ਗ਼ਦਰ ਪਾਰਟੀ ਦੀ ਵਿਰਾਸਤ - ਰਘਬੀਰ ਸਿੰਘ
Posted on:- 06-05-2013
ਇੱਕ ਸੌ ਸਾਲ ਪਹਿਲਾਂ ਅਮਰੀਕਾ ਦੀ ਧਰਤੀ 'ਤੇ ਹਿੰਦੁਸਤਾਨ ਗ਼ਦਰ ਪਾਰਟੀ ਦੀ ਸਥਾਪਨਾ ਹੋਈ ਸੀ, ਜਿਸ ਨੇ ਦੇਸ਼ ਨੂੰ ਅੰਗਰੇਜ਼ ਬਸਤੀਵਾਦੀਆਂ ਦੀ ਗ਼ੁਲਾਮੀ ਤੋਂ ਆਜ਼ਾਦ ਕਰਾਉਣ ਦਾ ਨਿਸ਼ਾਨਾ ਆਪਣੇ ਸਾਹਮਣੇ ਰੱਖਿਆ ਸੀ ਅਤੇ ਇਸ ਨਿਸ਼ਾਨੇ ਦੀ ਪ੍ਰਾਪਤੀ ਲਈ ਹਥਿਆਰਬੰਦ ਸੰਘਰਸ਼ ਕੀਤਾ ਸੀ।
ਇਸ ਤੋਂ ਪਹਿਲਾਂ ਕੌਮੀ ਭਾਵਨਾ ਦਾ ਉਭਾਰ ਤਾਂ ਕਈ ਰੂਪਾਂ ਵਿੱਚ ਹੁੰਦਾ ਆ ਰਿਹਾ ਸੀ ਪਰ, ਇੰਡੀਅਨ ਨੈਸ਼ਨਲ ਕਾਂਗਰਸ ਸਮੇਤ, ਕਿਸੇ ਵੀ ਜਥੇਬੰਦੀ ਜਾਂ ਲਹਿਰ ਨੇ ਮੁਲਕ ਨੂੰ ਮੁਕੰਮਲ ਰਾਜਸੀ ਆਜ਼ਾਦੀ ਦੁਆਉਣਾ ਆਪਣਾ ਮਿਸ਼ਨ ਨਹੀਂ ਸੀ ਬਣਾਇਆ। 1914 ਵਿੱਚ ਹਥਿਆਰਬੰਦ ਇਨਕਲਾਬ ਰਾਹੀਂ ਅੰਗਰੇਜ਼ੀ ਸਰਕਾਰ ਦਾ ਤਖ਼ਤਾ ਉਲਟਾਉਣ ਦੇ ਆਪਣੇ ਮਿਸ਼ਨ ਵਿੱਚ ਫੌਰੀ ਤੌਰ ਤੇ ਤਾਂ ਗ਼ਦਰ ਪਾਰਟੀ ਸਫ਼ਲ ਨਾ ਹੋ ਸਕੀ, ਪਰ ਇਸ ਵਿੱਚ ਸ਼ਾਮਲ ਸੂਰਬੀਰਾਂ ਨੇ ਬੇਮਿਸਾਲ ਕੁਰਬਾਨੀਆਂ ਦੇ ਕੇ ਅਵੱਸ਼ ਹੀ ਕੌਮੀ ਲਹਿਰ ਨੂੰ ਇੱਕ ਨਵੇਂ ਪੜਾਅ ਵਿੱਚ ਦਾਖ਼ਲ ਕਰ ਦਿੱਤਾ। ਦੇਸ਼ ਬਦੇਸ਼ ਵਿੱਚ ਆਪਣੀ ਬਹੁ-ਭਾਂਤੀ ਸਰਗਰਮੀ ਨੂੰ ਗ਼ਦਰ ਪਾਰਟੀ ਨੇ ਉਦੋਂ ਤੱਕ ਜਾਰੀ ਰੱਖਿਆ ਜਦੋਂ ਤੱਕ ਕਿ 1947 ਵਿੱਚ ਸੱਚਮੁੱਚ ਮੁਲਕ ਆਜ਼ਾਦ ਨਹੀਂ ਹੋ ਗਿਆ।
ਗ਼ਦਰੀ ਸੂਰਬੀਰਾਂ ਬਾਬਾ ਸੋਹਣ ਸਿੰਘ ਭਕਨਾ, ਬਾਬਾ ਜਵਾਲਾ ਸਿੰਘ, ਬਾਬਾ ਗੁਰਮੁਖ ਸਿੰਘ ਆਦਿ ਦੀ ਅਗਵਾਈ ਵਿੱਚ ਕਾਇਮ ਕੀਤੀ ਹੋਈ ਸੰਸਥਾ, ਜਲੰਧਰ ਵਿੱਚ ਸਥਿਤ, ਦੇਸ਼ ਭਗਤ ਯਾਦਗਾਰ ਕਮੇਟੀ, ਨੇ ਗ਼ਦਰ ਪਾਰਟੀ ਦੇ ਵਿਰਸੇ ਨੂੰ ਸੰਭਾਲਿਆ ਹੋਇਆ ਹੈ।
ਇਸ ਸੰਸਥਾ ਦੀ ਪਹਿਲਕਦਮੀ ਅਤੇ ਪ੍ਰੇਰਣਾ ਨਾਲ ਜਦੋਂ ਸਾਲ 2013 ਨੂੰ ਗ਼ਦਰ ਪਾਰਟੀ ਸ਼ਤਾਬਦੀ ਵਰ੍ਹੇ ਵਜੋਂ ਮਨਾਉਣ ਦਾ ਫੈਸਲਾ ਕੀਤਾ ਗਿਆ ਤਾਂ ਦੇਸ਼ ਬਦੇਸ਼ ਵਿੱਚ ਇਸ ਸੰਬੰਧ ਵਿੱਚ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ, ਜੋ ਨਿਸ਼ਚੈ ਹੀ ਇੱਕ ਸ਼ੁਭ ਵਰਤਾਰਾ ਹੈ। ਸ਼ਤਾਬਦੀ ਜਸ਼ਨਾਂ ਦੇ ਰੂਪ ਵਿੱਚ ਕਾਨਫਰੰਸਾਂ, ਮੇਲਿਆਂ ਤੇ ਵਿਚਾਰ-ਗੋਸ਼ਟੀਆਂ ਦਾ ਆਯੋਜਨ ਕਰਕੇ ਅਤੇ ਗ਼ਦਰ ਪਾਰਟੀ ਦੇ ਇਤਿਹਾਸ ਤੇ ਵਿਚਾਰਧਾਰਾ ਨਾਲ ਜੁੜੀ ਸਮੱਗਰੀ ਪ੍ਰਕਾਸ਼ਤ ਕਰਕੇ ਜਿੱਥੇ ਗ਼ਦਰੀ ਸੂਰਬੀਰਾਂ ਦੀ ਕੀਰਤੀ ਦੇ ਵਖਾਨ ਰਾਹੀਂ ਉਹਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਜਾ ਸਕਦੀ ਹੈ, ਉੱਥੇ ਉਨ੍ਹਾਂ ਦੀ ਸੋਚ ਦੀ ਸਾਰਥਕਤਾ ਨੂੰ ਅਜੋਕੇ ਪ੍ਰਸੰਗ ਵਿੱਚ ਉਭਾਰਿਆ ਜਾ ਸਕਦਾ ਹੈ।
ਇਸ ਤੱਥ ਬਾਰੇ ਰੱਤੀ ਭਰ ਵੀ ਸੰਦੇਹ ਦੀ ਗੁੰਜਾਇਸ਼ ਨਹੀਂ ਹੋ ਸਕਦੀ ਕਿ ਗ਼ਦਰ ਪਾਰਟੀ ਨੇ
ਆਜ਼ਾਦੀ ਦੇ ਨਿਸ਼ਾਨੇ ਤੋਂ ਅਗਾਂਹ ਹੋਰ ਵੀ ਕਾਫ਼ੀ ਕੁਝ ਕੀਤਾ ਸੀ, ਜਿਸਦਾ ਸਾਡੇ ਦੇਸ਼ ਵਿੱਚ
ਧਰਮ-ਨਿਰਪੇਖ, ਅਗਾਂਹਵਧੂ ਤੇ ਨਿਯਾਈਂ ਸਮਾਜ ਦੀ ਉਸਾਰੀ ਕਰਨ ਦੇ ਸੰਬੰਧ ਵਿੱਚ ਬਹੁਤ ਵੱਡਾ
ਮਹੱਤਵ ਹੈ।
ਬਾਬਾ ਸੋਹਣ ਸਿੰਘ ਭਕਨਾ, ਕਰਤਾਰ ਸਿੰਘ ਸਰਾਭਾ, ਲਾਲਾ ਹਰਦਿਆਲ, ਕਾਸ਼ੀ ਰਾਮ,
ਵਿਸ਼ਨੂੰ ਗਨੇਸ਼ ਪਿੰਗਲੇ ਤੋਂ ਲੈ ਕੇ ਭਾਈ ਸੰਤੋਖ ਸਿੰਘ, ਮੌਲਵੀ ਬਰਕਤ ਉੱਲਾ ਤੇ ਰਤਨ
ਸਿੰਘ ਤੱਕ ਸੈਂਕੜੇ ਹੀ ਪ੍ਰਮੁੱਖ ਗ਼ਦਰੀ ਆਗੂ ਧਰਮ, ਜ਼ਾਤ-ਪਾਤ ਅਤੇ ਇਲਾਕੇ ਦੇ ਭਿੰਨ ਭੇਦ
ਤੋਂ ਨਿਰਲੇਪ ਅਜਿਹੇ ਵਿਅਕਤੀ ਸਨ, ਜਿਨ੍ਹਾਂ ਦਾ ਸਮਾਜਕ ਪਿਛੋਕੜ ਤੇ ਨਿੱਜੀ ਆਸਥਾ ਜੋ ਵੀ
ਰਹੀ ਹੋਵੇ, ਕੌਮੀ ਆਜ਼ਾਦੀ ਦੀ ਪ੍ਰਾਪਤੀ ਅਤੇ ਨਿਯਾਈਂ ਸਮਾਜ ਦੀ ਉਸਾਰੀ ਜਿਨ੍ਹਾਂ ਦਾ ਵੱਡਾ
ਇਸ਼ਟ ਸੀ। ਪਾਰਟੀ ਜੱਥੇਬੰਦੀ ਦੇ ਸ਼ੁਰੂ ਦੇ ਦਿਨਾਂ ਤੋਂ ਹੀ ਗ਼ਦਰੀਆਂ ਨੇ ਆਪਣੇ ਨਿੱਜ ਦੀ
ਹੋਂਦ ਨੂੰ ਵਡੇਰੇ ਆਦਰਸ਼ ਵਿੱਚ ਸਮੋ ਲਿਆ ਸੀ।
ਸਾਨ ਫ਼ਰਾਂਸਿਸਕੋ ਵਿੱਚ ਪਾਰਟੀ ਦਾ
ਹੈੱਡਕੁਆਰਟਰ, ਯੁਗਾਂਤਰ ਆਸ਼ਰਮ, ਇਸ ਗੱਲ ਦੀ ਮਿਸਾਲ ਸੀ ਕਿ ਵਡੇਰੇ ਕੌਮੀ ਉਦੇਸ਼ ਦੀ ਖ਼ਾਤਰ
ਕਿਸੇ ਵੀ ਪ੍ਰਕਾਰ ਦੇ ਵਿਤਕਰੇ ਤੋਂ ਬਿਨਾਂ ਸਾਂਝ ਭਰੱਪਣ ਤੇ ਬਰਾਬਰੀ ਦੀ ਭਾਵਨਾ ਨਾਲ
ਕਿਵੇਂ ਇਕੱਠਿਆਂ ਰਿਹਾ ਜਾ ਸਕਦਾ ਹੈ। ਆਜ਼ਾਦ ਭਾਰਤ ਦੇ ਸੰਬੰਧ ਵਿੱਚ ਵੀ ਉਨ੍ਹਾਂ ਦੀ ਇਹੀ
ਪਰਿਕਲਪਨਾ ਸੀ।
1914-15 ਵਿੱਚ ਫਾਂਸੀ ਦਾ ਰੱਸਾ ਚੁੰਮ ਜਾਣ ਵਾਲੇ ਸੂਰਬੀਰਾਂ ਤੋਂ ਮਗਰੋਂ
ਕਾਲੇ ਪਾਣੀ, ਉਮਰ ਕੈਦ ਤੇ ਘਰ-ਘਾਟ ਦੀ ਜ਼ਬਤੀ ਵਿੱਚੋਂ ਲੰਘਮ ਵਾਲੇ ਗ਼ਦਰੀਆਂ ਨੇ ਤਾਂ
ਸਮਾਜਵਾਦੀ ਵਿਚਾਰਧਾਰਾ ਦੇ ਨੇੜੇ ਪੁੱਜਦੀ ਆਪਣੀ ਸੋਚ ਅਤੇ ਇਸ ਸੇਧ ਵਿੱਚ ਆਪਣੀ ਨਿਰੰਤਰ
ਸਰਗਰਮੀ ਰਾਹੀਂ ਸਾਡੇ ਲੋਕਾਂ ਅੱਗੇ ਜਨਤਕ ਅਗਵਾਈ ਦਾ ਇੱਕ ਮਾਡਲ ਪੇਸ਼ ਕੀਤਾ। ਗ਼ਦਰ ਪਾਰਟੀ
ਦੇ ਜਨਰਲ ਸਕੱਤਰ ਭਾਈ ਸੰਤੋਖ ਸਿੰਘ ਨੇ ਦੇਸ਼ ਪਰਤਣ ਉਪਰੰਤ 1926 ਵਿੱਚ ‘ਕਿਰਤੀ' ਦੇ
ਪ੍ਰਕਾਸ਼ਨ ਰਾਹੀਂ ਜਿਵੇਂ ਸਮਾਜਵਾਦੀ ਵਿਚਾਰਾਂ ਦਾ ਪ੍ਰਸਾਰ ਆਰੰਭਿਆ ਅਤੇ ਵੇਲੇ ਦੇ ਸਭ
ਕੌਮੀ ਆਗੂਆਂ ਨੂੰ ਸੇਧ ਪ੍ਰਦਾਨ ਕੀਤੀ, ਉਹ ਜੱਗ ਜ਼ਾਹਰ ਹੈ।
ਜ਼ਿਆਦਾਤਰ ਪੰਜਾਬ ਦੇ
ਕਿਰਤੀ ਵਰਗ ਵਿੱਚੋਂ ਆਏ ਕੁਰਬਾਨੀ ਦੇ ਪੁੰਜ ਇਹਨਾਂ ਕੌਮ ਪ੍ਰਸਤਾਂ ਨੇ ਅੰਗਰੇਜ਼ੀ ਹਕੂਮਤ
ਦੇ ਜ਼ੁਲਮ ਤਸ਼ੱਦਦ ਦਾ ਸਾਹਨਮਣਾ ਤਾਂ ਕੀਤਾ ਹੀ, ਇਹਨਾਂ ਨੂੰ ਵੇਲੇ ਦੀ ਧਾਰਮਿਕ ਸੱਤਾ ਦੀ
ਕਰੋਪੀ ਦਾ ਸ਼ਿਕਾਰ ਵੀ ਹੋਣਾ ਪਿਆ, ਜੋ ਉਸ ਸਮੇਂ ਅੰਗਰੇਜ਼ ਸਰਕਾਰ ਦੀ ਪਿੱਛਲੱਗ ਬਣੀ ਹੋਈ
ਸੀ। ਬਿਨਾਂ ਸ਼ੱਕ ਗ਼ਦਰ ਪਾਰਟੀ ਵਿੱਚ ਸਭ ਧਰਮਾਂ ਦੇ ਅਨੁਯਾਈ ਮੌਜੂਦ ਸਨ, ਜੋ ਕੁਰਬਾਨੀ
ਕਰਨ ਵਿੱਚ ਕਿਸੇ ਵੀ ਤਰ੍ਹਾਂ ਇੱਕ ਦੂਜੇ ਤੋਂ ਪਿੱਛੇ ਨਹੀਂ ਸਨ।
ਪਾਰਟੀ ਦੀ ਮੁੱਢਲੀ
ਲੀਡਰਸ਼ਿੱਪ ਵਿੱਚ ਅਤੇ ਫਾਂਸੀ ਚੜ੍ਹ ਜਾਣ ਵਾਲੇ ਤੇ ਵੱਡੀਆਂ ਸਜ਼ਾਵਾਂ ਪਾਉਣ ਵਾਲੇ ਸੂਰਬੀਰਣ
ਵਿੱਚ ਸਿੱਖਾਂ, ਮੁਸਲਮਾਨਾਂ ਅਤੇ ਹਿੰਦੂਆਂ ਦੀ ਸਾਂਝੀ ਸ਼ਮੂਲੀਅਤ ਇਸਦਾ ਪ੍ਰਮਾਣ ਹੈ। ਪਰ
ਇਹਨਾਂ ਵਿੱਚ ਅਵੱਸ਼ ਹੀ ਪੰਜਾਬ ਦੀ ਨਿਮਨ ਕਿਸਾਨੀ 'ਚੋਂ ਗਏ ਸਿੱਖਾਂ ਗੀ ਗਿਣਤੀ ਜ਼ਿਆਦਾ
ਸੀ। ਇਹਨਾਂ ਸਿੱਖ ਗ਼ਦਰੀਆਂ ਦੇ ਵਿਰੁੱਧ ਉਸ ਸਮੇਂ ਫੁਰਮਾਨ ਜਾਰੀ ਹੋਏ ਅਤੇ ਧਰਮ ਦੇ
ਵਿਰੁੱਧ ਜਾਣ ਵਾਲਿਆਂ ਵਜੋਂ ‘ਸਿੱਖ ਸਥਾਪਤੀ' ਵੱਲੋਂ ਇਹਨਾਂ ਵਿਰੁੱਧ ਭੰਡੀ ਪ੍ਰਚਾਰ ਵੀ
ਹੋਇਆ। ਇਹ ਇਸ ਤੱਥ ਦੇ ਬਾਵਜੂਦ ਹੈ ਕਿ ਮਗਰੋਂ ਗੁਰਦੁਆਰਾ ਸੁਧਾਰ ਲਹਿਰ ਦੇ ਰੂਪ ਵਿੱਚ
ਉਭਰੀ ਦੇਸ਼ ਭਗਤਕ ਚਰਿੱਤਰ ਵਾਲੀ ਮੁੱਢਲੀ ਅਕਾਲੀ ਲਹਿਰ ਵਿੱਚ ਵੀ ਗ਼ਦਰੀ ਸੂਰਬੀਰ ਮੂਹਰਲੀਆਂ
ਸਫ਼ਾਂ ਵਿੱਚ ਸਨ, ਜਿਨ੍ਹਾਂ ਨੂੰ ਵੇਲੇ ਦੀ ਅਖੌਤੀ ਸਿੱਖ ਧਾਰਮਿਕ ਸੱਤਾ ਨਕਾਰਦੀ ਸੀ।
ਸਮੇਂ ਦੇ ਬੀਤਣ ਨਾਲ ਗ਼ਦਰੀ ਸੂਰਬੀਤ ਕਿਰਤੀ ਕਿਸਾਨ ਲਹਿਰਾਂ ਦੇ ਪ੍ਰਮੁੱਖ ਆਗੂਆਂ ਵੱਜੋਂ
ਸਾਹਮਣੇ ਆਉਂਦੇ ਗਏ। ਪੰਜਾਬ ਦੇ ਸਮਾਜ ਸੱਭਿਆਚਾਰ ਵਿੱਚ 1947 ਤੋਂ ਪਹਿਲਾਂ ਸਮਾਜਵਾਦੀ
ਵਿਚਾਰਾਂ ਦਾ ਜੋ ਪ੍ਰਚਾਰ ਹੋਇਆ, ਉਸ ਵਿੱਚ ਗ਼ਦਰੀ ਦੇਸ਼ ਭਗਤਾਂ ਦਾ ਵੱਡਾ ਯੋਗਦਾਨ ਸੀ।
ਹੁਣ
ਸ਼ਤਾਬਦੀ ਦੇ ਵਰ੍ਹੇ ਵਿੱਚ ਜਦੋਂ ਗ਼ਦਰ ਪਾਰਟੀ ਦੇ ਸੰਬੰਧ ਵਿੱਚ ਜਨ-ਸਮੂਹ ਵਿੱਚ ਇੱਕ
ਵਿਆਪਕ ਉਭਾਰ ਨਜ਼ਰ ਆ ਰਿਹਾ ਹੈ ਤਾਂ ਉਹੀ ਅਖੌਤੀ ਸਿੱਖ ਧਿਰਾਂ ਇਤਿਹਾਸ ਨੂੰ ਪੁੱਠਾ ਗੇੜ
ਦੇ ਕੇ ਗ਼ਦਰ ਪਾਰਟੀ ਦੀ ਵਿਰਾਸਤ ਨੂੰ ਹਥਿਆਉਣ ਦਾ ਯਤਨ ਕਰ ਰਹੀਆਂ ਹਨ ਜਿਨ੍ਹਾਂ ਨੇ
ਲਗਾਤਾਰ ਗ਼ਦਰ ਪਾਰਟੀ ਦੀ ਦੇਣ ਨੂੰ ਸਵੀਕਾਰ ਕਰਨਾ ਤਾਂ ਪਾਸੇ ਰਿਹਾ, ਇਸਨੂੰ ਹਮੇਸ਼ਾ ਭੰਡਿਆ
ਸੀ।
ਐਨ ਉਵੇਂ ਜਿਵੇਂ ਸ਼ਹੀਦ ਭਗਤ ਸਿੰਘ ਦੇ ਸਿੱਖ ਪਿਛੋਕੜ 'ਤੇ ਪ੍ਰਸ਼ਨ-ਚਿੰਨ੍ਹ ਲਾ ਕੇ
ਉਸਦੀ ਸ਼ਹਾਦਤ ਦੇ ਮਹੱਤਵ ਤੋਂ ਇਨਕਾਰੀ ਅਖੌਤੀ ਸਿੱਖ ਚਿੰਤਕ ਲਗਾਤਾਰ ਹਾਲਾਤ ਦੇ ਬਦਸਣ ਨਾਲ
ਉਸਨੂੰ ਨਿਰੋਲ ‘ਆਪਣਾ' ਬਣਾਉਣ ਦੀ ਦੌੜ ਵਿੱਚ ਲੱਗੇ ਹੋਏ ਹਨ, ਕੁਝ ਉਸੇ ਤਰ੍ਹਾਂ ਦਾ ਹੀ
ਗ਼ਦਰ ਪਾਰਟੀ ਦੇ ਸੰਬੰਧ ਵਿੱਚ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਲ੍ਹ ਤੱਕ ਜੋ ਲੋਕ
ਗ਼ਦਰੀਆਂ ਨੂੰ ਭੁੱਲੇ ਤੇ ਭਟਕੇ ਹੋਏ ਆਖਕੇ ਸਿੱਖ ਜਗਤ ਨੂੰ ਉਹਨਾਂ ਤੋਂ ਦੂਰੀ ਰੱਖਣ ਲਈ
ਆਖਦੇ ਹਨ, ਉਹੀ ‘ਫਿਕਰਮੰਦ ਸਿੱਖ' ਹੁਣ ਗ਼ਦਰੀਆਂ ਨੂੰ ਨਿਰੋਲ ਸਿੱਖ ਸੰਪੱਤੀ ਬਣਾਉਣ ਦੇ
ਆਹਰ ਵਿੱਚ ਹਨ। ਇਸ ਕਿਸਮ ਦੀਆਂ ਲਿਖਤਾਂ ਸਾਹਵੇਂ ਆਈਆਂ ਹਨ ਤੇ ਇਸ ਭਾਵ ਦੀਆਂ ਕੁਝ
ਵਿਚਾਰ-ਗੋਸ਼ਟੀਆਂ ਦਾ ਆਯੋਜਨ ਵੀ ਹੋਇਆ ਹੈ ਜਿਨ੍ਹਾਂ ਵਿੱਚ ਫਿਰਕੂ ਨੁਕਤਾ-ਨਿਗਾਹ ਤੋਂ
ਹਿੰਦੁਸਤਾਨ ਗ਼ਦਰ ਪਾਰਟੀ ਨੂੰ ਕੌਮੀ ਲਹਿਰ ਦਾ ਇੱਕ ਸ਼ਾਨਦਾਰ ਅੰਗ ਦੱਸਣ ਦੀ ਥਾਂ ਨਿਰੋਲ
ਇੱਕ ਸਿੱਖ ਧਾਰਮਿਕ ਲਹਿਰ ਬਣਾ ਕੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਜੀ ਰਹੀ ਹੈ।
ਹਿੰਦੁਸਤਾਨ
ਗ਼ਦਰ ਪਾਰਟੀ ਦੇ ਗੌਰਵਮਈ ਵਿਰਸੇ ਉੱਤੇ ਇਹ ਇੱਕ ਬਹੁਤ ਵੱਡਾ ਹਮਲਾ ਹੈ, ਜਿਸਨੂੰ ਸ਼ੁਰੂ
ਵਿੱਚ ਹੀ ਪਛਾੜਿਆ ਜਾਣਾ ਜ਼ਰੂਰੀ ਹੈ।
( ‘ਸਿਰਜਣਾ' ਦੇ ਅੰਕ ਅਪ੍ਰੈਲ-ਜੂਨ 2013 ਦੀ ਸੰਪਾਦਕੀ )