Thu, 21 November 2024
Your Visitor Number :-   7256307
SuhisaverSuhisaver Suhisaver

ਹੁਣ ਇਹ ਉਹ ਜ਼ੀਰਵੀ ਨਹੀਂ -ਜੋਗਿੰਦਰ ਬਾਠ ਹੌਲੈਂਡ

Posted on:- 14-02-2013

suhisaver

ਪਿਛਲੇ ਸਾਲ ਮੈਂ ਜਲੰਧਰ ਤੋਂ ਛੱਪਦੇ 'ਨਵਾਂ ਜ਼ਮਾਨਾਂ' ਅਖਬਾਰ ਵਿੱਚ ਡਾ. ਕਰਨ ਜੀਤ ਦਾ ਸਾਡੇ ਅਜ਼ੀਜ਼ ਪੱਤਰਕਾਰ ਸੁਰਜਨ ਜ਼ੀਰੇ ਵਾਲੇ ਬਾਰੇ ਸ਼ਬਦ ਚਿੱਤਰ ਪੜ੍ਹਿਆ। ਮੇਰੀ ਉਮਰ 53 ਸਾਲ ਹੈ ਤੇ ਸੁਰਜਨ ਜ਼ੀਰਵੀ ਸ਼ਾਇਦ ਅੱਸੀ ਤੋਂ ਵੀ ਉੱਤੇ, ਪਰ ਉਹ ਮੇਰਾ ਯਾਰ ਹੈ। ਮੈਨੂੰ ਨਹੀਂ ਪਤਾ ਸੁਰਜਨ ਜੀਰਵੀ ਦੀ ਉਮਰ ਕਿੰਨੀ ਹੈ ਨਾ ਹੀ ਮੈਂ ਕਿਤੇ ਪੁੱਛਣ ਦੀ ਜ਼ੁੱਅਰਤ ਕੀਤੀ ਹੈ ਤੇ ਲਗਦਾ ਹੈ ਲੋੜ ਵੀ ਨਹੀਂ । 2006 ਵਿੱਚ ਮੈਂ ਸੁਰਜਨ ਨੂੰ ਮਿਸੀਸਾਗਾ ਦੇ ਇੱਕ ਖੂਬਸੂਰਤ ਚਾਨਣੇ ਭੋਰੇ ਵਿੱਚੋਂ ਲੱਭਿਆ ਸੀ। ਜਿਸ ਨੂੰ ਅਨਾਜ ਦੇ ਗੁਦਾਮ ਵਰਗਾ ਦਰਵਾਜ਼ਾ ਲੱਗਾ ਹੋਇਆ ਸੀ। ਜਦੋਂ ਦਰਵਾਜ਼ਾ ਖੁੱਲ੍ਹਾ ਅੰਦਰ ਜਗ ਮਗ ਚਾਨਣ ਦਾ ਰਾਜ ਸੀ। ਪੱਤਰਕਾਰਾਂ ਦੇ ਪੂਰੇ ਇੱਕ ਕਾਫ਼ਲੇ ਦੇ ਉਸਤਾਦ ਸੁਰਜਨ ਜ਼ੀਰਵੀ ਨਾਲ ਮੇਰੀ ਇਹ ਪਹਿਲੀ ਮੁਲਾਕਾਤ ਸੀ।



ਸੁਰਜਨ ਜ਼ੀਰਵੀ ਦੇ ਚੰਡੇ ਪੂਰਾਂ ਦੇ ਪੂਰ ਪੱਤਰਕਾਰਾਂ ਨੇ ਪੰਜਾਬੀ ਪੱਤਰਕਾਰੀ ਵਿੱਚ ਉੱਚੇ ਅਤੇ ਮਿਆਰੀ ਮਾਰਕੇ ਮਾਰੇ ਹਨ। ਪੰਜਾਬੀ ਦਾ ਉਹ ਕਿਹੜਾ ਅਖ਼ਬਾਰ ਹੈ ਜਿਸ ਵਿੱਚ ਰੇ ਵਾਲੇ ਦੇ ਸ਼ਬਦਾਂ ਦੀ ਸਾਣ ਤੇ ਤਿੱਖੇ ਕੀਤੇ ਪੱਤਰਕਾਰ ਕੰਮ ਨਾ ਕਰਦੇ ਹੋਣ ?। ਰੇ ਵਾਲਾ ਸੁਰਜਨ ਹੱਦ ਦਰਜ਼ੇ ਦਾ ਮਜ਼ਾਕੀਆਂ ਤੇ ਆਮ ਲੋਕਾਂ ਨਾਲ ਹਾਸਾ ਠੱਠਾ ਕਰ ਕੇ ਅਨੰਦ ਲੈਣ ਵਾਲਾ ਬਹੁਤ ਹੀ ਰੰਗੀਨ ਅਤੇ ਜ਼ਹੀਨ ਬੰਦਾ ਹੈ ਮੈਨੂੰ ਨਹੀਂ ਸੀ ਪਤਾ, ਕਿਉਂਕਿ ਮੈਂ ਉਸ ਦੇ ਗੰਭੀਰ ਸਿਆਸੀ ਸਮਾਜੀ ਲੇਖ ਪਿਛਲੇ 25 ਸਾਲਾਂ ਤੋਂ 'ਨਵਾਂ ਜ਼ਮਾਨਾਂ' ਤੇ ਫਿਰ ‘ਨਿਸ਼ੋਤ’ ਨਾਂ ਦੀ ਵੈੱਬਸਾਈਟ ਵਿੱਚ ਪੜ੍ਹਦਾ ਆ ਰਿਹਾ ਸਾਂ ਇਸ ਦਾ ਇਲਮ ਮੈਨੂੰ ਪਹਿਲੀ ਮਿਲਨੀ 'ਤੇ ਤਾਂ ਨਹੀ ਹੋ ਸਕਿਆ ਪਰੰਤੂ ਅਗਲੀ ਫੇਰੀ ਤੇ ਜ਼ਰੂਰ ਹੋ ਗਿਆ।

ਜੀਰੇ ਵਾਲੇ ਦਾ ਇੱਕ ਯਾਰ ਹੈ ਬਲਰਾਜ ਚੀਮਾਂ ਅਸਲ ਵਿੱਚ ਬਲਰਾਜ ਚੀਮੇ ਦੀ ਵਜਾਅ  ਨਾਲ ਹੀ ਮੈਂ ਸੁਰਜਨ ਰਵੀ ਦਾ ਥੌਹ ਪਤਾ ਲਗਾ ਸਕਿਆ ਸਾਂ ਤੇ ਇਸ ਮਹਾਨ ਮਨੁੱਖ ਨੂੰ ਮਿਲਣ ਦਾ ਅਤੇ ਇਸ ਦਾ ਸੰਗ ਮਾਨਣ ਦਾ ਸੁਭਾਗ ਪ੍ਰਪਤ ਕਰ ਸਕਿਆ ਸਾਂ। ਜੀਰੇ ਵਾਲੇ ਕੋਲ ਕੋਈ ਕਾਰ ਨਹੀਂ ਹੈ। ਬੱਸ ਦਾ ਪਾਸ ਜਾਂ ਬੱਸ ਦੇ ਸਫ਼ਰ ਜੋਗੇ ਟੁੱਟੇ ਡਾਲਰ ਪੈਨੀਆਂ ਦੀ ਭਾਨ ਆਪਣੇ ਅਤੇ ਆਪਣੇ ਮੇਜ਼ਬਾਨ  ਜੋਗੀ ਜ਼ਰੂਰ ਉਸ ਦੇ ਕੋਟ ਦੀ ਜੇਬ ਵਿੱਚ ਹੁੰਦੀ ਹੈ। ਜਿਵੇਂ ਕਿਸੇ ਲਾੜੇ ਦੇ ਬਾਪ ਕੋਲ ਡੋਲੀ ਸਮੇਂ ਵਿਆਹੀ ਜੋੜੀ ਤੋਂ ਸੁੱਟ ਕਰਨ ਜੋਗੀ ਭਾਨ। ਮੇਰੀ ਪਹਿਲੀ ਮਿਲਣੀ ਤੋਂ ਵਾਪਸੀ ਤੇ ਸੁਰਜਨ ਜ਼ੀਰਵੀ ਨੇ ਮੈਨੂੰ ਆਪਣੀ ਜੇਬ ਵਿੱਚੋ ਹੀ ਬਸ ਦੀ ਟਿਕਟ ਲੈ ਕੇ ਦਿੱਤੀ ਸੀ ਤੇ ਨਾਲ ਸਿ਼ਕਵਾ ਵੀ ਕੀਤਾ ਸੀ ਜੇ ਨਹੀਂ ਜਾਣ ਦਾ ਮਨ ਤਾਂ ਸਾਡੇ ਕੋਲ ਰਹਿ ਪਾ ਭਲਕੇ ਚਲਿਆ ਜਾਵੀਂ,,?। ਜਿਵੇਂ ਉਹ ਪਹਿਲੇ ਹੀ ਦਿਨ ਮਿਲੇ ਮਹਿਮਾਨ ਨਾਲ ਅਜੇ ਰੱਜ ਕੇ ਗੱਲਾਂ ਨਾ ਕਰ ਸਕਿਆ ਹੋਵੇ ?।

ਇੱਕੋ ਛੱਤਰੀ ਥੱਲੇ ਅਸੀਂ ਦੋਵੇਂ ਬੱਸ ਅੱਡੇ ਤੇ ਬੱਸ ਦੀ ਉਡੀਕ ਕਰ ਰਹੇ ਸਾਂ ਬੱਸ ਅੱਡਾ ਵੀ ਜ਼ੀਰੇ ਵਾਲੇ ਦੇ ਘਰ ਦੇ ਨੇੜ੍ਹੇ ਹੀ ਹੈ। ਜੁੱਤੀਆਂ ਸਾਡੀਆਂ ਪਾਣੀ ਨਾਲ ਭਿੱਜ ਗਈਆਂ ਸਨ ਤੇ ਛੱਤਰੀ ਇੱਕ ਦੋ ਵਾਰ ਠੱਕੇ ਨਾਲ ਪੁੱਠੀ ਹੋ ਚੁੱਕੀ ਸੀ। ਘਰੋਂ ਨਿੱਕਲਣ ਲੱਗਿਆ ਜ਼ੀਰਵੀ ਦੀ ਜੀਵਨ ਸਾਥਣ ਅੰਮ੍ਰਿਤ ਦੀ ਤਾੜਨਾ ਵੀ ਦਿਮਾਗ ਵਿੱਚ ਗੂੰਜ ਰਹੀ ਸੀ। “ਤੁਸੀਂ ਕਿੱਥੇ ਚੱਲੇ ਹੋ ਇਸ ਮੀਂਹ ਹਨੇਰੀ ਵਿੱਚ” ?। ਜ਼ੀਰੇ ਵਾਲਾ ਚੁੱਪ ਕਰਕੇ ਬਗੈਰ ਕਿਸੇ ਹੁੰਗਾਰੇ ਤੋਂ ਲਾਲ ਪੱਗ ਪੋਚ ਕੇ ਬੰਨਦਾ ਰਿਹਾ ਸੀ। ਮੈਨੂੰ ਬੱਸੇ ਚਾੜ੍ਹ ਕੇ ਉਹ ਬੇ-ਦਿਲੀ ਜਿਹੀ ਨਾਲ ਉਨ੍ਹੀ ਪੈਰੀਂ ਹੀ ਵਾਪਸ ਘਰ ਮੁੜ ਗਏ ਸਨ। ਹੋਰ ਉਨ੍ਹਾਂ ਜਾਣਾ ਵੀ ਕਿੱਥੇ ਸੀ ?। ਮੈਂ ਦੂਸਰੀ ਵਾਰੀ ਮਿਲਣ ਦਾ ਵਾਹਦਾ ਲੈ ਕੇ ਹੀ ਜ਼ੀਰੇ ਵਾਲੇ ਸੁਰਜਨ ਤੋਂ ਵਿਦਾ ਹੋਇਆ ਸਾਂ।                                                       

ਕੁਝ ਦਿਨਾਂ ਬਾਦ ਦੂਸਰੀ ਵਾਰ ਸੁਰਜਨ ਜ਼ੀਰਵੀ ਅਤੇ ਬਲਰਾਜ ਚੀਮਾਂ ਮੈਨੂੰ ਦੁਪਹਿਰ ਦੇ ਖਾਣੇ 'ਤੇ ਲਿਜਾਣ ਵਾਸਤੇ ਰੈਕਸਡੇਲ ਜਿੱਥੇ ਮੈਂ ਕਿਆਮ ਕੀਤਾ ਸੀ ਮਿੱਥੇ ਸਮੇਂ 'ਤੇ ਪਹੁੰਚ ਗਏ। ਮੈਂ ਇਸ ਮਹਾਨ ਮਨੁੱਖ ਨਾਲ ਦੂਸਰੀ ਵਾਰ ਮਿਲ ਕੇ ਹੋਰ ਵੀ ਖੁਸ਼ ਸਾਂ ਕਿਉਂਕਿ ਉਹ ਦੋਵੇਂ ਆੜੀ ਮੇਰੇ ਵਰਗੇ ਹਾਣੋ ਨਾ, ਪਰਵਾਣੋ ਨਾ, ਨਵੇਂ ਬਣੇ ਮਿੱਤਰ ਨੰ ਦੁਪਹਿਰ ਦਾ ਲੰਚ ਕਰਾਉਣ ਉਚੇਚਾ ਮਿਸੀਸਾਗਾ ਤੋਂ ਰੈਕਸਡੇਲ ਬਰੈਮਟਨ ਲੈਣ ਆਏ ਸਨ।

ਚੀਮੇ ਨੇ ਇੱਕ ਪਲਾਜ਼ੇ ਦੇ ਕਿਸੇ ਦੇਸੀ ਢਾਬੇ ਦੇ ਮੁਹਰੇ ਲਿਆ ਕਾਰ ਖੜਾਈ। ਇਹ ਢਾਬਾ ਸੱਤਾ ਡਾਲਰਾਂ ਵਿੱਚ ਬੰਦੇ ਰਜਉਂਦਾ ਸੀ। ਜਦੋਂ ਅਸੀਂ ਅੰਦਰ ਵੜੇ ਪਤਾ ਨ੍ਹੀ ਕੀਹਨੇ ਗੱਲ ਕਰ ਦਿੱਤੀ ਕਿ ਸਾਡੇ ਨਾਲ ਹੌਲੈਂਡ ਤੋਂ ਆਏ ਇੱਕ ਖਾਸ ਮਹਿਮਾਨ ਹਨ। ਢਾਬੇ ਦਾ ਮਾਲਕ ਥੋੜਾ ਸਿੱਧਾ ਜਿਹਾ ਬੰਦਾ ਲੱਗਦਾ ਸੀ ਉਹ ਸਾਡੀ ਤਿੱਕੜੀ ਨੂੰ ਵੇਖ ਕੇ ਬਹੁਤ ਖੁਸ਼ ਹੋਇਆ। ਪਹਿਲਾਂ ਤਾਂ ਉਸ ਨੇ ਮੇਰੇ ਪੈਰ ਪਾਈ ਸੰਤਰੀ ਰੰਗ ਦੀ ਜੁੱਤੀ ਤੇ ਇਸੇ ਹੀ ਰੰਗ ਦੇ ਪਾਏ ਕੋਟ ਦੀ ਤਾਰੀਫ਼ ਕੀਤੀ ਤੇ ਫੇਰ ਪੁੱਛਿਆ ਹੌਲੈਂਡ ਤੋਂ ਕੌਣ ਆਇਆ ਹੈ ?। ਜ਼ੀਰੇ ਵਾਲਾ ਵਧੀਆ ਸੂਟ ਅਤੇ ਲਾਲ ਪੱਗ ਵਿੱਚ ਸਜਿ਼ਆ ਫੱਬਿਆ ਖੜ੍ਹਾ ਸੀ ਅਸੀਂ ਸ਼ਰਾਰਤ ਨਾਲ ਉਸ ਵਲ ਇਸ਼ਾਰਾ ਕਰ ਦਿੱਤਾ। ਢਾਬੇ ਦਾ ਮਾਲਕ ਸਾਨੂੰ ਛੱਡ ਕੇ ਸੁਰਜਨ ਵੱਲ ਖੁ਼ਸਾ਼ਮਦੀ ਨਜ਼ਰਾਂ ਨਾਲ ਚਾਪਲੂਸੀ ਕਰਨ ਲੱਗ ਪਿਆ। ਕਿਸੇ ਹੰਢੇ ਵੇ ਨਾਟਕ ਕਲਾਕਾਰ ਵਾਂਗ ਜੀਰਵੀ ਸਕਿੰਟਾਂ ਵਿੱਚ ਹੀ ਹੌਲੈਂਡ ਨਿਵਾਸੀ ਬਣ ਗਿਆ। ਕਿਸੇ ਇੱਛਾਧਾਰੀ ਨਾਗ ਵਾਂਗ। ਢਾਬੇ ਵਿੱਚ ਥੋੜ੍ਹੇ ਜਿਹੇ ਗਾਹਕ ਸਨ ਤੇ ਉਨ੍ਹਾਂ ਵਿੱਚੋਂ ਵੀ ਜ਼ੀਰਵੀ ਵਰਗੇ ਹੌਲੈਂਡ ਤੋਂ ਪਧਾਰੇ ਅੰਤਰਰਾਸ਼ਟਰੀ ਮਹਿਮਾਨ। ਢਾਬੇ ਵਾਲਾ ਘੜੀ ਮੁੜੀ ਜ਼ੀਰਵੀ ਕੋਲ ਆਉਂਦਾ ਤੇ ਖਾਣੇ ਦੇ ਸਵਾਦ ਬਾਰੇ ਪੁੱਛਦਾ। ਕਿਤੇ ਉਸ ਨੇ ਪਰਾਣੀ ਫਿਲਮ ‘ਸਿਲਸਿਲਾ’ ਵੇਖ ਰੱਖੀ ਸੀ ਜਿਸ ਦੀ ਸ਼ੂਟਿੰਗ ਹੋਲੈਂਡ ਵਿੱਚ ਹੋਈ ਸੀ ਉਹ ਉਸ ਫਿਲਮ ਦਾ ਵੇਰਵਾ ਦੇ ਕੇ ਜ਼ੀਰਵੀ ਨੂੰ ਪੱਛਦਾ “ਸਰਦਾਰ ਜੀ ਸਾਰੇ ਹੌਲੈਂਡ ਵਿੱਚ ਫੁੱਲ ਹੀ ਫੁੱਲ ਹਨ,,?। ਹੌਲੈਂਡੀ ਜੀਰਵੀ  ਬੋਲੇ ਕੁਝ ਨਾ ਇਉ ਸੋ਼ਅ ਕਰੇ ਜਿਵੇਂ ਵਾਕਿਆ ਹੀ ਉਸ ਨੂੰ ਨਾ ਤਾਂ ਅੰਗਰੇਜ਼ੀ ਸਮਝ ਆਉਂਦੀ ਹੈ ਤੇ ਨਾ ਹੀ ਪੰਜਾਬੀ ਹਿੰਦੀ।



ਢਾਬੇ ਵਾਲਾ ਅਪਣੇ ਅੰਤਰਾਸ਼ਟ੍ਰੀ ਗਾਹਕ ਦੀ ਸੰਤੁਸ਼ਟੀ ਲਈ ਪੱਬਾਂ ਭਾਰ ਹੋਇਆ ਫਿਰਦਾ ਸੀ। ਜਦੋਂ ਢਾਬੇ ਵਾਲਾ ਅਪਣੇ ਮਹਿਮਾਨ ਤੋਂ ਹੌਲੈਂਡ ਬਾਰੇ ਜਾਣਕਾਰੀ ਲੈਣੀ ਚਾਹੁੰਦਾ ਤਾਂ ਜੀਰੇ ਵਾਲਾ ਚਾਚੇ ਚੱਤਰ ਸਿੰਘ ਵਾਂਗ ਹਾਂ ਜੀ ਹਾਂ ਜੀ, ਨਹੀਂ ਜੀ ਨਹੀਂ ਜੀ, ਕਈ ਕਿਸਮ ਦੇ ਗੋਲ ਮੋਲ ਜਿਹੇ ਜਵਾਬ ਸਵਾਲ ਉਸ ਦੇ ਪੈਰਾਂ ਵਿੱਚ ਚਗਿਆੜੀਆਂ ਛੱਡਦੇ ਦਿਵਾਲੀ ਵਾਲੇ ਦਿਨ ਚਲਾਏ ਬੱਚਿਆ ਦੇ ਰੀਠੇ ਵਾਂਗ ਸੁੱਟ ਦਿੰਦਾ। ਢਾਬੇ ਵਾਲਾ ਬੇਯਕੀਨੀ ਜਿਹੀ ਵਿੱਚ ਕਦੀ ਹੱਸਦਾ, ਕਦੀ ਖੁਸ਼ ਹੁੰਦਾ, ਅਜੀਬ ਜਿਹੀ ਸ਼ਕਲ ਬਣਾਈ ਫਿਰਦਾ ਜਿਵੇਂ ਸ਼ੌਲੇ ਫਿਲਮ ਵਿੱਚ ਕਾਲੀਆਂ ਦੀ ਪੁੜਪੁੜੀ ਤੇ ਗੱਬਰ ਸਿੰਘ ਵਲੋਂ ਪਿਸਤੌਲ ਵੇਲੇ ਕਾ਼ਲੀਏ ਦੀ ਸ਼ਕਲ ਬਣਦੀ ਹੈ। ਉਹ ਹੋਰ ਜੋਸ਼ੋ ਖਰੋਸ਼ ਨਾਲ ਸਾਡੀ ਆਉ ਭਗਤ ਵਿੱਚ ਊਰੀ ਵਾਂਗ ਘੁੱਮਣ ਲੱਗਦਾ। ਮੇਰਾ ਅਤੇ ਬਲਰਾਜ਼ ਚੀਮੇ ਦਾ ਹਾਸਾ ਕੱਛਾ ਵਿੱਚ ਦੀ ਨਿਕਲ ਰਿਹਾ ਸੀ। ਇਹ ‘ਬੁਫੇ’ ਢਾਬਾ ਸੀ। ਜਿੱਥੇ ਤੁਸੀਂ ਜਿੰਨਾਂ ਚਿਰ ਮਰਜ਼ੀ ਬੈਠੋ ਤੇ ਵਿਆਹਾਂ ਵਾਂਗ ਮੇਜ਼ ਤੇ ਲੱਗੇ ਖਾਣੇ ਵਿੱਚੋਂ ਜੋ ਮਰਜ਼ੀ ਖਾਵੋ। ਅਸੀਂ ਦੋ ਘੰਟੇ ਉਥੇ ਬੈਠੇ ਖਾਣਾ ਖਾਂਦੇ ਰਹੇ ਤੇ ਢਾਬੇ ਦੇ ਮਾਲਕ ਨੂੰ ਬੁੱਧੂ ਬਣਾਉਂਦੇ ਰਹੇ। ਹਾਲਾਂਕਿ ਉਸ ਢਾਬੇ ਵਿੱਚ ਲੀਕਰ ਜਾ ਬੀਅਰ ਪੀਣੀ ਮਨ੍ਹਾ ਸੀ ਪਰੰਤੂ ਹੋਲੈਂਡੀ ਸੁਰਜ਼ਨ ਜ਼ੀਰਵੀ ਦੀ ਕਰਾਮਾਤ ਸੀ ਕਿ ਢਾਬੇ ਵਾਲੇ ਨੇ ਕਿਤੋਂ ਆਪਣੇ ਰਿਸਕ ਤੇ ਸਾਨੂੰ ਬੀਅਰ ਦੇ ਡੱਬੇ ਵੀ ਲਿਆ ਦਿੱਤੇ ਸਨ। ਪਤਾ ਨਹੀਂ ਖੀਵੇ ਹੋਏ ਉਸ ਢਬੱਈਏ ਨੇ ਬਿਲ ਵੀ ਬਲਰਾਜ ਚੀਮੇ ਤੋਂ ਲਿਆ ਕਿ ਨਹੀਂ ? ਕਿਉਂਕਿ ਅਸੀਂ ਦੋਵੇਂ ਬਾਹਰ ਆ ਕੇ ਅਜੇ ਵੀ ਢਾਬੇ ਦੇ ਮਾਲਕ ਨੂੰ ਬੁੱਧੂ ਬਣਾਉਣ ਦੇ ਚੱਕਰ ਵਿੱਚ ਹੱਸ ਰਹੇ ਸਾਂ। ਉਸ ਦਿਨ ਅਸੀਂ ਫਿਰ ਜੀਰਵੀ ਦੇ ਘਰ ਆ ਗਏ। ਚੀਮਾ ਸਾਨੂੰ ਜ਼ੀਰਵੀ ਦੇ ਘਰ ਛੱਡ ਕੇ ਚਲਾ ਗਿਆ ਤੇ ਸ਼ਾਮ ਨੂੰ ਆਉਣ ਅਤੇ ਮੈਨੂੰ ਵਾਪਸ ਉਥੇ ਜਿੱਥੋਂ ਸਵੇਰੇ ਚੁੱਕਿਆ ਸੀ ਛੱਡਣ ਦਾ ਵਾਅਦਾ ਕਰਕੇ ਚਲਾ ਗਿਆ।

ਇੱਕ ਵਾਰ ਮੈਨੂੰ ਫਿਰ ਪੰਜਾਬੀ ਦੇ ਸਿਰ ਮੋਹਰ ਪੱਤਰਕਾਰ ਸੁਰਜਨ ਜੀਰਵੀ ਦੇ ਘਰ ਦਾ ਮੁੱਲ-ਅੰਕਣ ਕਰਨ ਦਾ ਮੌਕਾ ਮਿਲ ਗਿਆ (ਜੋ ਮੈਂ ਅੱਜ ਤੋਂ 5 ਸਾਲ ਪਹਿਲਾਂ ਨਵਾਂ ਜ਼ਮਾਨਾਂ ਵਿੱਚ ਲਿਖਿਆ ਸੀ “ਇਹ ਹੈ ਸੁਰਜਨ ਜੀਰਵੀ ਸੰਸਾਰ”) ਉਸ ਦੁਪਿਹਰ ਜੀਰਵੀ ਜੀ ਥੋੜਾ ਨੀਂਦ ਦਾ ਝੋਕਾ ਲੈਣ ਚਲੇ ਗਏ ਤੇ ਮੈਂ ਬਾਹਰੋ ਲੋਹੇ ਵਰਗੀ ਸਖਤ ਤੇ ਅੰਦਰੋਂ ਮੱਖਣੀ ਵਰਗੀ ਨਰਮ ਜੀਰਵੀ ਦੀ ਜੀਵਨ ਸਾਥਣ ਨਾਲ ਆਰ ਪਰਿਵਾਰ ਦੀਆਂ ਗੱਲਾਂ ਕਰਦਿਆਂ ਦੋ ਵਾਰ ਚਾਹ ਪੀਤੀ। ਸ਼ਾਮੀਂ ਚਾਰ ਕੁ ਵੱਜੇ ਨਾਲ ਜ਼ੀਰਵੀ ਜੀ ਫਿਰ ਲਾਲ ਪੱਗ ਬੰਨ ਕੇ ਤਿਆਰ ਹੋ ਗਏ। ਅੱਜ ਦਿਨ ਸੋਹਣਾ ਸੀ। ਅਸੀਂ ਦੋਵੇਂ ਕਿਤੇ ਜਾਣ ਲਈ ਬੱਸੇ ਬੈਠ ਗ ਮੈਨੂੰ ਨਹੀਂ ਪਤਾ ਕਿੱਧਰ ਜਾਣਾ ਸੀ। ਟਿਕਟ ਫਿਰ ਜੀਰੇ ਵਾਲੇ ਨੇ ਆਪਣੀ ਭਾਨ ਚੌ’ਖ਼ਰੀਦੀ ਅਸੀਂ ਦੋ ਕੁ ਅੱਡੇ ਅੱਗੇ ਜਾ ਕੇ ਉੱਤਰ ਗਏ। ਇਹ ਕੋਈ ਸ਼ੌਪਿੰਗ ਸੈਂਟਰ ਸੀ। ਜੀਰਵੀ ਮਹਿਫਲਾਂ ਵਿੱਚ ਜਾ ਸਿਆਸੀ ਡਿਬੇਟਾਂ ਵਿੱਚ ਕਿਸੇ ਨੂੰ ਵੀ ਅਪਣੇ ਮਲੇ੍ਹ ਦੇ ਕੰਡਿਆਂ ਵਰਗੇ ਸਵਾਲਾ ਨਾਲ ਉਧੇੜ ਕੇ ਰੱਖ ਦਿੰਦੇ ਹਨ, ਉਦੋਂ ਉਹ ਕਿਸੇ ਦੇ ਯਾਰ ਨਹੀਂ ਹੁੰਦੇ। ਹੇਠਾ ਇੱਕ ਵੰਨਗੀ ਕੈਨੇਡਾ ਰਹਿੰਦੇ ਕਵੀ ਸੁੱਖਪਾਲ ਦੀ ਕਵਿਤਾ ਬਾਰੇ ਜ਼ੀਰਵੀ ਦੀ ਬੇ-ਕਿਰਕ ਕਲਮ ਦੀ ਨੋਕ ਪੋਸਟਮਾਰਟਮ ਬਨਾਮ ‘ਮੁਲਾਹਜਾ’ ਇاءں ਕਰਦੀ ਹੈ।                                                        

ਇਥੇ ਮੈਂ ਸੁਖਪਾਲ ਦੀ ਇਸ ਗੱਲ ਬਾਰੇ ਕੁਝ ਕਹਿਣ ਦਾ ਹੀਆ ਕਰਨਾ ਚਾਹਾਂਗਾ ਕਿ ਉਹ ਕਿਸੇ ਵਾਦ ਦੀ ਛੱਤ ਹੇਠ ਲੁਕਣ ਦਾ ਹਾਮੀ ਨਹੀਂ ਪਰ ਮੇਰੀ ਗੁੰਜਾਰਿਸ਼ ਇਹ ਹੈ ਕਿ ਸਾਰੇ ਵਾਦ ਲੁਕਣ ਵਾਲੀ ਛੱਤ ਨਹੀਂ ਹੁੰਦੇ। ਕੁਝ ਵਾਦ ਨੇਕ-ਇਰਾਦਾ ਲੋਕਾਂ ਨੂੰ ਕਿਸੇ ਉਚੇਰੀ ਖ਼ੂਬਸੂਰਤੀ ਵਾਸਤੇ, ਕਿਸੇ ਵਡੇਰੇ ਨਿਆਂ ਲਈ ਰੜੇ ਮੈਦਾਨ ਵਿਚ ਨਿਤਰਨ ਦਾ ਸੱਦਾ ਵੀ ਹੁੰਦੇ ਹਨ। ਅਜਿਹੇ ਵਾਦ ਅਕਸਰ ਉਸੇ ਨਜ਼ਰ ਦੀ ਉਪਜ ਹੁੰਦੇ ਹਨ ਜਿਸ ਨੂੰ ਸੁਖਪਾਲ ਨੇ “ਕਵੀ ਦੀ ਨਜ਼ਰ” ਆਖਿਆ ਹੈ। ਸੁਖਪਾਲ ਸ਼ਾਇਦ ਨਾ ਮੰਨੇ ਪਰ ਉਸਦੀ ਕਵਿਤਾ ਵਿਚੋਂ ਵੀ ਇਨਸਾਨੀ ਕਦਰਾਂ ਦੇ ਹੱਕ ਵਿਚ ਜ਼ਮੀਰ ਨੂੰ ਝੰਜੋੜਨ ਵਾਲੇ ਕਿਸੇ ਵਾਦ ਦੀ ਚਾਪ ਸੁਨਣ ਨੂੰ ਮਿਲਦੀ ਹੈ। ਕੀ ਇਹ ਚਾਪ ਸਿਰਫ਼ ਮੈਨੂੰ ਹੀ ਸੁਣੀਂਦੀ ਰਹੀ ਹੈ? ਸ਼ਾਇਦ ਇੰਝ ਹੀ ਹੋਵੇ।॥” ਪਰੰਤੂ, ਆਮ ਜ਼ਿੰਦਗੀ ਵਿੱਚ ਉਹ ਘਰ ਆਏ ਮਹਿਮਾਨ ਕੋਲੋ ਹੀ ਜਿ਼ਆਦਾ ਸੁਣਦੇ ਹਨ ਤੇ ਪ੍ਰਾਹੁਣੇ ਨੂੰ ਆਪਣਾ ਆਪ ਢੇਰੀ ਕਰਨ ਦਾ ਪੂਰਾ ਮੌਕਾ ਦਿੰਦੇ ਹਨ।

ਮੈਂ ਉਨ੍ਹਾਂ ਨੂੰ ਪਤਾ ਨਹੀਂ ਕੀ ਕੀ ਲੈਕਚਰ ਦਿੰਦਾ ਰਿਹਾ ਉਹ ਸੁੱਣਦੇ ਗਏ। ਗੱਲਾਂ ਗੱਲਾਂ ਵਿੱਚ ਉਨ੍ਹਾਂ ਨੂੰ ਪਤਾ ਲੱਗ ਗਿਆ ਸੀ ਕਿ ਮੈਨੂੰ ਦਾਰੂ ਬੱਤੇ ਦਾ ਸੌ਼ਕ ਹੀ ਨਹੀਂ ਸਾਲਾਂ ਦੇ ਸਾਲ ਹੌਲੈਂਡ ਵਿੱਚ ਦੇਸੀ ਢਾਬਾ ਚਲਾਉਣ ਦੀ ਵਜਾਹ ਨਾਲ ‘ਸੋਮਰਸ’ ਦੀਆਂ ਕਿਸਮਾਂ ਅਤੇ ਗੁਣਵੰਤਾਂ ਬਾਰੇ ਵੀ ਚੋਖੀ ਜਾਣਕਾਰੀ ਹੈ। ਠੇਕੇ ਬਨਾਮ ਲੀਕਰ ਸੌ਼ਪ ਵਿੱਚੋਂ ਜਿਸ ਬੀਅਰ ਵਿਸਕੀ ਦੀ ਤਾਰੀਫ਼ ਮੇਰੇ ਮੂੰਹੋ ਸੁਣੀ ਚੁੱਕ ਕੇ ਅਪਣੀ ਟੋਕਰੀ ਵਿੱਚ ਧਰਦੇ ਗਏ। ਸੌਪਿੰਗ ਮਾਲ ਵਿੱਚ ਫਿਰ ਤੁਰ ਕੇ ਅਸੀਂ ਕੁਝ ਹੋਰ ਸੌਦਾ ਲਿਆ ਮੈਨੂੰ ਪਤਾ ਵੀ ਨਾ ਲੱਗਿਆ ਕਦੋਂ ਉਹਨਾਂ ਉਹੀ ਸੌਦਾ ਲਿਆ ਜੋ ਉਸ ਦੇ ਮਹਿਮਾਨ ਜਾ ਮੈਨੂੰ ਪਸੰਦ ਸੀ। ਅਸੀਂ ਘਰ ਵਾਪਸ ਆ ਗਏ ਸਾਰਾ ਸਮਾਨ ਅੰਮ੍ਰਿਤ ਦੇ ਹਵਾਲੇ ਕਰ ਉਨ੍ਹਾਂ ਨਾਲ ਰਸੋਈ ਵਿੱਚ ਚੁੱਪਚਾਪ ਮਦਦ ਕਰਵਾਉਂਦੇ ਰਹੇ। ਏਨੇ ਨੂੰ ਬਲਰਾਜ ਚੀਮਾ ਵੀ ਵਾਪਸ ਆ ਗਿਆ ਸੀ। ਉਸ ਸ਼ਾਮ ਮੈਂ ਤੇ ਚੀਮਾਂ ਜ਼ੀਰਵੀ ਦੇ ਚੁੱਟਕੱਲਿਆ ਦੇ ਸਰੋਤੇ ਸਾਂ ਤੇ ਹੱਸ ਹੱਸ ਕੇ ਸਾਡੇ ਢਿੱਡੀ ਪੀੜਾਂ ਪੈ ਗਈਆਂ ।

ਉਹ ਸ਼ਾਮ ਅੱਜ ਵੀ ਮੇਰੇ ਚੇਤਿਆ ਵਿੱਚ ਸੱਜਰੀ ਹੈ। ਬਿਮਾਰੀ ਤੋਂ ਬਾਦ ਸੁਣਿਆ ਹੈ ਜੀਰਵੀ ਦੇ ਸੁਭਾ ਅਤੇ ਚੇਤਿਆਂ ਵਿੱਚ ਬਹੁਤ ਫ਼ਰਕ ਪੈ ਗਿਆ ਹੈ। ਹੁਣ ਉਹ ਫੋਨ ਤੇ ਲੰਬੀ ਗੱਲਬਾਤ ਨਹੀਂ ਕਰਦੇ ਫੋਨ ਤੇ ਮਹੀਨੇ ਵੀਹੀ ਦਿਨੀਂ ਗੱਲਬਾਤ ਹੁੰਦੀ ਹੀ ਰਹਿੰਦੀ ਹੈ ਤੇ ਨਾ ਹੀ ਕਦੀ ਹੁਣ ਮੈਂ ਫੋਨ ’ਤੇ ਉਨ੍ਹਾਂ ਤੋਂ ਕੋਈ ਚੁਟਕਲਾ ਸੁਣਿਆ ਹੈ ਪਹਿਲਾਂ ਇਹ ਰੁਟੀਨ ਸੀ। ਹੁਣ ਉਹ 'ਨਵਾਂ ਜ਼ਮਾਨਾਂ' ਬਾਰੇ ਵੀ ਘੱਟ ਹੀ ਗੱਲ ਕਰਦੇ ਹਨ। ਟੋਰੰਟੋ ਦੀਆਂ ਸਾਹਿਤਕ ਮਹਿਫਲਾਂ ਜਿਨ੍ਹਾਂ ਦੀ ਉਹ ਜਿੰਦ ਜਾਨ ਹੁੰਦੇ ਸਨ ਵਿੱਚ ਵੀ ਹੁਣ ਨਾ-ਮਾਤਰ ਹੀ ਸਿ਼ਰਕਤ ਕਰਦੇ ਹਨ। ਬੀਮਾਰੀ ਤੇ ਬੁਢਾਪਾ ਵੱਡੇ ਵੱਡੇ ਸਿਕੰਦਰਾਂ ਨੂੰ ਢਾਹ ਲੈਂਦਾ ਹੈ ਤੇ ਲਗਦਾ ਹੈ ਜੀਰਵੀ ਨੂੰ ਵੀ ਵੱਧ ਰਹੀ ਆਉਧ ਨੇ ਢਾਹ ਲਿਆ ਹੈ। ਮੈਂ ਵੀ ਜੀਰਵੀ ਦੀ ਦਿਨੋ ਦਿਨ ਕੰਮਜ਼ੋਰ ਹੁੰਦੀ ਆਵਾਜ਼ ਤੇ ਫਿਕਰ ਮਹਿਸੂਸ ਕਰਦਾ ਹਾਂ ਜਿਵੇਂ ਜੀਰਵੀ ਦਾ ਯਾਰ ਬਲਰਾਜ ਚੀਮਾਂ ਮੇਰੇ ਵੱਲੋਂ ਜ਼ੀਰਵੀ ਦਾ ਹਾਲ ਚਾਲ ਪੁੱਛਣ ’ਤੇ ਕਹਿੰਦਾ ਹੈ “ਜੋਗਿੰਦਰ ਹੁਣ ਇਹ ਉਹ ਜ਼ੀਰਵੀ ਨਹੀਂ ਜਿਸ ਨੂੰ ਤੂੰ ਮਿਲ ਕੇ ਗਿਆ ਸੀ”।
    

Comments

Security Code (required)



Can't read the image? click here to refresh.

Name (required)

Leave a comment... (required)





ਸਾਹਿਤ ਸਰੋਦ ਤੇ ਸੰਵੇਦਨਾ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ