ਨਵਾਂ ਮੀਡੀਆ ਅਤੇ ਪੰਜਾਬੀ ਸਮਾਜ -ਵਿਕਰਮ ਸਿੰਘ ਸੰਗਰੂਰ
Posted on:- 08-02-2013
ਪੰਜਾਬੀ ਸਮਾਜ ਪੂਰੀ ਦੁਨੀਆਂ ਵਿੱਚ ਆਪਣੇ ਅਮੀਰ ਵਿਰਸੇ ਨਾਲ ਜਾਣਿਆ-ਪਛਾਣਿਆ ਜਾਂਦਾ ਹੈ।ਇੱਥੋਂ ਦੇ ਰਹਿਣ-ਸਹਿਣ, ਖਾਣ-ਪੀਣ, ਰਸਮੋਂ-ਰਿਵਾਜ, ਰਿਸ਼ਤੇ-ਨਾਤੇ ਅਤੇ ਗੀਤ-ਸੰਗੀਤ ਆਦਿ ਦੇ ਨਕਸ਼ ਏਨੇ ਦਿਲ-ਲੁਭਾਵੇਂ ਹਨ ਕਿ ਇਹ ਮੱਲੋ-ਮੱਲੀ ਹਰ ਇੱਕ ਦੀਆਂ ਅੱਖੀਆਂ ਦਾ ਤਾਰਾ ਬਣ ਜਾਂਦੇ ਹਨ। ਅਜੋਕੇ ਸਮੇਂ ਹਰ ਵਰਗ ਦਾ ਮੀਡੀਆ ਜਿੱਥੇ ਇਸ ਅਮੀਰ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਜਾਂ ਇਸ ਦਾ ਸਹਾਰਾ ਲੈ ਕੇ ਖ਼ੁਦ ਪ੍ਰਫੁੱਲਤ ਹੋਣ ਦੇ ਚਾਅ ਨਾਲ ਆਪਣੇ ਆਪ ਨੂੰ ਇਸ ਸਮਾਜ ਦੀ ਤਹਿਜ਼ੀਬ ਦੇ ਰੰਗ ਵਿੱਚ ਰੰਗ ਕੇ ਕਾਮਯਾਬੀ ਦੀਆਂ ਸਿਖ਼ਰਾਂ ਨੂੰ ਨਿਰੰਤਰ ਛੂਹ ਰਿਹਾ ਹੈ, ਉੱਥੇ ਇਹ ਮੀਡੀਆ ਇਸ ਪੰਜਾਬੀ ਸਮਾਜ ਨੂੰ ਆਪਣੇ ਪ੍ਰਭਾਵ ਹੇਠਾਂ ਵੀ ਲੈ ਰਿਹਾ ਹੈ।
ਛਪਾਈ ਮਸ਼ੀਨ ਦੀ ਕਾਢ ਤੋਂ ਪਹਿਲਾਂ ਸੰਚਾਰ ਪ੍ਰਕਿਰਿਆ ਜ਼ਿਆਦਾ ਸ਼ਕਤੀਸ਼ਾਲੀ ਨਹੀਂ ਸੀ ਹੁੰਦੀ, ਕਿਉਂਕਿ ਓਦੋਂ ਸੰਚਾਰ ਕੁਝ ਕੁ ਸੀਮਤ ਅਰਥ-ਭਰਪੂਰ ਇਸ਼ਾਰਿਆਂ ਦੀ ਮਦਦ ਨਾਲ ਹੀ ਕੀਤਾ ਜਾਂਦਾ ਸੀ। ਯਾਦਗਾਰੀ ਯੁੱਗ, ਚਿੱਤਰ ਯੁੱਗ, ਭਾਵ-ਲਿੱਪੀ ਯੁੱਗ ਅਤੇ ਧੁਨੀ-ਲਿੱਪੀ ਯੁੱਗ ਪਿੱਛੋਂ ਜਦੋਂ ਛਪਾਈ ਮਸ਼ੀਨ ਹੋਂਦ ਵਿੱਚ ਆਈ ਤਾਂ ਸੰਚਾਰ ਪ੍ਰਕਿਰਿਆ ਵਿੱਚ ਅਰਥ-ਭਰਪੂਰ ਭਾਸ਼ਾਈ ਸੰਕੇਤਕ ਚਿੰਨ੍ਹਾਂ ਦੇ ਪ੍ਰਭਾਵ ਨੇ ਆਪਣਾ ਜ਼ੋਰ ਫੜ੍ਹ ਲਿਆ। ਇਸ ਪਿੱਛੋਂ ਬਿਜਲਈ ਮਾਧਿਅਮਾਂ ਦੀ ਜਦੋਂ ਇਜਾਤ ਕੀਤੀ ਗਈ ਤਾਂ ਇਸ ਸਦਕਾ ਲਿਖਤੀ ਸ਼ਬਦ ਜਿੱਥੇ ਬੋਲਦੇ ਸੁਣਾਈ (ਰੇਡੀਓ) ਦਿੱਤੇ, ਉੱਥੇ ਬੋਲਦੇ ਸ਼ਬਦਾਂ ਨੇ ਚੱਲਦੀਆਂ ਤਸਵੀਰਾਂ (ਟੀ ਵੀ) ਦੀ ਵਿਆਖਿਆ ਕਰ ਕੇ ਸੰਚਾਰ ਪ੍ਰਕਿਰਿਆ ਨੂੰ ਹੋਰ ਵੀ ਸ਼ਕਤੀਸ਼ਾਲੀ ਬਣਾ ਦਿੱਤਾ। ਰੇਡੀਓ ਅਤੇ ਟੀ.ਵੀ ਦੀ ਪ੍ਰਾਪਤੀ ਦੇ ਸਮੇਂ ਨੂੰ ਜਦੋਂ ਸੂਚਨਾ ਤਕਨਾਲੋਜੀ ਦਾ ਆਧੁਨਿਕ ਦੌਰ ਕਿਆਸਿਆ ਜਾ ਰਿਹਾ ਸੀ ਤਾਂ ਕੰਪਿਊਟਰ ਦੀ ਆਮਦ ਇਸ ਨੂੰ ਉੱਤਰ-ਆਧੁਨਿਕਤਾ ਦੇ ਦੌਰ ਵੱਲ ਲੈ ਗਈ।
ਇੰਟਰਨੈੱਟ ਅਤੇ ਮੋਬਾਈਲ ਫੋਨ ਦੀ ਕਾਢ ਨੇ ਇੱਕ ਅਜਿਹੇ ਨਵੇਂ ਸੰਚਾਰ ਮਾਧਿਅਮ ਨੂੰ ਜਨਮ ਦਿੱਤਾ, ਜਿਸ ਨੂੰ ਸੰਚਾਰ ਦੀ ਦੁਨੀਆਂ ਵਿੱਚ ਨਵਾਂ ਜਾਂ ਨਿਊ ਮੀਡੀਆ ਦੇ ਨਾਂਅ ਨਾਲ ਜਾਣਿਆ ਜਾਣ ਲੱਗ ਪਿਆ। ਡਾ. ਰਵੇਲ ਸਿੰਘ ਅਨੁਸਾਰ ਅੱਜ ਤੋਂ ਕੋਈ ਤਿੰਨ ਦਹਾਕੇ ਪਹਿਲਾਂ ਮੀਡੀਆ ਕੇਵਲ ਅਖ਼ਬਾਰਾਂ ਅਤੇ ਰੇਡੀਓ ਦਾ ਹੀ ਨਾਂਅ ਸੀ। ਫਿਰ ਇਸ ਵਿੱਚ ਟੈਲੀਵਿਜ਼ਨ ਜੁੜ ਗਿਆ। ਹੌਲ਼ੀ-ਹੌਲ਼ੀ ਮੀਡੀਆ ਦੇ ਅਰਥ ਬਦਲ ਗਏ। ਪ੍ਰਾਈਵੇਟ ਟੀ.ਵੀ. ਚੈਨਲਾਂ ਅਤੇ ਕੇਬਲ ਨੈੱਟਵਰਕ ਦੇ ਆਉਣ ਨਾਲ ਇਸ ਦਾ ਪਾਸਾਰ ਹੋਇਆ, ਪਰ ਡਿਜ਼ੀਟਲ ਤਕਨਾਲੋਜੀ, ਆਈ. ਟੀ. ਇਲੈਕਟ੍ਰਾਨਿਕਸ ਦੇ ਵਿਕਾਸ ਨਾਲ ਇੱਕ ਨਵਾਂ ਮੀਡੀਆ ਮਾਡਲ ਤਿਆਰ ਹੋਇਆ, ਜਿਸ ਨੂੰ ਨਵ-ਮੀਡੀਆ ਕਿਹਾ ਜਾਣ ਲੱਗਾ। ਅੱਜ ਦੇ ਨਵ-ਮੀਡੀਆ ਵਿੱਚ ਵੈੱਬਸਾਈਟਸ, ਬਲੋਗ, ਸੋਸ਼ਲਾਈਜ਼ਿੰਗ ਪੋਰਟਲ, ਐੱਫ.ਐੱਮ. ਰੇਡੀਓ, ਸੈਟੇਲਾਈਟ ਟੀ.ਵੀ. ਅਤੇ ਰੇਡੀਓ, ਆਨਲਾਈਨ ਰੇਡੀਓ, ਟੀ.ਵੀ. ਚੈਨਲ ਆਦਿ ਕਈ ਕੁਝ ਸ਼ਾਮਲ ਹੈ।
ਨਿਊ ਮੀਡੀਆ ਵਰਤਮਾਨ ਸਮੇਂ ਵਿੱਚ ਇੱਕ ਅਜਿਹੇ ਸ਼ਕਤੀਸ਼ਾਲੀ ਹਥਿਆਰ ਦਾ ਰੂਪ ਅਖ਼ਤਿਆਰ ਕਰ ਚੁੱਕਾ ਹੈ, ਜਿਸ ਉੱਤੇ ਕਾਬੂ ਪਾ ਸਕਣਾ ਪੂਰੀ ਦੁਨੀਆਂ ਦੇ ਤਕਨੀਕੀ ਮਾਹਿਰਾਂ ਵਾਸਤੇ ਅਜੇ ਤੱਕ ਇੱਕ ਵੱਡੀ ਚੁਣੌਤੀ ਬਣਿਆ ਹੋਇਆ ਹੈ। ਅਖ਼ਬਾਰ, ਟੀ.ਵੀ. ਅਤੇ ਰੇਡੀਓ ਆਦਿ ਜਿੱਥੇ ਇੱਕ-ਪੱਖੀ ਸੰਚਾਰ ਮਾਧਿਅਮਾਂ ਦੇ ਘੇਰੇ ਵਿੱਚ ਆਉਂਦੇ ਹਨ, ਉੱਥੇ ਨਿਊ ਮੀਡੀਆ, ਜਿਸ ਤਹਿਤ ਮੁੱਖ ਤੌਰ ’ਤੇ ਕੰਪਿਊਟਰ ਇੰਟਰਨੈੱਟ ਅਤੇ ਮੋਬਾਈਲ ਫੋਨ ਆਦਿ ਨੂੰ ਲਿਆ ਗਿਆ ਹੈ, ਲਿਖਤੀ ਅਤੇ ਬੋਲਦੇ ਸ਼ਬਦ, ਚੱਲਦੀਆਂ ਤਸਵੀਰਾਂ ਆਦਿ ਦੀ ਅਜਿਹੀ ਦੋ-ਪੱਖੀ ਸੰਚਾਰ ਪ੍ਰਕਿਰਿਆ ਦਾ ਮੇਲ ਹੈ, ਜਿਸ ਨੂੰ ਵਰਤੋਂਕਾਰ ਆਪਣੀ ਮਰਜ਼ੀ ਮੁਤਾਬਕ ਬਿਨਾਂ ਕਿਸੇ ਰੋਕ-ਟੋਕ ਦੇ ਸਸਤੀ ਕੀਮਤ ਅਤੇ ਆਸਾਨੀ ਨਾਲ ਵਰਤ ਸਕਦਾ ਹੈ। ਇਸ ਵਿੱਚ ਵਿਚਾਰਾਂ, ਸੂਚਨਾਵਾਂ ਅਤੇ ਭਾਵਾਂ ਆਦਿ ਦਾ ਆਦਾਨ-ਪ੍ਰਦਾਨ ਨਿਰੰਤਰ ਅਤੇ ਤੇਜ਼ ਗਤੀ ਨਾਲ ਚੱਲਦਾ ਰਹਿੰਦਾ ਹੈ। ਇਹੋ ਗੁਣ ਇਸ ਮਾਧਿਅਮ ਨੂੰ ਇੱਕ ਸ਼ਕਤੀਸ਼ਾਲੀ ਸੰਚਾਰ ਮਾਧਿਅਮ ਦੇ ਰੂਪ ਵਜੋਂ ਉਭਾਰਦੇ ਹਨ।
ਪੰਜਾਬੀ ਸਮਾਜ ਦੇ ਸਰਵਪੱਖੀ ਵਿਕਾਸ ਵਿੱਚ ਵੱਖ-ਵੱਖ ਸੰਚਾਰ ਮਾਧਿਅਮਾਂ ਨੇ ਆਪਣੀ ਜੋ ਸਾਕਾਰਾਤਮਕ ਭੂਮਿਕਾ ਨਿਭਾਈ ਹੈ, ਉਸ ਨੂੰ ਅੱਖੋਂ-ਪਰੋਖੇ ਨਹੀਂ ਕੀਤਾ ਜਾ ਸਕਦਾ। ਪੰਜਾਬ ਦੀ ਸਰਜ਼ਮੀਨ ’ਤੇ ਉਪਜੀਆਂ ਸਮਾਜ ਸੁਧਾਰਕ ਲਹਿਰਾਂ ਦੇ ਵਹਾਅ ਨੂੰ ਜਿੱਥੇ ਇੱਥੋਂ ਦੇ ਪ੍ਰਿੰਟ ਮੀਡੀਏ ਨੇ ਰਵਾਨੀ ਦਿੱਤੀ, ਉੱਥੇ ਟੀ.ਵੀ. ਅਤੇ ਰੇਡੀਓ ਨੇ ਇੱਥੋਂ ਦੇ ਸੱਭਿਆਚਾਰ ਦੇ ਪਾਸਾਰ ਦੇ ਨਾਲ-ਨਾਲ ਖੇਤੀਬਾੜੀ ਅਤੇ ਸਮਾਜਕ ਜੀਵਨ ਨੂੰ ਪ੍ਰੰਪਰਾਗਤ ਸੋਚ ਦੀ ਡੂੰਘੀ ਖਾਈ ਵਿੱਚੋਂ ਕੱਢ ਕੇ ਗਿਆਨ-ਵਿਗਿਆਨ ਦੀਆਂ ਨਿਵੇਕਲੀਆਂ ਰਾਹਾਂ ਵੱਲ ਵੀ ਮੋੜਿਆ ਹੈ। 90ਵਿਆਂ ਵਿੱਚ ਨਿਊ ਮੀਡੀਆ ਵੱਲੋਂ ਤੇਜ਼ੀ ਫੜ੍ਹਨ ਪਿੱਛੋਂ ਜਿੱਥੇ ਭਾਰਤ ਦੇ ਹੋਰਨਾਂ ਸੂਬਿਆਂ ਦੇ ਲੋਕਾਂ ਦੀ ਜੀਵਨ-ਜਾਚ ਉੱਤੇ ਇਸਦਾ ਪ੍ਰਤੱਖ ਪ੍ਰਭਾਵ ਪਿਆ, ਉੱਥੇ ਪੰਜਾਬੀ ਸਮਾਜ ਵਿੱਚ ਵੀ ਇਸ ਨਿਵੇਕਲੇ ਮਾਧਿਅਮ ਨੇ ਕਾਫੀ ਬਦਲਾਓ ਲਿਆਂਦੇ ਅਤੇ ਲਿਆ ਰਿਹਾ ਹੈ।
ਨਿਊ ਮੀਡੀਆ ਨੇ ਪੰਜਾਬੀ ਸਮਾਜ ਵਿੱਚ ਆਪਣੇ ਪ੍ਰਭਾਵ ਨਾਲ ਇਸ ਗੱਲ ਨੂੰ ਨਕਾਰਨ ਦੀ ਕੋਸ਼ਿਸ਼ ਕੀਤੀ ਹੈ ਕਿ ਮਨੁੱਖ ਇੱਕ ਅਜਿਹਾ ਸਮਾਜਿਕ ਜੀਵ ਹੈ ਜੋ ਆਪਣੀਆਂ ਲੋੜਾਂ ਦੀ ਪੂਰਤੀ ਲਈ ਹਮੇਸ਼ਾਂ ਆਪਣੇ ਜਿਹੇ ਦੂਜੇ ਮਨੁੱਖਾਂ ਉੱਤੇ ਨਿਰਭਰ ਰਹਿੰਦਾ ਹੈ। ਜਦੋਂ ਛਪਾਈ ਮਸ਼ੀਨ ਦੀ ਕਾਢ ਨਹੀਂ ਸੀ ਹੋਈ, ਉਸ ਸਮੇਂ ਸੂਚਨਾ ਪ੍ਰਾਪਤੀ ਲਈ ਇੱਕ ਮਨੁੱਖ ਨੂੰ ਦੂਜੇ ਮਨੁੱਖ ਦੀ ਲੋੜ ਪੈਂਦੀ ਸੀ। ਛਪਾਈ ਮਸ਼ੀਨ ਆਉਣ ਪਿੱਛੋਂ ਜਦੋਂ ਕਿਤਾਬਾਂ, ਅਖ਼ਬਾਰਾਂ ਅਤੇ ਮੈਗਜ਼ੀਨ ਆਦਿ ਛਪਣ ਲੱਗੇ ਤਾਂ ਮਨੁੱਖ ਕਿਸੇ ਦੂਜੇ ਮਨੁੱਖ ਤੋਂ ਸੂਚਨਾ ਪ੍ਰਾਪਤ ਕਰਨ ਦੀ ਬਜਾਏ ਪ੍ਰਿੰਟ ਸਮੱਗਰੀ ਦਾ ਸਹਾਰਾ ਲੈਣ ਲੱਗ ਪਿਆ। ਬੇਸ਼ੱਕ ਇਸ ਮਨੁੱਖੀ ਭਾਈਚਾਰਕ ਸਾਂਝ ਨੂੰ ਇਹ ਖੋਰਾ ਕਾਗ਼ਜ਼ ਦੇ ਅਵਿਸ਼ਕਾਰ ਪਿੱਛੋਂ ਛਪਾਈ ਮਸ਼ੀਨ ਦੇ ਹੋਂਦ ਵਿੱਚ ਆਉਣ ਨਾਲ ਹੀ ਲੱਗਣਾ ਸ਼ੁਰੂ ਹੋ ਗਿਆ ਸੀ, ਪਰ ਇੰਟਰਨੈੱਟ ਰਾਹੀਂ ਸਮੁੱਚੀ ਦੁਨੀਆਂ ਦੀ ਅਥਾਹ ਸੂਚਨਾ ਕੰਪਿਊਟਰ ਦੀ ਛੋਟੀ ਜਿਹੀ ਸਕਰੀਨ ਉੱਤੇ ਆਉਣ ਕਰਕੇ ਅੱਜ ਮਨੁੱਖ ਸੂਚਨਾ ਪ੍ਰਾਪਤੀ ਲਈ ਦੂਜੇ ਮਨੁੱਖ ਦੀ ਲੋੜ ਦੇ ਵਿਚਾਰ ਤੋਂ ਅੱਖਾਂ ਫੇਰਨ ਲੱਗ ਪਿਆ ਹੈ।ਨਿਊ ਮੀਡੀਆ ਦੀ ਤਕਨੀਕ ਸਦਕਾ ਬੇਸ਼ੱਕ ਅੱਜ ਪੰਜਾਬੀ ਸਮਾਜ ਵਿੱਚ ਦੁਆਰਪਾਲ (Gatekeeper) ਵੱਲੋਂ ਲੋਕ-ਰਾਏ ਅਤੇ ਲੋਕ-ਸਾਂਝ ਬਣਾਉਣ ਵਾਲੀ ਭੂਮਿਕਾ ਮਨਫ਼ੀ ਹੁੰਦੀ ਜਾ ਰਹੀ ਹੈ, ਪਰ ਉਹ ਕੀਮਤੀ ਜਾਣਕਾਰੀ, ਜੋ ਪੀੜ੍ਹੀ-ਦਰ-ਪੀੜ੍ਹੀ ਯਾਦ ਸ਼ਕਤੀ ਨਾਲ ਅੱਗੇ ਵੱਧਦੀ ਹੁੰਦੀ ਸੀ, ਜਿਸ ਦੇ ਨਸ਼ਟ ਹੋਣ ਦਾ ਖ਼ਤਰਾ ਬਣਿਆ ਰਹਿੰਦਾ ਸੀ, ਹੁਣ ਉਸ ਨੂੰ ਨਿਊ ਮੀਡੀਆ ਦੀ ਮਦਦ ਨਾਲ ਡਿਜ਼ੀਟਲ ਰੂਪ ਵਿੱਚ ਤਬਦੀਲ ਕਰ ਕੇ ਸੁਰੱਖਿਅਤ ਕਰ ਲਿਆ ਜਾਂਦਾ ਹੈ।ਨਿਊ ਮੀਡੀਆ ਦੇ ਸ਼ਕਤੀਸ਼ਾਲੀ ਹੋਣ ਨਾਲ ਕਲਮ ਅਤੇ ਕਾਗ਼ਜ਼ ਦੇ ਗੁਆਚਣ ਦਾ ਖ਼ਦਸ਼ਾ ਵੀ ਮਹਿਸੂਸਿਆ ਜਾਣ ਲੱਗ ਪਿਆ ਹੈ।ਇਸ ਮੀਡੀਆ ਦੇ ਪ੍ਰਭਾਵ ਸਦਕਾ ਪੱਤਰਕਾਰੀ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਵਾਪਰਿਆ ਕਿ ਨਿਊ ਯਾਰਕ ਤੋਂ ਛਪਣ ਵਾਲੇ ਤਕਰੀਬਨ ਅੱਠ ਦਹਾਕੇ ਪੁਰਾਣੇ ਪ੍ਰਸਿੱਧ ਹਫ਼ਤਾਵਰੀ ‘ਨਿਊਜ਼ ਵੀਕ’ ਨਾਂਅ ਦੇ ਮੈਗਜ਼ੀਨ ਦਾ ਪ੍ਰਿੰਟ ਰੂਪ ਬੰਦ ਕਰ ਕੇ ਇਸ ਨੂੰ ਡਿਜ਼ੀਟਲ ਰੂਪ ਵਿੱਚ ਤਬਦੀਲ ਕਰ ਦਿੱਤਾ ਗਿਆ।
ਪੰਜਾਬੀ ਸਮਾਜ ਵਿੱਚ ਮਨੁੱਖੀ ਰਿਸ਼ਤਿਆਂ ’ਚ ਅਪਣੱਤ ਦੀ ਭਾਵਨਾ ਅਤੇ ਪਾਕੀਜ਼ਗੀ ਦੇ ਗੁਣਾਂ ਦੀ ਵਿਸ਼ੇਸ਼ ਮਹੱਤਤਾ ਹੁੰਦੀ ਹੈ।ਜਿਸ ਟੀ.ਵੀ ਅਤੇ ਰੇਡੀਓ ਨੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਲੋਕਾਂ ਨੂੰ ਕਦੀ ਇੱਕ ਵਿਹੜੇ ਵਿੱਚ ਬੈਠਾ ਦਿੱਤਾ ਸੀ, ਉਹ ਸੈਟੇਲਾਈਟ ਅਤੇ ਕੇਬਲ ਨੈੱਟਵਰਕ ਦੇ ਆਉਣ ਪਿੱਛੋਂ ਪਲਾਂ ਵਿੱਚ ਹੀ ਬਿਖਰ ਗਏ। ਛੱਤਾਂ ਉੱਤੇ ਲੱਗੇ ਸਾਈਕਲ ਦੇ ਪੁਰਾਣੇ ਚੱਕੇ ਅਤੇ ਸਿਲਵਰ ਦੀਆਂ ਪਾਈਪਾਂ ਵਾਲੇ ਐਨਟੀਨਿਆਂ ਦੀ ਥਾਂ ਅਜਿਹੀਆਂ ਨਿੱਕੀਆਂ-ਨਿੱਕੀਆਂ ਛਤਰੀਆਂ ਨੇ ਮੱਲ ਲਈ, ਜਿਨ੍ਹਾਂ ਦੀ ਮਦਦ ਨਾਲ ਸੈਂਕੜੇ ਡਿਜੀਟਲ ਕਿਸਮ ਦੇ ਚੈਨਲ ਚੱਲਣ ਲੱਗੇ। ਇਨ੍ਹਾਂ ਚੈਨਲਾਂ ਵਿੱਚ ਕੁਝ ਕੁ ਅਜਿਹੇ ਚੈਨਲ ਵੀ ਸ਼ਾਮਲ ਹਨ, ਜਿਨ੍ਹਾਂ ਉੱਤੇ ਇਸ ਤਰ੍ਹਾਂ ਦੇ ਰੀਐਲਟੀ ਸ਼ੋਅ ਅਤੇ ਸੀਰੀਅਲ ਦਿਖਾਏ ਜਾਂਦੇ ਹਨ, ਜੋ ਮਨੁੱਖੀ ਰਿਸ਼ਤਿਆਂ ਦੀ ਪਾਕੀਜ਼ਗੀ ਵਿੱਚ ਜ਼ਹਿਰ ਘੋਲਣ ਦੀ ਸਮਰੱਥਾ ਰੱਖਦੇ ਹਨ।
ਸੰਚਾਰ ਮਨੁੱਖੀ ਰਿਸ਼ਤਿਆਂ ਦੀ ਲੰਮੇਰੀ ਉਮਰ ਦਾ ਸਭ ਤੋਂ ਅਹਿਮ ਸਾਧਨ ਹੁੰਦਾ ਹੈ, ਖ਼ਾਸ ਕਰ ਕੇ ਸਿੱਧਾ ਸੰਚਾਰ (Face to Face Communication)।ਪਿੰਡਾਂ ਦੀਆਂ ਸੱਥਾਂ ਵਿਚ ਹੋਣ ਵਾਲਾ ਸੰਚਾਰ ਇਸ ਕਿਸਮ ਦੇ ਸੰਚਾਰ ਦੀ ਅਹਿਮ ਉਦਾਹਰਣ ਹੈ, ਜਿਨ੍ਹਾਂ ਵਿੱਚ ਬੈਠੇ ਵਿਅਕਤੀ ਸੂਚਨਾਵਾਂ, ਵਿਚਾਰਾਂ ਅਤੇ ਭਾਵਾਂ ਦਾ ਆਦਾਨ-ਪ੍ਰਦਾਨ ਕਰਦੇ ਹੋਏ ਦੂਜੇ ਵਿਅਕਤੀ ਦੇ ਹਾਵ-ਭਾਵ, ਸਰੀਰਕ ਭਾਸ਼ਾ, ਆਦਿ ਨੂੰ ਮਹਿਸੂਸ ਕਰਕੇ ਉਸ ਦੀ ਪ੍ਰਤੀਕਿਰਿਆ ਨਾਲੋ-ਨਾਲ ਦਿੰਦੇ ਰਹਿੰਦੇ ਹਨ। ਸੂਚਨਾ ਤਕਨਾਲੋਜੀ ਦੇ ਖੇਤਰ ਵਿੱਚ ਬਿਜਲਈ ਮੇਲ ਅਤੇ ਖ਼ਾਸ ਕਰ ਕੇ ਮੋਬਾਈਲ ਫੋਨ ਆਉਣ ਪਿੱਛੋਂ ਸੰਚਾਰ ਦੀ ਇਹ ਕਿਸਮ ਕਮਜ਼ੋਰ ਪੈਂਣ ਕਰ ਕੇ ਮਨੁੱਖੀ ਰਿਸ਼ਤਿਆਂ ਵਿਚਲੇ ਪਿਆਰ ਦੀ ਮਿਆਦ ਵੀ ਲਗਾਤਾਰ ਘੱਟਦੀ ਜਾ ਰਹੀ ਹੈ।ਬੇਸ਼ੱਕ ਮੋਬਾਈਲ ਫੋਨਾਂ ਰਾਹੀਂ ਭੇਜੇ ਜਾਣ ਵਾਲੇ ਬਿਜਲਈ ਸੁਨੇਹਿਆਂ ਵਿੱਚ ਮਨੁੱਖ ਦੀਆਂ ਭਾਵਨਾਵਾਂ ਨੂੰ ਵੱਖ-ਵੱਖ ਤਰ੍ਹਾਂ ਦੇ ਜਜ਼ਬਾਤ ਪ੍ਰਗਟਾਉਣ ਵਾਲੇ ਚਿਹਰੇ (Smileys) ਲਗਾ ਕੇ ਪ੍ਰਗਟਾਉਣ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ, ਪਰ ਰਿਸ਼ਤਿਆਂ ਵਿੱਚ ਪਿਆਰ ਦੇ ਨਿੱਘ ਨੂੰ ਬਰਕਰਾਰ ਰੱਖਣ ਲਈ ਜੋ ਕਿਰਦਾਰ ਸਿੱਧਾ ਸੰਚਾਰ ਨਿਭਾਅ ਸਕਦਾ ਹੈ, ਉਸ ਦੀ ਥਾਂ ਬਿਜਲਈ ਅੱਖਰ ਜਾਂ ਬਣਾਉਟੀ ਕਿਸਮ ਦੇ ਭਾਵ ਪ੍ਰਗਟਾਉ ਚਿਹਰੇ ਨਹੀਂ ਲੈ ਸਕਦੇ। ਨਿਊ ਮੀਡੀਆ ਨੇ ਸੁਨੇਹੇ ਭੇਜਣ ਜਾਂ ਉਸ ਦੀ ਪ੍ਰਤੀਕਿਰਿਆ ਦੇਣ ਵਿਚਲੇ ਸਮੇਂ ਦੀ ਵਿੱਥ ਨੂੰ ਤਾਂ ਲੱਗਭੱਗ ਮਿਟਾਇਆ ਹੈ, ਪਰ ਮਨੁੱਖੀ ਰਿਸ਼ਤਿਆਂ ਅਤੇ ਪਿਆਰ ਵਿਚਲਾ ਖੱਪਾ ਹੋਰ ਵੀ ਮੋਕਲਾ ਕਰ ਦਿੱਤਾ ਹੈ।
ਹਰ ਸਮਾਜ ਦੇ ਆਪਣੇ ਵੱਖਰੇ ਰਹਿਣ ਸਹਿਣ, ਖਾਣ-ਪੀਣ, ਆਦਿ ਵਾਂਗ ਆਪਣੀ ਵਿਲੱਖਣ ਭਾਸ਼ਾ ਹੁੰਦੀ ਹੈ, ਜਿਸ ਰਾਹੀਂ ਸੰਬੰਧਤ ਸਮਾਜ ਦੇ ਮਨੁੱਖ ਆਪਸ ਵਿੱਚ ਸੰਚਾਰ ਕਰਦੇ ਹਨ।ਸੰਚਾਰ ਚਾਹੇ ਉਹ ਲਿਖਤੀ ਹੋਵੇ ਜਾਂ ਮੌਖਿਕ (verbal) ਉਸ ਦੀ ਸਫ਼ਲਤਾ ਇਸ ਗੱਲ ਉੱਤੇ ਨਿਰਭਰ ਕਰਦੀ ਹੈ ਕਿ ਸੰਚਾਰ ਕਰਨ ਵਾਲੇ ਵਿਅਕਤੀਆਂ ਦੀ ਭਾਸ਼ਾ ਆਪਸ ਵਿੱਚ ਮਿਲਦੀ-ਜੁਲਦੀ ਹੋਵੇ। ਜੇ ਇੰਝ ਨਾ ਹੋਵੇ ਤਾਂ ਸੰਚਾਰ ਵਿੱਚ ਰੁਕਾਵਟ ਪੈਦਾ ਹੋ ਸਕਦੀ ਹੈ।ਨਿਊ ਮੀਡੀਆ ਨੇ ਮੌਖਿਕ ਸੰਚਾਰ ਦੀ ਬਜਾਏ ਲਿਖਤੀ ਸੰਚਾਰ ਨੂੰ ਵਿਆਕਰਣ ਪੱਖੋਂ ਕਾਫ਼ੀ ਪ੍ਰਭਾਵਤ ਕੀਤਾ ਹੈ।ਇਸ ਮਾਧਿਅਮ ਨੇ ਲਿਖਤੀ ਸੰਚਾਰ ਵਿੱਚ ਇੱਕ ਅਜਿਹੀ ਨਵੀਂ ਭਾਸ਼ਾ ਨੂੰ ਘੜਿਆ ਹੈ, ਜਿਸ ਨੂੰ ਸਿਰਫ਼ ਓਹੀ ਵਿਅਕਤੀ ਪੜ੍ਹ ਜਾਂ ਸਮਝ ਸਕਦੇ ਹਨ, ਜੋ ਰੋਜ਼ਮਰਾ ਦੀ ਜ਼ਿੰਦਗੀ ਵਿੱਚ ਮੋਬਾਈਲ ਅਤੇ ਇੰਟਰਨੈੱਟ ਆਦਿ ਉੱਤੇ ਲਿਖਤੀ ਰੂਪ ਵਿੱਚ ਗੱਲਬਾਤ ਕਰਦੇ ਹੋਣ।ਥੋੜੇ ਸਮੇਂ ਵਿੱਚ ਜ਼ਿਆਦਾ ਗੱਲਬਾਤ ਕਰਨ ਦੇ ਲਾਲਚ ਵਿੱਚ ਭਾਸ਼ਾ ਨੂੰ ਤੋੜ-ਮਰੋੜ ਕੇ ਵਰਤਣ ਦਾ ਇਹ ਰੁਝਾਨ ਹੁਣ ਇੰਟਰਨੈੱਟ ਦੀ ਦੁਨੀਆਂ ਵਿੱਚੋਂ ਬਾਹਰ ਨਿਕਲ ਕੇ ਹੌਲ਼ੀ-ਹੌਲ਼ੀ ਆਮ ਜ਼ਿੰਦਗੀ ਵਿੱਚ ਕੀਤੇ ਜਾਣ ਵਾਲੇ ਸੰਚਾਰ ਦਾ ਹਿੱਸਾ ਬਣਦਾ ਜਾ ਰਿਹਾ ਹੈ, ਜੋ ਭਾਸ਼ਾ ਵਿਆਕਰਣ ਲਈ ਗੰਭੀਰ ਚਿੰਤਨ ਦਾ ਵਿਸ਼ਾ ਹੈ।
ਨਿਊ ਮੀਡੀਆ ਉਂਝ ਤਾਂ ਪੰਜਾਬੀ ਸਮਾਜ ਦੇ ਹਰ ਵਰਗ ਨੂੰ ਪ੍ਰਭਾਵਤ ਕਰ ਰਿਹਾ ਹੈ, ਪਰ ਇਸ ਨੇ ਆਪਣੇ ਪ੍ਰਭਾਵ ਖੇਤਰ ਦੇ ਘੇਰੇ ਵਿੱਚ ਛੋਟੇ ਬੱਚਿਆਂ ਨੂੰ ਵੱਡੀ ਗਿਣਤੀ ਵਿੱਚ ਲਿਆ ਹੋਇਆ ਹੈ। ਇਸ ਮੀਡੀਏ ਨੇ ਬੱਚਿਆਂ ਨੂੰ ਕਮਰੇ ਦੀ ਚਾਰ-ਦੀਵਾਰੀ ਵਿੱਚ ਬੰਦ ਕਰਕੇ ਏਨਾ ਆਲਸੀ ਬਣਾ ਕੇ ਰੱਖ ਦਿੱਤਾ ਹੈ ਕਿ ਉਹ ਆਪਣੇ ਗੁਆਂਢ ਵਿੱਚ ਆਪਣੇ ਹਾਣ ਦਿਆਂ ਬੱਚਿਆਂ ਨਾਲ ਮਿਲ-ਜੁਲ ਕੇ ਖੇਡਾਂ ਖੇਡਣ ਦੀ ਬਜਾਏ ਕੰਪਿਊਟਰ ਜਾਂ ਮੋਬਾਈਲ ਫੋਨ ਉੱਤੇ ਵੀਡੀਓ ਗੇਮਜ਼ ਖੇਡਣ ਅਤੇ ਸੋਸ਼ਲ ਨੈੱਟਵਰਕਿੰਗ ਵੈੱਬਸਾਈਟਸ ਰਾਹੀਂ ਬਨਾਉਟੀ ਕਿਸਮ ਦੇ ਅਜਨਬੀ ਮਿੱਤਰ ਬਣਾ ਕੇ ਉਨ੍ਹਾਂ ਨਾਲ ਗੱਲਬਾਤ ਕਰਨਾ ਵਧੇਰੇ ਪਸੰਦ ਕਰ ਰਹੇ ਹਨ।ਖਾਂਦੇ-ਪੀਂਦੇ, ਸੌਂਦੇ-ਜਾਗਦੇ, ਕਲਾਸ ਵਿੱਚ ਪੜ੍ਹਦੇ, ਸਫ਼ਰ ਕਰਦੇ, ਆਦਿ ਸਮੇਂ ਬੱਚਿਆਂ ਅਤੇ ਨੌਜਵਾਨਾਂ ਵੱਲੋਂ ਬਿਨਾਂ ਕਿਸੇ ਨਾਲ ਬੋਲਿਆਂ ਆਪਣੇ ਆਪ ਵਿੱਚ ਗੁੰਮ ਹੋ ਕੇ ਸੋਸ਼ਲ ਨੈੱਟਵਰਕਿੰਗ ਵੈੱਸਾੲਟਿਸ ਵਿੱਚ ਰੁਝਿਆ ਰਹਿਣਾ ਪੰਜਾਬੀ ਜੀਵਨ ਵਿੱਚ ਮੇਲ-ਜੋਲ ਵਾਲੀ ਗੱਲ ਨੂੰ ਖ਼ਾਰਜ਼ ਕਰ ਰਿਹਾ ਹੈ।ਬੱਚਿਆਂ ਵੱਲੋਂ ਸੋਸ਼ਲ ਨੈੱਟਵਰਕਿੰਗ ਵੈੱਬਸਾਈਟਸ ਦੀ ਕੀਤੀ ਜਾ ਰਹੀ ਇਸ ਕਿਸਮ ਦੀ ਹੱਦੋਂ ਵੱਧ ਵਰਤੋਂ ਜਿੱਥੇ ਸਮਾਜਕ ਰਿਸ਼ਤਿਆਂ ਦੀਆਂ ਤੰਦਾਂ ਨੂੰ ਢਿੱਲਾ ਕਰਦੀ ਹੈ, ਉੱਥੇ ਉਨ੍ਹਾਂ ਦੀ ਸਰੀਰਕ ਅਤੇ ਮਾਨਸਿਕ ਸਥਿਤੀ ਨੂੰ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਕਰਦੀ ਹੈ।
ਪੰਜਾਬੀ ਸੰਗੀਤ, ਜਿਸ ਨੂੰ ਪੰਜਾਬੀ ਸੱਭਿਆਚਾਰ ਦਾ ਦਿਲ ਵੀ ਕਿਹਾ ਜਾ ਸਕਦਾ ਹੈ, ਪੰਜਾਬੀ ਸਮਾਜ ਦਾ ਅਜਿਹਾ ਅਨਮੋਲ ਅਤੇ ਅਨਿੱਖੜਵਾਂ ਅੰਗ ਹੈ, ਜਿਸ ਨਾਲ ਪੰਜਾਬ ਸਾਰੀ ਦੁਨੀਆਂ ਵਿੱਚ ਜਾਣਿਆ-ਪਛਾਣਿਆ ਜਾਂਦਾ ਹੈ। ਬਿਜਲਈ ਅਤੇ ਨਿਊ ਮੀਡੀਆ ਦੇ ਆਉਣ ਤੋਂ ਪਹਿਲਾਂ ਇੱਥੋਂ ਦੀ ਗਾਇਕੀ ਕਵੀਸ਼ਰੀ ਦੇ ਰੂਪ ਵਿੱਚ ਬਿਨਾਂ ਸਾਜ਼ਾਂ ਤੋਂ ਗਾਈ ਜਾਣ ਵਾਲੀ ਗਾਇਕੀ ਹੁੰਦੀ ਸੀ।ਸਾਜ਼ਾਂ ਦੀ ਆਵਾਜ਼ ਵਾਲਾ ਖੱਪਾ ਕਵੀਸ਼ਰ ਆਮ ਤੌਰ ’ਤੇ ਆਪਣੀਆਂ ਉੱਚੀਆਂ ਹੇਕਾਂ ਨਾਲ ਪੂਰਿਆ ਕਰਦੇ ਸਨ।ਸਮਾਂ ਲੰਘਣ ਨਾਲ ਪੰਜਾਬੀ ਗਾਇਕੀ ਵਿੱਚ ਕਈ ਲੋਕ-ਸਾਜ਼ ਜਿਵੇਂ ਤੂੰਬੀ, ਅਲਗੋਜ਼ੇ, ਢੱਡ-ਸਾਰੰਗੀ, ਢੋਲਕੀ, ਆਦਿ ਰਲ਼ ਗਏ।ਬਿਜਲਈ ਮੀਡੀਆ ਦੇ ਆਉਣ ਪਿੱਛੋਂ ਇਨ੍ਹਾਂ ਲੋਕ-ਸਾਜ਼ਾਂ ਦੀ ਥਾਂ ਇਲੈਕਟ੍ਰਾਨਿਕ ਸਾਜ਼ਾਂ ਨੇ ਲੈ ਲਈ, ਜਿਨ੍ਹਾਂ ਨੇ ਪੰਜਾਬੀ ਗਾਇਕੀ ਦੇ ਮੁਹਾਂਦਰੇ ਨੂੰ ਮੁੱਢੋਂ ਹੀ ਤਬਦੀਲ ਕਰ ਦਿੱਤਾ।ਪੰਜਾਬੀ ਗਾਇਕੀ, ਜਿਹੜੀ ਕਦੀ ਸਿੱਧੇ ਸੰਚਾਰ ਦੀ ਮਦਦ ਨਾਲ ਪੰਜਾਬੀ ਸਮਾਜ ਦਾ ਸ਼ੀਸ਼ਾ ਦਿਖਾਉਂਦੀ ਹੁੰਦੀ ਸੀ, ਉਸ ਸ਼ੀਸ਼ੇ ਨੂੰ ਸਾਜ਼ਾਂ ਦੇ ਸ਼ੋਰ ਨੇ ਤਰੇੜ ਕੇ ਇੱਕ ਤਰ੍ਹਾਂ ਨਾਲ ਸੰਚਾਰ ਰੁਕਾਵਟ (communication barrier) ਪੈਦਾ ਕਰ ਦਿੱਤੀ ਹੈ।ਪਹਿਲਾਂ ਗੀਤ ਅਤੇ ਸੰਗੀਤ ਦੀ ਰਿਕਾਰਡਿੰਗ ਅਤੇ ਇਸ ਦੇ ਪ੍ਰਚਾਰ ਆਦਿ ਦਾ ਕਾਰਜ ਹਰ ਕਿਸੇ ਕਲਾਕਾਰ ਦੇ ਵੱਸ ਦੀ ਗੱਲ ਨਹੀਂ ਸੀ ਹੁੰਦੀ, ਜਿੰਨੀ ਕਿ ਨਿਊ ਮੀਡੀਆ ਦੇ ਆਉਣ ਪਿੱਛੋਂ ਹੋ ਗਈ ਹੈ।ਨਿਊ ਮੀਡੀਆ ਦੇ ਵਿਕਾਸ ਸਦਕਾ ਅੱਜ ਗੀਤਾਂ ਦੀ ਰਿਕਾਰਡਿੰਗ ਲਈ ਕਿਸੇ ਵਿਸ਼ੇਸ਼ ਰਿਕਾਰਡਿੰਗ ਸਟੂਡੀਓ ਜਾਂ ਪ੍ਰਚਾਰ ਲਈ ਪਿੰਡਾਂ ਦੀਆਂ ਸੱਥਾਂ ਵਿੱਚ ਜਾਣ ਦੀ ਜ਼ਰੂਰਤ ਨਹੀਂ ਰਹੀ ਹੈ। ਹੁਣ ਕਲਾਕਾਰ ਆਪਣੇ ਗੀਤ ਦੀ ਰਿਕਾਰਡਿੰਗ ਮੋਬਾਈਲ ਫੋਨ ਜਾਂ ਕਿਸੇ ਹੋਰ ਰਿਕਾਰਡਿੰਗ ਯੰਤਰ ਨਾਲ ਕਰ ਕੇ ਪਹਿਲਾਂ ਇੰਟਰਨੈੱਟ ਉੱਤੇ ਆਉਂਦਾ ਹੈ ਅਤੇ ਜੇ ਉਹ ਮਕਬੂਲ ਹੋ ਜਾਵੇ ਤਾਂ ਬਾਅਦ ਵਿੱਚ ਟੀ.ਵੀ. ਉੱਤੇ।ਨਿਊ ਮੀਡੀਆ ਵੱਲੋਂ ਮਿਲੀ ਇਸ ਸਹੂਲਤ ਨੇ ਆਮ ਵਿਅਕਤੀ ਦੇ ਹੁਨਰ ਨੂੰ ਤਾਂ ਸਭ ਦੇ ਅੱਗੇ ਰੱਖ ਦਿੱਤਾ ਹੈ, ਪਰ ਉਸ ਦੀ ਸ਼ਖ਼ਸੀਅਤ ਅਤੇ ਉਸਦੀ ਸਰੀਰਕ ਮੌਜੂਦਗੀ ਸਰੋਤਿਆਂ ਤੋਂ ਕੋਹਾਂ ਦੂਰ ਚਲੀ ਗਈ ਹੈ।ਅਜਿਹਾ ਹੋਣ ਨਾਲ ਪੰਜਾਬੀ ਗਾਇਕੀ ਦੇ ਉਸ ਰਚਨਾਤਮਕ ਹੁਨਰ ਨੂੰ ਢਾਹ ਲੱਗ ਰਹੀ ਹੈ, ਜੋ ਸਰੋਤਿਆਂ ਦੇ ਚਿਹਰੇ ਪੜ੍ਹ ਕੇ ਨਾਲੋ-ਨਾਲ ਉਨ੍ਹਾਂ ਦੇ ਦਿਲ ਦੇ ਹਾਲ ਨੂੰ ਛੰਦਾਂ, ਗੀਤਾਂ ਵਿੱਚ ਪਰੋ ਦਿਆ ਕਰਦਾ ਸੀ।ਨਿਊ ਮੀਡੀਆ ਨੇ ਪੰਜਾਬੀ ਸਮਾਜ ਦੀ ਗਾਇਕੀ ਦੇ ਸਾਜ਼ਾਂ ਅਤੇ ਸੁਭਾਅ ਵਿੱਚ ਹੀ ਬਦਲਾਓ ਨਹੀਂ ਲਿਆਂਦਾ, ਸਗੋਂ ਇਸ ਨੇ ਇਹਦੇ ਗੀਤਾਂ ਦੇ ਵਿਸ਼ਿਆਂ ਦਾ ਵੀ ਪਾਸਾ ਪਲਟ ਕੇ ਰੱਖ ਦਿੱਤਾ ਹੈ। ਪੰਜਾਬੀ ਗਾਇਕੀ, ਜਿਸ ਦੇ ਬੋਲਾਂ ਵਿੱਚ ਕਦੀ ਚਰਖਾ, ਤੀਆਂ, ਫੁਲਕਾਰੀ, ਆਦਿ ਜਿਹੇ ਸ਼ਬਦ ਪੰਜਾਬੀ ਸਮਾਜ ਦੇ ਦੀਦਾਰ ਕਰਾਉਂਦੇ ਸਨ, ਅੱਜ ਇਨ੍ਹਾਂ ਗੀਤਾਂ ਦਿਆਂ ਬੋਲਾਂ ਵਿੱਚ ਨਿਊ ਮੀਡੀਆ ਏਨਾ ਭਾਰੂ ਪੈ ਗਿਆ ਹੈ ਕਿ ਹੁਣ ਫੇਸਬੁੱਕ, ਮੋਬਾਈਲ ਫੋਨ, ਕੰਪਿਊਟਰ, ਆਦਿ ਸ਼ਬਦ ਇਸ ਗਾਇਕੀ ਦਾ ਸ਼ਿੰਗਾਰ ਬਣਦੇ ਜਾ ਰਹੇ ਹਨ।
ਇਸ ਵਿੱਚ ਕੋਈ ਦੋ ਰਾਏ ਨਹੀਂ ਹੈ ਕਿ ਪੰਜਾਬੀ ਸਮਾਜ ਦੇ ਸੱਭਿਆਚਾਰ ਦਾ ਸੁਭਾਅ ਲਚਕੀਲਾ ਹੋਣ ਕਾਰਨ ਇਹ ਨਿਰੰਤਰ ਤਬਦੀਲੀ ਵਿੱਚੋਂ ਗੁਜ਼ਰ ਰਿਹਾ ਹੈ।ਇਹ ਤਬਦੀਲੀ ਬਿਜਲਈ ਅਤੇ ਨਿਊ ਮੀਡੀਆ ਮੀਡੀਆ ਦੇ ਆਉਣ ਤੋਂ ਪਹਿਲਾਂ ਵੀ ਜਾਰੀ ਸੀ, ਪਰ ਨਿਊ ਮੀਡੀਆ ਨੇ ਇਸ ਤਬਦੀਲੀ ਦੀ ਰਫ਼ਤਾਰ ਨੂੰ ਜ਼ਰਾ ਹੋਰ ਤੇਜ਼ ਕਰ ਦਿੱਤਾ ਹੈ।ਨਵਾਂ ਜਦੋਂ ਕਿਸੇ ਪੁਰਾਣੇ ਦੀ ਥਾਂ ਲੈਂਦਾ ਹੈ ਤਾਂ ਇਸ ਦੇ ਸਿੱਟੇ ਵਜੋਂ ਸਾਕਾਰਾਤਮਕ ਅਤੇ ਨਾਕਾਰਾਤਮਕ ਪ੍ਰਭਾਓ ਪੈਦਾ ਹੋਣੇ ਸੁਭਾਵਕ ਹੀ ਹੁੰਦੇ ਹਨ।ਇਸ ਗੱਲ ਤੋਂ ਇਨਕਾਰੀ ਨਹੀਂ ਹੋਇਆ ਜਾ ਸਕਦਾ ਕਿ ਗਿਆਨ ਦੀ ਬਜਾਏ ਸੂਚਨਾ ਦਾ ਭੰਡਾਰ ਲਗਾਉਣ ਵਾਲਾ ਇਹ ਨਵਾਂ ਮੀਡੀਆ ਭਵਿੱਖ ਵਿੱਚ ਪੰਜਾਬੀ ਸਮਾਜ ਦੀਆਂ ਕਈ ਪਰਿਭਾਸ਼ਾਵਾਂ ਨੂੰ ਬਦਲਣ ਦੀਆਂ ਸੰਭਾਵਨਾਵਾਂ ਨੂੰ ਆਪਣੇ ਅੰਦਰ ਸਮੋਈ ਬੈਠਾ ਹੈ।
jaidev
nice