ਪੌੜੀ - ਲਾਲ ਸਿੰਘ ਦਸੂਹਾ
Posted on:- 14-06-2012
ਉਸ ਦੀ ਤਿੱਖੀ-ਬਰੀਕ ਆਵਾਜ਼ ਮੈਨੂੰ ਜਾਣੀ –ਪਛਾਣੀ ਲੱਗੀ ,ਪਰ ਉਸਦਾ ਘੋਨ-ਮੋਨ ਜਿਹਾ ਚਿਹਰਾ , ਭਰਵੀਂ –ਭਰਵੀਂ ਦੇਹ , ਢਿੱਲੜ ਜਿਹੇ ਅੰਗ-ਪੈਰ ਮੇਰੇ ਕਿਸੇ ਵੀ ਵਾਕਿਫ਼ਕਾਰ ਨਾਲ ਮੇਲ ਨਾ ਖਾਂਦੇ ।
‘ਕਿੱਥੇ ਜਾਣਾ ਬਾਊ ...। ‘ ਦਾ ਸੰਖੇਪ ਜਿਹਾ ਵਾਕ ਮੇਰੇ ਜ਼ਿਹਨ ‘ਤੇ ਬੋਝ ਬਣਿਆ , ਇਕ-ਟੱਕ ਉਸ ਵੱਲ ਦੇਖਦਾ ਰਿਹਾ ।
ਮੇਰੇ ਮੂੰਹੋਂ ਨਿਕਲਿਆ ਮੇਰੇ ਪਿੰਡ ਦਾ ਨਾਂ “ਫਤੇਪੁਰ “ ਪਤਾ ਨਹੀਂ ਉਸ ਤੱਕ ਪੁੱਜਾ ਵੀ ਸੀ ਕਿ ਨਹੀਂ, ਪਰ ਇੱਕ ਛੀਂਟਕੜਾ ਜਿਹਾ ਮੁੰਡਾ ਖੱਬੇ ਹੱਥ ਦੀ ਤਾਕੀ ਖੋਲ੍ਹ ਕੇ ਝੱਟ ਮੇਰੇ ਸਾਹਮਣੇ ਆ ਖੜੋਇਆ – “ ਐਹੋ ਜਿਹੀ ਨਿੱਕੀ ਸ਼ੈਅ ਕੋਈ ਨਈਂ ਖੜਦਾ , ਮੋਟੇ ਭਾੜੇ ਨੂੰ ਪੈਂਦੇ ਆ ਸਾਰੇ ...। “
ਅਗਲੇ ਹੀ ਪਲ ਉਸਨੇ ਮੇਰੇ ਪੈਰਾਂ ਲਾਗੇ ਪਈ ਪੌੜੀ ਪਹਿਲਾਂ ਟਰੱਕ-ਬਾਡੀ ਨਾਲ ਢੋਅ ਲਾ ਕੇ ਖੜ੍ਹੀ ਕਰ ਲਈ । ਫਿਰ ਡਾਲੇ ਵੰਨੀਉਂ ਉੱਪਰ ਚੜ੍ਹ ਕੇ ਇਸ ਅੰਦਰ ਭਰੀ ਬੱਜਰੀ ‘ਤੇ ਟਿਕਦੀ ਕਰ ਲਈ ।
“ ਤੁਸੀਂ ਅੰਦਰ ਆ ਜਾਓ ਐਥੇ , ਮੇਰੇ ਲਾਗੇ , “ ਕਲੱਚ – ਰੇਸ ਦੀ ਤਰਤੀਬ ਮੁੜ ਤੋਂ ਜੋੜ ਕੇ ਸਹਿਜ ਚਾਲੇ ਤੁਰਨ ਲੱਗੇ ਟਰੱਕ-ਕੈਬਿਨ ‘ਚ ਆਈ ਆਵਾਜ਼ ਇਸ ਵਾਰ ਬੇ-ਹੱਦ ਅਦਬ-ਭਰਪੂਰ ਸੀ । ਮੈਨੂੰ ਸਮਝ ਨਹੀਂ ਸੀ ਲੱਗੀ ਕਰੀਬ ਦੋ-ਘੰਟੇ ਦੇ ਉਡੀਕ ਨਾਟਕ ਦਾ ਅਗਲਾ ਸੀਨ ਪਲਾਂ-ਛਿਣਾਂ ਅੰਦਰ ਕਿਵੇਂ ਬਦਲ ਗਿਆ ਸੀ । ਆਪਣੇ ਆਪ ।
ਇਸ ਨਵੇਂ –ਨਕੋਰ ਟਰੱਕ ਨੂੰ ਤਾਂ ਮੈਂ ਹੱਥ ਵੀ ਨਹੀਂ ਸੀ ਦਿੱਤਾ ਤੇ ਜਿਹਨਾਂ ਨੂੰ ਹੁਣ ਤੱਕ ਰੋਕਦਾ ਰਿਹਾਂ ਸਾਂ , ਉਹਨਾਂ ਵਿਚੋਂ ਕਈਆਂ ਨੇ ਤਾਂ ਮੇਰੀ ਉੱਪਰ-ਹੇਠਾਂ ਹਿਲਦੀ ਬਾਂਹ ਵਲ੍ਹ ਦੇਖਿਆ ਤੱਕ ਵੀ ਨਹੀਂ ਸੀ ।
ਇਕਹਿਰੀ ਵੱਡੀ ਸੜਕ ਉੱਤੇ ਦੋ-ਪਹੀਆ , ਚਾਰ-ਪਹੀਆ ਵਾਹਨਾਂ ਦੀ ਦੋ-ਪਾਸੀਂ ਆਵਾਜਾਈ ਕਦੀ ਸੰਘਣੀ ਹੋ ਜਾਂਦੀ , ਕਦੀ ਥੋੜ੍ਹੀ ਕੁ ਜਿੰਨੀ ਪੇਤਲੀ ਪੈ ਜਾਂਦੀ ।
ਇਸ ਘਟਦੇ –ਵਧਦੇ ਸ਼ੋਰ ਅੰਦਰ , ਮੇਰੇ ਸੱਜੇ ਹੱਥ ਬੈਠੇ ਟਰੱਕ-ਚਾਲਕ ਨੂੰ ਪਛਾਣ ਸਕਣ ਦੀ ਕੋਈ ਵੀ ਤੰਦ ਅਜੇ ਤੱਕ ਮੇਰੇ ਹੱਥ ਨਹੀਂ ਸੀ ਲੱਗੀ ਕਿ ਉਸਦੀ ਬਰੀਕ-ਸੁਰੀਲੀ ਅਵਾਜ਼ ਫਿਰ ਮੇਰੇ ਕੰਨਾਂ ਅੰਦਰ ਗੂੰਜੀ – “ ਕਿੰਨੇ ਡੰਡੇ ਦੀ ਆ ਪੌੜੀ , ਬਾਊ ਜੀਈ ....।“
“ ਬਾਰਾਂ ਦੀ ਆ , “ ਮੈਨੂੰ ਲੱਗਾ ਉਸਨੇ ਮੇਰੇ ਨਾਲ ਬਾਤ-ਚੀਤ ਜਾਰੀ ਕਰਨ ਲਈ ਸਹਿਵਨ ਹੀ ਪੁੱਛਿਆ ਸੀ । ਪਰ ਅਗਲੇ ਹੀ ਪਲ ਉਸਦਾ ਖਿੜ-ਖਿੜਾ ਕੇ ਕੈਬਿਨ ਅੰਦਰ ਪਸਰਿਆ ਹਾਸਾ ਮੈਨੂੰ ਹੋਰ ਵੀ ਅਚੰਭਤ ਕਰ ਗਿਆ ।
“ ਕੀ ਗੱਲ ਹੋਈ ! ਹੱਸਿਆ ਕਿਉਂ ਜੁਆਨ ....?” ਹੈਰਾਨ-ਪ੍ਰੇਸ਼ਾਨ ਹੋਏ ਨੇ ਝੱਟ ਦੇਣੀ ਆਪਣਾ ਤੌਖਲਾ ਉਸ ਵੱਲ ਨੂੰ ਤੋਰ ਦਿੱਤਾ ।
“ ਬੱਸ ਐਮੇਂ ਈ ....ਓਦਾਂ ਈ .....। “ ਉਸਦੇ ਬੁੱਲ੍ਹਾਂ ‘ਤੇ ਪੱਸਰੀ ਖਚਰੀ ਜਿਹੀ ਮੁਸਕਾਨ ਅਜੇ ਵੀ ਖਿਲਰੀ ਪਈ ਸੀ । “ ਫੇਰ ਵੀ ਕੋਈ ਗੱਲ ਤਾਂ ਚੇਤੇ ਆਈ ਈ ਹੋਣੀ ਆ ਨਾ ....। “ ਮੈਨੂੰ ਉਸਦੀ ਪਛਾਣ ਦੇ ਥੋੜ੍ਹੇ-ਥੋੜ੍ਹੇ ਚਿੰਨ੍ਹ ਲੱਭਦੇ ਆਖ਼ਰ ਸਾਰੇ ਹੀ ਲੱਭ ਪਏ .....। ਉਹ ਇਕ ਸੀਨੀਅਰ ਕਲਾਸ ਦਾ ਵਿਦਿਆਰਥੀ ਸੀ , ਮੇਰੇ ਕਾਲਜ । ਭੰਗੜਾ ਟੀਮ ਦਾ ਸਿਰਕੱਢ ਖਿਡਾਰੀ , ਪੜ੍ਹਾਈ ਪੱਖੋਂ ਇਕ ਨੰਬਰ , ਲੰਮੀ ਹੇਕ ਦਾ ਗੀਤ – ਗਾਇਕ । ਮਿਰਜ਼ਾ , ਹੀਰ , ਸੱਸੀ –ਪੰਨੂੰ ਇਸ ਦੇ ਮਨ-ਭਾਉਂਦੇ ਵਿਸ਼ੇ ਸਨ ਗਾਇਕੀ ਦੇ । ਜੋਨਲ ,ਇੰਟਰ-ਜ਼ੋਨਲ ਮੁਕਾਬਲਿਆਂ ‘ਚ ਇਸ ਦੇ ਬਰਾਬਰ ਕੋਈ ਨਾ ਖੜ੍ਹਦਾ । ਪਰ ਉਸ ਵਾਰ ....ਉਸ ਵਾਰ ਇਸ ਨੂੰ ਇੰਟਰ ਜ਼ੋਨਲ ਮੀਟ ‘ਚ ਹੋਸਟ ਕਾਲਜ ਨੇ ਤੀਜੇ ਨੰਬਰ ‘ਤੇ ਸੁੱਟ ਮਾਰਿਆ । ਇਹ ਤੜਫ਼ ਉੱਠਿਆ ਸੀ । ਇਸ ਵੀ ਵਾਹ-ਪੇਸ਼ ਕੋਈ ਨਹੀਂ ਸੀ ਗਈ ਇੱਕੇਲੇ ਦੀ ।ਗਰੁੱਪ ਇੰਚਾਰਜ ਮੈਂ ਤੇ ਮੈਡਮ ਗੁਪਤਾ ਕਿਧਰੇ ਐਧਰ-ਓਧਰ ਸਾਂ । ਕਿਸੇ ਹੋਰ ਮੁਕਾਬਲੇ ਵਾਲੀ ਥਾਂ ਹੋਵਾਂਗੇ , ਜਾਂ .....। ਇਹਨੇ ਸਾਰੀ ਰਿਪੋਰਟ ਪ੍ਰਿੰਸੀਪਲ ਨੂੰ ਆ ਦੱਸੀ । ਪੂਰੀ ਦੀ ਪੂਰੀ ਤਫ਼ਸੀਲ ਆ ਸੁਣਾਈ ਕਿ ਦੋਨੋਂ ਇੰਜਾਰਜ ਗਾਇਬ ਰਹੇ ਸਨ , ਕਿਧਰੇ । ਤਿੰਨੋਂ ਦਿਨ । ਤੁਰਦੀ –ਤੁਰਦੀ ਗੱਲ ਪ੍ਰਬੰਧਕੀ ਕਮੇਟੀ ਤੱਕ ਪਹੁੰਚ ਗਈ । ਪੇਸ਼ੀ ਹੋਈ ਸਭ ਦੀ । ਪਰ ਅਸੀਂ , ਮੈਂ ਤੇ ਮੈਡਮ ਗੁਪਤਾ ਨੇ ਪੈਰਾਂ ‘ਤੇ ਪਾਣੀ ਤਕ ਨਹੀਂ ਸੀ ਪੈਣ ਦਿੱਤਾ । ਉਂਝ ਵੀ ਅਧਿਆਪਕ ਸਾਂ ਅਸੀਂ । ਮੈਡਮ ਭਾਵੇਂ ਨਵੀਂ ਆਈ ਸੀ , ਐਡਹਾਕ ‘ਤੇ ਸੀ , ਮੈਂ ਤਾਂ ਸੀਨੀਅਰ ਸਾਂ । ਵਰ੍ਹਿਆਂ ਤੋਂ ਇੰਚਾਰਜ ਚੱਲਿਆ ਆਉਂਦਾ ਸੀ ਸੱਭਿਆਚਾਰਕ ਟੀਮਾਂ ਦਾ । ਕਈ ਸਾਰੇ ਇਨਾਮ ਸਨਮਾਨ ਲਿਆ ਕੇ ਦਿੱਤੇ ਸਨ ਕਾਲਜ ਨੂੰ । ਫਿਰ ਮੇਰੇ ‘ਤੇ ਵਿਸ਼ਵਾਸ਼ ਤਾਂ ਕਰਨਾ ਹੀ ਕਰਨਾ ਸੀ ਪ੍ਰਧਾਨ ਜੀ ਨੇ ਮੈਨੇਜਰ ਸਾਬ੍ਹ ਨੇ ਤੇ ਹੋਰ ਵੀ ਸਭ ਨੇ । ਇਸ ਭਲੇਮਾਣਸ ਦੀ ਕਿਸੇ ਨੇ ਇਕ ਵੀ ਨਹੀਂ ਸੀ ਸੁਣੀ । ਉਲਟਾ ਇਸ ਨੂੰ ਦੋਸ਼ੀ ਹੋਣ ਦੇ ਇਲਜ਼ਾਮ ‘ਚ ਸਸਪੈਂਡ ਕਰ ਦਿੱਤਾ ਸੀ ਕਾਲਜੋਂ । ...ਸੁਣਿਆ ਇਹ ਬੜਾ ਰੋਇਆ ਸੀ ; ਬੜਾ ਤੜਫਿਆ ਸੀ । ਮਿੰਨਤਾਂ-ਤਰਲੇ ਕਰਦੇ ਦੀ ਹਾਲਤ ਪਾਗਲਾਂ ਵਰਗੀ ਹੋ ਗਈ ਸੀ ਇਸਦੀ । ਪ੍ਰਿੰਸੀਪਲ ਮੈਡਮ , ਸਾਰੇ ਪ੍ਰਬੰਧਕੀ ਅਮਲੇ ਦਾ ਦੋ-ਟੁੱਕ ਜਵਾਬ ਇਕੋ ਸੀ – “ ਤੂੰ...ਤੂੰ ਕਾਲਜ ਅਧਿਆਪਕਾਂ ‘ਤੇ ਘਟੀਆ ਇਲਜ਼ਾਮ ਲਾਇਆ ....। ਏਹ ਸਾਰੇ ਕਾਲਜ ਦੀ ਤੌਹੀਨ ਐ ...ਏਹ ਗ਼ਲਤੀ ਨਹੀਂ ਜੁਰਮ ਕੀਤਾ ਐ ਤੂੰ , ਨਾ ਬਖਸ਼ਣ ਯੋਗ ਗੁਨਾਹ । “
ਉਸ ਗੁਨਾਹਗਾਰ ਦੇ ਖੱਬੇ ਹੱਥ ਬੈਠਾ ਮੈਂ ਪਾਣਿਓਂ ਪਤਲਾ ਹੁੰਦਾ ਗਿਆ । ਫਿਰ ਝੱਟ ਹੀ ਮੈਨੂੰ ਉਸਦਾ ਰੋਲ ਨੰਬਰ ਯਾਦ ਆ ਗਿਆ ...ਰੋਲ ਨੰਬਰ ਬਾਰਾਂ । ਕਿੱਡਾ ਵੱਡਾ ਮੌਕਾ ਮੇਲ ਸੀ ਇਹ । ਸ਼ਾਇਦ ਏਸੇ ਲਈ ਪੌੜੀ ਦੇ ਡੰਡਿਆਂ ਦੀ ਗਿਣਤੀ ਬਾਰਾਂ ਸੁਣ ਕੇ ਹਾਸਾ ਆਇਆ ਸੀ ਉਸਨੂੰ । ਤਨਜ਼-ਭਰਪੂਰ ਹਾਸਾ , ਜਿਸ ਨੇ ਮੇਰੇ ਰੋਮ-ਰੋਮ ਨੂੰ ਨੱਪ-ਘੁੱਟ ਲਿਆ ਸੀ । ਇਕ ਤਰ੍ਹਾਂ ਦਾ ਲੇਪਣ ਕਰ ਦਿੱਤਾ ਸੀ ਮੇਰੇ ਸਾਰੇ ਵਜੂਦ ‘ਤੇ । ਇਹ ਲੇਪਣ ਸ਼ਰਮਿੰਦਗੀ ਦਾ ਸੀ ਜਾਂ ਪਛਤਾਵੇ ਦਾ ,ਮੈਨੂੰ ਸਮਝ ਨਹੀਂ ਸੀ ਲੱਗ ਰਹੀ । ਪਰ ਜਿਸ ਗੱਲ ਦੀ ਸਮਝ ਲੱਗਦੀ ਮਹਿਸੂਸ ਹੋ ਰਹੀ ਸੀ , ਉਹ ਸੀ ਰੋਲ ਨੰਬਰ ਬਾਰਾਂ ਨੇ ਪਛਾਣਿਆਂ ਨਹੀਂ ਸੀ ਮੈਨੂੰ । ਮੈਨੂੰ ਆਪਣੇ ਸ਼ਰਮਾ ਸਰ ਨੂੰ । ਸੱਭਿਆਚਰਕ ਸਰਗਰਮੀਆਂ ਦੇ ਇੰਚਾਰਜ ਪ੍ਰੋਫੈਸਰ ਨੂੰ ।
ਆਪਣੇ ਤਨ-ਬਦਨ ‘ਤੇ ਛਾਈ ਸ਼ਰਮਿੰਦਗੀ ਤੋਂ ਖਹਿੜਾ ਛੁੜਾਉਣ ਲਈ ਮੈਂ ਉਚੇਚ ਨਾਲ਼ ਉਸ ਵੱਲ ਨਿਗਾਹ ਘੁਮਾ ਲਈ । ਉਸਦਾ ਹੁਣੇ-ਹੁਣੇ ਖਿੜਿਆ ਹੱਸਿਆ ਚਿਹਰਾ ਇਕਦਮ ਹਰਖੀਲਾ ਹੋਇਆ ਪਿਆ ਸੀ । ਚਾਲਕ ਕਿਰਿਆ ‘ਚ ਰੁੱਝਾ ਵੀ ਉਹ ਸਟੇਰਿੰਗ ‘ਤੇ ਨਹੀਂ ਕਿਧਰੇ ਦੂਰ , ਕਾਫੀ ਦੂਰ ਬੈਠਾ ਜਾਪਿਆ ਮੈਨੂੰ ।
ਸਾਹਮਣਿਓਂ ਆਉਂਦੀ ਸਰਕਾਰੀ ਬੱਸ ਨੂੰ ਓਵਰ ਟੇਕ ਕਰਦੀ ਤੇਜ਼ ਤਰਾਰ ਪ੍ਰਾਈਵੇਟ ਬੱਸ ਨੂੰ ਫ਼ਸਵਾਂ ਲਾਂਘਾ ਦਿੰਦਾ ਉਹ ਰਤੀ ਭਰ ਵੀ ਨਾ ਡੋਲਿਆ , ਨਾ ਘਬਰਾਇਆ ।
ਕੱਚੇ ਲਾਹੇ ਟਾਇਰਾਂ ਨੂੰ ਮੁੜ ਪੱਕੀ ਚਾੜ੍ਹ ਕੇ ਉਸਨੇ ਜਿਵੇਂ ਜ਼ੋਰਦਾਰ ਹਉਕਾ ਭਰਿਆ – “ ਕਿੰਨੇ ਘਟੀਆ ਲੋਕ ਆ ਸਾਲੇ , ਕਿੰਨਾ ਝੂਠ ਬਕਦੇ ਆ ....।“ਮੇਰੇ ਤੇ ਜਿਵੇਂ ਨੀਲੇ ਅਸਮਾਨ ਤੋਂ ਬਿਜਲੀ ਆ ਡਿਗੀ । ਮੈਨੂੰ ਲੱਗਾ ਮੈਂ ਹੁਣ ਤੱਕ ਐਵੇਂ ਖੁਸ਼ਫਹਿਮੀਂ ‘ਚ ਵਿਚਰਦਾ ਰਿਹਾ । ...ਉਸਨੇ ਐਵੇਂ ਨਹੀਂ ਸੀ ਰੋਕ ਲਈ ਗੱਡੀ । ਮੈਨੂੰ ਪਛਾਣ ਕੇ ਹੀ ਰੋਕੀ ਸੀ ਤੇ ਹੱਸਿਆ ਵੀ ਉਹ ਪੂਰੀ ਤਨਜ਼ ਨਾਲ ਮੇਰੇ ਉੱਤੇ ਹੀ ਸੀ ਤੇ ਹੁਣ ਸਿੱਧਾ ਵਾਰ ਵੀ ਉਸਨੇ ਮੇਰੇ ‘ਤੇ ਹੀ ਕੀਤਾ ਸੀ , ਮੇਰੇ ਸਮੇਤ ਮਿਸ ਗੁਪਤਾ ਉੱਤੇ ਵੀ । ਇਸੇ ਲਈ ਉਸਨੇ ਆਪਣੇ ਵਾਕ ਨੂੰ ਇੱਕ-ਬਚਨੀ ਨਹੀਂ ਬਹੁਬਚਨੀ ਰੱਖਿਆ ਸੀ – ‘ ਘਟੀਆ ਲੋਕ....ਝੂਠ ਬਕਦੇ ਆ .....। ‘
ਉਸਦੇ ਰੁੱਖੇ-ਖ਼ਰ੍ਹਵੇ ਬੋਲਾਂ ਤੋਂ ਬੇ-ਅਸਰ ਹੋਣ ਲਈ , ਮੈਂ ਝੱਟ ਹੀ ਇਕ ਸ਼ਾਨਦਾਰ ਕਾਢ ਕੱਢ ਲਈ । ਆਪਣੇ ਵੱਡੇ ਭਰਾ ਦਾ ਹੁਲੀਆ ਉਸਨੂੰ ਦੱਸਣ ਲਈ ਝੱਟ ਤਿਆਰ ਹੋ ਗਿਆ ।ਮੈਂ ਕਹਿਣਾ ਸੀ – ਨੌਜਵਾਨ ਤੈਨੂੰ ਕੋਈ ਗ਼ਲਤ ਫ਼ਹਿਮੀ ਹੋਈ ਆ । ਮੈਂ ....ਮੈਂ ਤਾਂ ਕਰਿਆਨੇ ਦੀ ਦੁਕਾਨ ਕਰਦਾਂ ਪਿੰਡ ‘ਚ । ਉੱਥੇ ਰਹਿਨਾਂ ਛੋਟੇ ਜਿਹੇ ਘਰ ‘ਚ । ਮੈਂ ਉਹ ਨਈਂ ਜਿਹਦੇ ਬਾਰੇ ਤੈਨੂੰ ਕੋਈ ਗਿਲਾ ਐ । ਮੈਂ ....ਮੈਂ ਪ੍ਰੋਫੈਸਰ ਸ਼ਰਮਾ ਨਹੀਂ ਆਂ , ਨਾ ਹੀ ਮੇਰੇ ਕਿਸੇ ਮਿਸ ਗੁਪਤਾ ਨਾਲ ....।‘ ਪਰ ਝੱਟ ਹੀ ਮੈਂ ਆਪਣਾ ਆਪ ਸੰਭਲ ਲਿਆ । ਸੁੱਤੇ-ਸਿੱਧ ਹੋਣ ਲੱਗੀ ਬੇਵਕੂਫੀ ਨੂੰ ਕਾਬੂ ਕਰ ਲਿਆ ।
ਇਉਂ ਤਾਂ ਆਪਣਾ ਪੋਲ ਆਪ ਹੀ ਖੁੱਲ ਜਾਣਾ ਸੀ ਮੇਰੇ ਤੋਂ ।
ਆਪਣੀ ਸ਼ਾਨਦਾਰ ਕਾਢ ਨੂੰ ਮੋੜਾ ਦੇਣ ਤੋਂ ਪਹਿਲਾਂ ਮੈਂ ਇਹ ਪੱਕ ਕਰਨਾ ਚਾਹਿਆ ਕਿ ਸੱਚਮੁੱਚ ਹੀ ਉਹ ‘ਸਾਨੂੰ ’ ਮੁਖਾਤਿਬ ਸੀ ਜਾਂ ਕਿਸੇ ‘ਹੋਰ ’ ਨੂੰ ।
ਆਪਣੇ ਅੰਦਰਲੇ ਕਾਂਬੇ ਨੂੰ ਥੋੜ੍ਹਾ ਕੁ ਸਹਿਜ ਕਰਦਿਆਂ ਮੈਂ ਉਸਦਾ ਚਿਹਰਾ ਫਿਰ ਧਿਆਨ ਨਾਲ ਵਾਚਿਆ । ਉਸਦੇ ਖਿਝੇ-ਖ਼ਫੇ ਬੋਲ ਲਗਾਤਾਰ ਕਿਰੀ ਜਾ ਰਹੇ ਸਨ । “ ਸੈਂਕੜੇ ਪੌੜੀਆਂ ਉੱਤਰ ਕੇ ਰਾਤ ਭਰ ਖੇਹ ਖਾਂਦੇ ਰਹੇ , ਹੇਠਾਂ ਤ੍ਰਿਪਤੀ ਹੋਟਲ ‘ਚ ਸਵੇਰੇ ਉੱਪਰ ਪਹੁੰਚ ਕੇ ਮੰਦਰ ਲਾਗਲੀ ਕੋਠੀ ‘ਚ ,ਬਾਲ ਬੱਚਿਆਂ ਨੂੰ ਘਰ-ਵਾਲੀਆਂ ਨੂੰ ਜਾ ਦੱਸਿਆ । ਅਸੀਂ ਤਾਂ ‘ਬਾਲਾ ਜੀ ‘ ਦੇ ਦਰਸ਼ਨ ਕਰ ਵੀ ਆਏ । ਲੈਨ ਬੜੀ ਲੰਮੀ ਸੀ , ਸਾਰੀ ਰਾਤ ਖੜੋਣਾ ਪਿਆ , ਤਾਂ ਕਿਤੇ ਵਾਰੀ ਆਈ ਤੜਕ ਸਾਰ ...। ਕਿੰਨੇ ਘਟੀਆ ਲੋਕ ਆ ਸਾਲੇ । “
ਮੇਰੇ ਅੰਦਰਲੇ ਤੌਖਲੇ ਨੂੰ ਢੇਰ ਸਾਰੀ ਢਾਰਸ ਮਿਲ ਗਈ । ਮੈਨੂੰ ਸੱਚ ਵਰਗਾ ਯਕੀਨ ਹੋਣ ਲੱਗਾ ਕਿ ਰੋਲ ਨੰਬਰ ਬਾਰਾਂ ਨੇ ਮੈਨੂੰ ਸੱਚ-ਮੁੱਚ ਨਹੀਂ ਸੀ ਪਛਾਣਿਆ ਤੇ ਮੈਂ ...ਮੈਂ ਹੁਣ ਤੱਕ ਖਾਹ-ਮਖਾਹ ਹੀ ਆਪਣੇ ਅੰਦਰ ਆਪ ਪਸਾਰੀ ਠੰਡ ਨਾਲ ਠਰਦਾ –ਕੰਬਦਾ ਰਿਹਾ ।
ਇਕ ਨਿੱਘਾ-ਗਰਮ ਹਉਕਾ , ਮੇਰੀ ਛਾਤੀ ‘ਤੇ ਪਿਆ ਮਣਾਂ-ਮੂੰਹੀ ਭਾਰ ਆਪਣੀ ਬੁੱਕਲ ‘ਚ ਲਕੋ ਕੇ ਮੇਰੇ ਅੰਦਰੋਂ ਬਾਹਰ ਕੱਢ ਲਿਆਇਆ ।
ਮੈਂ ਬੜੇ ਇਤਮੀਨਾਨ ਨਾਲ ਰੋਲ ਨੰਬਰ ਬਾਰਾਂ ਦੀ ਹਾਂ ‘ਚ ਹਾਂ ਮਿਲਾਉਣੀ ਚਾਹੀ – “ ਕਿਹਦੀ ਗੱਲ ਕਰਦਾ ਆਂ ਉਸਤਾਦ ? “ ਮੈਂ ਉਸਨੂੰ ਆਪਣੀ ਨਹੀਂ ਉਸਦੇ ਕਿੱਤੇ ਦੀ ਭਾਸ਼ਾ ਨਾਲ ਸੰਬੋਧਤ ਹੋਇਆ ।
“ ਛੋਟੇ ਮਾਲਕਾਂ ਦੀ ਹੋਰ ਕੇਦ੍ਹੀ । ਆਹ ਤਾਡੀ ਪੌੜੀ ਨੇ ਯਾਦ ਕਰਾਤੀ । ....ਦੇਖਣ ਨੂੰ ਸਾਲੇ ਮੇਰੇ ਐਂ ਲੱਗਦੇ ਆ , ਜਿਮੇਂ ਰਿਸ਼ੀਆਂ-ਮੁਨੀਆਂ ਦੀ ਜੇਠੀ ‘ਲਾਦ ਹੋਣ , ਲਿਸ਼ਕੇ-ਪੁਸ਼ਕੇ । ਊਂ ਵੀ ਆਏ ਦਿਨ ਤੁਰੇ ਈ ਰਿਹੰਦੇ ਆ ,ਕਦੀ ਕਿਸੇ ਤੀਰਥ , ਕਦੀ ਕਿਸੇ ਮੰਦਰ ।ਮੁੜਦੀ ਵੇਰ ਮੈਨੂੰ ਪੱਕ ਕਰਦੇ ਫਿਰਨਗੇ – ਪਾਲਾ ਸਿਆਂ ਦੱਸੀ ਨਾ ਕਿਸੇ ਨੂੰ , ਨਾ ਘਰ ਨਾ ਬਾਹਰ । ਲਓ ਸਾਬ੍ਹ ਮੈਂ ਭਲਾ ਦੱਸ ਕੇ ਛਿੱਕੂ ਲੈਣਾ ।...ਅੱਗੇ ਦੇਖ ਈ ਲਈ ਸੀ , ਇਕ ਵਾਰ ਸ਼ਕੈਤ ਲਾ ਕੇ । ਕੀ ਲੱਭਾ ...ਜੂਆਂ । “ਥੋੜ੍ਹਾ ਕੁ ਸਹਿਜ –ਚਿੱਤ ਹੋਇਆ ਮੈਂ ਉਸਦੇ ਮੂੰਹੋ ਉਸਦਾ ਨਾਂ ਪਾਲਾ ਸਿੰਘ ਸੁਣ ਕੇ ਫਿਰ ਬੇਚੈਨ ਹੋ ਗਿਆ । ਗੁਰਪਾਲ ਸਿੰਘ ਹਾਂ ਗੁਰਪਾਲ ਸਿੰਘ ਪਾਲ ਸੀ ਉਸਦਾ ਨਾਮ । ਪਾਲ ਨੇ ਬੜੇ ਤਰਲੇ ਕੀਤੇ ਸਨ ਸਾਡੇ ਦੋਨਾਂ ਦੇ । ਮੇਰੇ ਅਤੇ ਮਿਸ ਗੁਪਤਾ ਦੇ । ਪ੍ਰਿੰਸੀਪਲ ਮੈਡਮ ਸਮੇਤ ਕਮੇਟੀ ਮੈਂਬਰਾਂ ਆਖਿਰ ਏਨੀ ਕੁ ਛੋਟ ਦੇ ਦਿੱਤੀ – ‘ ਸਾਡੀ ਵੱਲੋਂ ਮੁਆਫੀ ਸਮਝ , ਬੱਸ ਆਪਣੇ ਇੰਚਾਰਜ ਸਰ ਤੋਂ ਮੁਆਫੀਨਾਮਾ ਲੈ ਲਾ । ਮੈਡਮ ਤੋਂ ਸੌਰੀਨਾਮਾ ਲਿਖਵਾ ਲਾ । ‘
ਪ੍ਰਬੰਧਕਾਂ ਦੀ ਸੁਰ ਜਾਚ ਕੇ ਅਸੀਂ ਵੀ ਕਾਫੀ ਸਾਰੇ ਨਰਮ ਹੋ ਗਏ । ਅਸੀਂ ਵੀ ਸੋਚਿਆ –‘ ਛੱਡੋ ਪਰ੍ਹਾਂ ਵਿਦਿਆਰਥੀ ਹੋਣਦਾਰ ਐ ,ਆਗਿਆਕਾਰ ਐ , ਗਾਇਕ ਇਕ ਨੰਬਰ ਦਾ । ਕਾਲਜ ਨੂੰ ਹੋਰ ਦੋ ਸਾਲ ਕਈ ਸਾਰੇ ਇਨਾਮ-ਸਨਮਾਨ ਮਿਲ ਸਕਦੇ ਆ , ਇਹਦੀ ਪ੍ਰਫਾਰਮੈਂਸ ਤੇ । ਛੱਡੋ ਪਰ੍ਹਾਂ ਕਾਹਨੂੰ ਏਦ੍ਹੀ ਜ਼ਿੰਦਗੀ ਤਬਾਹ ਕਰਨੀ ਐ । ਬੀ.ਏ. , ਐੱਮ.ਏ . ਕਰਦੇ ਕਿਸੇ ਸਿਰੇ ਲੱਗੂ । ਸਾਡਾ ਕੀ ਸੀ , ਉਹਨੇ ਕਿਹੜਾ ਝੂਠ ਕਿਹਾ ਸੀ ਕੁਝ । ਸਾਡੇ ਬਾਰੇ , ਸਾਡੀ ਦੋਸਤੀ ਬਾਰੇ । ...ਫੇਰ ਜਦ ਸਾਨੂੰ ਪਤਾ ਲੱਗਾ ਇਹ ਮੁੰਡਾ ਚਮਾਰ ਐ , ਸਿੱਖ ਰਾਮਦਾਸੀਆ । ਫੇਰ ਸੱਚੀ ਗੱਲ ਐ ਸਾਡੇ ਤੋਂ ਰਿਹਾ ਨਹੀਂ ਗਿਆ ਸੀ , ਖਾਸ ਕਰਕੇ ਮੇਰੇ ਤੋਂ । ਮੈਂ ਲੋਹੇ ਦਾ ਕੀ ਸਟੀਲ ਦਾ ਥਣ ਬਣ ਗਿਆ । ਮੈਂ ਪੱਕ-ਠੱਕ ਫੈਸਲਾ ਕਰ ਲਿਆ –ਏਸ ਮੁੰਡੇ ਨੂੰ ਆਪਣੇ ਤਾਂ ਕੀ ਆਂਢ-ਗੁਆਂਡ ਦੇ ਕਿਸੇ ਸ਼ਹਿਰ-ਕਸਬੇ ਵਿਚ ਪੜ੍ਹਨ ਜੋਗਾ ਨਹੀਂ ਛੱਡਣਾ ।ਏਦ੍ਹੀ ਹਿੰਮਤ ਕਿੱਦਾਂ ਪਈ ਬ੍ਰਾਹਮਣਾਂ-ਬਾਣੀਆਂ ਵੱਲ ਉਂਗਲ ਚੁੱਕਣ ਦੀ । ਇਹ ਆਪਣੀ ਔਕਾਤ ਭੁੱਲ ਕਿਮੇਂ ਗਿਆ ਹੁਣੇ ਅਜੇ । ਅਜੇ ਬੀ.ਏ . ਟੂ ‘ਚ ਆ ਏਹ । ਅੱਗੇ ਪੁੱਜ ਕੇ ਤਾਂ ਸਾਡੀ ਪਿੱਠੇ ‘ਤੇ ਨਹੀਂ ਸਿਰ ‘ਤੇ ਸਵਾਰ ਹੋ ਕੇ ਬੈਠੂ ਏਹ । ‘
ਟਰੱਕ ਚਾਲਕ ਗੁਰਪਾਲ ਸਿੰਘ ਪਾਲ ਦੇ ਖੱਬੇ ਹੱਥ ਬੈਠੇ ਨੂੰ ਮੈਨੂੰ ਥੋੜ੍ਹਾ ਨਹੀਂ ਢੇਰ ਸਾਰਾ ਪਛਤਾਵਾ ਹੋਣ ਲੱਗਾ । ਪਛਤਾਵਾ ਹੀ ਨਹੀਂ ਬਹੁਤ ਵੱਡਾ ਗੁਨਾਹਗਾਰ ਸਮਝਣ ਲੱਗ ਪਿਆ ਸੀ ਮੈਂ ਆਪਣੇ ਆਪ ਨੂੰ । ਏਹ ਮੈਂ ਹੀ ਸਾਂ ਜਿਸ ਨੇ ਉਸਨੂੰ ਅੱਧ-ਵਿਚਕਾਰੋਂ ਧੱਕਾ ਦਿੱਤਾ ਸੀ । ਹੇਠਾਂ ਡੇਗ ਦਿੱਤਾ ਸੀ ਕਰੜੀ-ਬੰਜਰ ਥਾਂ ‘ਤੇ ਆਪਣੇ ਆਪ ਪੱਕੇ ਪੈਰੀਂ ਪੌੜੀਆਂ ਚੜ੍ਹਦੇ ਨੂੰ । ਇਹ ਮੈਂ ਹੀ ਸਾਂ ਜਿਸ ਨੇ ਕਿਸੇ ਅਫ਼ਸਰੀ / ਅਧਿਆਪਕੀ ਦੀ ਥਾਂ ਡਰਾਈਵਰੀ –ਸੀਟ ਰਾਖਵ੍ਹੀ ਕੀਤੀ ਸੀ ਉਸ ਲਈ । ਮੈਡਮ ਗੁਪਤਾ ਤਾਂ ਮੇਰੇ ਆਖੇ ਅਨੁਸਾਰ ਹੀ ਚੱਲੀ ਸੀ ਉਸੇ ਵਿਰੁੱਧ । ਉਂਝ ਸੀ ਉਹ ਬਹੁਤ ਨਰਮ ਦਿਲ ਔਰਤ । ਨਰਮ ਦਿਲ ਵੀ ਤੇ ਫ਼ਰਾਖ ਦਿਲ ਵੀ । ਉਸਨੇ ਤਾਂ ਕਈ ਵਾਰ ਆਖਿਆ ਸੀ ਮੈਨੂੰ – ‘ਛੱਡੋ ਪਰ੍ਹਾਂ ਸਰ , ਏਨਾਂ ਪੜ੍ਹ-ਲਿਖ ਕੇ ਵੀ ਤੁਸੀਂ ਜਾਤ-ਜੰਜਾਲ ‘ਚ ਫਸੇ ਬੈਠੇ ਓ ...। ਬਹੁਤ ਬੁਰੀ ਗੱਲ ਆ ਏਹ । ਤੋੜੋ ਪਰ੍ਹਾਂ ਇਸ ਨੂੰ ਤੇ ਮੁਆਫੀ ਦਿਉ ਇਸ ਮੁੰਡੇ ਨੂੰ । ....ਇਹ ਮੈਂ ਹੀ ਸਾਂ ਜਿਹੜਾ ਉਸ ਦੇ ਆਖੇ ਵੀ ਜਾਤ-ਜੰਜਾਲ ਨੂੰ ਤੋੜ ਕੇ ਰੋਲ ਨੰਬਰ ਬਾਰਾਂ ਨੂੰ ਮੁਆਫ਼ ਨਹੀਂ ਸੀ ਕਰ ਸਕਿਆ ।
ਪਰ ਹੁਣ ....ਹੁਣ ਕੁਝ ਵੀ ਨਹੀਂ ਸੀ ਹੋ ਸਕਦਾ । ਇਕ ਸੁੱਚੇ ਅਖਾਣ ਦੀ ਭਾਵਨਾ ਵਾਂਗ ਗੁਰਪਾਲ ਸਿੰਘ ਪਾਲ ਦੇ ਖੇਤ ਵਿਚੋਂ , ਬਾਜਰੇ ਦਾ ਇਕ-ਇਕ ਦਾਣਾ ਤਕ ਚਿੜੀਆਂ ਛਾਰਕਾਂ ਚੁੱਗ ਗਈਆਂ ਸਨ ,ਹੁਣ ਤੱਕ ।
ਆਪਦੇ ਚਿਹਰੇ ‘ਤੇ ਪੂਰੀ ਤਰ੍ਹਾਂ ਗੱਡ ਹੋਈ ਮੇਰੀ ਨਿਗਾਹ ਨੂੰ ਭਰਵਾਂ ਹੁੰਗਾਰਾਂ ਸਮਝ ਕੇ ਉਸਨੇ ਆਪਣੇ ਆਪ ਤੋਰੀ ਕਥਾ ਵਿਥਿਆ , ਥੋੜ੍ਹਾ ਕੁ ਅਟਕ ਕੇ ਫਿਰ ਅੱਗੇ ਤੋਰ ਲਈ ....” ਪਹਿਲਾਂ ਮੈਂ ਸੋਚਿਆ , ਕਾਲੇ –ਸੇਠਾਂ ਦੀ ਡਰੈਵਰੀ ਈ ਛੱਡ ਦਿਆਂ , ਹੋਰ ਥਾਂ ਕਿਤੇ ਲੱਭ ਲਾਂ । ਮੈਥੋਂ ਨਈਂ ਦੇਖ ਹੁੰਦਾ ਰੋਜ਼-ਰੋਜ਼ ਦਾ ਗੰਦ-ਗੁਬਾਰ ।...ਫੇਰ ਸੋਚਿਆ , ਹੋਰ ਕੇੜ੍ਹੇ ਦੁੱਧ ਧੋਤੇ ਮਿਲਣੇ ਆਂ । ਉਹ ਵੀ ਐਹੋ ਜਿਹੇ ਹੋਣੇ ਆਂ ਇਹਨਾਂ ਵਰਗੇ । ਜਿਹੋ ਜਿਹੀ ਚਾਲ ਇਹਨਾਂ ਦੀ ਉਹੋ ਜਿਹੀ ਉਨ੍ਹਾਂ ਦੀ ਹੋਣੀ ਆਂ । ...ਊਂ ਸੱਚੀ ਗੱਲ ਆ ਬਾਊ ਜੀ ਈ , ਮੀਨ੍ਹਾ ਖੰਭ ਲਾਇਆ ਵੀ ਅੰਬਰਸਰੀਆਂ ਦੇ । ਐਧਰੋਂ ਲੁਕ-ਲੁਕਾ ਕੇ , ਬਮਾਰ –ਠਮਾਰ ਹੋਣ ਦਾ ਬਹਾਨਾ ਮਾਰ ਕੇ ।ਪਰ ਉਹ ਗਿੱਠ-ਮੁਠੀਏ ਜਿਹੇ ਭਾਪੇ ਸੌਹਰੀ ਦੇ ਨਿਰੇ ਈ ਚੋਰ । ਨਾਲੇ ਚੋਰ ਨਾਲੇ ਚਤਰ । ਮੂੰਹ ਦੇ ਜਿੰਨੇ ਮਿੱਠੇ , ਅੰਦਰੋਂ ਓਨੇ ਛੁਰੀ ਮਾਰ , ਅੰਦਰ ਸੜੀਏ । ਅੱਧੇ ਮਹੀਨੇ ਦੀ ਤਨਖਾਹ ਊਂਈ ਦੱਬ ਗਏ ।ਅਖੇ ਤੂੰ ਪੁੱਜਦਾ ਨਈਂ ਰਿਹਾ ਟੈਮ ਸਿਰ ਸਕੂਲੇ ਛੁੱਟੀ ਵੇਲੇ , ਬੱਚੇ ਲੈਣ । ਮੈਂ ਕਿਹਾ ਮਨਾਂ ਕਿਥੇ ਆ ਫਸਿਆ । ਛੱਡ ਇਹਨਾਂ ਨੂੰ ,ਚੱਲ ਓਸੇ ਈ ਟਿਕਾਣੇ । ਏਥੇ ਹੋਰ ਨਈਂ ਤਾਂ ਉਹੋ ਜਿਹੀ ਬੱਕ-ਬੱਕ ਤਾਂ ਕੋਈ ਨਈਂ ਕਰਦਾ । ਏਥੇ ਰੂਹ ਵੀ ਸਾਲੀ ਬਾਹਲੀ ਰਲੀਓ ਆਪੋ ਵਿਚਦੀ । ਸੌਹਰੀ ਦੀਆਂ ਗੁਪਤੀਆਂ ਮੋਹ ਵੀ ਬੜਾ ਕਰਦੀਆਂ ਆਪਣੇ ਨਾ । ਉਂਝ ਤਾਂ ਹੋਰ ਵੀ ਡਰੈਵਰ ਆ ਕਿੰਨੇ ਸਾਰੇ , ਪਰ ਕਾਰ-ਡਰੈਵਰੀ ਮੈਤੋਂ ਈ ਸਿੱਖੀ ਆ ਸਭ ਨੇ । ਦੂਰ-ਪਾਰ ਜਾਣਾ ਹੋਵੇ ਤਾਂ ਵੀ ਮੇਰੇ ਨਾਲ । ...ਧਰਮ ਨਾ “ ਪਹਿਲੇ ਤੋੜ ਦਾ ਨਸ਼ਾ ਰਹਿੰਦਾ ਉਨ੍ਹਾਂ ਨਾਲ ਜੁੜ ਕੇ ਬੈਠੇ ਨੂੰ । “
ਘੜੀ ਪਲ ਪਹਿਲਾਂ ਗਹਿਰ –ਗੰਭੀਰ ਦਿਸਦਾ ਪਾਲਾ ਸਿੰਘ ਦਾ ਚਿਹਰਾ ਹੁਣ ਅੱਛੀ ਖਾਸੀ ਲਿਸ਼ਕ ਮਾਰਨ ਲੱਗ ਪਿਆ ਸੀ । ਉਸਦੀਆਂ ਰੁੱਖੀਆਂ –ਮਿੱਸੀਆਂ ਅੱਖਾਂ ਅੰਦਰ ਕਿੰਨੀ ਸਾਰੀ ਚਮਕ ਭਰ ਗਈ ਸੀ ।
ਇਹੋ ਜਿਹੀ ਲਿਸ਼ਕ ਚਮਕ ਮੇਰੇ ਚਿਹਰੇ , ਮੇਰੀਆਂ ਅੱਖਾਂ ਅੰਦਰ ਵੀ ਛਾਈ ਰਹਿੰਦੀ ਸੀ । ਮਿਸ ਗੁਪਤਾ ਨੂੰ ਮਿਲਦਿਆਂ , ਉਸ ਨਾਲ ਬੈਠਦਿਆਂ-ਉਠਦਿਆਂ । ਮਨ-ਚਿੱਤ ਹਲਕਾ-ਫੁਲਕਾ , ਬਾਗੋ-ਬਾਗ ਹੋਇਆ ਰਹਿੰਦਾ ਸੀ । ਉਸ ਨਾਲ ਘੁੰਮਦਿਆਂ-ਫਿਰਦਿਆਂ । ਮੈਂ ਜਿਵੇਂ ਹਵਾ ਵਿਚ ਤਾਰੀਆਂ ਲਾਉਂਦਾ , ਨੀਲੇ ਆਕਾਸ਼ ਦੀਆਂ ਧੁਰ ਡੂੰਘਾਈਆਂ ‘ਚ ਉੱਡਦਾ ਮਹਿਸੂਸ ਕਰਦਾਂ ਸਾਂ । ਪਰ, ਹੁਣ ਉਹੀ ਲਿਸ਼ਕ , ਓਸੇ ਤਰ੍ਹਾਂ ਦੀ ਚਮਕ ਪਾਲਾ ਸਿੰਘ ਦੀਆਂ ਅੱਖਾਂ ‘ਚ ਤਰਦੀ ਦੇਖ ਮੈਨੂੰ ਢੇਰ ਸਾਰਾ ਭੈਅ ਆਉਣ ਲੱਗ ਪਿਆ । ...ਮੈਨੂੰ ਲੱਗਾ ਉਸਦੀਆਂ ਲਿਸ਼ਕ-ਚਮਕ ਕੜਕਦੀ ਅਸਮਾਨੀ ਬਿਜਲੀ ਬਣ ਕੇ ਮੇਰੇ ਉੱਪਰ ਡਿੱਗੀ ਕਿ ਡਿੱਗੀ । ਉਸਦੇ ਚਾਲ-ਚਲਣ ਨੂੰ ਭੈੜਾ ਲਿਖਣ ਵਾਲੇ ਹੱਥਾਂ ਨੂੰ , ਉਸਦੇ ਭਵਿੱਖ ਨੂੰ ਤਬਾਹ ਕਰਨ ਵਾਲੀ ਜ਼ਿੱਦ ਨੂੰ ਸਜ਼ਾ ਮਿਲੀ ਕਿ ਮਿਲੀ । ਉਸ ਵੱਲੋਂ ਕੀਤੀ ਜਾਣ ਵਾਲੀ ਕਾਰਵਾਈ ਤੋਂ ਬਚਾ ਕਰਨ ਕੇ ਇਰਾਦੇ ਨਾਲ ,ਮੈਂ ਆਪਣੇ ਅੰਦਰਲੇ ਕਾਂਬੇ ਨੂੰ ਥੋੜ੍ਹਾ ਕੁ ਕਾਬੂ ਕਰਦਿਆਂ , ਗੁਰਪਾਲ ਸਿੰਘ ਪਾਲ ਨੂੰ ਕਹਿਣਾ ਚਾਹਿਆ –ਮੈਨੂੰ ਐਥੇ ਈ ਉਤਾਰ ਦਿਉ ਡਰੈਵਰ ਸਾਬ੍ਹ , ਬੱਸ ਲਾਗੇ ਹੀ ਆ ਪਿੰਡ ਫਤ੍ਹੇਪੁਰ ਚੜ੍ਹਦੇ ਬੰਨੇ । ਪਰ ਪਿੰਡ ਤਾਂ ਅਜੇ ਕਰੀਬ ਦਸ ਕਿਲੋਮੀਟਰ ਹੋਰ ਅਗਾਂਹ ਸੀ ਮੇਰਾ ।
ਹੁਣੇ ਹੁਣ ਨਿਕਲੇ ਉਡੀਕ ਚੱਕਰ ‘ਚ ਮੁੜ ਕੇ ਫਸ ਜਾਣ ਦੇ ਡਰ ਤੋਂ ਡਰਦੇ ਦੀ ਮੇਰੀ ਰੋਲ ਨੰਬਰ ਬਾਰਾਂ ਨੂੰ ਇਉਂ ਕਹਿਣ ਦੀ ਹਿੰਮਤ ਵੀ ਨਾ ਪਈ ।
ਡੌਰ-ਭੌਰ ਹੋਇਆ ਮੈਂ ਕਦੀ ਸਾਹਮਣੇ ਦੂਰ ਤੱਕ ਪੱਕੀ ਸੜਕ ਵੱਲ ਦੇਖ ਲੈਂਦਾ , ਕਦੀ ਉਸਦੇ ਪਲੋ-ਪਲੀ ਰੰਗ ਬਦਲਦੇ ਚਿਹਰੇ ਵੱਲ ।
ਉਸਦੇ ਮੂੰਹ-ਮੱਥੇ ‘ਤੇ ਘੜੀ ਪਲ ਪਹਿਲਾਂ ਪਸਰਿਆਂ ਜਲ-ਜਲੌਅ ਫਿਰ ਕਿਧਰੇ ਓਝਲ ਹੋ ਗਿਆ ਇਕਦਮ । ਉਸਦਾ ਰੁੱਖਾ-ਮਿੱਸਾ ਚਿਹਰਾ ਹੋਰ ਵੀ ਖ਼ਰ੍ਹਵਾ ਲੱਗਣ ਲੱਗ ਪਿਆ । ਹੌਲੀ ਕੀਤੇ ਟਰੱਕ ਨੂੰ ਕੱਚੀ ਥਾਂ ਰੋਕ ਕੇ ਉਸਨੇ ਝੱਟ ਦੇਣੀ ਤਾਕੀਉਂ ਬਾਹਰ ਛਾਲ ਕੱਢ ਮਾਰੀ । ਮੇਰੇ ਅੰਦਰਲੇ ਡਰ-ਸਹਿਮ ਨੇ ਮੇਰੇ ਖੂਨ ਦੀ ਗਰਦਿਸ਼ ਥਾਏਂ ਰੋਕ ਦਿੱਤੀ । ਮੈਨੂੰ ਲੱਗਾ –ਰੋਲ ਨੰਬਰ ਬਾਰਾਂ ਨੇ ਮੈਨੂੰ ਟਰੱਕ ਕੈਬਿਨ ‘ਚ ਧੂਹ ਕੇ ਹੇਠਾਂ ਖਿੱਚ ਲਿਆ ਹੈ । ਪੱਕੀ ਸੜਕ ਦੇ ਐਨ ਵਿਚਕਾਰ ਖੜਾ ਕਰਕੇ ਪਹਿਲਾਂ ਮੇਰੇ ਤਨ ਦੇ ਸਾਰੇ ਕੱਪੜੇ ਉਤਾਰ ਦਿੱਤੇ ਹਨ , ਫਿਰ ਜ਼ੋਰਦਾਰ ਧੱਕਾ ਦੇ ਕੇ ਕੱਚੀ ਲੀਹ ਤੇ ਸੁੱਟ ਲਿਆ ਹੈ । ਮੇਰੇ ਗਲ਼ ਪਏ ਜਨੇਊ ਦਾ ਖੁੰਡ-ਗਲਾਵਾਂ ਮੇਰੀ ਧੋਣ ਨੂੰ ਮਾਰ ਕੇ ਉਹ ਮੈਨੂੰ ਕੱਚਿਉਂ ਪੱਕੀ ਵੱਲ ਨੂੰ ਪੱਕੀਉਂ ਕੱਚੇ ਵੱਲ ਨੂੰ ਖਿੱਚ ਰਿਹਾ ਹੈ ਤੇ ਮੈਂ ....ਮੈਂ ਆਪਣੇ ਢਿੱਲੇ-ਪਿੱਲੇ ਸਰੀਰ ਤੇ ਲਗਦੀਆਂ ਬਗੜਾਂ-ਸੱਟਾਂ ਦੀ ਪੀੜ ਨੂੰ ਦੜ ਵੱਟ ਕੇ ਸਹੀ ਜਾ ਰਿਹਾ ਹਾਂ , ਚੁੱਪ-ਚਾਪ । “...ਏ ਬਾਊ ਜੀਈ , ਬਾਊ ਜੀਈ ...ਕੀ ਗੱਲ ਆ ਨੀਂਦ ਆ ਗਈ , ਹਿਲਦੇ ਬੋਲਦੇ ਈ ਨਈਂ ...ਮੈਂ ਐਨੀਆਂ ‘ਵਾਜਾਂ ਮਾਰੀਆਂ । “ ਖੁੱਲ੍ਹੀ ਤਾਕੀ ਵੱਲੋਂ ਅੰਦਰ ਆਏ ਕਲੀਨਰ ਮੁੰਡੂ ਨੇ ਮੇਰਾ ਮੋਢਾ ਹਿਲੂਣਦਿਆਂ , ਮੇਰੀ ਗੁੰਮੀਂ-ਗੁਆਚੀ ਸੁਰਤੀ ਕਿਧਰੋਂ ਦੂਰੋਂ-ਪਾਰੋਂ ਲੱਭ ਲਿਆਂਦੀ । “ ਉਸਤਾਦ ‘ਵਾਜ਼ਾਂ ਮਾਰਦਾ , ਔਹ ਸਾਹਮਣੇ .....ਚਾਹ ਪੀ ਲਊ ...।“
ਮੇਰੀ ਨਾਂਹ ਦਾ ਉੱਤਰ , ਉੱਚੀ ਆਵਾਜ਼ ਨਾਲ ਮੁੰਡੂ ਨੇ ਰੋਲ ਨੰਬਰ ਬਾਰਾਂ ਤੱਕ ਅੱਪੜਦਾ ਕਰ ਦਿੱਤਾ ਸੜਕੋਂ ਪਾਰ । ਮੋਟੇ ਭਾਰੇ ਸਫੈਦੇ ਦੀ ਚਿੱਤਰਕਬਰੀ ਛਾਂ ਹੇਠਾਂ ਖੜੇ ਖੜੇ ਨੇ ਚਾਹ ਪੀਂਦੇ ਨੇ ਉਸਨੇ , ਖੋਖੇ ‘ਤੇ ਬੈਠੀ ਥੱਕੀ-ਹਾਰੀ ਅੱਧਖੜ ਇਸਤਰੀ ਨਾਲ ਪੰਜ-ਸੱਤ ਮਿੰਟ ਕੋਈ ਬਾਤ-ਚਾਤ ਕੀਤੀ ,ਫਿਰ ਮੁੜਦੇ ਪੈਰੀਂ ਉਹ ਸਟੇਰਿੰਗ ਸੀਟ ‘ਤੇ ਆ ਬੈਠਾ ।
ਘੜੀ-ਦੋ ਘੜੀਆਂ ਰੋਕੀ ਗੱਡੀ ਉਸਦੇ ਫਿਰ ਪਹਿਲੀ ਚਾਲੇ ਦੌੜਦੀ ਕਰ ਲਈ ।
“ ਏਨੂੰ ਜਾਣਦਾ ਆਂ ਬਾਊ , ਏਹ ਤੁਹਾਡੇ ਈ ਐਨ੍ਹਾਂ ਪਿੰਡਾਂ ‘ਚੋਂ ਕਿਸੇ ਪਿੰਡ ਦੀ ਆ । ਏਦ੍ਹੀ ਬਾਰਾਂ ਚੌਦਾਂ ਸਾਲ ਦੀ ਧੀ ਪਰੂੰ-ਪਰਾਰ ਕਿਸੇ ਗੱਡੀ ਆਲੇ ਨੇ ਚੜ੍ਹਾ ਲਈ । ਅਜੇ ਤੱਕ ਕੋਈ ਉੱਘ-ਸੁੱਘ ਨਹੀਂ ਲੱਗੀ । ਚੰਗਾ-ਭਲਾ ਕੰਮ ਚਲਦਾ ਸੀ ਏਦਾ ਚਾਹ-ਖੋਖੇ ਦਾ , ਉਹ ਵੀ ਜਾਂਦਾ ਲੱਗਾ । ਬੰਦਾ ਏਦਾਂ ਊਈਂ ਕਿਸੇ ਕੰਮ ਦਾ ਨਈਂ ਅਮਲੀ ਜਿਆ । ਆਪ ਏਹ ਜਾਣ ਜੋਗੀ ਨਈਂ ਕਿਧਰੇ , ਲੰਗੜੀ ਆ ਇਕ ਲੱਤੋਂ ।ਬੱਸ ਹਮਾਂ-ਤੁਮਾਂ ਨੂੰ ਆਖ ਛੱਡਦੀ ਆ – ਵੇ ਬੱਚਿਓ , ਵੇ ਪੁੱਤੋ...ਮੇਰੀ ਧੀ ਰਾਣੀ ਨੂੰ ਕਿਤੋਂ ਲੱਭ ਲਿਆਓ ਵੇ , ਜੀਣ ਜੋਗਿਓ ...। ਮੈਂ ਜ਼ਿੰਦਗੀ ਭਰ ਸੀਸਾਂ ਦੇਊ ਵੇ ਤੁਆਨੂੰ ਸ਼ੇਰ ਬੱਚਿਆਂ ਨੂੰ ....।
ਮੇਰੀ ਜਿਵੇਂ ਇਕ-ਦਮ ਜਾਗ ਖੁੱਲ੍ਹ ਗਈ ਹੋਵੇ । ਮੇਰੇ ਕੰਨਾਂ ‘ਚ ਗੂੰਜਦੇ ਬੋਲ ਮੇਰੇ ਸੱਜੇ ਹੱਥ ਬੈਠੇ ਟਰੱਕ ਚਾਲਕ ਦੇ ਸਨ ਜਾਂ ਚਾਹ ਵਾਲੇ ਖੋਖੇ ‘ਤੇ ਬੈਠੀ ਇਸਤਰੀ ਦੇ , ਪਲ ਦੀ ਪਲ ਮੈਨੂੰ ਸਮਝ ਨਹੀਂ ਲੱਗੀ । ਆਪਣੇ ਅੰਦਰ ਬਾਹਰ ਪੱਸਰੇ ਡਰ-ਭੈਅ ‘ਚੋਂ ਆਪਣਾ ਆਪ ਬਾਹਰ ਧੂਹ ਕੇ ਮੈਂ ਪਾਲਾ ਸਿੰਘ ਵੱਲ ਨੂੰ ਧਿਆਨ ਨਾਲ ਦੇਖਿਆ । ਉਸਦਾ ਸਾਰਾ ਵਜੂਦ ਕਿਸੇ ਇਕ ਬਿੰਦੂ ‘ਤੇ ਸਥਿਰ ਹੋਇਆ ਪਿਆ ਸੀ । ਖੋਖੇ ਵਾਲੀ ਇਸਤਰੀ ਦੀ ਕੁੱਲ ਵੇਦਨਾ ਉਸਦੇ ਆਪਣੇ ਚਿਹਰੇ ‘ਤੇ ਚਿਪਕ ਗਈ ਸੀ । ਸਾਹਮਣੇ , ਪੱਕੀ ਪਟੜੀ ਉੱਤੇ ਟਿਕੀਆਂ ਅੱਖਾਂ ਖਾਰੇ ਪਾਣੀ ਨਾਲ ਤਰ ਹੋ ਗਈਆਂ ਸਨ ।
ਬੇ-ਹੱਦ ਟਿਕਵੀਂ ਗਤੀ ਨਾਲ ਦੌੜਦੇ ਟਰੱਕ ਦੇ ਡੈਸ਼-ਬੋਰਡ ‘ਤੇ ਪਿਆ ਧਾਰੀਦਾਰ ਪਰਨਾ ਚੁੱਕ ਕੇ ਪਾਲਾ ਸਿੰਘ ਨੇ ਪਹਿਲਾਂ ਮੂੰਹ-ਚਿਹਰੇ ‘ਤੇ ਫੇਰਿਆਂ , ਫਿਰ ਪਲਕਾਂ ‘ਚੋਂ ਡਿਗੂੰ-ਡਿਗੂੰ ਕਰਦੇ ਅੱਥਰੂ ਸਾਫ਼ ਕੀਤੇ ।
ਉਸਦੀ ਇਸ ਅਵਸਥਾ ਨੇ ਮੈਨੂੰ ਉਸ ਤੋਂ ਥੋੜ੍ਹੀ ਕੁ ਦੇਰ ਪਹਿਲਾਂ ਆਏ ਡਰ-ਭੈਅ ਤੋਂ ਮੁਕਤ ਕਰ ਦਿੱਤਾ । ਮੈਂ ਆਪਣੇ ਆਪ ਨੂੰ ਸਾਧਾਰਨ ਕਿਸਮ ਦਾ ਦੋਸ਼ੀ ਨਹੀਂ ਵੱਡਾ ਕਸੂਰਵਾਰ ਸਮਝਣ ਲੱਗ ਪਿਆ , ਉਸਨੂੰ ਗੁਰਪਾਲ ਸਿੰਘ ਪਾਲ ਦੀ ਸੰਗਿਆ ਦੇ ਕੇ । ਮੈਨੂੰ ਪੱਕ-ਠੱਕ ਨਿਸਚਾ ਹੋ ਗਿਆ ਸੀ , ਉਹ ਰੋਲ ਨੰਬਰ ਬਾਰਾਂ ਨਹੀਂ ਹੈ । ਉਹ ...ਉਸਨੇ ਤਾਂ ਕਾਲਜੋਂ ਨਿਕਲ ਕੇ ਨੱਕ ‘ਚ ਦਮ ਕਰ ਰੱਖਿਆ ਸੀ ਮੇਰਾ । ਮੇਰੇ ਟੱਬਰ –ਟੀਰ ਦਾ , ਬਾਲ –ਬੱਚੇ ਦਾ । ਉਸ ਅੰਦਰਲੀ ਸ਼ਰਾਫ਼ਤ, ਆਗਿਆਕਾਰਤਾ ਕਿਧਰੇ ਪਰ ਲਾ ਕੇ ਉੱਡ ਗਈ ਸੀ । ਗੇਟੋਂ ਬਾਹਰ ਨਿਕਲਦੇ ਨੇ ਪਹਿਲੇ ਦਿਨ ਹੀ ਜ਼ੋਰਦਾਰ ਤੜੀ ਦਿੱਤੀ ਸੀ ਮੈਨੂੰ- “ ਓਏ ਸਾਲਿਆ ਸ਼ਰਮਿਆਂ ਦਿਆਂ ,ਹੁਣ ਦੇਖੀਂ ਰਮਦਾਸੀਏ ਚਮਾਰ ਦੇ ਹੱਥ ...।‘ ਅੱਗੋਂ ਇਸ ਤੋਂ ਵੀ ਮੋਟੀ ਭਾਰੀ ਵਲਾਂਵੇਂਦਾਰ ਗਾਲ੍ਹ ਕੱਢ ਕੇ ਉਸਨੇ ਹੋਰ ਵੀ ਖ਼ਤਰਨਾਕ ਬੋਲ ਬੋਲੇ ਸਨ , ਜਿਹੜੇ ਮੇਰੀ ਜ਼ੁਬਾਨ ‘ਤੇ ਕਿਸੇ ਵੀ ਤਰ੍ਹਾਂ ਨਹੀਂ ਸੀ ਚੜ੍ਹ ਸਕੇ , ਸ਼ਿਕਾਇਤ ਕਰਦਿਆਂ ਵੀ ਨਹੀਂ ।ਇਹ ਬੋਲ ਉਸਨੇ ਮੂੰਹ ਜ਼ਬਾਨੀ ਤੱਕ ਸੀਮਤ ਨਹੀਂ ਸੀ ਰੱਖੇ । ...ਵੱਡੀ ਕੁੜੀ ਪਿੰਕੀ ਨਿੱਤ ਨਵੇਂ ਕੋਈ ਨਾ ਕੋਈ ਸ਼ਿਕਾਇਤ ਲੈ ਬੈਠਦੀ – ‘ ਫ਼ਲਾਨੇ ਥਾਂ ਰੋਲ ਨੰਬਰ ਬਾਰਾਂ ਨੇ ਮੈਨੂੰ ਆਹ ਕਿਹਾ , ਔਂਕੜੀ ਥਾਂ ਆਹ ਕੀਤਾ । ‘ ਉਸਦੇ ਉਜੱਡਪੁਣੇ ਤੋਂ ਤੰਗ ਆਏ ਨੇ ਮੈਂ ਉਸਦੀ ਦੋ ਕੁ ਵਾਰ ‘ਸੇਵਾ ‘ ਵੀ ਕਰਵਾਈ । ਪੁਲਿਸ ‘ਤੇ ਆਪਣਾ ਅਸਰ ਰਸੂਖ ਵਰਤ ਕੇ , ਵਾਈਸਸ਼ਿਪ ਵਾਲਾ । ਪਰ ਉਹ ਸਿੱਧਾ ਹੋਣ ਦੀ ਥਾਂ ਹੋਰ ਵਿੰਗਾ ਹੁੰਦਾ ਗਿਆ । ਇਕਦਮ ਅਵਾਰਾ ।
ਕਿਥੇ ਉਹ ਗੁਰਪਾਲ ਸਿੰਘ , ਕਿਥੇ ਆਹ ਪਾਲਾ ਸਿੰਘ । ਆਹ ਏਨੀ ਪਿਆਰੀ ਰੂਹ । ਹਰ ਜਾਣ-ਅਣਜਾਣ ,ਗ਼ਰੀਬ-ਗੁਰਬੇ ਦੇ ਔਖ-ਮੁਸ਼ਕਿਲ ਨੂੰ , ਦੁੱਖ-ਦਰਦ ਨੂੰ ਆਪਣਾ ਦੁੱਖ-ਦਰਦ ਮਿੱਥ ਲੈਣ ਵਾਲਾ ਨੇਕ-ਦਿਲ ਨੌਜਵਾਨ । ...ਚਾਹ ਵਾਲੇ ਖੋਖੇ ‘ਤੇ ਬੈਠੀ ਇਸਤਰੀ ਦੀ ਪੀੜ-ਵੇਦਨਾ , ਹੁਣ ਤੱਕ ਉਸਦੇ ਸਾਰੇ ਦੇ ਸਾਰੇ ਵਜੂਦ ਨੂੰ ਜ਼ਖ਼ਮੀ ਕਰ ਗਈ ਸੀ । ਉਸਦੀਆਂ ਮੋਟੀਂਆਂ ਅੱਖਾਂ ਅੰਦਰ ਵਗਦੇ ਪਾਣੀ ਦਾ ਵਹਾ ਹੋ ਵੀ ਭਰਵਾਂ ਹੋ ਗਿਆ ।
ਇਕ ਵਾਰ ਫਿਰ ਉਸ ਨੇ ਉਸ ਪਰਨੇ ਨਾਲ ਪਹਿਲੀ ਕਿਰਿਆ ਦੁਹਰਾਈ ।
ਮੈਨੂੰ ਲੱਗਾ ਇਹ ਪਾਲਾ ਸਿੰਘ ਡਰਾਇਵਰ ਨਹੀਂ ,ਮੈਂ ਆਪਣੀਆਂ ਅੱਖਾਂ ‘ਚੋਂ ਟਪਕ ਆਏ ਅੱਥਰੂ ,ਉਸਦੇ ਧਾਰੀਦਾਰ ਪਰਨੇ ਨਾਲ਼ ਸਾਫ਼ ਕਰ ਰਿਹਾ ਹਾਂ । ਮੈਂ ਪ੍ਰੋਫੈਸਰ ਸ਼ਰਮਾ । ਵਾਈਸ ਪ੍ਰਿੰਸੀਪਲ ਡੀ.ਏ.ਵੀ. ਡਿਗਰੀ ਕਾਲਜ ।
ਇਸ ਵਾਈਪਸ਼ਿਪ ਨੇ ਹੀ ਮੇਰੀ ਇਹ ਬਾਬ ਕੀਤੀ ਸੀ । ਇਕ ਤਰ੍ਹਾਂ ਨੀਵੇਂ ਲਾਹ ਛੱਡਿਆ ਸੀ ਮੈਨੂੰ ਪੈਰ-ਦਰ-ਪੈਰ ਉੱਪਰ ਵੱਲ ਨੂੰ ਚੜ੍ਹਦੇ ਨੂੰ । ...ਪਿੰਡ ਕਈ ਜਣੇ ਸਾਂ ਅਸੀਂ ਅਧਿਆਪਕੀ ਕਿੱਤੇ ਨਾਲ਼ ਸੰਬੰਧਤ । ਪਰ , ਸਾਰੇ ਦੇ ਸਾਰੇ ਸਕੂਲ ਟੀਚਰ । ਬਹੁਤੇ ਜੇ.ਬੀ.ਟੀ. ਕੋਈ ਕੋਈ ਬੀ.ਐਡ. । ਕਾਲਜ ਪ੍ਰੋਫੈਸਰ ਮੈਂ ਹੀ ਸਾਂ ਇਕੱਲਾ , ਐੱਮ.ਏ.ਐੱਮ. ਫਿੱਲ । ਪਿੰਡ ਦੇ ਅਨਪੜ੍ਹਾਂ ਸਮੇਤ ਪੜ੍ਹੇ ਅੱਧ-ਪੜ੍ਹੇ ਲੋਕ ਮੈਨੂੰ ਵੀ ਮਾਸਟਰ ਹੀ ਸਮਝਦੇ । ਮਾਸਟਰ ਹੀ ਕਹਿ ਕੇ ਬੁਲਾਉਂਦੇ , ‘ਵਾਜ ਮਾਰਦੇ । ਸੱਚੀ ਗੱਲ ਐ ਆਪਣੇ ਤੋਂ ਉਹਨਾਂ ਦੀ ਬੋਲਚਾਲ ,ਗੱਲਬਾਤ ਬਰਦਾਸ਼ਤ ਹੋਣੋਂ ਹਟ ਗਈ । ਖਾਸ ਕਰ ਓਦੋਂ ਜਦੋਂ ਨੰਬਰ ਦੋ ਬਣਿਆ ਸੀ ਮੈਂ ,ਸੈਕਿੰਡ-ਇੰਚਾਰਜ ।
ਕਾਲਜ ਅੰਦਰ ਸਰ-ਜੀ , ਸਰ – ਜੀ ਹੁੰਦੀ , ਪਿੰਡ ਪੁੱਜਦਾ ਤਾਂ ਫਿਰ ‘ ਮਾਹਟਰ ਦਾ ਮਾਹਟਰ ‘ ।
ਆਪਣੇ ਅਹੁਦੇ ਦੀ ਇੱਜ਼ਤ-ਆਬਰੂ ਸਾਂਭ ਰੱਖਣ ਲਈ ਆਖਿਰ ਮੈਂ ਪਿੰਡ ਹੀ ਛੱਡ ਦਿੱਤਾ । ਸ਼ਹਿਰ ਜਾ ਪੁੱਜਾ ਸੀ ,ਜਲੰਧਰ । ਥੋੜ੍ਹਾ ਕੁ ਚਿਰ ਕਰਾਏ ਤੇ ਰਿਹਾ , ਫਿਰ ਨਵੀਂ ਨਿਕੋਰ ਕੋਠੀ ਖ਼ਰੀਦ ਲਈ , ਮਾਡਲ-ਗਰਾਮ ‘ਚ ਪੋਸ਼ ਇਲਾਕੇ ‘ਚ ।
ਆਲੇ-ਦੁਆਲੇ ਰਹਿੰਦੇ –ਵਸਦੇ ਲੋਕ ਸਭ ਆਪਣੇ ਆਪਣੇ ਕਾਰ-ਕਿੱਤੇ ‘ਚ ਮੌਜ-ਮੇਲੇ ‘ਚ ਮਸਤ । ਨਾ ਕਿਸੇ ਦੀ ਨਿੰਦਿਆ-ਚੁਗਲੀ , ਨਾ ਭੰਡੀ-ਪ੍ਰਚਾਰ । ਇਕ ਦੂਜੇ ਦੇ ਕੰਮ-ਕਾਜ , ਮੇਲ-ਜੋਲ ‘ਚ ਕਿਸੇ ਦੀ ਕੋਈ ਦਖ਼ਲ-ਅੰਦਾਜ਼ੀ ਨਹੀਂ । ਸ਼ਹਿਰੋਂ , ਕਾਲਜ ਆਉਣ ਜਾਣ ਕਰਦਿਆਂ ਮਿਸ ਗੁਪਤਾ ਨਾਲ ਸਾਂਝ ਪੈ ਗਈ । ਉਹ ਹੋਰ ਵੀ ਅਗਲੇ ਸ਼ਹਿਰੋਂ ਆਉਂਦੀ ਸੀ ਫਗਵਾੜਿਉਂ । ਮੈਂ ਉਸਦੀ ਉਡੀਕ ਬੱਸ ਅੱਡੇ ‘ਤੇ ਖੜੋ ਕੇ ਕਰਦਾ । ਫਿਰ ਕਾਲਜ ਤਕ ਦਾ ਪੰਜਾਹ ਕਿਲੋਮੀਟਰ ਦਾ ਸਫ਼ਰ ਮੈਨੂੰ ਪੰਜ ਕਿਲੋਮੀਟਰ ਤੋਂ ਵੱਧ ਨਾ ਜਾਪਦਾ ।
ਰੰਗ ਭਾਵੇਂ ਗੂੜ੍ਹਾ ਪੱਕਾ ਸੀ ਉਸਦਾ ,ਪਰ ਨੈਣ –ਨਕਸ਼ ਤਿੱਖੇ ।ਸੁਭਾਅ ਦੀ ਚੁਲਬਲੀ । ਸਿਰੇ ਦੀ ਚੁਸਤ-ਫੁਸਤ । ਸਫ਼ਰ ਕਰਦਾ ਤਿੰਨ ਸ਼ੈਸ਼ਨ ਜਿਵੇਂ ਧੁਰ ਅਸਮਾਨੀਂ ਉਡਿਆ ਰਿਹਾ ।
ਹੁਣ ...ਹੁਣ ਉਹਨਾਂ ਹੀ ਅਸਮਾਨਾਂ ਤੋਂ ਹੇਠਾਂ ਪਟਾਕ ਕਰਕੇ ਡਿਗਿਆ ਮੈਂ ਮੁੜ ਪਿੰਡ ਪਰਤ ਆਇਆ ਸਾਂ । ਪਿੰਡ ਦੇ ਅੱਧੇ ਘਰ ‘ਚ । ਬੇ-ਬਸੀ , ਨਿਮੋਸ਼ੀ ਤੇ ਲਾਚਾਰਗੀ ਨਾਲ ਅੱਟੇ ਆਪਣੇ ਹਿੱਸੇ ਦੀ ਝਾੜ-ਪੂੰਝ ਕਰਦਾ ਮੈਂ ਕਦੀ ਹੁਬਕੀ ਰੋ ਲੈਂਦਾ , ਕਦੀ ਅੰਦਰੋਂ-ਅੰਦਰ ਨਪੀੜ ਹੋਇਆ ਤਰਲੋ-ਮੱਛੀ ਹੋਇਆ ਰਹਿੰਦਾ ।
ਇਹੋ ਹਾਲ ਮੇਰੀ ਪਤਨੀ ਸਮੇਤ ਛੋਟੀ ਬੇਟੀ ਦੀਪੀ ਦਾ ਸੀ । ਦੂਰ ਪਿਛਾਂਹ , ਵੱਡੇ ਸ਼ਹਿਰ ਰਹਿ ਗਈ ਵੱਡੀ ਕੁੜੀ ਪਿੰਕੀ ਦੇ ਕੋਰਟ-ਮੈਰਿਜ ਸਰਟੀਫਿਕੇਟ ਨੇ ਜਿਵੇਂ ਲੂੰ-ਲੂੰ ਪੱਛ ਕੇ ਰੱਖ ਦਿੱਤਾ ਸੀ , ਸਾਰੇ ਟੱਬਰ ਦਾ । ....ਕਿੰਨੀ ਭਾਰੀ ਨਿਮੋਸ਼ੀ ਝੱਲਣੀ ਪਈ ਸੀ ਮੈਨੂੰ , ਪ੍ਰੋਫੈਸਰ ਸ਼ਰਮਾ ਨੂੰ । ਖਾਨਦਾਨੀ ਪੰਡਿਤ-ਪ੍ਰੋਹਿਤ ਬਾਪ ਨੂੰ । ਜ਼ਿਲਾ ਜੱਜ ਸਾਹਮਣੇ । ਉਸਦੀ ਇਕੋ-ਇਕ ਘੁਰਕੀ ਨੇ ਜੁਬਾਨ ਬੰਦ ਕਰ ਦਿੱਤੀ ਸੀ ਮੇਰੀ – ‘ਏ ਮਿਸਟਰ , ਅਟੈਚਮੈਂਟ ਇਜ਼ ਅਬੱਵ ਐਵਰੀ ਥਿੰਗ , ਕਾਸਟ-ਕਰੀਡ ਐੱਡ ਰਿਲੀਜ਼ਨ । ਮਾਈਂਡ ਇਟ । ‘
ਖਿੰਡੀ –ਬਿਖਰੀ ਬਚਦੀ ਹਿੰਮਤ ਇਕੱਠੀ ਕਰਕੇ ਮੈਂ ਰਿਹਾ ਬਚਿਆ ਬਚਾ-ਪੱਖ ਫਿਰ ਪੇਸ਼ ਕੀਤਾ ਸੀ ਕੋਰਟ ‘ਚ – ‘ ਆਈ ਡੂ ਐਗਰੀ ਸਰ , ਬਟ ਮਾਈ ਕੰਨਸਰਨ ਇਜ਼ ਹਰ ਕੈਰੀਅਰ । ਸ਼ੀ ਇਜ਼ ਐਨ ਡਾਕਟਰ ਇੰਨ ਮੇਕਿੰਗ , ਐਂਡ ਹੀ ...ਹੀ ਇਜ਼ ਮੀਅਰ ਏ ਮਾਲੀ । ‘
‘ਡੋਂਟ ਬਓਦਰ ,ਦੇ ਆਰ ਅਡਲਟਸ ‘ ਆਖਦਿਆਂ ਜੱਜ ਨੇ ਭਾਵੇਂ ਆਪਣੀ ਵੱਲੋਂ ਕਿਸੇ ਸੰਭਾਵੀ ਸਭਿਅ-ਸਮਾਜ ਦੇ ਹੱਕ ‘ਚ ਫੈਸਲਾ ਦਿੱਤਾ ਹੋਵੇ , ਪਰ ਮੈਂ ...ਮੈਂ ਜੱਦੀ-ਪੁਸ਼ਤੀ ਬ੍ਰਾਹਮਣ, ਜਾਤ-ਗੋਤ ਦਾ ਸ਼ਰਮਾ , ਕਿਸੇ ਪਾਸੇ ਮੂੰਹ ਦੇਣ ਜੋਗਾ ਨਹੀਂ ਸੀ ਰਿਹਾ ।
ਪੋਸ਼ ਕਾਲੌਨੀ ਮਾਡਲ-ਗਰਾਮ ਸਮੇਤ ਸਾਰੇ ਸ਼ਹਿਰ ‘ਚ ਮਿੱਟੀ ਪਲੀਤ ਕਰ ਦਿੱਤੀ ਸੀ ਮੇਰੀ , ਪੋਸਟ-ਗਰੈਜੂਏਟ ਲੈਕਚਰਾਰ ਪਿੰਕੀ ਨੇ।
ਮਹਿੰਗੇ ਭਾਅ ਖ਼ਰੀਦੀ ਕੋਠੀ ਕੌਡੀਆਂ ਘੱਟੇ ਕਰਕੇ ਪਿੰਡ ਮੁੜੇ ਨੂੰ ਮੈਨੂੰ ਵੱਡੇ ਭਾਈ ਨੇ ਵੀ ਰਤਾ ਭਰ ਮੂੰਹ ਨਹੀਂ ਸੀ ਲਾਇਆ । ਮੈਂ ਅਛੂਤ ਹੋ ਗਿਆ ਸਾਂ ਉਸ ਲਈ , ਉਸਦੇ ਬਾਲ-ਬੱਚੇ ਲਈ ।
ਵਿਹੜਾ ਅੱਧ-ਵਿਚਕਾਰੋਂ ਚੀਰ ਕੇ ਉਸਨੇ ਕੰਧ ਮਾਰ ਲਈ । ਮੈਨੂੰ ਉਸਦੀ ਤਲਖ਼ ਬਾਣੀ ਕੰਧ ਉੱਪਰੋਂ ਦੀ ਹਰ – ਰੋਜ਼ ਸੁਣਦੀ । ਉਸਦਾ ਹਿਰਖ਼ ਸੀ – ‘ ਪਿੰਡ ਹੋਰ ਨਈਂ , ਤਾਂ ਗਲੀ-ਗੁਆਂਡ ਦੀ ਸ਼ਰਮ ਤਾਂ ਹੁੰਦੀ ਆ , ਕੋਈ ਕਿਸੇ ਨੂੰ ਉਲ੍ਹਾਮਾ ਦੇਣ ਜੋਗਾ ਤਾਂ ਬਣਦਾ ਈ ਨਾ ...। ‘ ਜਦ ਕੋਈ ਉਸਦਾ ਯਾਰ-ਬੇਲੀ ਉਸਦੀ ਹੱਟੀ ‘ਤੇ ਆ ਬੈਠਦਾ ਤਾਂ ਉਸਦੀ ਸੁਰ ਹੋਰ ਵੀ ਗੁਸੈਲੀ ਹੋ ਜਾਂਦੀ – ‘ਐਥੇ ਕਰਨ ਕੀ ਆ ਬੈਠਾ , ਕਾਲਾ ਮੂੰਹ ਲੈ ਕੇ , ਸਾਡੇ ਸਰ੍ਹਾਣੇ ...ਮਰ ਕਿਉਂ ਨਈਂ ਗਿਆ ਕਿਸੇ ਖੂਹ-ਖਾਤੇ ‘ਚ ਡਿੱਗ ਕੇ ......। ‘
ਤੇ ਸੱਚ –ਮੁੱਚ ਮੈਂ ਮਰਨ ਤੋਂ ਵੀ ਵੱਧ ਮਰਿਆ ਪਿਆ ਸਾਂ । ਖੂਹ-ਖਾਤੇ ਨਾਲੋਂ ਵੀ ਵੱਧ ਕਿਸੇ ਡੂੰਘੀ ਨਿਵਾਣ ਵਿਚ ਡਿਗਿਆ ਪਿਆ ਸਾਂ , ਪਿੰਕੀ ਕਾਰਨ । ਜਿਥੇ ਨਾ ਮੇਰਾ ਰੋਣ-ਧੋਣ ਸੁਣਾਈ ਦਿੰਦਾ ਸੀ ਕਿਸੇ ਨੂੰ , ਨਾ ਹਓਕੇ –ਹਾਵੇ ।
ਪਰ ਟਰੱਕ-ਚਾਲਕ ਪਾਲਾ ਸਿੰਘ ਨੇ ਤਾਂ ਜਿਵੇਂ ਮੇਰੇ ਅੰਦਰੋਂ ਨਿਕਲਿਆ ਹਰ ਗਰਮ ਸਾਹ , ਆਪਣੇ ਸਟੇਰਿੰਗ ਸਾਂਭਦੇ ਹੱਥਾਂ ਤੇ ਮਹਿਸੂਸ ਕਰ ਲਿਆ ਸੀ । ਮੇਰੀਆਂ ਅੱਖਾਂ ‘ਚ ਧਾਰ ਬਣ ਕੇ ਵਗੇ ਹੰਝੂ ਆਪਣੇ ਧਾਰੀਦਾਰ ਪਰਨੇ ‘ਤੇ ਬੋਚ ਲਏ ਸਨ ।
“ ਸ਼ਾਹਣੀ ਕੀ ਗੱਲ ਹੋਈ ਬਾਬੂ ਜੀਈ...ਤੁਹੀਂ ਤਾਂ ਰੋਟੀ ਜਾਨੇ ਓ ਕਿੰਨੇ ਚਿਰ ਤੋਂ । ਕਿਧਰੇ...ਕਿਧਰੇ ਤੁਆਡੇ ਨਾਲ ਵੀ ਹਭੀ-ਨਭੀ ਤਾਂ ਨਈਂ ਹੋ ਗਈ ਸ਼ਾਹਣੀ ਅਰਗੀ ਨਾਲੋਂ ਕਿਧਰੇ ਵੱਧ ਹੋਈ ਆ ਮੇਰੇ ਨਾਲ । ਮੇਰੀ ਪੀੜ-ਵੇਦਨਾ ,ਮੇਰਾ ਦੁੱਖ-ਦਰਦ ਸ਼ਾਹਣੀ ਨਾਲੋਂ ਕਈ ਗੁਣਾਂ ਵੱਧ ਡੂੰਘਾ ਐ ਪਾਲਾ ਸਿੰਆਂ ....।“ ਮੇਰੇ ਅੰਦਰਲਾ ਗੁੱਭ-ਗੁਭਾਰ ਇਕਦਮ ਮੇਰੀ ਜੀਭ ‘ਤੇ ਚੜ੍ਹ ਕੇ ਰੋਣ –ਹਾਕੇ ਬੋਲ ਬਣ ਉੱਤਰਿਆ । ਉਸਦੇ ਧਾਰੀਦਾਰ ਪਰਨੇ ਨਾਲ ਅੱਖਾਂ ਪੂੰਝ ਕੇ ਮੈਂ ਸਾਰਾ ਆਪਾ ਉਸ ਸਾਹਮਣੇ ਪਲਟ ਦੇਣਾ ਚਾਹਿਆ । ਪਰ ਮੇਰੇ ਵੱਲ ਤਾਂ ਉਸਦਾ ਰੱਤੀ ਭਰ ਵੀ ਧਿਆਨ ਨਹੀਂ ਸੀ ਰਿਹਾ । ਉਸਦਾ ਹੁਣੇ-ਹੁਣੇ ਬੁਝਿਆ ਦਿੱਸਦਾ ਚਿਹਰਾ , ਹੁਣੇ –ਹੁਣੇ ਭਖ਼ਣ ਲੱਗ ਪਿਆ ਸੀ । ਸ਼ਾਹਣੀ ਦੇ ਰੋਣ-ਧੋਣ ਦਾ ਦੁਹਰਾਓ ਕਰਦੇ ਬੈਠਵੇਂ ਜਿਹੇ ਬੋਲ , ਇਕਦਮ ਭੜਕ ਉੱਠੇ ਸਨ ।
ਆਪਣੇ ਪੇਸ਼ੇ ਦੇ ਸਾਰੇ ਬੰਦਿਆਂ ਨੂੰ ਉਸਨੇ ਇਕ ਭਰਵੀਂ ਜਿਹੀ ਗਾਲ੍ਹ ਕੱਢੀ – “ ਭੈਣ ....ਹਰਾਮਜ਼ਾਦੇ ਕੁੱਤੇ , ਗੁਪਤਿਆਂ-ਭਾਪਿਆਂ ਦੀ ਰੀਸ ਕਰਦੇ ਆ ,ਸਾਲੇ ਰਾਣੀ ਖਾਂ ਦੇ । ...ਪਤਾ ਲੱਗ ਜੇਏ ਸਈ ਮੈਨੂੰ ਕਿੰਨੇ ਮਾਂ ....ਆ , ਮੈ ਤਾਂ ਬਣਾ ਦਊਂ ਉਂਨੂੰ ਬੰਦੇ ਦਾ ਪੁੱਤ । ਪਹਿਲਾਂ ਸੌ ਮਾਰੂੰ ਜੁੱਤੀਆਂ ਗਿਣ ਕੇ , ਫੇਅਰ ਪੁੱਛੂੰ ਉਹਨੂੰ ਮਾਮੇ ਨੂੰ –ਏਨੂੰ ਮਾਂ ਨੂੰ ਤਾਂ ਰੰਨ ਬਣਾਈ ਐਧਰ ਬੈਠਾਂ , ਪਿੱਛੇ ਤੇਰੀ ਧੀ ਭੈਣ ਕਿਧਰੇ ਹੋਦਰੇ ਤੁਰੀ ਫਿਰੇ ਫੇਅਰ .....।“
ਪਾਲਾ ਸਿੰਘ ਦੀ ਰੁੱਖੀ –ਗੁਸੈਲੀ ਬੋਲ-ਬਾਣੀ ਮੈਨੂੰ ਅੰਦਰੋ-ਬਾਹਰੋ ਹੋਰ ਵੀ ਵਿੰਨ ਗਈ । ਮੈਨੂੰ ਲੱਗਾ , ਉਸਨੇ ਚਾਹ ਵਾਲੇ ਖੋਖੇ ‘ਤੇ ਬੈਠੀ ਇਸਤਰੀ ਦੀ ਬਾਲੜੀ ਜਿਹੀ ਧੀ ਨੂੰ ਅਗ਼ਵਾ ਕਰਨ ਵਾਲੇ ਨੂੰ ਕੱਢੀ ਗਾਲ੍ਹ, ਅਸਲ ‘ਮੈਨੂੰ ਕੱਢੀ ਆ । ਪ੍ਰੋਫੈਸਰ ਸ਼ਰਮਾ ਨੂੰ ,ਵਾਈਸ ਪ੍ਰਿੰਸੀਪਲ ਸ਼ਰਮਾ ਨੂੰ , ਮੈਨੂੰ ਜਿਵੇਂ ਉਸਨੇ ਮੇਰੇ ਆਪੇ ਸਾਹਮਣੇ ਨੰਗਾ ਕਰਕੇ ਕਿਹਾ ਹੈ – ‘ ਆਪ ਵੀ ਤਾਂ ਤੂੰ ਗੁਪਤਾ ਮੈਡਮ ਨੂੰ ਈ ਲਈ ਫਿਰਦਾਂ ਰਿਹਾਂ ਐਧਰ ਓਧਰ , ਫੇਅਰ ਕੀ ਹੋਇਆ ਜੇ ਤੇਰੀ ਪਿੰਕੀ ....।‘
ਸ਼ਰਮ ਤੇ ਪਛਤਾਵੇ ਦੀ ਘੋਰ-ਸੰਘਣੀ ਪਰਤ ਹੇਠ ਦੱਬੇ ਹੋਏ ਦੀ ਮੇਰੀ ਖਾਲੀ ਨਿਗਾਹ ਅਕਾਰਨ ਹੀ ਪਾਲਾ ਸਿੰਘ ‘ਤੇ ਟਿਕੀ ਰਹੀ । ਉਸਦੀ ਟਰੱਕ-ਚਾਲਕ ਕਿਰਿਆ ‘ਤੇ । ...ਚਾਹ ਵਾਲੀ ਇਸਤਰੀ ਸਮੇਤ ਪਤਾ ਨਈਂ ਕਿਸ ਕਿਸ ਦੇ ਗ਼ਮ-ਦਰਦ ਨਾਲ ਠੰਡੇ ਹੋਏ ਉਸਦੇ ਸਟੇਰਿੰਗ ਸਾਂਭਦੇ ਹੱਥ ਲਗਾਤਾਰ ਕੰਬਣ ਲੱਗ ਪਏ ਸਨ । ਉਸਦੀ ਨਵੀਂ ਨਿਕੋਰ ਗੱਡੀ ਕਦੀ ਸੜਕ ਦੇ ਵਿਚਕਾਰ ਹੋ ਕੇ ਦੌੜਨ ਲੱਗਦੀ , ਕਦੀ ਸੱਜੇ ਖੱਬੇ ।
ਨਾ ਉਸਨੂੰ ਸਾਹਮਣਿਉਂ ਆਉਂਦੀਆਂ ਮੋਟਰਾਂ-ਗੱਡੀਆਂ ਨੂੰ ਲਾਂਘਾ ਦੇਣ ਦੀ ਸੁਰਤ ਸੀ , ਨਾ ਪਾਸ ਮੰਗਦੇ ਹਾਰਨਾਂ ਨੂੰ ਰਾਹ ਦੇਣ ਦੀ ।
ਉਸਦੀ ਡਾਵਾਂਡੋਲ ਹਾਲਤ ਦੇਖ ਕੇ ਮੈਂ ਬਹੁਤ ਹੀ ਡਰ ਗਿਆ । ਮੈਨੂੰ ਆਪਣੀ ਉਲਝੀ-ਬਿਖਰੀ ਸਥਿਤੀ ਕਰੀਬ ਕਰੀਬ ਭੁੱਲ ਹੀ ਗਈ । ਉਸਦੇ ਹਰ-ਘੜੀ ਬਦਲਦੇ ਤੇਵਰ ਮੈਨੂੰ ਹੋਰ ਵੀ ਚਿੰਤਾਵਾਨ ਕਰਦੇ ਗਏ । ਮੈਨੂੰ ਫਿਕਰ ਸੀ , ਉਸਦਾ ਬੇ-ਤਹਾਸ਼ਾ ਦੌੜਦਾ ਟਰੱਕ , ਉਸਦੇ ਕਾਬੂ ਤੋਂ ਬਾਹਰ ਹੋਇਆ ਕਿ ਹੋਇਆ ! ਕਿਸੇ ਵੀ ਮੋਟਰ –ਗੱਡੀ ਨਾਲ ਟੱਕਰਾ ਕੇ ਜਾਂ ਸੜਕ ਕੰਢੇ ਸ਼ਾਂਤ ਚਿੱਤ ਖੜ੍ਹੇ ਮੋਟੇ-ਭਾਰੇ ਸਫੈਦਿਆਂ ਵਿਚੋਂ ਕਿਸ ਵਿਚ ਵੱਜ ਕੇ ਫੀਤਾ-ਫੀਤਾ ਹੋਇਆ ਕਿ ਹੋਇਆ !!
ਪਰ ,ਇੰਝ ਹੋਇਆ ਨਹੀਂ । ਘੜੀ-ਦੋ ਘੜੀਆਂ ਪਿੱਛੋਂ ਉਹ ਬਿਲਕੁਲ ਸਹਿਜ ਸੀ । ਸਹਿਜ ਤੋਂ ਵੀ ਵੱਧ ਉਹ ਕਾਫੀ ਸਾਰੇ ਰੰਗ ‘ਚ ਰੰਗਿਆ ਗਿਆ ਸੀ । ਉਸਦੇ ਦੋਨੋਂ ਹੱਥਾਂ ਦੀਆਂ ਵੱਡੀਆਂ ਉਂਗਲਾਂ ਸਟੇਰਿੰਗ ਵੀਲ੍ਹ ‘ਤੇ ਜਿਵੇਂ ਨੱਚ ਰਹੀਆਂ ਸਨ । ਉਸਦੇ ਭਾਰੇ ਬੁੱਲ੍ਹ ਕਿਸੇ ਮੰਨ ਭਾਉਂਦੇ ਗੀਤ ਦੀ ਸੁਰ ਅਲਾਪ ਰਹੇ ਸਨ ।
ਬੇ-ਤਹਾਸ਼ਾ , ਬੇ-ਹਿਸਾਬੀ ਦੌੜਦੀ ਗੱਡੀ ਮੁੜ ਠੀਕ-ਪਾਸੇ , ਠੀਕ ਲੀਹੇ ਚੱਲਣ ਲੱਗ ਪਈ ਸੀ , ਪੂਰੀ ਦੀ ਪੂਰੀ ਠਰੰਮੇਂ ਨਾਲ ।
ਉਸਦੇ ਚਿਹਰੇ ਦਾ ਰੰਗ-ਤਰੰਗ ਇਕਦਮ ਬਦਲ ਗਿਆ ਸੀ । ਮੈਨੂੰ ਵੀ ਉਸਨੇ ਕਿਧਰੇ ਧੁਰ ਪਾਤਾਲ ਅੰਦਰ ਡਿੱਗੇ ਨੂੰ ਕਿੰਨਾ ਸਾਰਾ ਬਾਹਰ ਕੱਢ ਲਿਆਂਦਾ । ਪਰ ਮੈਂ ਆਪਣਾ ਰੰਗ-ਢੰਗ ਉਸ ਵਾਂਗ ਬਦਲ ਨਾ ਸਕਿਆ ।
ਮੇਰਾ ਗ਼ਮ , ਮੇਰੀ ਪੀੜ ਕਿਸੇ ਵੀ ਤਰ੍ਹਾਂ ਘਟਣ ਦਾ ਨਾਂ ਨਹੀਂ ਸੀ ਲੈਂਦੀ । ਤਾਂ ਵੀ , ਪਾਲਾ ਸਿੰਘ ਦੇ ਅੰਗਾਂ –ਪੈਰਾਂ ‘ਤੇ ਛਾਈ ਮਸਤੀ ਨੂੰ ਰਤਾ ਕੁ ਹੁੰਗਾਰਾ ਭਰਨ ਲਈ ਮੈਂ ਉਸਨੂੰ ਉਸਦੇ ਟਰੱਕ-ਮਾਲਕਾਂ ਦਾ ਨਾਂ ਗਰਾਂ ਸਹਿਵਨ ਪੁੱਛ ਲਿਆ ।
ਇਕਦਮ ਤਾਂ ਉਸਨੇ ਕੋਈ ਉੱਤਰ ਦਿੱਤਾ ਨਾ , ਪਰ ਥੋੜ੍ਹਾ ਕੁ ਅਟਕ ਕੇ ਥੋੜ੍ਹਾ ਕੁ ਮੁਸਕਰਾ ਕੇ ਦਿੱਤੇ ਉਸਦੇ ਦੋ-ਹਰਫੀ ਉੱਤਰ ਨੇ ਮੈਨੂੰ ਜਿਵੇਂ ਪਟਾਕ ਕਰਕੇ ਕਾਲੀ-ਪੱਕੀ ਸੜਕ ‘ਤੇ ਸੁੱਟ ਦਿੱਤਾ ਹੋਵੇ , ‘ ਹਰੀ ਗੁਪਤਾ ਕੰਪਨੀ , ਫਗਵਾੜਾ ।‘ ਇਹ ਚਾਰੇ ਸ਼ਬਦ ਉਸਦੇ ਬੇਹੱਦ ਲਮਕਾ ਕੇ ਬੋਲੇ ।
ਪਾਲਾ ਸਿੰਘ ਡਰਾਈਵਰ ਦੀ ਟਰਾਂਸਪੋਰਟ ਕੰਪਨੀ ਦੇ ਗੁਪਤਾ-ਮਾਲਕ ਲੈਕਚਰਾਰ ਮਿਸ ਗੁਪਤਾ ਦੇ ਭਰਾ-ਭਾਈ ਸਨ । ਮੇਰਾ ਸਾਰਾ ਵਜੂਦ ਜਿਵੇਂ ਤੇਜ਼-ਤਰਾਰ ਛੁਰੀ ਨਾਲ ਪੱਛ ਹੋ ਗਿਆ ਸੀ । ਪਾਲਾ ਸਿੰਘ ਦੇ ਲਾਗੇ ਬੈਠਣਾ , ਮੈਨੂੰ ਨੰਗੀ ਤਲਵਾਰ ਦੀ ਧਾਰ ‘ਤੇ ਬੈਠਣ ਵਾਂਗ ਅਸਹਿ ਹੁੰਦਾ ਗਿਆ । ਫਤ੍ਹੇਪੁਰ ਨੂੰ ਜਾਂਦੀ ਲਿੰਕ-ਸੜਕ ਅਜੇ ਅੱਧਾ ਕੁ ਕਿਲੋਮੀਟਰ ਹੋਰ ਅਗਾਂਹ ਸੀ , ਪਰ ਮੈਂ ਉਸਨੂੰ ਪਿੰਡ ਨੂੰ ਜਾਂਦੇ ਰਾਹ ‘ਤੇ ਪੁੱਜ ਜਾਣ ਦੀ ਝੂਠੀ-ਮੂਠੀ ਸੂਚਨਾ ਦੇ ਦਿੱਤੀ ।
ਸਹਿਜ –ਚਾਲੇ ਚਲਦੀ ਗੱਡੀ , ਉਸਨੇ ਕੱਚੀ ਵੰਨੀ ‘ਤੇ ਲਾਹ ਕੇ ਰੋਕ ਲਈ । ਆਪਣੇ ਪਾਸੇ ਦੀ ਤਾਕੀ ਖੋਲ੍ਹ ਕੇ ਉਹ ਛਾਲ ਮਾਰ ਕੇ ਹੇਠਾਂ ਉੱਤਰ ਆਇਆ ।
ਤਿੰਨ ਸੌ ਫੁੱਟ ਲੋਡ ਬੱਜਰੀ ‘ਤੇ ਰੱਖੀ ਪੌੜੀ ਉਸਨੇ ਮੁੰਡੂ ਨੂੰ ‘ਵਾਜ਼ ਦੇ ਕੇ ਹੇਠਾਂ ਉਤਰਵਾ ਲਈ । ਤੇ ਆਪ ਟਰੱਕ ਦੀ ਪਿਛਵਾੜੀ ਵੰਨੀਉਂ ਟਹਿਲਦਾ , ਮੇਰੇ ਹੇਠਾਂ ਉਤਰਨ ਤੱਕ ਮੇਰੇ ਲਾਗੇ ਆ ਖੜੋਇਆ ।
ਏਥੋਂ ਤੱਕ ਮੈਨੂੰ ਉਸਦਾ ਇਉਂ ਦਾ ਵਰਤਾਰਾ ਬਿਲਕੁਲ ਓਪਰਾ ਨਾ ਲੱਗਾ , ਪਰ ਦੋਨੋਂ ਹੱਥ ਜੋੜ ਕੇ , ਸਿਰ ਨਿਵਾ ਕੇ ਮੇਰੇ ਗੋਡੀ ਹੱਕ ਲਾਉਣ ਦੀ ਉਸਦੀ ਅਦਬੀ ਕਿਰਿਆ ਨੇ ਮੈਨੂੰ ਪਾਣੀਓਂ-ਪਾਣੀ ਕਰ ਦਿੱਤਾ ।ਮੈਨੂੰ ਉਸਦੇ ਕਈ ਵਾਰ ਬਦਲ ਹੋਏ ਰੰਗ-ਢੰਗ ਦੀ ਇਕ-ਦਮ ਸਮਝ ਪੈ ਗਈ ।
ਉਸਦੀ ਹਲੀਮੀ ਨਾਲੋਂ ਵੱਧ ਉਸਦੀ ਆਵਾਜ਼ ਅੰਦਰ ਸ਼ਰਾਫਤ ਸੀ – “ ਗੁਸਤਾਖੀ ਮੁਆਫ਼ ਪ੍ਰੋਫੈਸਰ ਸਾਬ੍ਹ , ਰਮਦਾਸੀਏ ਚਮਾਰ ਰੋਲ ਨੰਬਰ ਬਾਰਾਂ ਲਾਗੇ ਬੈਠ ਕੇ ਤੁਹਾਨੂੰ ਭਿੱਟ ਤਾਂ ਜ਼ਰੂਰੀ ਚੜ੍ਹੀ ਹਓ , ਪਰ ਇਦੇ ਬਿਨਾਂ ....।“
ਏਨੇ ਕੁ ਸ਼ਬਦ ਉਸਨੇ ਬੜੀ ਚੜ੍ਹਤ ਨਾਲ ਬੋਲੇ । ਉਸ ਅੰਦਰੋਂ ਨਿਕਲਣ ਵਾਲੇ ਅਗਲੇਰੇ ਬੋਲ , ਉਸਦੇ ਗਲੇ ਅੰਦਰ ਜਾਂ ਉਸਦੀ ਛਾਤੀ ਅੰਦਰ ਕਿਧਰੇ ਡੱਕੇ ਗਏ । ਨਾ ਉਸਤੋਂ , ਉਹਨਾਂ ‘ ਚੋਂ ਇਕ ਵੀ ਸ਼ਬਦ ਆਪਣੇ ਬੁੱਲ੍ਹਾਂ ਤੱਕ ਲਿਆਂਦਾ ਗਿਆ , ਨਾ ਮੇਰੇ ਅੰਦਰ ਉਸਦਾ ਇਕ ਵੀ ਬੋਲ ਸੁਣਨ-ਸਮਝਣ ਦੀ ਹਿੰਮਤ ਬਾਕੀ ਬਚੀ ਸੀ ।
ਮੇਰੇ ਅੰਗ ਪੈਰ , ਰੂਹ ਦਿਲ ਜਿਵੇਂ ਸੁੰਨ ਹੋ ਗਏ ਸਨ, ਇਕਦਮ ਮੁਰਦਾ ।
ਮੇਰੇ ਪੈਰਾਂ ਲਾਗੇ ਅਡੋਲ ਪਈ ਪੌੜੀ ,ਮੇਰੀ ਸ਼ਰਮਾ ਪ੍ਰੋਫੈਸਰੀ ਤੇ ਬੌਣੇ ਕੱਦ ਨੂੰ ਪਾਲਾ ਸਿੰਘ ਦੇ ਕੱਦ-ਬੁੱਤ ਦੀ ਉਚਾਈ ਤੱਕ ਉੱਚਾ ਚਾੜ੍ਹਨ ਲਈ ਅਜੇ ਵੀ ਤਾਂਘ ਰਹੀ ਸੀ ।
ਸੰਪਰਕ: 94655 74866
Jot
Excellent story . Nice lesson for people who still believe in caste-ism