Wed, 30 October 2024
Your Visitor Number :-   7238304
SuhisaverSuhisaver Suhisaver

ਪੰਜਾਬੀ ਜੁਬਾਨ ਦਾ ਅਜ਼ੀਮ ਸ਼ਾਇਰ ਐਸ ਐਸ ਮੀਸ਼ਾ - ਮਨਜੀਤ ਸਿੰਘ ਰੱਤੂ

Posted on:- 04-09-2017

suhisaver

ਇਹ ਉਹ ਸਮਾਂ ਸੀ ਜਦੋਂ ਪੰਜਾਬੀ ਅਦਬ ਵਿਚ ਨਵੀਆਂ ਕਲਮਾਂ ਆ ਰਹੀਆਂ ਸਨ। ਪੰਜਾਬੀ ਸ਼ਾਇਰੀ ਦਾ ਇਕ ਵਿਲੱਖਣ ਨਾਂ ਐਸ ਐਸ ਮੀਸ਼ਾ ਇਕ ਅਜਿਹਾ ਸ਼ਾਇਰ ਸੀ ਜੋ ਆਪਣੇ ਸਮੇਂ ਵਿਚ ਪੰਜਾਬੀ ਸ਼ਾਇਰੀ ਦਾ ਸ਼ਾਹ ਸਵਾਰ ਬਣਿਆ ਰਿਹਾ। ਮੈਂ ਨਿੱਜੀ ਤੌਰ ਤੇ ਐਸ ਐਸ ਮੀਸ਼ਾ ਨੂੰ ਬੜਾ ਨੇੜੇਓ ਤੱਕਿਆ ਹੈ। ਜਦੋਂ ਉਹ ਆਕਾਸ਼ਵਾਣੀ ਜਲੰਧਰ ਦਾ ਪੰਜਾਬੀ ਪ੍ਰੋਗਰਾਮਾਂ ਦਾ ਪ੍ਰੋਡਿਊਸਰ ਸੀ। ਐਸ ਐਸ ਮੀਸ਼ਾ ਕਿਸੇ ਜਾਣਕਾਰੀ ਦਾ ਮਿਥਾਜ ਨਹੀਂ ਹੈ। ਉਹ ਦਿਨ ਵੀ ਯਾਦ ਹਨ ਜਦੋਂ ਉਸ ਦੀ ਕਿਤਾਬ ਕੱਚ ਤੇ ਵਸਤਰ ਨੂੰ ਭਾਰਤੀ ਸਾਹਿਤ ਅਕੈਡਮੀ ਨੇ ਐਵਾਰਡ ਦੇ ਕੇ ਨਿਵਾਜਿਆ ਸੀ।

ਐਸ ਐਸ ਮੀਸ਼ਾ ਨੇ ਚੁਰੱਸਤਾ ਦਸਤਕ, ਧੀਮੇ ਬੋਲ ਤੇ ਕੱਚ ਦੇ ਵਸਤਰ ਵਰਗੀਆਂ ਚਾਰ ਪੁਸਤਕਾਂ ਪੰਜਾਬੀ ਸਾਹਿਤ ਨੂੰ ਦਿੱਤੀਆਂ। 1986 ਦਾ ਉਹ ਸਾਲ ਜਦੋਂ ਮੰਦਭਾਗੇ ਹਾਦਸੇ ਵਿਚ ਇਹ ਸ਼ਾਇਰ ਸਾਡੇ ਤੋਂ ਜੁਦਾ ਹੋ ਗਿਆ। ਅਨੇਕਾਂ ਜਿੰਦਗੀ ਦੀਆਂ ਕਹਾਣੀਆਂ ਤੇ ਯਾਦਾਂ ਅਜੇ ਵੀ ਮੇਰੇ ਅੰਦਰ ਸਮੇਟੀਆਂ ਪਈਆਂ ਹਨ। ਬੜਾ ਨੇੜਿਉਂ ਤੱਕਿਆ ਮੀਸ਼ਾ ਸ਼ਾਇਦ ਮੈਂ ਇਸ ਕਰਕੇ ਵੀ ਜ਼ਿਆਦਾ ਜਾਣਦਾ ਹਾਂ ਜਦੋਂ ਉਨਾਂ ਸੁਪਤਨੀ ਸ੍ਰੀਮਤੀ ਸੁਰਿੰਦਰ ਕੌਰ ਮੀਸ਼ਾ ਪਹਿਲੀ ਵਾਰ ਗੁਰ ਨਾਨਕ ਨੈਸ਼ਨਲ ਕਾਲਜ ਫਾਰ ਵੂਮੈਨ ਦੀ ਪ੍ਰਿੰਸੀਪਲ ਬਣ ਕੇ ਮੇਰੇ ਟਾਊਨ ਨਕੋਦਰ ਪੜਾਉਣ ਲਗ ਪਏ।

ਐਸ ਐਸ ਮੀਸ਼ਾ ਦਾ ਜਨਮ ਨਕੋਦਰ ਕਪੂਰਥਲਾ ਸੜਕ ਤੇ ਪਿੰਡਾ ਭੇਟਾਂ ਵਿਖੇ ਹੋਇਆ ਉਨਾਂ ਨੇ ਆਪਣੀ ਤਲੀਮ ਕਪੂਰਥਲੇ ਤੇ ਹੁਸ਼ਿਆਰਪੁਰ ਤੋਂ ਲਈ। ਬਾਅਦ ਵਿਚ ਉਹ ਅੰਗਰੇਜ਼ੀ ਦੇ ਪ੍ਰਫੈਸਰ ਬਣ ਗਏ। ਕੁਝ ਉਨਾਂ ਦੇ ਪੜਾਏ ਹੋਏ ਵਿਦਿਆਰਥੀ ਆਈ ਏ ਐਸ ਤੇ ਆਈ ਪੀ ਐਸ ਵੀ ਬਣੇ ਹੋਏ ਹਨ। ਇਹ ਉਹ ਜਮਾਨਾ ਸੀ ਜਦੋਂ ਉਸਤਾਦ ਤੇਸ਼ਗਿਰਦ ਦਾ ਰਿਸ਼ਤਾ ਬੜਾ ਗੂੜਾ ਹੁੰਦਾ ਸੀ। ਮੈਨੂੰ ਯਾਦ ਹੈ ਕਿ 1980 ਤੋਂ ਬਾਅਦ ਐਸ ਐਸ ਮੀਸ਼ਾ ਦੇ ਇਕ ਵਿਦਿਆਰਥੀ ਸ੍ਰੀ ਜੀ ਐਸ ਕੇਸਰ ਜਲੰਧਰ ਦੇ ਡਿਪਟੀ ਕਮਿਸ਼ਨਰ ਲੱਗੇ। ਜਲੰਧਰ ਦੀਆਂ ਮਹਿਫਿਲਾਂ ਵਿਚ ਪੰਜਾਬੀ ਸ਼ਾਇਰੀ ਦਾ ਬੋਲਬਾਲਾ ਸ਼ੁਰੂ  ਹੋ ਗਿਆ। ਇਹ ਉਹ ਦਿਨ ਸਨ ਜਦੋਂ ਸੰਚਾਰ ਮੀਡੀਏ ਵਿਚ ਟੈਲੀਵਿਜਨ ਨੇ ਅਜੇ ਪੈਰ ਹੀ ਧਰਿਆ ਸੀ। ਰੇਡੀਓ ਦੀ ਆਪਣੀ ਹੀ ਸਰਦਾਰੀ ਸੀ। ਐਸ ਐਸ ਮੀਸ਼ਾ ਵੱਲੋਂ ਬਣਾਈ ਗਈ ਸਾਹਿਤਿਕ ਸੰਸਥਾ ਦਾਇਰਾ ਨੇ ਅਜਿਹਾ ਪ੍ਰ ਭਾਵ ਬਣਵਾ ਲਿਆ ਜਿਸ ਦਾ ਅੱਜ ਤੱਕ ਵੀ ਕੋਈ ਸਾਨੀ ਨਹੀਂ ਹੈ।

ਉਂਝ ਤਾਂ ਐਸ ਐਸ ਮੀਸ਼ਾ ਦੀਆਂ ਬਹੁਤ ਸਾਰੀਆਂ ਕਹਾਣੀਆਂ ਪ੍ਰਚਲਿਤ ਹਨ ਪਰ ਇਕ ਇੰਟਰਵਿਊ ਜਿਹੜੀ ਮੈਂ ਉਨਾਂ ਜਮਾਨਿਆਂ ਵਿਚ ਟ੍ਰਿਬਿਊਨ ਲਈ ਕੀਤੀ ਉਸ ਦੀ ਲੰਮੇ ਸਮੇਂ ਤੱਕ ਸਾਹਿਤਿਕ ਹਲਕਿਆਂ ਵਿਚ ਚਰਚਾ ਰਹੀ। 30 ਅਗਸਤ 1934 ਨੂੰ ਪੈਦਾ ਹੋਏ ਪੰਜਾਬੀ ਸ਼ਾਇਰੀ ਦੇ ਇਸ ਮਹਾਨ ਲਿਖਾਰੀ ਦੇ ਅੰਦਰ ਰੁਮਾਂਟਿਕ ਭਰਮ ਭੁਲੇਖੇ ਤੋੜਨ ਵਾਲਾ ਯਥਾਰਥ ਸੀ। ਉਹ ਕੌੜੇ ਸੱਚ ਤੇ ਜਿੰਦਗੀ ਦੀਆਂ ਨਿੱਕੀਆਂ ਨਿੱਕੀਆਂ ਅਣਗੋਲੀਆਂ ਭਾਵਨਾਵਾਂ ਦਾ ਸ਼ਾਇਰ ਸੀ। ਉਨਾਂ ਦੀਆਂ ਚਾਰ ਕਿਤਾਬਾਂ ਤੋਂ ਬਾਅਦ 27 ਸਾਲ ਬਾਅਦ ਉਨਾ ਦੀ ਪਤਨੀ ਵੱਲੋਂ ਪ੍ਰਕਾਸ਼ਿਤ ਕਿਤਾਬ ਚਪਲ ਚੇਤਨਾ ਜਿਸ ਵਿਚ 6 ਅਣਛਪੀਆਂ ਕਵਿਤਾਵਾਂ, 21 ਗਜ਼ਲਾਂ ਤੇ 5 ਗੀਤ ਹਨ। ਪੰਜਾਬੀ ਪਾਠਕਾਂ ਦੀ ਖਿੱਚ ਦਾ ਕਾਰਨ ਬਣੀ।

ਐਸ ਐਸ ਮੀਸ਼ਾ ਨੇ ਪੰਜਾਬੀ ਕਵਿਤਾ ਨੂੰ ਜਿੰਦਗੀ ਦੇ ਯਥਾਰਥ ਨਾਲ ਜੋੜਿਆ ਤੇ ਉਸਨੇ ਪੰਜਾਬੀ ਕਵਿਤਾ ਵਿਚ ਭਰਮ ਭੁਲੇਖੇ ਤੋੜਨ ਦੀਆਂ ਪਿਰਤਾਂ ਪਾਈਆ। ਉਹ ਭਰਮ ਭੁਲੇਖੇ ਤੋੜਨ ਵਾਲਾ ਸ਼ਾਇਰ ਸੀ ਤੇ ਕਵਿਤਾ ਵਿਚ ਵੱਡੇ ਵੱਡੇ ਮਸਲਿਆਂ ਨੂੰ ਲਿਆਂਦਾ ਇਸੇ ਕਰਕੇ ਉਹ ਮਨੁੱਖ ਦੀ ਚਪਲ ਚੇਤਨਾ ਦੀ ਗੱਲ ਕਰਦਾ ਹੈ। ਮਨੁੱਖ ਪਲ ਪਲ ਵਟਦੇ ਭਾਵਾਂ ਤੇ ਸੋਚਾਂ ਦਾ ਗੰਢ ਹੈ। ਜਿਵੇਂ ਬਹੁਤ ਤੇਜ਼ੀ ਨਾਲ ਮਨ ਦੀ ਦੁਨੀਆ ਤਬਦੀਲ ਹੁੰਦੀ ਹੈ।

ਅੱਗੇ ਲੰਘ ਜਾਂਦੀ ਹੈ ਯਾਰੋ
ਸੰਸਿਆ ਮਾਰੇ ਭਾਵ ਸਲਾਈ ਪੈ ਜਾਂਦੇ ਨੇ
ਹਫ ਕੇ ਪਿੱਛੇ ਰਹਿ ਜਾਂਦੇ ਨੇ


ਕਵਿਤਾ ਦਾ ਮੁੱਖ ਤੱਤ ਜਜਬਾ ਹੈ ਉਸ ਦੀ ਕਵਿਤਾ ਵਿਚ ਜਜਬਾਤ ਦਾ ਜਲੌਅ ਹੈ। ਅਸਲ ਵਿਚ ਐਸ ਐਸ ਮੀਸ਼ਾ ਤੇ ਤੇਜ ਬੁੱਧੀ ਵਾਲਾ ਵਿਅਕਤੀ ਆਪਣੀ ਕਵਿਤਾ ਦੀ ਪਹਿਚਾਣ ਬੌਧਿਕਤਾ ਦੀ ਆਧਾਰ ਤੇ ਕਰਵਾਉਂਦਾ ਹੈ। ਸ਼ਿਵ ਕੁਮਾਰ ਬਟਾਲਵੀ ਤੇ ਐਸ ਐਸ ਮੀਸ਼ਾ ਸਮਕਾਲੀ ਹਮ ਉਮਰ ਕਵੀ ਸਨ। ਪਰ ਦੋਵੇਂ ਤਬੀਅਤ ਤੋਂ ਇਕ ਦੂਜੇ ਦੇ ਉਲਟ ਸ਼ਿਵ ਵਿਚ ਜਜਬਾਤ ਭਰੇ ਸਨ ਤੇ ਉਸਨੇ ਪਿਆਰ ਨੂੰ ਬਿਰਹਾ ਵਿਚ ਬਦਲ ਦਿੱਤਾ। ਜਦ ਕਿ ਮੀਸ਼ੇ ਦੇ ਲਫਜਾਂ ਵਿਚ 20 ਸਦੀ ਦਾ ਪ੍ਰੇਮ ਬਿਰਹਾ ਪ੍ਰਧਾਨ ਨਹੀਂ ਹੈ। ਮੀਸ਼ੇ ਨੂੰ ਸ਼ਿਵ ਦੀ ਭਾਵੁਕਤਾ, ਉਪਭਾਵੁਕਤਾ ਲਗਦੀ। ਮੈਨੂੰ ਯਾਦ ਹੈ ਕਿ ਇਕ ਦਿਨ ਆਲ ਇੰਡੀਆ ਰੇਡੀਓ ਜਲੰਧਰ ਦੇ ਵਿਹੜੇ ਵਿਚ ਘੰਟਿਆ ਬੱਦੀ ਗੱਲਾਂ ਕਰਦੇ ਰਹੇ। ਔਰ ਮੀਸ਼ੇ ਨੂੰ ਇਸ ਗੱਲ ਦਾ ਗਿਲਾ ਸੀ ਕਿ ਸ਼ਿਵ ਦੀ ਸ਼ਾਇਰੀ ਪੰਜਾਬ ਦੇ ਨੌਜਵਾਨਾਂ ਨੂੰ ਗੁੰਮਰਾਹ ਕੁੰਨ ਰਸਤੇ ਤੇ ਲੈ ਆਂਦਾ ਹੈ। ਇਹ ਵਿਚਾਰ ਮੀਸ਼ੇ ਦੇ ਆਪਣੇ ਤਜਰਬੇ ਵਿਚੋਂ ਸਨ। ਸ਼ਿਵ ਦੀ ਕਵਿਤਾ ਜ਼ਿੰਦਗੀ ਦੀ ਅਸਲੀਅਤ ਤੋਂ ਦੂਰ ਮਨੁੱਖ ਨੂੰ ਮਨੋਕਲਪਿਤ ਸੰਸਾਰ ਵਲ ਧੱਕਣ ਵਾਲੀ ਪ੍ਰਵਿਰਤੀ ਤੇ ਇਸ ਦੇ ਉਲਟ  ਮੀਸ਼ੇ ਦੀ ਕਵਿਤੀ ਨਿੱਤ ਵਾਪਰਦੇ ਅਸਲੀਅਤ ਨੂੰ ਮਹੱਤਵ ਦੇਣ ਵਾਲੀ ਸੀ ਇਸੇ ਕਾਰਕ ਉਹ ਸੰਸਾਰ ਦੀਆਂ ਖਿੱਚਾਂ ਦੀ ਗੱਲ ਵਾਰ ਵਾਰ ਕਰਦਾ ਰਿਹਾ। ਪਰ ਇਹ ਵੀ ਮਹਿਸੂਸ ਕਰਦਾ ਰਿਹਾ ਕਿ ਖਿੱਚਾਂ ਵਿਚ ਤ੍ਰਿਪਤੀ ਨਹੀਂ ਹੈ। ਤ੍ਰਿਪਤੀ ਤੇ ਤ੍ਰਿਸ਼ਨਾ ਨਾਲ ਨਾਲ ਚਲਦੀਆਂ ਹਨ।

ਤੋਂ ਸਿਮਟਣਾ ਨਹੀਂ ਸੀ, ਨਾ ਮੈਂ ਹੀ ਸੀ ਬਿਖਰਣਾ,
ਤੇਰਾ ਦਬੰਦ ਹੋਰ ਸੀ ਮੇਰਾ ਦਬੰਦ ਹੋਰ ਸੀ
ਹਾਂ ਠੀਕ ਹੈ ਤੇਰੇ ਨਾਲ ਵੀ ਉਹ ਗੱਲ ਨਹੀਂ ਰਹੀ
ਹਾਲੇ ਵੀ ਤੇਰੇ ਬਾਝ ਨਾ ਕੋਈ ਪਸੰਦ ਹੋਰ


ਮੱਧ ਕਾਲ ਦੀ ਲਿਖੀ ਜਾ ਰਹੀ ਪੰਜਾਬੀ ਕਵਿਤਾ ਵਿਚ ਰੱਬ ਦਾ ਰਹੱਸ ਮੁੱਖ ਵਿਸ਼ਾ ਰਿਹਾ ਹੈ ਕੁਦਰਤ ਮਨੁੱਖ ਲਈ ਰਹੱਸ ਸੀ ਤੇ ਸ਼ਾਇਦ ਇਸੇ ਕਰਕੇ ਮੱਧਕਾਲੀਨ ਪੰਜਾਬੀ ਕਵੀਆਂ ਨੇ ਰੱਬ ਦੇ ਰਹੱਸ ਨਾਲ ਨਿਰਬਲ ਮਨੁੱਖ ਨੂੰ ਜੋੜ ਕੇ ਬਲ ਦੇਣ ਦੀ ਕੋਸ਼ਿਸ਼ ਕੀਤੀ। ਨਵੇਂ ਯੁੱਗ ਦੀਆ ਵਿਗਿਆਨਿਕ ਕਾਢਾਂ ਨੇ ਮਨੁੱਖ ਅੰਦਰ ਆਤਮ ਵਿਸ਼ਵਾਸ਼ ਪੈਦਾ ਕਰ ਦਿੱਤਾ ਤੇ ਹੁਣ ਮਨੁਖ ਆਪਣੀ ਤਕਦੀਰ ਦਾ ਆਪ ਸੁਆਮੀ ਬਣ ਗਿਆ। ਆਪਣੇ ਹਾਲਾਤ ਆਪ ਬਦਲਣ ਲਈ ਤਿਆਰ ਹੋ ਗਿਆ ਹੈ। ਇਸ ਸਦੀ ਦੀ ਪੰਜਾਬੀ ਕਵਿਤਾ ਦਾ ਮੁੱਖ ਪਾਤਰ ਇਹੋ ਹੀ ਅੱਜ ਦਾ ਮਨੁੱਖ ਹੈ। ਇਹ ਮਨੁੱਖ ਹੁਣ ਸੰਸਾਰ ਨੂੰ ਦੁੱਖਾਂ ਦਾ ਘਰ ਨਹੀਂ ਮੰਨਦਾ ਤੇ ਸੰਸਾਰ ਦੇ ਸੁਖ ਤੇ ਖਿੱਚਾਂ ਉਸਨੂੰ ਖਿੱਚਦੀਆਂ ਹਨ। ਉਹ ਉਸ ਚੇਤਨਾ ਨੂੰ ਖਬਰਦਾਰ ਕਰਦਾ ਹੈ ਜਿੱਥੇ ਸੁੱਖ ਨਾਲ ਤੁਰੇ ਆ ਰਹੇ ਦੁਖ ਵੀ ਉਸਨੂੰ ਡਰਾਉਂਦੇ ਹਨ। ਐਸ ਐਸ ਮੀਸ਼ਾ ਦੀ ਕਵਿਤਾ ਵਿਚ ਇਹ ਰੰਗ ਦੇਖਣ ਨੂੰ ਮਿਲਦੇ ਹਨ। ਇਕ ਨਿੱਕੀ ਜਿਹੀ ਉਸਦੀ ਕਵਿਤਾ 'ਸੰਕਟ' ਆਪਣੇ ਆਪ ਵਿਚ ਕਹਾਣੀ ਪੇਸ਼ ਕਰਦੀ ਹੈ। ਦੋ ਪ੍ਰੇਮੀ ਘੁੰਮ ਫਿਰ ਰਹੇ ਹਨ। ਵਿਆਹ ਹੋ ਜਾਣ ਦੀ ਸੰਭਾਵਨ ਹੈ। ਅੱਜ ਦਾ ਸੋਚ ਵਾਨ ਪ੍ਰੇਮੀ ਸੋਚਦਾ ਹੈ

ਹੁਣ ਤਾਂ ਮੈਨੂੰ ਇਹ ਸੰਸਾ ਹੈ
ਸੱਚ ਮੁੱਚ ਮੇਰੀ ਨਾ ਹੋ ਜਾਏ?
ਨੇੜੇ ਹੋ ਕੇ ਇੰਝ ਲਗਦਾ ਹੈ
ਭਲਕੇ ਸਾਨੂੰ ਰੋਟੀ-ਟੁੱਕ ਦੀ ਚਿੰਤਾ ਹੋਣੀ
ਫੁੱਲ ਕਲੀਆਂ ਦੀਆਂ ਮਹਿਕਾਂ ਦੇ ਵਿਚ
ਘੁਲ ਜਾਣਾ ਹੈ ਲੂਣ ਵਿਸਾਰ

ਐਸ ਐਸ ਮੀਸ਼ਾ ਨੇ ਬਹੁਤ ਘੱਟ ਲਿਖਿਆ ਹੈ ਲਗਭਗ 30 ਸਾਲਾਂ ਦੀ ਸਿਰਜਣ ਪ੍ਰਕਿਰਿਆ ਵਿਚ ਉਸ ਦੀ ਕਵਿਤਾ ਦੀਆ 4 ਛੋਟੀਆ ਛੋਟੀਆਂ ਕਿਤਾਬਾਂ ਹਨ।

ਚੁਰਸਤਾ 1961
ਦਸਤਕ 1966
ਧੀਮੇ ਬੋਲ 1969
ਕੱਚ ਦੇ ਵਸਤਰ 1974
ਚਪਲ ਚੇਤਨ 2013


1974 ਤੋਂ 1986 ਤੱਕ ਦੀਆਂ ਕਵਿਤਾਵਾਂ ਇਸ ਵਿਚ ਹਨ। 27 ਸਾਲ ਉਸ ਦੀ ਮੌਤ ਤੋਂ ਬਾਅਦ ਉਸ ਦੀ ਪਤਨੀ ਵੱਲੋਂ ਉਸਦੀਆਂ ਕਵਿਤਾਵਾਂ ਸੰਭਾਲੀ ਰੱਖਣਾ ਇਸ ਲਈ ਪੰਜਾਬੀ ਜਗਤ ਉਨਾ ਦਾ ਸਦਾ ਰਿਣੀ ਰਵੇਗਾ। ਸੰਸਾਰ ਦੇ ਬਦਲਦੇ ਹਾਲਾਤਾਂ ਦੇ ਨਾਲ ਨਾਲ ਭਾਰਤ ਦੀ ਆਜ਼ਾਦੀ ਤੋਂ ਬਾਅਦ ਜਦੋਂ ਖੱਬੀ ਧਿਰ ਨੇ ਆਲੋਚਨਾਤਮਕ ਸੁਰ ਉਭਾਰੀ ਤਾਂ ਇਸ ਰਾਹ ਤੁਰੇ ਜਾਂਦੇ ਬਹੁਤ ਸਾਰੇ ਕਵੀਆਂ ਨੇ ਜੁਝਾਰ ਵਾਦੀ ਕਵਿਤਾ ਲਿਖੀ। ਪੰਜਾਬ ਵਿਚਲੇ ਕਈ ਤਰਾਂ ਦੇ ਛਿੜੇ ਅੰਦੋਲਨਾਂ ਨੇ ਟਕਰਾਓ ਵੀ ਪੈਦਾ ਕੀਤੇ। ਇਸੇ ਦੌਰਾਨ ਐਸ ਐਸ ਮੀਸ਼ਾ ਦੀ ਕਵਿਤਾ ਵੀ ਵਿਅਕਤੀ ਤੇ ਸਮਾਜ ਨੂੰ ਅਲੱਗ ਨਾ ਕਰ ਸਕੀ। ਉਸ ਨੇ ਖੁਸ਼ੀਆ ਗਮੀਆਂ ਨੂੰ ਮੁੱਖ ਮਹੱਤਵ ਦਿੱਤਾ। ਐਸ ਐਸ ਮੀਸ਼ਾ ਨੇ ਨਵੇਂ ਯਥਾਰਥ ਨੂੰ ਪੇਸ਼ ਕਰਨ ਦੀ ਖਾਤਰ ਕਵਿਤਾ ਨੂੰ ਵਾਰਤਕ ਦੇ ਨੇੜੇ ਲੈ ਆਉਂਦਾ। ਪੰਜਾਬੀ ਦੇ ਕਈ ਪਾਠਕਾਂ ਨੇ ਉਸ ਦੀ ਕਵਿਤਾ ਨੂੰ ਸੋਹਜ ਦੀ ਘਾਟ ਦਾ ਪ੍ਰਤੀਕ ਵੀ ਦੱਸਿਆ ਤੇ ਇਕ ਵਾਰ ਪੰਜਾਬੀ ਦੇ ਪ੍ਰਸਿੱਧ ਆਲੋਚਕ ਡਾ.ਅਤਰ ਸਿੰਘ ਨੇ ਕਿਹਾ ਕਿ ਮੀਸ਼ੇ ਦੀ ਕਾਵਿ ਪੰਕਤੀ ਕਵਿਤਾ ਦੀ ਪੰਕਤੀ ਪ੍ਰਤੀਤ ਨਹੀਂ ਹੁੰਦੀ। ਵਾਰਤਕ ਦਾ ਵਾਕ ਪ੍ਰਤੀਤ ਹੁੰਦੀ ਹੈ। ਪਰ ਉਸਨੂੰ ਸੋਹਜ ਨਾਲੋਂ ਯਥਾਰਥ ਦਾ ਜਿਆਦਾ ਮੋਹ ਸੀ। ਇਸੇ ਯਥਾਰਥ ਦੇ ਮੋਹ ਕਾਰਨ ਉਸਦੀ ਕਵਿਤਾ ਵਿਚ ਉਹ ਵਸਤੂ ਵੀ ਆਈ ਜੋ ਹੋਰਨਾਂ ਕਵੀਆਂ ਦੀ ਕਵਿਤਾ ਵਿਚ ਨਹੀਂ ਆਈ ਜਿਵੇਂ ਆਜਾਦੀ ਸੰਗਰਾਮੀਆ ਦੇ ਜੀਵਨ ਦੀ ਤਰਾਸਦੀ ਵੀ ਚਿੱਤਰੀ।

ਛੱਡ ਕੇ ਜੱਗ ਭੀੜਾਂ ਸਨਮਾਨੇ ਰਾਹਾਂ ਨੂੰ
ਤੂੰ ਜਿਸ ਔਝੜ ਪੈਂਡੇ ਕਦਮ ਵਧਾਇਆ ਹੈ
ਇਹ ਪੈਂਡਾ ਹੈ ਮੱਲਿਆ ਸੁੰਨ ਮਸਾਣਾ ਨੇ
ਇਸ ਪੈਂਡੇ ਦਾ ਸਾਥੀ ਤੇਰਾ ਸਾਇਆ ਹੈ
ਇਸ ਪੈਂਡੇ ਜਿਹੇ ਕੋਈ ਸਬੱਬੀ ਮਿਲਿਆ ਵੀ
ਉਸ ਤੋਂ ਤੇਰੇ ਬੋਲ ਪਛਾਣੇ ਜਾਣੇ ਨੇ
ਆਪਣਾ ਹੀ ਮੂੰਹ ਤੱਕਣਾ ਚਾਹਿਆ ਸ਼ੀਸ਼ੇ ਵਿਚ
ਤੈਂਥੋਂ ਆਪਣੇ ਨਕਸ਼ ਸਿਆਣੇ ਜਾਣੇ ਨਹੀਂ


ਪੰਜਾਬੀ ਕਵਿਤਾ ਦੇ ਵੱਖ ਵੱਖ ਸਮਿਆਂ ਵਿਚ ਬੁੱਧੀ ਮਾਨ ਤੇ ਪੰਜਾਬੀ ਸਾਹਿਤਕਾਰ ਪੰਜਾਬ ਦੇ ਜੁਝਾਰਵਾਦੀ ਅੰਦੋਲਨਾਂ ਵਿਚ ਸ਼ਾਮਿਲ ਹੋ ਗਏ। ਇਸ ਅੰਦੋਲਨ ਵਿਚ ਮੀਸ਼ਾ ਇਕ ਵਾਰ ਗ੍ਰਿਫਤਾਰ ਵੀ ਹੋਇਆ। ਬੁੱਧੀਮਾਨ, ਸੰਵੇਦਨਸ਼ੀਲ ਸੋਚ ਦਾ ਵਿਅਕਤੀ ਜੁਝਾਰਵਾਦੀਆਂ ਨਾਲ ਮਿਲਕੇ ਹੋਣ ਦੇ ਬਾਵਜੂਦ ਵੀ ਮੀਸ਼ੇ ਦੇ ਹਥਿਆਰ ਬੰਦੂਕ ਤੇ ਗੋਲੀ ਨਹੀਂ ਸਨ। ਸੋਚਾਂ, ਅਹਿਸਾਸ, ਮਾਨਵਤਾ ਬਾਰੇ ਉਹ ਚਿੰਤਨ ਸੀ। ਪਰ ਚਿੰਤਨ ਜੁਝਾਰਵਾਦੀਆਂ ਨਾਲੋਂ ਵੱਖਰਾ ਇਸੇ ਕਰਕੇ ਉਹ ਉਹਨਾਂ ਰਾਹਾਂ ਤੇ ਨਹੀਂ ਤੁਰਿਆ।

ਜੋ ਸਮਝੇ ਮਹਿਰਮ ਦਿਲ ਦੇ ਸਨ
ਹੁਣ ਜਦੋਂ ਕਦੀ ਵੀ ਮਿਲਦੇ ਸਨ
ਤਲਵਾਰ ਨਾਲ ਸੰਗੀਨ ਨਾਲ
ਜਾ ਕਲਮ ਦੀ ਨੋਕ ਮਹੀਨ ਨਾਲ
ਧਰਤੀ ਦੇ ਪਿੰਡੇ ਗੋਰੇ ਤੇ
ਜਾਂ ਚਿੱਟੇ ਕਾਗਜ ਕੋਰੇ ਤੇ
ਖਿੱਚ ਦੇ ਨੇ ਲੀਕ ਬਰੀਕ ਜਿਹੀ
ਮੇਰੇ ਦਿਲ ਤੋਂ ਉਸਦੀ ਚੀਖ ਜਿਹੀ
ਦਸ ਭੇਦ ਆਪਣੇ ਖਾਸੇ ਦਾ
ਤੋਂ ਲੀਕੋਂ ਕਿਹੜੇ ਪਾਸੇ ਦਾ


ਐਸ ਐਸ ਮੀਸ਼ਾ ਦੇ ਜੀਵਨ ਕਾਲ ਸਮੇਂ ਪੰਜਾਬ ਵਿਚ ਜੋ ਕੁਝ ਵਾਪਰਿਆ ਉਸ ਤੋਂ ਕੋਈ ਵੀ ਕਵੀ ਪ੍ਰਸੰਨ ਨਹੀਂ ਹੋ ਸਕਦਾ। ਐਸ ਐਸ ਮੀਸ਼ਾ ਦੀ ਪੀੜਤ 19 ਅਕਤੂਬਰ 1983 ਨੂੰ ਗੁਰ ਨਾਨਕ ਨੈਸਨਲ ਕਾਲਜ਼ ਫਾਰ ਵੂਮੈਨ ਨਕੋਦਰ ਦੇ ਵਿਹੜੇ ਵਿਚ ਜਦੋਂ ਮੇਰੀਆ ਦੋ ਪਹਿਲੀਆਂ ਕਿਤਾਬਾਂ ਰੀਲੀਜ਼ ਕੀਤੀਆਂ। ਤਾਂ ਇਸ ਮਹਾਨ ਸ਼ਾਇਰ ਦਾ ਕਹਿਣਾ ਸੀ ਕਿ ਪੁਸਤਕਾਂ ਕਿਸੇ ਲੇਖਕ ਦਾ ਆਧਾਰ ਹੁੰਦੀਆਂ ਹਨ। ਮੇਰੀ ਪਹਿਲੀ ਕਿਤਾਬ ਖਾਲੀ ਖਾਲੀ ਮਨ ਮੇਰੀਆਂ ਕਾਲਜ ਦੇ ਜਮਾਨੇ ਦੀਆਂ ਲਿਖੀਆਂ ਕਹਾਣੀਆਂ ਤੇ ਕੁਝ ਵਿਦਵਾਨਾਂ ਨੇ ਤਿੱਖੀਆਂ ਟਿੱਪਣੀਆਂ ਕੀਤੀਆਂ। ਹਰਭਜਨ ਸਿੰਘ ਬਟਾਲਵੀ ਤੇ ਈਸ਼ਰ ਸਿੰਘ ਅਟਾਰੀ ਨੇ ਪੇਪਰ ਪੜੇ ਤੇ ਕੁਝ ਵਿਦਵਾਨਾਂ ਨੇ ਤਨਕੀਦ ਕਰਦਿਆਂ ਕਿਹਾ ਇਹ ਕਹਾਣੀਆਂ ਮੀਸ਼ੇ ਦੀ ਕਵਿਤਾ ਵਾਂਗ ਵਰਤਮਾਨ ਯਥਾਰਥ ਨੂੰ ਪੇਸ਼ ਕਰਦੀਆਂ ਹਨ। ਪੰਜਾਬ ਦੇ ਉਹ ਦਿਨ ਸਨ ਜਦੋਂ ਮੂਲਵਾਦੀ ਤਾਕਤਾਂ ਹੱਥਾਂ ਵਿਚ ਬੰਦੂਕਾਂ ਚੱਕ ਕੇ ਘੱਟ ਗਿਣਤੀਆਂ ਨੂੰ ਨਿਸ਼ਾਨਾਂ ਬਣਾ ਰਹੀਆਂ ਸਨ। ਇਸ ਭਰੇ ਸਮਾਗਮ ਵਿਚ ਐਸ ਐਸ ਮੀਸ਼ਾ ਨੇ ਜਿਹੜੇ ਸ਼ੇਅਰ ਸੁਣਾਏ ਉਨਾਂ ਵਿਚ ਪੰਜਾਬ ਦੀ ਪੀੜਾ ਦੀ ਖੁੱਲ ਕੇ ਵਰਣਨ ਸੀ।

ਰਾਵੀ, ਬਿਆਸ ਜਾਂ ਜੇਹਲਮ, ਚਨਾਬ ਦੀ ਗੱਲ
ਰਾਵੀ ਕਰੇ ਹੁਣ ਕਹਿੜੇ ਪੰਜਾਬ ਦੀ ਗੱਲ
ਪੱਤੀ ਪੱਤੀ ਗਈ ਵਲੂੰਦਰੀ ਉਸਦੀ
ਸ਼ਰਫ ਕਰਦਾ ਸੀ ਜਿਹੜੇ ਗੁਲਾਬ ਦੀ ਗੱਲ
ਪਾਜ ਖੁੱਲ ਜਾਵੇ ਘਾਲੇ ਮਾਲਿਆਂ ਦਾ
ਬਹਿ ਕੇ ਲੋਕ ਜੇ ਕਰਨ ਹਿਸਾਬ ਦਾ ਗੱਲ


ਅਗਲੇ ਸਾਲ ਇਹ ਜੂਨ ਵਿਚ 1984 ਦਾ ਇਹ ਸਭ ਤੋਂ ਵੱਡਾ ਘੱਲੂਘਾਰਾ ਹੋਵੇਗਾ। ਹਜ਼ਾਰਾ ਲੋਕ ਮਾਰੇ ਗਏ। ਇਹ ਉਹ ਘਟਨਾਵਾਂ ਸਨ ਜੋ ਹਰ ਚੇਤਨ ਵਿਅਕਤੀ ਨੂੰ ਹਲੂਣ ਵਾਲੀਆਂ ਸਨ। ਮੈਨੂੰ ਜਾਤੀ ਤੌਰ ਤੇ ਯਾਦ ਹੈ ਐਸ ਐਸ ਮੀਸ਼ਾ ਇਨਾਂ ਘਟਨਾਵਾਂ ਤੋਂ ਬੜਾ ਖਫ਼ਾ ਸੀ। ਆਕਾਸ਼ਵਾਣੀ ਜਲੰਧਰ ਦਾ ਸਰਕਾਰੀ ਅਧਿਕਾਰੀ ਹੋਣ ਕਰਕੇ ਵੀ ਉਹ ਕਦੀ ਕਦੀ ਖੁੱਲ ਕੇ ਗੱਲ ਕਰ ਲੈਂਦਾ। ਚਪਲ ਚੇਤਨਾ ਵਿਚ ਉਸਦੀਆਂ ਕੁਝ ਅਜਿਹੀਆਂ ਵੰਨਗੀਆਂ ਹਨ ਜਿਸ ਵਿਚੋਂ ਉਸ ਦਾ ਦਰਦ ਮਹਿਸੂਸ ਹੁੰਦਾ ਹੈ।

ਗੁਰੂ ਨੇ ਸਮਝਾਇਆ ਸਾਨੂੰ ਬਣ ਕੇ ਹਿੰਦ ਦੀ ਚਾਦਰ
ਧਰਮ ਸਾਰੇ ਪਵਿੱਤਰ ਨੇ ਕਰੋ ਹਰ ਧਰਮ ਦਾ ਆਦਰ
ਤਿਲਕ-ਜੰਞੂ ਜੁੜੇ ਹੋਏ ਇਕ ਧਰਮ ਨਾਲ ਠੀਕ ਨੇ ਦੋਵੇਂ
ਇਬਾਦਤ ਦੀ ਆਜ਼ਾਦੀ ਦੇ ਐਪਰ ਪਰਤੀਕ ਨੇ ਦੋਵੇਂ
ਅਸੀਂ ਹਾਂ ਹਿੰਦ ਸਾਰੀ ਦੇ ਇਹ ਹਿੰਦ ਸਾਰੀ ਸਾਡੀ ਹੈ
ਅਸੀਂ ਜਿਊਂਦੇ ਹਾਂ ਖਾਤਰ ਜਿੰਦ ਸਾਡੀ ਹੈ
ਕਿਸੇ ਕਸ਼ਮੀਰ ਦੇ ਪਿੰਡੇ ਕੋਈ ਨਸ਼ਤਰ ਚੁਭੋਈ ਹੈ
ਤਾਂ ਇਹ ਦਿਲ ਵਿਚ ਆਨੰਦਪੁਰ ਦੇ ਬਹੁਤ ਮਹਿਸੂਸ ਹੋਈ


ਉਦੋਂ ਮੈਨੂੰ ਪਤਾ ਨਹੀਂ ਸੀ ਕਿ ਇਹ ਇੱਡੇ ਵੱਡੇ ਸ਼ਾਇਰ ਨਾਲ ਮੇਰੀ ਆਖਰੀ ਮਿਲਣੀ ਹੈ ਤੇ ਇਹ ਸਾਨੂੰ ਕਦੇ ਵੀ ਦੁਬਾਰਾ ਮੌਕਾ ਨਹੀਂ ਦੇਵੇਗਾ। ਆਕਾਸ਼ਵਾਣੀ ਜਲੰਧਰ ਵਿਚ ਰੇਡੀਓ ਦੀ ਰਿਕਾਰਡਿੰਗ ਕਰਦਿਆਂ ਸਿਰਜਣਾ ਪ੍ਰੋਗਰਾਮ ਤੇ ਦੇਸ ਪੰਜਾਬ ਵਰਗੇ ਮਕਬੂਲ ਪ੍ਰੋਗਰਾਮ ਐਸ ਐਸ ਮੀਸ਼ੇ ਦੀ ਬਦੋਲਤ ਹੀ ਕਾਮਯਾਬ ਰਹੇ। ਕਈ ਲੋਕ ਕਹਿੰਦੇ ਹਨ ਮੀਸ਼ੇ ਨੂੰ ਬੜੀ ਫਰਸਟੇਸ਼ਨ ਰਹੀ ਹੈ। ਕਿਉਂ ਕਿ ਉਹਦੇ ਯਾਰ ਜਮਾਤੀ ਵੱਡੇ ਵੱਡੇ ਅਹੁਦਿਆਂ ਤੇ ਪਹੁੰਚ ਗਏ ਹਨ ਤੇ ਉਹ ਸਿਰਫ਼ ਆਕਾਸ਼ਵਾਣੀ ਦਾ ਪ੍ਰਡਿਊਸਰ ਹੀ ਰਿਹਾ। ਬਹੁਤੇ ਲੋਕ ਕਹਿੰਦੇ ਇਹ ਵੀ ਸੁਣੇ ਹਨ ਕਿ ਮੀਸ਼ਾ ਕਵਿਤਾ ਨਾਲੋਂ ਟੁੱਟ ਗਿਆ ਹੈ ਤੇ ਕਈਆਂ ਨੇ ਇਹ ਵੀ ਕਿਹਾ ਕਿ ਉਸ ਕੋਲੋਂ ਹੁਣ ਕਵਿਤਾ ਲਿਖੀ ਨਹੀ ਜਾ ਰਹੀ। ਜਦੋਂ ਕਵਿਤਾ ਦੇ ਸਰੋਤ ਮੁੱਕ ਜਾਣ ਤਾਂ ਸ਼ਾਇਰ ਨੂੰ ਉਦਾਸੀ ਹੁੰਦੀ ਹੈ। ਕਿਸੇ ਨੇ ਕਿਹਾ 1984 ਦੇ ਦੰਗਿਆਂ ਦਾ ਅਸਰ ਹੈ ਕਿਸੇ ਨੇ ਕਿਹਾ ਮੀਸ਼ੇ ਕੋਲ ਪੈਸੇ ਬਹੁਤ ਆ ਗਏ ਹਨ ਪਤਾ ਨਹੀਂ ਕਿੱਥੋਂ। ਪਿੰਡ ਦੀਆਂ ਕੱਚੀਆਂ ਕੰਧਾਂ ਦੀ ਟੈਕਸਚਰ ਵਾਲਾ ਇਹ ਸ਼ਾਇਰ ਜਿਸ ਦੀ ਹਾਮੀ ਕੁਲਵੰਤ ਸਿੰਘ ਵਿਰਕ ਦੀ ਜੁਬਾਨੀ ਵੀ ਮੈਂ ਸੁਣੀ ਹੈ।

ਆਖਰ ਉਹ ਘੜੀ ਆ ਗਈ  ਮੌਤ ਤੋਂ ਕੁਝ ਘੰਟੇ ਪਹਿਲਾਂ ਉਸੇ ਹੀ ਦਿਨ ਸਵੇਰੇ ਆਕਾਸ਼ਵਾਣੀ ਵਿਚ ਮੈਂ ਐਸ ਐਸ ਮੀਸ਼ੇ ਨਾਲ ਆਖਰੀ ਸਿਰਜਣਾ ਪ੍ਰੋਗਰਾਮ ਰਿਕਾਰਡ ਕੀਤਾ। ਸ਼ਾਮ ਨੂੰ ਸੂਰਜ ਡੁੱਬਣ ਤੋਂ ਪਹਿਲਾਂ ਬੜੀ ਮੰਦਭਾਗੀ ਖਬਰ ਆ ਗਈ ਕਿ ਮੇਰੇ ਬੜੇ ਨਿੱਜੀ ਮਿੱਤਰ ਕਪੂਰਥਲਾ ਦੇ ਐਡੀਸ਼ਨਲ ਡਿਪਟੀ ਕਮਿਸ਼ਨਰ ਗਿਆਨ ਸਿੰਘ ਸੰਧੂ ਨੇ ਫੋਨ ਕਰਕੇ ਦੱਸਿਆ ਕਿ ਕਾਂਝਲੀ ਝੀਲ ਇਸ ਮਹਾਨ ਸ਼ਾਇਰ ਨੂੰ ਗਾਇਬ ਕਰ ਗਈ ਹੈ। ਮੈਨੂੰ ਅੱਜ ਲੱਗਦਾ ਹੈ ਉਹ ਕਵਿਤਾਵਾਂ ਵੀ ਮਰ ਗਈਆਂ ਹਨ ਜੋ ਉਸਨੇ ਅਜੇ ਲਿਖਣੀਆਂ ਸਨ। ਅਣਿਆਈ ਮੌਤ ਚਲੇ ਗਏ ਇਸ ਮਹਾਨ ਸ਼ਾਇਰ ਦੇ ਨਾਲ ਹੀ ਬਹੁਤ ਸਾਰੀਆਂ ਅਣਲਿਖੀਆਂ ਕਵਿਤਾਵਾਂ ਵੀ ਚਲੀਆਂ ਗਈਆਂ।

ਆਖਰੀ ਰਸਮਾਂ ਜਲੰਧਰ ਦੇ ਮਾਡਲ ਟਾਊਨ ਗੁਰਦੁਆਰੇ ਵਿਚ ਹੋਈਆਂ। ਜਿੰਨਾ ਵਿਚ ਪੰਜਾਬੀ ਦੇ ਬਹੁਤ ਸਾਰੇ ਮਿੱਤਰ ਪਿਆਰਿਆਂ ਨੇ ਸ਼ਰਧਾਂਜਲੀਆਂ ਦਿੱਤੀਆਂ। ਉਨਾਂ ਦੇ ਬੜੇ ਨਿੱਜੀ ਮਿੱਤਰ ਦੂਰਦਰਸ਼ਨ ਦੇ ਡਿਪਟੀ ਡਾਇਰੈਕਟਰ ਜਨਰਲ ਅਲਬੇਲ ਸਿੰਘ ਗਰੇਵਾਲ ਨੇ ਆਖਰੀ ਸ਼ਬਦ ਕਹੇ ਕਿ ਉਸਨੂੰ ਡੁੁੱਬਣ ਲਈ ਕਾਂਝਲੀ ਨਹੀਂ ਕੋਈ ਗਹਿਰੀ ਕਵਿਤਾ ਹੋਣੀ ਚਾਹੀਦੀ ਸੀ। ਸ਼ਾਮ ਵੇਲੇ ਆਕਾਸ਼ਵਾਣੀ ਜਲੰਧਰ ਦੇ ਵਿਹੜੇ ਿਵਚ ਖਾਮੋਸ਼ੀ ਦਾ ਮਾਹੌਲ ਬਣ ਗਿਆ। ਐਸ ਐਸ ਮੀਸ਼ਾ ਦਾ ਕਮਰਾ ਇੰਝ ਲੱਗਦਾ ਹੈ ਕਿ ਜਿਵੇਂ ਉਸਦੀ ਰੂਹ ਅਜੇ ਵੀ ਉੱਥੇ ਪ੍ਰਵੇਸ਼ ਕਰਦੀ ਹੋਵੇ। ਆਕਾਸ਼ਵਾਣੀ ਜਲੰਧਰ ਦੇ ਇਕ ਅਨਾਂਊਸਰ ਅਵਿਨਾਸ਼ ਭਾਖੜੀ ਦਾ ਕਹਿਣਾ ਸੀ ਕਿ ਅਜਿਹੇ ਸ਼ਾਇਰ ਕਦੀ ਕਦੀ ਪੈਦਾ ਹੁੰਦੇ ਹਨ। ਜਿੰਨਾਂ ਨੂੰ ਅਦਬ ਦੀ ਡੂੰਘਾਈ ਵਿਚ ਸਮਝ ਹੋਵੇ। ਸਚਮੁੱਚ ਮੀਸ਼ੇ ਦੀ ਕਵਿਤਾ ਵਿਚ ਉਹ ਜਾਦੂ ਤਰਾਸ਼ੀ ਹੋਈ ਬੋਲੀ ਸ਼ਾਇਦ ਅਣਭੋਲ ਤੇ ਕਵਿਤਾ ਦੇ ਕਸੀਦੇ ਕਿਸੇ ਹੋਰ ਲਿਖਾਰੀ ਦੀ ਕਲਮ ਵਿਚੋਂ ਨਹੀਂ ਮਿਲੇ। ਐਸ ਐਸ ਮੀਸ਼ਾ ਦੀਆਂ ਕੁਝ ਕਵਿਤਾਵਾਂ ਤੇ ਗੀਤ ਜਗਜੀਤ ਸਿੰਘ ਜੀਰਵੀ ਨੇ ਆਪਣੇ ਬੋਲਾਂ ਨਾਲ ਅਮਰ ਕਰ ਦਿੱਤੇ ਹਨ। ਮੈਂ ਤੇ ਮੇਰਾ ਇਹ ਅਜੀਮ ਦੋਸਤ ਅੱਜ ਦੀ ਆਪਣੀ ਸ਼ਾਇਰੀ ਕਰਕੇ ਸੰਸਾਰ ਵਿਚ ਜਿਉਂਦਾ ਹੈ।

Comments

Security Code (required)



Can't read the image? click here to refresh.

Name (required)

Leave a comment... (required)





ਸਾਹਿਤ ਸਰੋਦ ਤੇ ਸੰਵੇਦਨਾ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ