ਬੇਨਾਮ ਰਿਸ਼ਤਾ - ਹਰਮਨਦੀਪ 'ਚੜ੍ਹਿੱਕ'
Posted on:- 23-05-2014
ਅੱਜ ਫਿਰ ਉਹੀ ਉਡੀਕ ਲੱਗੀ ਹੋਈ ਸੀ! ਤਰਕਾਲਾਂ ਪੈ ਚੁਕੀਆਂ ਸਨ ਸੂਰਜ ਦੀ ਲਾਲ ਭਾਅ ਵੀ ਮੱਧਮ ਹੋਈ ਜਾ ਰਹੀ ਸੀ! ਦਿਨ ਜ਼ਿੰਦਗੀ ਦਾ ਬਿਰਤਾਂਤ ਲੱਗ ਰਿਹਾ ਸੀ! ਪਤਾ ਨਹੀਂ ਕਿਉਂ ਵਾਰ ਵਾਰ ਇਹੀ ਲੱਗ ਰਿਹਾ ਸੀ ਉਹ ਹੁਣ ਵੀ ਆਇਆ ਤੇ ਹੁਣ ਵੀ ਆਇਆ ..ਪੰਜ ਸਾਲ ਹੋ ਗਏ ਜਦੋਂ ਅਚਾਨਕ ਸਾਰਿਆਂ ਦੇ ਨਾਲ ਨਾਲ ਮੈਨੂੰ ਵੀ ਛੱਡ ਕੇ ਤੁਰ ਗਿਆ ਸੀ! ਕਿੰਨੇ ਕਸਮਾਂ ਵਾਧੇ ਕੀਤੇ ਸਨ ਸਭ ਧਰੇ ਧਰਾਏ ਰਹਿ ਗਏ! ਕੋਈ ਗਿਲਾ ਵੀ ਤਾਂ ਨਹੀਂ ਕਰ ਸਕਦੀ ਚੰਦਰੇ ਦੀ ਸੀ ਹੀ ਐਨੀ ਕੁ'', ਕੀਰਤ ਸੋਚਾਂ ਵਿੱਚ ਡੁੱਬੀ, ਆਪਣੇ ਹੀ ਅੰਦਰ ਨਾਲ ਗੱਲਾਂ ਕਰੀ ਜਾ ਰਹੀ ਸੀ!ਕੀਰਤ ਆਪਣੇ ਭਰਾ ਤੋਂ 9 ਸਾਲ ਵੱਡੀ ਸੀ, ਜਿਸਦੇ ਪਿਤਾ ਦੀ ਇੱਕ ਐਕਸੀਡੈਂਟ ਵਿੱਚ ਮੌਤ ਹੋ ਚੁੱਕੀ ਸੀ ਘਰ ਵਿੱਚ ਉਸਦਾ ਦਾਦਾ, ਮੰਮੀ, ਨੌਕਰ ਤੇ ਨੌਕਰਾਣੀ ਸਨ। ਜ਼ਮੀਨ ਵਧੀਆ ਸੀ। ਪਰ ਠੇਕੇ ਤੇ ਦਿਤੀ ਹੋਈ ਹੁੰਦੀ ਸੀ ਇੱਕ ਪੈਟਰੋਲ ਪੰਪ ਵੀ ਸੀ ਕੀਰਤ ਦੇ ਮਾਮੇ ਕੈਨੇਡਾ ਸਨ ਸਾਰਾ ਘਰ ਬਾਹਰ ਉਸਦਾ ਦਾਦਾ ਤੇ ਮੰਮੀ ਮਿਲ ਕੇ ਚਲਾਉਂਦੇ ਸਨ ਅੱਜ ਮਹੌਲ ਬਦਲਿਆ ਬਦਲਿਆ ਸੀ। ਹੁਣੇ ਹੁਣੇ ਖਬਰ ਮਿਲੀ ਸੀ ਕਿ ਕਿਸੇ ਮੁੰਡੇ ਵਾਲਿਆਂ ਨੇ ਦੇਖ ਦਖਾਈ ਕਰਨ ਆਉਣਾ ਹੈ, ਭਾਵੇਂ ਕੀਰਤ ਕੈਨੇਡਾ ਤੋਂ ਆਈ ਸੀ ਪਰ ਲੱਖ ਕਹਿਣ ਤੇ ਵੀ ਕਿਸੇ ਵੀ ਮੁੰਡੇ ਨੂੰ ਦੇਖਣ ਜਾਣ ਲਈ ਤਿਆਰ ਨਹੀਂ ਸੀ! ਇਸ ਵਾਰ ਮਸਾਂ ਮਾਂ ਦੇ ਲੱਖ ਮਿੰਨਤਾਂ ਕਰਨ ਤੇ ਕਿਸੇ ਨੂੰ ਘਰ ਬਲਾਉਣ ਨੂੰ ਮੰਨੀ ਸੀ ...!
'ਕਿੰਨੀ ਮਿਹਨਤ ਕੀਤੀ ਸੀ ਮੈਂ ਕਨੇਡਾ ਜਾਣ ਲਈ, ਸੋਚਿਆ ਸੀ ਤੈਨੂੰ ਕਿਸੇ ਹੋਰ ਧਰਤੀ ਦੇ ਟੁਕੜੇ ਤੇ ਲੈ ਜਾਵਾਂਗੀ, ਅਤੀਤ ਤੋਂ ਖਹਿੜਾ ਛੁੱਟ ਜਾਵੇਗਾ ਪਰ ਕੀ ਪਤਾ ਸੀ 'ਦੀਪ' ਤੂੰ ਤਾਂ ਆਪ ਹੀ ਛੱਡ ਜਾਵੇਂਗਾ, ਕੀਰਤ ਗੁਵਾਚਦੀ ਜਾ ਰਹੀ ਸੀ! ਇੱਕ ਰਾਤ 10 ਵਜੇ ਫੋਨ ਤੇ ਮੈਸੇਜ ਆਇਆ ਕਿ ਦੀਪ ਦੀ ਮੌਤ ਹੋ ਗਈ ਹੈ। ਉਸਦੇ ਦੋਸਤ ਦੇ ਫੋਨ ਤੋਂ ਸੀ ਉਸੇ ਵਕਤ ਫੋਨ ਕੀਤਾ ਕਿ ਕਿਤੇ ਝੂਠ ਤਾਂ ਨਹੀਂ ਕਹਿ ਰਹੇ, ਪਰ ਮੌਤ ਸੱਚ ਹੀ ਹੁੰਦੀ ਹੈ! ਪੱਥਰ ਹੋ ਗਈ ਸੀ, ਸ਼ਰੀਰ ਕੰਬ ਰਿਹਾ ਸੀ, ਸਿਰਹਾਣੇ ਨਾਲ ਮੂੰਹ ਢਕ ਕੇ ਉਚੀ ਉੱਚੀ ਭੁੱਬਾਂ ਮਾਰ ਰੋਈ .... ਦਿਲ ਫੇਰ ਵੀ ਸੱਚ ਨਹੀਂ ਮੰਨ ਰਿਹਾ ਸੀ! ਉਸਦਾ ਦਿਲ ਕਰਦਾ ਸੀ ਕਿ ਹੁਣੇ ਹੀ ਜਾ ਕੇ ਦੇਖੇ ਕਿ ਕੀ ਹੋਇਆ ਹੈ ਉਸ ਦੇ ਦੀਪ ਨੂੰ, ....ਐਨਾ ਸੋਹਣਾ ਭਰ ਜਵਾਨ ਕਿਵੇਂ ਪੰਜ ਮਿਟਾਂ ਚ'....ਨਹੀਂ ਨਹੀਂ ਜ਼ਰੂਰ ਕੋਈ ਗੱਲ ਹੋਵੇਗੀ, ਉਸਨੇ ਕੁਝ ਖਾ ਲਿਆ ਹੋਣਾ, ਪਰ ਕਿਉਂ ..?..
ਜੇ ਕੋਈ ਅਜੇਹੀ ਗੱਲ ਹੁੰਦੀ ਮੈਨੂੰ ਜ਼ਰੂਰ ਦੱਸਦਾ ...ਅਜੇ ਦੋ ਘੰਟੇ ਪਹਿਲਾਂ ਤਾਂ ਗੱਲ ਹੋਈ ਸੀ ....ਅਣਗਿਣਤ ਸਵਾਲਾਂ ਦੇ ਜਵਾਬ ਲੱਭ ਰਹੀ ਸੀ ਪਰ ਸੁੱਝ ਨਹੀਂ ਰਿਹਾ ਸੀ ਕੀ ਕਰੇ...ਆਪਣੀ ਮਾਂ ਕੋਲ ਚਲੀ ਗਈ ''ਮਾਂ ਮੇਰੇ ਕੋਲ ਆ ਕੇ ਸੌਂ'', ਕੀ ਹੋਇਆ ਕੀਰਤ ਸਭ ਠੀਕ ਹੈ ਨਾ ..?''..''ਮਾਂ ਚੱਲ ਚੁਬਾਰੇ ਵਿੱਚ ਜਾ ਕੇ ਸੌਂਦੇ ਹਾਂ'' ਜਿਵੇਂ ਗੱਲ ਕਰਦੀ ਦਾ ਗੱਚ ਭਰ ਆਇਆ ਸੀ.... ਚੁਬਾਰੇ ਵਿੱਚ ਜਾਣ ਦੀ ਦੇਰ ਹੀ ਕਿ ਕੀਰਤ ਉੱਚੀ ਉੱਚੀ ਰੋਣ ਲੱਗੀ .....'ਮੰਮੀ ....ਦੀਪ...., ''ਕੀ ਹੋਇਆ ਪੁੱਤ'', ਕੀਰਤ ਦੀ ਮੰਮੀ ਜਾਣਦੀ ਸੀ ਦੀਪ ਤੇ ਕੀਰਤ ਬਾਰੇ ਕਿਉਂਕਿ ਕੀਰਤ ਨੇ ਸਭ ਗੱਲ ਬਾਤ ਮੰਮੀ ਨਾਲ ਖੋਲੀ ਹੋਈ ਸੀ ਦੀਪ ਇੱਕ ਦੋ ਵਾਰ ਘਰ ਵੀ ਆਇਆ ਸੀ, ''ਪੁੱਤ ਕੀ ਹੋਇਆ ਦੀਪ ਨੂੰ ..?'' ... ''ਮੰਮੀ ਦੀਪ ਸਾਨੂੰ ਛੱਡ ਕੇ ਚਲਿਆ ਗਿਆ ਹੈ'', ....ਕੀ ਕਹਿ ਰਹੀਂ ਐਂ ..? ..''ਹਾਂ ਮੰਮੀ, ਮੈਨੂੰ ਫੋਨ ਆਇਆ ਸੀ, ਮੈਂ ਪਤਾ ਕਰ ਚੁੱਕੀ ਹਾਂ, ਦਿਲ ਰੁਕ ਜਾਣ ਨਾਲ ........'', ਐਨਾ ਕਹਿੰਦੀ ਹੋਈ ਮਾਂ ਨੂੰ ਗਲਵੱਕੜੀ ਪਾ ਹਾਉਂਕੇ ਲੈ ਲੈ ਰੋਣ ਲੱਗੀ, ਮਾਂ ਦੀਆਂ ਅੱਖਾਂ ਵਿੱਚ ਵੀ ਹੰਝੂ ਆ ਗਏ ...ਪਤਾ ਨਹੀ ਲੱਗ ਰਿਹਾ ਸੀ ਕਿ ਧੀ ਨੂੰ ਕੀ ਧਰਵਾਸਾ ਦੇਵੇ.......ਮੰਮੀ ਮੈਂ ਉਸਨੂੰ ਦੇਖਣਾ ਚਾਹੁੰਦੀ ਹਾਂ ਪਲੀਜ਼ ਮੈਂ ਇੱਕ ਵਾਰ, 'ਹਾਂ ਪੁੱਤ ਪਰ .. ਤੂੰ ਚੁੱਪ ਕਰਜਾ ਮੇਰੀ ਬੱਚੀ, ਹੋਣੀ ਕੋਈ ਨਹੀਂ ਟਾਲ ਸਕਦਾ, ....ਮਸਾਂ ਚੁੱਪ ਕਰਾਇਆ ਸੀ ਕੀਰਤ ਨੂੰ, ਬਹੁਤ ਸਾਰੇ ਵਾਧੇ ਕੀਤੇ ਸਨ ਜੋ ਪੂਰੇ ਕਰਨੇ ਅਸੰਭਵ ਸਨ .... ਕੀਰਤ ਨੇ ਉਠਦੇ ਸਾਰ ਫਿਰ ਮਾਂ ਨੂੰ ਕਿਹਾ, ''ਮੈਨੂੰ ਲੈ ਜਾਓ ਮੰਮੀ ਪਲੀਜ਼ ''......''ਪਰ ਪੁੱਤ ਬਾਪੂ ਜੀ ਨੂੰ ਕੀ ਕਹਿ ਕੇ ਜਾਵਾਂਗੇ, ਜਿਥੇ ਜਾਣਾ ਹੈ, ਉਥੋਂ ਦੇ ਲੋਕਾਂ ਦੀਆਂ ਨਜਰਾਂ ਨੂੰ ਕੀ ਜਵਾਬ ਦੇਵਾਂਗੇ ''..... ''ਕੀਰਤ ਪੁੱਤ, ਹੁਣ ਇਹ ਗੱਲ ਏਥੇ ਹੀ ਖਤਮ ਕਰਦੇ, ਮਰਿਆਂ ਨਾਲ ਮਰ ਨਹੀਂ ਹੁੰਦਾ, ਤੇਰੀ ਜ਼ਿੰਦਗੀ 'ਤੇ ਕੀ ਅਸਰ ਪੈ ਸਕਦਾ ਹੈ ਤੂੰ ਬਿਲਕੁੱਲ ਨਹੀਂ ਸੋਚ ਸਕਦੀ... ਸਾਡਾ ਸਮਾਜ ਰੀਤਾਂ ਰਸਮਾਂ ਵਿੱਚ ਬੱਝਿਆ ਹੋਇਆ ਹੈ ਜਿਸ ਤੋਂ ਬਾਹਰ ਜਾਣਾ, ਆਪਣੇ ਆਪ ਨੂੰ ਸਮਾਜ ਤੋਂ ਬਾਹਰ ਕਰਨਾ ਹੈ ......ਮੇਰੀ ਬੱਚੀ ਮੈਂ ਤੇਰੀ ਹਾਲਤ ਸਮਝਦੀ ਹਾਂ ਪਰ ਮੈਂ ਮਜਬੂਰ ਹਾਂ, ਤੇਰੀ ਮਾਂ ਤੋਂ ਪਹਿਲਾਂ ਮੈਂ ਇੱਕ ਘਰ ਦੀ ਨੂੰਹ ਹਾਂ, ਜਿਸਦਾ ਸਮਾਜ ਵਿੱਚ ਖਾਸ ਰੁਤਬਾ ਹੈ ...... ਮੈਂ ਤਾਂ ਐਨਾ ਹੀ ਕਹਾਂਗੀ ਕਿ ਇਸ ਵਕਤ ਸਬਰ ਕਰ ਪੁੱਤ ....''
ਅੱਜ ਚਾਰ ਦਿਨ ਬੀਤ ਗਏ ਸਨ ਪਰ ਕੀਰਤ ਆਪਣੇ ਆਪ ਨੂੰ ਸਦਮੇ ਤੋਂ ਬਾਹਰ ਨਹੀਂ ਕਰ ਪਾਈ ਸੀ ਮਾਨਸਿਕ ਹਾਲਤ ਵਿਗੜ ਰਹੀ ਸੀ, ਮਾਂ ਤੋਂ ਧੀ ਦਾ ਇਹ ਦੁੱਖ ਦੇਖ ਨਹੀਂ ਹੋ ਰਿਹਾ ਸੀ, ਕਿਸੇ ਨੂੰ ਦੱਸ ਵੀ ਤਾਂ ਨਹੀਂ ਸਕਦੀਆਂ ਸਨ, 'ਅਖੀਰ ਅੱਗ ਵਿੱਚ ਪੈਰ ਧਰਨਾ ਹੀ ਪੈਣਾ ਸੀ, ਔਲ਼ਾਦ ਖਾਤਰ ਕੀ ਨਹੀਂ ਕਰਦੇ ਮਾਪੇ ' ਕੀਰਤ ਦੀ ਮੰਮੀ ਆਪਣੇ ਆਪ ਨਾਲ ਗੱਲਾਂ ਕਰਦੀ ਹੋਈ ਸੋਚ ਰਹੀ ਸੀ..... ਕੀਰਤ ਦੀ ਮਾਂ ਨੂੰ ਅਖੀਰ ਕੀਰਤ ਨੂੰ ਦੀਪ ਦੇ ਘਰ ਲਿਜਾਣ ਲਈ ਸਵੀਕਾਰ ਕਰਨਾ ਪਿਆ, ਧੀ ਦੀ ਜ਼ਿੰਦਗੀ ਦਾ ਸਵਾਲ ਜੋ ਬਣ ਗਿਆ ਸੀ ....''ਕੀਰਤ ਪੁੱਤ ਕੱਲ੍ਹ ਆਪਾਂ ਜਾ ਆਉਨੇ ਹਾਂ ਫਿਰ, ਪਰ ਤੂੰ ਆਪਣੇ ਆਪ ਨੂੰ ਇਸ ਤਰ੍ਹਾਂ ਬਣਾ ਕੇ ਨਾ ਬੈਠਿਆ ਕਰ ਪੁੱਤ ਤੂੰ ਤਾਂ ਮੇਰੀ ਸੋਹਣੀ ਧੀ ਹੈਂ'' .....''ਕਸਮ ਦੇ ਆਪਣੇ ਕਾਲਜ ਜਾਣਾ ਸ਼ੁਰੂ ਕਰ ਦੇਵੇਂਗੀ, ਇਸ ਨਾਲ ਤੇਰਾ ਮਨ ਬਦਲ ਜਾਵੇਗਾ''..... ਕੀਰਤ ਨੂੰ ਸਭ ਕੁਝ ਮਨਜੂਰ ਸੀ ਉਹ ਤਾਂ ਉਸ ਘਰ ਦੇ ਵਿਹੜੇ ਜਾਣਾ ਚਾਹੁੰਦੀ ਸੀ, ਜਿਸ ਨੂੰ ਸੁਪਨਿਆਂ ਵਿੱਚ ਆਪਣਾ ਮੰਨ ਚੁੱਕੀ ਸੀ ......
ਗੱਡੀ ਚੋਂ ਉਤਰਨ ਤੋਂ ਪਹਿਲਾਂ ਹੀ ਵੈਣ ਪੈਂਦੇ ਸੁਣਨ ਲੱਗੇ ਸੀ! ਉਸ ਦਿਨ ਮਕਾਣਾਂ ਵੀ ਆਈਆਂ ਹੋਈਆਂ ਸਨ! ਕੀਰਤ ਦੀ ਮਾਂ ਸੋਚ ਰਹੀ ਸੀ ਕਿ ਕਿਹੜੀ ਜਾਣ ਪਹਿਚਾਣ ਦੱਸਾਂਗੀ ਜੇ ਕਿਸੇ ਪੁੱਛ ਲਿਆ, ਪਰ ਕੀਰਤ ਦੀਆਂ ਅੱਖਾਂ ਕੁਝ ਭਾਲ ਰਹੀਆਂ ਸਨ, ਦਿਲ ਰੋ ਰਿਹਾ ਸੀ ਸੋਚ ਰਹੀ ਸੀ ਦੀਪ ਕਿਹੜੇ ਵੇਲੇ ਇਸ ਘਰ ਢੁੱਕਣਾ ਸੀ ...ਕਾਸ਼! ਤੂੰ ਅੱਜ ਆ ਜਾਵੇਂ, ਮੇਰੇ ਸਾਹਮਣੇ ਖੜ੍ਹੋ ਜਾਂਵੇ, ਮੈਂ ਤੈਨੂੰ ਦੇਖ ਦੇਖ ਨਾ ਰੱਜਾਂ ਇਸ ਤਰਾਂ ਕਿਉਂ ਨਹੀਂ ਹੋ ਜਾਂਦਾ, ਪਲ ਕੁ ਲਈ ਸੋਚਾਂ ਵਿੱਚ ਡੁੱਬ ਗਈ ਸੀ ......ਕੀਰਤ ਇਸ ਤਰਾਂ ਅੱਗੇ ਵਧਣ ਲੱਗੀ ਜਿਵੇਂ ਕੋਈ ਚੀਜ਼ ਉਸਨੂੰ ਖਿੱਚ ਰਹੀ ਹੋਵੇ, ਵਿਹੜੇ ਦੇ ਇੱਕ ਖੁੰਜੇ ਵਿੱਚ ਦਸ ਬਾਰਾਂ ਔਰਤਾਂ ਵਿੱਚ ਘਿਰੀ ਬੇਹੋਸ਼ ਹੋ ਚੁੱਕੀ ਅਧਖੜ ਔਰਤ ਨੂੰ ਡਾਕਟਰ ਦੁਵਾਈ ਦੇ ਰਿਹਾ ਸੀ, ਸਾਫ ਸਮਝ ਆ ਰਿਹਾ ਸੀ ਦੀਪ ਦੀ ਮੰਮੀ ਹੋਵੇਗੀ, ਕੀਰਤ ਦੀ ਨਜਰ ਹਰ ਕੋਨੇ 'ਚ ਜਾ ਰਹੀ ਸੀ ਉਸਨੂੰ ਸਭ ਕੁਝ ਯਾਦ ਸੀ। ਜਿਵੇਂ ਜਿਵੇਂ ਦੀਪ ਘਰਦਿਆਂ ਤੇ ਘਰ ਦੇ ਮੁੰਹਾਂਦਰੇ ਬਾਰੇ ਦਸਦਾ ਹੁੰਦਾ ਸੀ। ਆਪਣੇ ਆਪ ਨਾਲ ਗੱਲਾਂ ਕਰਦੀ ਹੋਈ ਕਹਿ ਰਹੀ, 'ਇਹੀ ਹੋਵੇਗਾ ਦੀਪ ਦਾ ਕਮਰਾ ' ਕੌਰਨਰ ਤੇ ਹੀ ਕਹਿੰਦਾ ਸੀ, ਉਸਦਾ ਮਨ ਕਰਦਾ ਸੀ ਉਹਦੀ ਹਰ ਚੀਜ਼ ਦੇਖੇ 'ਤੇ ਗਲ ਨਾਲ ਲਾ ਕੇ ਉੱਚੀ ਉੱਚੀ ਰੋਵੇ ਪਰ ਸਭ ਕੁੱਝ ਦਬਾਅ ਕੇ ਰੱਖਣਾ ਪਿਆ ਕੀਰਤ ਆਪਣੀ ਮੰਮੀ ਨੂੰ ਨਾਲ ਲੈ ਕੇ ਦੀਪ ਦੀ ਮਾਂ ਦੇ ਨਜ਼ਦੀਕ ਜਿਹੇ ਬੈਠ ਗਈ..... ਕੀਰਤ ਦੀ ਮਾਂ ਨੂੰ ਕੁਝ ਨਜ਼ਰਾਂ ਚੁੱਭਦੀਆਂ ਲੱਗੀਆਂ, ਕੁਝ ਕੁ ਔਰਤਾਂ ਖੁਸਰ ਮੁਸਰ ਜਿਹੀ ਵੀ ਕਰਨ ਲੱਗੀਆਂ ਸੀ ਕਿ ਨੌਜਵਾਨ ਕੁੜੀ ਕੌਣ ਹੈ ਜੋ ਸੱਥਰ. ਤੇ ਬੈਠੀ ਹੈ...ਪਰ ਕੀਰਤ ਦੀਪ ਦੀ ਮੰਮੀ ਵੱਲ ਦੇਖੀ ਜਾ ਰਹੀ ਸੀ....ਘੰਟੇ ਤੋਂ ਉੱਪਰ ਹੋ ਗਿਆ ਸੀ ਦੀਪ ਦੀ ਮੰਮੀ ਨੂੰ ਵੀ ਹੋਸ਼ ਆ ਗਿਆ ਸੀ ਪਰ ਉਹ ਹੋਸ਼ ਵਿੱਚ ਆਉਂਦਿਆਂ ਹੀ ਰੋਣ ਲੱਗ ਪਈ ਸੀ ...ਫਿਰ ਰੋਣ ਦੀਆਂ ਅਵਾਜਾਂ ਬਹੁਤ ਉੱਚੀ ਹੋ ਗਈਆਂ ਸਨ ਕੀਰਤ ਵੀ ਰੋਣ ਲੱਗੀ ਸੀ ਆਪਣੀ ਮੰਮੀ ਦੇ ਗਲ ਲੱਗ ....ਬਹੁਤ ਕਰੁਣਾਮਈ ਮਹੌਲ ਸੀ .....ਸਮਾਂ ਬਹੁਤ ਹੋ ਗਿਆ ਸੀ ਸਾਰੇ ਰੋਟੀ ਪਾਣੀ ਖਾ ਕੇ ਜਾ ਰਹੇ ਸਨ ਦੀਪ ਦੀ ਮੰਮੀ ਕੋਲ ਸਿਰਫ ਥੋੜੀਆਂ ਹੀ ਔਰਤਾਂ ਸਨ, ਜਿਹਨਾਂ ਵਿਚ ਉਸਦੀਆਂ ਭੈਣਾਂ ਵੀ ਸਨ ਰੋ -ਰੋ ਬੁਰਾ ਹਾਲ ਹੋਇਆ ਪਿਆ ਸੀ ਕੀਰਤ ਦੀ ਮੰਮੀ ਨੇ ਦੀਪ ਦੀ ਮੰਮੀ ਨਾਲ ਅਫਸੋਸ ਜਤਾਇਆ, ਜਦੋਂ ਉਸਨੂੰ ਪਿੰਡ ਦਾ ਨਾਂ ਦੱਸਿਆ ਤਾਂ ਉਸਦੀ ਡੌਰ ਭੌਰ ਜਿਹੀ ਨਿਗ੍ਹਾ ਕੀਰਤ 'ਤੇ ਗਈ ....ਬਸ ਫੇਰ ਉੱਚੀ ਉੱਚੀ ਰੋਣ ਲੱਗ ਪਈ .......ਉਸ ਦਿਨ ਹੋਰ ਕੋਈ ਗੱਲ ਨਾ ਹੋ ਪਾਈ .....ਚਲਦਿਆਂ ਚਲਦਿਆਂ ਬਸ ਐਨਾ ਕੁ ਪਤਾ ਕੀਤਾ ਗਿਆ ਕਿ ਭੋਗ ਕਿਸ ਦਿਨ ਪੈਣੇ ਹਨ.....
ਹੁਣ ਕੀਰਤ ਸਮਝਣ ਲੱਗੀ ਸੀ ਕਿ ਕਹਾਣੀ ਐਥੋਂ ਬਾਅਦ ਨਹੀਂ ਤੁਰ ਸਕਦੀ ਜਿਸ ਕਹਾਣੀ ਦਾ ਮੁੱਖ ਪਾਤਰ ਹੀ ਸਾਥ ਛੱਡ ਗਿਆ ਹੋਵੇ ਉਸ ਨੂੰ ਪੂਰਿਆਂ ਕਿਵੇਂ ਕੀਤਾ ਜਾ ਸਕਦਾ ਸੀ ...ਸ਼ਾਇਦ ਦੀਪ ਦੇ ਪਰੀਵਾਰ ਦਾ ਦੁੱਖ ਦੇਖ ਕੇ ਕੀਰਤ ਨੂੰ ਆਪਣਾ ਦੁੱਖ ਛੋਟਾ ਜਾਪਿਆ..ਉਸਨੇ ਭੋਗ ਤੇ ਜਾਣ ਲਈ ਵੀ ਨਾ ਕਿਹਾ .... ਪਰ ਦੀਪ ਦੀ ਮਾਂ ਦਾ ਉਸ ਦਿਨ ਉਸ ਵੱਲ ਇਸ ਤਰਾਂ ਦੇਖ ਕੇ ਰੋਣਾ ਕੀਰਤ ਦੇ ਮਨ ਚ ਕੁਝ ਸਵਾਲ ਖੜ੍ਹੇ ਕਰ ਗਿਆ ਸੀ ...''ਜਰੂਰ ਦੀਪ ਨੇ ਆਪਣੀ ਮੰਮੀ ਨੂੰ ਕੁਝ ਮੇਰੇ ਬਾਰੇ ਦੱਸਿਆ ਹੋਵੇਗਾ ਜਾਂ ਫਿਰ ਹੋ ਸਕਦੈ ਉਸਦੀ ਮੰਮੀ ਨੇ ਕੁਝ ਆਪਣੇ ਆਪ ਪਤਾ ਲਗਾ ਲਿਆ ਹੋਵੇ ਕਿਉਂਕਿ ਜੇ ਦੀਪ ਨੇ ਦੱਸਿਆ ਹੁੰਦਾ ਤਾਂ ਜਰੂਰ ਗੱਲ ਕਰਦਾ, ਪਰ ਉਸਨੂੰ ਪਤਾ ਹੈ ਮੇਰੇ ਤੇ ਦੀਪ ਬਾਰੇ '', ਕੀਰਤ ਸੋਚੀਂ ਡੁੱਬੀ ਪਈ ਸੀ .....ਤਿੰਨ ਹਫਤੇ ਗੁਜਰ ਗਏ ਸਨ ਦੀਪ ਦੇ ਭੋਗ ਪਿਆਂ ਨੂੰ ..... ਅੱਜ ਘਰ ਚ ਕੀਰਤ ਤੇ ਉਸ ਦੀ ਮੰਮੀ ਹੀ ਸਨ, ਉਸ ਦਾ ਮਨ ਕਰ ਰਿਹਾ ਸੀ ਕਿ ਉਹ ਦੀਪ ਦੀ ਮੰਮੀ ਨਾਲ ਗੱਲ ਕਰੇ...ਉਸਨੇ ਮੰਮੀ ਨੂੰ ਬਿਨਾ ਦੱਸੇ ਹੀ ਦੀਪ ਦੇ ਘਰ ਫੋਨ ਲਾ ਲਿਆ .......ਰਿੰਗ ਜਾਣ ਲੱਗੀ ਸੀ ।
ਹੈਲੋ....ਹੈਲੋ ਕੌਣ ਬੋਲ ਰਿਹਾ ਜੀ...?, ਕੀਰਤ ਨੇ ਹੈਲੋ ਸੁਣਦਿਆਂ ਸਾਰ ਹੀ ਸਵਾਲ ਕੀਤਾ
"ਤੁਸੀਂ ਕੌਣ ਬੋਲਦੇ ਹੋ ਜੀ", ਕਿਸੇ ਕੁੜੀ ਦੀ ਆਵਾਜ਼ ਸੀ ਅੱਗੋਂ
ਕੀਰਤ ਨੇ ਹੌਲੀ ਦੇਣੇ ਜਵਾਬ ਚ ਕਿਹਾ "ਜੀ ਮੈਂ ਕੀਰਤ ਬੋਲਦੀ ਹਾਂ ਦੀਪ ਦੇ ਮੰਮੀ ਜੀ ਹਨ" ਤੇ ਨਾਲ ਹੀ ਆਪਣੇ ਪਿੰਡ ਦਾ ਵੀ ਜਿਕਰ ਕਰਤਾ'''''
"ਜੀ ਇੱਕ ਮਿੰਟ ਬਲਾਉਂਦੀ ਹਾਂ" ਵਿਚੋਂ ਦੀ ਆਵਾਜ਼ ਆ ਰਹੀ ਸੀ ਕਿ ਫੋਨ ਉਹਦੇ ਕੋਲੇ ਹੀ ਲੈ ਜਾਵੋ।
ਕੀਰਤ ਸਭ ਕੁੱਝ ਸੁਣੀ ਜਾ ਰਹੀ ਸੀ, ਉਸਦੀਆਂ ਅੱਖਾਂ ਵਿੱਚ ਹੰਝੂ ਭਰ ਆਏ ਸਨ ...
"ਹੈਲੋ " ਹੌਲੀ ਦੇਣੇ ਕੰਮਜ਼ੋਰ ਜਿਹੀ ਆਵਾਜ ਆਈ, ਦੀਪ ਦੀ ਮੰਮੀ ਹੀ ਸੀ
"ਅੰਟੀ ਮੈਂ ਕੀਰਤ, ਮੈਂ ਤੇ ਦੀਪ ਇਕੱਠੇ ਹੀ ਪੜ੍ਹਦੇ ਸੀ "
"ਮੈਂ ਉਸ ਦਿਨ ਵੀ ਆਈ ਸੀ ਆਪਣੀ ਮੰਮੀ ਦੇ ਨਾਲ "
ਕੀਰਤ ਨੇ ਜਾਣ ਪਹਿਚਾਣ ਕਰਾਉਣੀ ਚਾਹੀ
"ਹਾਂ! ਪੁਤ ਸਮਝ ਗਈ" ਹੌਲੀ ਦੇਣੇ ਜੁਵਾਬ ਆਇਆ
"ਅੰਟੀ ਕੀ ਹਾਲ ਹੈ ਤੁਹਾਡਾ,
"ਬਸ ਪੁੱਤ, ਕਾਹਦੇ ਹਾਲ, ਇਕੋ ਚੀਜ ਸੀ ਉਹ ਵੀ ਖੋਹ ਬੈਠੇ " ਦੀਪ ਦੀ ਮੰਮੀ ਨੇ ਰੋਂਦੇ ਹੋਏ ਕਿਹਾ ।
"ਅੰਟੀ ਚੁੱਪ ਕਰ ਜਾਓ, ਪਲੀਜ਼ ...... ਮੈਨੂੰ ਤਾਂ ਇਹ ਵੀ ਪਤਾ ਨਹੀਂ ਕਿ ਮੈਂ ਤੁਹਾਨੂੰ ਕੀ ਦਿਲਾਸਾ ਦੇ ਸਕਦੀ ਹਾਂ, ਪਲੀਜ਼ ਚੁੱਪ ਕਰ ਜਾਓ .."
"ਬਸ ਪੁੱਤ ਕਾਹਦਾ ਰੋਣ, ਰੋਣ ਤਾਂ ਹੁਣ ਮੁੱਕਿਆ ਪਿਆ,ਰੋ ਰੋ ਅਖਾਂ ਦਾ ਪਾਣੀ ਸੁੱਕ ਗਿਆ ਧੀਏ, ਤੂੰ ਆਈ, ਮੈਨੂੰ ਮਿਲ ਕੇ ਜਾਈਂ," ਦੀਪ ਦੀ ਮੰਮੀ ਸ਼ਾਇਦ ਹੋਰ ਗੱਲ ਨਹੀਂ ਕਰ ਸਕਦੀ ਸੀ।
"ਹਾਂ ਜੀ! ਮੈਂ ਜ਼ਰੂਰ ਆਵਾਂਗੀ,ਤੁਸੀਂ ਧਿਆਨ ਰੱਖਿਓ ਆਪਣਾ, ਉਕੇ ਜੀ ਬਾਏ" ਕੀਰਤ ਨੇ ਜਲਦੀ ਜਲਦੀ ਫੋਨ ਕੱਟਣਾ ਚਾਹਿਆ, ਸ਼ਾਇਦ ਕੋਈ ਚੁਬਾਰੇ ਵੱਲ ਨੂੰ ਆ ਰਿਹਾ ਸੀ....
"ਚੰਗਾ ਪੁੱਤ " ਬਸ ਐਨਾ ਹੀ ਸੁਣਿਆ ਸੀ ਕੀਰਤ ਨੇ ਫੋਨ ਰਖਦਿਆਂ ਰਖਦਿਆਂ ਹੀ, ਉਸਦੀ ਮੰਮੀ ਅੰਦਰ ਆ ਗਈ।
"ਕੌਣ ਸੀ" ਕੀਰਤ ਦੀ ਮੰਮੀ ਨੇ ਕਮਰੇ ਦਾ ਸਮਾਨ ਜਿਹਾ ਠੀਕ ਕਰਦੀ ਨੇ ਪੁੱਛਿਆ
ਕੀਰਤ ਤੋਂ ਝੂਠ ਨਹੀਂ ਬੋਲਿਆ ਗਿਆ "ਦੀਪ ਦੀ ਮੰਮੀ ਨਾਲ ਗੱਲ ਕਰਕੇ ਹਟੀਂ ਹਾਂ, ਬਹੁਤ ਰੋ ਰਹੇ ਸਨ ਮਿਲ ਕੇ ਜਾਣ ਨੂੰ ਕਿ ਰਹੇ ਸਨ"
"ਗੱਲ ਸੁਣ ਕੀਰਤ, ਗੁੱਸਾ ਤਾਂ ਕਰੀਂ ਨਾ ਪੁੱਤ, ਪਰ ਇਸ ਤਰਾਂ ਦੇ ਬੇਨਾਮ ਰਿਸ਼ਤੇ ਕਿਨਾ ਕੁ ਚਿਰ ਨਿਭਾਵੇਂਗੀ..?" ਉਸਦੀ ਮੰਮੀ ਥੋੜਾ ਗੁੱਸਾ ਜਿਹਾ ਹੋ ਕੇ ਬੋਲੀ...ਮੈਂ ਸੋਚਿਆ ਤੂੰ ਹੁਣ ਖਹਿੜਾ ਛੱਡ ਦੇਵੇਂਗੀ ਪਰ ਤੂੰ ਤਾਂ...." ਗੱਲ ਨਾ ਕਹੀ ਵੀ ਪੂਰੀ ਹੋ ਗਈ ਸੀ ..
"ਮੰਮੀ ਬਸ ਮੈਂ ਤਾਂ ਗੱਲ ਹੀ ਕੀਤੀ ਹੈ, ਜੇ ਤੁਸੀ ਕਹਿੰਦੇ ਹੋ ਤਾਂ ਨਹੀਂ ਜਾਂਦੀ" ਇਹ ਕਹਿੰਦੀ ਦੀਆਂ ਕੀਰਤ ਦੀਆਂ ਅੱਖਾਂ ਭਰ ਆਈਆਂ ਸਨ ਉਸਨੂੰ ਇਓਂ ਲੱਗਿਆ ਜਿਵੇਂ ਕੋਈ ਉਸਨੂੰ ਦੀਪ ਤੋਂ ਵੱਖ ਹੋਣ ਲਈ ਕਹਿ ਰਿਹਾ ਹੋਵੇ...
"ਪਰ ਤੂੰ ਸਾਰੀ ਉਮਰ ਇਸ ਤਰਾਂ ਨਹੀਂ ਗੁਜ਼ਾਰ ਸਕਦੀ, ਰੂਹਾਂ ਦੇ ਮੇਲਾਂ ਨਾਲ ਦੁਨੀਆਂ ਨਹੀਂ ਚਲਦੀ, ਸ਼ਰੀਰਾਂ ਦਾ ਹੋਣਾ ਜ਼ਰੂਰੀ ਹੈ" ਕੀਰਤ ਦੀ ਮੰਮੀ ਉਸਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੀ ਸੀ ...ਉਸ ਦਿਨ ਗੱਲ ਇਥੇ ਹੀ ਖਤਮ ਹੋ ਗਈ ਸੀ, ਕੀਰਤ ਆਪਣੇ ਮੂੰਹ ਵਿੱਚ ਬੁੜ ਬੁੜ ਕਰਦੀ ਅੱਖਾਂ ਪੂੰਝਦੀ ਹੋਈ ਚੁਬਾਰੇ ਤੋਂ ਥੱਲੇ ਉੱਤਰ ਆਈ....ਫੋਨ ਦੀ ਘੰਟੀ ਵੱਜਣ ਲੱਗੀ, ਕੀਰਤ ਦਾ ਕੋਈ ਧਿਆਨ ਨਹੀਂ ਸੀ ਉਹਦੀ ਮੰਮੀ ਨੇ ਫੋਨ ਉਠਾਇਆ ...."ਹੈਲੋ"
"ਸੱਸਰੀ ਕਾਲ ਵੀਰ ਜੀ" ਥੋੜ੍ਹਾ ਰੁਕ ਕੇ, ਬਹੁਤ ਬਹੁਤ ਮੇਹਰਬਾਨੀ ਤੁਹਾਡੀ, ਇਹ ਤਾਂ ਬਹੁਤ ਵਧੀਆ ਹੋਇਆ, ਹਾਂ ਜੀ ਕੱਲ੍ਹ ਹੀ ਆਉਂਦੇ ਹਾਂ ਅਸੀਂ, ਉਕੇ ਬਾਏ"
"ਕੀਰਤ, ਨੀਂ ....ਕੀਰਤ ਗੱਲ ਸੁਣ ....."
ਕੋਈ ਜਵਾਬ ਨਾ ਆਇਆ ਉਹ ਆਪ ਹੀ ਕੀਰਤ ਕੋਲ ਚਲੀ ਗਈ "ਪੁੱਤ ਤੇਰਾ ਵੀਜਾ ਆ ਗਿਆ "
"ਹੂੰ, ਠੀਕ ਹੈ " ਕੀਰਤ ਨੂੰ ਜਿਵੇਂ ਹੁਣ ਵੀਜੇ ਦੀ ਲੋੜ ਨਾ ਰਹੀ ਹੋਵੇ, "ਆਪਾਂ ਕੱਲ੍ਹ ਜਾ ਰਹੀਆਂ ਹਾਂ, ਨਾਲੇ ਪੈਸੇ ਦੇ ਆਵਾਂਗੇ, ਨਾਲੇ ਪਾਸਪੋਰਟ ਫੜ ਲਿਆਵਾਂਗੇ, ਤੇਰੇ ਮਾਮੇ ਨੂੰ ਵੀ ਫੋਨ ਕਰਨਾ ਪੈਣਾ....ਤੇਰੇ ਵੀਜੇ ਬਾਰੇ.."
ਕੀਰਤ ਨੂੰ ਕੈਨੇਡਾ ਦਾ ਸਟੱਡੀ ਵੀਜਾ ਮਿਲ ਗਿਆ ਸੀ, ਹੁਣ ਕੀਰਤ ਤੋਂ ਦੀਪ ਦੀ ਮੰਮੀ ਨੂੰ ਮਿਲਣਾ ਤਾਂ ਕੀ ਉਸਤੋਂ ਫੋਨ ਵੀ ਨਾ ਹੋਇਆ! ਕੁਝ ਹੀ ਦਿਨਾਂ ਵਿੱਚ ਉਸਨੂੰ ਕੈਨੇਡਾ ਲਈ ਰਵਾਨਾ ਹੋਣਾ ਪਿਆ! ਉਸ ਤੋਂ ਬਾਅਦ ਕੀਰਤ ਦੀ ਕੈਨੇਡਾ ਤੋਂ ਦੀਪ ਦੀ ਮੰਮੀ ਨਾਲ ਗੱਲ ਹੁੰਦੀ ਰਹੀ! ਹੁਣ ਰੋਕਣ ਟੋਕਣ ਵਾਲਾ ਕੋਈ ਨਹੀਂ ਸੀ! ਕੀਰਤ ਤੇ ਦੀਪ ਦੀ ਮੰਮੀ ਵਿਚਕਾਰ ਅਕਸਰ ਹੀ ਗੱਲਬਾਤ ਹੁੰਦੀ ਰਹਿੰਦੀ ਸੀ! ਜਿਵੇਂ ਦੋਵੇਂ ਜਾਣੀਆਂ ਇੱਕ ਦੂਜੇ ਨਾਲ ਗੱਲ ਬਾਤ ਨਾਲ ਦੀਪ ਦੇ ਵਿਛੋੜੇ ਦੀ ਚੀਸ ਨੂੰ ਆਰਾਮ ਮਿਲਦਾ ਹੋਵੇ! ਜਿਹੜੇ ਬੇਨਾਮ ਰਿਸ਼ਤੇਦਾਰੀ ਨੂੰ ਕੀਰਤ ਦੀ ਮੰਮੀ ਮਿਟਾਉਣ ਦੀ ਕੋਸ਼ਿਸ਼ ਵਿੱਚ ਸੀ ਉਹ ਇਹਨਾ ਪੰਜ ਸਾਲਾਂ ਵਿੱਚ ਡੂੰਘੀਆਂ ਜੜ੍ਹਾਂ ਲਗਾ ਗਿਆ ਸੀ!
ਕੈਨੇਡਾ ਤੋਂ ਆ ਕੇ ਜਦ ਕੀਰਤ ਨੇ ਘਰ ਪੈਰ ਪਾਇਆ ਸੀ ਤਾਂ ਉਸਦੇ ਦਾਦਾ ਜੀ ਦਾ ਪਹਿਲਾ ਸਵਾਲ ਇਹੀ ਸੀ ਕਿ ਧੀਏ ਮੈਂਨੂੰ ਜੁਮੇਵਾਰੀਆਂ ਤੋਂ ਸੁਰਖੁਰੂ ਕਰ ਦੇ, ਹੁਣ ਤੂੰ ਵਿਆਹ ਕਰਵਾ ਕੇ ਹੀ ਜਾਵੀਂ ਮੈਂ ਆਰਾਮ ਨਾਲ ਸੰਸਾਰ ਛੱਡ ਜਾਵਾਂਗਾ ਹੁਣ ਕੋਈ ਭਰਵਾਸਾ ਨਹੀਂ ਕਦ ਸਾਹ ਰੁਕ ਜਾਣ ...ਹੁਣ ਤੱਕ ਕੀਰਤ ਸਭ ਜਾਣਿਆਂ ਦੇ ਕਿਹੇ ਨੂੰ ਆਇਆ ਗਿਆ ਕਰ ਰਹੀ ਸੀ ਪਰ ਅੱਜ ਆਉਣ ਵਾਲੇ ਮਹਿਮਾਨਾਂ ਬਾਰੇ ਪਤਾ ਨਹੀਂ ਕਿਵੇਂ ਹਾਂ ਕਰ ਦਿੱਤੀ ਸੀ ।
"ਚਲ ਮੇਰੀ ਧੀ ਤਿਆਰ ਹੋ ਜਾ, ਉਹ ਤਾਂ ਆਉਣ ਵਾਲੇ ਹੋਣਗੇ" ਕੀਰਤ ਦੀ ਮਾਂ ਨੇ ਕਾਹਲੀ ਨਾਲ ਸਮਾਨ ਆਸੇ ਪਾਸੇ ਕਰਦੀ ਨੇ ਕਿਹਾ..."ਮੰਮੀ ਪਲੀਜ਼ ਮੇਰਾ ਮਨ ਨਹੀਂ ਕਰਦਾ, ਕਿਉਂ ਧੱਕਾ ਕਰ ਰਹੇ ਹੋ" ਇਹ ਸੁਣਕੇ ਕੀਰਤ ਦੀ ਮੰਮੀ ਬੁਖਲਾਹ ਜਿਹੀ ਗਈ "ਤੂੰ ਚਾਹੁੰਦੀ ਕੀ ਐਂ, ਕਿਉਂ ਮੈਨੂੰ ਤਪਾ ਤਪਾ ਮਾਰਨਾ ਲਿਆ" .... ਕੀਰਤ ਬਸ ਸੁਣ ਰਹੀ ਸੀ ਤੇ ਉਹ ਲਗਾਤਾਰ ਬੋਲੀ ਜਾ ਰਹੀ ਸੀ "ਹੇ ਰੱਬਾ ਇਸ ਕੁੜੀ ਦੀ ਅਕਲ ਨੂੰ ਕੀ ਹੋ ਗਿਆ", ਸਾਡਾ ਤਾਂ ਨੱਕ ਚ' ਦਮ ਕੀਤਾ ਹੋਇਆ ਹੈ " ....ਕੀਰਤ ਫਿਰ ਰੋਣ ਲੱਗੀ ਸੀ "ਮੰਮੀ ਮੈਂ ਉਸਨੂੰ ਭੁੱਲ ਨਹੀਂ ਪਾ ਰਹੀ, ਮੇਰੀ ਰੂਹ ਕਿਤੇ ਹੋਰ ਰਿਸਤਾ ਜੋੜੀ ਬੈਠੀ ਹੈ ਜੋ ਮੈਥੋਂ ਤੋੜ ਨਹੀਂ ਹੁੰਦਾ ਤੇ ਤੁਸੀਂ...", "ਕੀਰਤ ਤੈਨੂੰ ਪਤਾ ਵੀ ਹੈ ਤੂੰ ਕੀ ਕਹਿ ਰਹੀਂ ਹੈਂ...?"
ਉਸਦੀ ਮੰਮੀ ਨੇ ਉਸਨੂੰ ਮੋਢੇ ਤੋਂ ਫੜ, ਹਲੂਣਾ ਦਿੰਦੇ ਹੋਏ ਕਿਹਾ "ਅੱਜ ਤੈਨੂੰ ਇੱਕ ਪਾਸਾ ਚੁਣਨਾ ਹੀ ਪੈਣਾ ਜਾਂ ਤਾਂ ਮੇਰੀ ਮੰਨ ਲੈ ਜਾਂ ਫਿਰ ਮੇਰਾ ਮਰੀ ਦਾ ਮੂੰਹ ਧੇਖੇਂਗੀ" ਹੁਣ ਦੋਵੇਂ ਹੀ ਰੋਣ ਲੱਗੀਆਂ ਸਨ ਕੀਰਤ ਨੂੰ ਕੁਝ ਵੀ ਨਹੀਂ ਸੁਝ ਰਿਹਾ ਸੀ ਬਸ ਰੋਈ ਜਾ ਰਹੀ ਸੀ।
"ਮੈਨੂੰ ਜਵਾਬ ਚਾਹੀਦਾ ", ਕੀਰਤ ਦੀ ਮਾਂ ਨੇ ਫਿਰ ਦੁਹਰਾਇਆ ।
"ਮੰਮੀ ਤੁਸੀਂ ਵੀ ਮੇਰੇ ਨਾਲ ਨਹੀਂ ਤਾਂ ਮੈਂ ਕਿਵੇਂ ਲੜ ਸਕਦੀ ਹਾਂ", ਜਿਵੇਂ ਮਰਨ ਵਾਲੀ ਗੱਲ ਤੋਂ ਕੀਰਤ ਡਰ ਗਈ ਸੀ ਉਸਨੇ ਮੁੰਡੇ ਵਾਲਿਆਂ ਨੂੰ ਮਿਲਣ ਲਈ ਹਾਂ ਕਰ ਦਿੱਤੀ ਸੀ! ਉਹਦੀ ਮੰਮੀ ਚੁਬਾਰੇ ਚੋਂ ਨੀਚੇ ਆ ਗਈ ਸੀ!
ਤਿਆਰੀ ਕਰਦਿਆਂ ਨੂੰ ਕਾਫ਼ੀ ਸਮਾਂ ਗੁਜਰ ਗਿਆ ਸੀ ਮਾਂ ਧੀ ਦੀ ਇਸ ਲੜਾਈ ਦੀ ਕਿਸੇ ਨੂੰ ਭਿਣਕ ਨਹੀਂ ਸੀ! ਦਰਵਾਜਾ ਖੜਕ ਗਿਆ ਸੀ ....''ਜਰੂਰ ਮੁੰਡੇ ਵਾਲੇ ਹੀ ਹੋਣਗੇ '' ਕੰਮ ਕਰਨ ਵਾਲੀ ਨੇ ਦਰਵਾਜੇ ਦੀ ਆਵਾਜ਼ ਸੁਣਦੇ ਸਾਰ ਵਿੱਚ ਹੀ ਕਿਹਾ .....ਉਹ ਭੱਜ ਕੇ ਦਰਵਾਜਾ ਖੋਲਦੀ ਹੈ! ਸਾਰੇ ਆਓ ਭਗਤ ਵਿਚ ਰੁਝ ਜਾਂਦੇ ਹਨ ਕੀਰਤ ਚੁਬਾਰੇ ਵਿੱਚ ਹੀ ਸੀ! ਪਰੁਹਣਿਆਂ ਨੂੰ ਇੱਕ ਮਹਿਮਾਨ ਕਮਰੇ ਵਿੱਚ ਲਿਜਾਅ ਕੇ ਖਾਤਰਦਾਰੀ ਸ਼ੁਰੂ ਹੋ ਜਾਂਦੀ ਹੈ! ਕੀਰਤ ਦੀ ਮੰਮੀ ਜਲਦੀ ਦੇਣੇ ਚੁਬਾਰੇ ਵਿੱਚ ਜਾ ਕੇ ਕੀਰਤ ਨੂੰ ਤਿਆਰ ਹੋਣ ਲਈ ਕਹਿ ਕੇ ਵਾਪਸ ਆ ਜਾਂਦੀ ਹੈ! ਮੁੰਡੇ ਵਾਲੇ ਛੇ ਕੁ ਜਾਣੇ ਹੀ ਸਨ ਜਿਹਨਾਂ ਵਿੱਚ ਮੁੰਡਾ, ਮਾਂ ਪਿਓ,ਮੁੰਡੇ ਦੀ ਭੈਣ ਦੋ ਰਿਸ਼ਤੇਦਾਰ ਹੋਰ ਸਨ! ਕੀਰਤ ਵੀ ਨੀਚੇ ਆ ਜਾਂਦੀ ਹੈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੋਲ ਕੇ ਇੱਕ ਕੁਰਸੀ ਉਹ ਲੈ ਲੈਂਦੀ ਹੈ ਸਾਰੇ ਕੀਰਤ ਵੱਲ ਖੁਸ਼ੀ ਨਾਲ ਦੇਖ ਰਹੇ ਹੁੰਦੇ ਹਨ ... "ਚਲੋ ਜੀ ਕੁੜੀ ਮੁੰਡੇ ਨੇ ਕੋਈ ਆਪਣੀਆਂ ਪਰਾਵੇਟ ਗੱਲਾਂ ਕਰਨੀਆਂ ਹਨ ਤਾਂ ਕਰ ਸਕਦੇ ਹੋ, ਹੋਰ ਨਹੀਂ ਤਾਂ ਜਾਣ ਪਛਾਣ ਹੀ ਹੋ ਜਾਵੇਗੀ, ਆਖਰ ਜਿੰਦਗੀ ਦੀ ਗੱਡੀ ਦੇ ਦੋ ਪਹੀਏ ਬਣਨ ਜਾ ਰਹੇ ਹਨ" ਮੁੰਡੇ ਵੱਲੋਂ ਆਏ ਇੱਕ ਰਿਸ਼ਤੇਦਾਰ ਨੇ ਕਿਹਾ...ਸਾਰੇ ਕਹਿਣ ਲੱਗੇ ... ਹਾਂ ਜੀ ਜਰੂਰ "ਕੀਰਤ ਪੁੱਤ ਤੁਸੀਂ ਗੁਰਿੰਦਰ ਨੂੰ ਚੁਬਾਰਾ ਦਿਖਾ ਦਿਉ ਨਾਲੇ ਜੇ ਕੋਈ ਮਨ ਚ ਸਵਾਲ ਹੈ ਤਾਂ ਉਹ ਕਲੀਅਰ ਕਰ ਲਵੋ", ਕੀਰਤ ਦੀ ਮੰਮੀ ਨੇ ਕੀਰਤ ਵੱਲ ਤਿੱਖੀ ਨਜਰ ਨਾਲ ਦੇਖਦੇ ਹੋਏ ਕਿਹਾ।
ਕੀਰਤ ਉੱਠ ਕੇ ਤੁਰ ਪਈ, ਗੁਰਿੰਦਰ ਨੂੰ ਵੀ ਜਾਣ ਲਈ ਕਹਿ ਦਿੱਤਾ ਗਿਆ, ਸੰਗਦਾ ਸੰਗਾਉਂਦਾ ਜਿਹਾ ਉਹ ਵੀ ਮਗਰ ਹੋ ਤੁਰਿਆ .....
"ਤੁਹਾਡੀ ਕੁਆਲੀਫਿਕੇਸ਼ਨ ਕੀ ਹੈ ਗੁਰਿੰਦਰ ਜੀ...?" ਕੀਰਤ ਨੇ ਅੰਦਰ ਵੜਦੇ ਸਾਰ ਪਹਿਲਾ ਸਵਾਲ ਕੀਤਾ।
"ਜੀ ਮੈਂ ਇੰਗਲਿਸ਼ ਦੀ ਐਮ. ਏ. ਕਰ ਰਿਹਾਂ ਹਾਂ, ਸੈਂਕਡ ਯੀਅਰ "
"ਬਹੁਤ ਵਧੀਆ", ਕੀਰਤ ਨੇ ਫੋਟੋ ਜਿਹੀ ਠੀਕ ਕਰਦੀ ਨੇ ਕਿਹਾ...
ਤੁਸੀਂ ਬੈਠ ਜਾਓ ਪਲੀਜ਼ ''
ਜੀ ਸ਼ੁਕਰੀਆ '' ਗੁਰਿੰਦਰ ਥੋੜਾ ਜਿਹਾ ਜਕਦਾ ਸੀ ਕਿਉਂਕਿ ਕੀਰਤ ਕੈਨੇਡਾ ਦੀ ਕੁੜੀ ਜੋ ਸੀ।
'''ਹਾਂ ਜੀ ਗੁਰਿੰਦਰ ਜੀ ਕੋਈ ਸਵਾਲ ਨਹੀਂ ਹੈ ਮੇਰੇ ਬਾਰੇ ਤੁਹਾਡੇ ਮਨ ਵਿੱਚ, ਤੁਸੀਂ ਬੇਝਿਜਕ ਹੋ ਕੇ ਪੁੱਛ ਸਕਦੇ ਹੋ ਜੇ ਹੈ ਤਾਂ'' ਕੀਰਤ ਨੇ ਸਿਆਣੀ ਜਿਹੀ ਆਵਾਜ ਵਿੱਚ ਕਿਹਾ ਪਰ ਉਹ ਬਿਨਾ ਸਵਾਲ ਕੀਤੇ ਹੀ ਕਈ ਜਵਾਬ ਦੇਣਾ ਚਾਹੁੰਦੀ ਸੀ
''ਨਾ ਜੀ ਮੇਰੇ ਮਨ ਚ ਕੋਈ ਅਜੇਹਾ ਸਵਾਲ ਨਹੀਂ, ਮੈਂ ਤੁਹਾਡੇ ਖਾਨਦਾਨ ਬਾਰੇ ਸਭ ਕੁੱਝ ਜਾਣਦਾ ਹਾਂ''।
''ਤੁਸੀਂ ਮੈਨੂੰ ਜੀਵਨ ਸਾਥੀ ਚੁਣਨ ਜਾ ਰਹੇ ਹੋ ਮੈਂ ਤੁਹਾਨੂੰ ਆਪਣੇ ਬਾਰੇ ਬਹੁਤ ਕੁੱਝ ਜੋ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਦੱਸਣਾ ਚਾਹੁੰਦੀ ਹਾਂ'' ਕੀਰਤ ਨੇ ਗੰਭੀਰਤਾ ਨਾਲ ਕਿਹਾ ।
ਗੁਰਿੰਦਰ ਵੀ ਇਕ ਦਮ ਚਕੰਨਾ ਜਿਹਾ ਹੋ ਗਿਆ ।
ਉਸਨੇ ਆਪਣੀ ਗੱਲ ਜਾਰੀ ਰੱਖੀ।
''ਮੈਂ ਕਿਸੇ ਨੂੰ ਆਪਣਾ ਜੀਵਨ ਸਾਥੀ ਚੁਣਿਆ ਸੀ, ਅਸੀਂ ਦੋਵੇਂ ਇਕ ਦੂਜੇ ਦੇ ਬਹੁਤ ਹੀ ਜ਼ਿਆਦਾ ਨੇੜੇ ਸੀ, ਪਰ ਕਿਸਮਤ ਨੂੰ ਇਹ ਮਨਜੂਰ ਨਹੀਂ ਸੀ ''
ਗੁਰਿੰਦਰ ਨੇ ਗੱਲ ਕੱਟਦੇ ਹੋਏ ਕਿਹਾ ''ਤੁਸੀਂ ਕਿਸੇ ਹੋਰ ਨਾਲ ਵਿਆਹ ਕਰਵਾਉਣਾ ਚਾਹੁੰਦੇ ਹੋ, ਜੇ ਹੈ ਤਾਂ ਮੈਨੂੰ ਕੋਈ ਇਤਰਾਜ਼ ਨਹੀਂ, ਮੈਂ....''
''ਨਹੀਂ, ਮੇਰੀ ਕਹਾਣੀ ਲੋਕਾਂ ਨਾਲੋਂ ਅਲੱਗ ਹੈ, ਮੇਰੀ ਕਿਸਮਤ ਐਨੀ ਚੰਗੀ ਨਹੀਂ'' ਕਹਿੰਦੀ ਦੇ ਅੱਖਾਂ ਵਿੱਚ ਪਾਣੀ ਭਰ ਆਇਆ ....
ਕੀਰਤ ਨੇ ਸਾਰੀ ਕਹਾਣੀ ਗੁਰਿੰਦਰ ਅੱਗੇ ਖੋਲ ਕੇ ਰੱਖ ਦਿੱਤੀ, ਗੁਰਿੰਦਰ ਚੁੱਪ ਸੀ, ਕੀਰਤ ਮੂੰਹ ਹੱਥਾਂ ਵਿੱਚ ਲਕੋਈ ਬੋਲੀ ਜਾ ਰਹੀ ਸੀ ਨਾਲ ਦੀ ਨਾਲ ਰੋ ਵੀ ਰਹੀ ਸੀ।
''ਮੈਂ ਤੁਹਾਡੀ ਇਨਸਲਟ ਨਹੀਂ ਕਰਨਾ ਚਾਹੁੰਦੀ, ਪਰ ਮੇਰੇ ਮੰਮੀ ਸਮਝਣ ਦੀ ਕੋਸ਼ਿਸ਼ ਨਹੀਂ ਕਰ ਰਹੇ,'' ਗੁਰਿੰਦਰ ਜੀ ਮੈਂ ਵਿਆਹ ਵਾਲੇ ਖਾਨੇ ਤੇ ਬੇਨਾਮ ਰਿਸ਼ਤੇ ਵਾਲੇ ਦੀਪ ਦਾ ਨਾਂ ਲਿਖ ਚੁੱਕੀ ਹਾਂ, ਇਹ ਬੁੱਤ ਨੂੰ ਕੋਈ ਵੀ ਲਿਜਾਅ ਸਕਦਾ ਹੈ ਪਰ ਮੈਂ ਰੂਹ ਤੋਂ ਦੀਪ ਦੀ ਹਾਂ ਤੇ ਰਹਾਂਗੀ.....ਇਹ ਮੌਤ ਨਾਲ ਜਿੰਦਗੀ ਦਾ ਵਾਅਦਾ ਹੈ, ਸਮਾਜ ਇਸ ਰਿਸ਼ਤੇ ਨੂੰ ਮੰਨੇ ਜਾਂ ਨਾ ਪਰ ਮੈਂ ਆਪਣੇ ਅੰਦਰ ਨਾਲ ਧੋਖਾ ਨਹੀਂ ਕਰ ਸਕਦੀ.....ਤੇ ਨਾ ਹੀ ਕਿਸੇ ਹੋਰ ਦੀ ਜਿੰਦਗੀ ਧੋਖੇ ਚ ਰੱਖਕੇ ਖਰਾਬ ਕਰਨਾ ਚਾਹੁੰਦੀ ਹਾਂ '', ''ਫੈਸਲਾ ਤੁਹਾਡੇ ਹੱਥ ਹੈ, ਮੈਂ ਵੈਸੇ ਦੋ ਹਫਤਿਆਂ ਤੱਕ ਵਾਪਸ ਕੈਨੇਡਾ ਚਲੀ ਜਾਣਾ, ਆਪਣੀਆਂ ਸਾਰੀਆਂ ਯਾਦਾ ਨੂੰ ਆਪਣੇ ਨਾਲ ਲੈ ਕੇ.....''
''ਚਲੋ ਤੁਹਾਡਾ ਧੰਨਵਾਦ ਕੀਰਤ ਜੀ, ਮੈਨੂੰ ਖੁਸ਼ੀ ਹੋਈ ਇੱਕ ਸੱਚੀ ਮੁਹੱਬਤ ਦੇ ਰੂਹ ਬਰੂਹ ਹੋਣ ਦਾ ਸਬੱਬ ਬਣਿਆ, ਬਾਕੀ ਕੋਈ ਵੀ ਰਿਸ਼ਤਾ ਬੇਨਾਮ ਨਹੀਂ ਹੁੰਦਾ, ਫਰਕ ਇਹੀ ਹੁੰਦਾ ਹੈ ਕਿ ਸਮਾਜ ਸਵੀਕਾਰ ਕਰਦਾ ਹੈ ਜਾਂ ਨਹੀਂ, ਤੁਹਾਨੂੰ ਮਿਲ ਕੇ ਖੁਸ਼ੀ ਹੋਈ, ਬਾਕੀ ਮੈਂ ਸਮਝ ਗਿਆ ਹਾਂ ਕਿ ਮੈਨੂੰ ਕੀ ਕਰਨਾ ਚਾਹੀਦਾ ਹੈ ....'' ਐਨਾ ਕਹਿੰਦਾ ਹੋਇਆ ਗੁਰਿੰਦਰ ਉੱਠ ਕੇ ਚਲਾ ਜਾਂਦਾ ਹੈ....ਕੀਰਤ ਉੱਪਰ ਹੀ ਰਹਿੰਦੀ ਹੈ।
ਸਾਰੇ ਰੋਟੀ ਪਾਣੀ ਖਾ ਲੈਂਦੇ ਹਨ ਗੁਰਿੰਦਰ ਨੂੰ ਕੀਰਤ ਦੇ ਮੰਮੀ ਉਸ ਦਾ ਜਵਾਬ ਪੁੱਛਦੇ ਹਨ ਪਰ ਗੁਰਿੰਦਰ ਇਹ ਕਹਿ ਕੇ ਟਾਲ ਦਿੰਦਾ ਹੈ ਕਿ ਸਾਨੂੰ ਸੋਚਣ ਲਈ ਸਮਾਂ ਚਾਹੀਦਾ ਹੈ ....ਸਾਰੇ ਇਸ ਨਾਲ ਸਹਿਮਤੀ ਪਰਗਟ ਕਰਦੇ ਹਨ ਪਰ ਕੀਰਤ ਦੀ ਮੰਮੀ ਸਮਝ ਜਾਂਦੀ ਹੈ ਕਿ ਕੀਰਤ ਉਸ ਰਿਸ਼ਤੇ ਤੋਂ ਆਪਣੇ ਆਪ ਨੂੰ ਤੋੜ ਨਹੀਂ ਸਕੀ...!