ਭਾਰਤ ਵਿੱਚ ਗ਼ਦਰ ਲਹਿਰ ਦਾ ਉਭਾਰ ਅਤੇ ਪ੍ਰਸਾਰ -ਡਾ. ਜਸਪਾਲ ਸਿੰਘ
Posted on:- 27-02-2013
ਪੰਜਾਬ ਦੀ ਜਿੱਤ ਤੋਂ ਬਾਅਦ 1849 ਅੰਗਰੇਜ਼ ਭਾਰਤ ਦੀ ਸਰਵੋਤਮ ਸ਼ਕਤੀ ਬਣ ਗਏ, ਪਰ ਦੇਸ਼ ਦੇ ਕੁਝ ਹਿੱਸਿਆਂ ਵਿੱਚ ਅੰਗਰੇਜ਼ ਰਾਜ ਵਿਰੁੱਧ ਨਫ਼ਰਤ ਨੇ 8 ਸਾਲ ਬਾਅਦ ਹੀ ਇੱਕ ਵਿਰਾਟ ਵਿਦਰੋਹ ਦਾ ਰੂਪ ਧਾਰ ਲਿਆ। ਇਸ ਵਿਦਰੋਹ ਨੂੰ ‘ਫੌਜੀਆਂ ਦੀ ਬਗ਼ਾਵਤ’ ਜਾਂ ‘ਗ਼ਦਰ’ ਜਾਂ ‘ਭਾਰਤੀ ਆਜ਼ਾਦੀ ਦੀ ਪਹਿਲੀ ਜੰਗ’ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਅੰਗਰੇਜ਼ ਇਸ ਵਿਦਰੋਹ ਨੂੰ ਪੰਜਾਬ ਦੀਆਂ ਸਤਲੁਜ ਤੋਂ ਪੂਰਬ ਵੱਲ ਦੀਆਂ ਸਿੱਖ ਰਿਆਸਤਾਂ ਦੀ ਮਦਦ ਨਾਲ ਦਬਾਉਣ ਦੇ ਯੋਗ ਹੋ ਗਏ ਅਤੇ 1858 ਵਿੱਚ ਭਾਰਤ ਸਿੱਧੇ ਤੌਰ ’ਤੇ ਅੰਗਰੇਜ਼ੀ ਤਾਜ ਦੇ ਅਧੀਨ ਆ ਗਿਆ। ਅੰਗਰੇਜ਼ਾਂ ਤੋਂ ਬਿਨਾਂ ਭਾਰਤ ਵਿੱਚ ਹੋਰ ਵੀ ਪੰਜ ਸੌ ਦੇ ਕਰੀਬ ਰਾਜੇ-ਮਹਾਰਾਜੇ ਮੌਜੂਦ ਸਨ, ਜਿੰਨ੍ਹਾਂ ਨੇ ਅੰਗਰੇਜ਼ਾਂ ਦੀ ਅਧੀਨਗੀ ਸਵੀਕਾਰ ਕਰ ਲਈ ਸੀ। ਪੰਜਾਬ ਨੂੰ ਕਾਬੂ ਕਰਨ ਤੋਂ ਬਾਅਦ ਅੰਗਰੇਜ਼ਾਂ ਨੇ ਇੱਥੇ ਜ਼ਮੀਨ ਦਾ ਪੱਕਾ ਬੰਦੋਬਸਤ ਕੀਤਾ। ਜ਼ਮੀਨ ਦਾ ਮਾਲੀਆ ਵਧਾ ਦਿੱਤਾ ਅਤੇ ਹੁਣ ਮਾਲੀਆ ਖ਼ਾਲਸਾ ਰਾਜ ਤੋਂ ਉਲਟ ਪੈਸਿਆਂ ਦੇ ਰੂਪ ਵਿੱਚ ਇੱਕਠਾ ਕੀਤਾ ਜਾਣ ਲੱਗਾ। ਪੰਜਾਬ ਦੇ ਵਿਸਾਹ ਜਲ ਸਰੋਤਾਂ ਨੂੰ ਇਸਤੇਮਾਲ ਕਰਕੇ ਅੰਗਰੇਜ਼ਾਂ ਨੇ ਪੰਜਾਬ ਵਿੱਚ ਨਹਿਰਾਂ ਦਾ ਜਾਲ ਵਿਛਾ ਦਿੱਤਾ ਅਤੇ ਥਾਂ-ਥਾਂ ’ਤੇ ਨਹਿਰੀ ਕਲੋਨੀਆਂ ਸਥਾਪਿਤ ਕਰ ਦਿੱਤੀਆਂ।ਇਸ ਦੇ ਨਾਲ ਉਨ੍ਹਾਂ ਨੇ ਜ਼ਮੀਨ ’ਤੇ ਹੋਰ ਟੈਕਸ ਲਗਾ ਦਿੱਤੇ, ਜਿਸ ਕਾਰਨ ਛੋੱਟੀ ਤੇ ਦਰਮਿਆਨੀ ਕਿਸਾਨੀ ਭਾਰੀ ਕਰਜ਼ੇ ਦੇ ਬੋਝ ਹੇਠ ਦਬ ਗਈ।
ਜ਼ਮੀਨੀ ਟੈਕਸ ਵਧਾਉਣ ਪਿੱਛੇ ਅੰਗਰੇਜ਼ਾਂ ਦੀ ਇੱਕ ਗੁੱਝੀ ਚਾਲ ਕੰਮ ਕਰ ਰਹੀ ਸੀ। ਉਹ ਇਹ ਸੀ ਕਿ ਅੰਗਰੇਜ਼ ਛੋਟੀ ਤੇ ਦਰਮਿਆਨੀ ਕਿਸਾਨੀ ਨੂੰ ਇਸ ਲਈ ਮਾਲੀ ਸੰਕਟ ਵਿੱਚ ਰੱਖਣਾ ਚਾਹੁੰਦੇ ਸਨ ਤਾਂ ਜੋ ਆਬਾਦੀ ਦੇ ਇਸ ਹਿੱਸੇ ’ਚੋਂ ਨੌਜਵਾਨ ਦੁਖੀ ਹੋ ਕੇ ਅੰਗਰੇਜ਼ੀ ਫੌਜ ਵਿੱਚ ਭਰਤੀ ਹੁੰਦੇ ਰਹਿਣ। ਅੰਗਰੇਜ਼ ਜਾਣਦੇ ਸਨ ਕਿ ਪੰਜਾਬ ਦੇ ਕਿਸਾਨ ਬਹੁਤ ਕਰੜੀ ਮਿੱਟੀ ਦੇ ਬਣੇ ਹੋਏ ਹਨ ਅਤੇ ਉਹ ਜੀਵਨ ਦੀਆਂ ਕਠੋਰ ਹਾਲਤਾਂ ਵਿੱਚ ਵੀ ਫੌਜੀ ਕਾਰਵਾਈਆਂ ਨੂੰਨਿਭਾ ਸਕਦੇ ਹਨ। ਹੋਰ ਸਭ ਵਸਤੂਆਂ ਨਾਲੋਂ ਅੰਗਰੇਜ਼ਾਂ ਲਈ ਫੌਜ ਸਭ ਤੋਂ ਵੱਧ ਮਹੱਤਵਪੂਰਨ ਸੀ, ਕਿਉਂਕਿ ਉਨ੍ਹਾਂ ਦਾ ਦੁਨੀਆਂ ਦੇ 1/4 ਭਾਗ ਵਿੱਚ ਫੈਲਿਆ ਸਾਮਰਾਜ ਬਿਨ੍ਹਾਂ ਸ਼ਕਤੀਸ਼ਾਲੀ ਫੌਜ ਤੋਂ ਬਰਕਰਾਰ ਨਹੀਂ ਰੱਖਿਆ ਜਾ ਸਕਦਾ ਸੀ।
ਸਿੱਟੇ ਵਜੋਂ ਲੱਖਾਂ ਦੀ ਗਿਣਤੀ ਵਿੱਚ ਪੰਜਾਬੀ ਨੌਜਵਾਨ ਅੰਗਰੇਜ਼ਾਂ ਦੀ ਫੌਜ ਵਿੱਚ ਭਰਤੀ ਹੋਏ ਅਤੇ ਉਹ ਉਨ੍ਹਾਂ ਦੀ ਵਿਸ਼ਵ ਵਿਆਪੀ ਜੰਗਾਂ ਵਿੱਚ ਤੋਪ ਦਾ ਚਾਰਾ ਬਣਦੇ ਰਹੇ। ਅੰਗਰੇਜ਼ਾਂ ਦੀ ਫੌਜ ਦਾ ਲਗਭਗ 60 ਫੀਸਦੀ ਹਿੱਸਾ ਪੰਜਾਬ ਤੋਂ ਹੀ ਭਰਤੀ ਕੀਤਾ ਹੋਇਆ ਸੀ। ਇਹ ਫੌਜੀ ਨੌਜਵਾਨ ਕੁਝ ਸਾਲ ਫੌਜ ਦੀ ਨੌਕਰੀ ਕਰਕੇ ਜਾਂ ਤਾਂ ਆਪਣੇ ਪਿੰਡਾਂ ਵਿੱਚ ਆ ਕੇ ਖੇਤੀਬਾੜੀ ਸ਼ੁਰੂ ਕਰ ਦਿੰਦੇ ਜਾਂ ਫਿਰ ਇਹ ਅੰਗਰੇਜ਼ਾਂ ਦੀਆਂ ਪੂਰਬੀ ਕਲੋਨੀਅੰ ਭਾਵ ਮਲਾਇਆ, ਸਿੰਘਾਪੁਰ, ਹਾਂਗਕਾਂਗ, ਸ਼ੰਘਾਈ ਆਦਿ ਵਿੱਚ ਜਾ ਕੇ ਛੋਟੀਆਂ-ਮੋਟੀਆਂ ਨੌਕਰੀਆਂ ਕਰਦੇ, ਜਿੱਥੇ ਤਨਖ਼ਾਹ ਭਾਰਤ ਵਿੱਚ ਅੰਗਰੇਜ਼ੀ ਫੌਜ ਵਿੱਚ ਸਿਪਾਹੀ ਨਾਲੋਂ ਕਾਫ਼ੀ ਵੱਧ ਸੀ।
ਇਹ ਉਹ ਸਮਾਂ ਸੀ, ਜਦੋਂ ਅਮਰੀਕਾ ਅਤੇ ਕੈਨੇਡਾ ਦਾ ਪੱਛਮੀ ਕੰਢਾ ਆਬਾਦ ਹੋਣ ਲੱਗਾ। ਇਹ ਇੱਕ ਬਹੁਤ ਵਿਰਾਟ ਕੰਮ ਸੀ, ਜਿਸ ਲਈ ਹਜ਼ਾਰਾਂ ਮੀਲਾਂ ’ਚੋਂ ਜੰਗਲ ਸਾਫ਼ ਕਰਨੇ, ਰੇਲਾਂ ਤੇ ਸੜਕਾਂ ਕੱਢਣੀਆਂ, ਪੁਲ ਬਣੀਉਣੇ, ਇਮਾਰਤਾਂ ਬਣਾਉਣੀਆਂ ਅਤੇ ਫੈਕਟਰੀਆਂ ਤੇ ਬੰਦਰਗਾਹਾਂ ਦਾ ਨਿਰਮਾਣ ਕਰਨਾ ਸ਼ਾਮਿਲ ਸੀ। ਇਸ ਕੰਮ ਲਈ ਇਨ੍ਹਾਂ ਮੁਲਕਾਂ ਦੀਆਂ ਸਰਕਾਰਾਂ ਨੇ ਵੱਡੀ ਪੱਧਰ ’ਤੇ ਜਾਪਾਨੀ ਤੇ ਚੀਨੀ ਕਾਮੇ ਆਯਾਤ ਕੀਤੇ, ਜਿਨ੍ਹਾਂ ਤੋਂ ਪੂਰਬੀ ਕਲੋਨੀਆਂ ਵਿੱਚ ਰਹਿਣ ਵਾਲੇ ਭਾਰਤੀਆਂ ਨੇ ਅਮਰੀਕਾ-ਕੈਨੇਡਾ ਦੀਆਂ ਉੱਚੀਆਂ ਉਜਰਤਾਂ ਬਾਰੇ ਗੱਲਾਂ ਸੁਣੀਅੰ। ਉਸ ਸਮੇਂ ਅਮਰੀਕਾ ਅਤੇ ਕੈਨੇਡਾ ਦਾ ਸਾਧਾਰਨ ਕਾਮਾ ਵੀ 150 ਤੋਂ ਲੈ ਕੇ 200 ਰੁਪਏ ਤੱਕ ਪ੍ਰਤੀ ਮਹੀਨਾ ਕਮਾ ਲੈਂਦਾ ਸੀ, ਜਦ ਕਿ ਭਾਰਤ ਵਿੱਚ ਅੰਗਰੇਜ਼ੀ ਫੌਜ ਦੇ ਇੱਕ ਸਿਪਾਹੀ ਦੀ ਤਨਖਾਹ ਸਿਰਫ਼ 9 ਰੁਪਏ ਸੀ।
ਸਿੱਟੇ ਵਜੋਂ ਹਜ਼ਾਰਾਂ ਦੀ ਗਿਣਤੀ ਵਿੱਚ ਪੰਜਾਬੀ ਨੌਜਵਾਨ ਪੂਰਬੀ ਕਲੋਨੀਆਂ ਤੋਂ ਅਮਰੀਕਾ ਤੇ ਕੈਨੇਡਾ ਨੂੰ ਤੁਰ ਪਏ ਤਾਂ ਜੋ ਉਹ ਉਥੋਂ ਢੇਰ ਸਾਰੇ ਪੈਸੇ ਕਮਾ ਕੇ ਆਪਣੀ ਗ਼ਰੀਬੀ ਲਾਹ ਸਕਣ। ਇਨ੍ਹਾਂ ਪਰਵਾਸੀ ਕਾਮਿਆਂ ਵਿੱਚ ਲਗਭਗ 95 ਫੀਸਦੀ ਸਿੱਖ ਸਨ ਅਤੇ ਉਨ੍ਹਾਂ ਵਿੱਚ ਵੀ 80 ਫੀਸਦੀ ਤੋਂ ਵੱਧ ਸਾਬਕਾ ਫੌਜੀ ਸਨ। ਅਮਰੀਕਾ-ਕੈਨੇਡਾ ਵਿੱਚ ਜਾ ਕੇ ਇਨ੍ਹਾਂ ਕਾਮਿਆਂ ਨੇ, ਜਿਨ੍ਹਾਂ ਦੀ ਗਿਣਤੀ ਇਨ੍ਹਾਂ ਦੋਹਾਂ ਮੁਲਕਾਂ ਵਿੱਚ 10 ਹਜ਼ਾਰ ਤੋਂ ਉੱਪਰ ਹੋ ਗਈ ਸੀ, ਉਥੋਂ ਦੇ ਰਹਿਣ-ਸਹਿਣ ਅਤੇ ਆਜ਼ਾਦੀ ਦੀ ਭਾਵਨਾ ਤੋਂ ਬਹੁਤ ਕੁਝ ਸਿੱਖਿਆ ਅਤੇ ਉਨ੍ਹਾਂ ਨੇ ਬਹੁਤ ਥੋੜੇ ਸਮੇਂ ਵਿੱਚ ਹੀ ਚੰਗੇ ਪੈਸੇ ਕਮਾਏ। ਪਰ ਉਸ ਸਮੇਂ ਅਮਰੀਕਾ ਅਤੇ ਕੈਨੇਡਾ ਵਿੱਚ ਨਸਲੀ ਵਿਤਕਰਾ ਪੂਰੇ ਜ਼ੋਰਾਂ ’ਤੇ ਸੀ। ਥਾਂ-ਥਾਂ ’ਤੇ ਇਨ੍ਹਾਂ ਕਾਮਿਆਂ ਨੂੰ ਨਸਲਵਾਦ ਦਾ ਸ਼ਿਕਾਰ ਹੋਣਾ ਪੈਂਦਾ ਸੀ, ਗੋਰੇ ਲੋਕ ਇਨ੍ਹਾਂ ਨੂੰ ਤਾਅਨੇ ਮਾਰਦੇ ਅਤੇ ਇਨ੍ਹਾਂ ਨੂੰ ਕੁਲੀ ਜਾਂ ਗੰਦੇ ਲੋਕ ਕਿਹਾ ਜਾਂਦਾ।
ਇਸ ਤੋਂ ਪਹਿਲਾਂ, ਕਿਉਂਕਿ ਇਹ ਇੱਕ ਗੁਲਾਮ ਦੇਸ਼ ਤੋ ਆਏ ਹੋਏ ਸਨ, ਇਨ੍ਹਾਂ ਦੀ ਗੁਲਾਮੀ ਬਾਰੇ ਵੀ ਇਨ੍ਹਾਂ ਨੂੰ ਤਾਅਨੇ ਮਾਰੇ ਜਾਂਦੇ, ਜਿਸ ਕਾਰਨ ਇਨ੍ਹਾਂ ਦੀਆਂ ਆਤਮਾਵਾਂ ਵਲੂੰਧਰੀਆਂ ਗਈਆਂ। ਪਰ ਇਨ੍ਹਾਂ ਦੇ ਸਿਰੜ ਕਾਰਨ ਇਨ੍ਹਾਂ ਨੇ ਆਪਣੇ ਪੈਰ ਜਮਾਉਣੇ ਸ਼ੁਰੂ ਕੀਤੇ ਅਤੇ ਆਪਣੇ-ਆਪ ਨੂੰ ਸੰਗਿਠਤ ਕਰਨ ਲਈ ਗੁਰਦੁਆਰੇ ਉਸਾਰਨੇ ਸ਼ੁਰੂ ਕੀਤੇ, ਜਿੱਥੇ ਇਹ ਧਾਰਮਿਕ ਕੰਮਾਂ ਦੇ ਨਾਲ-ਨਾਲ ਆਪਣੀ ਕੌਮ ਤੇ ਹੋਰ ਮਸਲਿਆਂ ਬਾਰੇ ਵੀ ਵਿਚਾਰ-ਵਟਾਂਦਰਾ ਕਰਦੇ ਸਨ। ਫਿਰ 1913 ਵਿੱਚ ਇਨ੍ਹਾਂ ਨੇ ਅਮਰੀਕਾ ਵਿੱਚ ਬਹੁਤ ਸਾਰੇ ਕਾਮਿਅੰ ਨੂੰ ਇਕੱਠੇ ਕਰਕੇ ਇੱਕ ਸੰਗਠਨ ਬਣਾਇਆ, ਜਿਸ ਦਾ ਨਾਂ ਸਮੇਂ ਦੇ ਨਾਲ ਗ਼ਦਰ ਪਾਰਟੀ ਬਣ ਗਿਆ। ਇਸ ਪਾਰਟੀ ਦੇ ਪਹਿਲੇ ਪ੍ਰਧਾਨ ਸੋਹਣ ਸਿੰਘ ਭਕਨਾ ਥਾਪੇ ਗਏ, ਜਨਰਲ ਸਕੱਤਰ ਲਾਲਾ ਹਰਦਿਆਲ ਨੂੰ ਬਣਾਇਆ ਅਤੇ ਹੰਡਤ ਕਾਂਸੀ ਰਾਮ ਨੂੰ ਖਜ਼ਾਨਚੀ ਬਣਾਇਆ ਗਿਆ।
ਅਮਰੀਕਾ ਤੇ ਕੈਨੇਡਾ ਦੇ ਹੋਰ ਵੀ ਬਹੁਤ ਸਾਰੇ ਨਗਰਾਂ ਵਿੱਚ ਗ਼ਦਰ ਪਾਰਟੀ ਦੇ ਯੂਨਿਟ ਕਾਇਮ ਕੀਤੇ ਗਏ।ਇਸ ਪਾਰਟੀ ਦਾ ਮੁੱਖ ਨਿਸ਼ਾਨਾ ਭਾਰਤ ਵਿੱਚ ਅੰਗਰੇਜ਼ੀ ਰਾਜ ਸੀ, ਜਿਸ ਦਾ ਮੁੱਖ ਕਾਰਨ ਇਹ ਸੀ ਕਿ ਭਾਵੇਂ 1858 ਵਿੱਚ ਮਹਾਰਾਣੀ ਵਿਕਟੋਰੀਆ ਦੀ ਘੋਸ਼ਣਾ ਅਨੁਸਾਰ ਅੰਗਰੇਜ਼ ਰਾਜ ਦੀਆਂ ਸਾਰੀਆਂ ਕਲੋਨੀਆਂ ਵਿੱਚ ਬਰਾਬਰੀ ਦਾ ਅਧਿਕਾਰ ਦੇਣ ਦੀ ਗੱਲ ਕੀਤੀ ਸੀ, ਪਰ ਹਕੀਕਤ ਵਿੱਚ ਇੰਝ ਨਹੀਂ ਹੋ ਰਿਹਾ ਸੀ, ਸਗੋਂ ਭਾਰਤੀ ਕਾਮਿਆਂ ਨੂੰ ਨਫ਼ਰਤ ਦੀ ਨਜ਼ਰ ਨਾਲ ਵੇਖਿਆ ਜਾ ਰਿਹਾ ਸੀ। ਕਈ ਥਾਵਾਂ ’ਤੇ ਤਾਂ ਇਨ੍ਹਾਂ ਖ਼ਿਲਾਫ਼ ਦੰਗੇ ਵੀ ਭੜਕਾਏ ਗਏ ਅਤੇ ਇਨ੍ਹਾਂ ਨੂੰ ਅਮਰੀਕਾ ਅਤੇ ਕੈਨੇਡਾ ਵਿੱਚੋਂ ਕੱਢਣ ਲਈ ਬਹੁਤ ਸਾਰੀਆਂ ਗੋਂਦਾਂ ਗੁੰਦੀਆਂ ਗਈਆਂ,ਪਰ ਭਾਰਤ ਦੀ ਅੰਗਰੇਜ਼ੀ ਸਰਕਾਰ ਨੇ ਇਨ੍ਹਾਂ ਦੇ ਹੱਕਾਂ ਦੀ ਰਾਖ਼ੀ ਲਈ ਕੁਝ ਨਾ ਕੀਤਾ।
ਅਸਲ ਵਿੱਚ ਅੰਗਰੇਜ਼ ਨਹੀਂ ਚਾਹੁੰਦੇ ਸਨ ਕਿ ਭਾਰਤੀ ਮੂਲ ਦੇ ਲੋਕ ਅੰਗਰੇਜ਼ਾਂ ਦੀਆਂ ਗੋਰੀਆਂ ਕਲੋਨੀਆਂ ਵਿੱਚ ਜਾ ਕੇ ਵਸਣ ਜਾਂ ਹੋਰ ਗੋਰੇ ਮੁਲਕਾਂ ਵਿੱਚ ਜਾ ਕੇ ਰਹਿਣ ਤਾਂ ਜੋ ਉਨ੍ਹਾਂ ਨੂੰ ਆਜ਼ਾਦੀ ਦੀ ਹਵਾ ਨਾ ਲੱਗ ਜਾਵੇ ਅਤੇ ਨਾਲ ਹੀ ਉਨ੍ਹਾਂ ਨੂੰ ਗੋਰੇ ਲੋਕਾਂ ਦੀਆਂ ਆਦਤਾਂ ਸਾਡੇ ਹੋਰ ਸੱਭਿਆਚਾਰ ਰਵਾਇਤਾਂ ਦਾ ਭੇਤ ਨਾ ਪੈ ਜਾਵੇ। ਅਸਲ ਵਿੱਚ ਗੋਰੇ ਕਾਮੇ ਭਾਰਤੀ ਕਾਮਿਆਂ ਨਾਲੋਂ ਵੱਧ ਗੰਦੇ ਰਹਿੰਦੇ ਸਨ। ਤੰਬਾਕੂ ਤੇ ਸ਼ਰਾਬ ਦਾ ਸੇਵਨ ਆਮ ਕਰਦੇ ਸਨ ਅਤੇ ਹੋਰ ਵੀ ਭੈੜੀਆਂ ਆਦਤਾਂ ਦੇ ਸ਼ਿਕਾਰ ਸਨ, ਜਿਸ ਤੋਂ ਭਾਰਤੀ ਕਾਮੇ ਪੂਰੀ ਤਰ੍ਹਾਂ ਮੁਕਤ ਸਨ। ਅੰਗਰੇਜ਼ਾਂ ਨੂੰ ਡਰ ਸੀ ਕਿ ਜੇਕਰ ਭਾਰਤੀਆਂ ਨੂੰਅੰਗਰੇਜ਼ਾਂ ਦੀਆਂ ਅਜਿਹੀਅੰ ਕਮਜ਼ੋਰੀਆਂ ਦਾ ਪਤਾ ਲੱਗ ਗਿਆ ਤਾਂ ਉਹ ਭਾਰਤ ਵਿੱਚ ਵੀ ਅੰਗਰੇਜ਼ਾਂ ਨੂੰ ਟਿਚਕਰਾਂ ਕਰਨੀਆਂ ਸ਼ੁਰੂ ਕਰ ਦੇਣਗੇ ਅਤੇ ਅੰਗਰੇਜ਼ਾਂ ਨੇ ਜੋ ਆਪਣੀ ਧੌਂਸ ਬਣਾਈ ਹੋਈ ਸੀ, ਉਹ ਛਿੰਨ-ਭਿੰਨ ਹੋ ਜਾਵੇਗੀ।
ਗ਼ਦਰ ਪਾਰਟੀ ਦੇ ਸੰਗਠਨ ਦੇ ਨਾਲ ਹੀ ਉਨ੍ਹਾਂ ਨੇ ਸਨਫਰਾਂਸਿਸਕੋ ਤੋਂ ਗ਼ਦਰ ਅਖ਼ਬਾਰ ਛਾਪਣਾ ਸ਼ੁਰੂ ਕਰ ਦਿੱਤਾ, ਜੋ ਅੰਗਰੇਜ਼ੀ ਸਾਮਰਾਜ ਵਿਰੁੱਧ ਡੰਕੇ ਦੀ ਚੋਟ ਨਾਲ ਬਗ਼ਾਵਤ ਦਾ ਪ੍ਰਚਾਰ ਕਰਦਾ ਸੀ। ਇਸ ਅਖ਼ਬਾਰ ਦੀ ਬਹੁਤ ਸਾਰੇ ਮੁਲਕਾਂ ਵਿੱਚ ਸਰਕੂਲੇਸ਼ਨ ਹੋ ਗਈ ਅਤੇ ਇਹ ਲੱਖਾਂ ਦੀ ਗਿਣਤੀ ਵਿੱਚ ਛਪਣ ਲੱਗਾ। ਅੰਗਰੇਜ਼ ਆਪਣੇ ਵਿਰੁਧ ਹੋ ਰਹੇ ਇਸ ਪ੍ਰਚਾਰ ਤੋਂ ਭੈਅ-ਭੀਤ ਹੋ ਗਏ। ਉਨ੍ਹਾਂ ਨੇ ਹਰ ਥਾਂ ਇਸ ਅਖ਼ਬਾਰ ਨੂੰ ਜ਼ਬਤ ਕਰਨਾ ਸ਼ੁਰੂ ਕਰ ਦਿੱਤੇ ਇਨੇ ਨੂੰ 1914 ਵਿੱਚ ਪਹਿਲਾ ਵਿਸ਼ਵ ਯੁੱਧ ਸ਼ੁਰੂ ਹੋ ਗਿਆ, ਜਿਸ ਵਿੱਚ ਅੰਗਰੇਜ਼ ਇੱਕ ਵੱਡੀ ਧਿਰ ਸਨ। ਗ਼ਦਰ ਪਾਰਟੀ ਦੇ ਕਾਰਕੁੰਨਾਂ ਨੇ ਇਸ ਨੂੰ ਇੱਕ ਸੁਨਿਹਰੀ ਮੌਕਾ ਸਮਝਿਆ।
ਉਨ੍ਹਾਂ ਸੋਚਿਆ ਕਿ ਅੰਗਰੇਜ਼ੀ ਫੌਜਾਂ ਹੁਣ ਯੁੱਧ ਲੜਨ ਲਈ ਦੂਰ-ਦੁਰਾਡੇ ਮੁਲਕਾਂ ਵਿੱਚ ਤਾਇਨਾਤ ਹੋ ਜਾਣਗੀਆਂ ਅਤੇ ਉਹ ਭਾਰਤ ਵਿੱਚ ਜਾ ਕੇ ਭਾਰਤੀ ਛਾਉਣੀਆਂ ਵਿੱਚ ਰਹਿ ਰਹੀ ਬਾਕੀ ਫੌਜ ਨੂੰ ਆਪਣੇ ਨਾਲ ਲਾ ਕੇ ਅੰਗਰੇਜ਼ਾਂ ਖ਼ਿਲਾਫ਼ ਵਿਦਰੋਹ ਕਰ ਦੇਣਗੇ। ਉਨ੍ਹਾਂ ਨੇ ਇਸ ਆਸੇ ਦੀ ਪੂਰਤੀ ਲਈ ਆਪਣੇ ਸਾਰੇ ਮੈਂਬਰਾਂ ਨੂੰ ਲਲਕਾਰ ਦਿੱਤੀ ਅਤੇ ਉਹ ਸਮੁੰਦਰੀ ਬੇੜਿਆਂ ਵਿੱਚ ਸਵਾਰ ਹੋ ਕੇ ਭਾਰਤ ਨੂੰ ਆਜ਼ਾਦ ਕਰਾਉਣ ਲਈ ਤੁਰ ਪਏ। ਇਸ ਮੰਤਵ ਲਈ ਉਨ੍ਹਾਂ ਨੇ ਬਹੁਤ ਸਾਰੇ ਹਥਿਆਰ ਵੀ ਇਕੱਠੇ ਕੀਤੇ, ਪਰ ਬਦਕਿਸਮਤੀ ਨੂੰ ਬਹੁਤ ਸਾਰੇ ਗ਼ਦਰੀ ਅੰਗਰੇਜ਼ਾਂ ਨੇ ਰਸਤੇ ਵਿੱਚ ਜਾਂ ਭਾਰਤ ਦੇ ਕੰਢਿਆਂ ’ਤੇ ਉਤਰਦੇ ਸਾਰ ਹੀ ਫੜ ਲਏ, ਪਰ ਫਿਰ ਵੀ ਕਾਫ਼ੀ ਗਿਣਤੀ ਵਿੱਚ ਗ਼ਦਰੀ ਪੰਜਾਬ ਪਹੁੰਚਣ ਵਿੱਚ ਕਾਮਯਾਬ ਹੋ ਗਏ। ਇਨ੍ਹਾਂ ਵਿੱਚ ਪ੍ਰਮੁੱਖ ਕਰਤਾਰ ਸਿੰਘ ਸਰਾਭਾ, ਪੰਡਤ ਕਾਂਸ਼ੀ ਰਾਮ ਆਦਿ ਸਨ।
ਇਨ੍ਹਾਂ ਨੇ 19 ਫਰਵਰੀ 1915 ਦੇ ਦਿਨ ਪੰਜਾਬ ਦੀਆਂ ਪ੍ਰਮੁੱਖ ਛਾਉਣੀਆਂ, ਮੀਆਂ ਮੀਰ ਛਾਉਣੀ ਲਾਹੌਰ ਤੇ ਫ਼ਿਰੋਜ਼ਪੁਰ ਛਾਉਣੀ ਵਿੱਚ ਬਗ਼ਾਵਤ ਕਰਾਉਣ ਦਾ ਮਨਸੂਬਾ ਬਣਾਇਆ। ਇਸ ਤੋਂ ਪਹਿਲਾਂ ਕੈਨੇਡਾ ਤੋਂ ਕਾਮਾਗਾਟਾ ਮਾਰੂ ਜਹਾਜ਼, ਜਿਸ ਨੂੰ ਕੈਨੇਡੀਅਨ ਸਰਕਾਰ ਨੇ ਵਿਕਟੋਰੀਆ ਵਿੱਚ ਉਤਰਨ ਨਹੀਂ ਦਿੱਤਾ ਸੀ, ਵੀ ਆਪਣੇ 376 ਯਾਤਰੀਅੰ ਨੂੰ ਲੈ ਕੇ ਕਲਕੱਤੇ ਪਹੁੰਚ ਗਿਆ। ਇਸ ਜਹਾਜ਼ ਨਾਲ ਜੋ ਕਲਕੱਤੇ ਦੇ ਬਜਬਜ ਘਾਟ ’ਤੇ ਬੀਤੀ, ਉਹ ਭਾਰਤੀ ਲੋਕਾਂ ਦੀ ਦੰਤ ਕਿੱਸਾ ਦਾ ਹਿੱਸਾ ਬਣ ਗਈ। ਇਸ ਜਹਾਜ਼ ਤੋਂ ਬਹੁਤ ਸਾਰੇ ਯਾਤਰੀ ਜਿਵੇਂ-ਕਿਵੇਂ ਪੰਜਾਬ ਪਹੁੰਚ ਗਏ, ਜਿਨ੍ਹਾਂ ਵਿੱਚ ਬਾਬਾ ਗੁਰਮੁੱਖ ਸਿੰਘ ਲਲਤੋਂ ਆਦਿ ਵੀ ਸਨ। ਇਨ੍ਹਾਂ ਨੇ ਪੰਜਾਬ ਪਹੁੰਚ ਕੇ ਹੋਰ ਗ਼ਦਰੀਆਂ ਨਾਲ ਤਾਲਮੇਲ ਕੀਤਾ। ਇਹ ਲੋਕ ਅੰਗਰੇਜ਼ਾਂ ਖ਼ਿਲਾਫ਼ ਨਫ਼ਰਤ ਨਾਲ ਭਰੇ ਪਏ ਸਨ ਅਤੇ ਆਪਣੀਆਂ ਜਾਨਾਂ ਦੀ ਬਾਜ਼ੀ ਲਾ ਕੇ ਦੇਸ਼ ਨੂੰ ਆਜ਼ਾਦ ਕਰਾਉਣਾ ਚਾਹੁੰਦੇ ਸਨ।
19 ਫਰਵਰੀ1915 ਦੀ ਗ਼ਦਰ ਦੀ ਕੋਸ਼ਿਸ਼ ਕੁਝ ਕਮਜ਼ੋਰੀਆਂ ਕਾਰਨ ਫੇਲ ਹੋ ਗਈ। ਦਰਜ਼ਨਾਂ ਦੀ ਗਿਣਤੀ ਵਿੱਚ ਗ਼ਦਰੀ ਗ੍ਰਿਫ਼ਤਾਰ ਕਰ ਲਏ ਗਏ ਅਤੇ ਉਨ੍ਹਾਂ ’ਤੇ ਭਿੰਨ-ਭਿੰਨ ਲੋਹੌਰ ਸਾਜਿਸ਼ ਕੇਸ ਚਲਾ ਕੇ ਦਰਜ਼ਨਾਂ ਹੀ ਗ਼ਦਰੀਆਂ ਨੂੰ ਫਾਂਸੀ ’ਤੇ ਲਟਕਾ ਦਿੱਤਾ ਗਿਆ ਅਤੇ ਹੋਰ ਬਹੁਤ ਸਾਰਿਆਂ ਨੂੰ ਕਾਲੇਪਾਣੀਆਂ ਦੀ ਉਮਰ ਕੈਦ ਦੀ ਸਜ਼ਾ ਦੇ ਕੇ ਅੰਡੇਮਾਨ-ਨਿਕੋਬਾਰ ਦੀ ਜੇਲ੍ਹ ਵਿੱਚ ਕੈਦ ਕਰ ਦਿੱਤਾ ਗਿਆ, ਪਰ ਫਿਰ ਵੀ ਬਹੁਤ ਸਾਰੇ ਗ਼ਦਰੀ ਭਾਰਤ ਦੀ ਆਜ਼ਾਦੀ ਦੀ ਲੜਾਈ ਵਿੱਚ ਸਰਗਰਮ ਰਹੇ। ਜੇਸ੍ਹਾਂ ਤੋਂ ਛੁੱਟਣ ਮਗਰੋਂ ਵੀ ਉਹ ਅੰਗਰੇਜ਼ੀ ਸਰਕਾਰ ਵਿਰੁੱਧ ਵਿਦਰੋਹ ਦਾ ਢੰਡਾ ਬੁਲੰਦ ਕਰਦੇ ਰਹੇ।
ਉਨ੍ਹਾਂ ਨੇ ‘ਕੀਰਤੀ’ ਤੇ ‘ਦੇਸ਼ ਸੇਵਕ’ ਵਰਗੇ ਅਖ਼ਬਾਰ ਵੀ ਕੱਢੇ, ਜਿੰਨ੍ਹਾਂ ਵਿੱਚ ਉਹ ਅੰਗਰੇਜ਼ੀ ਸਰਕਾਰ ਵਿਰੁੱਧ ਨਫ਼ਰਤ ਤੇ ਵਿਦਰੋਹ ਦਾ ਪ੍ਰਚਾਰ ਕਰਦੇ ਸਨ। ਇਥੋਂ ਤੱਕ ਕਿ ਭਾਰਤ ਦੇ ਮਹਾਨ ਸ਼ਹੀਦ ਸਰਦਾਰ ਭਗਤ ਸਿੰਘ ਅਤੇ ਚੰਦਰ ਸ਼ੇਖ਼ਰ ਆਜ਼ਾਦ ਵਰਗਿਆਂ ਨੇ ਵੀ ਇਨ੍ਹਾਂ ਗ਼ਦਰੀਆਂ ਦੇ ਕਾਰਨਾਮਿਆਂ ਤੋਂ ਹੀ ਪ੍ਰੇਰਣਾ ਲਈ ਸੀ। ਭਾਰਤ ਦੇ ਆਜ਼ਾਦੀ ਸੰਗਰਾਮ ਵਿੱਚ ਮੱਧ-ਸ਼੍ਰੇਣੀ ਨਾਲ ਸੰਬੰਧ ਰੱਖਣ ਵਾਲੇ ਸੰਗਠਨਾਂ ਦਾ ਜੋ ਰੋਲ ਹੈ,, ਉਹ ਬਹੁਤਾ ਅੰਗਰੇਜ਼ਾਂ ਨਾਲ ਮਿਲਵਰਤਣ ਦਾ ਸੀ, ਭਾਵੇਂ ਕਿ ਉਹ ਇਸ ਨੂੰ ਕਹਿੰਦੇ ਨਾ-ਮਿਲਵਰਤਣ ਲਹਿਰ ਸੀ। ਅੰਗਰੇਜ਼ ਇਸ ਆਜ਼ਾਦੀ ਲਹਿਰ ਤੋਂ ਬਹੁਤੇ ਨਹੀਂ ਘਬਰਾਉਂਦੇ ਸਨ ਅਤੇ ਭਾਰਤੀਆਂ ਨੂੰ ਹੌਲੀ-ਹੌਲੀ ਮਾੜੇ-ਮੋਟੇ ਅਧਿਕਾਰ ਦਿੰਦੇ ਰਹਿੰਦੇ ਸਨ ਅਤੇ ਆਪਣਾ ਸਾਮਰਾਜ ਸਮੁੱਚੇ ਦੇਸ਼ ਵਿੱਚ ਬਣਾਈ ਰੱਖਦੇ ਸਨ। ਅਸਲ ਵਿੱਤ ਅੰਗਰੇਜ਼ਾਂ ਨੂੰ ਮੁੱਖ ਧਾਰਾ ਆਜ਼ਾਦੀ ਲਹਿਰ ਦਾ ਕੋਈ ਖ਼ਤਰਾ ਨਹੀਂ ਸੀ। ਇਹ ਉਨ੍ਹਾਂ ਦੇ ਰਾਜ ਨੂੰ ਹੋਰ ਲੰਬੇ ਸਮੇਂ ਤੱਕ ਬਣਾਈ ਰੱਖਣ ਲਈ ਸਹਾਈ ਹੋ ਰਹੀ ਸੀ।
ਜਿਸ ਆਜ਼ਾਦੀ ਦੇ ਸੰਗਰਾਮ ਦਾ ਅੰਗਰੇਜ਼ਾਂ ਨੂੰ ਸਭ ਤੋਂ ਵੱਧ ਡਰ ਸੀ, ਉਹ ਸੀ ਗ਼ਦਰੀ ਤੇ ਇਨਕਲਾਬੀ ਲਹਿਰ, ਜਿਸ ਨਾਲ ਪਿਛਲੀ ਸਦੀ ਦੇ ਤੀਜੇ ਤੇ ਚੌਥੇ ਦਹਾਕੇ ਦੌਰਾਨ ਸੈਂਕੜੇ ਨੌਜਵਾਨ ਜੁੜਨ ਲੱਗ ਪਏ ਸਨ। ਅੰਗਰੇਜ਼ਾਂ ਨੂੰ ਇੰਝ ਭਾਸਣ ਲੱਗ ਪਿਆ ਸੀ ਕਿ ਜੇਕਰ ਉਨ੍ਹਾਂ ਨੇ ਹਿੰਦੋਸਤਾਨ ਨੂੰ ਆਜ਼ਾਦ ਨਾ ਕੀਤਾ ਤਾਂ ਉਨ੍ਹਾਂ ਖ਼ਿਲਾਫ਼ ਇਨਕਲਾਬੀ ਪ੍ਰਭਾਵ ਹੇਠ ਆਏ ਭਾਰਤੀ ਨੌਜਵਾਨ ਵੱਡੀ ਪੱਧਰ ’ਤੇ ਹਥਿਆਰਬੰਦ ਸੰਘਰਸ਼ ਸ਼ੁਰੂ ਕਰ ਦੇਣਗੇ ਅਤੇ ਅੰਗਰੇਜ਼ਾਂ ਨੂੰ ਦੇਸ਼ ਤੋਂ ਬਾਹਰ ਸੁੱਟ ਦੇਣਗੇ। ਪਰ ਭਾਰਤ ਦੇ ਮੁੱਖ ਧਾਰਾ ਆਜ਼ਾਦੀ ਅੰਦੋਲਨ ਨੇ ਹਰ ਢੰਗ ਨਾਲ ਇਨਕਲਾਬੀ ਗਤੀਵਿਧੀਆਂ ਨੂੰ ਨਕਾਰਨ ਦੀ ਕੋਸ਼ਿਸ਼ ਕੀਤੀ, ਜਿਸ ਦਾ ਨਤੀਜਾ ਇਹ ਨਿਕਲਿਆ ਕਿ ਭਾਰਤ ਨੂੰ ਜਿਹੜੀ ਆਜ਼ਾਦੀ ਪਿਛਲੀ ਸਦੀ ਦੇ ਤੀਜੇ ਦਹਾਕੇ ਦੇ ਸ਼ੁਰੂ ਵਿੱਚ ਹੀ ਮਿਲ ਸਕਦੀ ਸੀ, ਉਹ ਪੰਦਵੇਂ ਦਹਾਕੇ ਦੇ ਅਖੀਰ ਵਿੱਚ ਜਾ ਕੇ ਹਾਂਸਿਲ ਹੋਈ ਅਤੇ ਉਸ ਦੇ ਪਿੱਛੇ ਵੀ ਗ਼ਦਰੀਆਂ ਤੇ ਇਨਕਲਾਬੀਆਂ ਦੇ ਸੰਘਰਸ਼ ਤੇ ਕਾਰਨਾਮਿਆਂ ਦਾ ਵੀ ਵੱਡਾ ਰੋਲ ਸੀ।
ਭਾਰਤ ਦੀ ਮੁੱਖ ਧਾਰਾ ਆਜ਼ਾਦੀ ਲਹਿਰ ਨੇ 15 ਅਗਸਤ, 1947 ਨੂੰ ਅੰਗਰੇਜਾਂ ਤੋਂ ਰਾਜ ਦੀ ਵਾਗਡੋਰ ਆਪਣੇ ਹੱਥਾਂ ਵਿੱਚ ਲੈ ਲਈ। ਇਹ ਇਤਿਹਾਸਕ ਘਟਨਾ ਸਿਰਫ ਇੱਕ ਸੱਤਾ ਦਾ ਤਬਾਦਲਾ ਸੀ। ਗੋਰਿਆਂ ਦੇ ਹੱਥਾਂ ’ਚੋਂ ਨਿਕਲ ਕੇ ਸਿਆਸੀ ਤਾਕਤ ਭਾਰਤੀ ਸਿਆਸਤਦਾਨਾਂ ਦੇ ਕਬਜ਼ੇ ਵਿੱਚ ਆ ਗਈ, ਜਿੰਨਾਂ ਦਾ ਕਿਰਦਾਰ ਆਜ਼ਾਦ ਦੇ ਪਿਛਲੇ ਸੱਠ ਸਾਲਾਂ ਦੇ ਵੱਧ ਸਮੇਂ ਤੋਂ ਭਾਰਤੀ ਆਵਾਮ ਦੇ ਸਾਹਮਣੇ ਨੰਗਾ ਹੋ ਗਿਆ ਹੈ।
ਭਾਰਤੀ ਹਾਕਮ ਜਮਾਤ, ਜਿਸ ਨੇ ਇਨ੍ਹਾਂ ਦਹਾਕਿਆਂ ਵਿੱਚ ਸੱਤ੍ਹਾ ਦਾ ਭਰਪੂਰ ਦੁਰਉਪਯੋਗ ਕੀਤਾ ਹੈ, ਦੇਸ਼ ਦੇ ਸਾਰੇ ਲੋਕਾਂ ਸਾਹਮਣੇ ਹੈ ਅਤੇ ਅਜ ਭਾਰਤੀ ਆਵਮ ਹਾਕਮ ਜਮਾਤ ਤੋਂ ਪੂਰੀ ਤਰ੍ਹਾਂ ਅਸੰਤੁਸ਼ਟ ਹੋਇਆ ਆਜ਼ਾਦੀ ਦਾ ਦੂਜਾ ਸੰਗਰਾਮ ਸ਼ੁਰੂ ਕਰਨ ਦੀਅੰ ਤਿਆਰੀਅੰ ਕਰ ਰਿਹਾ ਹੈ ਤਾਂ ਜੋ ਦੇਸ਼ ਦੇ ਕੌਮੀ ਸਾਧਨਾਂ ਅਤੇ ਦੇਸ਼ ਦੀ ਦੌਲਤ ਆਮ ਲੋਕਾਂ ਦੀ ਭਲਾਈ ਲਈ ਇਸਤੇਮਾਲ ਹੋਵੇ, ਨਾ ਕਿ ਕੁਝ ਕੁ ਕਾਰਪੋਰੇਟ ਘਰਾਣਿਆਂ ਅਤੇ ਭ੍ਰਿਸ਼ਟ ਸਿਆਸਤਦਾਨਾਂ ਦੀਆਂ ਤਿਜੋਰੀਆਂ ਵਿੱਚ ਜਮ੍ਹਾਂ ਹੁੰਦੀ ਰਹੇ। ਇਹੀ ਕਾਰਨ ਹੈ ਕਿ ਬਹੁਤ ਸਾਰੇ ਬੁਧੀਜੀਵੀ ਅਤੇ ਸਿਆਸੀ ਵਿਸ਼ੇਸ਼ਕ ਇਹ ਮਹਿਸੂਸ ਕਰ ਰਹੇ ਹਨ ਕਿ ਅੰਗਰੇਜ਼ੀ ਬਸਤੀਵਾਦ ਤੋਂ ਬਾਅਦ ਹਿੰਦੋਸਤਾਨ ਨਵ-ਬਸਤੀਵਾਦ ਦੇ ਗਲਬੇ ਵਿੱਚ ਚਲਾ ਗਿਆ ਹੈ ਅਤੇ ਇਸ ਨੂੰ ਮੁਕਤ ਕਰਾਉਣ ਲਈ ਕਿਸਾਨਾਂ, ਕਾਮਿਆਂ, ਨੌਜਵਾਨਾਂ, ਔਰਤਾਂ ਤੇ ਸ਼ੋਸ਼ਿਤ ਵਰਗਾਂ ਨੂੰ ਸੰਗਠਿਤ ਹੋ ਕੇ ਸੰਗਰਸ਼ ਕਰਨਾ ਪਵੇਗਾ।
ਸੰਪਰਕ: 98769-88333