Thu, 21 November 2024
Your Visitor Number :-   7255746
SuhisaverSuhisaver Suhisaver

ਤਹਿਜ਼ੀਬ –ਜਿੰਦਰ

Posted on:- 14-09-2014

suhisaver

ਸ਼ਾਇਦ ਆਖਰੀ ਗੱਲ ਪ੍ਰੀਆ ਨੇ ਇਹੀ ਕਹੀ ਸੀ, ‘‘...ਅਸਲੀ ਰਵ੍ਹਾਂਦਾਰੀ ਤਾਂ ਸੈਲਫ ਤੇ ਮੌਰਲ ਵਿਲਯੂ ’ਚ ਪੈ ਕੇ ਆਉਂਦੀ ਆ....ਸਾਨੂੰ ਇਹੀ ਕੁਸ਼ ਸਿਖਾਇਆ ਗਿਆ।’’ ਸੈਕਟਰ ਤਰਤਾਲੀ ਦਾ ਬਸ ਸਟੈਂਡ ਆ ਗਿਆ ਸੀ। ਲੋਕ ਉਤਰਣ ਲਈ ਕਾਹਲੇ ਪੈਣ ਲੱਗੇ ਸਨ। ਇਸੇ ਵਿਚਕਾਰ ਡਰਾਈਵਰ ਨੇ ਤੇਜ਼ ਹੌਰਨ ਵਜਾਇਆ ਸੀ। ਤੇਜ਼ ਆਵਾਜ਼ ’ਚ ਮੈਨੂੰ ਉਸ ਦੀ ਇਹ ਗੱਲ ਅੱਧ-ਪਚੱਦੀ ਸੁਣੀ ਸੀ।

ਲੋਕਲ ਬਸਾਂ ਵੱਲ ਜਾਂਦਿਆਂ ਹੋਇਆਂ ਉਸ ਦੋਵੇਂ ਹੱਥ ਜੋੜ ਕੇ ਨਮਸਕਾਰ ਕੀਤੀ ਸੀ। ਮੇਰੇ ਆਪਣੇ ਹੱਥ ਕਿਹੜੇ ਵੇਲੇ ਜੁੜ ਗਏ ਸੀ ਤੇ ਮੈਂ ਕਿਹੜੇ ਵੇਲੇ ਉਸ ਦੀ ਨਮਸਕਾਰ ਦਾ ਜਵਾਬ ਦਿੱਤਾ ਸੀ, ਇਸ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ। ਮੇਰਾ ਸਾਰਾ ਧਿਆਨ ਤਾਂ ‘ਸਾਨੂੰ’ ਸ਼ਬਦ ’ਤੇ ਕੇਂਦਰਤ ਹੋ ਗਿਆ ਸੀ।

ਮੇਰਾ ਮਨ ਕਾਹਲਾ ਪਿਆ ਸੀ ਕਿ ਮੈਂ ਪ੍ਰੀਆ ਨਾਲ ਬਹੁਤ ਸਾਰੀਆਂ ਹੋਰ ਗੱਲਾਂ ਕਰਾਂ। ਉਹਨੂੰ ਦੱਸਾਂ ਕਿ ਹੁਣ ਇਹ ਦੇਸ਼ ਉਹੋ ਜਿਹਾ ਨਹੀਂ ਰਿਹਾ ਜਿਹੋ ਜਿਹਾ ਉਹ ਪੰਦਰਾਂ ਸਾਲ ਪਹਿਲਾਂ ਛੱਡ ਕੇ ਗਈ ਸੀ। ਇੱਥੇ ਤਾਂ ਸੁਪਰੀਮ ਕੋਰਟ ਦੇ ਜੱਜਾਂ ਬੀ. ਐਨ. ਅਗਰਵਾਲ ਤੇ ਜੀ. ਐਸ. ਸਿੰਘਵੀ ਨੂੰ ਕਹਿਣਾ ਪਿਆ ਸੀ, ‘‘ਇਵਨ ਗੌਡ ਵੈਲ ਨੌਟ ਬੀ ਏਬਲ ਟੂ ਸੇਵ ਦਿਸ ਕੰਟਰੀ। ਇਨ ਇੰਡੀਆ ਇਵਨ ਐਫ ਗੌਡ ਕਮਸ ਡਾੳੂਨ, ਹੀ ਕਾਨਟ ਚੇਂਜ ਦਿਸ ਕੰਟਰੀ। ਅਵਰ ਕੰਟਰੀ’ਸ ਕਰੈਕਟਰ ਹੈਜ ਗੌਨ। ਵੀ ਆਰ ਹੈਲਪਲਿਸ।’’ ਬਾਹਰੋਂ ਆ ਕੇ ਕਿਸੇ ਬੰਦੇ ਲਈ ਇਥੇ ਅਡਜਸਟ ਹੋਣਾ ਬੜਾ ਔਖਾ ਹੈ। ਮੈਂ ਆਪ ਔਖਾ ਹਾਂ। ਮੇਰੇ ਆਲੇ ਦੁਆਲੇ ਰਹਿੰਦੇ ਲੋਕ ਦੁਖੀ ਹਨ। ਪ੍ਰੇਸ਼ਾਨ ਹਨ। ਹੋਰ ਵੀ ਬਹੁਤ ਕੁਝ ਹੈ। ਉਸ ਦੀ ਜ਼ਿੰਦਗੀ ਬਾਰੇ ਕੁਝ ਜਾਨਾਂ। ਮੈਨੂੰ ਉਸ ਐਨਾ ਕੁ ਦੱਸਿਆ ਸੀ ਕਿ ਉਸ ਪੰਚਕੂਲੇ ’ਚ ਕੋਠੀ ਖਰੀਦ ਲਈ ਸੀ। ਪਰ ਕਿਸ ਸੈਕਟਰ ’ਚ? ਕਿੰਨੇ ਨੰ: ਕੋਠੀ ਸੀ? ਇਹ ਤਾਂ ਮੈਂ ਪੁੱਛਿਆ ਹੀ ਨਹੀਂ ਸੀ। ਨਾ ਹੀ ਉਸ ਇਸ ਬਾਰੇ ਦੱਸਿਆ ਸੀ।

ਉਸ ਦੱਸਿਆ ਸੀ ਕਿ ਉਹ ਅਮਰੀਕਾ ਦੀ ਮਿਸ਼ੀਗਨ ਸਟੇਟ ਤੋਂ ਆਈ ਹੈ। ਉਨ੍ਹਾਂ ਕੋਲ ਅਮਰੀਕਾ ਦੀ ਸਿਟੀਜ਼ਨਸ਼ਿਪ ਹੈ। ਦੋਹਾਂ ਬੱਚਿਆਂ ਦਾ ਜਨਮ ਉਧਰਲਾ ਹੈ। ਉਹ ਜਲੰਧਰ ਦੇ ਐਮ. ਜੀ. ਐਨ. ਸਕੂਲ ’ਚ ਪੜ੍ਹੀ ਹੈ। ਸਟੱਡੀਬੇਸ ’ਤੇ ਅਮਰੀਕਾ ਗਈ ਸੀ। ਫੇਰ ਉਥੇ ਹੀ ਵਿਆਹ ਕਰਵਾ ਲਿਆ ਸੀ।

ਮਹਿੰਦਰ ਤੇ ਮੈਂ ਦੋਵੇਂ ਚੰਡੀਗੜ੍ਹ ਨੌਕਰੀ ਕਰਦੇ ਹਾਂ। ਅੱਡ-ਅੱਡ ਡਿਪਾਰਟਮੈਂਟਾਂ ’ਚ। ਸ਼ੁਕਰਵਾਰ ਘਰ ਆ ਜਾਂਦੇ ਹਾਂ। ਸੋਮਵਾਰ ਸਵੇਰ ਨੂੰ ਵਾਪਸ ਜਾਂਦੇ ਹਾਂ। ਸਫ਼ਰ ਦੌਰਾਨ ਕਿਸੇ ਇਕ ਵਿਸ਼ੇ ਜਾਂ ਆਪ-ਬੀਤੀ/ਜੱਗ-ਬੀਤੀ ’ਤੇ ਵਿਚਾਰ-ਵਟਾਂਦਰਾ ਕਰਦੇ ਹਾਂ। ਉਸ ਦਿਨ ਵੀ ਮਹਿੰਦਰ ਨੇ ਬਸ ਤੁਰਦਿਆਂ ਸਾਰ ਹੀ ਪੁੱਛਿਆ ਸੀ, ‘‘ਤੂੰ ਹਫ਼ਤਾ ਘਰ ਰਹਿ ਕੇ ਆਇਆਂ-ਕੋਈ ਖਾਸ ਗੱਲ ਸੀ?’’ ਮੈਂ ਉਹਨੂੰ ਦੱਸਿਆ ਸੀ ਕਿ ਮੇਰੇ ਫੁੱਫੜ ਜੀ ਦਾ ਦੇਹਾਂਤ ਹੋ ਗਿਆ ਸੀ। ਉਹ ਪੈਂਤੀ ਸਾਲ ਕੈਨੇਡਾ ’ਚ ਰਹੇ ਸਨ ਪਰ ਮਰੇ ਇਥੇ ਆ ਕੇ ਹੀ। ਇਹੀ ਉਨ੍ਹਾਂ ਦੀ ਆਖਿਰੀ ਇੱਛਾ ਸੀ ਕਿ ਉਹ ਆਪਣੇ ਪਿੰਡ ਆ ਕੇ ਹੀ ਆਖਿਰੀ ਸਾਹ ਲੈਣ। ਉਨ੍ਹਾਂ ਨੇ ਆਪਣਾ ਇੰਡੀਅਨ ਪਾਸਪੋਰਟ ਨਹੀਂ ਪੜ੍ਹਿਆ ਸੀ। ਮੈਂ ਸਾਰੀ ਰਾਤ ਸੋਚਦਾ ਰਿਹਾ ਕਿ ਬੰਦਾ ਵੀ ਕੀ ਸ਼ੈਅ ਹੁੰਦਾ ਹੈ। ਜਿਥੇ ਪੈਂਤੀ ਸਾਲ ਰਿਹਾ, ਜਿਥੋਂ ਉਸ ਕਰੋੜਾਂ ਰੁਪਈਏ ਕਮਾਏ, ਆਪ ਤਾਂ ਸੈੱਟ ਹੋਣਾ ਹੀ ਹੋਣਾ ਸੀ, ਆਪਣੇ ਰਿਸ਼ਤੇਦਾਰਾਂ ਤੇ ਦੋਸਤਾਂ ਨੂੰ ਵੀ ਸੈੱਟ ਕੀਤਾ, ਪਰ ਉਸ ਦੇਸ਼ ਨਾਲ ਜੁੜ ਹੀ ਨਾ ਸਕਿਆ। ਮਰਿਆ ਤਾਂ ਪਿੰਡ ਆ ਕੇ ਹੀ। ਮੈਂ ਇਹਦੇ ਬਾਰੇ ਸੁਦਰਸ਼ਨ ਕੋਲੋਂ ਪੁੱਛਿਆ ਤਾਂ ਉਸ ਮੈਨੂੰ ਬਾਬਰ ਦੀ ਕਹਾਣੀ ਸੁਣਾਈ ਸੀ। ਬਾਬਰ ਨੇ ਭਾਰਤ ’ਤੇ 22 ਸਾਲ ਰਾਜ ਕੀਤਾ। ਉਸ ਨੇ ਜੋ ਚਾਹਿਆ ਸੀ, ਉਸ ਨੂੰ ਇਥੋਂ ਮਿਲਿਆ ਸੀ। ਉਸ ਮਰਣ ਲੱਗਿਆਂ ਆਪਣੀ ਆਖਿਰੀ ਇੱਛਾ ਜਾਹਿਰ ਕੀਤੀ ਸੀ ਕਿ ਉਸ ਨੂੰ ਕਾਬੁਲ ’ਚ ਹੀ ਦਫਨਾਇਆ ਜਾਵੇ। ਪਰ ਉਸਨੂੰ ਆਗਰੇ ਦਫਨਾਇਆ ਗਿਆ। ਉਹ ਉਥੇ ਹੀ ਮਰਿਆ ਸੀ। ਕਿਥੇ ਅਗਰੇ ਦੀ ਉਪਜਾਊ ਧਰਤੀ ਤੇ ਕਿੱਥੇ ਕਾਬੁਲ ਦਾ ਖੁਸ਼ਕੀ ਦਾ ਮਾਰਿਆ ਇਲਾਕਾ। ਪਰ ਉਸ ਅੰਦਰ ਤਾਂ ਆਗਰਾ ਵਸਿਆ ਸੀ। ਉਸ ਦੀਆਂ ਉਥੇ ਜੜ੍ਹਾਂ ਸਨ। ਬਾਅਦ ’ਚ ਉਸ ਦੀ ਬੀਵੀ ਤੇ ਮੁੰਡੇ ਨੇ ਬਾਬਰ ਦੀ ਆਖਿਰੀ ਇੱਛਾ ਅਨੁਸਾਰ ਉਸਨੂੰ ਕਾਬੁਲ ’ਚ ਦਫਨਾਇਆ ਸੀ।

ਪ੍ਰੀਆ ਨੇ ਸਾਡੀਆਂ ਗੱਲਾਂ ’ਚ ਹਿੱਸਾ ਲੈਂਦਿਆਂ ਹੋਇਆਂ ਦੱਸਿਆ ਸੀ, ‘‘ਇਹ ਜਿਹੜੀ ਕਹਾਣੀ ਮੈਂ ਤੁਹਾਨੂੰ ਸੁਣਾਉਣ ਲੱਗੀ ਆਂ-ਇਹ ਮੈਨੂੰ ਮੇਰੀ ਕਿਸੇ ਸਹੇਲੀ ਨੇ ਸੁਣਾਈ ਸੀ। ਇਕ ਕੁੜੀ, ਜਿਸ ਦਾ ਨਾਂ ਪ੍ਰੀਤ ਸੀ, ਉਹਨੇ ਕਾਲੇ ਨਾਲ ਵਿਆਹ ਕਰਵਾ ਲਿਆ। ਉਹ ਦਾ ਜਨਮ ਅਮੈਰੀਕਾ ਦਾ ਸੀ। ਮਾਂ-ਪਿਉ ਦਾ ਇੰਡੀਆ ਦਾ। ਇਕ ਦਿਨ ਪ੍ਰੀਤ ਦੇ ਮਨ ’ਚ ਪਤਾ ਨ੍ਹੀਂ ਕੀ ਆਇਆ ਕਿ ਉਸ ਇੰਡੀਆ ਜਾਣ ਦਾ ਫੈਸਲਾ ਕਰ ਲਿਆ। ਉਸ ਦੀ ਮਾਂ ਨੇ ਉਹਨੂੰ ਵਥੇਰਾ ਸਮਝਾਇਆ ਕਿ ਧੀਏ ਨਾ ਜਾਹ। ਉਸ ਕਾਲੇ ਨਾਲ ਦੇਖ ਕੇ ਸ਼ਰੀਕਾ-ਭਾਈਚਾਰਾ ਕੀ ਕਹੇਗਾ। ਕਿਸੇ ਗੋਰੇ ਨਾਲ ਵਿਆਹ ਕਰਵਾਇਆ ਹੁੰਦਾ ਤਾਂ ਕੋਈ ਹੋਰ ਗੱਲ ਹੋਣੀ ਸੀ। ਪਰ ਪ੍ਰੀਤ ਨਾ ਮੰਨੀ। ਪ੍ਰੀਤ ਨੇ ਮਾਂ ਨੂੰ ਗੱਲਾਂ ’ਚ ਭਰਮਾ ਕੇ ਸਾਰੇ ਰਿਸ਼ਤੇਦਾਰਾਂ ਦੇ ਅਡਰੈਸ ਤੇ ਟੈਲੀਫੋਨ ਲੈ ਲਏ। ਆਪਣੇ ਪਿੰਡ ਗਈ। ਨਾਨਕਿਆਂ ਦੇ ਗਈ। ਉਹਨੂੰ ਪੰਜਾਬੀ ਪੜ੍ਹਣੀ ਨ੍ਹੀਂ ਆਉਂਦੀ ਸੀ। ਬੁੱਤਾ ਸਾਰ ਬੋਲ ਤੇ ਸਮਝ ਲੈਂਦੀ ਸੀ। ਉਹਦੇ ਰਿਸ਼ਤੇਦਾਰਾਂ ਨੇ ਤਾਂ ਉਨ੍ਹਾਂ ਦੋਹਾਂ ਨੂੰ ਹੱਥਾਂ ’ਤੇ ਚੁੱਕ ਲਿਆ। ਉਹ ਆਪਣੇ ਰਿਸ਼ਤੇਦਾਰਾਂ ਦੇ ਮੋਹ ’ਚ ਐਨੀ ਭਿੱਜ ਗਈ ਕਿ ਕਈਆਂ ਦੇ ਇਧਰ ਰਿਸ਼ਤੇ ਕਰਵਾ ਦਿੱਤੇ। ਪੰਜਾਬੀ ਲਿਖਣੀ ਤੇ ਪੜ੍ਹਣੀ ਸਿੱਖੀ। ਆਪਣੀਆਂ ਦੋਹਾਂ ਧੀਆਂ ਨੂੰ ਪੰਜਾਬੀ ਬੋਲਣੀ ਤੇ ਪੜ੍ਹਣੀ ਸਿਖਾਈ। ਹੁਣ ਉਹ ਪੰਜਾਂ ਸਾਲਾਂ ਬਾਅਦ ਇੰਡੀਆ ਜ਼ਰੂਰ ਆਉਂਦੀ ਆ।’’

‘‘ਤੁਸੀਂ ਬਾਹਰੋਂ ਆਏ ਹੋ?’’ ਉਹ ਰੰਗ-ਰੂਪ ਤੋਂ ਬਾਹਰੋਂ ਆਈ ਨਹੀਂ ਲੱਗਦੀ ਸੀ, ਇਸ ਲਈ ਮੈਂ ਪੁੱਛਿਆ ਸੀ।

‘‘ਹਾਂ ਜੀ, ਅਮੈਰੀਕਾ ਤੋਂ।’’
‘‘ਲੱਗਦੇ ਤਾਂ ਨ੍ਹੀਂ?’’ ਮਹਿੰਦਰ ਨੇ ਕਿਹਾ ਸੀ।
‘‘ਇਹ ਇਸ ਲਈ ਆ ਕਿ ਸਾਡਾ ਕੁਦਰਤੀ ਰੰਗ ਨ੍ਹੀਂ ਬਦਲਦਾ।’’
‘‘ਜਦੋਂ ਕੋਈ ਬਾਹਰੋਂ ਆਉਂਦਾ ਤਾਂ ਚਾਰ ਦਿਨ ਗੋਰਾ-ਚਿੱਟਾ ਰਹਿੰਦਾ-ਫੇਰ ਆਪਣੇ ਅਸਲੀ ਰੰਗ ’ਚ ਆ ਜਾਂਦਾ।’’ ਮੈਂ ਕਿਹਾ ਸੀ।

‘‘ਇਹੀ ਤਾਂ ਸਾਨੂੰ ਗੋਰਿਆਂ ਤੋਂ ਵੱਖ ਕਰਦਾ।’’

ਬਸ ਸਤਲੁਜ ਦਰਿਆ ਦੇ ਪੁੱਲ ਉਪਰੋਂ ਦੀ ਲੰਘੀ ਸੀ ਤਾਂ ਮਹਿੰਦਰ ਨੇ ਦਰਿਆ ਵਾਲੇ ਪਾਸੇ ਨੂੰ ਮੇਰਾ ਮੂੰਹ ਕਰਕੇ ਕਿਹਾ ਸੀ, ‘‘ਸਤਪਾਲ, ਦੇਖ ਬਾਹਰਲੇ ਪਾਸੇ।’’ ਯੂਪੀ ਤੇ ਬਿਹਾਰ ਤੋਂ ਆਏ ਲੋਕ ਲੱਕ-ਲੱਕ ਪਾਣੀ ’ਚ ਖੜੇ ਬੇੜੀ ਵਰਗਾ ਕੁਝ ਤਾਰ ਰਹੇ ਸੀ। ਪ੍ਰੀਆ ਨੇ ਪੁੱਛਿਆ ਸੀ, ‘‘ਭਾਜੀ-ਇਹ ਕਿਯਾ ਹੈ?’’ ਮੈਂ ਉਹਨੂੰ ਦੱਸਿਆ ਸੀ ਕਿ ਯੂਪੀ ਤੇ ਬਿਹਾਰ ਦੇ ਲੋਕ ਛੱਠ ਪੂਜਾ ਕਰਦੇ ਹਨ। ਇਹ ਦੀਵਾਲੀ ਤੋਂ ਛੇ ਦਿਨ ਬਾਅਦ ਹੁੰਦੀ ਹੈ। ਬੇੜੀ ਨੂੰ ਖੂਬ ਸਜਾਇਆ ਜਾਂਦਾ ਹੈ। ਵਿਚਕਾਰ ਤਰ੍ਹਾਂ ਤਰ੍ਹਾਂ ਦੇ ਫਲ ਤੇ ਮਿਠਾਈਆਂ ਰੱਖੀਆਂ ਜਾਂਦੀਆਂ ਹਨ। ਇਹ ਪੂਜਾ ਸੂਰਜ ਦੇ ਚੜਣ ਤੇ ਛਿਪਣ ਵੇਲੇ ਹੀ ਹੋ ਸਕਦੀ ਹੈ। ਇਸ ਦਿਨ ਜੋ ਕੁਝ ਵੀ ਆਪਣੇ ਈਸ਼ਟ ਤੋਂ ਮੰਗਿਆ ਜਾਂਦਾ ਹੈ, ਉਹੀ ਮਿਲ ਜਾਂਦਾ ਹੈ। ਇਹ ਪੂਜਾ ਵਗਦੇ ਪਾਣੀ ’ਚ ਕੀਤੀ ਜਾਂਦੀ ਹੈ। ਜੇ ਕਿਤੇ ਦੋ ਦਰਿਆਵਾਂ ਦਾ ਸੰਗਮ ਹੋਵੇ ਤਾਂ ਇਹਨੂੰ ਸ਼ੁੱਭ ਸਮਝਿਆ ਜਾਂਦਾ ਹੈ।

ਮਹਿੰਦਰ ਨੇ ਕਿਹਾ ਸੀ, ‘‘ਜਿੱਥੇ ਵੀ ਕੋਈ ਜਾਂਦਾ-ਉਹ ਆਪਣੇ ਰਸਮੋ ਰਿਵਾਜ਼ ਨਾਲ ਹੀ ਲੈ ਕੇ ਜਾਂਦਾ। ਇਹ ਆਪਣੇ ਮੁਲਕ ਦੇ ਬਸ਼ਿੰਦੇ ਆ-ਪਰ ਇਨ੍ਹਾਂ ਦਾ ਆਪਣਾ ਕਲਚਰ ਆ।’’

ਮੈਨੂੰ ਕੁਝ ਦਿਨ ਪਹਿਲਾਂ ਕਿਤੇ ਪੜ੍ਹਿਆ ਯਾਦ ਆ ਗਿਆ ਸੀ। ਹਿੰਦੀ ਦਾ ਇਕ ਲੇਖਕ ਹੈ ਅਸਗਰ ਵਜਾਹਤ। ਉਹਨੇ ਆਪਣੇ ਪਰਿਵਾਰ ਦਾ ਸਾਢੇ ਚਾਰ ਸੌ ਸਾਲ ਪੁਰਾਣਾ ਪਿੰਡ ਲੱਭਿਆ ਹੈ। ਉਨ੍ਹਾਂ ਦਾ ਵੱਡਾ ਵਡੇਰਾ ਸੱਯਦ ਇਕਰਾਮੁਦੀਨ ਇਰਾਕ ਦੇ ਕਸਬੇ ਖ਼ਾਫ਼ ਤੋਂ ਹੁੰਮਾਯੂ ਦੀ ਸੈਨਾ ਨਾਲ ਹਿੰਦੋਸਤਾਨ ਆਇਆ ਸੀ। 16ਵੀਂ ਸਦੀ ’ਚ। ਖ਼ਾਫ਼ ਤੇਹਰਾਨ ਤੋਂ ਸਾਢੇ ਤਿੰਨ ਸੌ ਮੀਲ ਦੂਰ ਹੈ। ਜਦੋਂ ਉਹ ਆਪਣੇ ਜੱਦੀ ਪਿੰਡ ਖ਼ਾਫ਼ ਪਹੁੰਚਿਆ ਤਾਂ ਉਸ ਦੇਖਿਆ ਕਿ ਉਥੋਂ ਦੇ ਘਰ ਬਿਲਕੁਲ ਉਹੋ ਜਿਹੇ ਸੀ ਜਿਹੋ ਜਿਹੇ ਅਸਗਰ ਵਜਾਹਤ ਦੇ ਅਲੀਗੜ੍ਹ ਜ਼ਿਲ੍ਹੇ ’ਚ ਪੈਂਦੇ ਆਪਣੇ ਪਿੰਡ ਫਤਹਿਪੁਰ ’ਚ ਸੀ। ਉਹਨੂੰ ਉਥੇ ਖੜਿਆਂ ਯਾਦ ਆਇਆ ਸੀ ਕਿ ਉਥੋਂ ਦੇ ਦਰਵਾਜ਼ੇ ਬਿਲਕੁਲ ਉਨ੍ਹਾਂ ਦੇ ਘਰਾਂ ਵਰਗੇ ਸੀ। ਦਰਵਾਜ਼ੇ ਉਪਰ ਜੰਜੀਰ ਲਗੀ ਸੀ ਜਿਸ ਤੋਂ ਘੰਟੀ ਦਾ ਕੰਮ ਵੀ ਲਿਆ ਜਾਂਦਾ ਸੀ। ਖ਼ਾਫ਼ ਦੀ ਮਜਸਿਦ ਦੀ ਬਣਤਰ ਵੀ ਉਹੋ ਜਿਹੀ ਹੀ ਸੀ ਜਿਹੋ ਜਿਹੀ ਉਸ ਦੇ ਆਪਣੇ ਪਿੰਡ ’ਚ ਸੀ। ਉਹਨੂੰ ਫੇਰ ਬਹੁਤ ਕੁਝ ਹੋਰ ਯਾਦ ਆਇਆ ਸੀ। ਉਨ੍ਹਾਂ ਦੇ ਇਕ ਪੁਰਖੇ ਜੈਨੁਲਆਬਦੀਨ ਖਾਂ ਦੀ ਕਬਰ ’ਤੇ ਉਹ ਦੇ ਨਾਂ ਨਾਲ ਨੇਸ਼ਾਬੁਰੀ ਨਾਂ ਵੀ ਲਿਖਿਆ ਹੋਇਆ ਸੀ। ਕਦੇ ਈਰਾਨ ਦੇ ਇਸ ਇਲਾਕੇ ’ਚ ਨੀਸ਼ਾਬੁਰ ਸ਼ਹਿਰ ਹੁੰਦਾ ਸੀ। ਫੇਰ ਉਸ ਇਕ ਬੁੱਢਾ ਦੇਖਿਆ ਸੀ ਜਿਹੜਾ ਬਿਲਕੁਲ ਉਸ ਦੇ ਬਾਬੇ ਵਾਂਗ ਪੈਰਾਂ ਭਾਰ ਬੈਠਾ ਸੀ। ਇਕ ਹੋਰ ਬੁੱਢਾ ਦੇਖਿਆ ਸੀ ਜਿਹੜਾ ਉਸ ਦੇ ਬਾਬੇ ਵਾਂਗ ਹੀ ਖਾ ਰਿਹਾ ਸੀ। ਇਕ ਹੋਰ ਬੁੱਢਾ ਉਸ ਦੇ ਆਪਣੇ ਬਾਬੇ ਵਾਂਗ ਹੀ ਤੁਰ ਰਿਹਾ ਸੀ। ਉਹ ਹੈਰਾਨ ਰਹਿ ਗਿਆ ਸੀ ਕਿ ਸਾਢੇ ਚਾਰ ਸੌ ਸਾਲ ਬੀਤਣ ਉਪਰੰਤ ਵੀ ਆਪਸ ’ਚ ਕਿੰਨਾ ਕੁਝ ਮਿਲਦਾ ਸੀ।

ਮੈਂ ਇਹੀ ਪ੍ਰੀਆ ਨੂੰ ਦੱਸਣ ਹੀ ਲਗਾ ਸੀ ਕਿ ਉਹ ਬੋਲ ਪਈ ਸੀ, ‘‘ਬੰਦਾ ਜਿਥੇ ਵੀ ਜਾਂਦਾ-ਆਪਣੀ ਤਹਿਜ਼ੀਬ ਦੇ ਅੰਸ਼ ਨਾਲ ਹੀ ਲੈ ਕੇ ਜਾਂਦਾ। ਸਦੀਆਂ ਬੀਤ ਜਾਂਦੀਆਂ-ਪਰ ਇਹ ਅੰਸ਼ ਨ੍ਹੀਂ ਮਰਦੇ। ਕਿਸੇ ਵੀ ਥਾਂ ’ਤੇ ਜਾ ਕੇ ਦੇਖ ਲਉ-ਤੁਹਾਨੂੰ ਇਹੀ ਕੁਸ਼ ਮਿਲੇਗਾ।’’

‘‘ਸ਼ਾਇਦ ਜੀਨਸ ਦਾ ਅਸਰ ਹੋਵੇ।’’ ਮਹਿੰਦਰ ਨੇ ਕਿਹਾ ਸੀ।
‘‘ਇਹ ਵੀ ਇਕ ਪੱਖ ਆ।’’

‘‘ਹੋਰ ਵੀ ਬਹੁਤ ਕੁਸ਼ ਹੁੰਦਾ। ਕੁਸ਼ ਰਸਮੋਂ-ਰਿਵਾਜ਼ ਉਹ ਆਪਣੇ ਕਲਚਰ ਦੇ ਲੈ ਕੇ ਆਉਂਦਾ। ਕੁਸ਼ ਉਥੋਂ ਗ੍ਰਹਿਣ ਕਰਦਾ ਜਿਥੇ ਉਹ ਆ ਕੇ ਵਸਦਾ। ਫੇਰ ਕਈ ਵਾਰ ਮੈਕਸਡ ਕਲਚਰ ਪੈਦਾ ਹੋ ਜਾਂਦਾ। ਇਰਾਨ, ਇਰਾਕ, ਅਫਗਾਨਿਸਤਾਨ ਤੇ ਹੋਰ ਮੱਧ ਏਸ਼ੀਆ ਤੋਂ ਆਏ ਲੋਕਾਂ ਨੇ ਅਜਿਹਾ ਹੀ ਕੀਤਾ ਸੀ। ਹੁਣ ਵੀ ਹੋ ਰਿਹਾ। ਤੁਸੀਂ ਵੀ ਅਮਰੀਕਾ ’ਚ ਰਹਿੰਦੇ ਹੋ। ਇਹ ਗੱਲ ਠੀਕ ਹੈ ਨਾ?’’

‘‘ਅਸੀਂ ਅਮਰੀਕਾ ’ਚ ਜਾ ਕੇ ਆਪਣੇ ਰਸਮ-ਰਿਵਾਜ਼ ਨ੍ਹੀਂ ਭੁੱਲੇ। ਇਕ ਵਾਰ ਵੱਡੇ-ਵਡੇਰਿਆਂ ਦੇ ਸ਼ਰਾਧ ਸੀ। ਸਾਨੂੰ ਕੋਈ ਬੰਦਾ ਨਾ ਲੱਭੇ ਜਿਹਨੂੰ ਸ਼ਰਾਧ ਖੁਆਇਆ ਜਾਵੇ। ਮੈਂ ਜਕੋਤਕੀ ’ਚ ਪਈ ਨੇ ਗੁਆਂਢੀ ਬਜ਼ੁਰਗ ਮਾਈਕਲ ਨਾਲ ਸੁਲਾਹ ਮਾਰੀ। ਪਹਿਲਾਂ ਤਾਂ ਉਹਨੇ ਨਾਂਹ ਕਰ ਦਿੱਤੀ। ਫੇਰ ਮੇਰੇ ਸਮਝਾਉਣ ’ਤੇ ਉਹ ਮੰਨ ਗਿਆ। ਪੂਰੀਆਂ, ਕੜਾਹ ਤੇ ਕਾਬਲੀ ਛੋਲੇ ਖਾ ਕੇ ਉਹ ਬਹੁਤ ਖੁਸ਼ ਹੋਇਆ। ਹੁਣ ਅਸੀਂ ਹਰ ਸਾਲ ਉਹਨੂੰ ਸ਼ਰਾਧ ਵੇਲੇ ਖਾਣਾ ਖੁਆਉਂਦੇ ਆਂ। ਉਹ ਬੜੇ ਚਾਅ ਨਾਲ ਖਾਂਦਾ।’’

‘‘ਤੁਹਾਡਾ ਭਰਾ ਇਧਰ ਆ ਜਾਂ ਉਧਰ?’’
‘‘ਉਧਰ ਹੀ ਆ। ਕੈਲੇਫੋਰਨੀਆਂ ਸਟੇਟ ਦੇ ਸ਼ਹਿਰ ਫਰੈਜਨੋ ’ਚ।’’
‘‘ਫੇਰ ਤਾਂ ਤੁਸੀਂ ਆਪਣੇ ਭਰਾ ਨੂੰ ਰਖੜੀ ਭੇਜਦੇ ਹੋਵੋਂਗੇ।’’

‘‘ਨ੍ਹੀਂ, ਮੈਂ ਬਾਈ ਪੋਸਟ ਨ੍ਹੀਂ ਭੇਜਦੀ। ਆਪ ਜਾਣੀ ਆਂ। ਮੇਰਾ ਵੱਡਾ ਭਰਾ ਮੈਨੂੰ ਅਡਵਾਂਸ ਹੀ ਏਅਰ-ਟਿਕਟ ਭੇਜ ਦਿੰਦਾ। ਮੈਂ ਹਫਤਾ ਭਰ ਉਸ ਕੋਲ ਰਹਿ ਕੇ ਆਉਂਦੀ ਆ। ਅਸੀਂ ਆਪਣੇ ਪਿੱਛੇ ਨੂੰ ਕਦੇ ਨ੍ਹੀਂ ਭੁੱਲੇ। ਭੁੱਲ ਹੀ ਨ੍ਹੀਂ ਸਕਦੇ। ਐਦਾਂ ਹੀ ਉਹ ਲੋਹੜੀ ਦੇ ਨੇੜੇ-ਤੇੜੇ ਮੇਰੇ ਕੋਲ ਆਉਂਦਾ। ਮੇਰੇ ਨਾਂਹ-ਨਾਂਹ ਕਰਦਿਆਂ ਵੀ ਮੈਨੂੰ ਨਾਲ ਲੈ ਜਾ ਕੇ ਪ੍ਰਚੇਜ ਕਰਵਾਉਂਦਾ। ਮੇਰੀ ਇਕ ਵੀ ਗੱਲ ਨ੍ਹੀਂ ਸੁਣਦਾ/ਮੰਨਦਾ। ਇਹੀ ਕਹੀ ਜਾਂਦਾ-ਤੂੰ ਮੈਥੋਂ ਛੋਟੀ ਆਂ। ਮੇਰੇ ਵੀ ਕੁਝ ਫਰਜ਼ ਬਣਦੇ ਆ। ਮੈਂ ਜੀਉਂਦਿਆਂ ਜੀਅ ਇਹ ਫਰਜ਼ ਨਿਭਾਉਣੇ ਆ।’’

ਫੇਰ ਸਾਡੀ ਗੱਲਬਾਤ ਰੀਸ਼ੈਸ਼ਨ ਵਾਲੇ ਪਾਸੇ ਤੁਰ ਪਈ ਸੀ। ਮੈਂ ਉਸ ਨੂੰ ਅਮਰੀਕਾ ਦੇ ‘ਰੀਸ਼ੈਸ਼ਨ’ ਦੇ ਕਾਰਨਾਂ ਬਾਰੇ ਪੁੱਛਿਆ ਸੀ। ਉਸ ਦੱਸਿਆ ਸੀ ਕਿ ਰੀਸ਼ੈਸ਼ਨ ਨੇ ਕਾਰੋਬਾਰਾਂ ਨੂੰ ਬੁਰੀ ਤਰ੍ਹਾਂ ਫੇਲ੍ਹ ਕੀਤਾ ਹੋਇਆ ਹੈ। ਸਭ ਤੋਂ ਵੱਡੀ ਮਾਰ ਗੋਰੇ ਖਾ ਰਹੇ ਹਨ। ਕਈ ਤਾਂ ਬੇਘਰੇ ਹੋ ਗਏ ਹਨ। ਉਨ੍ਹਾਂ ਨੂੰ ਅਪਾਰਟਮੈਂਟਾਂ ’ਚ ਰਹਿਣਾ ਪੈ ਰਿਹਾ ਹੈ। ਉਬਾਮਾ ਨੇ ਸੀਨੀਅਰ ਸੀਟੀਜਨਾਂ ਨੂੰ ਢੇਡ ਸੌ ਡਾਲਰ ਪ੍ਰਤੀ ਹਫਤਾ ਖਰਚਣ ਲਈ ਦਿੱਤੇ ਸੀ ਪਰ ਉਨ੍ਹਾਂ ਨੇ ਇਹ ਪੈਸੇ ਖਰਚੇ ਨਹੀਂ। ਇਸੇ ਕਰਕੇ ਸਟੋਰਾਂ ’ਚ ਬੇਰੌਣਕੀ ਪਸਰੀ ਹੋਈ ਹੈ। ਜਿਸ ਕਿਸੇ ਫੈਕਟਰੀ ’ਚ ਕਾਮਿਆਂ ਦੀ ਛਾਂਟੀ ਹੁੰਦੀ ਹੈ ਤਾਂ ਪਹਿਲਾਂ ਏਸ਼ੀਅਨ ਲੋਕਾਂ ਨੂੰ ‘ਜੌਬਾਂ’ ਤੋਂ ਹਟਾਇਆ ਜਾਂਦਾ ਹੈ। ਏਸ਼ੀਅਨ ਲੋਕਾਂ ਦਾ ਇਸ ਗੱਲੋਂ ਬਚਾ ਹੈ ਕਿ ਉਹ ਭਵਿੱਖ ਲਈ ਬਚਾ ਕੇ ਰੱਖਦੇ ਹਾਂ। ਇਸ ਰੀਸ਼ੈਸ਼ਨ ਦੇ ਵੱਡੇ ਕਾਰਨਾਂ ਨੂੰ ਫੜਿਆ ਨਹੀਂ ਜਾ ਰਿਹਾ।

ਮੈਂ ਉਸਨੂੰ ਆਪਣੇ ਦੋਸਤ ਹਰਜੀਤ ਅਟਵਾਲ ਵੱਲੋਂ ਸੁਣਾਈ ਗਈ ਘਟਨਾ ਨੂੰ ਜਿਉਂ ਦਾ ਤਿਉਂ ਸੁਣਾਇਆ ਸੀ, ‘‘ਕਿਸੇ ਸ਼ਹਿਰ ’ਚ ਕੋਈ ਅਮੀਰ ਰਹਿੰਦਾ ਸੀ। ਉਸਨੇ ਲੋਕਾਂ ਨੂੰ ਕਿਹਾ ਕਿ ਸ਼ਹਿਰ ’ਚ ਜਿੰਨੇ ਬਾਂਦਰ ਆ-ਉਹ ਫੜ ਲਿਆਉ। ਉਹ ਪ੍ਰਤੀ ਬਾਂਦਰ ਤੀਹ ਰੁਪਈਏ ਦੇਵੇਗਾ। ਲੋਕਾਂ ਨੇ ਬਹੁਤ ਸਾਰੇ ਬਾਂਦਰ ਫੜ ਲਿਆਂਦੇ। ਅਮੀਰ ਬੰਦੇ ਕੋਲ ਲਿਆ ਵੇਚੇ। ਅਮੀਰ ਬੰਦੇ ਨੇ ਫੇਰ ਸ਼ਹਿਰ ’ਚ ਹੋਕਾ ਦੁਆਇਆ ਕਿ ਜੇ ਕੋਈ ਬਾਂਦਰ ਅਜੇ ਵੀ ਬਚਿਆ ਆ ਤਾਂ ਉਹ ਵੀ ਫੜ ਲਿਆਉ। ਉਹ ਹਰੇਕ ਬਾਂਦਰ ਦੇ ਪੰਜਾਹ ਰੁਪਈਏ ਦੇਵੇਗਾ। ਲੋਕਾਂ ਨੇ ਲੱਭ ਲੱਭ ਕੇ ਬਾਕੀ ਬਚੇ ਬਾਂਦਰ ਵੀ ਫੜ ਲਿਆਂਦੇ। ਕੁਸ਼ ਦਿਨਾਂ ਬਾਅਦ ਉਸ ਅਮੀਰ ਬੰਦੇ ਨੇ ਅਖ਼ਬਾਰਾਂ, ਰੇਡੀਓ ਤੇ ਟੈਲੀਵਿਜ਼ਨ ’ਚ ਇਸ਼ਤਿਹਾਰ ਦਿੱਤੇ ਕਿ ਹੁਣ ਜੋ ਕੋਈ ਵੀ ਬਾਂਦਰ ਫੜ ਕੇ ਲਿਆਵੇਗਾ ਤਾਂ ਉਹ ਉਸ ਨੂੰ ਸੌ ਰੁਪਈਆ ਦੇਵੇਗਾ। ਲੋਕਾਂ ਦੀਆਂ ਵਾਂਛਾਂ ਖਿੜ ਗਈਆਂ। ਉਨ੍ਹਾਂ ਨੇ ਆਪਣੇ ਆਲੇ ਦੁਆਲੇ ਕੋਈ ਵੀ ਬਾਂਦਰ ਨਾ ਰਹਿਣ ਦਿੱਤਾ। ਜਿਸ ਕਿਸੇ ਨੇ ਪਹਿਲਾਂ ਲੁਕੋ ਕੇ ਰੱਖਿਆ ਸੀ, ਉਹ ਵੀ ਲਿਆ ਵੇਚਿਆ। ਜਦੋਂ ਅਮੀਰ ਬੰਦੇ ਨੂੰ ਇਸ ਗੱਲ ਦਾ ਵਿਸ਼ਵਾਸ ਹੋ ਗਿਆ ਕਿ ਹੁਣ ਉਸ ਦੇ ਸ਼ਹਿਰ ’ਚ ਕੋਈ ਬਾਂਦਰ ਨ੍ਹੀਂ ਰਿਹਾ ਤਾਂ ਉਸ ਬਾਂਦਰਾਂ ਦਾ ਹਿਸਾਬ-ਕਿਤਾਬ ਲਾਇਆ। ਬਾਜ਼ਾਰ ’ਚ ਗਿਆ। ਉਸ ਪ੍ਰਤੀ ਬਾਂਦਰ ਸੱਠ ਰੁਪਈਏ ਮੁੱਲ ਰੱਖਿਆ। ਪਰ ਬਾਜ਼ਾਰ ’ਚ ਬਾਂਦਰਾਂ ਦਾ ਕੋਈ ਗ੍ਰਾਹਕ ਹੀ ਨ੍ਹੀਂ ਸੀ। ਕੋਈ ਵੀਹ ਰੁਪਏ ਪ੍ਰਤੀ ਬਾਂਦਰ ਵੀ ਖਰੀਦਣ ਨੂੰ ਤਿਆਰ ਨ੍ਹੀਂ ਸੀ।’’

ਉਹ ਹੱਥ ’ਤੇ ਹੱਥ ਮਾਰ ਕੇ ਹੱਸੀ ਸੀ। ਉਸ ਕਿਹਾ ਸੀ, ‘‘ਦੇਖੋ, ਤੁਹਾਡਾ ਦੋਸਤ ਕਿੱਡੀ ਵੱਡੀ ਗੱਲ ਕਹਿ ਗਿਆ। ਇਹੀ ਗੱਲਾਂ ਸਾਡੇ ਬਜ਼ੁਰਗ ਵੀ ਘੁੰਮ-ਘੁੰਮਾ ਕੇ ਕਰਦੇ ਸੀ। ਉਹ ਸਿੱਧੀ ਗੱਲ ਨ੍ਹੀਂ ਕਰਦੇ ਸਨ। ਆਪਣੀ ਗੱਲ ਮਨਾਉਣ ਲਈ ਕਿਸੇ ਕਥਾ-ਕਹਾਣੀ ਜਾਂ ਮਿੱਥ ਆ ਆਸਰਾ ਲੈਂਦੇ ਸੀ....ਹੁਣ ਸਾਰਾ ਚੱਕਰ ਤਾਂ ਸ਼ੇਅਰ ਮਾਰਕੀਟ ਦਾ ਸੀ। ਇਕ ਹੋਰ ਵੀ ਗੱਲ ਆ। ਅਮਰੀਕਾ ਦੇ ਅਰਬਪਤੀ ਬਰਾਕ ਉਬਾਮਾ ਨੂੰ ਬਲੈਕ ਹੋਣ ਕਰਕੇ ਪਸੰਦ ਨ੍ਹੀਂ ਕਰਦੇ। ਇਸੇ ਲਈ ਉਹਨਾਂ ਮਾਰਕੀਟ ਤੋਂ ਪੈਸਾ ਖਿੱਚ ਲਿਆ।’’

‘‘ਅੱਛਾ...ਇਹ ਗੱਲ ਵੀ ਆ,’’ ਮੈਂ ਹੈਰਾਨ ਹੁੰਦਿਆਂ ਪੁੱਛਿਆ ਸੀ।

‘‘ਕੰਧ ਪਿਛੇ ਬਹੁਤ ਕੁਸ਼ ਹੁੰਦਾ ਆ ਜਿਹੜਾ ਸਾਨੂੰ ਨ੍ਹੀਂ ਦਿੱਸਦਾ ਜਾਂ ਸਾਡਾ ਧਿਆਨ ਉਸ ਪਾਸੇ ਜਾਂਦਾ ਹੀ ਨ੍ਹੀਂ।’’ ਉਸਦੇ ਟੈਲੀਫੋਨ ’ਤੇ ਕੋਈ ਮੈਸਿਜ ਆਇਆ ਸੀ। ਉਸ ਪੜ੍ਹ ਕੇ ਕਹਿਣਾ ਸ਼ੁਰੂ ਕੀਤਾ ਸੀ, ‘‘ਫੇਰ ਸਾਡੇ ਤੇ ਉਨ੍ਹਾਂ ਦੇ ਕਲਚਰ ’ਚ ਜ਼ਮੀਨ-ਅਸਮਾਨ ਦਾ ਫਰਕ ਆ। ਅਸੀਂ ਆਪਣੇ ਬਾਰੇ ਘੱਟ ਤੇ ਦੂਜਿਆਂ ਬਾਰੇ ਜ਼ਿਆਦਾ ਫਿਕਰਮੰਦ ਹੁੰਦੇ ਆਂ। ਲੋਕ ਭਾਵੇਂ ਸਾਨੂੰ ਜਿੰਨਾ ਮਰਜ਼ੀ ਨਿੰਦਣ-ਸਾਡੀ ਆਪਣੀ ਤਹਿਜੀਬ ਆ। ਸਾਡੇ ਇਥੇ ਮਾਡਲ ਹਾੳੂਸ ’ਚ ਇਕ ਹਿੰਦੂ ਜੈਟਲਮੈਨ ਆ ਜਿਹੜਾ ਹਰ ਰੋਜ਼ ਸਵੇਰ ਨੂੰ ਦੋ ਕਿਲੋ ਦੁੱਧ ਅਵਾਰਾ ਕੁੱਤਿਆਂ ਨੂੰ ਪਿਲਾਉਂਦਾ ਆ। ਉਹਨੇ ਹਲਵਾਈ ਦੀ ਦੁਕਾਨ ਕੋਲ ਨੁਕਰ ’ਚ ਮਿੱਟੀ ਦੇ ਦੋ ਕੂੰਡੇ ਰੱਖੇ ਹੋਏ ਆ। ਉਹ ਉੱਨਾ ਚਿਰ ਉਥੇ ਖੜਾ ਰਹਿੰਦਾ ਆ ਜਿਨ੍ਹਾਂ ਚਿਰ ਕੁੱਤੇ ਦੁੱਧ ਚਟਮ ਨ੍ਹੀਂ ਕਰ ਜਾਂਦੇ। ਮੇਰੇ ਮੰਮੀ ਜੀ ਦੱਸਦੇ ਸੀ ਕਿ ਮਾਡਲ ਹਾੳੂਸ ’ਚ ਹੀ ਇਕ ਹੋਰ ਜੈਟਲਮੈਨ ਰਹਿੰਦੇ ਆ ਜਿਹੜੇ ਕਿ ਹਰ ਰੋਜ਼ ਸਵੇਰ ਨੂੰ ਠੀਕ ਛੇ ਵਜੇ ਘਰੋਂ ਵੱਡੀ ਕੇਤਲੀ ’ਚ ਚਾਹ ਤੇ ਟੋਕਰੀ ’ਚ ਰੱਸ਼ ਲੈ ਕੇ, ਮਾਤਾ ਵੈਸ਼ਨੋ ਦੇਵੀ ਦੇ ਮੰਦਿਰ ਕੋਲ ਆ ਖੜਦੇ ਆ ਤੇ ਗਰੀਬ ਗੁਰਬੇ ਨੂੰ ਹਾਕਾਂ ਮਾਰ-ਮਾਰ ਕੇ ਚਾਹ ਤੇ ਰੱਸ਼ ਖਵਾਉਂਦੇ ਆ। ਅਸੀਂ ਤਾਂ ਬਹੁਤੀ ਵਾਰ ਜਿਉਂਦੇ ਹੀ ਦੂਜਿਆਂ ਲਈ ਆਂ। ਸਾਡੇ ਉਧਰ ਜੰਮੇ ਬੱਚਿਆਂ ਨੂੰ ਇਨ੍ਹਾਂ ਗੱਲਾਂ ਦਾ ਗਿਆਨ ਨ੍ਹੀਂ। ਉਨ੍ਹਾਂ ਨੂੰ ਤਾਂ ਸਿਰਫ਼ ਇੰਡੀਆ ਦੀ ਗਰੀਬੀ ਹੀ ਦਿੱਸਦੀ ਆ....।’’ ਫੇਰ ਉਸ ਆਪਣੇ ਕਾਰੋਬਾਰ ਬਾਰੇ ਦੱਸਿਆ ਸੀ। ਉਨ੍ਹਾਂ ਦਾ ਸਟੋਰ ਠੀਕ-ਠਾਕ ਚਲ ਰਿਹਾ ਹੈ ਕਿਉਂਕਿ ਉਥੇ ਥੋੜ੍ਹੇ ਕੁ ਏਸ਼ੀਅਨ ਲੋਕ ਰਹਿੰਦੇ ਹਨ। ਜੇ ਉਨ੍ਹਾਂ ਨੂੰ ਕੋਈ ਜ਼ਿਆਦਾ ਕਮਾਈ ਨਹੀਂ ਹੁੰਦੀ ਤਾਂ ਬਹੁਤਾ ਘਾਟਾ ਵੀ ਨਹੀਂ ਪੈ ਰਿਹਾ।

ਮਹਿੰਦਰ ਨੇ ਪੁੱਛਿਆ ਸੀ, ‘‘ਤੁਸੀਂ ਇਨ੍ਹਾਂ ਪੰਦਰਾਂ ਸਾਲਾਂ ’ਚ ਬਿਲਕੁਲ ਨ੍ਹੀਂ ਬਦਲੇ?’’
‘‘ਮੈਂ ਬਦਲੀ ਆਂ। ਅਮਰੀਕਾ ’ਚ ਕੰਮ ਕਰਦਿਆਂ ਹੋਇਆਂ ਮੈਨੂੰ ਉਥੋਂ ਦੇ ਅਨੁਸਾਰ ਜਿੳੂਣਾ ਪੈਂਦਾ ਆ। ਘਰ ਆ ਕੇ ਮੈਂ ਇੰਡੀਅਨ ਬਣ ਜਾਂਦੀ ਆਂ। ਇੰਡੀਆ ’ਚ ਆ ਕੇ ਵੀ ਮੈਂ ਪਹਿਲਾਂ ਜਿਹੀ ਹੋ ਜਾਂਦੀ ਆਂ। ਜਾਂ ਕਹਿ ਲਉ-ਉਦਾਂ ਦੀ ਹੋ ਗਈ ਆਂ।’’

‘‘ਤੁਸੀਂ ਵਾਪਸ ਆਉਣ ਬਾਰੇ ਐਡਾ ਵੱਡਾ ਫੈਸਲਾ ਕਿਉਂ ਲਿਆ?’’ ਮੈਂ ਉਸ ਨੂੰ ਪੁੱਛਿਆ ਸੀ।
‘‘ਬੱਚਿਆਂ ਕਰਕੇ।’’

‘‘ਬੱਚਿਆਂ ਕਰਕੇ! ਇਹ ਕੀ ਗੱਲ ਹੋਈ। ਇਥੇ ਤਾਂ ਅੱਜ ਕਲ੍ਹ ਮੁੰਡੇ-ਕੁੜੀਆਂ ਬਾਹਰ ਜਾਣ ਲਈ ਪੱਬਾਂ ਭਾਰ ਹੋਏ ਫਿਰਦੇ ਆ। ਜਿਦਾਂ ਮਰਜ਼ੀ ਜਾਣਾ ਪਏ-ਭਾਵੇਂ ਸਮੁੰਦਰ ’ਚ ਵੀ ਤੈਰ ਕੇ ਜਾਣਾ ਪਵੇ। ਪਹਾੜਾਂ ਤੇ ਚੜ੍ਹਦਿਆਂ ਹੋਇਆਂ ਭਾਵੇਂ ਪੈਰ ਛਾਲਿਆਂ ਨਾਲ ਭਰ ਜਾਣ। ਹਰ ਕੋਈ ਚਾਹੁੰਦਾ ਉਹ ਬਾਹਰ ਚਲਾ ਜਾਵੇ। ਪੇਰੈਂਟ ਵੀ ਇਹੀ ਚਾਹੁੰਦੇ। ਤੁਸੀਂ ਉਲਟ ਸੋਚਣਾ ਸ਼ੁਰੂ ਕਰ ਦਿੱਤਾ?’’

‘‘ਉਨ੍ਹਾਂ ਦੀਆਂ ਹੋਰ ਪਰੋਬਲਮਜ਼ ਆ। ਸਾਡੀਆਂ ਆਪਣੀਆਂ ਆ।’’
ਮੈਂ ਹੈਰਾਨ ਹੁੰਦਿਆਂ ਹੋਇਆਂ ਕਿਹਾ ਸੀ, ‘‘ਆਹ ਦੇਖੋ-ਮੁਰਿੰਡੇ ’ਚ ਹੀ ਕਿੰਨੇ ਆਈਲੈਟਸ ਦੇ ਇਸ਼ਤਿਹਾਰ ਲਗੇ ਆ। ਦੁਕਾਨਾਂ ਖੁੱਲ੍ਹ ਗਈਆਂ। ਕਿਸ ਵਾਸਤੇ। ਬਾਹਰ ਜਾਣ ਲਈ।’’

‘‘ਮੈਂ ਤੁਹਾਨੂੰ ਦੱਸਿਆ ਆ ਨਾ ਕਿ ਸਾਡੀਆਂ ਹੋਰ ਪਰੋਬਲਮਜ਼ ਆ। ਇਕ ਨਿੱਕੀ ਜਿਹੀ ਘਟਨਾ ਦੱਸਦੀ ਆਂ। ਇਕ ਵਾਰ ਨਿੳੂਯਾਰਕ ਦੇ ਨੇੜਲੇ ਸ਼ਹਿਰ ਸਾਡਾ ਸਟੋਰ ਸੀ। ਉਥੇ ਕਾਲੇ ਲੋਕਾਂ ਦੀ ਬਹੁ-ਗਿਣਤੀ ਸੀ। ਉਹ ਹਿੱਕ ਦੇ ਜ਼ੋਰ ਨਾਲ ਸਾਮਾਨ ਲੈ ਜਾਂਦੇ। ਪੈਸੇ ਨਾ ਦਿੰਦੇ। ਕਈ ਵਾਰ ਟੈੱਲ ਵੀ ਖਾਲੀ ਕਰ ਜਾਂਦੇ। ਅਸੀਂ ਬੁਰੀ ਤਰ੍ਹਾਂ ਫਸੇ ਸੀ। ਇਕ ਦਿਨ ਉਥੋਂ ਦਾ ਇਕ ਕਾਲਾ ਬਦਮਾਸ਼ ਸਾਡੇ ਸਟੋਰ ’ਚ ਆ ਵੜਿਆ। ਉਹਨੇ ਦੱਸਿਆ ਕਿ ਉਸ ਦੇ ਮਗਰ ਪੁਲਿਸ ਲੱਗੀ ਹੋਈ ਆ। ਉਹਨੂੰ ਸਾਡੀ ਹੈਲਪ ਦੀ ਲੋੜ ਆ। ਪੰਜ-ਸੱਤ ਮਿੰਟਾਂ ’ਚ ਪੁਲਿਸ ਆ ਗਈ। ਉਨ੍ਹਾਂ ਕਾਲੇ ਬਾਰੇ ਪੁੱਛਿਆ। ਅਸੀਂ ਦੱਸਿਆ ਕਿ ਇਧਰ ਕੋਈ ਕਾਲਾ ਨ੍ਹੀਂ ਆਇਆ। ਉਨ੍ਹਾਂ ਸਾਡੇ ਕਹੇ ’ਤੇ ਯਕੀਨ ਕਰ ਲਿਆ। ਵਾਪਸ ਮੁੜ ਗਏ। ਕਾਲਾ ਸਾਰਾ ਦਿਨ ਸਟੋਰ ’ਚ ਲੁਕਿਆ ਰਿਹਾ। ਰਾਤ ਨੂੰ ਗਿਆ। ਜਾਣ ਲੱਗਿਆਂ ਉਸ ਕਿਹਾ ਕਿ ਜੇ ਸਾਨੂੰ ਕੋਈ ਤਕਲੀਫ ਹੋਵੇ ਤਾਂ ਦੱਸ ਦੇਵੋ। ਮੇਰੇ ਹਸਬੈਂਡ ਨੇ ਸਿਟੀ ਦੇ ਕਈ ਕਾਲਿਆਂ ਬਾਰੇ ਦੱਸਿਆ। ਉਸ ਕਿਹਾ ਕਿ ਅਸੀਂ ਉਸਦੀ ਹੈਲਪ ਕੀਤੀ ਆ-ਹੁਣ ਉਹ ਸਾਡੇ ਬਰੋਬਰ ਖੜਾ ਹੋਵੇਗਾ। ਉਹ ਲਗਾਤਾਰ ਇਕ ਹਫਤਾ ਸਾਡੇ ਸਟੋਰ ’ਤੇ ਆਉਂਦਾ ਰਿਹਾ। ਕਿਸੇ ਕਾਲੇ ਦੀ ਜੁਰਅਤ ਨ੍ਹੀਂ ਪਈ ਕਿ ਸਾਡਾ ਇਕ ਡਾਲਰ ਦਾ ਵੀ ਨੁਕਸਾਨ ਕਰ ਜਾਵੇ। ਮੈਂ ਇਹੀ ਗੱਲ ਆਪਣੇ ਬੱਚਿਆਂ ਨੂੰ ਦੱਸੀ ਤਾਂ ਉਹ ਮੇਰੇ ਨਾਲ ਔਖੇ ਹੋਏ ਕਿ ਮੈਂ ਪੁਲਿਸ ਕੋਲ ਝੂਠ ਕਿਉਂ ਬੋਲੀ।’’

ਉਸ ਦਾ ਫੋਨ ਆ ਗਿਆ ਸੀ। ਉਸ ਅੰਗਰੇਜ਼ੀ ’ਚ ਗੱਲਾਂ ਕੀਤੀਆਂ ਸੀ।

ਡਰਾਈਵਰ ਤੇ ਬੋਨਟ ’ਤੇ ਬੈਠੀ ਸਵਾਰੀ ਉੱਚੀ-ਉੱਚੀ ਗੱਲਾਂ ਕਰਨ ਲੱਗੇ ਸਨ। ਸਵਾਰੀ ਨੇ ਡਰਾਈਵਰ ਨੂੰ ਕਹਾਣੀ ਸੁਣਾਈ ਸੀ : ‘‘ਇਕ ਗੱਡੀ ਹੁੰਦੀ ਆ ਜਿਸ ਨੂੰ ਪਹਿਲਾਂ ਪਿਉ ਚਲਾਉਂਦਾ ਆ। ਪੁੱਤ ਪਿਛੇ ਬੈਠਦਾ ਆ। ਜਦੋਂ ਪੁੱਤ ਵੱਡਾ ਹੋ ਜਾਂਦਾ ਆ ਤਾਂ ਉਹ ਚਾਹੁੰਦਾ ਆਂ ਕਿ ਹੁਣ ਪਿਉ ਪਿੱਛੇ ਬੈਠੇ। ਗੱਡੀ ਨੂੰ ਪੁੱਤ ਚਲਾਵੇਗਾ। ਜੇ ਤਾਂ ਪਿਉ ਸਿਆਣਾ ਹੋਵੇ ਤਾਂ ਉਹ ਗੱਡੀ ਨੂੰ ਪੁੱਤ ਦੇ ਹਵਾਲੇ ਕਰ ਦਿੰਦਾ ਆ। ਨ੍ਹੀਂ ਤਾਂ ਤੂੰ-ਤੂੰ ਮੈਂ-ਮੈਂ ਹੋਣ ਲੱਗ ਜਾਂਦੀ ਆ।’’ ਡਰਾਈਵਰ ਨੇ ਕਿਹਾ ਸੀ, ‘‘ਸਿਆਣਿਆਂ ਬਿਨਾਂ ਸਰਦਾ ਵੀ ਨ੍ਹੀਂ। ਇਹ ਕਹਾਣੀ ਮੇਰੇ ਨਾਨੇ ਨੇ ਸੁਣਾਈ ਸੀ। ਪੁਰਾਣੇ ਵੇਲਿਆਂ ਦੀ ਗੱਲ ਆ। ਇਕ ਮੁੰਡੇ ਦਾ ਰਿਸ਼ਤਾ ਹੋਣ ਲੱਗਾ ਤਾਂ ਕੁੜੀ ਵਾਲਿਆਂ ਨੇ ਇਹ ਸ਼ਰਤ ਰੱਖ ਦਿੱਤੀ ਕਿ ਜਨੇਤ ਨਾਲ ਸਿਰਫ਼ ਮੁੰਡੇ-ਖੁੰਡੇ ਆਉਣਗੇ। ਨਾਲ ਕੋਈ ਬਜ਼ੁਰਗ ਨ੍ਹੀਂ ਆਉਣਾ ਚਾਹੀਦਾ। ਮੁੰਡੇ ਵਾਲੇ ਮੰਨ ਗਏ। ਕੁੜੀ ਵਾਲੇ ਸੁਹਾਰਾ ਦੇ ਗਏ। ਵਿਆਹ ਦਾ ਦਿਨ ਰੱਖ ਲਿਆ। ਸਿਆਣਿਆਂ ਨੇ ਦੂਰ ਦੀ ਸੋਚੀ। ਦਾਲ ’ਚ ਕੁਸ਼ ਕਾਲਾ-ਕਾਲਾ ਲੱਗਾ। ਜਨੇਤ ਜਾਣ ਲਗੀ ਤਾਂ ਉਨ੍ਹਾਂ ਬਰੀ ਵਾਲੇ ਟਰੰਕ ’ਚ ਮੁੰਡੇ ਦੇ ਤਾਏ ਨੂੰ ਪਾ ਲਿਆ। ਲਉ ਜੀ-ਜਨੇਤ ਜਾ ਪਹੁੰਚੀ। ਉਦੋਂ ਜਨੇਤ ਨੂੰ ਤਿੰਨ ਦਿਨ ਰੱਖਦੇ ਸੀ। ਦੂਜੇ ਦਿਨ ਕੁੜੀ ਵਾਲਿਆਂ ਨੇ ਇਕ ਸ਼ਰਤ ਰੱਖ ਦਿੱਤੀ ਕਿ ਉਹ ਲਾਵਾਂ ਉਦੋਂ ਹੀ ਦੇਣਗੇ ਜਦੋਂ ਮੁੰਡੇ ਰੇਤ ਦੀ ਕੰਧ ਉਸਾਰਣਗੇ। ਪੈ ਗਈ ਪਾਸੂੜੀ। ਰੇਤ ਦੀ ਕੰਧ ਕਿਦਾਂ ਉਸਾਰੀ ਜਾਵੇ। ਮੁੰਡੇ ਨੇ ਬਰੀ ਵਾਲੇ ਟਰੰਕ ਕੋਲ ਬੈਠ ਕੇ ਆਪਣੇ ਤਾਏ ਨੂੰ ਸਾਰੀ ਗੱਲ ਦੱਸੀ। ਤਾਇਆ ਬੜਾ ਸਮਝਦਾਰ ਸੀ। ਉਹਨੇ ਕਿਹਾ ਕਿ ਇਹ ਕਿਹੜੀ ਵੱਡੀ ਗੱਲ ਆ। ਤੁਸੀਂ ਉਨ੍ਹਾਂ ਨੂੰ ਕਹੋ ਕਿ ਉਹ ਛਾਨਣੀ ’ਚ ਪਾਣੀ ਲਈ ਆਉਣ। ਉਹ ਇਸੇ ਪਾਣੀ ਨਾਲ ਰੇਤ ਦੀ ਘਾਣ੍ਹੀ ਕਰਨਗੇ ਤੇ ਰੇਤ ਦੀ ਕੰਧ ਖੜੀ ਕਰਨਗੇ। ਇਹ ਨੂੰ ਕਹਿੰਦੇ ਆ ਬਜ਼ੁਰਗਾਂ ਦੀ ਸਿਆਣਪ। ਨਾ ਛਾਨਣੀ ’ਚ ਪਾਣੀ ਆਵੇ ਤੇ ਨਾ ਹੀ ਕੰਧ ਕਰਨ ਦੀ ਲੋੜ ਪਵੇ।’’

ਪ੍ਰੀਆ ਨੇ ਉਨ੍ਹਾਂ ਦੀਆਂ ਗੱਲਾਂ ਬੜੇ ਧਿਆਨ ਨਾਲ ਸੁਣੀਆਂ ਸਨ।

ਮਹਿੰਦਰ ਨੇ ਇਹ ਕਹਾਣੀ ਸੁਣਾਈ ਸੀ, ‘‘ਮੇਰੇ ਇਕ ਮਾਸੜ ਸੀ ਕੈਨੇਡਾ ਰਹਿੰਦੇ ਆਪਣੇ ਨੌਹ-ਪੁੱਤ ਕੋਲ ਗਏ। ਨੌਹ-ਪੁੱਤ ਕੋਲ ਇਕੋ ਕਮਰਾ ਸੀ। ਉਨ੍ਹਾਂ ਆਪਣੇ ਡੈਡੀ ਲਈ ਗੈਰਜ ਕਿਰਾਏ ’ਤੇ ਲੈ ਲਈ ਪਰ ਉਨ੍ਹਾਂ ਨੂੰ ਇਕੱਲਤਾ ਮਹਿਸੂਸ ਨਾ ਹੋਣ ਦਿੱਤੀ। ਸਵੇਰ ਨੂੰ ਕੰਮ ’ਤੇ ਜਾਣ ਲੱਗਿਆਂ ਪੁੱਤ ਆਪਣੇ ਡੈਡੀ ਨੂੰ ਉਠਾਲਦਾ। ਚਾਹ ਦਾ ਗਿਲਾਸ ਤੇ ਦੋ ਬਰੈਡ-ਪੀਸ ਖਾਣ ਨੂੰ ਦਿੰਦਾ। ਦੋ ਕੁ ਘੰਟਿਆਂ ਬਾਅਦ ਨੌਹ ਨੇ ਕੰਮ ’ਤੇ ਜਾਣਾ ਹੁੰਦਾ ਸੀ। ਉਹ ਉਨ੍ਹਾਂ ਦਾ ਨਾਸ਼ਤਾ ਤਿਆਰ ਕਰ ਦਿੰਦੀ। ਕੋਲ ਬੈਠ ਕੇ ਉਨ੍ਹਾਂ ਨੂੰ ਖਵਾਉਂਦੀ-ਨਾਲੇ ਆਪ ਖਾਂਦੀ। ਪੁੱਤ ਦਾ ਲੰਚ ਟਾਈਮ ਹੁੰਦਾ ਤਾਂ ਉਹ ਆਪਣੇ ਡੈਡੀ ਨੂੰ ਫੋਨ ਕਰਕੇ ਯਾਦ ਕਰਾਉਂਦਾ ਕਿ ਉਨ੍ਹਾਂ ਨੇ ਫਲਾਣੀ ਟੈਬਲਿਟ ਲੈਣੀ ਆ। ਲੈ ਲਈ ਹੈ ਜਾਂ ਨਹੀਂ। ਫੇਰ ਨੌਹ ਦਾ ਫੋਨ ਆ ਜਾਂਦਾ ਕਿ ਡੈਡੀ ਜੀ ਚਾਹ ਬਣਾ ਕੇ ਪੀ ਲਿਉ। ਸ਼ਾਮ ਨੂੰ ਪੁੱਤ ਕੰਮ ਤੋਂ ਆ ਕੇ ਆਪਣੇ ਡੈਡੀ ਕੋਲ ਬੈਠਦਾ। ਦਿਨ ਦੀਆਂ ਹੋਈਆਂ-ਬੀਤੀਆਂ ਦੱਸਦਾ। ਦੋਵੇਂ ਪਿਉ-ਪੁੱਤ ਚਾਹ ਪੀਂਦੇ। ਨੌਹ ਆ ਜਾਂਦੀ। ਉਹ ਰਾਤ ਦਾ ਖਾਣਾ ਬਣਾਉਂਦੀ। ਪਿਉ-ਪੁੱਤ ਦੋ-ਦੋ ਪੈੱਗ ਲਾਉਂਦੇ। ਪਿੰਡ ਦੀਆਂ ਯਾਦਾਂ ਸਾਂਝੀਆਂ ਕਰਦੇ। ਤਿੰਨੇ ਜਣੇ ਇਕੱਠੇ ਬੈਠ ਕੇ ਰੋਟੀ ਖਾਂਦੇ। ਪੁੱਤ ਪਿਉ ਨੂੰ ਗੈਰਜ ’ਚ ਛੱਡ ਆਉਂਦਾ। ਉਨ੍ਹਾਂ ਦੀ ਰਜਾਈ ਨੂੰ ਤਿੰਨਾਂ ਪਾਸਿਆਂ ਤੋਂ ਘੁੱਟ ਦਿੰਦਾ ਤੇ ਗੁਡ ਨਾਈਟ ਕਹਿ ਕੇ ਆਪਣੇ ਕਮਰੇ ’ਚ ਆ ਜਾਂਦਾ। ਮਾਸੜ ਜੀ ਨੂੰ ਕਦੇ ਇਕੱਲਤਾ ਮਹਿਸੂਸ ਹੀ ਨਾ ਹੁੰਦੀ.....।’’

‘‘ਮੈਂ ਇਹੀ ਕੁਸ਼ ਆਪਣੇ ਬੱਚਿਆਂ ਨੂੰ ਸਿਖਾਉਣਾ ਚਾਹੁੰਦੀ ਆਂ। ਉਹ ਤਾਂ ਹੀ ਸਿੱਖ ਸਕਣਗੇ ਕਿ ਜੇ ਉਹ ਇਥੇ ਆ ਕੇ ਰਹਿਣਗੇ....,’’ ਪ੍ਰੀਆ ਨੇ ਕਿਹਾ ਸੀ।
‘‘ਇਥੇ ਆਉਣ ਨਾਲ ਉਨ੍ਹਾਂ ਦੀ ਪੜ੍ਹਾਈ ਦਾ ਨੁਕਸਾਨ ਨ੍ਹੀਂ ਹੋੳੂਗਾ?’’
‘‘ਕੋਈ ਖਾਸ ਨ੍ਹੀਂ।’’
‘‘ਮੈਨੂੰ ਲਗਦਾ-ਤੁਹਾਡੇ ਬੱਚੇ ਪੱਛੜ ਜਾਣਗੇ।’’
‘‘ਨ੍ਹੀਂ-ਐਦਾਂ ਨ੍ਹੀਂ ਹੁੰਦਾ।’’

‘‘ਪਰ ਸਾਡੇ ਬੱਚੇ ਤਾਂ ਪਿੰਡਾਂ, ਸ਼ਹਿਰਾਂ ’ਚੋਂ ਚੰਡੀਗੜ੍ਹ ਤੇ ਹੋਰ ਵੱਡੇ ਸ਼ਹਿਰਾਂ ’ਚ ਪੜ੍ਹਣ ਜਾਂਦੇ ਆ। ਉਹ ਸ਼ਹਿਰੀ ਹੋਣਾ ਚਾਹੁੰਦੇ ਆ। ਉਥੋਂ ਦੂਜੇ ਮੁਲਕਾਂ ’ਚ ਹਾਇਰ ਐਜੂਕੇਸ਼ਨ ਲਈ ਨਿਕਲਦੇ ਆ।’’’
‘‘ਅਸੀਂ ਸਾਰੇ ਪੱਖਾਂ ਬਾਰੇ ਸੋਚਿਆ। ਚੰਡੀਗੜ੍ਹ ਤੇ ਪੰਚਕੂਲੇ ਦੇ ਸਕੂਲਾਂ, ਕਾਲਜਾਂ ਦੇ ਡਿਟੇਲ ਲਏ ਆ। ਹੁਣ ਇਥੋਂ ਦੀ ਐਜੂਕੇਸ਼ਨ ਪਹਿਲਾਂ ਨਾਲੋਂ ਕਿਤੇ ਵਧੀਆ।’’
‘‘ਇਕ ਗੱਲ ਹੋਰ ਵੀ ਆ ਪ੍ਰੀਆ।’’
‘‘ਕਿਹੜੀ?’’

‘‘ਇਥੋਂ ਦੇ ਬੱਚੇ ਖਾਸ ਤਰ੍ਹਾਂ ਦੀਆਂ ਖੁੱਲ੍ਹਾਂ ਲੈਂਦੇ ਆ।’’
‘‘ਸਾਨੂੰ ਇਸ ਗੱਲ ਦਾ ਵੀ ਪਤਾ। ਇਥੇ ਪੜ੍ਹਦੇ ਬੱਚੇ ਅਮਰੀਕਾ ਨਾਲੋਂ ਵੀ ਅੱਗੇ ਆ। ਉਹ ਲੱਖ ਵਾਰੀ ਪੱਛਮ ਦੀ ਨਕਲ ਕਰ ਲੈਣ-ਪਰ ਉਹ ਈਸਟਰਨ ਹੀ ਰਹਿਣਗੇ।’’
‘‘ਤੁਸੀਂ ਮੇਰੀ ਗੱਲ ਨ੍ਹੀਂ ਸਮਝ ਰਹੇ।’’
‘‘ਤੁਸੀਂ ਵਰਜੀਨਿਟੀ ਬਾਰੇ ਕਹਿ ਰਹੇ ਹੋ। ਹੁਣ ਇਹ ਕੋਈ ਸਮੱਸਿਆ ਹੀ ਨ੍ਹੀਂ ਰਹੀ। ਜਦੋਂ ਸਮੱਸਿਆ ਹੀ ਨ੍ਹੀਂ ਰਹੀ ਤਾਂ ਉਸ ਬਾਰੇ ਕਾਸ ਦੀ ਚਿੰਤਾ।’’

ਮਹਿੰਦਰ ਨੇ ਕਿਹਾ ਸੀ, ‘‘ਤੁਹਾਨੂੰ ਐਨੇ ਸਾਲ ਹੋ ਗਏ ਅਮਰੀਕਾ ਰਹਿੰਦਿਆਂ ਹੋਇਆ। ਇਹ ਪਾਪ ਜਿਹਾ ਨ੍ਹੀਂ ਹੁੰਦਾ ਕਿ ਜਿੱਥੇ ਤੁਸੀਂ ਰਹਿੰਦੇ ਹੋ, ਉਥੇ ਨਾਲ ਨਾ ਜੁੜੋ।’’


‘‘ਅਸੀਂ ਚੰਗੇ ਭਵਿੱਖ ਲਈ ਅਮਰੀਕਾ ਰਹਿ ਰਹੇ ਆਂ। ਇਕਨੋਮਿਕ ਕੰਡੀਸ਼ਨਜ਼ ਚੰਗੀਆਂ। ਪਰ ਉਥੋਂ ਦੀਆਂ ਹੋਰ ਸਮੱਸਿਆਵਾਂ ਵੀ ਆ। ਤੁਸੀਂ ਸਿਰਫ਼ ਇਕੋ ਪੱਖ ਬਾਰੇ ਸੋਚਦੇ ਹੋ। ਸਾਨੂੰ ਕਈ ਪੱਖਾਂ ਤੋਂ ਸੋਚਣਾ ਪੈਂਦਾ। ਮੇਰੇ ਹਸਬੈਂਡ ਦਾ ਰੰਗ ਰੂਪ ਬਿਲਕੁਲ ਗੋਰਿਆਂ ਜਿਹਾ। ਇਕ ਵਾਰ ਅਸੀਂ ਬੱਚਿਆਂ ਸਮੇਤ ਪੈਰਿਸ ਦੇ ਇਕ ਪਿੰਡ ’ਚ ਦੋ ਦਿਨ ਰਹੇ। ਮੇਰਾ ਬੇਟਾ ਦੁਕਾਨ ਤੋਂ ਕੋਈ ਚੀਜ਼ ਲੈ ਰਿਹਾ ਸੀ। ਉਹਨੇ ਇਕ ਗੋਰੀ ਬੁੱਢੀ ਦੀ ਸਕਰਟ ਨੂੰ ਹੱਥ ਲਾ ਦਿੱਤਾ। ਬੁੱਢੀ ਨੇ ਮੇਰੇ ਬੇਟੇ ਨੂੰ ਘੂਰਿਆ ਤੇ ਗੁੱਸੇ ਨਾਲ ਬੋਲੀ-‘ਡਰਟੀ ਬੁਆਇ।’ ਤੇ ਮੈਨੂੰ ਪੁੱਛਿਆ-ਯੂ ਆਰ ਫਰੌਸ ਇੰਡੀਆ? ਮੇਰੀਆਂ ਅੱਖਾਂ ਭਰ ਆਈਆਂ। ਸੁਣਿਆ ਸੀ ਕਿ ਕਿਸੇ ਬੰਦੇ ਦੇ ਰੰਗ, ਬੋਲਣ ਤੇ ਵਰਤਾਉ ਤੋਂ ਉਸ ਦੇ ਕਲਚਰ ਦਾ ਪਤਾ ਲਗ ਜਾਂਦਾ-ਉਸ ਦਿਨ ਇਹ ਗੱਲ ਮੈਨੂੰ ਸੱਚੀ ਲੱਗੀ ਸੀ।’’
ਕੁਝ ਪਲਾਂ ਲਈ ਸਾਰੇ ਵਿਚਕਾਰ ਚੁੱਪ ਰਹੀ ਸੀ।
‘‘ਮੈਂ ਇਥੋਂ ਹੀ ਗਈ ਹਾਂ....।’’
‘‘ਇਥੇ ਆਉਣ ਬਾਰੇ ਤੁਹਾਡੇ ਪੇਰੈਂਸਟ ਨੇ ਕੋਈ ਜ਼ੋਰ ਪਾਇਆ ਸੀ?’’ ਮੈਂ ਪੁੱਛਿਆ

‘‘ਬਹੁਤ ਹੀ ਜ਼ਿਆਦਾ। ਖਾਸ ਕਰਕੇ ਮੇਰੀ ਸੱਸ ਨੇ। ਉਹ ਕਈ ਗੱਲਾਂ ’ਚ ਸਾਡੇ ਨਾਲੋਂ ਸਿਆਣੇ ਆ। ਜਦੋਂ ਬੱਚੇ ਛੋਟੇ ਸੀ ਤਾਂ ਉਹ ਵਾਰ-ਵਾਰ ਕਹਿੰਦੇ ਰਹੇ ਕਿ ਸਾਨੂੰ ਦੋ ਸਾਲਾਂ ਬਾਅਦ ਇੰਡੀਆ ਗੇੜਾ ਮਾਰਣਾ ਚਾਹੀਦਾ ਆ। ਅਸੀਂ ਬੱਚਿਆਂ ਸਮੇਤ ਆਵਾਂਗੇ ਤਾਂ ਬੱਚਿਆਂ ਦਾ ਇਧਰ ਮੋਹ-ਪਿਆਰ ਪਵੇਗਾ। ਉਹ ਇਥੋਂ ਦੇ ਰਸਮ-ਰਿਵਾਜ਼ ਸਿੱਖਣਗੇ। ਆਪਣਿਆਂ ਬਾਰੇ ਜਾਨਣਗੇ। ਉਹ ਬੱਚਿਆਂ ਨੂੰ ਭਗਵਾਨ ਰਾਮਚੰਦਰ ਬਾਰੇ ਦੱਸਣਗੇ। ਸਰਵਨ ਦੀ ਕਹਾਣੀ ਸੁਣਾਉਣਗੇ ਕਿ ਕਿਦਾਂ ਉਹਨੇ ਆਪਣੇ ਅੰਨੇ ਮਾਂ-ਬਾਪ ਨੂੰ ਬਹਿੰਗੀ ’ਚ ਬੈਠਾ ਕੇ ਤੀਰਥਾਂ ਦੀ ਯਾਤਰਾ ਕਰਾਈ ਸੀ। ਪਰ ਕੰਮ ਨੇ ਸਾਡੀ ਮਤ ਮਾਰੀ ਰੱਖੀ। ਸਾਥੋਂ ਇਕ ਵਾਰ ਵੀ ਬੱਚਿਆਂ ਨਾਲ ਆਇਆ ਨਾ ਗਿਆ। ਬੱਚਿਆਂ ਵੱਲ ਵੀ ਬਹੁਤਾ ਧਿਆਨ ਨਾ ਦਿੱਤਾ ਗਿਆ। ਇਹ ਤਾਂ ਉਸ ਦਿਨ ਵਾਲੀ ਘਟਨਾ ਨੇ ਸਾਨੂੰ ਸੋਚਣ ਲਈ ਮਜ਼ਬੂਰ ਕਰ ਦਿੱਤਾ।’’
‘‘ਕਿਹੜੀ ਘਟਨਾ?’’ ਮੈਂ ਪੁੱਛਿਆ ਸੀ।

‘‘ਮਨੋਜ ਦੇ ਸਕੂਲ ’ਚ ਛੁੱਟੀਆਂ ਸੀ। ਮੈਂ ਸਵੇਰੇ ਤੇ ਸ਼ਾਮ ਨੂੰ ਟੈਲੀਵਿਜ਼ਨ ’ਤੇ ਦੋ ਵੇਲੇ ਪਾਠ ਸੁਣਦੀ ਆਂ। ਇਹ ਮੇਰਾ ਨੇਤ-ਨੇਮ ਆ। ਇਕ ਦਿਨ ਮਨੋਜ ਕਹਿਣ ਲੱਗਾ ਕਿ ‘ਮੰਮਾ ਆਹ ਜਿਹੜੀਆਂ ਰੋਜ਼-ਰੋਜ਼ ਇਕੋ ਜਿਹੀਆਂ ਗੱਲਾਂ ਤੇ ਭਾਸ਼ਾ ਬੋਲ ਰਹੇ ਆ-ਇਹ ਇਕੋ ਵਾਰ ਨ੍ਹੀਂ ਦਸ ਸਕਦੇ।’ ਸੁਣਦਿਆਂ ਸਾਰ ਮੇਰਾ ਸਿਰ ਘੁੰਮ ਗਿਆ। ਮੈਂ ਉਹਨੂੰ ਧਰਮ ਦੀਆਂ ਮੌਰਲ ਵਿੱਲਯੂ ਸਿਖਾਉਣ ਲੱਗੀ। ਸੈਲਫ ਬਾਰੇ ਦੱਸਿਆ। ਪਰ ਉਸ ਮੇਰੀਆਂ ਗੱਲਾਂ ਵੱਲ ਕੋਈ ਧਿਆਨ ਹੀ ਨਾ ਦਿੱਤਾ। ਬੰਦਾ ਧਰਮ ਬਿਨਾਂ ਤਾਂ ਕੁਸ਼ ਨ੍ਹੀਂ ਹੋ ਸਕਦਾ। ਇਹ ਧਰਮ ਹੀ ਤਾਂ ਹੁੰਦਾ ਆ ਜਿਹੜਾ ਸਾਨੂੰ ਡਸਿਪਲਨ ’ਚ ਰਹਿਣਾ ਸਿਖਾਉਂਦਾ।’’

‘‘ਮੈਨੂੰ ਇਹ ਗੱਲ ਵੱਡੀ ਨ੍ਹੀਂ ਲਗਦੀ।’’

‘‘ਪਰ ਸਾਨੂੰ ਲੱਗਦੀ ਆ। ਇਕ ਵਾਰੀ ਮਨੋਜ ਦੇ ਸਕੂਲ ’ਚ ਛੁੱਟੀਆਂ ਸਨ। ਉਹ ਨੇ ਕੁਝ ਦਿਨ ਰੋਡ ’ਤੇ ਕਾਰ-ਵਾਸ਼ਿੰਗ ਕੀਤੀਆਂ। ਪਹਿਲੇ ਦਿਨ ਉਹ ਤੀਹ ਡਾਲਰ ਕਮਾ ਕੇ ਲਿਆਇਆ। ਮੈਂ ਉਹਨੂੰ ਕਿਹਾ ਕਿ ਇਹ ਉਸ ਦੀ ਪਹਿਲੀ ਕਮਾਈ ਆ। ਪੰਜ ਡਾਲਰ ਮੈਨੂੰ ਦੇ ਦੇਵੇ। ਮੈਂ ਇਹ ਪੈਸੇ ਚਿੰਤਪੁਰਣੀ ਵਾਲੀ ਮਾਤਾ ਜੀ ਦੇ ਚੜਾਉਣ ਲਈ ਇੰਡੀਆ ਭੇਜ ਦੇਵਾਂਗੀ। ਅੱਗੋਂ ਉਹ ਮੈਨੂੰ ਟੁੱਟ ਕੇ ਪੈ ਗਿਆ। ਕਹਿਣ ਲੱਗਾ ਕਿ ਇਹ ਉਸ ਨੇ ਕਮਾਏ ਆ-ਉਹ ਆਪਣੀ ਮਰਜ਼ੀ ਨਾਲ ਹੀ ਖਰਚੇਗਾ। ਉਸ ਰਾਤ ਨੂੰ ਮੈਨੂੰ ਨੀਂਦ ਨ੍ਹੀਂ ਆਈ ਸੀ।’’
ਕੁਝ ਪਲਾਂ ਲਈ ਸਾਡੇ ’ਚ ਚੁੱਪ ਰਹੀ ਸੀ।

‘‘ਮੇਰੇ ਲਈ ਵੱਡੀ ਪ੍ਰਾਬਲਮ ਖੜੀ ਹੋ ਗਈ ਸੀ। ਮੈਂ ਇਹ ਗੱਲ ਆਪਣੀ ਸੱਸ ਨੂੰ ਦੱਸੀ ਸੀ। ਉਹ ਕਹਿੰਦੇ ਕਿ ਬੱਚਿਆਂ ਲਈ ਇਹ ਦੋ ਸਾਲ ਬੜੇ ਖਤਰਨਾਕ ਹੁੰਦੇ ਆ। ਇਥੋਂ ਹੀ ਬੱਚੇ ਵਿਗੜਦੇ ਆ। ਇਥੋਂ ਹੀ ਉਨ੍ਹਾਂ ਨੂੰ ਕੁਸ਼ ਬਣਾਇਆ ਜਾ ਸਕਦਾ। ਸਿਖਾਇਆ ਤੇ ਸਮਝਾਇਆ ਜਾ ਸਕਦਾ ਆ। ਫੇਰ ਮੈਂ ਕਿਤੇ ਪੜ੍ਹਿਆ ਸੀ ਕਿ ਜਿਸ ਕਲਚਰ ਵਿਚ ਰਹਿ ਕੇ ਕੋਈ ਵੱਡਾ ਹੁੰਦਾ ਆ ਉਹ ਦਿਮਾਗ ਦੇ ਸੌਫਟਵੇਅਰ ਵਾਂਗੂ ਹੀ ਆ ਜਿਸ ਦਾ ਵਧੇਰਾ ਹਿੱਸਾ ਬਚਪਨ ਖਤਮ ਹੋਣ ਤੋਂ ਪਹਿਲਾਂ ਹੀ ਦਿਮਾਗ ਵਿਚ ਚੰਗੀ ਤਰ੍ਹਾਂ ਆਪਣੀਆਂ ਜੜ੍ਹਾਂ ਜਮਾਂ ਲੈਂਦਾ ਆ...ਮੈਨੂੰ ਇਹ ਗੱਲ ਹਨਡਰਡ ਪਰਸੈਂਟ ਠੀਕ ਲਗੀ।.... ਹੁਣ ਸਾਨੂੰ ਬੱਚਿਆਂ ਦੀ ਬਹੁਤ ਹੀ ਜ਼ਿਆਦਾ ਚਿੰਤਾ ਆ।’’

ਮਹਿੰਦਰ ਨੇ ਕਿਹਾ ਸੀ, ‘‘ਤੁਸੀਂ ਅਮਰੀਕਾ ’ਚ ਰਹਿੰਦੇ ਹੋ। ਦੁਨੀਆਂ ਦਾ ਅਮੀਰ ਮੁਲਕ। ਸਾਰੀ ਦੁਨੀਆਂ ’ਤੇ ਇਸ ਦਾ ਰਾਜ ਆ....।’’
‘‘ਤੁਸੀਂ ਆਪਣੇ ਬੱਚਿਆਂ ਨੂੰ ਫਸਟ ਪਰੈਫਰੈਂਸ਼ ਦਿੰਦੇ ਹੋ ਕਿ ਨ੍ਹੀਂ?’’ ਉਹ ਖਿੱਝ ਜਿਹੀ ਨਾਲ ਬੋਲੀ ਸੀ।
‘‘ਦਿੰਦਾ ਆਂ।’’
‘‘ਭਾਈ ਸਾਹਿਬ, ਪੈਸਾ ਹੀ ਸਭ ਕੁਸ਼ ਨ੍ਹੀਂ ਹੁੰਦਾ। ਤੁਸੀਂ ਉਨ੍ਹਾਂ ਲਈ ਆਪਣੀਆਂ ਸਧਰਾਂ ਦੀ ਕੁਰਬਾਨੀ ਕਰਦੇ ਹੋ ਕਿ ਨ੍ਹੀਂ?’’
‘‘ਕਰਦਾ ਆਂ।’’

‘‘ਫੇਰ ਅਸੀਂ ਵੀ ਕੁਰਬਾਨੀ ਦੇ ਰਹੇ ਆਂ। ....ਸਿਰਫ਼ ਕੁਸ਼ ਸਾਲਾਂ ਲਈ।...ਤਿੰਨ ਸ਼ਬਦ ਆ। ਬੜੇ ਮੀਨਿੰਗਫੁਲ। ਸੈਲਫ। ਸਿਸਟਮ। ਮੌਰਲ ਵਿਲਯੂ। ਸੈਲਫ ਤੇ ਸਿਸਟਮ ’ਚ ਰਵ੍ਹਾਂਦਾਰੀ ਕਾਇਮ ਕਰਕੇ ਕੋਈ ਬੰਦਾ ਬਹੁਤ ਕੁਸ਼ ਪ੍ਰਾਪਤ ਕਰ ਲੈਂਦਾ। ਚਾਹਿਆ ਵੀ। ਅਣਚਾਹਿਆ ਵੀ। ਪਰ ਅਸਲੀ ਰਵ੍ਹਾਂਦਾਰੀ ਤਾਂ ਸੈਲਫ ਤੇ ਮੌਰਲ ਵਿਲਯੂ ’ਚ ਪੈ ਕੇ ਆਉਂਦੀ ਆ...ਜਦੋਂ ਕਦੇ ਸਮਾਂ ਮਿਲਿਆ ਤਾਂ ਇਸ ਸੱਚ ਬਾਰੇ ਸੋਚਣਾ....ਸਾਨੂੰ ਇਹੀ ਕੁਸ਼ ਸਿਖਾਇਆ ਗਿਆ.....ਮੈਂ ਇੰਡੀਆ ’ਚ ਦੋ ਸਾਲ ਰਹਿ ਕੇ ਆਪਣੇ ਬੱਚਿਆਂ ਨੂੰ ਵੀ ਇਹੀ ਕੁਸ਼ ਸਿਖਾਉਣਾ ਚਾਹੁਣੀ ਆਂ.....।’’

Comments

Security Code (required)



Can't read the image? click here to refresh.

Name (required)

Leave a comment... (required)





ਕਹਾਣੀ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ