤੋਂ ਹੇਠਾਂ ਦੀ ਕੁਰਸੀ ਉਪਰ ਉਹ ਬੈਠਣਾ ਨਹੀਂ ਚਾਹੁੰਦਾ ਸੀ।
ਉਹਨੀ ਦਿਨੀਂ ਸਾਡੀ ਇਹ ਅਖ਼ਬਾਰ ਕੁਝ ਢਿੱਲੀ ਚੱਲ ਰਹੀ ਸੀ।ਉਸ ਵੇਲੇ ਦੇ ਸੰਪਾਦਕ ਦੀ ਮੰਦਬੁੱਧੀ ਤੇ ਗ਼ਲਤ ਨੀਤੀਆਂ ਦੇ ਚਲਦਿਆਂ ਪਾਠਕ ਅਖ਼ਬਾਰ ਕੋਲੋਂ ਦੂਰ ਹੋ ਰਹੇ ਸਨ।ਅਖ਼ਬਾਰ ਦੀ ਛਪਣ ਦੀ ਗਿਣਤੀ ਵੀ ਘੱਟਦੀ ਜਾ ਰਹੀ ਸੀ।ਨੀਜੀ ਕੰਪਨੀਆਂ ਵਾਲਿਆਂ ਇਸ਼ਤਿਹਾਰ ਦੇਣੇ ਘਟਾ ਦਿੱਤੇ ਸਨ।ਸੋ ਸਾਡੇ ਅਖ਼ਬਾਰ ਵਾਲਿਆਂ ਸ਼ਕਰਗੜ੍ਹੀਆ ਨੂੰ ਆਪਣੀ ਅਖ਼ਬਾਰ ਦਾ ਸੰਪਾਦਕ ਬਣਾ ਦਿੱਤਾ।
ਸ਼ਕਰਗੜ੍ਹੀਆ ਪੜ੍ਹਨ ਤੇ ਲਿਖਣ ਵਾਲੇ ਜ਼ਹੀਨ ਕਿਸਮ ਦਾ ਬੰਦਾ ਸੀ।ਆਮ ਤੇ ਅਖ਼ਬਾਰੀ ਦੁਨੀਆਂ ਦੀ ਬਹੁਤ ਸਮਝ ਰੱਖਦਾ ਸੀ।ਸਰਕਾਰੀ ਤੇ ਗੈਰ ਸਰਕਾਰੀ ਹਰ ਤਰ੍ਹਾਂ ਦੀਆਂ ਸੰਸਥਾਵਾਂ ਵਿਚ ਚੰਗੀ ਪੈਂਠ ਰੱਖਦਾ ਸੀ।ਖੁਦ ਤਿੰਨ ਕਵਿਤਾਵਾਂ ਦੀਆਂ ਤੇ ਇਕ ਕਹਾਣੀਆਂ ਦੀ ਕਿਤਾਬ ਵੀ ਛਪਾ ਚੁੱਕਾ ਸੀ।ਛੋਟੇ ਮੋਟੇ ਕਈ ਸਾਰੇ ਇਨਾਮ ਵੀ ਲੈ ਚੁੱਕਾ ਸੀ।ਸਾਹਿਤ ਦੀ ਵੀ ਬਹੁਤ ਸਮਝ ਰਖਦਾ ਸੀ।ਸਾਹਿਤ ਦੇ ਗੁਣੀ ਤੇ ਚੰਗੇ ਸਾਹਿਤਕਾਰਾਂ ਨਾਲ ਆਪ ਰਾਬਤਾ ਕਰਕੇ ਉਹਨਾਂ ਨੂੰ ਅਖ਼ਬਾਰ ਵਾਸਤੇ ਕੁਝ ਲਿਖਣ ਵਾਸਤੇ ਕਹਿੰਦਾ।
ਪਿੰਡਾਂ ਤੋਂ ਲੈ ਕੇ ਦੇਸ਼ ਦੀ ਰਾਜਧਾਨੀ ਵਿਚ ਵਸਦੇ ਛੋਟਿਆਂ-ਮੋਟਿਆਂ ਸਾਹਿਤਕਾਰਾਂ ਨਾਲ ਉਸਦੀ ਯਾਰੀ ਸੀ।ਇਨਾਮ ਸਨਮਾਨ ਦੇਣ ਲੈਣ ਦਿਆਂ ਮਾਮਲਿਆਂ ਵਿਚ ਉਸਦਾ ਅਹਿਮ ਕਿਰਦਾਰ ਹੁੰਦਾ ।ਗਲੀ ਕੂਚੇ ਵਾਲੇ ਤੋਂ ਲੈ ਕੇ ਦਿੱਲੀ ਵਾਲੇ ਐਵਾਰਡ ਉਸਦੀ ਰਾਏ ਲਏ ਬਿਨਾਂ ਤਕਸੀਮ ਨਹੀਂ ਹੁੰਦੇ।
ਬਾਬਿਓ! ਸਾਰਾ ਕੁਝ ਹੋਣ ਦੇ ਵਾਬਜੂਦ ਉਸ ਵਿਚ ਦੋ ਕਮੀਆਂ ਬਹੁਤ ਖਤਰਨਾਕ ਸਨ।ਇਕ ਤਾਂ ਉਸਦਾ ਅਵੱਲ ਦਰਜ਼ੇ ਦਾ ਘੁਮੰਡੀ ਹੋਣਾ ਤੇ ਦੂਸਰਾ ਜਨਾਨੀਬਾਜ਼ ਹੋਣਾ।
ਬਾਬਿਓ! ਉਸਨੇ ਪੰਜਾਹ ਸਾਲ ਦੀ ਉਮਰ ਤੱਕ ਚਾਰ ਵਿਆਹ ਕਰਵਾ ਲਏ ਸਨ।ਪਰ ਕਾਮਯਾਬ ਇਕ ਵੀ ਨਹੀਂ ਰਿਹਾ।ਉਸਦੇ ਕਈ ਯਾਰ ਮਿੱਤਰ ਕਹਿੰਦੇ ਸਨ ਕਿ ਉਹ ਆਪਣੇ ਵਿਆਹ ਦੇ ਚੌਲ ਹੀ ਖਾਣ ਜੋਗਾ ਸੀ। ਵਿਆਹ ਉਸਨੂੰ ਰਾਸ ਨਹੀਂ ਆਏ।
ਬਹੁਤ ਹੀ ਅਜੀਬ ਗਰੀਬ ਕਿਸਮ ਦਾ ਸੀ ਉਹ।ਗੱਲਾਂ ਗੱਲਾਂ ਵਿਚ ਹੀ ਉਹ ਜਨਾਨੀਆਂ ਨੂੰ ਆਪਣਾ ਦੀਵਾਨਾ ਬਣਾ ਲੈਂਦਾ।ਕਦੇ ਆਪਣੀ ਕੋਈ ਰਚਨਾ ਸੁਣਾ ਕੇ।ਕਦੇ ਕਿਸੇ ਦੀ ਰਚਨਾ ਅਖਬਾਰ ਵਿਚ ਛਾਪ ਕੇ।ਪਰ ਉਸ ਦੀਆਂ ਕਮੀਨਗੀਆਂ ਕਰਕੇ ਜਨਾਨੀਆਂ ਛੇਤੀ ਹੀ ਉਸ ਕੋਲੋਂ ਕਿਨਾਰਾ ਕਰ ਲੈਂਦੀਆਂ ਸਨ।
ਇਕ ਵਾਰ ਉਸਦਾ ਕਿਸੇ ਨੰਬਰ ਦੋ ਕਿਸਮ ਦੀ ਕਵਿਤਰੀ ਨਾਲ ਨਜ਼ਾਇਜ ਸਬੰਧ ਚੱਲ ਰਹੇ ਸਨ।
ਇਕ ਦਿਨ ਉਸਦੇ ਘਰ ਗਿਆ ਤਾਂ ਕਵਿਤਰੀ ਘਰ ਨਹੀਂ ਸੀ।ਉਸਦੇ ਘਰ ਉਸਦੀ ਬੀਹ ਇੱਕੀ ਸਾਲ ਦੀ ਧੀ ਸੀ।ਉਹ ਉਸਨੂੰ ਥੋੜਾ ਬਹੁਤ ਜਾਣਦੀ ਸੀ।ਉਸਨੇ ਦੱਸਿਆ ਕਿ ਮੰਮੀ ਬਾਜ਼ਾਰ ਗਈ ਹੈ, ਥੋੜੀ ਦੇਰ ਤੱਕ ਆਏਗੀ।ਉਹ ਉਸ ਕੋਲ ਹੀ ਬੈਠ ਗਈ।
ਸ਼ਕਰਗੜ੍ਹੀਆ ਦੇ ਅੰਦਰਲਾ ‘ਪ੍ਰੇਮ ਜਾਨਵਰ' ਜਾਗ ਪਿਆ।ਉਸਨੇ ਯੁਕਤਾਂ ਲੜਾਉਣੀਆਂ ਸ਼ੁਰੂ ਕਰ ਦਿੱਤੀਆਂ।
"ਬੇਟਾ ਜੀ, ਅੱਜ ਕੱਲ ਕੀ ਕਰ ਰਹੇ ਹੋ...?„ ਮੌਕਾ ਤਾੜਦਿਆਂ ਉਸਨੇ ਪਹਿਲਾ ਤੀਰ ਛੱਡਿਆ।
"ਅੰਕਲ, ਮੈਂ ਬਾਹਰਲੇ ਦੇਸ਼ ਵਿਚ ਪੜ੍ਹਾਈ ਕਰਨ ਜਾਣ ਵਾਸਤੇ ਤਿਆਰੀ ਕਰ ਰਹੀ ਹਾਂ...।„ ਉਸਨੇ ਜਵਾਬ ਦਿੱਤਾ।
"ਅੱਛਾ..ਇਹ ਗੱਲ ਹੈ...ਬੇਟਾ ਇਧਰ ਆਉ, ਮੈਂ ਹੱਥ ਦੇਖ ਕੇ ਦਸਦਾਂ ਤੇਰੇ ਬਾਹਰ ਜਾਣ ਦੇ ਚਾਂਸ ਹੈਗੇ ਕਿ ਨਹੀਂ...?„ ਉਸਨੇ ਦੂਸਰਾ ਤੀਰ ਛੱਡਿਆ।
ਕੁਝ ਘੜੀਆਂ ਬਾਦ ਉਸਨੇ ਕਵੀਤਰੀ ਦੀ ਧੀ ਦਾ ਹੱਥ ਆਪਣੇ ਹੱਥ ਵਿਚ ਲੈ ਲਿਆ।ਬਾਹਰ ਜਾਣ ਬਾਰੇ ਦਸਣ ਤੋਂ ਬਾਅਦ ਉਸਨੇ ਹੋਰ ਗੱਲਾਂਬਾਤਾਂ ਕਰਕੇ ਉਸਨੂੰ ਪ੍ਰਭਾਵਿਤ ਕਰ ਲਿਆ।ਅਖੀਰ, ਉਹ ਆਪਣੇ ਅਸਲੀ ਮੁੱਧੇ ਉਪਰ ਆ ਗਿਆ।
"ਇਕ ਤਾਂ ਤੇਰਾ ਪ੍ਰੇਮੀ ਮੈਂ ਹਾਂ ਇਕ ਹੋਰ ਵੀ ਨਜ਼ਰ ਆ ਰਿਹੈ ਤੇਰੇ ਹੱਥਾਂ ਦੀਆਂ ਲਕੀਰਾਂ ਵਿਚ...ਉਹ ਕੌਣ ਹੈ..?„ ਸ਼ਕਰਗੜ੍ਹੀਆ ਨੇ ਸਿੱਧਾ ਤੀਰ ਉਸਦੀ ਹਿੱਕ ਵਿਚ ਮਾਰਿਆ।
ਕੁਝ ਚਿਰਾਂ ਬਾਅਦ ਕਵਿਤਰੀ ਦੀ ਧੀ ਉਸਦਾ ਨਵਾਂ ਸ਼ਿਕਾਰ ਬਣ ਚੁੱਕੀ ਸੀ।
ਕਈ ਮਹੀਨਿਆਂ ਤਕ ਸਾਲਾ ਦੋਨਾਂ ਨਾਲ ਹੀ ਮੂੰਹ ਕਾਲਾ ਕਰਦਾ ਰਿਹਾ।
ਅਖੀਰ ਉਹੀ ਹੋਇਆ ਜਿਸ ਤਰ੍ਹਾਂ ਇਸ ਤਰ੍ਹਾਂ ਦੇ ਸਬੰਧਾਂ ਵਿਚ ਹੁੰਦਾ ਹੈ।ਇਕ ਉਹ ਦਿਨ ਕਵਿਤਰੀ ਨਾਲ ਰੰਗ ਰਲੀਆਂ ਮਨਾ ਰਿਹਾ ਰਿਹਾ ਸੀ ਤਾਂ ਉਪਰੋਂ ਧੀ ਆ ਗਈ।ਜਦੋਂ ਪਾਜ ਖੁੱਲ੍ਹੇ ਤਾਂ ਫਿਰ ਦੋਨਾਂ ਮਾਂਵਾਂ ਧੀਆਂ ਨੇ ਉਸਦੀ ਛਿਤਰ ਪਰੇਡ ਕਰਕੇ ਉਸਨੂੰ ਘਰੋਂ ਕੱਢ ਦਿੱਤਾ।
ਬਾਬਿਓ! ਬਹੁਤ ਹੀ ਢੀਠ ਕਿਸਮ ਦਾ ਬੰਦਾ ਸੀ।ਲੰਗੋਟ ਦਾ ਕੁਝ ਜ਼ਿਆਦਾ ਹੀ ਢਿੱਲਾ ਸੀ।
ਇਕ ਵਾਰ ਅਖ਼ਬਾਰ ਵਿਚ ਇਕ ਸਧਾਰਨ ਜਿਹੇ ਪੱਧਰ ਦੀ ਲੇਖਕਾ ਦੀਆਂ ਕਵਿਤਾਵਾਂ, ਕਹਾਣੀਆਂ ਤੇ ਲੇਖ ਕੁਝ ਜ਼ਿਆਦਾ ਹੀ ਛਪਣ ਲੱਗ ਪਏ।ਆਮ ਲੋਕਾਂ ਨੂੰ ਤਾਂ ਕੀ ਫਰਕ ਪੈਣਾ ਸੀ ਪਰ ਲੇਖਕ ਭਾਈਚਾਰੇ ਦਾ ਸ਼ਰੀਕਪੁਣਾ ਜਾਗ ਪਿਆ।ਖਾਸ ਕਰਕੇ ਲੇਖਕਾਵਾਂ ਦਾ।ਉਹਨਾਂ ਸ਼ਕਰਗੜ੍ਹੀਆ ਨੂੰ ਚਿੱਠੀਆਂ ਤੇ ਫੋਨ ਕਰਕੇ ਆਪਣੀ ਨਰਾਜ਼ਗੀ ਪਰਗਟਾਈ ਪਰ ਉਹ ਲੇਖਕਾ ਦੇ ਛਪਣ ਵਿਚ ਕੋਈ ਕਮੀ ਨਾ ਆਈ।ਅਖੀਰ ਗੱਲ ਮੁੱਖ ਸੰਪਾਦਕ ਤਕ ਪਹੁੰਚ ਗਈ।
ਇਕ ਸ਼ਾਮ ਨੂੰ ਪ੍ਰੈਸ ਕਲੱਬ ਵਿਚ ਮੇਰੇ ਨਾਲ ਬੈਠਾ ਸ਼ਕਰਗੜ੍ਹੀਆ ਬਹੁਤ ਪਰੇਸ਼ਾਨ ਲੱਗ ਰਿਹਾ ਸੀ।ਮੈਂ ਵਾਰ ਵਾਰ ਪੁੱਛਾਂ ਕਿ ਦੱਸ ਤਾਂ ਸਹੀ ਕਿ ਕੀ ਹੋਇਆ ਹੈ ਪਰ ਉਹ ਚੁੱਪ ਹੀ ਰਿਹਾ।
ਅਸੀਂ ਦੋਨੋਂ ਪੂਰੀ ਬੋਤਲ ਖਾਲੀ ਕਰ ਗਏ ਸਾਂ ਜਿਸ ਵਿਚੋਂ ਪੌਣੀ ਤਾਂ ਉਹੀ ਪੀ ਗਿਆ।ਅਖੀਰ ਉਹ ਫੁੱਟ ਹੀ ਪਿਆ।
"ਯਾਰ, ਮੈਂ ਕੀ ਕਰਾਂ...ਓਸ ਜਨਾਨੀ ਨੇ ਮੈਨੂੰ ਕਿਸੇ ਥਾਂ ਜੋਗਾ ਨਹੀਂ ਛੱਡਣਾ...।„ ਉਹ ਮਸੀਂ ਬੋਲਿਆ।
" ਕਿਹੜੀ ਜਨਾਨੀ ਨੇ...?„
"ਓਹੀ ਭੈਂਚੋ...ਬਸੰਤ ਮੱਲੋਵਾਲ ...ਜਿਸ ਦੀ ਵਜ੍ਹਾ ਨਾਲ ਇਹ ਪੰਗੇ ਪਏ ਨੇ...ਕਹਿੰਦੀ ਐ ਜੇ ਮੈਂ ਉਸਦੀ ਹਰ ਹਫਤੇ ਕਹਾਣੀ, ਕਵਿਤਾ ਜਾਂ ਲੇਖ ਨਾ ਛਾਪਿਆ ਤਾਂ ਉਹ ਮੈਨੂੰ ਸਾਰੀ ਦੁਨੀਆ ਸਾਹਮਣੇ ਨੰਗਾ ਕਰ ਦਏਗੀ...।„
"ਕੀ ਮਤਲਬ?„
"ਯਾਰ, ਸਾਲ ਕੁ ਪਹਿਲਾਂ ਇਸ ਨੇ ਮੈਨੂੰ ਆਪਣੀ ਇਕ ਘਟੀਆ ਜਿਹੀ ਕਹਾਣੀ ਭੇਜੀ...ਛਪਣ ਯੋਗ ਨਹੀਂ ਹੈ ਕਹਿਕੇ ਮੈਂ ਵਾਪਸ ਭੇਜ ਦਿੱਤੀ...ਇਸਨੇ ਫੇਰ ਭੇਜੀ...ਮੈਂ ਦੋਬਾਰਾ ਮੋੜ ਦਿੱਤੀ...ਫਿਰ ਉਸਨੇ ਮੇਰੇ ਨਾਲ ਫੋਨ ਉਪਰ ਠਰਕ ਭੋਰਣਾ ਸ਼ੁਰੂ ਕਰ ਦਿੱਤਾ...ਮੈਂ ਵੀ ਲੱਗ ਪਿਆ ਮਜ਼ੇ ਲੈਣ...ਇਕ ਦਿਨ ਇਸਦਾ ਫੋਨ ਆਇਆ,ਅਖੇ-ਸ਼ਕਰਗੜ੍ਹੀਆ ਜੀ ਮੈਂ ਸੇਵਾ ਮੁਕਤ ਤਾਂ ਭਾਵੇਂ ਹੋ ਗਈਆਂ ਪਰ ਮੈਨੂੰ ਮੈਂਸਜ਼ ਅਜੇ ਵੀ ਆਉਂਦੇ ਨੇ...ਤਾਹਨੂੰ ਮਿਲਣਾ ਚਾਹੂੰਦੀ ਐ... ਮੈਂ ਕਿਹਾ ਕੋਈ ਨਹੀਂ ਮਿਲ ਲੈਨੇ ਆਂ...।„
"ਫਿਰ ਕੀ ਹੋਇਆ?„
"ਬਸ ਫਿਰ ਕੀ ਸੀ ਇਸ ਸਾਲੀ ਨੇ ਮੈਨੂੰ ਆਪਣੇ ਇਕ ਫੌਜ ਤੋਂ ਸੇਵਾਮੁਕਤ ਅਫਸਰ ਦੋਸਤ ਦੇ ਘਰ ਬੁਲਾ ਲਿਆ...ਪਹਿਲਾਂ ਤਾਂ ਮੇਰੇ ਨਾਲ ਇਧਰ ਉਧਰ ਦੀਆਂ ਮਾਰਦੀ ਰਹੀ...ਫਿਰ ਉਸਦੇ ਦੋਸਤ ਨੇ ਬੋਤਲ ਖੋਲ ਲਈ...ਅਸੀਂ ਤਿੰਨੇ ਦਾਰੂ ਪੀਣ ਲੱਗ ਪਏ...ਕੁਝ ਦੇਰ ਬਾਅਦ ਉਸਨੇ ਉਸ ਫੌਜੀ ਨੂੰ ਬਾਜ਼ਾਰੋਂ ਕੁਝ ਖਰੀਦਣ ਵਾਸਤੇ ਘਰੋਂ ਬਾਹਰ ਭੇਜ ਦਿੱਤਾ...ਬਸ ਫਿਰ ਸਾਡੇ ਵਿਚਕਾਰ ਉਹੀ ਹੋਇਆ ਜੋ ਅਖੀਰ ਹੋਣਾ ਸੀ...ਮੈਂ ਖੁਸ਼ ਹੋ ਗਿਆ ਕਿ ਰੋਜ਼ ਤਰ੍ਹਾਂ ਤਰ੍ਹਾਂ ਦੀ ਗਸ਼ਤੀਆਂ ਨਾਲ ਮੂੰਹ ਕਾਲਾ ਕਰਨ ਨਾਲੋਂ ਇਹ ਇੱਕਲੀ ਚੰਗੀ ਹੈ...ਦੂਸਰਾ ਉਸਦੀਆਂ ‘ਬਿਸਤਰੀ ਅਜ਼ਬ ਅਦਾਵਾਂ' ਨੇ ਮੈਨੂੰ ਪਾਗਲ ਕਰ ਦਿੱਤਾ...।„ ਸ਼ਕਰਗੜ੍ਹੀਆ ਆਪਣੀ ਗਾਥਾ ਸੁਣਾਉਂਦਾ ਹੋਇਆ ਹੋਰ ਘਬਰਾਈ ਜਾ ਰਿਹਾ ਸੀ।
"ਅੱਛਾ ਫਿਰ ਤੂੰ ਉਸਦੀ ਕਹਾਣੀ ਛਾਪ ਦਿੱਤੀ ਹੋਣੀ ਐ..।„ ਮੈਂ ਮਜ਼ਾਕ ਕਰਦਿਆਂ ਪੁੱਛਿਆ।
"ਭਰਾਵਾ ਛਾਪ ਦਿੱਤੀ ਪਰ ਅਗਲੇ ਹੀ ਦਿਨ ਉਸਨੇ ਚਾਰ ਕਹਾਣੀਆਂ ਹੋਰ ਭੇਜ ਦਿੱਤੀਆਂ...ਨਾਲ ਕਹਿ ਦਿੱਤਾ ਕਿ ਹਰ ਹਫਤੇ ਮੈਂ ਉਸਦਾ ਕੁਝ ਨਾ ਕੁਝ ਛਾਪਾਂ...ਮੈਂ ਸਮਝਾਇਆ ਕਿ ਹਰ ਹਫਤੇ ਨਹੀਂ ਛਾਪ ਸਕਦਾ ਪਰ ਉਹ ਨਾ ਮੰਨੇ ਜੀ...ਦੋ ਤਿੰਨ ਮਹੀਨੇ ਤਾਂ ਮੈਂ ਛਾਪਦਾ ਰਿਹਾ ਪਰ ਇਕ ਦਿਨ ਮੈਂ ਮਨ੍ਹਾ ਕਰ ਦਿੱਤਾ...ਪਹਿਲਾਂ ਤਾਂ ਔਖੀ ਹੋਈ ਪਰ ਫਿਰ ਮੰਨ ਗਈ...ਮੈਂ ਖੁਸ਼ ਹੋ ਗਿਆ...ਇਕ ਦਿਨ ਉਸਨੇ ਫੇਰ ਉਸੇ ਫੌਜੀ ਦੋਸਤ ਦੇ ਘਰ ਬੁਲਾ ਲਿਆ...ਆਦਤ ਅਨੁਸਾਰ ਮੈਂ ਫਿਰ ਚਲਾ ਗਿਆ...ਕੁਝ ਗੱਲਾਂਬਾਤਾਂ ਕਰਨ ਤੋਂ ਬਾਅਦ ਉਸਨੇ ਫਿਰ ਆਪਣੀ ਹਰ ਹਫਤੇ ਕੁਝ ਛਾਪਣ ਵਾਲੀ ਗੱਲ ਕੀਤੀ ਤਾਂ ਮੈਂ ਆਪਣੀ ਮਜ਼ਬੂਰੀ ਦੱਸੀ...ਥੋੜੀ ਦੇਰ ਬਾਅਦ ਫੌਜੀ ਉਠਿਆ ਤੇ ਅੰਦਰੋਂ ਦਾਰੂ ਦੀ ਬੋਤਲ ਲੈ ਆਇਆ...ਅੱਧੇ ਕੁ ਘੰਟੇ ਬਾਅਦ ਉਸਨੇ ਅੱਠ ਦਸ ਰੰਗੀਨ ਤਸਵੀਰਾਂ ਮੇਰੇ ਸਾਹਮਣੇ ਰੱਖ ਦਿੱਤੀਆਂ...ਫੋਟੂਆਂ ਦੇਖ ਕੇ ਮੇਰੀ ਤਾਂ ਮਾਂ ਮਰ ਗਈ...ਫੋਟੂਆਂ ਵਿਚ ਮੇਰੀ ਤੇ ਉਸ ਰੰਡੀ ਦੀ ਰਾਸ ਲੀਲਾ ਹੋ ਰਹੀ ਦਿਖਦੀ ਸੀ...ਬਸ ਫੇਰ ਕੀ ਸੀ ਸਾਲੀ ਨੇ ਆਪਣਾ ਸਾਰਾ ਗੰਦ ਮੇਰੇ ਕੋਲੋਂ ਛਪਵਾ ਲਿਆ...ਜਦੋਂ ਮਨ੍ਹਾ ਕਰਦਾ ਤਾਂ ਮੈਨੂੰ ਨੰਗਾ ਕਰਨ ਦਾ ਡਰਾਵਾ ਪਾਉਂਦੀ ...ਕਈ ਵਾਰ ਉਹ ਸਾਲਾ ਫੌਜੀ ਵੀ ਦਬਕੇ ਮਾਰਦਾ ਹੈ...ਬਚਾ ਲੈ ਯਾਰ ਉਸ ਕਮੀਨੀ ਔਰਤ ਕੋਲੋਂ...ਪਲੀਜ਼ ਯਾਰ...।„ ਬੋਲਦਾ ਬੋਲਦਾ ਸ਼ਕਰਗੜ੍ਹੀਆ ਰੋ ਹੀ ਪਿਆ।
ਮੈਂ ਉਸਨੂੰ ਹੌਸਲਾ ਦਿੱਤਾ। ਕੁਝ ਕਰਨ ਦਾ ਵਾਅਦਾ ਕੀਤਾ।
ਮੈਂ ਕਿਸੇ ਨਾ ਕਿਸੇ ਤਰ੍ਹਾਂ ਸ਼ਕਰਗੜ੍ਹੀਆ ਨੂੰ ਉਸ ਜਨਾਨੀ ਦੇ ਝੁੰਗਲ ਵਿਚੋਂ ਛੁਡਾ ਲਿਆ। ਅਸਲ ਵਿਚ ਮੈਂ ਉਸ ਜਨਾਨੀ ਨੂੰ ਇਕ ਹੋਰ ਅਖਬਾਰ ਦੇ ਸੰਪਾਦਕ ਨਾਲ ਮਿਲਾ ਦਿੱਤਾ। ਉਹ ਸੰਪਾਦਕ ਸ਼ਕਰਗੜ੍ਹੀਆ ਦਾ ਚੇਲਾ ਹੀ ਸੀ।ਉਸ ਬਦਲੇ ਮੈਂ ਬਸੰਤ ਮੱਲੋਵਾਲ ਕੋਲੋਂ ਸ਼ਕਰਗੜ੍ਹੀਆ ਦੀਆਂ ਤਸਵੀਰਾਂ ਤੇ ਨੈਗਟਿਵ ਵੀ ਲੈ ਲਏ।
ਬਸ ਤਦ ਤੋਂ ਸ਼ਕਰਗੜ੍ਹੀਆ ਮੇਰਾ ਪੱਕਾ ਯਾਰ ਬਣ ਗਿਆ।
ਉਸ ਦਿਨ ਤੋਂ ਬਾਅਦ ਮੇਰੀਆਂ ਤੇ ਸ਼ਕਰਗੜ੍ਹੀਆ ਦੀਆਂ ਖੂਬ ਮਹਿਫਲਾਂ ਜੰਮਦੀਆਂ।ਜਿਥੇ ਕਿਤੇ ਵੀ ਜਾਣਾ ਹੋਵੇ ਤਾਂ ਉਹ ਮੈਨੂੰ ਨਾਲ ਲੈ ਲੈਂਦਾ।ਛੇ ਮਹੀਨਿਆਂ ਵਿਚ ਉਸਨੇ ਮੇਰੇ ਬਹੁਤ ਗੱਫੇ ਲਗਾਏ।ਅਸੀਂ ਦੋਨੋਂ ਇਕ ਦੂਸਰੇ ਦੇ ਰਾਜ਼ਦਾਰ ਬਣ ਗਏ ਸਾਂ।ਇਕ ਦਲਾਲ ਦੇ ਰਾਹੀਂ ਅਸੀਂ ਜਨਾਨੀਆਂ ਦਾ ਪ੍ਰਬੰਧ ਕਰ ਲੈਂਦੇ ਸਾਂ।ਇਹਨਾਂ ਜਨਾਨੀਆਂ ਨੂੰ ਅਸੀਂ ਕਦੇ ਆਪਣੇ ਬਾਰੇ ਸਹੀ ਨਹੀਂ ਦਸਦੇ ਸਾਂ।ਆਪਣੇ ਨਾਮ ਤੇ ਨੌਕਰੀਆਂ ਬਾਰੇ ਵੀ ਝੂਠ ਦਸਦੇ ਸਾਂ। ਕਦੇ ਮੈਂ ਤਹਿਸੀਲਦਾਰ ਬਣ ਜਾਣਾਂ ਤੇ ਕਦੇ ਉਸਨੂੰ ਕਿਸੇ ਮਹਿਕਮੇ ਦਾ ਨਿਰਦੇਸ਼ਕ ਬਣਾ ਦੇਣਾ।
ਹੌਲੀ ਹੌਲੀ ਸ਼ਕਰਗੜ੍ਹੀਆ ਮੇਰੇ ਨਾਲ ਖੁਲਦਾ ਗਿਆ।ਮੈਂ ਨਾ ਚਾਹੁੰਦਾ ਹੋਇਆ ਵੀ ਉਸ ਦੇ ਹਰ ਕਾਰੇ ਵਿਚ ਹਿੱਸੇਦਾਰ ਬਣ ਗਿਆ ।ਉਸਦੇ ਕਈ ਵਪਾਰੀ ਕਿਸਮ ਦੇ ਯਾਰ ਬੇਲੀ ਸਨ।ਉਸ ਦੀ ਖੂਭ ਸੇਵਾ ਕਰਦੇ ਸਨ।ਹਰ ਵਾਰ ਉਹ ਸਾਰਾ ਕੁਝ ਪਹਿਲਾਂ ਆਪ ਕਰਦਾ ਤੇ ਬਾਅਦ ਵਿਚ ਮੈਨੂੰ ਕਰਨ ਨੂੰ ਕਹਿੰਦਾ।ਮੈਂ ਅੰਦਰ ਹੀ ਅੰਦਰ ਕੁੜਦਾ ਰਹਿੰਦਾ।ਨੰਬਰ ਦੋ ਮੈਨੂੰ ਡੰਗ ਮਾਰਦਾ ਰਹਿੰਦਾ।ਜਦੋਂ ਮੈਨੂੰ ਸਾਰਾ ਕੁਝ ਮੁਫਤ ਵਿਚ ਮਿਲ ਰਿਹਾ ਸੀ ਤਾਂ ਮੈਂ ਵੀ ਚੁੱਪ ਰਹਿਣਾ ਹੀ ਠੀਕ ਸਮਝਿਆ।ਚੰਗੇ ਮੌਕੇ ਦੀ ਉਡੀਕ ਕਰਨ ਲੱਗਾ ਕਿ ਕਿਸੇ ਨਾ ਕਿਸੇ ਦਿਨ ਤਾਂ ਮੈਂ ਪਹਿਲੇ ਨੰਬਰ ਉਪਰ ਰਹਾਂਗਾ ਹੀ।
“ਯਾਰ ਪਹਿਲੀ ਜਨਾਨੀ ਸਾਲੀ ਵਿਆਹ ਤੋਂ ਦੋ ਸਾਲਾਂ ਬਾਅਦ ਹੀ ਰੱਬ ਨੂੰ ਪਿਆਰੀ ਹੋ ਗਈ ਸੀ...ਉਸਨੁੰ ਕੈਂਸਰ ਸੀ....ਉਸ ਨਾਲ ਮੇਰਾ ਰਿਸ਼ਤਾ ਮੇਰੀ ਮਾਮੇ ਦੇ ਮੁੰਡੇ ਦੀ ਪਤਨੀ ਨੇ ਕਰਵਾਇਆ ਸੀ...ਦੂਸਰੀ ਇਕ ਦੂਹਾਜਣ ਸੀ...ਜ਼ਰੂਰਤਮੰਦ ਸੀ...ਪਰ ਦੇਖਣ ਸੁਣਨ ਨੂੰ ਬਿਲਕੁਲ ਠੀਕ ਨਹੀਂ ਲਗਦੀ ਸੀ...ਉਸ ਨਾਲ ਰਿਸ਼ਤਾ ਮੇਰੇ ਪਿਉ ਨੇ ਕਰਵਾਇਆ ਸੀ...ਮੈਨੂੰ ਫੁੱਟੀ ਅੱਖ ਨਹੀਂ ਭਾਉਂਦੀ ਸੀ ਸੋ ਵਿਆਹ ਤੋਂ ਪੰਜ ਸਾਲਾਂ ਬਾਅਦ ਮੈਂ ਉਸਨੂੰ ਛੱਡ ਦਿੱਤਾ...ਮੇਰੀ ਤੀਸਰੀ ਜਨਾਨੀ ਵੀ ਛੱਡੀ ਹੋਈ ਸੀ...ਉਹ ਸੋਹਣੀ ਬਹੁਤ ਸੀ ਪਰ ਸੀ ਪੂਰੀ ਲਫੰਡਰ ਕਿਸਮ ਦੀ...ਉਸ ਉਪਰ ਮੇਰਾ ਐਵੇਂ ਦਿਲ ਜਿਹਾ ਆ ਗਿਆ ਸੀ...ਇਕ ਸ਼ਾਮ ਇਕ ਮਹਿਫਲ ਵਿਚ ਉਸ ਨਾਲ ਮੁਲਾਕਾਤ ਹੋਈ ਸੀ...ਨਜਦੀਕੀਆਂ ਵਧੀਆਂ ਤੇ ਅਸੀਂ ਕੋਰਟ ਮੈਰਿਜ ਕਰਵਾ ਲਈ...ਤਿੰਨਾਂ ਕੁ ਸਾਲਾਂ ਬਾਅਦ ਉਹ ਮੈਨੂੰ ਛੱਡ ਕੇ ਚਲੀ ਗਈ...ਅਸਲ ਵਿਚ ਉਸਨੂੰ ਮੈਂ ਪਸੰਦ ਨਹੀਂ ਸੀ...ਮੇਰੀ ਹੁਣ ਵਾਲੀ ਜਨਾਨੀ ‘ਰਜਨੀ' ਵਿਧਵਾ ਸੀ...ਪਹਿਲੇ ਪਤੀ ਵਿਚੋਂ ਉਸਦੇ ਇਕ ਕੁੜੀ ਸੀ...ਉਹ ਮੇਰੀਆਂ ਕਵਿਤਾਵਾਂ ਨੂੰ ਬਹੁਤ ਪਸੰਦ ਕਰਦੀ ਸੀ...ਪੰਜ ਕੁ ਸਾਲ ਪਹਿਲਾਂ ਇਕ ਦਿਨ ਮੈਨੂੰ ਮਿਲਣ ਵਾਸਤੇ ਮੇਰੇ ਘਰ ਆਈ ਤੇ ਫਿਰ ਘਰ ਵਾਲੀ ਹੀ ਬਣ ਗਈ...ਬਹੁਤ ਹੀ ਮਾਸੂਮ...ਇਕ ਦਮ ਘਰੇਲੂ ਜਿਹੀ...ਪਹਾੜਾਂ ਦੇ ਇਕ ਪਿੰਡ ਦੀ ਰਹਿਣ ਵਾਲੀ...ਉਸਦੇ ਮਾਂ ਪਿਉ ਪੂਰੇ ਹੋ ਗਏ ਹੋਏ ਨੇ...ਇਕ ਭਰਾ ਤੇ ਉਸਦਾ ਪਰਿਵਾਰ ਪਿੰਡ ਹੀ ਰਹਿੰਦੇ ਨੇ...ਇਥੇ ਪੜ੍ਹਨ ਆਈ ਹੋਈ ਸੀ...ਇਸਨੂੰ ਆਪਣੇ ਨਾਲ ਪੜ੍ਹਦੇ ਮੁੰਡੇ ਨਾਲ ਇਸ਼ਕ ਹੋ ਗਿਆ...ਘਰ ਵਾਲੇ ਵੀ ਮੰਨ ਗਏ... ਛੇ ਕੁ ਸਾਲਾਂ ਬਾਅਦ ਹੀ ਇਕ ਦੁਰਘਟਣਾ ਵਿਚ ਉਸਦੇ ਪਤੀ ਮੌਤ ਹੋ ਗਈ...ਉਸ ਤੋਂ ਕੋਈ ਦੋ ਕੁ ਸਾਲ ਬਾਅਦ ਇਹ ਮੇਰੇ ਸੰਪਰਕ ਵਿਚ ਆਈ ਸੀ...ਕੁਝ ਚਿਰਾਂ ਬਾਅਦ ਸਾਡੇ ਘਰ ਵੀ ਇਕ ਮੁੰਡੇ ਨੇ ਜਨਮ ਲੈ ਲਿਆ...ਮੈਂ ਵੀ ਖੁਸ਼ ਹੋ ਗਿਆ ਕਿ ਸ਼ਕਰਗੜ੍ਹੀਆ ਦਾ ਬੂਟਾ ਲੱਗ ਗਿਐ...ਬਸ ਫਿਰ ਕੀ ਸੀ ਉਹ ਬੱਚਿਆਂ ਦੀ ਦੇਖ ਭਾਲ ਵਿਚ ਹੀ ਰੁੱਝ ਗਈ...ਹਰ ਵੇਲੇ ਬਸ ਘਰ ਦਿਆਂ ਵਰਤਨਾਂ, ਪਰਦੇਆਂ ਤੇ ਬੱਚਿਆਂ ਦੀਆਂ ਗੱਲਾਂ ਹੀ ਕਰਦੀ ਰਹਿੰਦੀ...ਪਰ ਕੁਲ ਮਿਲਾ ਕੇ ਉਹ ਚੰਗੀ ਐ...ਮੇਰੇ ਕੋਲੋਂ ਪੰਦਰਾਂ ਸਾਲ ਛੋਟੀ ਐ...ਵੈਸੇ ਵੀ ਕਹਿੰਦੇ ਨੇ ਛੋਟੀ ਉਮਰ ਦੀ ਜਨਾਨੀ ਤੁਹਾਡੀ ਉਮਰ ਵਧਾ ਦਿੰਦੀ ਐ...।„ ਇਕ ਦਿਨ ਸ਼ਕਰਗੜ੍ਹੀਆ ਨੇ ਆਪਣੇ ਬਾਰੇ ਸੰਖੇਪ ਜਾਣਕਾਰੀ ਦਿੱਤੀ।
“ਫਿਰ ਤਾਂ ਬਹੁਤ ਚੰਗੀ ਗੱਲ ਹੈ ਭਾਜੀ...ਇਸ ਤਰ੍ਹਾਂ ਦੀਆਂ ਨੇਕ ਪਤਨੀਆਂ ਕਿਥੇ ਮਿਲਦੀਆਂ ਨੇ ਅੱਜ ਦੇ ਜ਼ਮਾਨੇ ਵਿਚ...।„ ਮੈਂ ਉਸਦੀ ਪਤਨੀ ਦੀ ਪ੍ਰਸ਼ੰਸਾ ਕੀਤੀ।
“ਸੁਆਹ ਚੰਗੀਆਂ ਹੁੰਦੀਆਂ ਨੇ...ਯਾਰ ਇਸ ਤਰ੍ਹਾਂ ਨੇਕ ਹੋਣ ਦਾ ਵੀ ਕੀ ਫਾਇਦਾ...ਬੰਦੇ ਨੂੰ ਜਨਾਨੀ ਕੋਲੋਂ ਬਹੁਤ ਕੁਝ ਚਾਹੀਦਾ ਹੁੰਦੈ...ਪਰ ਉਸਦਾ ਉਸ ਸਭ ਕਾਸੇ ਤੋਂ ਮੌਹ ਆਹਿਸਤਾ ਆਹਿਸਤਾ ਘਟਦਾ ਜਾ ਰਿਹਾ ਹੈ...ਜਿਸ ਨਾਲ ਇਕ ਪਤੀ ਤੇ ਪਤਨੀ ਇਕ ਦੂਸਰੇ ਨਾਲ ਜੁੜੇ ਰਹਿੰਦੇ ਨੇ... ਜੇ ਮੈਂ ਜ਼ਿਦ ਕਰਦਾ ਤਾਂ ਅੱਗੋਂ ਬਹੁਤ ਹੀ ਠੰਡੇ ਹੌਕੇ ਭਰਦੀ...ਉਸ ਦੇ ਮੂੰਹ ਵਿਚੋਂ ਏਦਾਂ ਬਦਬੂ ਆਉਂਦੀ ਜਿਵੇਂ ਕੁਕੜੀਆਂ ਦੇ ਆਲ੍ਹੇ ਵਿਚੋਂ...ਉਧਰ ਬਾਹਰ ਦੀਆਂ ਜਨਾਨੀਆਂ ਕੋਲ ਜਾਈਦੈ ਤਾਂ ਮਜ਼ਾ ਆ ਜਾਂਦੈ...ਸਾਲੀਆਂ ਨੇ ਖੁਸ਼ਬੂਆਂ ਹੀ ਏਦਾਂ ਦੀਆਂ ਲਗਾਈਆਂ ਹੁੰਦੀਆਂ ਨੇ ਬਈ ਬੰਦੇ ਦੀਆਂ ਸਾਰੀਆਂ ਪਰੇਸ਼ਾਨੀਆਂ, ਥਕਾਵਟਾਂ ਦੂਰ ਹੋ ਜਾਂਦੀਆਂ ਨੇ...ਬਿਸਤਰ ਉਪਰ ਉਹ ਕਰਤਵ ਵਿਖਾਉਂਦੀਆਂ ਨੇ ਕਿ ਬੰਦਾਂ ਆਪਣੇ ਆਪ ਨੂੰ ਸਵਰਗਾਂ ਵਿਚ ਪਰੀਆਂ ਵਿਚ ਘਿਰਿਆ ਮਹਿਸੂਸ ਕਰਦੈ...ਤੇ ਉਧਰ ਇਕ ਆਪਣੀਆਂ ਘਰ ਵਾਲੀਆਂ ਸਾਲੀਆਂ ਮੱਝਾਂ ਜਿਹੀਆਂ...ਹਰ ਵੇਲੇ ਘਰ ਵਿਚ ਇਧਰ ਉਧਰ ਸ਼ਰਲ ਸ਼ਰਲ ਕਰਕੇ ਘੁੰਮਦੀਆਂ ਰਹਿੰਦੀਆਂ ਨੇ... ਉਹਨਾਂ ਨਾਲ ਸੌਣਾ ਤਾਂ ਕੀ ਬੈਠਣ ਨੂੰ ਦਿਲ ਨਹੀਂ ਕਰਦਾ...ਹਰ ਵੇਲੇ ਘਰ ਦਿਆਂ ਕੰਮਾਂ ਵਿਚ ਰੁੱਝੀਆਂ ਹੋਈਆਂ...ਬੱਚਿਆਂ ਵਿਚ ਉਲਝੀਆਂ ਹੋਈਆਂ...ਮੈਂ ਤਾਂ ਮਜ਼ਬੂਰੀ ਵਸ ਮਹੀਨੇ ਵਿਚ ਇਕ ਅੱਧੀ ਵਾਰ ਹੀ ਜਾਨਾਂ ਉਸ ਦੇ ਨੇੜੇ...ਉਹ ਵੀ ਜਦੋਂ ਖਾਧੀ ਪੀਤੀ ਹੋਵੇ...ਤਦ ਵੀ ਉਸਦੀ ਪ੍ਰਤੀਕਿਰਿਆ ਮਰਿਆਂ ਵਾਂਗ ਹੁੰਦੀ ਐ... ਫਿਰ ਬੰਦਾ ਬਾਹਰ ਨਾ ਮੂੰਹ ਮਾਰੇ ਤਾਂ ਹੋਰ ਕੀ ਕਰੇ? ਪਰ ਫਿਰ ਵੀ ਬਹੁਤ ਨੇਕ ਹੈ ਆਪਣੀ ਜਨਾਨੀ...ਇਕ ਦਮ ਘਰੇਲੂ...ਮੈਂ ਘਰ ਦੇਰ ਨਾਲ ਆਵਾਂ...ਮੱਥੇ ਉਪਰ ਕੋਈ ਸਿਕਣ ਨਹੀਂ...ਕੋਈ ਵੱਟ ਨਹੀਂ...ਜੇ ਸ਼ਹਿਰੋਂ ਬਾਹਰ ਗਿਆ ਹੋਵਾਂ...ਜੇ ਦੋ ਚਾਰ ਦਿਨ ਫਾਲਤੂ ਵੀ ਲਗਾ ਆਵਾਂ ਤਾਂ ਕੋਈ ਪੁਛ ਗਿੱਛ ਨਹੀਂ...ਯਾਰ, ਮੈਂ ਤਾਂ ਕਈ ਵਾਰ ਸੋਚਦਾਂ ਬਈ ਮੇਰੇ ਵਰਗੇ ਇਕ ਦਮ ਲੁੱਚੇ ਤੇ ਲਫੰਗੇ ਕਿਸਮ ਦੇ ਬੰਦੇ ਨੂੰ ਰੱਬ ਨੇ ਇਕ ਦਮ ਸ਼ਰੀਫ ਪਤਨੀ ਦੇ ਕਿਵੇਂ ਦਿੱਤੀ...ਇਕ ਦਮ ਗਊ...।„ ਇਕ ਦਿਨ ਸ਼ਕਰਗੜ੍ਹੀਆ ਨੇ ਆਪਣੇ ਦਿਲ ਦਾ ਗੁਭਾਰ ਕਢਿਆ।
“ਬਾਬਿਓ! ਜੋ ਮਰਜ਼ੀ ਕਹੀ ਜਾa ਪਰ ਆਪਣੀਆਂ ਘਰੇਲੂ ਜਨਾਨੀਆਂ ਹੀ ਸਾਡੇ ਕੰਮ ਆਉਂਦੀਆਂ ਨੇ...ਆਹ ਬਾਹਰ ਵਾਲੀਆਂ ਤਾਂ ਲੋਟੂ ਹੁੰਦੀਆਂ ਨੇ ਇਕ ਦਮ ਡਾਕੂ...ਪੈਸੇ ਦੀਆਂ ਯਾਰ...ਬਾਬਿਓ ਇਹ ਬਾਜ਼ਾਰੂ ਜਨਾਨੀਆਂ ਦੂਰੋਂ ਹੀ ਚੰਗੀਆਂ ਲਗਦੀਆਂ ਨੇ ਨੇੜੇ ਤੋਂ ਦੇਖੋ ਨਾ ਤਾਂ ਤੁਹਾਨੂੰ ਕਚਿਆਣ ਆਉਂਦੀ ਐ...।„ ਮੈਂ ਉਸਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ।
ਇਕ ਵਾਰ ਸ਼ਕਰਗੜ੍ਹੀਆ ‘ਸੰਪਾਦਕਾਂ ਦੇ ਸੈਮੀਨਾਰ' ਵਿਚ ਹਿੱਸਾ ਲੈਣ ਵਾਸਤੇ ਚਾਰ ਦਿਨਾਂ ਵਾਸਤੇ ਚੇਨਈ ਗਿਆ।ਇਸ ਵਾਰ ਮੈਂ ਨਾਲ ਨਹੀਂ ਗਿਆ।
“ਯਾਰ, ਮੇਰੀ ਗੱਲ ਧਿਆਨ ਨਾਲ ਸੁਣ...ਕੋਈ ਨੇੜੇ ਤਾਂ ਨਹੀਂ ਹੈ ਨ...ਮੈਂ ਕਲ ਵਾਪਸ ਆ ਰਿਹਾਂ ਤੇ ਸ਼ਰਮਾਂ ਦੇ ਰਿੰਗ ਰੋਡ ਵਾਲੇ ‘ਮੂਨ ਲਾਈਟ ਹੋਟਲ' ਵਿਚ ਠਹਿਰਾਂਗਾ...ਚਨੇਈ 'ਚ ਮੇਰਾ ਦਿਲ ਨਹੀਂ ਲਗਦਾ ਪਿਆ...ਇਥੇ ਜਨਾਨੀਆਂ ਵੀ ਸਾਲੀਆਂ ਕਾਲੀਆਂ ਕਲੂਟੀਆਂ ਨੇ...ਬੜੀ ਮੁਸ਼ਕਿਲ ਨਾਲ ਸੈਮੀਨਾਰ ਖਤਮ ਹੋਇਐ...ਮੈਂ ਸਵੇਰੇ ਚਲਾਂਗਾ...ਚਾਰ ਕੁ ਵਜੇ ਹੋਟਲ ਪਹੁੰਚ ਜਾਵਾਂਗਾ...ਅੱਛਾ ਕਿਸੇ ਨਾਲ ਗੱਲ ਨਾ ਕਰੀਂ...ਘਰ ਵਾਲਿਆਂ ਤੇ ਦਫਤਰ ਵਾਸਤੇ ਅਜੇ ਮੈਂ ਚੇਨਈ ਵਿਚ ਹੀ ਹਾਂ...ਅੱਛਾ ਦਲਾਲ ਨੂੰ ਫੋਨ ਕਰ ਦਈਂ ਕੋਈ ਵਧੀਆ ਮਾਲ ਭੇਜੇ...ਕਹੀਂ ਪੂਰੀ ਰਾਤ ਰਹੇਗੀ...ਪੈਸਿਆਂ ਵਾਸਤੇ ਮੈਂ ਸੁਲੱਖਣ ਸਿੰਘ ਥਾਣੇਦਾਰ ਨੂੰ ਕਹਿ ਦਿੱਤੈ...ਐਸ਼ ਕਰਦਿਆਂ ਦੋ ਦਿਨ...ਠੀਕ ਹੈ ਫਿਰ ਕੱਲ੍ਹ ਮਿਲਦੇ ਆਂ...।„ ਕਹਿ ਕੇ ਸ਼ਕਰਗੜ੍ਹੀਆ ਨੇ ਫੋਨ ਕੱਟ ਦਿੱਤਾ।
ਅਗਲੇ ਦਿਨ ਮੈਂ ਵੀ ਦਫਤਰ ਤੋਂ ਛੁੱਟੀ ਲੈ ਲਈ।ਮੈਂ ਉਸ ਦਲਾਲ ਨੂੰ ਫੋਨ ਕਰ ਕਰਕੇ ਕੋਈ ਨਵਾਂ ਤੇ ਵਧੀਆ ਮਾਲ ਭੇਜਣ ਵਾਸਤੇ ਕਿਹਾ।
ਮੈਂ ਸਵੇਰੇ ਹੀ ਇਕ ਹੋਰ ਹੋਟਲ ਵਿਚ ਕਮਰਾ ਲੈ ਲਿਆ ਸੀ।
ਮੈਂ ਪੱਕਾ ਮਨ ਬਣਾ ਲਿਆ ਸੀ ਕਿ ਅੱਜ ਉਸ ਜਨਾਨੀ ਨਾਲ ਪਹਿਲਾਂ ਮੈਂ ਸੌਵਾਂਗਾ ਤੇ ਬਾਅਦ ਵਿਚ
ਸ਼ਕਰਗੜ੍ਹੀਆ ।ਅੱਜ ਨਹੀਂ ਦੋ ਨੰਬਰ ਉਪਰ ਰਹਿਣਾ।ਮੌਕਾ ਵੀ ਸੀ ਤੇ ਦਸਤੂਰ ਵੀ।
ਬਾਬਿਓ! ਪਹਿਲੀ ਵਾਰ ਦੇਖਣ ਵਿਚ ਤਾਂ ਉਹ ਜਨਾਨੀ ਐਵੇਂ ਹੀ ਸੁਸਤ ਜਿਹੀ ਲੱਗੀ।ਬਹੁਤੀ ਸੋਹਣੀ ਵੀ ਨਹੀਂ ਲੱਗੀ।ਮੈਂ ਉਸਨੂੰ ਕਮਰੇ ਅੰਦਰ ਬਿਠਾ ਕੇ ਦਲਾਲ ਨੂੰ ਫੋਨ ਕੀਤਾ ਕਿ ਇਹ ਉਸਨੇ ਕਿਸ ਬਲਾ ਨੂੰ ਭੇਜ ਦਿੱਤਾ ਹੈ ਪਰ ਉਸਨੇ ਭਰੋਸਾ ਦਿਵਾਇਆ ਕਿ ‘ਸ਼ਬਨਮ' ਨਾਲ ਵਰਤ ਕੇ ਤਾਂ ਦੇਖਾਂ।ਉਸ ਦੇ ਜ਼ੋਰ ਭਰਨ ਉਪਰ ਅਧਮਨੇ ਮੰਨ ਗਿਆ।
ਪਰ ਬਾਬਿਓ! ਸ਼ਬਨਮ ਨੇ ਬਿਸਤਰ ਉਪਰ ਉਹ ਉਹ ਖੇਡਾਂ ਖੇਡੀਆਂ ਜਿਹੜੀਆਂ ਅੱਜ ਤਕ ਕਿਸੇ ਜਨਾਨੀ ਨੇ ਨਹੀਂ ਖੇਡੀਆਂ ਸਨ।ਇਕ ਦਮ ਲਵਲੀ ਤੇ ਜੰਗਲੀ।
ਉਸ ਦਿਨ ਮੈਂ ਬਹੁਤ ਖੁਸ਼ ਸਾਂ ਕਿ ਅੱਜ ਮੈਂ ਨੰਬਰ ਇਕ ਉਪਰ ਹਾਂ ਤੇ ਸ਼ਕਰਗੜ੍ਹੀਆ ਨੰਬਰ ਦੋ ਉਪਰ ਰਹੇਗਾ।
ਮੈਂ ਸ਼ਬਨਮ ਨੂੰ ਸਮਝਾ ਦਿੱਤਾ ਕਿ ਜਿਹੜਾ ਦੂਸਰਾ ਬੰਦਾ ਹੈ ਉਹ ਬਹੁਤ ਅਸਰ ਰਸੂਖ ਵਾਲਾ ਹੈ।ਉਸ ਦਿਨ ਸ਼ਕਰਗੜ੍ਹੀਆ ਦਾ ਨਾਮ ‘ਲੱਖਵਿੰਦਰ ਸਿੰਘ ਬਰਾੜ ਤੇ ਉਹ ਇਕ ਕੋਲਡ ਫੈਕਟਰੀ ਦਾ ਮਾਲਕ' ਹੈ ਮਿਥਿਆ ਗਿਆ ਸੀ।ਹਮੇਸ਼ਾ ਦੀ ਤਰ੍ਹਾਂ ਇਹ ‘ਕੋਡ ਵਰਡਜ਼' ਮੈਂ ਸ਼ਕਰਗੜ੍ਹੀਆ ਨੂੰ ਪਿਛਲੀ ਸ਼ਾਮ ਨੂੰ ਹੀ ਦੱਸ ਦਿੱਤੇ ਸਨ।
ਮੈਂ ਸ਼ਬਨਮ ਨੂੰ ਇਹ ਲਾਲਚ ਦੇ ਕੇ ਕਿ ਮੈਂ ਉਸਨੂੰ ਹੋਰ ਵੱਡੇ ਵੱਡੇ ਮਾਲਦਾਰ ਅਸਾਮੀਆਂ ਨਾਲ ਮਿਲਾ ਦਿਆਂਗਾ, ਇਸ ਵਾਸਤੇ ਵੀ ਮਨਾ ਲਿਆ ਕਿ ਉਹ ਬਰਾੜ ਨੂੰ ਇਹ ਨਾ ਦੱਸੇ ਕਿ ਅੱਜ ਅਸੀਂ ਦੋਨੋਂ ਪਹਿਲਾਂ ਮਿਲੇ ਹਾਂ।ਉਹ ਮੰਨ ਗਈ।ਉਸਨੂੰ ਸ਼ਾਮ ਸੱਤ ਵਜੇ ‘ਹੋਟਲ ਮੂਨ ਲਾਈਟ' ਦੀ ਰਿਸ਼ੈਪਸ਼ਨ ਉਪਰ ਪਹੁੰਚਣ ਵਾਸਤੇ ਕਿਹਾ।ਇਹ ਵੀ ਸਮਝਾ ਦਿੱਤਾ ਕਿ ਮੈਂ ਉਸਨੂੰ ਉਥੇ ਹੀ ਮਿਲਾਂਗਾ, ਉਹ ਵੀ ਇਸ ਤਰ੍ਹਾਂ ਕਿ ਜਿਵੇਂ ਅਸੀਂ ਪਹਿਲੀ ਵਾਰ ਹੀ ਮਿਲ ਰਹੇ ਹਾਂ।
ਬਾਬਿਓ! ਮੈਂ ਛੇ ਕੁ ਵਜੇ ਹੀ ਸ਼ਕਰਗੜ੍ਹੀਆ ਕੋਲ ਹੋਟਲ ਵਿਚ ਚਲਾ ਗਿਆ।ਉਸ ਨਾਲ ਚੇਨਈ ਦੀਆਂ ਗੱਲਾਂਬਾਤਾਂ ਕਰਦਾ ਰਿਹਾ।ਮੈਂ ਉਸਨੂੰ ਦੱਸ ਦਿੱਤਾ ਕਿ ਦਲਾਲ ਨੇ ਕਿਹਾ ਸੀ ਕਿ ਸ਼ਬਨਮ ਨਾਮ ਦੀ ਔਰਤ ਸੱਤ ਵਜੇ ਹੋਟਲ ਦੀ ਰਿਸ਼ੈਪਸ਼ਨ 'ਤੇ ਪਹੁੰਚ ਜਾਵੇਗੀ।ਸ਼ਕਰਗੜ੍ਹੀਆ ਅਰਾਮ ਨਾਲ ਨਹਾ ਧੋ ਕੇ ਤਿਆਰ ਹੋ ਗਿਆ ਸੀ।ਉਸ ਨੇ ਬਹੁਤ ਹੀ ਚੰਗੀ ਕਿਸਮ ਦਾ ਸੈਂਟ ਕਮਰੇ ਵਿਚ ਛਿੜਕ ਦਿੱਤਾ।ਬਹੁਤ ਹੀ ਉਤਸੁਕਤਾ ਨਾਲ ਸ਼ਬਨਮ ਦਾ ਇੰਤਜਾਰ ਕਰਨ ਲੱਗ ਪਿਆ।ਕਮਰੇ ਵਿਚ ਜਸ਼ਨ ਮਨਾਉਣ ਵਾਸਤੇ ਸਾਰੇ ਪ੍ਰਬੰਧ ਕਰ ਲਏ ਗਏ ।ਵਧੀਆ ਦਾਰੂ, ਬੀਅਰ ਦੀਆਂ ਬੋਤਲਾਂ, ਵੈਜ-ਨਾਨਵੈਜ ਸਨੈਕਸ, ਪੀ ਨਟਸ ਬਗ਼ੈਰਾ।ਪਰ ਜਸ਼ਨ ਸ਼ੁਰੂ ਹੋਣੇ ਸਨ ਸ਼ਬਨਮ ਦੇ ਆਉਣ ਉਪਰ ਹੀ।
ਮੈਂ ਪੌਣੇ ਕੁ ਸਤ ਵਜੇ ਰਿਸੈਪਸ਼ਨ ਉਪਰ ਚਲਾ ਗਿਆ।ਸ਼ਬਨਮ ਵਕਤ ਸਿਰ ਹੀ ਪਹੁੰਚ ਗਈ।ਰਿਸ਼ੈਪਸ਼ਨ ਉਤੋਂ ਹੀ ਸ਼ਕਰਗੜ੍ਹੀਆ ਨੂੰ ਫੋਨ ਕਰਕੇ ਦੱਸ ਦਿੱਤਾ ਕਿ ਅਸੀਂ ਆ ਰਹੇ ਹਾਂ।
ਕਮਰੇ ਦਾ ਦਰਵਾਜਾ ਸ਼ਕਰਗੜ੍ਹੀਆ ਨੇ ਪਹਿਲਾਂ ਹੀ ਖੋਲ ਦਿੱਤਾ ਸੀ।ਅਸੀਂ ਦੋਨੋਂ ਅੰਦਰ ਚਲੇ ਗਏ ਤੇ ਸੌਫੇ ਉਪਰ ਬੈਠ ਗਏ।
"ਦਿਲ ਹੋਣਾ ਚਾਹੀਦੈ ਜਵਾਨ...ਉਮਰਾਂ 'ਚ ਕੀ ਰੱਖਿਆ...।„ਗੁਣਗੁਣਾਉਂਦਾ ਹੋਇਆ ਸ਼ਕਰਗੜ੍ਹੀਆ ਗੂਸਲਖਾਨੇ ਤੋਂ ਬਾਹਰ ਨਿਕਲਿਆ।
ਜਦੋਂ ਸ਼ਬਨਮ ਤੇ ਸ਼ਕਰਗੜ੍ਹੀਆ ਦੀਆਂ ਨਜ਼ਰਾਂ ਮਿਲੀਆਂ ਤਾਂ ਅਚਾਨਕ ਧਮਾਕਾ ਹੋਇਆ। ਜੋ ਜਿਥੇ ਸੀ ਉਥੇ ਹੀ ਰੁਕ ਗਿਆ।ਕਮਰੇ ਵਿਚ ਇਕ ਦਮ ਭਿਆਨਕ ਸੰਨਾਟਾ ਛਾ ਗਿਆ।
"ਰਜਨੀ ਤੂੰ?„ ਸ਼ਕਰਗੜ੍ਹੀਆ ਦੇ ਮੂੰਹੋਂ ਬਸ ਇੰਨਾ ਹੀ ਨਿਕਲਿਆ।
ਸ਼ਬਨਮ ਸ਼ਕਰਗੜ੍ਹੀਆ ਦੀ ਆਵਾਜ਼ ਸੁਣਦੇ ਸਾਰ ਹੀ ਬੁੱਤ ਹੋ ਗਈ।
ਤੁਤਬੁਤ ਹੋਇਆ ਮੈਂ ਦੋਨਾਂ ਵੱਲ ਦੇਖਦਾ ਰਿਹਾ।ਸਮਝ ਨਾ ਆਵੇ ਕਿ ਅੱਜ ਨੰਬਰ ਇਕ ਉਪਰ ਰਹਿਣ ਬਦਲੇ ਖੁਸ਼ ਹੋਵਾਂ ਕਿ ਜਾਂ...?
ਸੰਪਰਕ: 94171 73700
Raj Singh
ਹੁਣ ਤਾਂ ਮਥੇ ਤੋਂ ਵੱਟ ਲਾਹ ਦਿਓ ਮਾਲਕੋ ....