Wed, 30 October 2024
Your Visitor Number :-   7238304
SuhisaverSuhisaver Suhisaver

ਹਰਿਆਣੇ ਦਾ 2021 ਦਾ ਸਾਹਿਤ ਅਵਲੋਕਨ: ਪੁਸਤਕ ਸੰਦਰਭ

Posted on:- 01-01-2022

suhisaver

-ਡਾ. ਨਿਸ਼ਾਨ ਸਿੰਘ ਰਾਠੌਰ

ਪੰਜਾਬੀ ਸਾਹਿਤ ਖ਼ੇਤਰ ਵਿਚ ਹਰ ਸਾਲ ਸੈਕੜੇ ਪੁਸਤਕਾਂ ਪ੍ਰਕਾਸਿ਼ਤ ਹੁੰਦੀਆਂ ਹਨ। ਖ਼ਾਸ ਕਰਕੇ ਪੰਜਾਬ ਵਿਚ ਬਹੁਤ ਵੱਡੀ ਗਿਣਤੀ ਵਿਚ ਪੰਜਾਬੀ ਪੁਸਤਕਾਂ ਪ੍ਰਕਾਸਿ਼ਤ ਹੁੰਦੀਆਂ ਹਨ। ਪਰ! ਪੰਜਾਬ ਤੋਂ ਬਾਹਰ ਹਰਿਆਣਾ, ਰਾਜਸਥਾਨ, ਜੰਮੂ-ਕਸ਼ਮੀਰ, ਹਿਮਾਚਲ ਅਤੇ ਦਿੱਲੀ ਵਿਚ ਬਹੁਤ ਘੱਟ ਗਿਣਤੀ ਵਿਚ ਪੰਜਾਬੀ ਦੀਆਂ ਪੁਸਤਕਾਂ ਪ੍ਰਕਾਸਿ਼ਤ  ਹੁੰਦੀਆਂ ਹਨ। ਹਰਿਆਣੇ ਵਿਚ ਬਹੁਤ ਵੱਡੀ ਗਿਣਤੀ ਵਿਚ ਪੰਜਾਬੀ ਭਾਈਚਾਰਾ ਰਹਿੰਦਾ ਹੈ। ਇਸ ਲਈ ਹਰਿਆਣੇ ਵਿਚ ਹਰ ਸਾਲ ਦਰਜ਼ਨ ਕੁ ਪੰਜਾਬੀ ਪੁਸਤਕਾਂ ਪ੍ਰਕਾਸਿ਼ਤ ਹੁੰਦੀਆਂ ਹਨ। ਇਹ ਗਿਣਤੀ ਹਰ ਵਰ੍ਹੇ ਵੱਧ-ਘੱਟ ਹੁੰਦੀ ਰਹਿੰਦੀ ਹੈ ਪਰ! ਅਮੁਮਨ ਦਰਜ਼ਨ ਪੁਸਤਕਾਂ ਪਾਠਕਾਂ ਦੇ ਹੱਥਾਂ ਤੱਕ ਅਪੱੜ ਜਾਂਦੀਆਂ ਹਨ।

ਕੋਵਿਡ-19 ਕਰਕੇ ਇਸ ਸਾਲ ਪਹਿਲੇ ਛੇ ਮਹੀਨੇ ਤਾਂ ਸਮਾਜਿਕ ਪਾਬੰਦੀਆਂ, 14 ਦਿਨ ਜਾਂ 21 ਦਿਨ ਏਕਾਂਤਵਾਸ ਲਾਜ਼ਮੀ ਰਿਹਾ ਤਾਂ ਕਿ ‘ਕੋਰੋਨਾ ਵਾਇਰਸ’ ਤੋਂ ਬਚਿਆ ਜਾ ਸਕੇ। ਇਸ ਲਈ ਸਾਹਿਿਤਕ ਹਲਕਿਆਂ ਵਿਚ ਵੀ ਬਹੁਤੀ ਸਰਗਰਮੀ ਨਹੀਂ ਰਹੀ। ਪਰ! ਸਹਿਜੇ- ਸਹਿਜੇ ਹਾਲਾਤ ਪਹਿਲਾਂ ਨਾਲੋਂ ਸੁਖਾਵੇਂ ਹੁੰਦੇ ਗਏ ਅਤੇ ਪੰਜਾਬੀ ਸਾਹਿਿਤਕ ਹਲਕਿਆਂ ਵਿਚ ਵੀ ਲੇਖਕਾਂ ਵੱਲੋਂ ਆਪਣੀਆਂ ਪੁਸਤਕਾਂ ਰਾਹੀਂ ਹਾਜ਼ਰੀ ਲਗਵਾਉਣ ਦੀ ਗਤੀ ਤੇਜ਼ ਹੁੰਦੀ ਗਈ।

ਹਰਿਆਣੇ ਵਰਗੇ ਹਿੰਦੀ ਸੂਬੇ ਵਿਚ ਪੰਜਾਬੀ ਦੀਆਂ ਬਹੁਤ ਘੱਟ ਪੁਸਤਕਾਂ ਪ੍ਰਕਾਸਿ਼ਤ ਹੁੰਦੀਆਂ ਹਨ। ਪਰ! ਪਿਛਲੇ ਕੁਝ ਸਾਲਾਂ ਤੋਂ ਨਵੇਂ ਮੁੰਡੇ-ਕੁੜੀਆਂ ਦੇ ਇਸ ਖੇਤਰ ਵਿਚ ਆਉਣ ਕਰਕੇ ਕਿਤਾਬਾਂ ਦੀ ਗਿਣਤੀ ਵੱਧ ਗਈ ਹੈ। ਸੋਸ਼ਲ- ਮੀਡੀਏ ਕਰਕੇ ਬਹੁਤ ਸਾਰੇ ਨਵੇਂ ਲੇਖਕ/ ਲੇਖਕਾਵਾਂ ਨੇ ਹਰਿਆਣੇ ਅੰਦਰ ਵੀ ਪੰਜਾਬੀ ਲੇਖਕਾਂ ਦੀ ਗਿਣਤੀ ਵਿਚ ਵਾਧਾ ਕੀਤਾ ਹੈ। ਖ਼ੈਰ! ਇਸ ਲੇਖ ਦਾ ਮੂਲ ਵਿਸ਼ਾ ‘ਹਰਿਆਣੇ ਅੰਦਰ 2021 ਦੌਰਾਨ ਪ੍ਰਕਾਸਿ਼ਤ ਹੋਈਆਂ ਪੰਜਾਬੀ ਪੁਸਤਕਾਂ’ ਅਤੇ ਉਹਨਾਂ ਦੇ ਲੇਖਕਾਂ ਬਾਰੇ ਸੰਖੇਪ ਜਾਣਕਾਰੀ ਪ੍ਰਾਪਤ ਕਰਨਾ ਹੈ।

ਇਸ ਵਰ੍ਹੇ 2021 ਦੌਰਾਨ ਪ੍ਰੋ: ਰਾਬਿੰਦਰ ਮਸਰੂਰ ਦਾ ਗ਼ਜ਼ਲ-ਸੰਗ੍ਰਹਿ ‘ਝੀਲ ਦੀ ਚੁੱਪ’, ਡਾ: ਦੇਵਿੰਦਰ ਬੀਬੀਪੁਰੀਏ ਦਾ ਗ਼ਜ਼ਲ-ਸੰਗ੍ਰਹਿ ‘ਮੈਂ ਤੋਂ ਮੈਂ ਤਕ’, ਰਜਵੰਤ ਕੌਰ ‘ਪ੍ਰੀਤ’ ਦਾ ਕਾਵਿ-ਸੰਗ੍ਰਹਿ ‘ਪੁਨਰ ਜਨਮ’, ਡਾ: ਸੁਦਰਸ਼ਨ ਗਾਸੋ ਦੀਆਂ ਦੋ ਪੁਸਤਕਾਂ ‘ਗਾਉਂਦੇ ਜਜ਼ਬੇ’ ਅਤੇ ਬਾਲ ਕਾਵਿ- ਸੰਗ੍ਰਹਿ ‘ਕਿੰਨਾ ਸੋਹਣਾ ਅੰਬਰ ਲਗਦੈ’, ਡਾ: ਰਤਨ ਸਿੰਘ ਢਿੱਲੋਂ ਦਾ ਕਾਵਿ-ਸੰਗ੍ਰਹਿ ‘ਕੁੜੀਆਂ ਚਿੜੀਆਂ ਨਹੀਂ’, ਲਖਵਿੰਦਰ ਸਿੰਘ ਬਾਜਵਾ ਦਾ ਕਾਵਿ-ਸੰਗ੍ਰਹਿ ‘ਹੱਕਾਂ ਦੀ ਜੰਗ’, ਡਾ: ਰਮੇਸ਼ ਕੁਮਾਰ ਦੇ ਦੋ ਕਾਵਿ-ਸੰਗ੍ਰਹਿ ‘ਅਸਹਿਮਤ’ ਅਤੇ ‘ਬਹਿਸ ਵਿਹੂਣ’, ਡਾ: ਚਰਨਜੀਤ ਕੌਰ ਦੀਆਂ ਦੋ ਪੁਸਤਕਾਂ ‘ਡੋਲੀ ਵਿੱਚ ਬੈਠੀ ਬੀਰਾ ਤੇਰੀ ਵੇ ਬੰਨਰੀ’ ਅਤੇ ‘ਖਾਰੇ ਬਦਲ ਗਏ ਲਾਡੋ ਹੋਈ ਪਰਾਈ’ ਪਾਠਕਾਂ ਦੀ ਝੋਲੀ ਪਈਆਂ ਹਨ। ਇਹਨਾਂ ਪੁਸਤਕਾਂ ਦਾ ਸੰਖੇਪ ਵਰਣਨ ਇਸ ਤਰ੍ਹਾਂ ਹੈ;


ਝੀਲ ਦੀ ਚੁੱਪ : ਰਾਬਿੰਦਰ ਮਸਰੂਰ

ਮੁੱਖਧਾਰਾ ਦੀ ਪੰਜਾਬੀ ਕਵਿਤਾ ਅੰਦਰ ਪ੍ਰੋ: ਰਾਬਿੰਦਰ ਮਸਰੂਰ ਹੁਰਾਂ ਦਾ ਨਾਂਅ ਕਿਸੇ ਜਾਣ-ਪਛਾਣ ਦਾ ਮੁਥਾਜ ਨਹੀਂ ਹੈ। ਉਹਨਾਂ ਦੇ ਹੁਣ ਤੀਕ ਦੋ ਗ਼ਜ਼ਲ- ਸੰਗ੍ਰਹਿ ਪਾਠਕਾਂ ਦੀ ਝੋਲੀ ਵਿਚ ਪਹੁੰਚੇ ਹਨ। ਰਾਬਿੰਦਰ ਮਸਰੂਰ ਹੁਰਾਂ ਬਾਰੇ ਕਿਹਾ ਜਾਂਦਾ ਹੈ ਕਿ ਉਹ ਬਹੁਤ ਘੱਟ ਲਿਖਦੇ ਹਨ ਪਰ! ਕਮਾਲ ਲਿਖਦੇ ਹਨ। ਪਿਛਲੇ ਚਾਲੀ ਸਾਲ ਦੇ ਸਾਹਿਿਤਕ ਜੀਵਨ ਵਿਚ ਉਹਨਾਂ ਦੀਆਂ ਦੋ ਪੁਸਤਕਾਂ ਹੀ ਪ੍ਰਕਾਸਿ਼ਤ ਹੋਈਆਂ ਹਨ। ਇਸ 2021 ਵਰ੍ਹੇ ਦੌਰਾਨ ਉਹਨਾਂ ਦਾ ਨਵ-ਪ੍ਰਕਾਸਿ਼ਤ ਗ਼ਜ਼ਲ- ਸੰਗ੍ਰਹਿ ‘ਝੀਲ ਦੀ ਚੁੱਪ’ ਪਾਠਕਾਂ ਤੱਕ ਪਹੁੰਚਿਆ ਹੈ;
‘ਉਹਦੇ ਨਾਲੋਂ ਚੰਗੈ ਅੱਜਕਲ੍ਹ ਮਾਰ ਲਵੋ ਆਵਾਜ਼ ਹਵਾ ਨੂੰ
ਉਹ ਬੁੱਕਲ ਵਿਚ ਬੈਠਾ ਬੈਠਾ ਕਿਧਰੇ ਹੋਰ ਗਿਆ ਰਹਿੰਦਾ ਹੈ।’ (ਝੀਲ ਦੀ ਚੁੱਪ)

ਰਾਬਿੰਦਰ ਮਸਰੂਰ ਦੀ ਸ਼ਾਇਰੀ ਅਧਿਆਤਮਕ ਰੰਗਤ ਵਾਲੀ ਸ਼ਾਇਰੀ ਹੈ। ਉਹਨਾਂ ਦੀਆਂ ਗ਼ਜ਼ਲਾਂ ਨੂੰ ਪੜ੍ਹਦਿਆਂ ਇੰਝ ਮਹਿਸੂਸ ਹੁੰਦਾ ਹੈ ਜਿਵੇਂ ਕਿਸੇ ਰੂਹਾਨੀਅਤ ਦੇ ਸਾਗਰ ਵਿਚ ਡੁਬਕੀ ਲਗਾਈ ਜਾ ਰਹੀ ਹੋਵੇ। ਉਹਨਾਂ ਦੀ ਸ਼ਾਇਰੀ ਸੂਫ਼ੀ ਰੰਗਤ ਵਾਲੀ ਸ਼ਾਇਰੀ ਹੈ।  

ਮੈਂ ਤੋਂ ਮੈਂ ਤਕ : ਦੇਵਿੰਦਰ ਬੀਬੀਪੁਰੀਆ
ਡਾ: ਦੇਵਿੰਦਰ ਬੀਬੀਪੁਰੀਏ ਦਾ ਨਵ-ਪ੍ਰਕਾਸਿ਼ਤ ਗ਼ਜ਼ਲ ਸੰਗ੍ਰਹਿ ‘ਮੈਂ ਤੋਂ ਮੈਂ ਤਕ’ ਵੀ ਇਸੇ ਸਾਲ 2021 ਵਿਚ ਪਾਠਕਾਂ ਦੀ ਕਚਹਿਰੀ ਵਿਚ ਪੇਸ਼ ਹੋਇਆ ਹੈ। ਹਰਿਆਣਾ ਪੰਜਾਬੀ ਸਾਹਿਤ ਅਕੈਡਮੀ ਤੋਂ ਸਟੇਟ ਅਵਾਰਡ ਪ੍ਰਾਪਤ ਦੇਵਿੰਦਰ ਬੀਬੀਪੁਰੀਆ ਦੀਆਂ ਹੁਣ ਤੱਕ ਚਾਰ ਪੰਜਾਬੀ ਪੁਸਤਕਾਂ ਪ੍ਰਕਾਸਿ਼ਤ ਹੋਈਆਂ ਹਨ। ਇਹ ਪੰਜਵੀਂ ਪੁਸਤਕ ਉਸਦਾ ਪਹਿਲਾ ਗ਼ਜ਼ਲ- ਸੰਗ੍ਰਹਿ ਹੈ।

ਇਸ ਗ਼ਜ਼ਲ ਸੰਗ੍ਰਹਿ ਵਿਚ ਕੁਲ 60 ਗ਼ਜ਼ਲਾਂ ਨੂੰ ਪੇਸ਼ ਕੀਤਾ ਗਿਆ ਹੈ। ਹਰ ਗ਼ਜ਼ਲ ਦਾ ਵਿਸ਼ਾ ਅਤੇ ਸੁਭਾਅ ਵੱਖਰਾ ਅਤੇ ਨਿਵੇਕਲਾ ਹੈ। ਉਹ ਆਪਣੀਆਂ ਗ਼ਜ਼ਲਾਂ ਵਿਚ ਕਿਰਸਾਨੀ ਦੀਆਂ ਸਮੱਸਿਆਵਾਂ ਨੂੰ ਪੇਸ਼ ਕਰਦਿਆਂ ਕਹਿੰਦਾ ਹੈ;
‘ਪਹਿਲਾਂ ਹੀ ਮੈਂ ਜਾਣ ਗਿਆ ਸੀ, ਸਾਰੇ ਦਾਣੇ ਤੂੰ ਲੈ ਜਾਣੇ
ਮੇਰੇ ਹਿੱਸੇ ਦੇ ਵਿਚ ਯਾਰਾ, ਸਿਰਫ਼ ਪਰਾਲ਼ੀ ਹੋ ਸਕਦੀ ਹੈ।’ (ਮੈਂ ਤੋਂ ਮੈਂ ਤਕ)

ਪੁਨਰ ਜਨਮ : ਰਜਵੰਤ ਕੌਰ ‘ਪ੍ਰੀਤ’
‘ਪੁਨਰ ਜਨਮ’ ਕਾਵਿ- ਸੰਗ੍ਰਹਿ ਰਜਵੰਤ ਕੌਰ ‘ਪ੍ਰੀਤ’ ਦਾ ਨਵੇਕਲਾ ਪ੍ਰਕਾਸਿ਼ਤ ਕਾਵਿ- ਸੰਗ੍ਰਹਿ ਹੈ ਜਿਸ ਵਿਚ ਉਹਨੇ ਔਰਤ ਮਨ ਦੇ ਵਿਿਭੰਨ ਸਰੋਕਾਰਾਂ ਨੂੰ ਆਪਣੇ ਵੱਖਰੇ ਅੰਦਾਜ਼ ਵਿਚ ਪੇਸ਼ ਕੀਤਾ ਹੈ। ਰਜਵੰਤ ਕੌਰ ‘ਪ੍ਰੀਤ’ ਹਰਿਆਣੇ ਦੇ ਅੰਬਾਲੇ ਦੀ ਜੰਮਪਲ ਸ਼ਾਇਰਾ ਹੈ। ਉਸਦਾ ਵਿਆਹ ਪੰਜਾਬ ਵਿਚ ਹੋਇਆ ਪਰ! ਉਹ ਅੱਜਕਲ੍ਹ ਦਿੱਲੀ ਵਿਖੇ ਬਤੌਰ ਪੰਜਾਬੀ ਅਧਿਆਪਕਾ ਤਾਇਨਾਤ ਹੈ। ਉਸਦਾ ਕਾਰਜ ਖੇਤਰ ਭਾਵੇਂ ਦਿੱਲੀ ਹੈ ਪਰ! ਉਹ ਆਪਣੀ ਜੰਮਣ ਭੋਇੰ ਨੂੰ ਭੁੱਲੀ ਨਹੀਂ ਹੈ। ਇਹ ਹੇਰਵਾ ਉਸਦੀਆਂ ਕਵਿਤਾਵਾਂ ਵਿਚ ਵੇਖਿਆ ਜਾ ਸਕਦਾ ਹੈ/ ਪੜ੍ਹਿਆ ਜਾ ਸਕਦਾ ਹੈ;

‘ਔਖਾ ਤਾਂ ਹੁੰਦਾ ਹੀ ਹੈ
ਕਿਸੇ ਵੀ ਰਿਸ਼ਤੇ ’ਚ
ਕਿਸੇ ਨਾਲ ਬੱਝ ਜਾਣਾ
ਤੇ ਉਸ ਤੋਂ ਵੀ ਜਿ਼ਆਦਾ ਔਖਾ
ਫੇਰ ਉਸ ਰਿਸ਼ਤੇ ਨੂੰ ਨਿਭਾਉਣਾ।’ (ਪੁਨਰ ਜਨਮ)

(1) ਕਿੰਨਾ ਸੋਹਣਾ ਅੰਬਰ ਲਗਦੈ (2) ਗਾਉਂਦੇ ਜਜ਼ਬੇ: ਸੁਦਰਸ਼ਨ ਗਾਸੋ

ਅੰਬਾਲੇ ਵਿਚ ਪੰਜਾਬੀ ਪ੍ਰੋਫ਼ੈਸਰ ਡਾ: ਸੁਦਰਸ਼ਨ ਗਾਸੋ ਅਜਿਹੇ ਸ਼ਾਇਰ/ ਆਲੋਚਕ ਹਨ ਜਿਹੜੇ ਲੰਮੇ ਸਮੇਂ ਤੋਂ ਹਰਿਆਣੇ ਅੰਦਰ ਪੰਜਾਬੀ ਮਾਂ- ਬੋਲੀ ਦੀ ਤਰੱਕੀ ਲਈ ਯਤਨਸ਼ੀਲ ਹਨ। ਡਾ: ਸੁਦਰਸ਼ਨ ਗਾਸੋ ਜਿੱਥੇ ਚੰਗੇ ਆਲੋਚਕ ਹਨ ਉੱਥੇ ਹੀ ਬਹੁਤ ਉਮਦਾ ਸ਼ਾਇਰ ਵੀ ਹਨ। ਇਸ ਸਾਲ ਉਹਨਾਂ ਦੀਆਂ ਦੋ ਕਾਵਿ- ਪੁਸਤਕਾਂ ਪਾਠਕਾਂ ਦੀ ਕਚਹਿਰੀ ਵਿਚ ਪੇਸ਼ ਹੋਈਆਂ ਹਨ। ਜਿਹਨਾਂ ਵਿਚੋਂ ਇਕ ਬਾਲ- ਕਵਿਤਾ ਦੀ ਪੁਸਤਕ ਹੈ। ਇਹ ਬਹੁਤ ਘੱਟ ਹੁੰਦਾ ਹੈ ਕਿ ਹਰਿਆਣੇ ਵਿਚ ਬਾਲ- ਕਵਿਤਾ ਦੀ ਸਿਰਜਣਾ ਕੀਤੀ ਜਾਵੇ। ਪਰ! ਡਾ: ਗਾਸੋ ਹੁਰਾਂ ਇਸ ਵਰ੍ਹੇ ਬਾਲ- ਕਵਿਤਾ ਦੀ ਪੁਸਤਕ ਪੰਜਾਬੀ ਪਾਠਕਾਂ ਦੀ ਝੋਲੀ ਪਾਈ ਹੈ।

ਬਾਲ- ਕਵਿਤਾ ਜਿੱਥੇ ਨਿੱਕੇ ਬੱਚਿਆਂ ਨੂੰ ਸੇਧ ਦਿੰਦੀ ਹੈ ਉੱਥੇ ਹੀ ਪੜ੍ਹਾਈ ਅਤੇ ਨੇਕ ਇਨਸਾਨ ਬਣਨ ਦੀ ਸਿੱਖਿਆ ਵੀ ਦਿੰਦੀ ਹੈ। ਬੱਚਿਆਂ ਅਤੇ ਉਹਨਾਂ ਦੇ ਮਾਪਿਆਂ ਨੂੰ ਨਵੇਂ ਰਾਹਾਂ ਦਾ ਗਿਆਨ ਵੀ ਕਰਵਾਉਂਦੀ ਹੈ;
‘ਆU ਬੱਚਿU! ਨਵੇਂ ਰਾਹ ਬਣਾਈਏ
ਰਾਹ ਬਣਾਈਏ ਨਾਲ ਚਾਅ ਬਣਾਈਏ।’ (ਕਿੰਨਾ ਸੋਹਣਾ ਅੰਬਰ ਲਗਦੈ)

‘ਗਾਉਂਦੇ ਜਜ਼ਬੇ’ ਕਾਵਿ- ਸੰਗ੍ਰਹਿ ਅੰਦਰ ਡਾ: ਸੁਦਰਸ਼ਨ ਗਾਸੋ ਹੁਰਾਂ ਦੇ ਨਵੀਂਆਂ ਉਮੰਗਾਂ ਅਤੇ ਨਵੇਂ ਜਜ਼ਬਿਆਂ ਦੀ ਗੱਲ ਬਹੁਤ ਸਹਿਜ ਢੰਗ ਨਾਲ ਕੀਤੀ ਹੈ। ਡਾ: ਗਾਸੋ ਦੀ ਸ਼ਾਇਰੀ ਬਹੁਤ ਸਰਲ ਸ਼ਬਦਾਂ ਦੀ ਸ਼ਾਇਰੀ ਹੈ। ਉਹ ਆਪਣੀ ਗੱਲ ਨੂੰ ਬਹੁਤ ਸਟੀਕ ਅਤੇ ਭਾਵਪੂਰਨ ਸ਼ਬਦਾਂ ਰਾਹੀਂ ਪਾਠਕਾਂ ਦੇ ਸਾਹਮਣੇ ਪੇਸ਼ ਕਰਦੇ ਹਨ। ਉਹਨਾਂ ਦੀ ਸ਼ਾਇਰੀ ਨੂੰ ਪੜ੍ਹਦਿਆਂ ਇੰਝ ਮਹਿਸੂਸ ਹੁੰਦਾ ਹੈ ਕਿ ਉਹ ਬਹੁਤ ਆਸਾਵਾਦੀ ਸੋਚ ਦੇ ਧਾਰਨੀ ਸ਼ਾਇਰ ਹਨ। ਉਹਨਾਂ ਦੀ ਸ਼ਾਇਰੀ ਵਿਚ ਕਿਤੇ ਵੀ ਨਿਰਾਸ਼ਾ ਜਾਂ ਨਾਂਹਪੱਖੀ ਸੋਚ ਦਾ ਝਲਕਾਰਾ ਨਹੀਂ ਪੈਂਦਾ। ਇਹੀ ਉਹਨਾਂ ਦੀ ਸ਼ਾਇਰੀ ਦਾ ਸਭ ਤੋਂ ਪ੍ਰਮੁੱਖ ਗੁਣ ਹੈ;
‘ਪੰਛੀ ਜੋ ਉੱਡ ਰਹੇ ਨੇ ਤੂੰ ਏਨ੍ਹਾਂ ਨੂੰ ਉੱਡਣ ਦੇ
ਪਿੰਜਰਾ ਨਹੀਂ ਨਾ ਜਾਲ਼ ਤੂੰ ਏਨ੍ਹਾਂ ਨੂੰ ਉੱਡਣ ਦੇ।’(ਗਾਉਂਦੇ ਜਜ਼ਬੇ)

ਕੁੜੀਆਂ ਚਿੜੀਆਂ ਨਹੀਂ : ਰਤਨ ਸਿੰਘ ਢਿੱਲੋਂ
ਰਤਨ ਸਿੰਘ ਢਿੱਲੋਂ ਹਰਿਆਣੇ ਅੰਦਰ ਬਹੁਤ ਵੱਡੇ ਆਲੋਚਕ ਦੇ ਤੌਰ ’ਤੇ ਜਾਣੇ ਜਾਂਦੇ ਹਨ। ਉਹਨਾਂ ਦੀ ਸ਼ਾਇਰੀ ਦੀ ਗੱਲ ਕਰਦਿਆਂ ਇਹ ਕਿਹਾ ਜਾ ਸਕਦਾ ਹੈ ਉਹ ਜਿੰਨੇ ਵੱਡੇ ਆਲੋਚਕ ਹਨ ਉੰਨੇ ਹੀ ਵੱਡੇ ਅਤੇ ਪੁਖ਼ਤਾ ਸ਼ਾਇਰ ਵੀ ਹਨ। ਇਸ ਵਰ੍ਹੇ ਉਹਨਾਂ ਦਾ ਕਾਵਿ- ਸੰਗ੍ਰਹਿ ‘ਕੁੜੀਆਂ ਚਿੜੀਆਂ ਨਹੀਂ’ ਪ੍ਰਕਾਸਿ਼ਤ ਹੋਇਆ ਹੈ। ਜਿਵੇਂ ਕਿ ਨਾਂਅ ਤੋਂ ਹੀ ਪਤਾ ਲੱਗਦਾ ਹੈ ਕਿ ਡਾ: ਢਿੱਲੋਂ ਹੁਰਾਂ ਦਾ ਇਹ ਕਾਵਿ- ਸੰਗ੍ਰਹਿ ਵਿਸ਼ੇਸ ਼ਕਰ ਕੁੜੀਆਂ ਨੂੰ ਉਹਨੇ ਦੇ ਹੱਕਾਂ ਦੀ ਪ੍ਰਾਪਤੀ ਦੀ ਹਾਮੀ ਭਰਦਾ ਹੈ। ਉਹ ਆਪਣੀਆਂ ਕਵਿਤਾਵਾਂ ਵਿਚ ਆਖਦੇ ਹਨ ਕਿ ਕੁੜੀਆਂ ਚਿੜੀਆਂ ਨਹੀਂ ਹਨ ਬਲਕਿ ਆਪਣੇ ਹੱਕਾਂ ਦੀ ਲੜਾਈ ਲਈ ਮਜ਼ਬੂਤ ਬਾਹਵਾਂ ਵੀ ਬਣ ਸਕਦੀਆਂ ਹਨ।
ਇਹ ਸਾਡੇ ਸਮਾਜ ਦੀ ਤ੍ਰਾਸਦੀ ਹੈ ਕਿ ਧੀਆਂ ਨੂੰ ਕੁੱਖ ਵਿਚ ਹੀ ਕਤਲ ਕਰ ਦਿੱਤਾ ਜਾਂਦਾ ਹੈ ਹਾਲਾਂਕਿ ਅੱਜ ਦੇ ਸਮੇਂ ਕੁੜੀਆਂ ਕਿਸੇ ਗੱਲੋਂ ਵੀ ਮੁੰਡਿਆਂ ਨਾਲੋਂ ਘੱਟ ਨਹੀਂ ਹਨ;
‘ਸਟੀਲ ਦਾ ਅਕੰਨਾ ਨਸ਼ਤਰ
ਅਜੀਭੀ ਦੀ ਪੁਕਾਰ ਨਹੀਂ ਸੁਣਦਾ
ਅਤੇ ਨਾ ਹੀ ਸੁਣਦੀ ਹੈ
ਮਾਂ ਤੇ ਅਣਜੰਮੀ ਧੀ ਦੇ ਹੌਕੇ∙∙∙’ (ਕੁੜੀਆਂ ਚਿੜੀਆਂ ਨਹੀਂ)

ਹੱਕਾਂ ਦੀ ਜੰਗ : ਲਖਵਿੰਦਰ ਸਿੰਘ ਬਾਜਵਾ
ਸਿਰਸਾ ਰਹਿੰਦੇ ਸ਼ਾਇਰ ਲਖਵਿੰਦਰ ਸਿੰਘ ਬਾਜਵਾ ਦਾ ਸੱਜਰਾ ਕਾਵਿ- ਸੰਗ੍ਰਹਿ ‘ਹੱਕਾਂ ਦੀ ਜੰਗ’ ਵੀ ਇਸ ਸਾਲ 2021 ਵਿਚ ਪ੍ਰਕਾਸਿ਼ਤ ਹੋ ਕੇ ਪਾਠਕਾਂ ਦੇ ਹੱਥਾਂ ਵਿਚ ਆਇਆ ਹੈ। ਲਖਵਿੰਦਰ ਸਿੰਘ ਬਾਜਵਾ ਬਹੁ-ਪੱਖੀ ਪ੍ਰਤਿਭਾ ਦੇ ਧਨੀ ਲੇਖਕ ਹਨ। ਉਹ ਜਿੱਥੇ ਗ਼ਜ਼ਲ ਲਿਖਦੇ ਹਨ ਉੱਥੇ ਹੀ ਖੁੱਲ੍ਹੀ ਕਵਿਤਾ ਵੀ ਲਿਖਦੇ ਹਨ। ਉਹ ਦੋਹਾ, ਵਾਰ, ਬੈਂਤ ਆਦਿ ਕੋਈ ਵੀ ਛੰਦ ਲਿਖਣ ਵੇਲੇ ਕਾਵਿ- ਮਾਪਦੰਡਾਂ ਦਾ ਪੂਰਾ ਖਿ਼ਆਲ ਰੱਖਦੇ ਹਨ। ਹਰਿਆਣਾ ਪੰਜਾਬੀ ਸਾਹਿਤ ਅਕੈਡਮੀ ਤੋਂ ਸਟੇਟ ਅਵਾਰਡ ਪ੍ਰਾਪਤ ਬਾਜਵਾ ਨੂੰ ਕਿਰਤੀਆਂ, ਮਜ਼ਦੂਰਾਂ ਦੀ ਗੱਲ ਕਹਿਣ ਵਾਲਾ ਸ਼ਾਇਰ ਕਿਹਾ ਜਾਂਦਾ ਹੈ। ਉਹ ਕਿਰਸਾਨੀ ਮੁੱਦਿਆਂ ਨੂੰ ਆਪਣੀ ਕਲਮ ਰਾਹੀਂ ਪੇਸ਼ ਕਰਦੇ ਹਨ। ਇਹ ਸਮੁੱਚਾ ਕਾਵਿ-ਸਗ੍ਰਹਿ ਕਿਸਾਨੀ ਅੰਦੋਲਨ ਨੂੰ ਸਮਰਪਿਤ  ਕਾਵਿ- ਸਗ੍ਰਹਿ ਹੈ। ਇਸ ਅੰਦਰ ਕਿਸਾਨੀ ਅੰਦੋਲਨ ਨੂੰ ਇੰਨ-ਬਿੰਨ ਬਿਆਨਿਆ ਗਿਆ ਹੈ;
‘ਪਾਣੀ ਆਇਆ ਪਿੰਡ ਦਾ ਪੀ ਕੇ ਸ਼ੇਰ ਦਲੇਰ
ਰਿਹਾ ਗਰਜਦਾ ਫੇਰ ਵੀ ਉਥੇ ਬਹੁਤੀ ਦੇਰ।’ (ਹੱਕਾਂ ਦੀ ਜੰਗ)

(1) ਅਸਹਿਮਤ (2) ਬਹਿਸ ਵਿਹੂਣ : ਰਮੇਸ਼ ਕੁਮਾਰ
ਡਾ: ਰਮੇਸ਼ ਕੁਮਾਰ ਦੀਆਂ ਇਸ ਸਾਲ 2021 ਵਿਚ ਦੋ ਕਾਵਿ- ਪੁਸਤਕਾਂ ਪ੍ਰਕਾਸਿ਼ਤ ਹੋਈਆਂ ਹਨ। ‘ਅਸਹਿਮਤ’ ਅਤੇ ‘ਬਹਿਸ ਵਿਹੂਣ’। 'ਬਹਿਸ ਵਿਹੂਣ’ ਇਸ ਸਾਲ ਦੇ ਆਖ਼ਰੀ ਮਹੀਨੇ ਦਸੰਬਰ ਵਿਚ ਪ੍ਰਕਾਸਿ਼ਤ ਹੋਈ ਹੈ। ਰਮੇਸ਼ ਕੁਮਾਰ ਦੀ ਕਵਿਤਾ ਨੂੰ ਪੜ੍ਹਦਿਆਂ ਇੰਝ ਮਹਿਸੂਸ ਹੁੰਦਾ ਹੈ ਜਿਵੇਂ ਪਾਠਕ ਅਤੀਤ ਦੇ ਪਰਛਾਵੇਂ ਹੇਠਾਂ ਆਪਣਾ ਲੰਘਿਆ ਵੇਲਾ ਮੁੜ ਜੀਅ ਰਿਹਾ ਹੋਵੇ। ਉਹ ਆਪਣੇ ਸ਼ਬਦਾਂ ਰਾਹੀਂ ਪਾਠਕ ਨੂੰ ਅਤੀਤ ਦੀਆਂ ਯਾਦਾਂ ਦੀ ਸੈਰ ਕਰਵਾ ਦਿੰਦਾ ਹੈ। ਉਹਨਾਂ ਦੀ ਬਹੁਤੀਆਂ ਕਵਿਤਾਵਾਂ ਉਹਨਾਂ ਦੀ ਹੱਡ ਬੀਤੀ ਦਾਸਤਾਨ ਹਨ।

ਰਮੇਸ਼ ਕੁਮਾਰ ਦੀ ਸ਼ਾਇਰੀ ਮਨੁੱਖ ਨੂੰ ਅੱਗੇ ਤੋਂ ਪਿਛਾਂਹ ਵੱਲ ਝਾਤੀ ਮਾਰਨ ਲਈ ਮਜ਼ਬੂਰ ਕਰ ਦਿੰਦੀ ਹੈ। ਉਹਨਾਂ ਦੇ ਪ੍ਰਤੀਕ ਅਤੇ ਬਿੰਬ ਆਮ ਜੀਵਨ ਵਿਚੋਂ ਲਏ ਗਏ ਹੁੰਦੇ ਹਨ। ਉਹ ਛਾਪੇਖਾਨੇ ਦੀ ਠੱਕ ਠੱਕ ਤੋਂ ਵੀ ਕਵਿਤਾ ਜਿਹੇ ਸੂਖ਼ਮ ਭਾਵ ਪੈਦਾ ਕਰਨ ਵਾਲਾ ਸਮਰੱਥ ਸ਼ਾਇਰ ਹੈ;
‘ਚੜ੍ਹਦੀ ਉਮਰੇ
ਛਾਪੇ ਖ਼ਾਨੇ ਦੀ ਮਸ਼ੀਨ
ਦੇਰ ਰਾਤ ਤੱਕ
ਠੱਕ , ਠੱਕਾ- ਠੱਕ, ਠੱਕ , ਠੱਕਾ-ਠੱਕ
ਢੇਰਾਂ ਦੇ ਢੇਰ ਕਾਗਜ਼ ∙∙∙’ (ਅਸਹਿਮਤ)

(1) ਡੋਲੀ ਵਿੱਚ ਬੈਠੀ ਬੀਰਾ ਤੇਰੀ ਵੇ ਬੰਨਰੀ (2) ਖਾਰੇ ਬਦਲ ਗਏ ਲਾਡੋ ਹੋਈ ਪਰਾਈ : ਡਾ: ਚਰਨਜੀਤ ਕੌਰ
ਡਾ: ਚਰਨਜੀਤ ਕੌਰ ਹੁਰਾਂ ਦੀਆਂ ਇਸ ਵਰ੍ਹੇ ਦੋ ਕਿਤਾਬਾਂ ਪ੍ਰਕਾਸਿ਼ਤ ਹੋਈਆਂ ਹਨ। ਇਹ ਦੋਵੇਂ ਕਿਤਾਬਾਂ ਵਿਆਹਾਂ ਉੱਪਰ ਗਾਏ ਜਾਂਦੇ ਲੋਕਗੀਤ, ਸੁਹਾਗ ਅਤੇ ਘੋੜੀਆਂ ਨਾਲ ਸੰਬੰਧਤ ਹਨ। ਇਹਨਾਂ ਵਿਚ ਪੰਜਾਬੀ ਲੋਕ ਗੀਤਾਂ ਨੂੰ ਸਾਂਭਣਯੋਗ ਯਤਨ ਕੀਤਾ ਗਿਆ ਹੈ। ਡਾ: ਚਰਨਜੀਤ ਕੌਰ ਹੁਰਾਂ ਦਾ ਖੋਜ-ਕਾਰਜ ਵੀ ਲੋਕਗੀਤਾਂ ਨਾਲ ਸੰਬੰਧਤ ਰਿਹਾ ਹੈ। ਇਸ ਲਈ ਇਹ ਦੋਵੇਂ ਪੁਸਤਕਾਂ ਸਾਂਭਣਯੋਗ ਪੁਸਤਕਾਂ ਹਨ। ਇਹ ਸਾਡੇ ਮਾਣਮਤੇ ਵਿਰਸੇ ਨੂੰ ਦਰਸ਼ਾਉਂਦੀਆਂ ਪੁਸਤਕਾਂ ਹਨ।

ਆਖ਼ਰ ਵਿਚ ਕਿਹਾ ਜਾ ਸਕਦਾ ਹੈ ਕਿ 2021 ਦੌਰਾਨ ਹਰਿਆਣਵੀਂ ਲੇਖਕਾਂ ਨੇ ਗੁਣਾਤਮਕ ਅਤੇ ਗਿਣਾਤਮਕ ਪੱਖੋਂ ਵਧੀਆ ਕਾਰਗੁਜ਼ਾਰੀ ਪੇਸ਼ ਕੀਤੀ ਹੈ। ਇਸ ਸੰਕਟਮਈ ਸਮੇਂ ਦੋਰਾਨ ਵੀ ਹਰਿਆਣੇ ਦੇ ਪੰਜਾਬੀ ਲੇਖਕਾਂ ਨੇ ਦਰਜਨ ਕੁ ਪੰਜਾਬੀ ਪੁਸਤਕਾਂ ਸਾਹਿਤ ਦੀ ਝੋਲੀ ਪਾਈਆਂ ਹਨ।

ਸ਼ਾਲਾ! ਹਰਿਆਣੇ ਅੰਦਰ ਇਹ ਸਾਹਿਤ ਸਿਰਜਣਾ ਇੰਝ ਹੀ ਚਲਦੀ ਰਹੇ ਅਤੇ ਪੰਜਾਬੀ ਮਾਂ ਬੋਲੀ ਦਾ ਦੀਵਾ ਜਗਦਾ ਰਹੇ। ਆਮੀਨ

ਸੰਪਰਕ: 75892-33437

Comments

Security Code (required)



Can't read the image? click here to refresh.

Name (required)

Leave a comment... (required)





ਸਾਹਿਤ ਸਰੋਦ ਤੇ ਸੰਵੇਦਨਾ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ