Thu, 21 November 2024
Your Visitor Number :-   7256787
SuhisaverSuhisaver Suhisaver

ਪੰਜਾਬੀ ਮਿੰਨੀ ਕਹਾਣੀ: ਵਿਭਿੰਨ ਪੜਾਵਾਂ ਦਾ ਅਹਿਮ ਦਸਤਾਵੇਜ਼ -ਪ੍ਰੋ. ਤਰਸਪਾਲ ਕੌਰ

Posted on:- 25-10-2013

suhisaver

ਸਾਹਿਤ ਦੀ ਹਰੇਕ ਵਿਧਾ ਦਾ ਆਪਣਾ ਸਰੂਪ ਤੇ ਸ਼ਿਲਪ ਦਾ ਵਿਧਾਨ ਹੁੰਦਾ ਹੈ। ਨਾਵਲ ਹੋਵੇ ਕਵਿਤਾ ਜਾਂ ਕਹਾਣੀ ਹਰ ਵਿਧਾ ਆਪਣੀਆਂ-ਆਪਣੀਆਂ ਬਿਰਤਾਂਤਕ ਤੇ ਸ਼ਿਲਪ ਦੀਆਂ ਤਕਨੀਕਾਂ ਲੈ ਕੇ ਚਲਦੀ ਹੈ। ਇਹ ਤਕਨੀਕਾਂ ਹਰ ਵਿਧਾ ਵਿਚ ਆਪਣਾ ਵੱਖਰਾ ਰੋਲ ਸਥਾਪਿਤ ਕਰਦੀਆਂ ਹਨ। ਕਿਸੇ ਵਿਧਾ ਦੇ ਅਧਿਐਨ ਜਾਂ ਸਮੀਖਿਆ ਵੇਲੇ ਇਹ ਵਿਸ਼ੇਸ਼ ਧਿਆਨ ਮੰਗਦੀਆਂ ਹਨ। ਹਰੇਕ ਖੇਤਰ ਦੀ ਵਿਵਹਾਰਿਕ ਪੜਚੋਲ ਵੱਖਰੀ ਕਿਸਮ ਦੀ ਹੋ ਸਕਦੀ ਹੈ। ਕਵਿਤਾ ਦੀ ਪੜਚੋਲ ਕਰਦਿਆਂ ਵਿਦਵਾਨਾਂ ਦੇ ਆਪਣੇ ਮਾਪਦੰਡ ਹੁੰਦੇ ਹਨ ਤੇ ਵਾਰਤਕ ਜਾਂ ਗ਼ਲਪ ਦੀ ਸਮੀਖਿਆ ਦੇ ਸੰਦਰਭ ਵਿਚ ਅਲੱਗ ਮਾਪਦੰਡ ਜਾਂ ਪੈਮਾਨੇ ਹੋ ਸਕਦੇ ਹਨ।

ਗ਼ਲਪ ਦੇ ਖੇਤਰ ਵਿਚ ਮੁੱਖ ਰੂਪ ਵਿਚ ਨਾਵਲ ਤੇ ਕਹਾਣੀ ਦੀ ਹੀ ਸਮੀਖਿਆ ਨੂੰ ਵਿਚਾਰਿਆ ਗਿਆ ਹੈ। ਜਦੋਂ ਕਿ ਮਿੰਨੀ ਕਹਾਣੀ ਦੀ ਸਾਹਿਤਕ ਵਿਧਾ ਵੀ ਗ਼ਲਪ ਖੇਤਰ ਦਾ ਅਹਿਮ ਅੰਗ ਹੋ ਕੇ ਵਿਚਰੀ ਹੈ ਪਰ ਆਧੁਨਿਕ ਕਾਲ ਦੇ ਇਸ ਸਾਹਿਤਕ ਖੇਤਰ ਵਿਚ ਸਾਹਿਤ ਦੀ ਇਹ ਅਹਿਮ ਵਿਧਾ ਅਣਗੌਲੀ ਹੀ ਕੀਤੀ ਜਾਂਦੀ ਰਹੀ ਹੈ। ਨਿਰੰਜਣ ਬੋਹਾ ਦੀ ਹਥਲੀ ਪੁਸਤਕ ‘ਪੰਜਾਬੀ ਮਿੰਨੀ ਕਹਾਣੀ-ਵਿਸ਼ਾਗਤ ਸਰੂਪ ਤੇ ਸ਼ਿਲਪ ਵਿਧਾਨ‘ ਮਿੰਨੀ ਕਹਾਣੀ ਦੇ ਸਰੂਪ ਦਾ ਉਲੇਖ ਕਰਦੀ ਹੋਈ ਇਸ ਸਾਹਿਤਕ ਵਿਧਾ ਦੇ ਸ਼ਿਲਪ ਵਿਧਾਨ ਬਾਰੇ ਅਤੇ ਵਿਕਾਸ ਪੜਾਵਾਂ ਬਾਰੇ ਸੰਪੂਰਨ ਅਧਿਐਨ ਕਰਦੀ ਹੈ।

ਨਿਰੰਜਣ ਬੋਹਾ ਨੇ ਇਸ ਪੁਸਤਕ ਵਿਚ ਪੰਜਾਬੀ ਮਿੰਨੀ ਕਹਾਣੀ ਦੀ ਸਮੁੱਚੀ ਪੜਚੋਲ ਕਰਦਿਆਂ, ਮਿੰਨੀ ਕਹਾਣੀ ਦੇ ਵਿਸ਼ੇ ਦੀ ਚੋਣ ਤੋਂ ਲੈ ਕੇ ਵੀਹਵੀਂ ਸਦੀ ਤੱਕ ਦੇ ਵੱਖੋ-ਵੱਖਰੇ ਝੁਕਾਅ ਅਤੇ ਆਧੁਨਿਕ ਮਿੰਨੀ ਕਹਾਣੀ ਦੇ ਖੇਤਰ ਵਿਚ ਦਰਪੇਸ਼ ਚੁਣੌਤੀਆਂ ਨੂੰ ਵਿਸਥਾਰ ਦਿੰਦੇ ਹੋਏ ਇਸ ਖੇਤਰ ਦੀ ਆਲੋਚਨਾ ਬਾਰੇ ਡੂੰਘਾਈ ਨਾਲ ਜ਼ਿਕਰ ਕੀਤਾ ਹੈ। ਉਹਨਾਂ ਨੇ ਆਪਣੀ ਇਸ ਪੜਚੋਲ ਦੇ ਅਧਿਐਨ ਵਿਚ ਵੱਖੋ-ਵੱਖਰੀਆਂ ਮਿੰਨੀ ਕਹਾਣੀਆਂ ਦਾ ਜ਼ਿਕਰ ਕਰਦੇ ਹੋਏ, ਮੰਟੋ ਅਤੇ ਖ਼ਲੀਲ ਜ਼ਿਬਰਾਨ ਜਿਹੇ ਚਿੰਤਕਾਂ ਦੀਆਂ ਮਿੰਨੀ ਰਚਨਾਵਾਂ ਨਾਲ ਇਹਦੀ ਤੁਲਨਾ ਕੀਤੀ ਹੈ।

ਸਾਹਿਤਕ ਵਿਧਾਵਾਂ ਦੀ ਪੜਚੋਲ ਜਾਂ ਚਰਚਾ ਕਰਵਾਉਣੀ ਯੂਨੀਵਰਸਿਟੀਆਂ ਜਾਂ ਹੋਰ ਸਬੰਧਿਤ ਅਕਾਦਮਿਕ ਅਦਾਰਿਆਂ ਦਾ ਕੰਮ ਹੁੰਦਾ ਹੈ ਪਰ ਬਹੁਤੀ ਵਾਰੀ ਨਵੀਆਂ ਸਾਹਿਤਕ ਵਿਧਾਵਾਂ ਨੂੰ ਅੱਖੋਂ ਪਰੋਖੇ ਹੀ ਕਰ ਦਿੱਤਾ ਜਾਂਦਾ ਹੈ। ਜਿਸ ਕਾਰਨ ਅਜਿਹੀ ਸਾਹਿਤਕ ਵਿਧਾ ਸਾਹਿਤਕ ਅਧਿਐਨ ਵਲੋਂ ਵਾਂਝੀ ਰਹਿ ਜਾਂਦੀ ਹੈ ਜਿਸ ਕਾਰਨ ਉਸ ਨੂੰ ਬਣਦੀ ਸਾਹਿਤਕ ਮਾਨਤਾ ਨਹੀਂ ਮਿਲ ਪਾਉਂਦੀ। ਪੰਜਾਬੀ ਮਿੰਨੀ ਕਹਾਣੀ ਨੂੰ ਅਜਿਹੀਆਂ ਹੀ ਚੁਣੌਤੀਆਂ ਦਾ ਸ਼ਿਕਾਰ ਹੋਣਾ ਪਿਆ ਹੈ। ਨਿਰੰਜਣ ਬੋਹਾ ਭਾਵੇਂ ਮਿੰਨੀ ਕਹਾਣੀ ਸਿਰਜਣਾ ਨਾਲ ਸ਼ੁਰੂ ਤੋਂ ਹੀ ਜੁੜੇ ਹੋਏ ਹਨ, ਪਰ ਨਾਲ ਹੀ ਉਹਨਾਂ ਨੇ ਮਿੰਨੀ ਕਹਾਣੀ ਦੀ ਆਲੋਚਨਾ ਵਾਲਾ ਕਾਰਜ ਵੀ ਬਾਖ਼ੂਬੀ ਨਿਭਾਇਆ ਹੈ। ਨਿਰੰਜਣ ਬੋਹਾ ਨੇ 1988 ਵਿਚ ਮਿੰਨੀ ਕਹਾਣੀ ਦੀ ਆਲੋਚਨਾ ਦਾ ਕਾਰਜ ਆਰੰਭਿਆ। ਇਸ ਤੋਂ ਪਹਿਲਾਂ ਸਮੀਖਿਆ ਪੱਖੋਂ ਪੰਜਾਬੀ ਮਿੰਨੀ ਕਹਾਣੀ ਦਾ ਖੇਤਰ ਬਿਲਕੁਲ ਹੀ ਖਾਲੀ ਸੀ।

ਉਹਨਾਂ ਮਿੰਨੀ ਕਹਾਣੀ ਸਮੀਖਿਆ ਨਾਲ ਸਬੰਧਿਤ ਬਹੁਤ ਸਾਰੇ ਪਰਚੇ ਵੱਖੋ-ਵੱਖਰੇ ਸੈਮੀਨਾਰਾਂ ਵਿਚ ਪੜ੍ਹੇ। ਮਿੰਨੀ ਕਹਾਣੀ ਦੇ ਖੇਤਰ ਵਿਚ ਸਮੀਖਿਆ ਦਾ ਕਾਰਜ ਕਰਕੇ ਉਹਨੇ ਸਾਹਿਤ ਦੀ ਇਸ ਅਣਗੌਲੀ ਵਿਧਾ ਨੂੰ ਮਾਨਤਾ ਦਿਵਾਉਣ ਦਾ ਯਤਨ ਆਰੰਭਿਆ ਹੈ। ਉਹ ਬੜੇ ਹੀ ਸੂਖਮ ਢੰਗ ਨਾਲ ਵਿਸਥਾਰ ਦਿੰਦਾ ਹੋਇਆ ਮਿੰਨੀ ਕਹਾਣੀ ਦੀ ਰਚਨਾਤਮਕ ਬਣਤਰ ਤੋਂ ਹੁੰਦਾ ਹੋਇਆ ਮਹਾਨ ਚਿੰਤਕਾਂ ਦੀਆਂ ਮਿੰਨੀ ਰਚਨਾਵਾਂ ਦਾ ਅਧਿਐਨ ਕਰਦਾ ਹੋਇਆ ਸਾਨੂੰ ਇਸ ਵਿਧਾ ਦੀਆਂ ਰਚਨਾਤਮਕ ਬਾਰੀਕੀਆਂ ਤੇ ਇਹਦੇ ਪ੍ਰਯੋਜਨ ਨਾਲ ਜੋੜ ਦਿੰਦਾ ਹੈ।


ਉਸ ਨੇ ਮਿੰਨੀ ਕਹਾਣੀ ਦੀ ਰਚਨਾਤਮਕ ਪ੍ਰਕਿਰਿਆ ਨੂੰ ਵੱਖੋ-ਵੱਖੋ ਪੜਾਵਾਂ ਵਿਚ ਪੇਸ਼ ਕੀਤਾ ਹੈ। ਇਹ ਬਿਲਕੁਲ ਢੁਕਵੀਂ ਗੱਲ ਹੈ ਕਿ ਕਿਸੇ ਵੀ ਸਾਹਿਤਕ ਵਿਧਾ ਦੀ ਰਚਨਾ ਪ੍ਰਕਿ੍ਰਆ ਲਈ ਸਭ ਤੋਂ ਮੁੱਢਲਾ ਕਦਮ ਵਿਸ਼ੇ ਦੀ ਚੋਣ ਹੁੰਦੀ ਹੈ। ਨਿਰੰਜਣ ਬੋਹਾ ਦੇ ਸ਼ਬਦਾਂ ਵਿਚ ‘‘ਲੇਖਕ ਦੇ ਆਪਣੇ ਚੁਗਿਰਦੇ ਵਿਚ ਵਾਪਰਦੀਆਂ ਘਟਨਾਵਾਂ ਪਿੱਛੇ ਕੰਮ ਕਰ ਰਹੀ ਅਸੁਹਿਰਦਤਾ ਜਦੋਂ ਉਸ ਦੀਆਂ ਸੰਵੇਦਨਾਤਮਕ ਬਿਰਤੀਆਂ ਨੂੰ ਟੁੰਬਦੀ ਹੈ ਤਾਂ ਇਸ ਦੀ ਪ੍ਰਤਿਕਿ੍ਰਆ ਵਜੋਂ ਜਿਹੜੇ ਵਿਚਾਰ ਉਸ ਦੇ ਦਿਲ ਦਿਮਾਗ ਵਿਚ ਉਪਜਦੇ ਹਨ, ਉਹਨਾਂ ਦਾ ਸੋਧਿਆ ਰੂਪ ਹੀ ਕਿਸੇ ਗ਼ਲਪੀ ਵਿਧਾ ਦਾ ਵਿਸ਼ਾ ਬਨਣ ਦੇ ਸਮਰੱਥ ਹੁੰਦਾ ਹੈ।‘‘ ਉਹ ਸਪੱਸ਼ਟ ਕਰਦਾ ਹੈ ਕਿ ਮਿੰਨੀ ਕਹਾਣੀ ਵਿਚ ਜਿਵੇਂ ਕਿ ਸੰਖੇਪਤਾ, ਸੰਜਮਤਾ ਦਾ ਤੱਤ ਪ੍ਰਧਾਨ ਹੁੰਦਾ ਹੈ, ਸੋ ਲੇਖਕ ਨੂੰ ਆਪਣੇ ਵਿਸ਼ੇ ਦੀ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ। ਬਹੁਤੀ ਵਾਰ ਵਿਸ਼ੇ ਦੀ ਅਧੂਰੀ ਜਾਣਕਾਰੀ ਕਹਾਣੀ ਦੇ ਆਰੰਭ ਤੇ ਅੰਤ ਵਿਚਕਾਰ ਇਕ ਕਿਸਮ ਦਾ ਵਿਰੋਧਾਭਾਸ ਵੀ ਪ੍ਰਗਟ ਕਰਦੀ ਹੈ। ਜਿਸ ਕਾਰਨ ਰਚਨਾ ਦਾ ਪ੍ਰਯੋਜਨ ਸਹੀ ਅਰਥਾਂ ਵਿਚ ਸਮਝ ਨਹੀਂ ਆ ਪਾਉਂਦਾ। ਵਿਸ਼ੇ ਦੀ ਚੋਣ ਮਿੰਨੀ ਕਹਾਣੀ ਲੇਖਕ ਲਈ ਪਹਿਲਾ ਅਹਿਮ ਮਹੱਤਵਪੂਰਨ ਕਦਮ ਹੈ। ਉਹ ਅਜਿਹੇ ਵਿਸ਼ੇ ਚੁਣੇ ਕਿ ਕਹਾਣੀ ਦੇ ਪ੍ਰਯੋਜਨ ਨੂੰ ਸਪੱਸ਼ਟ ਕਰਦਾ ਕਹਾਣੀ ਦੀ ਨਿਰੰਤਰਤਾ ਨੂੰ ਕਾਇਮ ਰੱਖ ਸਕੇ।

ਨਿਰੰਜਣ ਬੋਹਾ ਮਿੰਨੀ ਕਹਾਣੀ ਦੇ ਵਿਸ਼ੇ ਦੀ ਚੋਣ ਸਬੰਧੀ ਹੋਰ ਅਹਿਮ ਨੁਕਤੇ ਦੱਸਦਾ ਹੋਇਆ ਕਹਿੰਦਾ ਹੈ ਕਿ ਅਗਾਂਹਵਧੂ ਵਿਸ਼ੇ ਦਾ ਮਤਲਬ ਕੇਵਲ ਸਮਾਜਿਕ, ਆਰਥਿਕ ਤੇ ਰਾਜਨੀਤਿਕ ਖੇਤਰ ਵਿਚਲੇ ਭਿ੍ਰਸ਼ਟਾਚਾਰ ਨੂੰ ਹੀ ਨੰਗਿਆਂ ਕਰਨ ਤੱਕ ਨਹੀਂ ਮਿੱਥ ਲੈਣਾ ਚਾਹੀਦਾ। ਜਿਵੇਂ ਕਿ ਦੇਖਿਆ ਗਿਆ ਹੈ ਕਿ ਪੰਜਾਬੀ ਵਿਚ ਰਚਿਤ ਮਿੰਨੀ ਕਹਾਣੀ ਵਧੇਰੇ ਕਰਕੇ ਭਿ੍ਰਸ਼ਟਾਚਾਰੀਆਂ ਬਿਰਤੀਆਂ ਨੂੰ ਨਿੰਦਣ ਵੱਲ ਹੀ ਰੁਚਿਤ ਹੈ। ਉਸ ਅਨੁਸਾਰ ਲੇਖਕ ਸਿਰਜਣ ਪ੍ਰਕਿ੍ਰਆ ਨਾਲ ਸੰਵੇਦਨਾਤਮਕ ਪੱਧਰ ‘ਤੇ ਵੀ ਜੁੜਿਆ ਹੋਣਾ ਜ਼ਰੂਰੀ ਹੈ। ਇਸ ਵਿਚ ਵੀ ਵਿਸ਼ਾਲ ਜੀਵਨ ਅਨੁਭਵ ਦਾ ਨਿਚੋੜ ਹੋਣਾ ਚਾਹੀਦਾ ਹੈ। ਆਧੁਨਿਕ ਵਿਸ਼ਵੀਕਰਨ ਤੇ ਮੰਡੀ ਦੇ ਇਸ ਦੌਰ ਵਿਚ ਖੰਡਿਤ ਮਨੁੱਖ ਦੀਆਂ ਅਨੇਕਾਂ ਸਮੱਸਿਆਵਾਂ ਦਿਨ-ਪ੍ਰਤੀ-ਦਿਨ ਸਾਹਮਣੇ ਆ ਰਹੀਆਂ ਹਨ। ਸੋ ਮਿੰਨੀ ਕਹਾਣੀਆਂ ਅਜੋਕੇ ਯੁੱਗ ਦੇ ਇਸ ਤਣਾਓ-ਭਰਪੂਰ ਵਾਤਾਵਰਨ ਨੂੰ ਆਪਣੇ ਕਲਾਵੇ ‘ਚ ਲੈਣ ਦੀ ਸਮਰੱਥਾ ਵੀ ਰੱਖਦੀਆਂ ਹਨ। ਨਿਰੰਜਣ ਬੋਹਾ ਵੀ ਮਿੰਨੀ ਕਹਾਣੀ ਦੇ ਵਿਸ਼ੇ ਚੋਣ ਸਬੰਧੀ ਡਾ. ਅਮਰ ਕੋਮਲ ਦੀ ਧਾਰਨਾ ਨਾਲ ਸਹਿਮਤ ਹਨ ਕਿ ਮਨੋ-ਵਿਗਿਆਨਕ, ਗਿਆਨ, ਮਾਨਸਿਕ-ਤਣਾਓ, ਹੀਣ-ਭਾਵਨਾ ਦੇ ਪ੍ਰਤੀਕਰਮ, ਇਤਿਹਾਸ, ਮਿਥਿਹਾਸ ਦੇ ਹਵਾਲੇ ਆਦਿ ਲੋੜ ਅਨੁਸਾਰ ਨਵੇਂ ਰੂਪ ਵਿਚ ਮਿੰਨੀ ਕਹਾਣੀ ਦਾ ਵਿਸ਼ਾ ਵਸਤੂ ਬਣਾਏ ਜਾ ਸਕਦੇ ਹਨ।


ਵਿਸ਼ੇ ਦੀ ਚੋਣ ਦੇ ਨਾਲ ਹੀ ਮਿੰਨੀ ਕਹਾਣੀ ਦੇ ਕਥਾ-ਤੱਤ ਦੀ ਵੀ ਵਿਸ਼ੇਸ਼ ਅਹਿਮੀਅਤ ਹੁੰਦੀ ਹੈ। ਕਿਸੇ ਵਿਸ਼ਾਲ ਸੰਕਲਪ ਜਾਂ ਧਾਰਨਾ ਨੂੰ ਤਰਾਸ਼ ਕੇ ਸ਼ੈਲੀਗਤ ਪ੍ਰਬੀਨਤਾ ਦੁਆਰਾ ਛੋਟੇ ਸਰੂਪ ਰਾਹੀਂ ਪੇਸ਼ ਕਰਨਾ ਹੀ ਮਿੰਨੀ ਕਹਾਣੀ ਦਾ ਵਿਸ਼ੇਸ਼ ਤੱਤ ਹੈ। ਬੋਹਾ ਵੀ ਮਿੰਨੀ ਕਹਾਣੀ ਨੂੰ ਗ਼ਲਪੀ ਸੰਸਾਰ ਦਾ ਨਿਯਮਿਤ ਮੈਂਬਰ ਮੰਨਦਾ ਹੈ। ਇਸ ਲਈ ਮਿੰਨੀ ਕਹਾਣੀ ਵੀ ਦੂਸਰੇ ਗ਼ਲਪੀ ਰੂਪਾਂ ਵਾਂਗ ਕਥਾ-ਤੱਤ ਤੇ ਕਥਾ-ਰਸ ਦੀ ਮੰਗ ਕਰਦੀ ਹੈ। ਕਥਾ-ਰਸ ਦੀ ਅਣਹੋਂਦ ਕਹਾਣੀ ਵਿਚਲੇ ਕਾਰਜ ਦੇ ਨਿਭਾਓ ਨੂੰ ਠੀਕ ਤਰਾਂ ਪਾਠਕ ਤੱਕ ਸੰਚਾਰ ਨਹੀਂ ਕਰ ਸਕਦੀ।

ਇਸ ਤੋਂ ਅੱਗੇ ਲੇਖਕ ਨੇ ਪੰਜਾਬੀ ਮਿੰਨੀ ਕਹਾਣੀ ਦੇ ਵਿਕਾਸ ਪੜਾਅ ਦੇ ਮੁੱਢਲੇ ਦੌਰ ਨੂੰ ਸਾਹਮਣੇ ਲਿਆਂਦਾ ਹੈ। ਉਹ ਅਜੋਕੀ ਮਿੰਨੀ ਕਹਾਣੀ ਦਾ ਜਨਮ 70ਵੇਂ ਦਹਾਕੇ ਵਿਚ ਮੰਨਦਾ ਹੈ। ਉਹ ਸੁਰਿੰਦਰ ਕੈਲੇ ਦੀ ਪਹਿਲੀ ਮਿੰਨੀ ਪਤਿ੍ਰਕਾ ‘ਅਣੂ‘ ਦੇ ਹੋਂਦ ਵਿਚ ਆਉਣ ਨਾਲ ਹੀ ਛੋਟੀਆਂ ਗ਼ਲਪੀ ਰਚਨਾਵਾਂ ਦੇ ਮੁੱਢਲੇ ਵਿਕਾਸ ਪੜਾਅ ਨੂੰ ਸਾਹਮਣੇ ਲਿਆਉਂਦਾ ਹੈ। ਉਸ ਅਨੁਸਾਰ ‘‘ਅਣੂ ਦੇ ਸੰਪਾਦਕ ਸੁਰਿੰਦਰ ਕੈਲੇ ਦਾ ਆਪਣਾ ਸਥਾਨ ਵੀ ਕਲਾਤਮਕ ਮਿੰਨੀ ਕਹਾਣੀ ਲਿਖਣ ਵਾਲੇ ਮੋਢੀ ਲੇਖਕਾਂ ਵਿਚ ਹੈ। ਇਸ ਤਰਾਂ ਪੰਜਾਬੀ ਮਿੰਨੀ ਕਹਾਣੀ ਨੂੰ ਛੋਟੇ ਗ਼ਲਪੀ ਰੂਪ ਵਜੋਂ ਮਾਨਤਾ ਦਿਵਾਉਣ ਵਾਲੀ ਅਤੇ ਪੰਜਾਬੀ ਮਿੰਨੀ ਕਹਾਣੀ ਨੂੰ ਗੰਭੀਰਤਾ ਨਾਲ ਅਪਣਾਉਣ ਵਾਲੀ ‘ਅਣੂ‘ ਪੰਜਾਬੀ ਦੀ ਪਹਿਲੀ ਸਾਹਿਤਕ ਪਤਿ੍ਰਕਾ ਹੈ। ਇਸ ਤੋਂ ਬਾਅਦ ਬੋਹਾ ਨੇ ਮਿੰਨੀ ਕਹਾਣੀ ਦੇ ਅਗਲੇ ਪੜਾਅ ਭਾਵ ਜਿਸ ਨੂੰ ਪੰਜਾਬੀ ਮਿੰਨੀ ਕਹਾਣੀ ਦੇ ਵਿਕਾਸ ਦਾ ਅਸਲੀ ਸਫ਼ਰ ਕਿਹਾ ਜਾ ਸਕਦਾ ਹੈ, ਸਾਹਮਣੇ ਲਿਆਂਦਾ ਹੈ। ਇਹ ਪੜਾਅ 1970 ਤੋਂ ਲੈ ਕੇ 2000 ਤੱਕ ਦਾ ਮੰਨਿਆ ਜਾਂਦਾ ਹੈ। ਇੱਥੇ ਇਹ ਗੱਲ ਮੰਨਣਯੋਗ ਹੈ ਕਿ ਵੀਂਹਵੀ ਸਦੀ ਦੇ ਅੰਤਲੇ ਦਹਾਕਿਆਂ ਵਿਚ ਸੂਚਨਾ, ਸੰਚਾਰ, ਸਮਾਜਿਕ, ਸੱਭਿਆਚਾਰਕ ਅਤੇ ਵਿਸ਼ਵੀਕਰਨ ਦੇ ਪ੍ਰਭਾਵ ਹੇਠ ਆਏ ਪਰਿਵਰਤਨਾਂ ਨੇ ਮਨੁੱਖੀ ਜੀਵਨ ਜਾਚ ਤੇ ਡੂੰਘਾ ਅਸਰ ਪਾਇਆ ਹੈ। ਸੋ ਇਹ ਸਮਾਂ ਵੱਡੀਆਂ ਤਬਦੀਲੀਆਂ ਦਾ ਮੰਨਿਆ ਗਿਆ ਹੈ। ਸੁਭਾਵਿਕ ਹੈ ਕਿ ਇਸ ਯੁੱਗ ਦੇ ਖੰਡਿਤ ਮਨੁੱਖ ਦੀ ਮਾਨਸਿਕਤਾ ਅਤੇ ਗੰਭੀਰ ਸਮੱਸਿਆਵਾਂ ਸਾਹਿਤ ਤੇ ਪਹਿਲਾ ਪ੍ਰਭਾਵ ਛੱਡਦੀਆਂ ਹਨ। ਗੁੰਝਲਦਾਰ ਤੇ ਜਟਿਲ ਯੁੱਗ ਦੀਆਂ ਸਮੱਸਿਆਵਾਂ ਦੀ ਪੇਸ਼ਕਾਰੀ ਲਈ ਸੰਜਮਤਾ, ਸੰਖੇਪਤਾ ਨਾਲ ਕਟਾਖਸ਼ ਕਰਨ ਲਈ ਲਘੂ ਕਥਾਵਾਂ ਇਕ ਅਹਿਮ ਸਾਧਨ ਸਾਬਿਤ ਹੋਈਆਂ ਹਨ। ਲੇਖਕ ਨੇ ਡਾ. ਸ਼ਿਆਮ ਸੁੰਦਰ ਦੀਪਤੀ, ਸ਼ਿਆਮ ਸੁੰਦਰ ਅਗਰਵਾਲ ਤੇ ਬਿਕਰਮਜੀਤ ਨੂਰ ਦਾ ਪੰਜਾਬੀ ਮਿੰਨੀ ਕਹਾਣੀ ਦੇ ਉਥਾਨ ਵਿਚ ਵਿਸ਼ੇਸ਼ ਉਲੇਖ ਕੀਤਾ ਹੈ। ਇਸ ਦੇ ਨਾਲ ਹੀ ਉਹਨੇ ਇਸ ਖੰਡਿਤ ਯੁੱਗ ਦੇ ਮਨੁੱਖ ਦੀ ਪੇਸ਼ਕਾਰੀ ਕਰਦੀਆਂ ਕਹਾਣੀਆਂ ਦੇ ਸਾਰੇ ਪ੍ਰਮੁੱਖ ਲੇਖਕਾਂ ਬਾਰੇ ਵੀ ਵਿਸਥਾਰ ਪੂਰਬਕ ਚਰਚਾ ਕੀਤੀ ਹੈ।

ਪੰਜਾਬੀ ਮਿੰਨੀ ਕਹਾਣੀ ਵਿਸ਼ਾਗਤ ਸਰੂਪ ਤੇ ਸ਼ਿਲਪ ਵਿਧਾਨ ਦੀ ਪੜਚੋਲ ਕਰਦਿਆਂ ਇਹ ਪੱਖ ਵੀ ਸਪੱਸ਼ਟ ਨਜ਼ਰ ਆਉਂਦਾ ਹੈ ਕਿ ਮਿੰਨੀ ਕਹਾਣੀ ਪਿਛਲੇ ਤਿੰਨ-ਚਾਰ ਦਹਾਕਿਆਂ ਤੋਂ ਸਮੇਂ ਦੇ ਨਾਲ-ਨਾਲ ਵਿਕਾਸ ਪੜਾਵਾਂ ਨੂੰ ਪਾਰ ਤਾਂ ਕਰਦੀ ਆਈ ਹੈ, ਨਿਵੇਕਲੀਆਂ ਪ੍ਰਸਥਿਤੀਆਂ ਅਨੁਸਾਰ ਢਲਦੀ ਵੀ ਆਈ ਹੈ। ਇਸ ਦੇ ਨਾਲ ਹੀ ਕਲਾਤਮਕ ਗੁਣਵੱਤਾ ਨੂੰ ਵੀ ਪੰਜਾਬੀ ਮਿੰਨੀ ਕਹਾਣੀ ਨੇ ਆਪਣੇ ਅੰਦਰ ਸ਼ਾਮਿਲ ਕੀਤਾ ਹੈ। ਫਿਰ ਵੀ ਲੇਖਕ ਮੰਨਦਾ ਹੈ ਕਿ ਨਵੇਂ ਦੌਰ ਦੀ ਕਹਾਣੀ ਵਿਚ ਕਿਤੇ-ਕਿਤੇ ਯਥਾਰਥਿਕਤਾ ਦੀ ਘਾਟ ਅਤੇ ਸਹੀ ਸਿਰਲੇਖ ਦੀ ਚੋਣ ਦੀ ਘਾਟ ਕਾਰਨ ਪੰਜਾਬੀ ਮਿੰਨੀ ਕਹਾਣੀ ਦਾ ਸਾਹਿਤਕ ਮਿਆਰ ਅਤੇ ਸ਼ਿਲਪ ਕਲਾ ਵਾਲਾ ਪੱਖ ਕਿਤੇ ਨਾ ਕਿਤੇ ਡੋਲ ਜਾਂਦਾ ਹੈ। ਉਹ ਨਵੇਂ ਮਿੰਨੀ ਕਹਾਣੀ ਲੇਖਕਾਂ ਨੂੰ ਅਜਿਹੀਆਂ ਊਣਤਾਈਆਂ ਤੋਂ ਬਚਣ ਦੀ ਸਲਾਹ ਵੀ ਦਿੰਦਾ ਹੈ। ਉਹ ਆਧੁਨਿਕ ਪੰਜਾਬੀ ਮਿੰਨੀ ਕਹਾਣੀ ਬਾਰੇ ਮੁਲਾਂਕਣ ਕਰਦਾ ਹੋਇਆ ਮਿੰਨੀ ਕਹਾਣੀ ਦੀਆਂ ਸੰਪਾਦਿਤ ਪੁਸਤਕਾਂ ਅਤੇ ਸੰਗ੍ਰਹਿਆਂ ‘ਤੇ ਵੀ ਝਾਤ ਪਵਾਉਂਦਾ ਹੈ। ਉਹ ਅਜੋਕੇ ਦੌਰ ਦੀ ਮਿੰਨੀ ਕਹਾਣੀ ਦੇ ਖੇਤਰ ਵਿਚ ਸੰਪਾਦਨਾ ਜਾਂ ਅਨੁਵਾਦ ਦੇ ਕੰਮ ਦਾ ਸਿਹਰਾ ਵਿਸ਼ੇਸ਼ ਤੌਰ ‘ਤੇ ਡਾ. ਦੀਪਤੀ, ਡਾ. ਅਗਰਵਾਲ ਤੇ ਬਿਕਰਮਜੀਤ ਨੂਰ ਨੂੰ ਦਿੰਦਾ ਹੈ। ਇਹਨਾਂ ਦੁਆਰਾ ਸੰਪਾਦਿਤ ਪੁਸਤਕਾਂ ਦਸ ਸਾਲ ਲੰਮਾ ਪੈਂਡਾ, ਕੁੱਖ ਦਾ ਦਰਦ, ਅਕਸ ਪੰਜਾਬ, ਪਛਾਣ, ਸਿਲਸਿਲਾ, ਰਿਸ਼ਤਿਆਂ ਦੀ ਦਾਸਤਾਂ ਆਦਿ ਜ਼ਿਕਰਯੋਗ ਹਨ।

ਇਸ ਤੋਂ ਇਲਾਵਾ ਮਿੰਨੀ ਕਹਾਣੀ ਦੇ ਅਜੋਕੇ ਦੌਰ ਵਿਚ ਧਰਮਪਾਲ ਸਾਹਿਲ, ਹਰਪ੍ਰੀਤ ਰਾਣਾ ਅਤੇ ਸੁਧੀਰ ਦਾ ਨਾਂ ਵੀ ਵਿਸ਼ੇਸ਼ ਤੌਰ ‘ਤੇ ਵਰਨਣਯੋਗ ਹੈ। ਨਿਰੰਜਣ ਬੋਹਾ ਵਲੋਂ ਇਸ ਵਿਧਾ ਬਾਰੇ ਅਧਿਐਨ ਕਰਨ ਦਾ ਮੰਤਵ ਇਹੀ ਹੈ ਕਿ ਜਦੋਂ ਤੱਕ ਕਿਸੇ ਸਾਹਿਤਕ ਵਿਧਾ ਦੀ ਢੁਕਵੀਂ ਪੜਚੋਲ ਜਾਂ ਸਮੀਖਿਆ ਨਹੀਂ ਹੁੰਦੀ, ਉਨੀ ਦੇਰ ਤੱਕ ਉਸ ਵਿਧਾ ਦੀ ਅਕਾਦਮਿਕ ਪਹਿਚਾਣ ਵੀ ਨਹੀਂ ਬਣਦੀ।

ਲੇਖਕ ਨੇ ਅਗਲੇ ਹਿੱਸਿਆਂ ਵਿਚ ਅਜੋਕੀ ਮਿੰਨੀ ਕਹਾਣੀ ਨੂੰ ਦਰਪੇਸ਼ ਚੁਣੌਤੀਆਂ ਤਹਿਤ ਇਸਦੇ ਸਮਾਜਿਕ ਨਜ਼ਰੀਏ ਬਾਰੇ ਵੀ ਪੜਚੋਲ ਕੀਤੀ ਹੈ। ਉਹ ਕਹਿੰਦਾ ਹੈ ਕਿ ਅਜੋਕੀ ਮਿੰਨੀ ਕਹਾਣੀ ਪਰੰਪਰਿਕ ਲੀਹਾਂ ਤੋਂ ਵੱਖਰੀ ਹੋ ਕੇ ਆਧੁਨਿਕ ਵਿਸ਼ਵੀਕਰਨ ਤੇ ਪੂੰਜੀਵਾਦੀ ਯੁੱਗ ਦੇ ਵਿਸ਼ਾਲ ਵਿਸ਼ਿਆਂ ਨੂੰ ਆਪਣੇ ਨਾਲ ਲੈ ਕੇ ਚੱਲ ਰਹੀ ਹੈ। ਸੋ ਇਹ ਸੰਕੇਤ ਮਿੰਨੀ ਕਹਾਣੀ ਖੇਤਰ ਦੇ ਉਸਾਰੂ ਭਵਿੱਖ ਤੇ ਵਧੇਰੇ ਵਿਸਥਾਰ ਲਈ ਚੰਗੇਰਾ ਸਾਬਿਤ ਹੋਵੇਗਾ। ਪਰ ਫਿਰ ਵੀ ਨਵੇਂ ਲੇਖਕਾਂ ਵਿਚ ਇਸ ਵਿਧਾ ਦੀ ਗੁਣਾਤਮਕਤਾ ਨੂੰ ਵਧਾਉਣ ਦੀ ਘਾਟ ਹੈ ਕਿਉਂਕਿ ਵਿਧਾ ਜੀਵਨ ਤੇ ਯਥਾਰਥ ਅਤੇ ਵਿਅੰਗ ਮੂਲਕ ਤੱਤਾਂ ਨੂੰ ਮੰਗਦੀ ਹੈ। ਬਹੁਤੀ ਵਾਰੀ ਨਵੇਂ ਲੇਖਕ ਇਹਨਾਂ ਮਹੀਨ ਤੱਤਾਂ ਤੋਂ ਜਾਣੂ ਨਹੀਂ ਹੁੰਦੇ ਤੇ ਮਿੰਨੀ ਕਹਾਣੀ ਵੀ ‘ਸਧਾਰਨ ਵਰਨਣ‘ ਹੋਣ ਕਾਰਨ ਲੋਕਾਂ ਨੂੰ ਟੁੰਬ ਨਹੀਂ ਪਾਉਂਦੀ ਜਾਂ ਫਿਰ ਇਸ ਦੇ ਉਲਟਾ ਬਹੁਤਾ ਕੋਹਝਾ ਵਿਅੰਗ ਵੀ ਕਹਾਣੀ ਦੀ ਕਲਾਤਮਕਤਾ ਨੂੰ ਘਟਾ ਦਿੰਦਾ ਹੈ। ਲੇਖਕ ਅਨੁਸਾਰ ‘ਪੰਜਾਬੀ ਦੇ ਬਹੁਤ ਸਾਰੇ ਮਿੰਨੀ ਕਹਾਣੀਕਾਰ ਇਸ ਵਿਧਾ ਵਿਚ ਵਿਅੰਗ ਦੀ ਵਰਤੋਂ ਕਰਨ ਵੇਲੇ ਬਹੁਤੀ ਸੁਚੇਤਤਾ ਨਹੀਂ ਵਰਤਦੇ। ਮਿੰਨੀ ਕਹਾਣੀ ਵਿਧਾ ਵਿਚ ਵਰਤਿਆ ਵਿਅੰਗ ਏਨਾ ਸੂਖਮ, ਗੰਭੀਰ ਤੇ ਪੈਨਾਂ ਹੋਣਾ ਚਾਹੀਦਾ ਹੈ ਕਿ ਪਾਠਕ ਦੀ ਸੰਵੇਦਨਾ ਲਾਜ਼ਮੀ ਤੌਰ ‘ਤੇ ਇਸ ਦਾ ਪ੍ਰਭਾਵ ਕਬੂਲ ਲਵੇ।‘‘ ਬੋਹਾ ਨੇ ਮਿੰਨੀ ਕਹਾਣੀ ਦੇ ਪਾਠ ਦੀ ਵੀ ਵਿਸ਼ੇਸ਼ ਅਹਿਮੀਅਤ ਦਰਸਾਈ ਹੈ। ਪ੍ਰਭਾਵਸ਼ਾਲੀ ਰਚਨਾ ਪਾਠ ਸਰੋਤਿਆਂ ਦੀਆਂ ਮਾਨਸਿਕ ਬਿਰਤੀਆਂ ਨੂੰ ਆਪਣੇ ਦੁਆਲੇ ਕੇਂਦਰਿਤ ਕਰਨ ਵਿਚ ਸਫ਼ਲ ਰਹਿੰਦਾ ਹੈ। ਅਗਲੇ ਭਾਗ ਵਿਚ ਉਹ ਪੰਜਾਬੀ ਮਿੰਨੀ ਕਹਾਣੀ ਦੇ ਸਮਾਜਿਕ ਨਜ਼ਰੀਏ ਬਾਰੇ ਜ਼ਿਕਰ ਕਰਦਾ ਹੈ ਕਿ ਮਿੰਨੀ ਕਹਾਣੀ ਲੇਖਕ ਸਿਰਫ਼ ਨਾਂਹ-ਪੱਖੀ ਅਤੇ ਸਿਰਫ਼ ਘਿ੍ਰਣਤ-ਵਾਤਾਵਰਨ ਨੂੰ ਹੀ ਆਪਣੀਆਂ ਕਹਾਣੀਆਂ ਦੇ ਵਿਸ਼ੇ ਨਾ ਬਣਾਉਣ, ਸਗੋਂ ਉਹਨਾਂ ਨੂੰ ਮਨੁੱਖਤਾ ਦੇ ਜਿਉਂਦੇ ਹੋਣ ਦੀ ਗਵਾਹੀ ਦੇਣ ਵਾਲੀ ਸੋਚ ਤੇ ਵਿਸ਼ਾਲ ਵਿਚਾਰਧਾਰਾ ਨੂੰ ਵੀ ਆਪਣੀਆਂ ਰਚਨਾਵਾਂ ਦਾ ਆਧਾਰ ਬਣਾਉਣਾ ਚਾਹੀਦਾ ਹੈ, ਨਾ ਕਿ ਸਮਾਜ ਦੇ ਦਾਇਰੇ ‘ਚੋਂ ਕੇਵਲ ਇੱਕ ਹੀ ਪਾਸਾ ਪੇਸ਼ ਕਰਨਾ ਚਾਹੀਦਾ ਹੈ। ਉਹ ਇਸ ਸਬੰਧੀ ਲੋਕ-ਹਿਤੈਸ਼ੀ ਸਾਕਾਰਤਮਕ ਪਹਿਲੂਆਂ ਨੂੰ ਅਪਣਾਉਣ ਦਾ ਸੁਝਾਵ ਵਿਸ਼ੇਸ਼ ਤੌਰ ‘ਤੇ ਦਿੰਦਾ ਹੈ।

ਇਸ ਤੋਂ ਇਲਾਵਾ ਲੇਖਕ ਪੰਜਾਬੀ ਮਿੰਨੀ ਕਹਾਣੀ ਦੀ ਅਭਿਵਿਅਕਤੀਗਤ ਸਮਰੱਥਾ ਬਾਰੇ ਵੀ ਆਪਣਾ ਠੋਸ ਦਿ੍ਰਸ਼ਟੀਕੋਣ ਪੇਸ਼ ਕਰਦਾ ਹੈ ਕਿ ਮਿੰਨੀ ਕਹਾਣੀ ਦਾ ਜੋ ਅਭਿਵਿਅਕਤੀ ਕਾਰਜ ਹੈ ਉਹ ਸਿਰਫ਼ ਕਹਾਣੀ ਪਾਠ ਤੱਕ ਹੀ ਸੀਮਿਤ ਨਹੀਂ ਹੁੰਦਾ। ਥੋੜੇ ਸਮੇਂ ਵਿਚ ਹੀ ਕਹਾਣੀ ਦੀ ਅਭਿਵਿਅਕਤੀਗਤ ਪਹੁੰਚ ‘ਕਹੇ‘ ਹੋਏ ਨਾਲੋਂ ‘ਅਣਕਹੇ‘ ਵਿਚ ਵਧੇਰੇ ਵਿਦਮਾਨ ਹੁੰਦੀ ਹੈ। ਇਸ ਤਰਾਂ ਜੋ ਅਣਕਿਹਾ ਹੈ ਉਹਦਾ ਪ੍ਰਭਾਵ ਹੀ ਪਾਠਕਾਂ ਨੇ ਕਬੂਲਣਾ ਹੁੰਦਾ ਹੈ। ਮਿੰਨੀ ਕਹਾਣੀ ਵਿਚ ਅਭਿਵਿਅਕਤੀ ਦੇ ਏਸ ਗੁਣ ਦੀ ਸਮਰੱਥਾ ਹੁੰਦੀ ਹੈ। ਪਰ ਨਵੇਂ ਦੌਰ ਦੀ ਕਹਾਣੀ ਨੇ ਅਜੇ ਅਭਿਵਿਅਕਤੀ ਦੇ ਏਸ ਕਾਰਜ ਦੇ ਨਵੇਂ ਮੁੱਲਾਂ ਨੂੰ ਅਜੇ ਹੋਰ ਖੋਜਣਾ ਹੈ।

ਇਸ ਤੋਂ ਅੱਗੇ ਨਿਰੰਜਣ ਬੋਹਾ ਪੰਜਾਬੀ ਮਿੰਨੀ ਕਹਾਣੀ ਦੇ ਵਿਸ਼ਵੀ ਸਰੋਕਾਰਾਂ ਬਾਰੇ ਝਾਤ ਪਵਾਉਂਦਾ ਹੈ। ਏਸ ਹਿੱਸੇ ਵਿਚ ਉਹਨੇ ਵੀਹਵੀਂ ਸਦੀ ਦੇ ਅੰਤਲੇ ਪੜਾਅ ਵਿਚ ਆਈ ਸਮਾਜਿਕ, ਸੱਭਿਆਚਾਰਕ ਅਤੇ ਆਰਥਿਕ ਖੇਤਰ ਵਿਚ ਆਈ ਤਬਦੀਲੀ ਦੇ ਸਾਹਿਤ ‘ਤੇ ਪਏ ਪ੍ਰਭਾਵਾਂ ਨੂੰ ਦਰਸਾਇਆ ਹੈ। ਉਹ ਸਾਹਿਤ ਅਤੇ ਪੂੰਜੀਵਾਦ ਤੇ ਵਿਸ਼ਵੀਕਰਨ ਤਹਿਤ ਪੱਛਮੀ ਮਾਨਤਾਵਾਂ ਤੇ ਸੰਕਲਪਾਂ ਨੂੰ ਆਪਸ ਵਿਚ ਤੋਲਦਾ ਹੈ ਕਿ ਅਜੋਕੀ ਪੰਜਾਬੀ ਮਿੰਨੀ ਕਹਾਣੀ ਸਾਡੇ ਸਮਾਜਿਕ, ਰਾਜਨੀਤਕ ਅਤੇ ਸੱਭਿਆਚਾਰਕ ਖੇਤਰ ਵਿਚ ਵਿਸ਼ਵੀਕਰਨ ਦੇ ਸਿੱਟਿਆਂ ਨੂੰ ਸਪੱਸ਼ਟ ਰੂਪ ਵਿਚ ਦਰਸਾਉਣ ਦੇ ਯੋਗ ਹੈ। ਇਸ ਸਬੰਧੀ ਸੁਰਿੰਦਰ ਕੈਲੇ ਦੀ ਮਿੰਨੀ ਕਹਾਣੀ ‘ਸੰਸਾਰੀਕਰਨ‘ ਬਹੁ-ਕੌਮੀ ਕੰਪਨੀਆਂ ਦੁਆਰਾ ਗਰੀਬ ਕਿਸਾਨਾਂ ਦੇ ਉਜਾੜੇ ਨੂੰ ਪੇਸ਼ ਕਰਦੀ ਹੈ। ਧਰਮਪਾਲ ਸਾਹਿਲ ਦੀ ਕਹਾਣੀ ‘ਸੋਚ ਅਤੇ ਡਾ. ਦੀਪਤੀ ਦੀ ਕਹਾਣੀ ‘ਸੋਗ ਦੀ ਟਿਊਨ‘ ਵਿਸ਼ੇਸ਼ ਤੌਰ ‘ਤੇ ਵਿਚਾਰਨਯੋਗ ਹਨ। ਇਸ ਤਣਾਓਪੂਰਨ ਯੁੱਗ ਦੇ ਪ੍ਰਭਾਵਾਂ ਨੂੰ ਨਵੇਂ ਮਿੰਨੀ-ਕਹਾਣੀਕਾਰਾਂ ਸੱਤਪਾਲ ਖੁੱਲਰ, ਨਾਇਬ ਸਿੰਘ ਮੰਡੇਰ, ਰਣਜੀਤ ਆਜ਼ਾਦ ਕਾਂਝਲਾ, ਲੂਣ-ਕਥਾ, ਨੂਰ ਸੰਤੋਖਪੁਰੀ ਅਤੇ ਪਿ੍ਰੰ. ਸੁਰਿੰਦਰ ਸਿੰਘ ਨੇ ਬੇਹਤਰੀ ਨਾਲ ਉਭਾਰਿਆ ਹੈ ਜੋ ਕਿ ਬੋਹਾ ਅਨੁਸਾਰ ਏਸ ਨਵੇਂ ਯੁੱਗ ਦੀ ਇਸ ਵਿਧਾ ਦੀ ਵਿਸ਼ੇਸ਼ ਪ੍ਰਾਪਤੀ ਹੈ। ਉਹ ਇੱਕੀਵੀਂ ਸਦੀ ਦੀ ਮਿੰਨੀ ਕਹਾਣੀ ਨੂੰ ਮਨੋਵਿਗਿਆਨਕ ਕਸਵੱਟੀ ‘ਤੇ ਪਰਖਦਾ ਹੈ ਕਿ ਵਰਤਮਾਨ ਪੜਾਅ ਤੇ ਇਹ ਵਿਧਾ ਆਪਣੇ ਪਾਤਰਾਂ ਦੀ ਮਾਨਸਿਕਤਾ ਦਾ ਗੂੜ੍ਹ ਅਧਿਐਨ ਕਰਦੀ ਹੋਈ ਪਾਠਕਾਂ ਦੀਆਂ ਸੰਵੇਦਨਾਤਮਕ ਬਿਰਤੀਆਂ ਨੂੰ ਵੀ ਆਪਣੇ ਨਾਲ ਜੋੜਦੀ ਹੈ।

ਨਿਰੰਜਣ ਬੋਹਾ ਨੇ ਆਧੁਨਿਕ ਮਿੰਨੀ ਕਹਾਣੀ ਤੇ ਪ੍ਰਸਿੱਧ ਵਿਦਵਾਨ ਖ਼ਲੀਲ ਜ਼ਿਬਰਾਨ ਦੀਆਂ ਮਿੰਨੀ ਰਚਨਾਵਾਂ ਦੀ ਤੁਲਨਾ ਕੀਤੀ ਹੈ। ਖ਼ਲੀਲ ਜ਼ਿਬਰਾਨ ਦੀਆਂ ਮਿੰਨੀ ਰਚਨਾਵਾਂ ਜੀਵਨ ਦਰਸ਼ਨ ਦੇ ਫ਼ਲਸਫ਼ੇ ਨੂੰ ਪੇਸ਼ ਕਰਦੀਆਂ, ਮਾਨਵੀ ਸਰੋਕਾਰਾਂ ਤੇ ਰਹੱਸ ਨਾਲ ਜੁੜੀਆਂ ਹੁੰਦੀਆਂ ਹਨ। ਉਹ ਛੋਟੀ ਰਚਨਾ ਵਿਚ ਜੀਵਨ ਦਾ ਵੱਡਾ ਫ਼ਲਸਫ਼ਾ ਪੇਸ਼ ਕਰ ਦਿੰਦਾ ਹੈ। ਜੋ ਕਿ ਮਨੁੱਖ ਤੇ ਮਨੁੱਖਤਾ ਨੂੰ ਅੱਗੇ ਲੈ ਕੇ ਜਾਣ ਵਾਲਾ ਹੈ। ਮਨੋਰਥ ਦੇ ਪੱਧਰ ‘ਤੇ ਵੀ ਇਹ ਰਚਨਾਵਾਂ ਆਧੁਨਿਕ ਮਿੰਨੀ ਕਹਾਣੀ ਨਾਲ ਸਮਾਨਤਾ ਰੱਖਦੀਆਂ ਹਨ। ਏਸੇ ਹੀ ਵਰਗ ਵਿਚ ਸਆਦਤ ਹਸਨ ਮੰਟੋ ਦਾ ਵੀ ਜ਼ਿਕਰ ਕੀਤਾ ਗਿਆ ਹੈ। ਉਰਦੂ ਭਾਸ਼ਾ ਦੇ ਪ੍ਰਸਿੱਧ ਅਫ਼ਸਾਨਾਨਿਗ਼ਾਰ ਮੰਟੋ ਵਲੋਂ ‘ਸੁਰਖ ਹਾਸ਼ੀਏ‘ ਦੇ ਨਾਂ ਹੇਠ ਆਪਣੇ ਸਮਕਾਲੀ ਦੁੱਖਾਂ-ਸੁੱਖਾਂ ਬਾਰੇ ਟੁਕੜਿਆਂ ਦੇ ਰੂਪ ਵਿਚ ਰਚਾਇਆ ਸੰਵਾਦ ਆਧੁਨਿਕ ਲਘੂ ਕਥਾ ਦੇ ਪਿਛੋਕੜੀ ਮੁਹਾਂਦਰੇ ਨਾਲ ਪੂਰੀ ਤਰਾਂ ਮੇਲ ਖਾਂਦਾ ਹੈ। ਉਸ ਦੀਆਂ ਇਹਨਾਂ ਲਘੂ ਰਚਨਾਵਾਂ ਦੀ ਸੰਖੇਪਤਾ, ਸਰਲਤਾ, ਸੰਜਮਤਾ, ਸੂਖਮਤਾ, ਕਟਾਖਸ਼ੀ ਚੋਭ ਅਤੇ ਇਕਹਰਾ ਤੇ ਕਸਵਾਂ ਕਥਾਨਕ ਆਦਿ ਗੁਣ ਲਘੂ ਕਥਾ ਦੇ ਨੇੜੇ ਜਾਂਦੇ ਹਨ। ਬੋਹਾ ਨੇ ਮੰਟੋ ਦੀ ਲਿਖਣ ਸ਼ੈਲੀ ਤੇ ਮਨੋਰਥ ਦੇ ਨਾਲ ਨਾਲ ਉਸਦੀ ਅਭਿਵਿਅਕਤੀ ਬਾਰੇ ਅਧਿਐਨ ਕਰਦਿਆਂ ਕਿਹਾ ਹੈ ਕਿ ‘‘ਮੰਟੋ ਵਲੋਂ ਆਪਣੀਆਂ ‘ਸੁਰਖ ਹਾਸ਼ੀਏ‘ ਰੂਪੀ ਮਿੰਨੀ ਰਚਨਾਵਾਂ ਵਿਚ ਕੀਤੀ ਵਿਅੰਗ ਦੀ ਵਰਤੋਂ ਅਜੋਕੇ ਲਘੂ ਕਥਾਕਾਰਾਂ ਨੂੰ ਸਿੱਖਿਆ ਦੇਣ ਦੇ ਕਾਬਿਲ ਹੈ।

ਪੁਸਤਕ ਦੇ ਅੰਤਲੇ ਹਿੱਸੇ ਵਿਚ ਬੋਹਾ ਨੇ ਮਿੰਨੀ ਕਹਾਣੀ ਸਬੰਧੀ ਸਮੀਖਿਆ ਦਾ ਵਿਕਾਸ ਦਰਸਾਇਆ ਹੈ। ਉਹ ਸਮੀਖਿਆ ਦੇ ਆਰੰਭਲੇ ਦੌਰ ਦੇ ਡਾ. ਅਮਰ ਕੋਲ, ਡਾ. ਮਹਿਤਾਬ-ਉਦ-ਦੀਨ ਆਦਿ ਆਲੋਚਕਾਂ ਦੇ ਇਸ ਵਿਧਾ ਪ੍ਰਤੀ ਵਿਸ਼ੇਸ਼ ਉਪਰਾਲਿਆਂ ਦਾ ਉਲੇਖ ਕਰਦਾ ਹੈ। ਡਾ. ਮਹਿਤਾਬ ਉਦ-ਦੀਨ ਦੇ ਬਾਅਦ ਸਵ: ਜਗਦੀਸ਼ ਅਰਮਾਨੀ ਤੇ ਕਰਮਵੀਰ ਸਿੰਘ, ਅਵੱਲ ਸਰਹੱਦੀ, ਨੂਰ ਸੰਤੋਖਪੁਰੀ ਤੇ ਹਰਪ੍ਰੀਤ ਸਿੰਘ ਰਾਣਾ 1993 ਵਿਚ ‘ਪੰਜਾਬੀ ਮਿੰਨੀ ਕਹਾਣੀ ਇੱਕ ਅਧਿਐਨ‘ ਪ੍ਰਕਾਸ਼ਿਤ ਕਰਵਾਉਂਦੇ ਹਨ। ਇਸ ਤੋਂ ਅਗਲੇਰੇ ਪੜਾਅ ਦੀ ਸਮੀਖਿਆ ਦੀਆਂ ਹੋਰ ਪੁਸਤਕਾਂ, ‘ਮਿੰਨੀ ਕਹਾਣੀ ਕਥਾ ਸ਼ਾਸ਼ਤਰ (1995), ‘ਪੰਜਾਬੀ ਮਿੰਨੀ ਕਹਾਣੀ ਨਿਕਾਸ ਤੇ ਵਿਕਾਸ (1998) ਤੇ ਇਸ ਤੋਂ ਇਲਾਵਾ ਡਾ. ਅਨੂਪ ਸਿੰਘ ਦੀਆਂ ਮਿੰਨੀ ਕਹਾਣੀ ਖੇਤਰ ਦੀ ਆਲੋਚਨਾ ਸਬੰਧੀ ‘ਪੰਜਾਬੀ ਮਿੰਨੀ ਕਹਾਣੀ ਸੀਮਾ ਤੇ ਸੰਭਾਵਨਾਵਾਂ 1994, ਪੰਜਾਬੀ ਮਿੰਨੀ ਕਹਾਣੀ ਵਿਕਾਸ ਪੜਾਅ 1996, ਮਿੰਨੀ ਕਹਾਣੀ ਲੇਖਕਾਂ ਨਾਲ ਖਰੀਆਂ-ਖਰੀਆਂ (2011)ਮਿੰਨੀ ਕਹਾਣੀ ਸਿਰਜਣਾ ਤੇ ਸੰਵਾਦ (ਜਗਦੀਸ਼ ਕੁਲਰੀਆਂ) 2013 ਆਦਿ ਦਾ ਵਿਸ਼ੇਸ਼ ਜ਼ਿਕਰ ਆਉਂਦਾ ਹੈ। ਲੇਖਕ ਅਨੁਸਾਰ ਮਿੰਨੀ ਕਹਾਣੀ ਦੀ ਆਲੋਚਨਾ ਅਜੇ ਵੀ ਉਸ ਹੱਦ ਤੱਕ ਨਹੀਂ ਹੋ ਸਕੀ, ਜਿੰਨਾ ਅਧਿਐਨ ਹੁਣ ਤੱਕ ਹੋ ਜਾਣਾ ਚਾਹੀਦਾ ਸੀ। ਅਸਲ ਵਿਚ ਬਹੁਤੇ ਸਮੀਖਿਆਕਾਰ ਆਪ ਹੀ ਮਿੰਨੀ ਕਥਾ ਲੇਖਕ ਹਨ। ਪੰਜਾਬੀ ਸਾਹਿਤ ਦੇ ਸਥਾਪਿਤ ਆਲੋਚਕ ਵੀ ਏਸ ਵਿਧਾ ਵਲੋਂ ਅਵੇਸਲੇ ਹਨ। ਇਹ ਵਿਧਾ ਸੂਖਮ ਕਾਰੀਗਰੀ ਦੀ ਸਿਨਫ਼ ਹੈ ਅਤੇ ਏਸ ਦੀ ਸਮੀਖਿਆ ਵੀ ਸਾਹਿਤ ਦੇ ਪ੍ਰਚੱਲਿਤ ਪੈਮਾਨਿਆਂ ਦੀ ਥਾਂ ਸੂਖਮ ਤੇ ਬਾਰੀਕ ਦਿ੍ਰਸ਼ਟੀ ਨਾਲ ਕੀਤੀ ਜਾਣੀ ਚਾਹੀਦੀ ਹੈ।

ਇਸ ਤਰਾਂ ਨਿਰੰਜਣ ਬੋਹਾ ਨੇ ਪੰਜਾਬੀ ਮਿੰਨੀ ਕਹਾਣੀ ਦੇ ਵਿਸ਼ਾਗਤ ਸਰੂਪ ਤੇ ਸ਼ਿਲਪ ਵਿਧਾਨ ਬਾਰੇ ਤਾਂ ਅਧਿਐਨ ਕੀਤਾ ਹੀ ਹੈ ਉਹ ਨਾਲ ਹੀ ਏਸ ਵਿਧਾ ਦੇ ਸਾਰੇ ਵਿਕਾਸ ਪੜਾਵਾਂ ਬਾਰੇ ਵੀ ਸੂਖਮ ਦਿ੍ਰਸ਼ਟੀ ਨਾਲ ਚਰਚਾ ਕਰਦਾ ਹੈ। ਇਸ ਦੇ ਬਾਅਦ ਮਿੰਨੀ ਕਹਾਣੀ ਦੀ ਪੜਚੋਲ ਸਬੰਧੀ ਕੰਮ ਕਰ ਰਹੇ ਵਿਦਵਾਨਾਂ ਦੇ ਸਮੀਖਿਆ ਦੇ ਕੰਮ ਬਾਰੇ ਵੀ ਉਲੇਖ ਕਰਦਾ ਹੋਇਆ, ਪੰਜਾਬੀ ਸਾਹਿਤ ਦੇ ਗਲਪੀ ਵਿਧਾਨ ਦੇ ਏਸ ਅਹਿਮ ਸਾਹਿਤਕ ਰੂਪ ਸਾਹਮਣੇ ਆਰੰਭਲੇ ਦੌਰ ਦੇ ਸਫ਼ਰ ਤੋਂ ਲੈ ਕੇ ਹੁਣ ਤੱਕ ਸਿਰਜਣਾ ਅਤੇ ਪੜਚੋਲ ਸਬੰਧੀ ਜੋ ਦਰਪੇਸ਼ ਚੁਣੌਤੀਆਂ ਹਨ, ਬਾਰੇ ਵਿਸਥਾਰ ਨਾਲ ਅਧਿਐਨ ਕੀਤਾ ਹੈ। ‘ਪੰਜਾਬੀ ਮਿੰਨੀ ਕਹਾਣੀ‘ ਵਿਸ਼ਾਗਤ ਸਰੂਪ ਤੇ ਸ਼ਿਲਪ ਵਿਧਾਨ ਏਸ ਨਵੇਂ ਦੌਰ ਵਿਚਲੇ ਗ਼ਲਪੀ ਖੇਤਰ ਦਾ ਸਮੀਖਿਆ ਸਬੰਧੀ ਅਹਿਮ ਦਸਤਾਵੇਜ਼ ਹੈ।             

Comments

sucha sungh nar

ਪ੍ਰੋਫੇਸਰ ਤਰਸਪਾਲ ਕੌਰ ਜੀ ਨੇ ਨਰੰਜਨ ਬੋਹਾ ਜੀ ਦੀ ਮਿੰਨੀ ਕਹਾਣੀ ਵਾਰੇ ਲਿਖੀ ਕਿਤਾਬ ਦੀ ਬਹੁਤ ਹੀ ਵਧੀਆ ਢੰਗ ਨਾਲ ਅਲੋਚਨਾ ਕੀਤੀ ਹੈ। ਮਿੰਨੀ ਕਹਾਣੀ ਦਾ ਆਪਣਾ ਇਕ ਰੂਪ ਹੈ ਅਤੇ ਆਪਣਾ ਹੀ ਵੱਖਰਾ ਸਥਾਨ ਹੈ। ਇਹ ਮਿੰਨੀ ਕਹਾਣੀ ਦੀ ਵਿਧਾ ਇੱਕ ਵੱਡੀ ਗੱਲ ਨੂੰ ਕੁੱਜੇ ਵਿੱਚ ਸਮੁੰਦਰ ਬੰਦ ਕਰਨ ਵਾਂਗ ਹੈ। ਬਹੁਤ ਹੀ ਬਰੀਕੀ ਨਾਲ ਕਿਸੇ ਘਟਨਾ ਨੂੰ ਲੈਕੇ ਇਸਦੀ ਰਚਨਾ ਕੀਤੀ ਜਾਂਦੀ ਹੈ। ਬਹੁਤ ਸਾਰੇ ਮਿੰਨੀ ਕਹਾਣੀ ਲੇਖਕ ਚੁਟਕਲੇ ਨੁਮਾਂ ਮਿੰਨੀ ਕਹਾਣੀਆਂ ਲਿਖਕੇ ਹੀ ਆਪਣੇ ਆਪ ਨੂੰ ਸੰਤੁਸ਼ਟ ਕਰ ਲੈਂਦੇ ਹਨ ਜਿਹਨਾਂ ਦਾ ਪਾਠਕ 'ਤੇ ਪੂਰਾ ਪ੍ਰਭਾਵ ਨਹੀਂ ਪੈਂਦਾ। ਇਹ ਲੇਖ ਪ੍ਰੋਫੈਸਰ ਤਰਸਪਾਲ ਕੌਰ ਜੀ ਦਾ ਅਤੇ ਨਰੰਜਣ ਬੋਹਾ ਜੀ ਦੀ ਮਿੰਨੀ ਕਹਾਣੀਆਂ ਵਾਰੇ ਲਿਖੀ ਕਿਤਾਬ ਮਿੰਨੀ ਕਹਾਣੀ ਲੇਖਕਾਂ ਨੂੰ ਜ਼ਰੂਰ ਹੀ ਦੋਵੇਂ ਪੜ੍ਹਨੇ ਚਾਹੀਦੇ ਹਨ। ਪ੍ਰੋਫੈਸਰ ਤਰਸਪਾਲ ਕੌਰ ਜੀ ਇਹ ਲੇਖ ਲਿਖਣ ਲਈ ਵਧਾਈ ਦੇ ਪਾਤਰ ਹਨ।

Rohit

Good

Arshdeep kaur

Good

Security Code (required)



Can't read the image? click here to refresh.

Name (required)

Leave a comment... (required)





ਸਾਹਿਤ ਸਰੋਦ ਤੇ ਸੰਵੇਦਨਾ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ