Tue, 03 December 2024
Your Visitor Number :-   7273854
SuhisaverSuhisaver Suhisaver

ਸਈਦ ਅਖਤਰ ਮਿਰਜ਼ਾ ਅਤੇ ਉਸ ਦੀਆਂ ਫਿਲਮਾਂ -ਸੁਖਵੰਤ ਹੁੰਦਲ

Posted on:- 24-03-2020

suhisaver

ਸਈਦ ਅਖਤਰ ਮਿਰਜ਼ਾ ਭਾਰਤੀ ਸਮਾਨਅੰਤਰ ਸਿਨਮਾ ਲਹਿਰ ਨਾਲ ਸੰਬੰਧਤ ਇਕ ਮਹੱਤਵਪੂਰਨ ਫਿਲਮਸਾਜ਼ ਹੈ। ਸੰਨ 1978 ਤੋਂ ਲੈ ਕੇ ਸੰਨ 1995 ਤੱਕ ਉਸ ਨੇ ਪੰਜ ਫੀਚਰ ਫਿਲਮਾਂ - ਅਰਵਿੰਦ ਦੇਸਾਈ ਕੀ ਅਜੀਬ ਦਾਸਤਾਨ, ਅਲਬਰਟ ਪਿੰਟੂ ਕੋ ਗੁੱਸਾ ਕਿਉਂ ਆਤਾ ਹੈ, ਮੋਹਨ ਜੋਸ਼ੀ ਹਾਜ਼ਰ ਹੋ, ਸਲੀਮ ਲੰਗੜੇ ਪੇ ਮੱਤ ਰੋ ਅਤੇ ਨਸੀਮ- ਬਣਾਈਆਂ। ਇਨ੍ਹਾਂ ਸਾਰੀਆਂ ਫਿਲਮਾਂ ਦੀਆਂ ਕਹਾਣੀਆਂ ਮੁੰਬਈ ਸ਼ਹਿਰ ਵਿੱਚ ਵਾਪਰਦੀਆਂ ਹਨ। ਇਨ੍ਹਾਂ ਫਿਲਮਾਂ ਵਿੱਚ ਮੁੰਬਈ ਸ਼ਹਿਰ ਵਿੱਚ ਰਹਿ ਰਹੇ ਵੱਖ ਵੱਖ ਵਰਗਾਂ ਦੇ ਲੋਕਾਂ ਨੂੰ ਕੇਂਦਰ ਬਣਾ ਕੇ ਉਸ ਨੇ ਭਾਰਤ ਦੇ ਸ਼ਹਿਰਾਂ ਵਿੱਚ ਰਹਿ ਰਹੇ ਲੋਕਾਂ ਦੀ ਕਹਾਣੀ ਨੂੰ ਰਿਕਾਰਡ ਅਤੇ ਬਿਆਨ ਕਰਨ ਦਾ ਯਤਨ ਕੀਤਾ ਹੈ। ਇਹਨਾਂ ਫਿਲਮਾਂ ਵਿੱਚ ਉਠਾਏ ਮੁੱਦੇ - ਸਰਮਾਏਦਾਰੀ ਪ੍ਰਬੰਧ ਕਾਰਨ ਲੋਕਾਂ ਵਿੱਚ ਫੈਲ ਰਹੀ ਬੇਗਾਨਗੀ, ਔਰਤਾਂ ਨਾਲ ਹੁੰਦਾ ਲਿੰਗ ਆਧਾਰਤ ਵਿਤਕਰਾ, ਭਾਰਤ ਵਿੱਚ ਘੱਟਗਿਣਤੀ ਭਾਈਚਾਰਿਆਂ ਨਾਲ ਹੁੰਦਾ ਵਿਤਕਰਾ, ਲੋਕਾਂ ਲਈ ਆਪਣੀ ਜਮਾਤੀ ਪਛਾਣ ਸਮਝਣ ਦੀ ਮਹੱਤਤਾ, ਸਿਆਸੀ ਨੇਤਾਵਾਂ ਵੱਲੋਂ ਆਪਣੇ ਹਿੱਤਾਂ ਲਈ ਧਰਮ ਦੀ ਦੁਰਵਰਤੋਂ, ਹਿੰਦੂਤਵ ਤਾਕਤਾਂ ਵੱਲੋਂ ਫੈਲਾਈ ਜਾ ਰਹੀ ਨਫਰਤ ਅਤੇ ਹਿੰਸਾ ਆਦਿ  - ਅੱਜ ਵੀ ਭਾਰਤੀ ਸਮਾਜ ਦੇ ਸਾਹਵੇਂ ਜਿਉਂ ਦੇ ਤਿਉਂ ਹੀ ਖੜ੍ਹੇ ਦਿਖਾਈ ਦਿੰਦੇ ਹਨ। ਇਸ ਲਈ ਉਸ ਦੀਆਂ ਫਿਲਮਾਂ ਅੱਜ ਵੀ ਉਨੀਆਂ ਪ੍ਰਸੰਗਕ ਹਨ, ਜਿੰਨੀਆਂ ਅੱਜ ਤੋਂ ਦੋ ਜਾਂ ਤਿੰਨ ਦਹਾਕੇ ਪਹਿਲਾਂ ਸਨ।

ਇਸ ਲੇਖ ਵਿੱਚ ਅਸੀਂ ਉਸ ਦੀ ਫਿਲਮਸਾਜ਼ੀ ਬਾਰੇ ਗੱਲ ਕਰਾਂਗੇ। ਪਰ ਇਸ ਤੋਂ ਪਹਿਲਾਂ ਉਸ ਦੇ ਜੀਵਨ ਬਾਰੇ ਸੰਖੇਪ ਵਿੱਚ ਚਰਚਾ ਕਰਨਾ ਵੀ ਜ਼ਰੂਰੀ ਹੈ, ਤਾਂ ਕਿ ਅਸੀਂ ਸਮਝ ਸਕੀਏ ਕਿ ਆਪਣੀਆਂ ਫਿਲਮਾਂ ਵਿੱਚ ਦਿਖਾਏ ਸੰਸਾਰ ਨੂੰ ਜਾਣਨ, ਸਮਝਣ, ਅਤੇ ਪੇਸ਼ ਕਰਨ ਦਾ ਉਸ ਦਾ ਨਜ਼ਰੀਆ ਕਿਸ ਤਰ੍ਹਾਂ ਹੋਂਦ ਵਿੱਚ ਆਇਆ।

ਸਈਦ ਅਖਤਰ ਮਿਰਜ਼ਾ ਦਾ ਜਨਮ 30 ਜੂਨ 1943 ਨੂੰ ਮੁੰਬਈ ਵਿੱਚ ਹੋਇਆ। ਉਸ ਦੇ ਪਿਤਾ ਅਖਤਰ ਮਿਰਜ਼ਾ ਮੁੰਬਈ ਸਿਨਮਾ ਜਗਤ ਵਿੱਚ ਇਕ ਸਕਰੀਨ ਰਾਈਟਰ ਸਨ, ਜਿਨ੍ਹਾਂ ਨੇ ਨਯਾ ਦੌਰ (1957) ਅਤੇ ਵਕਤ (1965) ਵਰਗੀਆਂ ਫਿਲਮਾਂ ਦੇ ਸਕਰੀਨ ਪਲੇਅ ਅਤੇ ਡਾਇਲਾਗ ਲਿਖੇ ਸਨ। (1) ਘਰ ਦਾ ਮਾਹੌਲ ਪੜ੍ਹਨ ਲਿਖਣ ਵਾਲਾ ਸੀ। ਬਚਪਨ ਨੂੰ ਯਾਦ ਕਰਦਿਆਂ ਸਈਦ ਅਖਤਰ ਮਿਰਜ਼ਾ ਦਸਦਾ ਹੈ ਕਿ ਉਨ੍ਹਾਂ ਦੇ ਘਰ ਵਿੱਚ ਹਰ ਰੋਜ਼ ਸ਼ਾਮ ਨੂੰ ਘਰ ਦੇ ਇਕ ਕੋਨੇ ਵਿੱਚ ਕੁਰਸੀ 'ਤੇ ਬੈਠੀ ਉਸ ਦੀ ਮਾਂ ਕਿਤਾਬ ਪੜ੍ਹ ਰਹੀ ਹੁੰਦੀ ਸੀ ਅਤੇ ਇਕ ਹੋਰ ਕੁਰਸੀ 'ਤੇ ਉਸ ਦਾ ਪਿਤਾ। ਘਰ ਵਿੱਚ ਪੜ੍ਹਨ ਲਿਖਣ ਵਾਲੇ ਲੋਕਾਂ ਦਾ ਆਉਣਾ ਜਾਣਾ ਆਮ ਸੀ। ਵੱਖ ਵੱਖ ਵਿਸ਼ਿਆਂ 'ਤੇ ਵਿਚਾਰ ਵਟਾਂਦਰਾ ਅਤੇ ਬਹਿਸਾਂ ਹੁੰਦੀਆਂ ਰਹਿੰਦੀਆਂ। ਸ਼ਾਮ ਦੇ ਖਾਣੇ ਵਕਤ ਡਾਇਨਿੰਗ ਟੇਬਲ 'ਤੇ ਸਾਰਾ ਪਰਿਵਾਰ ਬੈਠ ਕੇ ਹਰ ਤਰ੍ਹਾਂ ਦੇ ਵਿਸ਼ਿਆਂ ਉੱਪਰ ਗੱਲਬਾਤ ਕਰਦਾ। ਇਸ ਗੱਲਬਾਤ ਵਿੱਚ ਪਰਿਵਾਰ ਦੇ ਹਰ ਇਕ ਮੈਂਬਰ (ਸਿਆਣੇ/ਬੱਚੇ) ਨੂੰ ਆਪਣੀ ਗੱਲ ਅਜ਼ਾਦੀ ਨਾਲ ਕਹਿਣ ਦਾ ਹੱਕ ਸੀ।  ਬੱਚਿਆਂ ਵੱਲੋਂ ਕਹੀਆਂ ਗੱਲਾਂ ਨੂੰ ਵੀ ਉਨੀ ਮਹੱਤਤਾ ਦਿੱਤੀ ਜਾਂਦੀ ਸੀ, ਜਿੰਨੀ ਕਿਸੇ ਵੱਡੇ ਦੀ ਕਹੀ ਗੱਲ ਨੂੰ। ਮਾਂ-ਬਾਪ ਨੇ ਉਸ ਨੂੰ ਬਚਪਨ ਵਿੱਚ ਹੀ ਦੁਨੀਆ ਦੀਆਂ ਵੱਖ ਵੱਖ ਜ਼ਬਾਨਾਂ ਦਾ ਸਾਹਿਤ ਅਤੇ ਵੱਖ ਵੱਖ ਲੋਕਾਂ ਦਾ ਇਤਿਹਾਸ ਪੜ੍ਹਨ ਲਈ ਉਤਸ਼ਾਹਿਤ ਕੀਤਾ। ਇਸ ਲਈ ਉਹ ਬਚਪਨ ਵਿੱਚ ਹੀ ਚੀਨੀ, ਉਰਦੂ, ਹਿੰਦੀ, ਤੈਲਗੂ, ਅਫਰੀਕਨ, ਅੰਗਰੇਜ਼ੀ ਅਤੇ ਲਾਤੀਨੀ ਅਮਰੀਕਨ ਅਤੇ ਦੁਨੀਆ ਦੇ ਹੋਰ ਲੇਖਕਾਂ ਵਲੋਂ ਲਿਖੀਆਂ ਕਿਤਾਬਾਂ ਪੜ੍ਹਨ ਲੱਗਾ। (2)

ਸਈਦ ਆਪਣੇ ਜੀਵਨ ਬਾਰੇ ਬਣੀ ਡਾਕੂਮੈਂਟਰੀ ਸਈਦ ਮਿਰਜ਼ਾ: ਦੀ ਲੈਫਟਿਸਟ ਸੂਫੀ ਵਿੱਚ ਬਚਪਨ ਬਾਰੇ ਗੱਲ ਕਰਦਿਆਂ ਦੋ ਬਹੁਤ ਹੀ ਦਿਲਚਸਪ ਕਹਾਣੀਆਂ ਸੁਣਾਉਂਦਾ ਹੈ। (3) ਇਨ੍ਹਾਂ ਕਹਾਣੀਆਂ ਤੋਂ ਸਾਨੂੰ ਉਨ੍ਹਾਂ ਦੇ ਘਰ ਵਿੱਚ ਬਰਾਬਰੀ ਅਤੇ ਆਜ਼ਾਦ ਸੋਚਣੀ ਵਾਲੇ ਮਾਹੌਲ ਬਾਰੇ ਜਾਣਕਾਰੀ ਮਿਲਦੀ ਹੈ। ਪਹਿਲੀ ਕਹਾਣੀ ਉਸ ਦੀ ਮਾਂ ਵੱਲੋਂ ਬੁਰਕਾ ਲਾਹੁਣ ਦੀ ਹੈ। ਇਕ ਦਿਨ ਉਸ ਦੇ ਮਾਤਾ ਪਿਤਾ ਮੁੰਬਈ ਵਿੱਚ ਫਿਲਮ ਦੇਖਣ ਗਏ। ਘਰ ਤੋਂ ਸਿਨਮਾ ਹਾਲ ਨੂੰ ਜਾਂਦੇ ਵਕਤ ਉਸ ਦੀ ਮਾਂ ਬੁਰਕਾ ਪਹਿਨ ਕੇ ਗਈ ਅਤੇ ਫਿਲਮ ਦੇਖਣ ਸਮੇਂ ਉਸ ਨੇ ਬੁਰਕਾ ਲਾਹ ਕੇ  ਆਪਣੀ ਗੋਦ ਵਿੱਚ ਰੱਖ ਲਿਆ। ਫਿਲਮ ਖਤਮ ਹੋਣ ਤੋਂ ਬਾਅਦ, ਵਾਪਸ ਘਰ ਨੂੰ ਆਉਣ ਸਮੇਂ ਉਸ ਦੀ ਮਾਂ ਨੇ ਬੁਰਕੇ ਵੱਲ ਦੇਖਿਆ ਤਾਂ ਸਈਦ ਦੇ ਪਿਤਾ ਨੇ ਉਸ ਨੂੰ ਪੁੱਛਿਆ Ḕਬੇਗਮ ਤੂੰ ਸੱਚੀਂ ਹੀ ਇਹ ਪਾਉਣਾ ਚਾਹੁੰਦੀ ਹੈਂ?Ḕ ਮਾਂ ਨੇ ਜੁਆਬ ਦਿੱਤਾ ḔਨਹੀਂḔ। ਫਿਰ ਉਸ ਨੇ ਬੁਰਕੇ ਨੂੰ ਤਹਿ ਲਾ ਕੇ ਹੱਥ ਵਿੱਚ ਫੜ੍ਹ ਲਿਆ ਅਤੇ ਨੰਗੇ ਮੂੰਹ ਘਰ ਨੂੰ ਤੁਰ ਕੇ ਆਈ। ਘਰ ਆ ਕੇ ਉਸ ਨੇ ਬੁਰਕਾ ਸੂਟਕੇਸ ਵਿੱਚ ਰੱਖ ਦਿੱਤਾ ਅਤੇ ਆਪਣੀ ਬਾਕੀ ਦੀ ਜ਼ਿੰਦਗੀ ਵਿੱਚ ਮੁੜ ਕਦੇ ਬੁਰਕਾ ਨਹੀਂ ਪਾਇਆ।

ਦੂਸਰੀ ਕਹਾਣੀ ਸਈਦ ਅਤੇ ਉਸ ਦੇ ਪਿਤਾ ਬਾਰੇ ਹੈ। ਸਈਦ ਦੇ ਦੱਸਣ ਅਨੁਸਾਰ ਜਦੋਂ ਉਹ ਦਸ ਕੁ ਸਾਲਾਂ ਦਾ ਸੀ ਤਾਂ ਇਕ ਦਿਨ ਉਹ ਆਪਣੇ ਪਿਤਾ ਅਤੇ ਭਰਾ ਨਾਲ ਬਾਂਦਰਾ ਵਿਖੇ ਮਸਜਿਦ ਵਿੱਚ ਗਿਆ। ਜਦੋਂ ਉਹ ਮਸਜਿਦ ਅੱਗੇ ਪਹੁੰਚੇ ਤਾਂ ਸਈਦ ਨੇ ਆਪਣੇ ਪਿਤਾ ਨੂੰ ਕਿਹਾ ਕਿ ਉਹ ਅੱਜ ਮਸਜਿਦ ਦੇ ਅੰਦਰ ਨਮਾਜ ਪੜ੍ਹਨ ਨਹੀਂ ਜਾਏਗਾ। ਜਦੋਂ ਪਿਤਾ ਨੇ ਪੁੱਛਿਆ, ਕਿਉਂ, ਤਾਂ ਸਈਦ ਨੇ ਜੁਆਬ ਦਿੱਤਾ ਕਿ ‘ਮੇਰਾ ਨਹੀਂ ਖਿਆਲ ਕਿ ਦੁਨੀਆ ਵਿੱਚ ਰੱਬ ਹੈ’। ਇਸ ਸਮੇਂ ਪਿਤਾ ਨੇ ਸਈਦ ਨੂੰ ਰੱਬ ਦੀ ਹੋਂਦ ਜਾਂ ਅਣਹੋਂਦ ਬਾਰੇ ਕੁੱਝ ਨਹੀਂ ਕਿਹਾ। ਸਿਰਫ ਇਨਾ ਹੀ ਕਿਹਾ, ‘ਠੀਕ ਹੈ। ਮੈਂ ਅਤੇ ਤੇਰਾ ਭਰਾ ਮਸਜਿਦ ਅੰਦਰ ਜਾ ਰਹੇ ਹਾਂ। ਤੂੰ ਇੱਥੇ ਪੌੜੀਆਂ 'ਤੇ ਬੈਠ। ਸੜਕ ਤੋਂ ਪਾਰ ਨਾ ਜਾਵੀਂ, ਉਸ ਉੱਤੇ ਬਹੁਤ ਟ੍ਰੈਫਿਕ ਹੈ। ਅਸੀਂ ਮਸਜਦ ਤੋਂ ਬਾਹਰ ਆ ਕੇ ਤੈਨੂੰ ਇੱਥੋਂ ਲੈ ਲਵਾਂਗੇ।’ ਇਸ ਤਰ੍ਹਾਂ ਪਿਤਾ ਨੇ ਸਈਦ ਨੂੰ ਰੱਬ ਬਾਰੇ ਆਪਣੀ ਮਰਜ਼ੀ ਨਾਲ ਫੈਸਲਾ ਕਰਨ ਦੀ ਖੁੱਲ੍ਹ ਦੇ ਦਿੱਤੀ। ਇਹ ਦੋਵੇਂ ਕਹਾਣੀਆਂ ਦਸਦੀਆਂ ਹਨ ਕਿ ਸਈਦ ਦਾ ਬਚਪਨ ਉਸ ਪਰਿਵਾਰ ਵਿੱਚ ਬੀਤਿਆ ਜਿੱਥੇ ਉਸ ਨੂੰ ਸਮਾਜ ਦੇ ਪੁਰਾਣੇ ਰਸਮਾਂ/ਰਿਵਾਜ਼ਾਂ ਅਤੇ ਸਦੀਆਂ ਤੋਂ ਚੱਲੇ ਆ ਰਹੇ ਵਿਚਾਰਾਂ 'ਤੇ ਸਵਾਲ ਖੜ੍ਹੇ ਕਰਨ ਅਤੇ ਦੁਨੀਆ ਬਾਰੇ ਆਪਣੀ ਮਰਜ਼ੀ ਦਾ ਨਜ਼ਰੀਆ ਬਣਾਉਣ ਦੀ ਖੁੱਲ੍ਹ ਸੀ

ਸਈਦ ਦੇ ਪਿਤਾ ਨੇ ਬਚਪਨ ਵਿੱਚ ਉਸ ਨੂੰ ਦੁਨੀਆ ਦੇ ਸਾਹਿਤ ਨਾਲ ਹੀ ਜਾਣੂ ਨਹੀਂ ਕਰਵਾਇਆ ਸਗੋਂ ਉਸ ਦੀ ਦੁਨੀਆ ਦੇ ਸਿਨਮੇ ਨਾਲ ਵੀ ਪਛਾਣ ਕਰਾਈ। ਸਈਦ ਦੇ ਦੱਸਣ ਅਨੁਸਾਰ ਉਸ ਦੇ ਚੌਦਵੇਂ ਜਨਮ ਦਿਨ 'ਤੇ ਉਸ ਦੇ ਪਿਤਾ ਨੇ ਉਸ ਨੂੰ ਇਕ ਫਿਲਮ ਪ੍ਰੋਜੈਕਟਰ ਤੋਹਫੇ ਵੱਜੋਂ ਦਿੱਤਾ। ਉਸ ਦੇ ਪਿਤਾ ਨੇ ਉਸ ਨੂੰ ਕਿਹਾ, "ਮੈਨੂੰ ਪਤਾ ਹੈ ਕਿ ਤੈਨੂੰ ਫਿਲਮਾਂ ਪਸੰਦ ਹਨ। ਪਰ ਤੈਨੂੰ ਪਤਾ ਹੋਣਾ ਚਾਹੀਦਾ ਹੈ ਕਿ ਫਿਲਮਾਂ ਕਈ ਤਰ੍ਹਾਂ ਦੀਆਂ ਹੁੰਦੀਆਂ ਹਨ, ਸਿਰਫ ਇਕ ਤਰ੍ਹਾਂ ਦੀਆਂ ਹੀ ਨਹੀਂ। ਸਿਰਫ ਹੌਲੀਵੁੱਡ ਦੀਆਂ ਜਾਂ ਹਿੰਦੀ ਦੀਆਂ ਫਿਲਮਾਂ ਹੀ ਨਹੀਂ ਹੁੰਦੀਆਂ।" ਫਿਰ ਉਸ ਦੇ ਪਿਤਾ ਨੇ ਉਸ ਨੂੰ ਰੂਸੀ ਫਿਲਮ ਡਾਇਰੈਕਟਰ ਸਰਗੇ ਆਈਜ਼ਨਸਟਾਈਨ ਦੀ ਫਿਲਮ ਬੈਟਲਸ਼ਿੱਪ ਪੋਟਿਮਕਨ ਦਿਖਾਈ, ਅਤੇ ਸਾਰਾ ਸਾਲ ਉਸ ਦੇ ਜਨਮ ਦਿਨ ਦੇ ਤੋਹਫੇ ਵੱਜੋਂ ਉਸ ਦਾ ਪਿਤਾ ਉਸ ਨੂੰ ਹਰ ਮਹੀਨੇ ਇਕ ਕਲਾਸਿਕ ਫਿਲਮ ਦਿਖਾਉਂਦਾ ਰਿਹਾ। ਸਈਦ ਦੇ ਕਹਿਣ ਅਨੁਸਾਰ, "ਇਸ ਨੇ ਮੈਨੂੰ ਸਿਨਮੇ ਦੇ ਇਕ ਨਵੇਂ ਸੰਸਾਰ ਨਾਲ ਜਾਣੂ ਕਰਾਇਆ। ਅਜਿਹਾ ਸਿਨਮਾ ਜਿਹੜਾ ਬਹੁਤ ਜ਼ਿਆਦਾ ਸ਼ਕਤੀਸ਼ਾਲੀ ਸੀ, ਬਹੁਤ ਤਰ੍ਹਾਂ ਦੇ ਖਿਆਲਾਂ ਨੂੰ ਪੇਸ਼ ਕਰਦਾ ਸੀ। ਇਕ ਵੱਖਰੀ ਤਰ੍ਹਾਂ ਦਾ ਸਿਨਮਾ।" (4)  

ਹਾਈ ਸਕੂਲ ਦੀ ਪੜ੍ਹਾਈ ਖਤਮ ਕਰਨ ਤੋਂ ਬਾਅਦ ਸਈਦ ਨੇ ਮੁੰਬਈ ਦੇ ਸੇਂਟ ਜ਼ੇਵੀਅਰ ਕਾਲਜ ਤੋਂ ਇਕਨਾਮਿਕਸ ਅਤੇ ਪੁਲੀਟੀਕਲ ਸਾਇੰਸ ਵਿੱਚ ਬੀ. ਏ. ਕੀਤੀ ਅਤੇ ਫਿਰ ਬੌਂਬੇ ਕਾਲਜ ਆਫ ਮਾਰਕੀਟਿੰਗ ਅਤੇ ਐਡਵਰਟਾਈਜ਼ਿੰਗ ਤੋਂ ਐਡਵਰਟਾਈਜ਼ਿੰਗ ਵਿੱਚ ਡਿਪਲੋਮਾ। ਡਿਪਲੋਮਾ ਕਰਨ ਤੋਂ ਬਾਅਦ ਉਹ ਇਕ ਐਡਵਰਟਾਈਜ਼ਿੰਗ ਕੰਪਨੀ ਵਿੱਚ ਕੰਮ ਕਰਨ ਲੱਗਾ। ਇਸ ਕਿੱਤੇ ਵਿੱਚ ਉਸ ਨੇ 7-8 ਸਾਲ ਲਾਏ। ਪਰ  ਐਡਵਰਟਾਈਜ਼ਿੰਗ ਦਾ ਕੰਮ ਕਰਕੇ ਉਹ ਖੁਸ਼ ਨਹੀਂ ਸੀ। ਇਕ ਇੰਟਰਵਿਊ ਵਿੱਚ ਆਪਣੇ ਇਸ ਕੰਮ  ਬਾਰੇ ਸਈਦ ਇਸ ਤਰ੍ਹਾਂ ਦੱਸਦਾ ਹੈ:


…. ਪਹਿਲਾਂ ਮਾਰਕੀਟਿੰਗ ਮੇਂ ਕਾਮ  ਕੀਆ ਮੈਨੇ। ਫਿਰ ਐਡਵਰਟਾਈਜ਼ਿੰਗ ਮੇਂ ਘੁਸ ਗਏ ਔਰ ਝੂਠ ਬੋਲਣਾ ਸ਼ੁਰੂ ਕਰ ਦਿਆ ਮੈਨੇ ਵਹਾਂ। ਆਪ ਜਾਨਤੇ ਹੈਂ ਨਾ ਕਿ ਐਡਵਰਟਾਈਜ਼ਿੰਗ ਕਾ ਮਤਲਬ ਕਿਆ ਹੈ? ਝੂਠ ਬੋਲਣਾ। ਤੋ 7-8 ਸਾਲ ਮੈਨੇ ਵਹਾਂ ਕਾਮ ਕੀਆ। ਬਹੁਤ ਪੈਸੇ ਕਮਾਏ। ਸ਼ਾਦੀ ਵੀ ਹੋ ਗਈ ਥੀ। ਦੋ ਬੱਚੇ ਥੇ ਹਮਾਰੇ। … (ਫਿਰ ਮਨ ਵਿੱਚ ਸਵਾਲ ਆਇਆ।) ਯਿਹ ਕਿਆ ਕਰ ਰਹੇ ਹੋ? ਵੱਟ ਆਰ ਯੂ ਡੁਇੰਗ ਵਿੱਦ ਯੂਅਰ ਲਾਈਫ? ਯਿਹ ਹੀ ਪੇਸ਼ਾ ਹੈ ਤੁਮਾਰ੍ਹਾ? ਪੈਸੇ ਬਹੁਤ ਥੇ। ਮਗਰ ਆਇਨੇ ਕੇ ਸਾਹਮਣੇ ਆਪਣੇ ਆਪ ਕੋ ਦੇਖਣੇ ਮੇਂ ਰੋਜ਼ ਦਿੱਕਤ ਹੋਤੀ ਥੀ। (5)
 

ਸਈਦ ਦੀ ਘਰਵਾਲੀ ਜੈਨੇਫਿਰ ਵੀ ਜਾਣਦੀ ਸੀ ਕਿ ਉਸ ਨੂੰ ਇਹ ਕੰਮ ਪਸੰਦ ਨਹੀਂ। ਇਸ ਲਈ ਇਕ ਦਿਨ ਜਦੋਂ ਸਈਦ ਘਰ ਆਇਆ ਤਾਂ ਉਹਦੀ ਘਰਵਾਲੀ ਕਹਿੰਦੀ ਕਿ ਦੇਖ ਮੈਨੂੰ ਪਤਾ ਹੈ ਕਿ ਤੈਨੂੰ ਸਿਨਮਾ ਪਸੰਦ ਹੈ। ਮੈਂ ਐੱਫ ਟੀ ਆਈ (ਫਿਲਮ ਅਤੇ ਟੈਲੀਵਿਯਨ ਇੰਸਟੀਚਿਊਟ) ਪੂਨੇ ਦੇ ਤੇਰੇ ਫਾਰਮ ਭਰ ਦਿੱਤੇ ਹਨ। ਇਨ੍ਹਾਂ 'ਤੇ ਦਸਖ਼ਤ ਕਰ ਕੇ ਭੇਜ ਦੇ। ਜਦੋਂ ਸਈਦ ਨੇ ਸਵਾਲ ਕੀਤਾ ਕਿ ਪਰਿਵਾਰ ਦਾ ਗੁਜ਼ਾਰਾ ਕਿਵੇਂ ਹੋਏਗਾ, ਤਾਂ ਜੈਨੇਫਿਰ ਨੇ ਕਿਹਾ ਕਿ ਇਸ ਬਾਰੇ ਫਿਕਰ ਨਾ ਕਰ ਮੈਂ ਕੰਮ ਕਰਾਂਗੀ। ਤੂੰ ਬੱਸ ਫਿਲਮ ਇੰਸਟੀਚਿਊਟ ਵਿੱਚ ਚਲੇ ਜਾ। ਇਸ ਤਰ੍ਹਾਂ ਸੰਨ 1973 ਵਿੱਚ ਸਈਦ ਫਿਲਮ ਇੰਸਟੀਚਿਊਟ ਪੂਨੇ ਆ ਗਿਆ ਅਤੇ ਉੱਥੇ ਤਿੰਨ ਸਾਲ ਪੜ੍ਹਾਈ ਕੀਤੀ। (6)  

ਫਿਲਮ ਐਂਡ ਟੈਲੀਵਿਯਨ ਇੰਸਟੀਚਿਊਟ ਪੂਨੇ ਵਿੱਚ ਉਸ ਨੂੰ ਦੁਨੀਆ ਦੇ ਵੱਖ ਵੱਖ ਦੇਸ਼ਾਂ ਦਾ ਸਿਨਮਾ ਦੇਖਣ ਦਾ ਮੌਕਾ ਮਿਲਿਆ। ਇੱਥੇ ਉਸ ਨੂੰ ਦੂਜੇ ਲੋਕਾਂ ਨਾਲ ਫਿਲਮਾਂ, ਸਿਆਸਤ, ਇਤਿਹਾਸ, ਸੋਸ਼ਿਓਲੌਜੀ, ਆਰਕੀਟੈਕਟ, ਸੰਗੀਤ, ਪੇਂਟਿੰਗ ਗੱਲ ਕਿ ਸਿਨੇਮੇ ਦੇ ਹਰ ਪਹਿਲੂ ਬਾਰੇ ਵਿਚਾਰ ਵਟਾਂਦਰਾ ਅਤੇ ਬਹਿਸਾਂ ਕਰਨ ਦਾ ਮੌਕਾ ਮਿਲਿਆ। ਜਿਸ ਨਾਲ ਉਸ ਨੂੰ ਵਪਾਰਕ ਸਿਨਮੇ ਦਾ ਤੰਗ ਨਜ਼ਰੀਆ ਛੱਡ ਕੇ ਫਿਲਮਾਂ ਬਣਾਉਣ ਬਾਰੇ ਇਕ ਨਵਾਂ ਨਜ਼ਰੀਆ ਪ੍ਰਾਪਤ ਹੋਇਆ ਅਤੇ ਉਸ ਨੂੰ ਇਹ ਫੈਸਲਾ ਕਰਨ ਵਿੱਚ ਮਦਦ ਮਿਲੀ ਕਿ ਉਸ ਨੇ ਕਿਸ ਤਰ੍ਹਾਂ ਦੀਆਂ ਫਿਲਮਾਂ ਬਣਾਉਣੀਆਂ ਹਨ।

1976 ਵਿੱਚ ਫਿਲਮ ਐਂਡ ਟੈਲੀਵਯਨ ਇੰਸਟੀਚਿਊਟ ਵਿੱਚੋਂ ਨਿਕਲਣ ਤੋਂ ਬਾਅਦ ਸਈਦ ਨੇ ਕੁਝ ਡਾਕੂਮੈਂਟਰੀ ਫਿਲਮਾਂ ਬਣਾਈਆਂ (7)  ਅਤੇ ਸੰਨ 1978 ਵਿੱਚ ਆਪਣੀ ਪਹਿਲੀ ਫੀਚਰ ਫਿਲਮ ਅਰਵਿੰਦ ਦਿਸਾਈ ਕੀ ਅਜੀਬ ਦਾਸਤਾਨ ਬਣਾਈ। ਇਸ ਫਿਲਮ ਦਾ ਮੁੱਖ ਪਾਤਰ ਅਰਵਿੰਦ ਦਿਸਾਈ ਇਕ ਅਮੀਰ ਵਪਾਰੀ ਦਾ ਪੁੱਤਰ ਹੈ ਅਤੇ ਬੰਬਈ ਵਿੱਚ ਗਲੀਚਿਆਂ ਅਤੇ ਦਸਤਕਾਰੀ ਨਾਲ ਸੰਬੰਧਤ ਹੋਰ ਵਸਤਾਂ ਦੀ ਇਕ ਵੱਡੀ ਸਾਰੀ ਦੁਕਾਨ ਚਲਾਉਂਦਾ ਹੈ। ਆਪਣੇ ਵਿਹਲੇ ਸਮੇਂ ਵਿੱਚ ਉਹ ਕਾਰ ਵਿੱਚ ਘੁੰਮਦਾ ਹੈ,  ਬੰਬਈ ਦੇ ਅਜਿਹੇ ਆਲੀਸ਼ਾਨ ਰੈਸਟੋਰੈਂਟ ਵਿੱਚ ਖਾਣਾ ਖਾਂਦਾ ਹੈ ਜਿੱਥੇ ਖਾਣੇ ਦੇ ਵੱਖ ਵੱਖ ਵਕਤਾਂ ਸਮੇਂ ਵੱਖ ਵੱਖ ਤਰ੍ਹਾਂ ਦਾ ਸੰਗੀਤ ਵੱਜਦਾ ਹੈ। ਉਸ ਦੀ ਦੁਨੀਆ ਦੇ ਸਾਹਿਤ ਅਤੇ ਸੰਗੀਤ ਵਿੱਚ ਦਿਲਚਸਪੀ ਹੈ ਅਤੇ ਉਹ ਸਮੇਂ ਸਮੇਂ ਸ਼ਹਿਰ ਵਿੱਚਲੀਆਂ ਕਿਤਾਬਾਂ ਅਤੇ ਸੰਗੀਤ ਦੀਆਂ ਵਧੀਆ ਦੁਕਾਨਾਂ ਵਿੱਚ ਫੇਰੀ ਪਾਉਂਦਾ ਰਹਿੰਦਾ ਹੈ। ਉਹ ਆਪਣੀ ਦੁਕਾਨ ਵਿੱਚ ਕੰਮ ਕਰਦੀ ਐਂਗਲੋ ਇੰਡੀਅਨ ਸੈਕਟਰੀ ਨਾਲ ਸੰਬੰਧ ਰੱਖਦਾ ਹੈ। ਕਦੇ ਕਦੇ ਉਹ ਵੇਸਵਾ ਦੇ ਕੋਠੇ 'ਤੇ ਵੀ ਫੇਰੀ ਪਾ ਆਉਂਦਾ ਹੈ। ਇਸ ਦੇ ਨਾਲ ਨਾਲ ਆਪਣੇ ਕਾਲਜ ਸਮੇਂ ਦੇ ਮਾਰਕਸਵਾਦੀ ਵਿਚਾਰਾਂ ਦੇ ਦੋਸਤ, ਜੋ ਹੁਣ ਇਕ ਕਾਲਜ ਵਿੱਚ ਲੈਕਚਰਾਰ ਬਣ ਚੁੱਕਾ ਹੈ, ਨਾਲ ਦੋਸਤੀ ਵੀ ਰੱਖਦਾ ਹੈ।

ਇਸ ਤਰ੍ਹਾਂ ਦੀ ਸੌਖੀ ਅਤੇ ਸਹੂਲਤਾਂ ਭਰਪੂਰ ਜ਼ਿੰਦਗੀ ਜੀ ਰਿਹਾ ਅਰਵਿੰਦ ਖੁਸ਼ ਨਹੀਂ। ਕਿਉਂਕਿ ਉਹ ਆਪਣੇ ਆਪਣੇ ਆਲੇ ਦੁਆਲੇ ਦੀ ਹਰ ਚੀਜ਼ ਤੋਂ ਟੁੱਟ ਚੁੱਕਾ ਜਾਂ ਬੇਗਾਨਾ ਹੋ ਚੁੱਕਾ ਹੈਂ। ਉਹ ਜੋ ਕੰਮ ਕਰਦਾ ਹੈ, ਉਹ ਨਹੀਂ ਕਰਨਾ ਚਾਹੁੰਦਾ। ਬੇਸ਼ੱਕ ਉਹ ਆਪਣੀ ਦੁਕਾਨ ਦਾ ਮੈਨੇਜਰ ਅਤੇ ਮਾਲਕ ਹੈ ਪਰ ਉਹ ਇੱਥੇ ਉਹ ਨਹੀਂ ਕਰ ਸਕਦਾ ਜੋ ਕਰਨਾ ਚਾਹੁੰਦਾ ਹੈ। ਉਸ ਦਾ ਪਿਤਾ, ਇਕ ਪੁਰਾਣੇ ਖਿਆਲਾਂ ਦਾ ਸਰਮਾਏਦਾਰ, ਉਸ ਦੇ ਕੰਮ ਉੱਪਰ ਨਜ਼ਰ ਰੱਖਦਾ ਹੈ ਅਤੇ ਉਸ ਨੂੰ ਆਪਣਾ ਕੰਮ ਕੁਸ਼ਲਤਾ ਅਤੇ ਮੁਨਾਫੇ ਨਾਲ ਕਰਨ ਦੀ ਹਿਦਾਇਤ ਦਿੰਦਾ ਹੈ। ਜਦੋਂ ਉਹ ਸ਼ਹਿਰ ਵਿੱਚ ਮੰਗਤਿਆਂ ਅਤੇ ਬਾਲ ਮਜ਼ਦੂਰੀ ਕਰਨ ਵਾਲੇ ਬਾਲਾਂ ਨੂੰ ਦਾਨ ਜਾਂ ਬਖ਼ਸ਼ੀਸ਼ ਦਿੰਦਾ ਹੈ ਤਾਂ  ਇਸ ਤਰ੍ਹਾਂ ਜਾਪਦਾ ਹੈ ਕਿ ਉਹ ਗਰੀਬ ਲੋਕਾਂ ਨਾਲ ਹਮਦਰਦੀ ਰੱਖਦਾ ਹੈ। ਪਰ ਜਦੋਂ ਉਸ ਨੂੰ ਗਲੀਚੇ ਅਤੇ ਦਸਤਕਾਰੀ ਦਾ ਹੋਰ ਸਾਮਾਨ ਵੇਚਣ ਵਾਲਾ ਦਲਾਲ ਉਸ ਤੋਂ ਮੰਗ ਕਰਦਾ ਹੈ ਕਿ ਉਹ ਉਸ ਨੂੰ ਇਨ੍ਹਾਂ ਚੀਜ਼ਾਂ ਦੀ ਜ਼ਿਆਦਾ ਕੀਮਤ ਦੇਵੇ ਤਾਂ ਕਿ ਉਹ ਪਿੰਡਾਂ ਵਿੱਚ ਸਾਮਾਨ ਬਣਾਉਣ ਵਾਲੇ ਦਸਤਕਾਰਾਂ ਦੀ ਹੋਰ ਮਜ਼ਦੂਰੀ ਦੀ ਮੰਗ ਪੂਰੀ ਕਰ ਸਕੇ ਤਾਂ ਉਹ ਉਸ ਨੂੰ ਕੋਰਾ ਜਵਾਬ ਦੇ ਦਿੰਦਾ ਹੈ, ਕਿਉਂਕਿ ਇਨ੍ਹਾਂ ਚੀਜ਼ਾਂ ਨੂੰ ਪਿੰਡਾਂ ਦੇ ਦਸਤਕਾਰਾਂ ਤੋਂ ਲਿਆ ਕੇ ਅੰਤਰਰਾਸ਼ਟਰੀ ਮੰਡੀ ਵਿੱਚ ਵੇਚਣ ਦਾ ਜੋ ਪ੍ਰਬੰਧ ਹੈ, ਉਹ ਉਸ ਨੂੰ ਇਸ ਦੀ ਇਜਾਜ਼ਤ ਨਹੀਂ ਦਿੰਦਾ। ਉਹ ਆਪਣੀ ਸੈਕਟਰੀ, ਜਿਸ ਨਾਲ ਉਸ ਦਾ ਸੰਬੰਧ ਚੱਲ ਰਿਹਾ ਹੈ, ਨਾਲ ਚੰਗਾ ਅਤੇ ਸਤਿਕਾਰ ਭਰਿਆ ਸਲੂਕ ਕਰਨਾ ਚਾਹੁੰਦਾ ਹੈ। ਪਰ ਆਪਣੀ ਜਮਾਤੀ ਸਥਿਤੀ ਦੇ ਹੁੰਦਿਆਂ ਅਜਿਹਾ ਕਰ ਨਹੀਂ ਸਕਦਾ। ਉਸ ਨੂੰ ਅਤੇ ਉਸ ਦੀ ਸੈਕਟਰੀ ਨੂੰ ਵੀ ਪਤਾ ਹੈ ਕਿ ਉਨ੍ਹਾਂ ਦਾ ਸੰਬੰਧ ਵਿਆਹ ਦੇ ਬੰਧਨ ਤੱਕ ਜਾਣ ਵਾਲਾ ਸੰਬੰਧ ਨਹੀਂ ਹੈ। ਅਰਵਿੰਦ ਲਈ ਉਸ ਦੀ ਸੈਕਟਰੀ ਕੁੱਝ ਸਾਲਾਂ ਲਈ ਆਨੰਦਮਈ ਸਮਾਂ ਬਿਤਾਉਣ ਦੀ ਸਾਧਨ ਹੈ। ਇਸ ਤਰ੍ਹਾਂ ਦੀ ਸਥਿਤੀ ਦੇ ਹੁੰਦਿਆਂ ਉਹ ਆਪਣੀ ਸੈਕਟਰੀ ਨਾਲ ਇੱਜ਼ਤ ਅਤੇ ਸਤਿਕਾਰ ਵਾਲਾ ਰਿਸ਼ਤਾ ਨਹੀਂ ਰੱਖ ਸਕਦਾ। ਇਸ ਤੋਂ ਬਿਨਾਂ ਉਹ ਆਪਣੇ ਮਾਰਕਸਵਾਦੀ ਦੋਸਤ ਨਾਲ ਦੋਸਤੀ ਰੱਖਦਾ ਹੈ। ਪਰ ਉਸ ਦੇ ਮਾਰਕਸਵਾਦ ਨਾਲ ਵੀ ਅਰਵਿੰਦ ਦਾ ਕੋਈ ਸੰਬੰਧ ਨਹੀਂ। ਆਪਣੇ ਘਰ ਵਿੱਚ ਉਹ ਆਪਣੇ ਪਿਤਾ ਅਤੇ ਮਾਂ ਨਾਲ ਰਹਿੰਦਾ ਹੈ ਪਰ ਉਸ ਦਾ ਉਨ੍ਹਾਂ ਨਾਲ ਕੋਈ ਰਿਸ਼ਤਾ ਨਹੀਂ। ਇਸ ਤਰ੍ਹਾਂ ਉਹ ਆਪਣੀ ਜ਼ਿੰਦਗੀ ਵਿੱਚ ਪੂਰੀ ਤਰ੍ਹਾਂ ਬੇਗਾਨਗੀ (ਏਲੀਅਨੇਸ਼ਨ) ਦਾ ਸ਼ਿਕਾਰ ਹੋ ਚੁੱਕਾ ਹੈ। ਉਸ ਦਾ ਆਪਣੇ ਕੰਮ, ਆਪਣੇ ਪਰਿਵਾਰ, ਆਪਣੀ ਸਹੇਲੀ, ਆਪਣੇ ਦੋਸਤ, ਆਪਣੇ ਸ਼ਹਿਰ ਨਾਲ ਕੋਈ ਲਗਾਵ ਨਹੀਂ। ਫਿਲਮ ਦੇਖਦਿਆਂ ਦਰਸ਼ਕ ਨੂੰ ਇਸ ਗੱਲ ਦਾ ਅਹਿਸਾਸ ਵੀ ਹੁੰਦਾ ਹੈ ਕਿ ਅਰਵਿੰਦ ਦੀ ਜ਼ਿੰਦਗੀ ਵਿੱਚ ਪਸਰੀ ਇਹ ਬੇਗਾਨਗੀ, ਉਨ੍ਹਾਂ ਸਥਿਤੀਆਂ ਕਾਰਨ ਹੈ ਜਿਨ੍ਹਾਂ ਵਿੱਚ ਉਹ ਵਿਚਰ ਰਿਹਾ ਹੈ। ਫਿਲਮ ਵਿੱਚ ਅਰਵਿੰਦ ਦੀ ਇਹ ਬੇਗਾਨਗੀ ਦਰਸ਼ਕ ਨੂੰ ਇਹ ਕਹਿਣ ਦਾ ਯਤਨ ਕਰਦੀ ਹੈ ਕਿ ਜਿਸ ਤਰ੍ਹਾਂ ਦੀਆਂ ਸਥਿਤੀਆਂ ਅਤੇ ਪ੍ਰਬੰਧ ਵਿੱਚ ਅਸੀਂ ਜੀ ਰਹੇ ਹਾਂ, ਉਹ ਸਾਰੇ ਲੋਕਾਂ ਨੂੰ ਆਪਣੇ ਆਪ ਤੋਂ ਅਤੇ ਇਕ ਦੂਸਰੇ ਤੋਂ ਬੇਗਾਨਾ ਬਣਾ (ਏਲੀਅਨੇਟ ਕਰ) ਰਹੀਆਂ ਹਨ।

ਫਿਲਮ ਦੇ ਮੁੱਖ ਪਾਤਰ ਦੀ ਬੇਗਾਨਗੀ ਦਿਖਾਉਣ ਦੇ ਨਾਲ ਨਾਲ ਫਿਲਮ ਸਮਾਜ ਦੇ ਕਈ ਹੋਰ ਸਮਾਜਕ ਅਤੇ ਆਰਥਿਕ ਮਸਲਿਆਂ ਨੂੰ ਵੀ ਸੰਬੋਧਿਤ ਹੁੰਦੀ ਹੈ। ਉਦਾਹਰਨ ਲਈ ਫਿਲਮ ਅੰਤਰਰਾਸ਼ਟਰੀ ਦਸਤਕਾਰੀ (ਹੈਂਡੀਕ੍ਰਾਫਟ) ਸਨਅਤ ਦੇ ਚਾਰ ਪੱਧਰਾਂ ਦੇ ਅੰਤਰ-ਸੰਬੰਧਾਂ ਅਤੇ ਸੱਤਾ ਦੇ ਰਿਸ਼ਤਿਆਂ ਦਾ ਬਾਖੂਬੀ ਨਾਲ ਚਿਤਰਣ ਕਰਦੀ ਹੈ। ਇਸ ਸਨਅਤ ਦੀ ਸਭ ਤੋਂ ਹੇਠਲੀ  ਪੱਧਰ 'ਤੇ ਪਿੰਡਾਂ ਵਿੱਚ ਦਸਤਕਾਰੀ ਨਾਲ ਸੰਬੰਧਤ ਵਸਤਾਂ ਤਿਆਰ ਕਰਦੇ ਲੋਕਾਂ ਨੂੰ ਦਿਖਾਇਆ ਗਿਆ ਹੈ। ਡਾਕੂਮੈਂਟਰੀ ਢੰਗ ਨਾਲ ਚਿਤਰਤ ਇਸ ਪੱਧਰ 'ਤੇ ਅਸੀਂ ਦੇਖਦੇ ਹਾਂ ਕਿ ਕਿਸ ਤਰ੍ਹਾਂ ਇਹ ਲੋਕ ਗਰੀਬੀ ਵਿੱਚ ਗਲੀਚੇ ਅਤੇ ਇਸ ਤਰ੍ਹਾਂ ਦਾ ਹੋਰ ਸਾਮਾਨ ਤਿਆਰ ਕਰਦੇ ਹਨ। ਉਨ੍ਹਾਂ ਦੇ ਸਕੂਲ ਜਾਣ ਦੀ ਉਮਰ ਦੇ ਛੋਟੇ ਛੋਟੇ ਬੱਚੇ ਸਕੂਲ ਜਾਣ ਦੀ ਥਾਂ ਇਸ ਸਨਅਤ ਵਿੱਚ ਕੰਮ ਕਰਦੇ ਹਨ। ਫਿਲਮ ਵਿੱਚ ਇਸ ਪੱਧਰ 'ਤੇ ਕੰਮ ਕਰਨ ਵਾਲੇ ਲੋਕਾਂ ਦਾ ਕੋਈ ਪਾਤਰ ਨਹੀਂ ਭਾਵ ਫਿਲਮ ਵਿੱਚ ਇਨ੍ਹਾਂ ਲੋਕਾਂ ਦੀ ਆਪਣੀ ਕੋਈ ਅਵਾਜ਼ ਨਹੀਂ। ਇਸ ਸਨਅਤ ਦੀ ਦੂਸਰੀ ਪੱਧਰ 'ਤੇ ਉਹ ਦਲਾਲ ਆਉਂਦੇ ਹਨ ਜੋ ਪਿੰਡਾਂ ਦੇ ਲੋਕਾਂ ਵੱਲੋਂ ਤਿਆਰ ਕੀਤੀਆਂ ਦਸਤਕਾਰੀ ਦੀਆਂ ਵਸਤਾਂ ਨੂੰ ਸ਼ਹਿਰ ਵਿੱਚ ਲਿਜਾ ਕੇ ਅਰਵਿੰਦ ਦਿਸਾਈ ਵਰਗੇ ਡੀਲਰਾਂ ਕੋਲ ਵੇਚਦੇ ਹਨ। ਫਿਲਮ ਵਿੱਚ ਸਾਨੂੰ ਇਸ ਪੱਧਰ 'ਤੇ ਕੰਮ ਕਰਦੇ ਦਲਾਲਾਂ ਦੀ ਇਕ ਛੋਟੀ ਜਿਹੀ ਝਲਕ ਮਿਲਦੀ ਹੈ ਜਦੋਂ ਉਹ ਅਰਵਿੰਦ ਦਿਸਾਈ ਨੂੰ ਮਿਲਣ ਆਉਂਦੇ ਹਨ ਅਤੇ ਉਸ ਨੂੰ ਕਹਿੰਦੇ ਹਨ ਕਿ ਪਿੰਡਾਂ ਵਿੱਚ ਕੰਮ ਕਰਨ ਵਾਲੇ ਦਸਤਕਾਰ-ਮਜ਼ਦੂਰ ਜ਼ਿਆਦਾ ਪੈਸਾ ਚਾਹੁੰਦੇ ਹਨ, ਇਸ ਲਈ ਦਿਸਾਈ ਉਨ੍ਹਾਂ ਨੂੰ ਇਨ੍ਹਾਂ ਵਸਤਾਂ ਦੀ ਜ਼ਿਆਦੀ ਕੀਮਤ ਦੇਵੇ ਤਾਂ ਕਿ ਉਹ ਇਨ੍ਹਾਂ ਦਸਤਕਾਰਾਂ-ਮਜ਼ਦੂਰਾਂ ਨੂੰ ਉਨ੍ਹਾਂ ਦੇ ਕੰਮ ਦੇ ਜ਼ਿਆਦਾ ਪੈਸੇ ਦੇ ਸਕਣ। ਇਸ ਮੰਗ ਦੇ ਜੁਆਬ ਵਿੱਚ ਅਰਵਿੰਦ ਦਿਸਾਈ ਉਨ੍ਹਾਂ ਨੂੰ ਕਹਿੰਦਾ ਹੈ ਕਿ ਉਹ ਉਨ੍ਹਾਂ ਨੂੰ ਜ਼ਿਆਦਾ ਕੀਮਤ ਨਹੀਂ ਦੇ ਸਕਦਾ। ਜੇ ਉਨ੍ਹਾਂ ਨੂੰ ਹੋਰ ਪੈਸੇ ਚਾਹੀਦੇ ਹਨ, ਤਾਂ ਉਹ ਆਪਣੀਆਂ ਵਸਤਾਂ ਲਈ ਕੋਈ ਹੋਰ ਖ੍ਰੀਦਦਾਰ ਲੱਭ ਲੈਣ। ਜੇ ਉਹ ਇਸ ਤਰ੍ਹਾਂ ਨਹੀਂ ਕਰ ਸਕਦੇ ਤਾਂ ਉਹ ਹੋਰ ਦਸਤਕਾਰ-ਮਜ਼ਦੂਰ ਲੱਭ ਲੈਣ ਜੋ ਥੋੜ੍ਹੇ ਪੈਸਿਆਂ 'ਤੇ ਹੀ ਕੰਮ ਕਰਨ ਨੂੰ ਤਿਆਰ ਹੋਣ। ਉਸ ਦੀ ਇਹ ਗੱਲ ਸੁਣ ਕੇ ਉਹ ਦਲਾਲ ਬਿਨਾਂ ਕੋਈ ਉਜ਼ਰ ਕੀਤਿਆਂ ਵਾਪਸ ਮੁੜ ਜਾਂਦੇ ਹਨ। ਇਸ ਸਨਅਤ ਦਾ ਅਗਲਾ ਪੱਧਰ ਅਰਵਿੰਦ ਦਿਸਾਈ ਵਰਗੇ ਡੀਲਰਾਂ ਦਾ ਹੈ। ਜਿਵੇਂ ਅਰਵਿੰਦ ਦਿਸਾਈ ਦੀ ਜ਼ਿੰਦਗੀ ਬਾਰੇ ਪਹਿਲਾਂ ਗੱਲ ਕੀਤੀ ਗਈ ਹੈ, ਉਸ ਤੋਂ ਸਾਫ ਜ਼ਾਹਰ ਹੈ ਕਿ ਇਸ ਪੱਧਰ ਦੇ ਲੋਕ ਇਸ ਸਨਅਤ ਦੇ ਸਿਰ 'ਤੇ ਇਕ ਅਮੀਰ ਅਤੇ ਸੌਖੀ ਜ਼ਿੰਦਗੀ ਜਿਉਂਦੇ ਹਨ। ਇਸ ਸਨਅਤ ਦਾ ਆਖਰੀ ਅਤੇ ਚੌਥਾ ਪੱਧਰ ਅੰਤਰਰਾਸ਼ਟਰੀ ਮੰਡੀ ਵਿੱਚ ਇਨ੍ਹਾਂ ਵਸਤਾਂ ਨੂੰ ਵਿਕਸਤ ਦੇਸ਼ਾਂ ਵਿੱਚ ਲਿਜਾ ਕੇ ਵੇਚਣ ਵਾਲੇ ਵੱਡੇ ਵਿਦੇਸ਼ੀ ਵਪਾਰੀਆਂ ਦਾ ਹੈ। ਫਿਲਮ ਦੇ ਇਕ ਛੋਟੇ ਜਿਹੇ ਦ੍ਰਿਸ਼ ਵਿੱਚ ਇਕ ਅੰਤਰਰਾਸ਼ਟਰੀ ਕੰਪਨੀ ਦਾ ਗੋਰਾ ਨੁਮਾਇੰਦਾ ਅਰਵਿੰਦ ਦਿਸਾਈ ਤੋਂ ਇਹ ਵਸਤਾਂ ਖ੍ਰੀਦਣ ਲਈ ਉਸ ਨਾਲ ਇਨ੍ਹਾਂ ਵਸਤਾਂ ਦਾ ਭਾਅ ਕਰ ਰਿਹਾ ਹੈ। ਜਿਸ ਕੀਮਤ 'ਤੇ ਉਹ ਅਰਵਿੰਦ ਦਿਸਾਈ ਤੋਂ ਇਹ ਚੀਜ਼ਾਂ ਖ੍ਰੀਦਣਾ ਚਾਹੁੰਦਾ ਹੈ, ਦਿਸਾਈ ਨੂੰ ਉਹ ਕੀਮਤ ਠੀਕ ਨਹੀਂ ਲੱਗਦੀ। ਉਹ ਚਾਹੁੰਦਾ ਹੈ ਕਿ ਉਸ ਨੂੰ ਇਨ੍ਹਾਂ ਚੀਜ਼ਾਂ ਦੀ ਜ਼ਿਆਦਾ ਕੀਮਤ ਮਿਲੇ। ਪਰ ਅੰਤਰਰਾਸ਼ਟਰੀ ਕੰਪਨੀ ਦਾ ਨੁਮਾਇੰਦਾ ਹੋਰ ਕੀਮਤ ਦੇਣ ਲਈ ਤਿਆਰ ਨਹੀਂ, ਅਤੇ ਇਕ ਤਰ੍ਹਾਂ ਨਾਲ ਮਜ਼ਬੂਰ ਕਰਕੇ ਅਰਵਿੰਦ ਦਿਸਾਈ ਨੂੰ ਆਪਣੀ ਮਨਪਸੰਦ ਕੀਮਤਾਂ ਅਤੇ ਆਪਣੀਆਂ ਸ਼ਰਤਾਂ 'ਤੇ ਵਸਤਾਂ ਵੇਚਣ ਨੂੰ ਮਨਾ ਲੈਂਦਾ ਹੈ। ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਅੰਤਰਰਾਸ਼ਟਰੀ ਮੰਡੀ ਨਾਲ ਬੱਝੀ ਇਸ ਸਨਅਤ ਵਿੱਚ ਅਸਲ ਤਾਕਤ ਕਿਸ ਕੋਲ ਹੈ। ਸਹੀ ਮਾਹਣਿਆਂ ਵਿੱਚ ਇਸ ਸਨਅਤ ਵਿੱਚ ਕੰਮ ਕਰਨ ਵਾਲੇ ਲੋਕਾਂ ਦੀ ਮਜ਼ਦੂਰੀ, ਕੰਮ ਦੀਆਂ ਹਾਲਤਾਂ ਅਤੇ ਜ਼ਿੰਦਗੀਆਂ ਬਾਰੇ ਕੌਣ ਫੈਸਲਾ ਕਰਦਾ ਹੈ। ਪਹਿਲੀ ਪੱਧਰ 'ਤੇ ਪਿੰਡਾਂ ਵਿੱਚ ਕੰਮ ਕਰਨ ਵਾਲੇ ਲੋਕਾਂ ਦੀ ਕੋਈ ਅਵਾਜ਼ ਨਹੀਂ। ਦੂਸਰੀ ਪੱਧਰ 'ਤੇ ਕੰਮ ਕਰਨ ਵਾਲੇ ਲੋਕ ਵੱਧ ਕੀਮਤ ਲੈਣ ਲਈ ਬੇਨਤੀ ਤਾਂ ਕਰ ਸਕਦੇ ਹਨ, ਪਰ ਆਪਣੀਆਂ ਮੰਗਾਂ ਮਨਾਉਣ ਲਈ ਉਨ੍ਹਾਂ ਕੋਲ ਕੋਈ ਤਾਕਤ ਨਹੀਂ। ਤੀਜ਼ੀ ਪੱਧਰ 'ਤੇ ਕੰਮ ਕਰਦੇ ਅਰਵਿੰਦ ਦਿਸਾਈ ਵਰਗੇ ਲੋਕ ਦਸਤਕਾਰਾਂ-ਮਜ਼ਦੂਰਾਂ ਦੀ ਮਿਹਨਤ ਦੇ ਸਿਰ 'ਤੇ ਖੁਸ਼ਹਾਲ ਅਤੇ ਐਸ਼ ਵਾਲੀ ਜ਼ਿੰਦਗੀ ਤਾਂ ਗੁਜ਼ਾਰਦੇ ਹਨ, ਪਰ ਉਨ੍ਹਾਂ ਦੀ ਸਥਿਤੀ ਇਕ ਦਲਾਲ ਸਰਮਾਏਦਾਰ ਤੋਂ ਵੱਧ ਕੁੱਝ ਨਹੀਂ। ਇਸ ਸਨਅਤ ਨੂੰ ਚਲਾਉਣ ਦੀ ਅਸਲ ਤਾਕਤ ਅੰਤਰਰਾਸ਼ਟਰੀ ਮੰਡੀ ਇਹ ਚੀਜ਼ਾਂ ਵੇਚ ਸਕਣ ਵਾਲੀਆਂ ਕਾਰਪੋਰੇਸ਼ਨਾਂ ਕੋਲ ਹੈ।

ਅਰਵਿੰਦ ਦਿਸਾਈ ਨਾਲ ਨੇੜਿਓਂ ਸੰਬੰਧਤ ਤਿੰਨ ਔਰਤਾਂ ਦੀ ਜ਼ਿੰਦਗੀ ਨੂੰ ਫਿਲਮ ਵਿੱਚ ਜਿਸ ਤਰ੍ਹਾਂ ਦਿਖਾਇਆ ਗਿਆ ਹੈ, ਉਸ ਤੋਂ ਮਰਦ ਪ੍ਰਧਾਨ ਸਮਾਜ ਵਿੱਚ ਔਰਤਾਂ ਦੀ ਨਿਮਨ ਦਰਜੇ ਦੀ ਸਥਿਤੀ ਦੇ ਬਹੁਤ ਸਪਸ਼ਟਤਾ ਨਾਲ ਦਰਸ਼ਨ ਹੁੰਦੇ ਹਨ। ਪਹਿਲੀ ਔਰਤ ਹੈ ਅਰਵਿੰਦ ਦਿਸਾਈ ਦੀ ਮਾਂ। ਉਹ ਇਕ ਸਰਮਾਏਦਾਰ ਦੀ ਪਤਨੀ ਹੈ। ਇਸ ਲਈ ਉਹ ਇਕ ਸੋਹਣੇ ਘਰ ਵਿੱਚ ਰਹਿੰਦੀ ਹੈ ਅਤੇ ਇਕ ਸੌਖੀ ਜ਼ਿੰਦਗੀ ਜਿਉਂਦੀ ਹੈ। ਪਰ ਉਹ ਖੁਸ਼ ਨਹੀਂ। ਉਸ ਦਾ ਅਤੇ ਉਸ ਦੇ ਪਤੀ ਦਾ ਆਪਸ ਵਿੱਚ ਕੋਈ ਜਜ਼ਬਾਤੀ ਰਿਸ਼ਤਾ ਨਹੀਂ। ਉਸ ਦਾ ਪੁੱਤਰ ਵੱਡਾ ਹੋ ਗਿਆ ਹੈ, ਇਸ ਲਈ ਉਸ ਨੂੰ ਵੀ ਉਸ ਦੀ ਕੋਈ ਲੋੜ ਨਹੀਂ। ਉਸ ਦੇ ਕੋਲ ਕੋਈ ਅਜਿਹਾ ਕੰਮ ਨਹੀਂ ਜਿਸ ਰਾਹੀਂ ਉਹ ਆਪਣਾ ਆਪ ਵਿਅਕਤ ਕਰ ਸਕੇ, ਜਿਹੜਾ ਕੰਮ ਉਸ ਨੂੰ ਜ਼ਿੰਦਗੀ ਵਿੱਚ ਕਿਸੇ ਪ੍ਰਾਪਤੀ ਦਾ ਅਹਿਸਾਸ ਕਰਵਾ ਸਕੇ। ਇਸ ਤਰ੍ਹਾਂ ਜਾਪਦਾ ਹੈ ਕਿ ਉਸ ਅੰਦਰ ਇਕ ਬਹੁਤ ਵੱਡਾ ਖਲਾਅ ਪੈਦਾ ਹੋ ਚੁੱਕਾ ਹੈ। ਇਸ ਖਲਾਅ ਨੂੰ ਭਰਨ ਲਈ ਉਹ ਪੂਜਾ ਪਾਠ ਕਰਨ ਵਿੱਚ ਮਗਨ ਰਹਿੰਦੀ ਹੈ। ਆਪਣੀ ਹੋਂਦ ਜਤਾਉਣ ਲਈ, ਉਹ ਕੁੱਝ ਕੁ ਧਾਰਮਿਕ ਸਥਾਨਾਂ ਨੂੰ ਦਾਨ ਦਿੰਦੀ ਹੈ। ਪਰ ਜਿਹੜੇ ਪੈਸੇ ਉਹ ਦਾਨ ਦਿੰਦੀ ਹੈ, ਉਹ ਉਸ ਦੇ ਨਹੀਂ ਸਗੋਂ ਉਸ ਦੇ ਪਤੀ ਦੇ ਹਨ। ਇਹ ਗੱਲ  ਉਸ ਦਾ ਪਤੀ ਉਸ ਨੂੰ ਬਹੁਤ ਸਾਫ ਢੰਗ ਨਾਲ ਦੱਸ ਦਿੰਦਾ ਹੈ। ਉਹ ਆਪਣੀ ਪਤਨੀ ਨੂੰ ਕਹਿੰਦਾ ਹੈ, ਕਿ ਉਹ 24 ਘੰਟੇ ਪਾਠ-ਪੂਜਾ ਕਰ ਸਕਦੀ ਹੈ, ਉਸ ਨੂੰ ਕੋਈ ਨਹੀਂ ਰੋਕੇਗਾ। ਪਰ ਦਾਨ ਦੇਣ ਲੱਗੀ ਉਹ ਥੋੜ੍ਹਾ ਸੋਚ ਕੇ ਦਾਨ ਦੇਵੇ ਕਿਉਂਕਿ ਉਹ (ਪਤੀ) ਉਸ (ਪਤਨੀ) ਵੱਲੋਂ ਦਿੱਤੇ ਦਾਨ ਦਾ ਬੋਝ ਨਹੀਂ ਚੁੱਕ ਸਕਦਾ। ਇਸ ਤੋਂ ਸਾਫ ਹੋ ਜਾਂਦਾ ਹੈ ਕਿ ਅਰਵਿੰਦ ਦੀ ਮਾਂ ਇਕ ਅਮੀਰ ਘਰ ਵਿੱਚ ਰਹਿੰਦੀ ਹੈ, ਪਰ ਉਸ ਘਰ ਵਿੱਚ ਉਸ ਦਾ ਆਪਣਾ ਕੁੱਝ ਵੀ ਨਹੀਂ ਹੈ। ਖੂਬਸੂਰਤ ਗੱਲ ਇਹ ਹੈ ਕਿ ਬੇਸ਼ੱਕ ਅਰਵਿੰਦ ਦੀ ਮਾਂ  ਨੂੰ ਸਾਰੀ ਫਿਲਮ ਵਿੱਚ ਦੋ ਤਿੰਨ ਵਾਰ ਕੁਝ ਕੁ ਮਿੰਟਾਂ ਲਈ ਹੀ ਦਿਖਾਇਆ ਗਿਆ ਹੈ, ਅਤੇ ਸਾਰੀ ਫਿਲਮ ਵਿੱਚ ਉਹ ਸਿਰਫ ਇਕ ਦੋ ਛੋਟੇ ਛੋਟੇ ਡਾਇਲਾਗ ਹੀ ਬੋਲਦੀ ਹੈ, ਪਰ ਇੰਨੇ ਨਾਲ ਹੀ ਉਸ ਘਰ ਵਿੱਚ ਉਸ ਦੀ ਬੇਅਰਥ ਅਤੇ ਨਿਗੂਣੀ ਜ਼ਿੰਦਗੀ ਦੀ ਤਸਵੀਰ ਦਰਸ਼ਕ ਦੇ ਦਿਮਾਗ 'ਤੇ ਬਹੁਤ ਹੀ ਸਪਸ਼ਟਤਾ ਨਾਲ ਉੱਕਰੀ ਜਾਂਦੀ ਹੈ।

ਫਿਲਮ ਵਿੱਚ ਅਰਵਿੰਦ ਦਿਸਾਈ ਨਾਲ ਸੰਬੰਧਤ ਦੂਸਰੀ ਔਰਤ ਪਾਤਰ ਅਰਵਿੰਦ ਦੀ ਭੈਣ ਸ਼ਿਲਪਾ ਹੈ। ਸ਼ਿਲਪਾ ਦੇ ਵਿਆਹ ਹੋਏ ਨੂੰ ਕੁੱਝ ਵਰ੍ਹੇ ਹੋਏ ਹਨ ਅਤੇ ਉਸ ਦੇ ਦੋ ਛੋਟੇ ਛੋਟੇ ਬੱਚੇ ਹਨ। ਉਹ ਇਕ ਅਮੀਰ ਨਾਲ ਵਿਆਹੀ ਹੋਈ ਹੈ ਅਤੇ ਨੌਕਰਾਂ ਚਾਕਰਾਂ ਨਾਲ ਭਰਪੂਰ ਘਰ ਵਿੱਚ ਰਹਿੰਦੀ ਹੈ। ਦੇਖਣ ਨੂੰ ਉਸ ਦੀ ਜ਼ਿੰਦਗੀ ਵੀ ਬਹੁਤ ਸੁਖਾਲੀ ਹੈ। ਉਸ ਨੂੰ ਕੁਝ ਵੀ ਆਪ ਨਹੀਂ ਕਰਨਾ ਪੈਂਦਾ। ਉਸ ਦਾ ਪਤੀ ਬਾਹਰ ਵਪਾਰ ਦਾ ਕੰਮ ਕਰਦਾ ਹੈ ਅਤੇ ਉਹ ਘਰ ਵਿੱਚ ਉਸ ਦੀ ਉਡੀਕ ਕਰਦੀ ਹੈ। ਉਹ ਵੀ ਕੋਈ ਅਜਿਹਾ ਕੰਮ ਨਹੀਂ ਕਰਦੀ ਜੋ ਉਸ ਦੇ ਆਪੇ ਨੂੰ ਵਿਅਕਤ ਕਰ ਸਕੇ ਅਤੇ ਜਿਸ ਨਾਲ ਉਸ ਨੂੰ ਆਪਣੀ ਅਰਥਭਰਪੂਰ ਹੋਂਦ ਦਾ ਅਹਿਸਾਸ ਹੋ ਸਕੇ। ਪੈਸੇ ਧੇਲੇ ਲਈ ਉਹ ਵੀ ਆਪਣੇ ਪਤੀ ਦੀ ਕਮਾਈ 'ਤੇ ਨਿਰਭਰ ਹੈ। ਇਸ ਤਰ੍ਹਾਂ ਜਾਪਦਾ ਹੈ ਕਿ ਉਸ ਦੀ ਜ਼ਿੰਦਗੀ ਵੀ ਉਸ ਦੀ ਮਾਂ ਦੀ ਲੀਹ 'ਤੇ ਜਾ ਰਹੀ ਹੈ।  ਕੁੱਝ ਸਾਲਾਂ ਬਾਅਦ ਜਦੋਂ ਉਮਰ ਢਲਣ ਕਾਰਨ ਉਸ ਦੇ ਪਤੀ ਦੀ ਦਿਲਚਸਪੀ ਉਸ ਵਿੱਚੋਂ ਘੱਟ ਜਾਵੇਗੀ, ਅਤੇ ਬੱਚੇ ਵੱਡੇ ਹੋ ਜਾਣਗੇ ਤਾਂ ਉਸ ਦੀ ਜ਼ਿੰਦਗੀ ਵਿੱਚ ਵੀ ਇਕ ਵੱਡਾ ਖਲਾਅ ਪੈਦਾ ਹੋ ਜਾਵੇਗਾ। ਜਦੋਂ ਅਰਵਿੰਦ ਉਸ ਨੂੰ ਇਸ ਅਸਲੀਅਤ ਦਾ ਅਹਿਸਾਸ ਕਰਵਾਉਂਦਾ ਹੈ ਤਾਂ ਉਹ ਆਪਣੀ ਜ਼ਿੰਦਗੀ ਨੂੰ ਅਰਥ ਦੇਣ ਲਈ Ḕਸੋਸ਼ਲ ਵਰਕḔ ਕਰਨ ਲੱਗਦੀ ਹੈ ਅਤੇ ਅਨਾਥ ਬੱਚਿਆਂ ਦੀ ਭਲਾਈ ਲਈ ਫੰਡ ਇਕੱਠਾ ਕਰਨਾ ਸ਼ੁਰੂ ਕਰਦੀ ਹੈ। ਕੀ ਇਸ ਤਰ੍ਹਾਂ ਦਾ ‘ਸੋਸ਼ਲ ਵਰਕ’ ਉਸ ਦੀ ਜ਼ਿੰਦਗੀ ਨੂੰ ਅਰਥਭਰਪੂਰ ਬਣਾ ਸਕੇਗਾ? ਉਸ ਦੀ ਆਪਣੀ ਇਕ ਵਿਲੱਖਣ ਸ਼ਖਸੀਅਤ ਬਣਾਉਣ ਵਿੱਚ ਮਦਦ ਕਰੇਗਾ? ਫਿਲਮ ਦੇਖਦਿਆਂ ਦਰਸ਼ਕ ਨੂੰ ਇਨ੍ਹਾਂ ਸਵਾਲਾਂ ਦਾ ਜੁਆਬ ਨਾਂਹ ਵਿੱਚ ਮਿਲਦਾ ਹੈ ਕਿਉਂਕਿ ਇਹ ਫੰਡ ਇਕੱਠਾ ਕਰਨ ਲਈ ਸ਼ਿਲਪਾ ਨੂੰ ਆਪਣੀ ਜ਼ਿੰਦਗੀ ਵਿਚਲੇ ਮਰਦਾਂ 'ਤੇ ਨਿਰਭਰ ਹੋਣਾ ਪੈਂਦਾ ਹੈ। ਉਦਾਹਰਨ ਲਈ ਅਨਾਥ ਬੱਚਿਆਂ ਦੀ ਭਲਾਈ ਦੇ ਫੰਡ ਲਈ ਉਹ ਸਭ ਤੋਂ ਪਹਿਲੀ ਟਿਕਟ ਆਪਣੇ ਭਰਾ ਨੂੰ ਵੇਚਦੀ ਹੈ। ਇਸ ਤਰ੍ਹਾਂ ਇਹ ਸਾਫ ਹੋ ਜਾਂਦਾ ਹੈ ਕਿ ਸ਼ਿਲਪਾ ਦੀ ਆਪਣੀ ਕੋਈ ਅਜ਼ਾਦ ਹੋਂਦ ਨਹੀਂ ਹੈ, ਅਤੇ ਆਪਣੀ ਜ਼ਿੰਦਗੀ ਨੂੰ ਅਰਥ ਦੇਣ ਲਈ ਉਸ ਨੂੰ ਮਰਦਾਂ ਦੇ ਸਹਾਰੇ ਦੀ ਲੋੜ ਹੈ।

ਇਸ ਫਿਲਮ ਦੀ ਦਿਸਾਈ ਨਾਲ ਸੰਬੰਧਤ ਤੀਸਰੀ ਔਰਤ ਉਸ ਦੇ ਸ਼ੋਅਰੂਮ ਵਿੱਚ ਕੰਮ ਕਰਦੀ ਐਂਗਲੋ ਇੰਡੀਅਨ ਕੁੜੀ ਐਲਿਸ ਹੈ। ਉਹ ਇਕ ਹੇਠਲੇ ਮੱਧਵਰਗ ਦੇ ਪਰਿਵਾਰ ਨਾਲ ਸੰਬੰਧ ਰੱਖਦੀ ਹੈ। ਅਰਵਿੰਦ ਦੀ ਮਾਂ ਅਤੇ ਭੈਣ ਵਾਂਗ ਉਹ ਆਪਣੀਆਂ ਆਰਥਿਕ ਲੋੜਾਂ ਲਈ ਆਪਣੇ ਪਤੀ 'ਤੇ ਨਿਰਭਰ ਨਹੀਂ ਸਗੋਂ ਇਹ ਲੋੜਾਂ ਆਪਣੀ ਕਮਾਈ ਨਾਲ ਪੂਰੀਆਂ ਕਰਦੀ ਹੈ। ਉਹ ਘਰ ਤੋਂ ਬਾਹਰ ਨਿਕਲ ਕੇ ਆਪਣੀ ਮਿਹਨਤ ਨਾਲ ਆਪਣੀ ਅਜ਼ਾਦ ਸ਼ਖਸੀਅਤ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਪਰ ਉਸ ਲਈ ਇਹ ਕਰ ਸਕਣਾ ਸੰਭਵ ਨਹੀਂ ਜਾਪਦਾ ਕਿਉਂਕਿ ਉਸ ਨੂੰ ਆਪਣੀ ਨੌਕਰੀ ਕਾਇਮ ਰੱਖਣ ਲਈ ਅਰਵਿੰਦ ਨਾਲ ਸੰਬੰਧ ਬਣਾਉਣੇ ਪੈਂਦੇ ਹਨ। ਇਸ ਤਰ੍ਹਾਂ ਐਲਿਸ ਦੀ ਕਹਾਣੀ ਤੋਂ ਇਕ ਪਾਸੇ ਤਾਂ ਸਾਨੂੰ ਇਹ ਪਤਾ ਲੱਗਦਾ ਹੈ ਮਰਦ ਪ੍ਰਧਾਨ ਸਮਾਜ ਵਿੱਚ ਔਰਤਾਂ ਲਈ ਮਰਦ ਉੱਤੇ ਨਿਰਭਰਤਾ ਜ਼ਰੂਰੀ ਹੈ, ਦੂਸਰੇ ਪਾਸੇ ਸਾਨੂੰ ਇਹ ਪਤਾ ਲੱਗਦਾ ਹੈ ਕੰਮ ਕਾਜ਼ੀ ਔਰਤਾਂ ਨੂੰ ਕੰਮਾਂ ਉੱਪਰ ਕਿਸ ਤਰ੍ਹਾਂ ਦੇ ਲਿੰਗਕ ਸ਼ੋਸ਼ਣ ਦਾ ਸਾਹਮਣਾ ਕਰਨਾ ਪੈਂਦਾ ਹੈ।

ਇਸ ਤਰ੍ਹਾਂ ਸਈਦ ਅਖਤਰ ਮਿਰਜ਼ਾ ਆਪਣੀ ਪਹਿਲੀ ਫੀਚਰ ਫਿਲਮ ਵਿੱਚ ਭਾਰਤੀ ਸਮਾਜ ਦੇ ਕਈ ਮਹੱਤਵਪੂਰਨ ਵਿਸ਼ਿਆਂ ਨੂੰ ਪੇਸ਼ ਕਰਦਾ ਹੋਇਆ ਸਮਾਜ ਵਿੱਚ ਵਾਪਰਦੇ ਦਮਨ ਦੀਆਂ ਵੱਖ ਵੱਖ ਤਹਿਆਂ ਨੂੰ ਬੇਪਰਦ ਕਰਦਾ ਹੈ। ਵੱਖ ਵੱਖ ਪੱਧਰ 'ਤੇ ਵਾਪਰਦੇ ਦਮਨ ਲਈ ਕਿਸੇ ਇਕ ਵਿਅਕਤੀ ਨੂੰ ਕਸੂਰਵਾਰ ਨਹੀਂ ਠਹਿਰਾਉਂਦਾ ਸਗੋਂ ਉਸ ਆਰਥਿਕ ਅਤੇ ਸਮਾਜਕ ਤਾਣੇਬਾਣੇ ਨੂੰ ਨੰਗਾ ਕਰਨ ਦਾ ਯਤਨ ਕਰਦਾ ਹੈ ਜੋ ਇਸ ਦਮਨ ਨੂੰ ਚੱਲਦਾ ਰੱਖਣ ਲਈ ਮੁੱਖ ਚਾਲਕ ਸ਼ਕਤੀ ਦਾ ਕੰਮ ਕਰਦਾ ਹੈ। ਖੂਬਸੂਰਤ ਗੱਲ ਇਹ ਹੈ ਕਿ ਉਹ ਇਹ ਸਭ ਬਹੁਤ ਸਹਿਜ ਨਾਲ ਕਰਦਾ ਹੈ, ਅਤੇ ਫਿਲਮ ਨੂੰ ਭਾਸ਼ਣ ਨਹੀਂ ਬਣਨ ਦਿੰਦਾ।

ਫਿਲਮ ਨੂੰ ਚੰਗੀਆਂ ਫਿਲਮਾਂ ਦੇ ਸ੍ਰੋਤਿਆਂ ਅਤੇ ਪਾਰਖੂਆਂ ਵੱਲੋਂ ਚੰਗਾ ਹੁੰਗਾਰਾ ਮਿਲਿਆ। ਇਸ ਨੂੰ ਫਿਲਮ ਫੇਅਰ ਵੱਲੋਂ 1979 ਦੀ ਸਭ ਤੋਂ ਵਧੀਆ ਫਿਲਮ ਮੰਨਿਆ ਗਿਆ। (8)

ਉਸ ਨੇ ਆਪਣੀ ਅਗਲੀ ਫਿਲਮ ਅਲਬਰਟ ਪਿੰਟੂ ਕੋ ਗੁੱਸਾ ਕਿਉਂ ਆਤਾ ਹੈ, 1980 ਵਿੱਚ ਬਣਾਈ। ਇਸ ਫਿਲਮ ਵਿੱਚ ਪ੍ਰਮੱਖ ਰੂਪ ਵਿੱਚ ਸਮਾਜ ਵਿੱਚ ਆਪਣੀ ਜਮਾਤੀ ਪਛਾਣ ਸਮਝਣ ਦੀ ਮਹੱਤਤਾ, ਮਰਦ ਪ੍ਰਧਾਨ ਸਮਾਜ ਵਿੱਚ ਔਰਤਾਂ ਨਾਲ ਹੁੰਦੇ ਵਿਤਕਰੇ ਅਤੇ ਮਿੱਲ ਮਾਲਕਾਂ ਵੱਲੋਂ ਮਜ਼ਦੂਰਾਂ ਦੇ ਹੱਕੀ ਸੰਘਰਸ਼ਾਂ ਨੂੰ ਬਦਨਾਮ ਕਰਨ ਲਈ ਵਰਤੀਆਂ ਜਾਂਦੀਆਂ ਚਾਲਾਂ ਨੂੰ ਕੇਂਦਰ ਵਿੱਚ ਰੱਖਿਆ ਗਿਆ। ਫਿਲਮ ਦਾ ਮੁੱਖ ਪਾਤਰ ਅਲਬਰਟ ਪਿੰਟੂ ਇਕ ਮਿੱਲ ਮਜ਼ਦੂਰ ਦਾ ਪੁੱਤਰ ਹੈ ਅਤੇ ਇਕ ਗੈਰਾਜ ਵਿੱਚ ਕਾਰ ਮਕੈਨਿਕ ਵੱਜੋਂ ਕੰਮ ਕਰਦਾ ਹੈ। ਪਰ ਉਹ ਆਪਣੇ ਆਪ ਨੂੰ ਮਜ਼ਦੂਰ ਨਹੀਂ ਸਮਝਦਾ, ਸਗੋਂ ਮਜ਼ਦੂਰਾਂ ਤੋਂ ਵੱਖਰਾ ਸਮਝਦਾ ਹੈ। ਉਹ ਆਪਣੇ ਕੰਮ 'ਤੇ ਮਹਿੰਗੀਆਂ ਕਾਰਾਂ ਠੀਕ ਕਰਾਉਣ ਆਏ ਸੇਠਾਂ ਨਾਲ ਇਸ ਤਰ੍ਹਾਂ ਵਿਹਾਰ ਕਰਨ ਦੀ ਕੋਸ਼ਿਸ਼ ਕਰਦਾ ਹੈ ਜਿਵੇਂ ਉਹ ਉਸ ਦੇ ਦੋਸਤ ਹੋਣ ਅਤੇ ਸਮਝਦਾ ਹੈ ਕਿ ਉਹ ਉਸ ਦੇ ਦੋਸਤ ਹਨ। ਉਨ੍ਹਾਂ ਵੱਲੋਂ ਕਹੀਆਂ ਗੱਲਾਂ ਨੂੰ ਸੱਚ ਸਮਝਦਾ ਹੈ। ਕੰਮ 'ਤੇ ਆਪਣੇ ਸਾਥੀਆਂ ਨਾਲ ਕੋਈ ਸਾਂਝ ਨਹੀਂ ਰੱਖਦਾ ਅਤੇ ਉਨ੍ਹਾਂ ਤੋਂ ਵੱਖਰਾ ਉੱਠਦਾ/ਬੈਠਦਾ ਹੈ। ਘਰ ਪਰਿਵਾਰ ਵਿੱਚ ਉਹ ਆਪਣੀ ਹੈਸੀਅਤ ਦੇ ਲੋਕਾਂ ਨੂੰ ਆਪਣੇ ਤੋਂ ਨੀਵੇਂ ਸਮਝਦਾ ਹੈ। ਬੇਸ਼ੱਕ ਉਸ ਦੀ ਇਹ ਭਾਵਨਾ ਦਰਸ਼ਕਾਂ ਨੂੰ ਉਸ ਦੇ ਐਕਸ਼ਨਾਂ ਤੋਂ ਸਾਫ ਦਿਸਦੀ ਹੈ, ਪਰ ਇਸ ਨੂੰ ਉਹ ਆਪਣੇ ਸ਼ਬਦਾਂ ਵਿੱਚ ਉਦੋਂ ਵਿਅਕਤ ਕਰਦਾ ਹੈ ਜਦੋਂ ਉਸ ਦਾ ਪਿਤਾ ਮਿੱਲ ਵਿੱਚ ਹੋਣ ਵਾਲੀ ਹੜਤਾਲ ਵਿੱਚ ਹਿੱਸਾ ਲੈਣ ਦੀ ਗੱਲ ਕਰਦਾ ਹੈ। ਉਹ ਆਪਣੀ ਭੈਣ, ਜੋ ਇਕ ਕੱਪੜੇ ਦੀ ਦੁਕਾਨ ਵਿੱਚ ਕੰਮ ਕਰਦੀ ਹੈ, ਨੂੰ ਮੁਖਾਤਿਬ ਹੋ ਕੇ ਕਹਿੰਦਾ ਹੈ:


ਸਾਲਾ ਸਟਰਾਈਕ, ਸਟਰਾਈਕ। ਸਭ ਸਿਰ ਫਿਰੇ ਲੋਗੋਂ ਕਾ ਕਾਮ ਹੈ। ਅਪਣ ਲੋਗ ਉਨਕੇ ਜੈਸਾ ਹੈ ਕਿਆ? ਅਪਣਾ ਹਾਲਤ ਉਨ ਲੋਗੋਂ ਸੇ ਬਹੁਤ ਅੱਛਾ ਹੈ। ਅਬ ਮੇਰੇ ਕੋ ਹੀ ਦੇਖੋ। ਅਪਣਾ ਵੁਹ ਗੈਰਾਜ ਮੇਂ ਸਟਰਾਈਕ ਹੂਆ ਥਾ ਨਾ, ਅਪਣ ਬਿਲਕੁਲ ਅਲੱਗ, ਅਪਣਾ ਕੁਛ ਲੇਣਾ ਦੇਣਾ ਨਹੀਂ ਹੈ। ਆਪਣਾ ਧੰਦਾ ਚਾਲੂ ਹੈ, ਆਪਣੀ ਪਗਾਰ ਅੱਛੀ ਹੈ। ਬੰਬਈ ਮੈਂ ਏਕਲਾ ਮਕੈਨਿਕ ਹੂੰ ਜੋ ਕਸਟਮਰ ਕੀ ਗਾੜੀ ਉਸ ਕੇ ਘਰ ਤੱਕ ਲੇ ਜਾ ਕੇ ਛੋੜਤਾ ਹੂੰ, ਮੈਂ ਉਸ ਕੀ ਗਾੜੀ ਮੇਂ ਘੂੰਮਤਾ ਹੂੰ, ਅਪਣਾ ਬੜੇ ਲਾਖੋਂਪਤੀ ਲੋਗੋਂ ਸੇ ਜਾਣ ਪਛਾਣ ਹੈ। ਅਪਣ ਉਨ ਕੋ ਸਾਬ੍ਹ/ਵਾਬ੍ਹ ਕਹਿ ਕੇ ਨਹੀਂ ਬੁਲਾਤਾ। ਸਾਹਿਬ ਕਾਹੇ ਕੋ ਬੋਲੋਗਾ। ਅਪਣੇ ਲੀਏ ਤੋ ਅਸ਼ੋਕ, ਵਿਵੇਕ, ਮੁਰਾਦ। ਏ ਮੁਰਾਦ ਕੈਸਾ ਹੈ…


ਇਸ ਤਰ੍ਹਾਂ ਉਹ ਸਮਾਜ ਵਿੱਚ ਆਪਣੀ ਜਮਾਤੀ ਸਥਿਤੀ ਤੋਂ ਮੁਨਕਰ ਹੈ ਅਤੇ ਮਜ਼ਦੂਰ ਜਮਾਤ ਨਾਲ ਆਪਣਾ ਕੋਈ ਲੈਣਾ ਦੇਣਾ ਨਹੀਂ ਸਮਝਦਾ ਹੈ। ਉਸ ਨੂੰ ਭਰਮ ਹੈ ਕਿ ਉਹ ਆਪਣੇ ਸਾਥੀ ਮਜ਼ਦੂਰਾਂ ਅਤੇ ਰਿਸ਼ਤੇਦਾਰਾਂ ਤੋਂ ਬਿਹਤਰ ਹੈ। ਉਹ ਇਹ ਵੀ ਸਮਝਦਾ ਹੈ ਉਸ ਦੇ ‘ਸੇਠ ਦੋਸਤ’ ਉਸ ਦੇ ਸਕੇ ਹਨ ਅਤੇ ਉਸ ਨੂੰ ਆਪਣਾ ਸਮਝਦੇ ਹਨ। ਪਰ ਜਿਉਂ ਜਿਉਂ ਫਿਲਮ ਦੀ ਕਹਾਣੀ ਅੱਗੇ ਤੁਰਦੀ ਹੈ, ਉਸ ਦੇ ਇਹ ਭਰਮ ਟੁੱਟਣੇ ਸ਼ੁਰੂ ਹੋ ਜਾਂਦੇ ਹਨ। ਉਸ ਦਾ ਪੂਰਾ ਜਮਾਤੀ ਰੁਪਾਂਤਰਣ ਉਦੋਂ ਹੁੰਦਾ ਹੈ ਜਦੋਂ ਮਿੱਲ ਦੀ ਹੜਤਾਲ ਵਿੱਚ ਹਿੱਸਾ ਲੈਣ ਗਏ ਉਸ ਦੇ ਪਿਤਾ 'ਤੇ ਮਿੱਲ ਮਾਲਕਾਂ ਵਲੋਂ ਖ੍ਰੀਦੇ ਗਏ ਗੁੰਡੇ ਹਮਲਾ ਕਰ ਦਿੰਦੇ ਹਨ ਅਤੇ ਉਸ ਦਾ ਪਿਤਾ ਪਾਟਿਆਂ ਕੱਪੜਿਆਂ ਨਾਲ ਘਰ ਵਾਪਸ ਆਉਂਦਾ ਹੈ। ਅਲਬਰਟ ਨੂੰ ਇਸ ਗੱਲ ਨਾਲ ਦੁੱਖ ਹੁੰਦਾ ਹੈ। ਉਹ ਆਪਣੇ ਇਸ ਦੁੱਖ ਦਾ ਇਜ਼ਹਾਰ ਆਪਣੀ ਗੈਰਾਜ ਵਿੱਚ ਕਾਰ ਠੀਕ ਕਰਾਉਣ ਆਏ ਇਕ ਸੇਠ ਨਾਲ ਕਰਦਾ ਹੈ ਜਿਸ ਨੂੰ ਉਹ ਆਪਣਾ ਦੋਸਤ ਸਮਝਦਾ ਹੈ। ਪਰ ਉਹ ਸੇਠ ਅਲਬਰਟ ਨੂੰ ਕਹਿੰਦਾ ਹੈ ਕਿ ਹੜਤਾਲਾਂ ਕਰਨ ਦਾ ਕੰਮ ਗੁੰਡੇ ਲੋਕਾਂ ਦਾ ਕੰਮ ਹੈ। ਇਸ ਲਈ ਅਲਬਰਟ ਦੇ ਪਿਤਾ ਨੂੰ ਹੜਤਾਲ ਵਿੱਚ ਹਿੱਸਾ ਨਹੀਂ ਲੈਣਾ ਚਾਹੀਦਾ ਹੈ। ਪਰ ਅਲਬਰਟ ਜਾਣਦਾ ਹੈ ਕਿ ਉਸ ਦਾ ਪਿਤਾ ਕੋਈ ਗੁੰਡਾ ਨਹੀਂ ਹੈ। ਉਸ ਨੇ ਸਾਰੀ ਉਮਰ ਕਿਸੇ ਦਾ ਬੁਰਾ ਨਹੀਂ ਕੀਤਾ। ਅਲਬਰਟ ਇਹ ਵੀ ਦੇਖਦਾ ਹੈ ਕਿ ਮਿੱਲ ਦੀ ਹੜਤਾਲ ਵਿੱਚ ਸ਼ਾਮਲ ਮਜ਼ਦੂਰ ਕਿਸ ਤਰ੍ਹਾਂ ਇਕੱਠੇ ਹੋ ਕੇ ਗੁੰਡਿਆਂ ਦਾ ਮੁਕਾਬਲਾ ਕਰਦੇ ਹਨ ਅਤੇ ਇਕ ਦੂਜੇ ਦੀ ਮਦਦ ਕਰਦੇ ਹਨ। ਹੜਤਾਲ 'ਤੇ ਗਏ ਮਜ਼ਦੂਰਾਂ ਬਾਰੇ ਸੇਠਾਂ ਅਤੇ ਦੂਸਰੇ ਮਜ਼ਦੂਰਾਂ ਦਾ ਵਤੀਰਾ ਦੇਖ ਕੇ ਅਲਬਰਟ ਨੂੰ ਸਮਝ ਆਉਂਦੀ ਹੈ ਕਿ ਉਸ ਦੇ ਆਪਣੇ ਕੌਣ ਹਨ ਅਤੇ ਬਿਗਾਨੇ ਕੌਣ। ਉਹ ਹੜਤਾਲ 'ਤੇ ਬੈਠੇ ਮਜ਼ਦੂਰਾਂ ਬਾਰੇ ਜਾਣਨ ਲਈ ਉਨ੍ਹਾਂ ਦੇ ਕੋਲ ਜਾਂਦਾ ਹੈ ਅਤੇ ਹੜਤਾਲ ਵਿੱਚ ਉਨ੍ਹਾਂ ਦੀ ਮਦਦ ਕਰਨ ਲੱਗਦਾ ਹੈ। ਇਸ ਤਰ੍ਹਾਂ ਫਿਲਮ ਦਰਸ਼ਕਾਂ ਨੂੰ ਆਪਣੀ ਸਹੀ ਜਮਾਤੀ ਪਛਾਣ ਸਮਝਣ ਦੀ ਮਹੱਤਤਾ ਸਮਝਾਉਂਦੀ ਹੈ। ਕਿਉਕਿ ਆਪਣੀ ਸਹੀ ਜਮਾਤੀ ਪਛਾਣ ਦੀ ਸਮਝ ਹੀ ਤੁਹਾਨੂੰ ਇਹ ਦਸਦੀ ਹੈ ਕਿ ਤੁਹਾਡਾ ਅਸਲੀ ਦੋਸਤ ਕੌਣ ਹੈ ਅਤੇ ਦੁਸ਼ਮਣ ਕੌਣ ਹੈ।  ਦਰਸ਼ਕ ਨੂੰ ਇਹ ਅਹਿਸਾਸ ਵੀ ਹੁੰਦਾ ਹੈ ਕਿ ਦੁੱਖ ਵੇਲੇ ਤੁਹਾਡੇ ਨਾਲ ਉਹ ਲੋਕ ਹੀ ਖੜ੍ਹਦੇ ਹਨ ਜੋ ਤੁਹਾਡੀ ਆਪਣੀ ਜਮਾਤ ਵਿੱਚੋਂ ਹੋਣ। ਜੇ ਤੁਹਾਨੂੰ ਆਪਣੀ ਸਹੀ ਜਮਾਤੀ ਪਛਾਣ ਦੀ ਸਮਝ ਨਾ ਹੋਵੇ ਤਾਂ ਬਹੁਤੀ ਵਾਰ ਤੁਸੀਂ ਆਪਣੇ ਹਿਤਾਂ ਦੇ ਵਿਰੁੱਧ ਖੜ੍ਹ ਜਾਂਦੇ ਹੋ, ਜਾਂ ਤਾਕਤਵਰ ਲੋਕ ਤੁਹਾਨੂੰ ਆਪਣੇ ਲੋਕਾਂ ਦੇ ਖਿਲਾਫ਼ ਹੀ ਵਰਤ ਲੈਂਦੇ ਹਨ।

ਅਰਵਿੰਦ ਦਿਸਾਈ ਕੀ ਅਜੀਬ ਦਾਸਤਾਨ ਵਾਂਗ ਫਿਲਮ ਅਲਬਰਟ ਪਿੰਟੂ ਕੋ ਗੁੱਸਾ ਕਿਉਂ ਆਤਾ ਹੈ ਮਰਦ ਪ੍ਰਧਾਨ ਸਮਾਜ ਵਿੱਚ ਔਰਤਾਂ ਨਾਲ ਹੁੰਦੇ ਵਿਤਕਰੇ ਬਾਰੇ ਵੀ ਗੱਲ ਕਰਦੀ ਹੈ। ਅਲਬਰਟ ਦੀ ਦੋਸਤ ਸਟੈਲਾ ਇਕ ਦਫਤਰ ਵਿੱਚ ਕੰਮ ਕਰਦੀ ਹੈ। ਅਰਵਿੰਦ ਦਿਸਾਈ ਕੀ ਅਜੀਬ ਦਾਸਤਾਨ  ਵਾਂਗ ਹੀ ਸਟੈਲਾ ਦਾ ਬੌਸ ਉਸ ਨਾਲ ਸੰਬੰਧ ਬਣਾਉਣਾ ਚਾਹੁੰਦਾ ਹੈ। ਪਰ ਸਟੈਲਾ ਅਰਵਿੰਦ ਦਿਸਾਈ ਕੀ ਅਜੀਬ ਦਾਸਤਾਨ  ਵਾਲੀ ਐਲਿਸ ਨਾਲੋਂ ਵੱਖਰੀ ਹੈ। ਉਹ ਆਪਣੇ ਬਾਸ ਵੱਲੋਂ ਸੰਬੰਧ ਬਣਾਉਣ ਲਈ ਦਿੱਤੇ ਇਸ਼ਾਰਿਆਂ ਨੂੰ ਅਣਗੌਲਿਆਂ ਕਰ ਦਿੰਦੀ ਹੈ। ਪਰ ਜਦੋਂ ਉਹ ਉਸ ਦੀ ਨਾਂਹ ਨੂੰ ਨਹੀਂ ਸਮਝਦਾ ਅਤੇ ਅੱਗੇ ਹੀ ਅੱਗੇ ਵਧਦਾ ਆਉਂਦਾ ਹੈ ਤਾਂ ਉਹ ਉਸ ਦੇ ਥੱਪੜ ਮਾਰ ਕੇ ਨੌਕਰੀ ਛੱਡ ਕੇ ਆ ਜਾਂਦੀ ਹੈ। ਫਿਲਮ ਵਿੱਚ ਸਟੈਲਾ ਅਤੇ ਉਸ ਦੇ ਬੌਸ ਵਿਚਕਾਰ ਵਾਪਰੀ ਇਹ ਘਟਨਾ ਇਕ ਤਾਂ ਕੰਮਕਾਜੀ ਔਰਤਾਂ ਨਾਲ ਕੰਮਾਂ ਉੱਪਰ ਹੁੰਦੀ ਲਿੰਗਕ ਛੇੜਛਾੜ ਨੂੰ ਸਾਡੇ ਸਾਹਮਣੇ ਲਿਆਉਂਦੀ ਹੈ। ਇਸ ਦੇ ਨਾਲ ਹੀ ਸਟੈਲਾ ਵੱਲੋਂ ਮਾਲਕ ਦੇ ਥੱਪੜ ਮਾਰਨ ਦੀ ਇਹ ਕਾਰਵਾਈ  ਸਪਸ਼ਟ ਸੁਨੇਹਾ ਦਿੰਦੀ ਹੈ ਕਿ ਦਫਤਰ ਵਿੱਚ ਕੰਮ ਕਰਦੀ ਹਰ ਸੈਕਟਰੀ ਆਪਣੀ ਨੌਕਰੀ ਬਦਲੇ ਮਾਲਕ ਦੇ ਬਿਸਤਰ 'ਤੇ ਜਾਣ ਲਈ ਤਿਆਰ ਨਹੀਂ, ਅਤੇ ਮਾਲਕਾਂ ਵੱਲੋਂ ਕੀਤੀਆਂ ਜਾਂਦੀਆਂ ਇਸ ਤਰ੍ਹਾਂ ਦੀਆਂ ਵਧੀਕੀਆਂ ਦਾ ਡੱਟ ਕੇ ਵਿਰੋਧ ਹੋਣ ਚਾਹੀਦਾ ਹੈ। ਘਰ ਵਿੱਚ ਜਦੋਂ ਸਟੈਲਾ ਵੱਲੋਂ ਕੰਮ ਛੱਡ ਦੇਣ ਬਾਰੇ ਪਤਾ ਲੱਗਦਾ ਹੈ ਤਾਂ ਉਸ ਦਾ ਪਿਤਾ ਉਸ ਨੂੰ ਕਹਿੰਦਾ ਹੈ ਕਿ ਉਹ ਆਪਣੇ ਬਾਸ ਤੋਂ ਮੁਆਫੀ ਮੰਗ ਲਵੇ ਅਤੇ ਦੁਬਾਰਾ ਕੰਮ 'ਤੇ ਜਾਣਾ  ਸ਼ੁਰੂ ਕਰ ਦੇਵੇ। ਜਦੋਂ ਸਟੈਲਾ ਉਸ ਨੂੰ ਦਸਦੀ ਹੈ ਕਿ ਉਸ ਨਾਲ ਕੀ ਹੋਇਆ ਸੀ ਤਾਂ ਵੀ ਉਸ ਦਾ ਪਿਤਾ ਕਹਿੰਦਾ ਹੈ ਕਿ ਉਸ ਦਾ ਬੌਸ ਅਜਿਹਾ ਦੁਬਾਰਾ ਨਹੀਂ ਕਰੇਗਾ ਅਤੇ ਸਟੈਲਾ ਨੂੰ ਮਾਫੀ ਮੰਗ ਕੇ ਵਾਪਸ ਕੰਮ 'ਤੇ ਚਲੇ ਜਾਣਾ ਚਾਹੀਦਾ ਹੈ। ਪਰ ਸਟੈਲਾ ਉਸ ਦੀ ਗੱਲ ਨਹੀਂ ਮੰਨਦੀ ਅਤੇ ਆਪਣੇ ਸਟੈਂਡ 'ਤੇ ਦ੍ਰਿੜ ਰਹਿੰਦੀ ਹੈ। ਇਸ ਘਟਨਾ ਬਾਰੇ ਸਟੈਲਾ ਦੇ ਪਿਤਾ ਦਾ ਰਵੱਈਆ ਦਰਸ਼ਕ ਨੂੰ ਇਹ ਦਰਸਾਉਂਦਾ ਹੈ ਕਿ ਔਰਤਾਂ ਵਿਰੁੱਧ ਹੁੰਦੀ ਲਿੰਗਕ ਛੇੜਛਾੜ ਨੂੰ ਉਨ੍ਹਾਂ ਦੇ ਨੇੜਲੇ ਮਰਦ ਰਿਸ਼ਤੇਦਾਰ ਵੀ ਨਹੀਂ ਸਮਝ ਸਕਦੇ। ਇਸ ਨੂੰ ਖਤਮ ਕਰਨ ਲਈ ਔਰਤਾਂ ਨੂੰ ਖੁੱਦ ਤੱਕੜੀਆਂ ਹੋ ਕੇ ਸਟੈਂਡ ਲੈਣ ਦੀ ਲੋੜ ਹੈ।

ਫਿਲਮ ਔਰਤਾਂ ਨਾਲ ਕੰਮ 'ਤੇ ਹੁੰਦੇ ਲਿੰਗਕ ਵਿਤਕਰੇ ਬਾਰੇ ਹੀ ਗੱਲ ਨਹੀਂ ਕਰਦੀ ਸਗੋਂ ਇਕ ਮਰਦ ਅਤੇ ਔਰਤ ਦੇ ਨਿੱਜੀ ਰਿਸ਼ਤਿਆਂ ਵਿੱਚ ਵੀ ਮਰਦਾਨਾ ਧੌਂਸ ਦੀ ਨਿਸ਼ਾਨਦੇਹੀ ਕਰਦੀ ਹੈ ਅਤੇ ਇਸ ਨੂੰ ਚੁਣੌਤੀ ਦੇਣ ਦਾ ਸੁਨੇਹਾ ਦਿੰਦੀ ਹੈ। ਅਲਬਰਟ ਅਤੇ ਸਟੈਲਾ ਦੇ ਰਿਸ਼ਤੇ ਵਿੱਚ ਸਾਨੂੰ ਇਸ ਮਰਦਾਨਾ ਧੌਂਸ ਦੇ ਪ੍ਰਤੱਖ ਦਰਸ਼ਨ ਹੁੰਦੇ ਹਨ। ਵਿਆਹ ਤੋਂ ਪਹਿਲਾਂ ਹੀ ਅਲਬਰਟ ਸਟੈਲਾ ਨੂੰ ਪੂਰੀ ਤਰ੍ਹਾਂ ਕੰਟਰੋਲ ਕਰਨਾ ਚਾਹੁੰਦਾ ਹੈ।  ਸਟੈਲਾ ਕਿਸ ਨਾਲ ਗੱਲ ਕਰੇ ਅਤੇ ਕਿਸ ਤਰ੍ਹਾਂ ਦੇ ਕੱਪੜੇ ਪਾਏ, ਇਹਨਾਂ ਸਾਰੀਆਂ ਗੱਲਾਂ 'ਤੇ ਅਲਬਰਟ ਕੰਟਰੋਲ ਕਰਨਾ ਚਾਹੁੰਦਾ ਹੈ। ਅਜਿਹਾ ਕਰਦੇ ਵਕਤ ਅਲਬਰਟ ਨੂੰ ਇਸ ਗੱਲ ਦਾ ਕੋਈ ਅਹਿਸਾਸ ਨਹੀਂ ਹੁੰਦਾ ਕਿ ਉਹ ਸਟੈਲਾ 'ਤੇ ਆਪਣੇ ਫੈਸਲੇ ਠੋਸ ਰਿਹਾ ਹੈ, ਸਗੋਂ ਉਸ ਨੂੰ ਲੱਗਦਾ ਹੈ ਕਿ ਉਹ ਤਾਂ ਸੱਚ ਬੋਲ ਰਿਹਾ ਹੈ। ਅਜਿਹਾ ਇਸ ਤਰ੍ਹਾਂ ਹੁੰਦਾ ਹੈ ਕਿਉਂਕਿ ਅਲਬਰਟ ਨੇ ਇਹ ਸਭ ਕੁੱਝ ਮਰਦ ਪ੍ਰਧਾਨ ਸਮਾਜ ਵਿੱਚ ਵੱਡਾ ਹੁੰਦਿਆਂ ਹੌਲੀ ਹੌਲੀ ਅਪਣਾਇਆ ਹੁੰਦਾ ਹੈ ਅਤੇ ਉਸ ਨੂੰ ਇਹ ਸਭ ਕੁਝ ਕੁਦਰਤੀ ਲੱਗਦਾ ਹੈ। ਪਹਿਲਾਂ ਪਹਿਲ ਆਪਣੇ ਰਿਸ਼ਤੇ ਨੂੰ ਕਾਇਮ ਰੱਖਣ ਲਈ ਸਟੈਲਾ ਇਨ੍ਹਾਂ ਮਾਮਲਿਆਂ ਵਿੱਚ ਅਲਬਰਟ ਅਨੁਸਾਰ ਢਲਣ ਦੀ ਕੋਸ਼ਿਸ਼ ਕਰਦੀ ਹੈ। ਪਰ ਬਾਅਦ ਵਿੱਚ ਅਜਿਹਾ ਕਰਨ ਤੋਂ ਇਨਕਾਰ ਕਰ ਦਿੰਦੀ ਹੈ ਅਤੇ ਸੋਚਦੀ ਹੈ ਕਿ ਜੇ ਇਹ ਰਿਸ਼ਤਾ ਕਾਇਮ ਰਹਿਣਾ ਹੈ ਤਾਂ ਅਲਬਰਟ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਣਾ ਚਾਹੀਦਾ ਹੈ। ਇਸ ਤਰ੍ਹਾਂ ਇਹ ਫਿਲਮ ਔਰਤਾਂ ਨੂੰ ਸਮਾਜ ਵਿਚਲੀ ਮਰਦਾਨਾ ਧੌਂਸ ਨੂੰ ਚੁਣੌਤੀ ਦੇਣ ਦਾ ਸੁਨੇਹਾ ਦਿੰਦੀ ਹੈ।

ਅਲਬਰਟ ਪਿੰਟੂ ਕੋ ਗੁੱਸਾ ਕਿਉਂ ਆਤਾ ਹੈ ਵਿੱਚ ਪੇਸ਼ ਕੀਤੀ ਅਗਲੀ ਮਹੱਤਵਪੂਰਨ ਗੱਲ ਹੈ ਬੰਬਈ ਦੀਆਂ ਕੱਪੜਾ ਮਿੱਲਾਂ ਦੇ ਮਜ਼ਦੂਰਾਂ ਦੀ ਹੜਤਾਲ ਵਿੱਚ ਮਿੱਲ ਮਾਲਕਾਂ ਦੇ ਰੋਲ ਦਾ ਵਿਸ਼ਲੇਸ਼ਣ। ਫਿਲਮ ਦੀ ਸ਼ੁਰੂਆਤ ਵਿੱਚ ਇਸ ਹੜਤਾਲ ਦਾ ਇਕ ਛੋਟੇ ਜਿਹੇ ਮੁੱਦੇ ਦੇ ਤੌਰ ਜ਼ਿਕਰ ਆਉਂਦਾ ਹੈ। ਪਰ ਅੰਤ ਤੱਕ ਪਹੁੰਚਦਿਆਂ ਪਹੁੰਚਦਿਆਂ ਇਹ ਮੁੱਦਾ ਇਕ ਕੇਂਦਰੀ ਮੁੱਦਾ ਬਣ ਜਾਂਦਾ ਹੈ। ਮਿੱਲਾਂ ਦੇ ਮਾਲਕ ਇਸ ਹੜਤਾਲ ਨੂੰ ਫੇਲ੍ਹ ਕਰਨ ਲਈ ਜਿਸ ਤਰ੍ਹਾਂ ਦੀਆਂ ਚਾਲਾਂ ਵਰਤਦੇ ਹਨ, ਉਸ ਨੂੰ ਫਿਲਮ ਵਿੱਚ ਖੂਬਸੂਰਤੀ ਨਾਲ ਨੰਗਾ ਕੀਤਾ ਗਿਆ। ਸ਼ੁਰੂ ਵਿੱਚ ਮਿੱਲ ਮਾਲਕ ਹੜਤਾਲ ਬਾਰੇ ਗਲਤ ਜਾਣਕਾਰੀ ਫੈਲਾਉਣ ਦਾ ਯਤਨ ਕਰਦੇ ਹਨ। ਪੂਰੀ ਤਰ੍ਹਾਂ ਕਾਮਯਾਬ ਹੜਤਾਲ ਬਾਰੇ ਇਹ ਪ੍ਰਚਾਰ ਕੀਤਾ ਜਾਂਦਾ ਹੈ ਕਿ ਇਹ ਪੰਦਰਾਂ ਵੀਹ ਫੀਸਦੀ ਹੀ ਕਾਮਯਾਬ ਹੈ। ਫਿਰ ਇਹ ਕਿਹਾ ਜਾਂਦਾ ਹੈ ਕਿ ਹੜਤਾਲ ਕਰਨ ਵਾਲੇ ਮਜ਼ਦੂਰ ਨਹੀਂ ਸਗੋਂ ਗੁੰਡੇ ਹਨ। ਜਦੋਂ ਹੜਤਾਲ ਬਾਰੇ ਗਲਤ ਜਾਣਕਾਰੀ ਹੜਤਾਲ ਤੋੜਨ ਵਿੱਚ ਕਾਮਯਾਬ ਨਹੀਂ ਹੁੰਦੀ ਤਾਂ ਮਾਲਕ ਆਪਣੇ ਖ੍ਰੀਦੇ ਹੋਏ ਗੁੰਡਿਆਂ ਤੋਂ ਧਰਨੇ 'ਤੇ ਬੈਠੇ ਮਜ਼ਦੂਰਾਂ ਉੱਤੇ ਹਮਲਾ ਕਰਾ ਦਿੰਦੇ ਹਨ। ਪਰ ਪ੍ਰਚਾਰ ਇਹ ਕੀਤਾ ਜਾਂਦਾ ਹੈ ਕਿ ਯੂਨੀਅਨ ਦੇ ਗੁੰਡੇ ਕੰਮ 'ਤੇ ਆਉਣ ਵਾਲੇ ਮਜ਼ਦੂਰਾਂ ਨੂੰ ਰੋਕਣ ਲਈ ਉਨ੍ਹਾਂ 'ਤੇ ਹਮਲਾ ਕਰਦੇ ਹਨ। ਇਹ ਸਾਰੀ ਜਾਣਕਾਰੀ ਫੈਲਾਉਣ ਵਿੱਚ ਮੀਡੀਆ ਮਾਲਕਾਂ ਦਾ ਪੂਰਾ ਸਾਥ ਦਿੰਦਾ ਹੈ। ਇਸ ਤਰ੍ਹਾਂ  ਸੇਠਾਂ ਵਲੋਂ ਕੰਟਰੋਲ ਮੀਡੀਏ ਵੱਲੋਂ ਸੇਠਾਂ ਦੀ ਤਰਫਦਾਰੀ ਕਰਨ ਦਾ ਸੱਚ ਜੱਗ ਜ਼ਾਹਰ ਹੁੰਦਾ ਹੈ। ਜਦੋਂ ਇਹ ਸਭ ਕੁੱਝ ਵੀ ਹੜਤਾਲੀਆਂ ਨੂੰ ਬਦਨਾਮ ਕਰਨ ਵਿੱਚ ਕਾਮਯਾਬ ਨਹੀਂ ਹੁੰਦਾ ਤਾਂ ਹੜਤਾਲ ਕਾਰਨ ਹੋਣ ਵਾਲੇ ਨੁਕਸਾਨ ਨੂੰ ਦੇਸ਼ ਦਾ ਨੁਕਸਾਨ ਬਣਾ ਕੇ ਪੇਸ਼ ਕੀਤਾ ਜਾਂਦਾ ਹੈ। ਇਹ ਪ੍ਰਭਾਵ ਦੇਣ ਦਾ ਯਤਨ ਕੀਤਾ ਜਾਂਦਾ ਹੈ ਕਿ ਹੜਤਾਲ ਕਰਨ ਵਾਲੇ ਮਜ਼ਦੂਰ ਆਪਣੀ ਹੜਤਾਲ ਨਾਲ ਦੇਸ਼ ਦੀ ਤਰੱਕੀ ਵਿੱਚ ਰੁਕਾਵਟ ਬਣ ਰਹੇ ਹਨ। ਦੂਜੇ ਸ਼ਬਦਾਂ ਵਿੱਚ ਇਹ ਕਹਿਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਹੜਤਾਲ 'ਤੇ ਬੈਠਾ ਮਜ਼ਦੂਰ ਦੇਸ਼ ਵਿਰੋਧੀ ਹੈ।

ਜਦੋਂ ਮਿੱਲਾਂ ਦੇ ਮਾਲਕ ਹੜਤਾਲ ਅਤੇ ਹੜਤਾਲੀਆਂ ਬਾਰੇ ਇਸ ਤਰ੍ਹਾਂ ਦਾ ਪ੍ਰਚਾਰ ਕਰਦੇ ਹਨ, ਤਾਂ ਸਈਦ ਮਿਰਜ਼ਾ ਦਰਸ਼ਕਾਂ ਨੂੰ ਡਾਕੂਮੈਂਟਰੀ ਸਟਾਇਲ ਵਿੱਚ  ਮਜ਼ਦੂਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਆਪਣੇ ਆਪਣੇ ਘਰਾਂ ਦੇ ਸਾਹਮਣੇ ਖੜ੍ਹਿਆਂ ਦੇ ਪੋਰਟਰੇਟ ਪੇਸ਼ ਕਰਦਾ ਹੈ। ਇਸ ਨਾਲ ਦਰਸ਼ਕਾਂ ਨੂੰ ਮਜ਼ਦੂਰਾਂ ਦੀ ਜ਼ਿੰਦਗੀ ਦੀ ਹਾਲਤਾਂ ਦੇ ਨਾਲ ਨਾਲ ਮਜ਼ਦੂਰਾਂ ਦੇ ਆਮ ਇਨਸਾਨ ਹੋਣ ਬਾਰੇ ਜਾਣਕਾਰੀ ਮਿਲਦੀ ਹੈ। ਫਿਰ ਫਿਲਮ ਵਿੱਚ ਮਜ਼ਦੂਰ ਆਪਣੀ ਜ਼ਿੰਦਗੀ ਬਾਰੇ ਗੱਲ ਕਰਦੇ ਦਿਖਾਏ ਜਾਂਦੇ ਹਨ। ਇਹ ਸਭ ਕਰ ਕੇ ਸਈਦ ਮਿਰਜ਼ਾ ਮਿੱਲ ਮਾਲਕਾਂ ਵੱਲੋਂ ਹੜਤਾਲ ਬਾਰੇ ਪ੍ਰਚਾਰੇ ਜਾ ਰਹੇ ਸੱਚ ਦੇ ਬਰਾਬਰ ਮਜ਼ਦੂਰਾਂ ਦੇ ਅਸਲੀ ਸੱਚ ਨੂੰ ਖੜ੍ਹਾ ਕਰ ਦਿੰਦਾ ਹੈ ਅਤੇ ਮਿੱਲ ਮਾਲਕਾਂ ਦੇ ਅਸਲੀ ਚਿਹਰੇ ਨੂੰ ਨੰਗਾ ਕਰ ਦਿੰਦਾ ਹੈ।   

ਜਦੋਂ ਇਹ ਮਜ਼ਦੂਰ ਆਪਣੇ ਆਪਣੇ ਬਾਰੇ ਦੱਸ ਰਹੇ ਹੁੰਦੇ ਹਨ, ਤਾਂ ਦਰਸ਼ਕ ਨੂੰ ਇਹ ਵੀ ਪਤਾ ਲੱਗਦਾ ਹੈ ਕਿ ਇਹ ਮਜ਼ਦੂਰ  ਦੇ ਵੱਖ ਵੱਖ ਸੂਬਿਆਂ ਤੋਂ ਆ ਕੇ ਬੰਬਈ ਵਿੱਚ ਮਿੱਲ ਮਜ਼ਦੂਰ ਬਣੇ ਹਨ। ਕੋਈ ਯੂ ਪੀ ਤੋਂ ਆਇਆ ਹੈ, ਕੋਈ ਬਿਹਾਰ ਤੋਂ ਅਤੇ ਕੋਈ ਦੱਖਣੀ ਭਾਰਤੀ ਤੋਂ। ਪਰ ਇਸ ਹੜਤਾਲ ਵਿੱਚ ਉਹ ਸਾਰੇ ਆਪਣੇ ਖੇਤਰੀ ਵੱਖਰੇਵਿਂਆਂ ਨੂੰ ਭੁੱਲ ਕੇ ਮਜ਼ਦੂਰਾਂ ਵੱਜੋਂ ਇਕੱਠੇ ਖੜ੍ਹੇ ਹਨ। ਇਹ ਦਿਖਾ ਕੇ ਸਈਦ ਮਿਰਜ਼ਾ ਇਹ ਸੁਨੇਹਾ ਦੇਣ ਦਾ ਯਤਨ ਕਰਦਾ ਹੈ ਕਿ ਮਜ਼ਦੂਰਾਂ ਨੂੰ ਆਪਣੇ ਹੱਕਾਂ ਲਈ ਲੜਨ ਲਈ ਆਪਣੀ ਮਜ਼ਦੂਰ ਪਛਾਣ ਨੂੰ ਪਹਿਲ ਦੇਣੀ ਚਾਹੀਦੀ ਹੈ ਅਤੇ ਆਪਣੀਆਂ ਖੇਤਰੀ ਪਛਾਣਾਂ ਦੇ ਆਧਾਰ 'ਤੇ ਵੰਡੇ ਜਾਣ ਤੋਂ ਬਚਣਾ ਚਾਹੀਦਾ ਹੈ। ਇੱਥੇ ਯਾਦ ਰੱਖਣ ਵਾਲੀ ਗੱਲ ਇਹ ਹੈ ਕਿ ਇਸ ਫਿਲਮ ਦੇ ਬਣਨ ਸਮੇਂ ਬੰਬਈ ਵਿੱਚ ਸ਼ਿਵ ਸੈਨਾ ਮਰਾਠੀ ਮਾਣੁਸ ਦੀ ਸਰਦਾਰੀ ਦਾ ਝੰਡਾ ਬੁਲੰਦ ਕਰ ਰਹੀ ਸੀ ਅਤੇ ਦੂਜਿਆਂ ਸੂਬਿਆਂ ਤੋਂ ਆਏ ਲੋਕਾਂ ਦੇ ਵਿਰੋਧ ਵਿੱਚ ਪ੍ਰਚਾਰ ਕਰ ਰਹੀ ਸੀ। ਉਨ੍ਹਾਂ ਵੱਲੋਂ ਚਲਾਈ ਇਸ ਮੁਹਿੰਮ ਦਾ ਇਕ ਮਕਸਦ ਕਮਿਊਨਿਸਟਾਂ ਦੀ ਅਗਵਾਈ ਵਿੱਚ ਜਥੇਬੰਦ ਹੋਏ ਮਜ਼ਦੂਰਾਂ ਵਿੱਚ ਖੇਤਰੀ ਪਛਾਣ ਦੇ ਆਧਾਰ 'ਤੇ ਫੁੱਟ ਪਾ ਕੇ ਉਨ੍ਹਾਂ ਦੀ ਸ਼ਕਤੀ ਨੂੰ ਕਮਜ਼ੋਰ ਕਰਨਾ ਸੀ। ਫਿਲਮ ਵਿੱਚ ਮਜ਼ਦੂਰਾਂ ਨੂੰ ਆਪਣੀ ਮਜ਼ਦੂਰ ਪਛਾਣ ਨੂੰ ਪਹਿਲ ਦਿੰਦਿਆਂ ਦਿਖਾ ਕੇ ਸਈਦ ਅਖਤਰ ਮਿਰਜ਼ਾ ਸ਼ਿਵ ਸੈਨਾ ਦੇ ਇਨ੍ਹਾਂ ਵਿਚਾਰਾਂ ਨੂੰ ਚੁਣੌਤੀ ਦਿੰਦਾ ਵੀ ਦਿਖਾਈ ਦਿੰਦਾ ਹੈ।

ਸਈਦ ਅਖਤਰ ਮਿਰਜ਼ਾ ਦੀ ਪਹਿਲੀ ਫਿਲਮ ਅਰਵਿੰਦ ਦਿਸਾਈ ਕੀ ਅਜੀਬ ਦਾਸਤਾਨ ਵਾਂਗ ਇਸ ਫਿਲਮ ਦੀ ਵੀ ਕਾਫੀ ਸ਼ਲਾਘਾ ਹੋਈ। ਇਸ ਫਿਲਮ ਨੂੰ ਵੀ ਫਿਲਮ ਫੇਅਰ ਵੱਲੋਂ ਉਸ ਸਾਲ ਦੀ ਬੈਸਟ ਫਿਲਮ ਦਾ ਅਵਾਰਡ ਦਿੱਤਾ ਗਿਆ। ਇਸ ਦੇ ਨਾਲ ਹੀ ਫਿਲਮ ਨੂੰ ਉਸ ਸਾਲ ਦੀ ਸਭ ਤੋਂ ਵਧੀਆ ਫਿਲਮ ਹੋਣ ਲਈ ਨੈਸ਼ਨਲ ਅਵਾਰਡ ਮਿਲਿਆ ਅਤੇ ਫਿਲਮ ਅੰਤਰਰਾਸ਼ਟਰੀ ਕਾਨਜ਼ ਫਿਲਮ ਫੈਸਟੀਵਲ ਦੇ ਨਾਲ ਨਾਲ ਦੁਨੀਆਂ ਦੇ ਕਈ ਹੋਰ ਪ੍ਰਸਿੱਧ ਅੰਤਰਰਾਸ਼ਟਰੀ ਫਿਲਮ ਫੈਸਟੀਵਲਾਂ ਵਿੱਚ ਦਿਖਾਈ ਗਈ। (9)  

1984 ਵਿੱਚ ਬਣੀ ਉਸ ਦੀ ਫਿਲਮ ‘ਮੋਹਨ ਜੋਸ਼ੀ ਹਾਜ਼ਰ ਹੋ’ ਭਾਰਤ ਦੇ ਨਿਕੰਮੇ ਅਦਾਲਤੀ ਪ੍ਰਬੰਧ ਦੀ ਸਚਾਈ ਪੇਸ਼ ਕਰਦੀ ਹੈ। ਫਿਲਮ ਦਾ ਮੁੱਖ ਪਾਤਰ ਮੋਹਨ ਜੋਸ਼ੀ ਆਪਣੇ ਪਰਿਵਾਰ ਨਾਲ ਬੰਬਈ ਦੀ ਇਕ ਚਾਲ (ਇਮਾਰਤ) ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿ ਰਿਹਾ ਹੈ। ਮਕਾਨ ਦੀ ਹਾਲਤ ਕਾਫੀ ਖਸਤਾ ਹੈ। ਕੰਧਾਂ 'ਤੇ ਰੰਗ ਰੋਗਣ ਲੱਥ ਚੁੱਕਾ ਹੈ। ਹਰ ਰੋਜ਼ ਪਾਣੀ ਦੀ ਕੋਈ ਨਾ ਕੋਈ ਪਾਈਪ ਫਟੀ ਰਹਿੰਦੀ ਹੈ। ਨਤੀਜੇ ਵੱਜੋਂ ਕਈ ਘਰਾਂ ਵਿੱਚ ਸੀਵਰੇਜ ਦਾ ਪਾਣੀ ਪੀਣ ਵਾਲੇ ਪਾਣੀ ਵਿੱਚ ਮਿਲ ਰਿਹਾ ਹੈ। ਪੌੜੀਆਂ ਜ਼ਰ ਜ਼ਰ ਕਰਦੀਆਂ ਹਨ ਅਤੇ ਇਮਾਰਤ ਦੀ ਛੱਤ ਨੂੰ ਟਿਕਾਈ ਰੱਖਣ ਲਈ ਥਾਂ ਥਾਂ 'ਤੇ ਬਾਂਸਾਂ ਦੀਆਂ ਥੰਮੀਆਂ ਦਾ ਆਸਰਾ ਦਿੱਤਾ ਹੋਇਆ ਹੈ। ਇਸ ਦਾ ਮਤਲਬ ਹੈ ਕਿ ਇਹ ਛੱਤ ਕਿਸੇ ਵੀ ਸਮੇਂ ਲੋਕਾਂ ਦੇ ਸਿਰ 'ਤੇ ਡਿਗ ਸਕਦੀ ਹੈ। ਜੋਸ਼ੀ ਦਾ ਕਹਿਣਾ ਹੈ ਕਿ ਪਿਛਲੇ 70 ਸਾਲਾਂ ਤੋਂ (ਜਦੋਂ ਤੋਂ ਉਸ ਦਾ ਪਰਿਵਾਰ ਇਸ ਇਮਾਰਤ ਵਿੱਚ ਕਿਰਾਏ 'ਤੇ ਰਹਿ ਰਿਹਾ ਹੈ) ਇਸ ਇਮਾਰਤ ਦੀ ਕੋਈ ਮੁਰੰਮਤ ਨਹੀਂ ਹੋਈ। ਜੋਸ਼ੀ ਮਕਾਨ ਮਾਲਕ ਨੂੰ ਇਮਾਰਤ ਦੀ ਮੁਰੰਮਤ ਕਰਵਾਉਣ ਲਈ ਕਹਿੰਦਾ ਹੈ ਪਰ ਮਕਾਨ ਮਾਲਕ ਇਹ ਮੁਰੰਮਤ ਕਰਵਾਉਣ ਲਈ ਰਾਜ਼ੀ ਨਹੀਂ ਹੁੰਦਾ। ਉਸ ਦਾ ਕਹਿਣਾ ਹੈ ਕਿ ਉਸ ਕੋਲ ਇਸ ਲਈ ਕੋਈ ਪੈਸਾ ਨਹੀਂ ਕਿਉਂਕਿ ਉਸ ਦਾ ਇਸ ਇਮਾਰਤ 'ਤੇ ਖਰਚਾ ਜ਼ਿਆਦਾ ਹੋ ਰਿਹਾ ਹੈ ਅਤੇ ਆਮਦਨ ਘੱਟ। ਮਕਾਨ ਮਾਲਕ ਵੱਲੋਂ ਮੁਰੰਮਤ ਨਾ ਕਰਵਾਉਣ ਦਾ ਅਸਲ ਕਾਰਨ ਇਹ ਹੈ ਕਿ ਉਹ ਚਾਹੁੰਦਾ ਹੈ ਕਿ ਇਸ ਇਮਾਰਤ ਵਿੱਚ ਰਹਿਣ ਵਾਲੇ ਲੋਕ, ਇਮਾਰਤ ਦੀ ਭੈੜੀ ਹਾਲਤ ਤੋਂ ਤੰਗ ਆ ਕੇ ਮਕਾਨ ਛੱਡ ਕੇ ਚਲੇ ਜਾਣ ਜਾਂ ਇਮਾਰਤ ਢਹਿ ਢੇਰੀ ਹੋ ਜਾਵੇ ਤਾਂ ਉਹ ਇਸ ਦੀ ਜਗ੍ਹਾ ਮਹਿੰਗੇ ਫਲੈਟ ਅਤੇ ਸ਼ਾਪਿੰਗ ਸੈਂਟਰ ਬਣਾ ਸਕੇ।

ਇਨ੍ਹਾਂ ਹਾਲਤਾਂ ਤੋਂ ਤੰਗ ਆ ਕੇ ਮੋਹਨ ਜੋਸ਼ੀ ਮਕਾਨ ਮਾਲਕ ਨੂੰ ਇਮਾਰਤ ਦੀ ਮੁਰੰਮਤ ਕਰਵਾਉਣ ਲਈ ਮਜ਼ਬੂਰ ਕਰਨ ਲਈ ਉਸ ਵਿਰੁੱਧ ਅਦਾਲਤ ਵਿੱਚ ਮੁਕੱਦਮਾ ਦਾਇਰ ਕਰ ਦਿੰਦਾ ਹੈ। ਅਦਾਲਤ ਵਿੱਚ ਦਾਇਰ ਕੀਤੇ ਇਸ ਮੁਕੱਦਮੇ ਦੇ ਅਮਲ ਨੂੰ ਫਿਲਮ ਵਿੱਚ ਪੂਰੇ ਵਿਸਥਾਰ ਵਿੱਚ ਦਿਖਾਇਆ ਗਿਆ ਹੈ। ਜਦੋਂ ਮੋਹਨ ਜੋਸ਼ੀ ਮਕਾਨ ਮਾਲਕ 'ਤੇ ਮੁਕੱਦਮਾ ਕਰਦਾ ਹੈ ਤਾਂ ਸਭ ਤੋਂ ਪਹਿਲਾਂ ਉਸ ਦਾ ਮਕਾਨ ਮਾਲਕ ਉਸ ਨੂੰ ਧਮਕਾਉਣ ਲਈ ਆਪਣੇ ਗੁੰਡੇ ਭੇਜਦਾ ਹੈ ਤਾਂ ਕਿ ਉਹ ਡਰ ਕੇ ਮੁਕੱਦਮਾ ਵਾਪਸ ਲੈ ਲਵੇ। ਜਦੋਂ ਜੋਸ਼ੀ ਫਿਰ ਵੀ ਮੁਕੱਦਮਾ ਵਾਪਸ ਨਹੀਂ ਲੈਂਦਾ ਤਾਂ ਮਕਾਨ ਮਾਲਕ ਉਸ ਨੂੰ ਮਕਾਨ ਖਾਲੀ ਕਰਨ ਲਈ ਝੂਠਾ ਨੋਟਿਸ ਦੇ ਦਿੰਦਾ ਹੈ। ਨਤੀਜੇ ਵੱਜੋਂ ਜੋਸ਼ੀ ਨੂੰ ਮਕਾਨ ਮਾਲਕ ਵਿਰੁੱਧ ਮੁਰੰਮਤ ਕਰਾਉਣ ਦਾ ਮੁਕੱਦਮਾ ਲੜਨ ਦੇ ਨਾਲ ਨਾਲ ਮਕਾਨ ਖਾਲੀ ਕਰਨ ਦੇ ਝੂਠੇ ਨੋਟਿਸ ਵਿਰੁੱਧ ਵੀ ਮੁਕੱਦਮਾ ਲੜਨਾ ਪੈਂਦਾ ਹੈ। ਮੁਕੱਦਮੇ ਨੂੰ ਲੰਮਾ ਸਮਾਂ ਲਟਕਾਉਣ ਲਈ ਮਕਾਨ ਮਾਲਕ ਕੋਈ ਨਾ ਕੋਈ ਸੱਚਾ ਝੂਠਾ ਬਹਾਨਾ ਬਣਾ ਕੇ ਅਗਾਂਹ ਦੀਆਂ ਤਰੀਕਾਂ ਲਈ ਜਾਂਦਾ ਹੈ।  ਫਿਰ ਮੁਕੱਦਮਾ ਸੁਣਨ ਵਾਲਾ ਜੱਜ ਬਦਲ ਜਾਂਦਾ ਹੈ। ਉਸ ਦੀ ਥਾਂ 'ਤੇ ਨਵੇਂ ਆਉਣ ਵਾਲੇ ਜੱਜ ਨੂੰ ਮੁਕੱਦਮੇ ਦੀ ਮੁੱਢ ਤੋਂ ਸੁਣਵਾਈ ਕਰਨ ਦੀ ਲੋੜ ਪੈਂਦੀ ਹੈ। ਇਸ ਤੋਂ ਬਿਨਾਂ ਮਕਾਨ ਮਾਲਕ ਮੁਕੱਦਮੇ ਨੂੰ ਲਮਕਾਉਣ ਲਈ ਕਈ ਹੋਰ ਤਰ੍ਹਾਂ ਦੀਆਂ ਕਾਨੂੰਨੀ ਘੁੰਡੀਆਂ ਦੀ ਵਰਤੋਂ ਕਰਦਾ ਹੈ। ਨਤੀਜਾ ਇਹ ਨਿਕਲਦਾ ਹੈ ਕਿ ਛੇ ਸਾਲ ਮੁਕੱਦਮਾ ਚੱਲਣ ਬਾਅਦ ਵੀ, ਕੇਸ ਦਾ ਕੋਈ ਫੈਸਲਾ ਨਹੀਂ ਹੁੰਦਾ। ਮੁਕੱਦਮੇ ਦਾ ਇੰਨਾ ਲੰਮਾ ਚੱਲਣਾ ਮਕਾਨ ਮਾਲਕ ਲਈ ਤਾਂ ਇਕ ਰਣਨੀਤੀ ਹੈ ਅਤੇ ਉਸ ਨੂੰ ਇਸ ਨਾਲ ਕੋਈ ਫਰਕ ਨਹੀਂ ਪੈਂਦਾ, ਪਰ ਮੋਹਨ ਜੋਸ਼ੀ ਬੁਰੀ ਤਰ੍ਹਾਂ ਥੱਕ ਜਾਂਦਾ ਹੈ। ਇਕ ਇਕ ਕਰ ਕੇ ਉਸ ਦੀ ਘਰਵਾਲੀ ਦੇ ਗਹਿਣੇ ਵਿਕ ਜਾਂਦੇ ਹਨ ਅਤੇ ਜੋਸ਼ੀ ਦੇ ਮਨ ਵਿੱਚ ਮੁਕੱਦਮਾ ਵਾਪਸ ਲੈਣ ਦੇ ਖਿਆਲ ਆਉਣੇ ਸ਼ੁਰੂ ਹੋ ਜਾਂਦੇ ਹਨ। ਇਹ ਸਭ ਕੁੱਝ ਦਿਖਾ ਕੇ ਫਿਲਮ ਦਸਦੀ ਹੈ ਕਿ ਭਾਰਤ ਵਿੱਚ ਇਕ ਆਮ ਵਿਅਕਤੀ ਲਈ ਅਦਾਲਤਾਂ ਵਿੱਚ ਜਾ ਕੇ ਇਨਸਾਫ ਲੈਣਾ ਖਾਲਾ ਜੀ ਦਾ ਵਾੜਾ ਨਹੀਂ। ਇਸ ਅਦਾਲਤੀ ਪ੍ਰਬੰਧ ਦੀ ਬਣਤਰ ਅਤੇ ਕਾਰਜਸ਼ੈਲੀ ਪੈਸੇ ਵਾਲਿਆਂ ਦੇ ਹੱਕ ਵਿੱਚ ਭੁਗਤਦੀ ਹੈ। ਇਹ ਅਦਾਲਤੀ ਪ੍ਰਬੰਧ ਆਪਣੀਆਂ ਖਾਮੀਆਂ ਕਰ ਕੇ ਇਕ ਆਮ ਆਦਮੀ ਲਈ ਇਨਸਾਫ ਦਾ ਸਾਧਨ ਨਹੀਂ ਸਗੋਂ ਉਸ ਦੇ ਦਮਨ ਦਾ ਕਾਰਨ ਬਣਦਾ ਹੈ। ਇਸ ਅਦਾਲਤੀ ਪ੍ਰਬੰਧ ਨੂੰ ਆਮ ਲੋਕਾਂ ਦੇ ਹਿਤਾਂ ਵਿੱਚ ਕੰਮ ਕਰਨ ਲਈ ਇਸ ਵਿੱਚ ਬਹੁਤ ਵੱਡੇ ਸੁਧਾਰ ਦੀ ਲੋੜ ਹੈ।

ਭਾਰਤ ਦੇ ਨਿਕੰਮੇ ਅਦਾਲਤੀ ਪ੍ਰਬੰਧ ਦੀ ਸਚਾਈ ਪੇਸ਼ ਕਰਨ ਦੇ ਨਾਲ ਨਾਲ ਫਿਲਮ ਇਕ ਆਮ ਵਿਅਕਤੀ ਵੱਲੋਂ ਅਨਿਆਂ ਅਤੇ ਬੇਇਨਸਾਫੀ ਵਿਰੁੱਧ ਲੜਨ ਦੀ ਦ੍ਰਿੜਤਾ ਦਾ ਪ੍ਰੇਰਣਾਮਈ ਚਿਤਰਣ ਵੀ ਪੇਸ਼ ਕਰਦੀ ਹੈ। ਜਦੋਂ ਜੋਸ਼ੀ ਮਕਾਨ ਮਾਲਕ ਵਿਰੁੱਧ ਅਦਾਲਤ ਵਿੱਚ ਮੁਕੱਦਮਾ ਦਾਇਰ ਕਰਦਾ ਹੈ ਤਾਂ ਉਸ ਇਮਾਰਤ ਦੇ ਇਕ ਕਿਰਾਏਦਾਰ ਤੋਂ ਬਿਨਾਂ ਕੋਈ ਹੋਰ ਉਸ ਨਾਲ ਖੜ੍ਹਨ ਲਈ ਤਿਆਰ ਨਹੀਂ। ਉਸ ਦਾ ਸਾਥ ਦੇਣ ਦੀ ਥਾਂ, ਬਹੁਗਿਣਤੀ ਕਿਰਾਏਦਾਰ ਉਸ ਨੂੰ ਮਖੌਲ ਕਰਦੇ ਹਨ ਕਿ ਉਸ ਦੀ ਉਮਰ 'ਚ ਲੋਕ "ਤੀਰਥਯਾਤਰਾ ਕਰਨ ਜਾਂਦੇ ਹਨ, ਅਤੇ ਉਹ ਅਦਾਲਤ ਵਿੱਚ ਜਾ ਰਿਹਾ ਹੈ"। ਕੁੱਝ ਲੋਕ ਤਾਂ ਨਿੱਕੇ ਨਿੱਕੇ ਫਾਇਦੇ ਲੈਣ ਲਈ ਮਕਾਨ ਮਾਲਕ ਨਾਲ ਮਿਲ ਜਾਂਦੇ ਹਨ, ਅਤੇ ਅਦਾਲਤ ਵਿੱਚ ਉਸ ਦੇ ਖਿਲਾਫ ਗਵਾਹੀ ਦਿੰਦੇ ਹਨ। ਪਰ ਜੋਸ਼ੀ ਆਪਣੇ ਨਾਲ ਦੇ ਕਿਰਾਏਦਾਰਾਂ ਦੀ ਉਦਾਸੀਨਤਾ ਅਤੇ ਮਾਲਕ ਵੱਲੋਂ ਕੀਤੀਆਂ ਜਾਂਦੀਆਂ ਉੱਪਰ ਦੱਸੀਆਂ ਵਧੀਕੀਆਂ ਦੀ ਪਰਵਾਹ ਕੀਤੇ ਬਿਨਾਂ ਆਪਣੇ ਸਿਰੜ ਨਾਲ ਮੁਕੱਦਮਾ ਲੜਨ ਵਿੱਚ ਲੱਗਾ ਰਹਿੰਦਾ ਹੈ। ਉਸ ਦੀ ਦ੍ਰਿੜਤਾ ਅਤੇ ਲਗਨ ਦੇਖ ਕੇ ਸਭ ਤੋਂ ਪਹਿਲਾਂ ਉਸ ਦਾ ਪੁੱਤਰ ਅਤੇ ਨੂੰਹ ਉਸ ਨਾਲ ਖੜ੍ਹ ਕੇ ਲੜਨ ਲਈ ਤਿਆਰ ਹੁੰਦੇ ਹਨ। ਅਖੀਰ ਵਿੱਚ ਜਦੋਂ ਜੱਜ ਇਮਾਰਤ ਵਿੱਚ ਖੁੱਦ ਮੌਕਾ ਦੇਖਣ ਆਉਣ ਦਾ ਫੈਸਲਾ ਕਰਦਾ ਹੈ ਤਾਂ ਇਮਾਰਤ ਦੇ ਸਾਰੇ ਕਿਰਾਏਦਾਰ ਜੋਸ਼ੀ ਦੇ ਨਾਲ ਖੜ੍ਹ ਜਾਂਦੇ ਹਨ ਅਤੇ ਉਸ ਦਾ ਇਕ ਹੀਰੋ ਦੀ ਤਰ੍ਹਾਂ ਸਵਾਗਤ ਕਰਦੇ ਹਨ। ਇਸ ਤਰ੍ਹਾਂ ਦਰਸ਼ਕ ਦੇਖਦਾ ਹੈ ਕਿ ਬੇਸ਼ੱਕ ਤੁਸੀਂ ਸੱਚ ਦੀ ਲੜਾਈ ਲੜ ਰਹੇ ਹੋਵੋ, ਜ਼ਰੂਰੀ ਨਹੀਂ ਕਿ ਲੋਕ ਤੁਹਾਡੇ ਨਾਲ ਖੜ੍ਹੇ ਹੋਣ। ਜਦੋਂ ਲੜ੍ਹਾਈ ਵਿੱਚ ਜਿੱਤ ਨਾਮੁਮਕਿਨ ਜਾਪਦੀ ਹੋਵੇ ਤਾਂ ਲੋਕ ਲੜਨ ਵਾਲੇ ਨੂੰ ਸਿਰਫਿਰਿਆ ਸਮਝ ਕੇ ਉਸ ਦਾ ਮਜ਼ਾਕ ਉਡਾਉਂਦੇ ਹਨ। ਪਰ ਜੇ ਲੜਨ ਵਾਲਾ ਉਨ੍ਹਾਂ ਦੀ ਪਰਵਾਹ ਕੀਤੇ ਬਿਨਾਂ ਆਪਣੀ ਲੜ੍ਹਾਈ ਜਾਰੀ ਰੱਖੇ ਅਤੇ ਲੜਾਈ ਨੂੰ ਉਸ ਮੋੜ 'ਤੇ ਲੈ ਆਵੇ ਜਿੱਥੇ ਜਿੱਤ ਮੁਮਕਿਨ ਲੱਗਣ ਲੱਗ ਪਵੇ ਤਾਂ ਲੋਕ ਤੁਹਾਡੇ ਨਾਲ ਆ ਜੁੜਦੇ ਹਨ। ਤੱਕੜਿਆਂ ਵਿਰੁੱਧ ਇਕ ਆਮ ਆਦਮੀ ਦੀ ਲੜਾਈ ਦੀ ਇਸ ਤਰ੍ਹਾਂ ਦੀ ਪੇਸ਼ਕਾਰੀ ਦਰਸ਼ਕ ਨੂੰ ਇਹ ਗੱਲ ਸਮਝਾਉਂਦੀ ਹੈ ਕਿ ਤੱਕੜੇ ਲੋਕਾਂ ਵਿਰੁੱਧ ਲੜਨਾ ਏਨਾ ਸੌਖਾ ਨਹੀਂ, ਪਰ ਇਸ ਗੱਲ ਤੋਂ ਘਬਰਾਉਣ ਦੀ ਲੋੜ ਨਹੀਂ। ਜੇ ਤੁਸੀਂ ਆਪਣੀ ਲੜਾਈ ਦ੍ਰਿੜਤਾ ਨਾਲ ਜਾਰੀ ਰੱਖੋ ਤਾਂ ਇਕ ਪੜਾਅ ਅਜਿਹਾ ਆਉਂਦਾ ਹੈ ਜਦੋਂ ਹੋਰ ਲੋਕ ਤੁਹਾਡੇ ਨਾਲ ਆ ਖੜ੍ਹਦੇ ਹਨ ਅਤੇ ਲੜਨਾ ਸੌਖਾ ਹੋ ਜਾਂਦਾ ਹੈ ਅਤੇ ਅਖੀਰ ਵਿੱਚ ਜਿੱਤ ਤੁਹਾਡੀ ਹੁੰਦੀ ਹੈ।

1984 ਤੋਂ ਲੈ ਕੇ ਇੰਨੇ ਸਾਲ ਬੀਤ ਜਾਣ ਬਾਅਦ ਅੱਜ ਵੀ  ਭਾਰਤ ਦੇ ਅਦਾਲਤੀ ਪ੍ਰਬੰਧ ਦੀ ਹਾਲਤ ਵਿੱਚ ਕੋਈ ਚੰਗੇਰਾ ਸੁਧਾਰ ਨਹੀਂ ਆਇਆ। ਕੁੱਝ ਹੱਦ ਤੱਕ ਤਾਂ ਇਸ ਤਰ੍ਹਾਂ ਲੱਗਦਾ ਹੈ ਕਿ ਅੱਜ ਦੀਆਂ ਹਾਲਤਾਂ ਪੈਂਤੀ ਸਾਲ ਪਹਿਲਾਂ ਦੀਆਂ ਹਾਲਤਾਂ ਤੋਂ ਵੀ ਬਦਤਰ ਹੋ ਗਈਆਂ ਹਨ। ਇਸ ਲਈ ਮੋਹਨ ਜੋਸ਼ੀ ਹਾਜ਼ਰ ਹੋ, ਅੱਜ ਵੀ ਉਨੀ ਪ੍ਰਸੰਗਕ ਹੈ ਜਿੰਨੀ ਇਹ ਪੈਂਤੀ ਸਾਲ ਪਹਿਲਾਂ ਸੀ।

ਸਈਦ ਅਖਤਰ ਮਿਰਜ਼ਾ ਦੀ 1989 ਵਿੱਚ ਬਣੀ ਫਿਲਮ ਸਲੀਮ ਲੰਗੜੇ ਪੇ ਮੱਤ ਰੋ ਬੰਬਈ ਦੇ ਇਕ ਮੁਸਲਮਾਨ ਬਹੁਗਿਣਤੀ ਅਬਾਦੀ ਵਾਲੇ ਇਲਾਕੇ ਵਿੱਚ ਰਹਿ ਰਹੇ ਲੋਕਾਂ ਦੀ ਜ਼ਿੰਦਗੀ 'ਤੇ ਕੇਂਦਰਿਤ ਹੈ। ਫਿਲਮ ਦੇ ਸ਼ੁਰੂ ਵਿੱਚ ਫਿਲਮ ਦਾ ਮੁੱਖ ਪਾਤਰ ਸਲੀਮ ਲੰਗੜਾ ਇਸ ਇਲਾਕੇ ਵਿੱਚ ਰਹਿਣ ਵਾਲੇ ਆਪਣੇ ਪਰਿਵਾਰ ਅਤੇ ਭਾਈਚਾਰੇ ਦੀ ਜਾਣ-ਪਛਾਣ ਕਰਾਉਂਦਾ ਹੈ। ਸਲੀਮ ਇਕ ਛੋਟੇ ਪੱਧਰ ਦਾ ਚੋਰ ਹੈ ਜੋ ਆਪਣੇ ਸਾਥੀਆਂ ਪੀਰੇ ਅਤੇ ਅਬਦੁਲ ਨਾਲ ਛੋਟੀਆਂ ਮੋਟੀਆਂ ਚੋਰੀਆਂ ਕਰਕੇ ਆਪਣਾ ਗੁਜ਼ਾਰਾ ਚਲਾਉਂਦਾ ਹੈ। ਉਸ ਦਾ ਬਾਪ ਇਕ ਬੇਰੁਜ਼ਗਾਰ ਮਿੱਲ ਮਜ਼ਦੂਰ ਹੈ ਜਿਸ ਨੇ ਕੁੱਝ ਸਮਾਂ ਪਹਿਲਾਂ ਮਿੱਲ ਵਿੱਚ ਹੋਈ ਇਕ ਲੰਬੀ ਹੜਤਾਲ ਤੋਂ ਬਾਅਦ ਮਾਲਕਾਂ ਨੇ ਕੰਮ 'ਤੇ ਵਾਪਸ ਨਹੀਂ ਸੱਦਿਆ ਅਤੇ ਉਹ ਕੰਮ ਲੱਭ ਰਿਹਾ ਹੈ। ਸਲੀਮ ਦੀ ਮਾਂ ਆਂਢ-ਗੁਆਂਢ ਦੇ ਲੋਕਾਂ ਦੇ ਕੱਪੜੇ ਸੀਣ ਦਾ ਕੰਮ ਕਰਦੀ ਹੈ। ਸਲੀਮ ਦੀ ਇਕ ਭੈਣ ਅਨੀਸ ਹੈ, ਜਿਸ ਦਾ ਵਿਆਹ ਹੋਣ ਵਾਲਾ ਹੈ। ਸਲੀਮ ਦੇ ਪਰਿਵਾਰ ਤੋਂ ਬਿਨਾਂ ਉਸ ਇਲਾਕੇ ਵਿੱਚ ਰਹਿਣ ਵਾਲੇ ਜਿਹੜੇ ਲੋਕਾਂ 'ਤੇ ਫਿਲਮ ਕੇਂਦਰਿਤ ਹੈ, ਉਹ ਹਨ: ਇਕ ਰੈਸਟੋਰੈਂਟ ਦਾ ਮਾਲਕ ਰਫੀਕ ਭਾਈ, ਦਾਰੂ ਅਤੇ ਮਟਕੇ ਦਾ ਧੰਦਾ ਚਲਾਉਣ ਵਾਲਾ ਬਿਲਾਸ, ਜੂਏ ਅਤੇ ਵੇਸਵਾਗਿਰੀ ਦੇ ਅੱਡੇ ਚਲਾਉਣ ਵਾਲਾ ਨਾਥੂ, ਚੋਰੀ ਦੇ ਸਾਮਾਨ ਦੀ ਖ੍ਰੀਦੋ-ਫ੍ਰੋਖਤ ਕਰਨ ਵਾਲਾ ਲਾਲਾ, ਡਾਂਸਰ ਦਾ ਕੰਮ ਕਰਨ ਵਾਲੀ ਅਤੇ ਸਲੀਮ ਦੀ ਪ੍ਰੇਮਿਕਾ ਮੁਮਤਾਜ, ਸਮਗਲਰ ਇਬਰਾਹਿਮ, ਇਕ ਹਿੱਪੀ ਜੌਹਨ ਅਤੇ ਉਰਦੂ ਦੀ ਐੱਮ ਏ ਪਾਸ ਅਸਲਮ, ਜਿਸ ਨਾਲ ਸਲੀਮ ਦੀ ਭੈਣ ਅਨੀਸ ਦੀ ਕੁੜਮਾਈ ਦੀ ਗੱਲ ਚੱਲ ਰਹੀ ਹੈ ਅਤੇ ਉਹ ਇਕ ਪ੍ਰਕਾਸ਼ਕ ਕੋਲ ਉਰਦੂ ਦੇ ਪਰੂਫ ਰੀਡਰ ਵੱਜੋਂ ਕੰਮ ਕਰਦਾ ਹੈ। ਇਨ੍ਹਾਂ ਸਾਰੇ ਪਾਤਰਾਂ ਵਿੱਚੋਂ ਅਸਲਮ ਤੋਂ ਬਿਨਾਂ ਸਾਰੇ ਅਨਪੜ੍ਹ ਹਨ। ਕੰਮ ਕਰਨ ਵਾਲੇ ਬਹੁਤ ਹੀ ਘੱਟ ਉਜਰਤ ਵਾਲੀਆਂ ਮਾਮੂਲੀ ਜਿਹੀਆਂ ਨੌਕਰੀਆਂ ਕਰਦੇ ਹਨ ਅਤੇ ਕਿਸੇ ਤਰ੍ਹਾਂ ਦਾ ਕੰਮ ਨਾ ਕਰਨ ਵਾਲੇ ਲੋਕ ਗੈਰ-ਕਾਨੂੰਨੀ ਧੰਦਿਆਂ ਨਾਲ ਬੱਝੇ ਹੋਏ ਹਨ। ਬੇਸ਼ੱਕ ਇਹ ਸਾਰੇ ਲੋਕ ਆਪਸ ਵਿੱਚ ਪਿਆਰ ਅਤੇ ਭਾਈਚਾਰੇ ਨਾਲ ਰਹਿੰਦੇ ਹਨ, ਪਰ ਉਨ੍ਹਾਂ ਦੀ ਜ਼ਿੰਦਗੀ ਨੂੰ ਦੇਖ ਕੇ ਦਰਸ਼ਕ ਨੂੰ  ਦੇ ਇਨ੍ਹਾਂ ਮੁਸਲਮਾਨ ਸ਼ਹਿਰੀਆਂ ਦੀ ਭਾਰਤ ਦੇ ਬਾਕੀ ਸਮਾਜ ਤੋਂ ਪੂਰੀ ਤਰ੍ਹਾਂ ਅਲੱਗ-ਥਲੱਗ ਅਤੇ ਹਾਸ਼ੀਏ 'ਤੇ ਹੰਢਾਈ ਜਾ ਰਹੀ ਜ਼ਿੰਦਗੀ ਦੇ ਦਰਸ਼ਨ ਹੁੰਦੇ ਹਨ।

ਇਸ ਤਰ੍ਹਾਂ ਦੀ ਜ਼ਿੰਦਗੀ ਜੀ ਰਹੇ ਇਨ੍ਹਾਂ ਲੋਕਾਂ ਦਾ ਪੁਲੀਸ ਦੇ ਸਿਵਾਏ ਭਾਰਤੀ ਸਟੇਟ ਦੀ ਕਿਸੇ ਹੋਰ ਸੰਸਥਾ ਨਾਲ ਕੋਈ ਸੰਬੰਧ ਨਹੀਂ ਜਾਪਦਾ। ਪੁਲੀਸ ਦਾ ਮੁੱਖ ਸਰੋਕਾਰ ਵੀ ਇਸ ਅਬਾਦੀ ਨੂੰ ਕੰਟਰੋਲ ਕਰਨ ਦਾ ਹੈ, ਇਸ ਨੂੰ ਸੁਰੱਖਿਆ ਪ੍ਰਦਾਨ ਕਰਨ ਦਾ ਨਹੀਂ। ਉਦਾਹਰਨ ਲਈ, ਫਿਲਮ ਵਿੱਚ ਭਿਵਿੰਡੀ ਵਿੱਚ 1984 ਵਿੱਚ ਹੋਏ ਹਿੰਦੂ-ਮੁਸਲਿਮ ਫਸਾਦ ਬਾਰੇ ਗੱਲ ਕੀਤੀ ਗਈ ਹੈ। ਜਦੋਂ ਭਿਵਿੰਡੀ ਵਿੱਚ ਫਸਾਦ ਹੁੰਦੇ ਹਨ, ਤਾਂ ਬੰਬਈ ਦੇ ਮੁਸਲਮਾਨ ਬਹੁਗਿਣਤੀ ਵਾਲੇ ਸਲੀਮ ਲੰਗੜੇ ਦੇ ਇਲਾਕੇ ਵਿੱਚ ਫਸਾਦ ਹੋਣ ਦਾ ਖਤਰਾ ਬਣ ਜਾਂਦਾ ਹੈ। ਇਸ ਇਲਾਕੇ ਦੇ ਥਾਣਾ ਇੰਚਾਰਜ ਨੂੰ ਪੁਲੀਸ ਦੇ ਕਿਸੇ ਉੱਪਰਲੇ ਅਫਸਰ ਦਾ ਚੌਕਸ ਰਹਿਣ ਲਈ ਫੋਨ ਆਉਂਦਾ ਹੈ। ਥਾਣਾ ਇੰਚਾਰਜ ਆਪਣੇ ਉੱਪਰਲੇ ਅਫਸਰ ਨੂੰ ਜੁਆਬ ਦਿੰਦਾ ਹੈ, "… ਸਰ ਯਹਾਂ ਤੋਂ ਐਸਾ ਕੁਛ ਨਹੀਂ ਹੈ। ਮੁਸਲਿਮ ਏਰੀਆ ਤੋ ਹੈ। ਕੰਟਰੋਲ ਕਰ ਲੇਂਗੇ। ਸਾਹਿਬ ਮਾਰ ਮਾਰ ਕਰ ਖਾਲ ਖੀਚ ਲੇਂਗੇ। ਡੰਡੇ ਕੀ ਜ਼ਬਾਨ ਸਮਝਤੇ ਹੈਂ ਸਭ। ਪ੍ਰਾਬਲਮ ਤੋਂ ਨਹੀਂ ਹੈ ਅਭੀ। ਪ੍ਰਾਬਲਮ ਹੂਆ ਤੋਂ 144 ਲਗਵਾ ਦੇਂਗੇ।" ਫਿਲਮ ਵਿੱਚ ਇਕ ਹੋਰ ਘਟਨਾ ਵਿੱਚ ਦਾਰੂ ਅਤੇ ਮਟਕੇ ਦਾ ਧੰਦਾ ਚਲਾਉਣ ਵਾਲੇ ਬਿਲਾਸ ਦਾ ਕਤਲ ਹੋ ਜਾਂਦਾ ਹੈ। ਜਦੋਂ ਪੁਲੀਸ ਥਾਣੇ ਵਿੱਚ ਆਪਣੀ ਰੋਜ਼ਾਨਾ ਹਾਜ਼ਰੀ ਲਗਵਾਉਣ ਗਿਆ ਸਲੀਮ ਥਾਣਾ ਇੰਚਾਰਜ ਤੋਂ ਪੁੱਛਦਾ ਹੈ ਕਿ ਕੀ ਪੁਲੀਸ ਨੂੰ ਬਿਲਾਸ ਦੇ ਕਤਲ ਬਾਰੇ ਕੁੱਝ ਪਤਾ ਲੱਗਾ, ਤਾਂ ਥਾਣਾ ਇੰਚਾਰਜ ਜੁਆਬ ਦਿੰਦਾ ਹੈ ਕਿ ਲੱਗ ਜਾਏਗਾ, ਪਰ ਪੁਲੀਸ ਦੀ ਨਿਗ੍ਹਾ ਵਿੱਚ ਇਸ ਕੇਸ ਦੀ ਏਨੀ ਹੀ ਮਹੱਤਤਾ ਹੈ ਕਿ ਇਸ ਇਲਾਕੇ ਵਿੱਚ ਇਕ ਗੁੰਡਾ ਖਤਮ ਹੋ ਗਿਆ ਹੈ। ਮੁਸਲਮਾਨ ਭਾਈਚਾਰੇ ਬਾਰੇ ਭਾਰਤੀ ਸਟੇਟ ਦੀ ਨੁਮਾਇੰਦਗੀ ਕਰਦੀ ਪੁਲੀਸ ਦਾ ਇਹ ਨਜ਼ਰੀਆ, ਦਰਸ਼ਕਾਂ ਨੂੰ ਇਹ ਅਹਿਸਾਸ ਕਰਾਉਂਦਾ ਹੈ ਕਿ ਭਾਰਤੀ ਸਟੇਟ ਦੀਆਂ ਨਜ਼ਰਾਂ ਵਿੱਚ ਭਾਰਤ ਦੇ ਮੁਸਲਮਾਨ ਦੇਸ਼ ਲਈ ਇਕ ਸਮੱਸਿਆ ਹਨ ਭਾਰਤ ਦੇ ਨਾਗਰਿਕ ਨਹੀਂ। ਇਸ ਉਹ ਉਨ੍ਹਾਂ ਨਾਲ ਸਖਤੀ ਨਾਲ ਨਿਪਟਣਾ ਜਾਇਜ਼ ਸਮਝਦੀ ਹੈ ਅਤੇ ਉਨ੍ਹਾਂ ਦੀ ਭਲਾਈ ਲਈ ਕੋਈ ਯਤਨ ਕਰਨਾ ਆਪਣੀ ਜ਼ਿੰਮੇਵਾਰੀ ਨਹੀਂ ਸਮਝਦੀ।  

ਮੁਸਲਮਾਨ ਭਾਈਚਾਰੇ ਦੀ ਬਾਕੀ ਦੇ ਸਮਾਜ ਤੋਂ ਅਲੱਗ-ਥਲੱਗ ਅਤੇ ਗੈਰ-ਕਾਨੂੰਨੀ ਧੰਦਿਆਂ 'ਤੇ ਨਿਰਭਰ  ਜ਼ਿੰਦਗੀ ਦੇ ਕੀ ਕਾਰਨ ਹਨ? ਫਿਲਮ ਇਸ ਸਵਾਲ ਦਾ ਜੁਆਬ ਲੱਭਣ ਦਾ ਵੀ ਯਤਨ ਕਰਦੀ ਹੈ। ਫਿਲਮ ਅਨੁਸਾਰ ਇਸ ਦਾ ਇਕ ਕਾਰਨ ਤਾਂ ਇਹ ਹੈ ਕਿ  ਭਾਰਤ ਦੇ ਵੱਡੇ ਸਮਾਜ ਨੇ ਮੁਸਲਮਾਨਾਂ ਨੂੰ ਅਪਣਾਇਆ ਹੀ ਨਹੀਂ। ਵੱਡਾ ਸਮਾਜ ਇਸ ਭਾਈਚਾਰੇ ਨੂੰ ਨਫਰਤ ਕਰਦਾ ਹੈ। ਫਿਲਮ ਦੇ ਸ਼ੁਰੂ ਦੇ ਕੁੱਝ ਮਿੰਟਾਂ ਵਿੱਚ, ਫਿਲਮ ਦਾ ਮੁੱਖ ਪਾਤਰ ਸਲੀਮ ਲੰਗੜਾ, ਇਸ ਭਾਵਨਾ ਨੂੰ ਇਨ੍ਹਾਂ ਸ਼ਬਦਾ ਵਿੱਚ ਪ੍ਰਗਟਾਉਂਦਾ ਹੈ, "ਮੁਸਲਮਾਨ ਲੋਗੋਂ ਕੋਈ ਕਾਮ ਨਹੀਂ ਦੇਤਾ ਹੈ। ਕੋਈ ਭਰੋਸਾ ਨਹੀਂ ਕਰਤਾ ਉਨ ਪੇ। ਤੋ ਵੁਹ ਜ਼ਿੰਦਾ ਕੈਸੇ ਰਹੇਂਗੇ?" ਵੱਡੀ ਕਮਿਊਨਿਟੀ ਵੱਲੋਂ ਕੀਤੇ ਜਾਂਦੇ ਇਸ ਤਰ੍ਹਾਂ ਦੇ ਵਿਤਕਰੇ ਦੇ ਪ੍ਰਤੀਕਰਮ ਵਿੱਚ ਮੁਸਲਮਾਨ ਭਾਈਚਾਰੇ ਨੇ ਆਪਣੇ ਆਪ ਨੂੰ ਜ਼ਿੰਦਾ ਰੱਖਣ ਲਈ ਵੱਡੇ ਸਮਾਜ ਤੋਂ ਅਲੱਗ-ਥਲੱਗ ਇਕ ਆਪਣੀ ਹੀ ਜ਼ਿੰਦਗੀ ਬਣਾ ਲਈ ਹੈ।

ਬਾਕੀ ਸਮਾਜ ਤੋਂ ਅਲੱਗ-ਥਲੱਗ ਰਹਿਣ ਕਾਰਨ ਮੁਸਲਮਾਨ ਭਾਈਚਾਰਾ ਇਕ ਪਾਸੇ ਤਾਂ ਇਕ ਦੂਸਰੇ 'ਤੇ ਨਿਰਭਰ ਅਤੇ ਇਕ ਦੂਜੇ ਦਾ ਖਿਆਲ ਰੱਖਣ ਵਾਲਾ ਭਾਈਚਾਰਾ ਬਣ ਗਿਆ ਹੈ। ਆਪਣੇ ਆਪ ਨੂੰ ਕਾਇਮ ਰੱਖਣ ਲਈ ਭਾਈਚਾਰੇ ਲਈ ਇਸ ਤਰ੍ਹਾਂ ਕਰਨਾ ਜ਼ਰੂਰੀ ਹੈ। ਪਰ ਦੂਸਰੇ ਪਾਸੇ ਭਾਈਚਾਰੇ ਦੀ ਇਸ ਸਥਿਤੀ ਨੇ ਉਸ ਨੂੰ ਰੂੜੀਵਾਦੀ ਬਣਾ ਦਿੱਤਾ ਹੈ। ਫਿਲਮ ਦਾ ਇਕੋ ਇੱਕ ਪੜ੍ਹਿਆ ਲਿਖਿਆ ਪਾਤਰ ਅਸਲਮ ਜਦੋਂ ਆਪਣੇ ਭਾਈਚਾਰੇ ਦੀਆਂ ਔਰਤਾਂ ਦੀ ਪੜ੍ਹਾਈ ਦੀ ਗੱਲ ਕਰਦਾ ਹੈ, ਤਾਂ ਲੋਕਾਂ ਦੀ ਭੀੜ ਉਸ ਨੂੰ ਮਾਰਨ ਨੂੰ ਪੈਂਦੀ ਹੈ। ਉਨ੍ਹਾਂ ਦੀ ਦਲੀਲ ਹੈ ਕਿ ਉਹ ਅਜਿਹਾ ਕਰਕੇ ਇਸਲਾਮ ਦੀ ਤੌਹੀਨ ਕਰ ਰਿਹਾ ਹੈ, ਇਸਲਾਮ ਦੇ ਵਿਰੁੱਧ ਜਾ ਰਿਹਾ ਹੈ। ਇਸ ਤੋਂ ਬਿਨਾਂ ਭਾਈਚਾਰੇ ਵਿੱਚ ਅਪਰਾਧੀਆਂ ਜਾਂ ਗੁੰਡਿਆਂ ਦੀ ਇੱਜ਼ਤ ਦਾ ਕਾਰਨ ਵੀ ਭਾਈਚਾਰੇ ਦੀ ਇਹ ਸਥਿਤੀ ਜਾਪਦੀ ਹੈ। ਆਪਣੇ ਪਿਤਾ ਨਾਲ ਇਕ ਤਿੱਖੀ ਤਕਰਾਰ ਵਿੱਚ ਫਿਲਮ ਦਾ ਮੁੱਖ ਪਾਤਰ ਸਲੀਮ ਲੰਗੜਾ ਆਪਣੇ ਪਿਤਾ ਨੂੰ ਕਹਿੰਦਾ ਹੈ ਕਿ ਭਾਵੇਂ ਉਹ (ਪਿਤਾ) ਗੁੰਡਿਆਂ ਨੂੰ ਠੀਕ ਨਹੀਂ ਸਮਝਦਾ, ਪਰ ਜਦੋਂ ਕਮਿਊਨਿਟੀ 'ਤੇ ਬਾਹਰੋਂ ਕੋਈ ਹਮਲਾ ਕਰੇਗਾ, ਤਾਂ ਇਹ ਗੁੰਡੇ ਲੋਕ ਹੀ ਕਮਿਊਨਿਟੀ ਦੀ ਰੱਖਿਆ ਕਰ ਸਕਣਗੇ, ਕਿਉਂਕਿ ਉਹ ਲੜਨਾ ਜਾਣਦੇ ਹਨ। ਉਹ ਹੀ ਹਥਿਆਰਾਂ ਨਾਲ ਲੈਸ ਬਾਹਰਲੀ ਭੀੜ ਦੇ ਹਮਲੇ ਦਾ ਜੁਆਬ ਦੇ ਸਕਣਗੇ ਕਿਉਂਕਿ ਉਨ੍ਹਾਂ ਨੂੰ ਹਥਿਆਰ ਚਲਾਉਣੇ ਆਉਂਦੇ ਹਨ।  

ਇਸ ਤਰ੍ਹਾਂ ਫਿਲਮ ਮੁਸਲਮਾਨ ਕਮਿਊਨਿਟੀ ਦੀ ਇਸ ਅਲੱਗ-ਥਲੱਗ ਜ਼ਿੰਦਗੀ ਦੇ ਕਈ ਵਾਜਬ ਕਾਰਨਾਂ ਨੂੰ ਦਰਸ਼ਕਾਂ ਦੇ ਸਾਹਮਣੇ ਲਿਆਉਂਦੀ ਹੈ। ਪਰ ਸਈਦ ਮਿਰਜ਼ਾ ਇਸ ਗੱਲੋਂ ਜਾਗ੍ਰਿਤ ਹੈ ਕਿ ਫਿਲਮ ਵਿੱਚੋਂ ਮੁਸਲਮਾਨ ਭਾਈਚਾਰੇ ਨੂੰ ਇਹ ਸੁਨੇਹਾ ਨਹੀਂ ਮਿਲਣਾ ਚਾਹੀਦਾ ਕਿ ਇਨ੍ਹਾਂ ਕਾਰਨਾ ਕਰਕੇ ਉਨ੍ਹਾਂ ਵੱਲੋਂ ਇਸ ਤਰ੍ਹਾਂ ਦੀ ਅਲੱਗ-ਥੱਲਗ ਅਤੇ ਰੂੜੀਵਾਦੀ ਜ਼ਿੰਦਗੀ ਜਿਉਣਾ ਜਾਇਜ਼ ਹੈ ਜਾਂ ਇਸ ਤੋਂ ਬਿਨਾਂ ਉਨ੍ਹਾਂ ਕੋਲ ਕੋਈ ਹੋਰ ਰਸਤਾ ਨਹੀਂ ਹੈ। ਫਿਲਮ ਦੇ ਪਹਿਲੇ ਦ੍ਰਿਸ਼ ਵਿੱਚ ਫਿਲਮ ਦਾ ਮੁੱਖ ਪਾਤਰ ਸਲੀਮ ਲੰਗੜਾ ਸੜਕ ਦੇ ਵਿਚਕਾਰ ਇਸ ਤਰ੍ਹਾਂ ਆਕੜ ਨਾਲ ਤੁਰਦਾ ਦਿਖਾਇਆ ਗਿਆ ਹੈ, ਜਿਸ ਤਰ੍ਹਾਂ ਉਹ ਸਾਰੇ ਸੰਸਾਰ ਦਾ ਮਾਲਕ ਹੈ ਅਤੇ ਹੋਰ ਕਿਸੇ ਨੂੰ ਕੁਝ ਨਹੀਂ ਸਮਝਦਾ। ਇਸ ਸੀਨ ਤੋਂ ਇਸ ਤਰ੍ਹਾਂ ਲੱਗਦਾ ਹੈ ਕਿ ਉਸ  ਤੋਂ ਵੱਧ ਮਟਕ ਵਾਲੀ ਜ਼ਿੰਦਗੀ ਕਿਸੇ ਹੋਰ ਦੀ ਨਹੀਂ ਹੋ ਸਕਦੀ ਹੈ। ਪਰ ਜਿਉਂ ਜਿਉਂ ਫਿਲਮ ਦੀ ਕਹਾਣੀ ਅੱਗੇ ਤੁਰਦੀ ਜਾਂਦੀ ਹੈ ਤਾਂ ਦਰਸ਼ਕ ਨੂੰ ਅਤੇ ਸਲੀਮ ਲੰਗੜੇ ਨੂੰ ਇਹ ਅਹਿਸਾਸ ਹੁੰਦਾ ਜਾਂਦਾ ਹੈ ਕਿ ਉਹ ਇਕ ਬਹੁਤ ਹੀ ਘੁਟਣ ਭਾਰੀ ਅਤੇ  ਨਾਸਾਜ਼ ਸਥਿਤੀਆਂ ਦੇ ਸ਼ਿਕੰਜੇ ਵਿੱਚ ਫਸੀ ਜ਼ਿੰਦਗੀ ਜੀ ਰਿਹਾ ਹੈ। ਉਸ ਦੀ ਇਹ ਭਾਵਨਾ ਉਦੋਂ ਸਿਖਰ 'ਤੇ ਪਹੁੰਚ ਜਾਂਦੀ ਹੈ, ਜਦੋਂ ਉਸ ਦੇ ਥਾਣੇ ਦਾ ਇੰਚਾਰਜ਼ ਥਾਣੇਦਾਰ ਉਸ ਨੂੰ ਜ਼ਬਤੀ ਦੇ ਮਾਲ ਦੇ ਪੰਚਨਾਮੇ 'ਤੇ ਝੂਠਾ ਅੰਗੂਠਾ ਲਾਉਣ ਲਈ ਕਹਿੰਦਾ ਹੈ। ਪਰ ਪਰ ਜਦੋਂ ਉਹ ਥਾਣੇਦਾਰ ਨੂੰ ਕਹਿੰਦਾ ਹੈ ਕਿ ਮੈਂ ਤਾਂ ਉੱਥੇ ਹੈ ਹੀ ਨਹੀਂ ਸੀ ਤਾਂ ਥਾਣੇਦਾਰ ਉਸ ਦੇ ਥੱਪੜ ਮਾਰ ਕੇ ਕਹਿੰਦਾ ਹੈ ਜੋ ਮੈਂ ਕਹਿ ਰਿਹਾ ਹਾਂ ਉਹ ਕਰ ਨਹੀਂ ਤਾਂ ਤੈਨੂੰ ਸਾਰੀ ਜ਼ਿੰਦਗੀ ਜੇਲ੍ਹ ਵਿੱਚ ਸੜ੍ਹਨ ਲਈ ਭੇਜ ਦਿਆਂਗਾਂ। ਇਸ ਘਟਨਾ ਤੋਂ ਬਾਅਦ ਜਦੋਂ ਉਹ ਘਰ ਆਉਂਦਾ ਹੈ, ਤਾਂ ਉਸ ਦੀ ਫਸੇ ਹੋਏ ਹੋਣ ਦੀ ਇਹ ਭਾਵਨਾ ਆਪਣੀ ਭੈਣ ਅਨੀਸ ਅੱਗੇ ਇਨ੍ਹਾਂ ਸ਼ਬਦਾਂ ਵਿੱਚ ਆਪ ਮੁਹਾਰੇ ਫੁੱਟ ਪੈਂਦੀ ਹੈ, "ਮੇਰੇ ਕੋ ਚਾਂਸ ਕਾਹੇ ਕੋ ਨਹੀਂ ਮਿਲਾ। ਮੈਂ ਫਸ ਗਿਆ ਅਨੀਸ। ਕਾਹੇ ਕੋ, ਕਾਹੇ ਕੋ। ਮੇਰੇ ਕੋ ਚਾਂਸ ਨਹੀਂ ਮਿਲਾ। ਮੈਂ ਬਾਹਰ ਨਿਕਲਣਾ ਚਾਹਤਾ ਹੂੰ। ਪਰ ਨਹੀਂ ਨਿਕਲ ਸਕਤਾ। ਮੈਂ ਫਸ ਗਿਆ, ਮੈਂ ਫਸ ਗਿਆ।"

ਇਸ ਭਾਵਨਾ ਦੇ ਅਹਿਸਾਸ ਤੋਂ ਬਾਅਦ ਸਲੀਮ ਲੰਗੜਾ ਇਸ ਜ਼ਿੰਦਗੀ ਤੋਂ ਨਿਕਲਣ ਦੀਆਂ ਕੋਸ਼ਿਸ਼ਾਂ ਕਰਨ ਦਾ ਸਫਰ ਸ਼ੁਰੂ ਕਰਦਾ ਹੈ। ਉਹ ਆਪਣੀ ਰੋਜ਼ੀ ਇਮਾਨਦਾਰੀ ਨਾਲ ਕਮਾਉਣੀ ਸ਼ੁਰੂ ਕਰਨ ਲਈ ਇਕ ਕਾਰਾਂ ਦੇ ਗੈਰਾਜ ਵਿੱਚ ਕਾਰ ਮਕੈਨਿਕ ਦਾ ਕੰਮ ਸਿੱਖਣਾ ਸ਼ੁਰੂ ਕਰਨ ਦਾ ਫੈਸਲਾ ਕਰਦਾ ਹੈ। ਇਸ ਸਫਰ ਦਾ ਮਹੱਤਵਪੂਰਨਾ ਕਦਮ ਉਹ ਉਦੋਂ ਪੁੱਟਦਾ ਹੈ ਜਦੋਂ ਜੂਏ ਅਤੇ ਵੇਸਵਾਗਿਰੀ ਦੇ ਧੰਦੇ ਚਲਾਉਣ ਵਾਲੇ ਨਾਥੂ, ਚੋਰੀ ਦਾ ਸਮਾਨਾ ਵੇਚਣ ਵਾਲੇ ਲਾਲੇ ਅਤੇ ਸਮਗਲਰ ਇਬਰਾਹੀਮ ਵੱਲੋਂ ਉਸ ਨੂੰ ਇਕ ਹਿੰਦੂ ਦੀ ਨੇਤਾਗਿਰੀ ਹੇਠ ਚੱਲਦੇ ਗੈਂਗ ਨਾਲ ਲੜਾਈ ਵਿੱਚ ਸ਼ਾਮਲ ਹੋਣ ਦਾ ਸੱਦਾ/ਹੁਕਮ ਦਿੱਤਾ ਜਾਂਦਾ ਹੈ ਪਰ ਸਲੀਮ ਇਸ ਵਿੱਚ ਸ਼ਾਮਲ ਹੋਣ ਤੋਂ ਇਨਕਾਰ ਕਰ ਦਿੰਦਾ ਹੈ। ਉਹ ਉਹਨਾਂ ਨੂੰ ਕਹਿੰਦਾ ਹੈ ਇਸ ਤਰ੍ਹਾਂ ਦੀ ਲੜਾਈ ਦੋ ਗੈਂਗਾਂ ਦੀ ਆਪਸੀ ਲੜਾਈ ਨਾ ਰਹਿ ਕੇ ਵੱਡੇ ਪੱਧਰ 'ਤੇ ਹਿੰਦੂ-ਮੁਸਲਮਾਨ ਫਸਾਂਦਾਂ ਵਿੱਚ ਬਦਲ ਜਾਵੇਗੀ। ਜਿਸ ਦੇ ਨਤੀਜੇ ਵੱਜੋਂ ਦੋਹਾਂ ਪਾਸਿਆਂ ਦੇ ਨਿਰਦੋਸ਼ ਲੋਕ ਮਾਰੇ ਜਾਣਗੇ। ਇਸ ਤਰ੍ਹਾਂ ਸਈਦ ਅਖਤਰ ਮਿਰਜ਼ਾ ਦਰਸ਼ਕ ਨੂੰ ਇਹ ਦੱਸਦਾ ਹੈ ਕਿ  ਤੁਸੀਂ ਜਿੰਨੀਆਂ ਵੀ ਨਾਸਾਜ਼ ਸਥਿਤੀਆਂ ਵਿੱਚ ਫਸੇ ਹੋਵੋ ਉਨ੍ਹਾਂ ਵਿੱਚੋਂ ਤੁਸੀਂ ਤਾਂ ਹੀ ਨਿਕਲ ਸਕਦੇ ਹੋ, ਜੇ ਤੁਸੀਂ ਖੁਦ ਉਨਾਂ ਸਥਿਤੀਆਂ ਵਿੱਚੋਂ ਨਿਕਲਣਾ ਚਾਹੁੰਦੇ ਹੋਵੋ ਅਤੇ ਉਨ੍ਹਾਂ ਵਿੱਚੋਂ ਬਾਹਰ ਨਿਕਲਣ ਲਈ ਪਹਿਲਾ ਕਦਮ ਉਨ੍ਹਾਂ ਚੀਜ਼ਾਂ ਨੂੰ ਨਾਂਹ ਕਹਿਣਾ ਹੁੰਦਾ ਹੈ ਜਿਹੜੀ ਚੀਜ਼ਾਂ ਤੁਹਾਨੂੰ ਉਸ ਦਲਦਲ ਵਿੱਚ ਹੋਰ ਅਗਾਂਹ ਧੱਕ ਸਕਦੀਆਂ ਹਨ।

ਭਾਰਤ ਵਿੱਚ ਮੁਸਲਮਾਨ ਭਾਈਚਾਰੇ ਦੀ ਅਲੱਗ-ਥਲੱਗ ਜ਼ਿੰਦਗੀ ਦਿਖਾਉਣ ਦੇ ਨਾਲ ਨਾਲ ਸਈਦ ਮਿਰਜ਼ਾ ਭਾਰਤ ਵਿੱਚ ਆਮ ਪੱਧਰ 'ਤੇ ਹਿੰਦੂਆਂ ਅਤੇ ਮੁਸਲਮਾਨਾਂ ਦੇ ਆਪਸੀ ਰਿਸ਼ਤੇ 'ਤੇ ਵੀ ਗੰਭੀਰ ਟਿੱਪਣੀ ਕਰਦਾ ਹੈ। ਇਹ ਟਿੱਪਣੀ ਅਸਲਮ ਅਤੇ ਸਲੀਮ ਲੰਗੜੇ ਵਿਚਕਾਰ ਹੋਈ ਇਕ ਲੰਬੀ ਵਾਰਤਾਲਾਪ ਦੇ ਰੂਪ ਵਿੱਚ ਕੀਤੀ ਗਈ ਹੈ। ਜਦੋਂ ਸਲੀਮ ਆਪਣੀ ਜੁਰਮ ਦੀ ਜ਼ਿੰਦਗੀ ਤੋਂ ਨਿਕਲਣ ਦਾ ਸਫਰ ਸ਼ੁਰੂ ਕਰਦਾ ਹੈ ਤਾਂ ਉਹ ਅਸਲਮ ਨੂੰ ਹਿੰਦੂਆਂ ਅਤੇ ਮੁਸਲਮਾਨਾਂ ਵਿਚਲੇ ਨਫਰਤ ਭਰੇ ਰਿਸ਼ਤੇ ਦੇ ਕਾਰਨਾਂ ਬਾਰੇ ਪੁੱਛਦਾ ਹੈ ਤਾਂ ਉਨ੍ਹਾਂ ਵਿੱਚਕਾਰ ਇਹ ਵਾਰਤਾਲਾਪ ਹੁੰਦਾ ਹੈ:


ਸਲੀਮ: ਹਿੰਦੂ ਮੁਸਲਮਾਨ, ਯਿਹ ਸਭ ਕਾਹੋ ਕੋ, ਕਾਹੇ ਕੋ ਭਾਈ?
ਅਸਲਮ: ਕਿਉਂਕਿ ਪੈਦਾ ਹੋਤੇ ਹੀ ਹਰ ਮੁਸਲਮਾਨ ਸੇ ਯਿਹ ਕਹਾ ਜਾਤਾ ਹੈ ਕਿ ਹਿੰਦੂ ਕਾਫਰ ਹੈਂ। ਔਰ ਹਿੰਦੂ ਸੇ ਕਹਾ ਜਾਤਾ ਹੈ ਕਿ ਮੁਸਲਮਾਨ ਮਲੀਚ। ਯਿਹ ਨਫਰਤ ਔਰ ਖੌਫ ਕਾ ਜ਼ਹਿਰ ਇਨ੍ਹੇਂ ਬਚਪਨ ਸੇ ਹੀ ਪਿਲਾ ਦਿਆ ਜਾਤਾ ਹੈ। ਯਹਾਂ ਤੱਕ ਕਿ ਇਸ ਜ਼ਹਿਰ ਕਾ ਇਸਤੇਮਾਲ ਕਰਕੇ ਇਸ ਮੁਲਕ ਕਾ ਬਟਵਾਰਾ ਕਰ ਦੀਆ ਗਿਆ ਥਾ।
ਸਲੀਮ: ਯਿਹ ਪਾਰਟੀਸ਼ਨ ਕੈਸਾ ਹੂਆ ਭਾਈ?
ਅਸਲਮ: ਬਹੁਤ ਵਰਸ਼ ਹੂਏ, ਇਕ ਲਕੀਰ ਖੀਂਚ ਕਰ ਇਸ ਮੁਲਕ ਕੇ ਦੋ ਟੁੱਕੜੇ ਕਰ ਦੀਏ ਗਏ। ਇਸ ਤਰਫ ਹਿੰਦੁਸਤਾਨ ਔਰ ਉਸ ਤਰਫ ਪਾਕਿਸਤਾਨ।
ਸਲੀਮ: ਕਾਹੇ ਕੋ?
ਅਸਲਮ: ਤਾਂ ਕਿ ਦੋਨੋ ਤਰਫ ਕੇ ਕੁੱਝ ਤਾਕਤਵਰ ਲੋਕ ਆਪਣੇ ਆਪਣੇ ਹਿੱਸੇ ਪਰ ਆਪਣੀ ਆਪਣੀ ਹਕੂਮਤ ਚਲਾ ਸਕੇ। ਔਰ ਪਾਕਿਸਤਾਨ ਬਣਾ ਦਿਆ ਗਿਆ। ਹਜ਼ਾਰੋਂ ਲਾਖੋਂ ਮੁਸਲਮਾਨ ਮਾਰ ਦੀਏ ਗਏ। ਹਜ਼ਾਰੋਂ ਲਾਖੋਂ ਹਿੰਦੂ ਵੀ ਮਾਰੇ ਗਏ। ਬੇਫਕੂਫ ਲੋਗੋਂ ਨੇ ਏਕ ਦੂਸਰੇ ਕੀ ਗਰਦਨੇਂ ਕਾਟ ਡਾਲੀ। ਖੂਨ ਕੇ ਦਰਿਆ ਵਹਾ ਦੀਏ ਗਏ। ਮੁਲਕ ਕਾ ਕੰਧਾ ਕਾਟ ਕਰ ਉਸੇ ਪਾਕਿਸਤਾਨ ਕਾ ਨਾਮ ਦੇ ਦੀਆ ਗਿਆ।
ਸਲੀਮ: ਇਤਨਾ ਬੜਾ ਲੋਚਾ?
ਅਸਲਮ: ਹਾਂ ਲੋਚਾ ਹੀ ਥਾ। ਔਰ ਜਿਨ੍ਹ ਬੇਫਕੂਫ ਲੋਗੋਂ ਨੇ ਐਸਾ ਕੀਆ, ਉਨ੍ਹੇਂ ਗਲਤਫਹਿਮੀ ਥੀ ਕਿ ਮਜ੍ਹਬ ਕੇ ਜ਼ਰੀਏ ਲੋਗੋਂ ਕੋ ਇਕ ਦੂਸਰੇ ਕੇ ਸਾਥ ਜੋੜਾ ਜਾ ਸਕਤਾ ਹੈ। ਹੂੰ। ਲੇਕਿਨ ਵੁਹ ਗਲਤ ਥੇ ਬਿਲਕੁਲ ਗਲਤ।
ਸਲੀਮ: ਕੈਸੇ?
ਅਸਲਮ: ਏਕ ਦਿਨ ਪਾਕਿਸਤਾਨ ਮੇਂ ਵੀ ਇਸੀ ਤਰ੍ਹਾਂ ਏਕ ਔਰ ਲਕੀਰ ਖੀਂਚਣੀ ਪੜ੍ਹੀ। ਇਕ ਮੁਲਕ ਪੈਦਾ ਹੂਆ ਬੰਗਲਾਦੇਸ਼। ਲੇਕਿਨ ਇਸ ਵਕਤ ਮੁਸਲਮਾਨ, ਮੁਸਲਮਾਨ ਸੇ ਲੜਾ। ਪਾਕਿਸਤਾਨ ਬਣਾਨੇ ਵਾਲੇ ਉਸ ਵਕਤ ਇਸ ਹਕੀਕਤ ਕੋ ਨਹੀਂ ਸਮਝ ਪਾਏ ਥੇ, ਜੋ ਤਾਰੀਖ ਹਮੇਂ ਸਿਖਾਤੀ ਹੈ ਕਿ ਸਿਰਫ ਤਾਰੀਖੀ ਤਜਰਬੇ, ਸੰਗੀਤ, ਹਮਸ਼ਕਲ ਖਾਬ ਔਰ ਹਮਜ਼ਬਾਨ ਹੀ ਲੋਗੋਂ ਕੋ ਇਕ ਦੂਸਰੇ ਸੇ ਜੋੜ ਸਕਤੀ ਹੈ, ਮਜ਼ਹਬ ਨਹੀਂ। ਕਭੀ ਨਹੀਂ। ਪਰ ਆਜ ਫਿਰ ਇਸ ਮੁਲਕ ਮੇਂ ਯਿਹੀ ਹੋ ਰਹਾ ਹੈ। ਕੁੱਛ ਲੋਕ ਫਿਰ ਲੋਗੋਂ ਕੋ ਨਫਰਤ ਕਾ ਜ਼ਹਿਰ ਪਿਲਾ ਰਹੇ ਹੈਂ। ਯਿਹ ਕਹਿ ਕਰ ਕਿ ਹਿੰਦੁਸਤਾਨ ਸਿਰਫ ਹਮਾਰਾ ਹੈ। ਕਿ ਸਿਰਫ ਧਰਮ ਕੇ ਜ਼ਰੀਏ ਲੋਗੋਂ ਕੋ ਏਕ ਦੂਸਰੇ ਕੇ ਸਾਥ ਜੋੜਾ ਜਾ ਸਕਤਾ ਹੈ। ਏਕ ਦਿਨ ਯਿਹ ਲੋਗ ਵੀ ਗਲਤ ਸਾਬਤ ਹੋ ਜਾਏਂਗੇ। ਦੁਨੀਆ ਨੇ ਸਦੀਓਂ ਸੇ ਯਿਹ ਕੋਸ਼ਿਸ਼ ਕੀ ਹੈ ਕਿ ਇਨਸਾਨ ਔਰ ਇਨਸਾਨ ਮੇਂ ਫਰਕ ਢੂੰਡੋ। ਉਨ੍ਹੇਂ ਅਲੱਗ ਕਰੋ। ਕਾਸ਼ ਏਕ ਲਮਹੇ ਕੇ ਲੀਏ ਵੀ ਯਿਹ ਸੋਚਾ ਹੋਤਾ ਕਿ ਇਨਸਾਨ ਔਰ ਇਨਸਾਨ ਕੋ ਜੋੜਾ ਕੈਸੇ ਜਾਏ?


ਇਸ ਲੰਬੀ ਵਾਰਤਾਲਾਪ ਵਿੱਚ ਮੁੱਖ ਰੂਪ ਵਿੱਚ ਹਿੰਦੂਆਂ ਅਤੇ ਮੁਸਲਮਾਨਾਂ ਵਿਚਕਾਰ ਨਫਰਤ ਭਰੇ ਰਿਸ਼ਤੇ ਦੇ ਕਾਰਨਾਂ ਦਾ ਨਿਚੋੜ ਪੇਸ਼ ਕਰਨ ਦਾ ਯਤਨ ਕੀਤਾ ਗਿਆ ਹੈ। ਇਸ ਨਫਰਤ ਭਰੇ ਰਿਸ਼ਤੇ ਵਿੱਚ ਭਾਰਤ ਦੀ ਵੰਡ ਨੇ ਇਕ ਵੱਡਾ ਰੋਲ ਨਿਭਾਇਆ ਹੈ ਅਤੇ ਨਿਭਾਉਂਦੀ ਆ ਰਹੀ ਹੈ। ਇਹ ਵੰਡ ਆਮ ਲੋਕਾਂ ਦੇ ਹਿੱਤਾਂ ਕਾਰਨ ਨਹੀਂ ਹੋਈ ਸਗੋਂ ਤਾਕਤਵਰ ਲੋਕਾਂ ਦੇ ਹਿੱਤਾਂ ਕਾਰਨ ਹੋਈ ਸੀ ਤਾਂ ਕਿ ਉਹ ਆਪਣੇ ਆਪਣੇ ਇਲਾਕਿਆਂ ਵਿੱਚ ਆਪਣੀ ਆਪਣੀ ਸੱਤਾ ਕਾਇਮ ਕਰ ਸਕਣ। ਇਸ ਦੇ ਨਾਲ ਹੀ ਇਹ ਗੱਲ ਨੂੰ ਵੀ ਉਭਾਰਿਆ ਗਿਆ ਹੈ ਕਿ ਅਸੀਂ ਭਾਰਤ  ਦੀ ਵੰਡ ਦੇ ਇਤਿਹਾਸਕ ਵਰਤਾਰੇ ਤੋਂ ਕੋਈ ਸਬਕ ਨਹੀਂ ਸਿੱਖਿਆ। ਅੱਜ ਵੀ ਭਾਰਤ ਦੇ ਤਾਕਤਵਰ ਲੋਕ ਆਪਣੀ ਸੱਤਾ ਨੂੰ ਕਾਇਮ ਰੱਖਣ ਲਈ ਆਮ ਲੋਕਾਂ ਨੂੰ ਧਰਮ ਦੇ ਨਾਂ 'ਤੇ ਵੰਡ ਰਹੇ ਹਨ ਅਤੇ ਲੋਕ ਉਨ੍ਹਾਂ ਦੀ ਗੱਲ ਸੁਣ ਰਹੇ ਹਨ।    

ਸਮੁੱਚੇ ਰੂਪ ਵਿੱਚ ਇਹ ਫਿਲਮ ਭਾਰਤ ਵਿੱਚ ਮੁਸਲਮਾਨ ਘੱਟ ਗਿਣਤੀ ਦੀ ਤ੍ਰਾਸਦੀ ਭਰੀ ਸਥਿਤੀ ਦੀਆਂ ਵੱਖ ਵੱਖ ਪਰਤਾਂ ਨੂੰ ਖੋਲ੍ਹਦੀ ਹੈ ਅਤੇ ਮੁਸਲਮਾਨ ਨੌਜਵਾਨਾਂ ਨੂੰ ਇਸ ਸਥਿਤੀ ਵਿੱਚੋਂ ਨਿਕਲਣ ਦਾ ਸੁਨੇਹਾ ਦਿੰਦੀ ਹੈ। ਇਸ ਦੇ ਨਾਲ ਹੀ ਫਿਲਮ ਇਹ ਸੁਨੇਹਾ ਵੀ ਦਿੰਦੀ ਹੈ ਕਿ ਜੇ ਅਸੀਂ ਲੋਕਾਂ ਨੂੰ ਇਕ ਦੂਸਰੇ ਨਾਲ ਜੋੜਨਾ ਚਾਹੁੰਦੇ ਹਾਂ ਤਾਂ ਸਾਨੂੰ ਧਰਮਾਂ ਦੇ ਵੱਖਰੇਂਵਿਆਂ ਦੀ ਥਾਂ ਆਪਣੇ ਸਾਂਝੇ ਇਤਿਹਾਸ ਅਤੇ ਸਭਿਆਚਾਰ ਉੱਤੇ ਜ਼ੋਰ ਦੇਣਾ ਚਾਹੀਦਾ ਹੈ।

ਸਈਦ ਅਖਤਰ ਦੀ ਪੰਜਵੀਂ ਫਿਲਮ ਨਸੀਮ ਵੀ ਭਾਰਤ ਵਿੱਚ ਘੱਟਗਿਣਤੀ ਮੁਸਲਮਾਨ ਭਾਈਚਾਰੇ 'ਤੇ ਕੇਂਦਰਿਤ ਹੈ। ਫਿਲਮ ਦੀ ਕਹਾਣੀ ਜੂਨ 1992 ਤੋਂ ਲੈ ਕੇ ਬਾਬਰੀ ਮਸਜਿਦ ਢਾਹੇ ਜਾਣ ਵਾਲੇ ਦਿਨ 6 ਦਸੰਬਰ 1992 ਵਿੱਚਕਾਰ ਘੱਟਦੀ ਹੈ।  1995 ਵਿੱਚ ਬਣੀ ਇਹ ਫਿਲਮ ਇਕ ਮੱਧ ਵਰਗੀ ਪਰਿਵਾਰ ਦੀ ਅੱਲੜ੍ਹ ਕੁੜੀ ਨਸੀਮ ਦੀ ਕਹਾਣੀ ਨੂੰ ਆਧਾਰ ਬਣਾ ਉਨ੍ਹਾਂ ਸਮਿਆਂ ਵਿੱਚ ਮੁਸਲਮਾਨ ਭਾਈਚਾਰੇ ਦੀ ਜ਼ਿੰਦਗੀ 'ਤੇ ਰੌਸ਼ਨੀ ਪਾਉਂਦੀ ਹੈ। ਨਸੀਮ ਇਕ ਚੰਗੇ ਸਕੂਲ ਵਿੱਚ ਪੜ੍ਹਦੀ ਹੈ ਅਤੇ ਜ਼ਿੰਦਗੀ ਬਾਰੇ ਨਵੀਂਆਂ ਅਤੇ ਆਧੁਨਿਕ ਚੀਜ਼ਾਂ ਬਾਰੇ ਸਿੱਖ ਰਹੀ ਹੈ। ਉਹ ਸਾਇੰਸ ਦੀ ਲੈਬਾਰਟਰੀ ਵਿੱਚ ਤਜਰਬੇ ਕਰਦੀ ਹੈ, ਅੰਗਰੇਜ਼ੀ ਕਵਿਤਾ ਅਤੇ ਸਾਹਿਤ ਪੜ੍ਹਦੀ ਹੈ, ਅਤੇ ਭਾਰਤ ਦਾ ਇਤਿਹਾਸ ਸਿੱਖਦੀ ਹੈ। ਘਰ ਵਾਲਿਆਂ ਤੋਂ ਚੋਰੀ ਆਪਣੀਆਂ ਸਹੇਲੀਆਂ ਨਾਲ ਫਿਲਮਾਂ ਦੇਖਣ ਜਾਂਦੀ ਹੈ। ਇਨ੍ਹਾਂ ਗੱਲਾਂ ਤੋਂ ਇਸ ਤਰ੍ਹਾਂ ਦਾ ਪ੍ਰਭਾਵ ਪੈਂਦਾ ਹੈ ਕਿ ਆਪਣੀ ਉਮਰ ਦੇ ਹੋਰ ਨੌਜਵਾਨਾਂ ਵਾਂਗ ਨਸੀਮ ਕਿਸੇ ਵੀ ਤਰ੍ਹਾਂ ਦੀਆਂ ਚਿੰਤਾਵਾਂ ਤੋਂ ਮੁਕਤ ਇਕ ਸੰਭਾਵਨਾਵਾਂ ਭਰਪੂਰ ਅਤੇ ਸੁਰੱਖਿਅਤ ਜ਼ਿੰਦਗੀ ਜੀ ਰਹੀ ਹੈ ਅਤੇ ਉਹ ਭਾਰਤ ਦੇ ਉਸ ਮੁਸਲਮਾਨ ਮੱਧ ਵਰਗ ਦਾ ਹਿੱਸਾ ਹੈ ਜੋ ਆਧੁਨਿਕਤਾ ਵੱਲ ਸਫਰ ਕਰ ਰਹੇ ਭਾਰਤ ਨਾਲ ਪੈਰ ਨਾਲ ਪੈਰ ਮਿਲਾ ਕੇ ਤੁਰਨ ਦਾ ਯਤਨ ਕਰ ਰਿਹਾ ਹੈ।

ਪਰ ਸਕੂਲ ਦੇ ਮਾਹੌਲ ਤੋਂ ਬਾਹਰ ਜੋ ਵਾਪਰ ਰਿਹਾ ਹੈ, ਉਹ ਨਸੀਮ ਨੂੰ ਸੁਰੱਖਿਅਤਾ ਦਾ ਅਹਿਸਾਸ ਨਹੀਂ ਕਰਵਾਉਂਦਾ। ਟੈਲੀਵਿਯਨ 'ਤੇ ਦੇਸ਼ ਦੇ ਵੱਖ ਵੱਖ ਹਿੱਸਿਆਂ ਤੋਂ ਹਿੰਦੂਤਵ ਨੂੰ ਪ੍ਰਣਾਏ ਹਿੰਦੂਆਂ ਦੀ ਅਗਵਾਈ ਵਿੱਚ ਨਿਕਲਦੇ ਜਲੂਸਾਂ ਦੀਆਂ ਖਬਰਾਂ ਆ ਰਹੀਆਂ ਹਨ। ਇਹ ਖਬਰਾਂ ਸਕੂਲ ਵਿੱਚ ਨਸੀਮ ਅਤੇ ਉਸ ਨਾਲ ਪੜ੍ਹਦੀਆਂ ਕੁੜੀਆਂ ਲਈ ਡਰ ਦਾ ਮਾਹੌਲ ਪੈਦਾ ਕਰ ਰਹੀਆਂ ਹਨ ਅਤੇ ਉਨ੍ਹਾਂ ਨੂੰ ਇਹ ਅਹਿਸਾਸ ਕਰਵਾਉਂਦੀਆਂ ਹਨ ਕਿ ਭਾਰਤ ਵਿੱਚ ਹਿੰਦੂਤਵ ਤਾਕਤਾਂ ਕਾਰਨ ਉਮੜਦੇ ਨਫਰਤ ਦੇ ਬੱਦਲ ਨਸੀਮ ਅਤੇ ਉਸ ਦੀਆਂ ਸਹੇਲੀਆਂ ਦੀ ਜ਼ਿੰਦਗੀ ਨੂੰ ਕਿਸੇ ਵੀ ਪਲ ਆਪਣੇ ਪਰਛਾਂਵਿਆਂ ਅਧੀਨ ਲੈ ਸਕਦੇ ਹਨ। ਫਿਰਕੂ ਜਲੂਸਾਂ ਵਿੱਚ "ਜਿਸ ਹਿੰਦੂ ਕਾ ਖੂਨ ਨਾ ਖੌਲ੍ਹੇ, ਵੁਹ ਖੂਨ ਨਹੀਂ ਪਾਣੀ ਹੈ" ਵਰਗੇ ਗੂੰਜਦੇ ਨਾਹਰੇ ਟੈਲੀਵਿਯਨ ਰਾਹੀਂ ਨਸੀਮ ਦੇ ਘਰ ਦੀ ਬੈਠਕ ਤੱਕ ਪਹੁੰਚ ਰਹੇ ਹਨ। ਨਤੀਜੇ ਵੱਜੋਂ ਨਸੀਮ ਹੀ ਨਹੀਂ ਉਸ ਦਾ ਸਾਰਾ ਪਰਿਵਾਰ ਸਹਿਮ, ਘਬਰਾਹਟ, ਬੇਗਾਨਗੀ ਅਤੇ ਅਨਿਸ਼ਚਤਤਾ ਦੀ ਜਕੜ ਵਿੱਚ ਫਸਿਆ ਮਹਿਸੂਸ ਕਰਦਾ ਹੈ। ਪਰ ਇਨ੍ਹਾਂ ਜਲੂਸਾਂ ਵਿੱਚ ਪ੍ਰਗਟਾਈ ਜਾ ਰਹੀ ਫਿਰਕਾਪ੍ਰਸਤੀ ਅਤੇ ਨਫਰਤ ਦੀ ਸ਼ਿੱਦਤ ਦਿਨੋਂ ਦਿਨ ਵੱਧਦੀ ਜਾ ਰਹੀ ਹੈ। ਇਸ ਫਿਰਕਾਪ੍ਰਸਤੀ ਅਤੇ ਨਫਰਤ ਤੋਂ ਘਬਰਾਇਆ ਨਸੀਮ ਦਾ ਪਿਤਾ ਇਕ ਦਿਨ ਖਬਰਾਂ ਸੁਣਦਾ ਕਹਿ ਉੱਠਦਾ ਹੈ,"ਕਹਾਂ ਜਾਏਂ ਭਈ, ਹਮ ਤੋਂ ਜਹਾਂ ਕੇ ਹੀ ਹੈਂ।" ਨਸੀਮ ਦਾ ਭਰਾ ਸਵਾਲ ਖੜ੍ਹਾ ਕਰਦਾ ਹੈ, "ਵਹਾਂ ਅਯੋਧਿਆ ਮੇ ਲਾਖੋਂ ਲੋਕੋ ਕੀ ਭੀੜ ਜਮ੍ਹਾ ਹੈæææ ਵੁਹ ਕਹਿ ਰਹੇ ਹੈਂ ਕਿ ਯਿਹ ਜ਼ਮੀਨ ਹਮਾਰੀ ਹੈ, ਹਮੇਂ ਦੇ ਦੋ… ਕੁਛ ਦਿਨ ਬਾਅਦ ਵੁਹ ਲੋਕ ਹਮਾਰੇ ਘਰ ਪਰ ਆਏਂਗੇ ਔਰ ਕਹੇਂਗੇ ਕਿ ਯਿਹ ਘਰ ਹਮਾਰਾ ਹੈ। ਫਿਰ ਆਪ ਕਹਾਂ ਜਾਏਂਗੇ?"

ਘਰ ਵਿੱਚ ਨਸੀਮ ਦਾ ਆਪਣੇ ਦਾਦੇ ਨਾਲ ਮੋਹ ਦਾ ਇਕ ਖਾਸ ਰਿਸ਼ਤਾ ਹੈ। ਨਸੀਮ ਦੀ ਜ਼ਿੰਦਗੀ ਵਿੱਚ ਜਦੋਂ ਵੀ ਕੋਈ ਤਣਾਅ ਪੈਦਾ ਕਰਨ ਵਾਲਾ ਜਾਂ ਅਸੁਖਾਂਵਾਂ ਪਲ ਆਉਂਦਾ ਹੈ ਤਾਂ ਉਹ ਆਪਣੇ ਦਾਦਾ-ਜਾਨ ਕੋਲ ਜਾਂਦੀ ਹੈ। ਉਸ ਦਾ ਦਾਦਾ ਬੀਤੇ ਹੋਏ ਵਕਤ ਦੇ ਕਿੱਸੇ ਸੁਣਾਉਂਦਾ ਹੈ। ਇਨ੍ਹਾਂ ਕਿੱਸਿਆਂ ਵਿੱਚ ਅਜ਼ਾਦੀ ਤੋਂ ਪਹਿਲਾਂ ਦੇ ਭਾਰਤ ਦੀਆਂ ਕਹਾਣੀਆਂ ਹਨ, ਜਦੋਂ ਹਿੰਦੂ ਅਤੇ ਮੁਸਲਮਾਨ ਇਕ ਦੂਸਰੇ ਨਾਲ ਪਿਆਰ ਨਾਲ ਰਹਿੰਦੇ ਸਨ। ਮੁਸਲਮਾਨ ਹਿੰਦੂਆਂ ਨਾਲ ਮਿਲ ਕੇ ਦਿਵਾਲੀ ਮਨਾਉਂਦੇ ਸਨ ਅਤੇ ਹਿੰਦੂ ਮੁਸਲਮਾਨ ਨਾਲ ਮਿਲ ਕੇ ਈਦ। ਮੁਸਲਮਾਨ ਸੰਸਕ੍ਰਿਤ ਸਿੱਖਣ ਵਿੱਚ ਦਿਲਚਸਪੀ ਰੱਖਦੇ ਹਨ ਅਤੇ ਹਿੰਦੂ ਉਰਦੂ। ਹਿੰਦੂ ਮੁਸਲਮਾਨ ਮਿਲ ਕੇ ਗੋਰਿਆਂ ਦੀ ਹਕੂਮਤ ਦਾ ਵਿਰੋਧ ਕਰਦੇ ਸਨ। ਇਸ ਤਰ੍ਹਾਂ ਨਸੀਮ ਆਪਣੇ ਦਾਦਾ ਜਾਨ ਤੋਂ ਹਿੰਦੂ ਮੁਸਲਮਾਨ ਸਦਭਾਵਨਾ ਵਾਲੇ ਭਾਰਤ ਤੋਂ ਵਾਕਫ ਹੁੰਦੀ ਹੈ ਅਤੇ ਉਸ ਦੇ ਦਾਦਾ ਜਾਨ ਉਸ ਭਾਰਤ ਦਾ ਚਿੰਨ ਨਜ਼ਰ ਆਉਂਦਾ ਹੈ। ਪਰ ਜੋ ਕੁੱਝ ਮੌਜੂਦਾ ਦੌਰ ਵਿੱਚ ਵਾਪਰ ਰਿਹਾ ਹੈ, ਉਹ ਇਸ ਸਦਭਾਵਨਾ ਵਾਲੇ ਇਤਿਹਾਸ ਨੂੰ ਖਤਮ ਕਰਨ 'ਤੇ ਤੁਲਿਆ ਹੋਇਆ ਹੈ। ਫਿਲਮ ਦੇ ਅਖੀਰ 'ਤੇ 6 ਦਸੰਬਰ 1992 ਵਾਲੇ ਦਿਨ ਹਿੰਦੂ ਕਾਰਸੇਵਕਾਂ ਵੱਲੋਂ ਬਾਬਰੀ ਮਸਜਿਦ ਨੂੰ ਢਾਹ ਦਿੱਤਾ ਜਾਂਦਾ ਹੈ ਅਤੇ ਉਸ ਹੀ ਸਵੇਰ ਨੂੰ ਦਾਦਾ ਜਾਨ ਦੀ ਮੌਤ ਹੋ ਜਾਂਦੀ ਹੈ। ਦਾਦਾ ਜਾਨ ਦੀ ਮੌਤ ਇਸ ਗੱਲ ਦੇ ਪ੍ਰਤੀਕ ਵੱਜੋਂ ਪੇਸ਼ ਹੁੰਦੀ ਹੈ ਕਿ 6 ਦਸੰਬਰ 1992 ਵਾਲੇ ਦਿਨ ਬਾਬਰੀ ਮਸਜਿਦ ਦੇ ਢਾਹੇ ਜਾਣ ਵਾਲੇ ਦਿਨ ਉਸ ਭਾਰਤ ਦੀ ਮੌਤ ਹੋ ਜਾਂਦੀ ਹੈ ਜਿਸ ਭਾਰਤ ਵਿੱਚ ਹਿੰਦੂ ਅਤੇ ਮੁਸਲਮਾਨ ਅਤੇ ਹੋਰ ਘੱਟਗਿਣਤੀਆਂ ਇਕ ਦੂਸਰੇ ਨਾਲ ਮਿਲ ਕੇ ਅਤੇ ਸਤਿਕਾਰ ਭਰੇ ਮਾਹੌਲ ਵਿੱਚ ਰਹਿੰਦੀਆਂ ਸਨ।    

ਇਸ ਤਰ੍ਹਾਂ ਫਿਲਮ ਨਸੀਮ ਸੰਨ 1992 ਦੇ ਪਿਛਲੇ ਛੇਆਂ ਮਹੀਨਿਆਂ ਦੌਰਾਨ ਭਾਰਤ ਵਿੱਚ ਹਿੰਦੂਤਵ ਤਾਕਤਾਂ ਦੀ ਅਗਵਾਈ ਹੇਠ ਭੜਕਾਈ ਜਾ ਰਹੀ ਫਿਕਰਾਪ੍ਰਸਤੀ ਦਾ ਸਾਹਮਣਾ ਕਰ ਰਹੇ ਇਕ ਮੁਸਲਮਾਨ ਪਰਿਵਾਰ ਦੀ ਬੇਵਸੀ ਅਤੇ ਲਾਚਾਰੀ ਨੂੰ ਬਹੁਤ ਬਾਰੀਕੀ ਨਾਲ ਪੇਸ਼ ਕਰਦੀ ਹੈ ਅਤੇ ਇਹਨਾਂ ਸਮਿਆਂ ਦੌਰਾਨ ਭਾਰਤ ਦਾ ਮੁਸਲਮਾਨ ਭਾਈਚਾਰਾ ਮਾਨਸਿਕ ਤੌਰ 'ਤੇ ਜਿਨ੍ਹਾਂ ਹਾਲਤਾਂ ਵਿੱਚ ਦੀ ਲੰਘਿਆ ਹੈ, ਉਨ੍ਹਾਂ ਹਾਲਤਾਂ ਨੂੰ ਰਿਕਾਰਡ ਕਰਨ ਦਾ ਇਕ ਕੀਮਤੀ ਸਾਧਨ ਬਣ ਜਾਂਦੀ ਹੈ। ਇਸ ਦੇ ਨਾਲ ਹੀ ਫਿਲਮ ਬਾਬਰੀ ਮਸਜਿਦ ਢਾਹੇ ਜਾਣ ਦੀ ਘਟਨਾ ਨੂੰ ਇਕ ਅਜਿਹੀ ਘਟਨਾ ਦੇ ਤੌਰ 'ਤੇ ਰਿਕਾਰਡ ਕਰਦੀ ਹੈ, ਜਿਹੜੀ ਘਟਨਾ ਭਾਰਤ ਵਿੱਚ ਬਹੁਗਿਣਤੀਵਾਦ ਦੇ ਦਮਨ ਦੀ ਸ਼ੁਰੂਆਤ ਹੋਣ ਦਾ ਪ੍ਰਤੀਕ ਹੈ। ਇਸ ਗੱਲ ਨੂੰ ਸਈਦ ਅਖਤਰ ਮਿਰਜ਼ਾ ਨੇ ਫਿਲਮ ਦੇ ਸ਼ੁਰੂ ਵਿੱਚ ਇਕ ਲਿਖਤੀ ਸਲਾਈਡ ਵਿੱਚ ਇਨ੍ਹਾਂ ਸ਼ਬਦਾ ਵਿੱਚ ਲਿਖਿਆ ਹੈ,"ਭਾਰਤ ਮੇਂ, 6 ਦਸੰਬਰ 1992 ਕੋ, ਕੁੱਛ ਲੋਗੋਂ ਨੇ ਏਕ ਪੁਰਾਣੀ, ਇਤਿਹਾਸਕ ਮਸਜਿਦ ਕੋ ਗਿਰਾ ਦਿਆ, ਕਿਉਂਕਿ ਉਨਕਾ ਵਿਸ਼ਵਾਸ ਥਾ ਕਿ ਵੁਹ ਮਸਜਿਦ, ਠੀਕ ਉਸੀ ਜਗਹ ਬਣੀ ਥੀ ਯਹਾਂ ਭਗਵਾਨ ਸ਼੍ਰੀ ਰਾਮ ਕਾ ਜਨਮ ਹੂਆ ਥਾ। ਉਸ ਕੇ ਬਾਅਦ ਕੇ ਦੰਗੇ, ਝਗੜੇ, ਲੂਟ-ਮਾਰ ਔਰ ਹਿੰਸਾ ਸੇ ਭਰੇ ਮਹੀਨੇ ਹਰ ਭਾਰਤਵਾਸੀ ਕੋ ਹਮੇਸ਼ਾਂ ਯਾਦ ਰਹੇਂਗੇ। ਉਸ ਏਕ ਹਾਦਸੇ ਨੇ ਭਾਰਤੀਏ ਇਤਿਹਾਸ ਕਾ ਏਕ ਦੌਰ ਖਤਮ ਕਰ ਦਿਆ… ਜੋ ਸ਼ਾਇਦ ਕਭੀ ਲੌਟ ਕਰ ਨਹੀਂ ਆਏਗਾ।"  

ਆਪਣੀ ਜ਼ਿੰਦਗੀ ਬਾਰੇ ਬਣੀ ਡਾਕੂਮੈਂਟਰੀ "ਸਈਦ ਮਿਰਜ਼ਾ: ਦਾ ਲੈਫਟਿਸਟ ਸੂਫੀ" ਵਿਚ ਸਿਨਮੇ ਬਾਰੇ ਗੱਲ ਕਰਦਿਆਂ, ਸਈਦ ਮਿਰਜ਼ਾ ਕਹਿੰਦਾ ਹੈ:


ਮੈਂ ਮੰਨਦਾ ਹਾਂ ਕਿ ਸਿਨਮਾ ਮਨ-ਪਰਚਾਵਾ ਹੈ, ਪਰ ਇਹ ਸਿਰਫ ਮਨਪਰਚਾਵਾ ਹੀ ਨਹੀਂ ਹੈ। ਇਸ ਦਾ ਇਕ ਖਾਸ ਤਰ੍ਹਾਂ ਦੀ ਹਕੀਕਤ ਨਾਲ ਜੁੜੇ ਹੋਣਾ ਜ਼ਰੂਰੀ ਹੈ, ਇਸ ਲਈ ਆਪਣੇ ਸਮਿਆਂ ਨੂੰ ਪ੍ਰਤੀਬਿੰਬਤ ਕਰਨਾ ਜ਼ਰੂਰੀ ਹੈ, ਇਸ ਲਈ ਆਪਣੇ ਸਮਿਆਂ ਦਾ ਰਿਕਾਰਡ ਪੇਸ਼ ਕਰਨਾ ਜ਼ਰੂਰੀ ਹੈ। ਅਤੇ ਮੈਂ ਅਜਿਹੀਆਂ ਫਿਲਮਾਂ ਦੇਖਣਾ ਚਾਹੁੰਦਾ ਹਾਂ ਜਿਹੜੀਆਂ ਇਕ ਵਿਅਕਤੀ (ਫਿਲਮਸਾਜ਼) ਦੀ ਸਮਝ ਅਤੇ ਸੋਚ ਦਾ ਪਸਾਰ ਹੋਣ, ਉਹ ਫਿਲਮਸਾਜ਼ ਕੋਈ ਵੀ ਹੋ ਸਕਦਾ ਹੈ - ਮਰਦ, ਔਰਤ, ਬੱਚਾ ਜਾਂ ਕੋਈ ਵੀ ਹੋਰ । ਇਸ ਲਈ ਇਕ ਫਿਲਮਸਾਜ਼ ਵੱਲੋਂ ਤੁਹਾਡੀ ਆਪਣੀ ਦਿਆਨਤਦਾਰੀ ਲਈ ਇਹ ਮਹੱਤਵਪੂਰਨ ਹੈ ਕਿ ਤੁਸੀਂ ਉਸ ਚੀਜ਼ ਦੇ ਨਾਲ ਖੜ੍ਹੇ ਹੋਵੋ ਜਿਸ ਵਿੱਚ ਤੁਸੀਂ ਵਿਸ਼ਵਾਸ ਕਰਦੇ ਹੋ। ਅਤੇ ਇਸ ਤਰ੍ਹਾਂ ਦੀ ਫਿਲਮ ਦੀ ਮੈਂ ਕਦਰ ਕਰਦਾ ਹਾਂ।

… ਸ਼ਾਹਕਾਰ ਵਰਗੀ ਕੋਈ ਚੀਜ਼ ਨਹੀਂ ਹੁੰਦੀ। ਇਹ ਜ਼ਿੰਦਗੀ ਦਾ ਸਫਰ ਹੁੰਦਾ ਹੈ, ਜਿਸ ਵਿੱਚ ਤੁਸੀਂ ਗਲਤੀਆਂ ਕਰਦੇ ਹੋ, ਉਨ੍ਹਾਂ ਨੂੰ ਠੀਕ ਕਰਦੇ ਹੋ ਅਤੇ ਅੱਗੇ ਵਧਦੇ ਹੋ। ਸ਼ਰਤ ਇਹ ਹੈ ਕਿ ਤੁਸੀਂ ਆਪਣਾ ਸਫਰ ਦਿਆਨਤਦਾਰੀ ਨਾਲ ਕਰੋ।


ਆਪਣੇ ਫਿਲਮ ਕੈਰੀਅਰ ਦੇ ਸ਼ੁਰੂ ਵਿੱਚ, ਇਕ ਮੈਗਜ਼ੀਨ ਵਿੱਚ ਲਿਖੇ ਇਕ ਲੇਖ  ਵਿੱਚ ਉਹ ਲਿਖਦਾ ਹੈ:


ਕਲਾਕਾਰ ਦਾ ਕੰਮ ਯਥਾਰਥ, ਆਪਣੀਆਂ ਸਾਰੀਆਂ ਸੂਖਮ ਬਰੀਕੀਆਂ ਸਮੇਤ ਇਕ ਖਾਸ ਯਥਾਰਥ, ਦੀ ਵਰਤੋਂ ਕਰਦਿਆਂ ਇਕ ਅਜਿਹੇ ਆਮ ਸਿਧਾਂਤ ਤੇ ਪਹੁੰਚਣਾ ਹੈ ਜਿਹੜਾ ਉਸ ਖਾਸ ਯਥਾਰਥ ਤੋਂ ਪਾਰ ਜਾ ਕੇ ਸਮਾਜ ਨੂੰ ਉਜਾਗਰ ਕਰੇ, ਇਸ ਦੇ ਨਿਯਮਾਂ, ਇਸ ਦੀਆਂ ਚਾਲਕ ਸ਼ਕਤੀਆਂ ਨੂੰ ਉਜਾਗਰ ਕਰੇ…

ਕਲਾਕਾਰ ਦਾ ਕੰਮ ਉਦੋਂ ਪ੍ਰੋੜ੍ਹ, ਦੂਰ ਦ੍ਰਿਸ਼ਟੀ ਵਾਲਾ ਅਤੇ ਇਤਿਹਾਸਕ ਬਣਦਾ ਹੈ ਜਦੋਂ ਉਸ ਨੂੰ ਆਪਣੀ ਲੰਬੀ, ਦੀਰਘਕਾਲੀ ਜੱਦੋਜਹਿਦ ਦਾ ਅਹਿਸਾਸ ਹੁੰਦਾ ਹੈ। ਉਹ ਜਿਹੜੀਆਂ ਵਿਧੀਆਂ ਅਤੇ ਰੂਪਾਂ ਦੀ ਵਰਤੋਂ ਕਰਦਾ ਹੈ, ਉਹ ਸਿਰਫ ਵਰਤਮਾਨ ਨਾਲ ਹੀ ਨਹੀਂ ਨਿਪਟਦੇ, ਸਗੋਂ ਉਹ  ਭੂਤ ਅਤੇ ਭਵਿੱਖ ਨੂੰ ਵੀ ਆਪਣੇ ਘੇਰੇ ਵਿੱਚ ਲੈਂਦੇ ਹਨ। ਕਲਾਕਾਰ ਦਾ ਕੰਮ ਅਚਾਨਕ ਹੋਇਆ ਵਿਸਫੋਟ ਨਹੀਂ ਹੁੰਦਾ, ਸਗੋਂ ਇਕ ਅਜਿਹਾ ਵਿਸਫੋਟ ਹੁੰਦਾ ਹੈ ਜਿਹੜਾ ਪ੍ਰੋੜ੍ਹ ਹੋਣ ਦੇ ਇਕ ਲੰਮੇ ਅਮਲ ਬਾਅਦ ਪੈਦਾ ਹੁੰਦਾ ਹੈ। ਉਸ ਦਾ ਕੰਮ ਵਿਕਾਸ ਦਿਖਾਉਂਦਾ ਹੈ। ਇਕ ਹੱਦ ਤੱਕ ਕਲਾ ਸਮੇਂ ਦੀ ਭੂਮਿਕਾ ਨਿਭਾਉਂਦੀ ਹੈ, ਉਸ ਬਦਲਦੇ ਸਮੇਂ ਦੀ ਭੂਮਿਕਾ, ਜਿਹੜਾ ਸਮਾਂ ਲੋਕਾਂ ਨੂੰ ਅਤੇ ਉਨ੍ਹਾਂ ਦੇ ਆਲੇ ਦੁਆਲੇ ਦੀ ਦੁਨੀਆ ਨੂੰ ਬਦਲਦਾ ਦਿਖਾਉਂਦੀ ਹੈ।  (10)


ਜੇ ਅਸੀਂ ਸਈਦ ਅਖਤਰ ਮਿਰਜ਼ਾ ਦੀਆਂ ਫਿਲਮਾਂ ਅਤੇ ਸਿਨਮੇ ਬਾਰੇ ਉਸ ਦੇ ਵਿਚਾਰਾਂ ਨੂੰ ਮੇਲ ਕੇ ਦੇਖੀਏ ਤਾਂ ਅਸੀਂ ਕਹਿ ਸਕਦੇ ਹਾਂ ਕਿ ਉਸ  ਦਾ ਸਿਨਮਾ 1970ਵਿਆਂ ਤੋਂ ਲੈ 1990ਵਿਆਂ ਤੱਕ ਦੇ ਭਾਰਤੀ ਸਮਾਜ ਵਿੱਚ ਜੋ ਕੁੱਝ ਵਾਪਰ ਰਿਹਾ ਸੀ, ਉਸ ਨੂੰ ਰਿਕਾਰਡ ਕਰਨ, ਉਸ ਨੂੰ ਪ੍ਰਭਾਵਿਤ ਕਰਨ ਵਾਲੀਆਂ ਚਾਲਕ ਸ਼ਕਤੀਆਂ ਦੀ ਨਿਸ਼ਾਨਦੇਹੀ ਕਰਨ ਦੇ ਨਾਲ ਨਾਲ ਇਹ ਵੀ ਦਰਸਾਉਂਦੀਆਂ ਹਨ ਕਿ ਉਸ ਸਮੇਂ ਦਾ ਭਾਰਤੀ ਸਮਾਜ ਭਵਿੱਖ ਵਿੱਚ ਕਿੱਧਰ ਨੂੰ ਜਾ ਰਿਹਾ ਹੈ। ਉਸ ਸਮੇਂ ਦੇ ਸਮਾਜ ਨੂੰ ਨਾਂਹ-ਪੱਖੀ ਢੰਗ ਨਾਲ ਪ੍ਰਭਾਵਿਤ ਕਰਨ ਵਾਲੀਆਂ ਸ਼ਕਤੀਆਂ ਵਰਤਮਾਨ ਵਿੱਚ ਖਤਮ ਨਹੀਂ ਹੋਈਆਂ ਸਗੋਂ ਹੋਰ ਸ਼ਕਤੀਸ਼ਾਲੀ ਅਤੇ ਤਿੱਖੀਆਂ ਹੋ ਗਈਆਂ ਹਨ। ਇਸ ਲਈ ਉਸ ਦੇ ਸਿਨਮੇ ਦੀ ਅੱਜ ਵੀ ਉਨੀ ਹੀ ਪ੍ਰਸੰਗਤਾ ਹੈ, ਜਿੰਨੀ ਅੱਜ ਤੋਂ 40-50 ਸਾਲ ਪਹਿਲਾਂ ਸੀ। ਉਸ ਦੀਆਂ ਫਿਲਮਾਂ ਸਾਨੂੰ ਭਾਰਤੀ ਸਮਾਜ ਵਿੱਚ ਵਾਪਰੀਆਂ ਘਟਨਾਵਾਂ ਨੂੰ ਸਮਝਣ ਵਿੱਚ ਆਉਣ ਵਾਲੇ ਲੰਮੇ ਸਮੇਂ ਤੱਕ ਯੋਗਦਾਨ ਪਾਉਂਦੀਆਂ ਰਹਿਣਗੀਆਂ ਜੋ 1970ਵਿਆਂ ਅਤੇ 1990ਵਿਆਂ ਦੇ ਦਹਾਕਿਆਂ ਵਿੱਚ ਵਾਪਰਿਆ ਅਤੇ ਆਉਣ ਵਾਲੇ ਸਮੇਂ ਵਿੱਚ ਉਸ ਦੇ ਕੰਮ ਦੀ ਮਹੱਤਤਾ ਹੋਰ ਵੀ ਵੱਧਦੀ ਜਾਵੇਗੀ। ਇਸ ਗੱਲ ਨੂੰ ਫਿਲਮਸਾਜ਼ ਮਹੇਸ਼ ਭੱਟ ਦੇ ਸ਼ਬਦਾਂ ਵਿੱਚ ਦੱਸ ਕੇ ਮੈਂ ਇਸ ਲੇਖ ਦਾ ਅੰਤ ਕਰਦਾ ਹਾਂ। ਮਹੇਸ਼ ਭੱਟ ਅਨੁਸਾਰ, " ਉਹ (ਸਈਦ ਮਿਰਜ਼ਾ) ਇਕ ਵਿਦਰੋਹੀ ਸੁਰ ਹੈ। ਅਤੇ ਵਿਦਰੋਹੀ ਸੁਰਾਂ ਨੂੰ ਉਸ ਵੇਲੇ ਬਹੁਤੀ ਮਾਨਤਾ ਨਹੀਂ ਮਿਲਦੀ ਜਦੋਂ ਉਹ ਆਪਣੇ ਪੂਰੇ ਜੋਬਨ 'ਤੇ ਹੁੰਦੀਆਂ ਹਨ। ਸਿਰਫ ਬਾਅਦ ਦੇ ਸਮਿਆਂ ਵਿੱਚ ਹੀ ਪਤਾ ਚੱਲਦਾ ਹੈ ਕਿ ਉਨ੍ਹਾਂ ਨੇ ਅਸਲ ਵਿੱਚ ਕਿੰਨਾ ਯੋਗਦਾਨ ਪਾਇਆ ਸੀ।" (11) ***


ਨੋਟ:
(ਜਿਹੜੀ ਸਮੱਗਰੀ ਹਿੰਦੀ/ਪੰਜਾਬੀ ਵਿੱਚ ਉਪਲਭਧ ਹੈ, ਉਸ ਦਾ ਨੋਟ ਪੰਜਾਬੀ ਵਿੱਚ ਦਿੱਤਾ ਹੈ ਅਤੇ ਜਿਹੜੀ ਸਮੱਗਰੀ ਅੰਗ੍ਰੇਜ਼ੀ ਵਿੱਚ ਹੈ, ਉਸ ਦੇ ਨੋਟ ਅੰਗ੍ਰੇਜ਼ੀ ਵਿੱਚ ਦਿੱਤੇ ਹਨ।)

1 ਸਈਦ ਅਖਤਰ ਮਿਰਜ਼ਾ ਨਾਲ ਗੁਫਤਗੂ", ਰਾਜਿਆ ਸਭਾ ਟੈਲੀਵਿਯਨ, ਯੂ ਟਿਊਬ 'ਤੇ ਅੱਗੇ ਦਿੱਤੇ ਯੂ ਆਰ ਐੱਲ 'ਤੇ ਉਬਲਬਧ: www.youtube.com/watch?v=kuB2B5FNmvM;
2 ਸਈਦ ਅਖਤਰ ਮਿਰਜ਼ਾ ਨਾਲ ਗੁਫਤਗੂ", ਰਾਜਿਆ ਸਭਾ ਟੈਲੀਵਿਯਨ, ਯੂ ਟਿਊਬ 'ਤੇ ਅੱਗੇ ਦਿੱਤੇ ਯੂ ਆਰ ਐੱਲ 'ਤੇ ਉਬਲਬਧ:: www.youtube.com/watch?v=kuB2B5FNmvM;Saeed Mirza: The Leftist Sufi. Director Kireet Khurana and Padmakumar Narasimhamurthy, Climb Media, 2017. Available at Netflix and "Saeed Akhtar Mirza's Debut Novel To Be Launched in New York City." hi India,August 2, 2013, p. 16, www.iaac.us/saeed_akhtar/pdf/Saeed_Akhtar_Mirza.pdf
3 Saeed Mirza: The Leftist Sufi. 2017
4  Saeed Mirza: The Leftist Sufi. 2017
5  ਸਈਦ ਅਖਤਰ ਮਿਰਜ਼ਾ ਨਾਲ ਗੁਫਤਗੂ
6  ਸਈਦ ਅਖਤਰ ਮਿਰਜ਼ਾ ਨਾਲ ਗੁਫਤਗੂ
7 Saeed Akhtar Mirza's Debut Novel, August 2, 2013.
8 "Mirza, Saeed Akhtar" Encyclopedia of Hindi cinema, Popular Prakashan, 2003.
9 "Mirza, Saeed Akhtar" Encyclopedia of Hindi cinema,2003.

10 Mirza, Saeed Akhtar. "Outlook for the Cinema". Social Scientist, Vol.8, No. 5/6, (Dec. 1979-Jan. 1980), pp. 121-125.JSTOR, www.jstor.org/stable/3520281
11  Saeed Mirza: The Leftist Sufi. 2017


Comments

owedehons

slot games http://onlinecasinouse.com/# - play slots free casino slot games <a href="http://onlinecasinouse.com/# ">world class casino slots </a> play slots online

Security Code (required)



Can't read the image? click here to refresh.

Name (required)

Leave a comment... (required)





ਸਾਹਿਤ ਸਰੋਦ ਤੇ ਸੰਵੇਦਨਾ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ