ਅੱਜ ਦਾ ਯੁੱਗ ਦੱਬੇ ਕੁਚਲਿਆਂ ਲਈ ਨਿਰਾਦਰੀ ਦਾ ਯੁੱਗ ਹੈ। ਅੱਜ ਦਾ ਸਾਰਾ ਢਾਂਚਾ ਨੰਗਾ ਹੋ ਗਿਆ ਹੈ। ਕੱਲ੍ਹ ਨਾਲੋਂ ਅੱਜ ਲਾਲ ਦੇ ਤਬਕੇ ਕੋਲ ਵਧੇਰੇ ਮੁਸ਼ਕਲਾਂ ਹਨ। ਇਸ ਸਮਾਜ ਦੇ ਅੰਦਰ-ਬਾਹਰ ਤਲਖ਼ੀ ਹੈ। ਇਹ ਤਬਕਾ ਧੂਏਂ ਦੇ ਕੌੜੇ ਘੁੱਟ ਪੀ ਰਿਹਾ ਹੈ। ‘ਬਸੰਤ ਦੀ ਗਰਜ’ ਵੇਲੇ ਵੀ ਇਹ ਤਬਕਾ ਏਹੀ ਹੋਣੀ ਹੰਢਾ ਰਿਹਾ ਸੀ। ਲਾਲ ਮਾਸਟਰ ਲੱਗਣ ਲਈ ਕੋਰਸ ਕਰਨ ਲੱਗਾ। ਪਰ ਸਮੇਂ ਦੇ ਥਪੇੜਿਆਂ ਨੇ ਇਹਨੂੰ ਮਾਸਟਰੀ ਕਰਨ ਨਾ ਦਿੱਤੀ। ਉਂਝ ਉਹਦੇ ਹੋਂਠਾਂ ਤੇ ਕਵਿਤਾ ਆ ਗਈ ਸੀ। ਉਹ ਆਪਣੇ ਲੋਕਾਂ ਦੇ ਕਠੋਰ ਤੇ ਕਰੂਰ ਯਥਾਰਥ ਨੂੰ ਕਵਿਤਾ ਵਿੱਚ ਲਿਆਉਣ ਲੱਗਾ ਸੀ। ਉਹਦੇ ਕੋਲ ਜ਼ਿੰਦਗੀ ਦਾ ਸੱਚ ਵੀ ਸੀ ਅਤੇ ਸ਼ਬਦਾਂ ਦੀ ਸੁੱਚ ਵੀ ਸੀ। ਜੇ ਉਹ ਕਵੀ ਸੀ ਤਾਂ ਉਹਦੇ ਕੋਲ ਸੰਵੇਦਨਾ ਵੀ ਸੀ। ਪਰ ਨਾਲ ਵਿਦਰੋਹੀਆਂ ਵਾਲੀ ਜ਼ਿੱਦ ਵੀ ਸੀ। ਉਦੋਂ ਹੀ ਭਾਰਤ ਦੀ ਸਿਆਸਤ ਵਿੱਚ ਨਕਸਲਵਾੜੀ ਦਾ ਦਖ਼ਲ ਹੁੰਦਾ ਹੈ। ਨਕਸਲਵਾੜੀ ਦਾ ਉਦੇਸ਼, ਨਿਰਾਦਰੀ ਦੇ ਯੁੱਗ ਨੂੰ ਪਲਟਾਉਣਾ ਸੀ। ਹਾਸ਼ੀਆਗ੍ਰਸਤਾਂ ਦੇ ਹੱਥਾਂ ਵਿੱਚ ਦੇਸ਼ ਦੀ ਵਾਗ ਡੋਰ ਸੰਭਾਲਣੀ ਸੀ। ‘ਜੋ ਲੜਨਾ ਨਹੀਂ ਜਾਣਦੇ, ਜੋ ਲੜਨਾ ਨਹੀਂ ਚਾਹੁੰਦੇ। ਉਹ ਗੁਲਾਮ ਬਣਾ ਲਏ ਜਾਂਦੇ ਹਨ।’ ਕਥਨ ਦਾ ਲਾਲ ਨੂੰ ਛੇਤੀਂ ਇਲਮ ਹੋ ਗਿਆ ਸੀ। ਲਾਲ ਵੀ ਇਸ ਲਹਿਰ ਦਾ ਨਾਅਰਾ ਪ੍ਰਚੰਡ ਕਰਨ ਤੁਰ ਪਿਆ ਸੀ। ਜ਼ਿਲ੍ਹਾ ਲੁਧਿਆਣਾ ਵਿੱਚ ਬਲਦੇਵ ਸਿੰਘ ਸੰਘੋਲ, ਅਮਰ ਸਿੰਘ ਅੱਚਰਵਾਲ, ਬਾਬੂ ਰਾਮ ਬੈਰਾਗੀ ਤੇ ਹੋਰ ਨਕਸਲਵਾੜੀ ਦੀ ਬਗਾਵਤ ਨੂੰ ਜਥੇਬੰਦ ਕਰਨ ਲੱਗੇ ਹੋਏ ਸਨ। ਇਹ ਉਨ੍ਹਾਂ ਦਾ ਆੜੀ ਸੀ। ਇਹਨੂੰ ਲਹਿਰ ਵਿਚੋਂ ਲੋਕਾਂ ਦੇ ਮੁਕਤੀ ਸੰਗਰਾਮ ਦਾ ਰਾਹ ਦਿਸਿਆ।
1968 ਵਿੱਚ ਛਪਾਰ ਦੇ ਮੇਲੇ ‘ਤੇ ਨਕਸਲੀਆਂ ਨੇ ਖੁੱਲ਼੍ਹੀ ਸਟੇਜ ਤੋਂ ਪੰਜਾਬ ਵਿੱਚ ਬਗਾਵਤ ਕਰਨ ਦਾ ਐਲਾਨ ਕੀਤਾ ਸੀ। ਚਾਰ ਪੋਕਟਾਂ ਤੇ ਕਬਜ਼ੇ ਦੀ ਨੀਤੀ ਘੜੀ ਸੀ। ਚੱਕਮਾਈ ਦਾਸ ਵਾਲੇ ਮਾਸਕੋ ਰਿਟਰਨੀ ਗਦਰੀ ਬਾਬੇ ਬੂਝਾ ਸਿੰਘ ਦੀ ਤਕਰੀਰ ਸੁਣ ਕੇ ਲਾਲ ਹੁਰੀਂ ਮੌਤ ਨੂੰ ਮਾਸੀ ਕਹਿਣ ਤੁਰ ਪਏ ਸਨ। ਭੀਖੀ-ਸਮਾਓ, ਕਿਲ੍ਹਾ ਹਕੀਮਾਂ ‘ਤੇ ਹਾਜੀਪੁਰ ਦੀਆਂ ਜ਼ਮੀਨਾਂ ਅਤੇ ਬਿਰਲਾ ਫਾਰਮ ਤੇ ਕਬਜ਼ੇ ਕਰਨ ਲਈ ਖਾੜਕੂ ਘੋਲ ਕਰਨ ਲਈ ਡਿਊਟੀਆਂ ਵੰਡੀਆਂ ਗਈਆਂ। ਲੁਧਿਆਣੇ ਤੇ ਰੋਪੜ ਦੇ ਕਾਮਰੇਡਾਂ ਨੇ ਬਿਰਲਾ ਫਾਰਮ ਤੇ ਝੰਡੇ ਗੱਡਣੇ ਸਨ। ਫਾਰਮ ਦੇ ਮਜ਼ਦੂਰਾਂ ਨੂੰ ਉਨ੍ਹਾਂ ਦੀਆਂ ਮੰਗਾਂ ਦੇ ਬਹਾਨੇ ਕਬਜ਼ੇ ਲਈ ਤਿਆਰ ਕਰਨਾ ਸੀ। ਦੋਨਾਂ ਜ਼ਿਲ੍ਹਿਆਂ ਦੇ ਜਿਨ੍ਹਾਂ ਕਾਮਰੇਡਾਂ ਨੇ ਉਥੋਂ ਦੀ ਕਮਾਂਡ ਸੰਭਾਲੀ, ਉਨ੍ਹਾਂ ਵਿੱਚ ਲਾਲ ਵੀ ਸੀ। ਉਂਝ ਸੁਣਨ ‘ਚ ਆਇਆ, ਇਨ੍ਹਾਂ ਦਾ ਆਗੂ ਦਇਆ ਸਿੰਘ ਇਮਾਨਦਾਰ ਅਤੇ ਕੁਰਬਾਨੀ ਵਾਲਾ ਸਖ਼ਸ਼ ਸੀ। ਹੜਤਾਲ ਦੌਰਾਨ ਹੀ ਪੁਲਿਸ ਜਬਰ ਦਾ ਕਹਿਰ ਢਹਿ ਗਿਆ। ਸੱਭ ਤੋਂ ਪਹਿਲਾਂ ਇਹਦਾ ਸ਼ਿਕਾਰ ਹੋਇਆ ਸਲਾਬਤਪੁਰ ਖੇੜੀ ਵਾਲਾ ਮਾਸਟਰ ਹਰਦੇਵ ਸਿੰਘ। ਉਹਦੇ ਉੱਤੇ ਪੁਲਿਸ ਦਾ ਜਬਰ ਇੰਨਾ ਕਰੂਅਲ ਕਿਸਮ ਦਾ ਸੀ । ਇਨ੍ਹਾਂ ਕਾਮਰੇਡਾਂ ਨੇ ਚਮਕੌਰ ਸਾਹਿਬ ਦੇ ਓਸ ਥਾਣੇਦਾਰ ਨੂੰ ਸੋਧਣ ਦੀ ਸੋਚ ਲਈ ਜਿਸ ਨੇ ਮਾਸਟਰ ਤੇ ਉਸ ਦੇ ਸਾਥੀਆਂ ਦਾ ਪੋਟਾ-ਪੋਟਾ ਭੰਨਿਆ ਸੀ। 30 ਅਪ੍ਰੈਲ 1969 ਨੂੰ ਇਹ ਐਕਸ਼ਨ ਥਾਣੇਦਾਰ ਨੂੰ ‘ਅਕਲ ਦੇਣ’ ਅਤੇ ਹਥਿਆਰ ਲੁੱਟਣ ਦੇ ਮਨਸ਼ੇ ਨਾਲ ਕੀਤਾ ਗਿਆ।
ਪੰਜਾਬ ਵਿੱਚ ਥਾਣੇਦਾਰ ਉਤੇ ਨਕਸਲੀਆਂ ਦਾ ਇਹ ਪਹਿਲਾ ਹਮਲਾ ਹੀ ਅਸਫ਼ਲ ਹੋ ਗਿਆ ਸੀ। ਤਾਰਾ ਸਿੰਘ ਚਲਾਕੀ, ਲਾਲ ਸਿੰਘ ਦਿਲ ਸਮੇਤ ਜਿਨ੍ਹਾਂ 10 ਜਣਿਆਂ ਨੇ ਇਸ ਹਮਲੇ ਵਿੱਚ ਹਿੱਸਾ ਲਿਆ ਸੀ, ਪੰਜਾਬ ਵਿੱਚ ਚਰਚਿਤ ਹੋ ਗਏ ਸਨ। ਭਾਵੇਂ ਅੰਬਰਸਰੀਆ ਲਖਵਿੰਦਰ ਸਿੰਘ ਥਾਣੇ ਅੰਦਰ ਪੁਲਸੀਆਂ ਦੇ ਕਾਬੂ ਆ ਗਿਆ ਸੀ, ਦਿਆ ਸਿੰਘ ਝੂਠੇ ਪੁਲਿਸ ਮੁਕਾਬਲੇ ਦਾ ਸ਼ਿਕਾਰ ਹੋ ਗਿਆ ਸੀ। ਤਾਰਾ ਸਿੰਘ ਚਲਾਕੀ ਨੇ ਭਰਾ ਗੁਆ ਲਿਆ ਸੀ ਤੇ ਆਪ ਹੁਸ਼ਿਆਰਪੁਰ ਜਿਲ੍ਹੇ ਦੀ ਕਮਾਂਡ ਸੰਭਾਲ ਲਈ ਸੀ। ਪਰ ਲਾਲ ਸਿੰਘ ੁਿਦਲ ਬਾਕੀਆਂ ਵਾਂਗ ਪੁਲਿਸ ਦੇ ਅੜਿੱਕੇ ਆ ਗਿਆ ਸੀ। ਦੇਸ਼ ਦੀ ਪੁਲਿਸ ਉਨ੍ਹਾਂ ਅੰਗਰੇਜ਼ਾਂ ਦੀ ਵਾਰਿਸ ਹੈ ਜਿਹੜੇ ਬੇਗਾਨਿਆਂ ਤੇ ਦੋ ਸੌ ਸਾਲ ਰਾਜ ਕਰਦੇ ਰਹੇ ਹਨ। ਉਨ੍ਹਾਂ ਇੰਨਾ ਲੰਬਾ ਰਾਜ ਕਰਨ ਲਈ ਹਰ ਹਰਬਾ ਵਰਤਿਆ। ਪੁਲਿਸ ਨੂੰ ‘ਖੁਲ੍ਹਾਂ’ ਦੇਣੀਆਂ ਤਾਂ ਉਨ੍ਹਾਂ ਦੀ ਲੋੜ ਸੀ। 15 ਅਗਸਤ 1947 ਤੋਂ ਬਾਅਦ ਇਨ੍ਹਾਂ ‘ਖੁਲ੍ਹਾਂ’ ਦੀ ਲੋੜ ਉਨ੍ਹਾਂ ਦੇ ਵਾਰਿਸ ਭਾਰਤੀ ਹਾਕਮਾਂ ਨੂੰ ਵੀ ਰਹੀ ਹੈ। ਇਹ ‘ਖੁਲ੍ਹਾਂ’ ਲਾਲ ਤੇ ਵਰਤੀਆਂ ਗਈਆਂ। ਲਾਲ ਨੂੰ ਯੁੱਗ ਪਲਟਾਉਣ ਦੇ ਦੋਸ਼ ਵਿੱਚ ‘ਬੰਦੇ ਦਾ ਪੁੱਤ’ ਬਣਾਇਆ ਗਿਆ। ਪੁਲਿਸ ਜਦੋਂ ਕਿਸੇ ਨੂੰ ‘ਬੰਦੇ ਦਾ ਪੁੱਤ’ ਬਣਾਉਂਦੀ ਹੈ ਉਹਦੇ ਅਰਥ ਗਦਰੀਆਂ ਨੂੰ ਪਤਾ ਜਾਂ ਕਿਰਤੀਆਂ ਨੂੰ ਜਾਂ ਨੌਜੁਆਨ ਭਾਰਤ ਸਭਾ ਵਾਲਿਆਂ ਨੂੰ ਜਾਂ ਲਾਲ ਪਾਰਟੀ ਵਾਲਿਆਂ ਨੂੰ ਜਾਂ ਨਕਸਲੀਆਂ ਨੂੰ। ਬੂਝਾ ਸਿੰਘ, ਦਰਸ਼ਨ ਦੁਸਾਂਝ ... ਤੋਂ ਲੈ ਕੇ ਲਾਲ ਸਿੰਘ ਤੱਕ ਸਾਰੇ ਇਹ ਅਰਥ ਸਮਝਾ ਸਕਦੇ ਸੀ ਜਾਂ ਉਨ੍ਹਾਂ ਦੇ ਜਿਊਂਦੇ ਸਾਥੀ।
ਇੱਕ ਪਾਸੇ ਪੁਲਿਸ ਇਨਕਲਾਬਪਸੰਦਾਂ ਤੇ ਕਹਿਰ ਵਰਤਾ ਰਹੀ ਸੀ। ਪੰਜਾਬ ਦੀ ਅਣਖ ਬਾਬਾ ਬੂਝਾ ਸਿੰਘ, ਬਾਬਾ ਹਰੀ ਸਿੰਘ ਮਰਗਿੰਦ, ਦਿਆ ਸਿੰਘ ਆਦਿ ਦੇ ਸਿਰ ਵੱਢੇ ਜਾ ਰਹੇ ਸਨ। ਦੂਜੇ ਪਾਸੇ ਚਮਕੌਰ ਸਾਹਿਬ ਦੇ ਥਾਣੇ ਤੇ ਹਮਲੇ ਨੂੰ ਲੈ ਕੇ ਜਥੇਬੰਦੀ ‘ਚ ਦੋ ਫਾੜ੍ਹ ਪੈ ਗਈ ਸੀ। ਅਜਿਹੀਆਂ ਹਾਲਤਾਂ ਵਿੱਚ ਗਰੀਬ ਘਰਾਂ ਤੋਂ ਉਠੇ ਮੁੰਡੇ ਤਾਰਾ ਸਿੰਘ ਚਲਾਕੀ ਵਰਗੇ ਨਵੇਂ ਖੇਤਰਾਂ ਵਿੱਚ ਡਟੇ ਹੋਏ ਸਨ। ਉਹ ਨਵੀਂ ਭਰਤੀ ਵੀ ਕਰ ਰਹੇ ਸਨ ਤੇ ਬੰਦੂਕ ਦਾ ਮੋਰਚਾ ਵੀ ਸੰਭਾਲਿਆ ਹੋਇਆ ਸੀ। ਪਰ ਲਾਲ ਸਿੰਘ ਉੱਤੇ ਪੁਲਿਸ ਕਹਿਰ ਨੇ ਦਹਿਸ਼ਤ ਪਾ ਲਈ ਸੀ। ਉਹ ਇਸ ਦਹਿਸ਼ਤ ਦਾ ਮਾਰਿਆ ਯੂ.ਪੀ. ਜਾ ਵੜਿਆ ਸੀ। ਉੱਥੇ ਉਹਨੇ ਢਿੱਡ ਨੂੰ ਝੁਲਕਾ ਦੇਣ ਲਈ ਬਹੁਤ ਸਾਰੀਆਂ ਘਾਲਣਾ ਘਾਲੀਆਂ।ਉਹ ਇਨ੍ਹਾਂ ਦਿਨਾਂ ਵਿੱਚ ਪੰਜਾਬ ਦੇ ਨਕਸ਼ੇ ਤੇ ਗੁੰਮ ਹੀ ਹੋ ਗਿਆ ਸੀ।
ਉਹਦੀ ਜ਼ਿੰਦਗੀ ਦਾ ਸਿਆਸਤ ਵਾਲਾ ਪੰਨਾ ਉੱਡ-ਪੁੱਡ ਗਿਆ। ਪਰ ਉਹਦੇ ਕੋਲ ਕਵਿਤਾ ਦੀ ਸ਼ਕਤੀ ਸੀ। ਉਹਦੀ ਕਵਿਤਾ ਆਪਣਾ ਲੋਹਾ ਮੰਨਵਾ ਚੁੱਕੀ ਸੀ। ਪਰ ਇਕ ਗੁੰਮਨਾਮ ਕਵੀ ਦੇ ਨਾਲ ਉਹਦੀ ਕਵਿਤਾ ਵੀ ਦਫ਼ਨ ਹੋ ਗਈ ਸੀ। ਅਮਰਜੀਤ ਚੰਦਨ ਨੇ ‘ਸਤਲੁਜ ਦੀ ਹਵਾ’ ਰਾਹੀਂ ਪੰਜਾਬ ਦੇ ਲੋਕਾਂ ਨੂੰ ਉਸ ਸ਼ਾਇਰ ਦੇ ਜਿਉਂਦੇ ਹੋਣ ਬਾਰੇ ਦੱਸਿਆ। ਦਿਲ ਨੇ ਪਹਿਲੀ ਵਾਰ ਉਨ੍ਹਾਂ ਲੋਕਾਂ ਨੂੰ ਸ਼ਬਦਾਂ ਦੇ ਸੰਸਾਰ ਵਿੱਚ ਲਿਆਂਦਾ, ਜਿਹੜੇ ਅਣਹੋਏ ਤੇ ਨਿਆਸਰੇ ਸਨ। ਜਿਨ੍ਹਾਂ ਦਾ ਕੋਈ ਨਹੀਂ ਸੀ। ਚਾਹੇ ਉਹ ਕੁੜੈਲੀ ਪਿੰਡ ਦੀਆਂ ਵਾਸਣਾਂ ਸਨ, ਵੇਸਵਾਵਾਂ ਸਨ, ਮੈਲ ਕੱਢਣ ਵਾਲੇ ਸਨ, ਭਗਤਣੀ ਮੀਰਾ ਸੀ, ਚਾਹੇ ਛੱਜ ਵੇਚਣ ਵਾਲੇ ਸਨ ਜਾਂ ਗਧੀਲੇ ਸਨ। ਉਹ ਵਾਰ-ਵਾਰ ਪੀੜਤ ਔਰਤਾਂ ਨੂੰ ਆਪਣੀ ਕਲਮ ਦੀ ਮਾਰ ਹੇਠ ਲਿਆਉਂਦਾ। ਉਹਦੇ ਆਪਣੇ ਕੋਲ ਵੀ ਔਰਤ ਨਹੀਂ ਸੀ। ਉਹਦੇ ਅੰਦਰ ਔਰਤ ਲਈ ਤੜਪ ਸੀ। ਉਹਨੂੰ ਸਾਰੀ ਉਮਰ ਔਰਤ ਦਾ ‘ਮੁੱਖ’ ਦੇਖਣਾ ਨਸੀਬ ਨਾ ਹੋਇਆ।
ਔਰਤ ਦੇ ਸਾਥ ਲਈ ਅਤੇ ਸਵੈਮਾਣ ਨੇ ਉਹਨੂੰ ਮੁਸਲਮਾਨ ਬਣਨ ਲਈ ਮਜ਼ਬੂਰ ਕਰ ਦਿੱਤਾ। ਉਹ ਮੁਸਲਮਾਨ ਕੀ ਬਣਿਆ ਉਹਦੇ ਯਾਰ ਅਮਰਜੀਤ ਚੰਦਨ ਨੇ ਉਹਦੀ ਮੌਤ ਦਾ ਲਿਖਤੀ ਐਲਾਨ ਕਰ ਦਿੱਤਾ। ਉਹ ਲਾਲ ਸਿੰਘ ਦਿਲ ਤੋਂ ਮੁਹੰਮਦ ਬੁਸ਼ਰਾ ਤਾਂ ਬਣ ਗਿਆ ਪਰ ਉਹਨੂੰ ਨਾ ਔਰਤ ਮਿਲੀ ਨਾ ਆਦਰ-ਮਾਣ। ਇਸਲਾਮ ਧਾਰਨ ਕਰਨਾ ਉਹਦਾ ਜਾਤੀ ਤਸ਼ੱਦਦ ਪ੍ਰਤੀ ਵਿਦਰੋਹ ਸੀ ਪਰ ਇਸ ਦੇਸ਼ ਵਿੱਚ ਸੱਭ ਥਾਂ ਜਾਤ ਬੰਦੇ ਨੂੰ ਮਾਰਦੀ ਹੈ। ਉਸ ਨੂੰ ਸਮਰਾਲੇ ਦੀ ਮਜ਼ਦੂਰ ਬਸਤੀ ਦਾ ਲਾਲੂ ਹੀ ਬਣਾਈ ਰੱਖਿਆ ਗਿਆ। ਉਹ ਇਹ ਭੁੱਲ ਗਿਆ ਸੀ ਕਿ ਇਸ ਦੇਸ਼ ਵਿੱਚ ਧਰਮ ਤਾਂ ਹੈ ਹੀ ਨਹੀਂ ਸਿਰਫ ਜਾਤਾਂ ਹੀ ਨੇ। ਬੰਦਾ ਸਿੱਖ ਹੋ ਜਾਵੇ ਜਾਂ ਮੁਸਲਮਾਨ ਕੀ ਫਰਕ ਪੈਂਦਾ ਹੈ। ਉਹ ਹਿੰਦੂ ਸੰਸਕ੍ਰਿਤੀ ਦਾ ਭੰਨਿਆ ਹੀ ਰਹੇਗਾ। ਇਨ੍ਹਾਂ ਧਰਮਾਂ ਦੇ ਗ੍ਰੰਥ ਜ਼ਰੂਰ ਵੱਖਰੇ ਹਨ, ਪਛਾਣ ਚਿੰਨ੍ਹ ਜ਼ਰੂਰ ਵੱਖਰੇ ਹਨ, ਪਰ ਅੰਦਰ ਸਾਰਿਆਂ ਦਾ ਸਾਂਝਾ ਹੈ। ਉਹ ਗਰੀਬ ਨੂੰ ਲਾਲੂ ਹੀ ਬਣਾਈ ਰੱਖਣਾ ਚਾਹੁੰਦੇ ਹਨ। ਉਹਨੂੰ ਜ਼ਿਆਦਾ ਗੁੱਸਾ ‘ਆਪਣਿਆ’ ਤੇ ਸੀ। ਜਿਹੜੇ ਉਹਦੇ ਸੰਗੀ ਸਾਥੀ ਸਨ, ਉਹਦੇ ਲੇਖਕ ਭਰਾ ਸਨ। ਪੰਜਾਬੀ ਸਾਹਿਤ ਦੇ ਵੱਡੇ-ਵੱਡੇ ਵਿਦਵਾਨ ਸਨ।
ਇਸਲਾਮ ਨੇ ਭਾਵੇਂ ਉਹਨੂੰ ਹੋਰ ਕੁੱਝ ਨਹੀਂ ਦਿੱਤਾ। ਪਰ ਉਹਨੂੰ ਮਸਤ ਮਲੰਗ ਬਣਾ ਦਿੱਤਾ ਸੀ। ਉਹਦਾ ਸਾਥ ਕਬਰਾਂ ਨਾਲ, ਰੋਜ਼ਿਆਂ ਨਾਲ ਅਤੇ ਮਸਜਿਦਾਂ ਨਾਲ ਹੋ ਗਿਆ ਸੀ। ਨਸ਼ਿਆਂ ਨੇ ਉਹਨੂੰ ਮਸਤ-ਮਸਤ ਬਣਾ ਦਿੱਤਾ ਸੀ। ਉਹ ਕਦੇ ਪੰਜ ਪੀਰਾਂ ਵਿੱਚ ਸ਼ਾਮਿਲ ਹੋ ਜਾਂਦਾ। ਕਦੇ ਉਹਨੂੰ ਦੋ ਗੁਤਾਂ ਵਾਲੀ ਜਮਾਤਣ ਦਿੱਖਣ ਲੱਗ ਪੈਂਦੀ, ਜਿਹਨੂੰ ਉਹਨੇ ਕਿਹਾ ਸੀ-
ਮੈਨੂੰ ਪਿਆਰ ਕਰਦੀਏ
ਪਰ-ਜ਼ਾਤ ਕੁੜੀਏ,
ਸਾਡੇ ਸਕੇ ਮੁਰਦੇ ਵੀ
ਇੱਕ ਥਾਂ ‘ਤੇ ਨਹੀਂ ਜਲਾਉਂਦੇ।
ਕਦੇ ਉਹਨੂੰ ਗਾਲ੍ਹਾਂ ਕੱਢਦੇ ਪੁਲਸੀਏ ਦਿੱਖਣ ਲੱਗ ਪੈਂਦੇ ਤੇ ਕਦੇ ਕੁੱਝ ਹੋਰ। ਪੁਲਿਸ ਤਸ਼ੱਦਦ, ਯੂ.ਪੀ ਦੀ ਰੂਪੋਸ਼ੀ, ਸਮਾਜ ਦੀ ਮਾਰ ਅਤੇ ਨਸ਼ਿਆਂ ਨੇ ਉਹਨੂੰ ਕੁੱਝ ਤੋਂ ਕੁੱਝ ਬਣਾ ਦਿੱਤਾ ਸੀ। ਉਹਦੀ ਜਦੋਂ ਪੰਜਾਬ ਵਾਪਸੀ ਹੋਈ ਉਦੋਂ ਪੁਲਿਸ ਦਾ ਡਰ ਨਹੀਂ ਸੀ। ਸਰਕਾਰ ਕਦੋਂ ਦੀ ਆਮ ਮੁਆਫੀ ਦੇ ਚੁੱਕੀ ਸੀ। ਪਰ ਉਹ ਮਾਨਸਿਕ ਤੌਰ ਤੇ ਉਖੜਿਆ ਹੋਇਆ ਸੀ। ਉਹ ਆਪਣੀ ਜਨਮ ਭੌਂਇ ਤੇ ਤਾਂ ਆ ਗਿਆ ਸੀ। ਪਰ ਕਬਰਾਂ ਮਸਜ਼ਿਦਾਂ ਹੀ ਉਹਨੂੰ ਖਿੱਚੀ ਰੱਖਦੀਆਂ। ਉਹ ਕੋਈ ਕੰਮ ਕਰਨ ਦੇ ਸਮਰੱਥ ਨਹੀਂ ਰਿਹਾ ਸੀ। ਨਕਸਲੀ ਬਗਾਵਤ ਨੇ ਰਾਜਨੀਤਿਕ ਫਰੰਟ ਤੋਂ ਬਾਅਦ ਸਾਹਿਤਕ ਪੱਧਰ ‘ਤੇ ਜਿਹੜੀ ਦਖ਼ਲ ਅੰਦਾਜ਼ੀ ਕੀਤੀ ਸੀ, ਉਸ ਵਿੱਚ ਦਿਲ ਦਾ ਅਹਿਮ ਰੋਲ ਸੀ। ਪਰ ਉਦੋਂ ਉਹ ਗੁਜ਼ਾਰੇ ਲਈ ਦੂਸਰਿਆਂ ਦੇ ਵੱਸ ਪੈ ਗਿਆ ਸੀ। ਉਹਦੇ ਨਾਲ ਦੇ ਸਾਥੀ ਜਾਂ ਤਾਂ ਸੈੱਟ ਹੋ ਚੁੱਕੇ ਸਨ ਜਾਂ ਲੜਾਈ ਦੇ ਫਰੰਟਾਂ ‘ਤੇ ਸਨ।ਇਹ ਅਣਜਿੱਤੀ ਲੰਕਾ ਦੇ ‘ਰਾਮ’ ਤੇ ਹਾਰਾਂ ਦੇ ਝੰਬੇ ਹੋਏ ਆਪ ਪਤਾ ਨਹੀਂ ਕਿਹੜੇ-ਕਿਹੜੇ ਫਰੰਟਾਂ ‘ਤੇ ਲੜ ਰਹੇ ਸਨ। ਉਨ੍ਹਾਂ ਲਾਲ ਸਿੰਘ ਦੀ ਕੀ ਮਦਦ ਕਰਨੀ ਹੋਈ। ਲਾਲ ਕਿਹੜਾ ਉਨ੍ਹਾਂ ਦੇ ਰਾਹ ਦਾ ਪਾਂਧੀ ਰਿਹਾ ਸੀ। ਸੈੱਟ ਹੋਇਆਂ ਨਾਲ ਉਹਦਾ ਕਰੂਰਾ ਨਹੀਂ ਮਿਲਣਾ ਸੀ। ਉਨ੍ਹਾਂ ਦੀ ਜਮਾਤ ਬਦਲ ਗਈ ਸੀ। ਪਰ ਉਹ ਉਹਦੀ ਪੁਰਾਣੀ ਕਵਿਤਾ ਦੇ ਸਰੂਰ ‘ਚ ਵਡਿਆਈ ਜ਼ਰੂਰ ਕਰਦੇ।
ਉਹ ਅੱਧ ਪਚੱਧਾ ਹਿੱਲ ਗਿਆ ਸੀ। ਕਈ ਤਰ੍ਹਾਂ ਦੇ ਕਮਲ ਘੋਟਦਾ। ਉਸ ਦੀਆਂ ਟਿੱਪਣੀਆਂ ਨੂੰ ਰਹੱਸਮਈ, ਭੇਦਭਰੀਆਂ ਅਤੇ ਅਧਿਆਤਮਵਾਦੀ ਬਣਾ ਕੇ ਪੇਸ਼ ਕੀਤਾ ਜਾਣ ਲੱਗਾ ਸੀ। ਉਹ ਕੁੱਝ ਲੋਕਾਂ ਲਈ ਅਬੁੱਝ ਹੋ ਗਿਆ ਸੀ। ਰਹੱਸ ਬਣ ਗਿਆ ਸੀ। ਸਾਡੀ ਬੰਗਾ (ਨਵਾਂਸ਼ਹਿਰ) ਦੀ ਇੱਕ ਸੰਸਥਾ ਨੇ ਵੱਡੀ ਰਾਸ਼ੀ ਵਾਲੇ ਦੋ ਪੁਰਸਕਾਰ ਦਿੱਤੇ। ਪਹਿਲੇ ਪੁਰਸਕਾਰ ਤੇ ਉਹਦੇ ਬੋਲ ਸਨ-
“ਮੈਂ ਜਿਸ ਲਹਿਰ ਦਾ ਸ਼ਾਇਰ ਆਂ। ਇਸ ਲਹਿਰ ਨੇ ਦੱਬੇ ਕੁਚਲਿਆ ਨੂੰ ਇੱਕ ਸ਼ਕਤੀ ਦਿੱਤੀ। ਇੱਕ ਸੁਪਨਾ ਦਿੱਤਾ। ਅਵਾਜ਼ ਦਿੱਤੀ। ਕਵਿਤਾ ਦਿੱਤੀ। ਅਸੀਂ ਕਾਮਯਾਬ ਨਹੀਂ ਹੋਏ। ਹੋਰ ਸੂਰਜ ਉਗਣਗੇ।ਹਨੇਰਾ ਮਿਟੂਗਾ। ਰੋਸ਼ਨੀ ਜ਼ਰੂਰ ਹੋਊ।”
ਇੱਕ ਹਫਤੇ ਬਾਅਦ ਦੂਜਾ ਪੁਰਸਕਾਰ ਦਿੱਤਾ ਗਿਆ। ਉਸਦੇ ਬੋਲ ਸਨ-
“ ਨਕਸਲਵਾੜੀ ਦੀ ਘਟਨਾ ਇੱਕ ਸਾਜਿਸ਼ ਸੀ। ਤਕੜਿਆਂ ਵਲੋਂ ਗਰੀਬ ਘਰਾਂ ਦੇ ਮੁੰਡੇ ਮਰਵਾਉਣ ਦੀ ਗਹਿਰੀ ਸਾਜ਼ਿਸ਼। ਵਿਗਿਆਨ ਤੇ ਅਧਿਆਤਮਵਾਦ ਦੇ ਰਹੱਸ ਨੂੰ ਕਾਮਰੇਡ ਸਮਝ ਨਹੀਂ ਸਕੇ।”
1990ਵਿਆਂ ਤੋਂ ਬਾਅਦ ਸੋਵੀਅਤ ਸੰਘ ਦੇ ਢਹਿ ਢੇਰੀ ਹੋ ਜਾਣ ਨਾਲ ਸਿਆਸਤ ਤੇ ਸਾਹਿਤ ਵਿੱਚ ਉਲਟ-ਪੁਲਟ ਹੋ ਗਿਆ ਸੀ। ਪਰ ਉਹਦੀ ਕਵਿਤਾ ਦੀ ਪੁੱਛ ਗਿੱਛ ਵੱਧ ਗਈ ਸੀ। ਉਹ ਸੱਚ ਮੁੱਚ ਪੰਜਾਬੀ ਸਾਹਿਤ ਦਾ ਇੱਕ ਵੱਡਾ ਕਵੀ ਸੀ ਅਤੇ ਹੈ। ਉਹਨੂੰ ਜ਼ਿੰਦਗੀ ਵਿੱਚ ਸੈੱਟ ਕਰਨ ਦੇ ਯਤਨ ਕੀਤੇ ਜਾਣ ਲੱਗੇ। ਉਹਦੇ ਪੁਰਾਣੇ ਸਾਥੀ ਵੀ ਨਿਤਰੇ, ਨਵੇਂ ਸ਼ਰਧਾਲੂ ਵੀ ਅੱਗੇ ਆਏ, ਦਲਿਤ ਲਹਿਰ ਦੇ ਹਾਮੀਆਂ ਨੇ ਵੀ ਹਾਅ ਦਾ ਨਾਅਰਾ ਮਾਰਿਆ। ਪਰ ਉਹ ਆਪਣੀ ਜੀਵਨ ਜਾਂਚੇ ਜੀਵਿਆ। ਉਹਦੀ ਯਾਰੀ ਲਾਲ ਪਰੀ ਨਾਲ ਸੀ। ਛੱਜ ਵੇਚਣ ਵਾਲੇ, ਮੈਲ ਕੱਢਣ ਵਾਲੇ, ਬੱਠਲ ਵੇਚਣ ਵਾਲੇ, ਚੂਹੇ ਮਾਰਨ ਵਾਲੇ, ਕੱਛੂ ਫੜਨ ਵਾਲੇ…. ਅਦਿ ਦੇ ਘਰ ਉਹਦੇ ਸਨ। ਉਹ ਹੀ ਉਹਦੀ ਕਵਿਤਾ ਦੇ ਪਾਤਰ ਸਨ। ਉਹ ਇਨ੍ਹਾਂ ਕੰਮੀ-ਕਮੀਣਾਂ ਦੇ ਮਾਨਸਿਕ ਬਿਰਤਾਂਤ ਨੂੰ ਆਪਣੀ ਕਵਿਤਾ ਵਿੱਚ ਪੇਸ਼ ਕਰਨ ਲੱਗਾ।
ਨਕਸਲੀ ਅੰਦੋਲਨ ਦੇ ਬਹੁਤੇ ਕਵੀ ਮੂੰਹ ਜ਼ੋਰ ਸਨ। ਦਿਲ ਦੀ ਕਵਿਤਾ ਵਿੱਚ ਉਨ੍ਹਾਂ ਦੀ ਕਵਿਤਾ ਵਾਂਗ ਭਾਂਬੜ ਨਹੀਂ ਦਿਸਦੇ ਸਨ, ਅੰਗਿਆਰੇ ਨਹੀਂ ਦਿਸਦੇ ਸਨ। ਪਰ ਉਹਦੀ ਕਵਿਤਾ ਵਿੱਚ ਸੇਕ ਬੜਾ ਸੀ ਤੇ ਅੱਜ ਵੀ ਹੈ। ਉਹਦੀ ਕਵਿਤਾ ਉਹਦੇ ਸਮਕਾਲੀਆਂ ਵਾਂਗ ਚਕਾਚੌਂਧ ਨਹੀਂ ਕਰਦੀ, ਸੰਵਾਦ ਰਚਾਉਂਦੀ ਹੈ। ਉਹਦੀ ਕਵਿਤਾ ਵਿੱਚ ਸਹਿਜ ਹੈ। ਉਹ ਇਤਿਹਾਸਕ ਚੇਤਨਾ ਦਾ ਚਿੰਤਨਸ਼ੀਲ ਯਥਾਰਥਵਾਦੀ ਕਵੀ ਹੈ।
ਸਹਿਜਤਾ ਤੇ ਧੀਮੇਪਣ ਕਾਰਨ ਉਹ ਵੱਧ ਮਾਰ ਕਰਦਾ ਹੈ। ਇਸ ਮੱਧਮ ਸੁਰ ਵਾਲੇ, ਗਹਿਰੇ ਤੇ ਚੁੱਪ ਜਿਹੇ ਕਵੀ ਨੇ ਆਪਣੀ ਕਵਿਤਾ ਦਾ ਲੋਹਾ ਮੰਨਵਾ ਲਿਆ ਸੀ। ਉਸ ਦੀ ਮਨੌਤ ਹੋਣ ਲੱਗ ਪਈ ਸੀ। ਬਿਲਕੁਲ ਫੱਕਰ ਪੀਰਾਂ ਫਕੀਰਾਂ ਵਾਂਗ। ਉਹਦੀ ਕਵਿਤਾ/ਜੀਵਨੀ ਦੀਆਂ ਕਿਤਾਬਾਂ ਛਪੀਆਂ। ਦੂਜੀਆਂ ਭਾਸ਼ਾਵਾਂ ਵਿੱਚ ਅਨੁਵਾਦ ਕੀਤਾ ਜਾਣ ਲੱਗਾ।ਉਹਨੂੰ ਪਹਿਲੇ ਦਲਿਤ ਸੰਵੇਦਨਾ ਵਾਲੇ ਸ਼ਾਇਰ ਵਜੋਂ ਪੇਸ਼ ਕੀਤਾ ਜਾਣ ਲੱਗਾ। ‘ਕਿਤੇ ਮਿਲ ਵੇ ਮਾਹੀ’ ਫਿਲਮ ਬਣੀ। ਉਹਦੇ ਸਨਮਾਨ ਹੋਣ ਲੱਗੇ। ਪੈਸੇ ਧੇਲੇ ਦੀ ਮਦਦ ਕੀਤੀ ਜਾਣ ਲੱਗੀ। ਉਹ ਸਰੂਰ ਵਿੱਚ ਰਹਿਣ ਲੱਗਾ। ਕਦੇ ਉਹ ਕਾਮਰੇਡਾਂ ਨੂੰ ਉੱਚ ਦੇ ਪੀਰ ਸੱਦਦਾ, ਕਦੇ ਝਈਆਂ ਲੈ-ਲੈ ਪੈਂਦਾ। ਉਹ ਉਨ੍ਹਾਂ ਉੱਤੇ ਬੜੀਆਂ ਤਲਖ ਟਿਪਣੀਆਂ ਕਰਦਾ।
ਉਹ ਉਮਰ ਭਰ ਔਰਤ ਦੀ ਛੂਹ ਨੂੰ ਤਰਸਦਾ ਰਿਹਾ। ਜਾਤੀ ਤਸ਼ੱਦਦ ਦੀ ਟੀਸ ਵੀ ਉਹਦੇ ਅੰਦਰ ਸੀ। ਇਸੇ ਕਰਕੇ ਉਸ ਨੇ ਸਮਾਜਿਕ ਤੌਰ ਤੇ ਬੇ-ਦਖ਼ਲ ਕੀਤੇ ਦਲਿਤਾਂ ਅਤੇ ਔਰਤਾਂ ਦੇ ਅਸਹਿ ਦਰਦ ਨੂੰ ਕਵਿਤਾ ਰਾਹੀਂ ਜ਼ੁਬਾਨ ਦਿੱਤੀ। ਉਹ ਰੁਲਿਆ ਖੁਲਿਆ ਰਿਹਾ। ਕਾਰਨ ਉਹ ਚਿੰਤਕ ਨਹੀਂ ਸੀ। ਜੇ ਉਹ ਚਿੰਤਕ ਹੁੰਦਾ, ਆਪਣੇ ਦੌਰ ਦੇ ਕਵੀਆਂ ਨਾਲੋਂ ਚਾਰ ਕਦਮ ਅੱਗੇ ਹੁੰਦਾ। ਸਿਆਸਤ ਵਿੱਚ ਉਹਦਾ ਨਾਮ ਹੁੰਦਾ। ਪਰ ਇਹ ਹੋਣਾ ਨਹੀਂ ਸੀ। ਉਹਨੂੰ ਕ੍ਰਾਂਤੀਕਾਰੀ ਦੌਰ ਦੇ ਵੱਡੇ ਕਵੀ ਵਜੋਂ ਹੀ ਮਾਨਤਾ ਮਿਲਣੀ ਚਾਹੀਦੀ ਹੈ। ਉਹਨੂੰ ਮੱਲੋਮੱਲੀ ਦਲਿਤ ਚੇਤਨਾ ਦੇ ਸ਼ਾਇਰ ਵਜੋਂ ਪ੍ਰਚਾਰਿਆ ਜਾ ਰਿਹਾ ਹੈ। ਨਕਸਲਵਾੜੀ ਦੀ ਘਟਨਾ ਤੋਂ ਪਹਿਲਾਂ ਅੰਤਰ-ਰਾਸ਼ਟਰੀ ਪੱਧਰ ‘ਤੇ ਰਾਜਨੀਤਿਕ ਮੰਚ ਸੁੰਨਾ ਸੀ। ਇਸ ਸੁੰਨੇਪਣ ਕਾਰਨ ਹੀ ਸਾਹਿਤ ਵਿੱਚ ਪ੍ਰਯੋਗਵਾਦੀ ਲਹਿਰ ਦਾ ਜ਼ੋਰ ਸੀ। ਨਕਸਲੀ ਬਗਾਵਤ ਨੇ ਉਸ ਦੌਰ ਦੀਆਂ ਵੰਗਾਰਾਂ ਨੂੰ ਕਬੂਲਿਆ ਅਤੇ ਸਾਹਿਤ ਦੇ ਖੇਤਰ ਵਿੱਚ ਹੱਲਚੱਲ ਮਚਾਈ ।ਉਸ ਹੱਲਚੱਲ ਮਚਾਉਣ ਵਿੱਚ ਦਿਲ ਦਾ ਮਹੱਤਵ ਪੂਰਨ ਰੋਲ ਹੈ। ਜੁਝਾਰਵਾਦੀ ਸਾਹਿਤ ਨੂੰ ਉਹਦੀ ਦੋਹਰੀ ਦੇਣ ਹੈ। ਇਕ ਤਾਂ ਦਿਲ ਹੁਰੀਂ ਧਾਰਾ ਦਾ ਮੂੰਹ ਮੱਥਾ ਬਣਾਇਆ, ਦੂਜਾ ਸਮਾਜ ਦੇ ਕੱਟੇ-ਵੱਢੇ ਤਬਕੇ ਨੂੰ ਸਾਹਿਤ ਵਿੱਚ ਲਿਆਂਦਾ। ਉਸ ਦੀ ਇਸ ਦੇਣ ਕਾਰਨ, ਉਹ ਹਮੇਸ਼ਾ ਚੇਤਿਆਂ ‘ਚ ਰਹੇਗਾ।
ਸੰਪਰਕ: 94630-63990
parminderjeetsingh
Nyc hai