Thu, 21 November 2024
Your Visitor Number :-   7254341
SuhisaverSuhisaver Suhisaver

ਚੀਰੇ ਵਾਲਾ -ਜਗਤਾਰ ਸਿੰਘ ਭਾਈ ਰੂਪਾ

Posted on:- 21-11-2014

suhisaver

ਮਿੰਦੀਏ ....ਨੀ ਮਿੰਦੀਏ...ਆ ਜਾ ਨੀ ਰਾਣੋਂ ਦੀ ਬਰਾਤ ਆ ਗੀ ਆਜਾ ਨੀਂ ਪਰੌਣਾਂ ਵੇਖੀਏ ਕਿੰਨਾਂ ਕੁ ਸੋਹਣੈ...?

ਤਾਈ ਕਹਿੰਦੀ ਸੀ ਬਲਾਈ ਸੋਹਣਾ...?

ਦਿਪੀ ਨੇ ਦਰੀ ਬੁਣਦੀ ਮਿੰਦੀ ਦੀ ਬਾਹ ਖਿੱਚਦਿਆ ਕਿਹਾ....।

ਝਟਕੇ ਜਿਹੇ ਨਾਲ ਬਾਹ ਛੁੜਾਉਦਿਆ ਮਿੰਦੀ ਨੇ ਕਿਹਾ....ਨੀ ਮੈਂ ਨਹੀ ਦੇਖਣੀਂ ਮੱਚੀ ਜਿਹੀ ਦਾ ਪਰੌਣਾਂ...ਡੇਲੜ ਜਿਹੀ ਦੀ ਪਹਿਲਾਂ ਹੀ ਆਕੜ ਨੀ ਝੱਲੀ ਜਾਂਦੀ ਸੀ।

ਮਿੰਦੀ ਨੇ ਅੰਦਰਲੀ ਕਿਸੇ ਭੜਾਸ ਨੂੰ ਕੱਢਿਆ।

ਦੀਪੀ ਕੱਚੀ ਕੰਧੋਲੀ ’ਤੇ ਚੜ ਕੇ ਕੰਧ ਉੱਤੋਂ ਦੀ ਗਲੀ ’ਚੋਂ ਲੰਘਦੀ ਬਰਾਤ ਦੇਖਣ ਲੱਗੀ ਪਈ...

ਬੈਂਡ ਵਾਜਿਆਂ ਦੀ ਭੰਗੜੈ ਵਾਲੀ ਬੀਟ ’ਤੇ ਬਰਾਤੀ ਮੁੰਡੇ ਕੱਚੀ ਗਲੀ ’ਚ ਧੂੜਾਂ ਪੁਟਦੇ ਆ ਰਹੇ ਸਨ।ਬੈਂਡ ਬਾਜਿਆ ਦੇ ਸੰਗੀਤਕ ਮਸਤੀ ਨੇ ਪੰਦਰਵੇਂ ਸਾਲ ਦੇ ਜੁਆਨੀ ਵਾਲੇ ਮੁੱਢਲੇ ਟੰਬਿਆਂ ’ਤੇ ਖੜੀ ਦੀਪੀ ਦੇ ਦਿਲ ਵਿਚ ਇਕ ਅਜੀਬ ਜਿਹੀ ਤਰੰਗ ਛੇੜ ਦਿੱਤੀ।
 
ਦਿਲ ’ਚ ਉੱਠੀ ਤਰੰਗ ਨੇ ਅੰਦਰਲੀ ਖੁਸ਼ੀ ਨੂੰ ਛੱਲ ਜਿਹੀ ਮਾਰੀ ਤਾਂ ਦੀਪੀ ਦੇ ਬੁਲਾਂ ’ਚੋਂ ਆਪ ਮੁਹਾਰੇ ਹਾਸਾ ਖਿੱਲਰ ਗਿਆ।
 
ਜਿਹੜਾ ਜਾ ਕੇ ਬਰਾਤੀਆਂ ਦੇ ਨਾਲ ਚੜਚੋਕਾਂ ਪਾਉਣ ਲੱਗਾ।

ਇਧਰ ਆਪਣੇ ਦਾਜ ਦੇ ਆਹਰ ’ਚ ਲੱਗੀ ਨੂੰ ਮਿੰਦੀ ਨੂੰ ਲੱਗਿਆ ਜਿਵੇਂ ਬਰਾਤ ਕਿਸੇ ਹੋਰ ਦੀ ਨਹੀਂ ਉਸੇ ਦੀ ਹੀ ਆਈ ਹੋਵੇ।

ਉਸਦੇ ਖਿਆਲਾਂ ’ਚ ਕਈ ਤਰ੍ਹਾਂ ਦੀਆਂ ਰੰਗੀਨ ਫੁਲ ਝੜੀਆ ਆਪ ਮੁਹਾਰੇ ਫੁੱਟ ਰਹੀਆ ਸਨ। ਪਲ ਦੀ ਪਲ ਬਣੇ ਵਿਆਹ ਦੇ ਮਹੌਲ ਨੇ ਉਸਨੂੰ ਜਿਵੇਂ ਵਹੁਟੀ ਬਣਾ ਦਿੱਤਾ ਸੀ। ਉਹ ਗੋਡੇ ’ਤੇ ਠੋਡੀ ਰੱਖ ਕੇ ਉਨਾਭੀ ਰੰਗ ਦੀ ਸੂਤ ਵਾਲੀ ਅੱਟੀ ਨੂੰ ਲਪੇਟਦੀ ਲਪੇਟਦੀ ਪਤਾ ਨਹੀਂ ਕਿਹੜੇ ਗੁਲਾਬੀ ਰੰਗੇ ਸੁਪਨਿਆਂ ਚ ਗੁਆਚੇ ਆਪਣੀ ਚੀਰੇ ਵਾਲੇ ਦੀ ਟੋਹ ਲੈਂਦੀ ਫਿਰਦੀ ਸੀ।
 
ਪਲ ਦੀ ਪਲ ਉਸਨੂੰ ਆਪਣੇ ਪਿੰਡੇ ’ਚੋਂ ਅਜੀਬ ਮਦ ਭਰੀ ਖੁਸ਼ਬੋਈ ਜਿਹੀ ਆ ਰਹੀ ਸੀ। ਪਤਾ ਨ੍ਹੀਂ ਕਿਹੜੀ ਸੰਗ ਨੇ ਉਸਦੇ ਕਣਕ ਵੰਨੇ ਰੰਗ ਚੋਂ ਗੁਲਾਬੀ ਭਾ ਮਾਰਨ ਲਾ ਦਿੱਤੀ ਸੀ। ਉਸਨੂੰ ਆਪਣੇ ਉਲਝੇ ਵਾਲਾਂ ਦੀ ਢਿੱਲੀ ਜਿਹੀ ਗੁੱਤ ’ਚੋਂ ਕਲੀਆਂ ਦੀ ਮਹਿਕ ਦਾ ਬੁੱਲ੍ਹਾ ਜਿਹਾ ਵੱਜਾ
ਉਸਨੂੰ ਲੱਗਾ ਜਿਵੇਂ ਵਹੁਟੀ ਬਣੀ ਮਿੰਦੀ ਦੀ ਚੁੜੇ ਵਾਲੀ ਬਾਹ ਫੜ ਕੇ ਕੋਈ ਦੂਰ ਲਈ ਜਾ ਰਿਹਾ ਸੀ।

ਇਧਰ ਬਰਾਤ ਗਲੀ ਦਾ ਮੋੜ ਮੁੜ ਚੱਕੀ ਸੀ। ਦਿਪੀ ਨੇ ਘਧੋਲੀ ਤੋਂ ਧੜੰਮ ਦੇਣੇ ਛਾਲ ਮਾਰਤੀ ਤੇ ਛੜੱਪੇ ਲਾਉਂਦੀ ਮਿੰਦੀ ਨੂੰ ਚਿੰਬੜ ਗਈ।

ਸੁਪਨਿਆਂ ਦੇ ਅੰਬਰੀਂ ਉੱਡਦੀ ਮਿੰਦੀ ਨੂੰ ਲੱਗਿਆ ਜਿਵੇਂ ਕਿਸੇ ਨੇ ਉਸ ਨੂੰ ਗੁੱਤੋਂ ਫੜ ਕੇ ਦਰੀ ਵਾਲੇ ਫੱਟੇ ਲਿਆ ਮਾਰਿਆ ਹੋਵੇ।

ਮਿੰਦੀ ਦਾ ਜੀ ਕਰੇ ਕੜਾਕ ਕਰਦੀ ਇਕ ਚਪੇੜ ਦੀਪੀ ਦੇ ਜੜ ਦੇ ਪਰ ਪਤਾ ਨਹੀਂ ਕਿਹੜੇ ਅੰਦਰਲੇ ਡਰ ਕਰ ਕੇ ਕਸੀਸ ਜਿਹੀ ਵੱਟ ਗਈ।

ਪਰ ਦੀਪੀ ਆਪਣੀ ਮਸਤੀ ਦੇ ਲੋਰ ਚ ਸੀ ਆਖੀ ਜਾਵੇ, ਨੀ...ਮਿੰਦੀਏ ਨੀ ਹਾਏ ਨੀ... ਮਿੰਦੀਏ ਤੇਜੋ ਦੀ ਕੁੜੀ ਦੇ ਤਾਂ ਭਾਗ ਹੀ ਖੁੱਲ੍ਹ ਗੇ।

ਸੱਚੀਂ ਮੁੰਡਾ ਤਾਂ ....ਬਲਾਂਈਂ ਸੋਹਣੈਂ....

ਤੈਨੂੰ ਕਿਹਾ ਸੀ ਆਜਾ ਦੇਖਲਾ....ਦਰੀ ਨੂੰ ਫੇਰ ਫੂਕ ਲੀ।
 
ਦੀਪੀ ਨੂੰ ਲੱਗਿਆ ਜਿਵੇਂ ਮਿੰਦੀ ਦੇ ਮੁੱਖ ਤੇ ਕੋਈ ਨੂਰ ਹੋ ਕੇ ਗਿਆ ਸੀ.....ਉਹ ਕਹਿੰਦੀ.... ਕਹਿੰਦੀ ਰਹਿਗੀ ਇਨੇ ਨੂੰ ਮਿੰਦੀ ਦੀ ਬੀਬੀ ਗਲ ਪਾਈ ਚੁੰਨੀ ਚ ਪਕੌੜੇ ਤੇ ਕੁਝ ਜਲੇਬੀਆਂ ਲਪੇਟੀ ਲੇ ਆਈ.......

ਲਿਆ ਨੀ ਦੀਪੀ ਏ ਚੁੱਲ੍ਹੇ ਤੋਂ ਚਾਹ ਲਾਹ ਲਿਆ ਆਜਾ ਥੋਨੂੰ ਤੱਤੇ ਤੱਤੇ ਪਤੌੜ ਖੁਆਵਾਂ।
ਦੀਪੀ ਬਾਟੀਆਂ ਚ ਚਾਹ ਪਾ ਲਿਆਈ ਸਭ ਨੇ ਰਲ ਕੇ ਚਾਹ ਪਕੌੜੇ ਖਾਦੇ ਪਰ ਮਿੰਦੀ ਨੂੰ ਅੱਜ ਚਾਹ ਫਿੱਕੀ ਤੇ ਪਕੌੜੇ ਬੇ ਸੁਆਦੇ ਜਿਹੇ ਲੱਗ ਰਹੇ ਸਨ।
 
ਤੇ ਉਹਦਾ ਚੀਰੇ ਵਾਲਾ ਫੇਰ ਗੁਆਚ ਗਿਆ ਸੀ।

ਸੰਪਰਕ: +91 94630 23395

Comments

Security Code (required)



Can't read the image? click here to refresh.

Name (required)

Leave a comment... (required)





ਕਹਾਣੀ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ