Thu, 21 November 2024
Your Visitor Number :-   7254923
SuhisaverSuhisaver Suhisaver

ਤੁਰ ਗਈ ਮਿੱਠੀ ਤੇ ਸੁਰੀਲੀ ਆਵਾਜ਼ ਦੀ ਮਲਿਕਾ ਸ਼ਮਸ਼ਾਦ ਬੇਗਮ -ਰਣਜੀਤ ਸਿੰਘ ਪ੍ਰੀਤ

Posted on:- 25-04-2013

suhisaver

ਸੈਂਕੜੇ ਹਿੱਟ ਗੀਤਾਂ ਦੀ ਨਾਮਵਰਤੀ ਭਾਰਤੀ ਪਿੱਠਵਰਤੀ ਗਾਇਕਾ ਸ਼ਮਸ਼ਾਦ ਬੇਗਮ 23 ਅਪਰੈਲ ਦੀ ਰਾਤ ਨੂੰ ਸਦਾ ਸਦਾ  ਲਈ ਇਸ ਜਹਾਨੋਂ ਤੁਰ ਗਈ, ਉਹ 94 ਵਰਿਆਂ ਦੀ ਸੀ। ਪੰਦਰਾਂ ਸਾਲ ਦੀ ਉਮਰ ਵਿਚ 1934 ਨੂੰ ਗਣਪਤ ਲਾਲ ਬੱਤੋ ਨਾਲ਼ ਵਿਆਹੀ ਸ਼ਮਸ਼ਾਦ ਬੇਗਮ 1955 ਵਿਚ ਪਤੀ ਦੀ ਮੌਤ ਮਗਰੋਂ ਇਕੱਲੀ ਰਹਿ ਗਈ ਅਤੇ ਆਪਣੀ ਧੀ ਊਸ਼ਾ ਰੱਤੜਾ ਨੂੰ ਪਾਲ਼ਿਆ ਸੰਭਾਲਿਆ ਅਤੇ ਉਹਦਾ ਨਿਕਾਹ ਕਰਿਆ। ਹੁਣ ਆਖਰੀ ਸਮੇਂ ਵੀ ਉਹ ਆਪਣੀ ਧੀ ਅਤੇ ਦਾਮਾਦ ਨਾਲ ਹੀ ਮੁੰਬਈ ਵਿੱਚ ਰਹਿ ਰਹੀ ਸੀ।



ਬਚਪਨ ਵਿਚ ਨਾਅਤਾਂ ਗਾਉਣ ਵਾਲੀ ਸ਼ਮਸ਼ਾਦ ਦੀ ਆਵਾਜ਼ ਸੁਣ ਕੇ ਕਿਹਾ ਜਾਂਦਾ ਸੀ ਕਿ ਇਹ ਤਾਂ ਕਿਸੇ ਟੈਂਪਲ ਵਿੱਚ ਵਜਦੀ ਘੰਟੀ ਵਰਗੀ ਆਵਾਜ਼ ਹੈ,112 ਫ਼ਿਲਮਾਂ ਵਿੱਚ ਪਿੱਠ ਵਰਤੀ ਗਾਇਕਾ ਵਜੋਂ ਵੱਖ ਵੱਖ ਅਦਾਕਾਰਾਂ ਲਈ ਆਵਾਜ਼ ਬਣਨ ਵਾਲੀ ਸ਼ਮਸ਼ਾਦ ਬੇਗਮ ਨੇ ਸਿਰਫ਼ ਸ਼ਮਸ਼ਾਦ ਦੇ ਨਾਂ ਨਾਲ ਪਹਿਲੀ ਵਾਰ ਪਿੱਠਵਰਤੀ ਗਾਇਕਾ ਵਜੋਂ 16 ਸਾਲ ਦੀ ਉਮਰ ਵਿੱਚ ਅਸਾਮੀ ਫ਼ਿਲਮ ਜੌਇਮਾਤੀ ਲਈ 1935 ਵਿੱਚ ਗਾਇਆ।

ਇਸ ਫ਼ਿਲਮ ਦੇ ਡਾਇਰੈਕਟਰ,ਕਹਾਣੀਕਾਰ,ਮਿਊਜ਼ਿਕ ਮਾਸਟਰ ਅਤੇ ਗੀਤਕਾਰ ਜਿਓਤੀ ਪ੍ਰਸਾਦ ਅਗਰਵਾਲ ਹੀ ਸਨ। ਸ਼ਮਸ਼ਾਦ ਬੇਗਮ ਦੀ ਆਖਰੀ ਫ਼ਿਲਮ ਮੈ ਪਾਪੀ ਤੂੰ ਬਖਸ਼ਣਹਾਰ 1976 ਰਹੀ। ਅਜਿਹੇ ਕਰਿਸ਼ਮੇ ਦਾ ਹੁਸਨ ਸ਼ਮਸ਼ਾਦ ਬੇਗਮ ਦਾ ਜਨਮ ਅੰਮ੍ਰਿਤਸਰ ਵਿੱਚ 14 ਅਪਰੈਲ 1919 ਨੂੰ ਇੱਕ ਮੁਸਲਿਮ ਪਰਿਵਾਰ ਵਿੱਚ ਹੋਇਆ, ਇਹ ਕੇਹਾ ਸਬੱਬ ਸੀ ਕਿ ਇਹੀ ਵਿਸਾਖੀ ਵਾਲਾ ਦਿਨ ਜਲ੍ਹਿਆਂ ਵਾਲਾ ਬਾਗ ਦੇ ਖੂਨੀ ਕਾਂਡ ਵਾਲਾ ਦਿਨ ਸੀ।

ਸ਼ਮਸ਼ਾਦ ਬੇਗਮ ਕੁੰਦਨ ਲਾਲ ਸਹਿਗਲ ਤੋਂ ਬਹੁਤ ਪ੍ਰਭਵਿਤ ਸੀ ਅਤੇ ਇਸ ਨੇ ਉਹਦੀ ਫ਼ਿਲਮ ਦੇਵਦਾਸ 14 ਵਾਰੀ ਵੇਖੀ ਸੀ। ਉਦੋਂ ਸ਼ਮਸ਼ਾਦ ਸਿਰਫ਼ 15 ਰੁਪਏ ਇੱਕ ਗੀਤ ਦੇ ਲਿਆ ਕਰਦੀ ਸੀ ਅਤੇ ਫ਼ਿਰ ਐਕਸਿਨੋਫੋਨ ਨਾਲ ਸਮਝੋਤਾ ਕਰ ਲਿਆ। ਇਸ ਨੇ 16 ਦਸੰਬਰ 1947 ਨੂੰ ਲਾਹੌਰ ਰੇਡੀਓ ਸਟੇਸ਼ਨ ਤੋਂ ਪਹਿਲੀ ਵਾਰੀ ਗਾ ਕੇ ਆਪਣਾ ਗਾਇਕੀ ਸਫ਼ਰ ਸ਼ੁਰੂ ਕੀਤਾ। ਇਸ ਸਮੇਂ ਰੇਡੀਓ ਤੋਂ ਗਾਇਆ ਉਹਦਾ ਇਹ ਗੀਤ ਇਕ ਬਾਰ ਫਿਰ ਕਹੋ ਜ਼ਰਾ ਬਹੁਤ ਮਕਬੂਲ ਹੋਇਆ ਸੀ।


ਗੱਲ 1998 ਦੀ ਹੈ,ਜਦ ਸ਼ਮਸ਼ਾਦ ਬੇਗਮ ਦੇ ਇੰਤਕਾਲ ਹੋਣ ਦੀ ਗੱਲ ਫ਼ੈਲ ਗਈ। ਪਰ ਇਹ ਗੱਲ ਸੱਚ ਨਹੀਂ ਸੀ। ਸ਼ਮਸ਼ਾਦ ਬੇਗਮ ਨੂੰ 2009 ਵਿੱਚ ਪਦਮ ਭੂਸ਼ਨ ਐਵਾਰਡ ਨਾਲ ਨਿਵਾਜ਼ਿਆ ਗਿਆ। ਏਥੋਂ ਤੱਕ ਕਿ 1970 ਤੱਕ ਕਿਸੇ ਦਰਸ਼ਕ ਨੇ ਉਹਦਾ ਚਿਹਰਾ ਵੀ ਨਹੀਂ ਸੀ ਤੱਕਿਆ। ਬੱਸ ਉਹਦੀ ਆਵਾਜ਼ ਦੇ ਹੀ ਮਤਵਾਲੇ ਸਨ। ਉਸ ਨੇ ਜ਼ਿਆਦਾਤਰ ਨੌਸ਼ਾਦ ਅਲੀ ਅਤੇ ਓ ਪੀ ਨਈਅਰ ਦੇ ਸੰਗੀਤਬੱਧ ਕੀਤੇ ਗੀਤਾਂ ਨੂੰ ਹੀ ਬੁਲਾਂ ਦੀ ਸੁਰਖੀ ਬਣਾਇਆ। ਸ਼ਮਸ਼ਾਦ ਦੇ 1950,1960 ਅਤੇ 1970 ਦੇ ਆਰੰਭ ਤੱਕ ਗਾਏ ਗੀਤਾਂ ਵਿੱਚੋਂ ਬਹੁਤ ਸਾਰੇ ਗੀਤ ਲੋਕਾਂ ਦੀ ਜ਼ੁਬਾਨ 'ਤੇ ਚੜੇ। ਉਸ ਨੇ ਆਪਣਾ ਮਿਊਜ਼ੀਕਲ ਗਰੁੱਪ ਦਾ ਕਰਾਊਨ ਇੰਪੀਰੀਅਲ ਥਿਏਟਰੀਕਲ ਕੰਪਨੀ ਆਫ਼ ਪਰਫਾਰਮਿੰਗ ਆਰਟਸ ਵੀ ਬਣਾਇਆ ਅਤੇ ਆਲ ਇੰਡੀਆ ਰੇਡੀਓ ਲਈ ਵੀ ਉਹ ਗਾਉਂਦੀ ਰਹੀ।


ਉਸ ਨੇ ਨਾਮਵਰ ਸਾਰੰਗੀ ਮਾਸਟਰ ਉਸਤਾਦ ਹੁਸੈਨ ਬਕਸ਼ਵਾਲੇ ਸਾਹਿਬ ਤੋਂ ਸੰਗੀਤ ਸਿੱਖਿਆ ਵੀ ਹਾਸਲ ਕੀਤੀ। ਲਾਹੌਰ ਬੇਸਡ ਕੰਪੋਸਰ ਗੁਲਾਮ ਹੈਦਰ ਨੇ ਵੀ ਉਸ ਤੋਂ ਖ਼ਜ਼ਾਨਚੀ 1941,ਖਾਨਦਾਨ 1942 ਲਈ ਗੀਤ ਗਵਾਏ। ਜਦੋਂ ਉਹ 1944 ਵਿੱਚ ਮੁੰਬਈ ਆ ਪਹੁੰਚਿਆ ਤਾਂ ਸ਼ਮਸ਼ਾਦ ਵੀ ਸਾਰਾ ਪਰਿਵਾਰ ਛੱਡ ਕੇ ਏਥੇ ਆਪਣੇ ਚਾਚਾ ਕੋਲ ਆ ਗਈ ਅਤੇ ਮਹਿਬੂਬ ਖ਼ਾਨ ਦੀ ਇਤਿਹਾਸਕ ਫ਼ਿਲਮ ਹੁਮਾਯੂੰ ਵਿਚ ਗਾਇਆ ਗੀਤ ਨੈਨਾ ਭਰ ਆਏ ਨੀਰ ਹਿੱਟ ਗੀਤ ਅਖਵਾਇਆ। । ਸੀ ਰਾਮਚੰਦਰਾ ਅਤੇ ਓ ਪੀ ਨਈਅਰ ਦਾ ਤਿਆਰ ਗੀਤ ਮੇਰੀ ਜਾਨ ਸੰਡੇ ਕੇ ਸੰਡੇ ਨਾਲ ਉਸ ਨੂੰ ਬਹੁਤ ਪ੍ਰਸਿੱਧੀ ਮਿਲੀ।


ਉਸ ਦੇ ਪੰਜਾਬੀ ਹਿੰਦੀ ਅਤੇ ਹੋਰ ਭਾਸ਼ਾਵਾਂ ਵਿੱਚ ਗਾਏ ਮਸ਼ਹੂਰ ਸੋਲੋ ਅਤੇਡਿਊਟ ਗੀਤਾਂ ਵਿੱਚੋਂ ਕੁੱਝ ਕੁ ਇਹ ਗੀਤ ਅੱਜ ਵੀ ਤਰੋ ਤਾਜਾ ਹਨ। ਜਿਨ੍ਹਾਂ ਦੀ ਬਦੌਲਤ ਉਹ ਜੀਵਤ ਪ੍ਰਤੀਤ ਹੁੰਦੀ ਰਹੇਗੀ। ਲੈ ਕੇ ਪਹਿਲਾ ਪਹਿਲਾ ਪਿਆਰ,ਮਿਲਤੇ ਹੀ ਆਂਖੇ ਦਿਲ ਹੂਆ,ਚਲੀ ਚਲੀ ਕੈਸੀ ਯੇਹ ਹਵਾ ਚਲੀ,ਕਹੀਂ ਪੇ ਨਿਗਾਹੇ ਕਹੀਂ ਪੇ ਨਿਸ਼ਾਨਾ,ਮੇਰੇ ਪੀਆ ਗਏ ਰੰਗੂਨ,ਕਜ਼ਰਾ ਮੁਹੱਬਤ ਵਾਲਾ,ਕਭੀ ਆਰ ਕਭੀ ਪਾਰ,ਸਈਆਂ ਦਿਲ ਮੇਂ ਆਨਾ ਰੇ,ਅਤੇ ਛੋੜ ਬਾਬੁਲ ਕਾ ਘਰ ਸ਼ਾਮਲ ਹਨ।

ਪੰਜਾਬੀ ਗੀਤਾਂ ਵਿਚੋਂ ਬੱਤੀ ਬਾਲ਼ ਕੇ ਬਨੇਰੇ ਉੱਤੇ ਰੱਖਨੀ ਆਂ, ਹਾਏ ਨੀ ਮੇਰਾ ਬਾਲਮ ਹੈ ਬੜਾ ਜ਼ਾਲਮ , ਮੁੱਲ ਵਿਕਦਾ ਸੱਜਣ ਮਿਲ ਜਾਵੇ,ਤੇਰੀ ਕਣਕ ਦੀ ਰਾਖੀ ਮੁੰਡਿਆ, ਭਾਵੇਂ ਬੋਲ ਤੇ ਭਾਵੇਂ ਨਾ ਬੋਲ,ਓਹ ਵੇਲਾ ਯਾਦ ਕਰ ਉਹ ਵੇਲਾ,ਦੱਸ ਰੋਇਆ ਕਰੇਂਗਾ ਸਾਨੂੰ ਯਾਦ ਕਰਕੇ, ਬੀਨ ਨਾ ਵਜਾਈਂ ਮੁੰਡਿਆਂ,ਕੱਚੀ ਰੁੱਟ ਗਈ ਜਿਨ੍ਹਾਂ ਦੀ ਯਾਰੀ,ਆਦਿ ਸ਼ਮਸ਼ਾਦ ਦੇ ਸਦਾਬਹਾਰ ਗੀਤ ਹਨ।

Comments

Security Code (required)



Can't read the image? click here to refresh.

Name (required)

Leave a comment... (required)





ਸਾਹਿਤ ਸਰੋਦ ਤੇ ਸੰਵੇਦਨਾ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ