Thu, 21 November 2024
Your Visitor Number :-   7253828
SuhisaverSuhisaver Suhisaver

ਕੈਲਕੁਲੇਸ਼ਨ -ਜਿੰਦਰ

Posted on:- 04-09-2014

suhisaver

ਤਰਸੇਮ ਨੇ ਮੈਨੂੰ ਇਹੀ ਕਿਹਾ ਸੀ, ‘‘ਵੀਨਾ, ਮੈਨੂੰ ਏਨਾ ਥਕਾ ਦੇ ਤਾਂ ਕਿ ਮੈਨੂੰ ਨੀਂਦ ਆ ਜਾਵੇ।’’

ਮੇਰੀ ਖੱਬੀ ਛਾਤੀ ’ਤੇ ਕੋਸੇ-ਕੋਸੇ ਹੰਝੂ ਡਿੱਗੇ ਤਾਂ ਮੈਨੂੰ ਉਸ ਦੀ ਅੰਦਰਲੀ ਟੁੱਟ-ਭੱਜ ਦਾ ਪਤਾ ਲੱਗਾ। ਮੈਂ ਉਸ ਦੇ ਸਿਰ ਨੂੰ ਆਪਣੀਆਂ ਛਾਤੀਆਂ ਤੋਂ ਚੁੱਕ ਕੇ ਦੋਵੇਂ ਹੱਥਾਂ ’ਚ ਫੜ ਲਿਆ। ਉਸ ਦੀਆਂ ਅੱਖਾਂ ਹੰਝੂਆਂ ਨਾਲ ਭਰੀਆਂ ਸਨ। ਮੈਂ ਕੁਝ ਪੁੱਛਦੀ ਜਾਂ ਕਹਿੰਦੀ ਇਸ ਤੋਂ ਪਹਿਲਾਂ ਹੀ ਉਸ ਨੇ ਮਰੀ ਜਿਹੀ ਆਵਾਜ਼ ’ਚ ਕਿਹਾ, ‘‘ਆਹ ਕੀ ਹੋ ਗਿਆ?’’ ਇਹ ਉਸ ਮੈਨੂੰ ਕਿਹਾ ਸੀ ਜਾਂ ਆਪਣੇ ਆਪ ਨੂੰ ਜਾਂ ਉਹ ਕਿਸੇ ਹੋਰ ਨਾਲ ਹੀ ਗੱਲੀਂ ਪਿਆ ਸੀ, ਇਸ ਗੱਲ ਦਾ ਮੈਨੂੰ ਪਤਾ ਨਹੀਂ ਲੱਗਾ। ਮੈਨੂੰ ਉਸ ’ਤੇ ਗੁੱਸਾ ਆਇਆ ਕਿ ਉਸ ਮੈਨੂੰ ਉਤੇਜਤ ਕਾਸ ਲਈ ਕੀਤਾ ਸੀ। ਖੁਦ ਉਤੇਜਤ ਕਿਉਂ ਨਹੀਂ ਹੋਇਆ। ਸ਼ਾਇਦ ਹੋਇਆ ਹੋਵੇ। ਕੀ ਪਤਾ ਮੈਂ ਹੀ ਉਹਨੂੰ ਉਤੇਜਿਤ ਕੀਤਾ ਸੀ। ਕਿੰਨੇ ਦਿਨਾਂ ਬਾਅਦ ਤਾਂ ਅਸੀਂ ਇਕੱਠੇ ਹੋਏ ਸੀ। ਫੇਰ ਮੈਨੂੰ ਕਿਹੜੀ ਆਪਣੇ ਆਪ ਦੀ ਹੋਸ਼ ਰਹੀ ਸੀ। ਮੈਂ ਤਾਂ ਮਦ-ਮਸਤ ਹੋਈ ਪਈ ਸੀ। ਉਸ ਨੂੰ ਇਕ ਦਮ ਕੀ ਹੋ ਗਿਆ ਸੀ? ਮੈਂ ਉਸ ਨੂੰ ਕੱਪੜੇ ਪਾਉਣ ਲਈ ਕਿਹਾ ਤਾਂ ਉਸ ਆਗਿਆਕਾਰੀ ਬੱਚੇ ਵਾਂਗ ਮੇਰਾ ਕਿਹਾ ਮੰਨ ਲਿਆ। ਮੈਂ ਉਹਨੂੰ ਹੌਸਲਾ ਦੇਣ ਦੇ ਲਹਿਜੇ ’ਚ ਕਿਹਾ, ‘‘ਇਹ ਕਿਹੜਾ ਮੇਰੇ ਲਈ ਜ਼ਰੂਰੀ ਆ।’’ ਮੈਂ ਅਲਫ਼ ਨੰਗੀ ਪਈ ਸੀ। ਉਸ ਨੇ ਮੇਰੇ ਵੱਲ ਰਜਾਈ ਸੁੱਟੀ ਤਾਂ ਮੈਨੂੰ ਇਸ ਦਾ ਪਤਾ ਲੱਗਾ। ਮੈਂ ਕੱਪੜੇ ਪਾਏ। ਪੁੱਛਿਆ, ‘‘ਕੀ ਸੋਚਦੇ ਹੋ? ਤੁਹਾਨੂੰ ਕਾਹਦੀ ਟੈਨਸ਼ਨ ਆ?’’ ‘‘ਮੈਨੂੰ ਵਿਹੜੇ ਵਾਲੇ ਮੰਗੂ ਦਾ ਵੱਡਾ ਮੁੰਡਾ ਕਰਤਾਰਾ ਦਿੱਸਿਆ। ਉਸ ਮੇਰੀ ਬਾਂਹ ਘੁੱਟ ਕੇ ਫੜ ਲਈ। ਸਿੱਧਾ ਅਗਾਂਹ ਨੂੰ ਧੱਕਣ ਲੱਗਾ। ਮੈਂ ਪਿੱਛੇ ਮੁੜ ਕੇ ਦੇਖਣ ਦੀ ਕੋਸ਼ਿਸ਼ ਕੀਤੀ ਕਿ ਕਿਤੇ ਤੂੰ ਪਿਛਾਂਹ ਹੀ ਨਾ ਰਹਿ ਜਾਵੇਂ। ਉਹ ਬੋਲਿਆ ਸੀ-ਤੇਰੀ ਜਨਾਨੀ ਤੇਰੇ ਪਿੱਛੇ ਪਿੱਛੇ ਆ ਰਹੀ ਆ। ....ਮੈਂ ਇਹਨੂੰ ਤੇਰੇ ਸਾਹਮਣੇ ਨੰਗੀ ਕਰਨਾ। ਫੇਰ ਜੰਗਲ...ਪਹਾੜ... ਐਦਾਂ ਦਾ ਕਈ ਕੁਛ ਦਿੱਸਿਆ,’’ ਉਸ ਨੇ ਦੱਸਿਆ ਸੀ। ਮੈਨੂੰ ਲੱਗਿਆ ਸੀ ਕਿ ਉਹ ਕਿਸੇ ਹੋਰ ਹੀ ਜਗਤ ’ਚ ਵਿਚਰ ਰਿਹਾ ਸੀ। ਉਹਦਾ ਸਰੀਰ ਇੱਥੇ ਸੀ। ਮਨ ਕਿਸੇ ਹੋਰ ਥਾਂ ’ਤੇ।

ਕੀ ਇਹ ਖੇਡ ਉਸ ਬੇ-ਸੁਰਤੀ ਜਿਹੀ ਦੀ ਸਥਿਤੀ ਵਿਚ ਖੇਡੀ ਸੀ? ਇਹ ਸਭ ਕੁਝ ਕੀ ਸੀ? ਕਿਉਂ ਹੋਇਆ ਸੀ? ਇਸ ਗੱਲ ਦੀ ਮੈਨੂੰ ਕੋਈ ਸਮਝ ਨਹੀਂ ਲੱਗੀ ਸੀ। ਮੈਂ ਇਸ ਬਾਰੇ ਹੋਰ ਕੁਝ ਸੋਚਦੀ-ਮੈਨੂੰ ਉਸ ਦੀ ਚਿੰਤਾ ਲੱਗਣੀ ਸ਼ੁਰੂ ਹੋ ਗਈ ਸੀ। ਮੈਨੂੰ ਲੱਗਿਆ ਕਿ ਉਸ ਨਾਲ ਕੋਈ ਬਹੁਤ ਵੱਡੀ ਅਣਹੋਣੀ ਹੋਈ ਹੈ। ਪਹਿਲਾਂ ਐਦਾਂ ਕਦੇ ਨਹੀਂ ਹੋਇਆ ਸੀ। ਕਿਤੇ ਬੈਂਕ ’ਚ ਕੈਸ਼ ਦੀ ਗੜਬੜ ਤਾਂ ਨਹੀਂ ਹੋ ਗਈ। ਪਹਿਲਾਂ ਮੇਰਾ ਧਿਆਨ ਇਸ ਪਾਸੇ ਵੱਲ ਗਿਆ। ਮੈਨੂੰ ਪਤਾ ਕਿ ਉਹ ਕੋਈ ਵੀ ਵੱਡੀ ਗੱਲ ਛੇਤੀ ਦੇਣੀ ਨਹੀਂ ਦੱਸਦਾ। ਉਸ ’ਚ ਗੱਲ ਨੂੰ ਜਜਬ ਕਰਨ ਦਾ ਅਥਾਹ ਮਾਦਾ ਹੈ। ਮੇਰੇ ਪਾਪਾ ਜੀ ਦੀ ਵੀ ਇਹੀ ਆਦਤ ਹੈ। ਮੈਂ ਇਸ ਬਾਰੇ ਇਕ ਵਾਰ ਉਨ੍ਹਾਂ ਨੂੰ ਪੁੱਛਿਆ ਸੀ। ਉਨ੍ਹਾਂ ਦੱਸਿਆ ਸੀ, ‘‘ਸ਼ਾਇਦ ਇਹ ਬੰਦੇ ਦੀ ਆਦਿ ਕਾਲ ਤੋਂ ਹੀ ਆਦਤ ਬਣੀ ਆ। ਓਦੋਂ ਔਰਤਾਂ ਝੌਪੜੀਆਂ ਜਾਂ ਘਰਾਂ ’ਚ ਰਹਿੰਦੀਆਂ ਸੀ। ਬੰਦੇ ਸ਼ਿਕਾਰ ਕਰਨ ਜਾਂਦੇ ਸੀ। ਘਰੇ ਔਰਤਾਂ ਇਕ ਦੂਜੀ ਨਾਲ ਗੱਲਾਂ ਕਰਕੇ ਆਪਣੇ ਮਨ ਦਾ ਬੋਝ ਹੌਲਾ ਕਰ ਲੈਂਦੀਆਂ ਸਨ। ਸ਼ਿਕਾਰ ਨੂੰ ਪਤਾ ਨਾ ਲੱਗ ਜਾਵੇ-ਏਸੇ ਲਈ ਬੰਦਾ ਚੁੱਪ ਰਹਿੰਦਾ ਸੀ। ਜੇ ਉਹ ਬੋਲਦਾ ਤਾਂ ਸ਼ਿਕਾਰ ਨੂੰ ਪਤਾ ਲੱਗ ਜਾਂਦਾ। ਇਹੀ ਆਦਤ ਹੁਣ ਵੀ ਚੱਲੀ ਆ ਰਹੀ ਆ।’’

ਤਰਸੇਮ ਵੱਲ ਦੇਖ ਕੇ ਮੈਨੂੰ ਕੰਬਣੀ ਛਿੜੀ। ਮੈਂ ਬੈੱਡ ਦੇ ਢੋਅ ਨਾਲ ਪਿੱਠ ਟਿਕਾ ਲਈ। ਮੈਨੂੰ ਅੱਚੋ-ਤਾਈ ਲੱਗੀ ਸੀ। ਅਗਲੇ ਹੀ ਪਲ ਮੈਂ ਉਸ ਵੱਲ ਘੁੰਮ ਗਈ।

ਉਸ ਨੇ ਮੇਰੇ ਮੋਢਿਆਂ ਉਪਰ ਦੀ ਬਾਂਹ ਫੈਲਾ ਕੇ ਆਪਣੇ ਨਾਲ ਘੁੱਟ ਲਿਆ। ਸਾਹਮਣੇਲੀ ਕੰਧ ਵੱਲ ਸਿੱਧਾ ਹੀ ਦੇਖਣ ਲੱਗਾ। ਇਸ ਦੌਰਾਨ ਉਸ ਦੀਆਂ ਉਂਗਲਾਂ ਦਾ ਦਬਾਉ ਮੇਰੇ ਸੱਜੇ ਮੋਢੇ ’ਤੇ ਕਦੇ ਘੱਟ ਜਾਂਦਾ। ਕਦੇ ਵੱਧ ਜਾਂਦਾ। ਕਦੇ ਉਹ ਖਾਝ ਜਿਹੀ ਕਰਨ ਲੱਗ ਜਾਂਦਾ। ਉਸ ਆਪਣਾ ਮੂੰਹ ਮੇਰੇ ਵੱਲ ਨਾ ਘੁੰਮਾਇਆ। ਉਹ ਕਿਸੇ ਡੂੰਘੀ ਸੋਚ ’ਚ ਗੁਆਚਿਆ ਹੋਇਆ ਸੀ-ਏਸੇ ਲਈ ਮੈਂ ਉਹ ਦੇ ਕੋਲੋਂ ਕੁਝ ਨਾ ਪੁੱਛਿਆ। ਮੇਰਾ ਮਨ ਜਲਦੀ ਹੀ ਕਾਹਲਾ ਪੈਣ ਲੱਗਾ। ਬੁਲ੍ਹ ਪੁੱਛਣ ਲਈ ਹਿਲਦੇ ਪਰ ਗਲੇ ’ਚੋਂ ਆਵਾਜ਼ ਨਾ ਨਿਕਲਦੀ। ਉਸ ਹੌਲੀ ਹੌਲੀ ਦੱਸਣਾ ਸ਼ੁਰੂ ਕੀਤਾ, ‘‘ਮੇਰੀਆਂ ਨਜ਼ਰਾਂ ਅੱਗੇ ਤਾਂ ਵੱਡੀ ਭੈਣ ਸ਼ਕੁੰਤਲਾ ਦਾ ਭੋਲਾ ਜਿਹਾ ਚਿਹਰਾ ਘੁੰਮ ਰਿਹਾ। ਤੈਨੂੰ ਪਤਾ ਹੀ ਆ ਕਿ ਆਪਣੀ ਸ਼ਕੁੰਤਲਾ ਦੀ ਛੋਟੀ ਕੁੜੀ ਨੇ ਘਰੋਂ ਭੱਜ ਕੇ ਤਰਖਾਣਾਂ ਦੇ ਮੁੰਡੇ ਨਾਲ ਵਿਆਹ ਕਰਵਾ ਲਿਆ ਸੀ। ਜਦੋਂ ਸ਼ਕੁੰਤਲਾ ਨੂੰ ਪਤਾ ਲੱਗਾ ਤਾਂ ਉਹ ਪੁੱਠੀ ਹੋ ਕੇ ਥਾਈਂ ਡਿਗ ਪਈ ਸੀ। ਫੇਰ ਉਹ ਦੋ ਮਹੀਨੇ ਨਿਊਰੋ ਹਸਪਤਾਲ ’ਚ ਦਾਖਲ ਰਹੀ ਸੀ। ਅਜੇ ਵੀ ਆਪਣੀ ਧੀ ਨੂੰ ਯਾਦ ਕਰਕੇ ਅਰਧ ਬੇਹੋਸ਼ ਹੋ ਜਾਂਦੀ ਆ। ਕਿੰਨੇ ਦੁੱਖ ਝੱਲੇ ਆ ਉਸ ਵਿਚਾਰੀ ਨੇ।’’

‘‘ਹੁਣ ਉਸ ਗੱਲ ਨੂੰ ਯਾਦ ਕਰਨ ਦਾ ਕੀ ਫਾਇਦਾ?’’ ਮੇਰੇ ਅੰਦਰ ਉੱਠੀ ਕੰਬਣੀ ਨੂੰ ਠੱਲ੍ਹ ਪੈ ਗਈ ਸੀ। ਮੈਂ ਕੀ ਦਾ ਕੀ ਸੋਚੀ ਜਾ ਰਹੀ ਸੀ। ਗੱਲ ਤਾਂ ਵਿਚੋਂ ਹੋਰ ਹੀ ਨਿਕਲੀ ਸੀ।

‘‘ਮੈਂ ਸੋਚਦਾਂ-ਜੇ ਕਲ੍ਹ ਨੂੰ ਆਪਣੀ ਸੁੱਖੀ ਵੀ ਐਦਾਂ ਹੀ ਵਿਆਹ ਕਰਵਾ ਲਵੇ ਤਾਂ ਤੈਥੋਂ ਇਹ ਝੱਲ ਨ੍ਹੀਂ ਹੋਣਾ।’’

ਮੈਂ ਉਸ ਦੇ ਬੁੱਲ੍ਹਾਂ ’ਤੇ ਹੱਥ ਰੱਖ ਦਿੱਤਾ ਸੀ। ਕਿਹਾ ਸੀ, ‘‘ਮੇਰੀ ਧੀ ਐਦਾਂ ਨ੍ਹੀਂ ਕਰ ਸਕਦੀ। ਉਹਨੂੰ ਪਤਾ ਆ ਕਿ ਮੈਂ ਉਸ ਦੇ ਵਿਆਹ ਬਾਰੇ ਕੀ ਕੀ ਚੀਜ਼ਾਂ ਇਕੱਠੀਆਂ ਕਰ ਰਹੀ ਆਂ। ਗਗਨ ਨੇ ਤਾਂ ਗੋਰੀ ਨਾਲ ਵਿਆਹ ਕਰਵਾ ਲਿਆ। ਉਹ ਮੁੰਡਾ ਸੀ ਪਰ ਸੁੱਖੀ ਲਈ ਅਸੀਂ ਮੁੰਡਾ ਆਪ ਲੱਭਣਾ।’’

ਫੇਰ ਤਰਸੇਮ ਨੇ ਕੋਈ ਗੱਲ ਨਹੀਂ ਕੀਤੀ ਸੀ।

ਮੈਨੂੰ ਉਸ ਦੀ ਚੁੱਪ ਅਸ਼ਾਂਤ ਕਰਨ ਲੱਗੀ। ਮੈਂ ਚਾਰ ਪੰਜ ਘੰਟਿਆਂ ਦੀਆਂ ਹੋਈਆਂ ਬੀਤੀਆਂ ਯਾਦ ਕਰਨ ਲੱਗੀ। ਜਦੋਂ ਉਹ ਚੰਡੀਗੜ੍ਹੋਂ ਆਇਆ ਤਾਂ ਉਸ ਦੇ ਚਿਹਰੇ ’ਤੇ ਮਾੜਾ ਮੋਟਾ ਖਿਚਾਅ ਸੀ। ਮੈਨੂੰ ਇਹ ਖਿਚਾਅ ਸਫਰ ਕਰਕੇ ਲੱਗਾ ਸੀ। ਚੰਡੀਗੜ੍ਹ ਕਿਹੜਾ ਨੇੜੇ ਹੈ। ਆਪਣੀ ਆਦਤ ਅਨੁਸਾਰ ਹੱਥ ਜੋੜ ਕੇ ਨਮਸਤੇ ਕੀਤੀ ਸੀ। ਮੈਂ ਪਾਣੀ ਦਾ ਗਿਲਾਸ ਦਿੱਤਾ ਸੀ। ਅਸੀਂ ਚਾਹ ਪੀਤੀ ਸੀ। ਉਹਨੇ ਮੈਨੂੰ ਪੁੱਛਿਆ ਸੀ, ‘‘ਮੈਨੂੰ ਤੰੂ ਟੈਨਸ਼ਨ ’ਚ ਲੱਗਦੀ ਆਂ?’’ ਮੈਂ ਦੱਸਿਆ ਸੀ, ‘‘ਮੈਨੂੰ ਕਾਹਦੀ ਟੈਨਸ਼ਨ ਹੋਣੀ ਆਂ। ਓਦਾਂ ਹੀ ਘਰ ਦੇ ਕੰਮ ਕਰਦੀ ਕਰਦੀ ਥੱਕ ਜਾਂਦੀ ਆਂ।’’ ਉਸ ਫਿਰ ਪੁੱਛਿਆ ਸੀ, ‘‘ਘਰ ਦੀ ਕੋਈ ਖਾਸ ਗੱਲ ਬਾਤ?’’ ਮੈਂ ਕਿਹਾ ਸੀ, ‘‘ਕੋਈ ਖਾਸ ਨ੍ਹੀਂ। ਜੇ ਹੁੰਦੀ ਤਾਂ ਮੈਂ ਤੁਹਾਨੂੰ ਟੈਲੀਫੋਨ ’ਤੇ ਹੀ ਦੱਸ ਦੇਣੀ ਸੀ। ਤੁਸੀਂ ਆਪ ਠੀਕ ਨ੍ਹੀਂ ਲੱਗਦੇ?’’ ‘‘ਨ੍ਹੀਂ,’’ ਕਹਿ ਕੇ ਉਹ ਦੂਜੇ ਪਾਸੇ ਦੇਖਣ ਲੱਗ ਪਿਆ ਸੀ। ਮੈਨੂੰ ਲੱਗਿਆ ਸੀ ਕਿ ਕੋਈ ਨਾ ਕੋਈ ਗੱਲ ਹੈ। ਉਹ ਮੇਰੇ ਵੱਲ ਸਿੱਧਾ ਦੇਖ ਕੇ ਗੱਲ ਨਹੀਂ ਕਰ ਰਿਹਾ ਸੀ। ਮੈਂ ਇਸ ਸੰਬੰਧੀ ਉਸ ਕੋਲੋਂ ਪੁੱਛਣਾ ਚਾਹੁੰਦੀ ਸੀ ਪਰ ਕਿਸੇ ਤਰ੍ਹਾਂ ਦੀ ਕਾਹਲ ਵੀ ਨਹੀਂ ਕਰਨੀ ਚਾਹੁੰਦੀ ਸੀ। ਉਸ ਨੇ ਤਿੰਨ ਰਾਤਾਂ ਤੇ ਦੋ ਤਿੰਨ ਘਰੇ ਹੀ ਰਹਿਣਾ ਸੀ। ਉਹਦੀ ਵੀ ਇਹ ਇੱਛਾ ਹੁੰਦੀ ਸੀ ਕਿ ਮੈਂ ਉਹਨੂੰ ਆਉਂਦਿਆਂ ਹੀ ਐਸੀ ਵੈਸੀ ਗੱਲ ਨਾ ਤਾਂ ਦੱਸਾਂ ਜਾਂ ਨਾ ਪੁੱਛਾਂ। ਇਕ ਰਾਤ ਮੈਂ ਸਬਰ ਕਰ ਲੈਂਦੀ ਸੀ। ਦੂਜੇ ਦਿਨ ਹੋਈ ਬੀਤੀ ਦੱਸਦੀ ਸੀ।

‘‘ਤੂੰ ਡਾਕ ਖੋਲ੍ਹ ਕੇ ਕਿਉਂ ਨ੍ਹੀਂ ਪੜ੍ਹਦੀ?’’ ਉਸ ਨੇ ਆਪਣੀ ਬਾਂਹ ਮੇਰੇ ਮੋਢਿਆਂ ਤੋਂ ਹਟਾ ਕੇ ਪੁੱਛਿਆ।

‘‘ਬੱਸ, ਆਦਤ ਹੀ ਨ੍ਹੀਂ ਬਣੀ,’’ ਮੈਂ ਉਸ ਦੀ ਗੋਦ ’ਚ ਸਿਰ ਰੱਖ ਕੇ ਪੈ ਗਈ। ਉਸ ਨੇ ਮੈਨੂੰ ਫੜ ਕੇ ਬੈਠਾ ਦਿੱਤਾ। ਬੋਲਿਆ, ‘‘ਉੱਠ ਕੇ ਬੈਠ। ਬਿਲਕੁਲ ਸਾਹਮਣੇ। ਮੈਂ ਤੇਰੇ ਨਾਲ ਬਹੁਤ ਸਾਰੀਆਂ ਗੱਲਾਂ ਕਰਨੀਆਂ।’’

ਮੈਂ ਹੋਰ ਡਰ ਗਈ।

‘‘ਜੇ ਤੂੰ ਡਾਕ ਖੋਲ੍ਹ ਕੇ ਪੜ੍ਹੀ ਹੁੰਦੀ ਤਾਂ ਸ਼ਾਇਦ ਕੋਈ ਹੱਲ ਲੱਭਿਆ ਹੋਣਾ ਸੀ ਮੇਰੇ ਆਉਣ ਤੋਂ ਪਹਿਲਾਂ,’’ ਉਸ ਕਿਹਾ। ਫੇਰ ਆਪਣੀ ਹੀ ਗੱਲ ਦਾ ਜੁਆਬ ਵੀ ਆਪ ਹੀ ਦੇ ਦਿੱਤਾ, ‘‘ਚਲ, ਚੰਗਾ ਹੋਇਆ-ਤੂੰ ਚਿੱਠੀ ਪੜ੍ਹੀ ਨ੍ਹੀਂ। ਜੇ ਪੜ੍ਹ ਲੈਂਦੀ ਤਾਂ...।’’

ਮੈਂ ਕਾਹਲੀ ਪੈਂਦੀ ਨੇ ਉਸ ਦਾ ਹੱਥ ਫੜ ਕੇ ਪੁੱਛਿਆ, ‘‘ਦੱਸੋ ਤਾਂ ਸਈਂ-ਕੀ ਹੋਇਆ?’’
‘‘ਤੈਨੂੰ ਨ੍ਹੀਂ ਪਤਾ ਲੱਗਾ?’’

‘‘ਪਤਾ ਹੁੰਦਾ ਤਾਂ ਤੁਹਾਥੋਂ ਕਾਸ ਲਈ ਪੁੱਛਦੀ। ਛੇਤੀ-ਛੇਤੀ ਦੱਸੋ-ਮੇਰਾ ਕਾਲਜਾ ਘੱਟਣ ਲੱਗ ਪਿਆ।’’
‘‘ਸੁਖੀ ਨੇ ਵਿਆਹ ਕਰਵਾ ਲਿਆ।’’
‘‘ਆਪਣੀ ਸੁਖੀ ਨੇ।’’
‘‘ਹਾਂ, ਆਪਣੀ ਸੁਖੀ ਨੇ।’’
‘‘ਕਦੋਂ?’’
‘‘ਏਸੇ ਹਫਤੇ। ’’
‘‘ਕਿਹਦੇ ਨਾਲ?’’
‘‘ਜਸਵੰਤ ਨਾਲ।’’
‘‘ਉਹ ਤਾਂ ਜਾਤ ਦਾ ਚਮਿਆਰ ਸੀ ਨਾ?’’
‘‘ਹਾਂ-ਉਹੀ ਆ।’’

‘‘ਉਹ ਆਪਣੇ ਪਿੰਡ ਵਾਲੇ ਚੰਨਣ ਦਾ ਮੁੰਡਾ ਤਾਂ ਨ੍ਹੀਂ ਜਿਸਦੇ ਘਰੋਂ ਤੁਸੀਂ ਸੁਖੀ ਹੋਈ ’ਤੇ ਬੱਕਰੀ ਦਾ ਦੁੱਧ ਲਿਆਏ ਸੀ।’’

‘‘ਉਹੀ ਆ।’’
‘‘ਉਹਨੇ ਤਾਂ ਸਾਨੂੰ ਪਤਾ ਨ੍ਹੀਂ ਲੱਗਣ ਦਿੱਤਾ।’’
‘‘ਮੈਨੂੰ ਫੋਨ ਕੀਤਾ ਸੀ। ਕਹਿੰਦੀ ਸੀ ਕਿ ਅਸੀਂ ਇਸੇ ਹਫਤੇ ਵਿਆਹ ਕਰਵਾ ਰਹੇ ਹਾਂ।’’
‘‘ਉਹਨੂੰ ਵਿਆਹ ਦਾ ਤਾਂ ਪਤਾ ਪਰ ਸਾਡੀ ਬਰਾਦਰੀ ਦੇ ਸੰਸਕਾਰਾਂ ਦਾ ਨ੍ਹੀਂ।’’
‘‘ਅਵੱਸ਼ ਪਤਾ ਹੋਉੂ।’’
‘‘ਮੈਨੂੰ ਤਾਂ ਉਹ ਇਹ ਕਹਿ ਕੇ ਗਈ ਸੀ ਕਿ ਉਹ ਆਪਣੇ ਬੈਂਕ ਦੇ ਕੰਮ ਲਈ ਦਿੱਲੀ ਜਾ ਰਹੀ ਆ।’’

‘‘ਮੈਨੂੰ ਉਸ ਕਿਹਾ ਸੀ ਕਿ ਹੁਣ ਮੇਰੀ ਡਿੳੂਟੀ ਪਹਿਲਾਂ ਨਾਲੋਂ ਜ਼ਿਆਦਾ ਵੱਧ ਗਈ ਆ। ਉਸ ਮੈਨੂੰ ਤੈਨੂੰ ਸਾਂਭਣ ਲਈ ਵਾਰ-ਵਾਰ ਜ਼ੋਰ ਦਿੱਤਾ ਸੀ। ਤੇਰੇ ਬਾਰੇ ਉਹ ਬਹੁਤ ਚਿੰਤਾ ਕਰਦੀ ਸੀ। ਕਹਿੰਦੀ ਸੀ-‘ਅਸੀਂ ਦੋ ਤਿੰਨ ਹਫ਼ਤਿਆਂ ਬਾਅਦ ਤੁਹਾਨੂੰ ਮਿਲਾਂਗੇ।’ ਮੈਥੋਂ ਕਹਿ ਹੋ ਗਿਆ ਸੀ-ਸਮਝ ਲੈ-ਅਸੀਂ ਤੇਰੇ ਲਈ ਮਰ ਗਏ ਆਂ। ਅੱਗੋਂ ਉਹ ਰੋ ਪਈ ਸੀ। ਮੈਂ ਉਹਨੂੰ ਕਿਹਾ ਸੀ ਕਿ ਮੈਂ ਸ਼ੁਕਰਵਾਰ ਆ ਰਿਹਾ ਹਾਂ। ਸ਼ਨੀਵਾਰ ਦੀਵਾਲੀ ਆ। ਉਹ ਕੋਈ ਕਾਹਲੀ ਨਾ ਕਰੇ। ਆਪਾਂ ਬੈਠ ਕੇ ਸਲਾਹ ਕਰਾਂਗੇ। ਕੋਈ ਹੱਲ ਕੱਢਾਂਗੇ। ਉਸ ਮੈਨੂੰ ਹਾਂ ਕਰ ਦਿੱਤੀ ਸੀ ਪਰ ਫੇਰ ਪਤਾ ਨ੍ਹੀਂ ਉਹਦੇ ਮਨ ’ਚ ਕੀ ਆਇਆ ਸੀ ਕਿ ਮੈਨੂੰ ਆਪਣੇ ਕੋਰਟ ਮੈਰਿਜ ਦੇ ਸਰਟੀਫਿਕੇਟ ਵੀ ਫੋਟੋਕਾਪੀ ਕੋਰੀਅਰ ਕਰਾ ਦਿੱਤੀ।’’

‘‘ਇਹ ਤਾਂ ਬਹੁਤ ਮਾੜੀ ਗੱਲ ਹੋਈ। ਅਸੀਂ ਤਾਂ ਲੋਕਾਂ ਅੱਗੇ ਮੂੰਹ ਦਿਖਾਉਣ ਜੋਗੇ ਹੀ ਨ੍ਹੀਂ ਰਹੇ।’’
‘‘ਇਹੀ ਮੈਂ ਵੀ ਸੋਚਦਾਂ।’’

‘‘ਜੇ ਕੋਈ ਹੋਰ ਜਾਤ ਦਾ ਹੁੰਦਾ ਤਾਂ ਠੀਕ ਸੀ। ਆਹ ਚੰਮ ਲਾਹੁਣ ਵਾਲਿਆਂ ਦਾ ਮੁੰਡਾ। ਉਹਨੇ ਕੀ ਸੋਚ ਕੇ ਵਿਆਹ ਕਰਵਾਇਆ।’’
‘‘ਸੋਚਣਾ ਕੀ ਸੀ। ਇਕੋ ਬੈਂਕ ’ਚ ਕੰਮ ਕਰਦੇ ਆ।’’

‘‘ਇਸ ’ਚ ਤੁਹਾਡਾ ਹੀ ਕਸੂਰ ਆ। ਮੈਂ ਕਹਿੰਦੀ ਹੁੰਦੀ ਸੀ ਕਿ ਬੱਚਿਆਂ ਨੂੰ ਬਹੁਤੀ ਖੁੱਲ੍ਹ ਨਾ ਦਿਉ। ਤੁਸੀਂ ਮੇਰੀ ਹਰੇਕ ਗੱਲ ਦਾ ਹਮੇਸ਼ਾ ਵਿਰੋਧ ਕੀਤਾ। ਮਜ਼ਾਕ ਉਡਾਇਆ। ਇਹੀ ਕਹਿੰਦੇ ਰਹੇ-ਜੋ ਇਹ ਕਰਦੇ ਆ-ਕਰੀ ਜਾਣ ਦਿਉ। ਪਹਿਲਾਂ ਗਗਨ ਗੁਆਇਆ। ਹੁਣ ਸੁਖੀ ਗਈ।’’ ਮੈਨੂੰ ਉਸ ’ਤੇ ਗੁੱਸਾ ਆਇਆ।

****

ਮੈਂ ਵਾਰ-ਵਾਰ ਉਸ ਨੂੰ ਰੋਕਦੀ, ਟੋਕਦੀ ਰਹਿੰਦੀ ਸੀ। ਉਹ ਨਹੀਂ ਮੰਨਦਾ ਸੀ। ਮੈਂ ਉਹਨੂੰ ਕਹਿੰਦੀ, ‘‘ਇਹ ਘਰ ਕੁੜੀਆਂ ਵਾਲਾ। ਆਹ ਕੀ ਵਿਹੜੇ ’ਚ ਕੱਛਾ ਪਾਈ ਤੁਰੇ ਫਿਰਦੇ ਹੋ।’’ ਉਹ ਕਹਿ ਦਿੰਦਾ, ‘‘ਫੇਰ ਕੀ ਹੋਇਆ।’’ ਮੈਨੂੰ ਉਹਨੂੰ ਸਮਝਾਉਣਾ ਪੈਂਦਾ, ‘‘ਜਦੋਂ ਧੀ ਜਵਾਨ ਹੋ ਜਾਵੇ ਤਾਂ ਸਾਨੂੰ ਬਹੁਤ ਕੁਸ਼ ਸੋਚਣਾ ਪੈਂਦਾ। ਜੇ ਕੱਛਾ ਪਾ ਕੇ ਬੈਠਣਾ ਤਾਂ ਛੱਤ ਉਪਰ ਚਲੇ ਜਾਇਆ ਕਰੋ। ਇਕ ਦਿਨ ਤੁਸੀਂ ਧੋਤੀ ਲਾ ਕੇ ਵਿਹੜੇ ’ਚ ਬੈਠੇ ਸੀ। ਅੱਧੇ ਨੰਗੇ।’’ ਉਹਨੇ ਮੇਰੀ ਗੱਲ ਮੰਨ ਲਈ ਸੀ। ਮੁੜ ਘਰ ਵਿੱਚ ਧੋਤੀ ਲਾਉਣੀ ਹੀ ਛੱਡ ਦਿੱਤੀ ਸੀ। ਜੇ ਕਦੇ ਉਹ ਮੇਰੇ ਨੇੜੇ ਵੀ ਆ ਕੇ ਬੈਠ ਜਾਂਦਾ ਤਾਂ ਮੈਂ ਪਰ੍ਹਾਂ ਨੂੰ ਖਿਸਕ ਜਾਂਦੀ। ਮੈਂ ਸੁਖਪ੍ਰੀਤ ਬਾਰੇ ਚਿੰਤਤ ਹੁੰਦੀ ਤਾਂ ਸੁਖਪ੍ਰੀਤ ਦੱਸਦੀ, ‘‘ਮੈਂ ਤੁਹਾਡੀ ਧੀ ਹਾਂ। ਮੈਨੂੰ ਆਪਣੀਆਂ ਜੁੰਮੇਵਾਰੀਆਂ ਤੇ ਫਰਜ਼ਾਂ ਦਾ ਪਤਾ। ਜੇ ਤੁਸੀਂ ਆਪਣੀ ਜ਼ਿੰਦਗੀ ਵਿਚ ਕੋਈ ਗਲਤ ਕੰਮ ਨ੍ਹੀਂ ਕੀਤਾ ਤਾਂ ਤੁਹਾਡੀ ਧੀ ਕਿੱਥੋਂ ਕਰੇਗੀ। ਮੈਨੂੰ ਦੱਸੋ-ਮੈਂ ਤੁਹਾਡੀ ਇੱਛਾ ਦੇ ਵਿਰੁੱਧ ਕੋਈ ਕੰਮ ਕੀਤਾ। ਨੌਕਰੀ ਤਾਂ ਮੈਂ ਹੀ ਕਰਨੀ ਆ।’’ ਮੈਂ ਉਸ ਨਾਲ ਕੁਝ ਕੁ ਸਹਿਮਤ ਹੋ ਜਾਂਦੀ। ਪਰ ਮੈਂ ਖਿੱਝ ਕੇ ਇਹ ਵੀ ਕਹਿ ਦਿੰਦੀ, ‘‘ਚੰਗਾ ਬਾਬਾ, ਜੋ ਵੀ ਕਰਨਾ ਕਰ। ਮੇਰੀ ਤਾਂ ਇਹੀ ਇੱਛਾ ਆ ਕਿ ਵਿਆਹ ਸਾਡੀ ਮਰਜ਼ੀ ਨਾਲ ਕਰਾਈਂ। ਜੇ ਵਿਆਹ ਤੂੰ ਵੀ ਆਪਣੀ ਮਰਜ਼ੀ ਨਾਲ ਕਰਾ ਲਿਆ ਤਾਂ ਉਸੇ ਦਿਨ ਮੈਂ ਕੋਠੇ ਤੋਂ ਛਾਲ ਮਾਰ ਦੇਣੀ।’’

ਸੁਖਪ੍ਰੀਤ ਦੇ ਵਿਆਹ ਦਾ ਮੈਨੂੰ ਬੜਾ ਚਾਅ ਸੀ। ਇਕੋ-ਇਕ ਕੁੜੀ ਸੀ। ਮੇਰੀ ਖਾਹਿਸ਼ ਸੀ ਕਿ ਮੈਂ ਆਪਣੀ ਕੁੜੀ ਦਾ ਧੂਮ-ਧੜੱਕੇ ਨਾਲ ਵਿਆਹ ਕਰਨਾ ਹੈ। ਆਪਣੇ ਅਧੂਰੇ ਰਹਿ ਗਏ ਚਾਅ, ਖੁਸ਼ੀਆਂ, ਉਮੰਗਾਂ ਪੂਰੀਆਂ ਕਰਨੀਆਂ ਹਨ। ਆਹ ਕਰਨਾ-ਔਹ ਕਰਨਾ। ਜਦੋਂ ਮੈਂ ਕਿਸੇ ਦੇ ਵਿਆਹ ’ਤੇ ਜਾਂਦੀ ਤਾਂ ਵਾਪਸੀ ’ਤੇ ਤਰਸੇਮ ਨਾਲ ਸਲਾਹੀਂ ਪੈਂਦੀ, ‘‘ਮੈਂ ਆਪਣੀ ਕੁੜੀ ਦੇ ਵਿਆਹ ’ਤੇ ਸਾਰੇ ਰਿਸ਼ਤੇਦਾਰ ਸੱਦਣੇ ਆ। ਮਾਮਿਆਂ ਦੀਆਂ ਕੁੜੀਆਂ ਨੂੰ ਵੀ। ਜਾਗੋ ਵੀ ਕੱਢਣੀ ਆ।’’ ਉਹ ਕਹਿੰਦਾ, ‘‘ਆਪਾਂ ਕੁੜੀ ਵੀ ਬਾਹਰ ਹੀ ਵਿਆਹ ਦੇਣੀ।’’ ਮੈਂ ਉਸ ਦੀ ਇਸ ਗੱਲ ਦਾ ਵਿਰੋਧ ਕਰਦੀ, ‘‘ਲੈ-ਮੇਰੀ ਇੱਕੋ ਧੀ ਆ। ਉਹ ਵੀ ਬਾਹਰ ਚਲੀ ਗਈ ਤਾਂ ਸਾਡੇ ਕੋਲ ਕੀ ਰਹਿਜੂਗਾ। ਨ੍ਹੀਂ, ਮੈਂ ਤਾਂ ਆਪਣੀ ਕੁੜੀ ਇਧਰ ਹੀ ਵਿਆਹੂੰ।’’ ਉਹ ਗਿਣਤੀਆਂ ਮਿਣਤੀਆਂ ’ਚ ਪੈ ਜਾਂਦਾ। ਕਾਗਜ਼ ਤੇ ਪੈਨ ਲੈ ਕੇ ਬੈਠ ਜਾਂਦਾ। ਮੈਂ ਮਿੰਨਾ ਮਿੰਨਾ ਹੱਸਦੀ ਇਸ ਕਰਕੇ ਕਿ ਇਸ ’ਚ ਨੋਟ ਕਰਨ ਵਾਲੀ ਕਿਹੜੀ ਖਾਸ ਗੱਲ ਹੈ। ਉਹ ਕਹਿੰਦਾ, ‘‘ਬਲੀਏ, ਬੈਂਕ ’ਚ ਕੈਸ਼ੀਅਰ ਲੱਗਾਂ। ਪੈਸੇ-ਪੈਸੇ ਦਾ ਹਿਸਾਬ ਕਰਨਾ ਪੈਂਦਾ। ਇਕ ਫਿਗਰ ਇਧਰ ਉਧਰ ਹੋ ਜਾਵੇ ਤਾਂ ਸਕਰੌਲ ਨ੍ਹੀਂ ਮਿਲਦਾ।’’ ਉਸ ਦੀ ਆਪਣੀ ਜ਼ਿੰਦਗੀ ਵੀ ਸਕਰੌਲ ਵਰਗੀ ਸੀ। ਪੈਸੇ-ਪੈਸੇ ਦਾ ਹਿਸਾਬ ਰੱਖਦਾ। ਘਰ ਹੁੰਦਾ ਤਾਂ ਜੇ ਕਿਸੇ ਕਮਰੇ ਦੀ ਟਿੳੂਬ ਐਵੇਂ ਹੀ ਜਗਦੀ ਹੁੰਦੀ ਤਾਂ ਸਵਿਚ ਆਫ ਕਰ ਦਿੰਦਾ। ਟੁਲੂ ਪੰਪ ਚਲਾ ਕੇ ਛੱਤ ਉਪਰ ਚਲਿਆ ਜਾਂਦਾ। ਉਦੋਂ ਹੀ ਥੱਲੇ ਆਉਂਦਾ ਜਦੋਂ ਟੈਂਕੀ ਭਰ ਜਾਂਦੀ। ਮੈਨੂੰ ਮਹੀਨੇ ਦਾ ਖਰਚਾ ਦਿੰਦਿਆਂ ਨਸੀਹਤਾਂ ਦਿੰਦਾ, ‘‘ਤੂੰ ਇਸੇ ਨਾਲ ਸਾਰਣਾ। ਮੇਰੀ ਪੌਕਟ ਹੋਰ ਨ੍ਹੀਂ ਅਲੌਅ ਕਰਦੀ।’’ ਉਹ ਤਾਂ ਆਪਣੇ ’ਤੇ ਵੀ ਫਾਲਤੂ ਪੈਸਾ ਨਹੀਂ ਖਰਚਦਾ ਸੀ। ਚੰਡੀਗੜ੍ਹ ਤੋਂ ਲੈ ਕੇ ਜਲੰਧਰ ਤੱਕ ਆਉਂਦਿਆਂ ਰਸਤੇ ’ਚ ਚਾਹ ਦਾ ਕੱਪ ਵੀ ਨਾ ਪੀਂਦਾ। ਬਲਾਚੌਰ ਦੇ ਢਾਬੇ ’ਤੇ ਬਸ ਰੁਕਦੀ ਤਾਂ ਉਹ ਬਸ ’ਚ ਹੀ ਬੈਠਾ ਰਹਿੰਦਾ। ਅੱਖਾਂ ਬੰਦ ਕਰੀ। ਪਾਣੀ ਦੀ ਬੋਤਲ ਉਸ ਦੇ ਬੈੱਗ ’ਚ ਹੁੰਦੀ ਜਿਹੜੀ ਕਿ ਉਹ ਆਪਣੇ ਬੈਂਕ ’ਚੋਂ ਭਰ ਕੇ ਲਿਆਉਂਦਾ ਸੀ।

ਮੈਂ ਇਕ ਦਿਨ ਉਹਨੂੰ ਦੱਸਿਆ ਸੀ, ‘‘ਮੇਰੇ ਬਾਬਾ ਜੀ ਕਹਿੰਦੇ ਹੁੰਦੇ ਸੀ ਕਿ ਜ਼ਿੰਦਗੀ ਨੂੰ ਕੈਲਕੁਲੇਟ ਨ੍ਹੀਂ ਕੀਤਾ ਜਾ ਸਕਦਾ। ਇਹਦਾ ਫਾਰਮੂਲਾ ਦੋ ਜਮਾਂ ਦੋ ਬਰਾਬਰ ਹੈ ਚਾਰ ਨ੍ਹੀਂ ਹੋ ਸਕਦਾ। ਕਿਸੇ ਆਦਮੀ ਨੂੰ ਕਿਹੜੇ ਵੇਲੇ ਵੱਡੀ ਖੁਸ਼ੀ ਮਿਲਣੀ ਆ ਜਾਂ ਕਿਹੜੇ ਵੇਲੇ ਗ਼ਮਾਂ-ਦੁਖਾਂ ਨੇ ਆ ਘੇਰਣਾ ਹੁੰਦਾ ਆ-ਇਹ ਦਾ ਉਹਨੂੰ ਪਤਾ ਨ੍ਹੀਂ ਲੱਗਦਾ। ਹਫ਼ਤੇ-ਦਿਨ ਤਾਂ ਕੀ, ਪਲਾਂ ’ਚ ਹੀ ਪਤਾ ਨ੍ਹੀਂ ਕੀ ਦਾ ਕੀ ਹੋ ਜਾਣਾ ਹੁੰਦਾ।’’

ਉਸ ਕਿਹਾ ਸੀ, ‘‘ਪਰ ਕੈਲਕੁਲੇਸ਼ਨ ਕੀਤਿਆਂ ਬਿਨਾਂ ਸਰਦਾ ਵੀ ਨ੍ਹੀਂ। ਮੰਨ ਲੈ -ਮੈਨੂੰ ਮਹੀਨੇ ਦੇ ਪੈਂਤੀ ਹਜ਼ਾਰ ਮਿਲਦੇ ਆ। ਮੈਨੂੰ ਇਹ ਪਤਾ ਹੋਣਾ ਚਾਹੀਦਾ ਕਿ ਇਸ ’ਚੋਂ ਵੀਹ ਹਜ਼ਾਰ ਲੋਨ ਦੀ ਕਿਸ਼ਤ ਚਲੇ ਜਾਣੀ ਆ। ਅੱਠ ਕੁ ਹਜ਼ਾਰ ਘਰ ਦਾ ਖਰਚਾ। ਚਾਰ-ਪੰਜ ਹਜ਼ਾਰ ਮੇਰੇ ਇਕੱਲੇ ਦਾ। ਬਾਕੀ ਬਚਿਆਂ ਦੋ-ਤਿੰਨ ਹਜ਼ਾਰ। ਇਹ ਕਿਸੇ ਸ਼ੋਸਲ ਫਕੰਸਨ ’ਚ ਖਰਚ ਹੋ ਜਾਣੇ ਆ। ਜੇ ਮੈਂ ਇਸ ਤੋਂ ਜ਼ਿਆਦਾ ਖਰਚ ਕਰਾਂਗਾ ਜਾਂ ਹਿਸਾਬ-ਕਿਤਾਬ ’ਚ ਗੜਬੜ ਕਰਾਂਗਾ ਤਾਂ ਔਖਾ ਹੋਣਾ ਪਵੇਗਾ।’’

ਮੈਂ ਕਿਹਾ ਸੀ, ‘‘ਤੁਹਾਡੀ ਸੋਚ ਪੈਸਿਆਂ ਨਾਲ ਜੁੜੀ ਹੋਈ ਆ। ਰਿਸ਼ਤਿਆਂ ’ਚ ਤੁਸੀਂ ਹਮੇਸ਼ਾ ਫੇਲ੍ਹ ਰਹੇ ਹੋ।’’

‘‘ਫਾਰ ਐਗਜਮਪਲ।’’
‘‘ਇਹ ਤੁਸੀਂ ਆਪ ਦੇਖੋ।’’
‘‘ਫੇਰ ਵੀ।’’
‘‘ਪੁੱਛ ਕੇ ਨ੍ਹੀਂ-ਆਪ ਸੋਚ ਕੇ ਪਤਾ ਲੱਗਦਾ।’’

******
ਗਗਨ ਸਟੱਡੀਬੇਸ ’ਤੇ ਆਸਟ੍ਰੇਲੀਆ ਗਿਆ ਸੀ। ਉਹਨੂੰ ਦੋ ਸਾਲਾਂ ਦਾ ਵੀਜ਼ਾ ਮਿਲਿਆ ਸੀ। ਹੋਟਲ ਮੈਨੇਜਮੈਂਟ ਦਾ ਡਿਪਲੋਮਾ ਕਰਨ ਲਈ। ਉਹ ਪੜ੍ਹਦਾ ਸੀ। ਕੰਮ ਕਰਦਾ ਸੀ। ਸਮਿਸਟਰ ਫੀਸ ਉਹ ਘਰੋਂ ਮੰਗਵਾਉਂਦਾ ਸੀ। ਉਪਰਲੇ ਖਰਚੇ ਜੋਗਾ ਆਪ ਕਮਾ ਲੈਂਦਾ ਸੀ। ਫੇਰ ਉਸ, ਜਿਸ ਸਟੋਰ ’ਚ ਉਹ ਕੰਮ ਕਰਨ ਜਾਂਦਾ ਸੀ, ’ਚ ਆਪਣੇ ਨਾਲ ਕੰਮ ਕਰਦੀ ਸਾੳੂਥ ਕੋਰੀਅਨ ਕੁੜੀ ਮੇਅ ਨਾਲ ਪਿਆਰ ਪਾ ਲਿਆ ਸੀ। ਮੇਅ ਕੋਲ ਆਸਟ੍ਰੇਲੀਅਨ ਸਿਟੀਜ਼ਨਸ਼ਿਪ ਸੀ। ਡਿਗਰੀ ਮਿਲਣ ਤੋਂ ਇਕ ਹਫਤਾ ਬਾਅਦ ਉਸ ਮੇਅ ਨਾਲ ਵਿਆਹ ਕਰਵਾ ਲਿਆ ਸੀ। ਇਸ ਸੰਬੰਧੀ ਉਸ ਮੈਨੂੰ ਦੱਸਿਆ ਸੀ, ‘‘ਅਸੀਂ ਕੋਰਟ ਮੈਰਿਜ ਕਰਵਾ ਲਈ। ਇਸ ਨਾਲ ਮੈਨੂੰ ਪੀ.ਆਰ.ਓ. ਸ਼ਿਪ ਮਿਲਣ ’ਚ ਫਾਇਦਾ ਹੳੂ। ਮੈਂ ਕਲ੍ਹ ਨੂੰ ਤੁਹਾਨੂੰ ਆਪਣੇ ਵਿਆਹ ਦੀਆਂ ਫੋਟੋਆਂ ਭੇਜਾਂਗਾ।’’ ਮੈਨੂੰ ਪਤਾ ਨਹੀਂ ਲੱਗਾ ਸੀ ਕਿ ਮੈਂ ਖੁਸ਼ੀ ਮਨਾਵਾਂ ਜਾਂ ਗਮੀ। ਮੇਰੇ ਤਾਂ ਸਾਰੇ ਚਾਅ, ਉਤਸ਼ਾਹ ਧਰੇ ਧਰਾਏ ਰਹਿ ਗਏ ਸਨ। ਜਿਸ ਦਿਨ ਮੇਅ ਨੇ ਮੈਨੂੰ ਟੈਲੀਫੋਨ ’ਤੇ ‘ਹੈਲੋ ਮੰਮਾ’ ਕਿਹਾ ਸੀ ਤਾਂ ਮੈਨੂੰ ਚੰਗਾ ਚੰਗਾ ਲੱਗਾ ਸੀ। ਮੈਂ ਸੋਚਿਆ ਸੀ ਕਿ ਹੁਣ ਮੈਂ ਅੰਗਰੇਜ਼ੀ ਬੋਲਣੀ ਸਿੱਖਾਂਗੀ। ਮੇਰੇ ਲਈ ਇਹ ਕੰਮ ਔਖਾ ਨਹੀਂ ਸੀ। ਮੈਨੂੰ ਇਸ ਗੱਲ ਨੇ ਤਸੱਲੀ ਦਿੱਤੀ ਸੀ ਕਿ ਗਗਨ ਨੇ ਗੋਰੀ ਨਾਲ ਵਿਆਹ ਕਰਵਾਇਆ ਸੀ। ਲੋਕਾਂ ਨੂੰ ਪਤਾ ਲੱਗਾ ਤਾਂ ਉਹ ਵਧਾਈਆਂ ਦੇਣ ਲੱਗੇ ਸਨ। ਪਾਰਟੀ ਮੰਗਣ ਲੱਗੇ ਸਨ। ਤਰਸੇਮ ਨੇ ਨਾਨਕਿਆਂ, ਭੈਣਾਂ, ਸਾਲੀਆਂ ਤੇ ਹੋਰ ਰਿਸ਼ਤੇਦਾਰਾਂ ਦੇ ਡੱਬੇ ਭੇਜੇ ਸਨ। ਗਗਨ ਨੇ ਦੱਸਿਆ ਸੀ ਕਿ ਉਹ ਅਗਲੇ ਸਾਲ ਆਉਣਗੇ। ਉਦੋਂ ਰੀਸ਼ੈਪਸ਼ਨ ਪਾਰਟੀ ਰੱਖ ਲਿਉ। ਮੈਨੂੰ ਗਗਨ ਦੀ ਗੱਲ ਠੀਕ ਲੱਗੀ ਸੀ। ਮੈਨੂੰ ਲੱਗਾ ਸੀ ਕਿ ਮੇਰੇ ਮੁੰਡੇ ਨੇ ਮੇਰੇ ਮਨ ਦੀ ਗੱਲ ਜਾਣ ਲਈ ਹੈ। ਤਰਸੇਮ ਨੂੰ ਅਥਾਹ ਖੁਸ਼ੀ ਹੋਈ ਸੀ। ਉਸ ਕਿਹਾ ਸੀ, ‘‘ਚਲੋ, ਇਕ ਭਾਰ ਤਾਂ ਘਟਿਆ। ਮੁੰਡਾ ਸੈਟ ਹੋ ਗਿਆ। ਵਿਆਹ ਹੋ ਗਿਆ।’’ ਦੂਜੇ ਪਲ ਉਹ ਆਪਣੇ ਆਪ ਨਾਲ ਗੱਲੀਂ ਪੈ ਗਿਆ ਸੀ, ‘‘ਜੇ ਏਥੇ ਵਿਆਹ ਹੁੰਦਾ ਤਾਂ ਕਿੰਨੇ ਚਾਅ ਮਲਾਰ ਕਰਨੇ ਸੀ। ਆਪਾਂ ਕਿੰਨਿਆਂ ਦੇ ਸ਼ਗਨ ਦਿੱਤੇ ਸੀ। ਉਹ ਵੀ ਮੁੜਣੇ ਸੀ। ਇਕੋ ਇਕ ਮੁੰਡਾ ਸੀ। ਉਸ ਵੀ ਆਪਣੀ ਮਰਜ਼ੀ ਨਾਲ ਵਿਆਹ ਕਰਵਾ ਲਿਆ। ਹੁਣ ਸੁਖੀ ਦੇ ਵਿਆਹ ਤੇ ਪੂਰਾ ਜ਼ੋਰ ਲਾਵਾਂਗੇ। ਗਗਨ ਵੀ ਮੱਦਦ ਕਰੇਗਾ।’’ ਖੁਸ਼ੀ ਵਿਚ ਉਹ ਇਹ ਭੁੱਲ ਗਿਆ ਸੀ ਕਿ ਉਹਦੀ ਪੌਣੀ ਤਨਖਾਹ ਤਾਂ ਬੈਂਕ ਤੋਂ ਲਏ ਲੋਨ ’ਚ ਚਲੇ ਜਾਂਦੀ ਹੈ। ਸੁਖਪ੍ਰੀਤ ਦੀ ਅੱਧੀ ਤਨਖਾਹ ਵੀ ਗਗਨ ਦੇ ਲੇਖੇ ਲੱਗ ਰਹੀ ਸੀ। ਉਹਨੂੰ ਗਗਨ ’ਤੇ ਵਿਸ਼ਵਾਸ ਸੀ ਕਿ ਉਹ ਪੱਕੇ ਹੋਣ ਤੋਂ ਬਾਅਦ ਦੋ ਕੁ ਸਾਲਾਂ ’ਚ ਸਾਰਾ ਕਰਜ਼ਾ ਉਤਾਰ ਦੇਵੇਗਾ। ਫੇਰ ਉਹਦੇ ਖੁਸ਼ਹਾਲੀ ਵਾਲੇ ਦਿਨ ਸ਼ੁਰੂ ਹੋ ਜਾਣਗੇ। ਜਦੋਂ ਉਹਨੂੰ ਗਗਨ ਦਾ ਕਿਹਾ ਯਾਦ ਆਉਂਦਾ, ‘‘ਬੱਸ, ਇਕ ਵਾਰ ਮੈਂ ਸੈਟ ਹੋ ਲਵਾਂ। ਫੇਰ ਮੈਂ ਤੁਹਾਨੂੰ ਨੌਕਰੀ ਨ੍ਹੀਂ ਕਰਨ ਦੇਣੀ। ਤੁਸੀਂ ਰਿਟਾਇਰਮੈਂਟ ਲੈ ਲੈਣੀ ਆ। ਪੰਜ-ਸੱਤ ਅਖਬਾਰਾਂ ਲਗਵਾ ਲੈਣੀਆਂ। ਅਖਬਾਰਾਂ ਪੜ੍ਹ ਛੱਡੀਆਂ। ਟੈਲੀਵੀਜ਼ਨ ਦੇਖ ਲਿਆ।’’ ਤਾਂ ਉਹਨੂੰ ਆਪਣਾ ਆਪ ਹੌਲਾ ਫੁੱਲ ਵਰਗਾ ਲੱਗਦਾ। ਉਹਦੇ ਦਿਨ ਤੰਗੀਆਂ ਤੁਰਸੀਆਂ ’ਚ ਲੰਘ ਰਹੇ ਸੀ। ਫੇਰ ਵੀ ਉਹ ਸੰਤੁਸ਼ਟ ਸੀ। ਇਸ ਸੁਤੰਸ਼ਟੀ ਦਾ ਇਕ ਕਾਰਨ ਇਹ ਸੀ ਕਿ ਸੁਖਪ੍ਰੀਤ ਜਲੰਧਰ ’ਚ ਹੀ ਬੈਂਕ ’ਚ ਲੱਗ ਗਈ ਸੀ।


ਅਸੀਂ ਸੋਚਿਆ ਸੀ ਕਿ ਗਗਨ ਦੇ ਆਉਣ ’ਤੇ ਸੁਖਪ੍ਰੀਤ ਦਾ ਵਿਆਹ ਕਰ ਦਵਾਂਗੇ। ਮੈਂ ਜ਼ੋਰ ਪਾਇਆ ਸੀ ਕਿ ਸੁਖਪ੍ਰੀਤ ਲਈ ਮੁੰਡਾ ਵੀ ਲੋਕਲ ਹੀ ਲੱਭਿਆ ਜਾਵੇ ਤਾਂ ਕਿ ਉਹ ਸਾਡੇੇ ਨੇੜੇ-ਤੇੜੇ ਹੀ ਰਹੇ। ਉਹਨੇ ਮੁੰਡੇ ਦੀ ਭਾਲ ਕਰਨੀ ਸ਼ੁਰੂ ਕੀਤੀ ਸੀ। ਸੁਖਪ੍ਰੀਤ ਨੂੰ ਵੀ ਪੁੱਛਿਆ ਸੀ, ‘‘ਪੁੱਤ, ਤੇਰੀ ਕੋਈ ਖਾਸ ਚੁਆਇਸ ਹੈ ਤਾਂ ਦੱਸ ਦੇ।’’ ਸੁਖਪ੍ਰੀਤ ਦਾ ਕਹਿਣਾ ਸੀ, ‘‘ਐਨਾ ਕੁ ਦੇਖ ਲਿਉ ਕਿ ਮੁੰਡਾ ਮੇਰੇ ਸਟੇਟਸ ਦਾ ਹੋਵੇ।’’ ਉਸ ਆਪਣੇ ਰਿਸ਼ਤੇਦਾਰਾਂ, ਦੋਸਤਾਂ ਤੇ ਜਾਣੂਆਂ ਨੂੰ ਅਜਿਹਾ ਹੀ ਮੁੰਡਾ ਲੱਭਣ ਲਈ ਕਿਹਾ ਸੀ। ਫੇਰ ਉਹਨੂੰ ਪੰਜਾਬ ਨੈਸ਼ਨਲ ਬੈਂਕ ’ਚ ਲੱਗੇ ਮੁੰਡੇ ਦੀ ਦੱਸ ਪਈ ਸੀ। ਉਹਨੇ ਮੈਨੂੰ ਦੱਸਿਆ ਸੀ, ‘‘ਦੋ ਭੈਣ ਭਰਾ ਆ। ਭੈਣ ਵੱਡੀ ਆ। ਵਿਆਹੀ ਹੋਈ ਆ ਪਟਿਆਲੇ। ਪਿਓ ਡੀ. ਏ. ਵੀ. ਕਾਲਜ ’ਚ ਪ੍ਰੋਫੈਸਰ ਲੱਗਾ। ਮਾਂ ਆਰੀਆ ਸਕੂਲ ਦੀ ਪਿ੍ਰੰਸੀਪਲ ਆ। ਮਾਡਲ ਟਾੳੂਨ ’ਚ ਕੋਠੀ ਆ। ਸਾਰਿਆਂ ਨੇ ਬਿਆਸਾ ਵਾਲੇ ਗੁਰੂ ਤੋਂ ਨਾਮ ਦਾਨ ਲਿਆ ਹੋਇਆ।’’ ਮੈਂ ਉਹਨੂੰ ਕਿਹਾ ਸੀ, ‘‘ਹੁਣ ਪਾਧਾ ਨਾ ਪੁੱਛੋ। ਐਦਾਂ ਦੇ ਘਰ ਕਿਸਮਤ ਨਾਲ ਮਿਲਦੇ। ਜੇ ਤੁਸੀਂ ਘੌਲ ਕਰ ਗਏ ਤਾਂ ਮੁੰਡਾ ਮੰਗਿਆ ਜਾਣਾ। ਸਾਡੀ ਧੀ ਸੁਖੀ ਰਹੂਗੀ। ਜਿਸ ਘਰ ਵਿਚ ਚਾਰ ਜੀਅ ਕਮਾਉਣ ਵਾਲੇ ਹੋਣ ਉਥੇ ਕਿਹੜੀ ਚੀਜ਼ ਦਾ ਘਾਟਾ ਹੋ ਸਕਦਾ।’’ ਅਸੀਂ ਮੁੰਡੇ ਨੂੰ ਦੇਖਣ ਦੀ ਸਲਾਹ ਹੀ ਕਰ ਰਹੇ ਸੀ ਕਿ ਗਗਨ ਦਾ ਫੋਨ ਆ ਗਿਆ ਸੀ, ‘‘ਸੌਰੀ ਡੈਡ ਮੈਥੋਂ ਅਗਲੇ ਮਹੀਨੇ ਨ੍ਹੀਂ ਆਇਆ ਜਾਣਾ। ਮੇਅ ਕਹਿੰਦੀ ਸੀ ਕਿ ਜਿੰਨੇ ਪੈਸੇ ਇੰਡੀਆ ਜਾਣ ਲਈ ਖਰਚਣੇ ਆ-ਉਹਦੀ ਬਚਤ ਕੀਤੀ ਜਾਵੇ। ਉਹ ਆਪਣਾ ਫਲੈਟ ਖਰੀਦਣ ਲਈ ਕਾਹਲੀ ਪਈ ਆ। ਸ਼ਾਇਦ ਅਸੀਂ ਅਗਲੇ ਮਹੀਨੇ ਲੈ ਹੀ ਲਈਏ। ਜੇ ਮੈਂ ਲਿਆ ਤਾਂ ਮੈਥੋਂ ਦੋ ਸਾਲ ਤੁਹਾਨੂੰ ਪੈਸੇ ਨ੍ਹੀਂ ਭੇਜੇ ਜਾਣੇ। ਤੁਸੀਂ ਮੇਰੀ ਮਜ਼ਬੂਰੀ ਨੂੰ ਸਮਝੋ। ਮੈਨੂੰ ਪਤਾ ਕਿ ਤੁਸੀਂ ਹਰ ਗੱਲ ਦੀ ਅਗਾਉਂ ਹੀ ਕੈਲਕੁਲੇਸ਼ਨ ਕੀਤੀ ਹੁੰਦੀ ਆ। ਇਹਨੂੰ ਵੀ ਐਡਜਸਟ ਕਰ ਲਉਗੇ।’’ ਉਸ ਮੇਰੇ ਨਾਲ ਸੁਲਾਹ ਮਾਰੀ ਸੀ, ‘‘ਮੈਂ ਇਕ ਹੋਰ ਪਲੈਨਿੰਗ ਨੂੰ ਅੰਤਮ ਰੂਪ ਦੇ ਰਿਹਾਂ। ਗਗਨ ਨੇ ਹੁਣ ਆਉਣਾ ਨ੍ਹੀਂ। ਸੁਖੀ ਨੇ ਆਪਣੇ ਘਰੇ ਚਲੇ ਜਾਣਾ। ਰਿਟਾਇਰਮੈਂਟ ਤੋਂ ਬਾਅਦ ਆਪਾਂ ਵੀ ਆਸਟ੍ਰੇਲੀਆ ਸ਼ਿਫਟ ਕਰ ਜਾਣਾ। ਫੇਰ ਕਿਉਂ ਨਾ ਇਹ ਮਕਾਨ ਵੇਚ ਦੇਈਏ।’’ ਮੈਂ ਵਿਚੋਂ ਹੀ ਟੋਕ ਕੇ ਕਿਹਾ ਸੀ, ‘‘ਮੈਂ ਆਪਣੇ ਜੀਉਂਦੇ ਜੀਅ ਤਾਂ ਇਹਨੂੰ ਨ੍ਹੀਂ ਵੇਚਣ ਦਿੰਦੀ। ਮਰਣ ਪਿਛੋਂ ਜੋ ਮਰਜ਼ੀ ਕਰ ਲਉ।’’ ਉਹਨੇ ਹੱਸਦਿਆਂ-ਹੱਸਦਿਆਂ ਕਿਹਾ ਸੀ, ‘‘ਸਾਡੇ ਪੰਜਾਬ ’ਚ ਆਦਮੀ ਪਹਿਲਾਂ ਮਰਦਾ। ਔਰਤਾਂ ਬਾਅਦ ’ਚ। ਆਪਣੇ ਸ਼ਰੀਕੇ-ਭਾਈਚਾਰੇ ਵੱਲ ਦੇਖ ਲੈ-ਕਿੰਨੀਆਂ ਰੰਡੀਆਂ।’’ ਮੈਂ ਉਸ ਦੇ ਮੂੰਹ ’ਤੇ ਆਪਣਾ ਹੱਥ ਰੱਖ ਦਿੱਤਾ ਸੀ। ਮੇਰੀਆਂ ਅੱਖਾਂ ’ਚ ਪਾਣੀ ਭਰ ਆਇਆ ਸੀ। ਮੈਂ ਭਰੇ ਮਨ ਨਾਲ ਕਿਹਾ ਸੀ, ‘‘ਤੁਹਾਥੋਂ ਬਿਨਾਂ ਮੈਂ ਕਾਸ ਦੀ ਆਂ।’’ ਉਹ ਬੋਲਿਆ ਸੀ, ‘‘ਤੂੰ ਮੇਰੀ ਗੱਲ ਤਾਂ ਸੁਣੀ ਹੀ ਨ੍ਹੀਂ। ਆਪਾਂ ਅਜੇ ਬੈਂਕਾਂ ਦੇ ਪੰਦਰਾਂ ਲੱਖ ਦੇਣੇ ਆ। ਵਿਆਜ਼ ਪੈ ਰਿਹਾ। ਮੈਂ ਪਲੈਨਿੰਗ ਕੀਤੀ ਆ ਕਿ ਆਹ ਮਕਾਨ ਵੇਚ ਦੇਈਏ। ਮੈਂ ਬਿਟੂ ਪਰੋਪਰਟੀ ਡੀਲਰ ਨਾਲ ਗੱਲ ਕੀਤੀ ਆ। ਇੱਕੀ-ਬਾਈ ਲੱਖ ’ਚ। ਆਪਾਂ ਲੋਨ ਤੋਂ ਫਾਰਿਗ ਹੋ ਜਾਣਾ। ਬਾਕੀ ਪੈਸਿਆਂ ਨਾਲ ਸੁਖੀ ਦਾ ਵਿਆਹ। ਸਾਰੇ ਕਾਰਜ ਸੰਪੂਰਣ।’’ ਮੈਂ ਕਿਹਾ ਸੀ, ‘‘ਕਾਹਲੇ ਨਾ ਪਉ। ਪਹਿਲਾਂ ਮੈਨੂੰ ਸੁਖੀ ਨਾਲ ਗੱਲ ਕਰ ਲੈਣ ਦਿਉ।’’

ਹੁਣ ਸੁਖਪ੍ਰੀਤ ਹੀ ਸਾਡਾ ਪੁੱਤ ਸੀ। ਧੀ ਸੀ। ਘਰ ਦੇ ਹਰ ਕੰਮ ’ਚ ਉਹਦੀ ਸਲਾਹ-ਇੱਛਾ ਪੁੱਛੀ ਜਾਂਦੀ ਸੀ। ਉਹ ਮਕਾਨ ਵੇਚਣ ਦੇ ਹੱਕ ’ਚ ਨਹੀਂ ਸੀ। ਉਸ ਕਿਹਾ ਸੀ ਕਿ ਉਹ ਉਦੋਂ ਤੱਕ ਵਿਆਹ ਨਹੀਂ ਕਰਵਾਏਗੀ ਜਦੋਂ ਤੱਕ ਕਿ ਉਨ੍ਹਾਂ ਦੇ ਸਿਰੋਂ ਸਾਰੇ ਕਰਜ਼ੇ ਨਾ ਲਹਿ ਜਾਣ।

ਇਕ ਦਿਨ ਰਾਤ ਨੂੰ ਅਸੀਂ ਤਿੰਨੇ ਜਣੇ ਰੋਟੀ ਖਾ ਰਹੇ ਸੀ। ਸੁਖਪ੍ਰੀਤ ਨੇ ਪੁੱਛਿਆ ਸੀ, ‘‘ਡੈਡੀ ਜੀ, ਬੰਦੇ ਦੀ ਪਰਮਾਨੰਦ ਦੀ ਅਵਸਥਾ ਕਿਹੜੀ ਹੁੰਦੀ ਆ?’’

ਉਸ ਅੱਗੋਂ ਕਹਾਣੀ ਸੁਣਾਉਣੀ ਸ਼ੁਰੂ ਕਰ ਦਿੱਤੀ ਸੀ।

ਇਕ ਦਿਨ ਇਕ ਨੌਜਵਾਨ ਬਾਗ਼ ’ਚ ਲੰਮਾ ਪਿਆ ਸੀ ਕਿ ਉਥੇ ਇਕ ਬਜ਼ੁਰਗ ਆਇਆ। ਬਜ਼ੁਰਗ ਨੇ ਪੁੱਛਿਆ, ‘‘ਕਿੱਦਾਂ ਆ ਪੁੱਤਰਾ?’’

‘‘ਏ ਵਨ। ਮੌਜ ਕਰ ਰਿਹਾਂ,’’ ਨੌਜਵਾਨ ਨੇ ਦੱਸਿਆ।
‘‘ਕੋਈ ਕੰਮ ਕਿਉਂ ਨ੍ਹੀਂ ਕਰਦਾ?’’
‘‘ਨ੍ਹੀਂ ਕਰਦਾ। ਮੇਰੀ ਮਰਜ਼ੀ ਆ।’’
‘‘ਪੁੱਤਰਾ, ਉੱਠ ਕੋਈ ਚੰਗੀ ਜਿਹੀ ਨੌਕਰੀ ਲੱਭ।’’
‘‘ਫੇਰ ਕੀ ਹਊਗਾ?’’
‘‘ਤੇਰੇ ਕੋਲ ਘਰ ਖਰੀਦਣ ਲਈ ਪੈਸੇ ਹੋਣਗੇ।’’
‘‘ਫੇਰ ਕੀ ਹਊਗਾ?’’
‘‘ਤੂੰ ਵਿਆਹ ਕਰ ਸਕੇਂਗਾ। ਤੇਰੇ ਬਾਲ ਬੱਚੇ ਹੋਣਗੇ।’’
‘‘ਫੇਰ ਕੀ ਹਊਗਾ?’’
‘‘ਤੂੰ ਆਪਣੇ ਬੱਚਿਆਂ ਨੂੰ ਪੜ੍ਹਾਵੇਂਗਾ। ਉਨ੍ਹਾਂ ਦਾ ਵਿਆਹ ਕਰੇਂਗਾ।’’
‘‘ਫੇਰ ਕੀ ਹਊਗਾ?’’

‘‘ਤੇਰੇ ਪੋਤੇ, ਪੋਤੀਆਂ, ਦੋਹਤੇ, ਦੋਹਤੀਆਂ ਹੋਣਗੀਆਂ। ਤੂੰ ਉਨ੍ਹਾਂ ਸੰਗ ਬੱਚਾ ਬਣ ਕੇ ਖੇਡਿਆ ਕਰੇਂਗਾ। ਇਹ ਤੇਰੀ ਪਰਮਾਨੰਦ ਦੀ ਅਵਸਥਾ ਹੋਵੇਗੀ। ਸਮਝਿਆ ਮੇਰੀ ਗੱਲ ਨੂੰ?’’

****
ਮੈਨੂੰ ਆਪਣੀ ਧੀ ’ਤੇ ਅਥਾਹ ਵਿਸ਼ਵਾਸ ਸੀ।
ਹੁਣ ਮੇਰਾ ਆਖਿਰੀ ਵਿਸ਼ਵਾਸ ਵੀ ਗਿਆ।
‘‘ਤੂੰ ਹੁਣ ਕੀ ਸੋਚਿਆ?’’ ਤਰਸੇਮ ਨੇ ਮੈਥੋਂ ਪੁੱਛਿਆ।

‘‘ਮੇਰਾ ਤਾਂ ਦਿਮਾਗ ਸੁੰਨ ਹੋਇਆ ਪਿਆ,’’ ਮੈਂ ਕਿਹਾ। ਮੈਥੋਂ ਆਪਣਾ ਆਪਾ ਕੰਟਰੋਲ ਨਹੀਂ ਹੋਇਆ ਸੀ। ਮਨ ’ਚ ਆਇਆ ਸੀ ਕਿ ਇਸ ਘਰ ਨੂੰ ਅੱਗ ਲਾ ਦੇਵਾਂ। ਮੈਥੋਂ ਘਰ ਨੂੰ ਅੱਗ ਤਾਂ ਲਾਈ ਨਹੀਂ ਗਈ। ਮੈਂ ਸੁਖਪ੍ਰੀਤ ਦੇ ਕਮਰੇ ’ਚ ਗਈ ਸੀ। ਇਕ-ਇਕ ਕਰਕੇ ਉਸ ਦਾ ਸਾਮਾਨ ਵਿਹੜੇ ’ਚ ਸੁੱਟ ਦਿੱਤਾ ਸੀ। ਜਦੋਂ ਮੈਨੂੰ ਲੱਗਿਆ ਸੀ ਕਿ ਹੁਣ ਉਸ ਦੇ ਕਮਰੇ ’ਚ, ਉਸ ਨਾਲ ਸੰਬੰਧਤ ਕੋਈ ਸਾਮਾਨ ਨਹੀਂ ਰਿਹਾ ਤਾਂ ਮੈਂ ਡਰਾਇੰਗ ਰੂਮ, ਬਾਥਰੂਮ ਤੇ ਰਸੋਈ ’ਚ ਗਈ ਸੀ। ਵਿਹੜੇ ’ਚ ਵਾਹਵਾ ਸਾਰੀ ਢੇਰੀ ਲੱਗ ਗਈ ਸੀ। ਮੈਂ ਇਕ ਸੂਟ ’ਤੇ ਮਿੱਟੀ ਦਾ ਤੇਲ ਪਾ ਕੇ ਅੱਗ ਲਾ ਦਿੱਤੀ ਸੀ। ਫੇਰ ਉਸ ਉਪਰ ਇਕ ਤੋਂ ਬਾਅਦ ਇਕ ਚੀਜ਼ ਸੁੱਟਦੀ ਰਹੀ ਸੀ-ਉਦੋਂ ਤੱਕ ਜਦੋਂ ਤੱਕ ਸਭ ਕੁਝ ਸੜ ਕੇ ਸਵਾਹ ਨਹੀਂ ਹੋ ਗਿਆ ਸੀ। ਤਰਸੇਮ ਨੇ ਮੈਨੂੰ ਰੋਕਿਆ ਨਹੀਂ ਸੀ। ਬੱਸ ਉਪਰਿਆਂ ਵਾਂਗ ਦੇਖਦਾ ਰਿਹਾ ਸੀ। ਉਸ ਕੋਲ ਆ ਕੇ ਬੈਠਦਿਆਂ ਹੋਇਆਂ ਮੈਂ ਕਿਹਾ ਸੀ, ‘‘ਮੈਂ ਤਾਂ ਉਸ ਦੇ ਸਰਟੀਫਿਕੇਟਾਂ ਨੂੰ ਵੀ ਅੱਗ ਲਾ ਦਿੱਤੀ ਆ। ਉਹ ਮੇਰੀ ਧੀ ਨ੍ਹੀਂ-ਪਿਛਲੇ ਜਨਮ ਦੀ ਕੋਈ ਦੁਸ਼ਮਣ ਆ।’’ ਤਰਸੇਮ ਨੇ ਮੇਰੀ ਗੱਲ ਦਾ ਕੋਈ ਹੁੰਗਾਰਾ ਨਹੀਂ ਭਰਿਆ ਸੀ। ਮੈਂ ਪੱਟਾਂ ’ਤੇ ਹੱਥ ਮਾਰ ਕੇ ਕਿਹਾ ਸੀ, ‘‘ਭੈੜੀਏ-ਤੂੰ ਮੇਰਾ ਬੁਢਾਪਾ ਰੋਲ ਤਾ। ਕੁਸ਼ ਤਾਂ ਮੇਰੇ ਬਾਰੇ ਸੋਚ ਲੈਂਦੀ।’’

****
ਵਿਹੜੇ ’ਚ ਘੁੰਮਦਿਆਂ-ਘੁੰਮਦਿਆਂ ਤਰਸੇਮ ਨੂੰ ਆਪ ਨੂੰ ਕੁਝ ਨਹੀਂ ਸੁਝ ਰਿਹਾ ਸੀ। ਬੱਸ-ਮਨ ’ਚ ਇਹੀ ਆ ਰਿਹਾ ਸੀ ਕਿ ਉਸ ਕੋਲੋਂ ਕਿੱਥੇ ਗਲਤੀ ਹੋ ਗਈ। ਉਹਨੇ ਆਪਣੇ ਬੱਚਿਆਂ ਨੂੰ ਚੰਗੇ ਸੰਸਕਾਰ ਦਿੱਤੇ ਸਨ। ਆਪ ਚੰਗੇ ਸੰਸਕਾਰਾਂ ’ਚ ਜ਼ਿੰਦਗੀ ਗੁਜ਼ਾਰੀ ਸੀ। ਹਰ ਫੈਸਲਾ ਸੋਚ-ਸਮਝ ਕੇ ਲਿਆ ਸੀ। ਕੀਤਾ ਸੀ। ਦੂਜੇ-ਤੀਜੇ ਜਣੇ ਦੀ ਸਲਾਹ ਵੀ ਲਈ ਸੀ। ਬੱਚਿਆਂ ਕੋਲੋਂ ਕੁਝ ਵੀ ਲੁਕੋ ਕੇ ਨਹੀਂ ਰੱਖਿਆ ਸੀ। ਹੁਣ ਸੁਖਪ੍ਰੀਤ ਬਾਰੇ ਉਹ ਕਿਸ ਨਾਲ ਸਲਾਹ ਕਰੇ। ਇਹ ਗੱਲ ਹੀ ਅਜਿਹੀ ਸੀ ਕਿ ਕਿਸੇ ਨੂੰ ਦੱਸਿਆ ਵੀ ਨਹੀਂ ਜਾ ਸਕਦਾ। ਇਹ ਜਾਣਦਿਆਂ ਹੋਇਆਂ ਵੀ ਅੱਜ ਨਹੀਂ ਤਾਂ ਕਲ੍ਹ ਨੂੰ ਸਾਰਿਆਂ ਨੂੰ ਪਤਾ ਲੱਗ ਜਾਣਾ। ਸੁਖਪ੍ਰੀਤ ਦੇ ਦਫ਼ਤਰ ’ਚ ਤਾਂ ਪਤਾ ਲੱਗ ਹੀ ਗਿਆ ਹੋਣਾ। ਉਸ ਚੰਡੀਗੜ੍ਹੋਂ ਤੁਰਣ ਲੱਗਿਆਂ ਬਹੁਤ ਕੁਝ ਸੋਚਿਆ ਸੀ। ਬਸ ਨੇ ਦਰਿਆ ਪਾਰ ਕਰਕੇ, ਨਹਿਰ ਵਾਲੇ ਪੁਲ ਨੂੰ ਟਪਿਆ ਹੀ ਸੀ ਕਿ ਉਹਨੂੰ ਐਦਾਂ ਲੱਗਾ ਸੀ ਜਿਵੇਂ ਕਿਸੇ ਨੇ ਉਸ ਦੇ ਕੰਨ ’ਚ ਕਿਹਾ ਹੋਵੇ-ਭੂਤਾਂ ’ਚ ਪ੍ਰਾਣੀ ਸ਼੍ਰੇਸ਼ਟ ਹਨ। ਪ੍ਰਾਣੀਆਂ ’ਚ ਬੁੱਧੀਜੀਵੀ ਸ਼ੇ੍ਰਸ਼ਟ ਹਨ। ਬੁੱਧੀਜੀਵੀਆਂ ਵਿਚ ਮਨੁੱਖ ਸ਼ੇ੍ਰਸ਼ਟ ਹਨ। ਮਨੁੱਖਾਂ ’ਚ ਬ੍ਰਾਹਮਣ ਸ਼ੇ੍ਰਸ਼ਟ ਹਨ। ਜੇ ਹੇਠਲੀ ਜਾਤ ਵਾਲਾ ਕੋਈ ਆਦਮੀ ਉਪਰਲੀ ਜਾਤ ਵਾਲੀ ਔਰਤ ਨਾਲ ਵਿਆਹ ਕਰੇ ਤਾਂ ਉਸ ਆਦਮੀ ਨੂੰ ਕਤਲ ਕਰ ਦੇਣਾ ਚਾਹੀਦਾ ਹੈ।... ਉਸ ਦੇ ਧੁਰ ਅੰਦਰੋਂ ਆਵਾਜ਼ ਨਿਕਲੀ ਸੀ-ਜੇ ਉਸ ਇਸ ਵਿਸ਼ੇ ’ਤੇ ਗੱਲ ਤੋਰੀ ਤਾਂ ਦਲਿਤ ਬਰਾਦਰੀ ਉਸ ਦੇ ਖਿਲਾਫ਼ ਹੋ ਜਾਵੇਗੀ। ਫੇਰ ਉਸਨੂੰ ਤਲਹਣ ਕਾਂਡ ਤੋਂ ਬਾਅਦ ਵਿਆਨਾ ਕਾਂਡ ਯਾਦ ਆਇਆ ਸੀ। ਕੈਂਟ ਸਟੇਸ਼ਨ ’ਤੇ ਅੱਧ-ਸੜੀ ਗੱਡੀ ਦੇ ਡੱਬੇ ਦਿੱਸੇ ਸਨ। ਆਪਣੇ ਬੈਂਕ ’ਚ ਲਾਮਬੰਦ ਹੋਏ ਕੁਲੀਗ ਯਾਦ ਆਏ ਸਨ। ਉਹਨੂੰ ਇਸ ਗੱਲ ਦਾ ਅਹਿਸਾਸ ਵੀ ਸੀ ਕਿ ਹੁਣ ਪਹਿਲਾਂ ਜਿਹੇ ਸਮੇਂ ਨਹੀਂ ਰਹੇ। ਹੁਣ ਸਭ ਕੁਝ ਉਲਟ-ਪੁਲਟ ਹੋ ਰਿਹਾ ਸੀ। ਪਹਿਲਾਂ ਵਿਹੜੇ ਵਾਲੇ ਉਨ੍ਹਾਂ ਤੋਂ ਡਰਦੇ ਸਨ। ਸੰਗ-ਸ਼ਰਮ ਮੰਨਦੇ ਸਨ। ਹੁਣ ਉਹ ਵਿਹੜੇ ਵਾਲਿਆਂ ਤੋਂ ਝੇਂਪ ਮੰਨਦੇ ਹਨ। ਵਿਹੜੇ ਵਾਲੇ ਆਪਣੀ ਗਲਤ ਗੱਲ ਨੂੰ ਧੱਕੇ ਨਾਲ ਮੰਨਵਾਉਂਦੇ ਹਨ। ਇਹ ਵੀ ਹੋ ਸਕਦਾ ਸੀ ਕਿ ਉਸ ਦੇ ਆਪਣੇ ਬੰਦੇ ਵੀ ਸੁਖਪ੍ਰੀਤ ਵਾਲੀ ਗੱਲ ’ਚ ਉਸ ਦਾ ਸਾਥ ਨਾ ਦੇਣ। ਉਸ ਦੀ ਹਾਲਤ ਵੀ ਉਸ ਦੀ ਮਾਸੀ ਦੇ ਪਿੰਡ ਵਾਪਰੀ ਘਟਨਾ ਜਿਹੀ ਨਾ ਹੋ ਜਾਵੇ। ਉਹ ਹੋਰ ਡਰ ਗਿਆ ਸੀ। ਉਸ ਦੀ ਮਾਸੀ ਦਾ ਪਿੰਡ ‘ਸਰਾਲਾ ਮਿਸਰਾਂ ਦੀ’ ਹੈ। ਉਥੋਂ ਦੀ ਜ਼ਿਆਦਾ ਆਬਾਦੀ ਮਿਸਰਾਂ ਦੀ ਹੈ। ਉਹੀ ਜ਼ਮੀਨ ਜਾਇਦਾਦ ਵਾਲੇ ਹਨ। ਬਿਸ਼ਨ ਦਾਸ ਮਿਸਰ ਦੀ ਕੁੜੀ ਗੁਲਮੀਤ ਨੂੰ ਉਸ ਨਾਲ ਪੜ੍ਹਦਾ ਹੋਇਆ ਬਾਲਮਿਕਾਂ ਦਾ ਮੁੰਡਾ ਮੀਕਾ ਕੱਢ ਕੇ ਲੈ ਗਿਆ ਸੀ। ਸਾਰੇ ਪਾਸੇ ਵਾਲੇ ਮਿਸਰਾਂ ਦੇ ਘਰ ਇਕੱਠੇ ਹੋਏ ਸਨ। ਉਨ੍ਹਾਂ ਏਕਾ ਕੀਤਾ ਸੀ ਕਿ ਹੁਣ ਪਿੰਡ ’ਚ ਮੀਕੇ ਕਿਆਂ ਦਾ ਘਰ ਨਹੀਂ ਰਹਿਣ ਦੇਣਾ। ਬਾਲਮਿਕਾਂ ਨੂੰ ਵੀ ਇਸ ਗੱਲ ਦਾ ਪਤਾ ਲੱਗ ਗਿਆ ਸੀ। ਉਨ੍ਹਾਂ ਘਰੋਂ ਬਾਹਰ ਨਾ ਨਿਕਲਣ ਦਾ ਫੈਸਲਾ ਕਰ ਲਿਆ। ਮਿਸਰਾਂ ਦੇ ਮੁੰਡਿਆਂ ਨੇ ਉਸ ਘਰ ’ਤੇ ਹੱਲਾ ਬੋਲ ਦਿੱਤਾ। ਉਨ੍ਹਾਂ ਦੇ ਘਰ ’ਚ ਲਹਿਰਾਂ-ਬਹਿਰਾਂ ਸਨ। ਪਰ ਉਨ੍ਹਾਂ ਇਕੱਲਿਆਂ ਦੀ ਕੋਈ ਪੇਸ਼ ਨਾ ਗਈ। ਮਿਸਰਾਂ ਦੇ ਮੁੰਡੇ ਦੋ ਸੱਜਰੀਆਂ ਸੂਈਆਂ ਝੋਟੀਆਂ ਵੀ ਲੈ ਗਏ। ਮੀਕੇ ਕਿਆਂ ਦਾ ਪਰਿਵਾਰ ਪਿੰਡ ਛੱਡ ਗਿਆ। ਉਨ੍ਹਾਂ ਦਾ ਦੂਰੋਂ ਲੱਗਦਾ ਕੋਈ ਰਿਸ਼ਤੇਦਾਰ ਐਸ. ਐਸ. ਪੀ. ਲੱਗਾ ਸੀ। ਉਹ ਉਸ ਅੱਗੇ ਜਾ ਕੇ ਰੋਏ ਪਿੱਟੇ। ਐਸ. ਐਸ. ਪੀ. ਨੇ ਮਿਸਰ ਆਪਣੇ ਦਫਤਰ ਸੱਦ ਲਏ। ਇਕੱਲੇ-ਇਕੱਲੇ ਨੂੰ ਕੋਲ ਬੈਠਾ ਕੇ ਪੁੱਛਿਆ ਕਿ ਕਿਸ ਦਾ ਕਸੂਰ ਹੈ। ਮਿਸਰ ਡਰ ਗਏ। ਐਸ. ਐਸ. ਪੀ. ਆਪ ਪਿੰਡ ਗਿਆ। ਘਰ ਘਰ ਜਾ ਕੇ ਹੋਈ-ਬੀਤੀ ਸੁਣੀ। ਕੁਝ ਆਪਣੇ ਆਪ ਮੰਨ ਗਏ। ਕੁਝ ਉਸ ਡੰਡੇ ਦੇ ਜ਼ੋਰ ਨਾਲ ਬਕਾ ਲਏ। ਫੇਰ ਉਸ ਪੰਚਾਇਤ ਇਕੱਠੀ ਕੀਤੀ। ਲੋਕਾਂ ਦੇ ਰਿਕਾਰਡ ਕੀਤੇ ਹੋਏ ਬਿਆਨ ਸੁਣਾਏ। ਸਰਪੰਚ ਨੂੰ ਪੁੱਛਿਆ, ‘‘ਹੁਣ ਦਸ ਕੀ ਕਰਨਾ।’’ ਸਰਪੰਚ ਕਿੰਨਾ ਚਿਰ ਨੀਵੀਂ ਪਾ ਕੇ ਸੋਚੀਂ ਗਿਆ। ਐਸ. ਐਸ. ਪੀ. ਕਪੜਿਆਂ ਤੋਂ ਬਾਹਰ ਹੋਣ ਲੱਗਾ, ‘‘ਮੈਂ ਕੋਈ ਹੋਰ ਕੰਮ ਵੀ ਕਰਨਾ। ਮੱਝਾਂ ਖੋਲ੍ਹਣ ਵੇਲੇ ਤਾਂ ਤੇਰਾ ਮੁੰਡਾ ਵੀ ਅੱਗੇ ਸੀ। ਹੁਣ ਉਸ ’ਤੇ ਵੀ ਕੇਸ ਬਣਵਾਵਾਂ।’’ ਸਰਪੰਚ ਹੱਥ ਜੋੜ ਕੇ ਖੜ ਗਿਆ। ਉਸ ਹੌਲੀ ਜਿਹੇ ਕਿਹਾ, ‘‘ਸਰਦਾਰ ਸਾਹਿਬ ਨੂੰ ਜਿਦਾਂ ਚੰਗਾ ਲੱਗਦਾ, ਉਦਾਂ ਹੀ ਕਰ ਲਉ। ਸਾਨੂੰ ਤੁਹਾਡਾ ਕੀਤਾ ਫੈਸਲਾ ਮੰਜੂਰ ਹੋਵੇਗਾ।’’ ਜਿਹੜੇ ਮੱਝਾਂ ਖੋਲ੍ਹ ਕੇ ਲੈ ਗਏ ਸਨ, ਉਹ ਆਪ ਬੰਨ ਕੇ ਗਏ। ਸਾਮਾਨ ਲੈ ਜਾਣ ਵਾਲੇ ਆਪ ਸਾਮਾਨ ਛੱਡ ਕੇ ਗਏ ਸਨ। ਉਹਨਾਂ ’ਤੇ ਸਿਰ ਖਰਚਾ ਪਾ ਦਿੱਤਾ। ਮੁੰਡਾ-ਕੁੜੀ ਵਾਪਸ ਪਿੰਡ ਨਾ ਆਏ ਪਰ ਮੁੜ ਕੇ ਮਿਸਰਾਂ ਦੀ ਹਿੰਮਤ ਨਾ ਪਈ ਮੀਕੇ ਕਿਆਂ ਨੂੰ ਉਏ ਵੀ ਕਹਿਣ ਦੀ....। ਉਸ ਦੀ ਸੋਚ ਇਕ ਬਿੰਦੂ ’ਤੇ ਟਿਕ ਨਹੀਂ ਰਹੀ ਸੀ। ਪਹਿਲਾਂ ਉਹ ਮੁਹਾਲੀ ਲੰਘਦਿਆਂ ਹੀ ਘੂਕ ਸੌਂ ਜਾਂਦਾ ਸੀ। ਜੇ ਜਾਗਦਾ ਵੀ ਹੁੰਦਾ ਤਾਂ ਵੀ ਰਾਮਾਮੰਡੀ ਕੋਲ ਆ ਕੇ ਅੱਖਾਂ ਖੋਲ੍ਹਦਾ ਸੀ। ਪਰ ਅੱਜ ਉਹ ਸਾਰੀ ਵਾਟ ਬਾਹਰ ਦੇਖਦਾ ਆਇਆ ਸੀ। ਐਦਾਂ ਜਿਵੇਂ ਕੁਝ ਗੁਆਚਿਆ ਹੋਇਆ ਲੱਭ ਰਿਹਾ ਹੋਵੇ। ਉਹਨੂੰ ਭੁੱਲੀਆਂ ਵਿਸਰੀਆਂ ਘਟਨਾਵਾਂ ਵਾਰ-ਵਾਰ ਯਾਦ ਆਈਆਂ ਸਨ। ਉਹਨੂੰ ਆਪਣੀ ਮਕਾਨ-ਮਾਲਕਣ ਕਾਂਤਾ ਵੀ ਯਾਦ ਆਈ ਸੀ। ਉਹ ਸ਼ਾਮ ਨੂੰ ਉਸਦੇ ਕਮਰੇ ’ਚ ਆ ਕੇ ਬੈਠ ਜਾਂਦੀ ਸੀ। ਉਨ੍ਹੀਂ ਦਿਨੀਂ ਉਸ ’ਚ ਦੇਖਣ, ਸੁਣਨ, ਸੁੰਘਣ, ਛੁਹਣ ਤੇ ਚੱਖਣ ਦੀ ਭਾਵਨਾ ਬਹੁਤ ਵੱਧ ਗਈ ਸੀ। ਕਾਂਤਾ ਅਕਸਰ ਕਹਿੰਦੀ ਸੀ, ‘‘ਚਲੋ-ਕਿਤੇ ਬਾਹਰ ਚੱਲੀਏ। ਆਪਾਂ ਕਈ ਗੱਲਾਂ ਕਰਨੀਆਂ। ਮੇਰੇ ਦਿਲ ਤੇ ਕੁਸ਼ ਭਾਰ ਆ ਕਿਹੜੇ ਮੈਂ ਤੁਹਾਡੇ ਨਾਲ ਸ਼ੇਅਰ ਕਰਨੇ ਆ।’’ ਉਹ ਕਹਿ ਦਿੰਦਾ, ‘‘ਅਵੱਸ਼ ਚੱਲਾਂਗੇ।’’ ਇਕ ਵਾਰ ਉਹ ਬਾਈ ਸੈਕਟਰ ਦੀ ਰੇਹੜੀ ਮਾਰਕੀਟ ’ਚ ਘੁੰਮੇ ਸਨ। ਕੌਫੀ ਪੀਤੀ ਸੀ। ਅਚਨਚੇਤ ਹੀ ਕਾਂਤਾ ਨੇ ਉਸ ਦਾ ਹੱਥ ਫੜ ਲਿਆ ਸੀ। ਉਹਨੂੰ ਕਰੰਟ ਜਿਹਾ ਲੱਗਾ ਸੀ। ਕੁਝ ਦਿਨਾਂ ਬਾਅਦ ਹੀ ਆਪਣੀ ਜਵਾਨ ਹੋਈ ਧੀ ਬਾਰੇ ਸੋਚ ਕੇ ਉਸ ਕਾਂਤਾ ਤੋਂ ਦੂਰੀ ਬਣਾ ਲਈ ਸੀ। ਜਲਦੀ ਹੀ ਆਪਣਾ ਕਮਰਾ ਬਦਲ ਲਿਆ ਸੀ।

ਉਹਨੂੰ ਕਿਤੇ ਪੜ੍ਹਿਆ ਵਾਰ-ਵਾਰ ਯਾਦ ਆਉਣ ਲੱਗਾ ਸੀ, ‘‘ਬੰਦਾ ਦੋ ਜ਼ਿੰਦਗੀਆਂ ਜਿਊਂਦਾ। ਇਕ ਜਿਹਨੂੰ ਸਮਾਜ ਦੇਖਦਾ। ਦੂਜੀ ਉਹ ਹੁੰਦੀ ਹੈ ਜਿਹਨੂੰ ਸਿਰਫ ਤੇ ਸਿਰਫ ਉਹ ਦੇਖਦਾ ਹੈ। ਇਹ ਚੋਰੀ ਦੀ ਜ਼ਿੰਦਗੀ ਹੁੰਦੀ ਹੈ। ਇਸ ਜ਼ਿੰਦਗੀ ਨੂੰ ਉਹੀ ਦੇਖਦਾ ਤੇ ਜਾਣਦਾ ਹੈ। ਦਰਅਸਲ ਬੰਦੇ ਦੀ ਅਸਲ ਜ਼ਿੰਦਗੀ ਉਹੀ ਹੁੰਦੀ ਹੈ ਜਿਹਨੂੰ ਉਹ ਚੋਰੀ ਨਾਲ ਜਿਊਂਦਾ ਹੈ। ਇਹ ਦਿਖਾਵੇ ਵਾਲੀ ਨਹੀਂ ਹੁੰਦੀ।’’ ਪਰ ਉਸ ਕੋਲੋਂ ਇਹ ਜ਼ਿੰਦਗੀ ਵੀ ਬਹੁਤਾ ਚਿਰ ਜੀਉਂ ਨਹੀਂ ਹੋਈ ਸੀ।

****
ਵਾਪਸ ਆ ਕੇ ਬੈਠਦਿਆਂ ਹੋਇਆ ਤਰਸੇਮ ਨੇ ਮੈਨੂੰ ਦੱਸਣਾ ਸ਼ੁਰੂ ਕੀਤਾ, ‘‘ਤੈਨੂੰ ਪਤਾ ਹੀ ਆ ਕਿ ਮੇਰਾ ਬੈਂਕ ਇੰਡਸਟੀਰੀਅਲ ਏਰੀਆ ’ਚ ਪੈਂਦਾ। ਚੌਂਤੀ ਸੈਕਟਰ ’ਚ ਆ ਕੇ ਮੈਂ ਜੀਰਕਪੁਰ ਵਾਲੀ ਬਸ ਫੜਦਾਂ। ਪਿਛਲੇ ਸਿਆਲਾਂ ’ਚ ਚੌਂਤੀ ਸੈਕਟਰ ਦੇ ਬਸ ਸਟਾਪ ਪਿੱਛੇ ਪੈਂਦੇ ਪਲਾਟ ’ਚ ਘੀਕਣੇ ਆਏ ਹੋਏ ਸਨ। ਦਸੰਬਰ ਦਾ ਆਖਿਰੀ ਮਹੀਨਾ ਸੀ। ਬੇਅੰਤ ਠੰਢ ਸੀ। ਬਹੁਤ ਹੀ ਜ਼ਿਆਦਾ। ਉਨ੍ਹਾਂ ਦੀ ਧੂਣੀ ਧੁਖਾਈ ਹੁੰਦੀ। ਸਾਰੇ ਆਲੇ ਦੁਆਲੇ ਬੈਠੇ ਹੁੰਦੇ। ਮੈਂ ਉਹਨਾਂ ਨੂੰ ਰੋਜ਼ ਦੇਖਦਾ। ਉਨ੍ਹਾਂ ਬਾਰੇ ਸੋਚਦਾ ਕਿ ਉਨ੍ਹਾਂ ਦੇ ਜਿਸਮਾਂ ਨੂੰ ਅੱਗੋਂ ਤਾਂ ਤਪਸ਼ ਮਿਲਦੀ ਹੋਵੇਗੀ ਪਰ ਪਿੱਛਾ ਠਰ ਜਾਂਦਾ ਹੋਵੇਗਾ। ਨਾ ਉਨ੍ਹਾਂ ਲਈ ਪਾਣੀ ਦਾ ਇੰਤਜ਼ਾਮ ਸੀ। ਨਾ ਲਾਈਟ ਦਾ। ਸਿਰ ’ਤੇ ਛੱਤ ਨ੍ਹੀਂ ਸੀ। ਮੈਨੂੰ ਉਹ ਬੜੇ ਹੌਂਸਲੇ ਵਾਲੇ ਲੋਕ ਲੱਗਦੇ। ਇਕ ਦਿਨ ਮੈਂ ਉਨ੍ਹਾਂ ਬਾਰੇ ਸੋਚ ਰਿਹਾ ਸੀ ਕਿ ਮੇਰੇ ਕੋਲ ਇਕ ਸਰਦਾਰ ਜੀ ਆ ਖੜੇ। ਉਹ ਫ਼ੌਜੀ ਲੱਗਦੇ ਸਨ। ਮੈਂ ਉਨ੍ਹਾਂ ਨਾਲ ਇਨ੍ਹਾਂ ਲੋਕਾਂ ਬਾਰੇ ਗੱਲ ਕੀਤੀ। ਉਨ੍ਹਾਂ ਦਾ ਕਹਿਣਾ ਸੀ, ‘ਕੁਸ਼ ਨ੍ਹੀਂ ਫਰਕ ਪੈਂਦਾ। ਤਨ ਤੇ ਮਨ ਜਿਦਾਂ ਦਾ ਚਾਹੋ ਬਣਾ ਲਉ। ਇਕ ਵਾਰੀ ਮੇਰੀ ਡਿਊਟੀ ਲਦਾਖ ਲੱਗੀ ਸੀ। ਮੈਂ ਉਥੇ ਇਕ ਸਾਧ ਦੇਖਿਆ। ਉਹਦੇ ਤੇੜ ਸਿਰਫ ਲਗੋਟ ਲਾਇਆ ਸੀ। ਅੱਗੇ ਉਸ ਦੂਣੀ ਧੁਖਾ ਰੱਖੀ ਸੀ। ਮੈਂ ਉਹਨੂੰ ਪੁੱਛਿਆ ਸੀ ਕਿ ਉਹਨੂੰ ਠੰਢ ਨ੍ਹੀਂ ਲੱਗਦੀ ਤਾਂ ਉਸ ਦਾ ਕਿਹਾ ਅਜੇ ਵੀ ਮੈਨੂੰ ਯਾਦ ਆ-ਸਰੀਰ ਨੂੰ ਜਿਦਾਂ ਦਾ ਚਾਹੋ-ਬਣਾ ਲਉ। ਐਦਾਂ ਹੀ ਮਨ ਦੀ ਅਵਸਥਾ ਹੁੰਦੀ ਆ।’’

‘‘ਕੋਈ ਮੇਰਾ ਕਸੂਰ ਤਾਂ ਦੱਸੇ?’’ ਮੈਂ ਹੌਲੀ ਦੇਣੀ ਕਿਹਾ।
ਤਰਸੇਮ ਮੇਰਾ ਮੂੰਹ ਆਪਣੇ ਵੱਲ ਨੂੰ ਕਰਕੇ ਬੋਲਿਆ, ‘‘ਤੂੰ ਬਹੁਤਾ ਸੋਚੀਂ ਨਾ ਪੈ। ਮੈਂ ਮਕਾਨ ਵੇਚ ਦੇਣਾ। ਹੁਣ ਆਪਾਂ ਚੰਡੀਗੜ੍ਹ ਰਹਾਂਗੇ। ਠੀਕ ਆ ਨਾ?’’

ਮੈਂ ਚੁੱਪ ਰਹੀ।
ਉਸ ਕਿਹਾ, ‘‘ਚੱਲ-ਕਲ੍ਹ ਨੂੰ ਹਰਦੁਆਰ ਚੱਲਦੇ ਆਂ। ਹਰਿ ਕੀ ਪੌੜੀਆਂ ’ਤੇ ਬੈਠ ਕੇ ਪਾਠ ਕਰਾਂਗੇ।’’

‘‘ਆਪਣੀਆਂ ਗਿਣਤੀਆਂ-ਮਿਣਤੀਆਂ ਛੱਡੋ। ਪਹਿਲਾਂ ਮੈਨੂੰ ਐਨਾ ਥਕਾਓ ਕਿ ਮੈਨੂੰ ਨੀਂਦ ਆ ਜਾਵੇ। ਜੇ ਮੈਨੂੰ ਨੀਂਦ ਨਾ ਆਈ ਤਾਂ ਮੈਂ ਪਾਗਲ ਹੋ ਜਾਣਾ,’’ ਮੈਂ ਉਸ ਨੂੰ ਆਪਣੇ ਨਾਲ ਘੁਟਦਿਆਂ ਹੋਇਆਂ ਕਿਹਾ।

Comments

ਰਾਜਪਾਲ ਸਿੰਘ

ਪੰਜਾਬੀ ਕਹਾਣੀ ਵਿੱਚ ਇੰਟਰਕਾਸਟ ਮੈਰਿਜ ਵਾਲਾ ਵਿਸ਼ਾ ਅੱਜ ਕੱਲ੍ਹ ਬਹੁਤ ਘਸਾਇਆ ਜਾ ਰਿਹਾ ਹੈ, ਖਾਸ ਕਰ ਦਲਿਤ ਲੇਖਕਾਂ ਵੱਲੋਂ।ਕਹਾਣੀ ਧਾਰਾ ਵਿੱਚ ਕਈ ਕਹਾਣੀਆਂ ਇਸ ਤਰ੍ਹਾਂ ਦੀਆਂ ਛਪ ਚੁੱਕੀਆਂ ਹਨ। ਇਹ ਕਹਾਣੀ ਵੀ ਉਸੇ ਤਰ੍ਹਾਂ ਦੀ ਹੈ।

Security Code (required)



Can't read the image? click here to refresh.

Name (required)

Leave a comment... (required)





ਕਹਾਣੀ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ