ਠੰਡੇ ਮੁਰਦਾਘਰ -ਗੋਵਰਧਨ ਗੱਬੀ
Posted on:- 14-08-2014
ਜੈਲੇ ਪੁੱਤ, ਬੜਾ ਚੰਗਾ ਹੋਇਆ, ਤੇਰਾ ਫੂਨ ਆ ਗਿਐ!
ਹੋਰ ਸੁਣਾ, ਕਨੇਡੇ ਸਭ ਠੀਕ ਠਾਕ ਐ ਨਾ?
ਬੱਚੇ, ਬਹੂਆਂ, ਕੁੜੀਆਂ, ਜੁਆਈ, ਆਂਢ ਗੁਆਂਢ ਸਾਰੇ ਕਾਇਮ ਐ ਨ?
ਕੀ ਕਿਹਾ ਪੁੱਤ? ਕੁਝ ਸੁਣਾਈ ਨਈਂ ਦੇ ਰਿਆ...ਪੁਤ ਥੋੜਾ ਉੱਚੀ ਬੋਲ...।
ਔਤਰੇਂ ਕੰਨ ਵੀ ਜਵਾਬ ਦੇ ਗਏ ਨੇ...।
ਅੱਛਾ...ਅੱਛਾ...ਸਭ ਓ.ਕੇ ਆ...ਵਾਗੁਰੂ ਭਲੀ ਕਰੇ...।
ਹਾਂ ਪੁੱਤ!
ਹੋਰ ਤਾਂ ਸਭ ਠੀਕ ਐ...ਬਸ ਮੇਰੀ ਆਪਣੀ ਤਬੀਅਤ ਕੁਛ ਠੀਕ ਨਈਂ ਰਹਿੰਦੀ ਅੱਜਕਲ।ਚੌਵੀ ਘੰਟੇ ਖਾਂਸੀ ਹੁੰਦੀ ਰਹਿੰਦੀ ਐ।ਪਤਾ ਨਈਂ ਖੋਰੇ ਕਾਲੀ ਖਾਂਸੀ ਐ।ਮਹੀਨੇ ਤੋਂ ਵੀ ਵੱਧ ਦਾ ਟੈਮ ਹੋ ਗਿਐ, ਜਾਂਦੀ ਨਈਂ ਪਈ।ਕਈ ਵਾਰ ਸੁੱਤੀ ਪਈ ਨੂੰ ਉਥੂ ਲੱਗ ਜਾਂਦਾ ਐ।ਕਿੰਨਾ ਕਿੰਨਾ ਚਿਰ ਸੂਰਤ ਨਈਂ ਆਉਂਦੀ।
ਜਾਪਦੈ, ਆਪਣਾ ਘੋਰੜੂ ਬੰਦ ਹੋਣ ਆਲੈ ਪੁੱਤ!
ਪੁੱਤ, ਅੱਸੀਆਂ ਨੂੰ ਢੁਕਣ ਲੱਗੀ ਆਂ।ਨਿਤ ਅਰਦਾਸ ਕਰਦੀ ਆਂ-ਹੇ ਵਾਗੁਰੂ ਚਲਦੀ ਫਿਰਦੀ ਨੂੰ ਚੁੱਕ ਲਵੀਂ...ਐਵੇਂ ਵੱਡਘਰੀਆਂ ਦੀ ਸੁੱਖੋ ਵਾਂਗ ਮੰਜੇ ’ਤੇ ਸਾਲਾਂ ਬੱਧੀ ਘੜੀਸੀਆਂ ਨਾ ਕਢਾਈਂ।
ਉਹਦਾ ਜੀਣਾ ਵੀ ਕੋਈ ਜੀਣਾ ਸੀ ਪੁੱਤ! ਘਰ ਦਿਆਂ ਬਾਹਰ ਮੰਜੀ ਡਾਹ ਦਿੱਤੀ ਸੀ।ਬਹੂਆਂ ਤਾਂ ਉਸ ਨਾਲ ਇੰਜ ਪੇਸ਼ ਆਉਂਦੀਆਂ ਸੀ ਜਿਵੇਂ ਉਹਨੂੰ ਛੁੂਤ ਦੀ ਬਿਮਾਰੀ ਹੋਵੇ।ਬਸ ਪੁਤ, ਮੇਰੇ ਵਾਂਗ ਖਾਂਸੀ ਹੀ ਬਿਗੜੀ ਸੀ ਉਹਦੀ।ਚਾਰ ਸਾਲ ਮੰਜੀ ਨਾਲ ਮੰਜੀ ਹੋਈ ਰਹੀ ਸੀ ਬਿਚਾਰੀ।
ਵਾਗੁਰੂ ਮੇਹਰ ਕਰੀਂ।ਸਭ ਦਾ ਭਲਾ ਕਰੀਂ।
ਚੱਲ ਛੱਡ ਪਰਾਂ ਪੁੱਤ!
ਤੂੰ ਕਹਿਣੈ ਫੋਨ ਉਠਾਂਦਿਆਂ ਈ ਬੁੜੀ ਲੱਗ ਪਈ ਰੋਣੇ ਰੋਣ।
ਤੂੰ ਦੱਸ...ਓਧਰ ਦਾ ਕੀ ਹਾਲ ਹੈ....?
ਕੀ ਕਿਹਾ...ਸਭ ਓ.ਕੇ. ਆ...।
ਚਲੋ,ਆਪੇ ਵਾਗੁਰੂ ਭਲੀ ਕਰੂਗਾ।
ਹਾਂ ਪੁੱਤ ਹੋਰ ਕੀ ਸੁਣਾਵਾਂ... ਹੇਧਰ ਵੀ ਸਭ ਓ. ਕੇ ਆ...।
ਹਾਂ ਜੈਲੇ ਪੁੱਤ!
ਤੂੰ ਕਹਿੰਦਾ ਤੀ ਬਈ ਤੇਰੀ ਬੰਗੇ ਆਲੇ ਮੋਹਨੇ ਨਾਲ ਗੱਲ ਹੋ ਗਈ ਐ ਪਾਸਪੋਰਟ ਭੇਜਣ ਵਾਸਤੇ।
ਪੁੱਤ, ਕਲ, ਮੋਹਨੇ ਕੋਲ ਬੰਗੇ ਗਈ।ਉਸਨੇ ਪਾਸਪੋਰਟ ਲਿਆ,ਇਕ ਡੱਬੇ ਵਿਚ ਰੱਖਿਆ ਤੇ ਫਿਰ ਛੇਤੀ ਹੀ ਵਾਪਸ ਕਰ ਦਿੱਤਾ। ਮੈਂ ਮੋਹਨੇ ਨੂੰ ਕਿਹਾ ਕਿ ਜੈਲਾ ਤਾਂ ਕਹਿੰਦਾ ਤੀ ਪਾਸਪੋਰਟ ਕੈਨੇਡਾ ਭੇਜਣਾ ਹੈ ਤੂੰ ਤਾਂ ਵਾਪਸ ਦੇ ਦਿੱਤਾ ਤਾਂ ਉਹ ਅੱਗੋਂ ਕਹਿੰਦਾ-ਤਾਈ ਪਾਸਪੋਰਟ ਸਕੈਨ ਕਰਕੇ ਇਮੇਲ ਨਾਲ ਅਟੈਚ ਕਰਕੇ ਭੇਜ ਦਿੱਤੈ।ਉਹ ਤਾਂ ਜੈਲੇ ਨੂੰ ਮਿਲ ਵੀ ਗਿਆ ਹੋਣੈ।
ਮੈਂ ਕਿਹਾ ਭੇਜ ਦਿੱਤੈ ਪਰ ਮੋਹਨੇ ਪੁੱਤ ਪਾਸਪੋਰਟ ਤਾਂ ਮੇਰੇ ਕੋਲ ਐ।ਉਹ ਕਹਿੰਦਾ ਤਾਈ ਹੁਣ ਡਾਕ ਦੁਆਰਾ ਚਿੱਠੀਆਂ ਜਾਂ ਚੀਜ਼ਾਂ ਭੇਜਣ ਦਾ ਜ਼ਮਾਨਾ ਨਹੀਂ ਸਗੋਂ ਇਮੇਲਾਂ ਦਾ ਜ਼ਮਾਨਾ ਐ।
ਮੈਂ ਕਿਹਾ-ਮੋਹਨਿਆ, ਭਲਾ ਇਹ ਅੱਗ ਲਗਣੀਆਂ ਇਮੇਲਣਾਂ ਕੀ ਬਲਾਵਾਂ ਹੋਈਆਂ?
ਜਦੋਂ ਤੇਰਾ ਤਾਇਆ ਫੌਜ ਵਿਚ ਹੁੰਦਾ ਤੀ ਤਦ ਤਾਂ ਮੇਰੇ ਨਾਲ ਨਾਲ ਸਾਰੀਆਂ ਫੌਜਨਾਂ ਦੇ ਦੁਖ ਦਰਦ ਚਿੱਠੀਆਂ ’ਚ ਲਿਖ ਕੇ ਤੂੰ ਹੀ ਭੇਜਦਾ ਹੁੰਦਾ ਤੀ...ਹੁਣ ਇਹ ਇਮੇਲਣਾਂ ਕਿਥੋਂ ਆ ਗਈਆਂ ?
ਅੱਗੋਂ ਮੋਹਨਾ ਕਹਿੰਦਾ-ਤਾਈ, ਇਹ ਬਲਾਵਾਂ ਨਈਂ ਸਗੋਂ ਇਕ ਤਰ੍ਹਾਂ ਦੀਆਂ ਚਿੱਠੀਆਂ ਈਂ ਨੇ...ਬਸ ਫਰਕ ਇਹੀ ਐ ਕਿ ਇਹ ਕਲਮ ਜਾਂ ਪੈੱਨ ਨਾਲ ਨਈਂ ਲਿਖੀਆਂ ਜਾਂਦੀਆਂ ਤੇ ਨਾ ਹੀ ਕਾਗ਼ਤ ਉਪਰ...ਇਹਨਾਂ ਨੂੰ ਕੰਪੂੁਟਰ ਉਪਰ ਟੈਪ ਕਰਦੇ ਆ...ਦੂਸਰੀ ਗੱਲ ਇਹ ਕਿ ਇਹ ਮਹੀਨਿਆਂ ਬੱਧੀ ਡਾਕ ਖਾਨਿਆਂ ਵਿਚ ਨਈਂ ਰੁਲਦੀਆਂ ਸਗੋਂ ਝੱਟ ਈ ਵਿਦੇਸ਼ ਪਹੁੰਚ ਜਾਂਦੀਆਂ ਨੇ।
ਮੈਂ ਕਿਹਾ-ਮੋਹਨਿਆਂ,‘ਤਾਰਾਂ’ ਨਾਲੋਂ ਵੀ ਪਹਿਲਾਂ?
ਤਾਈ, ਕਿੱਥੇ ਤਾਰਾਂ ਤੇ ਕਿਥੇ ਇਹ ਇਮੇਲਾਂ! ਬਸ ਇਕ ਬਟਨ ਦਬਾਓ ਤੇ ਇਮੇਲਣ ਆਪਣੇ ਮਾਲਕ ਕੋਲ ਪਹੁੰਚੀ ਸਮਝੋ...ਤਾਈ, ਯਕੀਨ ਕਰ, ਮੈਂ ਵੀ ਰੋਜ਼ ’ਸਟਰੇਲੀਆ ਰਹਿੰਦੇ ਆਪਣੇ ਵੱਡੇ ਮੁੰਡੇ ਨੂੰ ਇਸੇ ਕੰਪੂਟਰ ਉਪਰ ਈ ਇਮੇਲ ਲਿਖਨਾਂ...ਅੱਗੋਂ ਉਹਦੀ ਇਮੇਲ ਵੀ ਇਸੇ ਕੰਪੂਟਰ ਉਪਰ ਈ ਆਉਂਦੀ ਐ-ਅੱਗੋਂ ਮੋਹਨਾ ਬੋਲਿਆ।
ਜੈਲੇ ਪੁੱਤ, ਸੱਚ ਦੱਸਾਂ, ਮੈਨੂੰ ਮੋਹਨੇ ਉਪਰ ਬਿਲਕੁਲ ਯਕੀਨ ਨਈਂ ਆਇਆ।ਭਲਾ ਇਹ ਕਿਵੇਂ ਹੋ ਸਕਦੈ ਬਈ ਨਿੱਕੇ ਜਿਹੇ ਡੱਬੇ ਰਾਹੀਂ ਚਿੱਠੀਆਂ ਕਨੇਡਾ ਪਹੁੰਚ ਵੀ ਜਾਂਦੀਆਂ ਨੇ ਤੇ ਆ ਵੀ ਜਾਂਦੀਆਂ ਨੇ।ਨਾ ਕੋਈ ਡਾਕੀਆ ਲੈ ਕੇ ਜਾਵੇ ਤੇ ਨਾ ਦੇ ਕੇ।ਨਾ ਡਾਕਖਾਨੇ ਠੱਪੇ ਲੱਗਣ।ਫਿਰ ਇਹ ਚਮਤਕਾਰ ਕਿਵੇਂ ਹੋ ਸਕਦੈ?
ਪੁੱਤ, ਮੋਹਨੇ ਦੀ ਕੋਈ ਵੀ ਗੱਲ ਮੈਨੂੰ ਸਮਝ ਨਈਂ ਪਈ, ਮੈਂ ਚੁਪਚਾਪ ਸੁਣਦੀ ਰਹੀ।ਬਸ ਮੈਨੂੰ ਇਕ ਗੱਲ ਦਾ ਯਕੀਨ ਪੱਕਾ ਤੀ ਬਈ ਕੁਛ ਵੀ ਹੋਵੇ ਪਰ ਮੋਹਨਾ ਹੈ ਚੰਗਾ ਮੁੰਡਾ।ਪਹਿਲਾਂ ਵੀ ਜਦੋਂ ਇਹ ਚਿੱਠੀਆਂ ਲਿਖਦਾ ਹੁੰਦਾਂ ਤੀ ਤਾਂ ਕੀ ਮਜ਼ਾਲ ਕਦੇ ਕੋਈ ਚਿੱਠੀ ਗ਼ਲਤ ਜਗ੍ਹਾ ਪਹੁੰਚੀ ਹੋਵੇ।
ਫੇਰ ਮੈਨੂੰ ਯਾਦ ਆਇਆ ਕਿ ਬੜੇ ਚਿਰ ਪਹਿਲਾਂ ਇਕ ਵਾਰ ਤੇਰੇ ਬਾਪੂ ਦੀ ਪੋਸਟਿੰਗ ’ਸਾਮ ’ਚ ਤੀ ਕਿ ਖੋਰੇ ਸਿਕਮ ਅਲ।ਇਕ ਦਿਨ ਕੀ ਵੇਖਦੀਆਂ ਕਿ ਸਵੇਰੇ ਸਵੇਰੇ ਮੋਹਨਾ ਸਾਹੋ ਸਾਹੀ ਹੋਇਆ ਸਾਡੇ ਘਰ ਆਇਆ ਤੇ ਬੋਲਿਆ-ਤਾਈ, ਪਾਪਾ ਕਹਿੰਦੈ, ਬੰਤ ਤਾਈ ਨੂੰ ਸੁਨੇਹਾ ਦੇ ਆ ਕਿ ਸ਼ਾਮ ਨੂੰ ਪੰਜ ਵਜੇ ਸਾਡੀ ਦੁਕਾਨ ’ਤੇ ਆ ਜਾਏ...ਨੱਥੇ ਤਾਏ ਦਾ ਫੂਨ ਆਣੈ...ਉਹਨੇ ਕੋਈ ਗੱਲ ਕਰਨੀ ਐਂ।
ਜੈਲੇ ਪੁੱਤ, ਮੈਂ ਤਾਂ ਹੈਰਾਨ, ਸੋਚਾਂ ਔਂਤਰਾ ਇਹ ਫੂਨ ਭਲਾ ਕੀ ਸ਼ੈਅ ਹੋਈ...ਸਰਕਾਰ ਨੇ ਕਿਹੋ ਜਿਹਾ ਯੰਤਰ ਬਣਾ ਦਿੱਤੈ,ਜਿਸ ਉਪਰ ਤੇਰੇ ਬਾਪੂ ਨੇ ਗੱਲ ਕਰਨੀ ਐ...ਕੱਲ ਦੀਪੇ ਦੀ ਮਾਂ ਵੀ ਕਹਿੰਦੀ ਤੀ-ਬੰਤ ਭੈਣੇ ਕਹਿੰਦੇ ਆ ਸ਼ਾਹਾਂ ਦੇ ਘਰ ਇਕ ਐਸੀ ਸ਼ੈਅ ਲੱਗੀ ਐ ਜਿਹੜੀ ਬੰਦਿਆਂ ਵਾਂਗ ਗੱਲਾਂ ਕਰਦੀ ਆ...ਬਸ ਇਧਰੋਂ ਹੈੱਲੋ ਹੈੱਲੋ ਕਰੋ ਤੇ ਉਧਰੋਂ ਦੂਸਰਾ ਬੰਦਾ ਲੱਗ ਪੈਂਦੈ ਹੈੱਲੋ ਹੈੱਲੋ ਕਰਨ ਪਰ ਮੈਨੂੰ ਉਸ ਫੱਫੇਕੁਟਨੀ ਉਪਰ ਬਿਲਕੁਲ ਵਿਸ਼ਵਾਸ਼ ਨਹੀਂ ਆਇਆ। ਮੈਂ ਕਿਹਾ ਇਹ ਦਾ ਕੀ ਐ ਇਹ ਤਾਂ ’ਸਮਾਨੀ ਤਾਕੀਆਂ ਲਾ ਆਉਂਦੀ ਐ...।
ਜੈਲੇ ਪੁੱਤ, ਮੈਂ ਸੋਚਾਂ ਤੇਰੇੇ ਬਾਪੂ ਨੇ ਪਤਾ ਨਹੀਂ ਕਿਹੜੀ ਗੱਲ ਕਰਨੀ ਐ...ਉਸ ਉਪਰ ਕਿਹੜੀ ਆਫਤ ਆ ਗਈ ਹੈ...ਅਜੇ ਦੱਸ ਦਿਨ ਪਹਿਲਾਂ ਈ ਤਾਂ ਮੈਂ ਮੋਹਨੇ ਕੋਲੋਂ ਚਿੱਠੀ ’ਚ ਲਿਖਾਇਆ ਤੀ ਬਈ ਜੈਲੇ ਦੇ ਬਾਪੂ ਤੈਨੂੰ ਮਹੀਨਾ ਹੋ ਗਿਐ ਗਏ ਨੂੰ...ਕੋਈ ਚਿੱਠੀ ਨਈਂ...ਕੋਈ ਤਾਰ ਨਈਂ ...ਕੋਈ ਖ਼ਬਰਸਾਰ ਨਈਂ...।
ਮੈਂ ਕਿਹਾ-ਮੋਹਨੇ, ਲਿਖ ਦੇ ਕਿ ਤਾਈ ਕਹਿੰਦੀ ਐ ਇਸ ਵਾਰ ਮੇਰਾ ਮਨ ਫੇਰ ਕੱਚੀਆਂ ਅੰਬੀਆਂ ਖਾਣ ਨੂੰ ਕਰਨ ਲੱਗ ਪਿਐ...।
ਜੈਲੇ ਪੁੱਤ, ਉਸ ਦਿਨ ਸ਼ਾਮ ਨਾ ਢਲਣ ਨੂੰ ਆਵੇ, ਮੈਂ ਤਾਂ ਦਪਹਿਰੇ ਈ ਚਲੇ ਗਈ ਮੋਹਨੇ ਹੁਰਾਂ ਦੀ ਦੁਕਾਨ ਉਪਰ। ਉਥੇ ਕੀ ਵੇਖਦੀਆਂ ਕਿ ਲੋਕਾਂ ਦੀ ਲੈਨਾਂ ਲੱਗੀਆਂ ਪਈਆਂ।ਮੈਂ ਹੈਰਾਨ, ਸੋਚਾਂ ਇਹ ਸਾਰਾ ’ਲਾਕਾ ਇਥੇ ਕੀ ਕਰਨ ਆਇਐ।
ਮੋਹਨੇ ਦਾ ਪਾਪਾ ਹਰ ਕਿਸੇ ਕੋਲੋਂ ਪੁੱਛੀ ਜਾਵੇ-ਨੰਬਰ ਲਿਖਾਓ ਤੇ ਨਾਲ ਕੋਡ ਦੱਸੋ? ਲੋਕ ਪੁੱਠੀ ਸਿੱਧੀ ਗਿਣਤੀ ਜਿਹੀ ਬੋਲਣ।ਮੋਹਨੇ ਦਾ ਪਾਪਾ ਇਕ ਡੱਬੇ ਉਪਰ ਉਂਗਲਾਂ ਮਾਰੇ ਤੇ ਇਕ ਛੋਟਾ ਜਿਹਾ ਪਲਾਸਟਿਕ ਦਾ ਡੰਡਾ ਜਿਹਾ ਉਹਨਾਂ ਦੇ ਹੱਥ ਫੜਾ ਕੇ ਆਖੇ-ਗੱਲ ਕਰੋ ਜੀ। ਮੈਂ ਦੇਖ ਕੇ ਉਂਗਲਾਂ ਦੰਦਾਂ ਥੱਲੇ ਦੇ ਲਈਆਂ।
ਮੈਂ ਸੋਚਾਂ, ਬੰਤ ਕੁਰੇ ਕੈਸਾ ਵੇਲਾ ਆ ਗਿਐ...ਹੁਣ ਗੱਲਾਂ ਡੰਡਿਆਂ ਰਸਤੇ ਹੋਣ ਲੱਗ ਪਈਆਂ ਨੇ।
ਮੇਰੀ ਸ਼ਕਲ ਵੇਖ ਕੇ ਮੋਹਨੇ ਦਾ ਪਾਪਾ ਕਹਿੰਦਾ-ਸੂਬੇਦਾਰਨੀਏ...ਘਬਰਾ ਨਾ...ਇਹ ਟੈਲੀਫੋਨ ਐ...ਇਹ ਸਾਰੇ ਲੋਕ ਆਪਣੇ ਰਿਸ਼ਤੇਦਾਰਾਂ ਨਾਲ ਫੂਨ ਉਪਰ ਗੱਲ ਕਰਨ ਆਏ ਨੇ...ਹੁਣ ਤੂੰ ਵੀ ਨੱਥੇ ਨਾਲ ਰੋਜ਼ ਗੱਲ ਕਰ ਸਕਨੀਏਂ...ਬਸ ਅੱਜ ਜਦੋਂ ਉਸਦਾ ਦਾ ਫੂਨ ਆਏ ਤਾਂ ਉਹਦੇ ਕੋਲੋਂ ਉਹਦੀ ਯੁਨਿਟ ਦਾ ਫੂਨ ਨੰਬਰ ਮੰਗ ਲਈਂ।
ਪੁੱਤ, ਫੇਰ ਜੋ ਹੋਇਆ ਉਹ ਕਿਸੇ ਚਮਤਕਾਰ ਕੋਲੋਂ ਘੱਟ ਨਈਂ ਤੀ।
ਤੇਰੇ ਬਾਪੂ ਦੀ ’ਵਾਜ਼ ਜਦੋਂ ਮੈਂ ਉਸ ਡੰਡੇ ਵਿਚੋਂ ਸੁਣੀ ਤਾਂ ਮੈਨੂੰ ਯਕੀਨ ਨਾ ਆਏ...।
ਮੈਂ ਸੋਚਾਂ, ਤੇਰਾ ਬਾਪੂ ਜ਼ਰੂਰ ਦੁਕਾਨ ਦੇ ਅੰਦਰ ਛੁਪ ਕੇ ਮੈਨੂੰ ਬਣਾਉਂਦੈ ਪਰ ਜਦੋਂ ਤੇਰੇ ਬਾਪੂ ਨੇ ਸਮਝਾਇਆ ਤਾਂ ਮੈਨੂੰ ਪੂਰਾ ਯਕੀਨ ਹੋਇਆ ਕਿ ਮੋਹਨਾ ਝੂਠ ਨਈਂ ਬੋਲਦਾ...ਬਸ ਉਹ ਦਿਨ ਤੇ ਅੱਜ ਦਾ ਦਿਨ, ਮੈਂ ਮੋਹਨੇ ਉਪਰ ਰੱਬ ਕੋਲੋਂ ਵੀ ਵੱਧ ਯਕੀਨ ਕਰਨੀ ਆਂ।
ਪੁੱਤ, ਕੱਲ ਵੀ ਮੈਂ ਕਹਿ ਦਿੱਤਾ-ਮੋਹਨੇਆਂ, ਜੋ ਤੂੰ ਆਖਦੈਂ ਉਹ ਸੱਚ ਈ ਹੋਣੈ ।
ਪੁੱਤ,ਹੋਰ ਤਾਂ ਸਭ ਠੀਕ ਠਾਕ ਹੈ ਬਸ ਆ ਔਂਤਰੀ ਖਾਂਸੀ ਜਿਹੀ ਨਈਂ ਜਾਂਦੀ ਪਈ ਕਈਂ ਦਿਨਾਂ ਤੋਂ।ਬਰਫ ਆਲਾ ਪਾਣੀ ਪੀ ਬੈਠੀ ਤੀ ਛਬੀਲ ਆਲੇ ਦਿਨ।ਉਸ ਦਿਨ ਤੋਂ ਅੰਦਰੋਂ ਬਾਲਟੀਆਂ ਦੀਆਂ ਬਾਲਟੀਆਂ ਕੁਝ ਨਿਕਲਦਾ ਪਿਆ ਹੈ ...ਹਰ ਸਮੇਂ ਖਊਂ ਖਊਂ ਕਰਦੀ ਰਹਿੰਨੀਆਂ...।
ਪੁੱਤ, ਹੁਣ ਤਾਂ ਰਾਮੂ ਭਈਆ ਤੇ ਉਹਦਾ ਟੱਬਰ, ਜਿਹੜਾ ਘਰ ਰੱਖਿਆ ਐ ਨ, ਉਹ ਵੀ ਨੈਹਰੀਆਂ ਕਢਦੇ ਆ...ਵਾਰ ਵਾਰ ਕਹਿੰਦੇ ਆ-ਸਰਦਾਰਨੀ ਜੀ ਅਗਰ ਅੇਸੈ ਹੀ ਖਊਂ ਖਊਂ ਕਰਦੇ ਰਹੇ ਤੋ ਹਮ ਕਿਸੀ ਔਰ ਸਰਦਾਰ ਕੇ ਚਲੇ ਜਾਵੇਂਗੇ...ਤੁਮਾਹਰੇ ਪਿੱਛੇ ਹਮ ਆਪਣੇ ਜਵਾਕ ਬਿਮਾਰ ਥੋੜੇ ਨ ਕਰੇਂਗੇ!
ਪੁੱਤ, ਮੈਂ ਕਿਹੜਾ ਸ਼ੌਂਕ ਨਾਲ ਖੰਗਦੀ ਆਂ...ਦੂਸਰਾ, ਤੁਸੀਂ ਘਰ ’ਚ ਜਿਹੜਾ ਸਿਆਲ ਲਿਆਉਣ ਵਾਲਾ ਯੰਤਰ ਜਿਹਾ ਲਗਾ ਗਏ ਓ...ਕੀ ਕਹਿੰਦੇ ਆ ਔਂਤਰੇ ਨੂੰ...ਅੱਗ ਲੱਗਣਾ ੲੈ.ਸੀ...ਜਿਸ ਦਿਨ ਉਹ ਲਗਾ ਲੈਨੀਆਂ ਉਸ ਦਿਨ ਤਾਂ ਮੇਰੀਆਂ ਹੱਡੀਆਂ ਹੀ ਜੁੜ ਜਾਂਦੀਆਂ ਨੇ...ਫੇਰ ਹਫਤਾ ਹਫਤਾ ਖੁਲਦੀਆਂ ਨਈਂ...।
ਪੁੱਤ, ਸੱਚ ਦੱਸਾਂ, ਮੈਨੂੰ ਤਾਂ ਫਰਾਟੇ ਆਲੇ ਪੱਖੇ ਨਾਲ ਹੀ ਨੀਂਦ ਆਉਂਦੀ ਐ...ਜਦੋਂ ਤੇਰਾ ਬਾਪੂ ਲਿਆਇਆ ਤੀ ਕੰਟੀਨ ’ਚੋਂ, ਉਦੋਂ ਸਾਰੇ ਪਿੰਡ ’ਚ ਰੋਲਾ ਪੈ ਗਿਆ ਤੀ ਬਈ ਸੂਬੇਦਾਰ ਨੱਥਾ ਸਿੰਘ ਦੇ ਘਰ ਫਰਾਟੇ ਵਾਲਾ ਪੱਖਾ ਲੱਗਿਐ...।
ਤੇਰਾ ਬਾਪੂ ਕਹੇ-ਬੰਤ ਕੁਰੇ, ਅਬ ਹੋਰ ਮੱਛਰ ਨਈਂ ਕਾਟੂਗਾ ਤੁਮਕੋ...ਉਸਕੀ ਕਆ ਮਜ਼ਾਲ...ਜੈਸੇ ਹੀ ਵੋਹ ਸੂਬੇਦਾਰਨੀ ਕੇ ਪਾਸ ਆਏਗਾ,ਫਰਾਟਾ ਉਸ ਕੋ ਭਗਾ ਦੇਗਾ, ਜੈਸੇ ਹਮ ਦੁਸ਼ਮਨੋਂ ਕੋ ਭਗਾਤੇ ਹੈਂ।
ਪੁੱਤ, ਤੇਰਾ ਬਾਪੂ ਮੇਰਾ ਬਹੁਤ ਖਿਆਲ ਰੱਖਦਾ ਤੀ।
ਪੁੱਤ ਫੋਨ ਹੋਲਡ ਕਰੀਂ।
ਤੇਰੇ ਬਾਪੂ ਦਾ ਖਿਆਲ ਆਉਂਦੇ ਈ ਔਤਰੀਆਂ ਅੱਖਾਂ ਭਰ ਆਉਂਦੀਆਂ ਨੇ।ਬੜਾ ਚੰਗਾ ਤੀ ਤੇਰਾ ਬਾਪੂ।
ਵਾਗੁਰੂ ਭਲਾ ਕਰੇ।
ਪੁੱਤ, ਹਾਂ ਸੱਚ ਯਾਦ ਆਇਆ ਕੱਲ ਖੰਗ ਆਲਾ ਡਾਕਟਰ ਕਹਿੰਦਾ ਤੀ-ਬੇਬੇ, ਆਪਣਾ ਖਿਆਲ ਰੱਖ ਕਿਤੇ ਟੀਬੀ ਟੂਬੀ ਦੀ ਸ਼ਿਕਾਇਤ ਨਾ ਹੋ ਜਾਵੇ...।
ਪੁੱਤ, ਮੈਨੂੰ ਬਹੁਤ ਡਰ ਲਗਦੈ ਅੱਜ ਕੱਲ, ਜਾਪਦੈ, ਤੇਰੇ ਬਾਪੂ ਕੋਲ ਜਾਣ ਦਾ ਵੇਲਾ ਨੇੜੇ ਆ ਗਿਐ...।
ਕੱਲ ਆਇਆ ਵੀ ਤੀ ਉਹ ਮੇਰੇ ਸੁਪਨੇ ਵਿਚ।
ਕਹਿੰਦਾ-ਬੰਤ ਕੁਰੇ ਆਜਾ ਹੁਣ...ਕੀ ਕਰਦੀ ਪਈ ਐਂ ’ਕੱਲੀ, ਏਡੇ ਵੱਡੇ ਭੂਤਖਾਨੇ ਵਿਚ...ਮੁੰਡਿਆਂ ਕੋਲ ਤੇਰੇ ਲਈ ਟੈਮ ਨਈਂ ਹੈਗਾ...ਕਨੇਡਾ ਤੈਨੂੰ ਸੂਟ ਨਈਂ ਕਰਨਾ...ਉਥੇ ਤੇਰਾ ਦਮ ਜਲਦੀ ਘੁਟ ਜਾਣੈ...ਮੈਂ ਤਾਂ ਫੇਰ ਵੀ ਛੇ ਮਹੀਨੇ ਲਗਾ ਆਇਆ ਤੀ...ਤੂੰ ਤਾਂ ਦਸ ਦਿਨ ਨਈਂ ਕਢਣੇ...ਫੇਰ ਕਾਹਤੋਂ ਭੂਤਨੀ ਬਣ ਝੱਖ ਮਾਰਦੀ ਐਂ...।
ਓਹੋ..ਹੋ.! ਪੁੱਤ, ਮੇਰੀ ਵੀ ਮੱਤ ਪਤਾ ਨਈਂ ਕਿਉਂ ਮਾਰੀ ਜਾਂਦੀ ਐ...ਪੈਂਦੀ ਸੱਟੇ ਹੀ ਲੱਗ ਪਈ ਆਪਣੇ ਰੋਣੇ ਰੋਣ...ਕੁਛ ਨਈਂ ਹੋਇਆ...ਜਲਦੀ ਠੀਕ ਹੋਜੂਗੀ ਇਹ ਅੱਗ ਲੱਗਣੀ ਖਾਂਸੀ...।
ਪੁੱਤ ਰੁੱਕੀਂ! ਮੈਂ ਜ਼ਰਾ ਲਾਲ ਦੁਆਈ ਖਾਹ ਲਵਾਂ।ਡਾਕਟਰ ਕਹਿੰਦਾ ਤੀ ਬਿਨਾ ਨਾਗੇ ਤੋਂ ਖਾਈਂ ਮਾਈ ਜੇ ਜਲਦੀ ਠੀਕ ਹੋਣਾ ਈ ਤਾਂ।
ਹਾਂ, ਪੁੱਤ ਹੁਣ ਦੱਸ? ਬਾਕੀ ਸਾਰੇ ਓ.ਕੇ ਐ ਨ?
ਤੂੰ ਨਵੇਂ ਸ਼ੈਰ੍ਹ ਆਲੀ ਕੁੜੀ ਦੀ ਸੱਸ ਦੇ ਭੋਗ ਵੇਲੇ ਈ ਆਇਆ ਤੀ ।ਦੋ ਸਾਲਾਂ ਤੋਂ ਵੱਧ ਦਾ ਟੈਮ ਹੋ ਗਿਐ।
ਪੁੱਤ, ਕਿਵੇਂ ਐਂ ਤੂੰ? ਸੇਹਤ ਤਾਂ ਠੀਕ ਐ ਨਾ ਤੇਰੀ! ਖਾਣ ਪੀਣ ਦਾ ਧਿਆਨ ਰੱਖਿਆ ਕਰ।
ਤੂੰ ਜਦੋਂ ਵੀ ਆਉਨੈ ’ਮੇਸ਼ਾ ਕਮਜ਼ੋਰ ਦਿਖਾਈ ਦਿੱਨੈਂ।
ਪਿੱਛਲੀ ਵਾਰ ਵੀ ਤੇਰੀਆਂ ਬਾਚੀਆਂ ਦੂਰ ਅੰਦਰ ਤਕ ਧੱਸੀਆਂ ਪਈਆਂ ਤੀ।
ਪੁੱਤ, ਬਹੂ ਨੂੰ ਕਿਹਾ ਕਰ ਤੈਨੂੰ ਚੰਗਾ ਖਾਣ ਪੀਣ ਨੂੰ ਦਿਆ ਕਰੇ ਪਰ ਉਸ ਹਿਰਨੀ ਨੂੰ ਆਪਣੇ ਹਾਰ ਸ਼ਿਗਾਰ ਕੋਲੋਂ ਫੁਰਸਤ ਮਿਲਦੀ ਹੋਊ ਤਾਂ ਨਾ। ਚੌਵੀ ਘੰਟੇ ਸ਼ੀਸ਼ੇ ਅੱਗੇ ਖਲੋ ਕੇ ਪਤਾ ਨਈਂ ਕੀ ਲਭਦੀ ਰਹਿੰਦੀ ਐ ਆਪਣੇ ਬੂਥੇ ਵਿਚੋਂ।ਇਥੇ ਵੀ ਜਦੋਂ ਆਉਗੀ ਚੌਵੀ ਘੰਟੇ ਸ਼ੀਸ਼ੇ ਅੱਗੇ ਖੜੀ ਰਹੂਗੀ।ਇਹ ਅੱਜ ਕੱਲ ਦੀਆਂ ਕੁੜੀਆਂ ਕਿੱਲੋ ਕਿੱਲੋ ਪੋਡਰ ਲਿਪ ਲੈਂਦੀਆਂ ਨੇ ।ਰੰਗ ਬਿਰੰਗੀਆਂ ਕਰੀਮਾਂ ਲਗਾ ਲੈਂਦੀਆਂ ਨੇ ਸੁਹਣੀਆਂ ਬਣਨ ਦੇ ਚੱਕਰਾਂ ਵਿਚ।
ਹੁਣ ਪੁੱਤ, ਇਹਨਾਂ ਨੂੰ ਕੌਣ ਸਮਝਾਏ ਕਿ ਸੁਹਪਣ ਪੋਡਰਾਂ ਕਰੀਮਾਂ ਨਾਲ ਥੋੜਾ ਆਉਂਦੈ? ਇਹ ਤਾਂ ਰੱਬ ਦੀ ਦਾਤ ਹੁੰਦੀ ਐ।
ਪੁੱਤ, ਬਹੂ ਨੂੰ ਤਾਂ ਪੂਰੇ ਚਾਰ ਸਾਲ ਹੋ ਗਏ ਆ ਇਧਰ ਆਈ ਨੂੰ।ਆਪਣੀ ਮਾਸੀ ਦੀ ਕੁੜੀ ਦੇ ਵਿਆਹ ਵੇਲੇ ਆਈ ਤੀ।ਉਸ ਕੁਲਛਣੀ ਦਾ ਤਾਂ ਬਿਲਕੁਲ ਦਿਲ ਨਈਂ ਕਰਦਾ ਮੈਨੂੰ ਮਿਲਣ ਨੂੰ।ਓਥੇ ’ਜ਼ਾਦ ਖੋਤੀ ਵਾਂਗ ਦੁਲੱੱਤੀਆਂ ਮਾਰਦੀ ਘੁੰਮਦੀ ਹੋਣੀ ਐ।ਸਿਆਣੇ ਐਂਵੇ ਤਾਂ ਨਈਂ ਆਖਦੇ ਬਈ ਸਿਰ ’ਤੇ ਨਈਂ ਕੁੰਡਾ ਤੇ ਹਾਥੀ ਫਿਰੇ ਲੁੰਡਾ।
ਪੁੱਤ, ਖਿਆਲ ਰੱਖੀਂ, ਜਨਾਨੀਆਂ ਨੂੰ ਬਹੁਤੀ ’ਜ਼ਾਦੀ ਨਈਂ ਦੇਣੀ ਚਾਹੀਦੀ।ਉਥੇ ਗੋਰੀਆਂ ਰੰਨਾ ਅਲ ਦੇਖ ਕੇ ਕਿਤੇ ਇਹ ਵੀ ਨਾ ਬਿਠਰ ਜਾਵੇ।
ਪੁੱਤ, ਤੀਵੀਂ ਘਰ ਦੀ ਇੱਜ਼ਤ ਹੁੰਦੀ ਐ।ਉਹਨੂੰ ਕਹੀਂ ਜ਼ਿਆਦਾ ਲਟਰ ਬਟਰ ਨਾ ਕਰਿਆ ਕਰੇ।ਸਿਰ ਟੱਲੇ ਵਿਹੁਣਾ ਨਾ ਰੱਖੇ।ਜਦੋਂ ਪਿਛਲੀ ਵਾਰ ਆਈ ਤੀ ਤਾਂ ਮੈਂ ਬਥੇਰਾ ਵੱਢਿਆ ਤੀ ਕਿ ਧੀਏ ਸਿਰ ਉਪਰ ਟੱਲਾ ਹੋਵੇ ਤਾਂ ਸੁਆਣੀ ਸ਼ੋਭਦੀ ਐ ਪਰ ਪੁੱਤਰ ਉਸ ਉਪਰ ਮੇਰੇ ਕਹੇ ਦਾ ਕਦੇ ਕੋਈ ਅਸਰ ਹੋਇਐ ਭਲਾ? ਸਗੋਂ ਹੋਰ ਬੋਦਿਆਂ ਨੂੰ ਸੁਆਰ ਸੁਆਰ ਵਾਈ ਜਾਵੇੇ।
ਅਖੇ-ਏਸ ਬੁੱਢੜੀ ਨੂੰ ਤਾਂ ਬੋਲਣ ਦੀ ਆਦਤ ਐ।ਇਹਦੇ ਪਿੱਛੇ ਹੁਣ ਅਸੀਂ ਬਣੀਏ ਸੰਵਰੀਏ ਵੀ ਨ।
ਚੱਲ ਛੱਡ ਪੁੱਤ, ਬਹੂ ਨੇ ਕਹਿਣਾ, ਬੇਬੇ ਫੋਨ ’ਚ ਵੀ ਮੇਰਾ ਪਿੱਛਾ ਨਈਂ ਛਡਦੀ।
ਮੇਰੇ ਵੱਲੋਂ ਬਹੂ ਨੂੰ ਢੇਰ ਸਾਰਾ ਪਿਆਰ ਦੇਵੀਂ।ਵਾਗੁਰੂ ਦੁਧੀਂ ਪੁੱਤੀਂ ਰਜਾਈ ਰੱਖੇ ਮੇਰੀ ਬਹੂ ਨੂੰ।ਬੁਢ ਸੁਹਾਗਣ ਹੋਵੇ।
ਹਾਂ, ਸੱਚ ਪੁੱਤ, ਪਿਛਲੇ ਹਫਤੇ ਬਹੂ ਮੂਬੈਲ ’ਤੇ ਦਸਦੀ ਤੀ ਕਿ ਕੁਛ ਦਿਨ ਪਹਿਲਾਂ ਤੇਰਾ ਬਲੈੱਡ ਪ੍ਰੈਸ਼ਰ ਬਹੁਤ ’ਤਾਂਹ ਚਲਾ ਗਿਆ ਤੀ।
ਪੁੱਤ, ਬਹੁਤੀ ਦਾਰੂ ਨਾ ਪਿਆ ਕਰ। ਕਦੇ ਕਦੇ ਨਾਗਾ ਪਾ ਲਿਆ ਕਰ।
ਹਾਂ ਸੱਚ ਜੈਲੇ ਪੁੱਤ, ਬਲੈਡ ਪ੍ਰੈਸ਼ਰ ਤੋਂ ਯਾਦ ਆਇਆ ਕਿ ਆਪਣਾ ਸ਼ਹਿਰੋਂ ਆਇਆ ਮਾਸਟਰ ਗੁਆਂਢੀ ਮੁੰਡਾ, ਜਿਹੜਾ ਪੰਡਤਾਂ ਦੇ ਘਰ ਕਿਰਾਏ ’ਤੇ ਰਹਿੰਦੈ, ਕੀ ਨਾ ਉਸ ਔਤਰੇ ਦਾ, ਹਾਂ ‘ਮੇਸ਼ਾ’, ਉਹ ਵੀ ਮੇਰੇ ਨਾਲ ਬਲੈੱਡ ਪ੍ਰੈਸ਼ਰ ਦੀ ਗੱਲ ਕਰਦਾ ਤੀ।
ਮੈਂ ਕਿਹਾ-ਭਾਈ, ਸੁਣਿਆਂ ਤੇਰਾ ਬਲੈਡ ਪਰੈਸਰ ਵੱਧ ਗਿਆ!
ਹਾਂ ਤਾਈ...ਬਸ ਐਂਵੇ ਕੁਝ ਜ਼ਿਆਦਾ ਹੀ ਵੱਧ ਗਿਆ ਤੀ।
ਕਿੰਨਾ ਵੱਧ ਗਿਆ ਤੀ ?
ਤਾਈ, ਹੇਠਲਾ 110 ਤੇ ਉਪਰਲਾ 170 ।
ਲੈ ਆ ਕਾਹਦਾ ਵੱਧ ਗਿਆ...ਜਦ ਕਦੇ ਉਪਰਲਾ 200 ਤੋਂ ਵੱਧ ਜਾਂਦਾ ਤੀ, ਤਦ ਤੇਰਾ ਤਾਇਆ ਸੋਚਣਾ ਸ਼ੁਰੂ ਕਰਦਾ ਤੀ ਕਿ ਬਲੈਡ ਪ੍ਰੈਸ਼ਰ ’ਚ ਕੁਝ ਗੜਬੜ ਹੈ...ਤੇਰਾ ਤਾਂ ਭਾਈ ਨੋਰਮਲ ਹੈ...ਐਵੇਂ ਨੀ ਘਬਰਾਈ ਦਾ...।
ਤਾਈ, ਇਹਨੇ ਤਾਂ ਮੇਰੀ ਦਾਰੂ ਬੰਦ ਕਰਵਾ ਦਿੱਤੀ ਐ-ਉਹਨੇ ਆਪਣੀ ਵਹੁਟੀ ਦੀ ਸ਼ਿਕਾਇਤ ਲਗਾਈ।
ਏ ਬਹੂਏ...ਐਂਵੇਂ ਨਾ ਮੁੰਡੇ ਪਿਛੇ ਪੈ ਜਾਇਆ ਕਰ-ਮੈਂ ਕੋਲ ਖੜੀ ਬਹੂ ਨੂੰ ਝਿੜਕ ਦਿੱਤਾ ।
ਭਾਈ...ਕਿੰਨੇ ਪੇਗ ਲਗਾਦੈਂ ਤੂੰ ਰੋਜ਼ ? ਮੈਂ ੳਂੁਝ ਹੀ ਪੁੱਛ ਲਿਆ।
ਤਾਈ, ਆਮ ਤੌਰ ’ਤੇ ਤਿੰਨ...ਕਦੇ ਕਦਾਈਂ ਚਾਰ...।
ਪੇਗ ਮਤਲਬ ਕਿੰਨੇ ਪਉਏ...ਤੇਰਾ ਤਾਇਆ ਤਾਂ ਇਕ ਬੋਤਲ ਦੇ ਚਾਰ ਹੀ ਪੇਗ ਬਣਾਉਂਦਾ ਤੀ ਭਾਈ-ਮੈਂ ਮਜ਼ਾਕ ਕੀਤਾ।
ਤਾਈ...ਇਹੋ ਹੀ ਕੋਈ ਅੱਧਾ ਪੋਣਾ ਪਉਆ।
ਆ ਫਿਰ ਕਾਹਦੀ ਜ਼ਿਆਦਾ ਦਾਰੂ ਹੋਈ...ਦਾਰੂ ਤਾਂ ਪੀਂਦਾ ਤੀ ਤੇਰਾ ਤਾਇਆ...ਇਕ ਬੋਤਲ ਤਾਂ ਠੇਕੇਓਂ ਈ ਚੜ੍ਹਾ ਆਉਂਦਾ...ਮੈਂ ਤਾਂ ਦੂਰੋਂ ਆਉਂਦਿਆਂ ਦੀ ਤੋਰ ਦੇਖ ਈ ਸਮਝ ਜਾਂਦੀ ਕਿ ਕਿੰਨੇ ਪੇਗ ਲਗਾਏ ਆ...ਘਰ ਆ ਕੇ ਫੇਰ ਚਾਰ ਪੇਗ...ਫਿਰ ਕਿਤੇ ਜਾ ਕੇ ਰੋਟੀ ਬਾਰੇ ਪੁਛ ਗਿਛ ਕਰਦਾ...ਵਹੁਟੀਏ, ਤੂੰ ਮੁੰਡੇ ਦੀ ਦਾਰੂ ਕਾਹਤੋਂ ਛੁੜਵਾ ਦਿੱਤੀ...ਅਜੇ ਪੁੱਤ ਦੀ ਉਮਰ ਹੀ ਕੀ ਐ...ਰੱਜ ਕੇ ਕਮਾਓ...ਰੱਜ ਕੇ ਪੀਓ...ਰੱਜ ਕੇ ਖਾਓ....ਬਾਕੀ ਬਲੈਡ ਪ੍ਰੈਸ਼ਰ ਦਾ ਕੀ ਐ ...ਏਸ ਅੱਗ ਲਗਣੇ ਦਾ ਤਾਂ ਕੰਮ ਹੀ ਘਟਣਾ ਵਧਣਾ ਹੈ-ਮੈਂ ਵਹੁਟੀ ਨੂੰ ਅੱਖ ਮਾਰਦਿਆਂ ਕਿਹਾ।
ਤਾਈ, ਤਾਇਆ ਤਾਂ ਫਿਰ ਬਹੁਤ ਦਾਰੂ ਪੀਂਦੇ ਤੀ...ਮੇਰਾ ਮਤਲਬ, ਦਾਰੂ ਪੀ ਕੇ ਤੁਹਾਡੇ ਨਾਲ ਲੜਾਈ ਝਗੜਾ ਤਾਂ ਨਹੀਂ ਕਰਦਾ ਤੀ ? ਮੇਸ਼ੇ ਨੇ ਪੁੱਛਿਆ।
ਪੁੱਤ, ਸ਼ੁਰੂ ਸ਼ੁਰੂ ਵਿਚ ਕਰਦਾ ਤੀ...ਦਾਰੂ ਪੀ ਕੇ ਬਬਲੀਆਂ ਮਾਰਦਾ ਤੀ...ਇਕ ਦਿਨ ਮੈਂ ਸਾਫ ਸਾਫ ਕਹਿ ’ਤਾ-ਸਰਦਾਰਾ, ਧਿਆਨ ਨਾਲ ਸੁਣ ਲੈ ਮੇਰੀ ਗੱਲ...ਮੈਂ ਤਾਂ ਜੰਮੀ ਹੀ ਸ਼ਰਾਬੀਆਂ ਦੇ ਘਰ ਤੀ...ਸ਼ਰਾਬੀ ਵਿਚੋਲੇ ਤੀ...ਅੱਗੇ ਤੁਸੀਂ ਤਾਂ ਪਹਿਲਾਂ ਹੀ ਹੱਦਾਂ ਟੱਪੀ ਬੈਠੇ ਓ...ਮੈਂ ਤਾਂ ਨਵੀਂ ਨਵੀਂ ਆਈ ਤੀ...ਚੁਪ ਤੀ...ਹੁਣ ਤਾਂ ਸੁਖ ਨਾਲ ਪੂਰਾ ਮ੍ਹੀਨਾ ਹੋ ਗਿਐ...ਜੇ ਕਿਸੇ ਦਿਨ ਗੁੱਸੇ ਵਿਚ ਮੈਂ ਬਬਲੀ ਮਾਰਤੀ ਤਾਂ ਫਿਰ ਨਾ ਕਹੀਂ ਬਈ ਤੀਵੀਂ ਅੱਗੋਂ ਬੋਲ ਪਈ...ਬੱਸ ਪੁੱਤ ਉਸ ਦਿਨ ਤੋਂ ਬਾਦ ਸਾਰੀ ਉਮਰ ਤੇਰਾ ਤਾਇਆ ਅੱਖੀਂ ਪਿਆ ਨਹੀਂ ਰੜਕਿਆ।
ਤਾਈ ਜੀ, ਤੁਹਾਡੇ ਪਿਤਾ ਜੀ ਵੀ ਬਹੁਤ ਦਾਰੂ ਪੀਦੇਂ ਤੀ? ਮੇਸ਼ਾ ਮੁਸਕੜੀਆਂ ਵਿਚ ਬੋਲਿਆ।
ਬਸ ਪੁਛ ਨਾ ਪੁੱਤ...ਮੇਰਾ ਪਿਉ, ਚਾਚਾ, ਫੁਫੜ, ਮਾਸੜ, ਸਾਰੇ ਦਾਰੂ ਪੀ ਪੀ ਕੇ ਹੀ ਮਰੇ ਤੀ...ਜ਼ਮੀਨ ਜਾਇਦਾਦ ਬਹੁਤ ਤੀ...ਮੂਰਗੇ ਖਾਈ ਗਏ ਤੇ ਦਾਰੂ ਹੀ ਪੀ ਗਏ...ਬਸ ਵਾਰੀ ਵਾਰੀ ਸਾਰੇ ਤੁਰ ਗਏ ਭਾਈ-ਮੈਂ ਸੱਚ ਸੁਣਾ ਦਿੱਤਾ।
ਕਿੰਨੀ ਉਮਰ ਤੀ ਜਦੋਂ ਤੁਹਾਡੇ ਪਿਤਾ ਜੀ ਪੂਰੇ ਹੋਏ ਸਨ-ਮੇਸ਼ੇ ਦਾ ਮੂੰਹ ਥੋੜਾ ਉੱਤਰ ਗਿਆ।
ਅੱਸੀ ਦੇ ਉਪਰ ਪੰਜ ...ਬਾਕੀ ਬੀ ਇਸੇ ਦੇ ਨੇੜੇ ਤੇੜੇ ਮਰੇ ...ਮੇਰਾ ਪਿਉ ਹੀ ਕਿਉਂ...ਤੇਰੇ ਤਾਏ ਦਾ ਪਿਉ ਵੀ ਤਾਂ ਦਾਰੂ ਪੀ ਕੇ ਮਰਿਆ ਤੀ....107 ਡਿਗਰੀ ਤੋਂ ਵੀ ਵੱਧ ਤਾਪ ਚੜਿਆ ...ਮੈਂ ਬਥੇਰਾ ਰੋਕਿਆ ਬਈ ਬਾਪੂ ਜੀ ਅੱਜ ਤਾਂ ਰਹਿਣ ਦਿਉ...ਤਾਪ ਚੜਿਐ...ਨਾ ਭਾਈ ਉਹ ਨਾ ਮੰਨੇ...।
ਅਖੇੇ-ਤਾਪ ਦਾ ਕੀ ਹੈ...ਇਹਨੇ ਤਾਂ ਕਲ ਨੂੰ ਉੱਤਰ ਜਾਣੈ...।
ਬਸ ਭਾਈ ਚੜ੍ਹਾ ਗਿਆ ਬੋਤਲ...ਪਾਣੀ ਬੀ ਨਈਂ ਪਾਇਆ...ਬਸ ਫੇਰ ਕੀ ਤੀ ਦੋ ਘੰਟਿਆਂ ਬਾਦ ਹੀ ਬਾਪੂ ਹੋਰੀ ਤੁਰ ਗਏ- ਸੁਣਾਉਂਦਿਆਂ ਮੇਰੀਆਂ ਅੱਖਾਂ ਵਿਚ ਹੰਝੂ ਆ ਗਏ।
ਤਾਈ ਜੀ ਇਹ ਤਾਂ ਬਹੁਤ ਮਾੜਾ ਹੋਇਆ -’ਮੇਸ਼ਾ ਸਹਿਮ ਗਿਆ ਤੀ।
ਮਾੜਾ ਕਾਹਦਾ ਹੋਇਆ...ਮਰਨਾ ਤਾਂ ਸਾਰਿਆ ਹੀ ਹੈ...ਤਿੰਨੀ ਸਾਲੀਂ ਪਿੱਛੇ ਪਿੱਛੇ ਮੇਰਾ ਚਾਚਾ ਸਹੁਰਾ ਵੀ ਤੁਰ ਗਿਆ...।
ਲੈ, ਉਹਦੀ ਵੀ ਸੁਣ ਲੈ...।
ਉਹ ਛੜਾ ਤੀ...ਮੇਸ਼ੇ ਤੈਨੂੰ ਤਾਂ ਪਤਾ ਈ ਐ ਪਹਿਲਾਂ ਪਹਿਲਾਂ ਸਾਡੇ ਜ਼ਮੀਂਦਾਰਾਂ ਦੇ ਇਕ ਹੀ ਮੁੰਡਾ ਬਿਆਂਦੇ ਤੀ...ਪਰ ਚਾਚਾ ਕੁਝ ਜਲਦੀ ਤੁਰ ਗਿਆ....ਅੱਸੀਆਂ ਤੋਂ ਦੋ ਹੀ ਟੱਪਿਆ ਤੀ...ਨਾ ਔਦ੍ਹੇ ਕੋਈ ਅੱਗੇ ਤੀ ਨਾ ਪਿੱਛੇ ...।
ਤੇਰਾ ਤਾਇਆ ਕਹਿ ਦਿਆ ਕਰੇ-ਦੇਖ ਬੰਤ ਕੁਰੇ,ਇਹ ਚਾਚੇ ਦੀ ਸੇਵਾ ਵਿਚ ਕਮੀਂ ਨਾ ਆਉਣ ਦਈਂ...ਬੇਹੜੇ ’ਚ ਤੁਰਦਾ ਫਿਰਦਾ ਜ਼ਮੀਨ ਦਾ ਸੋ ਕੀਲਾ ਐ...।
ਚਾਚੇ ਦੀ ਚਾਲ ਢਾਲ ਦੇਖ ਮੈਂ ਸਮਝ ਗਈ ਤੀ...ਭਾਈ ਚਾਰ ਕੁ ਦਿਨ ਰਹਿੰਦੇ ਆ ਚਾਚਾ ਜੀ ਦੇ-ਮੈਂ ਤੇਰੇ ਤਾਏ ਨੂੰ ਕਹਿਤਾ...।
ਮੇਸ਼ੇ ਪੁੱਤ, ਇਹ ਗੱਲ ਕਿਤੇ ਚਾਚੇ ਨੇ ਸੁਣਲੀ...।
ਕਹੇ-ਬੰਤ ਕੁਰੇ, ਭਾਈ ਮੇਰਾ ਮਰਨ ਨੂੰ ਜੀਅ ਜਿਹਾ ਨਈਂ ਕਰਦਾ...।
ਮੈਂ ਕਿਹਾ- ਚਾਚਾ ਜੀ...ਤੁਹਾਡਾ ਕੀ ਐ..? ਤੁਸੀਂ ਤਾਂ ਤੁਰ ਜਾਣਾ...ਸੁਰਖਰੂ ਹੋ ਜਾਣਾ...ਦਸ ਦਿਨ ਬਲੈੱਡ ਪਰੈਸ਼ਰ ਤਾਂ ਭਾਈ 200 ਤੋਂ ਤਾਹਾਂ ਮੇਰਾ ਰਹਿਣੈ...ਮੈਈਂ ਪਿਟ ਪਿਟ ਆਪਣੀ ਛਾਤੀ ਭੰਨੂੰ...।
ਚਾਚਾ ਕਹਿੰਦਾ-ਭਾਈ ਜੇ ਆਹ ਬਾਤ ਹੈ ਤਾਂ ਦੇਈਂ ਕੁਛ ਪੈਸੇ।
ਬਸ ਫਿਰ ਕੀ ਤੀ...ਚਾਚਾ ਠੇਕੇ ’ਤੇ ਗਿਆ ਪੰਜਾਂ ਦਿਨਾਂ ਲਈ ਪੰਜ ਬੋਤਲਾਂ ਚੁੱਕ ਲਿਆਇਆ...ਰੋਜ਼ ਦੀ ਇਕ...ਪੰਜਵੇਂ ਦਿਨ ਸਵੇਰੇ ਮੈਂ ਚਾਹ ਲੈ ਕੇ ਗਈ...।
ਮੈਂ ਕਿਹਾ-ਚਾਚਾ ਜੀ ਚਾਹ ਪੀ ਲਉ...ਸਰੀਰ ਖੁਲ ਜੂਗਾ...ਕੈਮ ਹੋਜੂਗਾ...ਪਰ ਉਹ ਨਾ ਮੰਨੇ...।
ਕਹੇ-ਬਹੂਏ, ਤੇਰਾ ਅੰਦਾਜ਼ਾ ਕਦੇ ਗਲਤ ਨਹੀਂ ਹੋਇਆ...ਵੱਡੇ ਭਾਈ ਬਾਰੇ ਵੀ ਤੂੰ ਇੰਝ ਹੀ ਬੋਲਿਆ ਤੀ...ਅੱਜ ਮੇਰਾ ਵੀ ਪੰਜਵਾਂ ਦਿਨ ਹੈ...ਤੂੰ ਐਂ ਕਰ ਭਾਈ...ਆ ਪੰਜਵੀਂ ਬੋਤਲ ਫੜਾ...।
ਮੈਂ ਕਿਹਾ ਚਾਚਾ ਜੀ ਗਰਮ ਪਾਣੀ ਪਾ ਲਉ...।
ਕਹਿੰਦਾ-ਭਾਈ ਪਾਣੀ ਪਾ ਕੇ ਪੀਣ ਵਾਲੇ ਦਿਨ ਅਸੀਂ ਪੈਦਾ ਹੀ ਨਈਂ ਹੋਏ।
ਬਸ ਘੰਟਾ ਹੀ ਕਢਿਆ ਚਾਚੇ ਨੇ...ਪੰਜਾਮੇ ’ਚ ਹੀ ਮੂਤ ਨਿਕਲ ਗਿਆ ਬਚਾਰੇ ਦਾ...ਮੈਂ ਤੇ ਤੇਰੇ ਤਾਏ ਨੇ ਕਾਹਲੀ ਕਾਹਲੀ ਉਹਨੂੰ ਨਵਾਂ ਕੁਰਤਾ ਪੰਜਾਮਾ ਪੁਆਇਆ-ਮੈਂ ਮੇਸ਼ੇ ਨੂੰ ਚਾਚੇ ਦੇ ਕਾਰਨਾਮਿਆਂ ਬਾਰੇ ਸੁਣਾਈ ਗਈ।
ਮਤਲਬ ਕਿ ਉਹ ਮਰ ਗਿਆ ਤੀ-ਮੇਸ਼ਾ ਪੁੱਛੇ।
ਹੋਰ ਕੀ...ਪੁੱਤ ਮੇਰਾ ਕੇਹਾ ਕਦੇ ਗਲਤ ਨਈਂ ਹੋਇਆ...।
ਤੇਰਾ ਤਾਇਆ ਕਹਿੰਦਾ-ਭਾਈ, ਦੋ ਘੜੀਆਂ ਠਹਿਰ ਕੇ ਲਲਕਾਰਾ ਮਾਰੀਂ...ਅੱਜ ਕੰਮ ਬਹੁਤ ਕਰਨਾ ਪੈਣਾ...ਚਾਰ ਪੇਗ ਚੜਾ ਲੈਣਦੇ...ਮੇਸ਼ੇ ਪੁੱਤ, ਤੇਰਾ ਤਾਇਆ ਵੀ ਦਾਰੂ ਬਹੁਤ ਪੀਂਦਾ ਤੀ-ਜੈਲੇ ਪੁੱਤ ਮੈਂ ਤਾਂ ਮੇਸ਼ੇ ਨੂੰ ਤੇਰੇ ਬਾਪੂ ਦੀ ਸ਼ਰਾਬ ਪੀਣ ਦੀ ਆਦਤ ਬਾਰੇ ਸਾਰਾ ਕੁਛ ਦੱਸ ’ਤਾ।
ਤਾਏ ਨੇ ਉਸ ਵੇਲੇ ਸ਼ਰਾਬ ਪੀਤੀ?ਮੇਸ਼ਾ ਹੈਰਾਨ।
ਨਾ ਹੋਰ ਦੁਧ ਪੀਤਾ! ਇਹ ਤਾਂ ਜਦੋਂ ਮੇਰੀ ਸੱਸ ਮਰੀ ਤੀ ਉਸ ਦਿਨ ਨਾ ਹਟਿਆ...ਇਹ ਤਾਂ ਫਿਰ ਚਾਚਾ ਤੀ...ਬਸ ਫੇਰ ਕੀ ...ਤੇਰਾ ਤਾਇਆ ਕੈਮ ਹੋ ਗਿਆ...ਮੈਂ ਵੀ ਸੱਤ ਅੱਠ ਰੋਟੀਆਂ ਤੁੰਨ ਕੇ ਮਾਰ ਤਾ ਲਲਕਾਰਾ-ਮੈਂ ਤਾਂ ਸੱਚੀਆਂ ਸੁਣਾ ਦਿੱਤੀਆਂ।
ਲਲਕਾਰਾ-ਮੇਸ਼ੇ ਦੇ ਮੂੰਹ ’ਤੇ ਤਰੇਲੀਆਂ ਆ ਗਈਆਂ।
ਲਲਕਾਰਾ ਮਤਲਬ....ਪਾ ’ਤੀ ਦੁਹਾਈ....ਉੱਚੀ ਜਿਹੀ ਕੂਕਾਂ ਮਾਰੀਆਂ...ਹਾਏ ਵੇੇ ਲੋਕੋ ਦੋੜੋ....ਚਾਚਾ ਤੁਰ ਗਿਆ....ਚਾਚਾ ਤੁਰ ਗਿਆ-ਕਹਿ ਕੇ ਮੈਂ ਆਪਣੀ ਗੱਲ ਮੁਕਾਈ।
ਜੈਲੇ ਪੁੱਤ, ਤੇਰੇ ਦਾਦੇ ਵਾਲੀ ਕਥਾ ਸੁਣ ਕੇ ਮੇਸ਼ਾ ਤਾਂ ਦਾਰੂ ਪੀਣੋਂ ਹੱਟ ਗਿਆ।
ਪੁੱਤ, ਤੂੰ ਵੀ ਸਹਿੰਦੀ ਸਹਿੰਦੀ ਪੀਆ ਕਰ।
ਵੈਸੇ ਸੱਚ ਦੱਸਾਂ ਪੁੱਤ, ਸਾਡੇ ਇਧਰ ਵੀ ਬੱਚੇ ਜਮਦੇ ਹੀ ਨਸ਼ਿਆਂ ਦੇ ਗੁਲਾਮ ਹੋਈ ਜਾਂਦੇ ਆ।
ਆਹ ਕਲ੍ਹ ਹੀ ਉਪਰਲਿਆਂ ਦੇ ਵੇਹੜੇ ਆਲਾ ਸ਼ਿੰਦਾ ਪੂਰਾ ਹੋ ਗਿਆ। ਡਾਕਟਰਾਂ ਕਿਹਾ ਬਈ ਨਸ਼ੇ ਆਲੀਆਂ ਦਵਾਈਆਂ ਤੇ ਟੀਕੇ ਲਗਾ ਲਗਾ ਕੇ ਉਸਦਾ ਮੇਹਦਾ ਖਰਾਬ ਹੋ ਗਿਆ ਤੀ।
ਜਿੰਦੇ ਦੀ ਚਾਈ ਦਸਦੀ ਤੀ-ਤਾਈ ਸ਼ਿੰਦਾ ਤਾਂ ਪੁੱਠ ਪੈਣਾ ਕਿਰਲੀਆਂ ਸਾੜ ਸਾੜ ਕੇ ਖਾਣ ਲੱਗ ਪਿਆ ਤੀ।ਸੁੱਖਾ ਤਾਂ ਪਾਣੀ ਵਿਚ ਘੋਲ ਕੇ ਇੰਝ ਪੀਂਦਾ ਤੀ ਜਿਵੇਂ ਲੋਕੀਂ ਦਹੀਂ ’ਚ ਸ਼ੱਕਰ ਘੋਲ ਕੇ ਪੀਂਦੇ ਆ। ਪੁਠ ਪੈਣਾ ਗਰੀਸ ਨੂੰ ਜੈਮ ਵਾਂਗ ਬਰੈਡਾਂ ਉਪਰ ਚੋਪੜ ਚੋਪੜ ਕੇ ਖਾਂਦਾ ਤੀ।
ਜੈਲੇ ਪੁੱਤ, ਨਵੀਂ ਮੁੰਡੀਰ ਨੂੰ ਪਤਾ ਨਈਂ ਕੀ ਹੋ ਗਿਐ।ਸਵੇਰੇ ਸਵੇਰੇ ਹੀ ਜਾ ਠੇਕੇ ਵੱਜਦੇ ਨੇ।ਜਦ ਤਕ ਟੀਕਾ ਬਾਂਹ ’ਚ ਠੋਕ ਨਾ ਲੈਣ ਔਂਤਰਿਆਂ ਦੀਆਂ ਅੱਖਾਂ ਨਈਂ ਖੁਲਦੀਆਂ।ਸਾਰਾ ਦਿਨ ਮਰੇ ਸੱਪਾਂ ਵਾਂਗ ਪਏ ਰਹਿੰਦੇ ਆ।ਇਕ ਤਾਂ ਬੇੜਾ ਗਰਕ ਜਾਏ ਸਮੇਂ ਦੀਆਂ ਸਰਕਾਰਾਂ ਦਾ....ਔਂਤਰੇ ਦੀਆਂ ਸਕੂਲ਼ ਤੇ ਡਿਸਪੈਂਸਰੀਆਂ ਤਾਂ ਖੋਲਦੀਆਂ ਨਈਂ ਪਰ ਸ਼ਰਾਬ ਦੇ ਠੇਕੇ ਹਰ ਪਿੰਡ ’ਚ ਚਾਰ ਚਾਰ ਖੋਲੀ ਜਾਂਦੇ ਨੇ।ਹੁਣ ਤਾਂ ਜੈਲੇ ਪੁਤ ਲੋਕ ਆਪਣਾ ਪਤਾ ਠਿਕਾਣਾ ਦਸਣ ਵੇਲੇ ਮੰਦਰ ਜਾਂ ਗੁਰਦੂਆਰੇ ਦਾ ਨਾਂ ਨਈਂ ਸਗੋਂ ਠੇਕੇ ਦਾ ਨਾਂ ਦਸਦੇ ਨੇ।
ਹੇ ਸੱਚੇ ਪਾਤਸ਼ਾਹ…ਵਾਗੁਰੂ, ਇਸ ਨਵੀਂ ਪਨੀਰੀ ਨੂੰ ਬਚਾਈਂ।
ਪੁੱਤ, ਆਪਣੇ ਗ਼ੈਰੀ ਦਾ ਖਿਆਲ ਰੱਖੀ।ਉਹਨੂੰ ਗੋਰਿਆਂ ਮੁੰਡਿਆਂ ਦੀ ਟੋਲੀਆਂ ’ਚ ਨਾ ਮਿਲਣ ਦੇਵੀਂ।
ਚੱਲ ਛੱਡ ਪਰਾਂ ਪੁੱਤਰ, ਤੂੰ ਕਹਿਣੈ ਬੇਬੇ ਪਤਾ ਨਈਂ ਕਿਹੜੀਆਂ ਕਥਾਵਾਂ ਲੱਗ ਪੈਂਦੀ ਆ ਸੁਣਾਉਣ।
ਪੁਤ ਹੋਲਡ ਕਰੀਂ, ਮੈਂ ਆਪਣੀਆਂ ਅੱਖਾਂ ਵਾਲਾ ਵੀ ਕੰਡਾ ਕੱਢ ਲਵਾਂ।ਅੱਗ ਲੱਗਣੀ ਦਾਰੂ ਪਾ ਆਵਾਂ।
ਹਾਂ, ਪੁੱਤ ਹੁਣ ਸੁਣਾ।
ਜੈਲੇ ਪੁੱਤ, ਆਪਣੇ ਪੋਤੇ ਪੋਤਰੀ ਦੀ ਸ਼ਕਲ ਦੇਖਿਆਂ ਵੀ ਮੁਦਤਾਂ ਹੋ ਗਈਐਂ।ਤੇਰੇ ਬਾਪੂ ਦੇ ਭੋਗ ਵੇਲੇ ਦੋਵੇਂ ਐਵੇਂ ਈ ਲਗਰਾਂ ਜਿਹੀਆਂ ਤੀ।ਗ਼ੈਰੀ ਤਾਂ ਫੇਰ ਵੀ ਤੁਰਦਾ ਫਿਰਦਾ ਤੀ।ਰੋਜ਼ੀ ਤਾਂ ਮਾਂ ਦੇ ਕੁਛੜੋਂ ਨਈਂ ਉਤਰਦੀ ਤੀ।ਗਿਟਕ ਆਂਗਰ।ਹੁਣ ਸੁਖ ਨਾਲ ਗ਼ੈਰੀ ਦੀ ਤਾਂ ਮੱਸ ਫੁੱਟ ਪਈ ਹੋਣੀ ਐ।ਰੋਜ਼ੀ ਵੀ ਸਰੂੰ ਵਾਂਗ ਵੱਧ ਗਈ ਹੋਣੀ ਐ।
ਪੁੱਤ, ਦੋਨਾਂ ਨੂੰ ਵੇਖਣ ਨੂੰ ਬਹੁਤ ਮਨ ਕਰਦੈ।ਦਿਲ ਕਰਦੈ ਉਡ ਕੇ ਆ ਜਾਵਾਂ...ਪਰ ਕੀ ਕਰਾਂ ਔਂਤਰੇ ਗੋਡੇ ਈ ਸਾਥ ਨਈਂ ਦਿੰਦੇ।ਜਦੋਂ ਉਠਦੀਆਂ ਤਾਂ ਕੜੱਕ ਕੜੱਕ ਦੀਆਂ ’ਵਾਜ਼ਾਂ ਆਉਂਦੀਆਂ ਨੇ।
ਬੰਗੇ ਆਲੇ ਹੱਡੀਆਂ ਦੇ ਡਾਕਦਾਰ ਨੂੰ ਵਿਖਾਇਆ ਤੀ।
ਕਹਿੰਦਾ ਤੀ-ਮਾਈ, ਗੋਡਿਆਂ ’ਚੋਂ ਗਰੀਸ ਮੁਕ ਗਈ ਐ, ਇਸੇ ਕਰਕੇ ’ਵਾਜ਼ਾਂ ਆਉਂਦੀਆਂ ਨੇ।
ਮੈਂ ਕਿਹਾ-ਡਾਕਦਾਰਾ, ਮੇਰੇ ਗੋਡੇ ਆ ਕਿ ਫੋਰਡ ਟਰੈਕਟਰ ਦੇ ਪਹੀਏ ਬਈ ਗਰੀਸ ਮੁੱਕ ਗਈ ਐ।ਅੱਗੋਂ ਉਸਨੇ ਇਕ ਪੀਲੀ ਜਿਹੀ ਮਲਮ ਦੀ ਡੱਬੀ ਫੜਾ ਦਿੱਤੀ।
ਕਹਿੰਦਾ-ਮਾਈ ਰੋਜ਼ ਮਲਿਆ ਕਰ ਚਪਨੀ ਉਪਰ। ਘੋੜੀ ਵਾਂਗ ਦੌੜਣਾ ਸ਼ੁਰੂ ਕਰ ਦਏਂਗੀ।
ਜੈਲੇ ਪੁੱਤ, ਮਲਮ ਤਾਂ ਬਥੇਰੀ ਮਲਦੀ ਆਂ ਪਰ ਕੜੱਕ ਕੜੱਕ ਦੀਆਂ ’ਵਾਜ਼ਾਂ ਤਾਂ ਦਿਨੋ ਦਿਨ ਵਧਦੀਆਂ ਜਾਂਦੀਆਂ ਨੇ।
ਪੁੱਤ, ਜੇ ਗੱਲ ਗੋਡਿਆਂ ਦੀ ਹੀ ਹੁੰਦੀ ਤਾਂ ਕੋਈ ਵੱਡੀ ਗੱਲ ਨਈਂ ਤੀ।ਮੈਂ ਸੋਟੇ ਦੇ ਸਹਾਰੇ ਪੈਰ ਪੁੱਟ ਲੈਣੇ ਤੀ ਪਰ ਇਹਨਾਂ ਅੱਖਾਂ ਦਾ ਸਿਆਪਾ ਕਿਵੇਂ ਕਰਾਂ।ਖੱਬੀ ਅੱਖ ’ਚ ਕਾਲਾ ਮੋਤੀਆ ਫੇਰ ਉਤਰ ਆਇਐ।ਸੱਜੀ ਵਿਚ ਪਹਿਲਾਂ ਹੀ ਦਿਖਣਾ ਬੰਦ ਹੋ ਗਿਐ।ਪਿੰਡ ਆਲੇ ਕਾਲੂ ਡਾਕਦਾਰ ਕੋਲੋਂ ਹਰ ਰੋਜ਼ ਦਾਰੂ ਪੁਆ ਕੇ ਆਨੀਆਂ।
ਉਹ ਕਹਿੰਦੈ-ਬੇਬੇ, ਕਾਲੇ ਮੋਤੀਏ ਦਾ ਆਪ੍ਰੇਸ਼ਨ ਨਾ ਕਰਵਾ ਲਈਂ ਕਿਤੇ ਦੋਬਾਰਾ! ਇੰਜ ਨਾ ਹੋਵੇ ਜੋ ਥੋੜਾ ਬਹੁਤ ਵਿਖਾਈ ਦਿੰਦਾ ਉਸ ਕੋਲੋਂ ਵੀ ਹੱਥ ਧੁਆ ਲਏਂ ।
ਪੁੱਤ, ਅਜੇ ਮੈਂ ਮਾਰ ਨਈਂ ਤੀ ਖਾਂਦੀ ਪਰ ਇਹ ਕੰਜਰੀਆਂ ਅੱਖਾਂ ਤੇ ਭੈੜਿਆਂ ਗੋਡਿਆਂ ਨੇ ਧੋਖਾ ਦੇ ਦਿੱਤਾ।
ਭੇਜ ਹਾਂ ਕੋਈ ਸੰਜੀਵਨੀ ਬੂਟੀ ਕਨੇਡਿਓਂ ਜਿਹਦੇ ਨਾਲ ਮੇਰੀਆਂ ਅੱਖਾਂ ਦੀ ਲੌਅ ਵਾਪਸ ਆ ਜਾਏ ਤੇ ਔਂਤਰੀ ਗੋਡਿਆਂ ਦੀ ਗਰੀਸ ਵੀ ਪੂਰੀ ਹੋ ਜਾਏ।
ਪੁੱਤ, ਬੰਗੇ ਆਲਾ ਡਾਕਟਰ ਕਹਿੰਦਾ ਤੀ-ਬੇਬੇ, ਆਖੀਂ ਆਪਣੇ ਕਨੇਡੇ ਆਲੇ ਪੁੱਤਰਾਂ ਨੂੰ ਤੇਰੇ ਗੋਡੇ ਬਦਲਾ ਦੇਣ।
ਉਹਦੀ ਗੱਲ ਸੁਣ ਕੇ ਮੈਂ ਤਾਂ ਹੈਰਾਨ ਹੋ ਗਈ।
ਜੈਲੇ ਪੁੱਤ, ਭਲਾ ਇਹ ਹੋ ਸਕਦੈ ਬਈ ਬੰਦੇ ਦੇ ਅੰਗ ਹੀ ਬਦਲ ਦਿਉ ਜਿਵੇਂ ਕਾਰਾਂ ਮੋਟਰਾਂ ਦੇ ਪੁਰਜੇ ਬਦਲ ਦਿੰਦੇ ਐ ਪਰ ਪੁੱਤਰਾ ਜੇ ਉਹ ਡਾਕਦਾਰ ਸੱਚ ਕਹਿੰਦੈ ਤਾਂ ਅਗਲੀ ਵਾਰ ਜਦੋਂ ਆਏਂਗਾ ਨ ਤੂੰ ਹੋਰ ਕੁਛ ਮੇਰੇ ਆਸਤੇ ਲਿਆਈਂ ਤੇ ਭਾਵੇਂ ਨਾ ਪਰ ਇਕ ਜੋੜੀ ਗੋਡਿਆਂ ਦੀਆਂ ਚਪਨੀਆਂ ਦੀ ਕਨੇਡਿਓਂ ਜ਼ਰੂਰ ਫੜੀ ਆਵੀਂ।
ਪੁੱਤ, ਜੇ ਅੱਖਾਂ ਦਾ ਵੀ ਫਾਹਾ ਵਢਿਆ ਜਾਂਦਾ ਹੋਵੇ ਤਾਂ ਉਹ ਵੀ ਦੇਖ ਲਈ।
ਚਾਰ ਸਾਲ ਹੋਰ ਸੋਖੀ ਜੀ ਲਊਂਗੀ।
ਚੱਲ ਛੱਡ ਪੁੱਤ, ਤੂੰ ਕਹਿਣਾ ਬੇਬੇ ਹਰ ਵੇਲੇ ਫਰਮੈਸ਼ਾਂ ਪਾਉਂਦੀ ਰਹਿੰਦੀ ਐ।
ਪੁੱਤ, ਕੁਝ ਦਿਨ ਪਹਿਲਾਂ ਈਂ ਜਾਡਲੇ ਵਾਲੇ ਮਿਸਤਰੀਆਂ ਦੇ ਨਿੱਕੂ ਦਾ ਪਿਓ ਰਸਾਲੋ ਆਇਆ ਤੀ ਛੇ ਮਹੀਨੇ ਆਪਣੇ ਮੁੰਡੇ ਕੋਲ ਰਹਿ ਕੇ।ਉਹ ਬੜੀਆਂ ਗੱਲਾਂ ਦਸਦਾ ਤੀ ਕਨੇਡੇ ਬਾਰੇ।
ਉਹ ਕਹਿੰਦਾ ਤੀ-ਬੰਤ ਭਾਬੀ, ਸਾਡੇ ਵਰਗਾ ਉਹੀ ਬੁੜੀ ਬੁੜਾ ਉਥੇ ਰਹਿ ਸਕਦੈ ਜਿਹੜਾ ਰੱਜ ਕੇ ਢੀਠ ਹੋਵੇ।ਆਪਣਾ ਜ਼ਮੀਰ ਵੇਚ ਦੇਵੇ।
ਸਾਨੂੰ ਉਥੇ ਬੱਚੇ ਇਸ ਕਰਕੇ ਨਈਂ ਬੁਲਾਂਦੇ ਬਈ ਉਹਨਾਂ ਦਾ ਸਾਡੇ ਬਾਝੋਂ ਦੁੱਧ ਚੜਿਆ ਹੁੰਦੈ, ਅਸਲ ਵਿਚ ਤਾਂ ਉਹ ਸਾਨੂੰ ਉਥੇ ਆਪਣੇ ਬੱਚੇ ਸਾਂਭਣ ਵਾਸਤੇ ਬੁਲਾਂਦੇ ਆ।ਜਾਂਦੇ ਈ ਬੁੜੀ ਬੁੜੇ ਨੂੰ ਬੇਸਮੈਂਟ ਵਿਚ ਠੋਕ ਦਿੰਦੇ ਆ।ਉਹ ਵੀ ਸਤ ਸਤ ਮੰਜ਼ਲਾਂ ਹੇਠਾਂ ਨੂੰ।ਕਈਆਂ ਨੂੰ ਤਾਂ ਕਈ ਕਈ ਦਿਨ ਸੂਰਜ ਵੇਖਣ ਦਾ ਮੌਕਾ ਨਈਂ ਮਿਲਦਾ।ਆਪ ਨੌਕਰੀਆਂ ’ਤੇ ਚਲੇ ਜਾਂਦੇ ਆ ਤੇ ਬੁੜੇ ਬੁੜੀਆਂ ਨੂੰ ਫਾਹੇ ਟੰਗ ਜਾਂਦੇ ਆ।
ਬੰਤ ਭਾਬੀ, ਇਹ ਹੁਣ ਸਾਡਾ ਪੰਜਾਬ ਤਾਂ ਐ ਨਈਂ ਬਈ ਆਪੇ ਖੇਤਾਂ ’ਚ ਨੱਕਾ ਨਈਂ ਮੋੜਣਾ।ਘਰ ਡੱਕਾ ਨਹੀ ਤੋੜਣਾ। ਘਰ ਵਿਚ ਦਸ ਦਸ ਭਈਏ ਰੱਖ ਲੈਣੇ। ਉਥੇ ਤਾਂ ਘਰ ਵਿਚ ਇਕ ਭਈਆ ਰੱਖਣਾ ਹੋਵੇ ਤਾਂ ਬੰਦੇ ਦੀ ਬਾਂ ਬਾਂ ਹੋ ਜਾਂਦੀ ਐ।ਅੱਧੀ ਤਨਖਾਹ ਤਾਂ ਉਸਨੂੰ ਦੇਣੀ ਪੈ ਜਾਂਦੀ ਐ।
ਬੰਤ ਭਾਬੀ, ਨਵੇਂ ਸ਼ਹਿਰ ਆਲਾ ਬਿਜਲੀ ਮਹਿਕਮੇ ਆਲਾ ਐਸ. ਡੀ. ਓ. ਵੀ ਮਿਲਿਆ ਤੀ ਮੈਨੂੰ ਉਥੇ।ਮੈਂ ਜਾਣਦਾ ਤੀ ਉਹਨੂੰ ਚੰਗੀ ਤਰ੍ਹਾਂ।ਇਥੇ ਸਾਰਾ ਦਿਨ ਕੱਖ ਭੰਨ ਕੇ ਦੂਹਰਾ ਨਈਂ ਕਰਦਾ ਤੀ।ਅਫਸਰੀ ਦੀ ਠੁਕ ਵਖਰੀ।ਹਰ ਪਾਸਿਓਂ ਸਲਾਮਾਂ ਵੱਜਦੀਆਂ ਤੀ। ਤਨਖਾਹ ਵਖਰੀ ਤੇ ਉਪਰਲੀ ਕਮਾਈ ਦਾ ਕੋਈ ਹਿਸਾਬ ਕਿਤਾਬ ਨਈਂ।ਹੁਣ ਉਹ ਉਥੇ ਜਾ ਕੇ ਸਾਰਾ ਸਾਰਾ ਦਿਨ ਅੰਗੂਰ ਤੇ ਬੇਰ ਤੋੜੀ ਜਾਂਦੈ। ਇਕ ਦਿਨ ਮੈਨੂੰ ਮਿਲ ਗਿਆ।ਅੰਗੂਰਾਂ ਦੀ ਬੂਅ ਮਾਰਦਾ।
ਅਖੇ-ਅਸੀਂ ਰੁੱਖਾਂ ਤੋਂ ਅੰਗੂਰ ਨਈਂ ਸਗੋਂ ਡਾਲਰ ਤੋੜਦੇ ਆਂ। ਡਾਲਰਾਂ ਤੇ ਰੁਪਈਆਂ ਦਾ ਆਪਸ ਵਿਚ ਕਿੰਨਾ ਫਰਕ ਐ ਤੂੰ ਜਾਣਦੈ ਈ ਹੋਣੈ। ਇਹੀ ਫਰਕ ਬਾਰੇ ਸੋਚ ਕੇ ਸਾਰੇ ਦਿਨ ਦੀ ਥਕਾਨ ਉਡ ਜਾਂਦੀ ਐ।
ਬੰਤ ਭਾਬੀ, ਕਨੇਡਾ ਵਿਚ ਬੰਦਾ, ਬੰਦਾ ਨਈਂ ਸਗੋਂ ਗਧਾ ਬਣ ਜਾਂਦੈ। ਸਾਰਾ ਸਾਰ ਦਿਨ ਕੰਮ ਕਰੀ ਜਾਂਦੈ। ਰੱਜ ਕੇ ਸੌਣ ਤੇ ਖਾਣ ਪੀਣ ਦਾ ਮੌਕਾ ਨਈ ਮਿਲਦਾ। ਤੁਰਦੇ ਫਿਰਦੇ ਪੀਜੇ ਤੇ ਹੋਟ ਡਾਗ ਦਰੜੀ ਜਾਂਦੇ ਆ। ਉਪਰੋਂ ਵੱਡੀਆਂ ਵੱਡੀਆਂ ਘੁੱਟਾਂ ਕੋਕਿਆਂ ਕੋਲਿਆਂ ਤੇ ਪੈਪਸੀਆਂ ਦੇ ਭਰੀ ਜਾਂਦੇ ਆ।ਕਿਸੇ ਨੂੰ ਬਿਨਾਂ ਫੋਨ ਕੀਤਿਆਂ ਮਿਲਣ ਚਲੇ ਜਾਉ ਤਾਂ ਦਰਵਾਜੇ ਤੋਂ ਹੀ ਮੋੜ ਦੇਣਗੇ।
ਅਖੇ-ਵੀਕ ਐਂਡ ’ਤੇ ਆਇਓ।
ਵੀਕ ਐਂਡ ’ਤੇ ਜਾਓ ਤਾਂ ਪਤਾ ਲਗਦੈ ਅੋਵਰ ਟੈਮ ਕਰਨ ਗਏ ਆ।
ਬੰਤ ਭਾਬੀ, ਉਂਜ ਹੁਣ ਕਨੇਡਾ ਵਿਚ ਪੰਜਾਬੀਆਂ ਦਾ ਬੋਲਬਾਲਾ ਬਹੁਤ ਹੋ ਗਿਐ।ਉਥੇ ਬੈਂਕਾਂ, ੲੈਰਪੋਰਟਾਂ ਤੇ ਹੋਰ ਸਰਕਾਰੀ ਦਫਤਰਾਂ ਵਿਚ ਸਾਰਾ ਕੁਝ ਪੰਜਾਬੀ ਵਿਚ ਵੀ ਲਿਖਿਆ ਮਿਲਦੈ।ਇਧਰੋਂ ਗਏ ਮੇਰੇ ਵਰਗੇ ਕਈ ਬੁੜੇ ਬੁੜੀਆਂ ਉਥੇ ਸੜਕਾਂ ਤੇ ਪਾਰਕਾਂ ਵਿਚ ਪੋਤਰਿਆਂ ਪੋਤਰੀਆਂ ਨੂੰ ਮੁਤਾਂਦੇ ਤੇ ਹਗਾਂਦੇ ਵਿਖਾਈ ਦਿੰਦੇ ਆ।ਜਿਸ ’ਲਾਕੇ ਵਿਚ ਪੰਜਾਬੀ ਰਹਿੰਦੇ ਐ ਉਥੋਂ ਗੋਰੇ ਇੰਝ ਅਲੋਪ ਹੁੰਦੇ ਨੇ ਜਿਵੇਂ ਗੱਧੇ ਦੇ ਸਿਰ ਤੋਂ ਸਿੰਗ।ਉਹ ਕਹਿੰਦੇ ਨੇ ਇਹਨਾਂ ਬੁੜੇ ਬੁੜੀਆਂ ਨੂੰ ਅਕਲ ਨਈਂ ਹੈਗੀ।ਜਿਥੇ ਦੇਖੋ ਉਥੇ ਗੰਦਗੀ ਫੈਲਾਅ ਦੇਣਗੇ। ਆਂਦੀਆਂ ਜਾਂਦੀਆਂ ਗੋਰੀਆਂ ਨੂੰ ਵੇਖ ਕੇ ਦੰਦ ਕਢਦੇ ਰਹਿਣਗੇ।
ਜੈਲੇ ਪੁੱਤ, ਜੇ ਉਹ ਮਿਸਤਰੀਆਂ ਦਾ ਬੁੜਾ ਠੀਕ ਕਹਿੰਦਾ ਤੀ ਤਾਂ ਫੇਰ ਜ਼ਰੂਰ ਜਾਣੈ ਏਹਡੀ ਦੂਰ ਝੱਖ ਮਾਰਨ। ਏਧਰ ਨਈਂ ਰਹਿ ਹੁੰਦਾ ਆਪਣੇ ਮੁਲਖ ਵਿਚ।ਇਥੇ ਕਿਸ ਗੱਲ ਦਾ ਘਾਟਾ ਐ? ਜੇ ਉਥੇ ਜਾ ਕੇ ਅੰਗੂਰ ਈ ਤੋੜਣੇ ਆ ਤਾਂ ਫਿਰ ਇਥੇ ਆਪਣੇ ਖੇਤਾਂ ਵਿਚੋਂ ਆਲੂ ਪੁਟਣਾ ਭਲਾ ਕਿਹੜੀ ਗੱਲੋਂ ਮਾੜਾ ਹੈ?
ਜੈਲੇ ਪੁੱਤ, ਮਿਸਤਰੀਆਂ ਦਾ ਬੁੜਾ ਕਹਿੰਦਾ ਤੀ ਉਥੇ ਪੰਜਾਬੀ ਚੌਥੇ ਸਥਾਨ ’ਤੇ ਚਲੀ ਗਈ ਐ ਤੇ ਇਥੇ ਪੰਜਾਬੀ ਬਾਰੇ ਪੁੱਤ ਤੈਨੂੰ ਪਤਾ ਈ ਐ।ਸਰਕਾਰੀ ਸਕੂਲਾਂ ਵਿਚ ਸਿਵਾਏ ਭਈਆਂ ਦੇ ਹੋਰ ਕਿਸੇ ਦੇ ਬੱਚੇ ਪੜ੍ਹਦੇ ਨਈਂ। ਉਹ ਪੰਜਾਬੀ ਸਿਖਦੇ ਪਏ ਨੇ ਤੇ ਇਧਰ ਸਾਰੇ ਮਾਂ ਪਿਉ ਆਪਣਿਆਂ ਜਵਾਕਾਂ ਨੂੰ ’ਗਰੇਜ਼ੀ ਸਕੂਲਾਂ ਵਿਚ ਪਾਈ ਜਾਂਦੇ ਆ।ਬੱਚਿਆਂ ਨੂੰ ਜਦੋਂ ਪੁਛੋ ਤਾਂ ਅੱਗੋਂ ਕਹਿਣਗੇ ਸਾਨੂੰ ਪੰਜਾਬੀ ਬੋਲਣੀ ਤਾਂ ਆਉਂਦੀ ਹੈ ਪਰ ਪੜ੍ਹਨੀ- ਲਿਖਣੀ ਨਹੀਂ ਆਉਂਦੀ।
ਹੁਣ ਤਾਂ ਪੁੱਤ ਸਾਡੇ ਇਥੇ ਵੀ ਵੱਡੀਆਂ ਵੱਡੀਆਂ ’ਮਾਰਤਾਂ ਉਸਰਦੀਆਂ ਪਈਆਂ ਨੇ।ਸੜਕਾਂ ਚੌੜੀਆਂ ਹੁੰਦੀਆਂ ਜਾ ਰਹੀਆਂ ਨੇ। ਮਬੈਲ ਫੂਨਾਂ ਆਲੀਆਂ ਕੰਪਨੀਆਂ ਆ ਗਈਆਂ ਨੇ।ਬੱਚੇ ਤੋਂ ਬੁੜੇ ਤੀਕ ਸਾਰੇ ਕੰਨਾਂ ਨੂੰ ਮੁਬੈਲ ਚੰਬੇੜੀ ਫਿਰਦੇ ਆ।ਛੋਟੀਆਂ ਵੱਡੀਆਂ ਕਾਰਾਂ ਤੇ ਮੋਟਰਾਂ ਆ ਗਈਆਂ ਨੇ।ਸਾਰਾ ਦਿਨ ਸੜਕਾਂ ’ਤੇ ਪੋਂ ਪੋਂ ਤੋਂ ਖਲਾਸੀ ਨਈਂ ਹੁੰਦੀ।
ਜੈਲੇ ਪੁਤ ਹੋਲਡ ਕਰੀਂ।
ਮੈਂ ਜ਼ਰਾ ਪਾਣੀ ਪੀ ਲਵਾਂ।ਗਲਾ ਖੁਸ਼ਕ ਹੁੰਦਾ ਜਾਂਦੈ।
ਹਾਂ ਜੈਲੇ ਪੁੱਤ, ਇਕ ਸੱਚੀ ਗੱਲ ਦੱਸਾਂ...ਏਹਡੀ ਵੱਡੀ ਕੋਠੀ ਵਿਚ ਮੇਰਾ ਬਿਲਕੁਲ ਦਿਲ ਨਈਂ ਲਗਦਾ।ਜਦੋਂ ਕਦੇ ਸਾਡੇ ਭਈਏ ਆਪਣੇ ਮੁਲਖ ਚਲੇ ਜਾਂਦੇ ਐ ਤਾਂ ਮੈਨੂੰ ਇਹ ਕੋਠੀ ਕਿਸੇ ਭੂਤਵਾੜੇ ਤੋਂ ਘੱਟ ਨਈਂ ਲਗਦੀ।ਜਦੋਂ ਵੀ ਛੱਤ ਉਪਰ ਖੜੇ ਜਹਾਜ ਨੂੰ ਦੇਖਦੀਆਂ ਤਾਂ ਅੱਖਾਂ ਵਿਚ ਪਰਲ ਪਰਲ ਪਾਣੀ ਵਗਣਾ ਸ਼ੁਰੂ ਹੋ ਜਾਂਦੈ।ਜਹਾਜ ਨੂੰ ਬਦ’ਸੀਸਾਂ ਦੇਣ ਲੱਗ ਪੈਨੀਆਂ- ਚੰਦਰਿਆਂ ਤੂੰ ਈ ਲੈ ਗਿਆ ਮੇਰੇ ਸਾਰੇ ਟੱਬਰ ਨੂੰ ਕਨੇਡੇ। ਤੇਰਾ ਕੁਛ ਨ ਰਹੇ।ਤੇਰਾ ਬੀਅ ਸਤਿਨਾਸ਼ ਹੋ ਜਾਏ।ਤੇਰੀਆਂ ਕੁਲਾਂ ਈ ਖਤਮ ਹੋ ਜਾਣ। ਨਾ ਤੂੰ ’ਸਮਾਨੀ ਉਡੇਂ ਤੇ ਨਾ ਲੋਕ ਇਧਰੋਂ ਉਧਰ ਜਾਣ।
ਜੈਲੇ ਪੁੱਤ, ਤੈਨੂੰ ਤਾਂ ਪਤਾ ਈ ਐ ਕੈਲੇ ਨੇ ਮਸੀਂ ਦਸਵੀਂ ਪਾਸ ਕੀਤੀ ਤੀ।ਪਾਸ ਕਾਹਦੀ ਕੀਤੀ ਤੀ ਬਸ ਹੈਡਮਾਸਟਰ ਦਾ ਘਰ ਭਰ ਦਿੱਤਾ ਤੀ ਤੇਰੇ ਬਾਪੂ ਨੇ ਕੰਟੀਨ ਆਲੀ ਰੰਮ ਦੀਆਂ ਬੋਤਲਾਂ ਨਾਲ।ਫਿਰ ਵੀ ਕੈਲਾ ਤਿੰਨ ਸਾਲ ਲਗਾ ਹੀ ਗਿਆ ਤੀ ਔਂਤਰੀ ਦਸਵੀਂ ਵਿਚ।
ਚੌਬੀ ਘੰਟੇ ਇੱਕੋ ਰੱਟ ਲਗਾਈ ਰੱਖਦਾ ਹੁੰਦਾ ਤੀ ਕੈਲਾ-ਕਾਹਦੇ ਵਾਸਤੇ ਪੜ੍ਹਣੈ...ਐਵੇਂ ਪੜ੍ਹ ਕੇ ਡਮਾਕ ਖਰਾਬ ਕਰਨੈਂ...ਯਾਰਾਂ ਨੇ ਤਾਂ ਕਨੇਡੇ ਜਾਣੈ...ਉਹ ਲੰਬੜਾਂ ਦਾ ਭਿੰਦਾ ਗਿਆ ਤੀ ਨ ਚਾਰ ਸਾਲ ਪਹਿਲਾਂ ਵਲੈਤ...ਹੁਣ ਆਇਆ ਤਾਂ ਉਸਦੀ ਗਰਦਨ ਸੋਨੇ ਦੀਆਂ ਗਾਨੀਆਂ ਤੇ ਚੈਨਾਂ ਨਾਲ ਲਿਫਦੀ ਪਈ ਤੀ...ਹੱਥਾਂ ਦੀਆਂ ਉਂਗਲਾਂ ਸੋਨੇ ਨਾਲ ਪੀਲੀਆਂ ਹੋਈਆਂ ਪਈਆਂ ਤੀ...ਮੈਂ ਨਈਂ ਕੁਟਦਾ ਇਥੇ ਝੋਟਿਆਂ ਦੀ ਪਿੱਠਾਂ...ਨਾ ਈ ਮੇਰੇ ਤੋਂ ਟਰੈਕਰ ਚਲਦਾ ਈ...।
ਬਸ ਉਹਦੀ ਇਹੋ ਜ਼ਿਦ ਸਾਡਾ ਸਾਰਾ ਟੱਬਰ ਉਧੇਲ ਕੇ ਕੈਨੇਡਾ ਲੈ ਗਈ।
ਮੈਂ ਤਾਂ ਉਸ ਵੇਲੇ ਨੂੰ ਕੋਸਦੀਆਂ ਜਦੋਂ ਤੇਰਾ ਬਾਪੂ ਸ਼ਹਿਰ ਆਲੇ ਬਾਣੀਏ ਕੋਲ ਤਿੰਨ ਕੀਲੇ ਗਹਿਣੇ ਰੱਖ ਕੇ ਪੈਸੇ ਬਜਾਜ ’ਜੈਂਟ ਨੂੰ ਦੇ ਆਇਆ ਤੀ।
ਅਖੇ-ਬੰਤ ਕੁਰੇ, ਬਸ ਆਪਣਾ ਕੈਲਾ ਕੈਨੇਡਾ ਪਹੁੰਚਿਆ ਈ ਲੈ ਸਮਝ।
ਤੇਰੇ ਬਾਪੂ ਦੇ ਬੋਲ ਸੁਣਦੇ ਈ ਮੇਰਾ ਕਾਲਜਾ ਮੂੰਹ ਨੂੰ ਆ ਗਿਆ ਤੀ।
ਕੈਲਾ ਕਿਵੇਂ ਕਨੇਡਾ ਪਹੁੰਚਿਆ? ਉਸ ਸਭ ਕਾਸੇ ਨੂੰ ਯਾਦ ਕਰਕੇ ਮੇਰੇ ਤਾਂ ਲੂੰਅ ਕੰਡੇ ਖੜੇ ਹੋ ਜਾਂਦੇ ਆ। ’ਜਂੈਟਾਂ ਨੇ ਆਪਣੇ ਕਿਹੜੇ ਕਿਹੜੇ ਰੰਗ ਨਈਂ ਦਿਖਾਏ ਤੀ।ਕੈਲਾ ਕਿੱਥੇ ਕਿੱਥੇ ਖੱਜ਼ਲ ਖੁਆਰ ਹੁੰਦਾ ਕਨੇਡਾ ਪਹੁੰਚਿਆ ਤੀ।ਜੇਲ੍ਹ ਵੀ ਕੱਟ ਆਇਆ ਤੀ।ਫਿਰ ਛੇ ਸੱਤ ਸਾਲ ਤਾਂ ਲੱਗ ਗਏ ਉਸਦੇ ਕਾਗ਼ਤ ਬਣਦਿਆਂ।ਤੇਰਾ ਬਾਪੂ ਕਹਿੰਦਾ ਤੀ ਕਿ ਉਥੇ ਕੈਲੇ ਨੇ ਕੋਈ ਕਾਗ਼ਤੀ ਵਿਆਹ ਕਰਵਾ ਲਿਆ ਤੀ ਕਿਸੇ ਗੋਰੀ ਨਾਲ।
ਪੱਕੇ ਹੋਣ ਤੋਂ ਬਾਅਦ ਹੀ ਇਧਰ ਆਇਆ ਤੀ।ਫਿਰ ਇਥੇ ਵਿਆਹ ਕਰਵਾਇਆ।
ਕੁਝ ਚਿਰਾਂ ਬਾਅਦ ਤੇਰੀ ਮਿੰਦ੍ਹੋ ਭਰਜਾਈ ਪਹੁੰਚ ਗਈ ਕਨੇਡਾ।
ਬਸ ਪੁੱਤ ਉਹ ਕਾਹਦਾ ਕਨੇਡੇ ਗਿਆ ਪਿੱਛੇ ਪਿੱਛੇ ਤੁਹਾਨੂੰ ਸਾਰਿਆਂ ਨੂੰ ਖਿਚੀ ਗਿਆ।ਪਹਿਲਾਂ ਆਪਣੇ ਵੱਡੇ ਜੀਜੇ ਨੂੰ ਲੈ ਗਿਆ।ਫਿਰ ਵੱਡੀ ਕੁੜੀ।ਬਾਅਦ ਵਿਚ ਤੂੰ ਚਲਾ ਗਿਆ।
ਉਧਰ ਮਿੰਦ੍ਹੋ ਅੜ੍ਹ ਗਈ ਕਹਿੰਦੀ-ਮੈਂ ਆਪਣੇ ਵੱਡੇ ਭਰਾ ਨੂੰ ਖੜਨੈ।
ਉਹਨੇ ਉਸ ਦਾ ਨਕਲੀ ਵਿਆਹ ਕੀਤਾ ਕਨੇਡਾ ਰਹਿੰਦੀ ਕਿਸੇ ਕੁੜੀ ਨਾਲ।
ਬਾਅਦ ਵਿਚ ਉਸਦੇ ਭਰਾ ਨੇ ਤਾਂ ਆਪਣਾ ਅੱਧਾ ਪਿੰਡ ਕਨੇਡਾ ਪਹੁੰਚਾ ਦਿੱਤਾ।
ਪੁੱਤ ਉਸਨੇ ਤਾਂ ਆਪਣੇ ਸਭ ਤੋਂ ਛੋਟੇ ਭਰਾ ਨੂੰ ਉਥੇ ਖੜਣ ਵਾਸਤੇ ਕਨੇਡਾ ਰਹਿੰਦੀ ਸੱਕੀ ਭਨੇਵੀਂ ਦਾ ਵਿਆਹ ਉਸ ਨਾਲ ਕਰ ਦਿੱਤਾ ਤੀ।ਪਹਿਲਾਂ ਤਾਂ ਕਹਿੰਦੇ ਵਿਆਹ ਕਾਗ਼ਤੀ ਐ ਪਰ ਬਾਅਦ ਵਿਚ ਕੁੜੀ ਬਿਠਰ ਗਈ।ਉਹ ਕਹਿੰਦੀ ਤੁਹਾਡੇ ਵਾਸਤੇ ਹੁੰਦਾ ਹੋਊ ਕਾਗ਼ਤੀ ਵਿਆਹ ਮੈਂ ਤਾਂ ਹੁਣ ਇਸੇ ਮਾਮੇ ਨੂੰ ਈ ਆਪਣਾ ਸਾਰਾ ਕੁਝ ਮੰਨਦੀ ਆਂ।
ਉਹਨੂੰ ਬਥੇਰਾ ਡਰਾਇਆ ਧਮਕਾਇਆ ਪਰ ਉਹ ਨਾ ਮੰਨੀ।ਕਹਿੰਦੀ ਜੇ ਜ਼ਿਆਦਾ ਤੰਗ ਕੀਤਾ ਤਾਂ ਪੁਲਸ ਨੂੰ ਦਸ ਕੇ ਸਾਰੇ ਲਾਣੇ ਨੂੰ ਕਨੇਡਿਓਂ ਬਾਹਰ ਕਢਾਦੂੰ!
ਹੁਣ ਉਹਨਾਂ ਦੇ ਘਰ ਦੋ ਜਵਾਕ ਨੇ।
ਪਾ ਲਓ ਆਪਣੇ ਸਿਰਾਂ ’ਚ ਸੁਆਹ।ਦੱਸੋ ਕੀ ਲੱਗੇ ਇਹ ਤੁਹਾਡੇ ਨਵੇਂ ਜੁਆਕ।
ਦੁਰ ਫਿਟੇ ਮੂੰਹ ਐਸੀਆਂ ਕਮਾਈਆਂ ਦਾ।ਮਾਮਾ ਭਨੇਵੀਂ ਰਨ ਖਸਮ ਬਣੀ ਬੈਠੇ ਆ।
ਪੁੱਤ, ਹੁਣ ਤਾਂ ਪਰਲੋ ਆਈ ਕਿ ਆਈ ਸਮਝ।ਕਲਯੁਗ ਦਾ ਅੰਤ ਨੇੜੇ ਆ ਗਿਐ।
ਜੈਲੇ ਪੁੱਤ, ਐਸਾ ਵੀ ਕੀ ਰੱਖਿਆ ਕਨੇਡਾ ਵਿਚ ਬਈ ਭੇਣ-ਭਰਾ ਹੀ ਵਿਆਹ ਕਰਵਾਈ ਜਾਂਦੇ ਆ।
ਪੁੱਤ, ਸਾਡੇ ’ਲਾਕੇ ਵਿਚ ਤਾਂ ਕੁਝ ਜ਼ਿਆਦਾ ਹੀ ਅੱਗ ਲੱਗੀ ਐ ਬਾਹਰ ਜਾਣ ਦੀ।ਜਿਹਨੂੰ ਦੇਖੋ ਬੋਰੀ ਬਿਸਤਰਾ ਬੰਨੀ ਬੈਠੈ।ਪੜ੍ਹਨ ਲਿਖਣ ਵੱਲ ਕਿਸੇ ਦਾ ਧਿਆਨ ਨਈਂ।ਬਸ ਇਕ ਹੀ ਰਟ ਲਗਾਈ ਐ ਕਿ ਬਾਹਰ ਜਾਣੈ।’ਜੈਂਟ ਲੱਖਾਂ ਰੁਪਏ ਕੁੱਟੀ ਜਾ ਰਹੇ ਆ।ਕਿਸੇ ਨੂੰ ਸਮੁੰਦਰੀ ਜਹਾਜ ਦੇ ਮਾਲ ਖਾਨੇ ਚੜਾਈ ਜਾਂਦੇ ਐ। ਕਿਸੇ ਨੂੰ ਹਵਾਈ ਜਹਾਜ ਦੇ ਪਹੀਆਂ ਆਲੇ ਖੋਲਾਂ ਵਿਚ।ਕਿਸੇ ਨੂੰ ਕਬੁਤਰ ਬਣਾ ਉਡਾਈ ਜਾਂਦੇ ਆ ਤੇ ਕਿਸੇ ਨੂੰ ਬਗਲੇ।ਕਈ ਨੇਤਾ ਲੋਕੀਂ ਹੋਰਾਂ ਦੀਆਂ ਪਤਨੀਆਂ ਨੂੰ ਆਪਣਾ ਦੱਸ ਕੇ ਬਾਹਰ ਲਿਜਾਈ ਜਾਂਦੇ ਨੇ।ਕਈ ਕਿਰਤਨੀਏ ਤੇ ਗਵੇਈਏ ਵੀ ਚਿਮਟੇ, ਢੋਲਕੀਆਂ ਤੇ ਤਪਲੇ ਵਜਾਉਣ ਦੇ ਬਹਾਨੇ ਲੋਕਾਂ ਨੂੰ ਬਾਹਰ ਛੱਡ ਆਉਂਦੇ ਨੇ।ਬਸ ਜਿਸਦਾ ਜੋ ਦਾਅ ਲੱਗਦੈ, ਉਹ ਲਗਾਈ ਜਾ ਰਿਹੈ।
ਪੁੱਤ, ਇਕ ਹੋਰ ਧੰਦਾ ਬੜਾ ਚਲਿਐ ਅੱਜ ਕੱਲ ਸਾਡੇ ਇਥੇ ।ਬਾਹਰਲੇ ਮੁੰਡੇ ਇਧਰ ਆਉਂਦੇ ਨੇ। ਮੋਏ ਪਹਿਲਾਂ ਹੀ ਚਾਰ ਚਾਰ ਵਾਰ ਵਿਆਹੇ ਹੁੰਦੇ ਨੇ।ਜਿੰਨੀ ਵਾਰ ਏਧਰ ਆਉਣਗੇ, ਉਨੀ ਵਾਰ ਨਵਾਂ ਵਿਆਹ ਕਰ ਲੈਣਗੇ।ਮੌਟੇ ਸੌਦੇ ਹੁੰਦੇ ਆ।ਮਾਪੇ ਵੀ ਕੁੜੀਆਂ ਬਾਹਰ ਪਹੁੰਚਾਣ ਆਸਤੇ ਕੱਬਰਾਂ ਵਿਚ ਲੱਤਾਂ ਲੰਮਕਾਈ ਜੁਆਨਾਂ ਨਾਲ ਕੁੜੀਆਂ ਬਿਆਹੀ ਜਾਂਦੇ ਨੇ।ਅਣਭੋਲ ਕੁੜੀਆਂ ਜਦੋਂ ਉਥੇ ਪਹੁੰਚਦੀਆਂ ਨੇ ਤਾਂ ਨਾ ਉਹ ਇਧਰ ਦੀਆਂ ਰਹਿੰਦੀਆਂ ਨੇ ਤੇ ਨਾ ਉਧਰ ਦੀਆਂ।ਫੇਰ ਵਿਚਾਰਾ ਸਾਡੇ ਪਿੰਡ ਵਾਲਾ ਬਲਵੰਤਾ ਉਹਨਾਂ ਕੁੜੀਆਂ ਦੇ ਕੇਸ ਲੜਦੈ ਰਹਿੰਦੈ।
ਪੁੱਤ, ਮੇਸ਼ਾ ਦਸਦਾ ਤੀ ਬਈ ਅੱਜ ਕੱਲ ਆ ਬਾਹਰ ਪੜ੍ਹਨ ਜਾਣ ਵਾਲਿਆਂ ਮੁੰਡਿਆਂ ਕੁੜੀਆਂ ਨੇ ਬੜਾ ਪੁੱਠ ਚੁੱਕਿਆ ਹੋਇਐ।ਸੁੱਤਾ ਪਿਆ ਵੀ ’ਸਟਰੇਲੀਆ, ਕਨੇਡਾ, ਇੰਗਲੈਂਡ ਨੂੰ ਜਾਣ ਨੂੰ ਤਿਆਰ ਆ।ਉਹ ਤਾਂ ਇਹ ਵੀ ਦਸਦਾ ਤੀ ਬਈ ਬਹੁਤੇ ਤਾਂ ਪੜ੍ਹਣ ਦੇ ਬਹਾਨੇ ਬਾਹਰ ਪਹੁੰਚਣਾ ਚਾਹੁੰਦੇ ਆ।ਜਾਂਦਿਆਂ ਈ ਫੈਕਟਰੀਆਂ ਤੇ ਅੰਗੂਰਾ ਦੇ ਬਾਗ਼ਾਂ ਵਿਚ ਧੱਕੇ ਖਾਣਾ ਸ਼ੁਰੂ ਕਰ ਦਿੰਦੇ ਆ। ਇਧਰ ਦੇ ਸਰਦਾਰਾਂ ਦੇ ਮੁੰਡੇ ਉਥੇ ਜਾ ਕੇ ਨਾਈਆਂ ਦੇ ਕੰਮ ਦੀ ਟਰੇਨਿੰਗ ਲੈਂਦੇ ਆ।ਉਹ ਤਾਂ ਇਹ ਵੀ ਦਸਦਾ ਤੀ ਕਿ ਬਾਹਰ ਜਾ ਕੇ ਸਾਡੀਆਂ ਕੁੜੀਆਂ ਗ਼ਲਤ ਕੰਮਾਂ ਵਿਚ ਪੈ ਜਾਂਦੀਆਂ ਨੇ।ਕਹਿੰਦਾ ਤੀ ਕਾਲ ਗਿਰਲਾਂ ਬਣ ਜਾਂਦੀਆਂ ਨੇ।
ਮੈਂ ਕਿਹਾ-ਮੇਸ਼ੇ ਪੁੱਤ, ਕੁੜੀਆਂ ਕਾਲੀਆਂ ਗਿਰਝਾਂ ਬਣਦੀਆਂ ਤਾਂ ਸੁਣੀਆਂ ਤੀ ਇਹ ਕਾਲ ਗਿਰਲਾਂ ਭਲਾ ਕੀ ਹੋਈਆਂ?
ਉਹ ਕਹਿੰਦਾ-ਤਾਈ ਤੈਨੂੰ ਸਮਝ ਨਈਂ ਆਉਣੀ ਇਹਨਾਂ ਗੱਲਾਂ ਦੀ।
ਮੈਂ ਕਿਹਾ-ਮੇਸ਼ਿਆ ਇੰਨੀ ਵੀ ਭੋਲੀ ਨਹੀਂ ਜਿੰਨੀ ਤੂੰ ਸਮਝਦੈਂ।
ਪੁੱਤ, ਇਧਰ ਪਿੰਡ ਪਿੰਡ ਖਾਲੀ ਹੋਈ ਜਾ ਰਹੇ ਨੇ ਪਰ ਵੱਡੀਆਂ ਵੱਡੀਆਂ ਕੋਠੀਆਂ ਉਸਰ ਰਹੀਆਂ ਨੇ।ਉਨ੍ਹਾਂ ਵਿਚ ਜਾਂ ਤਾਂ ਪੁੱਤ ਮੇਰੇ ਵਰਗੇ ਬੁਢੇ ਠੇਰੇ ਠੇਢੇ ਖਾਂਦੇ ਫਿਰਦੇ ਨੇ ਜਾਂ ਫੇਰ ਯੂਪੀ ਤੇ ਬਿਹਾਰ ਦੇ ਭਈਆਂ ਨੇ ਮੱਲਾਂ ਮਾਰੀਆਂ ਨੇ।ਪੁੱਤ, ਕੋਠੀਆਂ ਈ ਨਈਂ ਉਹ ਤਾਂ ਹੁਣ ਹੋਰ ਸਭ ਕਾਸੇ ਉਪਰ ਵੀ ਮੱਲਾਂ ਮਾਰੀ ਜਾ ਰਹੇ ਨੇ।
ਪੁੱਤ, ਕੁਛ ਦਿਨ ਪਹਿਲਾਂ ਹੀ ਮਾਧੋਪੁਰ ਆਲੇ ਸਰਪੰਚਾਂ ਦੀ ਬਹੂ ਨੇ ਨਵਾਂ ਚੰਨ ਚਾੜ ’ਤਾ।
ਉਹਨਾਂ ਦਾ ਮੁੰਡਾ ਦੋ ਸਾਲ ਪਹਿਲਾਂ ਉਸ ਨਾਲ ਵਿਆਹ ਕਰਵਾ ਕੇ ਉਹਨੂੰ ਜਲਦੀ ਲੰਡਨ ਲਿਜਾਉਣ ਲਈ ਕਹਿ ਕੇ ਵਾਪਸ ਤੁਰ ਗਿਆ ਤੀ।ਪਿੱਛੇ ਬੁੜੇ ਬੁੜੀ ਨੂੰ ਉਸ ਦਾ ਖਿਆਲ ਰੱਖਣ ਲਈ ਕਹਿ ਗਿਆ।
ਦੋ ਸਾਲ ਤੋਂ ਵੱਧ ਦਾ ਸਮਾਂ ਲੰਘ ਗਿਆ ਨਾ ਤਾਂ ਉਹ ਵਾਪਸ ਆਇਆ ਤੇ ਨਾ ਬਹੂ ਨੂੰ ਲਿਜਾਉਣ ਦਾ ਕੋਈ ਹੀਲਾ ਕੀਤਾ।ਇਕ ਰਾਤ ਨੂੰ ਬੁੜੇ ਨੇ ਬਹੂ ਨੂੰ ਭਈਏ ਆਲੇ ਕਮਰੇ ’ਚੋਂ ਨਿਕਲਦੇ, ਆਪਣੇ ਕੁਰਤੇ ਦੇ ਵਲ ਸਿੱਧੇ ਕਰਦਿਆਂ ਵੇਖ ਲਿਆ।ਬੁੜੇ ਬੁੜੀ ਨੇ ਬਹੂ ਦੀ ਚੰਗੀ ਝਾੜ ਝੰਬ ਕਰ ਦਿੱਤੀ।ਅੱਗੋਂ ਬਹੂ ਸਹੁਰੇ ਨੂੰ ਨੈਹਰੀਆਂ ਕੱਢ ਕੇ ਪੈ ਗਈ।ਕਹਿੰਦੀ- ਮੈਨੂੰ ਬਿਆਹ ਕੇ ਲਿਆਏ ਤੀ ਕਿ ਗੁਲਾਮ ਬਣਾ ਕੇ।ਜਿਹਦੇ ਲੜ੍ਹ ਲਾਇਆ ਤੀ ਉਹ ਤਾਂ ਦੋ ਸਾਲ ਦਾ ਬਹੁੜਿਆ ਨਾ ਮੈਂ ਵੀ ਮਨੁੱਖ ਆਂ...ਮੇਰੀਆਂ ਵੀ ਕੁਛ ਲੋੜਾਂ ਨੇ।
ਸੱਸ ਸਹੁਰਾ ਕਚੀਚੀਆਂ ਵੱਟਦੇ ਰਹਿ ਗਏ।
ਬਸ ਫੇਰ ਕੀ ਤੀ, ਕੁਛ ਦਿਨਾਂ ਬਾਅਦ ਹੀ ਬਹੂ ਉਸੇ ਭਈਏ ਨਾਲ ਨਿਕਲ ਗਈ।
ਹੁਣ ਸਰਪੰਚ ਚੌਬੀ ਘੰਟੇ ਘਰ ਬੈਠਾ ਆਪਣਾ ਝਾਟਾ ਪੁੱਟੀ ਜਾਂਦੈ।
ਪੁੱਤ, ਪੰਜਾਬ ਬਾਹਰਲੇ ਦੇਸ਼ਾਂ ਨੂੰ ਤੁਰੀ ਜਾ ਰਿਹਾ ਤੇ ਸਾਡੇ ਇਧਰ ਸਾਰਾ ਯੂਪੀ ਬਿਹਾਰ ਪੰਜਾਬ ਨੂੰ ਆ ਰਿਹੈ।ਜਿਧਰ ਦੇਖੋ ਇਹਨਾ ਦਾ ਬੋਲ ਬਾਲਾ ਹੋ ਰਿਹੈ।ਉਹ ਵੇਲਾ ਹੁਣ ਦੂਰ ਨਈਂ ਜਦੋਂ ਪੰਜਾਬ ਦਾ ਮੁੱਖ ਮੰਤਰੀ ਕੋਈ ਬਿਹਾਰੀਆ ਜਾਂ ਭਈਆ ਹੋਵੇ।
ਜੈਲੇ ਪੁੱਤ, ਮੈਂ ਸਚ ਤੈਨੂੰ ਦਸਣਾ ਭੁਲ ਗਈ।ਕੁਝ ਦਿਨ ਪਹਿਲਾਂ ਈ ਆਪਣੇ ਕਾਲੂ ਚੱਕ ਆਲੇ ਲੰਬੜਦਾਰ ਤੇ ਲੰਬੜਦਾਰਨੀ ਨੂੰ ਉਹਨਾਂ ਦੇ ਘਰ ਈ ਰਹਿੰਦੇ ਭਈਆਂ ਨੇ ਕੁਝ ਰੁਪਈਆਂ ਖਾਤਰ ਮਾਰ ਮੁਕਾਇਆ। ਰਾਤੋ ਰਾਤ ਫਰਾਰ ਹੋ ਗਏ।ਅੱਜ ਤਕ ਉਹਨਾਂ ਦਾ ਕੋਈ ਥਹੁ ਪਤਾ ਨਈਂ ਚਲਿਆ।ਸਾਡੇ ਵਾਂਗ ਉਹਨਾਂ ਦਾ ਸਾਰਾ ਟੱਬਰ ਵੀ ਬਾਹਰਲੇ ਦੇਸ਼ ਰਹਿੰਦਾ ਤੀ।ਪੁੱਤਰਾਂ ਨੇ ਬੇਬੇ ਤੇ ਬਾਪੂ ਨੂੰ ਅੱਧੇ ਕੀਲੇ ਵਿਚ ਕੋਠੀ ਪਾ ਕੇ ਦਿੱਤੀ ਤੀ। ਆਪ ਵੀ ਦੂਸਰੇ ਤੀਸਰੇ ਸਾਲ ਚੱਕਰ ਮਾਰ ਜਾਂਦੇ ਤੀ।ਜਿਹਨਾਂ ਨੇ ਮਾਰਿਆ ਉਹ ਪਿੱਛਲੇ ਬੀਹਾਂ ਸਾਲਾਂ ਤੋਂ ਉਹਨਾਂ ਦੇ ਘਰ ਰਹਿੰਦੇ ਤੀ।
ਪੁੱਤ, ਆਪਣੇ ਘਰ ਜਿਹੜੇ ਭਈਏ ਰਹਿੰਦੇ ਐ ਨ ਉਂਝ ਹੈਗੇ ਤਾਂ ਸ਼ਰੀਫ ਨੇ ਪਰ ਪੁੱਤ ਕਈ ਵਾਰ ਮੈਨੂੰ ਇਹਨਾਂ ਦੀ ਨਿਯਤ ਉਪਰ ਵੀ ਸ਼ੱਕ ਹੋ ਜਾਂਦੈ।ਇਕ ਦਿਨ ਪਤਾ ਨਈਂ ਕੀ ਗੱਲ ਹੋ ਗਈ ਭਈਅਣ ਕਹਿੰਦੀ- ਸਰਦਾਰਨੀ ਜੀ ਜ਼ਿਆਦਾ ਮੱਤ ਬੋਲਾ ਕਰੋ...ਹਮੇਂ ਗੁੱਸਾ ਬਹੁਤ ਚੜਤਾ ਹੈ...ਕਾਲੂ ਚੱਕ ਮੇਂ ਪਤਾ ਹੈ ਨ ਕਆ ਹੂਐ?
ਪੁੱਤ, ਹੁਣ ਤਾਂ ਮੈਨੂੰ ਰਾਤ ਨੂੰ ਨੀਂਦ ਵੀ ਪੂਰੀ ਨਈਂ ਆਉਂਦੀ।ਕਿਤੇ ਮਾੜਾ ਜਿਹਾ ਛੇੜ ਛੜੂਕਾ ਹੋ ਜਾਏ ਨਾ ਤਾਂ ਮੇਰਾ ਕਾਲਜਾ ਮੂੰਹ ਨੂੰ ਆਉਣ ਲੱਗ ਪੈਂਦੈ।
ਜੈਲੇ ਪੁੱਤ, ਕਲ ਜਦੋਂ ਮੈਂ ਮੋਹਨੇ ਕੋਲ ਖੜੀ ਤੀ ਨ ਤਾਂ ਇਕ ਮੁੰਡੂ ਜਿਹਾ ਲਾਲ ਰੰਗ ਦਾ ਕਾਗਤ ਮੈਨੂੰ ਦੇ ਗਿਆ।ਕਹਿੰਦਾ-ਮਾਈ, ਸਾਂਭ ਕੇ ਰੱਖ ਤੇਰੇ ਕੰੰਮ ਆਊਗਾ।
ਮੈਂ ਕੰਪੂਟਰ ਵਾਲੇ ਮੁੰਡੇ ਨੂੰ ਕਿਹਾ ਕਿ ਕਾਕਾ ਪੜ੍ਹ ਹਾਂ ਭਲਾ ਕੀ ਲਿਖਿਐ ਇਸ ਕਾਗ਼ਤ ਉਪਰ।ਜਿਹੜਾ ਮੇਰੇ ਕੰਮ ਆਉਗਾ।
ਉਹ ਕਹਿੰਦਾ-ਮਾਈ ਲਿਖਿਐ, ਖੁਸ਼ ਖ਼ਬਰੀ....ਖੁਸ਼ ਖ਼ਬਰੀ... ’ਲਾਕਾ ਨਿਵਾਸੀਆਂ ਨੂੰ ਇਹ ਜਾਣ ਕੇ ਖੁਸ਼ੀ ਹੋਵੇਗੀ ਕਿ ਇਟਲੀ ਆਲੇ ਮਸ਼ਹੂਰ ਸਮਾਜ ਸੇਵਕ ਸਰਦਾਰ ਅਮਰੀਕ ਸਿੰਘ ਨੇ ’ਲਾਕੇ ਵਿਚ ਜਿੱਥੇ ਹਰ ਸਾਲ ਕਬੱਡੀ ਕੱਪ ਕਰਵਾਉਣ ਦੇ ਨਾਲ ਨਾਲ ਕਈ ਪਿੰਡਾਂ ਵਿਚ ਕਈ ਸਕੂਲਾਂ ਦੇ ਕਮਰੇ ਬਣਾਏ ਹਨ, ਪਿੰਡਾਂ ਦੀਆਂ ਗਲੀਆਂ ਤੇ ਮੜ੍ਹੀਆਂ ਪੱਕੀਆਂ ਬਣਾਈਆਂ ਹਨ। ਹੁਣ ਉਸ ਵੱਲੋਂ ਸ਼ਹਿਰਾਂ ਵਾਂਗ ’ਲਾਕੇ ਦੇ ਹਰ ਪਿੰਡ ਵਿਚ ਇਕ ਇਕ ‘ਏ.ਸੀ.ਮਾਰਚੁਰੀ ’ ਬਣਾਈ ਗਈ ਹੈ।
ਮੈਂ ਵਿਚੋਂ ਟੋਕ ਕੇ ਪੁੱਛ ਲਿਆ- ਕਾਕਾ ਇਹ ਏ.ਸੀ. ਮਾਰਚੁਰੀ ਕੀ ਬਲਾਅ ਹੋਈ ਭਲਾ?
ਉਹ ਕਹਿੰਦਾ- ਮਾਈ ਏ.ਸੀ. ਮਾਰਚੁਰੀ ਦਾ ਮਤਲਬ ਹੈ ‘ਠੰਡੇ ਮੁਰਦਾਘਰ’।
ਉਹ ਕਹਿੰਦਾ ਮਾਈ ਅੱਗੇ ਸੁਣ -ਇਹਨਾਂ ਠੰਡੇ ਮੁਰਦਾ ਘਰਾਂ ਵਿਚ ਬਜ਼ੁਰਗਾਂ ਦੀਆਂ ਲਾਸ਼ਾਂ ਨੂੰ ਕਈ ਦਿਨਾਂ ਤੀਕ ਬਿਨਾਂ ਮੁਸ਼ਕ ਮਾਰੇ ਰੱਖਣ ਦਾ ਪ੍ਰਬੰਧ ਕੀਤਾ ਗਿਆ ਹੈ ਤਾਂ ਕਿ ਬਾਹਰ ਵਸਦੇ ਭੈਣ ਭਰਾਵਾਂ ਨੂੰ ਆਖਰੀ ਵੇਲੇ ਆਪਣੇ ਮਾਪਿਆਂ ਤੇ ਰਿਸ਼ਤੇਦਾਰਾਂ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਪਾਤ ਹੋ ਸਕੇ।ਇਸਦਾ ਪ੍ਰਯੋਗ ਕਰਨ ਵਾਲੇ ਵੀਰਾਂ ਕੋਲੋਂ ਬਹੁਤ ਹੀ ਘੱਟ ਸੇਵਾ ਲਈ ਜਾਇਆ ਕਰੇਗੀ।ਆਪਜੀ ਦਾ ਦਾਸ ਅਮਰੀਕ ਸਿੰਘ।”
ਪੁੱਤ, ਜਦੋਂ ਉਹ ਕਾਗ਼ਤ ਪੜ੍ਹ ਕੇ ਹਟਿਆ, ਮੇਰੀ ਤਾਂ ਰੂਹ ਕੰਬਗੀ।
ਮੈਂ ਸੋਚਾਂ-ਬੰਤ ਕੁਰੇ! ਕੈਸਾ ਜ਼ਮਾਨਾ ਆ ਗਿਆ ਬਈ ਪਹਿਲਾਂ ਤਾਂ ਜਿਉਂਦਿਆਂ ਹੀ ਅੱਖਾਂ ਬਾਹਰ ਅਲ ਲੱਗੀਆਂ ਰਹਿੰਦੀਆਂ ਤੀ ਕਿ ਬੱਚੇ ਕਦੋਂ ਆਣਗੇ? ਕਦੋਂ ਉਹਨਾਂ ਨੂੰ ਮਿਲਾਂਗੇ ? ਕਦੋਂ ਕਾਲਜੇ ਠੰਡ ਪਊਗੀ ਪਰ ਹੁਣ ਸਾਨੂੰ ਮਰਨ ਤੋਂ ਬਾਅਦ ਵੀ ਬੱਚਿਆਂ ਨੂੰ ’ਡੀਕਣਾ ਪਊਗਾ।ਉਹ ਵੀ ਬਰਫ ਵਿਚ ਲੱਗ ਕੇ।
ਜੈਲੇ ਪੁੱਤ,ਵੈਸੇ ਵੀ ਤਾਂ ਇਹ ਵੱਡੀਆ ਵੱਡੀਆਂ ਕੋਠੀਆਂ ਸਾਡੇ ਵਾਸਤੇ ਠੰਡੇ ਮੁਰਦਾਘਰ ਹੀ ਨੇ।
ਫਿਰ ਮੈਂ ਮੈਂ ਸੋਚਿਆ ਕਿ ਇਕ ਗੱਲੋਂ ਠੀਕ ਵੀ ਕੀਤਾ ਬਚਾਰੇ ਅਮਰੀਕ ਸਿੰਘ ਨੇ।ਤੈਨੂੰ ਤਾਂ ਪਤਾ ਈ ਐ ਜੈਲੇ ਪੁੱਤ, ਜਦੋਂ ਤੇਰਾ ਬਾਪੂ ਪੂਰਾ ਹੋਇਆ ਤੀ ਤਾਂ ਸਾਰੇ ਪਿੰਡ ਆਲਿਆਂ ਕਿਹਾ ਤੀ ਕਿ ਕੈਲੇ ਤੇ ਜੈਲੇ ਹੁਰਾਂ ਦੇ ਆਉਣ ਤੋਂ ਪਹਿਲਾਂ ਸਸਕਾਰ ਨਈਂ ਕਰਨਾ।ਤੇਰੇ ਬਾਪੂ ਦੀ ਲਾਸ਼ ਪੂਰਾ ਹੱਫਤਾ ਬਰਫਾਂ ਦੇ ਢੇਲਿਆਂ ਵਿਚ ਰੁਲਦੀ ਰਈ ਤੀ।ਗਰਮੀਆਂ ਦੇ ਦਿਨ ਤੀ।ਪੁੱਤ ਜਦੋਂ ਨੂੰ ਤੁਸੀਂ ਪਹੁੰਚੇ ਤੀ ਤਦ ਨੂੰ ਤੇਰਾ ਬਾਪੂ ਅੱਧਾ ਫੁੱਟ ਹੋਰ ਲੰਮਾ ਹੋ ਗਿਆ ਤੀ।ਦੋਨੋਂ ਬਹੂਆਂ ਨੇ ਨੱਕਾਂ ਤੋਂ ਰੁਮਾਲ ਨਈਂ ਪਰੇ ਕੀਤੇ ਤੀ।
ਕਹਿੰਦੀਆਂ-ਹਮਨੇ ਨਈ ਮੂੰਹ ਦੇਖਣਾ,ਬਦਬੂ ਆਤੀ ਹੈ।
ਪੁੱਤ, ਮੇਰੀ ਖਾਂਸੀ ਖਤਮ ਹੋਣ ਨੂੰ ਨਈਂ ਆਉਂਦੀ ਪਈ।ਮੈਨੂੰ ਔਂਤਰੇ ਏ.ਸੀ. ਕੋਲੋਂ ਜਿਉਂਦਿਆਂ ਈ ਬੜਾ ਡਰ ਲਗਦੈ।ਬਰਫ ਆਲਾ ਪਾਣੀ ਪੀਕੇ ਬਿਗੜੀ ਖਾਂਸੀ ਅੱਜ ਤੀਕ ਠੀਕ ਨਈਂ ਹੋਈ।
ਪੁੱਤ, ਜੇ ਮਰਨ ਤੋਂ ਬਾਅਦ ਮੈਨੂੰ ਉਸ ਠੰਡੇ ਮੁਰਦੇ ਘਰ ਵਿਚ ਰਹਿਣਾ ਪਿਆ ਤਾਂ ਮੇਰਾ ਕੀ ਬਣੂ? ਮੈਂ ਤਾਂ ਪਹਿਲਾਂ ਹੀ ਮੁਰਦੇ ਵਾਂਗ ਜਿਉਣ ਡਈ ਆਂ।
ਪੁੱਤ, ਮੇਰਾ ਘੋਰੜੂ ਬੱਸ ਅੱਠ ਦਸ ਦਿਨ ਹੀ ਹੋਰ ਵੱਜੂਗਾ।ਬਸ ਤੁਸੀਂ ਤੁਰ ਪਵੋ ਕੈਨੇਡਿਓ।ਕੈਲੇ ਨੂੰ ਵੀ ਕਹਿ ਦਈਂ।ਦੇਰ ਨਾ ਕਰਿਓ।
ਓਏ ਬਾਂਦਰਾ! ਤੂੰ ਕਿਉਂ ਦੰਦ ਕੱਢ ਰਿਹੈਂ...ਨਹੀਂ, ਜੈਲੇ ਪੁੱਤ ਤੈਨੂੰ ਨਹੀਂ ਕਿਹਾ...ਆਪਣਾ ਨੌਕਰ ਰਾਮ ਪਿਆਰਾ ਐ....ਹੈਂ...ਪੁੱਤ ਇਹ ਕਹਿ ਰਿਐ- ਸਰਦਾਰਨੀ ਜੀ, ਫੋਨ ਤੋ ਪਰਸੋਂ ਕਾ ਖਰਾਬ ਹੈ ਤੁਮ ਐਸੇ ਅੱਲ-ਵਲੱਲੀਆਂ ਮਾਰੀ ਜਾ ਰਹੀ ਹੋ...ਲਗਤੈ ਤੁਮਾਰ੍ਹਾ ਡਮਾਕ ਹੀਲ ਗਐ।”
ਦੁਰ ਫਿਟੇ ਮੂੰਹ ਮੇਰਾ ਵੀ...ਘੰਟੀ ਭਾਵੇਂ ਲੱਛੋ ਗੁਆਂਢਣ ਦੇ ਵੱਜੇ, ਮੈਨੂੰ ਲਗਦੈ ਤੁਹਾਡਾ ਫੋਨ ਆਇਐ ।ਚਲੋ ਕੋਈ ਨਈਂ, ਵਾਗੁਰੂ ਸਭ ਦਾ ਭਲਾ ਕਰੇ...।
ਸੰਪਰਕ: +91 94171 73700